Friday, 14 March 2014

ਅੰਤਰਰਾਸ਼ਟਰੀ ਇਸਤਰੀ ਦਿਵਸ 'ਤੇ ਵਿਸ਼ੇਸ਼ ਮੌਜੂਦਾ ਪ੍ਰਬੰਧ ਵਿਚ ਔਰਤਾਂ ਦੀ ਹਾਲਤ

ਬੋਧ ਸਿੰਘ ਘੁੰਮਣ

''ਹਰ ਉਹ ਵਿਅਕਤੀ, ਜਿਸ ਨੂੰ ਇਤਿਹਾਸ ਦਾ ਥੋੜਾ ਕੁ ਵੀ ਗਿਆਨ ਹੈ, ਜਾਣਦਾ ਹੈ ਕਿ ਵੱਡੀਆਂ ਸਮਾਜਕ ਤਬਦੀਲੀਆਂ, ਔਰਤਾਂ ਦੇ ਉਭਾਰ ਤੋਂ ਬਿਨਾਂ ਅਸੰਭਵ ਹਨ। ਕਿਸੇ ਵੀ ਸਮਾਜ ਦੀ ਪ੍ਰਗਤੀ ਉਸ ਵਿਚ ਔਰਤਾਂ ਦੀ ਸਮਾਜਕ ਪੁਜੀਸ਼ਨ ਤੋਂ ਹੀ ਪੂਰੀ ਤਰ੍ਹਾਂ ਮਾਪੀ ਜਾ ਸਕਦੀ ਹੈ।''     - ਕਾਰਲ ਮਾਰਕਸ

ਮਹਾਨ ਕਾਰਲ ਮਾਰਕਸ ਦਾ ਇਹ ਕਥਨ ਮਾਨਵ ਸਮਾਜ ਵਿਚ ਵੱਡੀਆ ਸਮਾਜਕ ਤਬਦੀਲੀਆਂ ਲਈ ਔਰਤਾਂ ਦੇ ਯੋਗਦਾਨ ਤੇ ਰੋਲ ਨੂੰ ਨਿਰਧਾਰਤ ਤੇ ਸਪੱਸ਼ਟ ਕਰਦਾ ਹੈ। ਇਸ ਲਈ ਸਮਾਜਵਾਦੀ ਪ੍ਰਬੰਧ ਹੀ ਇਕ ਐਸਾ ਪ੍ਰਬੰਧ ਹੈ ਜਿਸ ਵਿਚ ਔਰਤਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਪੂਰੀ ਬਰਾਬਰਤਾ ਹਾਸਲ ਹੁੰਦੀ ਹੈ। ਗੁਲਾਮਦਾਰੀ ਤੋਂ ਲੈ ਕੇ ਪੂੰਜੀਵਾਦੀ ਪ੍ਰਬੰਧ ਤੱਕ ਦੇ ਜਮਾਤੀ ਸਮਾਜਾਂ ਵਿਚ, ਜਿੱਥੇ ਸੋਸ਼ਨ ਦਾ ਬੋਲ-ਬਾਲਾ ਹੁੰਦਾ ਹੈ, ਔਰਤਾਂ, ਮਰਦਾਂ ਨਾਲੋਂ ਵੀ ਵਧੇਰੇ ਸ਼ੋਸ਼ਨ ਦਾ ਸ਼ਿਕਾਰ ਰਹੀਆਂ ਹਨ। ਇਹਨਾਂ ਸਮਾਜਕ ਪੜਾਵਾਂ ਦਾ ਸਮੁੱਚਾ ਇਤਿਹਾਸ ਇਸ ਤੱਥ ਦਾ ਗਵਾਹ ਹੈ। ਇਸ ਸਬੰਧ ਵਿਚ ਕਿਸੇ ਹੋਰ ਵਿਆਖਿਆ ਦੀ ਲੋੜ ਨਹੀਂ ਹੈ, ਕਿਉਂਕਿ ਇਸ ਸੋਸ਼ਨ ਨੂੰ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਅੱਜ ਵੀ ਵੇਖ ਰਹੇ ਹਾਂ। 
ਭਾਵੇਂ ਇਤਿਹਾਸ ਦੇ ਵੱਖ ਵੱਖ ਦੌਰਾਂ ਵਿਚ ਕੁਝ ਸਮਾਜ ਸੁਧਾਰਕ ਸ਼ਖਸ਼ੀਅਤਾਂ ਨੇ ਇਸ ਬੇਇਨਸਾਫੀ, ਵਿਤਕਰੇ 'ਤੇ ਸੋਸ਼ਨ ਵਿਰੁੱਧ ਆਵਾਜ਼ ਉਠਾਈ ਤੇ ਇਸ ਦੀ ਨਿਖੇਧੀ ਵੀ ਕੀਤੀ, ਪਰ ਉਹ ਔਰਤਾਂ ਦੀ ਮੁਕੰਮਲ ਬੰਦ ਖਲਾਸੀ ਬਾਰੇ ਕੋਈ ਨਿੱਗਰ ਵਿਚਾਰ ਪੇਸ਼ ਨਹੀਂ ਕਰ ਸਕੇ। ਇਹ ਸਮਝਦਾਰੀ ਮਾਰਕਸਵਾਦੀ ਫਲਸਫੇ ਦੇ ਹੋਂਦ ਵਿਚ ਆਉਣ ਕਰਕੇ ਹੀ ਸੰਭਵ ਹੋਈ ਕਿ ਔਰਤਾਂ ਦੀ ਬੰਦ-ਖਲਾਸੀ ਤੇ ਬਿਹਤਰੀ ਲਈ ਕੀ ਕਰਨਾ ਹੈ। 
ਕੌਮਾਂਤਰੀ ਇਸਤਰੀ ਦਿਵਸ
ਇਸ ਸੇਧ ਵਿਚ ਹੀ ਅੰਤਰ ਰਾਸ਼ਟਰੀ ਮਜ਼ਦੂਰ ਲਹਿਰ ਦੀ ਮਹਾਨ ਆਗੂ ਅਤੇ ਸਾਥੀ ਵੀ.ਆਈ.ਲੈਨਿਨ ਦੀ ਯੁਧ ਸਾਥੀ ਕਲਾਰਾ ਜੈਟਕਿਨ ਵਲੋਂ 1910 ਵਿਚ 'ਸਮਾਜਵਾਦੀ ਔਰਤਾਂ ਦੀ ਕੌਮਾਂਤਰੀ ਕਾਨਫਰੰਸ' ਵਿਚ ਦਿੱਤੇ ਸੁਝਾਅ ਦੇ ਅਧਾਰ 'ਤੇ 8 ਮਾਰਚ ਨੂੰ 'ਔਰਤਾਂ ਦੇ ਕੌਮਾਂਤਰੀ ਦਿਵਸ' ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਸੀ ਅਤੇ 1911 ਤੋਂ ਲੈ ਕੇ ਹਰ ਸਾਲ ਹੀ ਸਾਰੀ ਦੁਨੀਆਂ ਵਿਚ ਇਸ ਦਿਵਸ ਨੂੰ ਵੱਖ ਵੱਖ ਢੰਗਾਂ ਤੇ ਇਰਾਦਿਆਂ ਨਾਲ ਮਨਾਇਆ ਜਾਂਦਾ ਹੈ। ਉਸ ਕਾਨਫਰੰਸ ਵਿਚ ਇਸ ਦਿਵਸ ਨੂੰ ਔਰਤਾਂ ਲਈ ਸਮਾਜਕ ਬਰਾਬਰਤਾ, ਆਰਥਕ ਆਜ਼ਾਦੀ ਦੀ ਪ੍ਰਾਪਤੀ ਅਤੇ ਔਰਤਾਂ ਵਿਰੁੱਧ ਸਮਾਜਕ, ਆਰਥਕ ਬੇਇਨਸਾਫੀਆਂ ਤੇ ਵਿਤਕਰਿਆਂ ਵਿਰੁੱਧ ਵਿਚਾਰਾਂ ਕਰਨ, ਬੰਦਖਲਾਸੀ ਲਈ ਜਥੇਬੰਦਕ ਉਪਰਾਲੇ ਕਰਨ ਅਤੇ ਜੂਝਣ ਲਈ ਪ੍ਰਣ ਕਰਨ ਤੇ ਨਿਸ਼ਚਾ ਦ੍ਰਿੜਾਉਣ ਦੇ ਸੰਕਲਪ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਉਦੋਂ ਤੋਂ ਹੀ ਹਰ ਸਾਲ 8 ਮਾਰਚ ਨੂੰ, ਇਹ ਦਿਨ ਜਿੱਥੇ ਕਿਰਤੀ ਔਰਤਾਂ ਦੀਆਂ ਜਥੇਬੰਦੀਆਂ ਵਲੋਂ ਹਰ ਸਾਲ ਦ੍ਰਿੜ ਸੰਕਲਪ ਤੇ ਸਹੀ ਭਾਵਨਾ ਨਾਲ ਮਨਾਇਆ ਜਾਂਦਾ ਹੈ, ਉਥੇ ਸਰਮਾਏਦਾਰ ਜਮਾਤਾਂ ਦੀਆਂ ਸਰਕਾਰਾਂ ਦੇ ਲੀਡਰ ਆਪਣੀਆਂ ਹੱਥਠੋਕਾਂ ਜਥੇਬੰਦੀਆਂ ਰਾਹੀਂ ਇਸ ਨੂੰ ਰਸਮੀ ਤੌਰ 'ਤੇ ਮਨਾ ਕੇ ਕੇਵਲ ਬਿਆਨਬਾਜ਼ੀ ਰਾਹੀਂ ਹੀ ਔਰਤਾਂ ਦੇ ਹੱਕਾਂ ਹਿੱਤਾਂ ਦਾ ਸਮੱਰਥਨ ਕਰਨ ਦਾ ਢੌਂਗ ਰਚਦੇ ਹਨ। ਇਤਿਹਾਸ ਗਵਾਹ ਹੈ ਕਿ ਜਥੇਬੰਦ ਹੋਈਆਂ ਅ ੌਰਤਾਂ ਵਲੋਂ ਕੀਤੇ ਸੰਘਰਸ਼ ਅਤੇ ਉਹਨਾਂ ਦਾ ਜਮਹੂਰੀ ਸ਼ਕਤੀਆਂ ਤੇ ਅਗਾਂਹਵਧੂ ਤੱਤਾਂ ਵਲੋਂ ਸਮਰੱਥਨ ਕਰਨ ਦੇ ਸਿੱਟੇ ਵਜੋਂ ਹੀ ਔਰਤਾਂ ਨੇ ਮਰਦ ਬਰਾਬਰ ਵੋਟ ਪਾਉਣ ਦਾ ਅਧਿਕਾਰ ਜਿੱਤਿਆ ਸੀ। ਐਪਰ ਗੁਲਾਮਦਾਰੀ, ਜਗੀਰਦਾਰੀ ਤੇ ਪੂੰਜੀਵਾਦੀ ਸਮਾਜ ਅੰਦਰ ਵਿਤਕਰਾ ਹੁੰਦਾ ਹੀ ਆਇਆ ਹੈ ਅਤੇ ਕਦੇ ਵੀ ਹਕੀਕੀ ਤੌਰ 'ਤੇ ਪੂਰੇ ਅਧਿਕਾਰ ਨਹੀਂ ਦਿੱਤੇ ਗਏ ਅਤੇ ਸਦਾ ਹੀ ਔਰਤਾਂ ਦੀ ਸਮਰੱਥਾ ਨੂੰ ਘਟਾ ਕੇ ਵੇਖਿਆ ਤੇ ਦੱਸਿਆ ਜਾਂਦਾ ਹੈ। 
ਇਤਿਹਾਸ ਤੇ ਸਰਸਰੀ ਨਜ਼ਰ ਵੀ ਮਾਰੀਏ ਤਾਂ ਇਹ ਗੱਲ ਸਹਿਜੇ ਹੀ ਸਾਹਮਣੇ ਆ ਜਾਂਦੀ ਹੈ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਮਰਦਾਂ ਨਾਲੋਂ ਘੱਟ ਸਮਰੱਥਾ ਨਹੀਂ ਰੱਖਦੀਆਂ। ਖੇਡਾਂ, ਸਿੱਖਿਆ, ਵਿਗਿਆਨਕ ਖੋਜਾਂ, ਰਾਜਨੀਤੀ, ਪਬਲਿਕ ਸੇਵਾਵਾਂ, ਸੁਰੱਖਿਆ ਦਸਤਿਆਂ, ਕਲਾ, ਸਾਹਿਤ ਤੇ ਸਭਿਆਚਾਰ, ਪ੍ਰਸ਼ਾਸਨ ਅਤੇ ਘਰੇਲੂ ਉਦਯੋਗਾਂ ਦੇ ਖੇਤਰਾਂ ਵਿਚ ਔਰਤਾਂ ਨੇ ਮਰਦਾਂ ਦੇ ਬਰਾਬਰ ਆਪਣੀ ਪ੍ਰਤੀਬੱਧਤਾ ਅਤੇ ਸਰੀਰਕ ਤੇ ਮਾਨਸਿਕ ਸਰੇਸ਼ਟਤਾ ਨੂੰ ਵਾਰ ਵਾਰ ਸਥਾਪਤ ਕੀਤਾ ਹੈ। 
ਔਰਤਾਂ ਨਾਲ ਵਿਤਕਰਾ ਜਾਰੀ ਹੈ
ਅੱਜ ਇਕੀਵੀਂ ਸਦੀ ਵਿਚ ਵੀ ਪੂੰਜੀਵਾਦੀ ਵਿਵਸਥਾ ਵਾਲੇ ਸਾਰੇ ਹੀ ਮੁਲਕਾਂ ਵਿਚ ਔਰਤਾਂ ਨਾਲ ਲਗਭਗ ਹਰ ਖੇਤਰ ਵਿਚ ਵਿਤਕਰਾ ਜਾਰੀ ਹੈ। ਬਹੁਤ ਸਾਰੇ ਦੇਸ਼ਾਂ ਵਿਚ ਉਹਨਾਂ ਨੂੰ ਮਰਦਾਂ ਬਰਾਬਰ ਉਜਰਤ ਨਹੀਂ ਦਿੱਤੀ ਜਾਂਦੀ, ਕਈ ਸੇਵਾਵਾਂ ਤਾਂ ਔਰਤਾਂ ਲਈ ਵਿਵਰਜਿਤ ਹਨ। ਉਹਨਾਂ ਉਪਰ ਲਿੰਗਕ ਤੇ ਜਿਸਮਾਨੀ ਜਬਰ ਹੁੰਦਾ ਹੈ, ਛੇੜ ਛਾੜ ਦੇ ਕੇਸ ਤਾਂ ਨਿੱਤ ਹੀ ਵਾਪਰਦੇ ਹਨ। ਸਮਾਜਕ ਕਦਰਾਂ ਕੀਮਤਾਂ ਵਿਚ ਆਏ ਨਿਘਾਰ ਦਾ ਪ੍ਰਤੀਕੂਲ ਪ੍ਰਭਾਵ ਵਧੇਰੇ ਕਰਕੇ ਔਰਤਾਂ 'ਤੇ ਪੈਂਦਾ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ ਵਿਚ ਨਿਰੰਤਰ ਵਾਧਾ ਹੁੰਦਾ ਹੈ। ਸਾਡੇ ਦੇਸ਼ ਤੇ ਕਈ ਹੋਰ ਵਿਕਾਸਸ਼ੀਲ ਤੇ ਪਛੜੇ ਦੇਸ਼ਾਂ ਵਿਚ ਪਿਛਾਖੜੀ ਵਿਚਾਰਧਾਰਾ ਵਾਲੇ ਤੱਤ ਅਜੇ ਵੀ ਵਿਧਵਾ ਵਿਆਹ ਦਾ ਵਿਰੋਧ ਕਰਦੇ ਹਨ, ਬਾਲ ਵਿਆਹ ਦੀ ਪ੍ਰਥਾ ਵੀ ਕਈ ਥਾਵਾਂ 'ਤੇ ਜਾਰੀ ਹੈ, ਔਰਤਾਂ ਦੀ ਮਰਜ਼ੀ ਵਿਰੁੱਧ ਧੱਕੇ ਨਾਲ ਵਿਆਹ ਰਚਾਏ ਜਾਂਦੇ ਹਨ ਅਤੇ ਸਾਡੇ ਦੇਸ਼ ਵਿਚ ਤਾਂ ਕੁਝ ਇਲਾਕਿਆਂ ਵਿਚ ਸਤੀ ਪ੍ਰਥਾ ਅਜੇ ਵੀ ਕਾਇਮ ਹੈ। ਔਰਤਾਂ ਲਈ ਪਰਦੇ ਵਿਚ ਰਹਿਣ, ਘੁੰਡ ਕੱਢਣ ਤੇ ਬੁਰਕੇ ਵਿਚ ਰਹਿਣ ਦੀ ਵਕਾਲਤ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਔਰਤਾਂ ਦੀ ਬਰਾਬਰਤਾ, ਆਜ਼ਾਦੀ ਤੇ ਆਤਮ ਸਨਮਾਨ ਦੀ ਜਮਾਂਦਰੂ ਖਾਹਿਸ਼ ਦੇ ਰਾਹ ਵਿਚ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਹਨ। ਸਾਡੇ ਆਪਣੇ ਦੇਸ਼ ਅੰਦਰ ਭਰੂਣ ਟੈਸਟ ਕਰਵਾ ਕੇ ਬੱਚੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣ ਦਾ ਅੱਤ ਅਮਾਨਵੀ ਤੇ ਘ੍ਰਿਣਾਜਨਕ ਕੁਕਰਮ ਹੋ ਰਿਹਾ ਹੈ। ਔਰਤਾਂ ਦਾਜ ਦੀ ਬਲੀ ਚੜ੍ਹਦੀਆਂ ਹਨ, ਸੜਦੀਆਂ ਹਨ ਅਤੇ ਲੱਚਰ ਸੱਭਿਆਚਾਰ ਦੇ ਉਭਾਰ ਕਾਰਨ ਉਹਨਾਂ ਦੀ ਸੁਰੱਖਿਆ ਦਾ ਮਸਲਾ ਗੰਭੀਰ ਮਾਰ ਹੇਠ ਹੈ। ਲੁਟੇਰੀਆਂ ਹਾਕਮ ਜਮਾਤਾਂ ਔਰਤਾਂ ਦੀ ਬਰਾਬਰੀ ਤੇ ਆਜ਼ਾਦੀ ਦੇ ਦਾਅਵੇ ਤਾਂ ਨਿੱਤ ਹੀ ਅਤੇ ਬੁਲੰਦ ਬਾਂਗ ਕਰਦੀਆਂ ਹਨ ਪਰ ਅਮਲ ਵਿਚ ਉਹ ਔਰਤਾਂ ਨੂੰ ਅਧੀਨ ਅਤੇ ਰਸੋਈ ਤੱਕ ਸੀਮਤ ਰੱਖਣ ਤੱਕ ਰੱਖਣ ਵਿਚ ਹੀ ਦਿਲਚਸਪੀ ਰੱਖਦੀਆਂ ਹਨ। 
ਮੌਜੂਦਾ ਸਥਿਤੀ ਨੂੰ ਬਦਲਣ ਦੀ ਲੋੜ 
ਔਰਤਾਂ ਸਾਡੀ ਅਬਾਦੀ ਦਾ ਅੱਧਾ ਅਤੇ ਬਹੁਤ ਮਹੱਤਵਪੂਰਨ ਹਿੱਸਾ ਹਨ। ਇਸ ਲਈ ਉਹਨਾਂ ਨਾਲ ਹੋ ਰਹੀਆਂ ਵਧੀਕੀਆਂ, ਬੇਇਨਸਾਫੀਆਂ ਤੇ ਵਿਤਕਰਿਆਂ ਵਿਰੁੱਧ ਲੜਨ ਦੀ ਲੋੜ ਹੈ। ਪਰ ਇਕ ਗੱਲ ਜੋ ਸਮਝਣੀ ਤੇ ਯਾਦ ਰੱਖਣੀ ਬੇਹੱਦ ਜ਼ਰੂਰੀ ਹੈ, ਉਹ ਇਹ ਹੈ ਕਿ ਇਹ ਮੁੱਦੇ ਨਿਰੋਲ ਔਰਤਾਂ ਦੇ ਹੀ ਨਹੀਂ ਹਨ, ਇਹਨਾਂ ਦਾ ਸਬੰਧ ਸਮੁੱਚੇ ਸਮਾਜ ਨਾਲ ਹੈ। ਇਸ ਲਈ ਇਹਨਾਂ ਨੂੰ ਦੂਰ ਕਰਨਾ, ਮਰਦਾਂ ਸਮੇਤ ਸਭ ਦੀ ਲੋੜ ਹੈ। ਕੇਵਲ ਤਾਂ ਹੀ ਮਹਾਨ ਕਾਰਲ ਮਾਰਕਸ ਦੇ ਕਹਿਣ ਅਨੁਸਾਰ ਸਮਾਜ ਦੀ ਪ੍ਰਗ਼ਤੀ ਸੰਭਵ ਹੈ। ਇਸ ਲਈ ਜਿੱਥੇ ਇਸ ਬੇਇਨਸਾਫੀ ਨੂੰ ਦੂਰ ਕਰਨ ਲਈ ਔਰਤਾਂ ਦਾ ਜਥੇਬੰਦ ਹੋ ਕੇ ਜੂਝਣਾ ਬਹੁਤ ਜ਼ਰੂਰੀ ਹੈ, ਉਥੇ ਸਮਾਜ ਦੇ ਸਾਰੇ ਸਿਹਤਮੰਦ ਤੱਤਾਂ ਅਤੇ ਵਿਸ਼ੇਸ਼ ਕਰਕੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦਾ ਇਤਿਹਾਸਕ ਫਰਜ਼ ਹੈ ਕਿ ਉਹ ਔਰਤਾਂ ਨੂੰ ਜਮਹੂਰੀ ਲੀਹਾਂ 'ਤੇ ਜਥੇਬੰਦ ਕਰਨ ਅਤੇ ਉਹਨਾਂ ਦੇ ਸੰਘਰਸ਼ਾਂ ਵਿਚ ਪੂਰਨ ਸਹਿਯੋਗ ਦੇਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਔਰਤਾਂ ਦੀ ਇਸ ਦੋਹਰੀ ਗੁਲਾਮੀ ਤੋਂ ਮੁਕਤੀ ਨਹੀਂ ਹੋਵੇਗੀ ਅਤੇ ਇਹ ਮੁਕਤੀ ਕੀਤੇ ਬਿਨਾਂ ਹਕੀਕੀ ਮਨੁੱਖ ਆਜ਼ਾਦੀ ਦਾ ਸੰਕਲਪ ਇਕ ਸੁਪਨਾ ਹੀ ਬਣਿਆ ਰਹੇਗਾ ਅਤੇ ਸਮਾਜ ਦੀ ਪ੍ਰਗਤੀ ਸੰਭਵ ਨਹੀਂ ਹੈ। ਮਹਾਨ ਲੈਨਿਨ ਨੇ ਔਰਤਾਂ ਦੀ ਬਰਾਬਰਤਾ ਦੇ ਸਬੰਧ ਵਿਚ ਇਕ ਸ਼ਾਨਦਾਰ ਕਥਨ ਰਾਹੀਂ ਕਿਹਾ ਹੈ ਕਿ ''ਜੇਕਰ ਅਸੀਂ ਔਰਤਾਂ ਨੂੰ ਸਮਾਜਕ ਜੀਵਨ ਵਿਚ, ਫੌਜ ਵਿਚ ਰਾਜਨੀਤੀ ਵਿਚ ਨਹੀਂ ਲਿਆਉਂਦੇ, ਜੇਕਰ ਅਸੀਂ ਉਹਨਾਂ ਨੂੰ ਰਸੋਈ ਦੇ ਨੀਰਸ ਵਾਤਾਵਰਣ ਚੋਂ ਬਾਹਰ ਨਹੀਂ ਲਿਆਉਂਦੇ ਤਾਂ ਅਸਲੀ ਆਜ਼ਾਦੀ ਪ੍ਰਾਪਤੀ ਕਰਨਾ ਇਕਦਮ ਅਸੰਭਵ ਹੈ; ਸਮਾਜਵਾਦ ਦੀ ਗੱਲ ਤਾਂ ਬਹੁਤ ਦੂਰ ਹੈ, ਜਮਹੂਰੀਅਤ ਸਥਾਪਤ ਕਰਨਾ ਵੀ ਸੰਭਵ ਨਹੀਂ ਹੈ।''
ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਨੇ ਆਪਣੇ ਮਹਾਂ ਕਾਵਿ ਲੂਣਾ ਵਿਚ, ਸਮਾਜ ਅੰਦਰ ਔਰਤਾਂ ਦੇ ਰੋਲ ਬਾਰੇ ਇਕ ਬੜੀ ਭਾਵਪੂਰਤ ਅਤੇ ਖੂਬਸੂਰਤ ਟਿੱਪਣੀ ਵਿਚ ਕਿਹਾ ਹੈ : 
''ਧਰਤੀ 'ਤੇ ਜੋ ਕੁਝ ਸੁਹਣਾ ਹੈ,
ਉਸ ਦੇ ਪਿੱਛੇ ਨਾਰ ਅਵਸ਼ ਹੈ।
ਜੋ ਕੁਝ ਕਿਸੇ ਮਹਾਨ ਹੈ ਰਚਿਆ
ਉਸ ਵਿਚ ਨਾਰੀ ਦਾ ਹੀ ਹੱਥ ਹੈ।
ਨਾਰੀ ਆਪੇ ਨਾਰਾਇਣ ਹੈ, 
ਹਰ ਮੱਥੇ ਦੀ ਤੀਜੀ ਅੱਖ ਹੈ।
ਨਾਰੀ ਧਰਤੀ ਦੀ ਕਵਿਤਾ ਹੈ,
ਕੁੱਲ ਭਵਿੱਖ ਨਾਰੀ ਦੇ ਹੱਥ ਹੈ। 
ਇਸ ਲਈ ਸਾਡਾ ਇਹ ਇਕ ਪਵਿੱਤਰ ਕਾਰਜ ਹੈ ਕਿ ਅਸੀਂ ਪਹਿਲ ਦੇ ਆਧਾਰ 'ਤੇ ਔਰਤਾਂ ਨੂੰ ਚੇਤਨ ਤੇ ਜਥੇਬੰਦ ਕਰਨ ਵਿਚ ਪੂਰੀ ਤਨਦੇਹੀ ਨਾਲ ਉਹਨਾਂ ਦੀ ਮਦਦ ਕਰੀਏ ਅਤੇ ਹਰ ਤਰ੍ਹਾਂ ਦੀ ਬੇਇਨਸਾਫੀ ਤੇ ਧੱਕੇਸ਼ਾਹੀ ਵਿਰੁੱਧ ਉਹਨਾਂ ਦੇ ਹਰ ਘੋਲ ਨੂੰ ਪੂਰਾ ਸਮਰੱਥਨ ਵੀ ਦੇਈਏ। ਇਸ ਨਾਲ ਹੀ ਸਾਡੇ ਸਮਾਜ ਦੀ ਬਿਹਤਰੀ ਤੇ ਪ੍ਰਗਤੀ ਹੋਵੇਗੀ। 

No comments:

Post a Comment