Tuesday 11 March 2014

'ਭੁੱਲ ਨਾ ਜਾਣਾ. . ਕਾਮਰੇਡ'

ਰਿਆਸਤੀ ਕਿਸਾਨਾਂ ਦੇ ਸ਼ਾਨਾਮੱਤੇ ਘੋਲਾਂ ਬਾਰੇ ਹੈ ਨਾਵਲ : 
'ਭੁੱਲ ਨਾ ਜਾਣਾ. . ਕਾਮਰੇਡ'
ਮੇਰੇ ਲਈ ਇਹ ਇੱਕ ਖ਼ੂਬਸੂਰਤ ਮੌਕਾ ਮੇਲ ਸੀ ਜਦੋਂ ਮੁਜ਼ਾਰਾ ਲਹਿਰ ਵਿੱਚ ਇੱਕ ਸਰਗਰਮ ਕਾਰਕੁੰਨ ਵਜੋਂ ਭੂਮਿਕਾ ਨਿਭਾਉਣ ਵਾਲੇ ਕਾਮਰੇਡ ਕਿਰਪਾਲ ਸਿੰਘ ਬੀਰ ਨੇ  ਪ੍ਰੋਫ਼ੈਸਰ ਬੀ. ਐਲਕਸੀ ਵੱਲੋਂ ਪੈਪਸੂ ਦੇ ਮੁਜ਼ਾਰਾ ਘੋਲ ਬਾਰੇ ਲਿਖੀ ਪੁਸਤਕ ਮੈਨੂੰ ਪੜ੍ਹਨ ਲਈ ਦਿੱਤੀ। ਹਾਲੇ ਮੈਂ ਉਹ ਪੁਸਤਕ ਖੋਲ੍ਹ  ਕੇ ਵੀ ਨਹੀਂ ਸੀ ਦੇਖੀ ਕਿ ਬਲਜਿੰਦਰ ਕੋਟਭਾਰਾ ਅਤੇ ਅਮਨਦੀਪ ਹਾਂਸ ਵੱਲੋਂ ਪੰਜਾਬੀ ਵਿੱਚ ਅਨੁਵਾਦਿਤ ਪ੍ਰਸਿੱਧ ਕੰਨੜ ਲੇਖਕ ਨਿਰੰਜਨ ਦੇ ਵਿਸ਼ਾਲ ਪ੍ਰਸਿੱਧੀ ਵਾਲੇ ਨਾਵਲ 'ਭੁੱਲ ਨਾ ਜਾਣਾ . . ਕਾਮਰੇਡ' ਦੀ ਕਾਪੀ ਕਿਸੇ ਸੁਹਿਰਦ ਸੱਜਣ ਨੇ ਭੇਂਟ ਕੀਤੀ। 
ਆਪਣੇ ਇਲਾਕੇ ਦੀ ਜੱਦੋ-ਜਹਿਦ ਹੋਣ ਕਾਰਣ ਮੈਂ ਬੀ. ਐਲਕਸੀ ਦੀ ਪੁਸਤਕ ਪਹਿਲਾਂ ਪੜ੍ਹਨੀ ਸ਼ੁਰੂ ਕਰ ਲਈ । ਇਸ ਪੁਸਤਕ ਪ੍ਰਤੀ ਉਤਸੁਕਤਾ ਦਾ ਦੂਜਾ ਕਾਰਣ ਇਹ ਸੀ ਕਿ ਮੁਜ਼ਾਰਾ ਲਹਿਰ ਦੇ ਮਹਾਨ ਆਗੂਆਂ ਕਾਮਰੇਡ ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਵਧਾਵਾ ਰਾਮ, ਗੁਰਚਰਨ ਸਿੰਘ ਰੰਧਾਵਾ, ਰਾਜਿੰਦਰ ਸਿੰਘ ਸਰੀਂਹ, ਸੁਰਜੀਤ ਗਿੱਲ ਆਦਿ ਨੂੰ ਮੈਂ ਜਨਤਕ ਜੀਵਨ ਵਿੱਚ ਵਿਚਰਦਿਆਂ ਅੱਖੀਂ ਵੇਖਿਆ ਸੀ ਅਤੇ ਕਾ. ਤੇਜਾ ਸਿੰਘ ਸੁਤੰਤਰ ਸਮੇਤ ਅਨੇਕ ਯੋਧਿਆਂ ਦੇ ਕਾਰਨਾਮਿਆਂ ਬਾਰੇ ਜ਼ਬਾਨੀ ਸੁਣਿਆ ਹੋਇਆ ਵੀ ਸੀ। ਪੈਪਸੂ ਦੀ ਮੁਜ਼ਾਰਾ ਲਹਿਰ ਉਹਨਾਂ ਕਿਸਾਨਾਂ ਦੀ ਬੀਰ-ਗਾਥਾ ਹੈ, ਜਿਹਨਾਂ ਨੇ ਬ੍ਰਿਟਿਸ਼ ਰਾਜ ਅਧੀਨ ਦੂਹਰੀ ਗੁਲਾਮੀ ਭਾਵ ਵਿਦੇਸ਼ੀ ਹਕੂਮਤ ਅਤੇ ਨਾਲ ਹੀ ਰਜਵਾੜਾਸ਼ਾਹੀ ਅਤੇ ਇਸ ਦੇ ਜੋਟੀਦਾਰਾਂ ਦੇ ਜ਼ੁਲਮ ਅਧੀਨ ਬਗਾਵਤ ਦਾ ਝੰਡਾ ਚੁੱਕਿਆ ਅਤੇ ਜਿੱਤ ਪ੍ਰਾਪਤ ਕੀਤੀ। ਇਹ ਵਿਸ਼ੇਸ਼ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਅੰਦਰ ਕੰਮ ਕਰਦੇ ਸਮਾਜਵਾਦੀ ਅਤੇ ਕਮਿਊਨਿਸਟ ਵਿਚਾਰਾਂ ਵਾਲੇ ਕਾਰਕੁੰਨਾਂ, ਜਿਹਨਾਂ ਨੇ ਪਿੱਛੋਂ ਜਾ ਕੇ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਕੀਤਾ, ਨੇ ਰਿਆਸਤਾਂ ਅੰਦਰ ਸਭ ਤੋਂ ਪਹਿਲਾਂ ਲੁੱਟੇ-ਪੁੱਟੇ ਕਿਸਾਨਾਂ ਨੂੰ ਇਸ ਦੋ ਪਰਤੀ ਘੋਲ ਲਈ ਲਾਮਬੰਦ ਕਰਨ ਦੇ ਠੋਸ ਯਤਨ ਕੀਤੇ। ਪੈਪਸੂ 'ਚ ਇਸ ਘੋਲ ਦੀ ਰੂਹੇ-ਰਵਾਂ ਲਾਲ ਕਮਿਊਨਿਸਟ ਪਾਰਟੀ ਅਤੇ ਰਿਆਸਤੀ ਪਰਜਾ ਮੰਡਲ ਦੇ ਮਹਾਨ ਆਗੂਆਂ ਦੀ ਸਾਂਝੀ ਟੀਮ ਸੀ। ਪੈਪਸੂ ਦਾ ਮੁਜ਼ਾਰਾ ਘੋਲ ਸ਼ਾਨਦਾਰ ਜਿੱਤਾਂ ਦੀ ਗਾਥਾ ਹੋਣ ਦੇ ਨਾਲ ਨਾਲ ਅਥਾਹ ਕੁਰਬਾਨੀਆਂ ਦਾ ਵੀ ਦਸਤਾਵੇਜ਼ ਹੈ। ਸਭ ਤੋਂ ਉੱਘੀ ਘਟਨਾ ਕਿਸ਼ਨਗੜ੍ਹ ਵਿਖੇ ਮੁਜ਼ਾਰਿਆਂ ਅਤੇ ਜਗੀਰਦਾਰਾਂ ਦੇ ਨਿੱਜੀ ਗੁੰਡਿਆਂ ਤੇ ਰਿਆਸਤੀ ਪੁਲਿਸ ਵਿਚਾਲੇ ਹੋਏ ਸਿੱਧੇ ਮੁਕਾਬਲੇ ਦੀ ਘਟਨਾ ਹੈ।
ਕਿਉਂਕਿ 'ਭੁੱਲ ਨਾ ਜਾਣਾ. . ਕਾਮਰੇਡ' ਵੀ ਦੱਖਣੀ ਰਿਆਸਤਾਂ ਦੇ ਮੁਜ਼ਾਰੇ ਕਿਸਾਨਾਂ ਦੀ ਇੱਕ ਬੀਰ-ਗਾਥਾ ਹੈ, ਇਸ ਲਈ ਮੈਂ ਪ੍ਰੋ. ਅਲੈਕਸੀ ਦੀ ਪੁਸਤਕ ਤੋਂ ਤੁਰੰਤ ਪਿੱਛੋਂ ਇਸ ਨੂੰ ਪੜ੍ਹਨਾ ਸ਼ੁਰੂ ਕਰ ਲਿਆ। ਕਿੱਥੇ ਪੰਜਾਬ ਦੀਆਂ ਰਿਆਸਤਾਂ ਦੇ ਕਿਸਾਨਾਂ ਦਾ ਮੁਜ਼ਾਰਾ ਘੋਲ, ਕਿੱਥੇ ਧੁਰ ਦੱਖਣ ਦੇ ਰਿਆਸਤੀ ਕਿਸਾਨਾਂ ਦਾ ਜਾਨ ਹੂਲਵਾਂ ਸੰਘਰਸ਼, ਪਰ ਮੈਨੂੰ 'ਭੁੱਲ ਨਾ ਜਾਣਾ. . ਕਾਮਰੇਡ' ਨਾਵਲ ਵਿੱਚ ਦਰਜ ਪਿੰਡ ਵਾਰ ਵਾਰ ਬਰੇਟਿਆਂ ਨੇੜਲਾ ਮੁਜ਼ਾਰਿਆਂ ਦਾ ਮਸ਼ਹੂਰ ਪਿੰਡ ਕਿਸ਼ਨਗੜ੍ਹ ਹੀ ਲੱਗੀ ਗਿਆ। ਨਾਵਲ ਦੀ ਸ਼ੁਰੂਆਤ ਫਾਂਸੀ ਦੇ ਕੇ ਸ਼ਹੀਦ ਕਰ ਦਿੱਤੇ ਗਏ ਕਾਮਰੇਡਾਂ ਅੱਪੂ, ਚਿਰੂਕੰਡਨ, ਕੁਨਹਾਮਬੂ ਅਤੇ ਅਬੂ ਬਕਰ  ਦੀ ਬਰਸੀ ਦੇ ਦ੍ਰਿਸ਼ ਤੋਂ ਹੁੰਦੀ ਹੈ। ਅਗਲਾ ਹੀ ਦ੍ਰਿਸ਼ ਮੈਨੂੰ ਪੜ੍ਹਨੋਂ ਰੋਕ ਗਿਆ ਕਿਉਂਕਿ ਮੇਰੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ। ਖ਼ੂਬਸੂਰਤ ਦ੍ਰਿਸ਼ ਇਹ ਹੈ ਕਿ ਸ਼ਹੀਦਾਂ ਵਿੱਚੋਂ ਇੱਕ ਦੀ ਵਿਧਵਾ ਪਤਨੀ, ਇੱਕ ਦੇ ਬੁੱਢੇ ਮਾਂ-ਬਾਪ, ਇੱਕ ਦੇ ਨੌਜਵਾਨ ਛੋਟੇ ਭਰਾ ਵੱਲੋਂ ਬਰਸੀ ਦੀਆਂ ਤਿਆਰੀਆਂ ਲਈ ਕੀਤੇ ਜਾ ਰਹੇ ਕੰਮਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸ਼ਤੀਆਂ ਰਾਹੀਂ ਸ਼ਹੀਦਾਂ ਦੇ ਪਿੰਡ ਬਰਸੀ ਮਨਾਉਣ ਲਈ ਪੁੱਜ ਰਹੇ ਲੋਕਾਂ ਦੇ ਵਰਨਣ ਤੋਂ ਇਸ ਨਾਵਲ ਦੀ ਸ਼ੁਰੂਆਤ ਹੁੰਦੀ ਹੈ। ਇੱਥੇ ਇਹ ਜ਼ਿਕਰ ਕਰਨਾ ਵਿਸ਼ੇਸ਼ ਹੋਵੇਗਾ ਕਿ ਪੈਪਸੂ ਦੇ ਮੁਜ਼ਾਰੇ ਕਿਸਾਨ ਲਗਭੱਗ ਇੱਕੋ ਹੀ ਫ਼ਿਰਕੇ ਨਾਲ ਸਬੰਧ ਰੱਖਦੇ ਸਨ, ਪਰ ਦੱਖਣੀ ਰਿਆਸਤਾਂ ਦੇ ਕਿਸਾਨ ਹਿੰਦੂ, ਮੁਸਲਮਾਨ ਦੋ ਫ਼ਿਰਕਿਆਂ ਨਾਲ ਸਬੰਧਤ ਹੁੰਦੇ ਹੋਏ ਵੀ ਜ਼ਬਰਦਸਤ ਏਕਤਾ ਦਾ ਸੁਨੇਹਾ ਦੇ ਕੇ ਗਏ ਹਨ। ਹਾਂ! ਇਹ ਜ਼ਰੂਰ ਹੈ ਕਿ ਪੰਜਾਬ ਦੇ ਮੁਜ਼ਾਰਿਆਂ ਦੇ ਪਿੰਡਾਂ 'ਚੋਂ ਕਮਿਊਨਿਸਟਾਂ ਦਾ ਆਧਾਰ ਖੁਰਦਾ ਚੱਲਿਆ ਜਾ ਰਿਹਾ ਹੈ ਜਦ ਕਿ ਦੱਖਣ 'ਚ ਕਮਿਊਨਿਸਟਾਂ ਲਈ ਭਾਰੀ ਸਮਰਥਨ ਵਾਲੇ ਟਾਪੂ ਅੱਜ ਵੀ ਕਾਇਮ ਹਨ। ਇਸ ਪੱਖੋਂ ਦੱਖਣੀ ਰਿਆਸਤਾਂ ਦੇ ਮੁਜ਼ਾਰੇ ਕਿਸਾਨਾਂ ਦਾ ਘੋਲ ਹੋਰ ਵਧੇਰੇ ਅਧਿਐਨ ਦੀ ਮੰਗ ਕਰਦਾ ਹੈ। 
ਹੱਥਲੇ ਯਤਨ ਲਈ ਬਲਜਿੰਦਰ ਕੋਟਭਾਰਾ ਅਤੇ ਅਮਨਦੀਪ ਹਾਂਸ ਵਧਾਈ ਦੇ ਪਾਤਰ ਹਨ। ਜਿੱਥੇ ਉਹਨਾਂ ਨੂੰ ਇਸ ਪੱਖੋਂ ਹੋਰ ਯਤਨ ਕਰਨੇ ਚਾਹੀਦੇ ਹਨ, ਉੱਥੇ ਇਸ ਵਿਸ਼ੇ ਬਾਰੇ ਹੋਰ ਲੇਖਕਾਂ ਨੂੰ ਵੀ ਮਿਹਨਤ ਕਰਨ ਦੀ ਲੋੜ ਹੈ। ਖੱਬੀ ਲਹਿਰ ਦੇ ਕਾਰਕੁੰਨਾਂ, ਇਤਿਹਾਸ ਦੇ ਖੋਜਕਾਰਾਂ ਅਤੇ ਚੰਗੇਰੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਸਮਾਜਿਕ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਿਤੇ ਕਿਤੇ ਅਨੁਵਾਦ ਜਾਂ ਟਾਈਪ ਆਦਿ ਦੀਆਂ ਗਲਤੀਆਂ ਰੜਕਦੀਆਂ ਹਨ ਪਰ ਨਾਵਲ ਦਾ ਵਿਸ਼ਾ ਵਸਤੂ ਅਤੇ ਵਹਾਅ ਇਤਨਾ ਸ਼ਾਨਦਾਰ ਹੈ ਕਿ ਇਹ ਗਲਤੀਆਂ ਪਾਠਕ ਸਹਿਜੇ ਹੀ ਅੱਖੋਂ ਪਰੋਖ਼ੇ ਕਰ ਜਾਂਦਾ ਹੈ।
- ਮਹੀਂਪਾਲ, ਬਠਿੰਡਾ

No comments:

Post a Comment