Tuesday 11 March 2014

ਲੋਕ ਮਸਲੇ ਕੰਢੀ ਖੇਤਰ ਦੀਆਂ ਸਮੱਸਿਆਵਾਂ ਅਤੇ ਹੱਲ

ਪੰਜਾਬ ਦੇ ਪੂਰਬੀ ਅਤੇ ਉਤਰੀ ਜ਼ਿਲ੍ਹਿਆਂ-ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੂਪ ਨਗਰ ਅਤੇ ਮੁਹਾਲੀ ਵਿਚ ਪੈਂਦੇ ਨੀਮ ਪਹਾੜੀ ਅਤੇ ਨਾਲ ਲੱਗਦੇ ਇਲਾਕੇ ਨੂੰ  ਕੰਢੀ ਕਿਹਾ ਜਾਂਦਾ ਹੈ। ਇਹ ਸਾਰਾ ਖੇਤਰ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਹੈ। ਸਰਕਾਰੀ ਕਾਗਜਾਂ ਵਿਚ ਚੰਡੀਗੜ੍ਹ ਤੋਂ ਪਠਾਨਕੋਟ ਨੂੰ ਜਾਂਦੀ ਸੜਕ ਦੇ ਸੱਜੇ ਹੱਥ ਪੂਰਬ ਵੱਲ ਦਾ ਸਾਰਾ ਇਲਾਕਾ ਕੰਢੀ ਵਿਚ ਪੈਂਦਾ ਹੈ। ਇਸ ਖੇਤਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਹੋਰ ਲੋਕਾਂ ਤੋਂ ਵੱਧ ਅਤੇ ਵੱਖਰੀਆਂ ਹਨ। ਇਸ ਖੇਤਰ  ਵਿਚਲੇ ਦੋ ਇਲਾਕੇ ''ਬੀਤ'' ਅਤੇ ''ਚੰਗਰ'' ਹਨ, ਜਿਨ੍ਹਾਂ ਦੇ ਵਸਨੀਕਾਂ ਦਾ ਜੀਵਨ ਹੋਰ ਵੀ ਜ਼ਿਆਦਾ ਮੁਸ਼ਕਲਾਂ ਭਰਿਆ ਹੈ। ਅਸਲ ਕੰਢੀ ਖੇਤਰ ਦੇ ਲੋਕਾਂ ਦੀ ਮੰਗ ਹੈ ਕਿ ਡਾ. ਜੀ.ਐਸ. ਕਾਲਕੱਟ ਦੀਆਂ ਸਿਫਾਰਸ਼ਾਂ ਮੁਤਾਬਿਕ ਕੰਢੀ ਖੇਤਰ ਦੀ ਡਿਮਾਰਕੇਸ਼ਨ ਕੀਤੀ ਜਾਵੇ। ਇਸ ਦਰਜਾ ਬੰਦੀ ਮੁਤਾਬਿਕ ਅਪਰ ਕੰਢੀ, ਮਿਡਲ ਕੰਢੀ ਅਤੇ ਲੋਅਰ ਕੰਢੀ ਦੇ ਨਾਂਅ ਨਾਲ ਡੀਮਾਰਕੇਸ਼ਨ ਕੀਤੀ ਜਾਵੇ ਤਾਂ ਕਿ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਨਿਗੁਣੀਆਂ ਸਹੂਲਤਾਂ ਦਾ ਫਾਇਦਾ ਵਧੇਰੇ ਮੁਸ਼ਕਿਲ ਹਾਲਤਾਂ ਵਿਚ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਮਿਲ ਸਕੇ। 
ਇਸ ਖੇਤਰ ਦੇ ਲੋਕ ਮੁੱਖ ਤੌਰ 'ਤੇ ਖੇਤੀਬਾੜੀ ਅਤੇ ਮਜ਼ਦੂਰੀ ਕਰਦੇ ਹਨ। ਖੇਤੀ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਨਹਿਰਾਂ, ਜਿਨਾਂ ਵੀ ਹੋ ਸਕੇ, ਪਹਾੜੀਆਂ ਦੇ ਨਾਲ ਨਾਲ ਕੱਢੀਆਂ ਜਾਣ। ਫਿਰ ਵੀ ਜੋ ਰਕਬਾ ਉਪਰ ਰਹਿ ਜਾਵੇ ਉਸ ਨੂੰ ਲਿਫਟ ਸਕੀਮਾਂ ਰਾਹੀਂ ਪਾਣੀ ਦਿੱਤੀ ਜਾਵੇ। ਡੂੰਘੇ ਸਰਕਾਰੀ ਟਿਊਬਵੈਲ ਹੋਰ ਲਾਏ ਜਾਣ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਚੈਕ ਡੈਮ ਬਣਾਏ ਜਾਣ, ਜਿਨ੍ਹਾਂ ਦੇ ਬਨਾਉਣ ਨਾਲ ਮਿੱਟੀ ਰੁੜ੍ਹਨ ਤੋਂ ਬਚਦੀ ਹੈ। ਜੰਗਲ ਹਰੇ ਭਰੇ ਹੁੰਦੇ ਹਨ ਅਤੇ ਪਾਣੀ ਦਾ ਲੇਵਲ ਉਚਾ ਚੁੱਕਣ ਵਿਚ ਮਦਦ ਮਿਲਦੀ ਹੈ। ਇਨ੍ਹਾਂ ਚੈਕ ਡੈਮਾਂ ਵਿਚ ਇਕੱਤਰ ਹੋਇਆ ਬਰਸਾਤ ਦਾ ਪਾਣੀ ਉਚੀ ਜਗ੍ਹਾ 'ਤੇ ਹੋਣ ਕਾਰਨ ਬਿਨਾਂ ਬਿਜਲੀ ਅਤੇ ਤੇਲ ਫੂਕਣ ਤੋਂ ਅਸਾਨੀ ਨਾਲ ਫਸਲਾਂ ਨੂੰ ਦਿੱਤਾ ਜਾ ਸਕਦਾ ਹੈ। 
ਇਸ ਖੇਤਰ ਵਿਚ ਪਸ਼ੂਆਂ ਆਦਿ ਵਲੋਂ ਫਸਲਾਂ ਦਾ ਕੀਤਾ ਜਾਂਦਾ ਉਜਾੜਾ ਵੀ ਇਕ ਬਹੁਤ ਹੀ ਗੰਭੀਰ ਸਮੱਸਿਆ ਹੈ। ਫਸਲਾਂ ਦਾ ਇਹ ਉਜਾੜਾ ਰੋਕਣ ਲਈ ਲੋਕਾਂ ਦੀ ਮੰਗ ਹੈ ਕਿ ਹਿਮਾਚਲ ਸਰਕਾਰ ਦੀ ਤਰ੍ਹਾਂ ਬਾਂਦਰਾਂ ਦੀ ਨਸਲਕਸ਼ੀ ਕੀਤੀ ਜਾਵੇ। ਜੰਗਲੀ ਜਾਨਵਰ ਅਤੇ ਅਵਾਰਾ ਪਸ਼ੂਆਂ ਲਈ ਜੰਗਲ ਵਿਚ ਰੱਖਾਂ ਬਣਾਈਆਂ ਜਾਣ ਜਾਂ ਸਮੁੱਚੇ ਜੰਗਲ ਨੂੰ ਲੋਹੇ ਦੇ ਜਾਲ੍ਹਾਂ ਨਾਲ ਸੀਲ ਕੀਤਾ ਜਾਵੇ। ਫਸਲਾਂ ਦਾ ਉਜਾੜਾ ਹੋਣ ਕਾਰਨ ਕਿਸਾਨਾਂ ਨੇ ਫਸਲਾਂ ਦੀ ਥਾਂ ਖੇਤਾਂ ਵਿਚ ਪਾਪੂਲਰ, ਸਫੈਦਾ, ਡੇਕ ਅਤੇ ਫਲਦਾਰ ਬੂਟਿਆਂ ਦੇ ਬਾਗ ਲਾਉਣੇ ਸ਼ੁਰੂ ਕੀਤੇ ਸਨ। ਸਹੀ ਮੰਡੀਕਰਨ ਨਾ ਹੋਣ ਕਾਰਨ ਕਿਸਾਨਾਂ ਨੂੰ ਲੱਕੜ ਅਤੇ ਫਲਾਂ ਦੀ ਠੀਕ ਕੀਮਤ ਨਹੀਂ ਮਿਲ ਰਹੀ। ਇਸ ਸਮੱਸਿਆ ਦੇ ਹੱਲ ਵਾਸਤੇ ਸਰਕਾਰ ਨੂੰ ਮੰਡੀਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। 
ਇਸ ਇਲਾਕੇ 'ਚ ਸਰਕਾਰ ਸਾਰੇ ਪਿੰਡਾਂ ਵਿਚ ਪੀਣ ਵਾਲੇ ਸਾਫ ਪਾਣੀ ਅਤੇ ਮੁਫ਼ਤ ਪਾਣੀ ਦਾ ਪ੍ਰਬੰਧ ਨਹੀਂ ਕਰ ਸਕੀ। ਕਾਫੀ ਪਿੰਡਾਂ ਦੇ ਲੋਕ ਖੂਹਾਂ ਅਤੇ ਨਾਲਿਆਂ ਵਿਚ ਵਗਦਾ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਇਸ ਖੇਤਰ ਦੇ ਲੋਕਾਂ ਦੀ ਆਵਾਜਾਈ ਦੀ ਦਿੱਕਤ ਨੂੰ ਦੂਰ ਕਰਨ ਲਈ ਹੋਰ ਸੜਕਾਂ ਬਨਾਉਣ, ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਕੇ ਚੋਆਂ ਅਤੇ ਖੱਡਾਂ ਤੇ ਪੁਲ ਪਾ ਕੇ ਲੋੜ ਮੁਤਾਬਕ ਬੱਸਾਂ ਦੇ ਰੂਟ ਚਲਾਉਣ ਦੀ ਵੀ ਵੱਡੀ ਲੋੜ ਹੈ। ਕੰਢੀ ਖੇਤਰ ਵਿਚ ਪੈਂਦੇ ਲੋਕਾਂ ਦੀ ਸੇਵਾ ਕਰਨ ਵਾਲੇ ਸਰਕਾਰੀ ਅਦਾਰਿਆਂ ਵਿਚ ਮੁਲਾਜ਼ਮਾਂ ਦੀ ਲੋੜੀਂਦੀ ਗਿਣਤੀ ਪੂਰੀ ਕਰਨ ਲਈ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿਤੀਆਂ ਜਾਣ। ਲੋਕਾਂ ਦੀ ਇਹ ਵੀ ਮੰਗ ਹੈ ਕਿ ਅਬਾਦੀ ਅਤੇ ਵੱਗਦੀ ਜ਼ਮੀਨ ਵਿਚੋਂ ਜੰਗਲਾਤ ਦੀ ਧਾਰਾ ਖ਼ਤਮ ਕੀਤੀ ਜਾਵੇ ਅਤੇ ਧਾਰਾ ਪੰਜ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ। 
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਮਾਲਕੀ ਪਿੰਡਾਂ ਦੀਆਂ ਪੰਚਾਇਤਾਂ ਜਾਂ ਪਿੰਡ ਵਾਸੀਆਂ ਦੀ ਹੈ। ਕੋਈ ਸਮਾਂ ਸੀ ਜਦੋਂ ਇਨ੍ਹਾਂ ਪਹਾੜੀਆਂ ਦੇ ਮਾਲਕ ਲੱਕੜ ਅਤੇ ਬਗੜ ਘਾਹ ਵੇਚ ਕੇ ਕਾਫੀ ਪੈਸਾ ਕਮਾਉਂਦੇ ਸਨ ਪਰ ਕੁਝ ਸਾਲਾਂ ਤੋਂ ਵਿਗਿਆੜੀਆਂ (ਚੜੇਲ ਬੂਟੀ) ਨਾਂ ਦੀ ਬੂਟੀ ਨੇ ਇਨ੍ਹਾਂ ਪਹਾੜੀਆਂ ਵਿਚ ਪੈਰ ਪਸਾਰ ਲਿਆ ਹੈ। ਜੋ ਕਿ ਘਾਹ ਅਤੇ ਦਰਖ਼ਤ ਪੈਦਾ ਹੋਣ ਲਈ ਜਗ੍ਹਾ ਨਹੀਂ ਛੱਡਦੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬੂਟੀ ਦਾ ਜੰਗੀ ਪੱਧਰ 'ਤੇ ਸਫਾਇਆ ਕਰਵਾਇਆ ਜਾਵੇ। 
ਗਰਮੀਆਂ ਦੇ ਮੌਸਮ ਵਿਚ ਜੰਗਲ ਨੂੰ ਲੱਗਦੀ ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਓ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਖੇਤਰ ਵਿਚ ਵਿਦਿਆ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰੀ ਵਿਦਿਅਕ ਅਦਾਰੇ ਖੋਲ੍ਹੇ ਜਾਣ, ਇਲਾਕੇ ਵਿਚ ਰੋਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ ਅਤੇ ਕੰਢੀ ਦੇ ਨੌਜਵਾਨਾਂ ਨੂੰ ਨੌਕਰੀਆਂ ਵਿਚ ਰਿਜ਼ਰਵੇਸ਼ਨ ਅਤੇ ਸੁਰੱਖਿਆ ਬਲਾਂ ਵਿਚ ਭਰਤੀ ਲਈ ਸ਼ਰਤਾਂ ਵਿਚ ਛੋਟ ਦਿੱਤੀ ਜਾਵੇ। 
ਕੁਦਰਤੀ ਆਫ਼ਤਾਂ, ਸੋਕਾ, ਉਜਾੜਾ ਅਤੇ ਮੰਡੀਕਰਨ ਦੀ ਅਣਹੋਂਦ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਖਤਮ ਕੀਤਾ ਜਾਵੇ। ਅਗੇ ਲਈ ਸਬਸਿਡੀਆਂ ਵਿਚ ਵਾਧਾ ਕੀਤਾ ਜਾਵੇ ਅਤੇ 3 ਪ੍ਰਤੀਸ਼ਤ ਵਿਆਜ ਦੀ ਦਰ ਨਾਲ ਕਰਜ਼ਾ ਦਿੱਤਾ ਜਾਵੇ। ਅਬਾਦਕਾਰਾਂ ਦਾ ਉਜਾੜਾ ਬੰਦ ਕੀਤਾ ਜਾਵੇ ਅਤੇ ਮਾਲਕੀ ਹੱਕ ਦਿੱਤੇ ਜਾਣ। ਕੰਢੀ ਖੇਤਰ ਦੀਆਂ ਸਮੱਸਿਆਵਾਂ ਦੇ ਸਹੀ ਹੱਲ ਅਤੇ ਜਮਹੂਰੀ ਵਿਕਾਸ ਲਈ ਕੰਢੀ ਵਿਕਾਸ ਕੌਂਸਲ ਵਿਚ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਨੁਮਾਇੰਦਗੀ ਦਿੱਤੀ ਜਾਵੇ। 
- ਮੋਹਣ ਸਿੰਘ ਧਮਾਣਾ 
ਪ੍ਰਧਾਨ, ਜਮਹੂਰੀ ਕੰਢੀ ਸੰਘਰਸ਼ ਕਮੇਟੀ

No comments:

Post a Comment