ਰਘਬੀਰ ਸਿੰਘ
ਸਮਾਜਵਾਦੀ ਸਿਧਾਂਤ ਅਤੇ ਇਸਦੇ ਸਾਂਝੀਵਾਲਤਾ ਵਾਲੇ ਢਾਂਚੇ ਦੀ ਕਾਇਮੀ ਦੀ ਅਟਲਤਾ (Inevitability) ਸਰਮਾਏਦਾਰੀ ਢਾਂਚੇ ਦੇ ਸਿਰ 'ਤੇ ਸਦਾ ਡਰਾਉਣੇ ਭੂਤ ਵਾਂਗ ਮੰਡਰਾਉਂਦੀ ਰਹੀ ਹੈ। ਸਰਮਾਏਦਾਰੀ ਦਾ ਸਿਧਾਂਤ ਅਤੇ ਢਾਂਚਾ ਸਮਾਜਵਾਦੀ ਢਾਂਚੇ ਹੱਥੋਂ ਆਪਣੀ ਹੋਣ ਵਾਲੀ ਅਟੱਲ ਮੌਤ ਤੋਂ ਸਦਾ ਭੈਭੀਤ ਰਿਹਾ ਹੈ ਅਤੇ ਆਪਣੀ ਉਮਰ ਲੰਮੀ ਕਰਨ ਲਈ ਉਹ ਇਸ ਵਿਰੁੱਧ ਸਦਾ ਹੀ ਖੂੰਖਾਰ ਅਤੇ ਬੇਕਿਰਕ ਸਿਧਾਂਤਕ ਅਤੇ ਹਥਿਆਰਬੰਦ ਹਮਲੇ ਕਰਦਾ ਆ ਰਿਹਾ ਹੈ। ਕੌਮਾਂਤਰੀ ਪੱਧਰ ਤੇ ਚਲ ਰਹੇ ਇਸ ਜਾਨ ਹੁਲਵੇਂ ਸੰਘਰਸ਼ ਵਿਚ ਕਈ ਉਤਾਰ ਚੜਾਅ ਆਉਂਦੇ ਰਹੇ ਹਨ। ਇਸ ਬਾਰੇ ਮਾਰਕਸੀ ਕਵੀ ਅਤੇ ਚਿੰਤਕ ਬਾਵਾ ਬਲਵੰਤ ਨੇ ਸਮਾਜਵਾਦ ਦੇ ਨਾਂਅ ਦੀ ਸਦਾ ਅਮਰ ਰਹਿਣ ਵਾਲੀ ਕਵਿਤਾ ਵਿਚ ਲਿਖਿਆ ਹੈ :
''ਜਨਮ ਮੇਰੇ ਤੋਂ ਪਹਿਲਾਂ ਇਕ ਜੋਤਸ਼ੀ ਕਹਿੰਦਾ ਰਿਹਾ
ਇਸਦੇ ਹੱਥੋਂ ਹੈ 'ਮਹਾਰਾਣੀ' ਦੀ ਮੌਤ।''
''ਮੇਰੇ ਪਾਲਕ ਰਿਛ, ਵਹਿਸ਼ੀ ਕਹਿਕੇ ਜਗ ਭੰਡੇ ਗਏ;
ਕਹਿਕੇ ਆਦਮਖੋਰ ਕੀਤਾ ਸਬਰ ਹਰ ਅਖਬਾਰ ਨੇ।''
''ਪਰ ਮੈਂ ਕੁਰਬਾਨੀ ਦੇ ਖੇਤਾਂ 'ਚ ਪਲਦਾ ਹੀ ਰਿਹਾ;
ਰਾਤ ਫੁਲਦਾ ਰਿਹਾ, ਪ੍ਰਭਾਤ ਫਲਦਾ ਹੀ ਰਿਹਾ।''
1917 ਵਿਚ ਹੋਏ ਯੁੱਗ ਪਲਟਾਊ ਰੂਸੀ ਇਨਕਲਾਬ ਨੇ ਹੱਥ ਤੇ ਸਰ੍ਹੋਂ ਜਮਾਕੇ ਦੱਸ ਦਿੱਤਾ ਕਿ ਹੁਣ ਲੁੱਟ ਖਸੁੱਟ 'ਤੇ ਅਧਾਰਤ ਜੰਗ ਬਾਜ ਸਰਮਾਏਦਾਰੀ ਢਾਂਚੇ ਦੇ ਦਿਨ ਪੁੱਗ ਚੁੱਕੇ ਹਨ। ਕੌਮਾਂਤਰੀ ਪੱਧਰ 'ਤੇ ਜਥੇਬੰਦ ਹੋਈ ਮਜ਼ਦੂਰ ਜਮਾਤ ਆਪੋ ਆਪਣੇ ਦੇਸ਼ਾਂ ਵਿਚ ਮਾਰਕਸਵਾਦੀ ਲੈਨਿਨਵਾਦੀ ਫਲਸਫੇ 'ਤੇ ਅਧਾਰਤ ਕਮਿਊਨਿਸਟ ਪਾਰਟੀਆਂ ਬਣਾਕੇ ਆਪੋ ਆਪਣੇ ਹਾਲਾਤ ਅਨੁਸਾਰ ਲੁਟੇਰੇ ਪ੍ਰਬੰਧ ਦਾ ਖਾਤਮਾ ਕਰਕੇ ਸਾਂਝੀਵਾਲਤਾ ਵਾਲਾ ਮਾਨਵਵਾਦੀ ਢਾਂਚਾ ਉਸਾਰ ਸਕਦੀ ਹੈ। ਇਸ ਨਵਜਨਮੇਂ ਸਮਾਜਵਾਦੀ ਢਾਂਚੇ, ਜਿਸਦੇ ਜਿੰਮੇ ਸਮੁੱਚੀ ਲੁੱਟੀ ਪੁੱਟੀ ਜਾ ਰਹੀ ਮਾਨਵਤਾ ਦੀ ਬੰਦ ਖਲਾਸੀ ਦਾ ਕਾਰਜ ਲੱਗਾ ਹੋਇਆ ਸੀ ਨੂੰ ਜੰਮਦੇ ਨੂੰ ਹੀ ਮਾਰ ਦੇਣ ਦੀਆਂ ਸਾਮਰਾਜੀ ਸ਼ਕਤੀਆਂ ਵਲੋਂ ਮਿਲਕੇ ਹਥਿਆਰਬੰਦ ਕੋਸ਼ਿਸ਼ਾਂ ਕੀਤੀਆਂ ਗਈਆਂ। ਜਾਰਸ਼ਾਹੀ ਦੀ ਰਹਿੰਦ ਖੂੰਹਦ ਨੂੰ ਇਕੱਠਾ ਕਰਕੇ ਦੇਸ਼ ਨੂੰ ਲੰਮੀ ਘਰੋਗੀ ਜੰਗ ਵਿਚ ਧੱਕ ਦਿੱਤਾ ਗਿਆ। ਜਾਰਸ਼ਾਹੀ ਦੇ ਇਕ ਜਰਨੈਲ ਕੋਲਚਕ ਦੀ ਅਗਵਾਈ ਵਿਚ ਜਗੀਰਦਾਰਾਂ ਅਤੇ ਉਹਨਾਂ ਦੇ ਲੱਠਮਾਰਾਂ ਨੂੰ ਸੰਗਠਤ ਕਰਕੇ ਉਹਨਾਂ ਨੂੰ ਸਿਰ ਤੋਂ ਪੈਰਾਂ ਤੱਕ ਹਥਿਆਰਾਂ ਨਾਲ ਲੈਸ ਕੀਤਾ ਅਤੇ ਹਰ ਤਰ੍ਹਾਂ ਦੀਆਂ ਹੋਰ ਸਹੂਲਤਾਂ ਦੇ ਕੇ ਸਮਾਜਵਾਦ ਦੀ ਰਾਖੀ ਲਈ ਲੜ ਰਹੇ ਨਿਹੱਥੇ ਜਾਂ ਬਹੁਤ ਹੀ ਘੱਟ ਜੰਗੀ ਸਾਜੋਸਮਾਨ ਅਤੇ ਸਹੂਲਤਾਂ ਵਾਲੇ ਕਿਰਤੀ ਲੋਕਾਂ ਦੇ ਗਲ ਭੁੱਖੇ ਭੇੜੀਆਂ ਵਾਂਗ ਪਾ ਦਿੱਤਾ ਗਿਆ। ਸਾਮਰਾਜੀ ਦੇਸ਼ਾਂ ਵਲੋਂ ਕੀਤੀ ਘੇਰਾਬੰਦੀ ਅਤੇ ਉਹਨਾਂ ਵਲੋਂ ਉਲਟ ਇਨਕਲਾਬੀ ਸ਼ਕਤੀਆਂ ਦੀ ਕੀਤੀ ਜਾ ਰਹੀ ਮਦਦ ਨੇ ਰੂਸੀ ਇਨਕਲਾਬੀਆਂ ਦਾ ਬਹੁਤ ਹੀ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ। ਇਸ ਲਹੂ ਵੀਟਵੇਂ ਸੰਘਰਸ਼ ਦਾ ਦਿਲ ਹਿਲਾਊ ਵਰਣਨ ਮਹਾਨ ਰੂਸੀ ਲੇਖਕ ਸ਼ੋਲੋਖੋਬ ਦੀ ਲਿਖਤ -ਡਾਨ ਵਹਿੰਦਾ ਰਿਹਾ' ਵਿਚ ਮਿਲਦਾ ਹੈ। ਪਰ ਇਸ ਪਰਖ ਵਿਚ ਰੂਸੀ ਆਪਣੇ ਮਹਾਨ ਆਗੂ ਲੈਨਿਨ ਅਤੇ ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿਚ ਪੂਰੀ ਤਰ੍ਹਾਂ ਸਫਲ ਹੋਏ। ਸਾਮਰਾਜੀ ਸ਼ਕਤੀਆਂ ਅਤੇ ਜਾਰਸ਼ਾਹੀ ਦੇ ਝੋਲੀ ਚੁੱਕਾਂ ਦੀ ਰਹਿੰਦ ਖੂੰਦ ਦੀ ਪੂਰੀ ਤਰ੍ਹਾਂ ਹਾਰ ਹੋਈ। ਇਸ ਸੰਘਰਸ਼ ਨੇ ਸਮਾਜਵਾਦੀ ਢਾਂਚੇ ਦੀ ਸਰਮਾਏਦਾਰ ਢਾਂਚੇ ਉਪਰ ਬੜ੍ਹਤ ਨੂੰ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ।
ਸਮਾਜਵਾਦੀ ਢਾਂਚੇ ਦੀ ਸਥਾਪਤੀ ਹੋਈ। ਇਸਦੀ ਬੜ੍ਹਤਰੀ ਦੇ ਦਬਾਅ ਹੇਠਾਂ ਸਾਮਰਾਜੀ ਦੇਸ਼ਾਂ ਦੀਆਂ ਸਰਕਾਰਾਂ ਨੇ 1929-33 ਦੇ ਸੰਕਟ ਦਾ ਸਾਹਮਣਾ ਕਰਨ ਲਈ ਮੌਜੂਦਾ ਸਮੇਂ ਦੇ ਸੰਕਟ ਦੇ ਹੱਲ ਲਈ ਲਾਗੂ ਕੀਤੇ ਜਾ ਰਹੇ ਮੇਹਨਤਕਸ਼ ਜਨਤਾ ਵਿਰੋਧੀ ਬੱਚਤ ਉਪਾਅ (Austerity Measures) ਲਾਗੂ ਕਰਨ ਦੀ ਥਾਂ ਮੰਗ ਪ੍ਰਬੰਧਨ (Demand Management) ਦਾ ਕੇਨਜੀਅਨ ਸਿਧਾਂਤ ਲਾਗੂ ਕੀਤਾ। ਪਹਿਲਾ ਸਿਧਾਂਤ ਜਨਤਕ ਨਿਵੇਸ਼ ਰਾਹੀਂ ਲੋਕਾਂ ਨੂੰ ਕੰਮ ਦੇ ਕੇ ਉਹਨਾਂ ਦੀਆਂ ਉਜਰਤਾਂ ਕਾਇਮ ਰੱਖਕੇ ਮੰਗ ਪੈਦਾ ਕਰਨ ਦੀ ਥਾਂ ਕਿਰਤੀ ਲੋਕਾਂ ਦੀਆਂ ਉਜਰਤਾਂ ਤੇ ਉਹਨਾਂ ਵਲੋਂ ਜਿੱਤੀਆਂ ਸਹੂਲਤਾਂ 'ਤੇ ਕਟੌਤੀ ਲਾਉਂਦਾ ਹੈ। ਦੂਜਾ ਸਿਧਾਂਤ ਜਨਤਕ ਨਿਵੇਸ਼ਾਂ ਰਾਹੀਂ ਮੰਡੀ ਲਈ ਮੰਗ ਪੈਦਾ ਕਰਕੇ ਸੰਕਟਾਂ 'ਤੇ ਕਾਬੂ ਪਾਉਂਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮਾਜਵਾਦੀ ਪ੍ਰਬੰਧ ਦੇ ਦਬਾਅ ਹੇਠਾਂ ਸਾਮਰਾਜੀ ਸ਼ਕਤੀਆਂ ਨੇ ਆਪਣੇ ਸੰਕਟ 'ਤੇ ਕਾਬੂ ਪਾਉਣ ਲਈ ਆਪਣੇ ਕਿਰਤੀਆਂ ਤੇ ਕਟੌਤੀਆਂ ਲਾਗੂ ਕਰਨ ਦੀ ਥਾਂ ਸੋਸ਼ਲ ਸਕਿਊਰਟੀ ਦੇ ਰੂਪ ਵਿਚ ਲਗਾਤਾਰ ਵਾਧਾ ਕੀਤਾ ਹੈ। ਇਹ ਵਰਤਾਰਾ ਪਿਛਲੀ ਸਦੀ ਦੇ 30ਵਿਆਂ ਤੋਂ ਲੈ ਕੇ 70ਵਿਆਂ ਤੱਕ ਜਾਰੀ ਰਿਹਾ। ਪਰ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਦੀ ਗਲਤ ਸੋਚ ਅਧੀਨ ਸਾਮਰਾਜ ਵਿਰੁੱਧ ਸੰਘਰਸ਼ ਵਿਚ ਰਹੀ ਤੀਖਣਤਾ ਘੱਟ ਕਰਕੇ 1980 ਵਿਆਂ ਦੇ ਆਰੰਭ ਵਿਚ ਰੀਗਨ-ਥੈਚਰ ਆਰਥਿਕਤਾ (Reagon Thetcher Economics) ਅਨੁਸਾਰ ਸਾਮਰਾਜੀ ਦੇਸ਼ਾਂ ਵਿਚ ਕੇਨਜੀਅਨ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਸੋਸ਼ਲ ਸਿਕਿਊਰਟੀਜ ਨੂੰ ਪਹਿਲਾਂ ਜਾਮ ਕਰਨ ਅਤੇ ਫਿਰ ਸਹਿਜੇ ਸਹਿਜੇ ਘਟਾਉਣ ਦਾ ਰਾਹ ਅਪਣਾਉਣ ਲਈ ਰਾਹ ਪੱਧਰਾ ਕਰਨ ਦਾ ਜਤਨ ਕੀਤਾ ਗਿਆ। 1991 ਵਿਚ ਸੋਵੀਅਤ ਯੂਨੀਅਨ ਦੇ ਟੁੱਟਣ ਅਤੇ ਸਮਾਜਵਾਦੀ ਕੈਂਪ ਦੇ ਵਿਘਟਨ ਪਿਛੋਂ ਸਾਮਰਾਜੀ ਦੇਸ਼ਾਂ ਨੂੰ ਪੂਰੀ ਤਰ੍ਹਾਂ ਖੁੱਲ੍ਹ ਖੇਡਣ ਦਾ ਮੌਕਾ ਮਿਲ ਗਿਆ।
ਸਾਮਰਾਜੀ ਦੇਸ਼ਾਂ ਦੀ ਚੜ੍ਹਤ
1989 ਤੋਂ 1991 ਤੱਕ ਦਾ ਸਮਾਂ ਬੜਾ ਹੀ ਉਥਲ ਪੁਥਲ ਵਾਲਾ ਸੀ। ਇਸ ਸਮੇਂ ਦੌਰਾਨ ਪੂਰਬੀ ਯੂਰਪ ਦੇ ਸਮਾਜਵਾਦੀ ਦੇਸ਼ਾਂ ਦੇ ਲੋਕ-ਪੱਖੀ ਢਾਂਚੇ ਤਾਸ਼ ਦੇ ਪੱਤਿਆਂ ਵਾਂਗ ਡਿਗ ਰਹੇ ਸਨ ਅਤੇ ਉਥੇ ਸਾਮਰਾਜ ਪੱਖੀ ਸਰਕਾਰਾਂ ਕਾਇਮ ਹੋ ਰਹੀਆਂ ਸਨ। 1991 ਵਿਚ ਸੋਵੀਅਤ ਯੂਨੀਅਨ ਟੂੱਟ ਗਿਆ ਅਤੇ ਯੈਲਤਸਿਨ ਦੀ ਪ੍ਰਧਾਨਗੀ ਹੇਠ ਸਰਮਾਏਦਾਰੀ ਪ੍ਰਬੰਧ ਦੀ ਪੁਨਰ ਸਥਾਪਤੀ ਲਈ ਰਸਤਾ ਪੱਧਰਾ ਕੀਤਾ ਗਿਆ। ਇਸ ਤੋਂ ਪਹਿਲਾਂ ਮਾਰਕਸਵਾਦ ਲੈਨਿਨਵਾਦ ਦੇ ਗੱਦਾਰ ਗੋਰਬਾਚੋਵ ਨੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਜਿਸਦਾ ਉਹ ਆਪ ਜਨਰਲ ਸਕੱਤਰ ਸੀ ਨੂੰ ਤੋੜਨ ਦਾ ਐਲਾਨ ਕਰ ਦਿੱਤਾ। ਇਸ ਪਿਛੋਂ ਕਮਿਊਨਿਸਟ ਪਾਰਟੀ ਨੂੰ ਗੈਰ ਕਾਨੂੰਨੀ ਐਲਾਨ ਕੇ ਉਸਦੇ ਕੰਮ ਕਰਨ 'ਤੇ ਪਾਬੰਦੀ ਲਾ ਦਿੱਤੀ ਗਈ ਅਤੇ ਉਸਦੀ ਸਾਰੀ ਜਾਇਦਾਦ ਜਬਤ ਕਰ ਲਈ ਗਈ।
ਮਹਾਨ ਲੈਨਿਨ ਦੀ ਅਗਵਾਈ ਹੇਠ ਬਾਲਸ਼ਵਿਕ ਪਾਰਟੀ ਵਲੋਂ ਯੁੱਗ ਪਲਟਾਊ ਇਨਕਾਬ ਦੇ 74 ਸਾਲਾਂ ਬਾਦ ਭੋਗ ਪੈ ਜਾਣ ਨਾਲ ਸੰਸਾਰ ਭਰ ਦੇ ਲੋਕਾਂ ਵਿਚ ਭਾਰੀ ਨਿਰਾਸ਼ਤਾ ਪੈਦਾ ਹੋ ਗਈ। ਰੂਸੀ ਇਨਕਲਾਬ ਨੇ ਸਿਰਫ ਆਪਣੇ ਲੋਕਾਂ ਦੀ ਹੋਣੀ ਹੀ ਨਹੀਂ ਸੀ ਬਦਲੀ ਸਗੋਂ ਇਸਨੇ ਫਾਸ਼ੀਵਾਦ ਵਲੋਂ ਮਾਨਵਤਾ 'ਤੇ ਕੀਤੇ ਖੂਨੀ ਹਮਲੇ ਨੂੰ ਭਾਂਜ ਦੇਣ ਲਈ ਆਪਣੇ ਦੋ ਕਰੋੜ ਧੀਆਂ ਪੁੱਤਰਾਂ ਦੀ ਕੁਰਬਾਨੀ ਦਿੱਤੀ ਸੀ। ਉਸਨੇ ਲੈਨਿਨ ਗਰਾਡ (ਪਹਿਲੋ ਪੀਟਰੋ ਗਰਾਡ) ਵਰਗੇ ਅਦੁੱਤੀ ਅਤੇ ਅਜਿੱਤ ਜੰਗੀ ਕਿਲੇ ਉਸਾਰੇ ਸਨ, ਦੁਨੀਆਂ ਭਰ ਦੇ ਗੁਲਾਮ ਦੇਸ਼ਾਂ ਵਿਚ ਕਮਿਊਨਿਸਟ ਪਾਰਟੀਆਂ ਉਸਾਰਨ ਲਈ ਸਿਧਾਂਤਕ ਅਗਵਾਈ ਦਿੱਤੀ ਸੀ। ਅਤੇ ਸੰਸਾਰ ਭਰ ਦੀਆਂ ਕੌਮੀ ਮੁਕਤੀ ਲਹਿਰਾਂ ਦਾ ਆਪਣੇ ਆਪਨੂੰ ਸੁਭਾਵਕ ਭਾਈਵਾਲ (Natural Ally) ਸਾਬਤ ਕੀਤਾ ਸੀ। ਇਸ ਲਈ ਏਥੇ ਸਮਾਜਵਾਦ ਨੂੰ ਵੱਜੀ ਪਛਾੜ ਕਾਰਨ ਲੋਕਾਂ ਵਿਚ ਦਿਲਗੀਰੀ ਪੈਦਾ ਹੋਣਾ ਪੂਰੀ ਤਰ੍ਹਾਂ ਸੁਭਾਵਿਕ ਸੀ।
ਸਰਮਾਏਦਾਰੀ ਦੀ ਅੰਤਮ ਜਿੱਤ ਦੀ ਕਾਵਾਂ ਰੌਲੀ
ਸਾਮਰਾਜੀ ਸ਼ਕਤੀਆਂ ਨੇ ਸਮਾਜਵਾਦ ਦੀ ਇਸ ਹਾਰ ਨੂੰ ਸਰਮਾਏਦਾਰੀ ਪ੍ਰਬੰਧ ਦੀ ਅਟੱਲਤਾ ਅਤੇ ਅੰਤਮਤਾ (Finality) ਹੋਣਾ ਸੰਘ ਪਾੜ ਪਾੜਕੇ ਐਲਾਨਿਆ। ਉਸਦੇ ਸਿਧਾਂਤਕਾਰਾਂ ਅਤੇ ਆਰਥਕ ਰਾਜਨੀਤਕ ਢਾਂਚੇ ਦੇ ਚਾਲਕ ਆਗੂਆਂ ਨੇ ਜ਼ੋਰ ਜ਼ੋਰ ਨਾਲ ਪੁਕਾਰਿਆ ਕਿ ਸਰਮਾਏਦਾਰੀ ਪ੍ਰਬੰਧ ਹੀ ਸਮਾਜਕ ਵਿਕਾਸ ਦੀ ਅੰਤਮ ਪ੍ਰਕਿਰਿਆ ਹੈ ਅਤੇ ਇਸਤੋਂ ਅੱਗੇ ਕੋਈ ਸਿਧਾਂਤ ਨਹੀਂ ਕੋਈ ਆਰਥਕ, ਸਮਾਜਕ ਅਤੇ ਰਾਜਨੀਤਕ ਢਾਂਚਾ ਨਹੀਂ।' ਉਹਨਾਂ ਸਮਾਜਵਾਦੀ ਢਾਂਚੇ ਦੀ ਕਾਇਮੀ ਨੂੰ ਮਨੁੱਖੀ ਇਤਿਹਾਸ ਦਾ ਕੁਰਾਹੇ (Aberration) ਦਾ ਨਾਂਅ ਦਿੱਤਾ।
ਸਾਬਕਾ ਪੋਪ ਬੈਂਡਿਕਟ ਨੇ ਫਤਵਾ ਦਿੱਤਾ ਕਿ ਸਮਾਜਵਾਦ ਦਾ ਫਲਸਫੀ ਅਧਾਰ ਮਾਰਕਸਵਾਦ ਇਕ ਅੱਤਿਆਚਾਰੀ ਝਾਬਾ (Scourge) ਹੈ। ਪਰ ਇਸ ਹੋ-ਹੱਲੇ ਅਤੇ ਸਾਮਰਾਜੀ ਕੈਂਪ ਦੀ ਜਿੱਤ ਦੇ ਧੂਮ ਧੜੱਕੇ ਦੇ ਦਰਮਿਆਨ ਵੀ ਮਾਰਕਸਵਾਦ-ਲੈਨਿਨਵਾਦ ਦੀ ਸੱਚਾਈ ਅਤੇ ਸਮਾਜਵਾਦੀ ਢਾਂਚੇ ਦੀ ਅਟਲਤਾ (Inevitability) ਵਿਚ ਅਡੋਲ ਵਿਸ਼ਵਾਸ ਰੱਖਣ ਵਾਲੀਆਂ ਸ਼ਕਤੀਆਂ ਨੇ ਇਸਨੂੰ ਦੁਖਦਾਈ ਤੇ ਅਸਥਾਈ ਪਛਾੜ ਸਮਝਿਆ। ਉਹਨਾਂ ਅਨੁਸਾਰ ਇਹ ਪਛਾੜ ਕਿਸੇ ਸਿਧਾਂਤਕ ਜਾਂ ਢਾਂਚਾਗਤ ਕਮਜ਼ੋਰੀ ਵਿਚੋਂ ਨਹੀਂ ਨਿਕਲੀ ਸਗੋਂ ਇਹ ਅੰਦਰੂਨੀ ਉਲਟ ਇਨਕਲਾਬੀ ਅਤੇ ਬਾਹਰੀ ਸਾਮਰਾਜੀ ਸ਼ਕਤੀਆਂ ਦੀ ਸਾਜਸ਼ ਦਾ ਸਿੱਟਾ ਹੈ ਅਤੇ ਇਹ ਬਹੁਤ ਹੀ ਅਸਥਾਈ ਹੈ।
ਸਾਮਰਾਜੀ ਸ਼ਕਤੀਆਂ ਦੇ ਅਣਮਨੁੱਖੀ ਕਾਰੇ
ਸੋਵੀਅਤ ਕੈਂਪ ਦੇ ਖੇਰੂੰ ਖੇਰੂੰ ਹੋਣ ਨਾਲ ਕੁਝ ਸਮੇਂ ਤੱਕ ਬਣੇ ਇਕ ਧਰੁਵੀ ਸੰਸਾਰ ਸਮੇਂ ਸਾਮਰਾਜੀ ਸ਼ਕਤੀਆਂ ਨੇ ਆਪਣੀਆਂ ਗਰਜਾਂ ਦੀ ਪੂਰਤੀ ਲਈ ਨਵਾਂ ਆਰਥਕ ਢਾਂਚਾ ਉਸਾਰੇ ਜਾਣ ਦਾ ਨਾਹਰਾ ਦਿੱਤਾ। ਇਸ ਸੰਬੰਧ ਵਿਚ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੇ ਨਾਹਰੇ ਉਭਾਰੇ ਗਏ। ਸੰਸਾਰ ਦੇ ਸਾਰੇ ਦੇਸ਼ਾਂ ਨੂੰ ਇਸ ਨਵੇਂ ਢਾਂਚੇ ਦੇ ਜੂਲੇ ਵਿਚ ਫਸਣ ਲਈ ਮਜ਼ਬੂਰ ਕੀਤਾ ਗਿਆ। ਇਸ ਢਾਂਚੇ ਨੂੰ ਲਾਗੂ ਕਰਨ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਨਵਉਦਾਰਵਾਦੀ ਨੀਤੀਆਂ ਦਾ ਨੁਸਖਾ ਜਬਰਦਸਤੀ ਥਮਾਇਆ ਗਿਆ। ਕੌਮਾਂਤਰੀ ਵਪਾਰ ਵਿਚ ਆਪਣੀ ਲੁੱਟ ਅਤੇ ਮੰਡੀਆਂ ਵਿਚ ਪਹੁੰਚ ਵਧਾਉਣ ਲਈ ਸੰਸਾਰ ਵਪਾਰ ਸੰਸਥਾ ਨੂੰ ਹੋਂਦ ਵਿਚ ਲਿਆਂਦਾ ਗਿਆ ਅਤੇ ਲਗਭਗ ਸਾਰੇ ਦੇਸ਼ਾਂ ਨੂੰ 1995 ਤੱਕ ਇਸਦੇ ਮੈਂਬਰ ਬਣਨ ਲਈ ਮਜ਼ਬੂਰ ਕੀਤਾ ਗਿਆ। ਆਪਣੇ ਦੇਸ਼ਾਂ ਦੀਆਂ ਮੰਡੀਆਂ ਪੂਰੀ ਤਰ੍ਹਾਂ ਖੋਲ੍ਹਣਾ, ਦਰਾਮਦਾਂ ਤੇ ਕਸਟਮ ਡਿਊਟੀਆਂ ਘੱਟ ਤੋਂ ਘੱਟ ਕਰਨੀਆਂ, ਜਨਤਕ ਸੇਵਾਵਾਂ ਦੇ ਖੇਤਰ ਵਿਚ ਸਰਕਾਰੀ ਦਖਲ ਬੰਦ ਕਰਨਾ, ਜਨਤਕ ਖੇਤਰ ਨੂੰ ਤੋੜਨਾ, ਗਰੀਬ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਸਹੂਲਤਾਂ ਘੱਟ ਤੋਂ ਘਟ ਕਰਨਾ ਅਤੇ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਕੌਡੀਆਂ ਦੇ ਭਾਅ ਵੱਡੀਆਂ ਦੇਸੀ ਬਦੇਸ਼ੀ ਕੰਪਨੀਆਂ ਦੇ ਹਵਾਲੇ ਕਰਨਾ, ਇਹਨਾਂ ਨੀਤੀਆਂ ਦੇ ਮੁੱਖ ਆਧਾਰ ਮਿਥੇ ਗਏ। ਜਿਹਨਾਂ ਦੇਸ਼ਾਂ ਨੇ ਇਹ ਗੈਰ ਤਰਕਸੰਗਤ ਬੇਇਨਸਾਫੀ ਵਾਲੀਆਂ ਅਤੇ ਲੋਟੂ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ, ਉਹਨਾਂ ਨੂੰ ਬਦਮਾਸ਼ ਰਾਜ ਐਲਾਨ ਕੇ ਉਹਨਾਂ ਦੇ ਚੁਣੇ ਹੋਏ ਮੁਖੀਆਂ ਅਤੇ ਸਥਾਪਤ ਰਾਜਸੀ ਢਾਂਚੇ ਬਦਲ ਦੇਣ ਦੇ ਨਾਹਰੇ ਦਿੱਤੇ ਗਏ। ਇਰਾਕ ਇਸ ਨੀਤੀ ਦਾ ਸਭ ਤੋਂ ਪਹਿਲਾ ਸ਼ਿਕਾਰ ਬਣਿਆ। ਇਸ ਪਿਛੋਂ ਲੀਬੀਆ ਦੀ ਬਰਬਾਦੀ ਕੀਤੀ ਗਈ। ਇਹਨਾਂ ਦਾ ਕਸੂਰ ਸਿਰਫ ਇਹੀ ਸੀ ਕਿ ਉਹ ਆਪਣਾ ਤੇਲ ਸਾਮਰਾਜੀ ਦੇਸ਼ਾਂ ਦੀਆਂ ਕੰਪਨੀਆਂ ਦੇ ਹਵਾਲੇ ਨਹੀਂ ਸੀ ਕਰਨਾ ਚਾਹੁੰਦੇ।
ਇਸੇ ਸਮੇਂ ਦੌਰਾਨ ਹੀ ਮੁਸਲਮ ਰੂੜ੍ਹੀਵਾਦ ਨੂੰ ਸ਼ਹਿ ਦੇ ਕੇ ਤਾਲਿਬਾਨ ਅਤੇ ਅਲ-ਕਾਇਦਾ ਵਰਗੀਆਂ ਜਥੇਬੰਦੀਆਂ ਦਾ ਅਫਗਾਨਸਤਾਨ 'ਤੇ ਕਬਜਾ ਕਰਾਇਆ ਗਿਆ ਅਤੇ ਪਾਕਿਸਤਾਨ, ਰੂਸ ਅਤੇ ਚੀਨ ਤੱਕ ਇਹਨਾਂ ਕਾਤਲਾਂ ਨੂੰ ਦਖਲ ਦੇਣ ਦੇ ਯੋਗ ਬਣਾਇਆ। ਪਰ ਜਦੋਂ ਅਲ-ਕਾਇਦਾ ਨੇ ਅਮਰੀਕਾ ਦੇ ਵਪਾਰਕ ਕੇਂਦਰ ਦੇ ਤਿੰਨਾਂ ਟਾਵਰਾਂ ਨੂੰ ਤਬਾਹ ਕਰ ਦਿੱਤਾ ਤਾਂ ਫਿਰ ਅੱਤਵਾਦ ਵਿਰੁੱਧ ਜੰਗ ਦੇ ਨਾਂਅ 'ਤੇ ਸੰਸਾਰ ਨੂੰ ਬਰਬਾਦੀ ਵੱਲ ਧੱਕਣਾ ਆਰੰਭ ਕਰ ਦਿੱਤਾ ਗਿਆ। ਅਮਰੀਕਨ ਪ੍ਰਧਾਨ ਜਾਰਜ ਬੁਸ਼ ਨੇ ਆਪਣੀ ਸਾਮਰਾਜੀ ਧੌਂਸ ਦਿੰਦੇ ਹੋਏ ਐਲਾਨ ਕੀਤਾ ਕਿ ਹਰ ਦੇਸ਼ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ਅੱਤਵਾਦ ਵਿਰੁੱਧ ਜੰਗ ਵਿਚ ਅਮਰੀਕਾ ਨਾਲ ਹੈ ਜਾਂ ਵਿਰੋਧ ਵਿਚ ਹੈ। ਉਸ ਲਈ ਕੋਈ ਵਿਚਕਾਰਲਾ ਰਾਹ ਨਹੀਂ ਹੋਵੇਗਾ। ਇਸ ਜੰਗ ਦੇ ਨਾਂਅ 'ਤੇ ਅਫਗਾਨਿਸਤਾਨ ਦੀ ਬਰਬਾਦੀ ਲਈ ਰਾਹ ਪੱਧਰਾ ਕੀਤਾ ਗਿਆ। ਮੱਧ ਪੂਰਬ ਦੇ ਪ੍ਰਮੁੱਖ ਦੇਸ਼ਾਂ ਇਰਾਨ ਅਤੇ ਸੀਰੀਆ ਨੂੰ ਆਪਣੇ ਨਿਸ਼ਾਨੇ 'ਤੇ ਲਿਆਂਦਾ ਗਿਆ। ਇਰਾਨ 'ਤੇ ਪ੍ਰਮਾਣੂ ਬੰਬ ਬਣਾਉਣ ਦਾ ਦੋਸ਼ ਲਾਇਆ ਗਿਆ ਅਤੇ ਸੀਰੀਆ ਨੂੰ ਘਰੋਗੀ ਜੰਗ ਦੀ ਭੱਠੀ ਵਿਚ ਸੁੱਟ ਦਿੱਤਾ ਗਿਆ। ਫਲਸਤੀਨੀ ਲੋਕਾਂ ਦੇ ਆਜ਼ਾਦੀ ਸੰਗਰਾਮ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਗਿਆ। ਇਜਰਾਈਲ ਦੀ ਜਾਲਮਾਨਾ ਅਤੇ ਵਿਸਤਾਰਵਾਦੀ ਨੀਤੀ ਦੀ ਪੁਰਜ਼ੋਰ ਪਿੱਠ ਠੋਕੀ ਗਈ। ਇਸ ਸਬੰਧ ਵਿਚ ਯੂ.ਐਨ.ਓ. ਵਿਚ ਇਜਰਾਈਲ ਵਿਰੋਧੀ ਪਾਸ ਕੀਤੇ ਗਏ ਅਨੇਕਾਂ ਮਤੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੇ ਗਏ ਅੱਤਵਾਦ ਵਿਰੁੱਧ ਅਮਰੀਕਾ ਦੀ ਜੰਗ ਦੇ ਨਾਹਰੇ ਦਾ ਬਰੀਕੀ ਨਾਲ ਵਿਸ਼ਲੇਸ਼ਨ ਕਰਨ 'ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਜੰਗ ਦਾ ਉਦੇਸ਼ ਤੇਲ ਉਤਪਾਦਕ ਦੇਸ਼ਾਂ 'ਤੇ ਆਪਣਾ ਕਬਜਾ ਜਮਾਉਣਾ ਅਤੇ ਤੇਲ ਮਾਰਗਾਂ ਨੂੰ ਸੁਰੱਖਿਅਤ ਬਣਾਉਣਾ ਸੀ। ਅਫਗਾਨਸਤਾਨ 'ਤੇ ਆਪਣੀ ਕੱਠਪੁਤਲੀ ਸਰਕਾਰ ਕਾਇਮ ਹੋਣ ਨਾਲ ਕੇਂਦਰੀ ਏਸ਼ੀਆ ਦੇ ਦੇਸ਼ਾਂ (ਸਾਬਕਾ ਸੋਵੀਅਤ ਯੂਨੀਅਨ ਦੇ ਦੇਸ਼ਾਂ) ਦੇ ਭਰਪੂਰ ਤੇਲ ਤੇ ਗੈਸ ਭੰਡਾਰਾਂ ਤੱਕ ਪਹੁੰਚ ਬਣਾਉਣ ਅਤੇ ਮੱਧ ਪੂਰਬ ਵਿਚ ਇਰਾਨ ਦੇ ਵਿਰੋਧ ਨੂੰ ਭੰਨਕੇ ਅਰਬ ਦੇਸ਼ਾਂ ਦੇ ਤੇਲ ਭੰਡਾਰਾਂ ਤੇ ਆਪਣਾ ਕਬਜ਼ਾ ਪੱਕਾ ਕਰਨਾ ਸੀ।
ਇਸੇ ਸਮੇਂ ਦੌਰਾਨ ਹੀ ਅਮਰੀਕਨ ਸਾਮਰਾਜ ਨੂੰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਖੁੱਲ੍ਹਕੇ ਪੈਰ ਪਸਾਰਨ ਦਾ ਮੌਕਾ ਮਿਲਿਆ। ਇਹਨਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਨੇ ਆਪਣੇ ਜਮਾਤੀ ਹਿੱਤਾਂ ਦੀ ਰਾਖੀ ਲਈ ਨਵਉਦਾਰਵਾਦੀ ਨੀਤੀਆਂ ਨੂੰ ਬੜੀ ਖੁਸ਼ੀ ਨਾਲ ਅਪਣਾਇਆ। ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਉਹਨਾਂ ਅਮਰੀਕਨ ਯੂਨੀਵਰਸਿਟੀਆਂ ਵਲੋਂ ਤਿਆਰ ਕੀਤੇ ਦੇਸੀ ਵੇਸ਼ਭੂਸ਼ਾ ਅਤੇ ਸਾਮਰਾਜੀ ਗੁਲਾਮੀ ਦੀ ਜਹਿਨੀਅਤ ਵਾਲੇ ਆਰਥਕ ਮਾਹਰ ਦੇਸ਼ ਦੇ ਰਾਜਸੀ ਆਗੂਆਂ ਵਜੋਂ ਅਤੇ ਹੋਰ ਕੁੰਜੀਵਤ ਅਹੁਦਿਆਂ 'ਤੇ ਨਿਯੁਕਤ ਕਰਨਾ ਆਪਣੀ ਭਲਾਈ ਸਮਝਿਆ। ਇਸੇ ਪਿਛੋਕੜ ਵਿਚ ਹੀ 1991 ਪਿੱਛੋਂ ਅਨੇਕਾਂ ਅਮਰੀਕਨ ਟਰੇਂਡ ਭਾਰਤੀ ਮੂਲ ਦੇ ਆਰਥਕ ਮਾਹਰਾਂ ਨੇ ਭਾਰਤ ਵੱਲ ਉਡਾਰੀਆਂ ਮਾਰੀਆਂ। ਇਸਦੇ ਸਿੱਟੇ ਵਜੋਂ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ, ਵਿੱਤ ਮੰਤਰੀ ਚਿਦੰਬਰਮ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮਨ ਦੀ ਚੰਡਾਲ ਚੌਕੜੀ ਦੇਸ਼ ਦੇ ਕੁੰੰਜੀਵਤ ਅਹੁਦਿਆਂ ਤੇ ਵਿਰਾਜਮਾਨ ਹੈ। ਇਹਨਾਂ ਦੀ ਛਤਰ ਛਾਇਆ ਹੇਠ ਸਾਮਰਾਜ ਦੀ ਮਾਨਸਕ ਗੁਲਾਮੀ ਕਰਨ ਵਾਲੇ ਹੋਰ ਟੂਕੜਬੋਚ ਮਾਹਰਾਂ ਦੇ ਅਨੇਕਾਂ ਗਰੋਹ ਕੰਮ ਕਰ ਰਹੇ ਹਨ। ਕੁਝ ਇਸੇ ਤਰ੍ਹਾਂ ਦਾ ਹੀ ਲਾਤੀਨੀ ਅਮਰੀਕਨ ਦੇਸ਼ਾਂ ਚਿੱਲੀ, ਬਰਾਜ਼ੀਲ, ਮੈਕਸੀਕੋ ਅਤੇ ਅਰਜਨਟੀਨਾ ਨਾਲ ਵਾਪਰਿਆ ਹੈ।
ਸੋ ਉਪਰੋਕਤ ਤੱਥ ਸਪੱਸ਼ਟ ਕਰਦੇ ਹਨ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਪਿਛੋਂ ਬਣੇ ਇਕ ਧਰੁਵੀ ਸੰਸਾਰ ਸਮੇਂ ਸਾਮਰਾਜੀ ਸ਼ਕਤੀਆਂ ਅਮਰੀਕਾ ਦੀ ਅਗਵਾਈ ਹੇਠ ਆਪਣੀਆਂ ਚੰਮ ਦੀਆਂ ਚਲਾ ਰਹੀਆਂ ਹਨ। ਇਸ ਸਮੇਂ ਦੌਰਾਨ ਇਸਨੇ ਦੁਨੀਆਂ ਭਰ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਲੁੱਟਿਆ ਵੀ ਹੈ ਅਤੇ ਕੁੱਟਿਆ ਵੀ ਹੈ।
ਸਾਲ 2008 ਦਾ ਸੰਸਾਰ ਆਰਥਕ ਸੰਕਟ
1991 ਪਿਛੋਂ ਸਾਮਰਾਜ ਨੂੰ ਮਿਲੀ ਅਥਾਹ ਅਤੇ ਬੇਲਗਾਮ ਸ਼ਕਤੀ ਰਾਹੀਂ ਸੰਸਾਰ ਭਰ ਦੀਆਂ ਮੰਡੀਆਂ ਅਤੇ ਕੁਦਰਤੀ ਸਰੋਤਾਂ ਦੀ ਖੁੱਲ੍ਹੀ ਲੁੱਟ ਕਰ ਸਕਣ ਦੀ ਸਮਰਥਾ ਨੇ ਵੀ ਇਸਦੀ ਬੇੜੀ ਪਾਰ ਨਹੀਂ ਲਾਈ। ਸਰਮਾਏਦਾਰੀ ਢਾਂਚੇ ਦੇ ਵਧੇਰੇ ਲੁਟੇਰੇ ਅਤੇ ਮਜ਼ਬੂਤ ਵਿੱਤੀ ਸਰਮਾਏ ਦੇ ਰੂਪ ਨੇ ਇਸ ਦੀਆਂ ਜਨਮਜਾਤ ਅੰਦਰੂਨੀ ਵਿਰੋਧਤਾਈਆਂ ਨੂੰ ਹੋਰ ਤਿੱਖਾ ਕਰ ਦਿੱਤਾ। ਇਸ ਸਮੇਂ ਦੌਰਾਨ ਦੌਲਤ ਦੇ ਕੁਝ ਹੱਥਾਂ ਵਿਚ ਹੋਏ ਬੇਪਨਾਹ ਇਕੱਤਰੀਕਰਨ ਨੇ ਇਸਦੇ ਨਿਵੇਸ਼ ਲਈ ਅਨੇਕਾਂ ਘੁਣਤਰਾਂ ਅਤੇ ਫਰੇਬੀ ਢੰਗ ਤਰੀਕੇ ਲੱਭਣ ਦੀ ਲੋੜ ਪੈਦਾ ਕਰ ਦਿੱਤੀ। ਇਸ ਮੰਤਵ ਲਈ ਵਿੱਤੀ ਸਰਮਾਏਦਾਰੀ ਨੇ 2001 ਵਿਚ ਘਰਾਂ ਲਈ ਬਿਨਾਂ ਸ਼ਰਤ ਕਰਜਾ ਦੇ ਇਕ ਆਰਥਕ ਬੁਲਬੁਲਾ ਪੈਦਾ ਕੀਤਾ ਗਿਆ ਜੋ 2008 ਵਿਚ ਪੂਰੀ ਤਰ੍ਹਾਂ ਫਟ ਗਿਆ। ਇਹ ਧਮਾਕਾ ਇੰਨਾ ਵੱਡਾ ਸੀ ਕਿ ਇਸਨੇ ਸਾਰੇ ਸੰਸਾਰ ਨੂੰ ਆਪਣੀ ਗੱਲਘੋਟੂ ਜਕੜ ਵਿਚ ਲੈ ਲਿਆ। ਸਾਮਰਾਜੀ ਦੇਸ਼ਾਂ ਦੇ ਬੈਂਕ ਅਤੇ ਅਨੇਕਾਂ ਵਿੱਤੀ ਸੰਸਥਾਵਾਂ ਤਾਸ਼ ਦੇ ਪੱਤਿਆਂ ਵਾਂਗ ਡਿੱਗਣ ਲੱਗ ਪਏ। ਉਹ ਪੂਰੀ ਤਰ੍ਹਾਂ ਦੀਵਾਲੀਏ ਹੋ ਗਏ। ਇਕੋ ਝਟਕੇ ਨਾਲ ਹੀ 10 ਲੱਖ ਅਮਰੀਕਨ ਲੋਕਾਂ ਦੇ ਘਰ ਖੁਸ ਗਏ ਅਤੇ ਉਹਨਾਂ 'ਤੇ ਕਰਜਾ ਦੇਣ ਵਾਲੀਆਂ ਸੰਸਥਾਵਾਂ 'ਤੇ ਸਰਕਾਰ ਦਾ ਕਬਜ਼ਾ ਹੋ ਗਿਆ। ਬੇਰੁਜ਼ਗਾਰੀ ਬਹੁਤ ਵੱਡੀ ਪੱਧਰ 'ਤੇ ਵਧੀ ਅਤੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਦੇ ਵੀ ਲਾਲੇ ਪੈ ਗਏ। ਯੂਰਪੀ ਦੇਸ਼ਾਂ ਦਾ ਹਾਲ ਵਧੇਰੇ ਮੰਦਾ ਹੋਇਆ ਗਰੀਸ, ਸਪੇਨ, ਪੁਰਤਗਾਲ ਆਦਿ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਕੌਮੀ ਕਰਜ਼ੇ (Sovereign Debt) ਦੇ ਭਾਰ ਹੇਠਾਂ ਦੱਬੀਆਂ ਗਈਆਂ। ਕੁਝ ਆਰਥਕ ਮਾਹਰਾਂ ਅਨੁਸਾਰ ਇਹ ਸੰਕਟ 1929-33 ਨਾਲੋਂ ਵੀ ਵਧੇਰੇ ਗੰਭੀਰ ਹੈ ਅਤੇ ਵਧੇਰੇ ਲੰਮਾ ਸਮਾਂ ਰਹਿਣ ਵਾਲਾ ਹੈ। ਇਸਦਾ ਇਕ ਕਾਰਨ ਇਹ ਵੀ ਹੈ ਕਿ ਕੌਮਾਂਤਰੀ ਪੱਧਰ ਤੇ ਸਮਾਜਵਾਦੀ ਢਾਂਚੇ ਦੀ ਬਦਲਵੀਂ ਅਵਸਥਾ ਨਾ ਹੋਣ ਕਰਕੇ ਸਾਮਰਾਜੀ ਦੇਸ਼ ਸਾਬਕਾ ਸੰਕਟ ਵਿਚ ਅਪਣਾਏ ਗਏ ਕਨੇਜੀਆਨਾ ਸਿਧਾਂਤ ਅਨੁਸਾਰ ਮੰਗ ਪ੍ਰਬੰਧਨ ਲਈ ਜਨਤਕ ਨਿਵੇਸ਼ ਕਰਕੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਕੇ, ਉਹਨਾਂ ਦੀ ਖਰੀਦ ਸ਼ਕਤੀ ਵਿਚ ਵਾਧਾ ਕਰਕੇ ਮੰਗ ਵਿਚ ਵਾਧਾ ਕਰਨ ਦਾ ਤਰੀਕਾ ਨਹੀਂ ਅਪਨਾ ਰਹੇ। ਇਸਦੇ ਉਲਟ ਉਹ ਬਚਤ ਉਪਾਆਂ (Austerity Measures) ਰਾਹੀਂ ਆਪਣੇ ਦੇਸ਼ ਦੇ ਕਿਰਤੀ ਲੋਕਾਂ 'ਤੇ ਤਿੱਖੇ ਹਮਲੇ ਕਰਕੇ ਉਹਨਾਂ ਦੀ ਆਰਥਕ ਸ਼ਹੂਲਤਾਂ ਖੋਹ ਰਹੇ ਹਨ। ਇਸ ਨਾਲ ਮੰਗ ਨਹੀਂ ਵਧੇਗੀ ਅਤੇ ਸੰਕਟ ਘਟਣ ਦੀ ਥਾਂ ਵਧੇਗਾ। ਇਸੇ ਤਰ੍ਹਾਂ ਵਿਕਾਸਸ਼ੀਲ ਦੇਸ਼ਾਂ 'ਤੇ ਕੀਤੇ ਆਰਥਕ ਅਤੇ ਫੌਜੀ ਹਮਲੇ ਵੀ ਉਸਦੀ ਬੇੜੀ ਪਾਰ ਨਹੀਂ ਲਾਉਣਗੇ। ਅੱਤਵਾਦ ਵਿਰੁੱਧ ਜੰਗ ਦੇ ਨਾਂਅ 'ਤੇ ਅਫਗਾਨਸਤਾਨ, ਇਰਾਕ ਅਤੇ ਲੀਬੀਆ ਦੀ ਤਬਾਹੀ ਦੀਆਂ ਜੰਗਾਂ ਨੇ ਅਮਰੀਕਨ ਆਰਥਕ ਅਵਸਥਾ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਹੈ। ਇਸ ਵਿਚ ਫੌਜੀਆਂ ਦੀਆਂ ਹੋਈਆਂ ਮੌਤਾਂ ਨੇ ਅਮਰੀਕਾ ਵਿਚ ਰਾਜਸੀ ਅਫਰਾ ਤਫਰੀ ਪੈਦਾ ਕਰ ਦਿੱਤੀ ਹੈ। ਘਰੇਲੂ ਜਨਤਕ ਦਬਾਅ ਕਰਕੇ ਹੀ ਅਮਰੀਕਾ ਨੇ ਸੀਰੀਆ ਵਿਰੁੱਧ ਸਿੱਧਾ ਹਮਲਾ ਕਰਨ ਦੀ ਹਿੰਮਤ ਨਹੀਂ ਕੀਤੀ।
ਇਸ ਸੰਕਟ ਨਾਲ ਸਰਕਾਰ ਵਲੋਂ ਮੰਡੀ ਦੀਆਂ ਤਾਕਤਾਂ ਨੂੰ ਪੂਰੀ ਖੁੱਲ੍ਹ ਦੇਣ ਲਈ ਕਿਸੇ ਪ੍ਰਕਾਰ ਦਾ ਵਪਾਰ ਆਦਿ ਕਰਨ ਅਤੇ ਜਨਤਕ ਖੇਤਰ ਦੀ ਉਸਾਰੀ ਕਰਨ ਆਦਿ ਨੂੰ ਬਿਲਕੁਲ ਗਲਤ ਕਹਿਣ ਦੇ ਸਰਮਾਏਦਾਰੀ ਸਿਧਾਂਤ ਦਾ ਵੀ ਪਰਦਾਫਾਸ਼ ਹੋਇਆ ਹੈ। ਸੰਕਟ ਸਮੇਂ ਗਰੀਬ ਲੋਕਾਂ ਦੀ ਕਿਸੇ ਤਰ੍ਹਾਂ ਦੀ ਮਦਦ ਨੂੰ ਇਥੇ ਸੋਸ਼ਲਿਜ਼ਮ ਲਈ ਜਤਨ ਕਹਿਕੇ ਛੁਟਿਆਇਆ ਗਿਆ ਹੈ ਉਸਦੀ ਖਿੱਲੀ ਉਡਾਈ ਗਈ ਅਤੇ ਜ਼ੋਰਦਾਰ ਵਿਰੋਧ ਹੋਇਆ। ਪਰ ਇਸ ਸੰਕਟ ਦੌਰਾਨ ਅਮਰੀਕਨ ਸਰਕਾਰ ਨੇ 1000 ਅਰਬ ਡਾਲਰ ਆਪਣੇ ਖਜ਼ਾਨੇ ਵਿਚੋਂ ਉਹਨਾ ਬੈਂਕਾਂ ਅਤੇ ਵਿੱਤੀ ਕੰਪਨੀਆਂ ਨੂੰ ਦਿੱਤੇ ਜਿਹਨਾਂ ਠੱਗੀ ਠੋਰੀ ਵਾਲੀਆਂ ਨਿਵੇਸ਼ ਯੋਜਨਾਵਾਂ ਅਧੀਨ ਲੋਕਾਂ ਨੂੰ ਲੁੱਟਿਆ, ਤਾਂਕਿ ਉਹ ਆਪਣੇ ਘਾਟੇ ਪੂਰੇ ਕਰ ਸਕਣ। ਪਰ ਦੂਜੇ ਪਾਸੇ ਕਰਜ਼ੇ ਕਰਕੇ ਆਪਣੇ ਘਰ ਗੁਆ ਚੁੱਕੇ ਲੱਖਾਂ ਲੋਕਾਂ ਦੀ ਮਦਦ ਲਈ ਇਕ ਪੈਸਾ ਵੀ ਨਹੀਂ ਦਿੱਤਾ ਗਿਆ। ਸਾਮਰਾਜੀ ਦੇਸ਼ਾਂ ਦੀ ਇਸ ਨੀਤੀ ਨੂੰ ਅਮੀਰਾਂ ਦੇ ਘਾਟੇ ਦਾ ਸਮਾਜੀਕਰਨ ਆਖਿਆ ਗਿਆ ਹੈ।
ਸਾਮਰਾਜੀਆਂ ਨੂੰ ਹੱਥਾਂ ਪੈਰਾਂ ਦੀ ਪਈ
ਇਸ ਗੰਭੀਰ ਆਰਥਕ ਸੰਕਟ ਦੀ ਸਰਬ ਵਿਆਪਕ ਤੀਖਣਤਾ ਅਤੇ ਗਹਿਰਾਈ ਨੇ ਸਾਮਰਾਜੀ ਪ੍ਰਬੰਧ ਦੇ ਸਿਧਾਂਤਕਾਰਾਂ ਅਤੇ ਹਾਕਮਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਅਤੇ ਉਹ ਪੂਰੀ ਤਰ੍ਹਾਂ ਬੌਂਦਲ ਗਏ। ਉਹਨਾਂ ਵਲੋਂ ਸਰਮਾਏਦਾਰੀ ਪ੍ਰਬੰਧ ਦੀ ਸਰਵਉਚਤਾ ਅਤੇ ਅੰਤਮਤਾ (Finality) ਦੇ ਦਮਗਜ਼ੇ ਮਾਰਨ ਦੀ ਬੋਲਤੀ ਬੰਦ ਹੋ ਗਈ। ਉਹਨਾਂ ਅੰਦਰੋਂ ਅਵਾਜ਼ ਉਠੀ ਕਿ ਇਸ ਸੰਕਟ ਦੇ ਹੱਲ ਲਈ ਦੁਬਾਰਾ ਮਾਰਕਸ ਅਤੇ ਉਸਦੇ ਸੱਚੇ ਅਨੁਆਈਆਂ ਦੀਆਂ ਲਿਖਤਾਂ ਨੂੰ ਪੜ੍ਹਿਆ ਜਾਵੇ। ਮਾਰਕਸ ਦੀਆਂ ਲਿਖਤਾਂ ਪੜ੍ਹਨ ਅਤੇ ਛਾਪਣ ਦਾ ਰੁਝਾਨ ਵਿਸ਼ੇਸ਼ ਕਰਕੇ ਯੂਰਪ ਵਿਚ ਬਹੁਤ ਪ੍ਰਫੁਲਤ ਹੋਇਆ। ਇਸ ਸੰਕਟ ਕਰਕੇ ਸੰਸਾਰ ਪੱਧਰ 'ਤੇ ਉਸਦੀ ਲੁਟੇਰੀ ਨੀਤੀ ਲਾਗੂ ਕਰਨ ਦੀ ਸ਼ਕਤੀ ਕਮਜ਼ੋਰ ਪੈਣ ਲੱਗ ਪਈ। ਉਸਦੇ ਇਕ ਧੁਰੀ ਸੰਸਾਰ ਦੇ ਸੰਕਲਪ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਅਮਰੀਕਾ ਵਿਚ ਅਮਰੀਕਨ ਸਾਮਰਾਜ ਬੁਰੀ ਤਰ੍ਹਾਂ ਨਿਖੜਦਾ ਜਾ ਰਿਹਾ ਹੈ। ਵੈਨਜ਼ੁਵੇਲਾ, ਬੋਲੀਵੀਆ ਅਤੇ ਇਕਵਾਡੋਰ ਦੇ ਬਹਾਦਰ ਲੋਕਾਂ ਨੇ ਬੋਲੀਵੇਰੀਆਨ ਇਨਕਲਾਬ ਦੇ ਨਾਂਅ 'ਤੇ ਸਾਮਰਾਜੀ ਲੁੱਟ ਨੂੰ ਸ਼ਕਤੀਸ਼ਾਲੀ ਚੁਣੌਤੀ ਦਿੱਤੀ ਹੈ। ਉਹਨਾਂ ਨੇ ਕਿਊਬਾ ਨਾਲ ਮਿਲਕੇ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੇਸ਼ਾਂ ਦਾ ਮਜ਼ਬੂਤ ਸਾਮਰਾਜ ਵਿਰੋਧੀ ਮੰਚ ਤਿਆਰ ਕਰਕੇ ਨਵਉਦਾਰਵਾਦੀ ਨੀਤੀਆਂ ਲਈ ਚੁਣੌਤੀ ਪੈਦਾ ਕੀਤੀ ਹੈ। ਅਮਰੀਕਾ ਦੀਆਂ ਨੀਤੀਆਂ ਤੇ ਪਲ ਰਹੇ ਮੱਧ ਪੂਰਬੀ ਦੇਸ਼ਾਂ ਦੇ ਤਾਨਾਸ਼ਾਹ ਦੀਆਂ ਸਰਕਾਰਾਂ ਨੂੰ ਅਰਬ ਲੋਕਾਂ ਵਲੋਂ ਗੰਭੀਰ ਚੁਣੌਤੀ ਦਿੱਤੀ ਗਈ ਹੈ। ਸੀਰੀਆ ਅਤੇ ਇਰਾਨ ਬਾਰੇ ਅਮਰੀਕਾ ਨੂੰ ਆਪਣੀ ਨੀਤੀ ਬਦਲਨੀ ਪਈ। ਸਾਮਰਾਜੀ ਦੇਸ਼ਾਂ ਦੀਆਂ ਨਵਉਦਾਰਵਾਦੀ ਨੀਤੀਆਂ ਨੂੰ ਖੁਸ਼ੀ ਖੁਸ਼ੀ ਲਾਗੂ ਕਰਨ ਵਾਲੀਆਂ ਸਰਕਾਰਾਂ ਦੱਖਣੀ ਅਫਰੀਕਾ, ਚਿੱਲੀ, ਬਰਾਜ਼ੀਲ, ਅਰਜਨਟੀਨਾ ਅਤੇ ਮੈਕਸੀਕੋ ਵਿਚ ਭਾਰੀ ਜਨਤਕ ਵਿਰੋਧ ਅਤੇ ਲਾਮਬੰਦੀ ਉਭਰਕੇ ਸਾਹਮਣੇ ਆ ਰਹੀ ਹੈ। ਚਿੱਲੀ ਦੇ ਲੋਕਾਂ ਵਲੋਂ ਆਪਣੇ ਜਨਤਕ ਸੰਘਰਸ਼ਾਂ ਰਾਹੀਂ ਨਵੀ ਸਰਕਾਰ ਬਣਾ ਲਈ ਗਈ ਹੈ ਜਿਸ ਵਲੋਂ ਲੋਕ ਪੱਖੀ ਕਦਮ ਚੁੱਕੇ ਜਾਣ ਦੀਆਂ ਕਾਫੀ ਸੰਭਾਵਨਾਵਾਂ ਹਨ।
ਸਮਾਜਵਾਦੀ ਚੇਤਨਾ ਦਾ ਪੁਨਰਉਥਾਨ
1990 ਵਿਚ ਅਤੇ ਉਸਤੋਂ ਪਿਛੋਂ ਵਾਪਰੀਆਂ ਘਟਨਾਵਾਂ ਨੇ ਸਮਾਜਵਾਦੀ ਰਾਜਨੀਤਕ ਢਾਂਚੇ ਅਤੇ ਇਸਦੇ ਫਲਸਫੇ ਮਾਰਕਸਵਾਦ-ਲੈਨਿਨਵਾਦ ਨੂੰ ਕੁੱਝ ਸਮੇਂ ਲਈ ਸੰਸਾਰ ਦ੍ਰਿਸ਼ ਤੋਂ ਪਿੱਛੇ ਧੱਕ ਦਿੱਤਾ ਸੀ, ਪਰ ਉਸਦੇ ਨਿਸ਼ਠਾਵਾਨ ਅਤੇ ਦ੍ਰਿੜ੍ਹ ਪੈਰੋਕਾਰਾਂ ਦਾ ਵਿਸ਼ਵਾਸ ਨਹੀਂ ਸੀ ਡੋਲਿਆ। 2008 ਦੇ ਆਲਮੀ ਸੰਕਟ ਨੇ ਸਮਾਜਵਾਦੀ ਢਾਂਚੇ ਅਤੇ ਮੌਜੂਦਾ ਦੌਰ ਦੇ ਸਰਬਸ਼ਕਤੀਮਾਨ ਅਤੇ ਸਰਵਉਚ ਫਲਸਫੇ ਮਾਰਕਸਵਾਦ ਲੈਨਿਨਵਾਦ ਨੂੰ ਸੰਸਾਰ ਦ੍ਰਿਸ਼ 'ਤੇ ਇਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। ਇਸਦੇ ਸੱਚੇ ਪੈਰੋਕਾਰਾਂ ਨੂੰ ਹਮਲਾਵਰ ਰੁਖ ਧਾਰਨ ਕੀਤੇ ਜਾਣ ਦਾ ਮੌਕਾ ਮਿਲਿਆ ਹੈ। ਅਜੋਕੇ ਸਮੇਂ ਵਿਚ ਸਰਮਾਏਦਾਰੀ ਪ੍ਰਬੰਧ ਦੀ ਸਰਵੳਚਤਾ ਅਤੇ ਇਸਨੂੰ ਮਨੁੱਖਤਾ ਦੀ ਅੰਤਮ ਹੋਣੀ ਦੇ ਐਲਾਨਨਾਮੇ ਬਹੁਤ ਘੱਟ ਸੁਣਨ ਨੂੰ ਮਿਲਦੇ ਹਨ। ਉਹ ਆਪਣੀਆਂ ਨਵਉਦਾਰਵਾਦੀ ਨੀਤੀਆਂ ਅਤੇ ਇਸਦੇ ਉਪਰੋਂ ਤੁਪਕਾ-ਤੁਪਕਾ ਕਰਕੇ ਡਿਗਣ ਵਾਲੀ ਖੁਸ਼ਹਾਲੀ (Tricle Down) ਸਿਧਾਂਤ ਨੂੰ ਡੰਡੇ ਦੇ ਜ਼ੋਰ 'ਤੇ ਲਾਗੂ ਤਾਂ ਕਰਵਾਈ ਜਾਣ ਦੇ ਸਮਰਥ ਹਨ ਪਰ ਉਹ ਸਿਧਾਂਤ ਦੇ ਤੌਰ 'ਤੇ ਇਸਦੀ ਵਕਾਲਤ ਕਰ ਸਕਣ ਦੇ ਸਮਰਥ ਨਹੀਂ ਹਨ। ਇਸਦੇ ਉਲਟ ਇਸ ਨੀਤੀ ਦੇ ਝੰਬੇ ਅਤੇ 'ਵਾਲ ਸਟਰੀਟ 'ਤੇ ਕਬਜ਼ਾ ਕਰੋ' ਵਰਗੀਆਂ ਲਹਿਰਾਂ ਚਲਾਉਣ ਵਾਲੇ ਆਪਣੇ ਗਰੀਬ ਪੈਰੋਕਾਰਾਂ ਦੇ ਹਿੱਤਾਂ ਵਾਸਤੇ ਮੌਜੂਦਾ ਪੋਪ ਫਰਾਂਸਿਸ ਨੇ ਇਸ ਨੀਤੀ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਪੋਪ ਵਲੋਂ ਵੈਟੀਕਨ ਵਿਚ ਜਾਰੀ ਇਕ ਪੈਂਫਲਟ ਵਿਚ ਕਿਹਾ ਗਿਆ ਹੈ, ''ਜਿਵੇਂ ਇਕ ਹਦਾਇਤਨਾਮੇ (Commandment) ਅਨੁਸਾਰ ਤੂੰ ਕਿਸੇ ਦਾ ਕਤਲ ਨਹੀਂ ਕਰੇਂਗਾ, ਮਨੁੱਖੀ ਜੀਵਨ ਦੀ ਰਾਖੀ ਲਈ ਇਕ ਜ਼ਰੂਰੀ ਹੱਦ ਮਿਥਦਾ ਹੈ, ਇਸੇ ਤਰ੍ਹਾਂ ਤੂੰ ਅਜਿਹੀ ਆਰਥਕਤਾ ਲਾਗੂ ਨਹੀਂ ਕਰੇਂਗਾ ਜੋ ਕੁਝ ਇਕ ਦੀ ਭਲਾਈ ਵਾਲੀ ਅਤੇ ਨਾ ਬਰਾਬਰੀ ਵਾਲੀ ਹੋਵੇ। ਅਜਿਹੀ ਨੀਤੀ ਕਤਲ ਕਰਦੀ ਹੈ। ਜਦੋਂ ਤੱਕ ਮੰਡੀ ਦੀ ਮੁਕੰਮਲ ਅਜ਼ਾਦੀ ਅਤੇ ਆਰਥਕ ਸੱਟੇਬਾਜ਼ੀ ਦੇ ਸਿਧਾਂਤ ਨੂੰ ਰੱਦ ਕਰਕੇ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਤਨ ਨਹੀਂ ਕੀਤੇ ਜਾਂਦੇ, ਉਨਾ ਚਿਰ ਸੰਸਾਰ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕੇਗਾ। ਅਜਿਹਾ ਕਰਨ ਲਈ ਨਾ ਬਰਾਬਰੀ ਦੇ ਢਾਂਚਾਗਤ ਕਾਰਨਾਂ 'ਤੇ ਤਿੱਖਾ ਹਮਲਾ ਕਰਨਾ ਹੋਵੇਗਾ''। ਅਰਜਨਟੀਨਾ ਦੇ ਜਮਪਲ ਅਤੇ ਮੁਕਤੀ ਧਾਰਮਕਤਾ (Liberation Theology) ਦੇ ਮੋਢੀ ਸਿਧਾਂਤਕਾਰਾਂ ਵਿਚੋਂ ਹੋਣ ਕਰਕੇ ਪੋਪ ਫਰਾਂਸਿਸ ਨੇ ਤੁਪਕਾ (Tricle down) ਸਿਧਾਂਤ 'ਤੇ ਤਿੱਖੇ ਹਮਲੇ ਕੀਤੇ ਹਨ ਅਤੇ ਇਸਨੂੰ ਪੂਰੀ ਤਰ੍ਹਾਂ ਰਦ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ;
''ਕੁੱਝ ਲੋਕ ਤੁਪਕਾ ਸਿਧਾਂਤ ਦੀ ਰਾਖੀ ਕਰ ਰਹੇ ਹਨ। ਇਸ ਸਿਧਾਂਤ ਅਨੁਸਾਰ ਖੁੱਲ੍ਹੀ ਮੰਡੀ ਰਾਹੀਂ ਉਤਸ਼ਾਹਤ ਕੀਤੀ ਗਈ ਆਰਥਕਤਾ ਆਪਣੇ ਆਪ ਹੀ ਸੰਸਾਰ ਵਿਚ ਇਨਸਾਫ ਅਤੇ ਸਮੂਹਕ ਵਿਕਾਸ ਲੈ ਆਵੇਗੀ। ਪਰ ਇਸ ਵਿਚਾਰ ਦੀ ਤੱਥਾਂ ਦੇ ਅਧਾਰ 'ਤੇ ਕਿਧਰੇ ਵੀ ਪੁਸ਼ਟੀ ਨਹੀਂ ਹੁੰਦੀ। ਇਹ ਸਿਧਾਂਤ ਆਰਥਕ ਸ਼ਕਤੀਆਂ ਦੇ ਮਾਲਕਾਂ ਅਤੇ ਮੌਜੂਦਾ ਆਰਥਕ ਪ੍ਰਬੰਧ ਦੇ ਬੇਹੁਰਮਤੀ ਵਾਲੇ ਕੰਮ ਢੰਗ ਵਿਚ ਅਣਘੜਤ ਅਤੇ ਬਚਗਾਨਾ ਵਿਸ਼ਵਾਸ ਰੱਖਣ ਵਾਲੀ ਗੱਲ ਹੈ।''
ਮਾਰਕਸਵਾਦੀ ਫਲਸਫਾ ਅਤੇ ਸਮਾਜਵਾਦੀ ਪ੍ਰਬੰਧ ਹੀ ਸਮੇਂ ਦਾ ਸੱਚ
ਉਪਰੋਕਤ ਤੱਥ ਸਪੱਸ਼ਟ ਕਰਦੇ ਹਨ ਕਿ ਸਰਮਾਏਦਾਰੀ ਪ੍ਰਬੰਧ ਚਾਹੇ ਕਿੰਨੀ ਵੀ ਤਰੱਕੀ ਕਰ ਲਵੇ, ਪੂਰੀ ਖੁਲ੍ਹ ਮਿਲ ਜਾਵੇ, ਉਹ ਮੌਜੂਦਾ ਸਮੇਂ ਦੀਆਂ ਜਨਤਕ ਸਮੱਸਿਆਵਾਂ ਹੱਲ ਨਹੀਂ ਕਰ ਸਕਦਾ। ਸਰਮਾਏਦਾਰੀ ਪ੍ਰਬੰਧ ਦੀ ਜਨਮਜਾਤ ਅਤੇ ਅਬਦਲ ਢਾਂਚਾਗਤ ਬਣਤਰ ਪੈਦਾਵਾਰ ਦਾ ਸਮਾਜੀਕਰਨ ਅਤੇ ਪੈਦਾਵਾਰ ਦੀ ਨਿੱਜੀ ਮਾਲਕੀ (Socialisation of Production and Individual Appropriation) ਇਸਨੂੰ ਸਮੂਹਕ ਵਿਕਾਸ ਦੀ ਕੀਮਤ ਤੇ ਨਿਜੀ ਵਿਕਾਸ ਦੇ ਇਕੋ ਇਕ ਪਰ ਮਰਨਾਊ ਰਾਹ 'ਤੇ ਤੋਰਦਾ ਹੈ। ਇਸ ਵਿਕਾਸ ਦੀ ਦੌੜ ਵਿਚ ਇਹ ਪ੍ਰਬੰਧ ਸੰਕਟਾਂ ਅਤੇ ਯੁੱਧਾਂ ਤੋਂ ਕਦੀ ਮੁਕਤ ਨਹੀਂ ਹੋ ਸਕਦਾ। ਆਪਣੇ ਸੰਕਟਾਂ 'ਤੇ ਕਾਬੂ ਪਾਉਣ ਲਈ ਉਹ ਕਿਰਤੀ ਲੋਕਾਂ ਦੀ ਲੁੱਟ ਨੂੰ ਹੋਰ ਤਿੱਖਾ ਕਰਦਾ ਹੈ ਅਤੇ ਯੁੱਧਾਂ ਵਿਚ ਕਰੋੜਾਂ ਲੋਕਾਂ ਦੇ ਖੂਨ ਵਿਚ ਨਹਾਉਂਦਾ ਹੈ। ਇਸ ਤਰ੍ਹਾਂ ਉਹ ਆਪਣੇ ਸਮੇਂ ਦੀਆਂ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਵਿਚ ਸਹਾਈ ਹੋਣ ਦੀ ਥਾਂ ਉਹਨਾਂ ਦੀ ਤਬਾਹੀ ਦਾ ਕਾਰਨ ਬਣਦਾ ਹੈ।
ਸਮਾਜਵਾਦੀ ਪ੍ਰਬੰਧ ਜੋ ਮਾਰਕਸਵਾਦੀ-ਲੈਨਿਨਵਾਦੀ ਫਲਸਫੇ 'ਤੇ ਅਧਾਰਤ ਹੈ, ਸਰਮਾਏਦਾਰੀ ਦਾ ਉਸੇ ਤਰ੍ਹਾਂ ਸਮਾਜਕ ਬਦਲ ਅਤੇ ਸਮਾਜਕ ਵਿਕਾਸ ਦਾ ਅਗਲੇਰਾ ਅਤੇ ਉਚੇਰਾ ਪੜ੍ਹਾਅ ਹੈ ਜਿਵੇਂ ਸਰਮਾਏਦਾਰੀ ਜਗੀਰਦਾਰੀ ਪ੍ਰਬੰਧ ਦਾ ਸੀ। ਇਹ ਸੰਸਾਰ ਵਿਚ ਜਮਾਤ ਰਹਿਤ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਵਾਲਾ ਪਹਿਲਾ ਪ੍ਰਬੰਧ ਹੈ। ਇਸਦੀ ਕਾਇਮੀ ਤਿੱਖੇ ਜਮਾਤੀ ਲਹੂਵੀਟਵੇਂ ਸੰਘਰਸ਼ ਵਿਚੋਂ ਹੀ ਜਨਮ ਲਵੇਗੀ। ਇਹ ਸੰਘਰਸ਼ ਕਮਿਊਨਿਸਟ ਸੱਭਿਆਚਾਰ 'ਤੇ ਕਾਇਮ ਰਹਿਕੇ ਹੀ ਲੜਿਆ ਅਤੇ ਜਿੱਤਿਆ ਜਾ ਸਕਦਾ ਹੈ।
ਭਾਰਤ ਦੇ ਕਿਰਤੀ ਲੋਕਾਂ ਨੂੰ ਲੱਕ ਬੰਨ੍ਹਕੇ ਇਸ ਮਹਾਨ ਸੰਕਲਪ ਨੂੰ ਪ੍ਰਾਪਤ ਕਰਨ ਲਈ ਜਤਨ ਕਰਦੇ ਰਹਿਣਾ ਚਾਹੀਦਾ ਹੈ। ਇਹ ਪੰਧ ਲੰਮਾ ਕਠਨਾਈਆਂ ਅਤੇ ਚੁਣੌਤੀਆਂ ਭਰਪੂਰ ਜ਼ਰੂਰ ਹੈ, ਪਰ ਸਫਲ ਜ਼ਰੂਰ ਹੋਵੇਗਾ। ਸਿਰਫ ਇਹ ਪ੍ਰਬੰਧ ਹੀ ਮਾਨਵਤਾ ਦੇ ਸਰਵਪੱਖੀ ਵਿਕਾਸ ਦੀ ਸ਼ੁਭ ਸਵੇਰ ਲਿਆ ਸਕਦਾ ਹੈ। ਇਸਦਾ ਕੋਈ ਬਦਲ ਨਹੀਂ।
No comments:
Post a Comment