Tuesday 11 March 2014

ਲੋਕ ਸੰਘਰਸ਼ਾਂ ਸਦਕਾ ਸਕਾਟਲੈਂਡ 'ਚ ਬੈੱਡਰੂਮ ਟੈਕਸ ਖਤਮ

ਕੌਮਾਂਤਰੀ ਪਿੜ

- ਰਵੀ ਕੰਵਰ
ਬ੍ਰਿਟੇਨ ਦੇ ਸਕਾਟਲੈਂਡ ਸੂਬੇ ਦੇ ਮੇਹਨਤਕਸ਼ ਲੋਕਾਂ ਨੂੰ ਉਸ ਵੇਲੇ ਬਹੁਤ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਦੇ ਸੰਘਰਸ਼ ਸਦਕਾ ਉਥੇ ਦੀ ਪਾਰਲੀਮੈਂਟ ਨੇ ਇਕ ਮਤਾ ਪਾਸ ਕਰਦੇ ਹੋਏ ਅਪ੍ਰੈਲ 2013 ਤੋਂ ਲਾਗੂ ਕੀਤਾ ਗਿਆ ਬੈੱਡਰੂਮ ਟੈਕਸ ਵਾਪਸ ਲੈ ਲਿਆ। 
ਇੱਥੇ ਇਹ ਵਰਨਣਯੋਗ ਹੈ ਕਿ ਬ੍ਰਿਟੇਨ ਦੀ ਟੋਰੀ ਤੇ ਲਿਬਰਲ ਡੈਮੋਕ੍ਰੇਟਿਕ ਗਠਜੋੜ ਸਰਕਾਰ ਨੇ ਅਪ੍ਰੈਲ 2013 ਤੋਂ ਸਮੁੱਚੇ ਦੇਸ਼ ਵਿਚ, ਲੋਕਾਂ ਨੂੰ ਕਿਰਾਏ ਉਤੇ ਦਿੱਤੇ ਗਏ ਸਰਕਾਰੀ ਘਰਾਂ ਵਿਚ ਰਹਿਣ ਵਾਲਿਆਂ ਉਤੇ ਇਹ ਬੈਡਰੂਮ ਟੈਕਸ ਲਾਇਆ ਸੀ। ਇਹ ਘਰ ਸਥਾਨਕ ਨਗਰ ਕੌਂਸਲਾਂ ਅਤੇ ਸਰਕਾਰੀ ਹਾਉਸਿੰਗ ਸੁਸਾਇਟੀਆਂ ਨੇ ਉਸਾਰਕੇ ਕਿਰਾਏ ਉਤੇ ਦਿੱਤੇ ਹੋਏ ਹਨ। ਇਨ੍ਹਾਂ ਵਿਚ ਰਹਿਣ ਵਾਲੇ ਜਿਨ੍ਹਾਂ ਕਿਰਾਏਦਾਰਾਂ ਕੋਲ ਘਰ ਵਿਚ ਇਕ ਸੌਣ ਕਮਰਾ (ਬੈਡ ਰੂਮ) ਵਾਧੂ ਹੈ, ਉਸਨੂੰ ਪ੍ਰਤੀ ਹਫਤਾ 18 ਪਾਊਂਡ ਅਤੇ ਜਿਨ੍ਹਾਂ ਕੋਲ ਦੋ ਸੌਣ ਕਮਰੇ ਵਾਧੂ ਹਨ ਉਨ੍ਹਾਂ ਨੂੰ 25 ਪਾਊਂਡ ਪ੍ਰਤੀ ਹਫਤਾ ਵਾਧੂ ਦੇਣੇ ਪੈਣੇ ਸਨ। ਜਿਹੜੇ ਇਹ ਵਾਧੂ ਕਿਰਾਇਆ ਦੇਣ ਯੋਗ ਨਹੀਂ ਸਨ ਉਨ੍ਹਾਂ ਨੂੰ ਇਹ ਘਰ ਛੱਡਣੇ ਪੈਣੇ ਸਨ। ਇਹ ਟੈਕਸ ਤੈਅ ਕਰਨ ਹਿੱਤ ਵਾਧੂ ਸੌਣ ਕਮਰਾ ਤਹਿ ਕਰਨ ਦੇ ਮਿਆਰ ਲੋਕ ਵਿਰੋਧੀ ਸਨ। ਇਨ੍ਹਾਂ ਮਿਆਰਾਂ ਅਨੁਸਾਰ ਘਰ ਦੇ ਅਪਾਹਜ ਮੈਂਬਰ ਲਈ ਵੱਖਰੇ ਕਮਰੇ ਦੀ ਵਿਵਸਥਾ ਨਹੀਂ ਰੱਖੀ ਗਈ ਸੀ। ਇਸੇ ਤਰ੍ਹਾਂ 12 ਸਾਲ ਤੱਕ ਦੇ ਬੱਚਿਆਂ ਲਈ ਵੱਖਰੇ ਕਮਰੇ ਅਤੇ 16 ਸਾਲ ਤੱਕ ਦੇ ਇਕੋ ਲਿੰਗ ਦੇ ਬੱਚਿਆਂ ਲਈ ਵੀ ਵੱਖਰੇ ਕਮਰੇ ਦੀ ਵਿਵਸਥਾ ਖਤਮ ਕਰ ਦਿੱਤੀ ਗਈ ਸੀ। ਜਿਨ੍ਹਾਂ ਪਰਿਵਾਰਾਂ ਦੇ ਬੱਚੇ ਫੌਜ ਵਿਚ ਤੈਨਾਤ ਹੋਣ ਕਰਕੇ ਦੂਰ ਦੁਰਾਡੇ ਮੋਰਚਿਆਂ ਉਤੇ ਤੈਨਾਤ ਸਨ। ਉਨ੍ਹਾਂ ਲਈ ਵੀ ਵੱਖਰਾ ਸੌਣ ਕਮਰਾ ਰੱਖਣ ਦੀ ਵਿਵਸਥਾ ਖਤਮ ਕਰ ਦਿੱਤੀ ਗਈ ਸੀ। ਇਸ ਟੈਕਸ ਦੀ ਸਭ ਤੋਂ ਵਧੇਰੇ ਮਾਰ ਗਰੀਬ ਲੋਕਾਂ ਉਤੇ ਪਈ ਸੀ ਕਿਉਂਕਿ ਉਨ੍ਹਾਂ ਨੂੰ ਵਾਧੂ ਕਿਰਾਇਆ ਨਾ ਦੇ ਸਕਣ ਦੀ ਹਾਲਤ ਵਿਚ ਘਰ ਛੱਡਣੇ ਪੈਣੇ ਸਨ। ਇਸ ਨਾਲ ਸਮੁੱਚੇ ਦੇਸ਼ ਵਿਚ 6 ਲੱਖ 60 ਹਜ਼ਾਰ ਦੇ ਕਰੀਬ ਲੋਕ ਪ੍ਰਭਾਵਤ ਹੋਏ ਸਨ। 
ਬ੍ਰਿਟੇਨ ਦੀ ਸਰਕਾਰ ਵਲੋਂ ਇਸ ਬੈਡ ਰੂਮ ਟੈਕਸ ਨੂੰ ਲਾਉਣ ਦਾ ਐਲਾਨ ਕਰਨ ਤੋਂ ਬਾਅਦ ਹੀ ਇਸ ਵਿਰੁੱਧ ਸੰਘਰਸ਼ ਸ਼ੁਰੂ ਹੋ ਗਿਆ ਸੀ। ਦੇਸ਼ ਦੇ ਲੋਕਾਂ ਵਲੋਂ ਇਸ ਟੈਕਸ ਨੂੰ ਪੂੰਜੀਵਾਦੀ ਮੰਦਵਾੜੇ ਦੇ ਸਿੱਟੇ ਵਜੋਂ ਜਨਤਕ ਖਰਚਿਆਂ ਵਿਚ ਕਟੌਤੀਆਂ ਕਰਨ ਦੇ ਇਕ ਕਦਮ ਵਜੋਂ ਦੇਖਿਆ ਜਾ ਰਿਹਾ ਸੀ। 16 ਮਾਰਚ ਨੂੰ ਦੇਸ਼ ਦੇ 52 ਸ਼ਹਿਰਾਂ ਵਿਚ ਇਸ ਟੈਕਸ ਵਿਰੁੱਧ ਮੁਜ਼ਾਹਰੇ ਹੋਏ ਸਨ। 30 ਮਾਰਚ 2013 ਨੂੰ ਇਡਨਬਰਗ ਵਿਚ 5000 ਲੋਕਾਂ ਅਤੇ ਗਲਾਸਗੋ ਵਿਚ 8000 ਲੋਕਾਂ ਨੇ ਮਾਰਚ ਕੀਤਾ ਸੀ। 27 ਅਪ੍ਰੈਲ 2013 ਨੂੰ ਗਲਾਸਗੋ ਸ਼ਹਿਰ ਵਿਚ ਇਕ ਕਾਨਫਰੰਸ ਕਰਕੇ 'ਐਂਟੀ ਬੈਡਰੂਮ ਟੈਕਸ ਫੈਡਰੇਸ਼ਨ' ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਬੈਡਰੂਮ ਟੈਕਸ ਵਿਰੁੱਧ ਸੰਘਰਸ਼ ਚਲਾ ਰਹੇ 40 ਸੰਗਠਨਾਂ ਦੇ 250 ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ। ਟੈਕਸ ਅਦਾ ਨਾ ਕਰ ਸਕਣ ਵਾਲੇ ਲੋਕਾਂ ਨੂੰ ਸਰਕਾਰ ਵਲੋਂ ਧੱਕੇ ਨਾਲ ਘਰਾਂ ਤੋਂ ਬਾਹਰ ਕਰਨ ਤੋਂ ਰੋਕਣ ਲਈ ਬਾਕਾਇਦਾ ਇਕ ਵਾਲੰਟੀਅਰ ਕੋਰ ਦਾ ਗਠਨ ਕੀਤਾ ਗਿਆ ਸੀ। ਸਮੁੱਚੇ ਦੇਸ਼ ਵਿਚ ''ਐਕਸ-ਐਕਸ ਬੈਡਰੂਮ ਟੈਕਸ'' ਦਾ ਨਾਅਰਾ ਗੂੰਜ ਰਿਹਾ ਸੀ। 
ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਇਸ ਸਿਰੜੀ ਸੰਘਰਸ਼ ਦਾ ਹੀ ਸਿੱਟਾ ਸੀ ਕਿ ਦੇਸ਼ ਦੇ ਸੂਬੇ ਸਕਾਟਲੈਂਡ ਦੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਫਰਵਰੀ ਦੇ ਪਹਿਲੇ ਹਫਤੇ ਵਿਚ ਸੂਬਾਈ ਸੰਸਦ ਵਿਚ ਇਕ ਮਤਾ ਪਾਸ ਕਰਕੇ ਇਹ ਫੈਸਲਾ ਕਰ ਦਿੱਤਾ ਸੀ ਕਿ 1 ਅਪ੍ਰੈਲ 2014 ਤੋਂ ਸਕਾਟਲੈਂਡ ਦਾ ਕੋਈ ਵੀ ਵਸਨੀਕ ਬੈਡਰੂਮ ਟੈਕਸ ਅਦਾ ਨਹੀਂ ਕਰੇਗਾ। ਐਨਾ ਹੀ ਨਹੀਂ ਸਕਾਟਿਸ਼ ਨੈਸ਼ਨਲ ਪਾਰਟੀ ਦੀ ਸੂਬਾਈ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੇਕਰ ਬ੍ਰਿਟੇਨ ਦੀ ਕੇਂਦਰੀ ਟੋਰੀ-ਲਿਬਰਲ ਸਰਕਾਰ ਸੂਬਾਈ ਸਰਕਾਰ ਨੂੰ ਇਸ ਟੈਕਸ ਨੂੰ ਖਤਮ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਵੀ ਇਸ ਟੈਕਸ ਦੀ ਬਨਣ ਵਾਲੀ ਰਕਮ ਸਰਕਾਰੀ ਕੌਂਸਲਾਂ ਤੇ ਅਦਾਰੇ ਜਿਹੜੇ ਇਨ੍ਹਾਂ ਘਰਾਂ ਦੇ ਮਾਲਕ ਹਨ, ਅਦਾ ਕਰਨਗੇ। ਸੂਬਾਈ ਸੰਸਦ ਦੇ ਮੁਖੀ ਜੋਹਨ ਸਵੀਨੀ ਨੇ ਸਪੱਸ਼ਟ ਐਲਾਨ ਕੀਤਾ ਕਿ ਉਹ ਇਹ ਯਕੀਨੀ ਬਨਾਉਣਗੇ ਕਿ ਇਸ ਸਾਲ ਬੈਡ ਰੂਮ ਟੈਕਸ ਦੇ ਬਕਾਇਆਂ ਕਰਕੇ ਕਿਸੇ ਨੂੰ ਵੀ ਘਰ ਤੋਂ ਬੇਦਖਲ ਨਾ ਕੀਤਾ ਜਾਵੇ। ਬੈਡਰੂਮ ਟੈਕਸ ਵਿਰੋਧੀ ਸੰਘਰਸ਼ ਦੇ ਦਬਾਅ ਸਦਕਾ ਸਿਤੰਬਰ 2013 ਵਿਚ ਵੀ ਸਕਾਟਿਸ਼ ਸੂਬਾਈ ਸਰਕਾਰ ਨੇ ਉਸ ਸਾਲ ਲਈ ਬੈਡਰੂਮ ਟੈਕਸ ਦੀ ਅਦਾਇਗੀ ਹਿੱਤ 20 ਬਿਲੀਅਨ ਪਾਊਂਡ ਜਾਰੀ ਕੀਤੇ ਸਨ। ਜਿਸ ਨਾਲ ਇਸ ਤੋਂ  ਸੂਬੇ ਵਿਚ ਪ੍ਰਭਾਵਤ ਕੁਲ 85000 ਘਰਾਂ ਵਿਚੋਂ 70% ਨੂੰ 2013-2014 ਲਈ ਰਾਹਤ ਮਿਲੀ ਸੀ। ਅਕਤੂਬਰ ਵਿਚ ਮੁੜ 2014-2015 ਸਾਲ ਲਈ ਹੋਰ 20 ਮਿਲੀਅਨ ਪਾਊਂਡ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਸਿਰਫ 15 ਮਿਲੀਅਨ ਪਾਊਂਡ ਦਾ ਹੀ ਭਾਰ ਲੋਕਾਂ ਸਿਰ ਰਹਿ ਜਾਂਦਾ ਹੈ। ਇਸਨੂੰ ਵੀ ਸਕਾਟਲੈਂਡ ਦੀ ਸੂਬਾਈ  ਸਰਕਾਰ ਨੇ ਜਾਰੀ ਕਰਨ ਦਾ ਵਾਇਦਾ ਕੀਤਾ ਹੈ। ਇਸ ਤਰ੍ਹਾਂ ਬ੍ਰਿਟੇਨ ਦੇ ਸਕਾਟਲੈਂਡ ਸੂਬੇ ਦੇ ਲੋਕਾਂ ਨੇ ਮਾਰਗਰੇਟ ਥੈਚਰ ਵਲੋਂ ਲਾਏ ਗਏ ਪੋਲ ਟੈਕਸ ਦੀ ਤਰ੍ਹਾਂ ਹੀ ਨਫਰਤ ਦੇ ਪਾਤਰ ਇਸ ਬੈਡਰੂਮ ਟੈਕਸ ਨੂੰ ਵੀ ਭਾਂਜ ਦੇ ਕੇ ਇਕ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ। 
ਸਕਾਟਲੈਂਡ ਦੀ 'ਐਂਟੀ ਬੈਡਰੂਮ ਫੈਡਰੇਸ਼ਨ'' ਨੇ ਸਕਾਟਲੈਂਡ ਦੇ ਲੋਕਾਂ ਵਲੋਂ ਚਲਾਏ ਗਏ ਇਸ ਟੈਕਸ ਵਿਰੋਧੀ ਸਿਰੜੀ ਸੰਘਰਸ਼ ਨੂੰ ਜਿੱਤ ਦਾ ਕਾਰਨ ਦੱਸਿਆ ਹੈ। ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਫੈਡਰੇਸ਼ਨ ਪੂਰੀ ਚੌਕਸੀ ਤੇ ਨਿਗਰਾਨੀ ਨਾਲ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਬੈਡਰੂਮ ਟੈਕਸ ਦੇ ਸਭ ਬਕਾਏ ਮਾਫ ਕੀਤੇ ਜਾਣ, ਇਸ ਟੈਕਸ ਦੀ ਵਸੂਲੀ ਲਈ ਕੌਂਸਲਾਂ ਅਤੇ ਸਰਕਾਰੀ ਹਾਊਸਿੰਗ ਸੁਸਾਇਟੀਆਂ ਵਲੋਂ ਕੀਤੀ ਜਾ ਰਹੀ ਸਭ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਬੰਦ ਕੀਤੀ ਜਾਵੇ। ਇਸਦੇ ਨਾਲ ਹੀ ਉਸਨੇ ਦੇਸ਼ ਦੇ ਦੂਜੇ ਸੂਬਿਆਂ ਇੰਗਲੈਂਡ ਅਤੇ ਵੇਲਸ ਵਿਚ ਹੀ ਇਸ ਟੈਕਸ ਵਿਰੁੱਧ ਚਲ ਰਹੇ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਨ ਵਿਚ ਹਰ ਸਹਿਯੋਗ ਦੇਣ ਦਾ ਅਹਿਦ ਕੀਤਾ ਹੈ। 'ਐਂਟੀ ਬੈਡਰੂਮ ਟੈਕਸ ਫੈਡਰੇਸ਼ਨ' ਦੇ ਚੇਅਰਮੈਨ ਟਾਮੀ ਸ਼ੇਰੀਡਨ, ਜਿਹੜੇ ਕਿ ਸਕਾਟਲੈਂਡ ਦੀ ਸੂਬਾਈ ਸੰਸਦ ਦੇ ਸਾਬਕਾ ਮੈਂਬਰ ਹਨ ਅਤੇ ਥੈਚਰ ਸਰਕਾਰ ਵਲੋਂ ਲਾਗੂ ਕੀਤੇ ਗਏ ਪੋਲ ਟੈਕਸ ਵਿਰੋਧੀ ਅੰਦੋਲਨ ਦੇ ਆਗੂ ਰਹੇ ਹਨ ਨੇ ਕਿਹਾ ''ਸਰਕਾਰੀ ਹਾਊਸਿੰਗ ਸਕੀਮਾਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਵਲੋਂ ਦਿੱਤੇ ਜ਼ੋਰਦਾਰ ਹੁੰਗਾਰੇ ਕਰਕੇ ਬੈਡਰੂਮ ਟੈਕਸ ਵਿਰੁੱਧ ਹੋਏ ਇਕੱਠਾਂ ਅਤੇ ਮੁਹਿੰਮਾਂ ਸਦਕਾ ਹੀ ਅਸੀਂ ਸਭ ਇਸ ਵਿਰੁੱਧ ਸੰਘਰਸ਼ਾਂ ਦਾ ਅਜੰਡਾ ਤਹਿ ਕਰ ਸਕੇ ਸੀ, ਜਿਸਦੇ ਸਿੇੱਟੇ ਵਜੋਂ ਲੇਬਰ ਪਾਰਟੀ ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਦੇ ਆਗੂਆਂ ਨੂੰ ਝੁੱਕਦੇ ਹੋਏ ਇਹ ਪਾਗਲਪਨ ਭਰਿਆ ਬੈਡਰੂਮ ਟੈਕਸ ਲੋਕਾਂ ਉਤੇ ਲੱਦਣ ਦਾ ਫੈਸਲਾ ਵਾਪਸ ਲੈਣਾ ਪਿਆ।''
ਸਕਾਟਲੈਂਡ ਸੂਬੇ ਵਿਚ ਬੈਡਰੂਮ ਟੈਕਸ ਨੂੰ ਵਾਪਸ ਲਏ ਜਾਣ ਨਾਲ ਨਿਸ਼ਚਿਤ ਰੂਪ ਵਿਚ ਹੀ ਸਮੁੱਚੇ ਬ੍ਰਿਟੇਨ ਵਿਚ ਇਸ ਵਿਰੁੱਧ ਚਲ ਰਹੇ ਸੰਘਰਸ਼ਾਂ ਨੂੰ ਜ਼ੋਰਦਾਰ ਹੁਲਾਰਾ ਮਿਲੇਗਾ ਅਤੇ ਸਮੁੱਚੇ ਦੇਸ਼ ਦੇ ਲੋਕ ਆਪਣੇ ਸੰਘਰਸ਼ਾਂ ਰਾਹੀਂ ਥੈਚਰ ਦੇ ਬਦਨਾਮ 'ਪੋਲ ਟੈਕਸ' ਦੀ ਤਰ੍ਹਾਂ ਬੈਡਰੂਮ ਟੈਕਸ ਨੂੰ ਵੀ ਭਾਂਜ ਦੇਣ ਵਿਚ ਸਫਲ ਹੋਣਗੇ। 

No comments:

Post a Comment