Monday 29 July 2013

15 ਅਗਸਤ 'ਤੇ ਵਿਸ਼ੇਸ਼ ਅਜੇ ਕਿਰਤੀਆਂ ਦਾ ਆਜ਼ਾਦੀ ਦਿਹਾੜਾ ਨਹੀਂ ਆਇਆ!

ਮੰਗਤ ਰਾਮ ਪਾਸਲਾ

15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ਉਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ 66ਵੀਂ ਵਾਰ ਤਿਰੰਗਾ ਝੰਡਾ ਝੁਲਾਉਣ ਦੀ ਨੀਰਸ ਰਸਮ ਪੂਰੀ ਕਰਨੀ ਹੈ। ਉਹ ਵੀ ਉਸ ਸਰਕਾਰ ਦੇ ਪ੍ਰਧਾਨ ਮੰਤਰੀ ਨੇ, ਜਿਸ ਨੇ ਆਪਣੇ ਕਾਰਜ ਕਾਲ ਵਿਚ ਦੇਸ਼ ਦੀ ਆਜ਼ਾਦੀ ਲਈ ਜੂਝਣ ਤੇ ਜਾਨਾਂ ਵਾਰਨ ਵਾਲੇ ਲੱਖਾਂ ਦੇਸ਼ ਭਗਤਾਂ ਦੇ ਆਜ਼ਾਦੀ, ਬਰਾਬਰਤਾ ਅਤੇ ਹਕੀਕੀ ਜਮਹੂਰੀਅਤ ਵਾਲਾ ਸਾਸ਼ਨ ਸਥਾਪਤ ਕਰਨ ਦੇ ਸੁਪਨੇ ਲੀਰੋ ਲੀਰ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਵੀ ਉਹ ਹੈ ਜਿਸਨੇ ਕਦੀ ਲੋਕਾਂ ਰਾਹੀ ਸਿੱਧੇ ਰੂਪ ਵਿਚ ਚੁਣੇ ਜਾਣ 'ਤੇ ਇਹ ਅਹੁਦਾ ਹਾਸਲ ਨਹੀਂ ਕੀਤਾ ਬਲਕਿ ਅਸਿੱਧੇ ਢੰਗ ਨਾਲ, (ਅਸਾਮ ਦੇ ਅਸੈਂਬਲੀ ਮੈਂਬਰਾਂ ਦੀਆਂ ਵੋਟਾਂ ਰਾਹੀਂ ਰਾਜ ਸਭਾ ਦੇ ਮੈਂਬਰ ਬਣਕੇ), ਸਾਰੀਆਂ ਲੋਕ ਰਾਜੀ ਤੇ ਸੰਵਿਧਾਨਕ ਪਰੰਪਰਾਵਾਂ ਛਿੱਕੇ ਟੰਗ ਕੇ ਇਹ ਪਦਵੀ ਹਥਿਆਈ ਹੈ। ਇਸ ਲਈ ਜਦੋਂ ਵੀ ਪ੍ਰਧਾਨ ਮੰਤਰੀ ਪਾਰਲੀਮੈਂਟ ਜਾਂ ਇਸਤੋਂ ਬਾਹਰ ਆਪਣੀਆਂ ਮਸਕਰੀ ਅੱਖਾਂ ਨਾਲ ਆਪਣੀ ਸਰਕਾਰ ਦੀਆਂ ਨੀਤੀਆਂ ਅਤੇ 'ਪ੍ਰਾਪਤੀਆਂ' ਗਿਣਾ ਰਿਹਾ ਹੁੰਦਾ ਹੈ ਤਦ ਇੰਝ ਜਾਪਦਾ ਹੈ ਜਿਵੇਂ ਉਹ ਭਾਰਤੀ ਲੋਕਾਂ (ਜਿਨ੍ਹਾਂ ਦਾ ਉਹ ਨੁਮਾਇੰਦਾ ਹੀ ਨਹੀਂ ਹੈ) ਨਾਲੋਂ ਜ਼ਿਆਦਾ ਸਾਮਰਾਜੀ ਆਕਿਆਂ ਨੂੰ ਸੰਬੋਧਤ ਹੋ ਰਿਹਾ ਹੋਵੇ। ਅਜੋਕੀ ਕੇਂਦਰੀ ਸਰਕਾਰ ਦੀ ਨੀਤੀ ਦਾ ਹਰ ਹਿੱਸਾ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਵਾਲਾ ਅਤੇ ਜਨ ਸਧਾਰਣ ਉਪਰ ਵਧੇਰੇ ਆਰਥਿਕ ਬੋਝ ਲੱਦਣ ਵਾਲਾ ਹੁੰਦਾ ਹੈ।
15 ਅਗਸਤ ਨੂੰ ਦੇਸ਼ ਦੀ ਤਰੱਕੀ ਬਾਰੇ ਉਹੀ ਪੁਰਾਣੇ ਘਸੇ ਪਿਟੇ ਤੇ ਥੋਥੇ ਦਾਅਵੇ ਕੀਤੇ ਜਾਣਗੇ, ਭਵਿੱਖ ਲਈ ਹਵਾਈ ਤੇ ਫੁਕਰੇ ਵਾਅਦੇ ਹੋਣਗੇ ਅਤੇ ਨਿਪੁੰਸਕ ਦੇਸ਼ ਭਗਤੀ ਨਾਲ ਲਿਬਰੇਜ਼ 'ਜੈ ਹਿੰਦ' ਦੇ ਉਕਾਊ ਨਾਅਰੇ ਲਗਾਏ ਜਾਣਗੇ, ਲਾਲ ਕਿਲੇ ਦੀ ਫਸੀਲ ਤੋਂ। ਸਰੋਤੇ ਹੋਣਗੇ ਕੇਂਦਰੀ ਸਰਕਾਰ ਦੇ ਦਰਬਾਰੀ, ਕਾਰਪੋਰੇਟ ਘਰਾਣਿਆਂ ਦੇ ਬੁਲਾਰੇ, ਕੁਕਰਮੀ ਢੰਗਾਂ ਨਾਲ ਚੋਣਾਂ ਜਿੱਤ ਕੇ ਬਣੇ ਹਾਕਮ ਧਿਰ ਦੇ ਸਾਂਸਦ ਅਤੇ ਮੁੱਠੀ ਭਰ ਵਿਦੇਸ਼ੀ ਮਹਿਮਾਨ। ਇਸ ਤੋਂ ਬਿਨਾਂ ਤਿਹਾਏ ਤੇ ਹੁੰਮਸ ਦੀ ਤਪਸ਼ ਝੇਲ ਰਹੇ ਸਕੂਲੀ ਬਾਲ ਅਤੇ ਸਰਕਾਰੀ ਖਰਚਿਆਂ ਉਪਰ ਕੀਤੇ ਭਾੜੇ ਦੇ ਬੈਂਡ ਬਾਜੇ ਵਾਲੇ। ਇਸ ਸਭ ਰੌਲੇ ਗੌਲੇ ਵਿਚ ਦੇਸ਼ ਦਾ ਸਧਾਰਣ ਵਿਅਕਤੀ ਗਾਇਬ ਹੈ, ਜੋ ਗਰੀਬੀ, ਮਹਿੰਗਾਈ, ਬੇਕਾਰੀ, ਅਨਪੜ੍ਹਤਾ, ਕੁਪੋਸ਼ਣ ਅਤੇ ਤਰ੍ਹਾਂ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਦੀ ਜੂਨ ਹੰਢਾ ਰਿਹਾ ਹੈ। ਇਸ ਸਾਰੇ ਉਸ਼ਟੰਡ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਦਾ ਨਾਮ ਦਿੱਤਾ ਗਿਆ ਹੈ। 
ਭਾਰਤ ਦੀ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਹੁਕਮਰਾਨਾਂ (ਕਾਂਗਰਸ, ਭਾਜਪਾ ਸਮੇਤ ਅਨੇਕਾਂ ਸਰਮਾਏਦਾਰ ਪਾਰਟੀਆਂ ਨਾਲ ਸੰਬੰਧਤ) ਨੇ ਦੇਸ਼ ਦੀ ਸੱਤਾ ਸੰਭਾਲੀ ਹੈ, ਉਨ੍ਹਾਂ ਦੀਆਂ ਨੀਤੀਆਂ ਸਦਕਾ ਭਾਵੇਂ ਦੇਸ਼ ਦਿਖਾਵੇ ਮਾਤਰ ਫਰੇਬੀ ਏਕਤਾ ਦੇ ਬੰਧਨਾਂ ਵਿਚ ਬੱਝਾ ਹੋਇਆ ਜਾਪਦਾ ਹੈ ਪ੍ਰੰਤੂ ਅੰਦਰੂਨੀ ਤੌਰ 'ਤੇ ਖਖੜੀਆਂ ਖਖੜੀਆਂ ਹੋਇਆ ਪਿਆ ਹੈ। ਅੰਗਰੇਜ਼ੀ ਸਾਮਰਾਜ ਵਿਰੁੱਧ ਲੜੇ ਗਏ ਆਜ਼ਾਦੀ ਦੇ ਸੰਗਰਾਮ ਵਿਚ ਭਾਰਤ ਦੇ ਲੋਕ, ਜੋ ਵੱਖ ਵੱਖ ਇਲਾਕਿਆਂ, ਰਿਆਸਤਾਂ, ਧਰਮਾਂ, ਬੋਲੀਆਂ, ਖਿੱਤਿਆਂ ਅਤੇ ਰਸਮਾਂ ਰਿਵਾਜਾਂ ਵਿਚ ਬੱਝੇ ਹੋਏ ਸਨ, ਸਾਰੀਆਂ ਵੱਟਾਂ ਬੰਨ੍ਹੇ ਤੋੜਕੇ ਇਕਮੁੱਠ ਹੋਏ ਸਨ। ਉਹ ਅੱਜ ਫੇਰ ਆਪਣੀਆਂ ਉਮੀਦਾਂ ਨੂੰ ਬੂਰ ਨਾ ਪੈਂਦਾ ਦੇਖ ਕੇ, ਏਕਤਾ ਦੇ ਸ਼ਾਹ ਰਾਹ ਤੋਂ ਪਰਾਂਹ ਹਟਕੇ ਪੰਗਡੰਡੀਆਂ ਉਪਰ ਤੁਰਦਿਆਂ ਆਪਣੀਆਂ ਹੋਣੀਆਂ ਦੀ ਤਲਾਸ਼ ਕਰਨ ਲੱਗ ਪਏ ਹਨ। ਦੇਸ਼ ਦੇ ਉਤਰ ਪੂਰਬੀ ਹਿੱਸੇ ਦੇ ਲੋਕ, ਸੁੰਦਰ ਕਸ਼ਮੀਰ ਵਾਦੀ ਦੇ ਵਸਨੀਕ ਅਤੇ ਕੇਂਦਰੀ ਭਾਰਤ ਦੇ ਜੰਗਲਾਂ ਵਿਚ ਜੀਵਨ ਬਤੀਤ ਕਰ ਰਹੇ ਆਦਿਵਾਸੀ ਆਪਣੇ ਆਪ ਨੂੰ ਦੇਸ਼ ਤੋਂ ਅਲੱਗ ਥਲੱਗ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਨਕਸ਼ੇ ਉਤੇ ਪ੍ਰਾਂਤਕ ਲਕੀਰਾਂ ਵਾਲਾ ਭਾਰਤ ਉਨ੍ਹਾਂ ਨੂੰ ਜੀਉਣ ਤੇ ਮਾਨਣ ਯੋਗ ਜ਼ਿੰਦਗੀ ਨਹੀਂ ਦੇ ਸਕਿਆ। ਨਾਲ ਹੀ ਮੌਜੂਦਾ ਢਾਂਚਾ ਉਨ੍ਹਾਂ ਉਪਰ ਨਿੱਤ ਨਵੇਂ ਦਿਨ ਮੁਸੀਬਤਾਂ ਤੇ ਜ਼ੁਲਮਾਂ ਦੇ ਪਹਾੜ ਲੱਦੀ ਜਾ ਰਿਹਾ ਹੈ। ਮੌਜੂਦਾ ਢਾਂਚਾ ਸਵੈਮਾਨ, ਆਜ਼ਾਦੀ, ਘਰਾਂ ਜੋਗੀ ਜਮੀਨ, ਰਜਵੀਂ ਰੋਟੀ, ਵਿੱਦਿਆ, ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਮੰਗਾਂ ਲਈ ਜੂਝਣ ਵਾਲੇ ਇਨ੍ਹਾਂ ਖਿੱਤਿਆਂ ਦੇ ਲੋਕਾਂ ਨਾਲ ਭਾਰਤੀ ਫੌਜ ਤੇ ਹੋਰ ਅਰਧ ਸੈਨਿਕ ਬਲ, ਸਰਕਾਰੀ ਹਦਾਇਤਾਂ ਅਨੁਸਾਰ, ਦੇਸ਼ ਧ੍ਰੋਹੀਆਂ ਨਾਲ ਕੀਤਾ ਜਾਣ ਵਾਲਾ ਵਿਵਹਾਰ ਕਰਦੇ ਹਨ ਜਿਸਦੇ ਲਈ ਸਰਕਾਰ ਵਲੋਂ ਉਨ੍ਹਾਂ ਦੀ ਭਾਰੀ ਸ਼ਲਾਘਾ ਵੀ ਕੀਤੀ ਜਾਂਦੀ ਹੈ। 
ਸਾਮਰਾਜ ਦੀ ਸ਼ਹਿ ਨਾਲ ਆਜ਼ਾਦੀ ਸੰਗਰਾਮ ਵਿਚ ਫੁੱਟ ਪਾਉਣ ਵਾਲੀਆਂ ਵੱਖ ਵੱਖ ਰੰਗਾਂ ਦੀਆਂ ਫਿਰਕੂ ਸ਼ਕਤੀਆਂ (ਆਰ.ਐਸ.ਐਸ., ਹਿੰਦੂ ਮਹਾਂ ਸਭਾ, ਮੁਸਲਿਮ ਲੀਂਗ ਇਤਿਆਦੀ) ਲੋਕਾਂ ਨੂੰ ਪਾੜ ਕੇ ਉਨ੍ਹਾਂ ਦੀ ਏਕਤਾ ਤੋੜਨ ਦਾ ਜੋ ਕੰਮ ਅੰਗਰੇਜ਼ੀ ਰਾਜ ਦੇ ਦੌਰ ਵਿਚ ਸਿਰੇ ਨਹੀਂ ਚਾੜ੍ਹ ਸਕੀਆਂ, ਅਜੋਕੇ ਹਾਕਮਾਂ ਦੇ ਲੋਕ ਦੋਖੀ ਤੇ ਦੇਸ਼ ਵਿਰੋਧੀ ਕਦਮਾਂ ਸਦਕਾ ਅੱਜ ਦੇਸ਼ ਦੇ ਹਰ ਕੋਨੇ ਵਿਚ ਹੁੜਦੰਗ ਮਚਾ ਰਹੀਆਂ ਹਨ। ਇਨ੍ਹਾਂ ਹਿਟਲਰਸ਼ਾਹੀ ਧਾਰਮਿਕ ਮੂਲਵਾਦੀ ਸ਼ਕਤੀਆਂ ਵਲੋਂ ਦੇਸ਼ ਦੀ ਰਾਜ ਸੱਤਾ ਦੀ ਵਾਗਡੋਰ ਸੰਭਾਲਣ ਦੇ ਸੰਭਾਵੀ ਖਤਰੇ ਨੂੰ ਵੀ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਫਿਰਕੂ, ਫਾਸ਼ੀਵਾਦੀ ਤੇ ਸਾਮਰਾਜ ਭਗਤ ਇਹ ਤਾਕਤਾਂ ਸਮੁੱਚੇ ਦੇਸ਼ ਨੂੰ ਆਰਥਿਕ, ਸਮਾਜਿਕ ਤੇ ਸਭਿਆਚਾਰਕ ਭਾਵ ਹਰ ਪੱਖ ਤੋਂ ਤਬਾਹ ਕਰਨ ਉਪਰ ਤੁਲੀਆਂ ਹੋਈਆਂ ਹਨ ਅਤੇ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਤਾਣੇਬਾਣੇ ਦੇ ਜੜ੍ਹੀਂ ਤੇਲ ਦੇਣ ਲਈ ਹਰ ਪਾਪੜ ਵੇਲ ਰਹੀਆਂ ਹਨ। ਦੇਸ਼ ਦਾ ਰਾਜ ਭਾਗ ਚਲਾ ਰਹੇ ਰਾਜਨੀਤੀਵਾਨਾਂ ਦੀਆਂ ਲੋਕ ਵਿਰੋਧੀ ਤੇ ਗੈਰ ਜਮਹੂਰੀ ਨੀਤੀਆਂ ਅਤੇ ਜਨਤਾ ਵਿਚ ਪੈਰ ਪਸਾਰ ਰਹੀਆਂ ਧਾਰਮਕ ਕੱਟੜਵਾਦੀ ਤਾਕਤਾਂ ਦੀਆਂ ਫਿਰਕੂ ਤੇ ਹਿੰਸਕ ਕਾਰਵਾਈਆਂ ਦੇ ਮੱਦੇਨਜ਼ਰ ਦੇਸ਼ ਦੀਆਂ ਸਮੁੱਚੀਆਂ ਧਾਰਮਕ ਤੇ ਇਲਾਕਾਈ ਘੱਟ ਗਿਣਤੀਆਂ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਹਨ? 
ਦਲਿਤਾਂ, ਪਛੜੀਆਂ ਸ਼੍ਰੇਣੀਆਂ ਤੇ ਹੋਰ ਹੇਠਲੇ ਤਬਕਿਆਂ ਨਾਲ ਸੰਬੰਧਤ ਲੋਕ ਅੱਜ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਅਸੁਰੱਖਿਅਤ ਤੇ ਮੁਸੀਬਤਾਂ ਵਿਚ ਘਿਰੇ ਹੋਏ ਮਹਿਸੂਸ ਕਰਦੇ ਹਨ ਅਤੇ ਸਮਾਜਿਕ ਜਬਰ ਦਾ ਅਸਹਿ ਸੇਕ ਝੇਲ ਰਹੇ ਹਨ। ਨਵਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੇ ਦੌਰ ਵਿਚ ਸਰਕਾਰਾਂ ਵੱਲੋਂ ਭੁਖਮਰੀ ਵਰਗਾ ਜੀਵਨ ਬਤੀਤ ਕਰਨ ਦੇ ਸਮਰੱਥ ਬਣਾਈ ਰੱਖਣ ਲਈ ਦਿੱਤੀਆਂ ਜਾਂਦੀਆਂ ਨਿਗੂਣੀਆਂ ਤੇ ਗੈਰ ਤਸੱਲੀਬਖਸ਼ ਆਰਥਿਕ ਤੇ ਸਮਾਜਿਕ ਸਹੂਲਤਾਂ ਵੀ ਦਿਨੋਂ ਦਿਨ ਅਲੋਪ ਹੋ ਰਹੀਆਂ ਹਨ। ਵਿੱਤੀ ਪੂੰਜੀ ਦੇ ਦੌਰ ਵਿਚ ਗਲੇ ਸੜੇ ਤੇ ਨਿਘਾਰਗ੍ਰਸਤ ਪੱਛਮੀ ਸੱਭਿਆਚਾਰ ਦੀ ਆਮਦ ਕਰਕੇ ਦੇਸ਼ ਦੀਆਂ ਔਰਤਾਂ ਉਪਰ ਹੋਣ ਵਾਲੇ ਅੱਤਿਆਚਾਰਾਂ ਦੀ ਮਾਤਰਾ ਵਿਚ ਕਈ ਗੁਣਾਂ ਹੋਰ ਵਾਧਾ ਹੋ ਗਿਆ ਹੈ ਤੇ ਸਮੁੱਚਾ ਪ੍ਰਸ਼ਾਸਨ ਇਨ੍ਹਾਂ ਹੋ ਰਹੇ ਕੁਕਰਮਾਂ ਨੂੰ ਚੁੱਪਚਾਪ ਤਮਾਸ਼ਬੀਨ ਬਣਕੇ ਦੇਖੀ ਜਾ ਰਿਹਾ ਹੈ। ਦੇਸ਼ ਦਾ ਮੌਜੂਦਾ ਰਾਜਨੀਤਕ ਤੇ ਆਰਥਿਕ ਢਾਂਚਾ ਅਤੇ ਪ੍ਰਚਲਤ ਨਿਆਂਪ੍ਰਣਾਲੀ ਔਰਤਾਂ ਤੇ ਹੋਰ ਮਿਹਨਤਕਸ਼ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਵਿਚ ਅਸਫਲ ਸਿੱਧ ਹੋ ਰਹੇ ਹਨ; ਬਲਕਿ ਇਨ੍ਹਾਂ ਜ਼ੁਲਮਾਂ ਨੂੰ ਖਤਰਨਾਕ ਹੱਦ ਤੱਕ ਵਧਾਉਣ ਲਈ ਇਹ ਆਪ ਵੀ ਜ਼ਿੰਮੇਵਾਰ ਹਨ। ਸਿਰਫ ਇਕ ਹੱਦ ਤੱਕ ਕੁੱਝ ਤਸੱਲੀ ਵਾਲੀ ਗੱਲ ਇਹ ਹੈ ਕਿ ਹੁਣ ਜਨਸਮੂਹਾਂ ਦਾ ਚੌਖਾ ਭਾਗ ਇਸ ਅਨਿਆਂ ਵਿਰੁੱਧ ਸੜਕਾਂ ਉਪਰ ਨਿਕਲ ਕੇ ਵਿਰੋਧ ਕਰਨ ਦੇ ਰਾਹ ਤੁਰਨਾ ਸ਼ੁਰੂ ਹੋਇਆ ਹੈ। 
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਦੱਬੇ ਕੁਚਲੇ ਲੋਕਾਂ, ਮਜ਼ਦੂਰਾਂ, ਦਲਿਤਾਂ, ਆਦਿਵਾਸੀਆਂ, ਔਰਤਾਂ, ਗਰੀਬ ਕਿਸਾਨਾਂ ਨੇ ਆਪਣੇ ਅੰਦਰਲੀਆਂ ਸਾਰੀਆਂ ਤ੍ਰੇੜਾਂ ਨੂੰ ਮੇਟਦਿਆਂ ਹੋਇਆਂ ਅੰਗਰੇਜ਼ੀ ਸਾਮਰਾਜ ਵਿਰੁੱਧ ਫੌਲਾਦੀ ਏਕਤਾ ਉਸਾਰ ਕੇ ਸੁਤੰਤਰਤਾ ਸੰਗਰਾਮ ਵਿਚ ਹਿੱਸਾ ਲਿਆ ਸੀ, ਅੱਜ ਭਾਰਤੀ ਹੁਕਮਰਾਨਾਂ ਦੀਆਂ ਅਮੀਰਪੱਖੀ ਤੇ ਲੋਕ ਵਿਰੋਧੀ ਨੀਤੀਆਂ ਅਤੇ ਸਾਮਰਾਜੀ ਆਕਿਆਂ ਨਾਲ ਮਿਲੀਭੁਗਤ ਸਦਕਾ ਮਾਯੂਸ ਲਾਚਾਰ ਅਤੇ ਠੱਗੇ ਗਏ ਮਹਿਸੂਸ ਕਰ ਰਹੇ ਹਨ। ਫੁੱਟਪਾਊ ਤੇ ਵੰਡਵਾਦੀ ਸ਼ਕਤੀਆਂ ਇਸ ਸਥਿਤੀ ਦਾ ਲਾਹਾ ਲੈ ਕੇ ਮਿਹਨਤਕਸ਼ਾਂ ਵਿਚ ਫੁੱਟ ਦੇ ਬੀਜ ਬੀਜਕੇ ਉਨ੍ਹਾਂ ਦੀ ਏਕਤਾ ਤੇ ਭਰਾਤਰੀ ਭਾਵ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਦੇਸ਼ ਦੇ ਕਾਰਪੋਰੇਟ ਘਰਾਣੇ, ਭਰਿਸ਼ਟ ਹਾਕਮ ਤੇ ਵਿਦੇਸ਼ੀ ਲੁਟੇਰੀਆਂ ਸ਼ਕਤੀਆਂ ਇਨ੍ਹਾਂ ਪ੍ਰਸਥਿਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ। 

ਧਿਆਨ ਨਾਲ ਦੇਖੀਏ ਕਿ 66 ਸਾਲਾਂ ਦੀ ਆਜ਼ਾਦੀ ਤੋਂ ਬਾਅਦ 
ਦੇਸ਼ ਨੇ ਪੂੰਜੀਵਾਦੀ ਲੀਹਾਂ ਉਪਰ ਜੋ ਆਰਥਿਕ ਵਿਕਾਸ ਕੀਤਾ ਹੈ, ਉਸ ਕਾਰਨ ਗਰੀਬੀ ਤੇ ਅਮੀਰੀ ਦਾ ਪਾੜਾ ਹੋਰ ਕਿੰਨਾ ਵਧਿਆ ਹੈ। ਮੁੱਠੀ ਭਰ ਲੋਕ ਦੇਸ਼ ਦੀ ਧਨ ਦੌਲਤ ਦੇ ਮਾਲਕ ਬਣੀ ਬੈਠੇ ਹਨ ਤੇ 77 ਫੀਸਦੀ ਲੋਕ 20 ਰੁਪਏ ਪ੍ਰਤੀ ਦਿਨ ਆਮਦਨ ਉਪਰ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। 
ਸਾਮਰਾਜੀ ਸ਼ਕਤੀਆਂ, ਜਿਨ੍ਹਾਂ ਤੋਂ ਨਿਜਾਤ ਹਾਸਲ ਕਰਨ ਲਈ ਕਰੋੜਾਂ ਭਾਰਤੀਆਂ ਨੇ ਲਹੂਵੀਟਵਾਂ ਸੰਗਰਾਮ ਕਰਕੇ ਆਜ਼ਾਦੀ ਹਾਸਲ ਕੀਤੀ ਸੀ, ਅੱਜ ਫੇਰ ਭਾਰਤ ਨੂੰ ਹਰ ਖੇਤਰ ਵਿਚ ਆਪਣੇ ਅਧੀਨ ਕਰਨ ਲਈ ਯਤਨਸ਼ੀਲ ਹਨ ਤੇ ਭਾਰਤੀ ਹਾਕਮਾਂ ਦੀ ਮਿਲੀਭੁਗਤ ਰਾਹੀਂ ਇਸ ਮੰਤਵ ਵਿਚ ਕਾਫੀ ਹੱਦ ਤੱਕ ਕਾਮਯਾਬ ਹੋ ਰਹੀਆਂ ਹਨ। 
ਸਧਾਰਨ ਲੋਕ ਲੱਕ ਤੋੜ ਮਹਿੰਗਾਈ, ਬੇਕਾਰੀ, ਭੁਖਮਰੀ, ਗਰੀਬੀ ਆਦਿ ਤੋਂ ਬੁਰੀ ਤਰ੍ਹਾਂ ਪੀੜਤ ਹਨ। 52% ਬੱਚੇ, ਕੁਪੋਸ਼ਨ ਦਾ ਸ਼ਿਕਾਰ ਹਨ। 
ਨੌਜਵਾਨਾਂ ਦਾ  ਵੱਡਾ ਤਬਕਾ ਵਿਦਿਆ ਤੇ ਰੁਜ਼ਗਾਰ ਪ੍ਰਾਪਤੀ ਤੋਂ ਮਹਿਰੂਮ ਹੋ ਕੇ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਅਸਮਾਜਿਕ ਗਤੀਵਿਧੀਆਂ ਵਿਚ ਸ਼ਿਰਕਤ ਕਰ ਰਿਹਾ ਹੈ। ਨਸ਼ਾ-ਵਿਉਪਾਰ ਵਿਚ ਹੁਕਮਰਾਨਾਂ ਤੇ ਅਫਸਰਸ਼ਾਹੀ ਦੀ ਚਾਂਦੀ ਬਣੀ ਹੋਈ ਹੈ।
ਦੇਸ਼ ਦੀਆਂ ਧਾਰਮਕ ਤੇ ਦੂਸਰੀਆਂ ਘੱਟ ਗਿਣਤੀਆਂ ਅੰਦਰ ਹਰ ਖੇਤਰ ਵਿਚ ਵਿਤਕਰਾ ਤੇ ਅਨਿਆਂ ਹੋਣ ਕਾਰਨ ਭਾਰੀ ਬੇਗਾਨਗੀ ਦੀ ਭਾਵਨਾ ਪਾਈ ਜਾ ਰਹੀ ਹੈ। 
ਔਰਤਾਂ ਉਪਰ ਅੱਤਿਆਚਾਰਾਂ ਦੀ ਇੰਤਹਾ ਹੋ ਗਈ ਹੈ। ਔਰਤਾਂ ਤੇ ਬੱਚਿਆਂ ਨਾਲ ਦਿਲ ਹਿਲਾ ਦੇਣ ਵਾਲੀਆਂ ਬਲਾਤਕਾਰ ਦੀਆਂ ਘਟਨਾਵਾਂ ਦਿਨ ਦਿਹਾੜੇ ਵਾਪਰ ਰਹੀਆਂ ਹਨ। 
ਦਲਿਤਾਂ, ਆਦਿਵਾਸੀਆਂ, ਪਛੜੀਆਂ ਜਾਤੀਆਂ ਨਾਲ ਸੰਬੰਧਤ ਲੋਕ ਭਾਰੀ ਸਮਾਜਿਕ ਜਬਰ ਝੇਲਣ ਲਈ ਮਜ਼ਬੂਰ ਹਨ। ਉਨ੍ਹਾਂ ਨੂੰ ਜਲ, ਜੰਗਲ ਤੇ ਜ਼ਮੀਨ ਤੋਂ ਵਿਰਵੇ ਕਰਕੇ ਭੁੱਖੇ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। 
ਸਰਮਾਏਦਾਰੀ ਆਰਥਿਕ ਉਨਤੀ ਅਧੀਨ ਮੁਨਾਫੇ ਦੀ ਹੋੜ ਨੇ ਸਮੁੱਚੇ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਫੈਕਟਰੀਆਂ ਵਿਚੋਂ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਤੇ ਜ਼ਹਿਰੀਲੇ ਪਾਣੀ ਕਾਰਨ ਧਰਤੀ ਦੀ ਭਾਰੀ ਤਬਾਹੀ ਹੋ ਰਹੀ ਹੈ। ਇਸ ਨਾਲ ਧਰਤੀ ਹੇਠਲਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ। 
ਨਿਘਾਰਗ੍ਰਸਤ ਪੂੰਜੀਵਾਦੀ ਪ੍ਰਬੰਧ ਵਲੋਂ ਚੇਤਨ ਰੂਪ ਵਿਚ ਹਨੇਰਵਿਰਤੀ, ਅੰਧਵਿਸ਼ਵਾਸੀ, ਕਰਮਕਾਂਡੀ ਤੇ ਕਿਸਮਤਵਾਦੀ ਕਥਿਤ ਧਾਰਮਿਕ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਲਾਮ ਮਾਨਸਿਕਤਾ, ਢਾਊ ਤੇ ਨਿਰਾਸ਼ਾਵਾਦੀ ਸੋਚ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। 
ਇਨ੍ਹਾਂ ਚਿੰਤਾਜਨਕ ਅਵਸਥਾਵਾਂ ਵਿਚ 15 ਅਗਸਤ ਨੂੰ ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਤੇਜ਼ ਆਰਥਿਕ ਵਿਕਾਸ ਦੇ ਮਾਰੇ ਜਾਣ ਵਾਲੇ ਦਮਗਜਿਆਂ ਅਤੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਦੇ ਫੋਕੇ ਤੇ ਧੋਖੇ ਭਰੇ ਨਾਅਰਿਆਂ ਨਾਲ ਸਮੂਹ ਅਗਾਂਹਵਧੂ ਤੇ ਖੱਬੇ ਪੱਖੀ ਸ਼ਕਤੀਆਂ ਤੇ ਸਾਰੇ ਮਿਹਨਤਕਸ਼ ਲੋਕਾਂ ਵਿਚ ਵਿਦਰੋਹ ਤੇ ਗੁੱਸੇ ਦੀ ਅੱਗ ਮੱਚਣੀ ਚਾਹੀਦੀ ਹੈ ਤੇ ਇਕਜੁਟ ਸੰਘਰਸ਼ਾਂ ਰਾਹੀਂ ਮੌਜੂਦਾ ਲੁਟੇਰੇ ਪ੍ਰਬੰਧ ਨੂੰ ਬਦਲ ਕੇ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਦੀ ਚੇਸ਼ਟਾ ਤਿੱਖੀ ਹੋਣੀ ਚਾਹੀਦੀ ਹੈ। 
ਤਦ ਹੀ ਅਸੀਂ ਉਸ 15 ਅਗਸਤ ਦੀ ਆਜ਼ਾਦੀ ਦੇ ਜਸ਼ਨਾਂ ਨੂੰ ਮਨਾਉਣ ਦੀ ਆਸ ਕਰ ਸਕਦੇ ਹਾਂ ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਪੂਰਨ ਰੂਪ ਵਿਚ ਬੰਦ ਹੋਵੇ ਤੇ ਧਨ ਦੌਲਤ ਪੈਦਾ ਕਰਨ ਵਾਲੇ ਮਿਹਨਤਕਸ਼ ਲੋਕ ਰਾਜ ਸੱਤਾ ਉਪਰ ਕਬਜ਼ਾ ਕਰਕੇ ਆਪਣੀ ਹੋਣੀ ਦੇ ਆਪ ਮਾਲਕ ਬਣਨ। 
(ਸੰਗਰਾਮੀ ਲਹਿਰ, ਅਗਸਤ 2013)

ਸੰਪਾਦਕੀ (ਸੰਗਰਾਮੀ ਲਹਿਰ, ਅਗਸਤ 2013)

ਹਾਕਮਾਂ ਦਾ ਇਕ ਹੋਰ ਵੋਟ ਵਟੋਰੂ ਹੱਥਕੰਡਾ

ਪਿਛਲੇ ਦਿਨੀਂ ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਨੇ, ਇਕ ਆਰਡੀਨੈਂਸ ਜਾਰੀ ਕਰਕੇ, ਦੇਸ਼ ਅੰਦਰ ''ਖੁਰਾਕ ਦੇ ਅਧਿਕਾਰ'' (Right to Food) ਦੀ ਵਿਵਸਥਾ ਬਣਾਈ ਹੈ। ਕਾਂਗਰਸ ਪਾਰਟੀ ਅਤੇ ਸਰਕਾਰ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ 2009 ਵਿਚ ਹੋਈਆਂ ਲੋਕ ਸਭਾ ਚੋਣਾਂ ਸਮੇਂ ਕੀਤੇ ਗਏ ਵਾਅਦੇ ਨੂੰ ਪੂਰਿਆਂ ਕਰਨ ਲਈ ਇਹ ਕਦਮ ਪੁਟਿਆ ਗਿਆ ਹੈ। ਉਸ ਸਮੇਂ, ਚੋਣ ਮੈਨੀਫੈਸਟੋ ਵਿਚ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਮੁੱਚੇ ਦੇਸ਼ ਵਾਸੀਆਂ ਲਈ 'ਖੁਰਾਕ ਸੁਰੱਖਿਆ' ਦੀ ਕਾਨੂੰਨੀ ਵਿਵਸਥਾ ਕੀਤੀ ਜਾਵੇਗੀ ਅਤੇ ਹਰ ਵਿਅਕਤੀ ਲਈ ਰੱਜਵੀਂ ਰੋਟੀ ਦੇ ਠੋਸ ਪ੍ਰਬੰਧ ਕੀਤੇ ਜਾਣਗੇ। 
ਪ੍ਰੰਤੂ ਯੂ.ਪੀ.ਏ. ਦੀ ਦੋਬਾਰਾ ਬਣੀ ਸਰਕਾਰ ਨੇ ਪੂਰੇ ਚਾਰ ਵਰ੍ਹਿਆਂ ਤੱਕ ਇਸ ਵਾਇਦੇ ਨੂੰ ਵਫਾ ਨਹੀਂ ਕੀਤਾ। ਇਸ ਬਾਰੇ ਵੱਖ ਵੱਖ ਵਿਭਾਗਾਂ ਤੇ ਕਮੇਟੀਆਂ ਵਿਚਕਾਰ ਵਿਚਾਰਾਂ ਹੀ ਹੁੰਦੀਆਂ ਰਹੀਆਂ। ਹੁਣ, ਆਪਣੇ ਕਾਰਜ ਕਾਲ ਦੇ ਅੰਤਲੇ ਵਰ੍ਹੇ ਵਿਚ, ਸਰਕਾਰ ਨੂੰ ਮੁੜ ਲੋਕਾਂ ਨਾਲ ਕੀਤੇ ਗਏ ਵਾਇਦੇ ਦਾ ਚੇਤਾ ਆਇਆ ਹੈ ਅਤੇ ਜੱਕੋ ਤੱਕੀ ਦੇ ਮਾਹੌਲ ਵਿਚ ਅਚਾਨਕ ਇਹ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਕਾਨੂੰਨੀ ਰੂਪ ਧਾਰਨ ਕਰ ਲੈਣ ਨਾਲ, ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਦੋ ਤਿਹਾਈ (67%) ਵੱਸੋਂ ਨੂੰ ਹਰ ਮਹੀਨੇ ਚਾਵਲ 3 ਰੁਪਏ ਕਿਲੋ, ਕਣਕ ਦੋ ਰੁਪੲ ੇਕਿਲੋ ਅਤੇ ਮੋਟਾ ਅਨਾਜ (ਚਰੀ, ਬਾਜਰਾ ਆਦਿ) ਇਕ ਰੁਪਏ ਕਿਲੋ ਦੀ ਦਰ 'ਤੇ ਮਿਲਿਆ ਕਰੇਗਾ। ਹਰ ਵਿਅਕਤੀ ਨੂੰ ਹਰ ਮਹੀਨੇ 5 ਕਿਲੋ ਅਤੇ ਹਰ ਪਰਿਵਾਰ ਨੂੰ ਹਰ ਮਹੀਨੇ ਵੱਧ ਤੋਂ ਵੱਧ 25 ਕਿਲੋ ਅਨਾਜ ਉਪਰੋਕਤ ਦਰਾਂ 'ਤੇ ਮਿਲੇਗਾ। ਜਿਹਨਾਂ ਪਰਿਵਾਰਾਂ ਨੂੰ ਪਹਿਲਾਂ ਹੀ ਅਨਤੋਦਿਆਂ ਅੰਨ ਯੋਜਨਾ ਹੇਠ ਹਰ ਮਹੀਨੇ 35 ਕਿਲੋ ਅਨਾਜ ਮਿਲਦਾ ਹੈ, ਉਹਨਾਂ ਵਾਸਤੇ ਅਨਾਜ ਦੀ ਉਹੋ ਮਾਤਰਾ ਜਾਰੀ ਰਹੇਗੀ। ਸਰਕਾਰ ਦਾ ਦਾਅਵਾ ਹੈ ਕਿ ਇਸ ਆਡੀਨੈਂਸ ਨੂੰ ਅਮਲੀ ਰੂਪ ਦੇਣ ਨਾਲ ਪੇਂਡੂ ਵੱਸੋਂ ਦੇ 75% ਅਤੇ ਸ਼ਹਿਰੀ ਵੱਸੋਂ ਦੇ 50% ਲੋਕਾਂ ਵਾਸਤੇ ਪੇਟ ਭਰਵੀਂ ਤੇ ਸੰਤੁਲਤ ਖੁਰਾਕ ਦੀ ਵਿਵਸਥਾ ਹੋ ਜਾਵੇਗੀ। ਸਰਕਾਰ ਦਾ ਇਹ ਵੀ ਦਾਅਵਾ ਹੈ ਕਿ ਇਸ ਕਾਨੂੰਨ ਦਾ 82 ਕਰੋੜ ਦੇਸ਼ ਵਾਸੀਆਂ ਨੂੰ ਲਾਭ ਮਿਲੇਗਾ; ਜਿਸ ਵਾਸਤੇ ਸਰਕਾਰ ਨੂੰ ਹਰ ਸਾਲ 1.27 ਲੱਖ ਕਰੋੜ ਰੁਪਏ ਦੀ ਸਬਸਿਡੀ ਦੇਣੀ ਪਵੇਗੀ। 
ਇਸ ਆਰਡੀਨੈਂਸ ਬਾਰੇ ਰਾਜਸੀ ਹਲਕਿਆਂ ਦੀਆਂ ਦੋ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਇਕ ਤਾਂ ਹੈ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਸ਼੍ਰੀ ਮੁਲਾਇਮ ਸਿੰਘ ਯਾਦਵ ਦੀ, ਜਿਹੜੇ ਕਿ ਇਸ ਪਹੁੰਚ ਨੂੰ ਮੂਲੋਂ ਮੁੱਢੋਂ ਰੱਦ ਕਰਦੇ ਹਨ। ਉਹਨਾਂ ਦਾ ਬਹੁਤ ਅਜੀਬ ਜਿਹਾ ਤਰਕ ਹੈ ਕਿ ਦੇਸ਼ ਅੰਦਰ ਅਜੇਹੀ ਵਿਵਸਥਾ ਬਣਨ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। ਹਿੰਦੂਤਵ ਦਾ ਫਿਰਕੂ ਪ੍ਰਚਾਰ ਕਰਦੀ ਸੰਸਥਾ - ਆਰ.ਐਸ.ਐਸ਼ ਦੀ ਪ੍ਰਤੀਕਿਰਿਆ ਵੀ ਏਸੇ ਤਰ੍ਹਾਂ ਦੀ ਹੈ। ਉਸ ਨੂੰ ਅਜੇਹੀ ਵਿਵਸਥਾ ਬਣ ਜਾਣ ਨਾਲ ''ਸਾਰਾ ਦੇਸ਼ ਪ੍ਰਚੂਨ ਵਪਾਰ ਦੀ ਮੰਡੀ ਬਣ ਜਾਣ'' ਅਤੇ ਸਿੱਟੇ ਵਜੋਂ ਜਖੀਰੇਬਾਜ਼ ਵਪਾਰੀਆਂ ਦਾ ਨੁਕਸਾਨ ਹੋਣ ਦਾ ਡਰ ਖਾਈ ਜਾ ਰਿਹਾ ਹੈ। ਦੂਜੀ ਕਿਸਮ ਦੀ ਪ੍ਰਤੀਕਿਰਿਆ ਵਧੇਰੇ ਕਰਕੇ ਉਹਨਾਂ ਰਾਜਸੀ ਪਾਰਟੀਆਂ ਤੇ ਸਮਾਜਕ ਜਥੇਬੰਦੀਆਂ ਦੀ ਹੈ ਜਿਹਨਾਂ ਨੂੰ ਅਜੇਹੀ ਵਿਵਸਥਾ ਬਣਨ 'ਤੇ ਇਤਰਾਜ਼ ਨਹੀਂ ਬਲਕਿ ਇਤਰਾਜ਼ ਇਹ ਹੈ ਕਿ ਅਜੇਹੇ ਵਿਸ਼ਾਲ ਪ੍ਰਭਾਵ ਵਾਲੇ ਤੇ ਮਹੱਤਵਪੂਰਨ ਮੁੱਦੇ 'ਤੇ ਆਰਡੀਨੈਂਸ ਜਾਰੀ ਨਹੀਂ ਸੀ ਹੋਣਾ ਚਾਹੀਦਾ, ਬਲਕਿ ਇਸ ਮੰਤਵ ਲਈ ਬਣਾਏ ਗਏ ਬਿੱਲ ਨੂੰ ਪਾਰਲੀਮੈਂਟ ਵਿਚ ਵਿਚਾਰਿਆ ਜਾਣਾ ਚਾਹੀਦਾ ਸੀ ਅਤੇ ਇਸ ਬਿੱਲ ਵਿਚਲੀਆਂ ਕਮੀਆਂ ਤੇ ਘਾਟਾਂ-ਕਮਜ਼ੋਰੀਆਂ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਸਨ। ਕੁਝ ਪਾਰਟੀਆਂ ਨੇ ਤਾਂ ਇਸ ਮੰਤਵ ਲਈ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਉਣ ਦੇ ਸੁਝਾਅ ਵੀ ਦਿੱਤੇ ਸਨ। 
ਅਸੀਂ ਸਮਝਦੇ ਹਾਂ ਕਿ ਸ਼੍ਰੀ ਯਾਦਵ ਅਤੇ ਆਰ.ਐਸ.ਐਸ. ਦੀਆਂ ਤਰਕਾਂ ਤਾਂ ਪੂਰੀ ਤਰ੍ਹਾਂ ਹਾਸੋਹੀਣੀਆਂ ਹਨ। ਖੁਰਾਕ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇਣਾ ਅਤੇ ਖੁਰਾਕ ਸੁਰੱਖਿਆ ਬਾਰੇ ਕੋਈ ਅਸਰਦਾਰ ਕਾਨੂੰਨੀ ਵਿਵਸਥਾ ਬਨਾਉਣਾ ਤਾਂ ਮਹਿੰਗਾਈ ਹੱਥੋਂ ਨਪੀੜੇ ਜਾ ਰਹੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਕ ਅਹਿਮ ਮੰਗ ਹੈ। ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਦੇ ਜਮਹੂਰੀ ਸੰਗਠਨਾਂ ਦੀ ਤਾਂ ਲੰਬੇ ਸਮੇਂ ਤੋਂ ਇਹ ਜ਼ੋਰਦਾਰ ਮੰਗ ਰਹੀ ਹੈ ਕਿ ਤਿੱਖੀ ਰਫਤਾਰ ਨਾਲ ਵੱਧਦੀ ਜਾ ਰਹੀ ਮਹਿੰਗਾਈ ਨੂੰ ਨੱਥ ਪਾਉਣ ਲਈ ਸਮੁੱਚੇ ਦੇਸ਼ ਅੰਦਰ ਪ੍ਰਭਾਵਸ਼ਾਲੀ ਲੋਕ-ਵੰਡ-ਪ੍ਰਣਾਲੀ ਸਥਾਪਤ ਕੀਤੀ ਜਾਵੇ। ਜਿੱਥੋਂ ਕੇਵਲ ਅਨਾਜ਼ ਹੀ ਨਹੀਂ ਬਲਕਿ ਨਿੱਤ ਵਰਤੋਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਜਿਵੇਂ ਕਿ ਦਾਲਾਂ, ਖੰਡ, ਖਾਣ ਵਾਲੇ ਤੇਲ, ਚਾਹਪੱਤੀ, ਹਲਦੀ, ਮਸਾਲੇ, ਕੈਰੋਸੀਨ (ਮਿੱਟੀ ਦਾ ਤੇਲ) ਅਤੇ ਸਾਬਣ ਆਦਿ ਦੀ ਸਸਤੀ ਤੇ ਨਿਸ਼ਚਤ ਦਰਾਂ 'ਤੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਅਜੇਹੇ ਜਨਤਕ ਦਬਾਅ ਹੇਠ ਹੀ ਕਈ ਰਾਜਾਂ ਅੰਦਰ ਕੁੱਝ ਇਕ ਵਸਤਾਂ ਲਈ ਅਜੇਹੀਆਂ ਵਿਵਸਥਾਵਾਂ ਬਣਦੀਆਂ ਵੀ ਰਹੀਆਂ ਹਨ। ਪ੍ਰੰਤੂ ਸਰਮਾਏਦਾਰ ਤੇ ਜਗੀਰਦਾਰ ਪੱਖੀ ਹਾਕਮਾਂ ਕੋਲ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਵਾਸਤੇ ਲੋੜੀਂਦੀ ਇੱਛਾ ਸ਼ਕਤੀ ਦੀ ਘਾਟ ਹੋਣ ਕਰਕੇ ਅਤੇ ਦੇਸ਼ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਭਰਿਸ਼ਟਾਚਾਰ ਦੇ ਲੱਗੇ ਹੋਏ ਘਾਤਕ ਘੁਣ ਕਾਰਨ ਜਨਤਕ ਵੰਡ ਪ੍ਰਣਾਲੀ ਦੀਆਂ ਅਜੇਹੀਆਂ ਸਾਰੀਆਂ ਹੀ ਵਿਵਸਥਾਵਾਂ ਸਮਾਂ ਪਾ ਕੇ ਨਿਕੰਮੀਆਂ ਤੇ ਗੈਰ ਪ੍ਰਸੰਗਿਕ ਬਣਦੀਆਂ ਗਈਆਂ ਹਨ। ਇਸ ਲਈ ਕੇਂਦਰ ਸਰਕਾਰ ਜੇਕਰ ਆਪਣੀ ਪੱਧਰ 'ਤੇ ਕਿਸੇ ਅਜੇਹੀ ਵਿਵਸਥਾ ਦਾ ਐਲਾਨ ਕਰਨ ਲਈ ਮਜ਼ਬੂਰ ਹੋਈ ਹੈ ਤਾਂ ਇਹ ਮਹਿੰਗਾਈ ਦੇ ਵਿਰੋਧ ਵਿਚ ਅਤੇ ਲੋਕ ਵੰਡ ਪ੍ਰਣਾਲੀ ਦੇ ਸਮਰਥਨ ਵਿਚ ਦੇਸ਼ ਅੰਦਰ ਲਗਾਤਾਰ ਵਧਦੇ ਆਏ ਜਨਤਕ ਦਬਾਅ ਦੀ ਇਕ ਅੰਸ਼ਿਕ ਪ੍ਰਾਪਤੀ ਸਮਝੀ ਜਾਣੀ ਚਾਹੀਦੀ ਹੈ। 
ਐਪਰ ਇਸ ਮੰਤਵ ਲਈ ਆਰਡੀਨੈਂਸ ਜਾਰੀ ਕਰਨ ਦੇ ਸੰਦਰਭ ਵਿਚ ਸਰਕਾਰ ਵਲੋਂ ਜਿਸ ਤਰ੍ਹਾਂ ਦਾ ਸਾਜਸ਼ੀ ਵਤੀਰਾ ਅਪਣਾਇਾ ਗਿਆ ਹੈ ਅਤੇ ਜਿਸ ਤਰ੍ਹਾਂ ਦੇ ਬੇਲੋੜੇ ਕਾਹਲੇਪਨ ਦਾ ਪ੍ਰਗਟਾਵਾ ਕੀਤਾ ਗਿਆ ਹੈ, ਉਹ ਜ਼ਰੂਰ ਡੂੰਘੀ ਪਰਖ-ਪੜਤਾਲ ਦੀ ਮੰਗ ਕਰਦਾ ਹੈ। ਇਹ ਤਾਂ ਓਪਰੀ ਨਜ਼ਰੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਫੈਸਲਾ ਲੋਕਾਂ ਦੇ ਹਿੱਤਾਂ ਦੀ ਪੂਰਤੀ ਵੱਲ ਘੱਟ ਸੇਧਤ ਹੈ; ਸਗੋਂ ਕਾਂਗਰਸੀ ਹਾਕਮਾਂ ਦੇ ਮਨਸੂਬੇ ਕੁਝ ਹੋਰ ਹਨ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਨਿਰੋਲ ਅੰਕੜੇਬਾਜ਼ੀ ਦੇ ਆਧਾਰ 'ਤੇ ਇਸ ਫੈਸਲੇ ਨਾਲ 80-81 ਕਰੋੜ ਲੋਕਾਂ ਨੂੰ ਲਾਭ ਮਿਲਣ ਦੀ ਦੁਹਾਈ ਜ਼ੋਰ ਸ਼ੋਰ ਨਾਲ ਆਰੰਭੀ ਜਾ ਚੁੱਕੀ ਹੈ, ਜਦੋਂਕਿ ਹਕੀਕੀ ਲਾਭਪਾਤਰੀਆਂ ਦੀ ਗਿਣਤੀ ਅਜੇ ਕੀਤੀ ਜਾਣੀ ਹੈ। ਉਹਨਾਂ ਦੀ ਪਛਾਣ ਕਰਨ ਲਈ ਬਾਕਾਇਦਾ ਮਾਪਦੰਡ ਵੀ ਅਜੇ ਕੋਈ ਐਲਾਨਿਆ ਨਹੀਂ ਗਿਆ। ਅਤੇ, ਲਾਭਪਾਤਰੀਆਂ ਦੀ ਪਛਾਣ ਦਾ ਕੰਮ ਰਾਜ ਸਰਕਾਰਾਂ 'ਤੇ ਛੱਡ ਦਿੱਤਾ ਗਿਆ ਹੈ, ਜਿਹੜਾ ਕਿ ਆਰਡੀਨੈਂਸ ਅਨੁਸਾਰ ਉਹਨਾਂ ਨੇ ਅਗਲੇ 6 ਮਹੀਨਿਆਂ ਵਿਚ ਮੁਕੰਮਲ ਕਰਨਾ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮਨੋਕਲਪਿਤ ਆਂਕੜਿਆਂ 'ਤੇ ਆਧਾਰਤ ਸਰਕਾਰ ਦੇ ਬਹੁਤੇ ਦਾਅਵੇ ਪੂਰੀ ਤਰ੍ਹਾਂ ਫਰਾਡੀ ਹਨ। ਜੇਕਰ ਫੇਰ ਵੀ ਸਰਕਾਰ ਇਸ ਧੋਖੇਭਰੀ ਅੰਕੜੇਬਾਜ਼ੀ ਤੋਂ ਕੰਮ ਲੈਂਦੀ ਹੈ ਅਤੇ ਇਸ ਦੇ ਸੰਭਾਵੀ ਲਾਭਾਂ ਦਾ ਕੂੜ ਪ੍ਰਚਾਰ ਕਰਦੀ ਹੈ ਤਾਂ ਇਸ ਦਾ ਸਪੱਸ਼ਟ ਅਰਥ ਹੈ ਕਿ ਇਹ ਇਕ ਵੋਟ ਬਟੋਰੂ ਹਥਕੰਡਾ ਹੈ, ਜਿਸ ਤੋਂ ਕਾਂਗਰਸ ਪਾਰਟੀ ਆਉਂਦੇ 4-5 ਮਹੀਨਿਆਂ ਵਿਚ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮੀਜ਼ੋਰਾਮ ਦੀਆਂ ਵਿਧਾਨ ਸਭਾਈ ਚੋਣਾਂ ਵਿਚ ਅਤੇ 2014 'ਚ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਨਾਜ਼ਾਇਜ਼ ਲਾਹਾ ਲੈਣਾ ਚਾਹੁੰਦੀ ਹੈ। 
ਇਹ ਵੀ ਇਕ ਤਲਖ ਹਕੀਕਤ ਹੈ ਕਿ ਯੂ.ਪੀ.ਏ. ਸਰਕਾਰ ਇਕ ਪਾਸੇ ਭਰਿਸ਼ਟਾਚਾਰ ਦੇ ਅਣਗਿਣਤ ਸਕੈਂਡਲਾਂ ਵਿਚ ਫਸੀ ਹੋਈ ਹੈ ਅਤੇ ਦੂਜੇ ਪਾਸੇ, ਇਸ ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਕਾਰਨ ਦੇਸ਼ ਅੰਦਰ ਬੇਰੁਜ਼ਗਾਰੀ ਵਿਸਫੋਟਕ ਹੱਦ ਤੱਕ ਵੱਧ ਚੁੱਕੀ ਹੈ। ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਸਿੱਟੇ ਵਜੋਂ, ਲੋਕਾਂ ਅੰਦਰ ਹਾਕਮਾਂ ਵਿਰੁੱਧ ਵਿਆਪਕ ਗੁੱਸਾ ਪਾਇਆ ਜਾ ਰਿਹਾ ਹੈ। ਇਸ ਵਿਸ਼ਾਲ ਲੋਕਬੇਚੈਨੀ ਨੂੰ ਸਨਮੁੱਖ ਦੇਖਦਿਆਂ ਹੀ ਸਰਕਾਰ ਨੇ, ਲੋਕ ਹਿਤੂ ਹੋਣ ਦਾ ਇਕ ਹੋਰ ਦੰਭ ਰਚਣ ਲਈ, ਕਾਹਲੀ ਕਾਹਲੀ ਵਿਚ ਇਹ ਆਰਡੀਨੈਂਸ ਜਾਰੀ ਕਰ ਦਿੱਤਾ ਹੈ ਤਾਂ ਜੋ ਆ ਰਹੀਆਂ ਇਹਨਾਂ ਚੋਣਾਂ ਵਿਚ ਝੂਠੀ ਤੇ ਗੁੰਮਰਾਹਕੁੰਨ ਇਸ਼ਤਹਾਰਬਾਜ਼ੀ ਦੀ ਮਦਦ ਨਾਲ ਲੋਕਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਟੋਰੀਆਂ ਜਾ ਸਕਣ। ਜਿਥੋਂ ਤੱਕ ਅਸਰਦਾਰ ਖੁਰਾਕ ਸੁਰੱਖਿਆ ਪ੍ਰਣਾਲੀ ਵਿਕਸਤ ਕਰਨ ਦਾ ਸਬੰਧ ਹੈ, ਇਸ ਮੁੱਦੇ 'ਤੇ ਸਰਕਾਰ ਦੀ ਸੰਜੀਦਗੀ ਹਮੇਸ਼ਾਂ ਹੀ ਸ਼ੱਕ ਦੇ ਘੇਰੇ ਵਿਚ ਰਹੀ ਹੈ। ਇਸ ਵਿਸ਼ੇ 'ਤੇ ਸਰਕਾਰ ਦੀ ਅਸੁਹਿਰਦਤਾ ਦਾ ਇਹ ਆਰਡੀਨੈਂਟ ਇਕ ਹੋਰ ਠੋਸ ਸਬੂਤ ਹੈ। ਕਿਉਂਕਿ ਜੇਕਰ ਸਰਕਾਰ ਨੂੰ ਲੋਕਾਂ ਦੀ ਸੱਚੀਂਮੁੱਚੀਂ ਕੋਈ ਚਿੰਤਾ ਸੀ ਤਾਂ ਇਸ ਮੰਤਵ ਲਈ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਵੀ ਤੁਰੰਤ ਬੁਲਾਇਆ ਜਾ ਸਕਦਾ ਸੀ। ਪ੍ਰੰਤੂ ਇਹ ਨਿਸ਼ਚਤ ਹੀ ਸੀ ਕਿ ਪਾਰਲੀਮੈਂਟ ਵਿਚ ਇਹ ਸੁਰੱਖਿਆ ਪ੍ਰਣਾਲੀ ਕੇਵਲ 67% ਲੋਕਾਂ ਲਈ ਹੀ ਨਹੀਂ ਬਲਕਿ ਸਮੁੱਚੇ ਲੋੜਵੰਦਾਂ ਲਈ ਭਾਵ ਸਰਵਜਨਕ ਰੂਪ ਵਿਚ ਲਾਗੂ ਕਰਨ ਦੀ ਮੰਗ ਹੋਣੀ ਸੀ, ਪ੍ਰਤੀ ਪਰਿਵਾਰ ਅਨਾਜ ਦੀ ਮਾਤਰਾ ਵਿਚ ਵਿਗਿਆਨਕ ਮਿਆਰਾਂ ਅਨੁਸਾਰ ਵਾਧੇ ਦੀ ਮੰਗ ਹੋਣੀ ਸੀ, ਹੋਰ ਜ਼ਰੂਰੀ ਵਸਤਾਂ ਵੀ ਜਨਤਕ ਵੰਡ ਪ੍ਰਣਾਲੀ ਵਿਚ ਸ਼ਾਮਲ ਕਰਨ ਦੀ ਗੱਲ ਤੁਰਨੀ ਸੀ, ਅਤੇ ਅਨਾਜਾਂ ਦੀ ਸਰਕਾਰੀ ਖਰੀਦ, ਭੰਡਾਰਨ ਅਤੇ ਵੰਡ ਆਦਿ ਲਈ ਲੋੜੀਂਦੇ ਪ੍ਰਬੰਧਕੀ ਤੇ ਵਿੱਤੀ ਢਾਂਚੇ ਨਾਲ ਸਬੰਧਤ ਮਸਲੇ ਵੀ ਵਿਚਾਰੇ ਜਾਣੇ ਸਨ। ਇਹਨਾਂ ਸਾਰੇ ਸਵਾਲਾਂ ਦਾ ਸੰਤੋਸ਼ਜਨਕ ਨਿਪਟਾਰਾ ਕਰਨਾ ਇਹਨਾਂ ਹਾਕਮਾਂ ਦੇ, ਵਿਸ਼ੇਸ਼ ਤੌਰ 'ਤੇ ਕਾਂਗਰਸ, ਭਾਜਪਾ ਤੇ ਇਹਨਾਂ ਦੇ ਸਾਰੇ ਜੋਟੀਦਾਰਾਂ ਦੇ ਜਮਾਤੀ ਹਿੱਤਾਂ ਨਾਲ ਅਤੇ ਖੁੱਲੀ-ਮੰਡੀ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਨਾਲ ਟਕਰਾਉਂਦਾ ਹੈ। ਇਸ ਲਈ ਸਰਕਾਰ ਦਾ ਇਸ ਯੋਜਨਾ ਪ੍ਰਤੀ ਇਹ ਕਾਹਲਾਪਨ ਲੋਕਾਂ ਪ੍ਰਤੀ ਸੁਹਿਰਦਤਾ ਦਾ ਸੂਚਕ ਨਹੀਂ ਹੈ ਬਲਕਿ ਇਹ ਲੋਕਾਂ ਦੇ ਅੱਖੀਂ ਘੱਟਾ ਪਾਉਣ ਅਤੇ ਉਹਨਾਂ ਨਾਲ ਧਰੋਅ ਕਮਾਉਣ ਵੱਲ ਸੇਧਤ ਹੈ। 
ਸਰਕਾਰ ਨੇ ਅੱਗੋਂ, ਇਸ ਫੈਸਲੇ ਤੋਂ ਵੱਧ ਤੋਂ ਵੱਧ ਚੁਣਾਵੀ ਲਾਹਾ ਲੈਣ ਵਾਸਤੇ, ਆਰਡੀਨੈਂਸ ਨੂੰ ਅਮਲੀ ਰੂਪ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਲੋਕਾਂ ਪ੍ਰਤੀ ਸੁਹਿਰਦਤਾ ਤਾਂ ਇਹ ਮੰਗ ਕਰਦੀ ਸੀ ਕਿ ਕੇਂਦਰੀ ਸਰਕਾਰ ਵਲੋਂ ਸਮੁੱਚੇ ਰਾਜਾਂ ਦੇ ਜ਼ੁੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਆਦਿ ਦੀ ਮੀਟਿੰਗ ਬੁਲਾਈ ਜਾਂਦੀ ਅਤੇ ਉਹਨਾਂ ਨੂੰ ਇਸ ਯੋਜਨਾ ਨੂੰ ਸੁਜੱਚੇ ਢੰਗ ਨਾਲ ਲਾਗੂ ਕਰਨ ਵਾਸਤੇ ਅਗਵਾਈ ਸੇਧਾਂ ਦਿੱਤੀਆਂ ਜਾਂਦੀਆਂ। ਪ੍ਰੰਤੂ ਅਜੇਹੇ ਬੱਝਵੇਂ ਕਦਮ ਚੁੱਕਣ ਦੀ ਬਜਾਏ ਕਾਂਗਰਸ ਪਾਰਟੀ ਨੇ ਸਿਰਫ ਆਪਣੀ ਪਾਰਟੀ ਦੇ 14 ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਕੇ ਉਹਨਾਂ ਨੂੰ ਇਹ ਆਦੇਸ਼ ਦੇ ਦਿੱਤਾ ਹੈ ਕਿ ਇਸ ਫੈਸਲੇ ਦੇ ਲਾਗੂ ਹੋ ਜਾਣ ਦਾ ਤੁਰੰਤ ਐਲਾਨ ਕੀਤਾ ਜਾਵੇ ਅਤੇ ਲਾਭਪਾਤਰੀਆਂ ਦੀ ਗਿਣਤੀ ਦੇ ਬੋਗਸ ਆਂਕੜਿਆਂ ਆਦਿ ਦੀ ਵੱਧ ਤੋਂ ਵੱਧ ਧੁੰਦ ਗੁਬਾਰ ਫੈਲਾਈ ਜਾਵੇ। ਖੁਰਾਕ ਸੁਰੱਖਿਆ ਵਰਗੇ ਇਸ ਅਹਿਮ ਮੁੱਦੇ 'ਤੇ ਸਰਕਾਰ ਦੀ ਅਸੁਹਿਰਦਤਾ ਇਸ ਤੱਥੋਂ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਲੋੜੀਂਦਾ ਅਨਾਜ ਨਾ ਮਿਲਣ ਦੀ ਸੂਰਤ ਵਿਚ ਲਾਭਪਾਤਰੀਆਂ ਨੂੰ ਬਣਦਾ ਸਿੱਧਾ ਕੈਸ਼, ਉਹਨਾਂ ਦੇ ਬੈਂਕ ਖਾਤਿਆਂ ਵਿਚ ਭੇਜ ਦੇਣ ਦੀਆਂ ਤਿਆਰੀਆਂ ਵੀ ਕਰ ਰਹੀ ਹੈ। ਕਿਉਂਕਿ ਕਾਂਗਰਸੀ ਮੁੱਖ ਮੰਤਰੀਆਂ ਦੀ ਉਪਰੋਕਤ ਮੀਟਿੰਗ ਵਿਚ ਸਿਰਫ ਦਿੱਲੀ ਤੇ ਹਰਿਆਣਾ ਦੇ ਮੁੱਖ ਮੰਤਰੀ ਹੀ ਇਸ ਯੋਜਨਾ ਨੂੰ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਵਸ 20 ਅਗਸਤ ਤੋਂ ਲਾਗੂ ਕਰ ਦੇਣ ਲਈ ਸਹਿਮਤ ਹੋਏ ਹਨ। ਏਥੇ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਬਹੁਤੇ ਰਾਜਾਂ ਵਿਚ, ਕਿਸੇ ਜਮਹੂਰੀ ਜਨਤਕ ਵੰਡ ਪ੍ਰਣਾਲੀ ਦੀ ਅਣਹੋਂਦ ਕਾਰਨ, ਸਸਤੇ ਅਨਾਜ ਦੀ ਇਹ ਵੰਡ-ਵੰਡਾਈ ਲਾਜ਼ਮੀ ਪ੍ਰਾਈਵੇਟ ਡੀਪੂ ਹੋਲਡਰਾਂ ਰਾਹੀਂ ਹੀ ਹੋਵੇਗੀ। ਜਿਸ ਨਾਲ ਪਹਿਲਾਂ ਵਾਂਗ ਹੀ ਵੱਡੇ ਵੱਡੇ ਘਪਲੇ ਹੋਣਗੇ ਅਤੇ ਸਰਕਾਰੀ ਖਜ਼ਾਨੇ ਚੋਂ ਆਈ ਸਬਸਿਡੀ ਦੀਆਂ ਰਕਮਾਂ ਧੁਰ ਉਪਰ ਤੱਕ ਮਿਲ ਮਿਲਾਕੇ ਛਕੀਆਂ ਜਾਣਗੀਆਂ।
ਇਹਨਾਂ ਹਾਲਤਾਂ ਵਿਚ, ਸਰਕਾਰ ਵੱਲੋਂ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਵੋਟਾਂ ਬਟੋਰਨ ਵਾਸਤੇ ਬਣਾਈ ਗਈ ਇਸ ਯੋਜਨਾ ਦੀਆਂ ਖਾਮੀਆਂ ਨੂੰ ਵੱਧ ਤੋਂ ਵੱਧ ਬੇਨਕਾਬ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਦੇਸ਼ ਭਰ ਵਿਚ ਲੋਕਾਂ ਦੇ ਹਿੱਤਾਂ ਵਿਚ  ਭੁਗਤਣ ਵਾਲੀ ਜਮਹੂਰੀ ਜਨਤਕ ਵੰਡ ਪ੍ਰਣਾਲੀ ਸਥਾਪਤ ਕਰਨ ਵਾਸਤੇ ਵੀ ਜਨਤਕ ਦਬਾਅ ਹੋਰ ਵਧਾਇਆ ਜਾਣਾ ਚਾਹੀਦਾ ਹੈ। ਖੁਰਾਕ ਸੁਰੱਖਿਆ ਕਾਨੂੰਨ ਨੂੰ ਸਾਰਥਕ ਬਨਾਉਣ ਲਈ ਅਜੇਹੀ ਵੰਡ ਪ੍ਰਣਾਲੀ ਦਾ ਹੋਣਾ ਬੁਨਿਆਦੀ ਸ਼ਰਤ ਹੈ। ਇਸ ਮੰਤਵ ਦੀ ਪੂਰਤੀ ਲਈ ਇਹ ਵੀ ਜ਼ਰੂਰੀ ਹੈ ਕਿ ਅਨਾਜਾਂ ਤੇ ਹੋਰ ਖੇਤੀ ਵਸਤਾਂ ਦੇ ਥੋਕ ਵਪਾਰ ਨੂੰ ਸਰਕਾਰ ਆਪਣੇ ਹੱਥ ਵਿਚ ਲਵੇ, ਕਿਸਾਨਾਂ ਲਈ ਸਾਰੀਆਂ ਖੇਤੀ ਉਪਜਾਂ ਦੇ ਲਾਹੇਵੰਦ ਭਾਵਾਂ ਦੀ ਗਾਰੰਟੀ ਕੀਤੀ ਜਾਵੇ ਅਤੇ ਉਹਨਾਂ ਦੀ  ਸਰਕਾਰੀ ਖਰੀਦ ਤੇ ਭੰਡਾਰਨ ਲਈ ਸੰਤੋਸ਼ਜਨਕ ਪ੍ਰਬੰਧ ਕੀਤੇ ਜਾਣ। ਅਜੇਹਾ ਢਾਂਚਾ ਥੱਲੇ ਤੋਂ ਨਹੀਂ, ਸਗੋਂ ਧੁਰ ਉਪਰੋਂ ਬਣਨਾ ਸ਼ੁਰੂ ਹੋਵੇਗਾ ਅਤੇ ਸਮੁੱਚੇ ਦੇਸ਼ ਦੀਆਂ ਲੋੜਾਂ ਅਨੁਸਾਰ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਅਜੇਹੀ ਸੁਹਿਰਦਤਾ ਭਰਪੂਰ ਯੋਜਨਾਬੰਦੀ ਅਤੇ ਰਾਸ਼ਨ ਦੀ ਵੰਡ-ਵੰਡਾਈ ਵਿਚ ਹਰ ਪੱਧਰ 'ਤੇ ਜਨਤਕ ਦਖਲਅੰਦਾਜ਼ੀ ਰਾਹੀਂ ਹੀ ਦੇਸ਼ ਅੰਦਰ ਪ੍ਰਭਾਵਸ਼ਾਲੀ ਖੁਰਾਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ ਕੀਤਾ ਜਾ ਸਕਦਾ ਹੈ।  
- ਹਰਕੰਵਲ ਸਿੰਘ

ਸਹਾਇਤਾ (ਸੰਗਰਾਮੀ ਲਹਿਰ, ਜੁਲਾਈ 2013)


ਕਾਮਰੇਡ ਦੇਵ ਰਾਜ ਨਈਅਰ ਜਲੰਧਰ ਵਲੋਂ ਆਪਣੇ ਪੋਤਰੇ ਵ੍ਰਿਕਾਂਤ ਨਈਅਰ ਸਪੁੱਤਰ ਸ਼੍ਰੀ ਸੰਦੀਪ ਨਈਅਰ ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਤਹਿਸੀਲ ਜਲੰਧਰ ਨੂੰ 20,000 ਰੁਪਏ ਅਤੇ 'ਸੰਗਰਾਮੀ ਲਹਿਰ ਨੂੰ 5000 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਜਗਤਾਰ ਸਿੰਘ ਚਕੋਹੀ (ਲੁਧਿਆਣਾ) ਨੇ ਆਪਣੀ ਭਤੀਜੀ ਜਗਦੀਪ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਨੂੰ ਆਸਟਰੇਲੀਆ ਵਿਚ ਅਤੇ ਆਪਣੀ ਬੇਟੀ ਜਗਪ੍ਰੀਤ ਕੌਰ ਨੂੰ ਇੰਗਲੈਂਡ ਵਿਚ ਪੀ.ਆਰ. ਮਿਲ ਜਾਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਲੁਧਿਆਣਾ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਦਿੱਤੀ। 

ਸਾਥੀ ਸਤਪਾਲ ਗੋਇਲ ਬੁਆਏਲਰ ਕੰਟਰੋਲਰ ਸਰਕਲ ਪ੍ਰਧਾਨ ਥਰਮਲ ਡਵੀਜ਼ਨ ਬਠਿੰਡਾ ਨੇ ਆਪਣੀ ਸੇਵਾ ਮੁਕਤੀ ਮੌਕੇ ਜਨਤਕ ਲਹਿਰ ਨੂੰ ਫੰਡ ਦੇ ਤੌਰ 'ਤੇ 7000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਗੰਗਾ ਪ੍ਰਸ਼ਾਦ ਪ੍ਰਧਾਨ ਦਰਜਾ ਚਾਰ ਮੁਲਾਜ਼ਮ ਯੂਨੀਅਨ ਪੰਜਾਬ ਨੰਗਲ ਨੇ ਆਪਣੀ ਪਤਨੀ ਸ੍ਰੀਮਤੀ ਚੰਪਾ ਰਾਣੀ ਦੀਆਂ ਅੰਤਿਮ  ਰਸਮਾਂ ਸਮੇਂ ਜਮਹੂਰੀ ਲਹਿਰ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਰਜਿੰਦਰ ਪ੍ਰਸ਼ਾਦ ਸ਼ਰਮਾ ਜੇ.ਈ. ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਊਨਾ (ਹਿਮਾਚਲ ਪ੍ਰਦੇਸ਼) ਨਜ਼ਦੀਕੀ ਰਿਸ਼ਤੇਦਾਰ ਸ਼੍ਰੀ ਸਤਪਾਲ ਲੱਠ ਮਾਹਿਲਪੁਰ ਨੇ ਆਪਣੀ ਸੇਵਾਮੁਕਤੀ 'ਤੇ ਜਨਤਕ ਜਥੇਬੰਦੀਆਂ ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਜੋਗਿੰਦਰ ਪਾਲ ਸ਼ਰਮਾ ਪਿੰਡ ਵਿਸਾਲ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨਜ਼ਦੀਕੀ ਰਿਸ਼ਤੇਦਾਰ ਸ੍ਰੀ ਸਤਪਾਲ ਲੱਠ ਨੇ ਆਪਣੇ ਬੇਟੇ ਅਜੈ ਕੁਮਾਰ ਦੀ ਖਤਰਨਾਕ ਬੀਮਾਰੀ ਦੇ ਠੀਕ ਹੋਣ ਦੀ ਖੁਸ਼ੀ ਵਿਚ ਜਨਤਕ ਜਥੇਬੰਦੀਆਂ ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਗੁਰਜੰਟ ਸਿੰਘ ਆਲਮਪੁਰ ਅਤੇ ਹਰਜੀਤ ਸਿੰਘ ਦੇ ਪਿਤਾ ਜਗਮੇਲ ਸਿੰਘ ਦੇ ਸ਼ਰਧਾਂਜਲੀ ਸਮਾਗਮ ਸਮੇਂ ਉਹਨਾਂ ਦੇ ਪਰਿਵਾਰ ਵਲੋਂ ਸੀ.ਪੀ.ਐਮ. ਪੰਜਾਬ ਤਹਿਸੀਲ ਕਮੇਟੀ ਸੁਨਾਮ-ਲਹਿਰਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਅਮਰਜੀਤ ਸਿੰਘ ਕਾਨੂੰਗੋ ਗੁਰਦਾਸਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਛੋਟੇ ਭਾਈ ਪਰਮਜੀਤ ਸਿੰਘ ਦੇ ਕਾਲਵਾਸ ਹੋਣ 'ਤੇ ਅੰਤਿਮ ਅਰਦਾਸ ਸਮੇਂ 'ਸੰਗਰਾਮੀ ਲਹਿਰ' ਨੂੰ 250 ਰੁਪਏ ਸਹਾਇਤਾ ਵਜੋਂ ਦਿੱਤੇ।

ਡਾ. ਹਜ਼ਾਰਾ ਸਿੰਘ ਚੀਮਾ ਨੇ ਆਪਣੇ ਵੱਡੇ ਭਰਾ ਗਿਆਨੀ ਦਰਸ਼ਨ ਸਿੰਘ ਚੀਮਾ ਦੀ ਪਹਿਲੀ ਬਰਸੀ ਸਮੇਂ ਉਸਦੀ ਯਾਦ ਵਿਚ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਦਿੱਤੀ।

ਸਾਥੀ ਜਗਜੀਤ ਸਿੰਘ ਕਲਾਨੌਰ (ਗੁਰਦਾਸਪੁਰ) ਨੇ ਆਪਣੀ ਮਾਤਾ ਜੀ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਨੰਬਰਦਾਰ ਅਮਰ ਸਿੰਘ ਪਿੰਡ ਸਲਾਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅੰਤਿਮ ਅਰਦਾਸ ਸਮੇਂ ਉਹਨਾਂ ਦੇ ਪਰਿਵਾਰ ਵਲੋਂ ਸੀ.ਪੀ.ਐਮ. ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਮਾਸਟਰ ਦਰਸ਼ਨ ਸਿੰਘ ਪਿੰਡ ਬੰਡਾਲਾ ਜ਼ਿਲ੍ਹਾ ਜਲੰਧਰ ਨੇ ਆਪਣੀ ਸੱਸ ਸ੍ਰੀਮਤੀ ਨਸੀਬ ਕੌਰ ਖੇਲਾ ਸਪੁੱਤਨੀ ਸਵਰਗਵਾਸੀ ਕਾਮਰੇਡ ਸੋਹਣ ਸਿੰਘ ਖੇੜਾ ਪਿੰਡ ਪੱਬਵਾਂ ਜ਼ਿਲ੍ਹਾ ਜਲੰਧਰ ਦੀਆਂ ਅੰਤਿਮ ਰਸਮਾਂ ਸਮੇਂ ਸੀ.ਪੀ.ਐਮ. ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਦਲਬੀਰ ਸਿੰਘ ਅਬਰੋਲ ਨਗਰ ਪਠਾਨਕੋਟ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਪੁੱਤਰ ਕਾਕਾ ਦਿਲਰਾਜ ਸਿੰਘ ਦੀ ਸ਼ਾਦੀ ਬੀਬੀ ਨਵਜੋਤ ਕੌਰ ਸਪੁੱਤਰੀ ਸ੍ਰੀ ਗੁਰਵਿੰਦਰ ਸਿੰਘ ਸਰਸਾ (ਹਰਿਆਣਾ) ਵਾਸੀ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਪਠਾਨਕੋਟ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਐਡਵੋਕੇਟ ਸ਼੍ਰੀ ਪ੍ਰਕਾਸ਼ ਚੰਦ ਵੱਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਅੰਤਿਮ ਰਸਮਾਂ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਅੱਛਰ ਸਿੰਘ ਮੁਹਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਭੋਗ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਡਾ. ਜੋਗਿੰਦਰ ਸਿੰਘ ਮੁੱਖੀ ਸਤਿਗੁਰ ਰਾਮ ਸਿੰਘ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਬੇਟੇ ਮਨਦੀਪ ਸਿੰਘ ਦਾ ਸ਼ੁਭ ਵਿਆਹ ਤਾਨੀਆਂ ਗੁਪਤਾ ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਸੱਤਪਾਲ ਲੱਠ ਪਿੰਡ ਗੋਂਦਪੁਰ ਵਲੋਂ ਆਪਣੇ ਪੋਤਰੇ ਆਰਿਵ ਮੋਡਗਿੱਲ (ਸਪੁੱਤਰ ਸ੍ਰੀ ਸੰਜੀਵ ਕੁਮਾਰ ਅਤੇ ਵੰਦਨਾ ਸ਼ਰਮਾ) ਦੇ ਮੁੰਡਨ ਸਮਾਰੋਹ ਮੌਕੇ 400 ਰੁਪਏ ਜਨਤਕ ਜਥੇਬੰਦੀਆਂ ਮਾਹਿਲਪੁਰ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਹੀਰਾ ਲਾਲ ਚੰਦਨ ਸਪੁੱਤਰ ਸ਼੍ਰੀ ਮੂਲ ਰਾਜ ਚੰਦਨ ਪਿੰਡ ਅਧਿਆਣਾ ਕਲਾਂ ਨੇ ਆਪਣੇ ਲੜਕੇ ਮਨਮੋਹਨ ਚੰਦਨ ਦੀ ਸ਼ਾਦੀ ਦੀਪ ਮਨਜੋਤਰਾਂ ਸਪੁੱਤਰੀ ਸ਼੍ਰੀ ਪੂਰਨ ਚੰਦ ਬਾਹਠ ਸਾਹਿਬ ਜ਼ਿਲ੍ਹਾ ਪਠਾਨਕੋਟ ਨਾਲ ਹੋਣ ਦੀ ਖੁਸ਼ੀ ਵਿਚ ਆਪਣੇ ਤਾਇਆ ਸਵਰਗੀ ਕਾਮਰੇਡ ਜਗਨਨਾਥ ਦੀ ਯਾਦ ਵਿਚ ਸੀ.ਪੀ.ਐਮ. ਪੰਜਾਬ ਤਹਿਸੀਲ ਨੂਰਪੁਰ ਬੇਦੀ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸ੍ਰੀ ਮੋਹਨ ਲਾਲ ਵਾਸੀ ਸਪੇਨ ਨੇ ਸੀ.ਪੀ.ਐਮ. ਪੰਜਾਬ ਨੂੰ 1500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ, ਜੁਲਾਈ 2013)

ਰੂਸੀ ਕਹਾਣੀ 

ਉਹ ਚਲੀ ਗਈ

(ਅਨਤੋਨ ਚੈਖੋਵ (1860-1904) ਦਾ ਨਾਂਅ ਰੂਸੀ ਲੇਖਕਾਂ ਵਿਚ ਲਿਓ ਤਾਲਸਤਾਏ ਤੇ ਫਿਓਦੋਰ ਦਸਤੋਵਸਕੀ ਦੇ ਨਾਵਾਂ ਨਾਲ ਵਾਜਬ ਤੌਰ 'ਤੇ ਇਕੋ ਕਤਾਰ ਵਿਚ ਰੱਖਿਆ ਜਾਂਦਾ ਹੈ। ਉਹ ਇਕ ਵਿਸ਼ਵ ਪ੍ਰਸਿੱਧ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਹੈ। ਚੈਖੋਵ ਆਪਹੁਦਰਸ਼ਾਹੀ, ਹਨੇਰਗਰਦੀ, ਝੂਠ, ਜਾਬਰਾਂ 'ਤੇ ਤਕੜਿਆਂ ਦੀ ਧੌਂਸ ਤੇ ਮਨਮਰਜ਼ੀ ਅਤੇ ਨਿਰਬਲਾਂ ਦੀ ਦੀਨਤਾ ਨੂੰ ਨਫਰਤ ਕਰਦਾ ਸੀ। ਉਹ ਜਾਬਰਾਂ ਵਿਰੁੱਧ ਸਖਤ ਘੋਲ ਕਰਨ ਅਤੇ ਸਭ ਤੋਂ ਵੱਧ ਕਦਰ ਇਨਸਾਫ, ਸੱਚਾਈ, ਮਨੁੱਖੀ ਗੌਰਵ ਤੇ ਸਦਾਚਾਰਕ ਸੁੰਦਰਤਾ ਦੀ ਕਰਦਾ ਸੀ। ਉਸ ਦਾ ਰੂਸੀ ਕਰਾਂਤੀ ਤੋਂ 13 ਵਰ੍ਹੇ ਪਹਿਲਾਂ ਦਿਹਾਂਤ ਹੋ ਗਿਆ ਸੀ। 
ਉਸਨੇ ਆਪਣੀਆਂ ਲਿਖਤਾਂ ਦੇ ਮੰਤਵ ਨੂੰ ਸਪੱਸ਼ਟ ਕਰਦਿਆਂ ਹੋਇਆਂ ਜਾਰਸ਼ਾਹੀ ਦੇ ਉਸ ਜਾਲਮ ਤੇ ਭਿਆਨਕ ਦੌਰ ਵਿਚ ਹੀ ਕਿਹਾ ਸੀ, ''ਮੈਂ ਲੋਕਾਂ ਨੂੰ ਬਸ ਇਮਾਨਦਾਰੀ ਤੇ ਸਪੱਸ਼ਟ ਰੂਪ ਵਿਚ ਇਹ ਗੱਲ ਕਹਿਣੀ ਚਾਹੁੰਦਾ ਸਾਂ, 'ਵੇਖੋ, ਤੁਸੀਂ ਕਿੰਨੀ ਭੈੜੀ ਤੇ ਬੇਸਵਾਦ ਜ਼ਿੰਦਗੀ ਬਤੀਤ ਕਰ ਰਹੇ ਹੋ! ਸਭ ਤੋਂ ਅਹਿਮ ਗੱਲ ਇਹ ਹੈ ਕਿ ਲੋਕ ਇਹ ਸਮਝ ਲੈਣ; ਤੇ ਜਦੋਂ ਸਮਝ ਲੈਣਗੇ, ਜ਼ਰੂਰ ਹੀ ਆਪਣੀ ਜ਼ਿੰਦਗੀ ਬਦਲ ਲੈਣਗੇ, ਉਸ ਨੂੰ ਸੁਆਰ ਲੈਣਗੇ। ਮੈਂ ਉਸ ਨੂੰ ਨਹੀਂ ਵੇਖਾਂਗਾ, ਪਰ ਮੈਨੂੰ ਪਤਾ ਹੈ ਕਿ ਉਹ ਬਿਲਕੁਲ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਹੋਵੇਗੀ। ਅਤੇ ਜਦ ਤੱਕ ਉਸ ਤਰ੍ਹਾਂ ਦੀ ਜ਼ਿੰਦਗੀ ਹੋਂਦ ਵਿਚ ਨਹੀਂ ਆਉਂਦੀ, ਮੈਂ ਲੋਕਾਂ ਨੂੰ ਵਾਰ ਵਾਰ ਕਹਾਂਗਾ : ''ਇਹ ਸਮਝ ਲਵੋ ਕਿ ਤੁਸੀਂ ਬੜੀ ਭੈੜੀ ਤੇ ਬੇਸੁਆਦੀ ਜ਼ਿੰਦਗੀ ਬਤੀਤ ਕਰ ਰਹੇ ਹੋ।....''
ਅਸੀਂ ਉਸ ਮਹਾਨ ਲੇਖਕ ਦੀ ਆਪਣੇ ਪਾਠਕਾਂ ਨਾਲ ਸਾਂਝ ਪੁਆਉਣ ਲਈ, ਇਹ ਕਹਾਣੀ ਛਾਪਣ ਦਾ ਮਾਣ ਪ੍ਰਾਪਤ ਕਰ ਰਹੇ ਹਾਂ।      -(ਸੰਪਾਦਕੀ ਮੰਡਲ)

ਭੋਜਨ ਖਤਮ ਹੋਇਆ। ਢਿੱਡ ਨੂੰ ਤ੍ਰਿਪਤੀ ਦਾ ਸੁਖਦਾਈ ਅਹਿਸਾਸ ਹੋਣ ਲੱਗਾ। ਉਬਾਸੀਆਂ ਆਉਣ ਲੱਗੀਆਂ ਅਤੇ ਅੱਖਾਂ 'ਚ ਨੀਂਦ ਦੀ ਮਿੱਠੀ ਖੁਮਾਰੀ ਤੈਰਨ ਲੱਗੀ। ਪਤੀ ਨੇ ਸਿਗਾਰ ਜਲਾ ਲਈ ਅਤੇ ਇਕ ਅੰਗੜਾਈ ਲੈ ਕੇ ਸੋਫ਼ੇ 'ਤੇ ਅੱਧ ਲੇਟਿਆ ਹੋ ਗਿਆ। ਪਤਨੀ ਸਿਰ੍ਹਾਣੇ ਬੈਠ ਗਈ। ਦੋਵੇਂ ਪੂਰਨ ਸੁਖੀ ਸਨ। 
''ਕੋਈ ਗੱਲ ਸੁਣਾਓ'' - ਪਤੀ ਨੇ ਉਬਾਸੀ ਲੈਂਦਿਆਂ ਕਿਹਾ। 
''ਕੀ ਗੱਲ ਸੁਣਾਵਾਂ? ਓ, ਹਾਂ ਸੱਚ, ਕੀ ਤੁਸੀਂ ਸੁਣਿਐ-ਸੋਫ਼ੀਆ ਅਕੁਰੋਵਾ ਨੇ ਸ਼ਾਦੀ ਕਰ ਲਈ ਹੈ? ਕੀ ਨਾਂ ਹੈ ਉਸ ਦਾ... ਹਾਂ, ਯਾਦ ਆਇਆ ਮਿਸਟਰ ਤਰਾਂਬ ਨਾਲ। ਕਿੰਨੀ ਬਦਨਾਮੀ ਹੋ ਰਹੀ ਹੈ, ਉਸ ਦੀ!''
''ਇਸ ਵਿਚ ਬਦਨਾਮੀ ਵਾਲੀ ਕੀ ਗੱਲ ਹੈ ਭਲਾ?'' ਪਤੀ ਨੇ ਸਰਸਰੀ ਪੁੱਛਿਆ।
''ਕਿਉਂ? ਉਹ ਤਰਾਂਬ ਤਾਂ ਪੂਰਾ ਬਦਮਾਸ਼ ਹੈ - ਭ੍ਰਿਸ਼ਟਾਚਾਰੀ ਹੈ। ਕਿਹੋ ਜਿਹਾ ਬੇਈਮਾਨ ਚਲਾਕ ਤੇ ਬੇਸ਼ਰਮ ਆਦਮੀ ਹੈ ਉਹ! ਭੋਰਾ ਭਰ ਵੀ ਇਮਾਨਦਾਰੀ ਨਹੀਂ ਹੈ ਉਸ ਵਿਚ। ਬਿਲਕੁਲ ਭ੍ਰਿਸ਼ਟ ਤੇ ਚਰਿੱਤਰਹੀਣ। ਪਹਿਲਾਂ ਉਹ ਕਾਊਂਟ ਕੋਲ ਮੈਨੇਜ਼ਰ ਸੀ, ਉਥੇ ਖੂਬ ਨਾਜਾਇਜ਼ ਕਮਾਈ ਕੀਤੀ। ਹੁਣ ਰੇਲਵੇ ਦੀ ਨੌਕਰੀ ਕਰ ਰਿਹਾ ਹੈ, ਚੋਰ ਕਿਤੋਂ ਦਾ। ਆਪਣੀ ਭੈਣ ਤੱਕ ਦਾ ਸਾਰਾ ਮਾਲ ਮੱਤਾ ਖਾ ਗਿਆ। ਸਾਫ ਗੱਲ ਹੈ ਕਿ ਉਹ ਚਲਾਕ ਲੁਟੇਰਾ ਹੈ-ਲੁਟੇਰਾ। ਐਸੇ ਆਦਮੀ ਨਾਲ ਸ਼ਾਦੀ ਕਰਨਾ, ਉਸ ਨਾਲ ਬੀਵੀ ਬਣ ਕੇ ਰਹਿਣਾ! ਹੈਰਾਨੀ ਹੁੰਦੀ ਹੈ ਮੈਨੂੰ ਸੋਫ਼ੀਆ 'ਤੇ। ਕਿੱਥੇ ਉਹ ਭਲੀ ਅਤੇ ਸਮਝਦਾਰ ਲੜਕੀ ਅਤੇ ਕਿੱਥੇ ਇਹ ਬੇਈਮਾਨ ਬੰਦਾ। ਮੈਂ ਹੁੰਦੀ ਤਾਂ ਕਦੇ ਵੀ ਅਜਿਹੇ ਬੰਦੇ ਨਾਲ ਸ਼ਾਦੀ ਨਾ ਕਰਦੀ, ਭਾਵੇਂ ਕਰੋੜਪਤੀ ਤੇ ਖੂਬਸੂਰਤ ਹੀ ਕਿਉਂ ਨਾ ਹੁੰਦਾ। ਮੈਂ ਤਾਂ ਐਸੇ ਆਦਮੀ 'ਤੇ ਥੁੱਕਦੀ ਵੀ ਨਾ। ਐਸੇ ਬੇਈਮਾਨ ਪਤੀ ਦੀ ਤਾਂ ਮੈਂ ਕਲਪਨਾ ਵੀ ਨਹੀਂ ਕਰ ਸਕਦੀ।''
ਪਤਨੀ ਜੋਸ਼ ਵਿਚ ਉਠ ਖੜੀ ਹੋਈ। ਉਸ ਦਾ ਚਿਹਰਾ ਗੁੱਸੇ ਵਿਚ ਤਮ-ਤਮਾਉਣ ਲੱਗਿਆ ਅਤੇ ਜੋਸ਼ ਵਿਚ ਉਹ ਕਮਰੇ 'ਚ ਚਹਿਲ ਕਦਮੀ ਕਰਨ ਲੱਗੀ। ਉਸ ਦੀਆਂ ਅੱਖਾਂ ਲਾਲ ਸਨ। ਜਿਸ ਤੋਂ ਉਸ ਦੇ ਕਥਨਾਂ ਦੀ ਸਚਾਈ ਪ੍ਰਤੱਖ ਨਜ਼ਰ ਆ ਰਹੀ ਸੀ। ਉਹ ਮੁੜ ਬੋਲਣ ਲੱਗੀ। 
''ਐਸਾ ਨੀਚ ਹੈ ਉਹ ਤਰਾਂਬ ਅਤੇ ਉਸ ਤੋਂ ਹਜ਼ਾਰ ਗੁਣਾ ਮੂਰਖ ਤੇ ਹੋਛੀਆਂ ਹਨ ਉਹ ਔਰਤਾਂ ਜੋ ਐਸੇ ਬੰਦਿਆਂ ਨਾਲ ਸ਼ਾਦੀ ਕਰ ਲੈਂਦੀਆਂ ਹਨ।''
''ਅੱਛਾ! ਤੂੰ ਹੁੰਦੀ ਤਾਂ ਯਕੀਨਨ ਹੀ ਐਸੇ ਬੰਦੇ ਨਾਲ ਸ਼ਾਦੀ ਨਾ ਕਰਦੀ, ਪਰ ਜੇ ਤੈਨੂੰ ਪਤਾ ਲੱਗੇ ਕਿ ਮੈਂ ਵੀ ਵੈਸਾ ਹੀ ਭ੍ਰਿਸ਼ਟ ਹਾਂ, ਤਾਂ... ? ਤਾਂ ਤੂੰ ਕੀ ਕਰਦੀ?''
''ਮੈਂ! ਮੈਂ ਤੁਹਾਨੂੰ ਉਸੇ ਵਕਤ ਛੱਡ ਕੇ ਚਲੀ ਜਾਂਦੀ। ਤੁਹਾਡੇ ਨਾਲ ਇਕ ਪਲ ਵੀ ਹੋਰ ਨਾ ਠਹਿਰਦੀ। ਮੈਂ ਸਿਰਫ ਇਮਾਨਦਾਰ ਆਦਮੀ ਨੂੰ ਹੀ ਪਸੰਦ ਕਰਦੀ ਹਾਂ। ਜੇਕਰ ਮੈਨੂੰ ਪਤਾ ਲੱਗੇ ਕਿ ਤੁਸੀਂ ਉਸ ਤਰਾਂਬ ਨਾਲੋਂ ਸੌਵਾਂ ਹਿੱਸਾ ਵੀ ਬੇਈਮਾਨੀ ਕੀਤੀ ਹੈ, ਤਾਂ ਮੈਂ...! ਤਾਂ ਮੈਂ ਪਲਕ ਝਪਕਦੇ ਹੀ... ਤੁਹਾਨੂੰ ਗੁੱਡ ਬਾਏ...!''
''ਅੱਛਾ ਇਹ ਗੱਲ ਹੈ? ਹਾ-ਹਾ-ਹਾ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਬੀਵੀ ਐਨੀ ਸਫਾਈ ਨਾਲ ਝੂਠ ਬੋਲ ਲੈਂਦੀ ਹੈ। 
''ਮੈਂ ਕਦੇ ਝੂਠ ਨਹੀਂ ਬੋਲਦੀ। ਤੁਸੀਂ ਜ਼ਰਾ ਕੋਸ਼ਿਸ਼ ਤਾਂ ਕਰੋ ਬੇਈਮਾਨੀ ਕਰਨ ਦੀ... ਤਦ ਦੇਖਣਾ।''
''ਕੋਸ਼ਿਸ਼ ਕਿਸ ਗੱਲ ਦੀ? ਤੈਨੂੰ ਪਤਾ ਹੀ ਹੈ, ਮੈਂ ਤੇਰੇ ਉਸ ਤਰਾਂਬ ਨਾਲੋਂ ਬਹੁਤ ਅੱਗੇ ਲੰਘਿਆ ਹੋਇਆਂ ਹਾਂ। ਤਰਾਂਬ... ਉਹ ਤਾਂ ਬੱਚਾ ਹੈ, ਇਸ ਕੰਮ ਵਿਚ ਮੇਰੇ ਸਾਹਮਣੇ। ਵਿਚਾਰਾ ਨੌ-ਸਿਖੀਆ। ਅੱਖਾਂ ਇੰਝ ਚੌੜੀਆਂ ਕਿਉਂ ਕਰ ਰਹੀ ਹੈਂ? ਅੱਛਾ (ਕੁਝ ਰੁਕ ਕੇ).... ਭਲਾ ਇਹ ਦੱਸ ਕਿ ਮੇਰੀ ਤਨਖਾਹ ਕਿੰਨੀ ਹੈ?''
''ਮੇਰਾ ਖਿਆਲ ਹੈ ਕਿ ਤਿੰਨ ਹਜ਼ਾਰ ਰੂਬਲ।''
''ਹਾਂ!... ਤੇ ਇਸ ਹਾਰ ਦੀ ਕੀਮਤ ਕੀ ਹੈ, ਜਿਹੜਾ ਮੈਂ ਪਿਛਲੇ ਹਫ਼ਤੇ ਹੀ ਤੇਰੇ ਲਈ ਖਰੀਦਿਆ ਸੀ? ਯਾਦ ਹੈ ਨਾ... ਪੂਰੇ ਦੋ ਹਜ਼ਾਰ, ਹੈ ਨਾ ਅਤੇ ਕੱਲ ਖਰੀਦੀ ਤੇਰੀ ਡਰੈਸ... ਪੰਜ ਸੌ ਦੀ। ਪਿੰਡ ਵਿਚਲੀ ਅਰਾਮਗਾਹ ਦਾ ਖ਼ਰਚ ਹੈ, ਦੋ ਹਜ਼ਾਰ। ਕੱਲ ਤੇਰੇ ਪਾਪਾ ਨੇ ਵੀ ਮੈਥੋਂ ਇਕ ਹਜ਼ਾਰ ਮਾਂਜ ਲਏ ਸੀ...।
''ਪਰ ਪਿਆਰੇ, ਇਹ ਤਾਂ ਏਧਰ ਓਧਰ ਦੇ ਖ਼ਰਚੇ ਨੇ...।'' ਪਤਨੀ ਹਲਕਾਹਟ ਨਾਲ ਬੋਲੀ।
''ਫੇਰ ਘੋੜੇ ਦਾ ਖ਼ਰਚ, ਸਾਈਸ ਦਾ, ਡਾਕਟਰ ਦਾ ਖ਼ਰਚ। ਦਰਜੀ ਦਾ ਹਿਸਾਬ ਅਤੇ ਅਜੇ ਪਰਸੋਂ ਹੀ ਤੂੰ ਖੇਡ ਖੇਡ ਵਿਚ ਜਿਹੜਾ ਸੌ ਰੂਬਲ ਹਾਰ ਗਈ ਸੀ...?''
ਪਤੀ ਨੇ ਆਪਣਾ ਧੜ ਸੋਫ਼ੇ ਤੋਂ ਥੋੜ੍ਹਾ ਉਪਰ ਉਠਾਇਆ ਅਤੇ ਸਿਰ ਨੂੰ ਇਕ ਹਥੇਲੀ ਉਤੇ ਟਿਕਾਉਂਦਿਆਂ ਪਰਿਵਾਰ ਦੀ ਪੂਰੀ ਬੈਲੇਂਸ ਸ਼ੀਟ ਹੀ  ਪੜ੍ਹ ਦਿੱਤੀ। ਫੇਰ ਉਠ ਕੇ ਲਿਖਣ ਮੇਜ਼ ਕੋਲ ਗਿਆ ਅਤੇ ਸਬੂਤ ਵਜੋਂ ਕੁਝ ਕਾਗਜ਼ ਵੀ ਪਤਨੀ ਨੂੰ ਵਿਖਾਏ। 
''ਵੇਖਿਆ ਹੁਣ ਸ਼੍ਰੀਮਤੀ ਜੀ ਕਿ ਤੁਹਾਡਾ ਉਹ ਤਰਾਂਬ ਕੁਝ ਵੀ ਨਹੀਂ ਹੈ, ਮੇਰੇ ਸਾਹਮਣੇ! ਮੇਰੀ ਤੁਲਨਾ ਵਿਚ ਉਹ ਕਿਸੇ ਮਾਮੂਲੀ ਜੇਬ ਕਤਰੇ ਤੋਂ ਜ਼ਿਆਦਾ ਨਹੀਂ ਹੈ... ਗੁੱਡ ਬਾਏ! ਜਾਓ... ਹੁਣ ਅੱਗੇ ਤੋਂ ਕਦੇ ਐਸੀ ਚੁੰਝ ਚਰਚਾ ਨਾ ਛੇੜਣਾ...!''
ਮੇਰੀ ਕਹਾਣੀ ਇਥੇ ਹੀ ਸਮਾਪਤ ਹੁੰਦੀ ਹੈ, ਪਰ ਹੋ ਸਕਦਾ ਹੈ ਪਾਠਕ ਪੁੱਛਣ' ''ਤਦ ਕੀ ਉਹ ਸੱਚਮੁੱਚ ਚਲੀ ਗਈ? ਆਪਣੇ ਪਤੀ ਨੂੰ ਛੱਡ ਗਈ?''
ਮੇਰਾ ਜਵਾਬ ਹੈ-''ਜੀ ਹਾਂ, ਉਹ ਬਿਲਕੁਲ ਚਲੀ ਗਈ, ਪਰ ਸਿਰਫ ਦੂਜੇ ਕਮਰੇ ਵਿਚ ਸੌਣ ਲਈ।''
(ਅਨੁਵਾਦ : ਸੁਖਦਰਸ਼ਨ ਨੱਤ)


ਗ਼ਦਰ ਲਹਿਰ ਦੀ ਕਵਿਤਾ 

ਜਦੋਂ ਵੀ ਲਹਿਰਾਂ ਉਠਦੀਆਂ ਹਨ ਤਾਂ ਵੱਖ ਵੱਖ ਜਮਾਤਾਂ ਦੀ ਕਵਿਤਾ ਵੀ ਨਾਲ ਹੀ ਜੰਮਦੀ, ਉਠਦੀ, ਪ੍ਰਵਾਨ ਚੜ੍ਹਦੀ ਤੇ ਲਹਿਰ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੀ ਹੈ। ਗ਼ਦਰੀਆਂ ਨੂੰ ਉਸ ਗੁਲਾਮੀ ਦੇ ਦੌਰ ਵਿਚ ਇਸ ਗੱਲ ਦਾ ਪੂਰਨ ਗਿਆਨ ਸੀ ਕਿ ਦੇਸ਼ ਦੀ ਆਜ਼ਾਦੀ ਲਈ ਭਾਰਤ ਦੇ ਵਿਸ਼ਾਲ ਜਨਸਮੂਹਾਂ ਦਾ ਏਕਾ ਅਤੇ ਬਰਤਾਨਵੀ ਧਾੜਵੀਆਂ ਵਿਰੁੱਧ ਸੰਘਰਸ਼ ਦੋਵੇਂ ਹੀ ਲਾਜ਼ਮੀ ਹਨ। ਉਸ ਸਮੇਂ ਵੀ ਫਿਰਕਾਪ੍ਰਸਤੀ ਤੇ ਵੱਖ ਵੱਖ ਧਾਰਮਕ ਝਗੜੇ ਮੌਜੂਦ ਸਨ ਜੋ ਆਜ਼ਾਦੀ ਲਈ ਸੰਘਰਸ਼ ਦੇ ਰਾਹ ਵਿਚ ਭਾਰੀ ਰੁਕਾਵਟਾਂ ਸਨ। ਇਸ ਲਈ ਗ਼ਦਰ ਲਹਿਰ ਦੇ ਇਸ ਦੌਰ ਦੌਰਾਨ ਦੀ ਕਵਿਤਾ ਵਿਚ ਹਿੰਦੂ-ਸਿੱਖ-ਮੁਸਲਮਾਨ ਏਕੇ ਅਤੇ ਬਰਤਾਨਵੀ ਸਾਮਰਾਜ ਵਿਰੁੱਧ ਜ਼ੋਰਦਾਰ ਸੰਘਰਸ਼ ਦੇ ਸੁਰ ਦੀ ਗੂੰਜ ਪ੍ਰਧਾਨ ਸੀ। ਇਹ ਹੀ ਲੋਕ-ਪੱਖੀ ਕਵਿਤਾ ਤੇ ਸਾਹਿਤ ਦਾ ਰੋਲ ਹੈ ਕਿ ਉਹ ਸਮਾਜਕ ਯਥਾਰਥ ਨੂੰ ਚਿੱਤਰੇ ਤੇ ਬਾਹਰਮੁਖੀ ਤੇ ਅੰਤਰਮੁਖੀ ਹਾਲਤਾਂ ਅਨੁਸਾਰ ਆਪਣਾ ਰੋਲ ਅਦਾ ਕਰੇ। ਚਿੱਲੀ ਦੇ ਮਹਾਨ ਦੇਸ਼ ਭਗਤ, ਇਨਕਲਾਬੀ ਅਤੇ 1971 ਵਿਚ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨੇ ਜਾਣ ਵਾਲੇ ਪ੍ਰਤੀਬੱਧ ਲੋਕ ਕਵੀ, ਪਾਬਲੋ ਨੇਰੂਦਾ ਨੇ ਕਵਿਤਾ ਬਾਰੇ ਕਿਹਾ ਹੈ ਕਿ, ''ਕਵਿਤਾ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਇਹ ਬਾਹਰ ਗਲੀਆਂ ਵਿਚ ਨਿਕਲ ਆਉਂਦੀ ਹੈ, ਇਸ ਜਾਂ ਉਸ ਹਮਲੇ ਵਿਚ ਹਿੱਸਾ ਲੈਂਦੀ ਹੈ, ਜਦੋਂ ਉਸ ਨੂੰ ਬਾਗੀ ਆਖਦੇ ਹਨ ਤਾਂ ਕਵੀ ਡਰਦਾ ਨਹੀਂ। ਕਵਿਤਾ ਬਗਾਵਤ ਹੈ।'' ਗਦਰ ਲਹਿਰ ਦੀ ਕਵਿਤਾ ਵੀ ਇਸ ਲੀਹ ਤੇ ਲਿਖੀ ਕਵਿਤਾ ਹੈ, ਅਸੀਂ ਇੱਥੇ 'ਸੰਗਰਾਮੀ ਲਹਿਰ' ਦੇ ਪਾਠਕਾਂ ਲਈ ਕੁੱਝ ਕੁ ਨਮੂਨੇ ਪੇਸ਼ ਕਰ ਰਹੇ ਹਾਂ :    
- ਸੰਪਾਦਕੀ ਮੰਡਲ

ਕਿਤਨੇ ਭਗਵੇਂ ਪਹਿਨ ਕਪੜੇ ਕਹਿਨ ਬ੍ਰੰਮ ਗਿਆਨੀ ਹੈਂ,
ਝੁੰਭ ਮਾਰ ਕੇ ਕਾਲਾ ਕੰਬਲ ਆਖਨ ਬੜੇ ਧਿਆਨੀ ਹੈਂ।
ਧਨ ਦੌਲਤ ਅਰ ਦੁਨੀਆਂ ਸਾਰੀ ਰਾਗ-ਰੰਗ ਸਭ ਫਾਨੀ ਹੈਂ,
ਰਾਜ ਕਾਜ ਦੇ ਕਰਨੇ ਵਾਲੇ ਬਹੁਤ ਬੜੇ ਅਭਿਮਾਨੀ ਹੈਂ।
ਕੌਮ ਗਰਕ ਗਈ ਸਾਰੀ ਭਾਵੇਂ ਸੰਤ ਸਵਰਗ ਨੂੰ ਜਾਵਨਗੇ,
ਆਪੇ ਰਲ ਮਿਲ ਬਾਗੀ ਸਾਰੇ ਜਲਦੀ ਗ਼ਦਰ ਮਚਾਵਨਗੇ। 

-----------------
''ਮਿਲ ਕੇ ਸਭ ਗਰੀਬਾਂ ਨੇ ਗਦਰ ਕਰਨਾ, 
ਆਸ ਰੱਖਣੀ ਨਹੀਂ ਸ਼ਾਹੂਕਾਰ ਵਾਲੀ। 
ਛੂਤ ਛਾਤ ਦਾ ਕੋਈ ਖਿਆਲ ਨਾਹੀਂ,
ਸਾਨੂੰ ਪਰਖ ਨਾ ਚੂਹੜੇ ਚਮਾਰ ਵਾਲੀ। 
ਖਾਤਰ ਅਸਾਂ ਆਜ਼ਾਦੀ ਦੀ ਜੰਗ ਕਰਨਾ, 
ਕਰਨੀ ਦੂਰ ਹੁਣ ਰਸਮ ਬੇਗਾਰ ਵਾਲੀ।
ਪਿਛੋਂ ਗਦਰ ਦੇ ਮਾਮਲਾ ਮਾਫ ਸਭ ਨੂੰ,
ਖੇਤੀ ਕਰਾਂਗੇ ਮੌਜ ਬਹਾਰ ਵਾਲੀੇ।''

-----------------

ਸਾਨੂੰ ਲੋੜ ਨਾ ਪੰਡਤਾਂ ਕਾਜੀਆਂ ਦੀ, 
ਨਹੀਂ ਸ਼ੌਕ ਹੈ ਬੇੜਾ ਡੁਬਾਵਨੇ ਦਾ
ਜਪ ਜਾਪ ਦਾ ਵਕਤ ਬਤੀਤ ਹੋਇਆ,
ਵੇਲਾ ਆ ਗਿਆ ਤੇਗ ਉਠਾਵਨੇ ਦਾ।
-----------------

ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ,
ਭੈੜਾ ਕੰਮ ਫੜਿਆ ਧੜੇਬੰਦੀਆਂ ਦਾ।
ਛੂਤ ਛਾਤ ਅੰਦਰ ਊਚ ਨੀਚ ਬਣਕੇ,
ਉਲਟਾ ਕੰਮ ਕੀਤਾ ਫਿਰਕੇਬੰਦੀਆਂ ਦਾ।
ਗਿਆ ਦੇਸ਼ ਦਾ ਭੁਲ ਪਯਾਰ ਸਾਨੂੰ,
ਹੋਯਾ ਅਸਰ ਜੋ ਸੋਹਬਤਾਂ ਮੰਦੀਆਂ ਦਾ।
-----------------
ਮਜ਼ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ,
ਕੀਤੇ ਦੇਸ਼ ਦਾ ਨਹੀਂ ਧਿਆਨ ਵੀਰੋ।
ਤੁਸਾਂ ਭੋਲਿਓ ਮੂਲ ਨਾ ਖ਼ਬਰ ਲੱਗੀ,
ਝਗੜਾ ਘਤਿਆ ਵੇਦ ਕੁਰਾਨ ਵੀਰੋ।
ਦੇਸ਼ ਪੱਟਿਆ ਤੁਸਾਂ ਦੇ ਝਗੜਿਆਂ ਨੇ, 
ਤੁਸੀਂ ਸਮਝਦੇ ਨਹੀਂ ਨਦਾਨ ਵੀਰੋ। 
ਮੰਦਰ ਮਸਜਦਾਂ ਤੁਸਾਂ ਦੇ ਢੈਣ ਲੱਗੇ,
ਕੇਹੜੀ ਗੱਲ ਦਾ ਤੁਸਾਂ ਗੁਮਾਨ ਵੀਰੋ,
-----------------

ਗਊ ਸੂਰ ਦੀ ਤੁਸਾਂ ਨੂੰ ਕਸਮ ਭਾਈ,
ਗੌਰੇ ਰੋਜ਼ ਹੀ ਇਨ੍ਹਾਂ ਨੂੰ ਖਾਣ ਵੀਰੋ।
ਹਿੰਦੂ ਮੁਸਲਮਾਨੋਂ ਝਗੜਾ ਛੱਡ ਦੇਵੋ,
ਲਵੋ ਦੇਸ਼ ਤੇ ਕੌਮ ਨੂੰ ਜਾਨ ਵੀਰੋ। 
-----------------

ਜ਼ਿਮੀਂ ਵੇਹਲ ਦੇਵੇ ਅਸੀਂ ਗਰਕ ਜਾਈਏ,
ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ।
ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ,
ਤੁਸੀਂ ਬੈਠੇ ਹੋ ਵਿਚ ਅਨਜੋੜ ਕਾਹਨੂੰ।
ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ,
ਸਿੰਘੋ ਛੱਡਿਆ ਮੁੱਖ ਮਰੋੜ ਕਾਹਨੂੰ।
-----------------

ਤੁਸੀਂ ਦੀਨ ਈਮਾਨ ਦੇ ਪਏ ਪਿੱਛੇ, 
ਫਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ। 
ਆਪਸ ਵਿਚ ਲੜਨਾ ਮੰਦਾ ਕੰਮ ਫੜਿਆ,
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ। 
ਹੀਰਾ ਹਿੰਦ ਹੀਰਾ ਖਾਕ ਰੋਲ ਦਿੱਤਾ,
ਕੌਲੋ ਘਤ ਕੇ ਵੇਦ ਕੁਰਾਨ ਵਾਲੇ। 
ਗਾਈਂ ਸੂਰ ਝਟਕਾ ਜੇਕਰ ਦੁੱਖ ਦਿੰਦਾ, 
ਗੋਰੇ ਹੈਨ ਤਿੰਨੇ ਚੀਜ਼ਾਂ ਖਾਨ ਵਾਲੇ। 


ਨਾਨਕ

- ਜਸਵੰਤ ਜ਼ਫਰ

ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ 
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ 'ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ -
ਪਰਿਵਾਰ ਨੂੰ 
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖ਼ਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ 
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵੱਢਵਾ ਸਕਦਾ
ਤੇ ਹੋਰ ਵੀ ਬੜਾ ਕੁੱਝ ਗ਼ਲਤ ਕਰਵਾ ਸਕਦਾ
ਮਸਲਨ 
ਅਸੀਂ ਮਜ਼ਹਬੀ ਚਿੰਨਾ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਯਾਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ
ਅਜਿਹੇ ਖ਼ਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪੱਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਆਸ਼ੀਰੀ ਹੱਥ
ਹੱਥ 'ਚੋਂ ਫੁੱਟਦੀ ਮਿਹਰ
ਤੇ ਅੱਖਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਕੋਮਲਤਾ
ਸੱਨ-ਸਿਲਕੀ ਸ਼ਫ਼ਾਫ ਦਾਹੜੀ
ਗੋਲ਼ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ਼ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲ਼ੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ 'ਤੇ 
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕੇ ਤੁਰਨ ਵਾਲੇ
'ਖ਼ਤਰਨਾਕ' ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ ਮਾਫ ਕਰਨਾ। 


कविता
उठो! जाग जाओ

- राजकुमारी राठौड़
मेरे ये गीत सिर्फ सुनाने के लिए नहीं 
ये आह्वान है! उनको जगाने के लिये
कुटिया में बसते जो फुटपाथों पे सोते 
बेबस श्रमिक मकादूरों किसानों के लिए।
रिक्शा चलाते या ख़दानों के शोषित 
ज़मीं पे बसे उन जवानों को अर्पण
क्यों जवानी में बूढ़े हुए जा रहे?
उठो! जाग जाओ! हिम्मत दिखाओ।
कौन देगा तुम्हे पद्मभूषण विभूषण
असल हकदार तुम ही रत्नभारत विभूषण
जिनके कंधों पे निर्माण नींवें डलीं
कौन पोंछेगा आँसू जो रोटी को बेबस।
कौन सत्ता संवारेगा उनको बता दो
ये अफसर सियासत खुदगर्का इतने
घोटालों से इनको फुरसत कहां!
बातें बड़ी बस करते हैं बढक़र।
करना है कुछ तो गरीबी मिटा दो
किसानों की कुटिया में खुशहाली ला दो
किसी बेबस की बिटिया प्रताडि़त न हो
नारी की अस्मत बढक़र बचा लो।
बोझिल बनी है मानवता सारी
आतंकी हमलों का खतरा मिटा दो
करना है कुछ तो उठो! जाग जाओ
जियो तुम भी सबको जीना सिखा दो। 


ਗ਼ਜ਼ਲ

- ਜਗਤਾਰ 
ਮੰਜ਼ਿਲ ਤੇ ਜੋ ਨਾ ਪਹੁੰਚੇ, ਪਰਤੇ ਨਾ ਜੋ ਘਰਾਂ ਨੂੂੰ,
ਰ੍ਹਾਵਾਂ ਨੇ ਖਾ ਲਿਆ ਹੈ, ਉਨ੍ਹਾਂ ਮੁਸਾਫਰਾਂ ਨੂੰ।
ਸੜਦੇ ਹੋਏ ਵਣਾਂ ਨੂੰ ਕੋਈ ਹੀ ਗੌਲਦਾ ਹੈ, 
ਲਗਦੀ ਹੈ ਲਾਸ ਅੱਗ ਦੀ ਆਪਣੇ ਜਦੋਂ ਪਰਾਂ ਨੂੰ।
ਬਰਬਾਦ ਕਰਕੇ ਸਾਨੂੰ, ਜੋ ਝੋਲ ਪਾਉਣ ਘੋਗੇ, 
ਆਓ ਨਕੇਲ ਪਾਈਏ, ਉਨ੍ਹਾਂ ਸਮੁੰਦਰਾਂ ਨੂੰ।
ਤਪਦੇ ਥਲਾਂ 'ਚ ਏਦਾਂ, ਆਈ ਹੈ ਯਾਦ ਤੇਰੀ, 
ਕਮਲਾਂ ਦੇ ਖ਼ਾਬ ਆਵਣ ਜਿਉਂ ਸੁਕ ਗਏ ਸਰਾਂ ਨੂੰ।
ਤਨਹਾਈ ਨੇ ਹੀ ਮੇਰਾ, ਆਖ਼ਰ ਨੂੰ ਹੱਥ ਫੜਿਆ, 
ਸਭ ਲੋਕ, ਆਪਣੇ ਆਪਣੇ ਜਾਂ ਤੁਰ ਗਏ ਘਰਾਂ ਨੂੰ।
ਭੁੱਖਾਂ ਦੇ ਨਾਲ ਹੰਭੇ, ਝਖੜ ਦੇ ਨਾਲ ਝੰਬੇ, 
ਲੋਕੀਂ ਉਡੀਕਦੇ ਨਾ, ਰੁੱਤਾਂ ਨੂੰ ਰਹਿਬਰਾਂ ਨੂੰ।
ਬਾਜ਼ਾਂ ਨੇ ਅੰਤ ਉਡਣਾ, ਅੰਬਰ ਤੋਂ ਵੀ ਅਗੇਰੇ, 
ਪਾਏਗਾ ਡੋਰ ਕੋਈ, ਕਦ ਤੀਕ ਭਲਾ ਪਰਾਂ ਨੂੰ।


ਨਵਾਂ ਸਫ਼ਰ

- ਮਦਨ ਵੀਰਾ
ਸੁਪਨਿਆਂ ਦੀ ਭਾਲ਼ ਵਿਚ ਹੋ
ਚਾਹੁੰਦੇ ਹੋ
ਕਿ ਪਤਝੜ ਦਾ ਇਹ ਪਹਿਰਾ
ਪੁੱਗ ਜਾਵੇ
ਤੇ ਪੀਲੇ ਭੂਕ ਹੋਏ
ਵਸਾਰ ਬੱਗੇ ਚਿਹਰਿਆਂ 'ਤੇ
ਚੜ੍ਹਦੇ ਸੂਰਜ ਦੀ ਲਾਲੀ ਜਿਹਾ ਕੁਝ ਉਗ ਆਵੇ
ਤਾਂ ਕੀਤੇ ਸਫ਼ਰ 'ਤੇ
ਫਿਰ ਝਾਤ ਮਾਰੋ
'ਤੇ ਪੌਣੀ ਸਦੀ ਨੂੰ ਚਿਤਵੋ-ਵਿਚਾਰੋ
ਰਾਹ ਦੇ ਮੀਲ ਪੱਥਰਾਂ ਵੱਲ
ਤੁਰੋ ਤੁਸੀਂ ਪਿੱਠ ਕਰਕੇ
ਖੋਟੇ ਸਫ਼ਰ ਨੂੰ ਅਣਡਿੱਠ ਕਰਕੇ
ਅਖੌਤੀ ਰਹਿਬਰਾਂ ਦੀ ਰਹਿਬਰੀ
ਮਨ ਵਿਚ ਚਿਤਾਰੋ
ਉਨ੍ਹਾਂ ਦੇ ਮੀਸਣੇ ਮੂੰਹ
'ਤੇ ਮਖੌਟੇ-ਰੰਗਲੇ ਬਾਣੇ 
ਦੋ-ਮੂੰਹੇ ਆਖਦੇ ਕਿ ਹੁੰਦਾ ਹੈ ਸਭ ਕੁੱਝ 
ਰੱਬ ਦੇ ਭਾਣੇ
ਤੇ ਭਾਣਾ ਈਨ ਮੰਨਣ ਦਾ
ਡਾਢੇ ਦਾ ਦੀਨ ਮੰਨਣ ਦਾ
ਕੁਦਰਤ ਦੀ ਕਾਦਰੀ ਨੂੰ ਉਸ ਦੇ 
ਅਧੀਨ ਮੰਨਣ ਦਾ
ਆਪਣੇ ਆਪ ਨੂੰ ਬੇਵੱਸ
ਬਹੁਤ ਮਸਕੀਨ ਮੰਨਣ ਦਾ
ਤੁਸੀਂ ਇਨਕਾਰ ਕਰਨਾ ਹੈ
ਫਰੇਬੀ ਇਸ ਬਾਣੇ ਤੋਂ
ਗਿਰਗਟਾਂ ਵਾਂਗ ਬਦਲਦੇ
ਹਰ ਸਾਲ ਤਾਣੇ ਤੋਂ
ਤਿੜਕਦੀ ਛੱਤ
ਸਲ੍ਹਾਬੇ ਘਰ
'ਤੇ ਨ੍ਹੇਰੀ ਗਲ਼ੀ ਦਾ
ਫਿਰ ਮੋਹ ਛੱਡਕੇ
ਦਰਾਂ ਵੱਲ ਪਿੱਠ ਕਰਕੇ
ਚੁਰਾਹੇ ਲੀਕ ਕੱਢਕੇ
ਨਵੀਂ ਕੋਈ ਲੀਕ ਮਾਰੋ
ਪੱਕੀ ਧਾਰੋ
ਨਵੇਂ ਸਫ਼ਰ ਦਾ ਨਕਸ਼ਾ ਵਿਚਾਰੋ। 


ਸੁਕਰਾਤ ਦੀ ਚਰਚਾ ਕਰੋ

- ਸੁਲੱਖਣ ਸਰਹੱਦੀ
ਜ਼ਹਿਰ ਪੌਣੀਂ ਘੁਲ਼ ਗਈ ਸੁਕਰਾਤ ਦਾ ਚਰਚਾ ਕਰੋ।
ਡਾਢੀ ਕਾਲ਼ੀ ਰਾਤ ਹੈ ਇਸ ਰਾਤ ਦਾ ਚਰਚਾ ਕਰੋ।
ਬੰਦ ਬੰਦ ਕਟ ਕੇ ਵੀ ਜਿਹੜਾ ਲੋਕਾਂ ਸੰਗ ਜੁੜਿਆ ਰਿਹਾ,
ਤਾਰੂ ਸਿੰਘ ਦੇ ਸਿਦਕ ਦੀ ਸੌਗਾਤ ਦਾ ਚਰਚਾ ਕਰੋ।
ਬਲਮਾਂ, ਛਵ੍ਹੀਆਂ, ਬਲਵਿਆਂ ਦਾ, ਤਾਂ ਕਿ ਚਰਚਾ ਘਟ ਸਕੇ,
ਫੱਟੀ, ਬਾਲ ਉਪਦੇਸ਼, ਕਲਮ ਦੁਆਤ ਦਾ ਚਰਚਾ ਕਰੋ।
ਕਰ ਨਹੀਂ ਸਕਦੇ ਜੇ ਜੂਹਾਂ ਬਲਦੀਆਂ ਦੀ ਗੱਲ ਤੁਸੀਂ,
ਜੋ ਘਰੀਂ ਅੱਗ ਆ ਵੜੀ ਕਮਜਾਤ ਦਾ ਚਰਚਾ ਕਰੋ।
ਖੰਡਾਂ-ਬ੍ਰਹਿਮੰਡਾਂ ਅਗਾਸਾਂ ਵੱਲ ਵੀ ਜਾਵਾਂਗੇ ਫਿਰ,
ਪਹਿਲਾਂ ਬਲਦੀ ਧਰਤ ਕਾਇਨਾਤ ਦਾ ਚਰਚਾ ਕਰੋ।
ਬਾਜ਼ਾਂ ਦੇ ਮਰਨੇ, ਸਿੰਘਾਸਣ ਡੋਲਣੇ ਹੈ ਸਹਿਜ ਬਾਤ,
ਚਿੜੀਆਂ ਵਲੋਂ ਹੁੰਦੇ ਆਤਮਘਾਤ ਦਾ ਚਰਚਾ ਕਰੋ।
ਸਾਜਿਸ਼ਾਂ ਵਿਚ ਗਰਕੀਆਂ ਸੂਰਤਾਂ ਨੂੰ ਰੱਖੋ ਅੱਖ ਵਿਚ,
ਛਲ ਕਪਟ ਤੋਂ ਰਹਿਤ ਹਰ ਜਜ਼ਬਾਤ ਦਾ ਚਰਚਾ ਕਰੋ। 
ਡਾਢੇ ਨੇਰ੍ਹੇ ਝਾਗ ਕੇ ਸਰਹੱਦੀ ਲੱਭੀ ਜੋ ਅਸਾਂ,
ਇਹ ਧੁਆਂਖੀ ਕਿਉਂ ਗਈ ਪ੍ਰਭਾਤ ਦਾ ਚਰਚਾ ਕਰੋ।


ਗ਼ਜ਼ਲ

- ਜਗਤਾਰ ਸਾਲਮ
ਖ਼ਿਆਲਾਂ ਨੂੰ ਤੂੰ ਏਦਾਂ ਕੈਦ ਨਾ ਕਰਿਆ ਕਰ
ਪੁਸਤਕ ਨੂੰ ਅਲਮਾਰੀ ਵਿਚ ਨਾ ਧਰਿਆ ਕਰ
ਮਨ ਆਖੇ ਮੈਨੂੰ ਭੋਰਾ ਨਾ ਜਰਿਆ ਕਰ
ਅੱਗ ਕਹੇ ਮੈਨੂੰ ਮੇਰੇ ਤੋਂ ਡਰਿਆ ਕਰ
ਜੇਕਰ ਕੋਰਾ ਸੱਚ ਨਹੀਂ ਲਿਖਿਆ ਜਾਂਦਾ
ਫਿਰ ਐਵੇਂ ਨਾ ਕੋਰੇ ਪੰਨੇ ਭਰਿਆ ਕਰ
ਜਦ ਸਭ ਸੜ ਜਾਵੇ ਤਾਂ ਰੌਲਾ ਪਾਉਂਨਾ ਏਂ
ਅੱਗ ਬੁਝਾਉਣ ਲਈ ਵੀ ਤੂੰ ਕੁਝ ਕਰਿਆ ਕਰ
ਆਪਣੇ ਸਿਰ ਵੀ ਦੋਸ਼ ਲਿਆ ਕਰ ਤੂੰ ਕੋਈ
ਹਰ ਵਾਰੀ ਨਾ ਨਾਮ ਹਵਾ ਦਾ ਧਰਿਆ ਕਰ।

ਜਨਤਕ ਲਾਮਬੰਦੀ (ਸੰਗਰਾਮੀ ਲਹਿਰ, ਜੁਲਾਈ 2013)

17 ਮਜ਼ਦੂਰ-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੜਕਦੀ ਧੁੱਪ 'ਚ ਹਜ਼ਾਰਾਂ ਮਜ਼ਦੂਰਾਂ-ਕਿਸਾਨਾਂ ਵੱਲੋਂ ਕਈ ਥਾਈਂ ਰੋਸ ਪ੍ਰਦਰਸ਼ਨ

ਪੰਜਾਬ ਦੀਆਂ 17 ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ 7 ਜੂਨ ਨੂੰ ਦੁਆਬਾ ਜ਼ੋਨ ਦੇ ਹਜ਼ਾਰਾਂ ਮਜ਼ਦੂਰਾਂ ਕਿਸਾਨਾਂ ਵਲੋਂ ਜਲੰਧਰ, ਮਾਝਾ ਜ਼ੋਨ ਦੇ ਅੰਮ੍ਰਿਤਸਰ ਅਤੇ ਮਾਲਵਾ ਜ਼ੋਨ ਦੇ ਬਰਨਾਲਾ ਵਿਖੇ ਹਜ਼ਾਰਾਂ ਕਿਸਾਨਾਂ ਅਤੇ ਪੇਂਡੂ ਤੇ ਖੇਤ ਮਜ਼ਦੂਰਾਂ ਨੇ ਅੱਤ ਦੀ ਗਰਮੀ ਦੇ ਬਾਵਜੂਦ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੈਲੀਆਂ ਕਰਕੇ ਭਖਦੀਆਂ ਮੰਗਾਂ ਦੇ ਹੱਕ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਰਨ ਤਾਰਨ ਜ਼ਿਲ੍ਹੇ ਦੇ ਜੀਉਬਾਲਾ ਕਾਂਡ ਨਾਲ ਸੰਬੰਧਤ ਗ੍ਰਿਫਤਾਰ ਸਮੁੱਚੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਫੌਰੀ ਰਿਹਾਅ ਕੀਤਾ ਜਾਵੇ। ਵੱਖ-ਵੱਖ ਜ਼ਿਲ੍ਹਾ ਕੇਂਦਰਾਂ ਤੇ ਜਮਹੂਰੀ ਢੰਗ ਨਾਲ ਆਪਣੀਆਂ ਮੰਗਾਂ ਲਈ ਇਕੱਠੇ ਹੋਣ 'ਤੇ ਲਾਈਆਂ ਰੋਕਾਂ ਫੌਰੀ ਖਤਮ ਕੀਤੀਆਂ ਜਾਣ। ਧਰਮ, ਜਾਤ ਅਤੇ ਲੋਡ ਦੀ ਸ਼ਰਤ ਖਤਮ ਕਰਕੇ ਬੇਰੁਜ਼ਗਾਰਾਂ, ਬੇਜ਼ਮੀਨੇ ਮਜ਼ਦੂਰਾਂ ਦੇ ਸਮੁੱਚੇ ਘਰੇਲੂ ਬਿਜਲੀ ਬਿੱਲ ਮਾਫ ਕੀਤੇ ਜਾਣ, ਕਿਸਾਨਾਂ ਦੀਆਂ ਬੰਬੀਆਂ ਵਾਂਗ ਹੀ ਮਜ਼ਦੂਰਾਂ ਦੇ ਬਿਜਲੀ ਬਕਾਏ ਬਿੱਲ ਬਿਨਾਂ ਸ਼ਰਤ ਮਾਫ ਕੀਤੇ ਜਾਣ, ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣੇ ਯਕੀਨੀ ਬਣਾਏ ਜਾਣ, ਖੁਦਕੁਸ਼ੀ ਕਰ ਗਏ ਕਿਸਾਨਾਂ-ਮਜ਼ਦੂਰਾਂ ਲਈ ਐਲਾਨਿਆਂ ਮੁਆਵਜ਼ਾ ਫੌਰੀ ਜਾਰੀ ਕੀਤਾ ਜਾਵੇ, ਮੈਨਸੇਂਟੋ ਕੰਪਨੀ ਨਾਲ ਕਿਸਾਨ ਵਿਰੋਧੀ ਬੀਜ ਖੋਜ ਸਮਝੌਤਾ ਰੱਦ ਕੀਤਾ ਜਾਵੇ, ਕਾਲਕੱਟ ਕਮੇਟੀ ਦੀ ਰਿਪੋਰਟ ਰੱਦ ਕੀਤੀ ਜਾਵੇ, ਕਿਸਾਨਾਂ ਨੂੰ ਦੁੱਧ ਸਮੇਤ ਸਾਰੀਆਂ ਜਿਣਸਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, ਜਨਤਕ ਵੰਡ ਪ੍ਰਣਾਲੀ ਤਹਿਤ ਸਾਰੀਆਂ ਨਿੱਤ ਵਰਤੋਂ ਦੀਆਂ ਵਸਤੂਆਂ ਸਮੇਤ ਦੁੱਧ ਗਰੀਬਾਂ ਨੂੰ ਸਸਤੇ ਭਾਅ ਦਿੱਤੀਆਂ ਜਾਣ, ਮਨਰੇਗਾ ਤਹਿਤ ਸਾਲ-ਭਰ ਰੁਜ਼ਗਾਰ ਅਤੇ 300 ਰੁਪਏ ਦਿਹਾੜੀ ਦੇਣਾ ਯਕੀਨੀ ਬਣਾਇਆ ਜਾਵੇ, ਸ਼ਗਨ ਸਕੀਮ, ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨ ਵਾਧੇ ਸਮੇਤ ਪਿਛਲੇ ਕੇਸਾਂ ਦਾ ਫੌਰੀ ਨਿਪਟਾਰਾ ਕੀਤਾ ਜਾਵੇ।  
ਜ਼ਿਲ੍ਹਾ ਪ੍ਰਸ਼ਾਸਕੀ ਦਫ਼ਤਰ ਜਲੰਧਰ ਵਿਖੇ ਹਜ਼ਾਰਾਂ ਮਜ਼ਦੂਰ ਕਿਸਾਨਾਂ, ਜਿਹਨਾਂ ਵਿੱਚ ਭਾਰੀ ਗਿਣਤੀ ਔਰਤਾਂ ਸ਼ਾਮਲ ਸਨ, ਵੱਲੋਂ ਕੜਕਦੀ ਧੁੱਪ ਵਿੱਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਜਬਰਦਸਤ ਰੋਸ ਧਰਨਾ ਦਿੱਤਾ। ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਰਤੀ ਲੋਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ ਜਿਥੋਂ ਰੋਹ-ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਡੀ.ਸੀ. ਦਫਤਰ ਪੁੱਜੇ। ਰੋਸ ਧਰਨੇ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂ) ਦੇ ਆਗੂਆਂ ਨੇ ਇੱਕ ਸਾਂਝੇ ਮਤੇ ਰਾਹੀਂ ਇਸ ਧਰਨੇ ਨੂੰ ਰੋਕਣ ਲਈ ਥਾਂ-ਥਾਂ ਪੁਲਸ ਨਾਕੇ ਲਾ ਕੇ ਮਜ਼ਦੂਰ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ਦੀ ਸਖਤ ਨਿੰਦਾ ਕੀਤੀ। ਭੱਖਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਆਗੂਆਂ ਨੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਤਰਸੇਮ ਪੀਟਰ, ਹਰਮੇਸ਼ ਮਾਲੜੀ, ਗੁਰਨਾਮ ਸਿੰਘ ਸੰਘੇੜਾ, ਬਲਵਿੰਦਰ ਸਿੰਘ ਬਾਜਵਾ, ਦਰਸ਼ਨ ਨਾਹਰ, ਕਸ਼ਮੀਰ ਘੁੱਗਸ਼ੋਰ, ਹਰਪਾਲ ਬਿੱਟੂ, ਜਸਵਿੰਦਰ ਸਿੰਘ ਢੇਸੀ, ਮਨਹੋਰ ਸਿੰਘ ਗਿੱਲ, ਬਲਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ ਚੰਦੀ, ਕੁਲਦੀਪ ਸਿੰਘ ਬਾਂਗਰ, ਲਖਵਿੰਦਰ ਸਿੰਘ ਬਾਉਪੁਰ, ਪਰਮਜੀਤ ਰੰਧਾਵਾ, ਸੁਨਾਲੀ ਸ਼ਰਮਾ ਟੀਚਰ ਯੂਨੀਅਨ, ਸੰਤੋਖ ਸਿੰਘ ਬਿਲਗਾ, ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਬਾਬੂਪੁਰ, ਭੁਪਿੰਦਰ ਮਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮਾਝੇ ਦੇ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਤੋਂ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਧੰਨਵੰਤ ਸਿੰਘ ਖਤਰਾਏ ਕਲਾਂ, ਰਤਨ ਸਿੰਘ ਰੰਧਾਵਾ, ਅਸ਼ਵਨੀ ਕੁਮਾਰ, ਬਾਬਾ ਗੁਰਚਰਨ ਸਿੰਘ ਚੱਬਾ, ਗੁਰਸਾਹਿਬ ਸਿੰਘ ਚਾਟੀਵਿੰਡ, ਅਮਰੀਕ ਸਿੰਘ ਦਾਉਦ, ਹੀਰਾ ਸਿੰਘ ਚੱਕ ਸਕੰਦਰ, ਸਵਿੰਦਰ ਸਿੰਘ ਟਪਿਆਲਾ ਦੀ ਅਗਵਾਈ ਹੇਠ ਜਥੇਬੰਦੀਆਂ ਦੇ ਝੰਡੇ ਲੈ ਕੇ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ, ਜਿਥੇ ਲਗਾਤਾਰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ-ਮਜ਼ਦੂਰ-ਮਾਰੂ ਨੀਤੀਆਂ ਖਿਲਾਫ ਨਾਹਰੇ ਗੂੰਜਦੇ ਰਹੇ। ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੁਬਾਈ ਮੀਤ ਪ੍ਰਧਾਨ ਦਤਾਰ ਸਿੰਘ, ਬੀ ਕੇ ਯੂ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਕਿਸਾਨ ਸੰਘਰਸ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਕੰਵਲਜੀਤ ਸਿੰਘ ਪੰਨੂੰ, ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈੱਸ ਸਕੱਤਰ ਸਰਵਣ ਸਿੰਘ ਪੰਧੇਰ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੁਬਾਈ ਆਗੂ ਧਰਮਿੰਦਰ  ਅਜਨਾਲਾ ਨੇ ਕਿਹਾ ਕਿ ਸਾਡਾ ਸੰਘਰਸ਼ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਪੰਜਾਬ ਸਰਕਾਰ ਦੀ ਦਮਨਕਾਰੀ ਨੀਤੀ ਸੰਘਰਸ਼ ਨੂੰ ਦਬਾਅ ਨਹੀਂ ਸਕੇਗੀ। 
ਇਸ ਮੌਕੇ ਰਘਵੀਰ ਸਿੰਘ, ਕਾਰਜ ਸਿੰਘ ਘਰਿਆਲਾ, ਬਾਜ ਸਿੰਘ ਸਹੂੰਗੜਾ, ਲਾਲ ਚੰਦ ਕਟਾਰੂਚੱਕ, ਬਲਵਿੰਦਰ ਸਿੰਘ, ਹਰਚਰਨ ਸਿੰਘ, ਪ੍ਰਗਟ ਸਿੰਘ ਜਾਮਾਰਾਏ, ਦਵਿੰਦਰ ਸਿੰਘ, ਸਤਨਾਮ ਸਿੰਘ ਝੰਡੇਰ, ਜਸਪਾਲ ਸਿੰਘ, ਅਰਸਾਲ ਸਿੰਘ ਸੰਧੂ, ਗੁਰਮੀਤ ਸਿੰਘ ਬਖਤਪੁਰ ਅਤੇ ਸੁਖਦੇਵ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। 

ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਪ੍ਰਦਰਸ਼ਨ

ਕੋਟਕਪੂਰਾ ਨੇੜਲੇ ਪਿੰਡ ਖਾਰਾ ਵਿਖੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਮਜ਼ਦੂਰ ਨੌਜਵਾਨ ਸੁਖਰਾਮ ਕਾਲਾ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੇ ਵਰਕਰਾਂ ਵੱਲੋਂ ਸੂਬਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਦੀ ਅਗਵਾਈ ਹੇਠ ਥਾਣਾ ਸਿਟੀ ਕੋਟਕਪੂਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਮਜ਼ਦੂਰ ਨੂੰ ਜ਼ਖਮੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜਥੇਬੰਦੀਆਂ ਦੇ ਆਗੂਆਂ ਸਰਵਸਾਥੀ ਜਗਜੀਤ ਸਿੰਘ ਜੱਸੇਆਣਾ, ਸੁਖਦੇਵ ਸਿੰਘ ਸਫਰੀ ਢਿਲਵਾਂ ਕਲਾਂ, ਬਲਕਾਰ ਸਿੰਘ ਔਲਖ ਨੇ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦੋਸ਼ੀ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।  
ਦਿਹਾਤੀ ਮਜ਼ਦੂਰ ਸਭਾ ਦੇ ਦਬਾਅ ਹੇਠ ਥਾਣਾ ਸਿਟੀ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ । ਇਸ ਤੋਂ ਬਾਅਦ ਵਰਕਰਾਂ ਨੇ ਰੋਸ ਧਰਨਾ ਸਮਾਪਤ ਕੀਤਾ। 

ਦਿਹਾਤੀ ਮਜ਼ਦੂਰ ਸਭਾ ਨੇ ਦਰਜ ਕਰਵਾਇਆ ਵਿਧਾਇਕ ਦੇ ਰਿਸ਼ਤੇਦਾਰ ਖਿਲਾਫ ਪਰਚਾ

ਇੱਕ ਸੇਵਾ-ਮੁਕਤ ਮੁਲਾਜ਼ਮ ਦੀ ਸਰੇਆਮ ਕੁੱਟਮਾਰ ਕਰਨ ਵਾਲੇ ਸਿਆਸੀ ਸ਼ਹਿ ਪ੍ਰਾਪਤ ਇੱਕ ਵਿਅਕਤੀ ਖ਼ਿਲਾਫ਼ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕਾਨਵਾਂ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਥਾਣਾ ਕਾਨਵਾਂ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਗਿਆ।  ਧਰਨਾਕਾਰੀਆਂ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ ਕਰ ਰਹੇ ਸਨ। ਇਸ ਮੌਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸਾਥੀ ਲਾਲ ਚੰਦ ਨੇ ਕਿਹਾ ਕਿ ਹਲਕਾ ਭੋਆ ਦੀ ਵਿਧਾਇਕਾ ਸੀਮਾ ਦੇਵੀ ਦੇ ਰਿਸ਼ਤੇਦਾਰ ਜੋਗਿੰਦਰਪਾਲ ਉਰਫ਼ ਪੰਮੀ ਵਾਸੀ ਪਿੰਡ ਕਟਾਰੂਚੱਕ ਵੱਲੋਂ ਹਲਕੇ ਅੰਦਰ ਗੁੰਡਾਗਰਦੀ ਕਰਦਿਆਂ ਜੋ ਦਹਿਸ਼ਤ ਫੈਲਾਈ ਜਾ ਰਹੀ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਪੁਲਸ ਨੇ ਅਜਿਹੇ ਅਨਸਰਾਂ ਨੂੰ ਨੱਥ ਨਾ ਪਾਈ ਤਾਂ ਉਹ ਆਪਣੇ ਸੰਘਰਸ਼ ਨੂੰ ਵੱਡੀ ਪੱਧਰ 'ਤੇ ਲੈ ਕੇ ਜਾਣਗੇ। ਕਾਮਰੇਡ ਕਟਾਰੂਚੱਕ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਜੋਗਿੰਦਰਪਾਲ ਪੰਮੀ ਨੇ ਗੁੰਡਾਗਰਦੀ ਦਿਖਾਉਂਦਿਆਂ ਜੋਗਿੰਦਰਪਾਲ ਪੁੱਤਰ ਮਸਤ ਰਾਮ ਨਾਂਅ ਦੇ ਸੇਵਾ-ਮੁਕਤ ਮੁਲਾਜ਼ਮ ਨੂੰ ਬਿਨਾਂ ਵਜ੍ਹਾ ਸਰੇਆਮ ਕੁੱਟ ਦਿੱਤਾ ਸੀ, ਜਿਸ ਦੀ ਸ਼ਿਕਾਇਤ ਕਾਨਵਾਂ ਪੁਲਸ ਨੂੰ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਇਸ ਵਿਅਕਤੀ ਵੱਲੋਂ ਰਾਣੋ ਦੇਵੀ ਨਾਂਅ ਦੀ ਇਕ ਨਰਸ ਨੂੰ ਮੋਬਾਇਲ 'ਤੇ ਧਮਕੀਆਂ ਦਿੰਦਿਆਂ ਉਸ ਦੇ ਪਤੀ ਤਿਰਲੋਕ ਚੰਦ ਖ਼ਿਲਾਫ਼ ਮਾੜਾ ਚੰਗਾ ਬੋਲਿਆ ਅਤੇ ਉਸ ਦੀ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਗਈ। ਕਾਮਰੇਡ ਕਟਾਰੂਚੱਕ ਨੇ ਕਿਹਾ ਕਿ ਰਾਣੋ ਦੇਵੀ ਨੂੰ ਧਮਕਾਉਣ ਸੰਬੰਧੀ ਜਦੋਂ ਦੂਸਰੀ ਵਾਰ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਨੇ ਇਸ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਲਗਾਤਾਰ ਮਾਮਲੇ ਨੂੰ ਦਬਾਏ ਜਾਣ ਦਾ ਯਤਨ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਦੋਸ਼ੀ ਪੰਮੀ ਵਿਧਾਇਕਾ ਸੀਮਾ ਦੇਵੀ ਦਾ ਰਿਸ਼ਤੇਦਾਰ ਹੋਣ ਕਾਰਨ ਕਾਨਵਾਂ ਪੁਲਸ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀ ਹੈ। ਕਾਮਰੇਡ ਕਟਾਰੂਚੱਕ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਉਹ ਧਰਨਾ ਨਹੀਂ ਚੁੱਕਣਗੇ। ਇਸ ਦੌਰਾਨ ਧਰਨਾਕਾਰੀਆਂ ਦੇ ਰੋਹ ਨੂੰ ਦੇਖਦਿਆਂ ਐਸ ਐਚ ਓ ਰਾਜ ਕੁਮਾਰ ਵੱਲੋਂ ਕਮਿਊਨਿਸਟ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਜੋਗਿੰਦਰ ਪਾਲ ਉਰਫ਼ ਪੰਮੀ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਦਾ ਪਰਚਾ ਦਰਜ ਕੀਤਾ ਗਿਆ। 
ਇਸ ਉਪਰੰਤ ਪਿੰਡ ਵਾਸੀਆਂ ਵੱਲੋਂ ਧਰਨਾ ਖ਼ਤਮ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੀਟੂ ਆਗੂ ਕਾਮਰੇਡ ਨੱਥਾ ਸਿੰਘ, ਕਾਮਰੇਡ ਦੇਵ ਰਾਜ ਰਤਨਗੜ੍ਹ, ਵਿਜੇ ਕੁਮਾਰ ਕਟਾਰੂਚੱਕ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਜਨਕ ਕੁਮਾਰ, ਹਰਬੰਸ ਲਾਲ, ਸੁੱਖਾ ਕੁਮਾਰ, ਕਾਮਰੇਡ ਰਘਵੀਰ ਸਿੰਘ ਅਤੇ ਸਰਪੰਚ ਉਰਮਿਲਾ ਕੁਮਾਰੀ ਕਟਾਰੂਚੱਕ ਨੇ ਵੀ ਸੰਬੋਧਨ ਕੀਤਾ। 

ਗੁਰਦਾਸਪੁਰ ਦਾ ਸੁੱਕਾ ਤਲਾਅ ਬਚਾਉਣ ਲਈ ਵਰ੍ਹਦੇ ਮੀਂਹ 'ਚ ਕਨਵੈਨਸ਼ਨ

ਗੁਰਦਾਸਪੁਰ 'ਚ 15 ਜੂਨ ਨੂੰ ਵਰ੍ਹਦੇ ਮੋਹਲੇਧਾਰ ਮੀਂਹ ਵਿੱਚ ਨਹਿਰੂ ਪਾਰਕ (ਸੁੱਕਾ ਤਲਾਅ) ਬਚਾਓ ਸੰਘਰਸ਼ ਕਮੇਟੀ ਵੱਲੋਂ ਰਾਮ ਸਿੰਘ ਦੱਤ ਯਾਦਗਾਰ ਹਾਲ ਵਿੱਚ ਕਨਵੈਨਸ਼ਨ ਕੀਤੀ ਗਈ। ਜਿਸ ਵਿਚ ਭਾਰੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਖਚਾਖਚ ਭਰੇ ਹਾਲ  ਵਿੱਚ ਹੋਈ ਕਨਵੈਨਸ਼ਨ ਦੀ ਪ੍ਰਧਾਨਗੀ ਸਰਵਸਾਥੀ  ਲਾਲ ਚੰਦ ਕਟਾਰੂਚੱਕ, ਰਣਬੀਰ ਸਿੰਘ, ਸਤਬੀਰ ਸਿੰਘ, ਸੁਭਾਸ਼ ਕੈਰੇ, ਦਲਜੀਤ ਸਿੰਘ, ਅਜੀਤ ਸਿੰਘ ਸਿੱਧਵਾਂ, ਸੁਖਦੇਵ ਸਿੰਘ ਭਾਗੋਕਾਵਾਂ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਫਤਿਹ ਚੰਦ, ਅਮਰਜੀਤ ਸ਼ਾਸਤਰੀ, ਕੁਲਦੀਪ ਪੂਰੋਵਾਲ, ਧਿਆਨ ਸਿੰਘ ਠਾਕੁਰ, ਮੱਖਣ ਕੋਹਾੜ, ਕੁਲਵੰਤ ਰਾਜ, ਜਤਿੰਦਰ ਸ਼ਰਮਾ ਨੇ ਕੀਤੀ। ਕਨਵੈਨਸ਼ਨ ਵਿੱਚ ਬੁਲਾਰਿਆਂ ਨੇ ਵਾਤਾਵਰਣ, ਹਰਿਆਵਲ, ਆਮ ਲੋਕਾਂ ਅਤੇ ਜਨਤਕ ਸਮਾਜਿਕ ਤੇ ਜਥੇਬੰਦ ਸਰਗਰਮੀਆਂ ਦੇ ਕੇਂਦਰ ਹੋਣ ਦੇ ਮੱਦੇਨਜ਼ਰ ਸੁੱਕਾ ਤਲਾਅ ਨੂੰ ਹਰ ਕੀਮਤ ਤੇ ਬਚਾਅ ਕੇ ਰੱਖਣ 'ਤੇ ਜ਼ੋਰ ਦਿੱਤਾ। ਆਗੂਆਂ ਨੇ ਕਿਹਾ ਕਿ ਅੱਜ ਦੇ ਮਸ਼ੀਨੀ, ਉਦਯੋਗਿਕ ਤੇ ਵਪਾਰਕ ਦੌਰ ਵਿੱਚ ਜਿੱਥੇ ਕਾਰ ਪਾਰਕਿੰਗ ਬਣਾਉਣਾ ਸਮੇਂ ਦੀ ਲੋੜ ਹੈ, ਉੱਥੇ ਉਦਯੋਗੀਕਰਨ ਅਤੇ ਵੱਧ ਰਹੀ ਟਰਾਂਸਰਪੋਰਟ ਵਹੀਕਲਾਂ ਦੀ ਗਿਣਤੀ ਕਾਰਨ ਬੇਤਹਾਸ਼ਾ ਫੈਲ ਰਹੀ ਪ੍ਰਦੂਸ਼ਣ ਦੇ ਮੱਦੇਨਜ਼ਰ ਪਾਰਕਾਂ ਦੀ ਲੋੜ ਹੋਰ ਵਧੇਰੇ ਹੋ ਗਈ ਹੈ। ਸੁਪਰੀਮ ਕੋਰਟ ਵੱਲੋਂ ਵੀ ਰੂਲਿੰਗ ਦਿੱਤੀ ਜਾ ਚੁੱਕੀ ਹੈ ਕਿ ਪਾਰਕਾਂ ਨੂੰ ਕਿਸੇ ਵੀ ਦੂਸਰੇ ਮਕਸਦ ਲਈ ਨਾ ਵਰਤਿਆ ਜਾਵੇ, ਪ੍ਰੰਤੂ ਇਹ ਪੁਰਾਣਾ ਇਤਿਹਾਸਕ, ਖੁੱਲ੍ਹਾ ਤੇ ਹਰਿਆ ਭਰਿਆ ਪਾਰਕ ਪਾਰਕਿੰਗ ਦੇ ਨਾਂਅ 'ਤੇ ਖਤਮ ਕੀਤਾ ਜਾ ਰਿਹਾ ਹੈ। 
ਸੁੱਕਾ ਤਲਾਅ ਜਿਉਂ ਦਾ ਤਿਉਂ ਬਰਕਰਾਰ ਰੱਖਣ ਲਈ ਬਦਲਵੀਆਂ ਅਨੇਕਾਂ ਥਾਵਾਂ ਜਿਵੇਂ ਪੁਰਾਣਾ ਸਿਟੀ ਥਾਣਾ, ਪੁਰਾਣਾ ਜ਼ਿਲ੍ਹਾ ਪ੍ਰੀਸ਼ਦ, ਫਾਇਰਬ੍ਰਿਗੇਡ ਸਥਾਨ, ਡਾਕਖਾਨੇ ਅਤੇ ਸਿਟੀ ਥਾਣੇ ਵਿਚਲੇ ਢੱਠੇ ਕੁਆਰਟਰਾਂ ਦੀ ਥਾਂ ਆਦਿ ਅਨੇਕਾਂ ਥਾਂ ਹੋ ਸਕਦੇ ਹਨ। ਇਹ ਲੋੜ ਸਮੁੱਚੇ ਜ਼ਿਲ੍ਹੇ ਦੀ ਹੈ, ਜਿੱਥੇ ਲੋਕ ਨਿੱਤ ਦਿਨ ਥਾਣੇ, ਕਚਹਿਰੀ, ਤਹਿਸੀਲ ਆਉਂਦੇ ਹਨ, ਆਮ ਲੋਕ ਸਵੇਰੇ ਸੈਰ ਕਰਦੇ, ਬੱਚੇ ਕਸਰਤ ਕਰਦੇ, ਖੇਡਦੇ ਹਨ, ਉੱਥੇ ਜਨਤਕ ਜਥੇਬੰਦੀਆਂ ਲਈ ਇਸ ਤੋਂ ਇਲਾਵਾ ਹੋਰ ਕੋਈ ਸਥਾਨ ਨਹੀਂ ਹੈ। ਇਸ ਕਨਵੈਨਸ਼ਨ ਵਿੱਚ ਫੈਸਲਾ ਕੀਤਾ ਗਿਆ ਕਿ ਸੁੱਕੇ ਤਲਾਅ ਨੂੰ ਬਚਾਉਣ ਲਈ ਜਾਗਰੂਕਤਾ ਲਹਿਰ ਚਲਾਈ ਜਾਵੇਗੀ। ਇਸ ਲਈ ਵੱਖ-ਵੱਖ ਕਲੱਬਾਂ, ਵਪਾਰਕ ਮੰਡਲਾਂ, ਪਤਵੰਤੇ ਸੱਜਣਾਂ ਅਤੇ ਜਥੇਬੰਦੀਆਂ ਨੂੰ ਮਿਲ ਕੇ ਇਸ ਸੰਬੰਧੀ ਹਲਕਾ ਵਿਧਾਇਕ ਸ੍ਰੀ ਬੱਬੇਹਾਲੀ ਨੂੰ ਵੀ ਦੁਬਾਰਾ ਮਿਲਿਆ ਜਾਵੇਗਾ। ਇਸ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ। 
ਇਸ ਕਨਵੈਨਸ਼ਨ ਵਿੱਚ ਮਿਡ-ਡੇ-ਮੀਲ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਸਰਵ ਭਾਰਤ ਨੌਜਵਾਨ ਸਭਾ, ਪੰਜਾਬ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ, ਸੀਟੂ, ਡੀ ਈ ਐੱਫ, ਪੀ ਐੱਸ ਐੱਸ ਐੱਫ, ਗੌਰਮਿੰਟ ਟੀਚਰਜ਼ ਯੂਨੀਅਨ, ਜੇ ਪੀ ਐੱਮ ਓ, ਟੀ ਐੱਸ ਯੂ, ਏਟਕ ਆਦਿ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।  

ਅਬਾਦਕਾਰਾਂ ਦੇ ਉਜਾੜੇ ਵਿਰੁੱਧ ਡੀ.ਸੀ. ਦਫਤਰ ਅੱਗੇ ਧਰਨਾ

ਅਬਾਦਕਾਰਾਂ ਦੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵਲੋਂ ਕੀਤੇ ਜਾ ਰਹੇ ਉਜਾੜੇ ਨੂੰ ਰੁਕਵਾਉਣ, ਉਹਨਾਂ ਦੀ ਰੋਟੀ ਰੋਜ਼ੀ ਦੀ ਰਾਖੀ ਤੇ ਅਬਾਦਕਾਰਾਂ ਦੀਆਂ ਜ਼ਮੀਨਾਂ ਪੱਕੀਆਂ ਕਰਵਾਉਣ ਅਤੇ ਇਹਨਾਂ ਖਿਲਾਫ ਬਣਾਏ ਝੂਠੇ ਪੁਲਸ ਕੇਸ ਰੱਦ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਅਬਾਦਕਾਰ ਆਗੂਆਂ ਮਹਿੰਦਰ ਸਿੰਘ ਟਾਹਲੀ, ਸੁਖਜਿੰਦਰ ਸਿੰਘ ਬਿੱਬਲ ਭੂਲਪੂਰ, ਰੌਸ਼ਨ ਸਿੰਘ ਗੰਦੋਵਾਲ, ਬਲਜੀਤ ਸਿੰਘ ਫੱਡਾ ਕੁੱਲਾ ਤੇ ਜੈਮਲ ਸਿੰਘ ਗੰਦੋਵਾਲ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਟਾਹਲੀ, ਰੜ੍ਹਾ, ਫੱਤਾ ਭਲਾ, ਸਲੇਮਪੁਰਾ, ਅਬਦਾਲਪੁਰ, ਗੰਦੋਵਾਲ, ਭੂਲਪੁਰ ਆਦਿ ਦੇ ਸੈਂਕੜੇ ਅਬਾਦਕਾਰਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫਤਰ ਸਾਹਮਣੇ 5 ਜੂਨ ਨੂੰ ਰੋਹ ਭਰਿਆ ਧਰਨਾ ਦਿੱਤਾ ਅਤੇ ਮੁਜ਼ਾਹਰਾ ਕੀਤਾ। 
ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਧਾਨ ਸਵਰਨ ਸਿੰਘ ਮੁਕੇਰੀਆਂ ਤੇ ਯੋਧ ਸਿੰਘ ਨੇ ਕਿਹਾ ਕਿ ਉਪਰੋਕਤ ਪਿੰਡਾਂ ਦੇ ਅਬਾਦਕਾਰਾਂ ਨੇ ਕਈ ਦਹਾਕੇ ਪਹਿਲਾਂ ਉਸ ਸਮੇਂ ਦੀ ਪੰਜਾਬ ਸਰਕਾਰ ਦੇ ਕਹਿਣ 'ਤੇ ਕਿ ਜ਼ਿਆਦਾ ਅੰਨ ਪੈਦਾ ਕਰੋ (7ਗਰਮ ਠਰਗਕ ਰਿਰਦ) ਦੇ ਨਾਹਰੇ ਹੇਠ ਗੈਰ ਮੁਮਕਿਨ ਤੇ ਘਟੀਆ ਨਿਕਾਸੀ ਜ਼ਮੀਨਾਂ ਵਿਚੋਂ ਬੇਲਾ ਪੁੱਟ ਕੇ ਆਪਣੀ ਲਹੂ ਪਸੀਨੇ ਦੀ ਕਮਾਈ ਲਾ ਕੇ ਅਬਾਦ ਕੀਤੀਆਂ ਸਨ, ਜਿਹਨਾਂ ਵਿਚ ਹੁਣ 2-2 ਫਸਲਾਂ ਪੈਦਾ ਹੋ ਰਹੀਆਂ ਹਨ ਪ੍ਰੰਤੂ ਹੁਣ ਪੰਜਾਬ ਸਰਕਾਰ ਜੰਗਲਾਤ ਲਾਉਣ ਦੇ ਬਹਾਨੇ ਅਬਾਦਕਾਰਾਂ ਨੂੰ ਉਜਾੜ ਕੇ ਅਜਿਹੀਆਂ ਜਰਖੇਜ ਜ਼ਮੀਨਾਂ ਦੇਸੀ ਤੇ ਵਿਦੇਸ਼ੀ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਅਜਿਹਾ ਜਮਹੂਰੀ ਕਿਸਾਨ ਸਭਾ ਕਦੇ ਨਹੀਂ ਹੋਣ ਦੇਵੇਗੀ ਅਤੇ ਅਬਾਦਕਾਰ ਵਿਰੋਧੀ ਨੀਤੀ ਨੂੰ ਪਹਿਲਾਂ ਹੀ ਪੰਜਾਬ ਭਰ 'ਚ ਤਹਿਸੀਲ ਅਜਨਾਲਾ ਦੇ ਪਿੰਡ ਟਨਾਣਾਂ-ਘੋਗਾ, ਲੁਧਿਆਣਾ ਜ਼ਿਲ੍ਹੇ ਦੇ ਸਿਧਵਾਂ ਬੇਟ ਇਲਾਕੇ 'ਚ ਕੋਟ ਉਮਰਾ, ਪਠਾਨਕੋਟ ਜ਼ਿਲ੍ਹੇ 'ਚ ਪਿੰਡ ਫੂੱਲੜਾ ਤੇ ਰੋਪੜ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਭਾਂਜ ਦਿੱਤੀ ਹੈ ਅਤੇ ਹਜ਼ਾਰਾਂ ਏਕੜ ਜ਼ਮੀਨ ਦੀ ਲੋਕ ਅਧਾਰਿਤ ਘੋਲ ਕਰਕੇ ਰਾਖੀ ਕੀਤੀ ਹੈ। ਸਮੂਹ ਆਗੂਆਂ ਨੇ ਪੀੜਤ ਅਬਾਦਕਾਰਾਂ ਨੂੰ ਅਪੀਲ ਕੀਤੀ ਕਿ ਜਥੇਬੰਦ ਹੋ ਕੇ ਵਿਸ਼ਾਲ ਏਕਾ ਉਸਾਰ ਕੇ ਆਪਣੇ ਹੱਕਾਂ ਦੀ ਰਾਖੀ ਕਰੋ। 
ਇਸ ਮੌਕੇ ਉਘੇ ਮੁਲਾਜ਼ਮ ਆਗੂ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਸੰਘਰਸ਼ ਦੇ ਮੋਰਚੇ ਤੋਂ ਬਿਨਾਂ ਆਬਾਦਕਾਰ ਆਪਣੀ ਰੋਜ਼ੀ-ਰੋਟੀ ਦੇ ਸਾਧਨ, ਜ਼ਮੀਨ ਨੂੰ ਬਚਾਅ ਕੇ ਨਹੀਂ ਰੱਖ ਸਕਣਗੇ। ਵੱਖ ਵੱਖ ਭਰਾਤਰੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਘੁਮਾਣ; ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖੈਰੜ ਤੇ ਜਨਰਲ ਸਕੱਤਰ ਪਿਆਰਾ ਸਿੰਘ ਪਰਖ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਜਨਰਲ ਸਕੱਤਰ ਬੀਬੀ ਬਿਮਲਾ ਦੇਵੀ, ਪ੍ਰੈਸ ਸਕੱਤਰ ਬੀਬੀ ਨੀਲਮ ਘੁਮਾਣ, ਜੀ.ਟੀ.ਯੂ. ਦੇ ਸਾਬਕਾ ਪ੍ਰਧਾਨ ਪ੍ਰਿੰਸੀਪਲ ਪਿਆਰਾ ਸਿੰਘ, ਅਬਾਦਕਾਰ ਆਗੂ ਮਨਮੋਹਨ ਸਿੰਘ ਫੱਤਾ ਕੁੱਲਾ, ਬਲਜੀਤ ਸਿੰਘ, ਬੀਬੀ ਸੁਰੇਸ਼ ਕੌਰ, ਨੌਜਵਾਨ ਆਗੂ ਰਣਜੀਤ ਸਿੰਘ ਮਾੜੀ ਬੁੱਚੀਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਅਬਾਦਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਡੱਟ ਕੇ ਰਾਖੀ ਕੀਤੀ ਜਾਵੇਗੀ। ਅੰਤ 'ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਸਮੂਹ ਆਗੂਆਂ ਨੇ ਕਿਹਾ ਕਿ ਜੇਕਰ ਆਬਾਦਕਾਰਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 

Saturday 20 July 2013

ਸ਼ਰਧਾਂਜਲੀਆਂ

ਸ਼ਹੀਦ ਦੀਪਕ ਧਵਨ ਨੂੰ 26ਵੀਂ ਬਰਸੀ 'ਤੇ ਸ਼ਰਧਾਂਜਲੀਆਂ

ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦੀ ਵਿਰੋਧੀ ਜੰਗ ਦੇ ਸ਼ਹੀਦ ਦੀਪਕ ਧਵਨ ਦੀ 26ਵੀਂ ਬਰਸੀ ਮੌਕੇ ਸੀ.ਪੀ.ਐਮ. ਪੰਜਾਬ ਵਲੋਂ ਤਰਨਤਾਰਨ ਵਿਖੇ ਚਮਨ ਲਾਲ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਤਰਨਤਾਰਨ, ਉਘੇ ਸਮਾਜ ਸੇਵਕ ਬਲਬੀਰ ਸੂਦ, ਅਰਸਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਬੀਬੀ ਜਸਬੀਰ ਕੌਰ ਜਾਮਾਰਾਏ ਪ੍ਰਧਾਨ ਜਨਵਾਦੀ ਇਸਤਰੀ ਸਭਾ ਤੇ ਕਾਬਲ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਾਂਝੀ ਪ੍ਰਧਾਨਗੀ ਹੇਠ 2 ਜੂਨ ਨੂੰ ਵਿਸ਼ਾਲ ਜਨਤਕ ਕਾਨਫਰੰਸ ਆਯੋਜਿਤ ਕੀਤੀ ਗਈ। ਜਿਸ ਵਿਚ ਸੈਂਕੜੇ ਮਜ਼ਦੂਰ, ਕਿਸਾਨ, ਨੌਜਵਾਨ, ਔਰਤਾਂ, ਮੁਲਾਜ਼ਮ ਤੇ ਹੋਰ ਮਿਹਨਤਕਸ਼ ਲੋਕ ਆਪਣੇ ਰਹਿਬਰ ਨੂੰ ਇਨਕਲਾਬੀ ਭਾਵਨਾ ਨਾਲ ਸ਼ਰਧਾਂਜਲੀਆਂ ਅਰਪਨ ਕਰਨ ਲਈ ਹੁੰੰਮ ਹਮਾ ਕੇ ਪਾਰਟੀ ਤੇ ਜਥੇਬੰਦੀਆਂ ਦੇ ਝੰਡੇ ਹੱਥਾਂ ਵਿਚ ਲੈ ਕੇ ਜੋਸ਼ੀਲੇ ਨਾਹਰੇ ਮਾਰਦੇ ਸ਼ਾਮਲ ਹੋਏ।
ਵਿਸ਼ਾਲ ਜਨਤਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਸੂਬਾ ਸਕੱਤਰ ਸੀ.ਪੀ.ਐਮ. ਪੰਜਾਬ ਨੇ ਆਪਣੇ ਯੁੱਧ ਸਾਥੀ ਸ਼ਹੀਦ ਦੀਪਕ ਧਵਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕਿਹਾ ਕਿ ਦੀਪਕ ਹਮੇਸ਼ਾਂ ਆਮ ਲੋਕਾਂ ਨੂੰ ਦੱਸਦਾ ਹੁੰਦਾ ਸੀ ਕਿ ਜਿੰਨਾ ਚਿਰ ਸਾਮਰਾਜ ਨੂੰ ਹਰਾਇਆ ਨਹੀਂ ਜਾਂਦਾ ਉਨਾ ਚਿਰ ਦੁਨੀਆਂ ਚੈਨ ਨਾਲ ਨਹੀਂ ਬੈਠ ਸਕਦੀ ਤੇ ਦਹਿਸ਼ਤਗਰਦੀ ਵੀ ਸਾਮਰਾਜ ਦੀ ਉਪਜ ਹੈ। ਦੀਪਕ ਧਵਨ ਨੂੰ ਧਮਕੀਆਂ ਵੀ ਮਿਲੀਆਂ ਪਰ ਉਹ ਸਾਮਰਾਜੀ ਕਠਪੁਤਲੀਆਂ ਅੱਗੇ ਗੋਡੇ ਟੇਕਣ ਦੀ ਥਾਂ ਕਿਰਤੀ ਲੋਕਾਂ ਸੰਗ ਖੜ੍ਹਨ ਨੂੰ ਤਰਜੀਹ ਦਿੰਦਿਆਂ ਸ਼ਹਾਦਤ ਦਾ ਜਾਮ ਪੀ ਗਿਆ। ਸਾਥੀ ਪਾਸਲਾ ਨੇ ਕਿਹਾ ਕਿ ਇਹ ਸੋਚ ਲੈਣਾ ਕਿ ਹੁਣ ਸਾਮਰਾਜੀ ਖਤਰਾ ਖਤਮ ਹੋ ਗਿਆ ਹੈ, ਜਾਂ ਘਟ ਗਿਆ ਹੈ, ਅਸਲੋਂ ਅਵੇਸਲੇ ਹੋਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਖਤਰਾ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਖਤਰਨਾਕ ਹੈ। ਇਸ ਖਤਰੇ ਨੇ ਆਪਣਾ ਰੂਪ ਬਦਲ ਲਿਆ। ਹੁਣ ਇਹ ਖਤਰਾ ਸਾਡੇ ਦੇਸ਼ ਦੇ ਹੁਕਮਰਾਨਾਂ ਜ਼ਰੀਏ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਰਾਹੀਂ ਅੱਗੇ ਆ ਰਿਹਾ ਹੈ। ਇਨ੍ਹਾਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਮਹਿੰਗਾਈ-ਬੇਰੁਜ਼ਗਾਰੀ  ਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਏ ਹਨ ਆਮ ਲੋਕਾਂ ਦਾ ਜੀਵਨ ਨਿਰਬਾਹ ਅਤੀ ਮੁਸ਼ਕਲ ਹੋ ਗਿਆ ਹੈ ਅਤੇ ਸਾਡੇ ਅਣਮੋਲ ਕੁਦਰਤੀ ਖਜ਼ਾਨੇ ਜਲ, ਜੰਗਲ, ਜ਼ਮੀਨ ਤੇ ਖਣਿਜ ਪਦਾਰਥ ਲੁੱਟੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਨੀਤੀਆਂ ਦਾ ਰਾਹ ਰੋਕਣ ਦੀ ਵੰਗਾਰ ਕਬੂਲਣ ਲਈ ਜਥੇਬੰਦ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਪੰਜਾਬ ਦੇ ਹਾਲਾਤ ਬਾਰੇ ਗੱਲ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੁਬਾਰਾ ਸੱਤਾ ਵਿਚ ਆ ਕੇ ਆਮ ਲੋਕਾਂ 'ਤੇ ਦੋਹਰੇ-ਚੌਹਰੇ ਟੈਕਸ ਲਾ ਕੇ ਨਾ ਹੀ ਪੰਜਾਬ ਦੇ ਲੋਕਾਂ ਦਾ ਅਤੇ ਨਾ ਹੀ ਸਿੱਖੀ ਪਰੰਪਰਾ ਦਾ ਭਲਾ ਕਰ ਰਹੀ ਹੈ, ਇਸ ਲਈ ਸਮੇਂ ਦੀ ਲੋੜ ਹੈ ਕਿ ਪੰਜਾਬ ਦੀਆਂ ਬੱਬਰ ਅਕਾਲੀ ਲਹਿਰ ਦੀਆਂ ਪ੍ਰੰਪਰਾਵਾਂ ਨੂੰ ਉਜਾਗਰ ਕਰਨ ਲਈ ਲੋਕਾਂ ਨੂੰ ਜਗਾਇਆ ਜਾਵੇ। ਇਹਦੇ ਵਾਸਤੇ ਸੀ.ਪੀ.ਐਮ.ਪੰਜਾਬ ਨੇ ਫੈਸਲਾ ਕਰਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਤੇ ਵੱਧ ਰਹੀ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਲਾਮਬੰਦ ਕੀਤਾ ਹੈ ਤਾਂ ਕਿ ਸਰਕਾਰ ਦੀਆਂ ਨੀਤੀਆਂ ਨੂੰ ਭਾਂਜ ਦਿੱਤੀ ਜਾ ਸਕੇ। 
ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ ਨੇ ਸ਼ਹੀਦ ਦੀਪਕ ਧਵਨ ਦੇ ਸਭ ਤੋਂ ਨੇੜਲੇ ਸਾਥੀ ਤੇ ਜਮਾਤੀ ਹੋਣ ਤੇ ਨਾਤੇ ਉਹਨਾਂ ਨਾਲ ਬਿਤਾਈਆਂ ਇਨਕਲਾਬੀ ਲਹਿਰ ਦੀਆਂ ਯਾਦਾਂ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਦੀਪਕ ਵਿਲੱਖਣ ਗੁਣਾ ਦਾ ਮਾਲਕ ਸੀ। ਉਸ ਨੇ ਸ਼ਾਦੀ ਇਸ ਲਈ ਨਾ ਕਰਾਈ ਕਿ ਇਹ ਮੇਰੇ ਲਈ ਸਮਾਜਿਕ ਬਰਾਬਰੀ ਦੇ ਲੰਬੇ ਸੰਘਰਸ਼ 'ਚ ਰੋੜਾ ਨਾ ਬਣੇ। ਰੰਧਾਵਾ ਨੇ ਅੱਗੇ ਦੱਸਿਆ ਕਿ ਦੀਪਕ ਧਵਨ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਐਮ.ਏ. 'ਚ ਪੜਦਿਆਂ ਹੀ ਪ੍ਰਸਿੱਧ ਅੰਗਰੇਜ਼ੀ ਦੇ ਰਸਾਲਿਆਂ ਲਿੰਕ ਤੇ ਮੇਨ ਸਟਰੀਮ ਤੇ ਹੋਰ ਅੰਗਰੇਜ਼ੀ ਪੇਪਰਾਂ ਵਿਚ ਅਰਥ ਭਰਪੂਰ ਲੇਖ ਛਪਦੇ ਰਹੇ। ਪੰਜਾਬ ਦੇ ਬੁੱਧਜੀਵੀ ਉਸ ਦੀ ਵਿਦਵਤਾ ਦਾ ਲੋਹਾ ਮੰਨਦੇ ਸਨ। ਉਹ 1972-73 ਤੋਂ 1981 ਤੱਕ ਪੜ੍ਹਦੇ ਸਮੇਂ ਚੋਟੀ ਦਾ ਮਾਰਕਸਵਾਦੀ ਬੁੱਧੀਜੀਵੀ ਵਿਦਿਆਰਥੀ ਰਿਹਾ। ਰਤਨ ਰੰਧਾਵਾ ਨੇ ਅੱਗੇ ਕਿਹਾ ਕਿ ਪੜ੍ਹਾਈ ਉਪਰੰਤ ਦੀਪਕ ਨੇ ਕਿਰਤੀ ਜਮਾਤ ਦੀ ਲੜਾਈ ਵਾਲਾ ਰਾਹ ਚੁਣਿਆ। ਕੰਮ ਕਰਦੇ ਸਮੇਂ ਪਿੰਡਾਂ ਵਿਚ ਉਹ ਆਦਤਨ ਗਰੀਬਾਂ-ਦਲਿਤਾਂ ਦੇ ਘਰਾਂ ਵਿਚ ਸੌਂਦਾ ਸੀ। ਲੋਕਾਂ ਦੇ ਹੱਕ ਵਿਚ ਉਸ ਨੇ ਪੁਲਸ ਵਧੀਕੀਆਂ ਵਿਰੁੱਧ ਲੜਦਿਆਂ ਛੇ ਥਾਣੇਦਾਰ ਡਿਸਮਿਸ ਕਰਵਾਏ। ਰੰਧਾਵਾ ਨੇ ਅਪੀਲ ਕੀਤੀ ਕਿ ਸਾਨੂੰ ਦੀਪਕ ਵਰਗੇ ਬਨਣ ਦੀ ਲੋੜ ਹੈ ਤਾਂ ਕਿ ਅਸੀਂ ਸ਼ਕਤੀਸ਼ਾਲੀ ਲਹਿਰ ਉਸਾਰ ਕੇ ਲੁਟੇਰੇ ਪ੍ਰਬੰਧ ਦਾ ਖਾਤਮਾ ਕਰ ਸਕੀਏ। ਸ਼ਹੀਦ ਦੀਪਕ ਦੇ ਭਰਾ ਡਾ. ਵਿਆਪਕ ਧਵਨ ਨੇ ਉਸ ਦੀਆਂ ਅਨੇਕਾਂ ਅਨਮੋਲ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੁਝਾਅ ਦਿੱਤਾ ਕਿ ਸ਼ਹੀਦ ਦੀਪਕ 'ਤੇ ਕਿਤਾਬ ਲਿਖੀ ਜਾਵੇ। 
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਸਪਾਲ ਸਿੰਘ ਝਬਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਪ੍ਰਧਾਨਗੀ ਮੰਡਲ ਦੇ ਆਗੂਆਂ ਨੇ ਇਸ ਮੌਕੇ ਸ਼ਹੀਦ ਦੀਪਕ ਨੂੰ ਇੰਨਕਲਾਬੀ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਉਹ ਮਹਾਨ ਫਿਲਾਸਫਰ ਤੇ ਦੱਬੇ ਕੁਚਲੇ ਲੋਕਾਂ ਦਾ ਮਸੀਹਾ ਸੀ ਅਤੇ ਸ਼ਹੀਦ ਭਗਤ ਸਿੰਘ ਦਾ ਅਸਲੀ ਵਾਰਸ ਸੀ। ਇਹਨਾਂ ਆਗੂਆਂ ਨੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮੇਹਨਤਕਸ਼ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਗਰੀਬੀ-ਅਮੀਰੀ ਦਾ ਪਾੜਾ ਖਤਮ ਕਰਨ ਅਤੇ ਸਮਾਜਿਕ ਇਨਸਾਫ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿਚ ਨਿਤਰੀਏ। ਇਸ ਮੌਕੇ ਮੁਖਤਿਆਰ ਸਿੰਘ ਤੇ ਅਮਰਜੀਤ ਸਿੰਘ ਮੱਲ੍ਹਾ, ਡਾ. ਅਜੈਬ ਸਿੰਘ, ਜਸਬੀਰ ਸਿੰਘ, ਜਗੀਰ ਸਿੰਘ, ਬੀਬੀ ਕੰਵਲਜੀਤ ਕੌਰ, ਬੀਬੀ ਜਸਮੀਤ ਝਬਾਲ, ਡਾ. ਸਤਨਾਮ ਸਿੰਘ ਦੇਊ, ਜਰਨੈਲ ਸਿੰਘ ਦਿਆਲਪੁਰਾ, ਹਰਦੀਪ ਸਿੰਘ ਰਸੂਲਪੁਰ, ਸ਼ੀਤਲ ਸਿੰਘ ਤਲਵੰਡੀ ਨੇ ਵੀ ਵਿਚਾਰ ਰੱਖੇ। 

ਸ਼ਹੀਦ ਗਗਨ, ਸੁਰਜੀਤ ਤੇ ਸਾਥੀਆਂ ਨੂੰ ਸ਼ਰਧਾਂਜਲੀਆਂ 

ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦੀ ਵਿਰੁੱਧ ਦੇਸ਼ ਦੀ ਏਕਤਾ, ਅਖੰਡਤਾ ਅਤੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਵਰਿੰਦਰ ਗਗਨ, ਸੁਰਜੀਤ ਤੇ ਸਾਥੀਆਂ ਨੂੰ ਉਨ੍ਹਾਂ ਦੀ 22ਵੀਂ ਬਰਸੀ ਮੌਕੇ ਭਰਪੂਰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਸੰਬੰਧ 'ਚ ਨਕੋਦਰ ਵਿਖੇ 9 ਜੂਨ ਨੂੰ ਕੀਤੀ ਗਈ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹ ਕਿ ਧਰਮ ਦੇ ਨਾਂਅ ਹੇਠ ਲੋਕਾਂ ਵਿੱਚ ਵੰਡੀਆਂ ਪਾ ਕੇ ਸਿਆਸੀ ਲਾਹਾ ਲੈਣ ਵਾਲੀਆਂ ਪਾਰਟੀਆਂ ਦੇ ਆਗੂ ਲੋਕ ਹਿੱਤਾਂ ਦੀ ਤਰਜਮਾਨੀ ਨਹੀਂ ਕਰ ਸਕਦੇ। ਲੋਕਾਂ ਦੇ ਮਸਲਿਆਂ ਦੇ ਹੱਲ ਫਿਰਕਾਪ੍ਰਸਤ ਪਾਰਟੀਆਂ ਨੂੰ ਭਾਂਜ ਦੇ ਕੇ ਦੇਸ਼ ਅੰਦਰ ਬਰਾਬਰੀ 'ਤੇ ਆਧਾਰਤ ਵਰਗ ਰਹਿਤ ਪ੍ਰਬੰਧ ਦੀ ਸਥਾਪਨਾ ਰਾਹੀਂ ਹੀ ਹੋ ਸਕਦਾ ਹੈ ਤੇ ਇਸ ਦੇ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਵਾਸਤੇ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਰਗੇ ਸੰਤਾਪ ਆਪਣੇ ਪਿੰਡੇ 'ਤੇ ਹੰਢਾ ਕੇ ਗੁਰਬਤ ਮਾਰੀ ਜ਼ਿੰਦਗੀ ਜਿਊਣ ਵਾਲੇ ਲੋਕਾਂ ਦਾ ਲਾਮਬੰਦ ਹੋਣਾ ਸਮੇਂ ਦੀ ਮੰਗ ਹੈ।  
ਸਾਥੀ ਪਾਸਲਾ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰ ਮੁੜ ਪੰਜਾਬ ਦੀ ਸਥਿਤੀ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਸਰਕਾਰ ਦੀ ਸ਼ਹਿ 'ਤੇ ਸਰਕਾਰੀ ਏਜੰਸੀਆਂ ਦੇ ਲੋਕ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਮੁੜ ਨਾਅਰੇ ਲਾ ਰਹੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। 
ਉਨ੍ਹਾ 1984 ਵਿੱਚ ਹੋਏ ਅਪ੍ਰੇਸ਼ਨ ਬਲਿਊ ਸਟਾਰ ਸੰਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਾਰਵਾਈ ਲਈ ਕਾਂਗਰਸ ਦੀ ਅਗਵਾਈ ਵਾਲੀ ਵੇਲੇ ਦੀ ਕੇਂਦਰ ਸਰਕਾਰ ਅਤੇ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇ ਕੇ ਮਨੁੱਖਤਾ ਦਾ ਘਾਣ ਕਰਦਿਆਂ ਪਵਿੱਤਰ ਸਥਾਨ ਦਰਬਾਰ ਸਾਹਿਬ ਵਿੱਚ ਲੁਕਣ ਵਾਲਾ ਭਿੰਡਰਾਂਵਾਲਾ ਦੋਵੇਂ ਹੀ ਜ਼ਿੰਮੇਵਾਰ ਸਨ। ਉਨ੍ਹਾ ਕਿਹਾ ਕਿ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਨੂੰ ਗੁਰੂ ਘਰ ਦੀ ਬੇਅਦਬੀ ਦਿਖਾਈ ਨਹੀਂ ਦੇ ਰਹੀ ਸੀ ਤੇ ਇਸ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾ ਦਰਬਾਰ ਸਾਹਿਬ ਵਿਖੇ ਬਣਾਈ ਜਾਣ ਵਾਲੀ ਯਾਦਗਾਰ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇਹ ਕਾਰਵਾਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਵੱਡੀ ਚੁਣੌਤੀ ਹੈ।
ਕੇਂਦਰ ਅਤੇ ਸੂਬਾ ਸਰਕਾਰ ਦੀਆਂ ਆਰਥਕ ਨੀਤੀਆਂ ਸੰਬੰਧੀ ਬੋਲਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਅਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਦੇ ਬਾਵਜੂਦ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਦੇਸ਼ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕੇਂਦਰ ਸਰਕਾਰ ਦੇਸ਼ ਵੱਲੋਂ ਤਰੱਕੀ ਦੇ ਨਵੇਂ ਦਿਸਹੱਦੇ ਸਥਾਪਤ ਕਰਨ ਦੇ ਰਾਗ ਅਲਾਪ ਰਹੀ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁੱਲ ਉਲਟ ਹੈ। ਆਮ ਲੋਕ ਸਿੱਖਿਆ, ਸਿਹਤ ਅਤੇ ਸੁਰੱਖਿਆ ਸਹੂਲਤਾਂ ਤੋਂ ਵਾਂਝੇ ਹਨ। ਬਿਨਾਂ ਇਲਾਜ ਲੋਕ ਮਰ ਰਹੇ ਹਨ ਅਤੇ ਸਰੇ ਰਾਹ ਧੀਆਂ-ਭੈਣਾਂ ਦੀ ਪੱਤ ਲੁੱਟੀ ਜਾ ਰਹੀ ਹੈ। 
ਉਨ੍ਹਾ ਦੇਸ਼ ਦੇ ਰਾਜ ਪ੍ਰਬੰਧ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬੜੀ ਵਿਡੰਬਨਾ ਦੀ ਗੱਲ ਹੈ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਖੁਦ ਭੁੱਖੇ ਢਿੱਡ ਸੌਣ ਲਈ ਮਜਬੂਰ ਹੈ। ਕਿਸਾਨ ਗਲਤ ਆਰਥਕ ਨੀਤੀਆਂ ਕਾਰਨ ਕਰਜ਼ ਦੇ ਬੋਝ ਥੱਲੇ ਦੱਬਿਆ ਹੀ ਚਲਿਆ ਜਾ ਰਿਹਾ ਹੈ। ਅਮੀਰਾਂ ਦੀਆਂ ਆਲੀਸ਼ਾਨ ਕੋਠੀਆਂ ਖੜੀਆਂ ਕਰਨ ਵਾਲੇ ਰਾਜ ਮਿਸਤਰੀ ਦੇ ਖੁਦ ਦੇ ਸਿਰ ਨੂੰ ਛੱਤ ਤੱਕ ਨਸੀਬ ਨਹੀਂ।  
ਸਾਥੀ ਪਾਸਲਾ ਨੇ ਕਿਸਮਤ 'ਤੇ ਭਰੋਸਾ ਕਰਨਾ ਛੱਡ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦੇ ਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹੁਣ ਸਮਾਂ ਇਹ ਸੋਚਣ ਦਾ ਹੈ ਕਿ ਹੱਢ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਢਿੱਡ ਭਰਵੀਂ ਰੋਟੀ ਤੇ ਇੱਕ ਗਰੀਬ ਮਜ਼ਦੂਰ ਨੂੰ ਸਮਾਜ ਅੰਦਰ ਬਣਦਾ ਸਤਿਕਾਰ ਕਿਉਂ ਨਹੀਂ ਮਿਲਦਾ। 
ਸ਼ਹੀਦੀ ਕਾਨਫਰੰਸ ਨੂੰ ਸਰਵਸਾਥੀ ਗੁਰਨਾਮ ਸਿੰਘ ਸੰਘੇੜਾ, ਦਰਸ਼ਨ ਨਾਹਰ, ਸੰਤੋਖ ਬਿਲਗਾ, ਮਨੋਹਰ ਸਿੰਘ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ।  

ਸ਼ਹੀਦ ਕਰਤਾਰ ਚੰਦ ਨੂੰ 23ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀਆਂ 

ਪੰਜਾਬ ਵਿਚ ਅੱਤਵਾਦ-ਵੱਖਵਾਦ ਵਿਰੁੱਧ ਚੱਲੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀ ਕਰਤਾਰ ਚੰਦ ਮਾਧੋਪੁਰ ਦੀ 23ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਮਾਧੋਪੁਰ, ਜ਼ਿਲ੍ਹਾ ਰੋਪੜ ਵਿਖੇ ਜੇ.ਪੀ.ਐਮ.ਓ. ਵਲੋਂ ਮਨਾਈ ਗਈ। ਇਸ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸੀ.ਪੀ.ਐਮ. ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸ਼ਹੀਦ ਕਰਤਾਰ ਚੰਦ ਦੀ ਯਾਦ ਵਿਚ ਬਣਾਈ ਯਾਦਗਾਰ ਉਤੇ ਲਾਲ ਝੰਡਾ ਝੁਲਾਉਣ ਨਾਲ ਕੀਤੀ ਗਈ। ਸ਼ਹੀਦ ਕਰਤਾਰ ਚੰਦ ਅਮਰ ਰਹੇ ਅਤੇ ਉਨ੍ਹਾਂ ਦੇ ਕਾਜ ਨੂੰ ਪੂਰਾ ਕਰਨ ਤੇ ਉਨ੍ਹਾਂ ਦੀ ਵਿਚਾਰਧਾਰਾ ਉਤੇ ਚੱਲਣ ਦਾ ਅਹਿਦ ਕਰਨ ਵਾਲੇ ਨਾਅਰਿਆਂ ਦੀ ਬੁਲੰਦ ਆਵਾਜ਼ ਵਿਚ ਸੈਂਕੜੇ ਸਾਥੀ ਸ਼ਹੀਦੀ ਸਮਾਗਮ ਵਾਲੀ ਥਾਂ ਉਤੇ ਪੁੱਜੇ। 
ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਰਾਮ ਪਿਆਰੀ, ਬਜ਼ੁਰਗ ਕਮਿਊਨਿਸਟ ਆਗੂ ਨਿਰੰਜਨ ਦਾਸ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਕਰਮ ਚੰਦ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਾਥੀ ਮੋਹਨ ਸਿੰਘ ਧਮਾਣਾ ਨੇ ਸ਼ਹੀਦ ਕਰਤਾਰ ਚੰਦ ਨੂੰ ਸ਼ਰਧਾਂਜਲੀ ਅਰਪਤ ਕਰਦੇ ਹੋਏ ਉਨ੍ਹਾਂ ਵਲੋਂ ਜਿਲ੍ਹੇ ਵਿਚ ਜਮਹੂਰੀ ਲਹਿਰ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ। ਬਜ਼ੁਰਗ ਕਮਿਊਨਿਸਟ ਆਗੂ ਅਤੇ ਪੰਜਾਬ ਵਿਚ ਮੁਲਾਜ਼ਮ ਲਹਿਰ ਦੇ ਸੰਸਥਾਪਕਾਂ ਵਿਚੋਂ ਇਕ ਸਾਥੀ ਤਰਲੋਚਨ ਸਿੰਘ ਰਾਣਾ ਨੇ ਕਿਹਾ ਕਿ ਸ਼ਹੀਦ ਕਰਤਾਰ ਚੰਦ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਤਰ੍ਹਾਂ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨਾ ਹੀ ਹੋਵੇਗੀ। ਉਨ੍ਹਾਂ ਨੇ ਹਾਜ਼ਰ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਕਰਤਾਰ ਚੰਦ ਦੇ ਅਧੂਰੇ ਛੱਡੇ ਕਾਜ ਨੂੰ ਪੂਰਾ ਕਰਨ ਲਈ ਨਿਰਸੁਆਰਥ ਭਾਵਨਾ ਨਾਲ ਕੰਮ ਕਰਨ। ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਵੇਦ ਪ੍ਰਕਾਸ਼ ਨੇ ਅੱਤਵਾਦ-ਵੱਖਵਾਦ ਦੀ ਝੁੱਲ ਰਹੀ ਹਨੇਰੀ ਦੇ ਦਿਨਾਂ ਵਿਚ ਸਾਥੀ ਕਰਤਾਰ ਚੰਦ ਨਾਲ ਰਲਕੇ ਕੀਤੇ ਕੰਮ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਹੈ ਅਤੇ ਨੌਜਵਾਨ ਇਨ੍ਹਾਂ ਵਿਚ ਗ੍ਰਸੇ ਜਾ ਰਹੇ ਹਨ। ਉਸ ਵੇਲੇ ਨਸ਼ਿਆਂ ਵਿਰੁੱਧ ਚੇਤਨ ਕਰਕੇ ਨੌਜਵਾਨਾਂ ਨੂੰ ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਆਰਥਕ ਤੇ ਸਮਾਜਕ ਬੁਰਾਈਆਂ ਵਿਰੁੱਧ ਸੰਘਰਸ਼ ਵਿਚ ਸ਼ਾਮਲ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। 
ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਥੀ ਮੰਗਤ ਰਾਮ ਪਾਸਲਾ ਨੇ ਸਾਥੀ ਕਰਤਾਰ ਚੰਦ ਨੂੰ ਸ਼ਰਧਾਂਜਲੀ ਅਰਪਤ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨਵਉਦਾਰਵਾਦੀ ਨੀਤੀਆਂ ਦੇ ਸਿੱਟੇ ਵਜੋਂ ਆਮ ਲੋਕਾਂ ਸਾਹਮਣੇ ਨਿੱਤ ਨਵੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ। ਅੱਜ ਦੇ ਸਮੇਂ ਵਿਚ ਇਨ੍ਹਾਂ ਨੀਤੀਆਂ ਵਿਰੁੱਧ ਅਤੇ ਇਨ੍ਹਾਂ ਨੀਤੀਆਂ ਦੇ ਜਨਮਦਾਤਾ ਸਾਮਰਾਜ ਵਿਰੁੱਧ ਸੰਘਰਸ਼ ਕਰਨ ਲਈ ਲੋਕਾਂ ਵਿਚ ਚੇਤਨਤਾ ਪੈਦਾ ਕਰਦੇ ਹੋਏ ਉਨ੍ਹਾਂ ਨੂੰ ਸੰਘਰਸ਼ ਲਈ ਲਾਮਬੰਦ ਕਰਨਾ ਹੀ ਸ਼ਹੀਦ ਸਾਥੀ ਕਰਤਾਰ ਚੰਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।  ਸਮਾਗਮ ਦੌਰਾਨ ਚੇਤਨਾ ਮੰਚ ਚਮਕੌਰ ਸਾਹਿਬ ਨੇ ਇਨਕਲਾਬੀ ਨਾਟਕ ਵੀ ਪੇਸ਼ ਕੀਤੇ। 

ਬੀਬੀ ਸੂਫੀਆਂ ਦੀ ਯਾਦ 'ਚ ਵਿਸ਼ਾਲ ਕਾਨਫਰੰਸ

ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਮਰਹੂਮ ਬੀਬੀ ਗੁਰਮੀਤ ਕੌਰ ਸੂਫੀਆਂ ਦੀ ਯਾਦ 'ਚ ਜੇ.ਪੀ.ਐਮ.ਓ. ਵਲੋਂ ਪਿੰਡ ਸੂਫੀਆਂ ਨੇੜਲੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਔਰਤਾਂ 'ਤੇ ਵੱਧ ਰਹੇ ਜਿਨਸੀ ਹਮਲਿਆਂ ਵਿਰੁੱਧ ਅਤੇ ਹਰ ਖੇਤਰ ਵਿਚ ਔਰਤਾਂ ਨੂੰ ਬਰਾਬਰਤਾ ਦੇ ਹੱਕ 'ਚ ਇਕ ਵਿਸ਼ਾਲ ਜਨਤਕ ਕਾਨਫਰੰਸ ਕੀਤੀ ਗਈ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੂੰਜੀਵਾਦੀ ਪ੍ਰਬੰਧ ਅਧੀਨ ਔਰਤਾਂ ਨੂੰ ਘਰ ਦੀ ਦਾਸੀ ਹੀ ਸਮਝਿਆ ਜਾਂਦਾ ਹੈ। 
ਇਹੀ ਕਾਰਨ ਹੈ ਕਿ ਉਚ ਵਿਦਿਆ ਹਾਸਲ ਕਰਨ ਜਾਂ ਰੁਜ਼ਗਾਰ ਖਾਤਰ ਘਰੋਂ ਬਾਹਰ ਪੈਰ ਪਾਉਣ ਵਾਲੀਆਂ ਔਰਤਾਂ ਤੇ ਮੁਟਿਆਰਾਂ ਨੂੰ ਸਮਾਜਿਕ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ 'ਤੇ ਜਿਨਸੀ ਹਮਲੇ ਹੁੰਦੇ ਹਨ ਤੇ ਫਿਰ ਜ਼ੁਰਮ ਦੇ ਸਬੂਤ ਖਤਮ ਕਰਨ ਲਈ ਉਨ੍ਹਾਂ ਨੂੰ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਸਾਥੀ ਪਾਸਲਾ ਨੇ ਇਸ ਮੌਕੇ ਔਰਤਾਂ ਨੂੰ ਜਥੇਬੰਦ ਹੋ ਕੇ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਕਿਉਂਕਿ ਇਹੋ ਇਕੋ ਇਕ ਰਾਹ ਹੈ ਜਿਸ 'ਤੇ ਚਲਕੇ ਔਰਤਾਂ ਆਪਣੀ ਸੁਰੱਖਿਆ ਯਕੀਨੀ ਬਣਾ ਸਕਦੀਆਂ ਹਨ। ਉਨ੍ਹਾਂ ਔਰਤਾਂ ਨੂੰ ਇਸ ਦੇ ਨਾਲ ਹੀ ਬਰਾਬਰੀ 'ਤੇ ਆਧਾਰਤ ਵਰਗ ਰਹਿਤ ਨਿਜ਼ਾਮ ਸਿਰਜਨ ਲਈ ਚਲ ਰਹੇ ਸੰਘਰਸ਼ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। 
 ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਆਗੂ ਤਲਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ,ਦਿਹਾਤੀ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸਮਾਜਕ ਵਿਗਿਆਨੀ ਰਘਬੀਰ ਸਿੰਘ ਪਕੀਵਾਂ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਨੀਲਮ ਘੁਮਾਣ, ਕੰਵਲਜੀਤ ਕੌਰ, ਕੁਲਵੰਤ ਸਿੰਘ ਮੱਲੂਨੰਗਲ, ਬੀਬੀ ਅਜੀਤ ਕੌਰ, ਸੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਬੀਬੀ ਜਗੀਰ ਕੌਰ, ਵਿਰਸਾ ਸਿੰਘ ਟਪਿਆਲਾ, ਬਲਵਿੰਦਰ ਸਿੰਘ ਰਵਾਲ,ਸੁਵਿੰਦਰ ਸਿੰਘ ਸੂਫੀਆਂ ਆਦਿ ਨੇ ਵੀ ਸੰਬੋਧਨ ਕੀਤਾ।

ਸਾਥੀ ਪੀ.ਸੀ. ਵੱਲ੍ਹਾ ਨੂੰ ਸ਼ਰਧਾਂਜਲੀਆਂ 

ਉਘੇ ਦੇਸ਼ ਭਗਤ ਕਾਮਰੇਡ ਪ੍ਰਕਾਸ਼ ਚੰਦ ਵੱਲ੍ਹਾ 96 ਸਾਲ ਦੀ ਉਮਰ ਹੰਢਾ ਕੇ ਪਿਛਲੇ ਮਹੀਨੇ 6 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ। ਸਾਥੀ ਵੱਲ੍ਹਾ 1942 'ਚ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੌਰਾਨ ਕੈਦ ਕੱਟਣ ਤੋਂ ਲੈ ਕੇ ਲਗਾਤਾਰ ਸਮਾਜਕ ਤਬਦੀਲੀ ਲਈ ਯਤਨਸ਼ੀਲ ਰਹੇ। ਉਹ ਇਕ ਨਾਮੀ ਵਿਦਵਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨੀ ਸਲਾਹਕਾਰ, ਲੇਖਕ ਤੇ ਇਮਾਨਦਾਰ ਵਕੀਲ ਸਨ। ਵੱਖ-ਵੱਖ ਸਰਕਾਰੀ ਅਹੁਦਿਆਂ 'ਤੇ ਇਮਾਨਦਾਰੀ ਨਾਲ ਕੰਮ ਕਰਨ ਪਿਛੋਂ 1976-77 ਤੋਂ ਉਹ ਸੀ.ਪੀ.ਐਮ. ਦੇ ਹਮਦਰਦ ਵਜੋਂ ਸਰਗਰਮ ਰਹੇ। ਉਨ੍ਹਾ ਕਾਨੂੰਨੀ ਕਿੱਤੇ ਵਿਚ ਇਮਾਨਦਾਰੀ ਪਾਰਦਰਸ਼ਤਾ ਨਾਲ ਕੰਮ ਕਰਦਿਆਂ ਇਕ ਵੱਖਰੀ ਪਛਾਣ ਬਣਾਈ। 
ਇਹੀ ਕਾਰਨ ਸੀ ਕਿ ਉਹ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਕਈ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਜਾਂਦੇ ਰਹੇ। ਉਹਨਾਂ ਮਜ਼ਦੂਰ ਜਮਾਤ ਦੀ ਭਲਾਈ ਲਈ ਜਿਥੇ ਕੰਮ ਕੀਤਾ, ਉਥੇ ਔਰਤਾਂ ਦੇ ਹੱਕਾਂ ਲਈ ਵੀ ਆਵਾਜ਼ ਬੁਲੰਦ ਕੀਤੀ। ਕਾਨੂੰਨੀ ਕਿੱਤੇ ਵਿਚ ਵੀ ਉਹਨਾਂ ਮਜ਼ਦੂਰਾਂ ਤੇ ਔਰਤਾਂ ਲਈ ਨਿੱਠ ਕੇ ਕੰਮ ਕੀਤਾ। ਜਮਾਤੀ ਭਿਆਲੀ ਦੀ ਥਾਂ ਜਮਾਤੀ ਸੰਘਰਸ਼ ਨੂੰ ਤਰਜੀਹ ਦਿੰਦਿਆਂ ਉਹ ਸੰਨ 2001 'ਚ ਨਿਖੇੜਾ ਕਰਦੇ ਹੋਏ ਸੀ.ਪੀ.ਐਮ. ਪੰਜਾਬ ਦੀ ਵਿਚਾਰਧਾਰਕ ਲਾਈਨ ਨਾਲ ਖਲੋਤੇ ਰਹੇ। 12 ਮਈ ਨੂੰ ਭਾਈ ਵੀਰ ਸਿੰਘ ਹਾਲ, ਅੰਮ੍ਰਿਤਸਰ 'ਚ ਹੋਏ ਸ਼ਰਧਾਂਜਲੀ ਸਮਾਗਮ ਸਮਾਰੋਹ ਵੇਲੇ ਸਮਾਜ ਪ੍ਰਤੀ ਤੇ ਖਾਸਕਰ ਕਿਰਤੀ ਜਮਾਤ ਪ੍ਰਤੀ ਸਾਥੀ ਪੀ.ਸੀ. ਵੱਲ੍ਹਾ ਜੀ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। 
ਉਨ੍ਹਾ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ 'ਚ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਰਤਨ ਸਿੰਘ ਰੰਧਾਵਾ ਤੋਂ ਇਲਾਵਾ ਸਾਥੀ ਵਿਜੈ ਮਿਸ਼ਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਗਿੰਦਰ ਸਿੰਘ, ਪ੍ਰੋ. ਬੈਨੀਪਾਲ, ਪ੍ਰੋ. ਜਗਰੂਪ ਸਿੰਘ ਸੇਖੋਂ, ਪ੍ਰੋ. ਸੁਰਿੰਦਰਬੀਰ ਸਿੰਘ, ਵੱਲ੍ਹਾ ਜੀ ਦੇ ਦਾਮਾਦ ਕਰਨਲ ਨਰਿੰਦਰ ਕੁਮਾਰ, ਐਸ.ਡੀ.ਐਮ. ਜਗਮੋਹਨ ਸਿੰਘ ਕੰਗ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਰਾੜ, ਮਾਸਟਰ ਸੁੱਚਾ ਸਿੰਘ ਅਜਨਾਲਾ, ਡਾ. ਬੈਰਾਗੀ, ਜਗਤਾਰ ਸਿੰਘ ਕਰਮਪੁਰਾ ਤੇ ਰਾਜ ਬਲਵੀਰ ਸਿੰਘ ਵੀਰਮ ਸ਼ਾਮਲ ਸਨ। 

ਸਾਬਕਾ ਵਿਧਾਇਕ ਕਾਮਰੇਡ ਕੁਲਵੰਤ ਸਿੰਘ ਨਹੀਂ ਰਹੇ

ਸੀ.ਪੀ.ਆਈ. ਦੀ ਜਲੰਧਰ ਜ਼ਿਲ੍ਹਾ ਇਕਾਈ ਦੇ ਸਕੱਤਰ ਅਤੇ ਉਸ ਨਾਲ ਸਬੰਧਤ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਕੁਲਵੰਤ ਸਿੰਘ ਸਾਬਕਾ ਵਿਧਾਇਕ ਦਾ 11 ਮਈ ਨੂੰ ਦਿਮਾਗ ਦੀ ਨਸ ਫਟਣ ਕਾਰਨ ਦੇਹਾਂਤ ਹੋ ਗਿਆ। ਇਕ ਧਨੀ ਕਿਸਾਨ ਪਰਵਾਰ 'ਚ ਜਨਮੇ ਹੋਣ ਦੇ ਬਾਵਜੂਦ ਕਾਮਰੇਡ ਕੁਲਵੰਤ ਸਿੰਘ ਨੇ ਜਿੱਥੇ ਕਿਰਤੀਆਂ-ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਵਿਚ ਮੁਹਰਲੀਆਂ ਸਫਾਂ 'ਚ ਰਹਿ ਕੇ ਕੰਮ ਕੀਤਾ ਉਥੇ ਉਮਰ ਭਰ ਦਿਆਨਤਦਾਰੀ ਨਾਲ ਸਾਦਗੀ ਭਰਿਆ ਮਿਸਾਲੀ ਜੀਵਨ ਵੀ ਜੀਵਿਆ। ਉਹ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਵੀ ਰਹੇ ਤੇ ਭੋਗਪੁਰ ਦੀ ਸਹਿਕਾਰੀ ਖੰਡ ਮਿੱਲ ਦੇ ਡਾਇਰੈਕਟਰ ਤੇ ਚੇਅਰਮੈਨ ਵੀ ਰਹੇ। ਗੰਨਾ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਅਤੇ ਸਹਿਕਾਰੀ ਖੰਡ ਮਿੱਲਾਂ ਨੂੰ ਬਚਾਉਣ ਲਈ ਸੰਘਰਸ਼ ਵਿਚ ਕਾਮਰੇਡ ਕੁਲਵੰਤ ਸਿੰਘ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਮਿਹਨਤਕਸ਼ ਲੋਕਾਂ ਦੇ ਅੰਗ ਸੰਗ ਖੜੋਣ ਕਾਰਨ ਉਹਨਾਂ 10 ਵਾਰ ਜੇਲ੍ਹ ਯਾਤਰਾ ਕੀਤੀ ਤੇ 1969 ਦੀਆਂ ਅਸੰਬਲੀ ਚੋਣਾਂ 'ਚ ਪਹਿਲੀ ਵਾਰ ਅਤੇ 1980 ਦੀਆਂ ਚੋਣਾਂ 'ਚ ਦੂਜੀ ਵਾਰ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਵਿਧਾਨ ਸਭਾ 'ਚ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿਚ ਸਦਾ ਹੀ ਜ਼ੋਰਦਾਰ ਆਵਾਜ਼ ਉਠਾਈ। ਲੋਕਹਿੱਤਾਂ ਨੂੰ ਪ੍ਰਣਾਏ ਹੋਏ ਅਜਿਹੇ ਆਗੂ ਦਾ ਸਦੀਵੀ ਵਿਛੋੜਾ ਸਮੁੱਚੀ ਕਮਿਊਨਿਸਟ ਲਹਿਰ ਲਈ ਇਕ ਵੱਡਾ ਘਾਟਾ ਹੈ। ਲੋਕ ਹਿੱਤਾਂ ਨੂੰ ਪ੍ਰਣਾਏ ਹੋਏ ਅਜਿਹੇ ਆਗੂ ਦਾ ਸਦੀਵੀ ਵਿਛੋੜਾ ਸਮੁੱਚੀ ਕਮਿਊਨਿਸਟ ਲਹਿਰ ਲਈ ਇਕ ਵੱਡਾ ਘਾਟਾ ਹੈ। ਅਦਾਰਾ 'ਸੰਗਰਾਮੀ ਲਹਿਰ' ਅਤੇ ਸੀ.ਪੀ.ਐਮ. ਪੰਜਾਬ ਇਸ ਮੌਕੇ ਸਾਥੀ ਕੁਲਵੰਤ ਸਿੰਘ ਸਾਬਕਾ ਵਿਧਾਇਕ ਦੇ ਪਰਵਾਰ, ਉਨ੍ਹਾਂ ਦੀ ਪਾਰਟੀ, ਕਿਸਾਨ ਸਭਾ ਤੇ ਸੰਗੀ-ਸਾਥੀਆਂ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।

ਕਾਮਰੇਡ ਅੱਛਰ ਸਿੰਘ ਮੁਹਾਵਾ ਨਹੀਂ ਰਹੇ

ਕਾਮਰੇਡ ਅੱਛਰ ਸਿੰਘ ਮੁਹਾਵਾ 96 ਸਾਲ ਦੀ ਉਮਰ ਭੋਗ ਕੇ ਸਦੀਵੀਂ ਵਿਛੋੜਾ ਦੇ ਗਏ ਹਨ। ਕਾਮਰੇਡ ਜੀ ਕਈ ਵਾਰ ਪਿੰਡ ਦੇ ਸਰਪੰਚ ਰਹੇ। ਕਾਮਰੇਡ ਅੱਛਰ ਸਿੰਘ ਮੁਹਾਵਾ ਜੀ ਦੀਆਂ ਅੰਤਮ ਰਸਮਾਂ ਮੌਕੇ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜਿਨ੍ਹਾਂ ਵਿਚ ਸੀ.ਪੀ.ਐਮ. ਪੰਜਾਬ ਵਲੋਂ ਸਾਥੀ ਰਤਨ ਸਿੰਘ ਰੰਧਾਵਾ, ਜਸਪਾਲ ਸਿੰਘ ਢਿੱਲੋਂ, ਟੀ.ਐਸ.ਯੂ. ਦੇ ਆਗੂ ਤੇ ਕਾਮਰੇਡ ਮੁਹਾਵਾ ਦੇ ਭਤੀਜੇ ਮੁਖਤਾਰ ਸਿੰਘ ਮੁਹਾਵਾ, ਅਮਰਜੀਤ ਸਰਕਾਰੀਆ ਆਦਿ ਸ਼ਾਮਲ ਸਨ। 

ਦੋ ਉਘੇ ਕਮਿਊਨਿਸਟ ਆਗੂਆਂ ਦਾ ਦੁਖਦਾਈ ਵਿਛੋੜਾ

ਕਾਮਰੇਡ ਸਤਿਆਪਾਲ ਡਾਂਗ 

ਮਹਾਨ ਕਮਿਊਨਿਸਟ ਨੇਤਾ, ਮਜ਼ਦੂਰਾਂ-ਕਿਸਾਨਾਂ ਦੇ ਕਲਿਆਣ ਲਈ ਸਾਰਾ ਜੀਵਨ ਸਮਰਪਤ ਕਰਨ ਵਾਲੇ ਤੇ ਸਾਦਗੀ ਤੇ ਉਚੇ ਆਦਰਸ਼ਾਂ ਭਰਿਆ ਸੰਘਰਸ਼ਸ਼ੀਲ ਜੀਵਨ ਲੋਕਾਂ ਦੇ ਲੇਖੇ ਲਗਾਉਣ ਵਾਲੇ, ਸਾਥੀ ਸਤਿਆਪਾਲ ਡਾਂਗ ਮਿਲ ਗੇਟਾਂ, ਸੜਕਾਂ, ਜਨਤਕ ਇਕੱਠਾਂ, ਦੁਸ਼ਮਣਾਂ ਦੇ ਗੜ੍ਹਾਂ ਅਤੇ ਵਿਧਾਨ ਸਭਾ ਵਿਚ ਗਰਜਣ ਵਾਲਾ ਸਾਥੀ ਡਾਂਗ ਸਿਹਤ ਖਰਾਬ ਹੋ ਜਾਣ ਕਾਰਨ ਕੁੱਝ ਸਮੇਂ ਤੋਂ ਚੁਪ ਸੀ, ਅਜਿਹਾ ਦੇਖਣਾ ਡਾਢਾ ਦੁਖਦਾਈ ਜਾਪਦਾ ਸੀ। 
ਸਾਥੀ ਸਤਿਆਪਾਲ ਡਾਂਗ ਜੀ ਆਜ਼ਾਦੀ ਅੰਦੋਲਨ ਦੌਰਾਨ ਹੀ ਰਾਜਨੀਤੀ ਵਿਚ ਕੁੱਦ ਪਏ ਸਨ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਜੰਗਲਾਂ ਵਿਚ ਰਿਆਸਤੀ ਰਾਜਿਆਂ ਵਿਰੁੱਧ ਲੜੀ ਗਈ ਹਥਿਆਰਬੰਦ ਜੰਗ (ਤਿਲੰਗਾਨਾ ਦਾ ਹਥਿਆਰਬੰਦ ਘੋਲ) ਵਿਚ ਵੀ ਆਪਣਾ ਬਣਦਾ ਹਿੱਸਾ ਪਾਇਆ। ਸਾਥੀ ਪੀ. ਸੁੰਦਰਈਆ, ਜੋ ਤਿਲੰਗਾਨਾ ਦੀ ਜੱਦੋ ਜਹਿਦ ਦੇ ਮੋਢੀ ਆਗੂਆਂ ਵਿਚੋਂ ਇਕ ਸਨ, ਨਾਲ ਬਾਹਾਂ ਵਿਚ ਬਾਹਾਂ ਪਾ ਕੇ ਜੰਗਲਾਂ ਵਿਚ ਜ਼ਬਰ ਦੀ ਤਪਸ਼ ਝੇਲਣ ਅਤੇ ਭੁੱਖੇ ਪੇਟ ਰਹਿ ਕੇ ਇੰਨਕਲਾਬ ਪ੍ਰਤੀ ਆਪਣੇ ਫਰਜ਼ਾਂ ਨੂੰ ਅਦਾ ਕਰਨ ਦਾ ਮਾਣ ਸਾਥੀ ਸਤਿਆਪਾਲ ਡਾਂਗ ਜੀ ਨੂੰ ਹਾਸਲ ਹੈ। 
ਬੰਬਈ ਵਿਚਲੇ ਕਮਿਊਨਿਸਟ ਦਫਤਰ 'ਚੋਂ ਵਿਦਿਆਰਥੀ ਲਹਿਰ ਦੇ ਆਗੂ ਦੀ ਭੂਮਿਕਾ ਅਦਾ ਕਰਦਿਆਂ ਸਾਥੀ ਡਾਂਗ ਨੇ ਪਾਰਟੀ ਦੇ ਆਦੇਸ਼ ਅਨੁਸਾਰ ਪੰਜਾਬ ਅੰਦਰ ਕਿਰਤੀਆਂ ਦੇ ਵੱਡੇ ਕੇਂਦਰ ਛੇਹਰਟੇ (ਅੰਮ੍ਰਿਤਸਰ) ਨੂੰ ਆਪਣੀ ਕਰਮ-ਭੂਮੀ ਬਣਾਇਆ। ਕਾਮਰੇਡ ਬਿਮਲਾ ਡਾਂਗ ਜੀ ਨਾਲ ਵਿਆਹ ਕਰਾ ਕੇ ਇਹ ਜੋੜੀ ਸਮਾਜਿਕ ਤਬਦੀਲੀ ਦੇ ਜਰਨੈਲੀ ਰਾਹ ਉਤੇ ਇੰਜ ਤੁਰੀ ਕਿ ਝੱਟ ਹੀ ਆਪਣੇ ਅਮਲਾਂ ਰਾਹੀਂ ਇਹ ਸਮੂਹ ਕਿਰਤੀਆਂ ਦੀ ਅੱਖ ਦਾ ਤਾਰਾ ਬਣ ਗਈ। ਇਕ ਕਮਿਊਨਿਸਟ ਦੇ ਸ਼ਰੇਸ਼ਟ ਗੁਣਾਂ ਵਿਚ ਕਹਿਣੀ ਤੇ ਕਰਨੀ ਦਾ ਸੁਮੇਲ ਹੋਣਾ ਸ਼ਾਮਲ ਹੈ ਅਤੇ ਸਾਥੀ ਡਾਂਗ ਦੇ ਲੰਬੇ ਰਾਜਨੀਤਕ ਜੀਵਨ ਵਿਚੋਂ ਇਸ ਦੇ ਪਾੜੇ ਦੀ ਇਕ ਵੀ ਮਿਸਾਲ ਨਹੀਂ ਮਿਲਦੀ।  
ਸਾਥੀ ਡਾਂਗ ਜੀ 1964 ਦੀ ਕਮਿਊਨਿਸਟ ਪਾਰਟੀ ਦੀ ਵੰਡ ਸਮੇਂ ਸੀ.ਪੀ.ਆਈ. ਨਾਲ ਰਹੇ ਤੇ ਪਾਰਟੀ ਦੀਆਂ ਉੱਚ ਕਮੇਟੀਆਂ ਵਿਚ ਚੁਣੇ ਗਏ। ਉਹ ਏਟਕ ਦੇ ਵੀ ਵੱਡੇ ਆਗੂ ਸਨ। ਸਾਡੇ ਸੀ.ਪੀ.ਆਈ. ਨਾਲ ਡੂੰਘੇ ਮਤਭੇਦ ਸਨ। ਪ੍ਰੰਤੂ ਜਿਸ ਤਰ੍ਹਾਂ ਟਰੇਡ ਯੂਨੀਅਨਾਂ ਅਤੇ ਦੋਨਾਂ ਪਾਰਟੀਆਂ ਦੇ ਸਾਂਝੇ ਘੋਲਾਂ ਦੌਰਾਨ ਸਾਥੀ ਡਾਂਗ ਜੀ ਨੇ ਸੁਹਿਰਦਤਾ, ਦਲੇਰੀ ਤੇ ਇਮਾਨਦਾਰੀ ਨਾਲ ਆਗੂ ਰੋਲ ਅਦਾ ਕੀਤਾ, ਉਹ ਬਹੁਤ ਹੀ ਨਿਵੇਕਲਾ ਤੇ ਪ੍ਰਭਾਵਿਤ ਕਰਨ ਵਾਲਾ ਸੀ। 
ਸਾਥੀ ਸਤਿਆਪਾਲ ਡਾਂਗ ਨੇ ਪੰਜਾਬ ਅੰਦਰ ਅੱਤਵਾਦ ਦੇ ਖਤਰੇ ਦਾ ਆਪ ਤੇ ਦੂਸਰੀਆਂ ਦੇਸ਼ ਭਗਤਕ ਸ਼ਕਤੀਆਂ ਨਾਲ ਮਿਲ ਕੇ ਸਿਧਾਂਤਕ ਤੇ ਅਮਲੀ ਰੂਪ ਵਿਚ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਜਨ ਸਮੂਹਾਂ ਨੂੰ ਇਸ ਖਤਰੇ ਵਿਰੁੱਧ ਖੜੇ ਹੋਣ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕੀਤਾ।  
ਅਦਾਰਾ 'ਸੰਗਰਾਮੀ ਲਹਿਰ' ਕਮਿਊਨਿਸਟ ਸਫਾਂ ਨੂੰ ਸਾਥੀ ਡਾਂਗ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਾ ਹੈ ਅਤੇ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਾ ਹੈ। 

ਸਾਥੀ ਜਗਜੀਤ ਸਿੰਘ ਲਾਇਲਪੁਰੀ 

ਉਘੇ ਆਜ਼ਾਦੀ ਘੁਲਾਟੀਏ ਅਤੇ ਕਮਿਊਨਿਸਟ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ 27 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। 
95 ਵਰ੍ਹਿਆਂ ਦੇ ਸਾਥੀ ਲਾਇਲਪੁਰੀ ਨੇ ਆਪਣੇ ਜੀਵਨ ਦੇ 7 ਦਹਾਕਿਆਂ ਤੋਂ ਵੀ ਵੱਧ ਸਮਾਂ ਦੇਸ਼ ਦੀ ਆਜ਼ਾਦੀ ਲਈ ਅਤੇ ਮਜ਼ਦੂਰਾਂ ਤੇ ਕਿਸਾਨਾਂ ਦੀ ਪੂੰਜੀਵਾਦੀ ਲੁੱਟ-ਖਸੁੱਟ ਤੋਂ ਮੁਕਤੀ ਲਈ ਚੱਲੇ ਸੰਘਰਸ਼ ਦੇ ਲੇਖੇ ਲਾਇਆ। ਵਿਦਿਆਰਥੀ ਫਰੰਟ ਤੋਂ ਸ਼ੁਰੂ ਕਰਕੇ, ਸਾਥੀ ਲਾਇਲਪੁਰੀ ਨੇ ਕਮਿਊਨਿਸਟ ਲਹਿਰ ਨਾਲ ਸਬੰਧਤ ਹਰ ਮੋਰਚੇ 'ਤੇ ਪਾਰਟੀ ਵਲੋਂ ਮਿਲੀਆਂ ਜ਼ੁੰਮੇਵਾਰੀਆਂ ਨੂੰ ਦਰਿੜਤਾ ਪੂਰਬਕ ਨਿਭਾਇਆ ਅਤੇ ਲੋਕ ਸੇਵਾ ਦਾ ਇਕ ਮਾਣਮੱਤਾ ਰੀਕਾਰਡ ਕਾਇਮ ਕੀਤਾ। ਇਸ ਲੰਬੇ ਸੰਘਰਸ਼ਸ਼ੀਲ ਜੀਵਨ ਦੌਰਾਨ ਉਹਨਾਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਜਨਰਲ ਸਕੱਤਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ। 
ਸਾਥੀ ਲਾਇਲਪੁਰੀ ਅਣਵੰਡੀ ਸੀ.ਪੀ.ਆਈ. ਵਿਚ ਵੀ ਪਾਰਟੀ ਦੇ ਸਿਰਮੌਰ ਆਗੂ ਸਨ। 1964 ਵਿਚ ਡਾਂਗੇਪੰਥੀ ਸੋਧਵਾਦ ਨਾਲੋਂ ਕਿਨਾਰਾਕਸ਼ੀ ਕਰਨ ਵਾਲੇ ਕੇਂਦਰੀ ਕੌਂਸਲ ਦੇ 32 ਆਗੂਆਂ ਵਿਚ ਵੀ ਉਹ ਸ਼ਾਮਲ ਸਨ। ਇਸ ਉਪਰੰਤ ਸੀ.ਪੀ.ਆਈ.(ਐਮ) ਦੇ ਝੰਡੇ ਹੇਠ ਕਾਇਮ ਕੀਤੀ ਗਈ ਨਵੀਂ ਇਨਕਲਾਬੀ ਪਾਰਟੀ ਦੀ ਉਸਾਰੀ ਵਿਚ ਵੀ ਸਾਥੀ ਲਾਇਲਪੁਰੀ ਨੇ ਉਘੀ ਭੂਮਿਕਾ ਨਿਭਾਈ। 
ਉਹਨਾਂ ਨੇ ਪੰਜਾਬ ਅੰਦਰ ਸੀ.ਆਈ.ਟੀ.ਯੂ. ਦੇ ਪ੍ਰਧਾਨ ਵਜੋਂ ਵੀ ਕੰਮ ਕੀਤਾ ਅਤੇ ਹਰ ਜ਼ੁੰਮੇਵਾਰੀ ਨੂੰ ਬੜੀ ਨਿਡਰਤਾ, ਇਮਾਨਦਾਰੀ ਤੇ ਪ੍ਰਤੀਬੱਧਤਾ ਨਾਲ ਨਿਭਾਇਆ। ਇਸ ਤਰ੍ਹਾਂ ਸਾਥੀ ਲਾਇਲਪੁਰੀ ਦੇਸ਼ 'ਚੋਂ ਪੂੰਜੀਵਾਦ ਦਾ ਖਾਤਮਾ ਕਰਕੇ ਏਥੇ ਸਮਾਜਵਾਦ ਦੀ ਸਥਾਪਨਾ ਕਰਨ ਵਾਸਤੇ ਜੀਵਨ ਭਰ ਜੂਝਦੇ ਰਹੇ। 
ਅਦਾਰਾ 'ਸੰਗਰਾਮੀ ਲਹਿਰ' ਉਹਨਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਾ ਹੈ।