Monday 5 January 2015

ਸੰਪਾਦਕੀ (ਸੰਗਰਾਮੀ ਲਹਿਰ - ਜਨਵਰੀ 2015)


ਦੋ ਰਾਜਾਂ ਦੇ ਚੋਣ ਨਤੀਜੇ 
ਪਿਛਲੇ ਦਿਨੀਂ ਭਾਰਤ ਦੇ ਦੋ ਰਾਜਾਂ - ਝਾਰਖੰਡ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾਵਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਬਹੁਤੇ ਹੈਰਾਨੀਜਨਕ ਨਹੀਂ ਰਹੇ। ਇਹ ਰਾਜਸੀ ਸੂਝਬੂਝ ਰੱਖਣ ਵਾਲੇ, ਆਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਹੀ ਕਹੇ ਜਾ ਸਕਦੇ ਹਨ। ਭਾਜਪਾ ਦੇ ਜਿਹੜੇ ਆਗੂ ਇਹਨਾਂ ਚੋਣਾਂ ਤੋਂ ਵੀ ਵੱਡੀਆਂ ਆਸਾਂ ਲਾਈ ਬੈਠੇ ਸਨ, ਉਹਨਾਂ ਨੂੰ ਜ਼ਰੂਰ ਨਿਰਾਸ਼ਾ ਹੋਈ ਹੈ। 
ਉਂਝ, ਦੋਵਾਂ ਹੀ ਰਾਜਾਂ ਵਿਚ ਭਾਜਪਾ ਨੇ ਆਪਣੀ ਸਥਿਤੀ ਬੇਹਤਰ ਬਣਾਈ ਹੈ, ਜਦੋਂਕਿ ਕਾਂਗਰਸ ਪਾਰਟੀ ਨੂੰ ਦੋਵੀਂ ਥਾਈਂ ਇਕ ਵਾਰ ਫਿਰ, ਵੱਡਾ ਝਟਕਾ ਲੱਗਾ ਹੈ। ਝਾਰਖੰਡ ਵਿਚ ਭਾਜਪਾ ਨੇ, ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ, 81 ਮੈਂਬਰੀ ਹਾਊਸ ਵਿਚ 42 ਸੀਟਾਂ ਪ੍ਰਾਪਤ ਕਰਕੇ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਬਹੁਮੱਤ ਨਹੀਂ ਮਿਲਿਆ। ਏਥੇ ਵੀ, ਪੀ.ਡੀ.ਪੀ. ਦੀਆਂ 28 ਸੀਟਾਂ ਦੇ ਟਾਕਰੇ ਵਿਚ ਭਾਜਪਾ 25 ਸੀਟਾਂ ਜਿੱਤਕੇ ਦੂਜੀ ਵੱਡੀ ਪਾਰਟੀ ਬਣ ਗਈ ਹੈ। ਕਾਂਗਰਸ ਪਾਰਟੀ ਨੂੰ, ਬੇਰੁਜ਼ਗਾਰੀ, ਮਹਿੰਗਾਈ ਤੇ ਭਰਿਸ਼ਟਾਚਾਰ ਦੇ ਭੰਨੇ ਹੋਏ ਲੋਕਾਂ ਨੇ ਦੋਵਾਂ ਰਾਜਾਂ ਵਿਚ ਹੀ ਰੱਦ ਕਰ ਦਿੱਤਾ ਹੈ। ਲੋਕਾਂ ਦੇ ਮਨਾਂ ਅੰਦਰ ਇਹ ਗੱਲ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ ਕਿ ਉਹਨਾਂ ਦੀਆਂ ਅਜੇਹੀਆਂ ਸਾਰੀਆਂ ਹੀ ਮੁਸੀਬਤਾਂ ਲਈ ਕਾਂਗਰਸ ਪਾਰਟੀ ਤੇ ਉਸਦੇ ਸਹਿਯੋਗ ਨਾਲ ਬਣੀਆਂ ਸਰਕਾਰਾਂ ਜ਼ੁੰਮੇਵਾਰ ਹਨ। ਏਸੇ ਲਈ ਦੋਵਾਂ ਰਾਜਾਂ 'ਚ ਕਾਂਗਰਸ ਨਾਲ ਗਠਜੋੜ ਕਰਕੇ ਬਣੀਆਂ ਹੋਈਆਂ ਸਰਕਾਰਾਂ ਵੀ ਹਾਰੀਆਂ ਹਨ ਅਤੇ ਕਾਂਗਰਸ ਦੀ ਆਪਣੀ ਹਾਲਤ ਵੀ ਹੋਰ ਨਿਘਰੀ ਹੈ। ਦੋਵਾਂ ਰਾਜਾਂ ਵਿਚ ਇਹ ਚੌਥੇ ਸਥਾਨ ਤੇ ਪੁੱਜ ਗਈ ਹੈ। ਝਾਰਖੰਡ ਵਿਚ ਕਾਂਗਰਸੀ ਵਿਧਾਨਕਾਰਾਂ ਦੀ ਗਿਣਤੀ 14 ਤੋਂ ਘੱਟਕੇ 6 ਰਹਿ ਗਈ ਹੈ ਜਦੋਂਕਿ ਜੰਮੂ ਕਸ਼ਮੀਰ ਵਿਚ ਇਸਦੀਆਂ 5 ਸੀਟਾਂ ਘਟੀਆਂ ਹਨ ਅਤੇ ਇਹ ਹੁਣ 12 'ਤੇ ਪੁੱਜ ਗਈ ਹੈ। 
ਇਸ ਦੇ ਟਾਕਰੇ ਵਿਚ ਭਾਜਪਾ ਨੇ ਆਪਣੇ ਮੈਂਬਰਾਂ ਦੀ ਗਿਣਤੀ ਵਿਚ ਚੰਗਾ ਵਾਧਾ ਕੀਤਾ ਹੈ। ਪਿਛਲੇ ਹਾਊਸ ਦੇ ਮੁਕਾਬਲੇ ਵਿਚ, ਝਾਰਖੰਡ ਅੰਦਰ ਇਹ 19 ਤੋਂ ਵਧਾਕੇ 37 'ਤੇ ਅਤੇ  ਜੰਮੂ-ਕਸ਼ਮੀਰ ਵਿਚ 11 ਤੋਂ ਵੱਧਕੇ 25 ਤੱਕ ਪੁੱਜ ਗਈ ਹੈ। ਉਂਝ ਇਹ ਵੀ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਭਾਜਪਾ ਦੀਆਂ ਇਹ ਪ੍ਰਾਪਤੀਆਂ ਨਿਸ਼ਚੇ ਹੀ ਸੰਘ ਪਰਵਾਰ ਵਲੋਂ ਦੇਸ਼ ਭਰ ਵਿਚ ਪੂਰੇ ਜੋਰ ਸ਼ੋਰ ਨਾਲ ਕੀਤੇ ਜਾ ਰਹੇ ਫਿਰਕੂ  ਧਰੁਵੀਕਰਨ ਦੀ ਉਪਜ ਹੀ ਹਨ। ਏਸੇ ਆਧਾਰ 'ਤੇ ਜੰਮੂ ਖੇਤਰ ਵਿਚ ਤਾਂ ਉਹ 37 'ਚੋਂ 25 ਸੀਟਾਂ ਜਿੱਤ ਗਈ ਹੈ। ਪ੍ਰੰਤੂ ਵਾਦੀ ਅੰਦਰ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ। ਏਥੇ ਉਸ ਨੂੰ ਸਿਰਫ 3% ਵੋਟਾਂ ਹੀ ਮਿਲੀਆਂ। ਉਹਨਾਂ 'ਚੋਂ ਵੀ ਵਧੇਰੇ ਡਾਕ ਰਾਹੀਂ ਆਈਆਂ ਹੋਈਆਂ ਸਨ। ਅਤੇ, ਉਸਦੇ 33 ਚੋਂ 32 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਹਨ। ਫਿਰਕੂ ਆਧਾਰ 'ਤੇ ਹੋ ਰਿਹਾ ਇਹ ਮਾਰੂ ਧਰੁਵੀਕਰਨ ਭਵਿੱਖ ਵਿਚ ਬਹੁਤ ਹੀ ਘਾਤਕ ਤੇ ਖਤਰਨਾਕ ਘਟਨਾਵਾਂ ਦਾ  ਰੂਪ ਧਾਰਨ ਕਰ ਸਕਦਾ ਹੈ। ਇਹ ਢਾਡੀ ਚਿੰਤਾ ਦਾ ਵਿਸ਼ਾ ਹੈ। 
ਇਸ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਸੱਤਾ ਪ੍ਰਾਪਤੀ ਤੋਂ ਬਾਅਦ ਵਿਕਾਸ ਮੁਖੀ ਪਹੁੰਚ ਅਪਨਾਉਣ ਦੇ ਕੀਤੇ ਜਾ ਰਹੇ ਥੋਥੇ ਦਾਅਵੇ ਅਤੇ ਸਰਕਾਰੀ ਤੇ ਕਾਰਪੋਰੇਟ ਮੀਡੀਏ ਰਾਹੀਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਜਾ ਰਹੀ ਸ਼ੋਰੀਲੀ ਬਿਆਨਬਾਜ਼ੀ ਲੋਕਾਂ ਨੂੰ ਪ੍ਰਭਾਵਤ ਕਰਨ ਵਿਚ ਵੱਡੀ ਹੱਦ ਤੱਕ ਅਸਫਲ ਸਿੱਧ ਹੋ ਰਹੀ ਹੈ। ਕਿਉਂਕਿ ਪਾਰਲੀਮਾਨੀ ਚੋਣਾਂ ਸਮੇਂ ਵੀ ਭਾਜਪਾ, ਫਿਰਕੂ ਪ੍ਰਚਾਰ ਦੇ ਬਲਬੂਤੇ, 31% ਵੋਟਾਂ ਪ੍ਰਾਪਤ ਕਰਕੇ ਬਹੁਮੱਤ ਲੈ ਗਈ ਸੀ ਅਤੇ ਇਹਨਾਂ ਦੋਵਾਂ  ਰਾਜਾਂ ਦੀਆਂ ਚੋਣਾਂ ਵਿਚ ਵੀ ਉਸਨੂੰ ਇਕ ਤਿਹਾਈ ਤੋਂ ਵੱਧ ਵੋਟਾਂ ਨਹੀਂ ਮਿਲਦੀਆਂ। ਝਾਰਖੰਡ ਵਿਚ ਭਾਜਪਾ ਨੂੰ 34% ਅਤੇ ਜੰਮੂ ਕਸ਼ਮੀਰ ਵਿਚ 23% ਦੇ ਕਰੀਬ ਵੋਟਾਂ ਹੀ ਮਿਲੀਆਂ ਹਨ।  ਇਹ ਸਿੱਧ ਕਰਦਾ ਹੈ ਕਿ ਦੇਸ਼ ਦਾ ਤੇਜ਼ੀ ਨਾਲ ਵਿਕਾਸ ਕਰਨ, ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲਿਆਉਣ, ਅਤੇ ਲੋਕਾਂ ਲਈ ਚੰਗੇ ਦਿਨ ਲਿਆਉਣ ਦੇ ਮੋਦੀ ਸਰਕਾਰ ਦੇ ਦਾਅਵਿਆਂ ਤੋਂ ਲੋਕਾਂ ਦਾ ਛੇਤੀ ਹੀ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਤਾਂ ਰੁਜ਼ਗਾਰ ਚਾਹੁੰਦੇ ਹਨ, ਗਰੀਬੀ ਤੋਂ ਮੁਕਤੀ  ਚਾਹੁੰਦੇ ਹਨ ਅਤੇ ਵਿਆਪਕ ਰੂਪ ਵਿਚ ਫੈਲ ਚੁੱਕੀ ਰਿਸ਼ਵਤਖੋਰੀ ਅਤੇ ਹਰ ਤਰ੍ਹਾਂ ਦੇ ਜ਼ਬਰ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ। ਇਸ ਵਾਸਤੇ ਹਰ ਚੋਣ ਸਮੇਂ ਵੀ ਉਹ ਅਕਸਰ ਹੀ ਕਿਸੇ ਲੋਕ ਪੱਖੀ ਬਦਲ ਵੱਲ ਝਾਕਦੇ ਹਨ। ਇਹਨਾਂ ਚੋਣਾਂ ਸਮੇਂ ਵੀ ਇਸ ਗੱਲ ਦਾ ਸਪੱਸ਼ਟ ਪ੍ਰਗਟਾਵਾ ਹੋਇਆ ਹੈ। ਕੌਮੀ ਪਾਰਟੀਆਂ ਦੇ ਟਾਕਰੇ ਵਿਚ, ਦੋਵਾਂ ਥਾਵਾਂ 'ਤੇ ਖੇਤਰੀ ਪਾਰਟੀਆਂ ਨੂੰ ਲੋਕਾਂ ਨੇ ਵੱਧ ਸਮਰਥਨ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਨੇ ਭਾਜਪਾ ਦੇ ਬਰਾਬਰ ਹੀ 23% ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ 28 ਸੀਟਾਂ ਜਿੱਤਕੇ ਉਹ ਸਰਕਾਰ ਬਨਾਉਣ ਲਈ ਸਭ ਤੋਂ ਵੱਡੀ ਦਾਅਵੇਦਾਰ ਹੈ। ਏਸੇ ਤਰ੍ਹਾਂ ਝਾਰਖੰਡ ਵਿਚ ਹੇਮੰਤ ਸੋਰੇਨ ਦੀ ਅਗਵਾਈ ਹੇਠ ਝਾਰਖੰਡ ਮੁਕਤੀ ਮੋਰਚੇ ਨੇ, ਕਾਂਗਰਸ ਪਾਰਟੀ ਤੇ ਉਸਦੇ ਹੋਰ ਸਹਿਯੋਗੀਆਂ ਨਾਲ ਮਿਲਕੇ ਬਣਾਈ ਹੋਈ ਪਿਛਲੀ ਕੁਲੀਸ਼ਨ ਸਰਕਾਰ ਦੀਆਂ ਨਾ-ਪੱਖੀ ਪ੍ਰਾਪਤੀਆਂ ਦਾ ਟਾਕਰਾ ਕਰਦਿਆਂ ਹੋਇਆਂ ਵੀ, ਇਕੱਲਿਆਂ ਚੋਣਾਂ ਲੜਕੇ ਆਪਣੇ ਜਨ ਆਧਾਰ ਨੂੰ ਨਾ ਸਿਰਫ ਕਾਇਮ ਰੱਖਿਆ ਹੈ ਬਲਕਿ ਇਕ ਸੀਟ ਵੀ ਵਧਾਈ ਹੈ ਅਤੇ ਕਾਂਗਰਸ ਤੇ ਉਸਦੇ ਆਰ.ਜੇ.ਡੀ. ਤੇ ਜਨਤਾ ਦਲ (ਯੂ) ਵਰਗੇ ਸਹਿਯੋਗੀਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ। 
ਇਹਨਾਂ ਚੋਣਾਂ ਦਾ ਇਕ ਸਵਾਗਤਯੋਗ ਪੱਖ ਇਹ ਵੀ ਹੈ ਕਿ ਬੁਰਜ਼ਵਾ ਪਾਰਟੀਆਂ ਵਲੋਂ ਕੀਤੇ ਜਾ ਰਹੇ ਅਤੀ ਮਹਿੰਗੇ ਤੇ ਸ਼ੋਰੀਲੇ ਚੋਣ ਪ੍ਰਚਾਰ ਤੇ ਲੋਕਾਂ ਨੂੰ ਦਿੱਤੇ ਜਾਂਦੇ ਲੋਭ ਲਾਲਚਾਂ ਦੇ ਬਾਵਜੂਦ ਝਾਰਖੰਡ ਵਿਚ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਉਮੀਦਵਾਰ ਸਾਥੀ ਰਾਜ ਕੁਮਾਰ ਯਾਦਵ ਨੇ ਧਨਵਾੜ ਹਲਕੇ ਤੋਂ 50634 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਸਨੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਨੂੰ ਉਸਦੇ ਜੱਦੀ ਹਲਕੇ ਤੋਂ 10712 ਵੋਟਾਂ ਦੇ ਫਰਕ ਨਾਲ ਹਰਾਇਆ। ਏਥੇ ਹੀ ਇਕ ਹੋਰ ਸੀਟ ਬਾਗੋਦਰ ਤੋਂ ਖੱਬੀ ਧਿਰ ਦੀ ਇਸ ਪਾਰਟੀ ਦੇ ਉਮੀਦਵਾਰ ਵਿਨੋਦ ਸਿੰਘ ਨੇ ਵੀ 70559 ਵੋਟਾਂ ਹਾਸਲ ਕੀਤੀਆਂ ਹਨ। ਏਸੇ ਸੀਟ ਤੋਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦਾ ਜੁਝਾਰੂ ਸਾਥੀ ਮਹਿੰਦਰ ਸਿੰਘ 1990 ਤੋਂ ਲਗਾਤਾਰ ਜਿੱਤਦਾ ਆਇਆ ਸੀ। ਉਸ ਨੂੰ 2004 ਵਿਚ ਸ਼ਹੀਦ ਕਰ ਦੇਣ ਉਪਰੰਤ ਇਸ ਵਾਰ ਪਾਰਟੀ ਨੇ ਪਿਛਲੀ ਚੋਣ ਦੇ ਮੁਕਾਬਲੇ ਵਿਚ 16000 ਵੱਧ ਵੋਟਾਂ ਹਾਸਲ ਕਰਨ ਦੇ ਬਾਵਜੂਦ ਇਹ ਸੀਟ ਸਿਰਫ 4339 ਵੋਟਾਂ ਦੇ ਫਰਕ ਨਾਲ ਹਾਰੀ ਹੈ। ਏਸੇ ਤਰ੍ਹਾਂ ਜੰਮੂ-ਕਸ਼ਮੀਰ ਵਿਚ ਵੀ ਕਸ਼ਮੀਰ ਵਾਦੀ ਅੰਦਰਲੀ ਕੁਲਗਾਮ ਸੀਟ ਤੋਂ ਸੀ.ਪੀ.ਆਈ.(ਐਮ) ਦੇ ਉਮੀਦਵਾਰ ਸਾਥੀ ਯੂਸਫ ਮੁਹੰਮਦ ਤਾਰੀਗਾਮੀ ਨੇ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। 
ਇਹਨਾਂ ਚੋਣਾਂ ਨੇ ਇਕ ਵਾਰ ਫਿਰ ਇਸ ਤੱਥ ਨੂੰ ਸਥਾਪਤ ਕੀਤਾ ਹੈ ਕਿ ਬੁਰਜ਼ਵਾ ਪਾਰਟੀਆਂ ਆਮ ਤੌਰ 'ਤੇ ਚੋਣਾਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨਾਲ ਸਬੰਧਤ ਮੁੱਦਿਆਂ 'ਤੇ ਨਹੀਂ ਲੜਦੀਆਂ। ਚੋਣਾਂ ਜਿੱਤਣ ਲਈ ਉਹ ਧਾਰਮਿਕ, ਜਾਤੀਪਾਤੀ ਅਤੇ ਨਸਲੀ ਵੱਖਰੇਵਿਆਂ ਆਦਿ ਦੀ ਘੋਰ ਕੁਵਰਤੋਂ ਕਰਦੀਆਂ ਅਤੇ ਹੋਰ ਵੀ ਹਰ ਤਰ੍ਹਾਂ ਦੇ ਅਨੈਤਿਕ ਹਥਕੰਡੇ ਵਰਤਦੀਆਂ ਹਨ। ਪ੍ਰੰਤੂ ਲੋਕੀਂ ਤਾਂ ਆਪਣੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਮੁਸ਼ਕਲਾਂ ਦਾ ਹੱਲ ਚਾਹੁੰਦੇ ਹਨ। ਉਹ ਤਾਂ ਅਜੇਹੀ ਸਰਕਾਰ ਚਾਹੁੰਦੇ ਹਨ ਜਿਹੜੀ ਕਿ ਸਾਰਿਆਂ ਲਈ ਰੁਜ਼ਗਾਰ ਦੇ ਢੁਕਵੇਂ ਵਸੀਲੇ ਪੈਦਾ ਕਰੇ, ਉਹਨਾਂ ਨੂੰ ਗਰੀਬੀ ਤੇ ਤੰਗਦਸਤੀ ਤੋਂ ਮੁਕਤ ਕਰੇ, ਮਹਾਂਮਾਰੀਆਂ ਦੇ ਰੂਪ ਵਿਚ ਫੈਲ ਰਹੀਆਂ ਬਿਮਾਰੀਆਂ ਨੂੰ ਰੋਕੇ, ਸਸਤੀ ਤੇ ਮਿਆਰੀ ਵਿਦਿਆ ਦਾ ਅਤੇ ਸਸਤੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰੇ, ਭਰਿਸ਼ਟਾਚਾਰ ਨੂੰ ਨੱਥ ਪਾਵੇ ਅਤੇ ਗਰੀਬ ਦਲਿਤਾਂ ਤੇ ਔਰਤਾਂ ਉਪਰ ਵੱਧ ਰਹੇ ਅਤਿਆਚਾਰਾਂ ਤੋਂ ਉਹਨਾਂ ਨੂੰ ਸੁਰੱਖਿਅਤ ਕਰੇ। ਨਿਸ਼ਚੇ ਹੀ ਇਹ ਸਾਰੇ ਮਹਾਨ ਕਾਰਜ ਖੱਬੀਆਂ ਸ਼ਕਤੀਆਂ ਹੀ ਕਰ ਸਕਦੀਆਂ ਹਨ, ਜਿਹੜੀਆਂ ਕਿ ਬਦਲਵੀਆਂ, ਜਮਹੂਰੀ ਤੇ ਲੋਕ ਪੱਖੀ ਆਰਥਕ ਤੇ ਸਮਾਜਿਕ ਨੀਤੀਆਂ ਲਈ ਪ੍ਰਤੀਬੱਧ ਹਨ। ਲੋੜ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਇਹਨਾਂ ਨੀਤੀਆਂ ਨਾਲ ਜੋੜਨ ਵਾਸਤੇ, ਬਿਨਾਂ ਕੋਈ ਸਮਾਂ ਗੰਵਾਇਆਂ, ਹਾਕਮਾਂ ਦੀਆਂ ਸਰਮਾਏਦਾਰ ਪੱਖੀ ਤੇ ਤਬਾਹਕੁੰਨ ਨੀਤੀਆਂ ਵਿਰੁੱਧ ਅਤੇ ਲੋਕਾਂ ਦੇ ਭਖਦੇ ਸਾਂਝੇ ਮੁੱਦਿਆਂ ਉਪਰ ਵਿਸ਼ਾਲ ਜਨਤਕ ਘੋਲ ਲਾਮਬੰਦ ਕੀਤੇ ਜਾਣ। 
- ਹਰਕੰਵਲ ਸਿੰਘ (27.12.2014)

ਖੱਬੀ ਧਿਰ ਦੇ ਵਿਕਾਸ ਲਈ ਕੁੱਝ ਜ਼ਰੂਰੀ ਮੁੱਦੇ

ਮੰਗਤ ਰਾਮ ਪਾਸਲਾ

ਦੇਸ਼ ਦੇ ਮੌਜੂਦਾ ਸੰਕਟਮਈ ਦੌਰ ਵਿਚ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਸਾਮਰਾਜੀ ਹਿਤਾਂ ਦੇ ਅਨੁਕੂਲ 'ਵਿਕਾਸ ਮਾਡਲ' ਨੂੰ ਅੱਗੇ ਵਧਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਅਤੇ ਮਿਹਨਤਕਸ਼ ਲੋਕਾਂ ਨੂੰ ਫਿਰਕੂ ਅਧਾਰ 'ਤੇ ਵੰਡ ਕੇ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਵਿਰੁੱਧ ਉਠ ਰਹੀ ਲੋਕ ਲਹਿਰ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੀ ਹੈ, ਉਸ ਸਮੇਂ ਦੇਸ਼ ਅੰਦਰ ਇਕ ਮਜ਼ਬੂਤ ਤੇ ਵਿਸ਼ਾਲ ਖੱਬੀ ਲਹਿਰ ਅਤੀ ਲੋੜੀਂਦੀ ਹੈ। ਇਸ ਲਹਿਰ ਦੀ ਅਹਿਮੀਅਤ ਉਦੋਂ ਹੋਰ ਵੀ ਵੱਧ ਜਾਂਦੀ ਹੈ, ਜਦੋਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਹਿਤਾਂ ਦੀ ਰਖਵਾਲੀ ਕਰ ਰਹੀਆਂ ਸਾਰੀਆਂ ਹੀ ਹੁਕਮਰਾਨ ਤੇ ਵਿਰੋਧੀ ਧਿਰ ਵਿਚ ਬੈਠੀਆਂ ਰਾਜਨੀਤਕ ਪਾਰਟੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਹੱਕ ਵਿਚ ਖਲੋ ਗਈਆਂ ਹਨ। ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਨੇ ਆਪਣੇ ਹਿੱਤਾਂ ਨੂੰ ਸਾਮਰਾਜੀ ਸ਼ਕਤੀਆਂ ਨਾਲ ਵੱਡੀ ਹੱਦ ਤੱਕ ਆਤਮਸਾਤ ਕਰ ਲਿਆ ਹੈ। ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ। 
ਪਿਛਲੇ ਸਮਿਆਂ ਵਿਚ ਦੇਸ਼ ਦੀਆਂ ਸੰਘਰਸ਼ਸ਼ੀਲ ਖੱਬੀਆਂ ਧਿਰਾਂ ਨੇ ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ, ਕਿਰਤੀ ਜਨ ਸਮੂਹਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੀ ਰਾਖੀ ਲਈ ਡਟਵੇਂ ਸੰਘਰਸ਼ ਕੀਤੇ ਹਨ ਤੇ ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਵੀ ਕੀਤੀਆਂ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਵਾਸਤੇ ਫਿਰਕੂ ਤੇ ਵੰਡਵਾਦੀ ਤਾਕਤਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਇਤਿਹਾਸ ਰਚਣ ਦਾ ਸਿਹਰਾ ਵੀ ਖੱਬੀਆਂ ਧਿਰਾਂ ਨਾਲ ਨੇੜੇ ਤੋਂ ਜੁੜਿਆ ਹੋਇਆ ਹੈ। ਪ੍ਰੰਤੂ ਇਸ ਹਕੀਕਤ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਇਹ ਸਾਰਾ ਕੁੱਝ ਕਰਨ ਦੇ ਬਾਵਜੂਦ ਅੱਜ ਦੇਸ਼ ਦੇ ਰਾਜਸੀ ਮੰਚ ਉਪਰ ਖੱਬੀਆਂ ਸ਼ਕਤੀਆਂ ਕਾਫੀ ਕਮਜ਼ੋਰ ਨਜ਼ਰ ਆ ਰਹੀਆਂ ਹਨ। ਤੇ ਪਿਛਲੇ ਸਮੇਂ ਵਿਚ ਇਹ ਚਿੰਤਾਜਨਕ ਪ੍ਰਕਿਰਿਆ ਹੋਰ ਵੀ ਤੇਜ਼ ਹੋਈ ਹੈ। ਅਜਿਹਾ ਵਾਪਰਨ ਪਿਛੇ ਲਾਜ਼ਮੀ ਤੌਰ 'ਤੇ ਇਨਕਲਾਬੀ ਸਿਧਾਂਤ 'ਤੇ ਤੁਰਨ ਵਾਲੀ ਅਤੇ ਲੋਕ ਸੰਘਰਸ਼ਾਂ ਦੇ ਪਿੜ ਵਿਚ ਜਾਨਾਂ ਵਾਰਨ ਵਾਲੀ ਖੱਬੀ ਧਿਰ ਵਲੋਂ ਕੀਤੀਆਂ ਗਈਆਂ ਸਿਧਾਂਤਕ ਤੇ ਰਾਜਸੀ ਗਲਤੀਆਂ ਦੀ ਵੱਡੀ ਭੂਮਿਕਾ ਹੈ। 
ਇਹ ਵੀ ਪ੍ਰਤੱਖ ਦਿਖਾਈ ਦਿੰਦਾ ਹੈ ਕਿ ਹਾਲਾਤ ਦੀ ਮਜ਼ਬੂਰੀ ਵੱਸ, ਹਰ ਕਮਿਊਨਿਸਟ ਪਾਰਟੀ/ਧੜਾ ਅੱਜ ਆਪਣੇ ਅਤੀਤ ਦੀਆਂ ਭੁੱਲਾਂ ਬਾਰੇ ਆਪੋ ਆਪਣੇ ਨਜ਼ਰੀਏ ਨਾਲ ਅੰਦਰੂਨੀ ਬਹਿਸਾਂ ਰਾਹੀਂ ਕਿਸੇ ਯੋਗ ਸਿਟੇ ਉਪਰ ਪੁੱਜਣ ਲਈ ਯਤਨਸ਼ੀਲ ਦਿਖਾਈ ਦੇ ਰਿਹਾ ਹੈ। ਇਹ ਵੀ ਇਕ ਅਟੱਲ ਸਚਾਈ ਹੈ ਕਿ ਜਦੋਂ ਦੇਸ਼ ਦੀਆਂ ਬਾਹਰਮੁਖੀ ਅਵਸਥਾਵਾਂ ਅਤੇ ਵਸੋਂ ਦੇ ਵੱਡੇ ਹਿੱਸੇ ਵਲੋਂ ਹੰਢਾਈ ਜਾ ਰਹੀ ਕੰਗਾਲੀ ਭਰੀ ਜਿੰਦਗੀ ਦੇ ਮੱਦੇਨਜ਼ਰ ਖੱਬੀ ਲਹਿਰ ਦੇ ਵਾਧੇ ਦੀਆਂ ਭਰਪੂਰ ਸੰਭਾਵਨਾਵਾਂ ਹਨ, ਉਦੋਂ ਜੇਕਰ ਕਮਿਊਨਿਸਟ ਪਾਰਟੀਆਂ ਸਿਰਜੋੜ ਕੇ ਬੈਠਣ ਅਤੇ ਆਪਸੀ ਸਹਿਮਤੀ ਵਾਲੇ ਮੁੱਦਿਆਂ ਉਪਰ ਅਧਾਰਤ ਸਾਂਝੀ ਜਨਤਕ ਲਹਿਰ ਉਸਾਰਨ ਲਈ ਹੰਭਲਾ ਮਾਰਨ ਤਾਂ ਨਿਰਸੰਦੇਹ ਦੇਸ਼ ਦੀ ਇਨਕਲਾਬੀ ਲਹਿਰ ਇਕ ਸ਼ਕਤੀਸ਼ਾਲੀ ਮੁਤਬਾਦਲ ਦੇ ਤੌਰ 'ਤੇ ਜ਼ਰੂਰ ਉਭਰ ਸਕਦੀ ਹੈ। ਇਸ ਲਈ ਜਿਥੇ ਵੱਖ-ਵੱਖ ਕਮਿਊਨਿਸਟ ਸੰਗਠਨਾਂ ਵਲੋਂ ਆਪਣੀਆਂ ਕਮਜ਼ੋਰੀਆਂ ਉਪਰ ਕਾਬੂ ਪਾਉਣ ਲਈ ਗੰਭੀਰਤਾ ਸਹਿਤ ਨਿਰੰਤਰ ਯਤਨ ਕਰਨਾ ਸਲਾਹੁਣਯੋਗ ਹੈ, ਉਥੇ ਇਕ ਮਜ਼ਬੂਤ ਕਮਿਊਨਿਸਟ ਅੰਦੋਲਨ ਉਸਾਰਨ ਵਾਸਤੇ ਹੇਠਾਂ ਲਿਖੇ ਕੁਝ ਸੁਝਾਵਾਂ ਨੂੰ ਧਿਆਨਗੋਚਰੇ ਰੱਖਣਾ ਵੀ ਲਾਹੇਵੰਦਾ ਸਿੱਧ ਹੋ ਸਕਦਾ ਹੈ। ਇਨ੍ਹਾਂ ਮੁੱਦਿਆਂ ਨੂੰ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ ਵੱਖ-ਵੱਖ ਮੌਕਿਆਂ 'ਤੇ ਆਪਣੀ ਪਾਰਟੀ ਅੰਦਰ ਵਿਚਾਰ ਗੋਚਰੇ ਲਿਆਉਂਦੀਆਂ ਰਹਿੰਦੀਆਂ ਹਨ, ਪ੍ਰੰਤੂ ਇਨ੍ਹਾਂ ਬਿੰਦੂਆਂ ਵੱਲ ਲੋੜੀਂਦੀ ਮਾਤਰਾ ਵਿਚ ਬਣਦਾ ਤੇ ਬੱਝਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਬਹੁਤ ਜ਼ਰੂਰੀ ਹੈ। 

(ੳ) ਸਮਾਜਿਕ ਉਤਪੀੜਨ ਦਾ ਮੁੱਦਾ 
ਭਾਰਤੀ ਸਮਾਜ ਨੂੰ ਸੰਸਾਰ ਦੇ ਬਾਕੀ ਦੇਸ਼ਾਂ ਨਾਲੋਂ ਇਕ ਬਿਲਕੁਲ ਵੱਖਰਾ ਸਵਾਲ ਦਰਪੇਸ਼ ਹੈ-ਜਾਤਪਾਤ ਦਾ। ਮਨੂੰਵਾਦੀ ਵਿਵਸਥਾ ਅਨੁਸਾਰ ਅੱਜ ਵੀ ਸਮਾਜ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡਿਆ ਹੋਇਆ ਹੈ, ਜਿਥੇ ਕਿਸੇ ਵਿਅਕਤੀ ਦਾ ਸਮਾਜਕ ਸਥਾਨ ਉਸਦੀ ਯੋਗਤਾ ਜਾਂ ਕਾਰਜ ਸਮਰੱਥਾ ਉਪਰ ਅਧਾਰਤ ਨਾ ਹੋ ਕੇ ਉਸ ਜਾਤ ਰਾਹੀਂ ਨਿਰਧਾਰਤ ਕੀਤਾ ਜਾਂਦਾ ਹੈ, ਜਿਸ ਵਿਚ ਉਹ ਪੈਦਾ ਹੋਇਆ ਹੈ। ਸਦੀਆਂ ਤੋਂ ਇਸ ਸਮਾਜਕ ਜਬਰ ਦਾ ਦਰਦ ਹੰਢਾ ਰਹੇ ਵਸੋਂ ਦੇ 30ਫੀਸਦੀ ਤੋਂ ਵਧੇਰੇ ਹਿੱਸੇ ਨਾਲ ਸਮਾਜਕ, ਰਾਜਨੀਤਕ, ਆਰਥਿਕ, ਧਾਰਮਿਕ ਭਾਵ ਹਰ ਖੇਤਰ ਵਿਚ ਭਾਰੀ ਵਿਤਕਰਾ ਕੀਤਾ  ਜਾਂਦਾ ਹੈ। ਇਸ ਨਿਰਾਦਰ ਭਰੀ ਜ਼ਿੰਦਗੀ ਤੋਂ, ਜਗੀਰੂ ਸਮਾਜ ਤੋਂ ਵਿਕਸਤ ਹੋਏ ਅਗਲੇ ਪੜਾਅ, ਪੂੰਜੀਵਾਦੀ ਵਿਵਸਥਾ ਵਿਚ ਵੀ ਛੁਟਕਾਰਾ ਹਾਸਲ ਨਹੀਂ ਕੀਤਾ ਜਾ ਸਕਿਆ। 
ਰਿਜਰਵੇਸ਼ਨ ਅਤੇ ਹੋਰ ਨਿਗੂਣੀਆਂ ਸਹੂਲਤਾਂ ਦੇਣ ਦੇ ਨਾਂਅ ਉਪਰ ਹਾਕਮ ਧਿਰਾਂ ਨੇ ਸਮਾਜ ਦੇ ਇਸ ਕਥਿਤ ਅਛੂਤ ਸਮਝੇ ਜਾਂਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਂਝ ਅਜੇਹੀਆਂ ਸੁਵਿਧਾਵਾਂ ਦਾ ਇਸਤੇਮਾਲ ਕਰਕੇ ਦਲਿਤ ਭਾਈਚਾਰੇ ਨਾਲ ਸਬੰਧਤ ਮੁੱਠੀ ਭਰ ਲੋਕਾਂ ਨੇ ਜ਼ਰੂਰ ਲਾਹਾ ਲੈ ਕੇ ਸਮਾਜ ਦੇ ਉਪਰਲੇ ਹਿੱਸਿਆਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ, ਪ੍ਰੰਤੂ ਵਿਸ਼ਾਲ ਵਸੋਂ ਅਜੇ ਵੀ ਗੁਲਾਮੀ ਵਾਲੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ। ਜਾਤਪਾਤ ਅਧਾਰਤ ਰਾਜਨੀਤਕ ਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਵੀ ਇਸ ਵਰਗ ਦੇ ਲੋਕਾਂ ਦੀਆਂ ਜਖ਼ਮੀ ਭਾਵਨਾਵਾਂ ਦਾ ਦੁਰਪਯੋਗ ਕਰਕੇ ਆਪਣੇ ਸਵਾਰਥੀ ਹਿਤਾਂ ਦੀ ਹੀ ਬੜੌਤਰੀ ਕੀਤੀ ਹੈ। ਮੌਜੂਦਾ ਸਥਾਪਤੀ ਦਾ ਅੰਗ ਬਣਕੇ ਉਹਨਾਂ ਨੇ ਸਮਾਜਿਕ ਪਛੜੇਵੇਂ ਦਾ ਸ਼ਿਕਾਰ ਜਨ ਸਮੂਹਾਂ ਦੇ ਸੰਤਾਪ ਦੀ ਉਮਰ ਨੂੰ ਹੋਰ ਲੰਬੇਰਾ ਕੀਤਾ ਹੈ। ਕਮਿਊਨਿਸਟ ਪਾਰਟੀਆਂ ਲਈ ਜ਼ਰੂਰੀ ਹੈ ਕਿ ਉਹ ਵਰਗ ਸੰਘਰਸ਼ ਦੇ ਨਾਲ ਨਾਲ ਜਾਤ ਪਾਤ ਅਧਾਰਤ ਹੋ ਰਹੇ ਵਿਤਕਰਿਆਂ ਤੇ ਵਧੀਕੀਆਂ ਨੂੰ ਵੀ ਆਪਣੇ ਸੰਘਰਸ਼ ਦਾ ਅਨਿੱਖੜਵਾਂ ਅੰਗ ਬਣਾਉਣ ਤੇ ਕਿਰਤੀ ਵਰਗ ਦੇ ਇਸ ਸਭ ਤੋਂ ਵੱਧ ਪੀੜਤ ਹਿੱਸੇ ਨੂੰ ਆਪਣੇ ਸੰਗ ਜੋੜਨ ਲਈ ਵਿਸ਼ੇਸ਼ ਉਦਮ ਜੁਟਾਉਣ। ਸਮਾਜਿਕ ਜਬਰ ਦੇ ਮੁੱਦੇ ਬਾਰੇ ਜਿਥੇ  ਸਮਾਜ ਦੇ ਅਖੌਤੀ ਉਚ ਵਰਗਾਂ ਤੇ ਦੂਸਰੇ ਸੰਪਨ ਲੋਕਾਂ ਦੇ ਇਕ ਵੱਡੇ ਭਾਗ ਵਲੋਂ ਵਿਰੋਧਤਾ ਕਰਨਾ ਸੁਭਾਵਕ ਹੈ, ਉਥੇ ਖੱਬੀ ਲਹਿਰ ਵਿਚਲੇ ਕੁਝ ਹਿੱਸਿਆਂ ਵਲੋਂ ਵੀ ਸੁਚੇਤ ਜਾਂ ਅਚੇਤ ਰੂਪ ਵਿਚ ਇਸ ਸਵਾਲ ਦੀ ਅਣਦੇਖੀ ਕੀਤੀ ਜਾ ਰਹੀ ਹੈ ਜਾਂ ਕਈ ਵਾਰ ਵਿਰੋਧਤਾ ਵੀ ਕੀਤੀ ਜਾਂਦੀ ਹੈ। ਇਸ ਘਾਟ ਉਪਰ ਖੱਬੀ ਲਹਿਰ ਦੇ ਆਗੂਆਂ ਨੂੰ ਵਿਗਿਆਨਕ ਨਜ਼ਰੀਏ ਅਨੁਸਾਰ ਕਾਬੂ ਪਾਉਣਾ ਹੋਵੇਗਾ। ਇਹ ਵੀ ਅਸਲੀਅਤ ਹੈ ਕਿ ਹੋਰ ਕਿਸੇ ਵੀ ਰਾਜਨੀਤਕ ਸੰਗਠਨ ਨਾਲੋਂ ਜਮਾਤੀ ਪੱਖ ਤੋਂ ਵੱਖਰੀ ਪਹਿਚਾਣ ਰੱਖਦੀਆਂ ਕਮਿਊਨਿਸਟ ਧਿਰਾਂ ਜਾਤੀਪਾਤੀ ਉਤਪੀੜਨ ਦਾ ਸ਼ਿਕਾਰ ਜਨ ਸਮੂਹਾਂ ਦੀ ਬੰਦ ਖਲਾਸੀ ਲਈ ਵਧੇਰੇ ਸੰਘਰਸ਼ਸ਼ੀਲ ਤੇ ਫਿਕਰਮੰਦ ਹਨ।

(ਅ) ਇਨਕਲਾਬੀ ਲਹਿਰ ਦਾ ਮੂਲ ਅਧਾਰ ਕੀ ਹੋਵੇ?
ਉਪਰਲੇ ਭਾਗਾਂ ਦੇ ਮੁੱਠੀ ਭਰ ਲੋਕਾਂ ਤੋਂ ਬਿਨਾਂ ਸਮੁੱਚੀ ਮਿਹਨਤਕਸ਼ ਜਨਤਾ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੋਂ ਪੀੜਤ ਹੈ। ਗਰੀਬੀ, ਮਹਿੰਗਾਈ, ਬੇਕਾਰੀ, ਕੁਪੋਸ਼ਨ, ਬਦਤਰ ਜੀਵਨ ਹਾਲਤਾਂ, ਸਿਹਤ ਤੇ ਵਿਦਿਅਕ ਸਹੂਲਤਾਂ ਦੀ ਘਾਟ ਇਤਿਆਦਿ ਤੋਂ ਸਮਾਜ ਦਾ ਵੱਡਾ ਹਿੱਸਾ ਡਾਢਾ ਪ੍ਰੇਸ਼ਾਨ ਹੈ। ਕਮਿਊਨਿਸਟ ਲਹਿਰ ਤਦ ਹੀ ਠੋਸ ਵਿਕਾਸ ਕਰ ਸਕਦੀ ਹੈ ਜਦੋਂ ਇਸਦੀਆਂ ਸਫ਼ਾਂ ਵਿਚ ਸਭ ਤੋਂ ਵੱਧ ਲੁਟੇ ਪੁੱਟੇ ਜਾ ਰਹੇ ਕਿਰਤੀ ਲੋਕ ਵੱਡੀ ਤੇ ਫੈਸਲਾਕੁੰਨ ਮਾਤਰਾ ਵਿਚ ਸ਼ਾਮਿਲ ਹੋਣ। ਇਸ ਲਈ ਵੱਖ ਵੱਖ ਸਨਅਤਾਂ ਵਿਚ ਕੰਮ ਕਰਦੇ ਸੰਗਠਤ ਤੇ ਗੈਰ ਸੰਗਠਤ ਮਜ਼ਦੂਰ, ਬੇਜ਼ਮੀਨੇ ਤੇ ਗਰੀਬ ਕਿਸਾਨ ਅਤੇ ਦਿਹਾਤੀ ਮਜ਼ਦੂਰ ਸਾਡੀ ਲਹਿਰ ਦੀ ਰੀੜ੍ਹ ਦੀ ਹੱਡੀ ਹਨ। ਬਿਨਾਂ ਸ਼ੱਕ ਦਰਮਿਆਨੇ ਤੇ ਧਨੀ ਕਿਸਾਨ, ਛੋਟੇ ਕਾਰੋਬਾਰੀ ਤੇ ਮੱਧ ਵਰਗੀ ਲੋਕ ਸਾਡੇ ਮਿੱਤਰਾਂ ਦੀ ਕਤਾਰ ਵਿਚ ਆਉਂਦੇ ਹਨ, ਪ੍ਰੰਤੂ ਸਿਰਫ ਇਨ੍ਹਾਂ ਹਿੱਸਿਆਂ ਉਪਰ ਅਧਾਰਤ ਲਹਿਰ ਜੋ ਹੇਠਲੇ ਵਰਗਾਂ ਦੀ ਅਣਦੇਖੀ ਕਰੇ, ਕਦੀ ਵੀ ਸਥਾਈ ਤੇ ਠੋਸ ਨਹੀਂ ਹੋ ਸਕਦੀ। ਆਰਥਿਕ ਤੌਰ ਤੇ ਸਭ ਤੋਂ ਵੱਧ ਪੀੜਤ ਲੋਕਾਂ ਦੀ ਹਿੱਸੇਦਾਰੀ ਸੰਘਰਸ਼ਾਂ ਦੇ ਨਾਲ ਨਾਲ ਪਾਰਟੀ ਜਥੇਬੰਦੀਆਂ ਵਿਚ ਵੀ ਉਜਾਗਰ ਹੋਣੀ ਚਾਹੀਦੀ ਹੈ। ਸੰਸਾਰੀਕਰਨ ਦੇ ਅਜੋਕੇ ਦੌਰ ਵਿਚ ਚੋਖੀ ਸੰਖਿਆ ਵਿਚ ਦਰਮਿਆਨੀ ਜਮਾਤ ਵੀ ਉਭਰੀ ਹੈ, ਜਿਸਨੂੰ ਪੂੰਜੀਵਾਦੀ ਵਿਕਾਸ ਨਾਲ ਚੋਖਾ ਲਾਭ ਪੁੱਜਿਆ ਹੈ। ਇਸ ਜਮਾਤ ਦੀਆਂ ਹਮੇਸ਼ਾਂ ਹੀ ਹਰ ਖੇਤਰ ਵਿਚ ਉਪਰ ਵੱਲ ਨੂੰ ਝਾਕਣ ਦੀਆਂ ਇਛਾਵਾਂ ਕਾਇਮ ਰਹਿੰਦੀਆਂ ਹਨ। ਪ੍ਰੰਤੂ ਜਿਉਂ ਜਿਉਂ ਪੂੰਜੀਵਾਦੀ ਪ੍ਰਬੰਧ ਸੰਕਟ ਵਿਚ ਧਸਦਾ ਜਾਵੇਗਾ, ਤਿਵੇਂ ਤਿਵੇਂ ਇਸ ਜਮਾਤ ਦੇ ਵੱਡੇ ਹਿੱਸੇ ਦੀਆਂ ਸੁਪਨਈ ਆਸਾਂ ਉਪਰ ਵੀ ਪਾਣੀ ਫਿਰਦਾ ਜਾਵੇਗਾ। ਇਸ ਲਈ ਜਿਥੇ ਦਰਮਿਆਨੀ ਜਮਾਤ ਨੂੰ ਉਨ੍ਹਾਂ ਦੀਆਂ ਇਛਾਵਾਂ ਦੀ ਪੂਰਤੀ ਕਰਨ ਵਾਲੀਆਂ ਮੰਗਾਂ ਦੁਆਲੇ ਜਥੇਬੰਦ ਕਰਨਾ ਹੋਵੇਗਾ ਤੇ ਮੇਚਵੇਂ ਸੰਘਰਸ਼ ਲਾਮਬੰਦ ਕਰਨੇ ਹੋਣਗੇ, ਜੋ ਲਾਜ਼ਮੀ ਤੌਰ 'ਤੇ ਦੂਸਰੀ ਮਿਹਨਤਕਸ਼ ਜਨਤਾ ਤੋਂ ਕਈ ਪੱਖਾਂ ਤੋਂ ਭਿੰਨ ਹੋਣਗੇ, ਉਥੇ ਨਾਲ ਨਾਲ ਯੋਗਤਾ ਅਨੁਸਾਰ ਕੰਮ ਤੇ ਤਨਖਾਹ ਦਾ ਅਸਾਵਾਂਪਨ ਅਤੇ ਜੀਵਨ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਵਧੀਆਂ ਹੋਈਆਂ ਲਾਗਤਾਂ ਤੋਂ ਪ੍ਰੇਸ਼ਾਨ ਮੱਧ ਵਰਗੀ ਜਨਤਾ ਨੂੰ ਸਮੁੱਚੀ ਜਮਹੂਰੀ ਲਹਿਰ ਦਾ ਅੰਗ ਬਣਾਉਣ ਲਈ ਵੀ ਨਵੇਂ ਤੇ ਕਾਰਗਰ ਤਰੀਕਿਆਂ ਦੀ ਭਾਲ ਕਰਨੀ ਹੋਵੇਗੀ। 
ਇਸ ਤੱਥ ਨੂੰ ਕਦੀ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ ਕਿ ਮਜ਼ਬੂਤ ਇਨਕਲਾਬੀ ਲਹਿਰ ਦਾ ਅਧਾਰ ਆਰਥਿਕ ਪੱਖ ਤੋਂ ਸਭ ਤੋਂ ਵੱਧ ਪੀੜਤ ਭਾਗ ਬਣਨ ਨਾਲ ਹੀ ਸਮਾਜਿਕ ਕਰਾਂਤੀ ਦੀ ਸਫਲਤਾ ਦੀ ਗਰੰਟੀ ਕੀਤੀ ਜਾ ਸਕਦੀ ਹੈ। ਉਂਝ ਦਰਮਿਆਨੀ ਤੇ ਉਤਲੀਆਂ ਜਮਾਤਾਂ ਵਿਚੋਂ ਪੜ੍ਹੇ ਲਿਖੇ ਬੁੱਧੀਜੀਵੀ ਤੇ ਅਗਾਂਗਵਧੂ ਸੋਚਣੀ ਦੇ ਧਾਰਨੀ ਲੋਕ ਵਿਚਾਰਧਾਰਕ ਤੌਰ ਤੇ ਚੇਤਨ ਹੋ ਕੇ ਇਨਕਲਾਬੀ ਲਹਿਰ ਦੀ ਉਸਾਰੀ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ ਤੇ ਉਨ੍ਹਾਂ ਦੀਆਂ ਬਹੁਮੁੱਲੀਆਂ ਸੇਵਾਵਾਂ ਦੀ ਸੁਯੋਗ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ। 
ਜਨਤਕ ਲਹਿਰ ਦੇ ਅੰਗ ਵਜੋਂ ਵੀ ਦਰਮਿਆਨੀਆਂ ਜਮਾਤਾਂ ਦੀ ਮਹੱਤਵਪੂਰਨ ਭੁਮਿਕਾ ਹੈ। ਪ੍ਰੰਤੂ ਅਜੋਕੇ ਪੈਦਾਵਾਰੀ ਸੰਬੰਧਾਂ ਤੇ ਪੂੰਜੀਵਾਦੀ ਵਿਕਾਸ ਦੇ ਮੌਜੂਦਾ ਦੌਰ ਵਿਚ ਹੇਠਲੀ ਪੱਧਰ ਦੀਆਂ ਦੱਬੀਆਂ ਕੁਚਲੀਆਂ ਜਮਾਤਾਂ ਦੀ ਇਨਕਲਾਬੀ ਲਹਿਰ ਵਿਚ ਕੁੰਜੀਵਤ ਤੇ ਆਗੂ ਭੂਮਿਕਾ ਬਨਣੀ ਚਾਹੀਦੀ ਹੈ। 

(ੲ) ਵੱਖ ਵੱਖ ਕੌਮੀਅਤਾਂ, ਬੋਲੀਆਂ, ਸਭਿਆਚਾਰਕ ਵਿਭਿੰਨਤਾਵਾਂ ਅਤੇ ਆਪੋ ਆਪਣੇ ਇਤਿਹਾਸ ਪ੍ਰਤੀ ਸੰਵੇਦਨਸ਼ੀਲਤਾ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। 
ਦੇਸ਼ ਅੰਦਰ ਵੱਖ ਵੱਖ ਕੌਮੀਅਤਾਂ, ਸਭਿਆਚਾਰਾਂ, ਖਿੱਤਿਆਂ ਤੇ ਬੋਲੀਆਂ ਦਾ ਵੱਖਰੇਵਾਂ ਹੋਣ ਦੇ ਬਾਵਜੂਦ ਲੋਕਾਂ ਦੀ ਏਕਤਾ ਸਾਡੇ ਕੌਮੀ ਆਜ਼ਾਦੀ ਅੰਦੋਲਨ ਦੀ ਵਿਲੱਖਣਤਾ ਵੀ ਹੈ ਤੇ ਵੱਡਮੁੱਲਾ ਸਰਮਾਇਆ ਵੀ। ਲੋਕਾਂ ਦੇ ਮਨਾਂ ਅੰਦਰ ਆਪੋ ਆਪਣੇ ਇਤਿਹਾਸ ਬਾਰੇ ਮਾਣ ਕਰਨ ਦਾ ਅਹਿਸਾਸ ਤੇ ਦੂਸਰੇ ਲੋਕਾਂ ਨਾਲੋਂ ਵੱਖ-ਵੱਖ ਭਿੰਨਤਾਵਾਂ ਪ੍ਰਤੀ ਸਨੇਹ ਤੇ ਸੰਵੇਦਨਸ਼ੀਲਤਾ ਬਾਰੇ ਖੱਬੀ ਲਹਿਰ ਨੇ ਬਹੁਤੀ ਵਾਰ ਬੇਧਿਆਨੀ, ਲਾਪਰਵਾਹੀ ਤੇ ਅਸੰਬੰਧਤਾ ਵਾਲਾ ਵਤੀਰਾ ਧਾਰਨ ਕਰੀ ਰੱਖਿਆ ਹੈ। ਸਾਡੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਵੱਖਵਾਦੀ ਤੇ ਸੰਕੀਰਨਵਾਦੀ ਤੱਤ ਜਨ ਸਮੂਹਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ। ਸਮਾਜਿਕ ਤਬਦੀਲੀ ਦੀ ਕੋਈ ਵੀ ਲਹਿਰ ਆਪਣੇ ਇਤਿਹਾਸ ਤੇ ਸਭਿਆਚਾਰ ਨਾਲੋਂ ਤੋੜਕੇ ਨਹੀਂ ਉਸਾਰੀ ਜਾ ਸਕਦੀ। ਇਤਿਹਾਸ ਵਿਚ ਸਾਰਾ ਕੁਝ ਮਾਣ ਕਰਨਯੋਗ ਨਹੀਂ ਹੈ ਪ੍ਰੰਤੂ ਇਸ ਵਿਸ਼ਾਲ ਸਾਗਰ ਵਿਚ ਅਣਮੁੱਲੇ ਹੀਰੇ ਜਵਾਹਰਾਤ ਵੀ ਛੁਪੇ ਹੋਏ ਹਨ ਜਿਹਨਾਂ ਦੀ ਚਮਕ ਸਾਡਾ ਭਵਿੱਖੀ ਰਾਹ ਰੁਸ਼ਨਾਉਣ ਵਿਚ ਸਹਾਈ ਸਿੱਧ ਹੋ ਸਕਦੀ ਹੈ। ਲੋਕਾਂ ਦੀਆਂ ਉਪਰੋਕਤ ਵਿਸ਼ਿਆਂ ਪ੍ਰਤੀ ਉਪਜੀਆਂ ਜਮਹੂਰੀ ਉਮੰਗਾਂ ਤੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਚੇਸ਼ਟਾ ਨੂੰ ਖੱਬੀ ਲਹਿਰ ਦੇ ਏਜੰਡੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਇਸਦੀ ਪ੍ਰਾਪਤੀ ਲਈ ਢੁਕਵੇਂ ਯਤਨ ਕਰਨੇ ਹੋਣਗੇ। 
ਪੰਜਾਬ ਦੀ ਖੱਬੀ ਲਹਿਰ ਨੂੰ ਪ੍ਰਾਂਤ ਨਾਲ ਸਬੰਧਤ ਪਾਣੀ, ਬੋਲੀ, ਵਾਤਾਵਰਣ ਤੇ ਰੁਜ਼ਗਾਰ ਵਰਗੇ ਮੁਦਿਆਂ ਨੂੰ ਪਹਿਲ ਦੇ ਆਧਾਰ ਉਪਰ ਉਠਾਉਣਾ ਤੇ ਇਸਦੀ ਪ੍ਰਾਪਤੀ ਲਈ ਢੁਕਵੇਂ ਸੰਘਰਸ਼ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਖਿੱਤੇ ਵਿਚ ਜੁਝਾਰੂ ਲੋਕਾਂ ਦੇ ਮਨਾਂ ਅੰਦਰ ਇਨਕਲਾਬੀ ਲਹਿਰ ਇਕ ਭਰੋਸੇਯੋਗ ਰਾਜਸੀ ਧਿਰ ਵਜੋਂ ਉਭਰ ਸਕੇ।  ਅਹਿਜਾ ਨਾ ਕਰਨ ਦੀ ਸੂਰਤ ਵਿਚ ਸਮਾਜਿਕ ਵਿਕਾਸ ਦੀਆਂ ਵਿਰੋਧੀ ਸ਼ਕਤੀਆਂ ਸਧਾਰਣ ਲੋਕਾਂ ਨੂੰ ਗੁੰਮਰਾਹ ਕਰਕੇ ਇਨ੍ਹਾਂ ਮੁੱਦਿਆਂ ਉਪਰ ਲਾਮਬੰਦੀ ਕਰਕੇ ਸਮਾਜਿਕ ਪਰਿਵਰਤਨ ਵੱਲ ਸੇਧਤ ਸਮੁੱਚੀ ਜਮਹੂਰੀ ਲਹਿਰ ਦਾ ਵੱਡਾ ਨੁਕਸਾਨ ਪਹਿਲਾਂ ਵੀ ਕਰਦੀਆਂ ਆ ਰਹੀਆਂ ਹਨ ਤੇ ਭਵਿੱਖ ਵਿਚ ਵੀ ਇਸਦੀ ਸੰਭਾਵਨਾ ਬਣੀ ਰਹੇਗੀ। ਅਜਿਹਾ ਮੁੜ ਵਾਪਰਨ ਤੋਂ ਬਚਿਆ ਜਾਣਾ ਚਾਹੀਦਾ ਹੈ। 

(ਸ) ਧਰਮ ਨਿਰਪੱਖਤਾ ਪ੍ਰਤੀ ਠੀਕ ਪਹੁੰਚ ਦੀ ਲੋੜ 
ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਵਲੋ ਹਮੇਸ਼ਾ ਹੀ ਧਰਮ ਨਿਰਪੱਖਤਾ ਸ਼ਬਦ ਦੇ ਅਨਰਥ ਕੀਤੇ ਗਏ ਹਨ। ਉਨ੍ਹਾਂ ਅਨੁਸਾਰ ਸਰਕਾਰਾਂ ਨੂੰ ਹਰ ਧਰਮ ਵਿਚ ਦਖਲ ਦੇਣ, ਧਰਮ ਦਾ ਰਾਜਸੀ ਮਨੋਰਥਾਂ ਲਈ ਇਸਤੇਮਾਲ ਕਰਨ ਭਾਵ ਧਰਮ ਤੇ ਰਾਜਨੀਤੀ ਦਾ ਏਕੀਕਰਨ ਅਤੇ ਧਰਮ ਦੇ ਪਰਦੇ ਹੇਠਾਂ ਹਰ ਤਰ੍ਹਾਂ ਦੇ ਹਨੇਰ-ਵਿਰਤੀ ਵਾਲੇ ਤੇ ਪਿਛਾਖੜੀ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੀ ਧਰਮ ਨਿਰਪੱਖਤਾ ਹੈ। ਅਸਲ ਵਿਚ ਧਰਮ ਨਿਰਪੱਖਤਾ ਦਾ ਸਹੀ ਮਤਲਬ ਹੈ ਧਰਮ ਤੇ ਰਾਜਨੀਤੀ ਨੂੰ ਰਲਗਡ ਨਾ ਕਰਨਾ, ਸਰਕਾਰ ਵਲੋਂ ਕਿਸੇ ਵੀ ਧਰਮ ਵਿਚ ਦਖਲ ਅੰਦਾਜ਼ੀ ਨਾ ਕਰਨਾ, ਹਰ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਪੂਰਨ ਆਜ਼ਾਦੀ ਦੇਣਾ ਅਤੇ ਆਪਣੀ ਆਸਥਾ ਮੁਤਾਬਕ ਕਿਸੇ ਵੀ ਧਾਰਮਕ ਕਿਰਿਆ-ਕਰਮ ਦਾ ਇਸ ਢੰਗ ਨਾਲ ਸੰਚਾਲਨ ਕਰਨਾ ਕਿ ਦੂਸਰੇ ਧਰਮਾਂ ਦੇ ਅਨੁਆਈਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਠੇਸ ਨਾ ਲੱਗੇ। ਇਸਦੇ ਨਾਲ ਹੀ ਅੰਧ ਵਿਸ਼ਵਾਸਾਂ, ਫਿਰਕੂ ਜਨੂੰਨ ਤੇ ਹਨੇਰ ਵਿਰਤੀਵਾਦੀ ਪਖੰਡਾਂ ਦਾ ਖੰਡਨ ਕਰਨ ਲਈ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਤੇ ਫੈਲਾਅ ਕਰਨ ਦੇ ਅਧਿਕਾਰ ਦੀ ਰਾਖੀ ਕਰਨਾ ਵੀ ਧਰਮ ਨਿਰਪੱਖਤਾ ਹੀ ਕਿਹਾ ਜਾ ਸਕਦਾ ਹੈ। ਪ੍ਰੰਤੂ ਇਹ ਤ੍ਰਾਸਦੀ ਹੀ ਹੈ ਕਿ ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਵਿਗਿਆਨ ਤੇ ਤਕਨੀਕ ਪੱਖੋਂ ਹੋਈ ਭਾਰੀ ਪ੍ਰਗਤੀ ਦੇ ਬਾਵਜੂਦ ਲੋਕਾਂ ਦੇ ਮਨਾਂ ਅੰਦਰ ਵੇਲਾ ਵਿਹਾਅ ਚੁੱਕੇ ਪਿਛਾਖੜੀ ਵਿਚਾਰਾਂ, ਅੰਧ ਵਿਸ਼ਵਾਸਾਂ, ਪਾਖੰਡਾਂ ਤੇ ਅਣਹੋਣੇ ਚਮਤਕਾਰਾਂ ਵਿਚ ਆਸਥਾ ਹੋਰ ਪੀਡੀ ਹੋਈ ਹੈ। ਇਸ ਨਾਂਹ-ਪੱਖੀ ਵਰਤਾਰੇ ਵਿਚ ਲਗਾਤਾਰ ਹੋਰ ਵਾਧਾ ਹੋ ਰਿਹਾ ਹੈ। ਅਤੇ ਵਿਚਾਰਧਾਰਕ ਤੇ ਰਾਜਨੀਤਕ ਪਛੜੇਵੇਂ ਕਾਰਨ ਜ਼ਿਆਦਾਤਰ ਮਿਹਨਤਕਸ਼ ਲੋਕ ਅੰਧਕਾਰ ਫੈਲਾਅ ਰਹੇ ਡੇਰਿਆਂ ਤੇ ਨਾਮ ਨਿਹਾਦ ਸਾਧਾਂ ਦੇ ਮੱਕੜਜਾਲ ਵਿਚ ਫਸਦੇ ਜਾ ਰਹੇ ਹਨ। ਅਜਿਹਾ ਉਹ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਤੋਂ ਕੁੱਝ ਪਲਾਂ ਲਈ ਛੁਟਕਾਰਾ ਹਾਸਲ ਕਰਨ ਹਿੱਤ ਕਰਦੇ ਹਨ, ਜਦਕਿ ਜੀਵਨ ਦੀ ਗੁਰਬਤ ਭਰੀ ਦਾਸਤਾਂ ਦਾ ਅੰਤ ਕਿਸੇ ਅੰਨ੍ਹੀ ਧਾਰਮਕ ਆਸਥਾ ਰਾਹੀਂ ਸੰਭਵ ਨਹੀਂ ਹੋ ਸਕਦਾ। ਜਿਹੜੇ ਕਿਰਤੀ ਲੋਕ ਅਗਿਆਨਤਾ ਕਾਰਨ ਜਾਂ ਥੋੜ ਸਮੇਂ ਦੀ ਆਤਮਕ ਸ਼ਾਂਤੀ ਦੀ ਪ੍ਰਾਪਤੀ ਵਾਸਤੇ ਵੱਖ ਵੱਖ ਧਾਰਮਿਕ ਡੇਰਿਆਂ ਜਾਂ ਧਰਮ ਗੁਰੂਆਂ ਦੇ ਅਨੁਆਈ ਬਣੀ ਬੈਠੇ ਹਨ, ਉਹ ਸਾਰੇ ਜਮਹੂਰੀ ਲਹਿਰ ਨਾਲ ਜੁੜਨੇ ਚਾਹੀਦੇ ਹਨ। ਇਸ ਲਈ ਜਿਥੇ ਅਸੀਂ ਜਨ ਸਮੂਹਾਂ ਦੀਆਂ ਆਰਥਿਕ ਤੇ ਜਮਹੂਰੀ ਮੰਗਾਂ ਦੀਆਂ ਲੜਾਈਆਂ ਲੜਨੀਆਂ ਹਨ, ਉਸਦੇ ਨਾਲ ਹੀ ਉਹਨਾਂ ਨੂੰ ਇਕ ਸਿਹਤਮੰਦ ਤੇ ਤਰਕ ਸੰਗਤ ਸਭਿਆਚਾਰ ਰਾਹੀਂ ਵਿਵੇਕਸ਼ੀਲ ਵੀ ਬਣਾਉਣਾ ਹੈ ਤਾਂ ਕਿ ਉਹ ਅੰਧ ਵਿਸ਼ਵਾਸ਼ ਤੋਂ ਮੁਕਤੀ ਹਾਸਲ ਕਰਕੇ ਹਕੀਕੀ ਸ਼ਾਂਤੀ ਪ੍ਰਾਪਤ ਕਰ ਸਕਣ। ਅਜਿਹਾ ਨਾਂ ਤਾਂ ਧਰਮਾਂ ਦੀ ਅੰਨ੍ਹੀ ਵਿਰੋਧਤਾ, ਜੋ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੋਵੇ, ਕਰਕੇ ਹੀ ਹੋ ਸਕਦਾ ਹੈ ਅਤੇ ਨਾ ਹੀ ਵਿਗਿਆਨ ਦਾ ਪੱਲਾ ਛੱਡ ਕੇ ਆਪ ਪਿਛਾਖੜੀ ਤੇ ਹਨੇਰਵਿਰਤੀਵਾਦੀ ਵਿਚਾਰਾਂ ਦੇ ਧਾਰਨੀ  ਬਣਕੇ। ਅਤੇ ਨਾ ਹੀ ਬਾਕੀ ਲੋਕਾਂ ਦੀ ਤਰ੍ਹਾਂ ਖੁੰਬਾਂ ਵਾਂਗ ਪਨਪ ਰਹੇ ਧਾਰਮਿਕ ਡੇਰਿਆਂ ਦੇ ਸ਼ਰਧਾਲੂ ਬਣਨਾ ਹੋਵੇਗਾ। 
ਇਸ ਵਾਸਤੇ ਧਰਮ ਨਿਰਪੱਖਤਾ ਦੀ ਪਰਿਭਾਸ਼ਾ ਨੂੰ ਸਹੀ ਅਰਥਾਂ ਤੇ ਭਾਵਨਾ ਵਿਚ ਸਮਝਣ ਦੀ ਲੋੜ ਹੈ ਤਾਂ ਕਿ ਵੱਡੀ ਗਿਣਤੀ ਵਿਚ ਜਨ ਸਮੂਹਾਂ ਨੂੂੰ ਗੈਰ ਵਿਗਿਆਨਕ ਰਾਹ ਤੋਂ ਮੋੜ ਕੇ ਤਰਕਸ਼ੀਲਤਾ ਦੇ ਰਸਤੇ ਤੋਰਿਆ ਜਾ ਸਕੇ। ਲੋਕਾਂ ਦੀ ਧਾਰਮਕ ਆਸਥਾ ਤੇ ਫਿਰਕਾਪ੍ਰਸਤੀ ਵਿਚਕਾਰ ਵੀ ਸਪੱਸ਼ਟ ਲਕੀਰ ਖਿੱਚਣ ਦੀ ਜ਼ਰੂਰਤ ਹੈ। ਇਹ ਇਕ ਬਹੁਤ ਹੀ ਮੁਸ਼ਕਲ ਤੇ ਸੰਵੇਦਨਸ਼ੀਲ ਵਿਸ਼ਾ ਹੈ, ਪ੍ਰੰਤੂ ਇਸ ਬਾਰੇ ਯੋਗ ਪੈਂਤੜਾ ਲੈ ਕੇ ਹੀ ਯੋਗ ਹੱਲ ਕੱਢਿਆ ਜਾ ਸਕਦਾ ਹੈ। ਇਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਤੇ ਉਸਾਰੀ ਲਈ ਇਹ ਜ਼ਰੂਰੀ ਹੈ ਕਿ ਉਸਦੇ ਤਮਾਮ ਆਗੂ ਤੇ ਮੈਂਬਰ ਲੋਕਾਂ ਦੀਆਂ ਆਸਥਾਵਾਂ ਦਾ ਧਿਆਨ ਰੱਖਦਿਆਂ ਹੋਇਆਂ ਪਿਛਾਖੜੀ ਤੇ ਹਨੇਰਵਿਰਤੀਵਾਦੀ ਵਿਚਾਰਾਂ ਦਾ ਖੰਡਨ ਕਰਕੇ ਕਿਰਤੀ ਲੋਕਾਂ ਦੀ ਵਿਸ਼ਾਲ ਗਿਣਤੀ ਨੂੰ ਜਮਹੂਰੀ ਲਹਿਰ ਨਾਲ ਜੋੜਨ ਦੀ ਮੁਹਾਰਤ ਰੱਖਦੇ ਹੋਣ। 

(ਹ) ਔਰਤਾਂ ਪ੍ਰਤੀ ਵਿਸ਼ੇਸ਼ ਧਿਆਨ ਦੀ ਜ਼ਰੂਰਤ 
ਭਾਵੇਂ ਸਾਡਿਆਂ ਘੋਲਾਂ ਅੰਦਰ ਔਰਤਾਂ ਕਾਫੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਹਨ ਤੇ ਆਪਣੀਆਂ ਮੰਗਾਂ ਲਈ ਵੀ  ਵੱਖ ਵੱਖ ਵਰਗਾਂ ਨਾਲ ਸਬੰਧਤ ਇਸਤਰੀਆਂ ਜਦੋਜਹਿਦ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਪ੍ਰੰਤੂ ਇਹ ਇਕ ਤਲਖ ਹਕੀਕਤ ਹੈ ਕਿ ਵਸੋਂ ਦੇ ਇਸ ਅੱਧੇ ਹਿਸੇ ਵੱਲ, ਜੋ ਆਰਥਿਕ ਨਪੀੜਨ ਦੇ ਨਾਲ ਨਾਲ ਹੋਰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ, ਖੱਬੀ ਲਹਿਰ ਨੇ ਬਣਦਾ ਧਿਆਨ ਨਹੀਂ ਦਿੱਤਾ। ਸਾਡੇ ਨਜ਼ਰੀਏ ਵਿਚ ਜਗੀਰੂ ਤੇ ਮਰਦ ਪ੍ਰਧਾਨ ਸੋਚ ਅਜੇ ਵੀ ਭਾਰੂ ਹੈ। ਇਸੇ ਕਰਕੇ ਸਮੁੱਚੀ ਕਮਿਊਨਿਸਟ ਲਹਿਰ ਤੇ ਲੀਡਰਸ਼ਿਪ ਵਿਚ ਵਸੋਂ ਦੇ ਅਨੁਪਾਤ ਅਨੁਸਾਰ ਔਰਤਾਂ ਦੀ ਸ਼ਮੂਲੀਅਤ ਬਹੁਤ ਹੀ ਨਿਗੂਣੀ ਤੇ ਨਾਕਾਫੀ ਹੈ। ਸਾਡਾ ਔਰਤਾਂ ਪ੍ਰਤੀ ਵਤੀਰਾ ਵੀ ਵਧੇਰੇ ਕਰਕੇ ਕਮਿਊਨਿਸਟ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ। ਇਸ ਕਮਜ਼ੋਰੀ ਵੱਲ ਬਣਦਾ ਧਿਆਨ ਦੇਣ ਦੀ ਜ਼ਰੂਰਤ ਹੈ। ਨਹੀਂ ਤਾਂ ਅਸੀਂ ਕੁਲ ਕਿਰਤੀ ਵਸੋਂ ਦੇ ਅੱਧੇ ਹਿੱਸੇ ਨਾਲੋਂ ਅਲੱਗ ਥਲੱਗ ਪੈ ਕੇ ਵੱਡਾ ਘਾਟੇਵੰਦਾ ਸੌਦਾ ਕਰ ਰਹੇ ਹੋਵਾਂਗੇ। 

(ਕ) ਭਾਸ਼ਾਈ ਤੇ ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਬਾਰੇ  ਵੀ ਚਿੰਤਾਤੁਰ ਹੋਣ ਦੀ ਜ਼ਰੂਰਤ ਹੈ 
ਬਾਕੀ ਦੇਸ਼ ਵਾਂਗ ਪੰਜਾਬ ਅੰਦਰ ਵੀ ਗੈਰ ਪੰਜਾਬੀ ਵਸੋਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੂਸਰੇ ਪ੍ਰਾਂਤਾਂ ਤੋਂ ਰੋਟੀ ਰੋਜ਼ੀ ਦੀ ਤਲਾਸ਼ ਵਿਚ ਕਿਰਤੀ ਲੋਕ ਪੰਜਾਬ ਵੱਲ ਵਹੀਰਾਂ ਘੱਤ ਰਹੇ ਹਨ। ਉਹਨਾਂ ਦੀ ਬੋਲੀ, ਧਾਰਮਕ ਆਸਥਾ ਤੇ ਸਭਿਆਚਾਰ ਸਾਡੇ ਤੋਂ ਭਿੰਨ ਹੈ। ਪੰਜਾਬੀ ਵਸੋਂ ਦਾ ਇਕ ਹਿੱਸਾ, ਜੋ ਆਪ ਤਾਂ ਪੰਜਾਬੋਂ ਬਾਹਰ ਘੱਟ ਗਿਣਤੀ ਹੋਣ ਨਾਤੇ ਵਿਸ਼ੇਸ਼ ਅਧਿਕਾਰਾਂ ਤੇ ਸੁਰੱਖਿਆ ਦੀ ਮੰਗ ਕਰਦਾ ਹੈ, ਪ੍ਰੰਤੂ ਆਪ ਪੰਜਾਬ ਵਿਚਲੀਆਂ ਧਾਰਮਿਕ ਤੇ ਸਭਿਆਚਾਰਕ ਘੱਟ ਗਿਣਤੀਆਂ ਤੇ ਗੈਰ ਪੰਜਾਬੀ ਬੋਲਦੇ ਲੋਕਾਂ ਪ੍ਰਤੀ ਬਹੁਤ ਹੀ ਘਟੀਆ ਤੇ ਅਪਮਾਨਜਨਕ ਵਤੀਰਾ ਧਾਰਨ ਕਰੀ ਬੈਠਾ ਹੈ। ਪ੍ਰਾਂਤ ਦੀ ਖੱਬੀ ਲਹਿਰ ਨੇ ਪੰਜਾਬ ਵਿਚਲੀਆਂ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ,  ਸਿੱਟੇ ਵਜੋਂ ਇਹ ਜਮਹੂਰੀ ਲਹਿਰ ਦੀ ਵਲਗਣ ਤੋਂ ਬਾਹਰ ਬੈਠੇ ਹਨ। ਜਮਹੂਰੀ ਤੇ ਵਿਗਿਆਨਕ ਸੋਚ ਦੀ ਘਾਟ ਕਾਰਨ ਹੀ ਪੰਜਾਬ ਵਿਚ ਵਸਦੇ ਗੈਰ ਪੰਜਾਬੀ ਅਤੇ ਬਹੁ ਗਿਣਤੀ ਲੋਕਾਂ ਦੁਆਰਾ ਅਪਣਾਏ ਸਿੱਖ ਧਰਮ ਨਾਲੋਂ ਵੱਖਰੇਵਾਂ ਰੱਖਣ ਵਾਲੀਆਂ ਹੋਰ ਧਾਰਮਕ ਸੰਪਰਦਾਵਾਂ ਨਾਲ ਸਬੰਧਤ ਲੋਕ ਅਜੇ ਤੱਕ ਫਿਰਕੂ ਤੇ ਪਿਛਾਖੜੀ ਤੱਤਾਂ ਦੇ ਮਾਰੂ ਪ੍ਰਭਾਵ ਤੋਂ ਮੁਕਤ ਨਹੀਂ ਹੋ ਰਹੇ। ਇਹ ਜ਼ਿੰਮੇਵਾਰੀ ਖੱਬੀ ਲਹਿਰ ਸਿਰ ਬੱਝਦੀ ਹੈ ਕਿ ਉਹ ਧਰਮ ਨਿਰਪੱਖਤਾ ਤੇ ਵਿਗਿਆਨਕ ਨਜ਼ਰੀਏ ਉਤੇ ਪਹਿਰਾ ਦਿੰਦੀ ਹੋਈ ਸਮਾਜ ਵਿਚ ਵੱਡੀ ਗਿਣਤੀ ਵਿਚ ਵਸਦੇ ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜੇ। ਇਸ ਘਾਟ ਉਪਰ ਵੀ ਕਾਬੂ ਪਾਉਣ ਦੀ ਲੋੜ ਹੈ। 
ਇਸਤੋਂ ਬਿਨਾਂ ਹੋਰ ਵੀ ਅਨੇਕਾਂ ਰਾਜਨੀਤਕ, ਵਿਚਾਰਧਾਰਕ ਤੇ ਜਥੇਬੰਦਕ ਸਵਾਲ ਹਨ, ਜਿਨ੍ਹਾਂ ਬਾਰੇ ਕਮਿਊਨਿਸਟ ਧਿਰਾਂ ਨੂੰ ਪਿਛਲੀਆਂ ਘਾਟਾਂ ਤੇ ਭਟਕਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਦੇਸ਼ ਦੇ ਮੌਜੂਦਾ ਹਾਲਾਤ ਖੱਬੀ ਲਹਿਰ ਦੇ ਵਾਧੇ ਲਈ ਬਹੁਤ ਸਾਜ਼ਗਾਰ ਹਨ, ਬੇਸ਼ਰਤ ਕਿ ਖੱਬੀ ਲਹਿਰ ਦੇ ਆਗੂ ਆਪਣੀਆਂ ਪੁਰਾਣੀਆਂ ਕਮਜ਼ੋਰੀਆਂ 'ਤੇ ਕਾਬੂ ਪਾ ਕੇ ਦਰੁਸਤ ਦਿਸ਼ਾ ਤੈਅ ਕਰ ਲੈਣ। 

ਡੂੰਘੇ ਹੋ ਰਹੇ ਸੰਸਾਰ ਆਰਥਕ ਸੰਕਟ ਦਾ ਭਾਰਤ 'ਤੇ ਪ੍ਰਭਾਵ

ਰਘਬੀਰ ਸਿੰਘ

ਸਾਲ 2008 ਵਿਚ ਅਮਰੀਕਾ ਵਿਚ ਵਿਸਫੋਟਕ ਬਣਕੇ ਉਭਰਿਆ ਸੰਸਾਰ ਆਰਥਕ ਸੰਕਟ ਰੁਕ ਨਹੀਂ ਰਿਹਾ। ਇਹ ਹੁਣ ਸੰਸਾਰ ਭਰ ਵਿਚ ਮੰਦੀ ਦਾ ਦੌਰ ਬਣਦਾ ਜਾ ਰਿਹਾ  ਹੈ। ਪਿਛਲੇ 6-7 ਸਾਲਾਂ ਦੌਰਾਨ ਇਸ, ਸੰਕਟ ਦੀ ਜੜ੍ਹ ਵਿਚ ਖੜ੍ਹੇ ਨਿਵੇਸ਼ਕ ਬੈਂਕਾਂ, ਵੱਡੀਆਂ ਕੰਪਨੀਆਂ ਅਤੇ ਵੱਡੇ ਉਦਯੋਗਕ ਅਦਾਰਿਆਂ ਨੂੰ ਲੋਕਾਂ ਦੇ, ਟੈਕਸਾਂ ਰਾਹੀਂ ਇਕੱਠੇ ਕੀਤੇ ਗਏ, ਅਰਬਾਂ ਡਾਲਰ ਉਤਸ਼ਾਹਵਰਧਕ ਪੈਕੇਜ (Stimulus) ਦੇ ਰੂਪ ਵਿਚ ਦੇ ਕੇ ਵੀ ਇਸਦਾ ਹੱਲ ਨਹੀਂ ਨਿਕਲ ਸਕਿਆ। ਇਸਦੇ ਉਲਟ ਇਹਨਾਂ ਅਦਾਰਿਆਂ ਨੂੰ ਕਰਜ਼ਾ ਚੁਕਕੇ ਦਿੱਤੀਆਂ ਰਕਮਾਂ ਦਾ ਭਾਰ ਕੁਝ ਸਰਕਾਰਾਂ ਦੀ ਧੌਣ ਭੰਨ ਰਿਹਾ ਹੈ। ਇਹ ਸਰਕਾਰਾਂ ਕਰਜ਼ੇ ਦਾ ਭਾਰ ਘਟਾਉਣ ਲਈ ਬਚਤ ਪ੍ਰਬੰਧਾਂ (Austerity measures) ਦੇ ਨਾਂਅ 'ਤੇ, ਲੰਮੇ ਸੰਘਰਸ਼ਾਂ ਰਾਹੀਂ ਜਿੱਤੀਆਂ, ਕਿਰਤੀ ਲੋਕਾਂ ਦੀਆਂ ਸਮਾਜਕ ਸੁਰੱਖਿਆਵਾਂ ਖੋਹ ਰਹੀਆਂ ਹਨ। ਇਸ ਨਾਲ ਇਹਨਾਂ ਦੇਸ਼ਾਂ ਵਿਚ ਵਸਤਾਂ ਦੀ ਮੰਗ, ਵਿਸ਼ੇਸ਼ ਕਰਕੇ ਖਪਤਕਾਰੀ ਵਸਤਾਂ (Consumer goods) ਦੀ ਮੰਗ ਬੁਰੀ ਤਰ੍ਹਾਂ ਹੇਠਾਂ ਡਿਗਦੀ ਜਾ ਰਹੀ ਹੈ। ਇਸਦਾ ਪ੍ਰਗਟਾਵਾ ਸਿੱਕੇ ਦੇ ਫੈਲਾਅ (inflation) ਦੀ ਥਾਂ ਸਿੱਕੇ ਦੀ ਗਿਰਾਵਟ (deflation) ਅਤੇ ਵਿਕਾਸ ਦਰ ਦੀ ਖੜੋਤ ਦੇ ਰੂਪ ਵਿਚ ਹੋ ਰਿਹਾ ਹੈ। ਆਮ ਮੰਦੀ (General recession)  ਵੱਲ ਵੱਧ ਰਹੇ ਇਸ ਦੌਰ ਨੇ ਸੰਸਾਰ ਦੀ ਤੀਜੀ ਆਰਥਕ ਸ਼ਕਤੀ ਮੰਨੇ ਜਾਣ ਵਾਲੇ ਦੇਸ਼ ਜਪਾਨ ਦਾ ਵੀ ਮੰਦਾ ਹਾਲ ਕਰ ਦਿੱਤਾ ਹੈ। ਜਪਾਨ ਵਿਚ ਆਰਥਕ ਵਿਕਾਸ ਦੀ ਦਰ ਲਗਾਤਾਰ ਤਿੰਨ ਤਿਮਾਹੀਆਂ ਹੇਠਾਂ ਜਾਣ ਕਰਕੇ, ਆਰਥਕਤਾ ਮੰਦੀ ਦੇ ਦੌਰ ਵਿਚ ਦਾਖਲ ਹੋ ਗਈ ਹੈ ਜਿਸਨੇ ਸਰਕਾਰ ਦੀਆਂ ਨੀਹਾਂ ਹਿਲਾ ਦਿੱਤੀਆਂ ਹਨ। ਇਸਦੇ ਸਿੱਟੇ ਵਜੋਂ ਉਥੇ ਨਵੀਆਂ ਚੋਣਾਂ ਕਰਾਉਣੀਆਂ ਪਈਆਂ ਹਨ। ਇਸ ਦੌਰ ਨੇ ਚੀਨ ਦੀ ਆਰਥਕਤਾ ਨੂੰ ਵੀ ਪ੍ਰਭਾਵਤ ਕਰਨਾ ਆਰੰਭ ਕਰ ਦਿੱਤਾ ਹੈ। ਉਸਦੀ ਵਿਕਾਸ ਦਰ ਜੋ 9-10% ਸਲਾਨਾ ਦੀ ਦਰ ਨਾਲ ਸਰਪਟ ਦੌੜ ਰਹੀ ਸੀ ਨੂੰ 7.4% ਤੇ ਲਿਆ ਖੜ੍ਹਾ ਕੀਤਾ ਹੈ ਅਤੇ 2014-15 ਵਿਚ 7.1% ਤੇ ਜਾ ਸਕਦੀ ਹੈ। ਨਵੰਬਰ ਵਿਚ ਇਸ ਦਾ ਉਤਪਾਦਨ ਪਿਛਲੇ ਸਤ ਮਹੀਨਿਆਂ ਵਿਚ ਸਭ ਤੋਂ ਘੱਟ ਰਿਹਾ ਹੈ। 
ਨਵਉਦਾਰਵਾਦੀ ਨੀਤੀਆਂ ਦਾ ਲੱਠਮਾਰ ਅਲੰਬਰਦਾਰ ਅਤੇ ਫਿਰਕਾਪ੍ਰਸਤੀ ਦੇ ਫਨੀਅਰ ਨਾਗ ਰਾਹੀਂ ਜਨਸ਼ਕਤੀ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ 'ਲੱਛੇਦਾਰ' ਭਾਸ਼ਣਾਂ ਅਤੇ ਅਦਾਕਾਰੀ ਰਾਹੀਂ ਜਿੰਨੇ ਮਰਜ਼ੀ ਸਬਜ਼ਬਾਗ ਵਿਖਾਈ ਜਾਵੇ ਜ਼ਮੀਨੀ ਹਾਲਤ ਏਥੇ ਵੀ ਦਿਨ ਪ੍ਰਤੀਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਨਤਕ ਅਦਾਰੇ ਜੋ ਭਾਰਤ ਦੇ ਆਰਥਕ ਵਿਕਾਸ ਦੇ ਬੁਨਿਆਦੀ ਥੰਮ ਬਣਕੇ ਉਭਰੇ ਸਨ, ਨੂੰ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਅਤੇ ਭਾਰਤ ਦੇ ਕਿਰਤੀ ਲੋਕਾਂ ਦੇ ਜਨਮਜਾਤ ਬਚਤ ਸੁਭਾਵ (Saving Tendency) ਨੂੰ, ਉਹਨਾਂ ਦੀ ਖਰੀਦ ਸ਼ਕਤੀ ਨੂੰ ਤੋੜਕੇ, ਪਹੁੰਚਾਏ ਜਾ ਰਹੇ ਨੁਕਸਾਨ ਨਾਲ ਆਰਥਕ ਹਾਲਾਤ ਹੋਰ ਰਸਾਤਲ ਵੱਲ ਜਾਣਗੇ। 
ਇਸ ਸਬੰਧੀ ਕੁੱਝ ਦੇਸ਼ਾਂ ਬਾਰੇ ਹੇਠ ਲਿਖੇ ਆਰਥਕ ਅੰਕੜੇ, ਇਸ ਚਿੰਤਾਜਨਕ ਅਵਸਥਾ ਦੀ ਗੁਆਹੀ ਭਰਦੇ ਹਨ। 

ਅਮਰੀਕਾ : ਕਈ ਤਰ੍ਹਾਂ ਦੇ ਅਨੈਤਿਕ ਪਾਪੜ ਵੇਲਣ ਦੇ ਬਾਵਜੂਦ ਅਮਰੀਕਾ ਦੀ ਹਾਲਤ ਵਿਚ ਵੀ ਬੁਨਿਆਦੀ ਸੁਧਾਰ ਨਹੀਂ ਹੋ ਰਿਹਾ। ਬੇਰੁਜ਼ਗਾਰੀ ਦੀ ਦਰ 8.1% ਹੈ, ਵਿਕਾਸ ਦਰ ਬੜੀ ਹੀ ਹੇਠਲੀ ਪੱਧਰ, 2-3% 'ਤੇ ਖੜੀ ਹੈ। ਇਹ ਸਾਰਾ ਕੁੱਝ ਇਸਦੇ ਬਾਵਜੂਦ ਹੈ ਕਿ 16 Trilion ਡਾਲਰ (16000 ਅਰਬ) ਦੀ ਅਮਰੀਕਨ ਆਰਥਕਤਾ ਆਪਣੀ ਸੈਨਕ ਅਤੇ ਆਰਥਕ ਸਰਦਾਰੀ ਦੇ ਬਲਬੂਤੇ ਦੂਜੇ ਦੇਸ਼ਾਂ ਦਾ ਸ਼ੋਸ਼ਣ ਕਰ ਸਕਦੀ ਹੈ। ਆਪਣੇ ਹਥਿਆਰਾਂ ਦੇ ਉਦਯੋਗਾਂ ਦਾ ਵਿਕਾਸ ਜਾਰੀ ਰੱਖ ਸਕਦਾ ਹੈ ਅਤੇ ਦੂਜੇ ਦੇਸ਼ਾਂ 'ਤੇ ਆਪਣਾ ਆਰਥਕ ਸੰਕਟ ਲੱਦ ਸਕਦਾ ਹੈ। 

ਯੂਰਪ : ਯੂਰਪੀਨ ਯੂਨੀਅਨ ਦੇ ਦੇਸ਼ਾਂ ਦੀ ਹਾਲਤ ਵੀ ਦਿਨੋ ਦਿਨ ਵਧੇਰੇ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰਾਂ ਸਿਰ ਚੜ੍ਹੇ ਕਰਜਿਆਂ ਦੀ ਅਦਾਇਗੀ ਦਾ ਭਾਰ ਅਤੇ ਲਗਾਤਾਰ ਘੱਟ ਰਹੀ ਮੰਗ ਅਤੇ ਮੁਦਰਾ ਦੀ ਗਿਰਾਵਟ (Deflation) ਅਤੇ ਬੇਰੁਜ਼ਗਾਰੀ ਵਿਚ ਲਗਾਤਾਰ ਹੋ ਰਿਹਾ ਵਾਧਾ ਵਧੇਰੇ ਚਿੰਤਾਜਨਕ ਬਣਦੇ ਜਾ ਰਹੇ ਹਨ। 
ਯੂਰਪੀਨ ਯੂਨੀਅਨ ਦੀ ਸਮੁੱਚੇ ਰੂਪ ਵਿਚ ਬੇਰੁਜ਼ਗਾਰੀ ਦੀ ਦਰ ਸਾਲ 2014 ਦੇ ਅੰਕੜਿਆਂ ਅਨੁਸਾਰ 10.5% ਹੈ। ਪਰ ਕਈ ਦੇਸ਼ਾਂ ਵਿਚ ਇਹ ਬਹੁਤ ਹੀ ਉੱਚੀ  ਹੈ। ਗਰੀਸ ਅਤੇ ਪੁਰਤਗਾਲ ਵਿਚ 14.8% ਹੈ। ਵਧੇਰੇ ਵਿਕਸਤ ਮੰਨੇ ਜਾਣ ਵਾਲੇ ਦੇਸ਼ਾਂ ਵਿਚ ਵੀ ਹਾਲਤ ਚੰਗੀ ਨਹੀਂ। ਫਰਾਂਸ ਵਿਚ 10.4%, ਇੰਗਲੈਂਡ 6.6%, ਜਰਮਨੀ 5.2% ਅਤੇ ਇਟਲੀ 12% ਹੈ। ਹਰ ਸਾਲ ਇਸ ਵਿਚ ਵਾਧਾ ਹੁੰਦਾ ਜਾ ਰਿਹਾ ਹੈ। 
ਸਰਕਾਰੀ ਕਰਜ਼ੇ ਜੋ ਕਿਸੇ ਦੇਸ਼ ਦੀ ਕੁਲ ਘਰੇਲੂ ਉਤਪਾਦ ਦੇ 60-70% ਦੀ ਹੱਦ ਤੱਕ ਰਹਿਣੇ ਠੀਕ ਮੰਨੇ ਜਾਂਦੇ ਹਨ ਕਈ ਯੂਰਪੀ ਦੇਸ਼ਾਂ ਵਿਚ ਬਹੁਤ ਹੀ ਜ਼ਿਆਦਾ ਹਨ। ਯੂਰਪੀਨ ਦੇਸ਼ਾਂ ਦਾ ਔਸਤਨ ਸਰਕਾਰੀ ਕਰਜ਼ਾ ਜੀ.ਡੀ.ਪੀ. ਦਾ 87.1% ਹੈ। ਇਹ ਬੈਲਜੀਅਮ ਵਿਚ 101%, ਸਾਈਪ੍ਰਸ 175%, ਫਰਾਂਸ 93.5%, ਗਰੀਸ 175%, ਇਟਲੀ 132%, ਆਇਰਲੈਂਡ 123%, ਸਪੇਨ 93.9%, ਇੰਗਲੈਂਡ 93.5% ਤੇ ਜਰਮਨੀ 87.1% ਹੈ। ਇਹ ਚੰਗੀ ਆਰਥਕਤਾ ਦੀ ਨਿਸ਼ਾਨੀ ਨਹੀਂ ਹੈ। 
ਵਿਕਾਸ ਦਰ ਯੂਰਪੀਨ ਯੂਨੀਅਨ ਦੀ ਸਮੁੱਚੇ ਤੌਰ 'ਤੇ ਅਤੇ ਇਕੱਲੇ ਇਕੱਲੇ ਦੇਸ਼ ਦੀ ਲਗਾਤਾਰ ਘਟ ਰਹੀ ਹੈ। (ਦੇਖੋ ਸਾਰਨੀ)
ਸਿੱਕੇ ਦੀ ਡਿਗਦੀ ਸਾਖ (Deflation) ਨੇ ਇਹਨਾਂ ਦੇਸ਼ਾਂ ਦੇ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਹ 0.3% ਤੱਕ ਹੇਠਾਂ ਡਿੱਗ ਪਈ ਹੈ ਜਦੋਂਕਿ ਯੂਰਪੀਨ ਸੈਂਟਰਲ ਬੈਂਕ ਦਾ ਅੰਦਾਜ਼ਾ 2% ਸਿੱਕੇ ਦੇ ਫੈਲਾਅ ਹੋਣ ਦਾ ਸੀ। ਤੇਲ ਦੀਆਂ ਰਸਾਤਲ ਵੱਲ ਜਾ ਰਹੀਆਂ ਕੀਮਤਾਂ ਜੋ ਮੰਗ ਦੇ ਬਹੁਤ ਸੁੰਗੜ ਜਾਣ ਕਾਰਨ ਘੱਟ ਰਹੀ ਉਤਪਾਦਕ ਸਰਗਰਮੀ ਦਾ ਪ੍ਰਤੀਕ ਹੈ, ਨਾਲ ਇਹਨਾਂ ਚਿੰਤਾਵਾਂ, ਵਿਚ ਹੋਰ ਵਾਧਾ ਹੋ ਰਿਹਾ ਹੈ। ਇਹ ਹਾਲਤ ਉਸ ਵੇਲੇ ਹੈ ਜਦੋਂ ਕਿ ਯੂਰਪੀਨ ਕੇਂਦਰੀ ਬੈਂਕ ਵਲੋਂ 0.5% ਦਰ ਤੇ ਕਰਜਾ ਦਿੱਤਾ ਜਾ ਰਿਹਾ ਹੈ। 

ਰੂਸ : ਮੁੱਖ ਤੌਰ 'ਤੇ ਤੇਲ ਦੀ ਦਰਾਮਦ ਤੇ ਨਿਰਭਰ ਰੂਸ ਦੀ ਆਰਥਕਤਾ ਬੁਰੀ ਤਰ੍ਹਾਂ ਡਗਮਗਾ ਗਈ ਹੈ। ਰੂਬਲ ਦੀ ਕੀਮਤ ਡਾਲਰ ਦੇ ਮੁਕਾਬਲੇ ਦੋ ਦਿਨਾਂ ਵਿਚ ਹੀ 5% ਘੱਟ ਗਈ ਹੈ। ਇਹ 26 ਮਈ 2014 ਤੋਂ 16 ਦਸੰਬਰ ਤੱਕ 34.19 ਦੇ ਮੁਕਾਬਲੇ 61.16 ਅਰਥਾਤ 78.88% ਘਟੀ ਹੈ। ਰੂਸ ਨੇ ਮੁਦਰਾ ਨੀਤੀ ਵਿਚ ਭਾਰੀ ਬਦਲ ਕਰਕੇ ਵਿਆਜ ਦਰ 11 ਦੀ ਥਾਂ 17% ਕੀਤੀ ਹੈ। ਪਰ ਫਿਰ ਵੀ ਹਾਲਤ ਛੇਤੀ ਸੁਧਰਨ ਦੀ ਆਸ ਨਹੀਂ। 

ਭਾਰਤ : ਭਾਰਤ ਦੀ ਜ਼ਮੀਨੀ ਆਰਥਕ ਹਾਲਤ ਸਰਕਾਰੀ ਦਾਅਵਿਆਂ ਦੀ ਖਿੱਲੀ ਉਡਾ ਰਹੀ ਹੈ। ਸਰਕਾਰ ਆਪਣਾ ਇਕ ਵੀ ਵਾਅਦਾ ਨਹੀਂ ਨਿਭਾ ਰਹੀ। ਲੋਕ ਫਰੇਬੀ ਨਾਹਰਿਆਂ ਰਾਹੀਂ ਠੱਗੇ ਗਏ ਮਹਿਸੂਸ ਕਰ ਰਹੇ ਹਨ। ਹਕੀਕਤਾਂ ਮੋਦੀ ਤੇ ਉਸਦੀ ਸਰਕਾਰ ਦੇ ਧੋਖੇ ਭਰੇ ਬਿਆਨਾਂ 'ਤੇ ਜ਼ੋਰਦਾਰ ਤਮਾਚੇ ਮਾਰ ਰਹੀਆਂ ਹਨ। ਹੇਠ ਲਿਖੇ ਕੁਝ ਅੰਕੜੇ ਇਸਦੇ ਸਪੱਸ਼ਟ ਸਬੂਤ ਹਨ। 

(ੳ) ਰੁਪਏ ਦੀ ਕੀਮਤ 26 ਮਈ (ਸਰਕਾਰ ਬਣਨ ਸਮੇਂ) ਤੋਂ ਲੈ ਕੇ 17 ਦਸੰਬਰ ਤੱਕ 58.29 ਦੇ ਮੁਕਾਬਲੇ 63.61 ਪ੍ਰਤੀ ਡਾਲਰ ਹੋ ਗਈ ਹੈ। ਇਹ 8.4% ਘਟੀ ਹੈ। ਇਹ ਉਸ ਵੇਲੇ ਹੋਇਆ ਹੈ ਜਦੋਂ ਕਿ ਦਰਾਮਦਾਂ ਦਾ ਸਭ ਤੋਂ ਵੱਡਾ ਭਾਰ ਕੱਚੇ ਤੇਲ ਦੀ ਕੀਮਤ 115 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 59 ਡਾਲਰ ਹੋ ਗਈ ਹੈ। 

(ਅ) ਵੱਧ ਰਿਹਾ ਵਪਾਰਕ ਘਾਟਾ : ਮੋਦੀ ਸਰਕਾਰ ਦੇ ਸਮੇਂ ਵਿਚ ਬਰਾਮਦਾਂ ਘਟੀਆਂ ਹਨ ਅਤੇ ਦਰਾਮਦਾਂ ਵਿਚ ਭਾਰੀ ਵਾਧਾ ਹੋਇਆ ਹੈ। ਨਵੰਬਰ ਮਹੀਨੇ ਵਿਚ ਸੋਨੇ ਦੀ ਭਾਰੀ ਦਰਾਮਦ ਨਾਲ ਦਰਾਮਦਾਂ ਵਿਚ 27% ਵਾਧਾ ਹੋਇਆ ਹੈ ਜਦੋਂ ਕਿ ਤੇਲ ਦੀਆਂ ਦਰਾਮਦਾਂ ਵਿਚ 9.7 ਘਾਟਾ ਹੋਣ ਦੇ ਬਾਵਜੂਦ ਗੈਰ ਤੇਲ ਪਦਾਰਥਾਂ ਵਿਚ 49.6% ਵਾਧਾ ਹੋਇਆ ਹੈ। ਇਸਦੇ ਮੁਕਾਬਲੇ ਵਿਚ ਬਰਾਮਦਾਂ ਸਿਰਫ 7.27% ਵਧੀਆਂ ਹਨ। ਇਸ ਨਾਲ ਚਾਲੂ ਖਾਤੇ ਦਾ ਘਾਟਾ (CAD) ਨਵੰਬਰ ਮਹੀਨੇ ਵਿਚ ਹੀ 10 ਅਰਬ ਡਾਲਰ ਹੋ ਗਿਆ ਹੈ। ਇਹ ਉਸ ਸਮੇਂ ਹੋ ਰਿਹਾ ਹੈ ਜਦੋਂਕਿ ਰੁਪਏ ਦੀ ਕੀਮਤ ਘਟਣ ਨਾਲ ਦਰਾਮਦਾਂ ਵਧਣੀਆਂ ਚਾਹੀਦੀਆਂ ਸਨ ਅਤੇ ਤੇਲ ਦੀ ਦਰਾਮਦ ਕੀਮਤ ਜੂਨ ਦੇ ਮੁਕਾਬਲੇ ਲਗਭਗ ਅੱਧੀ ਰਹਿ ਗਈ ਹੈ। ਸਭ ਤੋਂ ਵੱਡੀ ਦਰਾਮਦ ਸੋਨੇ ਦੀ ਹੋਈ ਹੈ ਜੋ ਨਵੰਬਰ ਵਿਚ ਛੇ ਗੁਣਾਂ ਵੱਧ ਗਈ। ਨਵੰਬਰ 2014 ਵਿਚ ਸੋਨੇ ਦੀ ਦਰਾਮਦ 5.61 ਅਰਬ ਡਾਲਰ ਦੀ ਹੋਈ ਜਦੋਂਕਿ ਪਿਛਲੇ ਸਾਲ ਨਵੰਬਰ ਵਿਚ ਇਹ ਸਿਰਫ 8 ਕਰੋੜ 36 ਲੱਖ ਡਾਲਰ ਸੀ। ਅਜਿਹਾ ਮੋਦੀ ਸਰਕਾਰ ਵਲੋਂ ਪਿਛਲੀ ਸਰਕਾਰ ਵਲੋਂ ਸੋਨੇ ਦੀ ਦਰਾਮਦ ਤੇ ਲਾਈ 10% ਕਸਟਮ ਡਿਊਟੀ ਅਤੇ ਬਾਹਰੋਂ ਮੰਗਵਾਏ ਸੋਨੇ ਦਾ 20% ਦਰਾਮਦ ਕੀਤੇ ਜਾਣ ਦੀ ਸ਼ਰਤ ਵਾਪਸ ਲੈ ਲਏ ਜਾਣ ਕਰਕੇ ਹੋਇਆ ਹੈ। 

(ੲ) ਘੱਟ ਰਿਹਾ ਉਦਯੋਗਿਕ ਉਤਪਾਦਨ : ਅਕਤੂਬਰ ਮਹੀਨੇ ਵਿਚ ਉਦਯੋਗਿਕ ਉਤਪਾਦਨ 4.2% ਘੱਟ ਗਿਆ ਹੈ ਅਤੇ ਇਹ ਘਾਟਾ ਵਧੇਰੇ ਕਰਕੇ ਮੈਨੂਫੈਕਚਰਿੰਗ ਅਤੇ ਖਪਤਕਾਰੀ ਵਸਤਾਂ ਦੇ ਖੇਤਰ ਵਿਚ ਹੋਇਆ ਹੈ। 13 ਨਵੰਬਰ ਦੇ ਇੰਡੀਅਨ ਐਕਸਪ੍ਰੈਸ ਅਨੁਸਾਰ ਅਕਤੂਬਰ ਮਹੀਨੇ ਵਿਚ ਮੈਨੂਫੈਕਚਰੀ ਉਤਪਾਦਨ 7.6% ਅਤੇ ਖਪਤਕਾਰ ਵਸਤਾਂ ਦਾ ਉਤਪਾਦਨ 18.6% ਘਟਿਆ ਹੈ। ਅਪ੍ਰੈਲ ਤੋਂ ਅਕਤੂਬਰ ਦੇ 7 ਮਹੀਨਿਆਂ ਵਿਚ ਉਦਯੋਗਿਕ ਉਤਪਾਦਨ ਦਾ ਸੂਚਕ ਅੰਕ (IIP) ਸਿਰਫ 1.9% ਹੀ ਵਧਿਆ ਹੈ। ਉਦਯੋਗਿਕ ਉਤਪਾਦਨ ਦੇ ਖੇਤਰ ਵਿਚਲੇ ਨਿਰਾਸ਼ਾਜਨਕ ਮਹੌਲ ਤੋਂ ਸਰਕਾਰ ਅਤੇ ਕਾਰਪੋਰੇਟ ਘਰਾਣੇ ਬੜੇ ਚਿੰਤਤ ਹਨ। ਤਿਉਹਾਰਾਂ ਦੇ ਮਹੀਨੇ ਵਿਚ ਇਹ ਘਾਟਾ ਹੋਰ ਵੀ ਵਧੇਰੇ ਚਿੰਤਾਜਨਕ ਬਣ ਜਾਂਦਾ ਹੈ। ਫਿੱਕੀ ਦੇ ਪ੍ਰਧਾਨ ਸਿਧਾਰਥ ਬਿਰਲਾ ਨੇ ਕਿਹਾ ਕਿ ਅਕਤੂਬਰ ਮਹੀਨੇ ਵਿਚਲੇ ਮੈਨੂਫੈਕਚਰਿੰਗ ਉਤਪਾਦਨ ਵਿਚ ਆਈ ਗਿਰਾਵਟ ਇਸ ਕਰਕੇ ਵੀ ਵਧੇਰੇ ਚਿੰਤਾਜਨਕ ਹੈ ਕਿਉਂਕਿ ਇਹ ਸਿਰਫ ਕੁਝ ਖੇਤਰਾਂ ਤੱਕ ਹੀ ਸੀਮਤ ਨਹੀਂ। 
ਇਸ ਨਿਰਾਸ਼ਾਜਨਕ ਮਹੌਲ ਨੇ ਕੁਲ ਘਰੇਲੂ ਉਤਪਾਦਨ ਬਾਰੇ ਤਿਮਾਹੀ ਅੰਕੜੇ ਵੀ ਕਾਫੀ ਹੇਠਾਂ ਲੈ ਆਂਦੇ ਹਨ। ਸਤੰਬਰ ਮਹੀਨੇ ਵਿਚ ਖਤਮ ਹੋਈ ਦੂਜੀ ਤਿਮਾਹੀ ਵਿਚ ਇਹ ਵਾਧਾ 5.3% ਰਹਿ ਗਿਆ ਜਦੋਂਕਿ ਪਹਿਲੀ ਤਿਮਾਹੀ ਵਿਚ ਇਹ 5.7% ਸੀ ਅਤੇ ਇਹ ਪਿਛਲੇ ਸਾਲ (2013) ਦੀ ਦੂਜੀ ਤਿਮਾਹੀ ਵਿਚਲੇ 5.2% ਦੇ ਨੇੜੇ ਪੁੱਜ ਗਈ ਹੈ। ਤੀਜੀ ਤਿਮਾਹੀ ਵਿਚ ਇਹ 5.1% ਤੱਕ ਜਾਣ ਦੇ ਅੰਦਾਜ਼ੇ ਹਨ। 

(ਸ) ਵਿੱਤੀ ਘਾਟਾ ਕਾਬੂ ਵਿਚ ਨਹੀਂ ਆ ਰਿਹਾ : ਸਰਕਾਰ ਦੇ ਸਾਰੇ ਲੋਕ ਵਿਰੋਧੀ ਜਤਨਾਂ ਜਿਵੇਂ ਕਿ ਸਬਸਿਡੀਆਂ ਦੀ ਕਟੌਤੀ ਕਰਨ, ਜਨਤਕ ਅਦਾਰਿਆਂ ਵਿਚੋਂ ਹਿੱਸੇਦਾਰੀ ਘਟਾਉਣ, ਮਨਰੇਗਾ ਵਰਗੇ ਲੋਕ ਪੱਖੀ ਕੰਮਾਂ ਵਿਚ ਕਟੌਤੀਆਂ ਕਰਨ ਤੇ ਲੋਕਾਂ 'ਤੇ ਅਸਿੱਧੇ ਟੈਕਸ ਵਧਾਉਣ, ਡੀਜ਼ਲ, ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਧਾਉਣ ਅਤੇ ਮਨਜੂਰ ਸ਼ੁਦਾ ਜਨਤਕ ਸੇਵਾਵਾਂ ਦੇ ਗੈਰਯੋਜਨਾ ਖਰਚਿਆਂ ਵਿਚ ਬਚਤ ਕਰਨ ਦੇ ਨਾਂਅ ਤੇ ਕਟੌਤੀਆਂ ਕਰਨ ਦੇ ਬਾਵਜੂਦ ਵਿੱਤੀ ਘਾਟੇ ਨੂੰ 4.1% ਤੇ ਲਿਆਉਣ ਵਿਚ ਸਫਲਤਾ ਨਹੀਂ ਮਿਲ ਰਹੀ। 
28 ਨਵੰਬਰ ਦੀ ਇੰਡੀਅਨ ਐਕਸਪ੍ਰੈਸ ਅਨੁਸਾਰ 31 ਅਕਤੂਬਰ ਤੱਕ ਵਿੱਤੀ ਘਾਟਾ 47,575 ਕਰੋੜ ਰੁਪਏ ਹੈ ਜੋ ਸਾਰੇ ਸਾਲ ਦੇ ਘਾਟੇ ਦੇ ਅਨੁਮਾਨ ਦਾ ਲਗਭਗ 90% ਬਣਦਾ ਹੈ। ਇਸ ਤਰ੍ਹਾਂ ਇਸ ਸਮੇਂ ਦੌਰਾਨ ਅਕਤੂਬਰ ਤਕ ਮਾਲੀ ਘਾਟਾ 3,72,634 ਕਰੋੜ ਹੈ ਜੋ ਸਾਰੇ ਵਿੱਤੀ ਸਾਲ ਦੇ ਘਾਟੇ ਦੇ ਅਨੁਮਾਨਾਂ ਦਾ 91% ਦੇ ਲਗਭਗ ਬਣਦਾ ਹੈ। 

(ਹ) ਲੋਕਾਂ ਵਿਚ ਵੱਧ ਰਹੀ ਮੰਦਹਾਲੀ : ਸਰਕਾਰ ਦੀਆਂ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਰਾਖੀ ਲਈ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨਾਲ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ ਗਰੀਬ ਲੋਕਾਂ ਵਿਰੁੱਧ ਹੁੰਦਾ ਸਮਾਜਕ ਜਬਰ ਅਤੇ ਔਰਤਾਂ ਵਿਰੁੱਧ ਹਿੰਸਾ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਨਵਉਦਾਰਵਾਦੀ ਨੀਤੀਆਂ ਰਾਹੀਂ ਛੋਟੇ ਉਦਯੋਗਾਂ, ਛੋਟੇ ਕਾਰੋਬਾਰਾਂ ਅਤੇ ਛੋਟੀ ਕਿਸਾਨੀ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਕਰਕੇ ਨਵੇਂ ਰੁਜ਼ਗਾਰ ਵਸੀਲੇ ਪੈਦਾ ਹੋਣ ਦੀ ਥਾਂ ਪਹਿਲਾਂ ਨਾਲੋਂ ਵੀ ਬਹੁਤ ਘਟਦੇ ਜਾ ਰਹੇ ਹਨ। ਕੁਦਰਤੀ ਵਸੀਲਿਆਂ ਅਤੇ ਜਨਤਕ ਖੇਤਰ ਦੀ ਹਿੱਸੇਦਾਰੀ ਨੂੰ ਕੌਡੀਆਂ ਦੇ ਭਾਅ ਵੇਚਣ ਨਾਲ ਭਰਿਸ਼ਟਾਚਾਰ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼  ਅੰਦਰਲੇ ਅਤੇ ਬਦੇਸ਼ਾਂ ਵਿਚ ਭੇਜੇ ਜਾ ਰਹੇ ਕਾਲੇ ਧਨ ਵਿਚ ਵਾਧਾ ਹੋ ਰਿਹਾ ਹੈ। ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਜ਼ਦੂਰਾਂ ਦੀ ਲੁੱਟ ਹੋਰ ਤੇਜ਼ ਕਰਨ ਦੀ ਛੋਟ ਮਿਲ ਰਹੀ ਹੈ। ਜ਼ਮੀਨ ਅਧੀਗ੍ਰਹਿਣ ਦੇ ਕਾਨੂੂੰਨ ਵਿਚ ਕਿਸਾਨ ਵਿਰੋਧੀ ਸੋਧਾਂ ਰਾਹੀਂ ਇਕ ਪਾਸੇ ਕਿਸਾਨੀ ਦੀ ਲੁੱਟ ਹੋਰ ਤਿੱਖੀ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਦੇਸ਼ ਦੀ ਅਨਾਜ ਸੁਰੱਖਿਅਤਾ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਜਾਵੇਗਾ। ਪਿੰਡਾਂ ਦੇ ਸ਼ਕਤੀਸ਼ਾਲੀ ਲੋਕ ਅਤੇ ਸ਼ਹਿਰੀ ਕਾਰਪੋਰੇਟ ਘਰਾਣੇ ਸਰਕਾਰੀ ਅਤੇ ਆਪਣੀ ਨਿੱਜੀ ਲੱਠਮਾਰ ਸ਼ਕਤੀ ਰਾਹੀਂ ਦਲਿਤਾਂ, ਔਰਤਾਂ ਅਤੇ ਹੋਰ ਗਰੀਬ ਲੋਕਾਂ 'ਤੇ ਸਮਾਜਕ ਜਬਰ ਤਿੱਖਾ ਕਰ ਰਹੇ ਹਨ। ਵਿਦਿਆ, ਸਿਹਤ ਸੇਵਾਵਾਂ ਅਤੇ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਤੋਂ ਸਰਕਾਰ ਦੇ ਪਿੱਛੇ ਹਟਣ ਨਾਲ ਅਨਪੜ੍ਹਤਾ ਅਤੇ ਬਿਮਾਰੀਆਂ ਦਾ ਬੋਲਬਾਲਾ ਹੋ ਰਿਹਾ ਹੈ। 

(ਕ) ਜੁਰਮਾਂ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਨੌਜਵਾਨ  ਵਰਗ : ਭਾਰਤ ਦੀ ਨੌਜਵਾਨ ਸ਼ਕਤੀ ਹਰ ਪੱਖੋਂ ਮਾਣ ਕਰਨ ਵਾਲੀ ਗੱਲ ਹੈ। ਭਾਰਤ ਦੀ 65% ਅਬਾਦੀ ਦਾ 35 ਸਾਲ ਦੀ ਉਮਰ ਤੱਕ ਹੋਣਾ, ਨੌਜਵਾਨ ਸ਼ਕਤੀ ਜਿਸ ਵਿਚ ਪੜ੍ਹੇ ਲਿਖਿਆਂ ਦੀ ਗਿਣਤੀ ਬਹੁਤ ਵੱਡੀ ਹੈ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਬਣ ਸਕਦੀ ਹੈ। ਪਰ ਇਹ ਸ਼ਕਤੀ ਬੇਰੁਜ਼ਗਾਰੀ ਅਤੇ ਸਮਾਜਕ ਤੌਰ 'ਤੇ ਕਿਸੇ ਅਗਾਂਹਵਧੂ ਸਿਧਾਂਤ ਅਤੇ ਵਿਅਕਤੀਆਂ ਦੇ ਕਿਸੇ ਰੋਲ ਮਾਡਲ ਦੀ ਅਣਹੋਂਦ ਦਾ ਸ਼ਿਕਾਰ ਹੋ ਕੇ ਦੇਸ਼ ਵਿਚ ਫੈਲੇ ਭਰਿਸ਼ਟਾਚਾਰ ਦੇ ਪ੍ਰਭਾਵ ਹੇਠਾਂ ਨਸ਼ਾਖੋਰੀ, ਲੁੱਟਾਂ-ਖੋਹਾਂ ਅਤੇ ਔਰਤਾਂ ਵਿਰੁੱਧ ਘਿਣਾਉਣੇ ਜ਼ੁਰਮਾਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ। ਉਹ ਆਪਣੇ ਹਿਤਾਂ ਦੀ ਰਾਖੀ ਅਤੇ ਦੇਸ਼ ਦੇ ਲੋਕ ਪੱਖੀ ਵਿਕਾਸ ਰਾਹੀਂ ਬੁਨਿਆਦੀ ਤਬਦੀਲੀ ਲਈ ਜਥੇਬੰਦ ਸੰਘਰਸ਼ ਕਰਨ ਦੀ ਥਾਂ ਕਾਫੀ ਵੱਡੀ ਗਿਣਤੀ ਵਿਚ ਨਸ਼ੇੜੀਆਂ ਅਤੇ ਗੁਨਾਹਗਾਰਾਂ ਦੇ ਟੋਲਿਆਂ ਦੇ ਰੂਪ ਵਿਚ ਅਵਾਰਾ ਘੁੰਮ ਰਹੀ ਹੈ। ਦੇਸ਼ ਦੇ ਹਾਕਮ ਅਤੇ ਵੱਖ ਵੱਖ ਡੇਰਿਆਂ ਦੇ ਅਖੌਤੀ ਸਾਧ ਸੰਤ ਆਪਣੇ ਅਮਲਾਂ ਰਾਹੀਂ  ਅਤੇ ਆਪਣੀ ਰਾਜਸੀ, ਧਾਰਮਕ ਅਤੇ ਆਰਥਕ ਸ਼ਕਤੀ ਰਾਹੀਂ ਉਹਨਾਂ ਨੂੰ ਇਸ ਦਲਦਲ ਵਿਚ ਹੋਰ ਡੂੰਘਾ ਧੱਕ ਰਹੇ ਹਨ। ਸਮੁੱਚਾ ਸੰਘ ਪਰਿਵਾਰ ਉਸ ਨੂੰ ਫਿਰਕੂ ਵਿਚਾਰਾਂ ਵਿਚ ਰੰਗਕੇ ਘਟ ਗਿਣਤੀਆਂ ਵਿਰੁੱਧ ਹਿੰਸਾ ਕਰਨ ਲਈ ਲਾਮਬੰਦ ਕਰ ਰਿਹਾ ਹੈ। ਅਨੇਕਾਂ ਨੌਜਵਾਨ ਮਾਪਿਆਂ ਦੀ ਰਗੀਂ ਅੰਗੂਠੇ ਦੇ ਕੇ ਬਦੇਸ਼ਾਂ ਵਿਚ ਜਾਣ ਦੀ ਲਾਲਸਾ ਕਰਕੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਅਨੇਕਾਂ ਜੇਲ੍ਹਾਂ ਵਿਚ ਬੰਦ ਹਨ। ਇਹ ਵਰਤਾਰਾ ਦੇਸ਼ ਦੇ ਮੌਜੂਦਾ ਪ੍ਰਬੰਧ ਅਤੇ ਇਸਨੂੰ ਚਲਾ ਰਹੇ ਰਾਜਨੀਤੀਵਾਨਾਂ ਵਲੋਂ ਆਪਣੀ ਨੌਜਵਾਨ ਪੀੜ੍ਹੀ ਵਿਰੁੱਧ ਕੀਤਾ ਜਾ ਰਿਹਾ ਘਿਣਾਉਣਾ ਜ਼ੁਰਮ ਹੈ, ਜੋ ਕਦੇ ਮੁਆਫ ਨਹੀਂ ਹੋ ਸਕਦਾ। 

(ਖ) ਵੱਧ ਰਿਹਾ ਸਾਮਰਾਜੀ ਦਖਲ : ਸੰਸਾਰ ਦੇ ਸਾਰੇ ਵਿਕਾਸਸ਼ੀਲ ਦੇਸ਼ਾਂ ਦਾ ਇਤਿਹਾਸ ਗੁਆਹ ਹੈ ਕਿ ਜਿੰਨਾ ਕੋਈ ਦੇਸ਼ ਆਰਥਕ ਅਤੇ ਰਾਜਸੀ ਤੌਰ 'ਤੇ ਸਾਮਰਾਜੀ ਦੇਸ਼ਾਂ ਨਾਲ ਵੱਧ ਜੁੜਿਆ ਅਤੇ ਆਪਣੇ ਸਵੈਨਿਰਭਰਤਾ ਵਾਲੇ ਵਿਕਾਸ ਮਾਡਲ ਤੋਂ ਦੂਰ ਰਿਹਾ, ਉਨਾ ਹੀ ਉਹ ਘੱਟ ਵਿਕਸਤ, ਰਾਜਨੀਤਕ ਤੌਰ ਤੇ ਅਸਥਿਰ ਅਤੇ ਅੱਤਵਾਦੀ-ਵੱਖਵਾਦੀ ਸ਼ਕਤੀਆਂ ਦਾ ਸ਼ਿਕਾਰ ਹੋਇਆ ਹੈ। ਭਾਰਤ ਨੇ ਆਰੰਭ ਵਿਚ, ਵਿਸ਼ੇਸ਼ ਕਰਕੇ ਨਹਿਰੂਵਾਦ ਦੇ ਸਮੇਂ ਵਿਚ, ਸਰਮਾਏਦਾਰੀ ਰਾਹ 'ਤੇ ਚਲਦੇ ਹੋਏ ਕੁਝ ਹੱਦ ਤੱਕ ਸਵੈਨਿਰਭਰਤਾ ਵਾਲੇ ਪਾਸੇ ਕਦਮ ਵੀ ਚੁੱਕੇ ਸਨ। ਪਰ ਪਿਛੋਂ ਰਾਜੀਵ  ਗਾਂਧੀ ਦੇ ਸਮੇਂ ਤੋਂ ਨੀਤੀਆਂ ਵਿਚ ਮੋੜਾ ਦੇਣਾ ਸ਼ੁਰੂ ਕਰਕੇ ਦੇਸ਼ ਦੇ ਹਾਕਮਾਂ ਨੇ 1991 ਵਿਚ ਸਾਮਰਾਜੀ ਦਖਲ ਲਈ ਆਪਣੇ ਦੇਸ਼ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੋਲ ਦਿੱਤੇ। ਸਿੱਟੇ ਵਜੋਂ ਦੇਸ਼ ਵਿਚ ਆਮ ਆਦਮੀ ਲਈ ਵਿਦਿਆ, ਸਿਹਤ ਸੇਵਾਵਾਂ ਅਤੇ ਰੁਜ਼ਗਾਰ ਪ੍ਰਾਪਤੀ ਦੇ ਮੌਕੇ ਮਿਲਣੇ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਗਏ। ਸਰਕਾਰ ਨੇ ਕਿਰਤੀ ਲੋਕਾਂ ਦੇ ਹਿਤਾਂ ਦੀ  ਰਾਖੀ ਕਰਨ ਦੀ ਥਾਂ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਲਈ ਰਾਹ ਪੱਧਰਾ ਅਤੇ ਸੁਖਾਲਾ ਕਰਨ ਦੀ ਨਿਸ਼ੰਗ ਜਿੰਮੇਵਾਰੀ ਲੈ ਲਈ। ਤੇਜੀ ਨਾਲ ਵਧੇ ਇਸ ਦਖਲ ਰਾਹੀਂ ਭਾਰਤ ਦੀ ਬਦੇਸ਼ ਨੀਤੀ ਵਿਚ ਵੀ ਭਾਰੀ ਮੋੜਾ ਆ ਗਿਆ ਹੈ। ਸਾਮਰਾਜ ਦਾ ਦਖਲ ਹੋਰ ਸੁਖਾਲਾ ਬਣਾਉਣ ਲਈ ''ਮੇਕ ਇਨ ਇੰਡੀਆ'' ਵਰਗੇ ਨਾਹਰੇ ਦਿੱਤੇ ਜਾ ਰਹੇ ਹਨ। ਜਿਹੜੇ ਦੇਸ਼ ਦੀ ਆਰਥਕਤਾ ਨੂੰ ਸਵੈਨਿਰਭਰ ਕਰਨ ਦੀ ਬਜਾਏ ਵਧੇਰੇ ਕਰਕੇ ਬਰਾਮਦ ਮੁਖੀ ਬਣਾਉਣ ਦਾ ਕੰਮ ਕਰਨਗੇ। ਕੌਮਾਂਤਰੀ ਪੱਧਰ 'ਤੇ ਡੂੰਘੇ ਹੁੰਦੇ ਜਾ ਰਹੇ ਆਰਥਕ ਸੰਕਟ ਕਰਕੇ ਬਰਾਮਦ ਮੁਖੀ ਨੀਤੀ ਭਾਰਤ ਲਈ ਹੋਰ ਡੂੰਘਾ ਸੰਕਟ ਲੈ ਕੇ ਆਵੇਗੀ ਅਤੇ ਸਾਮਰਾਜ ਦੀ ਹੋਰ ਵਧੇਰੇ ਦਬੇਲ ਬਣਾ ਦੇਵੇਗੀ। 
ਵਿਕਾਸਸ਼ੀਲ ਦੇਸ਼ਾਂ ਲਈ ਵੱਡੀ ਚਣੌਤੀ 
ਕੌਮਾਂਤਰੀ ਪੱਧਰ 'ਤੇ ਫੈਲੇ ਇਸ ਮੌਜੂਦਾ ਸੰਕਟ ਦੇ ਦੋ ਬੁਨਿਆਦੀ ਕਾਰਨ ਸਮਝੇ ਜਾ ਰਹੇ ਹਨ। ਇਕ ਤਾਂ ਸਰਕਾਰਾਂ ਦੇ ਸਿਰ ਚੜ੍ਹੇ ਸਰਕਾਰੀ ਕਰਜ਼ੇ, ਜਿਹੜੇ ਉਹਨਾਂ ਇਸ ਸੰਕਟ ਦੇ ਦੌਰਾਨ ਆਪਣੀਆਂ ਵਿੱਤੀ ਸੰਸਥਾਵਾਂ ਅਤੇ ਉਦਯੋਗਕ ਕੰਪਨੀਆਂ ਨੂੰ ਉਤਸ਼ਾਹਵਰਧਕ ਪੈਕੇਜ਼ (Stimulus) ਵਜੋਂ ਦਿੱਤੇ ਸਨ ਅਤੇ ਦੂਜਾ ਆਮ ਲੋਕਾਂ ਦੀ ਘਟ ਰਹੀ ਮੰਗ। ਸਰਮਾਏਦਾਰੀ ਢਾਂਚੇ ਵਿਚ ਵੀ ਇਸਦਾ ਅੰਸ਼ਕ ਹੱਲ ਤਾਂ ਕੈਨੇਜੀਅਨ ਮਾਡਲ ਰਾਹੀਂ ਸਰਕਾਰ ਵਲੋਂ ਜਨਤਕ ਖੇਤਰ ਵਿਚ ਵੱਧ ਤੋਂ ਵੱਧ ਨਿਵੇਸ਼ ਕਰਕੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਕੇ ਲੋਕਾਂ ਦੀ ਖਰੀਦ ਸ਼ਕਤੀ ਵਧਾਕੇ ਜਨਤਕ ਮੰਗ ਵਧਾਉਣਾ ਸੀ। ਪਰ ਉਹ ਤਾਂ ਉਲਟੇ ਬਚਤ ਕਾਰਵਾਈਆਂ (Austerity Measures) ਰਾਹੀਂ ਸੋਵੀਅਤ ਮਾਡਲ ਦੇ ਪ੍ਰਭਾਵ ਅਤੇ ਆਪਣੇ ਸੰਘਰਸ਼ਾਂ ਰਾਹੀਂ ਕਿਰਤੀ ਲੋਕਾਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਭਾਵ ਸਮਾਜਕ ਸੁਰੱਖਿਅਤਾਵਾਂ 'ਤੇ ਹਮਲਾ ਕਰਕੇ ਖਰੀਦ ਸ਼ਕਤੀ ਨੂੰ ਹੋਰ ਕਮਜ਼ੋਰ ਕਰਨ ਵਾਲੇ ਮੜ੍ਹੀਆਂ ਦੇ ਰਸਤੇ ਤੁਰਨ ਲਈ ਹੋਰ ਤੇਜ਼ ਹੋਈਆਂ ਹਨ। ਉਹਨਾਂ ਨੂੰ ਚਾਹੀਦਾ ਸੀ ਕਿ ਜਿਹਨਾਂ ਅਦਾਰਿਆਂ ਨੇ ਉਤਸ਼ਾਹਵਰਧਕ ਪੈਕੇਜ ਲਏ ਹਨ ਉਹ ਰਕਮਾਂ ਵਾਪਸ ਕਰਨ ਤਾਕਿ ਸਰਕਾਰ ਆਪਣੇ ਕਰਜ਼ੇ ਅਦਾ ਕਰ ਸਕੇ। ਪਰ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨਵੇਂ ਨੋਟ ਛਾਪਣ (Quantitative easing) ਅਤੇ ਵੱਡੀਆਂ ਕੰਪਨੀਆਂ ਨੂੰ ਹੋਰ ਵਧੇਰੇ ਪੈਕੇਜ਼ ਦੇਣ ਲਈ ਤਿਆਰ ਹਨ। ਅਮਰੀਕਾ ਹਰ ਮਹੀਨੇ10 ਬਿਲੀਅਨ ਡਾਲਰ ਦੇ ਨਵੇਂ ਨੋਟ ਲੰਮੇ ਸਮੇਂ ਤੋਂ ਛਾਪ ਰਿਹਾ ਹੈ। ਹੁਣ ਯੂਰਪੀਨ ਕੇਂਦਰੀ ਬੈਂਕ (E.C.B.) 'ਤੇ ਨਵੇਂ ਯੂਰੋ ਨੋਟ ਛਾਪਣ ਲਈ ਦਬਾਅ ਪਾਇਆ ਜਾ ਰਿਹਾ ਹੈ। 
ਇਸ ਲਈ ਵਿਕਸਤ ਦੇਸ਼ ਆਪਣੇ ਤੌਰ 'ਤੇ ਆਪਣੇ ਸੰਕਟ 'ਤੇ ਕਾਬੂ ਨਹੀਂ ਪਾ ਸਕਣਗੇ। ਉਹਨਾਂ ਪਾਸ ਇਕ ਸੌਖਾ ਹੱਲ ਹੈ ਕਿ ਉਹ ਵਿਕਾਸਸ਼ੀਲ ਦੇਸ਼ਾਂ ਦੀਆਂ ਮੰਡੀਆਂ ਅਤੇ ਹੋਰ ਕੁਦਰਤੀ ਵਸੀਲਿਆਂ 'ਤੇ ਕਬਜ਼ਾ ਕਰਕੇ ਇਹਨਾਂ ਦੇਸ਼ਾਂ ਦੀ ਸਸਤੀ ਅਤੇ ਹੁਨਰਮੰਦ ਮਜ਼ਦੂਰ ਸ਼ਕਤੀ ਰਾਹੀਂ ਇਹਨਾਂ ਦੇਸ਼ਾਂ ਵਿਚ ਉਤਪਾਦਨ ਕਰਕੇ ਆਪਣੀ ਹਾਲਤ ਸੁਧਾਰਨ। ਇਸ ਪਿਛੋਕੜ ਵਿਚ ਹੀ ੳਹਨਾਂ ਦੀਆਂ ਸਰਕਾਰਾਂ ਵਿਤੀ ਸੰਸਥਾਵਾਂ ਅਤੇ ਉਦਯੋਗਕ ਕਾਰਪੋਰੇਟ ਅਤੇ ਸੰਸਾਰ ਵਪਾਰ ਸੰਸਥਾ ਆਦਿ ਸੰਸਥਾਵਾਂ ਬਹੁਤ ਸਰਗਰਮ ਹੋਈਆਂ ਹਨ ਅਤੇ ਧੱਕੇ ਨਾਲ ਵਿਕਾਸਸ਼ੀਲ ਦੇਸ਼ਾਂ ਉਪਰ ਆਪਣੀਆਂ ਲੁਟੇਰੀਆਂ ਸ਼ਰਤਾਂ ਮੜ੍ਹ ਰਹੀਆਂ ਹਨ। ਮੋਦੀ ਵਰਗੇ ਲੱਛੇਦਾਰ ਭਾਸ਼ਣਕਰਤਾ ਫਿਰਕੂ ਵਿਚਾਰਧਾਰਾ ਵਾਲੇ ਆਗੂ ਉਹਨਾਂ ਦੇ ਬਹੁਤ ਚਹੇਤੇ ਹਨ ਜਿਹੜੇ ਆਪਣੀ ਭਾਸ਼ਣ ਕਲਾ ਰਾਹੀਂ ਸਾਮਰਾਜੀ ਵਿਕਾਸ ਦੇ ਜ਼ਹਿਰ ਨੂੰ ਲੋਕਾਂ ਦੇ ਸੰਘ ਵਿਚ ਉਤਾਰ ਸਕਦੇ ਹਨ ਅਤੇ ਕਿਰਤੀ ਲੋਕਾਂ ਦੀ ਏਕਤਾ ਨੂੰ ਫਿਰਕੂ ਲੀਹਾਂ 'ਤੇ ਤੋੜ ਸਕਦੇ ਹਨ। 



ਵਿਕਾਸਸ਼ੀਲ ਦੇਸ਼ਾਂ ਲਈ ਫੌਰੀ ਕਾਰਜ
ਇਸ ਲਈ ਦੇਸ਼ ਹਿਤੂ ਆਰਥਕ ਮਾਹਰਾਂ, ਕਿਰਤੀ ਲੋਕਾਂ ਅਤੇ ਉਹਨਾਂ ਦੀਆਂ ਖੱਬੀਆਂ ਪਾਰਟੀਆਂ ਨੂੰ ਜ਼ੋਰਦਾਰ ਸੰਘਰਸ਼ਾਂ ਰਾਹੀਂ ਦੇਸ਼ ਦੇ ਹਾਕਮਾਂ ਨੂੰ ਮਜ਼ਬੂਰ ਕਰਨਾ ਚਾਹੀਦਾ ਹੈ ਕਿ ਉਹ ਸਾਮਰਾਜੀ ਦੇਸ਼ਾਂ ਦੇ ਪਿਛਲੱਗੂ ਬਣਨ ਦੀ ਥਾਂ  ਸਵੈ-ਨਿਰਭਰਤਾ ਵਾਲਾ ਲੋਕ ਪੱਖੀ ਵਿਕਾਸ ਮਾਡਲ ਅਪਣਾਉਣ। ਬਰਾਮਦ ਮੁਖੀ ਨੀਤੀ 'ਤੇ ਘੱਟ ਤੋਂ ਘੱਟ ਨਿਰਭਰ ਹੋਣ ਅਤੇ ਆਪਣੀ ਘਰੇਲੂ ਮੰਡੀ ਨੂੰ ਵਿਕਸਤ ਕਰਨ। ਇਸ ਸਬੰਧ ਵਿਚ ਚੀਨ ਨੇ ਜਤਨ ਆਰੰਭ ਕਰ ਦਿੱਤੇ ਹਨ। ਉਸਨੇ ਘਰੇਲੂ ਮੰਡੀ ਦੇ ਵਿਕਾਸ ਲਈ ਜਨਤਕ ਖੇਤਰ ਵਿਚ ਨਿਵੇਸ਼ ਵਧਾਇਆ ਹੈ ਅਤੇ ਖਰੀਦ ਸ਼ਕਤੀ ਵਧਾਉਣ ਲਈ ਮਜ਼ਦੂਰਾਂ ਦੀਆਂ ਉਜਰਤਾਂ ਵਧਾਈਆਂ ਹਨ। ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਨਹਿਰੂ ਸਮੇਂ ਦੀ ਨੀਤੀ, ਸਰਮਾਏਦਾਰੀ ਵਿਕਾਸ ਲਈ ਜਨਤਕ ਖੇਤਰ ਦਾ ਵਿਕਾਸ, ਅਨਾਜ ਸੁਰੱਖਿਅਤਾ ਲਈ ਲਗਾਤਾਰ ਉਪਰਾਲੇ, ਆਮ ਲੋਕਾਂ ਲਈ ਵਿਦਿਆ, ਸਿਹਤ ਸੇਵਾਵਾਂ ਆਦਿ ਮੁਹੱਈਆ ਕਰਾਉਣ ਦੀ ਕੁਝ ਹੱਦ ਤੱਕ ਜ਼ਿੰਮੇਵਾਰੀ ਨਿਭਾਉਣਾ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ  ਥੋੜ੍ਹੇ ਬਹੁਤੇ ਯਤਨ ਤਾਂ ਅਪਣਾਉਣ। ਜਾਪਦਾ ਹੈ ਕਿ ਦੇਸ਼ ਵਿਚ ਪੈਦਾ ਹੋ ਰਹੀਆਂ ਜਟਿਲ ਅਤੇ ਭਿਅੰਕਰ ਕਿਸਮ ਦੀਆਂ ਸਮੱਸਿਆਵਾਂ ਨੇ ਨਵਉਦਾਰਵਾਦੀ ਨੀਤੀਆਂ ਦੇ ਕੁਝ ਝੰਡਾ ਬਰਦਾਰਾਂ ਨੂੰ ਕੁਝ ਹੱਦ ਤੱਕ ਸੋਚਣ ਲਈ ਮਜ਼ਬੂਰ ਕੀਤਾ ਹੈ। ਇਸ ਸਬੰਧ ਵਿਚ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮਨ ਰਾਜਨ ਦੇ ਬਿਆਨ ਤੋਂ ਕੁਝ ਝਲਕ ਪੈਂਦੀ ਹੈ। 12 ਦਸੰਬਰ 2014 ਨੂੰ ਨਵੀਂ ਦਿੱਲੀ ਵਿਚ ਭਰਤ ਰਾਮ ਮੈਮੋਰੀਅਲ ਯਾਦਗਾਰੀ ਲੈਕਚਰ ਦਿੰਦੇ ਹੋਏ ਰਾਜਨ ਨੇ ਕੁਝ ਜ਼ਰੂਰੀ ਟਿੱਪਣੀਆਂ ਕੀਤੀਆਂ ਹਨ। ਉਹਨਾਂ ਕਿਹਾ : ''ਭਾਰਤ ਇਕ ਵੱਖਰਾ ਦੇਸ਼ ਹੈ ਅਤੇ ਵੱਖਰੇ ਸਮਿਆਂ ਵਿਚ ਵਿਕਾਸ ਕਰ ਰਿਹਾ ਹੈ। ਸਾਨੂੰ ਉਹ ਗੱਲਾਂ ਸਮਝਣੀਆਂ ਚਾਹੀਦੀਆਂ ਹਨ ਜੋ ਕੰਮ ਦੇ ਸਕਣ।'' ਉਹਨਾਂ ਅੱਗੇ ਕਿਹ ਕਿ ''ਸੰਸਾਰ ਆਰਥਕਤਾ ਅਜੇ ਸੰਕਟ ਤੋਂ ਬਾਹਰ ਨਹੀਂ ਆਈ। ਅਕਤੂਬਰ ਮਹੀਨੇ ਵਿਚ ਭਾਰਤ ਦਾ ਉਤਯੋਗਕ ਉਤਪਾਦਨ 4.2% ਤੱਕ ਸੁਕੜ ਗਿਆ ਹੈ ਜਿਹੜਾ ਕਿ ਪਿਛਲੇ ਦੋ ਸਾਲਾਂ ਵਿਚ ਸਭ ਤੋਂ ਵੱਧ ਤਿੱਖਾ ਹੈ। ਇਹ ਸੁਕੜਨ ਮੈਨਫੈਕਚਰਿੰਗ ਖੇਤਰ ਕਰਕੇ ਹੋਈ ਹੈ ਜਿਹੜਾ 7.6% ਤੱਕ ਸੁਕੜਿਆ ਹੈ।'' ਘਰੋਗੀ ਮੰਗ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਉਹਨਾਂ 'ਮੇਕ ਇਨ ਇੰਡੀਆ' ਬਾਰੇ ਵੀ ਟਿੱਪਣੀ ਕੀਤੀ ਹੈ। ੳਹਨਾਂ ਕਿਹਾ ਕਿ ਇਸ ਦੇ ਚਾਰ ਪੱਖ ਹੋਣੇ ਚਾਹੀਦੇ ਹਨ। 'ਮੇਕ ਇਨ ਇੰਡੀਆ' ਮੇਕ ਫਾਰ ਇੰਡੀਆ (ਭਾਵ ਭਾਰਤ ਦੀ ਮੰਡੀ ਲਈ ਭਾਰਤੀ ਲੋਕਾਂ ਦੀਆਂ ਲੋੜਾਂ ਲਈ), ਅਤੇ ਆਰਥਕ ਖੇਤਰ ਵਿਚ ਪਾਰਦਰਸ਼ਤਾ ਅਤੇ ਸਥਿਰਤਾ ਦੀ ਜਾਮਨੀ ਹੋਵੇ ਅਤੇ ਇਹ ਕੌਮਾਂਤਰੀ ਪ੍ਰਬੰਧ ਨੂੰ ਵਧੇਰੇ ਖੁੱਲਾ ਅਤੇ ਇਨਸਾਫ ਅਧਾਰਤ (fair) ਬਣਾਵੇ। 
ਸੰਸਾਰ ਆਰਥਕ ਸੰਕਟ ਬਾਰੇ ਉਹਨਾਂ ਕਿਹਾ ਕਿ ਸਿਰ ਤੇ ਲਟਕ ਰਿਹਾ ਕਰਜ਼ੇ ਦਾ ਭਾਰ, ਮੰਗ ਦੀ ਬਹੁਤ ਕਮਜੋਰ ਅਵਸਥਾ ਅਤੇ ਬੁੱਢੀ ਹੋ ਰਹੀ ਅਬਾਦੀ ਕਰਕੇ ਉਦਯੋਗਕ ਸੰਸਾਰ ਲਈ ਮੰਦੀ ਤੋਂ ਪਹਿਲੀ ਵਿਕਾਸ ਦਰ ਪ੍ਰਾਪਤ ਕਰ ਸਕਣਾ ਮੁਸ਼ਕਿਲ ਹੋ ਰਿਹਾ  ਹੈ। ਇਸ ਵੇਲੇ ਇਹਨਾਂ ਦੇਸ਼ਾਂ ਵਿਚ ਨਿਰਾਸ਼ਤਾ ਸਪੱਸ਼ਟ ਨਜ਼ਰ ਆ ਰਹੀ ਹੈ। 
ਰਘੂਰਾਮ ਰਾਜਨ ਜੋ ਵਿਕਸਤ ਦੇਸ਼ਾਂ ਦੀਆਂ ਲੁਟੇਰੀਆਂ ਸੰਸਥਾਵਾਂ ਸੰਸਾਰ ਬੈਂਕ ਅਤੇ ਆਈ.ਐਮ.ਐਫ.  ਦਾ ਲਾਡਲਾ ਪੁੱਤਰ ਹੈ, ਵਲੋਂ ਅਜਿਹੀਆਂ ਟਿਪਣੀਆਂ ਕਰਨਾ ਹੈ ਤਾਂ ਬੜੀ  ਹੈਰਾਨੀ ਵਾਲੀ ਗੱਲ, ਪਰ ਉਂਝ ਇਹ ਮੌਜੂਦਾ ਸਮੇਂ ਦੀਆਂ ਹਕੀਕਤਾਂ ਤੇ ਅਧਾਰਤ ਹਨ। 
ਅੰਤ ਵਿਚ ਅਸੀਂ ਆਪਣੀ ਸਮਝਦਾਰੀ ਦੁਬਾਰਾ ਦ੍ਰਿੜ੍ਹਾਉਂਦੇ ਹਾਂ ਕਿ ਭਾਰਤ ਵਰਗੇ ਕੁਦਰਤੀ ਅਤੇ ਮਾਨਵੀ ਵਸੀਲਿਆਂ ਦੇ ਬਹੁਤ ਅਮੀਰ ਮਾਲਕ ਮਹਾਨ ਦੇਸ਼ ਨੂੰ ਇਸ ਚਿੰਤਾਜਨਕ ਮਹੌਲ ਵਿਚੋਂ ਬਾਹਰ ਆਉਣ ਲਈ ਦੇਸ਼ ਵਿਚ ਅਜਿਹੀ ਰਾਜ ਸੱਤਾ ਦੀ ਜ਼ਰੂਰਤ ਹੈ ਜੋ ਸਾਮਰਾਜੀ ਦੇਸ਼ਾਂ ਦੀ ਧੌਂਸ ਦੇ ਸਾਹਮਣੇ ਖਲੋਵੇ ਅਤੇ ਇਸ ਕੰਮ ਲਈ ਵਿਕਾਸਸ਼ੀਲ ਦੇਸ਼ਾਂ ਦਾ ਗਠਜੋੜ ਬਣਾਕੇ ਉਸਦੀ ਅਗਵਾਈ ਕਰੇ, ਦੇਸ਼ ਵਿਚ ਤਬਾਹੀ ਮਚਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੀ ਥਾਂ ਸਵੈਨਿਰਭਰਤਾ ਵਾਲੀਆਂ ਲੋਕ ਪੱਖੀ ਨੀਤੀਆਂ ਅਪਣਾਵੇ, ਜੋ ਕਿਰਤੀ ਲੋਕਾਂ ਨੂੰ ਸਬਸਿਡੀਆਂ ਅਤੇ ਗੁਣਾਤਮਕ ਜਨਤਕ ਸੇਵਾਵਾਂ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਨਿਭਾਵੇ। ਦੇਸ਼ ਵਿਚ ਘਰੋਗੀ ਮੰਡੀ ਦੇ ਵਿਕਾਸ ਲਈ ਜਨਤਕ ਨਿਵੇਸ਼ ਰਾਹੀਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਵੇ। ਛੋਟੇ ਉਦਯੋਗਾਂ, ਛੋਟੇ ਕਾਰੋਬਾਰ ਅਤੇ ਛੋਟੀ ਖੇਤੀ ਦੀ ਰਾਖੀ ਕਰੇ। ਇਸਦੇ ਨਾਲ ਹੀ ਦੇਸ਼ ਦੇ ਕਿਰਤੀ ਲੋਕਾਂ ਦੀ ਏਕਤਾ ਮਜ਼ਬੂਤ ਕਰੇ ਅਤੇ ਦੇਸ਼ ਅੰਦਰ ਧਰਮ ਨਿਰਪੱਖਤਾ ਅਤੇ ਭਾਈਚਾਰਕ ਏਕਤਾ ਵਾਲਾ ਉਸਾਰੂ ਮਾਹੌਲ ਪੈਦਾ ਕਰੇ। ਇਸ ਮੰਤਵ ਲਈ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਹੋ ਕੇ ਜ਼ੋਰਦਾਰ ਸੰਘਰਸ਼ ਕਰਨ ਦੀ ਲੋੜ ਹੈ। 

ਕਿਰਤ ਕਾਨੂੰਨਾਂ 'ਚ ਸੁਧਾਰ ਦੀ ਅਸਲੀਅਤ

ਡਾ. ਗਿਆਨ ਸਿੰਘ

ਬਾਰਾਂ ਦਸੰਬਰ 2014 ਨੂੰ ਭਾਰਤ ਦੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਡਾ. ਮੌਂਟੇਕ ਸਿੰਘ ਆਹਲੂਵਾਲੀਆ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 'ਦਿ ਇੰਡੀਅਨ ਇਕੋਨੋਮੈਟ੍ਰਿਕ ਸੁਸਾਇਟੀ' ਦੀ 51ਵੀਂ ਸਾਲਾਨਾ ਕਾਨਫਰੰਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਆਪਣੇ ਕਿਰਤ ਕਾਨੂੰਨ ਬਣਾਉਣ ਦੀ ਦਿੱਤੀ ਗਈ ਇਜਾਜ਼ਤ ਸੁਆਗਤਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ ਆਪਣਾ ਕਿਰਤ ਕਾਨੂੰਨ ਬਣਾਉਣ ਦੀ ਮਿਸਾਲ ਮਗਰੋਂ ਹੁਣ ਦੇਸ਼ ਦੇ ਦੂਜੇ ਸੂਬੇ ਵੀ ਆਉਣ ਵਾਲੇ ਸਮੇਂ ਦੌਰਾਨ ਇਸ ਰਾਹ ਉੱਪਰ ਚੱਲ ਸਕਦੇ ਹਨ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਕਿਰਤ ਕਾਨੂੰਨਾਂ ਵਿੱਚ ਸੁਧਾਰ (ਅਸਲ ਵਿੱਚ ਕਿਰਤੀ-ਵਿਰੋਧੀ ਸਰਕਾਰੀ ਆਰਥਿਕ ਨਿਰਣੇ) ਕਰਨ ਲਈ ਜ਼ੋਰ ਦਿੱਤਾ ਅਤੇ ਕਿਹਾ ਕਿ ਨਵੇਂ ਕਿਰਤ ਕਾਨੂੰਨਾਂ ਨਾਲ ਦੇਸ਼ ਅਤੇ ਦੇਸ਼ ਦੀ ਜਨਤਾ ਨੂੰ ਫ਼ਾਇਦਾ ਹੋਵੇਗਾ। ਡਾ. ਆਹਲੂਵਾਲੀਆ ਅਨੁਸਾਰ ਉਨ੍ਹਾਂ ਤੋਂ ਬਿਨਾਂ ਕਾਫ਼ੀ ਹੋਰ ਅਰਥ-ਵਿਗਿਆਨੀਆਂ ਨੂੰ ਇਸ ਗੱਲ ਨਾਲ ਸਹਿਮਤ ਹੋਣਾ ਚਾਹੀਦਾ ਹੈ ਕਿ ਸਾਡੇ ਕਿਰਤ ਕਾਨੂੰਨ ਅਪ੍ਰਸੰਗਿਕ ਹੋ ਗਏ ਹਨ ਅਤੇ ਇਨ੍ਹਾਂ ਨੂੰ ਉਦਾਰ ਬਣਾਉਣ ਦੀ ਲੋੜ ਹੈ। ਰਾਜਸਥਾਨ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਤਬਦੀਲੀਆਂ ਕਰ ਕੇ ਉਨ੍ਹਾਂ ਨੂੰ ਲਾਗੂ ਕਰਨ ਉੱਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਗਏ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਇਹ ਅਸਥਾਈ ਵਿਰੋਧ ਹੁੰਦਾ ਹੈ ਅਤੇ ਰਾਜਸਥਾਨ ਸਰਕਾਰ ਨੂੰ ਇਹ ਕਾਨੂੰਨ ਲਾਗੂ ਕਰਨ ਵਿੱਚ ਕੋਈ ਹਿਚਕਿਚਾਹਟ ਨਹੀਂ ਕਰਨੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਆਰਥਿਕ ਨੀਤੀ ਹਿੰਮਤ ਵਾਲੀ ਮੂਲ-ਪ੍ਰਵਿਰਤੀ ਦੀ ਹੁੰਦੀ ਹੈ ਪਰ ਇਸ ਵਿੱਚ ਮੁੱਦਿਆਂ ਦੀ ਲਗਾਤਾਰ ਪੜਤਾਲ ਬਹੁਤ ਜ਼ਰੂਰੀ ਹੈ ਅਤੇ ਕੋਈ ਵੀ ਨੀਤੀ ਉਦੋਂ ਤਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤਕ ਉਸ ਦੇ ਫ਼ਾਇਦੇ ਸਾਰਿਆਂ ਤਕ ਪਹੁੰਚਣੇ ਯਕੀਨੀ ਨਾ ਬਣਾਏ ਜਾਣ। ਆਰਥਿਕ ਵਿਕਾਸ ਵਿੱਚ ਸਾਰਿਆਂ ਦੀ ਸ਼ਮੂਲੀਅਤ ਸਿਰਫ਼ ਗ਼ਰੀਬੀ ਨੂੰ ਘਟਾਉਣ ਤਕ ਸੀਮਤ ਨਹੀਂ ਹੋ ਸਕਦੀ।
ਸਰਕਾਰ ਅਤੇ ਇਸ ਦੇ ਵੱਖ-ਵੱਖ ਅਦਾਰੇ ਅਰਥ-ਵਿਗਿਆਨੀਆਂ ਨਾਲ ਭਰੇ ਪਏ ਹਨ। ਇਸ ਤੋਂ ਬਿਨਾਂ ਸਰਕਾਰੀ ਅਰਥ-ਵਿਗਿਆਨੀ ਵੀ ਆਮ ਹੀ ਦੇਖਣ, ਪੜ੍ਹਨ ਤੇ ਸੁਣਨ ਨੂੰ ਮਿਲ ਜਾਂਦੇ ਹਨ ਜੋ ਆਪਣੇ ਲਈ ਨਿੱਕੀਆਂ-ਨਿੱਕੀਆਂ ਬੇਲੋੜੀਆਂ ਅਤੇ ਅਰਥਹੀਣ ਰਿਆਇਤਾਂ ਲੈਣ ਲਈ ਸਰਕਾਰ ਦੀਆਂ ਦੇਸ਼ ਅਤੇ ਲੋਕ-ਵਿਰੋਧੀ ਨੀਤੀਆਂ ਨੂੰ ਦੇਸ਼ ਅਤੇ ਲੋਕ-ਪੱਖੀ ਦਰਸਾਉਣ ਵਿੱਚ ਆਪਣਾ ਪੂਰਾ ਜ਼ੋਰ ਲਗਾ ਦਿੰਦੇ ਹਨ। ਇਸ ਲਈ ਉਹ ਸਰਕਾਰੀ ਨੀਤੀਆਂ ਨੂੰ ਠੀਕ ਦਰਸਾਉਣ ਲਈ ਅੰਕੜੇ ਇਕੱਠੇ/ਤਿਆਰ ਕਰ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਇਸ ਤਰ੍ਹਾਂ ਕਰਦੇ ਹਨ ਕਿ ਆਮ ਲੋਕਾਂ ਨੂੰ ਇਹ ਭੁਲੇਖਾ ਪਾਇਆ ਜਾ ਸਕੇ ਕਿ ਸਰਕਾਰ ਉਨ੍ਹਾਂ ਦੀ ਭਲਾਈ ਲਈ ਚਿੰਤਤ ਹੈ ਅਤੇ ਉਨ੍ਹਾਂ ਲਈ ਬਹੁਤ ਕੁਝ ਕਰ ਰਹੀ ਹੈ। ਆਉਣ ਵਾਲੇ ਸਮੇਂ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਸਿਰਫ਼ ਹੱਲ ਹੀ ਨਹੀਂ ਹੋਣਗੀਆਂ ਸਗੋਂ ਭਾਰਤ ਦੁਨੀਆਂ ਦੀ 'ਸੁਪਰ ਪਾਵਰ' ਬਣ ਜਾਵੇਗਾ ਅਤੇ ਆਮ ਭਾਰਤੀ ਆਪਣਾ ਸਿਰ ਉੱਚਾ ਚੁੱਕ ਕੇ ਜੀਅ ਸਕਣਗੇ।
ਭਾਰਤ ਦੇ ਹੁਕਮਰਾਨ, ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਬਾਰੇ ਖ਼ਬਤੀ ਹੋ ਗਏ ਹਨ। ਜਦੋਂ ਇਹ ਦਰ ਵਧ ਰਹੀ ਹੁੰਦੀ ਹੈ ਤਾਂ ਇਹ ਆਪਣੀ ਪਿੱਠ ਆਪੇ ਥਪਥਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਪਰ ਇਸ ਦੇ ਉਲਟ ਜਦੋਂ ਇਹ ਦਰ ਥੱਲੇ ਵੱਲ ਨੂੰ ਆਉਣੀ ਸ਼ੁਰੂ ਹੁੰਦੀ ਹੈ ਤਾਂ ਇਹ ਹੁਕਮਰਾਨ ਆਰਥਿਕ ਸੁਧਾਰਾਂ ਦੇ ਨਾਂ ਥੱਲੇ ਲੋਕ-ਵਿਰੋਧੀ ਫ਼ੈਸਲੇ ਲੈਣ ਲੱਗੇ ਭੋਰਾ ਸਮਾਂ ਵੀ ਅਜਾਈਂ ਨਹੀਂ ਜਾਣ ਦਿੰਦੇ। ਇਹ ਹੁਕਮਰਾਨ ਦੇਸ਼ ਦੀ ਵੱਡੀ ਗਿਣਤੀ ਆਮ ਲੋਕਾਂ ਨੂੰ ਉਨ੍ਹਾਂ ਦੇ ਰਹਿਮ 'ਤੇ ਛੱਡ ਕੇ ਕਾਰਪੋਰੇਟਾਂ ਨੂੰ ਹੋਰ ਅਮੀਰ ਕਰਨ ਲਈ ਨੀਤੀਆਂ ਤੈਅ ਕਰਦੇ ਹਨ।
ਭਾਵੇਂ ਭਾਰਤ ਵਿੱਚ ਮੁੱਢ-ਕਦੀਮ ਤੋਂ ਹੀ ਆਰਥਿਕ ਅਸਮਾਨਤਾਵਾਂ ਦੇਖਣ ਨੂੰ ਮਿਲਦੀਆਂ ਰਹੀਆਂ ਹਨ ਪਰ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਉਸ ਸਮੇਂ ਦੇ ਦੇਸ਼ ਯੂ. ਐੱਸ.ਐੱਸ.ਆਰ. (ਸੋਵੀਅਤ ਰੂਸ) ਦੇ ਸਮਾਜਵਾਦੀ ਪ੍ਰਬੰਧ ਤੋਂ ਪ੍ਰਭਾਵਿਤ ਹੁੰਦਿਆਂ ਦੇਸ਼ ਵਿੱਚ ਕੇਂਦਰੀ ਯੋਜਨਾਬੰਦੀ ਸ਼ੁਰੂ ਕਰਨ ਅਤੇ ਜਨਤਕ ਖੇਤਰ ਦੇ ਵਿਕਾਸ ਦਾ ਫ਼ੈਸਲਾ ਲਿਆ ਸੀ। ਭਾਰਤ ਦੇ ਯੋਜਨਾ ਕਮਿਸ਼ਨ ਦੀ ਸਥਾਪਨਾ ਸੰਨ 1950 ਅਤੇ ਦੇਸ਼ ਵਿੱਚ ਯੋਜਨਾਬੰਦੀ ਦੀ ਸ਼ੁਰੂਆਤ ਸੰਨ 1951 ਵਿੱਚ ਹੋਈ। ਮੁਲਕ ਦੀਆਂ ਪੰਜ ਸਾਲਾ ਯੋਜਨਾਵਾਂ ਵਿੱਚ ਜਨਤਕ ਖੇਤਰ ਦੇ ਵਿਸਥਾਰ ਅਤੇ ਵਿਕਾਸ ਨੂੰ ਮੁੱਖ ਤਰਜੀਹ ਦਿੱਤੀ ਜਾਂਦੀ ਰਹੀ ਜਿਸ ਦੇ ਨਤੀਜੇ ਵਜੋਂ ਮਿਸ਼ਰਤ ਅਰਥ-ਵਿਵਸਥਾ ਹੋਂਦ ਵਿੱਚ ਆਈ। ਭਾਵੇਂ ਜਨਤਕ ਖੇਤਰ ਦੇ ਵਿਕਾਸ ਦੇ ਵਿਸਥਾਰ ਸਬੰਧੀ ਕੁਝ ਊਣਤਾਈਆਂ ਸਾਹਮਣੇ ਵੀ ਆਈਆਂ ਪਰ ਇਸ ਦੇ ਸਾਰਥਕ ਨਤੀਜੇ ਬਹੁਤ ਜ਼ਿਆਦਾ ਸਨ ਜਿਨ੍ਹਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦਰਮਿਆਨ ਆਰਥਿਕ ਅਸਮਾਨਤਾਵਾਂ ਘਟਾਉਣ ਦੇ ਪੱਖ ਤੋਂ ਸਰਾਹਿਆ ਗਿਆ। ਸੰਨ 1991 ਵਿੱਚ ਮੁਲਕ ਦੀ ਸਰਕਾਰ ਨੇ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀ 'ਨਵੀਂ ਆਰਥਿਕ ਨੀਤੀ' ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਇਸ ਨੀਤੀ ਨੂੰ ਸ਼ੁਰੂ ਕਰਨ ਮੌਕੇ ਮੁੱਖ ਦਲੀਲ ਇਹ ਦਿੱਤੀ ਗਈ ਕਿ ਇਸ ਦੇ ਅਪਨਾਉਣ ਨਾਲ ਮੁਲਕ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਆਰਥਿਕ ਵਿਕਾਸ ਦੇ ਫ਼ਾਇਦੇ ਸਾਰੇ ਲੋਕਾਂ ਤਕ ਪਹੁੰਚਣਗੇ ਜਿਸ ਨੂੰ 'ਰਿਸਾਅ ਦੀ ਨੀਤੀ' ਕਿਹਾ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੀਤੀ ਦੇ ਅਪਨਾਉਣ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਕੁਝ ਸਮੇਂ ਲਈ ਤੇਜ਼ੀ ਆਈ। ਜਿੱਥੋਂ ਤਕ ਆਰਥਿਕ ਵਿਕਾਸ ਦੇ ਸਬੰਧ ਵਿੱਚ 'ਰਿਸਾਅ ਦੀ ਨੀਤੀ' ਦੁਆਰਾ ਇਸ ਦੇ ਫ਼ਾਇਦੇ ਰਿਸ ਕੇ ਆਮ ਲੋਕਾਂ ਤਕ ਪਹੁੰਚਣ ਦਾ ਸਵਾਲ ਸੀ ਉਸ ਸਬੰਧੀ ਸਾਰੇ ਵਾਅਦੇ ਅਤੇ ਦਾਅਵੇ ਖੋਖਲੇ ਨਿਕਲੇ ਕਿਉਂਕਿ ਆਰਥਿਕ ਵਿਕਾਸ ਦੇ ਫ਼ਾਇਦਿਆਂ ਦਾ ਰਿਸਾਅ ਹੋਣ ਦੀ ਬਜਾਇ ਇਨ੍ਹਾਂ ਦੀ ਭਾਫ਼ ਬਣ ਗਈ ਅਤੇ ਉਹ ਵੀ  ਸਰਮਾਏਦਾਰ/ਕਾਰਪੋਰੇਟ ਜਗਤ ਦੀਆਂ ਬੋਤਲਾਂ ਵਿੱਚ ਬੰਦ ਹੋ ਗਈ। ਇਸ ਸਬੰਧੀ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਦੇਸ਼ ਦੇ ਹੁਕਮਰਾਨਾਂ ਨੇ ਦੇਸ਼ ਦੀ ਉੱਚੀ ਆਰਥਿਕ ਵਿਕਾਸ ਦਰ ਅਤੇ ਸਰਮਾਏਦਾਰ/ਕਾਰਪੋਰੇਟ ਜਗਤ ਨੇ ਇਸ ਦੇ ਫ਼ਾਇਦਿਆਂ ਨੂੰ ਆਪਣੇ ਤਕ ਸੀਮਤ ਕਰਨ ਲਈ ਦੇਸ਼ ਦੇ ਸਾਧਨਾਂ ਨੂੰ ਕਾਨੂੰਨੀ ਅਤੇ ਗ਼ੈਰਕਾਨੂੰਨੀ ਤਰੀਕਿਆਂ ਨਾਲ ਜਾਇਜ਼-ਨਾਜ਼ਾਇਜ ਤੌਰ ਉੱਤੇ ਵਰਤਿਆ ਅਤੇ ਇਸ ਵਰਤੋਂ ਦੇ ਸਬੰਧ ਵਿੱਚ ਸਮਾਜ ਦੇ ਕਿਰਤੀ ਵਰਗਾਂ ਦੀ ਸਿਰਫ਼ ਅਣਦੇਖੀ ਹੀ ਨਹੀਂ ਕੀਤੀ ਗਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੋੜਾਂ ਦਾ ਵੀ ਖ਼ਿਆਲ ਨਹੀਂ ਕੀਤਾ ਗਿਆ। ਇਸ 'ਨਵੀਂ ਆਰਥਿਕ ਨੀਤੀ' ਅਪਨਾਉਣ ਨਾਲ ਮੁਲਕ ਦੋ ਦੇਸ਼ਾਂ 'ਇੰਡੀਆ ਅਤੇ ਭਾਰਤ' ਵਿੱਚ ਵੰਡਿਆ ਗਿਆ। 'ਇੰਡੀਆ' ਉਨ੍ਹਾਂ ਲੋਕਾਂ (ਕਰੋੜਪਤੀਆਂ) ਦਾ ਜਿਨ੍ਹਾਂ ਕੋਲ ਸਾਰੇ ਸੁੱਖ ਸਾਧਨ ਹਨ ਅਤੇ 'ਭਾਰਤ' ਉਨ੍ਹਾਂ ਕਰੋੜਾਂ ਲੋਕਾਂ ਦਾ ਜਿਹੜੇ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਬਣਾ ਦਿੱਤੇ ਗਏ ਹਨ।
ਸੰਨ 1991 ਤੋਂ ਅੱਜ ਤਕ ਦੇਸ਼ ਦੇ ਹੁਕਮਰਾਨਾਂ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਉੱਚੀ ਆਰਥਿਕ ਵਿਕਾਸ ਦਰ ਪ੍ਰਾਪਤ ਕਰਨਾ ਹੈ ਭਾਵੇਂ ਸਮਾਜ ਦੇ ਕਿਰਤੀ ਵਰਗਾਂ ਨੂੰ ਉਸ ਦੀ ਕਿੰਨੀ ਵੀ ਕੀਮਤ ਕਿਉਂ ਨਾ ਤਾਰਨੀ ਪਵੇ। ਇਸ ਸਬੰਧੀ ਕਾਰਪੋਰੇਟ ਜਗਤ ਵੀ ਆਪਣੀ ਲਾਲਚੀ ਭੂਮਿਕਾ ਨਿਭਾਉਂਦਾ ਹੋਇਆ ਦੇਸ਼ ਦੀ ਸਰਕਾਰ ਨੂੰ ਕਲਿਆਣਕਾਰੀ ਹੋਣ ਦਾ ਰੁਤਬਾ ਬਖ਼ਸ਼ਣ ਵਿੱਚ ਕੋਈ ਸਮਾਂ ਅਜਾਈਂ ਨਹੀਂ ਗੁਆਉਂਦਾ। ਇਸ ਤੋਂ ਬਿਨਾਂ ਸਰਕਾਰ ਦੇ ਕਲਿਆਣਕਾਰ ਹੋਣ ਸਬੰਧੀ ਸਰਕਾਰ ਦੇ ਦਰਬਾਨ ਅਰਥ-ਵਿਗਿਆਨੀ ਅਤੇ ਕਾਰਪੋਰੇਟ ਜਗਤ ਦੇ ਗੜਬਈ ਆਪਣੇ ਲਈ ਛੋਟੀਆਂ-ਛੋਟੀਆਂ ਬੇਅਰਥ ਰਿਆਇਤਾਂ ਪ੍ਰਾਪਤ ਕਰਨ ਜਾਂ ਇਨ੍ਹਾਂ ਦੀ ਆਸ ਵਿੱਚ ਆਪਣੀ ਸਾਰੀ ਸ਼ਕਤੀ ਵਰਤ ਦਿੰਦੇ ਹਨ, ਜਦੋਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਜਦੋਂ ਦੇਸ਼ ਦੀ ਆਰਥਿਕ ਵਿਕਾਸ ਦਰ ਵਧ ਰਹੀ ਹੁੰਦੀ ਹੈ ਤਾਂ ਸਰਮਾਏਦਾਰ/ਕਾਰਪੋਰੇਟ ਜਗਤ ਅਮੀਰ ਹੋ ਰਿਹਾ ਹੁੰਦਾ ਹੈ ਅਤੇ ਵੱਡੀ ਬਹੁ-ਗਿਣਤੀ ਲੋਕ ਗ਼ਰੀਬ ਹੋ ਰਹੇ ਹੁੰਦੇ ਹਨ। ਜਦੋਂ ਦੇਸ਼ ਦੀ ਆਰਥਿਕ ਵਿਕਾਸ ਦਰ ਘਟ ਰਹੀ ਹੁੰਦੀ ਹੈ ਤਾਂ ਵੀ ਸਰਮਾਏਦਾਰ/ ਕਾਰਪੋਰੇਟ ਜਗਤ ਖ਼ੁਸ਼ਹਾਲ ਹੋ ਰਿਹਾ ਹੁੰਦਾ ਹੈ ਅਤੇ ਗ਼ਰੀਬਾਂ ਉੱਪਰ ਇਸ ਦੀ ਮਾਰ ਪਾਈ ਜਾਂਦੀ ਹੈ। ਇਤਿਹਾਸ ਇਸ ਤੱਥ ਦਾ ਗਵਾਹ ਹੈ ਜਿਸ ਦੀ ਪੁਸ਼ਟੀ 'ਦਾ ਬੌਸਟਨ ਕਨਸਲਟਿੰਗ ਗਰੁੱਪ' ਦੀ ਭਾਰਤ ਦੇ ਸਬੰਧ ਵਿੱਚ 14ਵੀਂ ਸਾਲਾਨਾ ਰਿਪੋਰਟ 'ਗਲੋਬਲ ਵੈਲਥ 2014' ਅਤੇ ਦੇਸ਼ ਦੀ ਅਰਥਵਿਵਸਥਾ ਦੇ ਵੱਖ-ਵੱਖ ਪਹਿਲੂਆਂ ਤੋਂ ਹੋ ਜਾਂਦੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਫ਼ੀਸਦੀ ਵਿੱਚ ਲਗਾਤਾਰ ਕਮੀ ਹੋ ਰਹੀ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਸੰਨ 2004-05 ਦੌਰਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਫ਼ੀਸਦੀ 37.2 ਸੀ ਜੋ ਸੰਨ 2011-12 ਦੌਰਾਨ ਘਟ ਕੇ ਸਿਰਫ਼ 21.9 ਫ਼ੀਸਦੀ ਰਹਿ ਗਈ ਹੈ। ਇਨ੍ਹਾਂ ਸਰਕਾਰੀ ਅੰਕੜਿਆਂ ਦਾ ਪਖੰਡ ਉਘਾੜਦਾ ਖੋਜ ਅਧਿਐਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅਰਥ-ਵਿਗਿਆਨ ਦੀ ਪ੍ਰੋਫ਼ੈਸਰ ਉਤਸਾ ਪਟਨਾਇਕ ਦਾ ਹੈ, ਜਿਸ ਅਨੁਸਾਰ ਸਰਕਾਰ ਨੇ ਦੇਸ਼ ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ ਨੂੰ ਘੱਟ ਦਿਖਾਉਣ ਲਈ ਗ਼ਰੀਬੀ ਦੀ ਰੇਖਾ ਦੇ ਕੈਲਰੀ ਆਧਾਰ ਨੂੰ ਹੀ ਨੀਵਾਂ ਕਰ ਦਿੱਤਾ ਹੈ। ਇਸ ਅਧਿਐਨ ਅਨੁਸਾਰ ਜੇ ਪਿੰਡਾਂ ਵਿੱਚ 2200 ਕੈਲਰੀ ਪ੍ਰਤੀ ਵਿਅਕਤੀ ਪ੍ਰਤੀ ਦਿਨ ਅਤੇ ਸ਼ਹਿਰਾਂ ਵਿੱਚ 2100 ਕੈਲਰੀ ਪ੍ਰਤੀ ਵਿਅਕਤੀ ਪ੍ਰਤੀ ਦਿਨ ਨਾਲ ਭਾਰਤ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ ਦੇਖੀ ਜਾਵੇ ਤਾਂ ਕੇਂਦਰ ਸਰਕਾਰ ਦੇ ਇੱਕ ਅਦਾਰੇ ਐੱਨ. ਐੱਸ.ਐੱਸ.ਓ. ਦੇ ਅੰਕੜਿਆਂ ਅਨੁਸਾਰ ਸੰਨ 2004-05 ਦੌਰਾਨ ਪਿੰਡਾਂ ਵਿੱਚ 69.5 ਫ਼ੀਸਦੀ ਅਤੇ ਸ਼ਹਿਰਾਂ ਵਿੱਚ 64.5 ਫ਼ੀਸਦੀ ਬਣਦੀ ਹੈ ਜੋ ਸੰਨ 2009-10 ਦੌਰਾਨ ਕ੍ਰਮਵਾਰ ਵਧ ਕੇ 75.5 ਫ਼ੀਸਦੀ ਅਤੇ 73 ਫ਼ੀਸਦੀ ਉੱਪਰ ਆ ਗਈ ਹੈ।
ਉਦਯੋਗਿਕ ਅਤੇ ਸੇਵਾਵਾਂ ਦੇ ਖੇਤਰ ਵਿੱਚ ਸਰਕਾਰੀ ਨੀਤੀਆਂ ਕਾਰਪੋਰੇਟ ਜਗਤ ਦੇ ਹੱਕ ਵਿੱਚ ਬਣਾਈਆਂ ਅਤੇ ਭੁਗਤਾਈਆਂ ਜਾ ਰਹੀਆਂ ਹਨ। ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਅਣਦੇਖੀ ਕਰਦੇ ਹੋਏ ਵੱਡੇ ਉਦਯੋਗਾਂ ਨੂੰ ਹਰ ਤਰ੍ਹਾਂ ਦੀਆਂ ਰਿਆਇਤਾਂ ਦੇ ਕੇ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਵਿੱਤੀ ਸਾਲ 2013-14 ਦੌਰਾਨ ਉਦਯੋਗਿਕ ਖੇਤਰ ਦੀ ਵਿਕਾਸ ਦਰ ਜੋ ਮਨਫ਼ੀ 0.7 ਫ਼ੀਸਦੀ ਹੈ, ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਸਰਕਾਰੀ ਨੀਤੀਆਂ ਦੇ ਨਤੀਜੇ ਵਜੋਂ ਖੇਤਬਾੜੀ ਖੇਤਰ ਤੋਂ ਉਜਾੜੇ ਗਏ ਲੋਕਾਂ ਨੂੰ ਇਸ ਖੇਤਰ ਵਿੱਚ ਨੀਵੇਂ ਪੱਧਰ ਦਾ ਰੁਜ਼ਗਾਰ ਵੀ ਨਹੀਂ ਮਿਲ ਸਕੇਗਾ। ਸਰਕਾਰ ਵੱਲੋਂ ਸੇਵਾਵਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਸੇਵਾਵਾਂ ਉੱਪਰ ਵੀ ਕਾਰਪੋਰੇਟ ਜਗਤ ਨੂੰ ਕਾਬਜ਼ ਕੀਤਾ ਗਿਆ ਅਤੇ ਜਾ ਰਿਹਾ ਹੈ। ਵੱਡੀ ਬਹੁ-ਗਿਣਤੀ ਆਮ ਲੋਕ ਤਾਂ ਇਨ੍ਹਾਂ ਸੇਵਾਵਾਂ ਦਾ ਫ਼ਾਇਦਾ ਲੈਣ ਦਾ ਸੁਫ਼ਨਾ ਵੀ ਨਹੀਂ ਲੈ ਸਕਦੇ। ਇਸ ਸਬੰਧ ਵਿੱਚ ਦੇਸ਼ ਦੇ ਕਾਨੂੰਨਾਂ ਵਿੱਚ ਤਬਦੀਲੀਆਂ ਕਰ ਕੇ ਅਤੇ ਕੁਝ ਕੇਸਾਂ ਵਿੱਚ ਵਰਤਮਾਨ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਵਿਦੇਸ਼ੀ ਸਿੱਧੇ ਨਿਵੇਸ਼ ਦਾ ਵਿਦੇਸ਼ਾਂ ਦੀਆਂ ਸ਼ਰਤਾਂ ਮੰਨਦਿਆਂ ਅੱਡੀਆਂ ਚੁੱਕ ਕੇ ਅਤੇ ਗਲ ਵਿੱਚ ਪੱਲੂ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਅਰਬੀ ਊਠ ਨੂੰ ਆਪਣੇ ਗ਼ਰੀਬ ਘਰ ਵਿੱਚ ਆਉਣ ਦੀ ਇਜਾਜ਼ਤ ਦੇ ਕੇ ਘਰ ਵਿੱਚ ਰਹਿਣ ਵਾਲੇ ਗ਼ਰੀਬਾਂ ਦਾ ਕੀ ਬਣੇਗਾ? ਕਿਰਤ ਕਾਨੂੰਨ ਸੁਧਾਰਾਂ, ਜੋ ਅਸਲ ਵਿੱਚ ਕਿਰਤੀ-ਵਿਰੋਧੀ ਆਰਥਿਕ ਨਿਰਣੇ ਹਨ, ਨੂੰ ਅਮਲ ਵਿੱਚ ਲਿਆਉਣ ਨਾਲ ਹਾਲਤ ਹੋਰ ਵਿਗੜ ਜਾਵੇਗੀ। ਆਪਣੇ ਸਮੇਂ ਦੇ ਪ੍ਰਸਿੱਧ ਚਿੰਤਕ ਸਿਸਮੌਂਡੀ ਅਨੁਸਾਰ ਜੇ ਦੇਸ਼ ਦਾ ਇੱਕ ਵੀ ਕਾਮਾ ਮਰਦਾ ਹੈ ਤਾਂ ਇਸ ਨਾਲ ਦੇਸ਼ ਨੂੰ ਪੈਣ ਵਾਲੇ ਘਾਟੇ  ਨੂੰ ਕਿਸੇ ਤਰ੍ਹਾਂ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇ ਕਿਰਤੀ ਹੀ ਨਾ ਰਹੇ ਤਾਂ ਦੇਸ਼ ਦਾ ਕੀ ਬਣੇਗਾ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦਾ ਆਰਥਿਕ ਵਿਕਾਸ ਬਹੁਤ ਮਹੱਤਵਪੂਰਨ ਹੁੰਦਾ ਹੈ ਪਰ ਇਸ ਦੇ ਫ਼ਾਇਦੇ ਆਮ ਲੋਕਾਂ ਤਕ ਪਹੁੰਚਣੇ ਉਸ ਤੋਂ ਵੀ ਕਿਤੇ ਵੱਧ ਮਹੱਤਵਪੂਰਨ ਹੈ। ਇੱਥੇ ਇਹ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਦੀ ਵਰਤਮਾਨ ਉੱਚੀ ਦਰ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੋੜਾਂ-ਹੱਕਾਂ ਉੱਪਰ ਡਾਕਾ ਮਾਰਨ ਨਾਲ ਨਾ ਹੋਵੇ। ਇਸ ਲਈ ਲੋੜ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਵਿੱਚ ਤੇਜ਼ੀ ਲਿਆਉਣ ਅਤੇ ਉਸ ਦੁਆਰਾ ਆਮ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਦੁਨੀਆਂ ਅਤੇ ਭਾਰਤ ਦੇ ਆਪਣੇ ਇਤਿਹਾਸ ਤੋਂ ਸਿੱਖਿਆ ਲੈਂਦਿਆਂ ਕਾਰਪੋਰੇਟ ਜਗਤ ਦੀ ਥਾਂ ਲੋਕ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਇਆ ਜਾਵੇ ਜਿਸ ਵਿੱਚ ਜਨਤਕ ਖੇਤਰ ਦੇ ਪਸਾਰ ਅਤੇ ਵਿਕਾਸ ਅਤੇ ਨਿੱਜੀ ਖੇਤਰ ਦੇ ਕੰਮਕਾਜ ਉੱਪਰ ਸਰਕਾਰੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਪ੍ਰਮੁੱਖ ਥਾਂ ਹੋਵੇ। ਸਰਕਾਰ ਨੂੰ ਅਜਿਹੇ ਕਿਰਤ ਸੁਧਾਰ ਕਰਨੇ ਬਣਦੇ ਹਨ ਜਿਨ੍ਹਾਂ ਨਾਲ ਕਿਰਤੀਆਂ ਲਈ 40 ਘੰਟੇ ਦਾ ਹਫ਼ਤਾ, ਰੁਜ਼ਗਾਰ ਦੀ ਲਗਾਤਾਰਤਾ ਅਤੇ ਉਨ੍ਹਾਂ ਦੀ ਆਮਦਨ ਦਾ ਪੱਧਰ ਇੰਨਾ ਜ਼ਰੂਰ ਹੋਵੇ ਜਿਸ ਨਾਲ ਉਹ ਆਪਣੀਆਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ-ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਦੀਆਂ ਲੋੜਾਂ ਨੂੰ ਸਤਿਕਾਰਯੋਗ ਢੰਗ ਨਾਲ ਪੂਰਾ ਕਰ ਸਕਣ।  
ਰੋਜ਼ਾਨਾ 'ਪੰਜਾਬੀ ਟ੍ਰਿਬਿਊਨ' ਤੋਂ ਧੰਨਵਾਦ ਸਹਿਤ!

ਸੰਘ-ਪਰਿਵਾਰ ਦੀ ਭੜਕਾਊ ਬਿਆਨਬਾਜ਼ੀ

ਇੰਦਰਜੀਤ ਚੁਗਾਵਾਂ

ਸੰਸਦ ਦਾ ਸਰਦ ਰੁੱਤ ਸਮਾਗਮ 23 ਦਸੰਬਰ ਨੂੰ ਹੰਗਾਮਿਆਂ ਦੌਰਾਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ ਹੈ।  ਦੋਹਾਂ ਸਦਨਾਂ, ਲੋਕ ਸਭਾ ਤੇ ਰਾਜ ਸਭਾ 'ਚ ਧਰਮ ਪਰਿਵਰਤਨ ਦੇ ਮੁੱਦੇ 'ਤੇ ਆਖਰੀ ਦਿਨ ਤੱਕ ਹੰਗਾਮੇ ਹੁੰਦੇ ਰਹੇ। ਇਸ ਸਮਾਗਮ ਦੀ ਸ਼ੁਰੂਆਤ ਵੀ ਹੰਗਾਮਿਆਂ ਨਾਲ ਹੀ ਹੋਈ ਸੀ। ਇਹ ਹੰਗਾਮੇ ਲੋਕਾਂ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ 'ਤੇ ਚਰਚਾ ਦੌਰਾਨ ਨਹੀਂ ਹੋਏ, ਸਗੋਂ ਇਹ ਤਾਂ ਸੰਘ ਪਰਵਾਰ ਦੇ ਆਗੂਆਂ ਵੱਲੋਂ ਲਗਾਤਾਰ ਇੱਕ ਖਾਸ ਸੇਧ 'ਚ ਕੀਤੀ ਜਾ ਰਹੀ ਭੜਕਾਊ ਤੇ ਜ਼ਹਿਰੀਲੀ ਬਿਆਨਬਾਜ਼ੀ ਅਤੇ ਉਹਨਾਂ ਆਗੂਆਂ ਹੇਠਲੀਆਂ ਜਥੇਬੰਦੀਆਂ ਦੀਆਂ ਸਰਗਰਮੀਆਂ ਕਾਰਨ ਹੀ ਹੁੰਦੇ ਰਹੇ। 
ਕਈ ਵਰ੍ਹਿਆਂ ਤੱਕ ਸੰਘ ਪਰਵਾਰ ਦਾ ਜਿਹੜਾ 'ਲੁਕਵਾਂ ਏਜੰਡਾ' ਮੀਡੀਏ ਵਿੱਚ ਚਰਚਾ 'ਚ ਰਿਹਾ ਸੀ, ਉਹ ਹੁਣ ਖੁੱਲ੍ਹੇ ਰੂਪ 'ਚ ਸਾਹਮਣੇ ਆਉਣ ਲੱਗ ਪਿਆ ਹੈ। ਅਯੁੱਧਿਆ 'ਚ ਬਾਬਰੀ ਮਸਜਿਦ ਡੇਗੇ ਜਾਣ ਤੋਂ ਬਾਅਦ ਸੰਘ ਪਰਵਾਰ ਆਪਣੇ ਇਸ ਏਜੰਡੇ 'ਤੇ ਲਗਾਤਾਰ ਕੰਮ ਕਰਦਾ ਆ ਰਿਹਾ ਸੀ। ਆਪਣੀ ਸਿਆਸੀ ਸ਼ਾਖਾ 'ਭਾਰਤੀ ਜਨਤਾ ਪਾਰਟੀ' (ਭਾਜਪਾ) ਨੂੰ ਇਸ ਮਕਸਦ ਲਈ ਇੱਕ ਬੱਝਵੀਂ ਰਣਨੀਤੀ 'ਤੇ ਚੱਲਣ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਸਨ। ਇਸ ਰਣਨੀਤੀ ਅਧੀਨ  ਅਯੁੱਧਿਆ 'ਚ ਬਾਬਰੀ ਮਸਜਿਦ ਵਾਲੀ ਥਾਂ ਰਾਮ ਮੰਦਰ ਦੀ ਉਸਾਰੀ, ਇਕਸਾਰ ਨਾਗਰਿਕ ਜਾਬਤਾ ਪ੍ਰਣਾਲੀ ਅਤੇ ਧਾਰਾ 370, ਜਿਹੜੀ ਜੰਮੂ-ਕਸ਼ਮੀਰ ਨੂੰ ਇੱਕ ਵਿਸ਼ੇਸ਼ ਰਾਜ ਦਾ ਦਰਜਾ ਪ੍ਰਦਾਨ ਕਰਦੀ ਹੈ, ਦੇ ਖਾਤਮੇ ਵਰਗੇ ਅਤਿ ਦੇ ਵਿਵਾਦਗ੍ਰਸਤ ਮੁੱਦਿਆ ਨੂੰ ਠੰਡੇ ਬਸਤੇ 'ਚ ਪਾਈ ਰੱਖਿਆ ਗਿਆ। ਇਸ ਪਿੱਛੇ ਮਕਸਦ ਭਾਜਪਾ ਦੀ ਸਿਆਸੀ ਅਲਹਿਦਗੀ ਨੂੰ ਖਤਮ ਕਰਕੇ ਜਨ ਸਧਾਰਨ 'ਚ ਉਸਦੀ ਮਕਬੂਲੀਅਤ ਨੂੰ  ਵਧਾਉਣਾ ਸੀ। 
ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ-ਯੂ.ਪੀ.ਏ. ਦੀ ਲਗਾਤਾਰ ਦਸ ਵਰ੍ਹਿਆਂ ਦੀ ਹਕੂਮਤ ਨੇ ਸੰਘ ਪਰਵਾਰ ਦੀ ਰਣਨੀਤੀ ਨੂੰ ਲੁਕਵਾਂ ਮਕਸਦ ਹਾਸਲ ਕਰਨ ਲਈ ਇੱਕ ਜ਼ਰਖੇਜ਼ ਜ਼ਮੀਨ ਮੁਹੱਈਆ ਕੀਤੀ। ਦੇਸ਼ ਨੂੰ ਬੇਕਿਰਕੀ ਨਾਲ ਲੁੱਟਣ ਦੇ ਰਿਕਾਰਡ ਬਣਾਉਣ ਵਾਲੇ ਇਸ ਗੱਠਜੋੜ ਦੀ ਸਰਕਾਰ ਤੋਂ ਭਾਰਤ ਦੇ ਲੋਕ ਇੰਨੇ ਅੱਕ ਗਏ ਕਿ  ਉਹ ਹਰ ਕੀਮਤ 'ਤੇ ਕਾਂਗਰਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਇਸ ਮਾਹੌਲ 'ਚ ਕਾਰਪੋਰੇਟ ਜਗਤ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਜਿਸ ਦੇ ਮੱਥੇ 'ਤੇ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਦਾ ਸੰਗੀਨ ਦੋਸ਼ ਲੱਗਦਾ ਆ ਰਿਹਾ ਹੈ, ਨੂੰ ਸ਼ਿੰਗਾਰ ਕੇ ਲੋਕਾਂ ਅੱਗੇ ਪੇਸ਼ ਕੀਤਾ। ਹਰ ਪਾਸੇ ਮੋਦੀ-ਮੋਦੀ ਹੋਣ ਲੱਗ ਪਈ। ਆਪਣੀ ਚੋਣ ਮੁਹਿੰਮ ਦੌਰਾਨ ਨਰਿੰਦਰ ਮੋਦੀ ਨੇ ਸਿਰਫ ਵਿਕਾਸ ਦੀਆਂ ਗੱਲਾਂ, ''ਚੰਗੇ ਦਿਨਾਂ ਦੀਆਂ ਗੱਲਾਂ'' ਹੀ ਕੀਤੀਆਂ। ਲੋਕਾਂ ਨੇ ਉਸ 'ਤੇ ਯਕੀਨ ਕਰਕੇ ਭਾਜਪਾ ਨੂੰ ਵੋਟ ਪਾ ਕੇ ਕੇਂਦਰ  'ਚ ਸੱਤਾ 'ਤੇ ਲੈ ਆਂਦਾ। ਮੋਦੀ ਪ੍ਰਧਾਨ ਮੰਤਰੀ ਬਣੇ ਤੇ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਦੇ ਭੰਨੇ ਲੋਕ ਚੰਗੇ ਦਿਨਾਂ ਦੀ ਉਡੀਕ ਕਰਨ ਲੱਗੇ। ਛੇ ਮਹੀਨਿਆਂ ਦੀ ਇਸ ਉਡੀਕ 'ਤੇ ਉਸ ਵੇਲੇ ਬਿਜਲੀ ਡਿਗਣੀ ਸ਼ੁਰੂ ਹੋ ਗਈ, ਜਦੋਂ ਕੇਂਦਰ ਸਰਕਾਰ 'ਚ ਬਿਰਾਜਮਾਨ ਮੰਤਰੀਆਂ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਨੇ ਸੰਘ ਪਰਿਵਾਰ ਦੇ 'ਲੁਕਵੇਂ ਏਜੰਡੇ' ਨੂੰ ਸਪੱਸ਼ਟ ਏਜੰਡੇ 'ਚ ਬਦਲ ਦਿੱਤਾ। 
ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਦੇ ਇਸ ਬਿਆਨ ਨੇ ਸਾਰੇ ਦੇਸ਼ ਦੇ ਕੰਨ ਖੜੇ ਕਰ ਦਿੱਤੇ ਕਿ ਅਯੁੱਧਿਆ 'ਚ ਵਿਵਾਦਗ੍ਰਸਤ ਸਥਾਨ 'ਤੇ ਰਾਮ ਮੰਦਰ ਬਣਨਾ ਚਾਹੀਦਾ ਹੈ। ਰਾਜਪਾਲ ਦਾ ਅਹੁਦਾ ਇੱਕ ਸੰਵਿਧਾਨਕ ਅਹੁਦਾ ਹੈ। ਕੋਈ ਵੀ ਰਾਜਪਾਲ ਸੰਵਿਧਾਨ ਦੇ ਦਾਇਰੇ 'ਚੋਂ ਬਾਹਰ ਜਾ ਕੇ ਕੋਈ ਕਾਰਵਾਈ ਜਾਂ ਬਿਆਨਬਾਜ਼ੀ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਕਿਸੇ ਮਸਲੇ 'ਤੇ ਉਸ ਨੂੰ ਆਪਣੀ ਨਿੱਜੀ ਰਾਇ ਵੀ ਜੱਗ ਜ਼ਾਹਰ ਕਰਨਾ ਵੀ ਇਸ ਅਹੁਦੇ ਨਾਲ ਜੁੜੇ ਸਦਾਚਾਰ ਦੇ ਵਿਰੁੱਧ ਹੈ। ਪਰ ਰਾਮ ਨਾਇਕ, ਜੋ ਸੰਘ ਦੇ ਵਰਦੀਧਾਰੀਆਂ 'ਚੋਂ ਇੱਕ ਹਨ, ਨੇ ਅਜਿਹਾ ਕਰਕੇ ਉਸ ਸਮੇਂ ਇੱਕ ਸਪੱਸ਼ਟ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ, ਜਦੋਂ ਇਹ ਮੁੱਦਾ ਅਦਾਲਤ ਦੇ ਵਿਚਾਰ ਅਧੀਨ ਹੈ। 
ਦੇਸ਼ ਦੀ ਬਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਭਗਵਤ ਗੀਤਾ ਦੇ ਮਨੋਂ-ਚਿਤਵੇ 5151ਵੇਂ ਸਾਲ ਦਾ  ਜਸ਼ਨ ਮਨਾਉਣ ਲਈ ਦਿੱਲੀ 'ਚ ਕਰਵਾਏ ਗਏ 'ਗੀਤਾ ਪ੍ਰੇਰਨਾ ਮਹੋਤਸਵ' ਨੂੰ ਸੰਬੋਧਨ ਕਰਦਿਆਂ ਸੁਸ਼ਮਾ ਨੇ ਫੁਰਮਾਇਆ, ''ਭਗਵਤ ਗੀਤਾ ਕੋਲ ਹਰ ਇੱਕ ਦੀਆਂ ਸਮੱਸਿਆਵਾਂ ਦੇ ਜਵਾਬ ਹਨ ਅਤੇ ਇਸ ਕਰਕੇ ਮੈਂ ਪਾਰਲੀਮੈਂਟ 'ਚ ਕਿਹਾ ਹੈ ਕਿ ਇਸ ਨੂੰ  'ਰਾਸ਼ਟਰੀ ਗ੍ਰੰਥ' ਕਰਾਰ ਦੇਣਾ ਚਾਹੀਦਾ ਹੈ। ਐੱਨ ਡੀ ਏ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਇਸ ਬਾਰੇ ਰਸਮੀ ਐਲਾਨ ਅਜੇ ਨਹੀਂ ਕੀਤਾ ਗਿਆ। ਪਰ ਮੈਨੂੰ ਇਹ ਕਹਿੰਦਿਆਂ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਸ ਦੀ ਇੱਕ ਕਾਪੀ ਭੇਟ ਕਰਕੇ ਇਸ ਨੂੰ 'ਰਾਸ਼ਟਰੀ ਗ੍ਰੰਥ' ਦਾ ਸਨਮਾਨ ਦੇ ਦਿੱਤਾ ਹੈ। ਹੁਣ ਸਿਰਫ ਰਸਮੀ ਐਲਾਨ ਹੋਣਾ ਹੀ ਬਾਕੀ ਹੈ।'' ਸੁਸ਼ਮਾ ਸਵਰਾਜ ਹੁਣ ਕੇਵਲ ਭਾਜਪਾ ਦੀ ਆਗੂ ਹੀ ਨਹੀਂ ਹੈ, ਸਗੋਂ ਦੇਸ਼ ਦੀ ਬਦੇਸ਼ ਮੰਤਰੀ ਹੈ। ਉਸ ਦੇ ਮੂੰਹੋਂ ਨਿਕਲੇ ਬੋਲਾਂ ਨੇ ਬਾਕੀ ਦੁਨੀਆਂ 'ਚ ਭਾਰਤ ਦਾ ਅਕਸ ਬਣਾਉਣਾ ਹੈ। ਅਜਿਹੇ ਬੋਲਾਂ ਨਾਲ ਉਹ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?  ਭਾਰਤ 'ਚ ਕੇਵਲ ਇੱਕ ਧਰਮ ਨੂੰ ਹੀ ਨਹੀਂ, ਅਨੇਕਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਇੱਥੇ ਜੇ ਗੀਤਾ ਮੰਨਣ ਵਾਲੇ ਹਨ, ਤਾਂ ਏਥੇ ਪਵਿੱਤਰ ਕੁਰਾਨ, ਗੁਰੂ ਗ੍ਰੰਥ ਸਾਹਿਬ ਤੇ ਹੋਰਨਾਂ ਪਵਿੱਤਰ ਗ੍ਰੰਥਾਂ ਨੂੰ ਮੰਨਣ ਵਾਲੇ ਵੀ ਰਹਿੰਦੇ ਹਨ। ਸਿਰਫ ਗੀਤਾ ਨੂੰ 'ਰਾਸ਼ਟਰੀ ਗ੍ਰੰਥ' ਦਾ ਰੁਤਬਾ ਦੇਣ ਨਾਲ ਕੀ ਇਨ੍ਹਾਂ ਲੋਕਾਂ 'ਚ ਅਲਹਿਦਗੀ ਦੀ ਭਾਵਨਾ ਪੈਦਾ ਨਹੀਂ ਹੋਵੇਗੀ।  ਅਤੇ, ਇਸ ਨਾਲ ਕੀ ਭਾਰਤੀ ਸੰਵਿਧਾਨ 'ਚ ਦਰਜ ਧਰਮ-ਨਿਰਪੱਖਤਾ ਦੀ ਬੁਨਿਆਦੀ ਤੇ ਅਹਿਮ ਧਾਰਣਾ ਨੂੰ ਸੱਟ ਨਹੀਂ ਵੱਜੇਗੀ? ਕੌਮੀ ਏਕਤਾ ਕੌਂਸਲ ਦੇ ਸਾਬਕਾ ਮੈਂਬਰ ਡਾਕਟਰ ਜੌਨ ਦਿਆਲ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ 'ਚ ਕਿਹਾ ਹੈ ਕਿ ਦੇਸ਼ ਕੋਲ ਪਹਿਲਾਂ ਹੀ ਇੱਕ ਰਾਸ਼ਟਰੀ ਕਿਤਾਬ ਹੈ, ਜੋ ਇਸ ਦਾ ਸੰਵਿਧਾਨ ਹੈ। ਆਸਥਾ ਦੀਆਂ ਸਾਰੀਆਂ ਕਿਤਾਬਾਂ ਨੂੰ ਹੀ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਪਰ ਸਾਡਾ ਸੰਵਿਧਾਨ ਹੀ ਸਾਡੀ ਰਾਸ਼ਟਰੀ ਕਿਤਾਬ ਹੈ, ਕਿਉਂਕਿ ਇਸ ਵਿੱਚ ਉਹ ਸਾਰੀਆਂ ਚੰਗਿਆਈਆਂ ਹਨ, ਜੋ ਵੱਖ-ਵੱਖ ਆਸਥਾ ਵਾਲੀਆਂ ਕਿਤਾਬਾਂ 'ਚ ਹਨ-ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦਾ ਮਾਣ-ਸਨਮਾਨ, ਸਭਨਾ ਲੋਕਾਂ ਲਈ ਬਰਾਬਰਤਾ ਅਤੇ ਬੁਨਿਆਦੀ ਅਜ਼ਾਦੀ। 
ਕੇਂਦਰ ਸਰਕਾਰ 'ਚ ਹੀ ਬਿਰਾਜਮਾਨ ਇੱਕ ਹੋਰ ਮੰਤਰੀ ਨਿਰੰਜਣ ਜਯੋਤੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਸਾਧਣੀ ਹੈ, ਨੇ ਤਾਂ ਸਭ ਹੱਦਾਂ ਬੰਨੇ ਹੀ ਤੋੜ ਦਿੱਤੇ ਹਨ। ਦਿੱਲੀ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਧਣੀ ਨੇ ਇਹ ਪ੍ਰਵਚਨ ਕੀਤੇ, ''ਆਪ ਕੋ ਤੈਅ ਕਰਨਾ ਹੈ ਕਿ ਦਿਲੀ ਮੇਂ ਸਰਕਾਰ ਰਾਮਜ਼ਾਦੋਂ ਕੀ ਬਨੇਗੀ ਯਾ ਹਰਾਮਜ਼ਾਦੋਂ ਕੀ। ਯੇ ਆਪਕਾ ਫੈਸਲਾ ਹੈ।'' ਉਸਦਾ ਇਸ਼ਾਰਾ ਸਪੱਸ਼ਟ ਹੈ ਕਿ ਜਿਹੜੇ ਰਾਮ ਨੂੰ ਨਹੀਂ ਮੰਨਦੇ, ਉਹ ਹਰਾਮਜ਼ਾਦੇ ਹਨ। ਸਿੱਧੇ ਲਫਜ਼ਾਂ 'ਚ ਕਿ ਉਹ ਆਪਣੀ ਮਾਂ ਦੀ ਨਜਾਇਜ਼ ਸੰਤਾਨ ਹਨ। ਕੇਂਦਰ ਸਰਕਾਰ 'ਚ ਇੱਕ ਮੰਤਰੀ ਦੇ ਜ਼ਿੰਮੇਵਾਰ ਅਹੁਦੇ 'ਤੇ ਰਹਿੰਦਿਆਂ ਇੱਕ ਸਾਧਣੀ ਦੇਸ਼ ਦੀਆਂ ਮਾਵਾਂ ਨੂੰ ਗਾਲ਼ਾਂ ਕੱਢ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖ ਰਹੇ ਹਨ ਕਿ ਨਿਰੰਜਣ ਜਯੋਤੀ ਦਾ ਪਿਛੋਕੜ ਪੇਂਡੂ ਹੈ, ਇਸ ਲਈ ਉਸ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਪ੍ਰਧਾਨ ਮੰਤਰੀ ਦੇ ਇਹ ਬੋਲ ਵੀ ਕੋਈ ਘੱਟ ਇਤਰਾਜ਼ਯੋਗ ਨਹੀਂ। ਉਹਨਾਂ ਦਾ ਅਰਥ ਇਹੋ ਨਿਕਲਦਾ ਹੈ ਕਿ ਪੇਂਡੂ ਔਰਤਾਂ ਨੂੰ ਗਾਲ਼-ਮੰਦਾ ਹੀ ਬੋਲਣਾ ਆਉਂਦਾ ਹੈ। 
ਸੰਘ ਪਰਵਾਰ ਦੇ ਝੰਡਾ ਬਰਦਾਰਾਂ ਦੀਆਂ ਇਹਨਾਂ ਬਿਆਨਬਾਜ਼ੀਆਂ ਨੇ ਸੰਸਦ 'ਚ ਖੂਬ ਤਰਥੱਲੀ ਮਚਾਈ। ਕੋਈ ਵੀ ਦਿਨ ਅਜਿਹਾ ਨਹੀਂ ਲੰਘਿਆ, ਜਿਸ ਦਿਨ ਇਹਨਾਂ ਮੁੱਦਿਆਂ ਨੂੰ  ਛੱਡ ਕੇ, ਕੇਵਲ ਦੇਸ਼ ਦੇ ਵਿਕਾਸ ਦੇ ਏਜੰਡੇ 'ਤੇ ਕੋਈ ਬਹਿਸ ਹੋਈ ਹੋਵੇ। ਇਹ ਹੰਗਾਮੇ ਅਜੇ ਕੇਵਲ ਬਿਆਨਬਾਜ਼ੀ 'ਤੇ ਹੀ ਹੋ ਰਹੇ ਸਨ ਕਿ ਆਗਰਾ ਨੇੜੇ ਮੁਸਲਮ ਪਰਵਾਰਾਂ ਦਾ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਹਿੰਦੂ ਸਮਾਜ 'ਚ ਸ਼ਾਮਲ ਕਰਨ ਦੀ ਖਬਰ ਨੇ ਤੂਫਾਨ ਖੜਾ ਕਰ ਦਿੱਤਾ। ਸੰਸਦ ਦਾ ਕੰਮ ਅਜੇ ਲੀਹੇ ਪਿਆ ਹੀ ਨਹੀਂ ਸੀ ਕਿ ਗੁਜਰਾਤ ਦੇ ਵਲਸਾੜ ਜ਼ਿਲ੍ਹੇ 'ਚ ਈਸਾਈ ਪਰਵਾਰਾਂ ਨੂੰ ਹਿੰਦੂ ਸਮਾਜ 'ਚ ਸ਼ਾਮਲ ਕੀਤੇ ਜਾਣ ਦੀ ਘਟਨਾ ਸਾਹਮਣੇ  ਆ ਗਈ। ਦੋਹਾਂ ਸਦਨਾਂ 'ਚ ਫਿਰ ਹੰਗਾਮਾ ਹੋਇਆ ਤੇ ਖੂਬ ਹੋਇਆ। 
ਹੁਣ ਇਸ ਸਾਰੀ ਖੇਡ ਤੋਂ ਪਰਦਾ ਚੁੱਕਿਆ ਹੈ ਆਰ ਐੱਸ ਐੱਸ ਦੇ ਪ੍ਰਮੁੱਖ ਮੋਹਨ ਭਾਗਵਤ ਨੇ। ਕੋਲਕਾਤਾ 'ਚ ਇੱਕ ਪ੍ਰੋਗਰਾਮ 'ਚ ਬੋਲਦਿਆਂ ਭਾਗਵਤ ਨੇ ਆਪਣੀਆਂ ਸੰਸਥਾਵਾਂ ਵੱਲੋਂ ਚਲਾਈ ਧਰਮ ਪਰਿਵਰਤਨ ਲਹਿਰ ਨੂੰ 'ਘਰ ਵਾਪਸੀ' ਦਾ ਨਾਂਅ ਦਿੱਤਾ ਹੈ। ਉਹ ਆਖਦੇ ਹਨ, 'ਭੂਲੇ ਭਟਕੇ ਜੋ ਭਾਈ ਗਏ ਹੈਂ, ਓਨਕੋ ਵਾਪਸ ਲਾਏਂਗੇ। ਵੋ ਲੋਗ ਅਪਨੇ ਆਪ ਨਹੀਂ ਗਏ, ਉਨਕੋ ਲੂਟ ਕਰ, ਲਾਲਚ ਦੇ ਕਰ ਲੇ ਕਰ ਗਏ.... ਅਭੀ ਚੋਰ ਪਕੜਾ ਗਯਾ ਹੈ, ਮੇਰਾ ਮਾਲ ਚੋਰ ਕੇ ਪਾਸ ਹੈ ਔਰ ਯੇ ਦੁਨੀਆ ਜਾਨਤੀ ਹੈ। ਮੈਂ ਅਪਨਾ ਮਾਲ ਵਾਪਸ ਲੂੰਗਾ, ਯੇ ਕੌਨਸੀ ਬੜੀ ਬਾਤ ਹੈ, ਕਿਸੀ ਕੋ ਦਿੱਕਤ ਹੈ? ਆਪ ਕੋ ਪਸੰਦ ਨਹੀਂ ਹੈ ਤੋ ਕਾਨੂੰਨ ਲਾਓ।'' ਭਾਗਵਤ ਨੇ ਇਹ ਵੀ ਐਲਾਨ ਕੀਤਾ ਹੈ ਕਿ ਦੇਖਦੇ ਹੀ ਦੇਖਦੇ ਉਹਨਾਂ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਪੂਰਾ ਹੋ ਜਾਵੇਗਾ। ਹੁਣ ਇਸ ਵਿੱਚ ਜ਼ਿਆਦਾ ਦੇਰ ਨਹੀਂ।
ਭਾਗਵਤ ਦੇ ਬਿਆਨ ਤੋਂ ਅਗਲੇ ਦਿਨ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਅਸ਼ੋਕ ਸਿੰਘਲ ਦਾ ਬਿਆਨ ਆ ਗਿਆ, ਜਿਸ ਵਿੱਚ ਉਨ੍ਹਾ ਮੁਸਲਮਾਨਾਂ ਤੇ ਇਸਾਈਆਂ ਨੂੰ ਜੰਗ ਦਾ ਕਾਰਨ ਦੱਸਿਆ। ਇੱਕ ਟੀ ਵੀ ਚੈਨਲ ਨੂੰ ਇੰਟਰਵਿਊ ਦੌਰਾਨ ਸਿੰਘਲ ਨੇ ਫੁਰਮਾਇਆ ਕਿ ਮੁਸਲਮ ਤੇ ਈਸਾਈ ਵਿਸ਼ਵ ਜੰਗ ਦੇ ਖਿਡਾਰੀ ਹਨ। ਦੁਨੀਆ 'ਚ ਅਜਿਹੇ ਹਾਲਾਤ ਬਣ ਗਏ ਹਨ ਕਿ ਵਿਸ਼ਵ ਜੰਗ ਟਲ ਨਹੀਂ ਸਕਦੀ।
ਇਸ ਤਰ੍ਹਾਂ ਸੰਘ ਪਰਿਵਾਰ ਦਾ ਪੂਰਾ ਏਜੰਡਾ ਸਪੱਸ਼ਟ ਹੋ ਜਾਣ 'ਤੇ ਸੰਸਦ ਵਿੱਚ ਹੰਗਾਮਾ ਤਾਂ ਹੋਣਾ ਹੀ ਸੀ। ਵਿਕਾਸ, ਜਿਸ ਦੇ ਨਾਅਰੇ 'ਤੇ ਮੋਦੀ ਸੱਤਾ ਦੇ ਸਿਖਰ 'ਤੇ ਜਾ ਬੈਠੇ ਹਨ, ਦਾ ਮੁੱਦਾ ਕਿਤੇ ਪਿੱਛੇ ਚਲਾ ਗਿਆ। ਵਿਦੇਸ਼ੀ ਬੈਂਕਾਂ ਵਿਚ  ਜਮਾਂ ਅਰਬਾਂ-ਖਰਬਾਂ ਰੁਪਏ ਦਾ ਕਾਲਾ ਧਨ, ਜਿਹੜਾ ਕਿ 100 ਦਿਨਾਂ 'ਚ ਵਾਪਸ ਦੇਸ਼ ਵਿਚ ਲਿਆਂਦਾ ਜਾਣਾ ਸੀ ਅਤੇ ਜਿਸਨੇ ਏਥੇ ਬਹੁਪੱਖੀ ਵਿਕਾਸ ਦੇ ਦਰਵਾਜ਼ੇ ਖੋਹਲ ਦੇਣੇ ਸਨ, ਬਾਰੇ ਪ੍ਰਧਾਨ ਮੰਤਰੀ ਨੇ ਤਾਂ ਲਗਭਗ ਚੁਪ ਹੀ ਸਾਧ ਲਈ ਹੈ। ਵਿਰੋਧੀ ਧਿਰ ਸੰਘ-ਪਰਿਵਾਰ ਦੇ ਆਗੂਆਂ ਤੇ ਭਾਜਪਾ ਦੇ ਮੰਤਰੀਆਂ ਦੇ ਭੜਕਾਊ ਬਿਆਨਾਂ ਅਤੇ ਧਰਮ ਪਰਿਵਰਤਨ ਲਈ ਆਰੰਭੀ ਗਈ ਮੁਹਿੰਮ ਬਾਰੇ ਪ੍ਰਧਾਨ ਮੰਤਰੀ ਤੋਂ ਬਿਆਨ ਦੀ ਮੰਗ ਕਰਦੀ ਰਹੀ, ਪਰ ਅਜਿਹਾ ਹੋਇਆ ਨਹੀਂ। ਸਰਕਾਰ ਕਿਤੇ ਵੀ ਨਜ਼ਰ ਨਹੀਂ ਆਈ। ਉਹ ਇਸ ਭਖਵੇਂ ਮੁੱਦੇ ਤੋਂ ਟਾਲਾ ਹੀ ਵੱਟਦੀ ਲੱਭੀ। ਜਦ ਮੁਕੰਮਲ ਬਹੁਮਤ ਵਾਲੀ ਸਰਕਾਰ ਕਿਸੇ ਭਖਦੇ ਮੁੱਦੇ 'ਤੇ ਕਾਰਵਾਈ ਕਰਨ ਤੋਂ ਬਚੇ ਤਾਂ ਉਸ ਦੇ ਕਈ ਅਰਥ ਨਿਕਲਦੇ ਹਨ। ਇਹ ਗੱਲ ਉਦੋਂ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ, ਜਦ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਪਸੀ ਰਿਸ਼ਤੇ ਸਪੱਸ਼ਟ ਹੋ ਜਾਣ ਅਤੇ ਉਦੋਂ ਤਾਂ ਹੋਰ ਵੀ ਵਧੇਰੇ, ਜਦ ਲੋਕ ਸਭਾ ਸਪੀਕਰ ਸਦਨ 'ਚ ਆਰ ਐੱਸ ਐੱਸ ਨੂੰ ਮੁੱਦਾ ਨਾ ਬਣਾਉਣ ਦੀ ਗੱਲ ਕਹੇ ਅਤੇ ਸਰਕਾਰ ਦੇ ਮੰਤਰੀ ਇਹ ਗੱਲ ਸਦਨ ਵਿੱਚ ਹੀ ਆਖਣ ਕਿ ਸਾਨੂੰ ਸੰਘੀ ਹੋਣ 'ਤੇ ਮਾਣ ਹੈ।
ਸੰਘ ਪਰਿਵਾਰ ਦੇ ਰਹਿਬਰਾਂ ਨੂੰ ਇਹ ਸਵਾਲ ਵੀ ਪੁੱਛਣਾ ਚਾਹੀਦਾ ਹੈ ਕਿ ਘਰ ਵਾਲੇ ਤੇ ਬਾਹਰ ਵਾਲੇ ਦਾ ਫੈਸਲਾ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਕਿਸ ਨੇ ਦਿੱਤਾ ਹੈ। ਜੇ ਕੋਈ ਘਰ ਛੱਡਕੇ ਚਲਾ ਗਿਆ ਸੀ ਤਾਂ ਆਪਣੇ ਆਪ ਵਾਪਸ ਆਉਂਦਾ ਹੈ ਤਾਂ ਆਵੇ ਪਰ ਤੁਸੀਂ ਕੌਣ ਹੁੰਦੇ ਓ ਟੋਲੇ ਬਣਾ ਕੇ 'ਘਰ ਵਾਪਸੀ' ਦੀ ਮੁਹਿੰਮ ਚਲਾਉਣ ਵਾਲੇ। ਧਰਮ ਕਿਸੇ ਵੀ ਇਨਸਾਨ ਦਾ ਨਿੱਜੀ ਮਾਮਲਾ ਹੈ। ਇਸ ਵਿਚ ਕਿਸੇ ਦਾ ਵੀ ਦਖ਼ਲ, ਭਾਵੇਂ ਉਹ ਹਿੰਦੂ ਹੋਵੇ, ਸਿੱਖ, ਈਸਾਈ ਜਾਂ ਮੁਸਲਿਮ, ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਸੰਘ ਪਰਿਵਾਰ ਦੇ ਲੋਕ ਅਜਿਹਾ ਦਖਲ ਦੇ ਰਹੇ ਹਨ। ਕੀ ਸੰਘ ਪਰਿਵਾਰ ਸੰਵਿਧਾਨ ਤੋਂ ਉਪਰ ਹੈ। ਇਹ ਵੀ ਇਕ ਸਵਾਲ ਹੈ? ਦੇਸ਼ ਦਾ ਭਲਾ ਚਾਹੁਣ ਵਾਲੀਆਂ ਤਾਕਤਾਂ ਨੂੰ ਜਮਹੂਰੀਅਤ ਪਸੰਦ ਲੋਕਾਂ ਨੂੰ ਇਹ ਸਵਾਲ ਲੋਕਾਂ ਦ ਕਚਿਹਰੀ 'ਚ ਲੈ ਕੇ ਜਾਣਾ ਚਾਹੀਦਾ ਹੈ।
ਦੇਸ਼ ਦੇ ਸਨਮੁੱਖ ਅੱਜ ਅਸਲ ਤੇ ਸਭ ਤੋਂ ਵੱਡਾ ਮੁੱਦਾ ਤਾਂ ਰੁਜ਼ਗਾਰ ਦਾ ਹੈ। ਦੇਸ਼ ਦੀ ਕਿਰਤ ਸ਼ਕਤੀ, ਨੌਜਵਾਨ ਵਰਗ ਦਾ ਵੱਡਾ ਹਿੱਸਾ ਵਿਹਲਾ ਫਿਰ ਰਿਹਾ ਹੈ। ਉੱਚੀਆਂ-ਉੱਚੀਆਂ ਡਿਗਰੀਆਂ ਹੱਥਾਂ 'ਚ ਫੜੀ ਉਹ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ। ਲੋੜ ਤਾਂ ਹੈ ਉਸ ਦੀ ਯੋਗਤਾ ਅਨੁਸਾਰ ਅਜਿਹਾ ਰੁਜ਼ਗਾਰ ਦੇਣ ਦੀ, ਜਿਸ ਨਾਲ ਉਹ ਸਵੈ-ਮਾਣ ਨਾਲ ਜਿਊ ਸਕੇ। ਇਹ ਰੁਜ਼ਗਾਰ ਕਿਸੇ ਧਾਰਮਿਕ ਗ੍ਰੰਥ ਨੂੰ ਰਾਸ਼ਟਰੀ ਗ੍ਰੰਥ ਬਣਾ ਕੇ ਜਾਂ ਸਰਦਾਰ ਪਟੇਲ ਦਾ ਅਸਮਾਨ ਛੂੰਹਦਾ ਲੋਹੇ ਦਾ ਬੁੱਤ ਬਣਾ ਕੇ ਨਹੀਂ ਦਿੱਤਾ ਜਾ ਸਕਦਾ। ਦੇਸ਼ ਦੀ ਸੰਸਦ, ਜਿਸ ਨੂੰ ਇਸ ਦੇ ਲੋਕਾਂ ਨੇ ਆਪਣੇ ਮਸਲੇ ਵਿਚਾਰਨ ਲਈ ਚੁਣਿਆ ਹੁੰਦਾ ਹੈ, ਦੇਸ਼ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਵਿਚਾਰ ਨਹੀਂ ਕਰੇਗੀ ਤਾਂ ਹੋਰ ਕੌਣ ਕਰੇਗਾ? ਇਹ ਸਵਾਲ ਹੈ, ਜਿਸ ਦਾ ਜਵਾਬ ਲੋਕ ਮੰਗਦੇ ਹਨ। 

ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਵਧ ਰਹੀ ਬੇਚੈਨੀ

ਡਾ. ਤੇਜਿੰਦਰ ਵਿਰਲੀ

ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹਰ ਰੋਜ਼ ਅਖਬਾਰਾਂ ਵਿਚ ਬਹੁਤ ਹੀ ਸੰਵੇਦਨਸ਼ੀਲ ਖਬਰਾਂ ਪੜਨ ਸੁਣਨ ਨੂੰ ਮਿਲ ਰਹੀਆਂ ਹਨ। ਕਿਤੇ ਕੋਈ ਭੁੱਖ ਨਾਲ ਮਰ ਗਿਆ। ਕਿਤੇ ਕੋਈ ਮਰੀਜ਼ ਦਵਾਈ ਖੁਣੋ ਮਰ ਗਿਆ। ਕਿਤੇ ਕੋਈ ਠੰਡ ਨਾਲ ਮਰ ਗਿਆ। ਕਿਤੇ ਕੋਈ ਜਥੇਬੰਦੀ ਭੁਖ ਹੜਤਾਲ ਉਪਰ ਬੈਠ ਗਈ। ਕਿਤੇ ਕੋਈ ਪੁਲਸ ਦੀਆਂ ਡਾਂਗਾਂ ਦਾ ਸ਼ਿਕਾਰ ਬਣ ਰਹੀ ਹੁੰਦੀ ਹੈ। ਬੇਚੈਨੀ ਤੇ ਬੇਬਸੀ ਦਾ ਆਲਮ ਤਾਂ ਇਹ ਹੈ ਕਿ ਪੰਜਾਬ ਦੀ ਇਕ ਬੇਰੁਜ਼ਗਾਰ ਧੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਹੀ ਆਤਮਦਾਹ ਦੀ ਕੋਸ਼ਿਸ ਕੀਤੀ। ਮੁੱਖ ਮੰਤਰੀ ਸਾਹਿਬ ਨੇ ਇਸ ਦੁਖਦਾਇਕ ਸਥਿਤੀ ਤੇ ਜਿਹੜਾ ਬਿਆਨ ਦਿੱਤਾ ਉਹ ਬਹੁਤ ਹੀ ਮੰਦਭਾਗਾ ਤੇ ਗੈਰ ਸੰਜੀਦਾ ਸੀ ਇਹ ਬਿਆਨ ਸੀ ਕਿ ''ਸਭ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ।'' ਅਜਿਹਾ ਬਿਆਨ ਉਸ ਬੇਸਹਾਰਾ ਬੇਰੁਜ਼ਗਾਰ ਲੜਕੀ ਦੇ ਜਖ਼ਮਾਂ ਉਪਰ ਲੂਣ ਛਿੜਕਣ  ਲਈ ਕਾਫੀ ਹੈ, ਜਿਹੜੀ ਪਿੱਛਲੇ ਛੇ ਸਾਲਾਂ ਤੋਂ ਬਾਦਲ ਸਾਹਿਬ ਤੇ ਉਸ ਦੀ ਸਰਕਾਰ ਤੋਂ ਮਿਲਦੇ ਰੁਜ਼ਗਾਰ ਸੰਬੰਧੀ ਲਾਰਿਆਂ ਆਸਰੇ ਦਿਨ ਕਟੀ ਕਰ ਰਹੀ ਸੀ। ਜਿਸ ਦਾ ਪਰਿਵਾਰਕ ਪਿਛੋਕੜ ਅਕਾਲੀ ਪਾਰਟੀ ਦਾ ਹੋਣ ਕਰਕੇ ਉਹ ਬੜੀ ਵਾਰ ਅਕਾਲੀ ਮੰਤਰੀਆਂ ਤੇ ਬਾਦਲ ਹੁਰਾਂ ਨੂੰ ਮਿਲ ਚੁੱਕੀ ਸੀ। ਉਹ ਛੇ ਤੋਂ ਵੱਧ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਸੰਗਤ ਦਰਸ਼ਨਾਂ ਵਿਚ ਰੁਜ਼ਗਾਰ ਲਈ ਪਹਿਲਾਂ ਵੀ ਅਪੀਲ ਕਰ ਚੁੱਕੀ ਸੀ। ਉਸ ਨੂੰ ਇਹ ਭਰਮ ਸੀ ਕਿ ਪੰਜਾਬ ਦਾ 'ਮੌਜੂਦਾ ਰਣਜੀਤ ਸਿੰਘ' ਉਸ ਨੂੰ ਰੁਜ਼ਗਾਰ ਦੇ ਦੇਵੇਗਾ। ਪੰਜਾਬ ਦੀ ਇਸ ਬੇਰੁਜ਼ਗਾਰ ਧੀ ਨੂੰ ਜਦੋਂ ਪ੍ਰਬੰਧਕਾਂ ਨੇ ਮੁਖ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਤਾਂ ਉਹ ਆਤਮਦਾਹ ਕਰਨ ਲਈ ਮਜਬੂਰ ਹੋ ਗਈ। ਜਿਹੜੀ ਕਿਸਮਤ ਜਾਂ ਬਦਕਿਸਮਤੀ ਨਾਲ ਇਸ ਪ੍ਰਬੰਧ ਨੇ ਮਰਨ ਵੀ ਨਹੀਂ ਦਿੱਤੀ ਤੇ ਹੁਣ ਹਸਪਤਾਲ ਵਿਚ  ਜ਼ਿੰਦਗੀ ਮੌਤ ਦਾ ਸੰਘਰਸ਼ ਲੜ ਰਹੀ ਹੈ। ਇਹ ਕਹਾਣੀ ਪੰਜਾਬ ਦੀ  ਇਸੇ ਇਕ ਧੀ ਦੀ ਕਹਾਣੀ ਨਹੀਂ, ਸਗੋਂ ਇਸ ਦੌਰ ਵਿਚ ਜਵਾਨ ਹੋਈ ਪੂਰੀ ਪੰਜਾਬੀ ਪੀੜੀ ਦੀ ਕਹਾਣੀ ਹੈ। ਕਪੂਰਥਲੇ ਦੀ ਟੈਂਕੀ ਉਪਰ ਚੜਕੇ ਕਿਰਨਜੀਤ ਨਾਮ ਦੀ ਬੇਰੁਜ਼ਗਾਰ ਈਜੀਐਸ ਅਧਿਆਪਕਾ ਨੇ ਖੁਦ ਨੂੰ ਅੱਗ ਲਾਕੇ ਇਸ ਸਰਕਾਰ ਦੇ ਮੂੰਹ ਤੇ ਚਪੇੜ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਅੱਜ ਉਹ ਪੀੜੀ ਬੇਚੈਨ ਹੈ ਜਿਹੜੀ ਪੀੜੀ ਨੂੰ ਬਚਪਨ ਵਿਚ ਇਹ ਲਾਰੇ ਸੁਣਾਏ ਗਏ ਸਨ ਕਿ ਭਾਰਤ 2020 ਵਿਚ ਸੰਸਾਰ ਦੀ ਵੱਡੀ ਸ਼ਕਤੀ ਬਣ ਰਿਹਾ ਹੈ। ਦੇਸ਼ ਦੇ ਹਾਕਮਾਂ ਨੇ ਸੰਸਾਰ ਦੀ ਸਰਮਾਏਦਾਰੀ ਨਾਲ ਸਾਂਝ ਪਾਕੇ ਇਹ ਭਰਮ ਦੇਸ਼ ਦੇ ਲੋਕਾਂ ਵਿਚ ਪੈਦਾ ਕੀਤਾ ਸੀ ਕਿ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਨਾਲ ਬਹੁਤ ਵੱਡੀ ਗਿਣਤੀ ਵਿਚ ਰੁਜ਼ਗਾਰ ਪੈਦਾ ਹੋਵੇਗਾ। ਹੁਣ ਅਸਲ ਵਿਚ ਉਨ੍ਹਾਂ ਲਾਰਿਆ ਤੇ ਨਾਹਰਿਆਂ ਦੀ ਅਸਲੀਅਤ ਸਾਖਸ਼ਾਤ ਰੂਪ ਵਿਚ ਸਭ ਦੇ ਸਾਹਮਣੇ ਆ ਰਹੀ ਹੈ। ਹਰ ਰੋਜ਼ ਵਧਦੀ ਮਹਿਗਾਈ ਤੇ ਸੁੰਗੜ ਰਹੀਆਂ ਰੁਜ਼ਗਾਰ ਸੰਭਾਵਨਾਵਾਂ ਨੇ ਦੇਸ਼ ਦੇ ਨੌਜਵਾਨਾਂ, ਕਿਸਾਨਾਂ, ਕਿਰਤੀਆਂ, ਮੁਲਾਜਮਾਂ ਤੇ ਛੋਟੇ ਦਕਾਨਦਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸੇ ਵਿੱਚੋਂ ਨਿਕਲ ਰਹੇ ਹਨ ਨਿੱਤ ਦਿਨ ਦੇ ਵਧ ਰਹੇ ਸੰਘਰਸ਼ ਤੇ ਖੁਦਕਸ਼ੀਆਂ ਦੇ ਰੁਝਾਨ।
ਦੇਸ਼ ਦੇ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਜਥੇਬੰਦ ਹੋ ਕੇ ਲੜਨ ਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ ਉਹ ਆਪਣੀ ਸੀਮਤ ਸ਼ਕਤੀ ਦੇ ਨਾਲ ਵੀ ਹਕੂਮਤ ਦੇ ਗਲਤ ਫੈਸਲਿਆਂ ਦੇ ਖਿਲਾਫ ਲੜ ਰਹੇ ਹਨ। ਆਪਣੀ ਸ਼ਕਤੀ ਦੇ ਪ੍ਰਸਾਰ ਤੇ ਵਿਸਥਾਰ ਲਈ ਆਪਣੀਆਂ ਯੂਨੀਅਨਾਂ ਨੂੰ ਵੱਡੀਆਂ ਲੜਾਕੂ ਫੈਡਰੇਸ਼ਨਾਂ ਦੇ ਨਾਲ ਜੋੜ ਰਹੇ ਹਨ ਤੇ ਦੂਸਰੇ ਪਾਸੇ ਸਰਕਾਰ ਦੇ ਲਾਰਿਆਂ ਦੀ ਝਾਕ ਵਿਚ ਬੈਠੇ ਭੋਲੇ ਭਾਲੇ ਲੋਕ ਜਦ ਬੇਚੈਨ ਹੁੰਦੇ ਹਨ ਤਾਂ ਖੁਦਕਸ਼ੀਆਂ ਦਾ ਰਸਤਾ ਚੁਣ ਰਹੇ ਹਨ। ਪਿੱਛੇ ਜਿਹੇ ਪੰਜਾਬ ਦੀ ਇਕ ਨਾਮੀ ਗਰਾਮੀ ਖਿਡਾਰਨ ਰਾਜਵਿੰਦਰ ਨੇ ਸੁਨਾਮ ਵਿਖੇ ਰੇਲ ਗੱਡੀ ਮੋਹਰੇ ਖੁਦਕਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਾਕੀ ਦੀ ਖਿਡਾਰਨ ਕਿਰਤੀ ਪਰਿਵਾਰ ਦੀ ਇਹ ਹੋਣਹਾਰ ਧੀ ਪੰਜਾਬ ਵੱਲੋਂ ਨੈਸ਼ਨਲ ਖੇਡ ਚੁੱਕੀ ਸੀ। ਪੰਜਾਬ ਸਰਕਾਰ ਦੀ ਬਦਲੀ ਖੇਡ ਨੀਤੀ ਤੇ ਖਿਡਾਰੀਆਂ ਪ੍ਰਤੀ ਬਦਲੀਆਂ ਮਾਰੂ ਨੀਤੀਆਂ ਕਰਕੇ ਵਿਦਿਆਰਥੀ ਖਿਡਾਰੀਆਂ ਨੂੰ ਮਿਲਦੀਆਂ ਸਹੂਲਤਾਂ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਦੀ ਭੇਂਟ ਚੜ੍ਹ ਗਈਆਂ ਹਨ। ਜਿਸ ਕਰਕੇ ਰਾਜਵਿੰਦਰ ਹੁਣ ਆਪਣੀ ਫੀਸ ਦੇਣ ਤੋਂ ਵੀ ਲਾਚਾਰ ਸੀ। ਉਸ ਦੇ ਕਿਰਤੀ ਪਰਿਵਾਰ ਦੀ ਪੂਰੀ ਸਮਰਥਾ ਮਿਲਾਕੇ ਵੀ ਇਸ ਕਾਬਲ ਨਹੀਂ ਸੀ ਕਿ ਉਹ ਉਸ ਦੀ ਫੀਸ ਤੇ ਪੜ੍ਹਾਈ ਦੇ ਹੋਰ ਖਰਚੇ  ਦੇ ਸਕਦੇ। ਇਸ ਕਰਕੇ ਉਸ ਨੂੰ ਖੁਦਕਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ। ਇਸੇ ਤਰ੍ਹਾਂ ਹੀ ਬਠਿੰਡੇ ਜਿਲ੍ਹੇ ਦੀ ਕਰਮਜੀਤ ਜਿਹੜੀ ਈਟੀਟੀ ਪਾਸ ਸੀ, ਰੁਜ਼ਗਾਰ ਦੀ ਭਾਲ ਵਿਚ ਜਦੋਂ ਹਾਰ ਗਈ ਤਾਂ ਉਸ ਨੇ ਵੀ ਮੌਤ ਨੂੰ ਗਲੇ ਲਾ ਲਿਆ। ਉਹ ਆਪਣੇ ਗਰੀਬ ਮਾਪਿਆਂ ਉਪਰ ਹੋਰ ਬੋਝ ਨਹੀਂ ਸੀ ਬਣਨਾ ਚਾਹੁੰਦੀ। ਪੰਜਾਬ ਦੀ ਉਹ ਹੋਣਹਾਰ ਧੀ ਘਰ ਦੇ ਪੱਖੇ ਨਾਲ ਲਟਕ ਗਈ। ਅੱਜ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਪੰਜਾਬ ਦੀ ਸੰਵੇਦਨਸ਼ੀਲ ਜਵਾਨੀ ਮਜਬੂਰ ਹੋਕੇ ਕਿਸ ਰਾਹੇ ਪੈ ਰਹੀ ਹੈ? ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਇਸ ਜਵਾਨੀ ਨੂੰ ਕੀ ਕਰਨਾ ਚਾਹੀਦਾ ਹੈ? ਸਲਫਾਸ ਪੀਕੇ ਖੁਦਕਸ਼ੀਆਂ ਕਰਦੇ ਕਿਸਾਨ ਤੇ ਭੁੱਖ ਨਾਲ ਤਿਲ ਤਿਲ ਕਰਕੇ ਮਰਦੇ ਮਜਦੂਰਾਂ ਦੀਆਂ ਖਬਰਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ। ਪੰਜਾਬ ਦੇ ਜਵਾਨ ਨਸ਼ੇ ਨਾਲ ਤਬਾਹ ਹੋ ਰਹੇ ਹਨ। ਪੰਜਾਬ ਦੀਆਂ ਬੇਚੈਨ ਸਥਿਤੀਆਂ ਕਰਕੇ ਹੀ ਅੱਜ ਵੱਡੀ ਪੱਧਰ 'ਤੇ ਪੰਜਾਬੀ ਪ੍ਰਦੇਸ਼ਾਂ ਨੂੰ ਹਿਜ਼ਰਤ ਕਰ ਰਿਹਾ ਹੈ। ਕੀ ਪੰਜਾਬ ਦੀ ਹੋਣੀ ਇਸੇ ਤਰ੍ਹਾਂ ਹੀ ਘੜੀ ਜਾਣੀ ਸੀ? ਜਾਂ ਕੋਈ ਹੋਰ ਵੀ ਰਾਹ ਹੈ ਜਿਹੜਾ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਹੋਵੇਗਾ।
ਸਾਡੇ ਸਮਿਆਂ ਵਿਚ ਹੱਕਾਂ ਲਈ ਲੜਦੇ ਮੁੱਠੀ ਭਰ ਲੋਕਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਨ੍ਹਾਂ ਦੀ ਹਾਜ਼ਰੀ ਸਰਕਾਰ ਨੂੰ ਦਿਖਾਈ ਦਿੰਦੀ ਹੈ। ਸੰਘਰਸ਼ਾਂ ਦੇ ਪਿੜਾਂ ਵਿੱਚੋਂ ਆਉਂਦੀ ਨਗਾਰੇ ਦੀ ਆਵਾਜ਼ ਜਿੱਥੇ ਦੇਸ਼ ਦੇ ਹਾਕਮਾਂ ਨੂੰ ਬੇਚੈਨ ਕਰ ਰਹੀ ਹੈ ਉੱਥੇ ਖੁਦਕਸ਼ੀਆਂ ਦੇ ਰਾਹ ਪਏ ਲੋਕਾਂ ਨੂੰ ਵੀ ਪ੍ਰੇਰ ਰਹੀ ਹੈ।  ਲੋਕ ਸ਼ੰਘਰਸ਼ਾਂ ਵਿਚ ਜੂਝਦੇ ਤੇ ਸ਼ਹੀਦ ਹੁੰਦੇ ਲੋਕਾਂ ਦਾ ਵੀ ਆਪਣਾ ਇਕ ਇਤਿਹਾਸ ਬਣ ਰਿਹਾ ਹੈ। ਸ਼ਾਨਾਂ ਮੱਤਾ ਇਤਿਹਾਸ।
ਅੱਜ ਸੰਘਰਸ਼ਾਂ ਨੂੰ ਕੁਚਲਣ ਲਈ ਕਿਰਤ ਕਾਨੂੰਨ ਸੋਧੇ ਜਾ ਰਹੇ ਹਨ। ਲੋਕਾਂ ਦੇ ਜਮਹੂਰੀ ਹਿੱਤਾਂ ਨੂੰ ਕੁਚਲਣ ਲਈ ਕਾਲੇ ਕਾਨੂੰਨ ਘੜੇ ਜਾ ਰਹੇ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ਦੇ ਬਾਵਜੂਦ ਲੋਕ ਲੜ ਰਹੇ ਹਨ। ਸੰਘਰਸ਼ਸ਼ੀਲ ਲੋਕਾਂ ਨੇ ਸੰਘਰਸ਼ਾਂ ਦੇ ਪਿੜ ਮੱਲੇ ਹੋਏ ਹਨ। ਕਿਤੇ ਮਿੱਡ-ਡੇ-ਮੀਲ ਸਕੀਮ ਦੇ ਤਹਿਤ ਸਕੂਲਾਂ ਵਿਚ 33 ਰਪਏ ਦਿਹਾੜੀ ਤੇ ਸੌ-ਸੌ ਬੱਚੇ ਦਾ ਖਾਣਾ ਬਣਾ ਰਹੀਆਂ ਮਜਦੂਰ ਔਰਤਾਂ ਲੜ ਰਹੀਆਂ ਹਨ। ਕਿਤੇ ਆਸ਼ਾ ਵਰਕਰ ਰੁਜ਼ਗਾਰ ਦੀ ਮੰਗ ਕਰਦੀਆਂ ਸਰਕਾਰ ਦੇ ਪੁਤਲੇ ਫੂਕ ਰਹੀਆਂ ਹਨ। ਕਿਤੇ ਆਂਗਣਵਾੜੀ ਮੁਲਾਜ਼ਮ ਪੱਕੇ ਹੋਣ ਲਈ ਧਰਨੇ ਦੇ ਰਹੇ ਹਨ।
ਪੰਜਾਬ ਦੇ ਅੰਦਰੋਂ ਵਿਦਿਆ ਦੇ ਚਾਨਣ ਨੂੰ ਖਤਮ ਕਰਨਾ ਸਾਡੀਆਂ ਸਰਕਾਰਾਂ ਦਾ ਪ੍ਰਮੁੱਖ ਸਾਮਰਾਜੀ ਏਜੰਡਾ ਹੈ। ਇਸੇ ਕਰਕੇ ਪ੍ਰਾਇਮਰੀ ਤੋਂ ਲੈਕੇ ਉੱਚ ਸਿੱਖਿਆ ਤੱਕ ਸਰਕਾਰ ਆਪਣੀ ਬਣਦੀ ਜਿੰਮੇਵਾਰੀ ਤੋਂ ਮੂੰਹ ਫੇਰ ਰਹੀ ਹੈ। ਕਦੇ 35 ਤੋਂ ਘੱਟ ਬੱਚਿਆਂ ਵਾਲੇ ਸਕੂਲ ਬੰਦ ਕਰਨ ਦੇ ਬਹਾਨੇ ਨਾਲ, ਕਦੇ ਰਾਈਟ ਟੂ ਐਜੂਕੇਸ਼ਨ ਐਕਟ ਦੀਆਂ ਨਵੀਆਂ ਨੀਤੀਆਂ ਦੇ ਤਹਿਤ, ਕਦੇ ਐਸ ਐਸ ਏ, ਰਮਸਾ ਤੇ ਰੂਸਾ ਦੀਆਂ ਨਵੀਆਂ ਪਾਲਸੀਆਂ ਦੇ ਤਹਿਤ ਹਰ ਰੋਜ਼ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਸਿੱਖਿਆ ਜਗਤ ਨੂੰ ਬਜ਼ਾਰ ਦੀਆਂ ਸਰਮਾਏਦਾਰ ਸ਼ਕਤੀਆਂ ਦੇ ਹਵਾਲੇ ਛੱਡ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਪੰਜਾਬ ਵਿਚ 25 ਨਿੱਜੀ ਯੂਨੀਵਰਸਿਟੀਆਂ ਨੂੰ ਪ੍ਰਵਾਨਗੀ ਦੇ ਕੇ ਸਿੱਖਿਆ ਦੇ ਨਿੱਜੀਕਰਨ ਵਿਚ ਵੱਡੀ ਛਲਾਂਗ ਮਾਰੀ ਹੈ। ਜਿੱਥੇ ਵਿਦਿਆਰਥੀਆਂ ਦੀ ਹਰ ਕਿਸਮ ਦੀ ਲੁੱਟ ਹੁੰਦੀ ਹੈ ਵੱਡੀਆਂ ਫੀਸਾਂ ਲੈਕੇ ਮਨ ਮਰਜ਼ੀ ਦਾ ਸਲੇਬਸ ਪੜ੍ਹਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਐਸ ਐਸ ਏ ਤੇ ਰਮਸਾ ਤਹਿਤ ਸਕੂਲਾਂ ਨੂੰ ਵੱਡੀਆਂ ਧਨਾਢ ਕੰਪਣੀਆਂ ਦੇ ਹਵਾਲੇ ਕਰਨ ਜਾ ਰਹੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਨੇ ਐਮ ਐਚ ਆਰ ਡੀ ਨੂੰ ਲਿਖਤੀ ਵਿਸ਼ਵਾਸ਼ ਦਵਾਇਆ ਹੈ ਕਿ ਹਰਿਆਣਾ ਦੀ ਸਮੁੱਚੀ ਸਿੱਖਿਆ ਦਾ ਪ੍ਰਬੰਧ ਆਉਣ ਵਾਲੇ ਪੰਜ ਸਾਲਾਂ ਵਿਚ ਨਿੱਜੀ ਹੱਥਾਂ ਵਿਚ ਦੇ ਦਿੱਤਾ ਜਾਵੇਗਾ ਤੇ ਸਰਕਾਰੀ ਖਰਚ ਸਿਫਰ 'ਤੇ ਲੈ ਆਂਦਾ ਜਾਵੇਗਾ। ਪੰਜਾਬ ਸਰਕਾਰ ਵੀ ਇਸੇ ਸੇਧ ਵਿਚ ਅੱਗੇ ਵਧ ਰਹੀ ਹੈ। 2005 ਤੋਂ ਪੰਜਾਬ ਦੇ ਗ੍ਰਾਂਟ-ਇਨ-ਏਡ ਕਾਲਜਾਂ ਦੀ ਭਰਤੀ ਉਪਰ ਰੋਕ ਲੱਗੀ ਹੋਈ ਹੈ। 1986 ਤੋਂ ਬਾਦ ਗ੍ਰਾਂਟ-ਇਨ-ਏਡ ਪੋਸਟਾਂ ਦਾ ਰੀਵੀਊ ਹੀ ਨਹੀਂ ਕੀਤਾ ਗਿਆ। ਪੰਜਾਬ ਦੇ ਕਾਲਜਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਸਾਲ ਭਰ ਤੋਂ ਤਨਖਾਹ ਨਹੀਂ ਮਿਲੀ। ਬਾਰਾਂ ਮਹੀਨੇ ਦੀ ਗ੍ਰਾਂਟ ਸਰਕਾਰ ਵੱਲੋਂ ਦੇਣੀ ਬਾਕੀ ਪਈ ਹੈ। 24 ਦਸੰਬਰ 2007 ਨੂੰ ਅਨਏਡਿਡ ਕਾਲਜ ਟੀਚਰਾਂ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਸੀਕਿਉਰਟੀ ਆਫ ਸਰਵਿਸ ਤੋਂ ਬਾਹਰ ਕਰਕੇ ਮੈਨਜਮੈਂਟਾਂ ਦੇ ਹੱਥ ਹੋਰ ਵੀ ਮਜਬੂਤ ਕਰ ਦਿੱਤੇ ਹਨ। ਹੋਰ ਤਾਂ ਹੋਰ ਪੰਜਾਬ ਦੇ ਸਕੂਲਾਂ ਵਿਚ ਐਸ ਐਸ ਏ ਤੇ ਰਮਸਾ ਦੇ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪੰਜ ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ 65 % ਗ੍ਰਾਂਟ ਆਉਂਦੀ ਹੈ, ਜਿਸ ਗ੍ਰਾਂਟ ਨੂੰ ਪੰਜਾਬ ਦੀ  ਸਰਕਾਰ ਨੇ ਆਪਣੀ ਮਨਮਰਜੀ ਦੇ ਨਾਲ ਵਰਤ ਲਿਆ ਹੈ। ਹੁਣ ਕੇਂਦਰ ਸਰਕਾਰ ਨੇ ਉਸ ਗ੍ਰਾਂਟ ਸੰਬੰਧੀ ਜਦੋਂ ਪੰਜਾਬ ਸਰਕਾਰ ਨੂੰ ਪੁੱਛਿਆ ਤਾਂ ਪੰਜਾਬ ਸਰਕਾਰ ਨੇ ਖਾਲੀ ਪੱਲੜੇ ਝਾੜ ਦਿੱਤੇ ਹਨ। ਪੰਜਾਬ ਦੇ ਸਕੂਲਾਂ ਵਿਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰ ਪੱਕੇ ਹੋਣ ਦੀ ਉਡੀਕ ਵਿਚ ਬੈਠੇ ਦਿਨ ਕੱਟੀ ਕਰ ਰਹੇ ਹਨ। ਉਨ੍ਹਾਂ ਦੇ ਸੰਘਰਸ਼ ਨੂੰ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਨੇ ਕੁਚਲਿਆ ਹੈ ਉਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ। ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸ਼ਾਤਮਈ ਸੰਘਰਸ਼ ਕਰਦੇ ਇਨ੍ਹਾਂ ਅੰਦੋਲਨਕਾਰੀਆਂ ਨੂੰ ਪੁਲਿਸ ਨੇ ਜਬਰੀ ਜੇਲ੍ਹ ਵਿਚ ਤੁਨ ਦਿੱਤਾ ਸੀ। ਪੰਜਾਬ ਦੇ ਸਕੂਲਾਂ ਵਿਚ ਕੰਮ ਕਰਦੇ ਕੰਪਿਊਟਰ ਟੀਚਰਾਂ ਨੂੰ ਪੰਜਾਬ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਬਾਰੇ ਸਰਕਾਰ ਦਾ ਫਰਮਾਨ ਇਹ ਹੈ ਕਿ ਉਹ ਪੱਕੇ ਨਹੀਂ ਸਗੋਂ ਰੈਗੂਲਰ ਹਨ, ਜਿਸ ਕਰਕੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਬਾਕੀ ਮੁਲਾਜ਼ਮਾਂ ਵਾਗ ਕੰਪਿਊਟਰ ਅਧਿਆਪਕਾਵਾਂ ਬਣਦੀ ਪ੍ਰਸੂਤਾ  ਛੁੱਟੀ ਵੀ ਨਹੀਂ ਲੈ ਸਕਦੀਆਂ। ਸਕੂਲਾਂ ਵਿਚ ਉਨ੍ਹਾਂ ਤੋਂ ਕਲਰਕ ਦਾ ਕੰਮ ਲਿਆ ਜਾ ਰਿਹਾ ਹੈ। ਕਿਸੇ ਵੀ ਪਾਸੇ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਜੇ ਕੀਤੀ ਵੀ ਜਾਂਦੀ ਹੈ ਤਾਂ ਪੰਜਾਬ ਸਰਕਾਰ ਨੇ ਇਕ ਹੋਰ ਕਾਲਾ ਕਾਨੂੰਨ ਆਪਣੀ ਕੈਬਨਿਟ ਵਿਚ ਪਾਸ ਕਰਾਇਆ ਹੈ ਜਿਸ ਨੂੰ ਹੁਣ ਵਿਧਾਨ ਸਭਾ ਦੀ ਪ੍ਰਵਾਨਗੀ ਮਿਲ ਜਾਵੇਗੀ ਕਿ ਨੌਕਰੀ ਦੇ ਪਹਿਲੇ ਦੋ ਸਾਲ ਕਰਮਚਾਰੀਆਂ ਨੂੰ ਕੇਵਲ ਮੁੱਢਲੀ ਤਨਖਾਹ ਹੀ ਦਿੱਤੀ ਜਾਵੇਗੀ। ਕੇਵਲ ਤੇ ਕੇਵਲ ਪੁਲਿਸ ਦੀਆਂ ਧਾੜਾਂ ਦੀ ਭਰਤੀ ਹੀ ਕੀਤੀ ਜਾ ਰਹੀ ਹੈ ਅਤੇ ਪੀ.ਸੀ.ਐਸ. ਅਫਸਰਾਂ ਨੂੰ ਹੀ ਉਪਰੋਕਤ ਦੋ ਸਾਲ ਦੀ ਸ਼ਰਤ ਤੋਂ ਛੋਟ ਹੋਵੇਗੀ। 
ਪਿੱਛਲੇ ਅੱਠ ਸਾਲਾਂ ਤੋਂ ਪੰਜਾਬ ਉਪਰ ਰਾਜ ਕਰ ਰਹੀ ਅਕਾਲੀ ਭਾਜਪਾ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੀ ਹੈ। ਜਦ ਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਕਿ ਭਾਰਤ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਦੀ ਸੁਰੱਖਿਆ ਲਈ ਉਨ੍ਹਾਂ ਦੇ ਨਾਲ 53 ਤੋਂ ਵੱਧ ਗੱਡੀਆਂ ਦਾ ਕਾਫਲਾ ਚੱਲਦਾ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਵਰਤੋਂ ਲਈ ਦਸ-ਦਸ ਕਰੋੜ ਦੀਆਂ ਕਾਰਾਂ ਹਨ। ਦੋ ਹੈਲੀਕਾਪਟਰ ਤੇ ਹੋਰ ਫਜੂਲ ਖਰਚੀ ਦਾ ਕੋਈ ਵੀ ਹਿਸਾਬ ਨਹੀਂ। ਇਹ ਉਹ ਸਰਕਾਰ ਹੈ ਜਿਹੜੀ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਹਰ ਮਹੀਨੇ ਜਾਂ ਤਾਂ ਕੋਈ ਸਰਕਾਰੀ ਜਮੀਨ ਦੀ ਨਿਲਾਮੀ ਕਰਕੀ ਹੈ ਜਾਂ ਕੋਈ ਵੱਡੀ ਇਮਾਰਤ ਗਿਰਵੀ ਰੱਖ ਰਹੀ ਹੈ। ਪੰਜਾਬ ਦੀ ਹਾਲਤ ਦਾ ਅਨੁਮਾਨ ਪੰਜਾਬ ਸਿਰ ਚੜ੍ਹੇ ਕਰਜ਼ੇ ਤੋਂ ਵੀ ਲਾਇਆ ਜਾ ਸਕਦਾ ਹੈ ਜਿਹੜਾ ਹਰ ਰੋਜ਼ ਵਧ ਰਿਹਾ ਹੈ। ਮਾਰਚ 2015 ਵਿਚ ਇਹ ਇਕ ਲੱਖ ਪੰਦਰਾਂ ਹਜ਼ਾਰ ਕਰੋੜ ਤੋਂ ਵੀ ਵਧ ਜਾਵੇਗਾ। ਸ਼ਰਮ ਦੀ ਗੱਲ ਤਾਂ ਇਹ ਹੈ ਕਿ ਹਰ ਮਹੀਨੇ ਕਰਜ਼ਾ ਮੋੜਨ ਲਈ ਵੀ ਪੰਜਾਬ ਦੀ ਸਰਕਾਰ ਨੂੰ ਜਾਂ ਜਮੀਨ ਵੇਚਣੀ ਪੈ ਰਹੀ ਹੈ ਜਾਂ ਹੋਰ ਵਿਆਜੂ ਰਕਮ ਫੜਨੀ ਪੈ ਰਹੀ ਹੈ। ਇਸ ਸਾਰੇ ਨੂੰ ਅਜੀਬ ਕਿਸਮ ਦੇ ਤਰਕ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਖਦੇ ਹਨ ਕਿ ''ਪੰਜਾਬ ਦਾ ਕਿਹੜਾ ਕਿਸਾਨ ਹੈ ਜਿਸ ਸਿਰ ਕਰਜ਼ਾ ਨਾ ਹੋਵੇ।'' ਉਹ ਇਹ ਵੀ ਆਖਦੇ ਹਨ ''ਸੰਸਾਰ ਭਰ ਦੇ ਵਿਉਪਾਰੀ ਕਰਜ਼ੇ ਨਾਲ ਹੀ ਆਪਣਾ ਕਾਰੋਬਾਰ ਕਰਦੇ ਹਨ।'' ਪੰਜਾਬ ਦਾ ਬੱਚਾ ਬੱਚਾ ਇਹ ਜਾਨਣ ਲਈ ਉਤਸੁਕ ਹੈ ਕਿ ਪੰਜਾਬ ਸਰਕਾਰ ਕਿਹੜਾ ਉਤਪਾਦਕ ਕਾਰਜ ਇਸ ਕਰਜ਼ੇ ਦੇ ਨਾਲ ਕਰ ਰਹੀ ਹੈ। ਕਬੱਡੀ ਦੇ ਮੈਚ ਵਿਚ ਸੋਨਾਕਸ਼ੀ ਸਿਨਹਾ ਦਾ ਨੱਚਣਾ ਤੇ ਫਤਿਹਗੜ੍ਹ ਦੀਆਂ ਚੋਣਾ ਜਿੱਤਣ ਜਾਂ ਸੰਗਤ ਦਰਸ਼ਨ ਦੇ ਨਾਮ ਉਪਰ ਕੀਤੇ ਖਰਚ ਨਾਲ ਪੰਜਾਬ ਕਿਸ ਤਰ੍ਹਾਂ ਇਸ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲੇਗਾ। ਲੋਕ ਸਵਾਲ ਕਰ ਰਹੇ ਹਨ ਕਿ ਹਰ ਰੋਜ਼ ਸੰਘਰਸ਼ ਕਰਦੀਆਂ ਧਿਰਾਂ ਨਾਲ ਮੀਟਿੰਗ ਕਰਨ ਦੀ ਥਾਂ ਸੰਗਤ ਦਰਸ਼ਨ ਨਾਲ ਕੀ ਲਾਭ ਹੁੰਦਾ ਹੈ ਹੁਣ ਇਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ। ਪੰਜਾਬ ਦੀ ਜਵਾਨੀ ਇਸ ਸਾਰੇ ਵਰਤਾਰੇ ਨੂੰ ਕੇਵਲ ਮੂਕ ਦਰਸ਼ਕ ਬਣਕੇ ਹੀ ਦੇਖੇ ਇਸੇ ਲਈ ਸਰਕਾਰ ਦੀ ਪੂਰੀ ਹਮਦਰਦੀ ਨਸ਼ੇ ਦੇ ਤਸਕਰਾਂ ਨਾਲ ਹੈ। ਭਾਵੇਂ ਲੋਕਾਂ ਦੀਆਂ ਸਫਾਂ ਵਿਚ ਨਸ਼ੇ ਦੀ ਵਰਤੋਂ ਸੰਬੰਧੀ ਬਿਆਨ ਵੀ ਦਾਗ ਦਿੱਤੇ ਜਾਂਦੇ ਹਨ ਪਰ ਛੇ ਨਵੀਆਂ ਸ਼ਰਾਬ ਮਿੱਲਾਂ ਨੂੰ ਮਨਜੂਰੀ ਮਿਲ ਚੁੱਕੀ ਹੈ ਜਿਸ ਲਈ ਜਮੀਨ ਐਕਵਾਇਰ ਕਰਨ ਦੀਆਂ ਤਰਕੀਬਾਂ ਸੋਚੀਆਂ ਜਾ ਰਹੀਆਂ ਹਨ। ਜਿਨ੍ਹਾਂ ਪਿੰਡਾਂ ਵਿੱਚੋਂ 35 ਬੱਚਿਆਂ ਤੋਂ ਘੱਟ ਗਿਣਤੀ ਵਾਲੇ ਸਕੂਲ ਬੰਦ ਕੀਤੇ ਜਾ ਰਹੇ ਹਨ ਉਨ੍ਹਾਂ ਪਿੰਡਾ ਦੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਪੁਲਿਸ ਦੇ ਪਹਿਰੇ ਲਾ ਕੇ ਠੇਕੇ ਖੋਲੇ ਜਾ ਰਹੇ ਹਨ। ਇਸ ਦੇ ਨਾਲ ਦੋ ਕਿਸਮ ਦਾ ਕਾਰਜ ਹੋ ਰਿਹਾ ਹੈ। ਲੜਾਕੂ ਲੋਕਾਂ ਦਾ ਧਿਆਨ ਬਦਲਿਆ ਜਾ ਰਿਹਾ ਹੈ। ਗੁਮਰਾਹ ਹੋਏ ਨੌਜਵਾਨ ਰੁਜ਼ਾਗਾਰ ਦੀ ਥਾਂ ਨਸ਼ੇ ਦੀ ਮੰਗ ਕਰ ਰਹੇ ਹਨ।  ਇਸ ਨਾਲ ਸਰਕਾਰ ਆਪ ਤੇ ਆਪਣੇ ਚਹੇਤਿਆਂ ਨੂੰ ਮਾਲਾ ਮਾਲ ਕਰ ਰਹੀ ਹੈ। ਨਸ਼ੇ  ਦੀ  ਮਾਰ ਹੇਠ ਵੱਡੀ ਗਿਣਤੀ ਵਿਚ ਨੌਜਵਾਨ ਆ ਰਹੇ ਹਨ ਇਸ ਲਈ ਵੱਡੀ ਗਿਣਤੀ ਵਿਚ ਮਾਪੇ ਆਪਣੇ ਧੀਆਂ ਪੁੱਤਰਾਂ ਨੂੰ ਇਸ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਭੇਜਣ ਲਈ ਆਪਣੇ ਘਰ ਬਾਰ ਤੇ ਜਮੀਨਾਂ ਵੇਚ ਰਹੇ ਹਨ ਤਾਂ ਕਿ ਉਹ ਆਪਣੀ ਜਵਾਨ ਹੁੰਦੀ ਪੀੜ੍ਹੀ ਨੂੰ ਇਸ ਅਣਸੁਖਾਵੇ ਮਹੌਲ ਤੋਂ ਬਾਹਰ ਕੱਢ ਸਕਣ। ਜਿਸ ਧਰਤੀ ਦੇ ਨਰਕ ਨੂੰ ਖ਼ਤਮ ਕਰਨ ਲਈ ਕਦੀ ਗ਼ਦਰੀ ਬਾਬੇ ਯੂਰਪ ਅਮਰੀਕਾ ਤੇ ਹੋਰ ਦੇਸ਼ਾਂ ਦੇ ਸਵਰਗ ਨੂੰ ਲੱਤ ਮਾਰ ਆਏ ਸਨ। ਅੱਜ ਉਸ ਧਰਤ ਦੇ ਪਿੰਡਾਂ ਦੇ ਪਿੰਡ ਵਿਕਾਊ ਹਨ। ਗ਼ਦਰੀਆਂ ਦੇ ਸੁਪਨਿਆਂ ਦੇ ਵਾਰਸ ਇਕ ਸਦੀ ਬਾਦ ਹੀ ਵਾਪਸ ਪਰਤ ਜਾਣ ਲਈ ਤਤਪਰ ਕਿਉ ਹਨ? ਇਨ੍ਹਾਂ ਸਵਾਲਾਂ ਦੀ ਲੜੀ ਦਾ ਇਕੋਂ ਹੀ ਜਵਾਬ ਹੈ ਜੋ ਗ਼ਦਰੀ ਬਾਬਿਆਂ ਨੇ ਦਿੱਤਾ ਸੀ ''ਅਜ਼ਾਦੀ ਲੜ ਮਰ ਕੇ ਲੈਣੀ ਪੈਂਦੀ ਹੈ ਸੁੱਤੀਆਂ ਕੌਮਾਂ ਕਦੀ ਵੀ ਆਜ਼ਾਦ ਨਹੀਂ ਹੁੰਦੀਆਂ।'' ਗ਼ਦਰੀਆਂ ਦੇ ਵਾਰਸ ਲੜ ਰਹੇ ਹਨ।  

ਪੰਜਾਬ ਭੂਮੀ ਸੁਰੱਖਿਆ ਐਕਟ 1900 (ਪੀ.ਐਲ.ਪੀ.ਏ.) ਬਾਰੇ ਸੰਖੇਪ ਜਾਣਕਾਰੀ

ਮੋਹਣ ਸਿੰਘ ਧਮਾਣਾ

ਸ਼ਿਵਾਲਿਕ ਪਰਬਤਮਾਲਾ ਦੀਆਂ ਪਹਾੜੀਆਂ ਦਾ ਕੁੱਝ ਹਿੱਸਾ ਪੰਜਾਬ ਵਿਚ ਪੈਂਦਾ ਹੈ ਜਦੋਂਕਿ ਇਹਨਾਂ ਦਾ ਕਾਫੀ ਹਿੱਸਾ ਹਿਮਾਚਲ ਅਤੇ ਹਰਿਆਣਾ ਵਿਚ ਹੈ। ਇਹ ਹਰੀਆਂ ਭਰੀਆਂ ਪਹਾੜੀਆਂ ਵਾਤਾਵਰਨ ਨੂੰ ਸਾਫ ਰੱਖਣ ਲਈ ਇਕ ਕੁਦਰਤੀ ਦੇਣ ਹਨ। ਇਨ੍ਹਾਂ ਦੀ ਇਸ ਸੁਹਾਵਣੀ ਦਿਖ ਨੂੰ ਸੰਭਾਲ ਕੇ ਰੱਖਣ ਲਈ ਅਤੇ ਬਾਰਸ਼ ਨਾਲ ਹੁੰਦੇ ਜ਼ਮੀਨ ਦੇ ਕਟਾਅ (ਭੂਮੀਖੋਰ) ਤੋਂ ਬਚਾਅ ਲਈ ਇਹ ਜ਼ਰੂਰੀ ਸੀ ਕਿ ਇਨ੍ਹਾਂ ਪਹਾੜੀਆਂ ਨਾਲ ਅਤੇ ਇਨ੍ਹਾਂ ਵਿਚ ਉਗੇ ਦਰੱਖਤਾਂ ਨਾਲ ਬੇਲੋੜੀ ਤੇ ਨਜਾਇਜ਼ ਛੇੜਛਾੜ ਨਾ ਕੀਤੀ ਜਾਵੇ। ਪ੍ਰੰਤੂ ਅੰਗਰੇਜ਼ ਹਾਕਮਾਂ ਵਲੋਂ ਪੰਜਾਬ 'ਤੇ ਕਬਜ਼ਾ ਕਰਨ ਉਪਰੰਤ ਫੌਜੀ ਛਾਉਣੀਆਂ ਉਸਾਰਨ ਵਾਸਤੇ ਲੱਕੜ ਦੀਆਂ ਲੋੜਾਂ ਦੀ ਪੂਰਤੀ ਲਈ ਏਥੋਂ ਰੁੱਖਾਂ ਦੀ ਭਾਰੀ ਕਟਾਈ ਕੀਤੀ ਗਈ। ਜਿਸ ਨਾਲ ਇਸ ਸਮੁੱਚੇ ਇਲਾਕੇ ਦਾ ਭੂਗੋਲਿਕ ਤੌਰ 'ਤੇ ਵੱਡਾ ਨੁਕਸਾਨ ਹੋਇਆ। ਭੂਮੀਖੋਰ (Land Erosion) ਹੋਣ ਕਰਕੇ ਅਨੇਕਾਂ ਨਵੇਂ ਨਦੀ-ਨਾਲੇ, ਜਿਹਨਾਂ ਨੂੰ ਚੋਅ ਕਿਹਾ ਜਾਂਦਾ ਹੈ, ਹੋਂਦ ਵਿਚ ਆ ਗਏ। ਇਹਨਾਂ ਵਿਚ ਹਰ ਸਾਲ ਹੜ੍ਹ ਆਉਣ ਲੱਗੇ। ਇਸ ਨਾਲ ਨਿਚਲੇ ਮੈਦਾਨੀ ਖੇਤਰਾਂ ਵਿਚ ਵੀ ਫਸਲਾਂ ਦੀ ਤਬਾਹੀ ਹੋਣੀ ਸ਼ੁਰੂ ਹੋ ਗਈ। ਇਸ ਅਵਸਥਾ ਵਿਚ, ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਅੰਗਰੇਜ ਹਾਕਮਾਂ ਨੇ 10 ਅਕਤੂਬਰ 1900 ਨੂੰ ਇਸ ਖੇਤਰ ਵਿਚਲੀ ਜ਼ਮੀਨ ਦੇ ਮਾਲਕਾਂ 'ਤੇ ਰੁੱਖਾਂ ਦੀ ਕਟਾਈ ਆਦਿ ਸਬੰਧੀ ਪਾਬੰਦੀ ਲਾਉਣ ਵਾਲਾ ''ਪੰਜਾਬ ਲੈਂਡ ਪ੍ਰਜਰਵੇਸ਼ਨ ਐਕਟ 1900'' ਲਾਗੂ ਕੀਤਾ। 
ਜਿਸ ਖੇਤਰ ਵਿਚ ਇਹ ਕਾਨੂੰਨ ਲਾਗੂ ਹੁੰਦਾ ਹੈ ਉਸ ਵਿਚ ਅਜੋਕੇ ਪੰਜਾਬ ਦੇ ਪੰਜ ਜ਼ਿਲ੍ਹੇ ਮੁਹਾਲੀ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਲਗਭਗ 470 ਪਿੰਡਾਂ ਦਾ 1,68,246 ਹੈਕਟੇਅਰ ਰੱਕਬਾ ਆਉਂਦਾ ਹੈ। ਕਈ ਥਾਵਾਂ 'ਤੇ ਇਹ ਜ਼ਮੀਨ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਂਅ ਹੈ ਜਦੋਂਕਿ ਕਈ ਪਿੰਡਾਂ ਵਿਚ ਲੋਕਾਂ ਦੀ ਨਿੱਜੀ ਮਾਲਕੀ ਵਾਲੀ ਜ਼ਮੀਨ ਵੀ ਇਨ੍ਹਾਂ ਪਹਾੜੀਆਂ ਵਿਚ ਹੈ। ਇਸ ਐਕਟ ਨੂੰ ਲਾਗੂ ਕਰਾਉਣਾ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣਾ ਜਾਂ ਆਪ ਹੀ ਜ਼ੁਰਮਾਨਾ ਕਰਨ ਦਾ ਅਧਿਕਾਰ ਜੰਗਲਾਤ ਮਹਿਕਮੇਂ ਨੂੰ ਸੌਂਪਿਆ ਗਿਆ ਹੈ। ਇਸ ਐਕਟ ਦੀਆਂ ਕਈ ਧਾਰਾਵਾਂ ਹਨ। ਪ੍ਰੰਤੂ ਏਥੇ ਧਾਰਾ 4,5,6, ਅਤੇ 7 ਬਾਰੇ ਹੀ ਸੰਖੇਪ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। 
ਧਾਰਾ 4 : ਇਸ ਖੇਤਰ ਦੇ ਨੀਮ ਪਹਾੜੀ ਇਲਾਕੇ 'ਤੇ ਲਾਗੂ ਹੁੰਦੀ ਹੈ। ਜਿਥੇ ਇਹ ਧਾਰਾ ਲਾਗੂ ਹੁੰਦੀ ਹੈ ਉਥੇ ਕਈ ਪਿੰਡਾਂ ਵਿਚ ਪੱਕੀ ਮਨੁੱਖੀ ਵੱਸੋਂ ਭਾਵ ਆਬਾਦੀ ਹੈ ਅਤੇ ਵਾਹੀ ਯੋਗ ਜ਼ਮੀਨ ਵੀ ਹੈ। ਪ੍ਰੰਤੂ ਇਸ ਧਾਰਾ 4 ਅਨੁਸਾਰ ਇਸ ਜ਼ਮੀਨ ਵਿਚ ਮਾਲਿਕ ਖੇਤੀ ਤਾਂ ਕਰ ਸਕਦਾ ਹੈ ਪ੍ਰੰਤੂ ਕਰਾਹੀ ਕਰਕੇ ਜ਼ਮੀਨ ਨੂੰ ਉਹ ਲੈਵਲ ਨਹੀਂ ਕਰ ਸਕਦਾ ਅਤੇ ਨਾ ਹੀ ਵਪਾਰਕ ਕਾਰੋਬਾਰ ਲਈ ਮਕਾਨ ਦੀ ਉਸਾਰੀ ਕਰ ਸਕਦਾ ਹੈ। ਇਸ ਲਈ ਆਮ ਕਰਕੇ ਬਰਾਨੀ ਖੇਤੀ ਹੀ ਹੁੰਦੀ ਹੈ। ਇਸ ਤੋਂ ਬਿਨਾਂ ਸਫੈਦਾ, ਪਾਪੂਲਰ, ਡੇਕ ਅਤੇ ਸੂਬਸੂਲ ਦੇ ਦਰੱਖਤਾਂ ਨੂੰ ਛੱਡਕੇ ਬਾਕੀ ਹੋਰ ਦਰੱਖਤ ਘਰ ਦੀ ਵਰਤੋਂ ਲਈ ਵੀ ਜੰਗਲਾਤ ਦੇ ਅਧਿਕਾਰੀਆਂ ਦੀ ਆਗਿਆ ਤੋਂ ਬਿਨਾਂ ਨਹੀਂ ਕੱਟ ਸਕਦਾ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਭੇਡਾਂ, ਬਕਰੀਆਂ ਅਤੇ ਊਠ ਰੱਖਣ ਦੀ ਵੀ ਮਨਾਹੀ ਹੈ। 
ਧਾਰਾ 5 : ਇਸ ਐਕਟ ਦੀ ਧਾਰਾ 5 ਉਸ ਜਗ੍ਹਾ ਤੇ ਲਗਾਈ ਗਈ ਹੈ ਜਿਥੇ ਸਮੁੱਚਾ ਏਰੀਆ ਪਹਾੜੀ ਹੈ। ਕੋਈ ਵੀ ਵਾਹੀਯੋਗ ਜ਼ਮੀਨ ਨਹੀਂ ਹੈ ਅਤੇ ਨਾ ਹੀ ਉਸ ਜਗ੍ਹਾ 'ਤੇ ਕੋਈ ਅਬਾਦੀ ਹੈ। ਇਨ੍ਹਾਂ ਪਹਾੜੀਆਂ ਦੀ ਏਥੇ ਢਾਹ ਭੰਨ ਕਰਨੀ ਸਖਤ ਮਨਾਂ ਹੈ। ਇਸ ਜ਼ਮੀਨ ਦੇ ਮਾਲਕਾਂ ਨੂੰ ਪਹਿਲਾਂ ਪਹਿਲਾਂ ਇਸ ਵਿਚ ਉਗੀ ਬਗੜ ਘਾਹ ਜਿਹੜੀ ਕਿ ਕਾਗਜ਼ ਬਨਾਉਣ ਵਾਲੀਆਂ ਫੈਕਟਰੀਆਂ ਖਰੀਦ ਲੈਂਦੀਆਂ ਹਨ, ਤੋਂ ਹਰ ਸਾਲ ਆਮਦਨ ਹੋ ਜਾਂਦੀ ਸੀ। ਪ੍ਰੰਤ ਹੁਣ ਚੁੜੇਲ ਬੂਟੀ ਨਾਂਅ ਦੀ ਝਾੜੀ ਨੇ ਇਹ ਘਾਹ ਵੱਡੀ ਹੱਦ ਤੱਕ ਤਬਾਹ ਕਰ ਦਿੱਤਾ ਹੈ। ਇਸ ਜ਼ਮੀਨ ਵਿਚ ਖੜੇ ਦਰੱਖਤਾਂ ਨੂੰ ਕੱਟਕੇ ਵੇਚਣ ਲਈ ਪੰਜ ਸਾਲ ਬਾਅਦ ਕਟਾਈ ਦਾ ਪਰਮਿਟ ਲੈ ਕੇ  ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਮਿਲਦੀ ਹੈ। ਇਹ ਪਰਮਿਟ ਜੰਗਲਾਤ ਮਹਿਕਮਾਂ ਹੀ ਦਿੰਦਾ ਹੈ। ਦੇਸ਼ ਅੰਦਰ ਭਰਿਸ਼ਟਾਚਾਰ ਦੇ ਨਿਰੰਤਰ ਵੱਧਦੇ ਜਾਣ ਕਾਰਨ ਇਸ ਪਰਮਿਟ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਹੁਤ ਔਖੀ ਬਣ ਚੁੱਕੀ ਹੈ। ਇਨ੍ਹਾਂ ਜ਼ਮੀਨਾਂ ਦੇ ਸਾਧਾਰਨ ਮਾਲਕਾਂ ਲਈ ਇਹ ਪਰਮਿਟ ਲੈਣਾ ਬਹੁਤ ਔਖਾ ਕੰਮ ਹੈ। ਜਿਹੜਾ ਆਮ ਤੌਰ 'ਤੇ ਉਹ ਨਹੀਂ ਕਰ ਸਕਦੇ। ਇਸ ਲਈ ਇਨ੍ਹਾਂ ਮਾਲਕਾਂ ਨੂੰ ਆਪਣੀ ਕੀਮਤੀ ਲੱਕੜ ਠੇਕੇਦਾਰਾਂ (ਲੱਕੜ ਮਾਫੀਆ) ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਹ ਲੱਕੜ ਮਾਫੀਆ ਜੰਗਲਾਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲਕੇ ਜਿਥੇ ਜੰਗਲਾਂ ਦੀ ਵੱਡੀ ਪੱਧਰ 'ਤੇ ਤਬਾਹੀ ਕਰਦੇ ਹਨ ਉਥੇ ਲੱਕੜ ਦੇ ਅਸਲ ਮਾਲਕਾਂ ਨੂੰ ਬਹੁਤ ਘੱਟ ਪੈਸੇ ਦੇ ਕੇ ਆਪ ਚੋਖੀ ਕਮਾਈ ਵੀ ਕਰਦੇ ਹਨ। 
ਧਾਰਾ 6 : ਇਸ ਐਕਟ ਦੀ ਧਾਰਾ 6 ਵਿਚ, ਇਸ ਐਕਟ ਨੂੰ ਲਾਗੂ ਕਰਨ ਬਾਰੇ ਵਿਵਸਥਾ ਦਰਜ ਹੈ। ਨਿਯਮਾਂ ਅਨੁਸਾਰ ਇਹ ਐਕਟ ਕਿਸੇ ਇਕ ਜਗ੍ਹਾ 'ਤੇ ਪੱਕੇ ਤੌਰ 'ਤੇ ਲਾਗੂ ਨਹੀਂ ਕਰਨਾ। ਜਿਥੇ ਇਸ ਦੀ ਲੋੜ ਨਹੀਂ ਰਹੀ ਉਥੇ ਇਸ ਦੀ ਵਿਵਸਥਾ ਨੂੰ ਹਟਾ ਦੇਣਾ ਹੁੰਦਾ ਹੈ ਅਤੇ ਜਿਥੇ ਹੋਰ ਲੋੜ ਹੈ ਉਸ ਜ਼ਮੀਨ 'ਤੇ ਇਸ ਨੂੰ ਲਾਗੂ ਕਰਨਾ ਹੈ। ਅਰਥਾਤ ਕਿਸੇ ਇਕ ਇਲਾਕੇ ਲਈ ਇਹ ਐਕਟ ਸਥਾਈ ਨਹੀਂ ਹੈ ਸਗੋਂ ਅਸਥਾਈ ਹੈ। ਹਰ ਦੱਸ ਜਾਂ ਵੀਹ ਸਾਲ ਬਾਅਦ ਜਦੋਂ ਪੀਐਲਪੀਏ (ਇਸ ਐਕਟ) ਦੇ ਤਹਿਤ ਨਵਾਂ ਖੇਤਰ ਨੋਟੀਫਾਈ ਕਰਨਾ ਹੁੰਦਾ ਹੈ ਤਾਂ ਉਸ ਖੇਤਰ ਦੇ ਲੋਕਾਂ ਨੂੰ ਅਖਬਾਰਾਂ ਦੁਆਰਾ ਇਸ਼ਤਹਾਰ ਲਗਵਾਕੇ ਜਾਂ ਪਿੰਡ ਵਿਚ ਮੁਨਾਦੀ ਦੁਆਰਾ ਦੱਸਣਾ ਹੁੰਦਾ ਹੈ ਕਿ ਅਗਰ ਕਿਸੇ ਨੂੰ ਕੋਈ ਇਤਰਾਜ ਹੈ ਤਾਂ ਉਹ ਸੈਟਲਮੈਂਟ ਅਫਸਰ, ਜੋ ਸਰਕਾਰ ਨਿਯੁਕਤ ਕਰਦੀ ਹੈ, ਨੂੰ ਆਪਣੇ ਇਤਰਾਜ ਲਿਖਤੀ ਦੇਵੇ। ਇਹ ਅਫਸਰ ਮੌਕੇ 'ਤੇ ਜਾ ਕੇ ਉਨ੍ਹਾਂ ਦੇ ਅਜੇਹੇ ਇਤਰਾਜਾਂ ਬਾਰੇ ਸੁਣਵਾਈ ਕਰੇਗਾ। ਜਿਹੜੇ ਇਤਰਾਜ ਠੀਕ ਪਾਏ ਜਾਣਗੇ ਉਨ੍ਹਾਂ ਦੀ ਜਮੀਨ ਇਸ ਐਕਟ ਤਹਿਤ ਨਹੀਂ ਲਈ ਜਾਵੇਗੀ। ਪ੍ਰੰਤੂ ਹਕੀਕਤ ਇਹ ਹੈ ਕਿ ਅੱਜ ਤੱਕ ਕਿਸੇ ਨੇ ਵੀ ਲੋਕਾਂ ਦੇ ਇਤਰਾਜਾਂ ਨੂੰ ਨਾ ਸੁਣਿਆ ਹੈ ਅਤੇ ਨਾ ਹੀ ਲੋਕਾਂ ਦੀ ਕੋਈ ਰਾਏ ਲਈ ਗਈ ਹੈ। ਜੰਗਲਾਤ ਦੇ ਅਧਿਕਾਰੀ ਦਫਤਰਾਂ ਵਿਚ ਬੈਠ ਕੇ ਹੀ ਇਹ ਸਾਰੀ ਕਾਰਵਾਈ ਚੁਪ ਚੁਪੀਤਿਆਂ ਹੀ ਕਰ ਦਿੰਦੇ ਹਨ। 
ਧਾਰਾ 7 : ਇਸ ਐਕਟ ਦੀ ਧਾਰਾ 7 ਦੇ ਤਹਿਤ ਜਮੀਨ ਦੇ ਮਾਲਕਾਂ ਦੇ ਹਿੱਤ ਦਰਜ ਕੀਤੇ ਗਏ ਹਨ। ਪ੍ਰੰਤੂ ਉਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਵੀ ਲਾਗੂ ਨਹੀਂ ਕੀਤਾ। ਪੀਐਲਪੀਏ ਦੀ ਧਾਰਾ 7 ਵਿਚ ਇਹ ਦਰਜ ਹੈ ਕਿ ਜਿਸ ਜ਼ਮੀਨ 'ਤੇ ਇਹ  ਐਕਟ ਲਾਗੂ ਹੁੰਦਾ ਹੈ ਉਸ 'ਤੇ ਲੱਗੀਆਂ ਬੰਦਸ਼ਾਂ ਕਾਰਨ ਇਸ ਜ਼ਮੀਨ ਦੀ ਕੀਮਤ ਖਰੀਦਦਾਰਾਂ ਦੀਆਂ ਨਜ਼ਰਾਂ ਵਿਚ ਘੱਟ ਜਾਂਦੀ ਹੈ। ਇਸ ਕਾਰਨ ਜ਼ਮੀਨ ਦੇ ਮਾਲਕਾਂ ਦਾ ਨੁਕਸਾਨ ਹੁੰਦਾ ਹੈ। ਕਾਨੂੰਨ ਅਨੁਸਾਰ ਇਸ ਨੁਕਸਾਨ ਦੀ ਭਰਪਾਈ ਸਰਕਾਰ ਨੇ ਕਰਨੀ ਹੁੰਦੀ ਹੈ। ਕਾਨੂੰਨ ਵਿਚ ਦਰਜ ਹੈ ਕਿ ਮਾਲਕਾਂ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਏਗਾ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਇਸ ਐਕਟ ਨੂੰ ਲਾਗੂ ਹੋਇਆਂ 114 ਸਾਲ ਹੋ ਗਏ ਹਨ ਪਰ ਅੱਜ ਤੱਕ ਕਿਸੇ ਵੀ ਜ਼ਮੀਨ ਮਾਲਕ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਏਸੇ ਲਈ ਸਾਡੀ ਜਥੇਬੰਦੀ, ਜਮਹੂਰੀ ਕੰਢੀ ਸੰਘਰਸ਼ ਕਮੇਟੀ ਜਿਥੇ ਕੰਢੀ ਖੇਤਰ ਦੇ ਵਸਨੀਕਾਂ ਦੇ ਹੋਰ ਮਸਲਿਆਂ ਨੂੰ ਹੱਲ ਕਰਾਉਣ ਲਈ ਲਗਾਤਾਰ ਲੜਦੀ ਆ ਰਹੀ ਹੈ ਅਤੇ ਅਨੇਕਾਂ ਮਸਲੇ ਹੱਲ ਵੀ ਕਰਾਉਂਦੀ ਆ ਰਹੀ ਹੈ। ਉਥੇ ਇਹ ਕੰਢੀ ਦੇ ਕਿਸਾਨਾਂ ਨਾਲ ਹੋ ਰਹੀ ਇਸ ਬੇਇਨਸਾਫੀ ਦੇ ਖਿਲਾਫ ਵੀ ਸੰਘਰਸ਼ ਕਰਦੀ ਹੋਈ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਂਝੇ ਸੰਘਰਸ਼ ਲਈ ਸਰਕਾਰ ਨੂੰ ''ਪੰਜਾਬ ਭੂਮੀ ਸੁਰੱਖਿਆ ਐਕਟ'' ਤਹਿਤ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦਾ ਹਰ ਸੰਭਵ ਉਪਰਾਲਾ ਕਰ ਰਹੀ ਹੈ। 
ਪ੍ਰਧਾਨ, ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ 

ਪੰਜਾਬ ਦੀ ਖ਼ੇਡ ਨੀਤੀ ਦਾ ਫ਼ਲਾਪ ਸ਼ੋਅ ਜੁਗਾੜੂ ਵਿਸ਼ਵ ਕਬੱਡੀ ਕੱਪ

ਸਰਬਜੀਤ ਗਿੱਲ

ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਇੱਕ ਨਵੀਂ ਸੰਸਥਾ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜੁਗਾੜੂ ਵਿਸ਼ਵ ਕਬੱਡੀ ਕੱਪ ਦੀਆਂ 'ਧੁੰਮਾਂ' ਵੀ ਪੂਰੇ ਵਿਸ਼ਵ 'ਚ ਪੈ ਗਈਆਂ ਹਨ। ਇਸ ਨਵੀਂ ਸੰਸਥਾ 'ਤੇ ਜਿੰਨੇ ਪੈਸੇ ਖਰਚ ਕੀਤੇ ਜਾਣੇ ਹਨ ਅਤੇ ਜਿੰਨੇ ਪੈਸੇ ਅਖੌਤੀ ਵਿਸ਼ਵ ਕਬੱਡੀ ਕੱਪ ਦੇ ਨਾਂ ਹੇਠ ਰੋੜ੍ਹੇ ਜਾਂਦੇ ਹਨ, ਉਨ੍ਹਾਂ ਪੈਸਿਆਂ ਦੀ ਵਰਤੋਂ ਕਿਸੇ ਠੋਸ ਥਾਂ 'ਤੇ ਹੋਵੇ ਤਾਂ ਨਤੀਜੇ ਦਮਦਾਰ ਨਿੱਕਲ ਸਕਦੇ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਸਮਝਿਆ ਜਾਣਿਆ ਚਾਹੀਦਾ ਹੈ ਕਿ ਸਰਕਾਰ ਇਸ ਮਾਮਲੇ 'ਚ ਇਮਾਨਦਾਰ ਨਹੀਂ ਹੈ। ਪੰਜਵੇਂ ਵਿਸ਼ਵ ਕੱਪ ਕਬੱਡੀ ਕੱਪ ਦਾ ਬਜਟ ਕਰੀਬ 17 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ, ਜਿਸ 'ਚ ਵਿੱਤ ਵਿਭਾਗ ਵਲੋਂ 7 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਬਾਕੀ ਦੀ ਰਕਮ ਦਾਨ ਵਜੋਂ ਇਕੱਠੀ ਕਰਨ ਨੂੰ ਕਿਹਾ ਗਿਆ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਸਰਕਾਰ ਕੋਲ ਇਹ ਕੱਪ ਕਰਵਾਉਣ ਲਈ ਰਕਮ ਦਾ ਪ੍ਰਬੰਧ ਨਹੀਂ ਹੈ ਤਾਂ ਅਜਿਹੀ ਸਥਿਤੀ 'ਚ ਕਿਹੜੀ ਜਰੂਰਤ ਸੀ ਕਿ ਇਹ ਕੱਪ ਲਾਜ਼ਮੀ ਤੌਰ 'ਤੇ ਕਰਵਾਇਆ ਜਾਵੇ। ਪੰਜਾਬ ਦੇ ਉੱਪ ਮੁਖ ਮੰਤਰੀ ਵਲੋਂ ਕਬੱਡੀ ਨੂੰ ਉਲੰਪਿਕ ਤੱਕ ਲੈ ਕੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤਾਂ ਇਸ ਦੇ ਉੱਲਟ ਹਨ। ਜਿਸ ਖੇਡ ਨੂੰ ਉਲੰਪਿਕ ਤੱਕ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਲਈ ਪ੍ਰਬੰਧ ਵੀ ਜੁਗਾੜੂ ਕਿਸਮ ਦੇ ਕੀਤੇ ਜਾ ਰਹੇ ਹਨ। ਬਹੁਤੀਆਂ ਬੁਲਾਈਆਂ ਗਈਆ ਟੀਮਾਂ ਵੀ ਉਸ ਦੇਸ਼ ਵਲੋਂ ਨਹੀਂ ਸਗੋਂ ਅਪਣੇ ਪੱਧਰ 'ਤੇ ਬਣਾਈਆਂ ਫੈਡਰੇਸ਼ਨਾਂ ਵਲੋਂ ਹੀ ਆਉਂਦੀਆਂ ਹਨ। ਪੰਜਾਬ ਦੀ ਖੇਡ ਹੋਣ ਕਾਰਨ ਇਸ 'ਚ ਬਹੁਤੇ ਖਿਡਾਰੀ ਪੰਜਾਬੀ ਹੀ ਹਨ, ਭਾਵੇਂ ਉਹ ਉਸ ਦੇਸ਼ ਦੇ ਪੱਕੇ ਬਸ਼ਿੰਦੇ ਵੀ ਨਹੀਂ, ਫਿਰ ਵੀ ਅਜਿਹੇ ਖ਼ਿਡਾਰੀ ਜੁਗਾੜੂ ਵਿਸ਼ਵ ਕੱਪ 'ਚ ਵਿਦੇਸ਼ੀ ਟੀਮ ਵਲੋਂ ਖੇਡਦੇ ਹਨ। ਅਜਿਹੇ ਵਿਸ਼ਵ ਕੱਪ 'ਚ ਬਾਦਲ ਪਿਓ-ਪੁੱਤਰਾਂ ਵਲੋਂ ਆਪਣੀ ਬੱਲੇ ਬੱਲੇ ਤੋਂ ਬਿਨ੍ਹਾਂ ਕੁੱਝ ਨਹੀਂ ਕੀਤਾ ਜਾ ਰਿਹਾ ਅਤੇ ਇਨ੍ਹਾਂ 'ਚ ਗਾਉਣ ਵਜਾਉਣ ਵਾਲਿਆਂ ਤੋਂ ਵੀ ਅਜਿਹੇ ਗੀਤ ਸੁਣੇ ਜਾਂਦੇ ਹਨ, ਜਿਹੜੇ ਅਸੀਂ ਪਰਿਵਾਰਾਂ 'ਚ ਇਕੱਠੇ ਬੈਠ ਕੇ ਨਹੀਂ ਸੁਣ ਸਕਦੇ। ਸਭਿਆਚਾਰ ਦੇ ਨਿਘਾਰ ਵੱਲ ਇਹ ਕਦਮ ਪੁੱਟਦਿਆਂ ਖਾਸ ਕਰ ਹਾਕਮ ਧਿਰ ਇਸ ਦਾ ਨੋਟਿਸ ਲੈਣੋ ਹੀ ਹਟ ਗਈ ਹੈ ਕਿ ਲੋਕਾਂ ਨੂੰ ਕੀ ਸੁਣਾਇਆ ਜਾਣਾ ਚਾਹੀਦਾ ਹੈ ਅਤੇ ਕੀ ਦਿਖਾਇਆ ਜਾਣਾ ਚਾਹੀਦਾ ਹੈ। 
ਅਜਿਹੇ ਹੀ ਪਹਿਲਾਂ ਅਯੋਜਿਤ ਕੀਤੇ ਗਏ ਕੁੱਝ ਕਬੱਡੀ ਕੱਪਾਂ 'ਚ ਨਸ਼ਿਆਂ ਦੇ ਮਾਮਲੇ 'ਤੇ ਜਿਹੜਾ ਕਬੱਡੀ ਦਾ ਜਲੂਸ ਨਿੱਕਲਿਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਨਸ਼ਾ ਮੁਕਤ ਕਬੱਡੀ ਹਾਲੇ ਤੱਕ ਵੀ ਨਹੀਂ ਹੋ ਸਕੀ ਅਤੇ ਇਸ ਲਈ ਕਬੱਡੀ ਦਾ ਕੰਮ ਕਾਰ ਚਲਾ ਰਹੀਆਂ ਵੱਖ-ਵੱਖ ਦੇਸ਼ਾਂ ਦੀਆਂ ਫੈਡਰੇਸ਼ਨਾਂ ਦੀ ਇਸ ਮੁੱਦੇ 'ਤੇ ਆਮ ਸਹਿਮਤੀ ਵੀ ਨਹੀਂ ਬਣ ਸਕੀ। ਪੰਜਾਬ 'ਚ ਹੋਏ ਇਸ ਵਿਸ਼ਵ ਕੱਪ ਦੌਰਾਨ ਚਾਹੇ ਕਿੰਨੇ ਵੀ ਨਸ਼ਾ ਵਿਰੋਧੀ ਟੈਸਟ ਕਰਵਾ ਲਏ ਗਏ ਹੋਣ ਪ੍ਰੰਤੂ ਜਦੋਂ ਇਹ ਫੈਡਰੇਸ਼ਨਾਂ ਆਪੋ ਆਪਣੇ ਪੱਧਰ 'ਤੇ ਟੂਰਨਾਮੈਂਟ ਕਰਵਾਉਂਦੀਆਂ ਹਨ ਤਾਂ ਉੱਥੇ ਨਸ਼ਾ ਵਿਰੋਧੀ ਟੈਸਟ ਕਰਵਾਉਣ ਲਈ ਆਮ ਸਹਿਮਤੀ ਕਿਉਂ ਨਹੀਂ ਬਣ ਰਹੀ। ਜਿਸ ਨਾਲ ਸਾਡੀ ਚਿੰਤਾਂ ਲਾਜ਼ਮੀ ਤੌਰ 'ਤੇ ਬਣ ਜਾਂਦੀ ਹੈ ਕਿ ਕਬੱਡੀ ਨਾਲ ਨਸ਼ੇ ਦੇ ਸਬੰਧ ਵੀ ਪੱਕੇ ਤੌਰ 'ਤੇ ਟੁੱਟਦੇ ਨਜ਼ਰ ਨਹੀਂ ਆ ਰਹੇ।   
ਪੰਜਾਬ ਦੇ ਮੰਤਰੀ ਮੰਡਲ ਨੇ ਖੇਡਾਂ 'ਚ ਮੈਡਲ ਲਿਆਉਣ ਲਈ ਨਵੀਂ ਸੰਸਥਾ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ, ਜਿਹੜੀ ਸੰਸਥਾ ਸੰਭਾਵਤ ਮੈਡਲ ਜਿੱਤਣ ਵਾਲਿਆਂ ਨੂੰ ਉੱਚ ਸਿਖਲਾਈ ਦੇ ਕੇ ਇਸ ਦੇ ਯੋਗ ਬਣਾਏਗੀ ਕਿ ਖ਼ਿਡਾਰੀ ਮੈਡਲਾਂ ਨਾਲ ਝੋਲੀਆਂ ਭਰ ਦੇਣ। ਸਭ ਤੋਂ ਅਹਿਮ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਮੁਕਾਮ ਤੱਕ ਖ਼ਿਡਾਰੀ ਕਿਵੇਂ ਪੁੱਜਣਗੇ। ਇਸ ਮੁਕਾਮ ਤੱਕ ਪੁੱਜਦੇ ਕਰਨ ਲਈ ਕੀ ਉਚੇਚੇ ਯਤਨ ਕੀਤੇ ਜਾਂਦੇ ਹਨ ਤਾਂ ਜਵਾਬ ਤਸੱਲੀਬਖ਼ਸ਼ ਸਾਹਮਣੇ ਨਹੀਂ ਆਵੇਗਾ। 
ਖ਼ੇਡਾਂ ਨੂੁੰ ਉਤਸ਼ਾਹਿਤ ਕਰਨ ਲਈ ਸਰਕਾਰ ਕੋਲ ਦੋ ਰਸਤੇ ਹਨ, ਜਿਨ੍ਹਾਂ 'ਚ ਇੱਕ ਸਕੂਲੀ ਸਿੱਖਿਆ ਦੌਰਾਨ ਅਤੇ ਆਮ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ 'ਚ ਵਸਦੇ ਨੌਜਵਾਨਾਂ ਨੂੰ ਚੇਟਕ ਲਗਾ ਕੇ ਖ਼ੇਡਾਂ ਦੇ ਲਾਗੇ ਲਿਜਾਇਆ ਜਾ ਸਕਦਾ ਹੈ। ਪ੍ਰੰਤੂ ਸਰਕਾਰ ਇਨ੍ਹਾਂ ਦੋਨੋਂ ਹੀ ਮੋਰਚਿਆਂ 'ਤੇ ਫੇਲ੍ਹ ਸਾਬਤ ਹੋ ਰਹੀ ਹੈ। ਕਿਸੇ ਸਕੂਲ 'ਚ 100 ਬੱਚਿਆਂ ਦਾ ਇਕ ਗਰੁੱਪ ਖ਼ੇਡਾਂ 'ਚ ਭਾਗ ਲੈਂਦਾ ਹੈ ਤਾਂ ਇਸ 'ਚੋਂ 10 ਬੱਚਿਆਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਜਿਲ੍ਹਾ ਪੱਧਰ ਦੇ ਮੁਕਾਬਲਿਆਂ 'ਚ ਭਾਗ ਲੈ ਸਕਣਗੇ। ਇਸ ਤਰ੍ਹਾਂ ਜਿਲ੍ਹਾ ਪੱਧਰ 'ਤੇ ਇਕੱਠੇ ਹੋਏ 100 ਬੱਚਿਆਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਇਨ੍ਹਾਂ 'ਚੋਂ 10 ਬੱਚੇ ਅੱਗੇ ਸੂਬਾ ਪੱਧਰ ਦੀਆਂ ਖੇਡਾਂ 'ਚ ਭਾਗ ਲੈਣ ਦੇ ਯੋਗ ਹੋ ਸਕਣਗੇ। ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੱਕ ਵੀ ਇਸ ਅਨੁਪਾਤ ਨੂੰ ਮੰਨਿਆ ਜਾ ਸਕਦਾ ਹੈ। ਪ੍ਰੰਤੂ ਹਕੀਕਤ ਇਹ ਹੈ ਕਿ ਪ੍ਰਾਇਮਰੀ ਸਿੱਖਿਆ ਤੋਂ ਹੀ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਬਲਾਕ ਪੱਧਰ 'ਤੇ ਖ਼ੇਡ ਅਧਿਕਾਰੀ ਦੀਆਂ ਪੋਸਟਾਂ ਹੀ ਖਤਮ ਕਰ ਦਿੱਤੀਆਂ ਗਈਆਂ ਤਾਂ ਜੋ ਬੱਚੇ ਖ਼ੇਡਾਂ 'ਚ ਭਾਗ ਲੈਣ ਤੋਂ ਹੀ ਬਚ ਸਕਣ। ਹਕੀਕਤ 'ਚ ਕੁੱਝ ਦਿਨਾਂ ਦੇ ਨੋਟਿਸ 'ਤੇ ਪ੍ਰਾਇਮਰੀ ਸਕੂਲਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇੱਕ-ਇੱਕ ਅਧਿਆਪਕ ਵਾਲੇ ਸਕੂਲ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਇਨ੍ਹਾਂ ਸਕੂਲਾਂ 'ਚ ਕਬੱਡੀ ਨੈਸ਼ਨਲ ਸਟਾਈਲ ਖਿਡਾਈ ਜਾਂਦੀ ਹੈ ਅਤੇ ਵਿਸ਼ਵ ਕੱਪ 'ਚ ਪੰਜਾਬ ਸਟਾਈਲ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਖੇਡ 'ਤੇ ਖਰਚ ਘੱਟ ਆਉਂਦਾ ਹੈ, ਉਹ ਬਚਦੀ ਹੈ ਖੋ-ਖੋ ਅਤੇ ਇਹ ਖੇਡ ਕਰਵਾ ਕੇ ਵੀ ਖ਼ਾਨਾ ਪੂਰਤੀ ਕੀਤੀ ਜਾਂਦੀ ਹੈ। ਪੰਜਾਬ ਦੇ ਅੱਧੇ ਤੋਂ ਵੱਧ ਬੱਚੇ ਅਖੌਤੀ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਹਨ, ਇਨ੍ਹਾਂ ਸਕੂਲਾਂ 'ਚੋਂ ਬਹੁਤੇ ਸਕੂਲ ਖ਼ੇਡਾਂ ਵੱਲ ਮੂੰਹ ਤੱਕ ਨਹੀਂ ਕਰਦੇ। ਜੇ ਕਿਤੇ ਕਰਨ ਲੱਗਦੇ ਹਨ ਤਾਂ ਉੱਥੇ ਸਰਕਾਰੀ ਸਕੂਲ ਨਜ਼ਰ ਨਹੀਂ ਆਉਂਦੇ। ਕਈ ਸਰਕਾਰੀ ਸਕੂਲ ਇਸ ਕਰਕੇ ਭਾਗ ਨਹੀਂ ਲੈਂਦੇ ਕਿ ਇੰਨੀ ਟੈਨਸ਼ਨ ਕੌਣ ਲਵੇਗਾ। ਇੱਕ ਥਾਂ ਤੋਂ ਦੂਜੀ ਥਾਂ ਬੱਚਿਆਂ ਦੀ ਢੋਆ ਢੁਆਈ ਪਸ਼ੂਆਂ ਨਾਲੋਂ ਵੀ ਭੈੜੀ ਹਾਲਤ 'ਚ ਕੀਤੀ ਜਾਂਦੀ ਹੈ। ਕੁੱਝ ਅਧਿਆਪਕ ਇਸ ਗੱਲ 'ਚ ਰਾਹਤ ਮਹਿਸੂਸ ਕਰਦੇ ਹਨ ਕਿ ਚਲੋ ਨਾ ਟੀਮ ਬਣਾਈ ਅਤੇ ਨਾ ਹੀ ਕਿਤੇ ਲੈ ਕੇ ਜਾਣ ਦੀ ਚਿੰਤਾ। ਕੁੱਲ ਮਿਲਾ ਕੇ ਕਰੀਬ ਅੱਧੇ ਬੱਚੇ ਗਰਾਉਂਡਾਂ ਤੋਂ ਵਿਰਵੇ ਹੀ ਰਹਿ ਜਾਂਦੇ ਹਨ। ਸਰੀਰਕ ਤੌਰ 'ਤੇ ਕਮਜ਼ੋਰ ਬੱਚੇ ਜਿਨ੍ਹਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ ਉਹਨਾਂ ਵਿਚਾਰਿਆਂ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ। ਬੱਝਵੀਂ ਖ਼ੇਡ ਨੀਤੀ ਨਾ ਹੋਣ ਕਾਰਨ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਹੋਣ ਵਾਲੀ ਖੱਜਲ ਖੁਆਰੀ, ਜਿਸ 'ਚ ਖਾਣ ਪੀਣ ਦੇ ਪ੍ਰਬੰਧ, ਗਰਾਉਂਡਾਂ ਦੇ ਪ੍ਰਬੰਧ, ਰਹਿਣ ਅਤੇ ਟਰਾਂਸਪੋਰਟ ਦੇ ਪ੍ਰਬੰਧ, ਪ੍ਰਬੰਧਕੀ ਹੇਰਾਫੇਰੀਆਂ ਅਤੇ ਧੱਕੇਸ਼ਾਹੀਆਂ ਤੋਂ ਅੱਕੇ ਕੁੱਝ ਅਧਿਆਪਕ ਬਾਹਾਂ ਖੜ੍ਹੀਆ ਕਰ ਦਿੰਦੇ ਹਨ। ਸ਼ਿਕਾਇਤਾਂ, ਜਾਂਚ ਪੜਤਾਲਾਂ ਲਈ ਕਿਸੇ ਕੋਲ ਕੋਈ ਵਿਹਲ ਨਹੀਂ ਹੁੰਦਾ, ਮਗਰੋਂ ਬੱਚਿਆਂ ਦੇ ਪੇਪਰ ਸਿਰ 'ਤੇ ਖੜ੍ਹੇ ਹੁੰਦੇ ਹਨ। ਹੇਠਲੇ ਪੱਧਰ 'ਤੇ ਪ੍ਰਬੰਧਾਂ ਨੂੰ ਸੁਧਾਰ ਕੇ ਜੇ 1000 ਬੱਚਾਂ ਖ਼ੇਡਾਂ 'ਚ ਭਾਗ ਲਵੇਗਾ ਤਾਂ ਲਾਜ਼ਮੀ ਤੌਰ 'ਤੇ 100 ਬੱਚਾਂ ਅੱਗੇ ਲਈ ਤਿਆਰ ਹੋ ਸਕੇਗਾ। ਹਾਲਾਤ ਅਜਿਹੇ ਵੀ ਬਣ ਜਾਂਦੇ ਹਨ ਕਿ ਰਾਜ ਪੱਧਰੀ ਖ਼ੇਡ ਮੁਕਾਬਲੇ ਕਈ ਵਾਰ ਅਯੋਜਿਤ ਹੀ ਨਹੀਂ ਹੁੰਦੇ।
ਇਸ ਤਰ੍ਹਾਂ ਹੀ ਪਿੰਡਾਂ ਦੇ ਪੱਧਰ 'ਤੇ ਹੋ ਰਿਹਾ ਹੈ। ਪੇਂਡੂ ਪੱਧਰ ਦੇ ਟੂਰਨਾਮੈਂਟ ਲੋਕ ਆਪਣੇ ਪੱਧਰ 'ਤੇ ਕਰਵਾਉਂਦੇ ਹਨ। ਖ਼ੇਡ ਵਿਭਾਗ ਦੀ ਬਹੁਤੀ ਇਸ 'ਚ ਦਖ਼ਲਅੰਦਾਜ਼ੀ ਨਹੀਂ ਹੁੰਦੀ। ਜਲੰਧਰ ਸ਼ਹਿਰ ਖ਼ੇਡਾਂ ਦੇ ਖ਼ੇਤਰ 'ਚ ਆਪਣਾ ਇੱਕ ਸਥਾਨ ਰੱਖਣ ਦਾ ਦਾਅਵਾ ਕਰਦਾ ਹੈ। ਇਸ ਵਿਭਾਗ ਕੋਲ ਆਪਣੇ ਹੀ ਜ਼ਿਲ੍ਹੇ ਦੇ ਕਿੰਨੇ ਪਿੰਡਾਂ 'ਚ ਖ਼ੇਡ ਸਟੇਡੀਅਮ ਹਨ, ਦੀ ਜਾਣਕਾਰੀ ਹੀ ਉੱਪਲੱਬਧ ਨਹੀਂ ਹੈ। ਇਸ ਵਿਭਾਗ ਨੂੰ ਸ਼ਹਿਰ ਦੇ ਸਟੇਡੀਅਮਾਂ ਬਾਰੇ ਤਾਂ ਪਤਾ ਹੈ ਪ੍ਰੰਤੂ ਜੇ ਉਸ ਨੂੰ ਪਿੰਡਾਂ ਦੀ ਸਥਿਤੀ ਦਾ ਨਹੀਂ ਪਤਾ ਤਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਵਿਭਾਗ ਦੀ ਕਾਰਗੁਜ਼ਾਰੀ ਕਿਸ ਪੱਧਰ ਦੀ ਹੋਵੇਗੀ। ਰਾਜਨੀਤਕ ਆਗੂਆਂ ਵਲੋਂ ਥੋੜੇ ਬਹੁਤ ਪੈਸੇ ਦੇਕੇ ਅਖੌਤੀ ਖ਼ੇਡ ਸਟੇਡੀਅਮ ਤਿਆਰ ਕਰਵਾਏ ਜਾਂਦੇ ਹਨ ਤਾਂ ਜੋ ਇਹ ਦਾਅਵਾ ਕੀਤਾ ਜਾ ਸਕੇ ਕਿ ਉਨ੍ਹਾਂ ਨੇ ਪਿੰਡ-ਪਿੰਡ ਸਟੇਡੀਅਮ ਬਣਾ ਦਿੱਤੇ ਹਨ। ਹਕੀਕਤ ਇਹ ਹੈ ਕਿ ਇਨ੍ਹਾਂ ਖ਼ੇਡ ਸਟੇਡੀਅਮਾਂ 'ਚ ਸਿਵਾਏ ਇੱਟਾਂ ਲਗਾਉਣ ਤੋਂ ਇਲਾਵਾ ਮੁਢਲੀਆਂ ਸਹੂਲਤਾਂ ਵੀ ਨਹੀਂ ਹਨ। ਆਲਮ ਇਹ ਹੈ ਕਿ ਰਾਜ ਅੰਦਰ ਇਸ ਵਿਭਾਗ ਕੋਲ ਬਲਾਕ ਪੱਧਰੀ ਸਟੇਡੀਅਮਾਂ ਦੀ ਵੀ ਸੂਚੀ ਉੱਪਲੱਭਧ ਨਹੀਂ ਹੈ। ਖ਼ੇਡ ਵਿਭਾਗ ਦੇ ਕੋਚਾਂ ਦੀ ਹਾਲਤ ਇਸ ਤੋਂ ਵੀ ਮਾੜੀ ਹੈ। ਵਿਭਾਗ ਪਾਸ ਸੀਨੀਅਰ ਕੋਚ, ਕੋਚ, ਜੂਨੀਅਰ ਕੋਚ, ਸਾਈ ਦੇ ਕੋਚ, ਪੁਲੀਸ ਵਿਭਾਗ ਦੇ ਕੋਚ ਅਤੇ ਠੇਕੇ 'ਤੇ ਰੱਖੇ ਕੋਚ ਹਨ। ਇਨ੍ਹਾਂ 'ਚੋਂ ਬਹੁਤੇ ਸਦਰ ਮੁਕਾਮਾਂ 'ਤੇ ਹੀ ਕੰਮ ਕਰਦੇ ਹਨ। ਕਦੀ ਕਿਸੇ ਨੇ ਸੁਣਿਆ ਹੈ ਕਿ ਕੋਈ ਕੋਚ ਹਫ਼ਤੇ 'ਚ ਇੱਕ ਦਿਨ ਕਿਸੇ ਪਿੰਡ 'ਚ ਜਾ ਕੇ ਸਿਖਲਾਈ ਦੇ ਰਿਹਾ ਹੋਵੇ। ਅਕਸਰ ਇਹ ਇੱਕ ਟੀਮ ਨੂੰ ਕੋਚਿੰਗ ਦੇਣ ਦਾ ਦਾਅਵਾ ਕਰਦੇ ਹੋਣਗੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਦੂਰ ਦੁਰਾਡੇ ਵਸਦੇ ਨੌਜਵਾਨ ਆਖਰ ਕਿੱਥੇ ਜਾਣਗੇ। ਕੀ ਇਨ੍ਹਾਂ ਦੀ ਜਿੰਮੇਵਾਰੀ ਇੱਕ ਟੀਮ ਬਣਾਉਣ ਦੀ ਹੀ ਹੈ। ਹਕੀਕਤ ਇਹ ਹੈ ਕਿ ਸਾਰਾ ਪ੍ਰਬੰਧ 'ਰੱਬ' ਆਸਰੇ ਹੀ ਚੱਲ ਰਿਹਾ ਹੈ। ਕਦੇ ਕਿਸੇ ਨੇ ਸੁਣਿਆ ਹੈ ਕਿ ਫਲਾਣੀ ਖ਼ੇਡ 'ਚ ਲੁਧਿਆਣਾ ਨੇ ਜਲੰਧਰ ਨੂੰ ਹਰਾ ਦਿੱਤਾ ਜਾਂ ਫਿਰੋਜ਼ਪੁਰ ਨੇ ਬਠਿੰਡੇ ਨੂੰ ਹਰਾ ਦਿੱਤਾ। ਜ਼ਿਲ੍ਹਾ ਪੱਧਰੀ ਟੀਮਾਂ ਕਿਤੇ ਵੀ ਦਿਖਾਈ ਨਹੀਂ ਦਿੰਦੀਆਂ। ਵਿਸ਼ਵ ਕੱਪ ਕਬੱਡੀ ਵਾਲੀ ਖ਼ੇਡ ਨਾਲ ਵੀ ਅਜਿਹਾ ਨਹੀਂ ਵਾਪਰ ਰਿਹਾ, ਦੂਜੀਆਂ ਖ਼ੇਡਾਂ ਦੀ ਗੱਲ ਤਾਂ ਹਾਲੇ ਦੂਰ ਦੀ ਹੈ। ਦੂਜੀਆਂ ਖ਼ੇਡਾਂ 'ਚ ਗਰਾਊਂਡਾਂ ਦੀ ਅਣਹੋਂਦ, ਆਉਣ ਜਾਣ ਦੇ ਸਾਧਨਾਂ ਦੀ ਘਾਟ ਅਤੇ ਸਿਖਲਾਈ ਦੇਣ ਵਾਲੇ ਕੋਚਾਂ ਦੀ ਪਤਲੀ ਹਾਲਤ 'ਚ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਖ਼ਿਡਾਰੀ ਪੈਦਾ ਹੋਣਗੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ। ਮੰਤਰੀ ਮੰਡਲ ਵਲੋਂ ਐਲਾਨੀ ਨਵੀਂ ਸੰਸਥਾ ਦੇ ਪਾਣੀਆਂ 'ਚ ਪਲਣ ਵਾਲੀਆਂ ਮੱਛੀਆਂ ਕਿਥੋਂ ਲਿਆ ਕੇ ਛੱਡਣੀਆ ਹਨ। ਚੰਗੀ ਮੱਛੀ ਨੇ ਤਾਂ ਆਖਰ ਚੰਗੇ ਪਾਣੀ 'ਚ ਹੀ ਪਲਣਾ ਹੈ। ਕਿਸੇ ਜਾਦੂ ਦੇ ਸ਼ੋਅ ਵਾਂਗ ਤਾਂ ਨਵੀਂ ਸੰਸਥਾ ਨੇ ਨਵੀਂਆਂ ਮੱਛੀਆਂ ਪੈਦਾ ਨਹੀਂ ਕਰ ਦੇਣੀਆਂ। ਜਿਹੜਾ ਕੰਮ ਸਰਕਾਰੀ ਪੱਧਰ 'ਤੇ ਅਧਿਕਾਰੀਆਂ ਵਲੋਂ ਕੀਤਾ ਜਾਣਾ ਬਣਦਾ ਹੈ ਉਹ ਨਹੀਂ ਕੀਤਾ ਜਾ ਰਿਹਾ। ਅਧਿਕਾਰੀ ਸਕੂਲਾਂ 'ਚ ਅਤੇ ਪਿੰਡਾਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਖ਼ੇਡ ਦੀ ਜਾਗ ਲਗਾਉਣ ਦਾ ਕੰਮ ਹੀ ਨਾ ਕਰਨ ਸਗੋਂ ਕਿਸੇ ਮੁਕਾਮ 'ਤੇ ਪੁੱਜਦਾ ਕਰਨ ਲਈ ਸੰਜੀਦਾ ਯਤਨ ਕਰਨ। ਐਪਰ ਹੋ ਉਲਟ ਰਿਹਾ ਹੈ ਕਿ ਪਿੰਡਾਂ ਦੇ ਲੋਕ ਆਪਣੇ ਪੱਧਰ 'ਤੇ ਟੂਰਨਾਮੈਟ ਕਰਵਾਉਂਦੇ ਹਨ ਅਤੇ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਉਹ ਬਲਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਪਿੰਡ ਦੇ ਟੂਰਨਾਮੈਂਟ ਨੂੰ ਚਾਰ ਚੰਨ ਲੱਗ ਸਕਣ। ਹਕੀਕਤ 'ਚ ਚਾਹੇ ਸਟੇਟ ਸਪੋਰਟਸ ਐਸੋਸੀਏਸ਼ਨ ਬਣਾਈ ਗਈ ਹੋਵੇ, ਚਾਹੇ ਪੰਜਾਬ ਉਲੰਪਿਕ ਐਸੋਸੀਏਸ਼ਨ ਅਤੇ ਚਾਹੇ ਕੇਂਦਰ ਦੀ ਯੁਵਾ ਕ੍ਰੀੜਾ ਔਰ ਖੇਲ ਅਭਿਆਨ (PYKKA), ਰਾਜੀਵ ਗਾਂਧੀ ਖ਼ੇਲ ਅਭਿਆਨ ਅਤੇ ਨਵੀਂ ਬਣਨ ਵਾਲੀ ਸੰਸਥਾ ਪੰਜਾਬ ਇਸਟੀਚਿਊਟ ਆਫ਼ ਸਪੋਰਟਸ ਹੋਵੇ। ਇਹ ਤਾਂ ਇਓ ਲਗਦਾ ਹੈ ਕਿ ਝੀਲ 'ਚ ਆਪੋ ਆਪਣੀਆਂ ਕਿਸ਼ਤੀਆਂ ਲੈ ਕੇ ਇਹ ਤੁਰੇ ਫਿਰ ਰਹੇ ਹਨ, ਜਿਨ੍ਹਾਂ ਨੇ ਬੈਠਣਾ ਹੋਵੇ ਤਾਂ ਬੈਠ ਜਾਓ, ਜੇ ਡੁਬਣਾ ਹੈ ਤਾਂ ਡੁੱਬ ਜਾਓ। ਜਿਹੜਾ ਕੰਮ ਇੱਕ ਡਾਇਰੈਕਟਰ ਪੱਧਰ 'ਤੇ ਕੀਤਾ ਜਾ ਸਕਦਾ ਹੈ, ਉਸ ਕੰਮ ਲਈ ਅਲੱਗ-ਅਲੱਗ ਸੰਸਥਾਵਾਂ 'ਚ ਅਫ਼ਸਰਸ਼ਾਹੀ ਅਤੇ ਹੋਰ ਲੋੜੀਂਦੇ ਸਟਾਫ਼ ਨੂੰ ਫਿੱਟ ਕੀਤਾ ਜਾਂਦਾ ਹੈ, ਅਤੇ ਉਹਨਾਂ ਦੀਆਂ ਤਨਖਾਹਾਂ, ਭੱਤਿਆਂ ਤੇ ਹੋਰ ਸੁਖ ਸਹੂਲਤਾਂ ਰਾਹੀਂ ਜਨਤਕ ਫੰਡਾਂ ਦਾ ਸ਼ਰੇਆਮ ਉਜਾੜਾ ਕੀਤਾ ਜਾਂਦਾ ਹੈ।
ਪੰਜਾਬ ਸਟੇਟ ਸਪੋਰਟਸ ਕੌਂਸਲ ਨੂੰ ਖ਼ੇਡਾਂ ਦੇ ਵਿਕਾਸ ਲਈ ਇੱਕ ਸਲਾਹਕਾਰ ਅਦਾਰਾ ਦਰਸਾਇਆ ਗਿਆ ਹੈ। ਜਿਸ ਦਾ ਕੰਮ ਖ਼ੇਡ ਸਟੇਡੀਅਮ ਬਣਾਉਣ ਲਈ ਗਰਾਮ ਪੰਚਾਇਤ, ਲੋਕਲ ਬਾਡੀਜ਼ ਵਿਚਕਾਰ ਤਾਲਮੇਲ ਰੱਖਣਾ, ਫ਼ੰਡਾਂ ਦਾ ਇੰਤਜ਼ਾਮ ਕਰਨਾ, ਵਿਦੇਸ਼ੀ ਟੀਮ ਲਈ ਮੈਚਾਂ ਦਾ ਪ੍ਰਬੰਧ ਕਰਨਾ, ਸਕੂਲ ਖੇਡਾਂ ਅਤੇ ਪਿੰਡਾਂ ਦੀਆਂ ਖ਼ੇਡ ਗਤੀਵਿਧੀਆਂ ਨੂੰ ਕੰਟਰੋਲ ਕਰਨਾ ਅਤੇ ਜ਼ਿਲ੍ਹਾ ਪੱਧਰ ਅਤੇ ਹੇਠਲੇ ਪੱਧਰ 'ਤੇ ਖ਼ੇਡ ਕੌਂਸਲਾਂ ਦਾ ਗਠਨ ਕਰਨਾ ਸ਼ਾਮਲ ਹੈ। ਜਿਸ ਲਈ ਫੰਡਾਂ ਦਾ ਇੰਤਜਾਮ, ਸਕੂਲਾਂ ਤੇ ਕਾਲਜਾਂ ਤੋਂ ਪ੍ਰਾਪਤ ਹੋਇਆ ਖ਼ੇਡ ਵਿਕਾਸ ਫੰਡ ਵਜੋਂ ਇਕੱਠਾ ਕੀਤਾ ਜਾਵੇਗਾ। ਜਿਹੜੇ ਕੰਮ ਇੱਕ ਛੱਤ ਹੇਠ ਹੋ ਸਕਦੇ ਹਨ, ਉਨ੍ਹਾਂ ਲਈ ਅਲੱਗ ਅਲੱਗ ਸੰਸਥਾਵਾਂ ਦਾ ਗਠਨ ਕਰਕੇ ਲੋੜੀਦੇ ਦਫ਼ਤਰੀ ਢਾਂਚੇ ਦੀ ਵਰਤੋਂ ਅਜਿਹੇ ਬੇਲੋੜੇ ਕੰਮ ਲਈ ਕੀਤੀ ਜਾਂਦੀ ਹੈ, ਇਹ ਇੱਕ ਚਿੰਤਾ ਦਾ ਵਿਸ਼ਾ ਹੈ। 
ਹੇਠਲੇ ਪੱਧਰ 'ਤੇ ਉਲੰਪੀਅਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਵਲੋਂ 12 ਤੋਂ 19 ਸਾਲ ਦੇ 60 ਲੜਕਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ 120 ਰੁਪਏ ਪ੍ਰਤੀ ਦਿਨ ਦੀ ਖ਼ੁਰਾਕ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੀ ਫੁਟਬਾਲ ਅਕੈਡਮੀ ਮਾਹਲਪੁਰ 'ਚ 150 ਰੁਪਏ ਪ੍ਰਤੀ ਦਿਨ ਦੀ ਖ਼ੁਰਾਕ ਅਤੇ ਹੋਰ ਸਹੂਲਤਾਂ ਦੇ ਅਧਾਰ 'ਤੇ ਅੰਡਰ 14, ਅੰਡਰ 17 ਅਤੇ ਅੰਡਰ 19 ਵਰਗ 'ਚ 60 ਖ਼ਿਡਾਰੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਜਲੰਧਰ ਦਾ ਸਪੋਰਟਸ ਕਾਲਜ 6 ਖੇਡਾਂ ਲਈ 117 ਖ਼ਿਡਾਰੀਆਂ ਨੂੰ ਸਿਖਲਾਈ ਦੇ ਰਿਹਾ ਹੈ। ਇਸ ਤਰ੍ਹਾਂ ਹੀ ਸਪੀਡ ਫੰਡ ਅਕੈਡਮੀ ਲੁਧਿਆਣਾ 'ਚ 13 ਤੋਂ 21 ਸਾਲ ਦੀ ਉਮਰ ਦੇ ਮੁੰਡਿਆਂ ਲਈ 100 ਰੁਪਏ ਪ੍ਰਤੀ ਦਿਨ ਦੀ ਖ਼ੁਰਾਕ ਅਤੇ ਹੋਰ ਸਹੂਲਤਾਂ ਸਮੇਤ ਸਿਖਲਾਈ ਦਿੱਤੀ ਜਾ ਰਹੀ ਹੈ। ਦਾਅਵੇ ਮੁਤਾਬਿਕ ਇਸ ਸੰਸਥਾ 'ਚ ਘਰੇਲੂ ਅਤੇ ਅੰਤਰਰਾਸ਼ਟਰੀ ਮੁਕਾਬਲੇ 'ਚ ਖ਼ਿਡਾਰੀਆਂ ਦੇ ਹਿੱਸਾ ਲੈਣ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਦਾਅਵੇ ਮੁਤਾਬਿਕ ਹੀ ਇਸ ਅਕੈਡਮੀ 'ਚੋਂ ਬਹੁਤ ਸਾਰੇ ਅੰਤਰਰਾਸ਼ਟਰੀ ਪੱਧਰ ਦੇ ਖ਼ਿਡਾਰੀ ਪੈਦਾ ਹੋਏ ਹਨ। ਇਸ ਤੋਂ ਬਿਨ੍ਹਾਂ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਪਿੰਡ ਬਾਦਲ ਤੋਂ ਇਲਾਵਾ ਸੰਗਰੂਰ, ਪਟਿਆਲਾ ਅਤੇ ਲੁਧਿਆਣਾ 'ਚ ਵੱਖ-ਵੱਖ ਖ਼ੇਡਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜਿਸ 'ਚ 325 ਲੜਕੇ ਅਤੇ 187 ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਕੁੱਝ ਕੁ ਅਰਸਾ ਪਹਿਲਾ ਅਜਿਹੇ ਹੀ ਇੱਕ ਅਦਾਰੇ 'ਚੋਂ ਮਾੜੀ ਖ਼ੁਰਾਕ ਸਮੇਤ ਹੋਰ ਸ਼ਿਕਾਇਤਾਂ ਦੀ ਰਿਪੋਰਟ ਅਖ਼ਬਾਰਾਂ 'ਚ ਛਪ ਚੁੱਕੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਅਦਾਰਿਆਂ ਦੇ ਅੰਦਰ ਸਥਿਤੀ ਕਿਹੋ ਜਿਹੀ ਹੋਵੇਗੀ ਅਤੇ ਸਾਰੇ ਪੰਜਾਬ 'ਚੋਂ ਨਿਗੂਣੀ ਜਿਹੀ ਗਿਣਤੀ ਨੂੰ ਹੀ ਸਿਖਲਾਈ ਦੇਣਾ ਨੌਜਵਾਨਾਂ ਨਾਲ ਵੱਡਾ ਅਨਿਆ ਹੈ।  
ਜਿਨ੍ਹਾਂ ਸਟੇਡੀਅਮਾਂ ਅਤੇ ਗਰਾਊਂਡਾਂ 'ਚ ਖ਼ਿਡਾਰੀਆਂ ਨੇ ਸਿਖਲਾਈ ਪ੍ਰਾਪਤ ਕਰਨੀ ਹੈ, ਉਨ੍ਹਾਂ 'ਚ ਜਲੰਧਰ ਅਤੇ ਲੁਧਿਆਣਾ 'ਚ 7-7 ਖ਼ੇਡ ਸਟੇਡੀਅਮ ਹਨ। ਇਸ ਤਰ੍ਹਾਂ ਹੀ ਮੁਕਤਸਰ 'ਚ 5, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਪਟਿਆਲਾ 'ਚ 4-4, ਰੂਪਨਗਰ, ਸੰਗਰੂਰ ਅਤੇ ਬਠਿੰਡਾ 'ਚ 3-3, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ 'ਚ 2-2, ਮਾਨਸਾ, ਮੋਗਾ ਅਤੇ ਬਰਨਾਲਾ 'ਚ ਸਿਰਫ 1-1 ਹੀ ਖ਼ੇਡ ਸਟੇਡੀਅਮ ਹਨ। ਪੂਰੇ ਰਾਜ 'ਚ ਬਲਾਕ ਪੱਧਰ 'ਤੇ ਖ਼ੇਡ ਸਟੇਡੀਅਮਾਂ ਦੀ ਗਿਣਤੀ 19 ਤੋਂ ਵੱਧ ਨਹੀਂ ਹੈ, ਜਿਸ 'ਚੋਂ ਵੀ ਤਿੰਨ ਥਾਵਾਂ 'ਤੇ ਕੰਮ ਚੱਲ ਰਿਹਾ ਹੈ। ਦੋ ਥਾਵਾਂ 'ਤੇ ਕੰਮ ਮੁਕੰਮਲ ਨਹੀਂ ਹੋਇਆ, ਜਿਸ ਦਾ ਅਰਥ ਕੰਮ ਰੁਕਿਆ ਹੋਇਆ ਹੀ ਕੱਢਿਆ ਜਾਣਾ ਚਾਹੀਦਾ ਹੈ ਅਤੇ ਇੱਕ ਥਾਂ ਦੀ ਉਸਾਰੀ ਦਾ ਕੰਮ ਹਾਲੇ ਆਰੰਭ ਹੀ ਨਹੀਂ ਹੋਇਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਖ਼ੇਡ ਢਾਂਚਾ ਕਿਹੋ ਜਿਹਾ ਹੋਵੇਗਾ ਅਤੇ ਇਨ੍ਹਾਂ ਮੈਦਾਨਾਂ 'ਚ ਕਿੰਨੇ ਕੁ ਖ਼ਿਡਾਰੀ ਸਮਾ ਸਕਦੇ ਹਨ। 
1975 'ਚ ਪੰਜਾਬ ਦਾ ਖ਼ੇਡ ਵਿਭਾਗ ਹੋਂਦ 'ਚ ਆਇਆ ਸੀ। 2010 ਦੀ ਖ਼ੇਡ ਨੀਤੀ 'ਚ ਹੇਠਲੇ ਪੱਧਰ 'ਤੇ ਖ਼ੇਡਾਂ ਲਈ ਜੋਰ ਦਿੱਤਾ ਗਿਆ ਸੀ। ਰਾਜ, ਜ਼ਿਲ੍ਹਾ ਅਤੇ ਪਿੰਡ ਪੱਧਰ 'ਤੇ ਤਿੰਨ ਪੱਧਰੀ ਖ਼ੇਡ ਢਾਂਚਾ ਬਣਾਉਣ ਦੀ ਗੱਲ ਕਹੀ ਗਈ ਸੀ। ਅਥੈਲਟਿਕਸ, ਹਾਕੀ ਅਤੇ ਹਰ ਖ਼ੇਡਾਂ ਲਈ ਸੰਥੈਟਿਕ ਗਰਾਊਂਡਾਂ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਖ਼ੇਡਾਂ ਅਤੇ ਨੌਜਵਾਨਾਂ ਦੀਆਂ ਕਲੱਬਾਂ ਵਲੋਂ ਖ਼ੇਡ ਸਰਗਰਮੀਆਂ ਕਰਵਾਉਣ ਸਮੇਤ ਹੋਰ ਬਹੁਤ ਸਾਰੇ ਵਾਅਦੇ ਕੀਤੇ ਗਏ, ਜਿਸ 'ਚ ਸਰਕਲ ਕਬੱਡੀ, ਗੱਤਕਾ, ਅਤੇ ਰੱਸਾਕਸ਼ੀ ਨੂੰ ਹੱਲਾਸ਼ੇਰੀ ਦੇਣ, ਅੰਗਹੀਣਾਂ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਦਾਅਵਾ ਵੀ ਕੀਤਾ ਗਿਆ ਸੀ। ਸਕੂਲਾਂ 'ਚ ਸਰੀਰਕ ਫਿਟਨੈੱਸ ਲਈ ਇੱਕ ਘੰਟੇ ਲਈ ਸਰੀਰਕ ਅਤੇ ਖ਼ੇਡ ਸਰਗਰਮੀਆਂ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ। ਪੰਜਾਬ ਦਾ ਉੱਪ ਮੁਖ ਮੰਤਰੀ, ਜਿਸ ਕੋਲ ਖ਼ੇਡ ਵਿਭਾਗ ਦਾ ਮੰਤਰਾਲਾ ਵੀ ਹੈ, ਜਿਵੇਂ ਕਹਿ ਰਿਹਾ ਹੋਵੇ 'ਖ਼ੇਡਾਂ ਦੇ ਮਾਮਲੇ 'ਚ ਅਸੀਂ ਵਰਲਡ ਕਲਾਸ ਸਟੇਡੀਅਮ ਬਣਾ ਦੇਣੇ ਨੇ, ਤੁਸੀਂ ਭੁੱਲ ਜਾਉਂਗੇ ਕਿ ਜਿਵੇਂ ਇਹ ਯੌਰਪ ਦੇ ਖ਼ੇਡ ਸਟੇਡੀਅਮ ਹੋਣ, ਥੋਡੀ ਆਪਣੀ ਸਰਕਾਰ ਖ਼ੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਯਤਨ ਸ਼ੀਲ ਹੀ ਨਹੀਂ ਬਲਕਿ ਕਰਕੇ ਵਿਖਾਏਗੀ।' ਇਸ ਪਾਲਿਸੀ 'ਚ ਸੱਚ ਮੁੱਚ ਹੀ ਲਿਖਿਆ ਹੋਇਆ ਹੈ ਕਿ ਮੁਹਾਲੀ 'ਚ ਮਾਡਰਨ ਸਟੇਟ ਆਫ ਦਾ ਆਰਟ ਮਲਟੀ ਸਪੈਸ਼ਲਿਟੀ ਸਪੋਰਟਸ ਕੰਪਲੈਕਸ ਵਿਕਸਤ ਕੀਤਾ ਜਾਵੇਗਾ। ਵਰਲਡ ਕਲਾਸ ਹਾਕੀ ਅਤੇ ਕ੍ਰਿਕਟ ਸਟੇਡੀਅਮ ਉਸਾਰੇ ਜਾਣਗੇ। ਰਾਤ ਵੇਲੇ ਮੈਚ ਦੇਖਣ ਲਈ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ ਬਣਾਉਣ ਲਈ ਪਹਿਲਾ ਬਣੇ ਸਟੇਡੀਅਮਾਂ 'ਚ ਸੁਧਾਰ ਕੀਤਾ ਜਾਵੇਗਾ। ਇਸ ਪਾਲਿਸੀ 'ਚ ਮਾਝਾ, ਮਾਲਵਾ, ਦੋਆਬਾ ਇਲਾਕਿਆਂ 'ਚ ਵੱਡੇ-ਵੱਡੇ ਖ਼ੇਡ ਕੇਂਦਰ ਉਸਾਰੇ ਜਾਣਗੇ। ਪ੍ਰਵਾਸੀ ਭਾਰਤੀਆਂ ਨਾਲ ਮਿਲ ਕੇ ਅਜਿਹੀਆਂ ਸਕੀਮਾਂ ਸਿਰੇ ਲਾਈਆਂ ਜਾਣਗੀਆ। ਰਾਜ ਦੀਆਂ ਸਾਰੀਆਂ ਕਾਰਪੋਰੇਸ਼ਨਾਂ, ਬੋਰਡਾਂ ਅਤੇ ਸੁਪਰੀਮ ਸਹਿਕਾਰੀ ਸਭਾਵਾਂ ਨੂੰ ਇੱਕ ਛਤਰੀ ਹੇਠ ਇਕੱਠੇ ਕਰਕੇ ਸਪੋਰਟਸ ਐਸੋਸੀਏਸ਼ਨ ਆਫ ਪੰਜਾਬ, ਸੈਮੀ ਗਵਰਨਮੈਂਟ ਆਰਗੇਨਾਈਜੇਸ਼ਨ ਤਹਿਤ ਮਨਪਸੰਦ ਇੱਕ-ਇਕ ਖ਼ੇਡ ਦੀ ਜਿੰਮੇਵਾਰੀ ਦਿੱਤੀ ਜਾਵੇਗੀ। ਇਸ ਪਾਲਿਸੀ 'ਚ ਖ਼ਿਡਾਰੀਆਂ ਲਈ ਨੌਕਰੀਆਂ ਦੇ ਕੋਟੇ, ਪੈਨਸ਼ਨਾਂ, ਬੱਸਾਂ 'ਚ ਰਿਆਇਤੀ ਕਿਰਾਏ, ਐਵਾਰਡ, ਇਨਾਮ ਆਦਿ ਦੇਣ ਦੇ ਐਲਾਨ ਵੀ ਕੀਤੇ ਹੋਏ ਹਨ। ਇਸ ਲਈ ਪਾਲਿਸੀ 'ਚ ਲਿਖਿਆ ਹੈ ਕਿ ਸੰਭਵ ਹੈ ਕਿ ਸ਼ਰਾਬ ਅਤੇ ਇਸ ਦੀ ਲਾਇਸੰਸ ਫੀਸ ਤੋਂ ਖ਼ੇਡਾਂ ਨੂੰ ਉਤਸ਼ਾਹਿਤ ਕਰਨ ਲਈ ਫੰਡਾਂ ਦਾ ਇੰਤਜ਼ਾਮ ਕੀਤਾ ਜਾਵੇਗਾ। 
ਅਸਲ 'ਚ ਐਲਾਨੇ ਅਜਿਹੇ ਪ੍ਰੋਜੈਕਟਾਂ ਲਈ ਪਾਲਿਸੀ 'ਚ ਇਹ ਕਿਤੇ ਵੀ ਜਿਕਰ ਨਹੀਂ ਮਿਲਦਾ  ਕਿ ਇਹ ਪ੍ਰੋਜੈਕਟ ਕਦੋਂ ਤੱਕ ਪੂਰੇ ਹੋਣਗੇ। ਜਦੋਂ ਮੰਤਰੀਆਂ ਵਲੋਂ ਬਿਆਨ ਆਉਂਦੇ ਹਨ ਤਾਂ ਉਹ ਇੱਕ ਅੱਧ ਨੂੰ ਪੂਰਾ ਕਰਨ ਦਾ ਐਲਾਨ ਕਰਦੇ ਦੇਖੇ ਜਾ ਸਕਦੇ ਹਨ, ਬਾਕੀਆਂ ਲਈ ਅਗਲੇ ਸਾਲਾਂ 'ਚ ਕਰਨ ਦਾ ਜਿਕਰ ਕਰ ਦਿੰਦੇ ਹਨ। 
ਖ਼ੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਲੋਂ ਉਲੰਪਿਕ ਸਮੇਤ ਹੋਰਨਾਂ ਖ਼ੇਡਾਂ ਲਈ ਹਰਿਆਣੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਵਲੋਂ ਉਲੰਪਿਕ 'ਚ ਗੋਲਡ ਮੈਡਲ ਜਿੱਤਣ ਲਈ ਸਵਾ ਦੋ ਕਰੋੜ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਹਰਿਆਣਾ ਵਲੋਂ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਲਈ 7 ਲੱਖ ਰੁਪਏ ਅਤੇ ਹਰਿਆਣਾ ਵਲੋਂ 25 ਲੱਖ ਰੁਪਏ, ਅੰਗਹੀਣਾਂ ਲਈ ਉਲਪਿੰਕ ਪੱਧਰ ਦੇ ਮੁਕਾਬਲੇ 'ਚ ਗੋਲਡ ਮੈਡਲ ਲੈਣ 'ਤੇ 5 ਲੱਖ ਰੁਪਏ ਅਤੇ ਹਰਿਆਣਾ ਵਲੋਂ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੋਇਆ ਹੈ। ਅੰਗਹੀਣਾ ਲਈ ਠੀਕ ਪਾਲਿਸੀ ਨਾ ਹੋਣ ਕਾਰਨ ਇਨ੍ਹਾਂ ਨੂੰ ਹੋਰ ਵੀ ਮੁਸ਼ਕਲਾਂ ਸਹਿਣੀਆ ਪੈਂਦੀਆਂ ਹਨ। ਪੈਰਾ ਉਲਪਿੰਕ 'ਚ ਮੈਡਲ ਜਿੱਤਣ ਵਾਲਿਆਂ ਨੂੰ ਇਨਾਮੀ ਰਾਸ਼ੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿ ਇਹ ਪੰਜਾਬ ਦੀ ਖੇਡ ਪਾਲਿਸੀ ਦਾ ਹਿੱਸਾ ਹੀ ਨਹੀਂ ਹੈ। ਜਦੋਂ ਕਿ ਪਾਲਿਸੀ 'ਚ ਅੰਗਹੀਣ ਸ਼ਬਦ ਹਟਾ ਕੇ ਪੈਰਾ ਉਲਪਿੰਕ ਕਰਨਾ ਚਾਹੀਦਾ ਹੈ ਤਾਂ ਹੀ ਅਜਿਹੇ ਹਿੰਮਤੀ ਨੌਜਵਾਨਾਂ ਨੂੰ ਉਤਸ਼ਾਹ ਮਿਲ ਸਕਦਾ ਹੈ। ਦੂਜੇ ਪਾਸੇ ਰਾਜ ਅੰਦਰ ਬਹੁਤ ਸਾਰੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਆਪੋ ਆਪਣੇ ਪੱਧਰ 'ਤੇ ਆਪਣੀ ਹਿੰਮਤ ਦਿਖਾ ਰਹੇ ਹਨ ਅਤੇ ਇਨ੍ਹਾਂ ਦੀ ਮਦਦ ਲਈ ਸਹੂਲਤਾਂ ਬਹੁਤ ਹੀ ਨਿਗੂਣੇ ਕਿਸਮ ਦੀਆਂ ਹਨ। ਇਨ੍ਹਾਂ 'ਚ ਬਲਵਿੰਦਰ ਕੌਰ ਨਾਂ ਦੀ ਇੱਕ ਐਥਲੀਟ ਦਾ ਜਿਕਰ ਕਰਨਾ ਬਣਦਾ ਹੈ, ਜਿਸ ਨੂੰ ਦਿਖਾਈ ਨਹੀਂ ਦਿੰਦਾ। ਉਸ ਨੇ ਹਿੰਮਤ ਕਰਕੇ ਰਾਜ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ 'ਚ 17 ਗੋਲਡ, 5 ਸਿਲਵਰ ਅਤੇ 1 ਕਾਂਸੀ ਦਾ ਮੈਡਲ ਜਿੱਤਿਆ। ੳਸ ਨੇ ਆਪਣੀ ਬਣਦੀ ਇਨਾਮੀ ਰਾਸ਼ੀ ਲਈ ਬੇਨਤੀ ਕੀਤੀ, ਜਿਸ ਨੂੰ ਸਾਲ 2013-14 ਦੌਰਾਨ ਸਿਰਫ਼ 15 ਹਜ਼ਾਰ ਰੁਪਏ ਹੀ ਨਸੀਬ ਹੋਏ ਜਦੋਂ ਕਿ ਇਸ ਦੌਰਾਨ ਉਸ ਦੇ ਕਰੀਬ ਸਵਾ ਲੱਖ ਰੁਪਏ ਆਉਣ ਜਾਣ ਸਮੇਤ ਹੋਰ ਖਰਚੇ ਹੋ ਗਏ। ਪੰਜਾਬ ਸਰਕਾਰ ਨੇ ਇਸ ਅਰਸੇ ਦੌਰਾਨ ਹੀ ਵਿਸ਼ਵ ਕ੍ਰਿਕਟ ਕੱਪ ਦੇ ਜੇਤੂ ਟੀਮ ਦੇ ਮੈਂਬਰ ਵਜੋਂ ਕ੍ਰਿਕਟਰ ਹਰਭਜਨ ਸਿੰਘ ਨੂੰ ਇਕ ਕਰੋੜ ਰੁਪਏ ਦੇ ਦਿੱਤੇ। ਇਸ ਅਰਸੇ ਦੌਰਾਨ ਇਨਾਮ ਵਜੋਂ ਇਨ੍ਹਾਂ ਦੋਵਾਂ ਤੋਂ ਇਲਾਵਾ ਕਿਸੇ ਹੋਰ ਨੂੰ ਕੋਈ ਫੁੱਟੀ ਕੌਡੀ ਵੀ ਨਹੀਂ ਦਿੱਤੀ।    
ਕੁੱਲ ਮਿਲਾ ਕੇ ਅਖੌਤੀ ਕਬੱਡੀ ਕੱਪ ਦੇ ਨਾਂ ਹੇਠ ਕਰੋੜਾਂ ਰੁਪਏ ਰੋੜ੍ਹਨ ਦੀ ਥਾਂ ਹੇਠਲੇ ਪੱਧਰ 'ਤੇ ਖ਼ੇਡ ਢਾਂਚਾ ਮਜ਼ਬੂਤ ਕਰਨ ਦੀ ਲੋੜ ਹੈ। ਖੇਡਾਂ ਦਾ ਮੁੱਖ ਉਦੇਸ਼ ਸਮੁੱਚੇ ਸਕੂਲੀ ਬੱਚਿਆਂ ਤੇ ਨੌਜਵਾਨਾਂ ਦਾ ਸਰੀਰਕ ਵਿਕਾਸ ਕਰਨਾ ਅਤੇ ਉਹਨਾਂ ਨੂੰ ਨਿਰੋਗ ਤੇ ਤੰਦਰੁਸਤ ਸ਼ਹਿਰੀਆਂ ਵਜੋਂ ਵਿਕਸਤ ਕਰਨਾ ਹੋਣਾ ਚਾਹੀਦਾ ਹੈ ਨਾਂ ਕਿ ਕੁਝ ਲੋਕਾਂ ਦੀ ਕਮਾਈ ਦਾ ਸਾਧਨ ਬਨਾਉਣਾ। ਇਸ ਮੰਤਵ ਲਈ ਇਕ ਵਿਆਪਕ ਖੇਡ ਨੀਤੀ ਦੀ ਲੋੜ ਹੈ। ਜਿਸ ਲਈ ਵੱਡੇ ਪੱਧਰ 'ਤੇ ਕੋਚ ਭਰਤੀ ਕਰਨੇ ਪੈਣਗੇ। ਮੌਜੂਦਾ ਸਮੇਂ ਦੌਰਾਨ ਕਈ ਖ਼ੇਡ ਕਲੱਬਾਂ ਆਪਣੇ ਪੱਧਰ 'ਤੇ ਹੀ ਚੰਗਾ ਪ੍ਰਬੰਧ ਕਰ ਰਹੀਆਂ ਹਨ। ਜਿਵੇਂ ਰੁੜਕਾ ਕਲਾਂ (ਜਲੰਧਰ) ਦੀ ਵਾਈਐਫਸੀ ਵਰਗੀ ਸੰਸਥਾ ਫੁੱਟਬਾਲ ਲਈ ਕੰਮ ਕਰ ਰਹੀ ਹੈ। ਕਬੱਡੀ ਟੂਰਨਾਮੈਂਟਾਂ ਲਈ ਵੀ ਨਿਯਮ ਬਣਾਉਣ ਦੀ ਵੱਡੀ ਲੋੜ ਹੈ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਵੀ ਉਚੇਚੇ ਯਤਨ ਕਰਨੇ ਪੈਣਗੇ। ਪ੍ਰਾਇਮਰੀ ਸਕੂਲਾਂ 'ਚ ਜਿਥੇ ਬੱਚੇ ਹੀ ਥੋੜ੍ਹੇ ਹਨ, ਉਨ੍ਹਾਂ ਨੂੰ ਲਾਗਲੇ ਸਕੂਲਾਂ ਦੀ ਮਦਦ ਨਾਲ ਸਾਂਝੀਆਂ ਟੀਮਾਂ ਬਣਾਉਣ ਦੀ ਪਾਲਿਸੀ ਬਣਾਉਣੀ ਪਵੇਗੀ। ਗਰਾਉਂਡਾਂ ਦੀ ਨਿਸ਼ਾਨਦੇਹੀ ਕਰਕੇ, ਇਨ੍ਹਾਂ ਗਰਾਉਂਡਾਂ 'ਚ ਵੱਡੇ ਵੱਡੇ ਸਟੇਡੀਅਮ ਉਸਾਰਨ ਦੀ ਥਾਂ ਮੁਢਲਾ ਢਾਂਚਾ ਖੜ੍ਹਾ ਕਰਨ 'ਤੇ ਜੋਰ ਦੇਣਾ ਪੇਵਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਨਤੀਜੇ ਬਾਅਦ 'ਚ ਪਰ ਪਹਿਲਾਂ ਜਿੰਮੇਵਾਰੀਆਂ ਨਿਸ਼ਚਤ ਕਰਨੀਆਂ ਪੈਣਗੀਆਂ। ਹਰ ਇੱਕ ਖ਼ੇਡ ਲਈ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨਾ ਪਵੇਗਾ। ਦੂਜੇ ਪਾਸੇ ਰਾਜ ਅੰਦਰ ਨੌਜਵਾਨਾਂ ਦੀਆਂ ਜਥੇਬੰਦੀਆਂ ਨੂੰ ਅੱਗੇ ਆ ਕੇ ਸਰਕਾਰ ਦੀਆਂ ਘਟੀਆਂ ਨੀਤੀਆਂ ਨੂੰ ਨੰਗਾਂ ਕਰਨਾ ਪਵੇਗਾ ਤਾਂ ਹੀ ਹਾਕਮਾਂ ਦੀਆਂ ਅੱਖਾਂ ਖੁੱਲ ਸਕਣਗੀਆਂ। ਇਸ ਹਾਲਾਤ 'ਚ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਣ 'ਚ ਮਦਦ ਕਰ ਸਕਾਂਗੇ।

ਪੂੰਜੀਵਾਦ ਵਿਰੁੱਧ ਬੱਝਵੇਂ ਸੰਘਰਸ਼ ਦੀ ਲੋੜ

ਮੰਗਤ ਰਾਮ ਪਾਸਲਾ

ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਲਾਗੂ ਹੋਣ ਨਾਲ ਪੂੰਜੀਵਾਦੀ ਢਾਂਚੇ ਦਾ ਹੋਰ ਵਧੇਰੇ ਅਮਾਨਵੀ ਚਿਹਰਾ ਸਾਹਮਣੇ ਆ ਰਿਹਾ ਹੈ। ਅਕਤੂਬਰ ਇਨਕਲਾਬ (1917) ਤੋਂ ਬਾਅਦ ਸੋਵੀਅਤ ਯੂਨੀਅਨ ਵਿਚ ਮਜ਼ਦੂਰ ਵਰਗ ਦੇ ਹਿਤਾਂ ਨੂੰ ਪ੍ਰਣਾਈ ਹੋਈ ਤੇ  ਧਰਤੀ ਉਪਰ ਪਹਿਲੀ ਵਾਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਨ ਵਾਲੀ ਵਿਵਸਥਾ- ਸਮਾਜਵਾਦ, ਦੀ ਕਾਇਮੀ ਨਾਲ ਵਿਕਸਤ ਪੂੰਜੀਵਾਦੀ ਦੇਸ਼ਾਂ ਦੀਆਂ ਸਮਕਾਲੀ ਸਰਕਾਰਾਂ ਨੂੰ ਵੀ ਆਪਣੇ ਲੋਕਾਂ ਲਈ ਕੁੱਝ ਕੁ ਸਮਾਜਿਕ ਸਹੂਲਤਾਂ ਦੇਣ ਲਈ ਮਜ਼ਬੂਰ ਹੋਣਾ ਪਿਆ ਸੀ; ਤਾਂ ਕਿ ਇਨ੍ਹਾਂ ਦੇਸ਼ਾਂ ਵਿਚ ਇਨਕਲਾਬੀ ਲਹਿਰਾਂ ਦੇ  ਪਨਪਣ ਨੂੰ ਰੋਕਿਆ ਜਾ ਸਕੇ। ਭਾਵੇਂ ਕਿ ਇਨ੍ਹਾਂ ਪ੍ਰਾਪਤੀਆਂ ਲਈ ਮਜ਼ਦੂਰ ਵਰਗ ਵਲੋਂ ਲੜੇ ਗਏ ਲਹੂ ਵੀਟਵੇਂ ਸੰਘਰਸ਼ਾਂ ਦਾ ਵੀ ਅਹਿਮ ਰੋਲ ਹੈ। ਸਮਾਜਵਾਦੀ ਸੋਵੀਅਤ ਯੂਨੀਅਨ ਤੇ ਦੂਸਰੇ ਸਮਾਜਵਾਦੀ ਦੇਸ਼ਾਂ ਤੋਂ ਵੱਡੀ ਮਾਤਰਾ ਵਿਚ ਆਰਥਿਕ ਤੇ ਤਕਨੀਕੀ ਸਹਾਇਤਾ ਪ੍ਰਾਪਤ ਕਰਕੇ ਪਛੜੇ ਦੇਸ਼ਾਂ ਦੀਆਂ ਲੁਟੇਰੀਆਂ ਜਮਾਤਾਂ ਦੀਆਂ ਸਰਕਾਰਾਂ ਨੇ ਵੀ ਆਪੋ ਆਪਣੇ ਦੇਸ਼ਾਂ ਦੇ ਪੂੰਜੀਵਾਦੀ ਵਿਕਾਸ ਦੇ ਰਾਹ ਨੂੰ 'ਸਮਾਜਵਾਦੀ', ਤੇ 'ਗੈਰ ਸਰਮਾਏਦਾਰੀ ਤਰੱਕੀ' ਆਦਿ ਨਾਂਅ ਦੇ ਕੇ ਰਾਜਨੀਤਕ ਭੰਬਲਭੂਸਾ ਖੜਾ ਕਰਨ ਦਾ ਯਤਨ ਕੀਤਾ। ਪ੍ਰੰਤੂ ਹਕੀਕਤ ਵਿਚ ਸਮਾਜਵਾਦੀ ਦੇਸ਼ਾਂ ਦੀ ਨਿਰਸਵਾਰਥ ਸਹਾਇਤਾ ਨਾਲ ਬਣਿਆ ਵਿਕਾਸ ਦਾ ਇਹ ਮਾਡਲ ਵੀ ਪੂੰਜੀਵਾਦੀ ਪ੍ਰਬੰਧ ਰਾਜਕੀ ਪੂੰਜੀਵਾਦ ਹੀ ਆਖਿਆ ਜਾਣਾ ਚਾਹੀਦਾ ਹੈ। ਹੁਣ ਜਦੋਂ ਸੰਸਾਰ ਭਰ ਵਿਚ ਕਿਰਤੀ ਲੋਕਾਂ ਦੇ ਅਲੰਬਰਦਾਰ ਸਮਾਜਵਾਦੀ ਢਾਂਚੇ ਨੂੰ ਵੱਡੀਆਂ ਪਛਾੜਾਂ ਵੱਜੀਆਂ ਹਨ, ਤਦ ਸਾਮਰਾਜੀ ਦੇਸ਼ਾਂ ਦੇ ਖੁੱਲ੍ਹਮ ਖੁੱਲੀ ਲੁੱਟ ਕਰਨ ਲਈ ਵਾਰੇ ਨਿਆਰੇ ਹੋ ਗਏ ਹਨ। ਵਿਕਾਸਸ਼ੀਲ ਦੇਸ਼ਾਂ ਦੇ ਹਾਕਮਾਂ ਨੂੰ ਹੁਣ ਸਾਮਰਾਜ ਨਾਲ ਯੁਧਨੀਤਕ ਸਾਂਝਾਂ ਪਾਉਣ, ਸਾਮਰਾਜੀ ਪੂੰਜੀ ਦੇ ਨਿਵੇਸ਼ ਲਈ ਖੁੱਲ੍ਹਾਂ ਦੇਣ ਅਤੇ ਘਰੇਲੂ ਮੰਡੀ ਨੂੰ ਵਿਦੇਸ਼ੀ ਲੁਟੇਰਿਆਂ ਦੇ ਹਵਾਲੇ ਕਰਨ ਦੀਆਂ ਦੇਸ਼ ਵਿਰੋਧੀ ਕੁਚਾਲਾਂ ਨੂੰ 'ਲੋਕ ਪੱਖੀ' ਗਰਦਾਨਣ ਵਿਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ। ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਪੂੰਜੀਪਤੀ ਵਰਗ ਦੀਆਂ ਸਰਕਾਰਾਂ ਵਲੋਂ ਲੋਕਾਂ ਦੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਗਈਆਂ ਸਮਾਜਿਕ ਤੇ ਆਰਥਿਕ ਸਹੂਲਤਾਂ ਜਿਵੇਂ ਪੈਨਸ਼ਨਾਂ, ਪ੍ਰਾਵੀਡੈਂਟ ਫੰਡ, ਗਰੈਚੂਇਟੀ, ਮੁਫਤ ਜਾਂ ਰਿਆਇਤੀ ਦਰਾਂ 'ਤੇ ਵਿਦਿਅਕ ਤੇ ਸਿਹਤ ਸਹੂਲਤਾਂ, ਸਫਰ ਭੱਤੇ ਅਤੇ ਮਜ਼ਦੂਰ ਹਿਤਾਂ ਦੀ ਸੀਮਤ ਰਾਖੀ ਕਰਦੇ ਕਿਰਤ ਕਾਨੂੰਨਾਂ ਇਤਿਆਦਿ ਨੂੰ ਤੇਜ਼ੀ ਨਾਲ ਤਿਆਗਿਆ ਜਾ ਰਿਹਾ ਹੈ। ਸਰਕਾਰੀ ਖੇਤਰ ਦਾ ਭੋਗ ਪਾ ਕੇ ਸਾਰਾ ਕੰਮ ਮੁਫਤਖੋਰ ਧਨ ਕੁਬੇਰਾਂ/ਠੇਕੇਦਾਰਾਂ ਦੇ ਹਵਾਲੇ ਕਰਨ ਦਾ ਸਿਲਸਿਲਾ ਅਸਲ ਵਿਚ ਮਿਹਨਤਕਸ਼ ਲੋਕਾਂ ਨੂੰ ਭੁੱੱਖੇ ਬਘਿਆੜ ਸਾਹਮਣੇ ਪਰੋਸਣ ਬਰਾਬਰ ਹੈ। 
ਉਂਝ ਤਾਂ 1947 ਵਿਚ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਹੀ ਭਾਰਤ ਦੇ ਸ਼ਾਸਕਾਂ ਵਲੋਂ ਜਗੀਰਦਾਰੀ ਨਾਲ ਸਮਝੌਤਾ ਕਰਕੇ ਪੂੰਜੀਵਾਦੀ ਵਿਕਾਸ ਦਾ ਰਸਤਾ ਚੁਣਿਆ ਗਿਆ ਸੀ, ਪ੍ਰੰਤੂ 90ਵਿਆਂ ਤੋਂ ਬਾਅਦ ਤਾਂ ਕੇਂਦਰੀ ਸਰਕਾਰਾਂ ਨੇ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਲੋਕ ਮਾਰੂ ਨੀਤੀਆਂ ਲਾਗੂ ਕਰਨ ਲਈ ਲੋਈ ਹੀ ਲਾਹ ਦਿੱਤੀ ਹੈ। ਮਨਮੋਹਨ ਸਿੰਘ, ਪੀ.ਚਿਦੰਬਰਮ  ਤੇ ਮੋਨਟੇਕ ਸਿੰਘ ਆਹਲੂਵਾਲੀਆ ਦੀ ਤਰਿਕੜੀ ਵਿਚ ਹੁਣ ਨਰਿੰਦਰ ਮੋਦੀ ਦੇ ਰੂਪ ਵਿਚ ਸਾਮਰਾਜੀ ਸ਼ਕਤੀਆਂ ਨੂੰ ਆਪਣੇ 'ਬਰਖੁਰਦਾਰ' ਲੱਭ ਪਏ ਹਨ, ਜੋ ਸਾਮਰਾਜੀ ਪ੍ਰਭੂਆਂ ਦੇ ਹਿਤਾਂ ਦੀ ਸੇਵਾ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਇਹ ਸੱਜਣ ਭਾਰਤੀ ਪੂੰਜੀਪਤੀ ਵਰਗ ਦੇ ਵਿਸ਼ਵਾਸਪਾਤਰ ਨੁਮਾਇੰਦੇ ਹਨ, ਜੋ ਸਮੁੱਚੀ ਕਿਰਤੀ ਸ਼੍ਰੇਣੀ ਨਾਲ ਧ੍ਰੋਹ ਕਮਾ ਰਹੇ ਹਨ। ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣੀ ਭਾਜਪਾ ਸਰਕਾਰ ਨੇ ਸਾਮਰਾਜੀ ਸ਼ਕਤੀਆਂ ਨੂੰ ਭਾਰਤ ਦੇ ਕੁਦਰਤੀ ਸਰੋਤ ਹਥਿਆਉਣ, ਮਾਨਵੀ ਸਰੋਤਾਂ ਦੀ ਬੇਕਿਰਕ ਲੁੱਟ ਖਸੁੱਟ ਕਰਨ ਤੇ ਦੇਸ਼ ਦੀ ਮੰਡੀ ਉਪਰ ਕਬਜ਼ਾ ਕਰਨ ਲਈ ਸਾਰੇ ਦਰਵਾਜੇ ਖੋਲ੍ਹ ਦਿੱਤੇ ਹਨ। ਵਿਦੇਸ਼ ਨੀਤੀ ਨੂੰ ਸਾਮਰਾਜ ਪੱਖੀ ਮੋੜਾ ਦੇ ਕੇ ਦੇਸ਼ ਦੇ ਸਾਮਰਾਜ ਵਿਰੋਧੀ ਤੇ ਗੁਟ ਨਿਰਲੇਪ ਪ੍ਰੰਪਰਾਵਾਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ। ਲੋਕਰਾਜੀ, ਧਰਮ ਨਿਰਪੱਖ ਤੇ ਸੰਘਾਤਮਕ ਢਾਂਚੇ ਦਾ ਦਮ ਭਰਨ ਵਾਲੇ ਸੰਵਿਧਾਨ ਨੂੰ ਬਿਨਾਂ ਕੋਈ ਸ਼ੰਸੋਧਨ ਕੀਤਿਆਂ ਏਕਾਅਧਿਕਾਰਵਾਦੀ, ਧਾਰਮਿਕ ਕੱਟੜਵਾਦੀ ਤੇ ਏਕਤਾਮਕ ਵੰਨਗੀ ਵਿਚ ਬਦਲਿਆ ਜਾ ਰਿਹਾ ਹੈ ਤਾਂ ਕਿ ਸੰਘ ਪਰਿਵਾਰ ਦੇ ਭਾਰਤ ਨੂੰ ਇਕ ਧਰਮ ਅਧਾਰਤ 'ਹਿੰਦੂ ਰਾਸ਼ਟਰ' ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਇਹ ਕਥਿਤ 'ਹਿੰਦੂ ਰਾਸ਼ਟਰ' ਕੱਟੜਵਾਦੀ ਤੇ ਫਿਰਕੂ ਤਾਨਾਸ਼ਾਹ ਮੁਸਲਿਮ ਦੇਸ਼ਾਂ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਚਿਤਵੇ 'ਖਾਲਿਸਤਾਨ' ਵਰਗਾ ਹੋਵੇਗਾ, ਜਿਥੇ ਅੱਤਵਾਦੀਆਂ ਵਲੋਂ ਬੇਗੁਨਾਹ ਲੋਕਾਂ, ਭਾਵੇਂ ਉਹ ਉਨ੍ਹਾਂ ਦੇ ਆਪਣੇ ਹੀ ਧਰਮ ਨਾਲ ਸਬੰਧਤ ਕਿਉਂ ਨਾ ਹੋਣ, ਦੇ ਸਿਰ ਉਤਾਰ ਕੇ ਜਸ਼ਨ ਮਨਾਏ ਜਾਣਾ ਰੋਜ਼ਾਨਾ ਦਾ ਆਮ ਵਰਤਾਰਾ ਸਮਝਿਆ ਜਾਵੇਗਾ। ਪਿਛਲੇ ਦਿਨੀਂ ਅੱਤਵਾਦੀ ਦਰਿੰਦਿਆਂ ਹੱਥੋ ਪਾਕਿਸਤਾਨ ਵਿਚ ਡੇੜ ਸੌ ਦੇ ਕਰੀਬ ਫੁੱਲਾਂ ਵਰਗੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨਣ ਦੀ ਹਿਰਦੇਵੇਦਕ ਘਟਨਾ, ਕਿਸੇ ਵੀ ਧਰਮ ਅਧਾਰਤ ਕੱਟੜਵਾਦੀ ਦੇਸ਼ ਜਾਂ ਜਨੂੰਨੀ ਤੱਤਾਂ ਦੀ ਅਸਲੀਅਤ ਨੂੰ ਸਮਝਣ ਲਈ ਕਾਫੀ ਹੈ। 
ਦੇਸ਼ ਅੰਦਰ ਸਮੁੱਚੀ ਦਬਾਊ ਮਸ਼ੀਨਰੀ ਨੂੰ ਲੁੱਟਚੋਂਘ ਕਰਦੀ ਜਮਾਤ ਦੇ ਹਿਤਾਂ ਦੀ ਪੂਰਤੀ ਕਰਨ ਦੇ ਪੂਰੀ ਤਰ੍ਹਾਂ ਅਨੁਕੂਲ ਤੇ ਸੰਘਰਸ਼ਸ਼ੀਲ ਲੋਕਾਂ ਨਾਲ  ਬੇਤਰਸੀ ਨਾਲ ਨਜਿੱਠਣ ਲਈ ਤਿਆਰ ਕਰ ਲਿਆ ਗਿਆ ਹੈ। ਮੀਡੀਆ ਜਿਸਨੂੰ ਆਮ ਤੌਰ 'ਤੇ ਨਿਰਪੱਖ ਕਿਹਾ ਜਾਂਦਾ ਹੈ, ਨੂੰ ਯੋਜਨਾਬੱਧ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਅਕਸ ਨੂੰ ਚਮਕਾਉਣ, ਕੇਂਦਰੀ ਸਰਕਾਰ ਦੇ ਸੋਹਲੇ ਗਾਉਣ ਤੇ ਨਵ ਉਦਾਰਵਾਦੀ ਨੀਤੀਆਂ ਦੇ ਪ੍ਰਚਾਰ ਕਰਨ ਦੇ ਨਾਲ ਨਾਲ ਹਰ ਉਸ ਅੰਦੋਲਨ ਜਾਂ ਵਿਚਾਰ ਨੂੰ ਜਿਹੜਾ ਮੌਜੂਦਾ ਲੋਕ ਵਿਰੋਧੀ ਵਿਕਾਸ ਦੇ ਰਾਹ ਵਿਚ ਰੋੜਾ ਅਟਕਾਉਂਦਾ ਹੋਵੇ, ਅਣਡਿੱਠ ਕਰਕੇ ਲੋਕਾਂ ਸਾਹਮਣੇ ਆਉਣ ਤੋਂ ਰੋਕਣ ਲਈ ਨਿਰਦੇਸ਼ ਦੇ ਦਿੱਤੇ ਗਏ ਹਨ। ਕਾਰਪੋਰੇਟ ਘਰਾਣਿਆਂ ਦੁਆਰਾ ਸੰਚਾਲਤ ਹਰ ਕਿਸਮ ਦਾ ਪ੍ਰਚਾਰ ਸਾਧਨ ਇਸ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਭਲੀਭਾਂਤ ਨਿਭਾ ਰਿਹਾ ਹੈ। 
ਦੇਸ਼ ਦੀ ਕੁਲ ਵਸੋਂ ਦੇ ਮੁੱਠੀ ਭਰ ਉਪਰਲੇ ਭਾਗਾਂ ਤੋਂ ਬਿਨਾਂ ਬਾਕੀ ਲੋਕ ਪੀਣਯੋਗ ਪਾਣੀ, ਚੰਗੀਆਂ ਜੀਵਨ ਹਾਲਤਾਂ, ਅਵਾਸ, ਲੋੜੀਂਦੀਆਂ ਵਿਦਿਆ ਤੇ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਆਦਿ ਤੋਂ ਮਹਿਰੂਮ ਹੋ ਕੇ ਗੁਲਾਮਾਂ ਵਰਗੀ ਨਰਕ ਭਰੀ ਜ਼ਿੰਦਗੀ ਜੀਉਣ ਵਾਸਤੇ ਮਜ਼ਬੂਰ ਹਨ, ਪੜ੍ਹਾਈ ਕਰਨ ਦੀ ਉਮਰੇ ਲੋੜੀਂਦੇ ਸਾਧਨ ਉਪਲੱਬਧ ਨਾ ਹੋਣ ਕਾਰਨ ਬੱਚੇ ਬੱਚੀਆਂ ਕੋਈ ਵੀ ਕੰਮ ਕਰਨ ਲਈ ਮਜ਼ਬੂਰ ਹਨ, ਕਿਉਂਕਿ ਪੇਟ ਭਰਨ ਲਈ ਦੋ ਡੰਗ ਦੀ ਰੋਟੀ ਚਾਹੀਦੀ ਹੈ। ਜਦੋਂ ਸਰਕਾਰ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਕਿਨਾਰਾਕਸ਼ੀ ਕਰ ਲਈ ਹੈ, ਉਸ ਸਮੇਂ ਮਹਿੰਗੇ ਭਾਅ ਦੀਆਂ ਦੁਆਈਆਂ ਖਰੀਦਣ ਦੀ ਬੇਬਸੀ ਕਾਰਨ ਮਿਹਨਤਕਸ਼ ਜਨਤਾ ਬਿਨਾਂ ਇਲਾਜੋਂ ਤੜਫ ਤੜਫ ਕੇ ਮਰਨ ਲਈ ਆਤੁਰ ਹੈ। ਔਰਤਾਂ ਉਪਰ ਵੱਧ ਰਹੇ ਜ਼ੁਲਮਾਂ ਨੂੰ ਮੌਜੂਦਾ ਨੁਕਸਦਾਰ ਢਾਂਚੇ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਅਛੂਤ ਸਮਝੇ ਜਾਂਦੇ ਦਸਾਂ ਨਹੂੰ ਦੀ ਕਿਰਤ ਕਰਨ ਵਾਲੇ 'ਭਾਈ ਲਾਲੋਆਂ' ਨੂੰ ਅੱਜ ਵੀ ਨਾ ਬਿਆਨ ਕਰਨਯੋਗ ਵਾਲੇ ਵਿਤਕਰਿਆਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਗਿਣੀਮਿਥੀ ਸਾਜਿਸ਼ ਅਧੀਨ ਹਾਕਮ ਧਿਰਾਂ ਅਤੇ ਸਵਾਰਥੀ ਹਿਤਾਂ ਵਲੋਂ ਪੀੜਤ ਲੋਕਾਂ ਨੂੰ ਹੋਰ ਮਾਯੂਸ ਤੇ ਨਿੰਮੂਝਣੇ ਕਰਨ ਲਈ ਥਾਂ ਥਾਂ ਅਡੰਬਰੀ ਧਾਰਮਕ ਡੇਰਿਆਂ ਤੇ ਕਥਿਤ ਧਰਮ ਗੁਰੂਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਅੰਧ ਵਿਸ਼ਵਾਸੀ ਤੇ ਹਨੇਰ ਵਿਰਤੀ ਧਾਰਨਾਵਾਂ ਨੂੰ ਫੈਲਾਉਣ ਲਈ ਹਾਕਮ ਧਿਰਾਂ ਤੇ ਮੀਡੀਆ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ। 
ਜਿਥੇ ਇਕ ਪਾਸੇ ਮੁਲਾਜ਼ਮ ਤੇ ਹੋਰ ਮੱਧ ਵਰਗੀ ਲੋਕ ਨਿੱਤ ਵੱਧ ਰਹੀ ਮਹਿੰਗਾਈ ਤੇ ਹੋਰ ਜੀਵਨ ਲੋੜਾਂ ਦੀ ਪੂਰਤੀ ਲਈ ਖਰਚਿਆਂ ਵਿਚ ਹੋਏ ਵਾਧੇ ਕਾਰਨ ਨਾਅਰੇ ਮਾਰਕੇ ਸੜਕਾਂ ਉਪਰ ਨਿਕਲ ਲਈ ਬੇਵਸ ਹਨ, ਉਥੇ ਰੁਜ਼ਗਰ ਦੀ ਪ੍ਰਾਪਤੀ ਲਈ ਨੌਜਵਾਨ ਪੀੜ੍ਹੀ ਯੋਗਤਾ ਅਨੁਸਾਰ ਨੌਕਰੀ ਤੇ ਤਨਖਾਹ ਲਈ ਸਰਕਾਰੀ ਜਬਰ ਦਾ ਸੇਕ ਝੇਲ ਰਹੀ ਹੈ। ਮਜ਼ਦੂਰ, ਖੇਤ ਮਜ਼ਦੂਰ, ਕਿਸਾਨ, ਅਬਾਦਕਾਰ, ਨੌਜਵਾਨ, ਵਿਦਿਆਰਥੀ ਭਾਵ ਸਮਾਜ ਦਾ ਹਰ ਹਿੱਸਾ ਪੂੰਜੀਵਾਦੀ ਜਮਾਤਾਂ ਵਲੋ ਵਧੇਰੇ ਮੁਨਾਫੇ ਕਮਾਉਣ ਦੀ ਲੱਗੀ ਹੋੜ੍ਹ ਵਿਚ ਪਿਸਦਾ ਜਾ ਰਿਹਾ ਹੈ। ਮੌਜੂਦਾ ਸਮਾਜਿਕ, ਆਰਥਿਕ ਤੇ ਰਾਜਨੀਤਕ ਢਾਂਚਾ ਖੋਖਲਾ ਤੇ ਮਰਨਾਊ ਬਣ ਗਿਆ ਹੈ, ਜਿਸ ਵਿਚ ਆਮ ਆਦਮੀ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾ ਰਹੀ ਹੈ। 
ਇਸ ਲਈ ਅੱਜ ਜਿਥੇ ਹਰ ਵਰਗ ਨੂੰ ਆਪਣੀ ਧਿਰ ਨਾਲ ਸੰਬੰਧਤ ਮੰਗਾਂ ਜਾਂ ਅਧਿਕਾਰਾਂ ਲਈ ਜਦੋ-ਜਹਿਦ ਕਰਨ ਦੀ ਲੋੜ ਹੈ, ਉਥੇ ਉਨ੍ਹਾਂ ਨੂੰ ਦਰਪਸ਼ ਸਭੇ ਮੁਸ਼ਕਿਲਾਂ ਦੀ ਜਨਣੀ, ਮੌਜੂਦਾ ਪੂੰਜੀਵਾਦੀ ਵਿਵਸਥਾ ਦੀ ਹਕੀਕਤ ਨੂੰ ਵੀ ਸਮਝਣ ਤੇ ਇਸ ਵਿਰੁੱਧ ਬੇਕਿਰਕ ਯੁੱਧ ਵਿੱਢਣ ਦੀ ਵੱਡੀ ਜ਼ਰੂਰਤ ਪੈਦਾ ਹੋ ਗਈ ਹੈ। ਹੁਕਮਰਾਨ ਜਮਾਤਾਂ ਵਲੋਂ ਪੂੰਜੀਵਾਦੀ ਵਿਕਾਸ ਵੱਲ ਸੇਧਤ ਅਪਣਾਈਆਂ ਜਾ ਰਹੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਤੋਂ ਅਭਿੱਜ ਰਹਿਕੇ ਆਪੋ ਆਪਣੇ ਅਦਾਰਿਆਂ ਜਾਂ ਵਿਭਾਗਾਂ ਨਾਲ ਸਬੰਧਤ ਮੰਗਾਂ ਦੀ ਪ੍ਰਾਪਤੀ ਦਾ ਸੁਪਨਾ ਲੈਣਾ ਹੁਣ ਅਸੰਭਵ ਬਣਦਾ ਜਾ ਰਿਹਾ ਹੈ। ਪੂੰਜੀਵਾਦੀ ਵਿਕਾਸ ਦੇ ਇਸ ਹਮਲਾਵਰ ਦੌਰ ਵਿਚ ਨਵੀਆਂ ਪ੍ਰਾਪਤੀਆਂ ਦੇ ਵਿਪਰੀਤ ਪੁਰਾਣੇ ਜਿੱਤੇ ਅਧਿਕਾਰ ਤੇ ਸਹੂਲਤਾਂ ਕਾਇਮ ਰੱਖਣੀਆਂ ਵੀ ਔਖੀਆਂ ਬਣਦੀਆਂ ਜਾ ਰਹੀਆਂ ਹਨ। 
ਇਸੇ ਲਈ ਅੱਜ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਕੇਂਦਰੀ ਸਰਕਾਰ ਇਕ ਪਾਸੇ ਸਾਮਰਾਜੀ ਨਿਰਦੇਸ਼ਤ ਆਰਥਿਕ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਬਜ਼ਿੱਦ ਹੈ, ਜਿਸ ਨਾਲ ਸਮੁੱਚੇ ਕਿਰਤੀ ਲੋਕਾਂ ਦਾ ਜੀਉਣਾ ਮੁਹਾਲ ਹੋ ਰਿਹਾ ਹੈ, ਤੇ ਦੂਸਰੇ ਪਾਸੇ ਸੰਘ ਪਰਿਵਾਰ ਦੇ ਫਿਰਕੂ ਏਜੰਡੇ ਨੂੰ ਅੱਗੇ ਵਧਾ ਰਹੀ ਹੈ, ਉਸ ਸਮੇਂ ਸਮੂਹ ਖੱਬੀਆਂ ਤੇ ਅਗਾਂਹਵਧੂ ਸ਼ਕਤੀਆਂ ਨੂੰ ਦੋਨਾਂ ਮੋਰਚਿਆਂ, ਆਰਥਿਕ ਨੀਤੀਆਂ ਤੇ ਫਿਰਕਾਪ੍ਰਸਤੀ, ਵਿਰੁੱਧ ਬੱਝਵਾਂ ਯੁਧ ਵਿੱਢਣਾ  ਹੋਵੇਗਾ। ਤਾਂ ਹੀ ਅਸਲ ਮੰਜ਼ਿਲ ਤੱਕ ਪੁੱਜਿਆ ਜਾ ਸਕਦਾ ਹੈ। ਹਰ ਦਿਸ਼ਾ ਦੇ ਜਨਤਕ ਘੋਲ ਨੂੰ ਪੂੰਜੀਵਾਦੀ ਢਾਂਚੇ ਵਿਰੁੱਧ ਸੇਧਤ ਹੋ ਕੇ ਅੱਗੇ ਵਧਣ ਦੀ ਲੋੜ ਹੈ। ਅਜਿਹਾ ਨਾ ਕਰਨਾ ਸਮਾਜਿਕ ਪਰਿਵਰਤਨ ਦੀ ਲਹਿਰ ਨੂੰ ਮਜ਼ਬੂਤ ਕਰਨ ਦੀ ਥਾਂ ਆਰਥਿਕਵਾਦ ਦੀ ਜਿੱਲਣ ਵਿਚ ਫਸਾਉਣਾ ਹੋਵੇਗਾ, ਜਿਸਤੋਂ ਹੁਣ ਪੂਰਨ ਰੂਪ ਵਿਚ ਛੁਟਕਾਰਾ ਹਾਸਲ ਕਰਨ ਦਾ ਸਮਾਂ ਆ ਚੁੱਕਾ ਹੈ।