Sunday 29 May 2016

ਸਹਾਇਤਾ (ਸੰਗਰਾਮੀ ਲਹਿਰ-ਜੂਨ 2016)

ਪਾਰਟੀ ਦੇ ਇਕ ਹਮਦਰਦ ਸਾਥੀ ਵਲੋਂ 'ਸੰਗਰਾਮੀ ਲਹਿਰ' ਨੂੰ 11000 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਪ.ਸ.ਸ.ਫ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹੈਡਮਾਸਟਰ ਕਰਨੈਲ ਸਿੰਘ ਸੰਧੂ ਨੇ ਆਪਣੀ ਸਰਕਾਰੀ ਸੇਵਾ ਤੋਂ ਮੁਕਤੀ ਹੋਣ ਉਪਰੰਤ ਸੀਪੀਐਮ ਪੰਜਾਬ ਨੂੰ 11000 ਰੁਪਏ, ਸੀਟੀਯੂ , ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੂੰ 1000- 1000 ਰੁਪਏ ਅਤੇ ਜੇ.ਪੀ.ਐਮ.ਓ. ਜ਼ਿਲ੍ਹਾ ਜਲੰਧਰ ਨੂੰ 500, ਸੰਗਰਾਮੀ ਲਹਿਰ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਹਰਬਲਾਸ ਸੈਂਟਰ ਹੈਡ ਟੀਚਰ ਜ਼ਿਲ੍ਹਾ ਹੁਸ਼ਿਆਰਪੁਰ ਨੇ 30 ਅਪ੍ਰੈਲ 2016 ਨੂੰ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਦਿਦਾਰ ਸਿੰਘ ਕੁਲਾਰ (ਗੁਰਦਾਸਪੁਰ) ਨੇ ਆਪਣੇ ਪੋਤਰੇ ਦੇ ਸ਼ਗਨ ਦੀ ਖੁਸ਼ੀ ਸਮੇਂ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਬਟਾਲਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸਾਧੂ ਸਿੰਘ ਪਿੰਡ ਕੋਟਲੀ ਥਾਬਲਾਂ ਨੇ ਆਪਣੇ ਪੁੱਤਰ ਦੀ ਸ਼ਾਦੀ ਦੀ ਖੁਸ਼ੀ ਸਮੇਂ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਬਟਾਲਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਅਰਜਣ ਸਿੰਘ ਰਾਮ ਦਿਵਾਲੀ (ਗੁਰਦਾਸਪੁਰ) ਨੇ ਆਪਣੇ ਬੇਟੇ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਬਟਾਲਾ ਨੂੰ 2000 ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਦਿੱਤੀ।
 
ਕਾਮਰੇਡ ਬਲਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੇ ਆਪਣੀ ਮਾਤਾ ਸ਼੍ਰੀਮਤੀ ਕਰਤਾਰ ਕੌਰ ਪਤਨੀ ਸਰਦਾਰ ਗੁਰਬਚਨ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ. ਪੰਜਾਬ ਨੂੰ 1600 ਰੁਪਏ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ. ਸੁਖਵਿੰਦਰ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਭਾਮ (ਗੁਰਦਾਸਪੁਰ) ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਦੀਪ ਸਿੰਘ, ਸੂਬਾ ਕਮੇਟੀ ਮੈਂਬਰ ਅਤੇ ਚੇਅਰਮੈਨ ਕੰਟਰੋਲ ਕਮੀਸ਼ਨ, ਸੀ.ਪੀ.ਐਮ. ਪੰਜਾਬ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਉਨ੍ਹਾਂ ਦੇ ਪਰਿਵਾਰ ਵਲੋਂ ਸੂਬਾ ਕਮੇਟੀ ਨੂੰ 10000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਕਾਮਰੇਡ ਕੁਲਦੀਪ ਸਿੰਘ ਰਾਣਾ ਜ਼ਿਲ੍ਹਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਪਿੰਡ ਸੂਰਜਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੇ ਮਾਤਾ ਜੀ ਬੀਬੀ ਗੁਰਦੇਵ ਕੌਰ ਪਤਨੀ ਸ਼੍ਰੀ ਮੋਹਣ ਸਿੰਘ ਦੀਆਂ ਅੰਤਮ ਰਸਮਾਂ ਮੌਕੇ ਤਹਿਸੀਲ ਕਮੇਟੀ ਸੀ.ਪੀ.ਐਮ.ਪੰਜਾਬ ਫਿਲੌਰ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਨਵਤੇਜ਼ ਦਿਹੜ ਜ਼ਿਲ੍ਹਾ ਬਰਨਾਲਾ ਦੀਆਂ ਅੰਤਿਮ ਰਸਮਾਂ ਸਮੇਂ ਉਸ ਦੇ ਪਰਿਵਾਰ ਵਲੋਂ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਸਟਰ ਕਰਤਾਰ ਸਿੰਘ ਪਿੰਡ ਠੀਕਰੀ ਵਾਲਾ ਜ਼ਿਲ੍ਹਾ ਬਰਨਾਲਾ ਵਲੋਂ ਆਪਣੇ ਨਵੇਂ ਘਰ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਇਕਾਈ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਹਜਾਰਾ ਸਿੰਘ ਜੱਸੜ ਜੀ ਦੀ ਬਰਸੀ ਸਮੇਂ ਉਨ੍ਹਾਂ ਦੇ ਦੋਹਤੇ ਸਾਥੀ ਗਗਨਦੀਪ ਸਿੰਘ ਵਲੋਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਸਟਰ ਗੁਰਦਰਸ਼ਨ ਸਿੰਘ ਪਿੰਡ ਵਜੀਦਕੇ ਕਲਾਂ ਵਲੋਂ ਆਪਣੀ ਮਾਤਾ ਬਲਵੰਤ ਕੌਰ ਦੀਆਂ ਅੰਤਮ ਰਸਮਾਂ ਸਮੇਂ ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
 
ਸਵਰਨ ਸਿੰਘ ਰੱਤੂ ਖੁਰਲਾਪੁਰ (ਨਕੋਦਰ) ਨੇ ਆਪਣੇ ਲੜਕੇ ਰਜਿੰਦਰ ਕੁਮਾਰ ਦੀ ਸ਼ਾਦੀ ਬੀਬੀ ਕਵਿਤਾ ਸਪੁੱਤਰੀ ਰਾਜਿੰਦਰ ਲਾਲ ਮਹੇੜੂ ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 5500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਦੇਵ ਫਿਲੌਰ ਦੀ ਪੋਤਰੀ ਅਤੇ ਕਾਮਰੇਡ ਜਰਨੈਲ ਫਿਲੌਰ ਦੀ ਬੇਟੀ ਮਨਪ੍ਰੀਤ ਦੀ ਸ਼ਾਦੀ ਕਾਕਾ ਮੇਜਰ ਸਪੁੱਤਰ ਗਿਆਨ ਚੰਦ ਰੁੜਕਾ ਕਲਾਂ ਨਾਲ ਹੋਣ ਦੀ ਖੁਸ਼ੀ ਦੇ ਮੌਕੇ ਦੋਹਾਂ ਪਰਿਵਾਰਾਂ ਨੇ ਸੀ.ਪੀ.ਐਮ.ਪੰਜਾਬ ਨੂੰ  10-10 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500-500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਵਿਜੈ ਕੁਮਾਰ ਸਪੁੱਤਰ ਸ਼੍ਰੀ ਭਜਨਾ ਰਾਮ ਸਾਬਕਾ ਪੰਚ ਰੁੜਕਾ ਕਲਾਂ ਨੇ ਸੀ.ਪੀ.ਐਮ.ਪੰਜਾਬ ਨੂੰ 50 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਬੂਟਾ ਸਿੰਘ ਰੁੜਕਾ ਕਲਾਂ ਨੇ ਸੀ.ਪੀ.ਐਮ.ਪੰਜਾਬ ਨੂੰ 25 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼ਰਧਾਂਜਲੀ

ਕਮਿਊਨਿਸਟ ਨੈਤਿਕਤਾ ਦੇ ਰੋਲ ਮਾਡਲ ਸਾਥੀ ਹਰਦੀਪ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀ

ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਪੂਰੀ ਤਰ੍ਹਾਂ ਸਮਰਪਤ ਤੇ ਨਿਸ਼ਠਾਵਾਨ ਆਗੂ ਸਾਥੀ ਹਰਦੀਪ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਪਾਰਟੀ ਦੇ ਇਨਕਲਾਬੀ ਅਨੁਸ਼ਾਸਨ ਦੀ ਰਾਖੀ ਕਰਨ ਵਾਲੇ 'ਕੰਟਰੋਲ ਕਮਿਸ਼ਨ' ਦੇ ਉਹ ਚੇਅਰਮੈਨ ਸਨ ਅਤੇ ਪਾਰਟੀ ਦੀ ਸੂਬਾਈ ਕਮੇਟੀ ਦੇ ਮੈਂਬਰ ਸਨ। 29 ਅਪ੍ਰੈਲ ਨੂੰ ਸਵੇਰੇ, 4-5 ਵਜੇ ਦੇ ਵਿਚਕਾਰ, ਹਿਰਦੇ ਦੀ ਗਤੀ ਅਚਾਨਕ ਰੁਕ ਜਾਣ ਕਾਰਨ, ਨੀਂਦ ਵਿਚ ਹੀ ਉਹਨਾਂ ਦੇ ਪ੍ਰਾਣ ਪੰਖੇਰੂ ਹੋ ਗਏ। ਉਹ 77 ਵਰਿਆਂ ਦੇ ਸਨ। ਉਸ ਸਮੇਂ ਸਾਥੀ ਹਰਦੀਪ ਸਿੰਘ ਪ.ਸ.ਸ.ਫ. ਦੇ ਚੰਡੀਗੜ੍ਹ ਦਫਤਰ ਵਿਚ ਸਨ ਅਤੇ ਉਹਨਾਂ ਦੀ ਸੁਪੱਤਨੀ ਬੀਬੀ ਸ਼ੀਲਾ ਦੇਵੀ ਜੀ ਵੀ ਉਹਨਾਂ ਦੇ ਨਾਲ ਸਨ।
ਲੰਬੇ ਸਮੇਂ ਤੋਂ ਸਾਥੀ ਹਰਦੀਪ ਸਿੰਘ ਪਾਰਟੀ ਵਲੋਂ ਮਿਲਦੇ ਕਾਰਜਾਂ ਦੇ ਨਾਲ ਨਾਲ 'ਮੁਲਾਜ਼ਮ ਲਹਿਰ' ਪਰਚੇ ਦੇ ਸੰਪਾਦਨ ਆਦਿ ਨਾਲ ਸਬੰਧਤ ਜ਼ੁੰਮੇਵਾਰੀਆਂ ਵੀ ਨਿਭਾਉਂਦੇ ਆ ਰਹੇ ਸਨ। ਇਸ ਮੰਤਵ ਲਈ ਉਹ ਹਰ ਮਹੀਨੇ ਦੇ ਆਖਰੀ 10 ਦਿਨ ਚੰਡੀਗੜ੍ਹ ਵਿਖੇ ਫੈਡਰੇਸ਼ਨ ਦੇ ਦਫਤਰ ਵਿਚ ਕੰਮ ਕਰਦੇ ਸਨ। ਪਰਚੇ ਦਾ ਮਈ ਅੰਕ ਛਪਾਉਣ ਅਤੇ ਮਈ ਦਿਵਸ ਦੇ ਸਮਾਗਮਾਂ ਤੱਕ ਉਸ ਨੂੰ ਪਾਠਕਾਂ ਤੱਕ ਪੁੱਜਦਾ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਉਪਰੰਤ ਉਹ ਅਚਾਨਕ ਹੀ ਸਾਰਿਆਂ ਨੂੰ  ਸਦੀਵੀਂ ਅਲਵਿਦਾ ਆਖ ਗਏ। ਇਸ ਅਚਾਨਕ ਵਾਪਰੀ ਬੇਹੱਦ ਦੁਖਦਾਈ ਘਟਨਾ ਨੇ ਕਿਰਤੀ ਲਹਿਰ ਦੇ ਸਮੁੱਚੇ ਸੁਹਿਰਦ ਕਾਰਕੁੰਨਾਂ ਤੇ ਆਗੂਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਦਿੱਤੀਆਂ।
ਸਾਥੀ ਹਰਦੀਪ ਸਿੰਘ ਦੇ, ਸਰੀਰਕ ਤੌਰ 'ਤੇ, ਅਚਾਨਕ ਤੁਰ ਜਾਣ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਅਣਗਿਣਤ ਪਿਆਰਿਆਂ ਨੂੰ ਹੀ ਨਹੀਂ ਸਮੁੱਚੀ ਕਮਿਊਨਿਸਟ ਲਹਿਰ ਨੂੰ ਭਾਰੀ ਘਾਟਾ ਪਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ, ਸਿਆਸੀ ਤੌਰ 'ਤੇ ਸੁਚੇਤ ਪਿੰਡ ਸ਼ਾਹਪੁਰ ਜਾਜਨ ਵਿਖੇ, ਇਕ ਕਿਰਤੀ ਪਰਿਵਾਰ 'ਚ 1940 ਵਿਚ ਜਨਮੇਂ ਸਾਥੀ ਹਰਦੀਪ ਸਿੰਘ ਵਿਦਿਆਰਥੀ ਜੀਵਨ ਵਿਚ ਹੀ ਇਲਾਕੇ ਦੇ ਕੁੱਝ ਕਾਮਰੇਡਾਂ ਦੇ ਸੰਪਰਕ ਵਿਚ ਆ ਕੇ ਕਮਿਊਨਿਸਟ ਵਿਚਾਰਧਾਰਾ ਦੇ ਸੂਹੇ ਰੰਗ ਵਿਚ ਰੰਗੇ ਗਏ ਸਨ। ਅਧਿਆਪਨ ਦਾ ਕਿੱਤਾ ਅਪਨਾਉਣ ਉਪਰੰਤ ਉਹ ਤੁਰੰਤ ਹੀ ਪੰਜਾਬ ਅੰਦਰਲੀ ਅਧਿਆਪਕਾਂ ਦੀ ਲੜਾਕੂ ਲਹਿਰ ਨਾਲ ਜੁੜ ਗਏ। ਆਪਣੀ ਅਣਥੱਕ ਮਿਹਨਤ, ਸੁਹਿਰਦਤਾ ਭਰਪੂਰ ਲਗਨ, ਆਪਾਵਾਰੂ ਜੀਵਨ ਸ਼ੈਲੀ  ਅਤੇ ਲਾਮਿਸਾਲ ਦਰਿੜਤਾ ਸਦਕਾ ਉਹ ਅਧਿਆਪਕਾਂ 'ਤੇ ਸਰਕਾਰੀ ਮੁਲਾਜ਼ਮਾਂ ਦੀ ਲੜਾਕੂ ਲਹਿਰ ਦੇ ਆਗੂਆਂ ਦੀ ਪਹਿਲੀ ਪਾਲ ਵਿਚ ਸ਼ਾਮਲ ਰਹੇ। ਇਸ ਲਹਿਰ ਦੀ ਉਸਾਰੀ ਕਰਦਿਆਂ ਅਤੇ ਮੁਲਾਜ਼ਮਾਂ ਦੇ ਅਨੇਕਾਂ ਸੰਘਰਸ਼ਾਂ ਵਿਚ ਨਿਰੰਤਰ ਸ਼ਾਮਲ ਰਹਿਣ ਕਾਰਨ ਸਾਥੀ ਹਰਦੀਪ ਸਿੰਘ ਨੂੰ ਹਾਕਮਾਂ ਦੀ ਕਰੋਪੀ ਦਾ ਵੀ ਕਈ ਵਾਰ ਸ਼ਿਕਾਰ ਹੋਣਾ ਪਿਆ। ਐਪਰ ਅਜੇਹੀਆਂ ਮੁਸ਼ਕਲਾਂ ਤੇ ਆਰਥਕ ਤੰਗੀਆਂ, ਸਮਾਜਿਕ ਵਿਕਾਸ ਲਈ ਜੀਵਨ ਭਰ ਜੂਝਦੇ ਰਹੇ, ਇਸ ਯੋਧੇ ਨੂੰ ਭੋਰਾ ਭਰ ਵੀ ਡੁਲਾ ਨਹੀਂ ਸਕੀਆਂ। ਹਰ ਔਕੜ ਦਾ ਉਸਨੇ ਖਿੜੇ ਮੱਥੇ ਟਾਕਰਾ ਕੀਤਾ ਅਤੇ ਲੋਕ ਹਿਤਾਂ ਖਾਤਰ ਕਿਸੇ ਵੀ ਕੁਰਬਾਨੀ ਕਰਨ ਤੋਂ ਕਦੇ ਝਿਝਕ ਨਹੀਂ ਸੀ ਵਿਖਾਈ।
ਸਰਕਾਰੀ ਸੇਵਾ ਤੋਂ ਮੁਕਤੀ ਉਪਰੰਤ, ਪਾਰਟੀ ਵਲੋਂ ਦਿੱਤੀ ਗਈ ਹਰ ਜ਼ੁੰਮੇਵਾਰੀ ਨੂੰ ਵੀ ਸਾਥੀ ਹਰਦੀਪ ਸਿੰਘ ਨੇ ਇਕ ਅਨੁਸ਼ਾਸਨਬੱਧ ਸਿਪਾਹੀ ਵਜੋਂ ਨੇਪਰੇ ਚਾੜ੍ਹਿਆ। ਜਿਸਦੇ ਫਲਸਰੂਪ ਪਾਰਟੀ ਦੀਆਂ ਸਫਾਂ ਵਿਚ ਵੀ ਉਹ ਡੂੰਘੇ ਸਤਿਕਾਰ ਦੇ ਪਾਤਰ ਬਣੇ। ਪਾਰਟੀ ਦੇ ਇਨਕਲਾਬੀ ਭਵਿੱਖ ਨਕਸ਼ੇ ਪ੍ਰਤੀ ਸਪੱਸ਼ਟਤਾ, ਪਾਰਟੀ ਦੇ ਫੈਸਲਿਆਂ ਪ੍ਰਤੀ ਅਥਾਹ ਵਫਾਦਾਰੀ ਅਤੇ ਲਾਮਿਸਾਲ ਇਮਾਨਦਾਰੀ ਕਾਰਨ ਹੀ ਉਹਨਾਂ ਨੂੰ ਹਰ ਵਾਰ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਤੇ ਚੇਅਰਮੈਨ ਵਜੋਂ ਚੁਣਿਆ ਜਾਂਦਾ ਰਿਹਾ।
ਸਾਥੀ ਹਰਦੀਪ ਸਿੰਘ ਨੇ ਇਕ ਆਦਰਸ਼ਕ ਕਮਿਊਨਿਸਟ ਦਾ ਜੀਵਨ ਜੀਵਿਆ ਹੈ। ਕਮਿਊਨਿਸਟ ਨੈਤਿਕਤਾ ਦੇ ਉਹ ਨਿਸ਼ਚੇ ਹੀ ਇਕ ਰੋਲ ਮਾਡਲ ਸਨ। ਆਪਣੀ ਪ੍ਰਭਾਵਸ਼ਾਲੀ ਸਾਦਗੀ, ਇਮਾਨਦਾਰੀ, ਜ਼ਿੰਮੇਵਾਰੀ ਪ੍ਰਤੀ ਸੁਹਿਰਦਤਾ, ਨਿਮਰਤਾ ਅਤੇ ਪਾਰਦਰਸ਼ੀ ਜੀਵਨ ਸ਼ੈਲੀ ਰਾਹੀਂ ਉਹ ਕਮਿਊਨਿਸਟ  ਸਦਾਚਾਰ ਨੂੰ ਸਜੀਵ ਰੂਪ ਵਿਚ ਮੂਰਤੀਮਾਨ ਕਰਦੇ ਦਿਖਾਈ ਦਿੰਦੇ ਸਨ। ਸਿਧਾਂਤਕ ਤੇ ਵਿਵਹਾਰਕ ਪੱਖ ਤੋਂ ਵੀ ਉਹਨਾਂ ਦੀ ਮਾਰਕਸਵਾਦ-ਲੈਨਿਨਵਾਦ ਉਪਰ ਚੋਖੀ ਪਕੜ ਸੀ। ਜਿਸਨੇ ਉਹਨਾਂ ਦੇ ਇਹਨਾਂ ਸਾਰੇ ਇਨਕਲਾਬੀ ਗੁਣਾਂ ਨੂੰ ਨਿਖਾਰਿਆ ਅਤੇ ਅੰਤਿਮ ਸਾਹਾਂ ਤੱਕ ਕਿਰਤੀ ਲੋਕਾਂ ਲਈ ਸਮਰਪਤ ਰਹਿਣ ਦੇ ਸਮਰੱਥ ਬਣਾਈ ਰੱਖਿਆ।
ਸਾਥੀ ਹਰਦੀਪ ਸਿੰਘ ਵਲੋਂ ਅਗਾਊਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨੁੱਖਤਾ ਦੇ ਇਸ ਸੱਚੇ ਆਸ਼ਕ ਦੀਆਂ ਅੱਖਾਂ ਉਸੇ ਦਿਨ ਹੁਸ਼ਿਆਰਪੁਰ ਦੇ ਹਸਪਤਾਲ ਵਿਖੇ ਦਾਨ ਕਰ ਦਿੱਤੀਆਂ ਗਈਆਂ ਅਤੇ ਪਠਾਨਕੋਟ ਵਿਖੇ, ਸਿਹਤ ਵਿਭਾਗ ਦੇ ਅਧਿਕਾਰੀਆਂ ਰਾਹੀਂ, ਉਹਨਾਂ ਦਾ ਸ਼ਰੀਰ ਵੀ 'ਪੰਜਾਬ ਇਨਸਟੀਚਿਊਟ ਆਫ ਮੈਡੀਕਲ ਸਾਇੰਸਜ਼' ਜਲੰਧਰ ਨੂੰ ਦਾਨ ਕਰ ਦਿੱਤਾ ਗਿਆ।
ਸਾਥੀ ਹਰਦੀਪ ਸਿੰਘ ਜੀ ਆਪਣੇ ਪਿੱਛੇ ਆਪਣੀ ਸੁਪਤਨੀ ਬੀਬੀ ਸ਼ੀਲਾ ਦੇਵੀ ਤੋਂ ਇਲਾਵਾ ਦੋ ਪੁੱਤਰ-ਅਮਨਦੀਪ ਤੇ ਨਵਦੀਪ, ਬੇਟੀ ਲੋਕਦੀਪ ਅਤੇ ਉਹਨਾਂ ਦੇ ਪਰਿਵਾਰ ਛੱਡ ਗਏ ਹਨ, ਜਿਹੜੇ ਕਿ ਸਾਰੇ ਹੀ ਹਰਦੀਪ ਸਿੰਘ ਵਲੋਂ ਮਨੁੱਖਤਾ ਦੇ ਸਦੀਵੀ ਕਲਿਆਣ ਲਈ ਬੁਲੰਦ ਰੱਖੇ ਗਏ ਪਰਚਮ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਦਰਿੜਚਿੱਤ ਹਨ। ਸਾਰੇ ਹੀ ਪਾਰਟੀ ਨਾਲ ਜੁੜੇ ਹੋਏ ਹਨ।
ਸਾਥੀ ਹਰਦੀਪ ਸਿੰਘ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕਰਨ ਲਈ 8 ਮਈ ਨੂੰ ਪਠਾਨਕੋਟ ਵਿਖੇ ਇਕ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਸਮਾਗਮ ਵਿਚ ਸਮੁੱਚੇ ਪੰਜਾਬ 'ਚੋਂ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜਿਆਂ ਦੀ ਗਿਣਤੀ ਵਿਚ ਆਏ ਸਰਗਰਮ ਵਰਕਰਾਂ ਤੋਂ ਇਲਾਵਾ ਸੀ.ਪੀ.ਐਮ.ਪੰਜਾਬ ਦੇ ਆਗੂ ਤੇ ਕਾਰਕੁੰਨ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਰਵਸਾਥੀ ਰਘਬੀਰ ਸਿੰਘ, ਲਾਲ ਚੰਦ, ਹਰਕੰਵਲ ਸਿੰਘ, ਤ੍ਰਿਲੋਚਨ ਸਿੰਘ ਰਾਣਾ, ਨੱਥਾ ਸਿੰਘ ਅਤੇ ਅਜੀਤ ਸਿੰਘ ਸਿੱਧਵਾਂ ਨੇ ਆਪਣੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਸਦੇ ਵੱਡਮੁੱਲੇ ਇਨਕਲਾਬੀ ਗੁਣਾਂ ਤੋਂ ਹਮੇਸ਼ਾ ਪ੍ਰੇਰਣਾ ਲੈਂਦੇ ਰਹਿਣ ਦੇ ਪ੍ਰਣ ਲਏ। ਇਸ ਸਮਾਗਮ ਵਿਚ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਦੇ ਸਥਾਨਕ ਆਗੂਆਂ ਤੋਂ ਇਲਾਵਾ ਸਾਥੀ ਹਰਦੀਪ ਸਿੰਘ ਦੇ ਗੁਆਂਢੀ ਤੇ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਤੀਨਿੱਧ ਪ੍ਰੋ. ਬਹਾਦਰ ਸਿੰਘ ਸੁਨੇਤ ਜੀ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਅਦਾਰਾ 'ਸੰਗਰਾਮੀ ਲਹਿਰ' ਵਲੋਂ ਅਸੀਂ ਸਾਥੀ ਹਰਦੀਪ ਸਿੰਘ ਦੀਆਂ ਕਮਿਊਨਿਸਟ ਲਹਿਰ ਦੀ ਉਸਾਰੀ ਲਈ ਕੀਤੀਆਂ ਗਈਆਂ ਵੱਡਮੁੱਲੀਆਂ ਸੇਵਾਵਾਂ ਲਈ ਡੂੰਘਾ ਸਤਿਕਾਰ ਭੇਂਟ ਕਰਦੇ ਹਾਂ ਅਤੇ ਉਹਨਾਂ ਦੇ ਸਮੂਹ ਮਿੱਤਰਾਂ-ਪਿਆਰਿਆਂ ਤੇ ਯੁੱਧ ਸਾਥੀਆਂ ਦੇ ਗਮ ਵਿਚ ਸ਼ਰੀਕ ਹੁੰਦੇ ਹਾਂ                   
-ਸੰਪਾਦਕੀ ਮੰਡਲ


ਸ਼ਹੀਦ ਸਾਥੀ ਕਰਤਾਰ ਚੰਦ ਮਾਧੋਪੁਰ ਪੰਜਾਬ ਦੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਲੋਕਾਂ ਦਾ ਕਤਲੇਆਮ ਕਰ ਰਹੀਆਂ ਸਾਮਰਾਜ ਦੀਆਂ ਹੱਥਠੋਕਾਂ ਕੋਝੀਆਂ ਤਾਕਤਾਂ ਨੂੰ ਵੰਗਾਰਨ ਵਾਲੇ ਮਹਾਨ ਸ਼ਹੀਦ ਸਾਥੀ ਕਰਤਾਰ ਚੰਦ ਮਾਧੋਪੁਰ ਦੀ 26ਵੀਂ ਬਰਸੀ ਉਨ੍ਹਾਂ ਦੇ ਪਿੰਡ ਵਿਚਲੇ ਸ਼ਹੀਦ ਸਮਾਰਕ ਵਿਖੇ ਇਨਕਲਾਬੀ ਜੋਸ਼ ਨਾਲ ਮਨਾਈ ਗਈ।
ਇਸ ਮੌਕੇ ਹੋਏ ਸ਼ਹੀਦੀ ਸਮਾਗਮ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਤ ਹੁੰਦਿਆਂ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਾਲੀਆਂ ਤਾਕਤਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦਲੇਰੀ ਪੂਰਨ ਸ਼ਹੀਦੀ ਜਾਮ ਪੀਣ ਵਾਲੇ ਆਪਣੇ ਵਿਛੜੇ ਸਾਥੀ ਨੂੰ ਭਾਵਭਿੰਨੀਆਂ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਿਆਂ ਸਮੁੱਚੀ ਪਾਰਟੀ ਅਤੇ ਜਨਸੰਗਠਨਾਂ ਵਲੋਂ ਉਨ੍ਹਾਂ ਦੇ ਦਿਖਾਏ ਮਾਨਵਮੁਕਤੀ ਦੇ ਰਾਹ 'ਤੇ ਅਡੋਲ ਤੁਰਦੇ ਜਾਣ ਦਾ ਨਿਸ਼ਚਾ ਦੁਹਰਾਇਆ। ਉਨ੍ਹਾਂ ਚਿਤਾਇਆ ਕਿ ਭਾਵੇਂ ਅੱਜ ਸਾਥੀ ਕਰਤਾਰ ਵਰਗੇ ਯੋਧਿਆਂ ਦੀਆਂ ਮਾਣਮੱਤੀਆਂ ਸ਼ਹਾਦਤਾਂ ਸਦਕਾ ਪੰਜਾਬੀ ਅਮਨ ਚੈਨ ਨਾਲ ਜੀਵਨ ਬਸਰ ਕਰ ਰਹੇ ਹਨ ਪਰ ਲੋਕਾਂ ਨੂੰ ਲੁੱਟਣ ਵਾਲੀਆਂ ਸੱਭੇ ਧਾੜਵੀ ਵੰਨਗੀਆਂ ਦੀਆਂ ਧਿਰਾਂ ਨੂੰ ਇਹ ਅਮਨ ਚੈਨ ਕਤਈ ਬਰਦਾਸ਼ਤ ਨਹੀਂ ਕਿਉਂਕਿ ਲੁਟੇਰਿਆਂ ਨੂੰ ਲੁੱਟ ਹੋਣ ਵਾਲਿਆਂ ਦੀ ''ਸੋਝੀ'' ਅਤੇ ''ਸਾਂਝ'' ਤੋਂ ਹਮੇਸ਼ਾ ਖਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਧੰਨ ਮਾਲ ਤੇ ਕੁਦਰਤੀ ਸੰਸਾਧਨਾਂ ਅਤੇ ਸੱਚੀ ਕਿਰਤ ਦੇ ਲੁਟੇਰੇ ਹੀ ਨੇ ਜੋ ਸੰਸਾਰ ਭਰ ਦੇ ਸਾਰੇ ਦੇਸ਼ਾਂ ਖਾਸ ਕਰ ਭਾਰਤ ਵਿਚ ਵੱਖਵਾਦੀਆਂ ਨੂੰ ਸ਼ਿਸ਼ਕਾਰ-ਸ਼ਿੰਗਾਰ ਕੇ ਭਾਈ ਤੋਂ ਭਾਈ ਦਾ ਕਤਲ ਕਰਾਉਣ ਦੀ ਫਿਰਕੂ ਤੇ ਵੱਖਵਾਦੀ ਖੇਡ ਨੂੰ ਘਰ-ਘਰ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦੀਆਂ ਸੱਭੇ ਕੇਂਦਰੀ ਅਤੇ ਸੂਬਾ ਸਰਕਾਰਾਂ ਉਕਤ ''ਲੁੱਟ ਅਤੇ ਫੂਟ'' ਦੇ ਗੰਦੇ ਏਜੰਡੇ ਦੀਆਂ ''ਰੱਥਵਾਹ'' ਰਹੀਆਂ ਹਨ ਪਰ ਅਜੋਕੀ ਮੋਦੀ ਸਰਕਾਰ ਨੇ ਤਾਂ ਇਸ ਪੱਖੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਛੱਡੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਥਕ ਲੁੱਟ ਅਤੇ ਫਿਰਕੂ ਪਾੜੇ ਦੀ ਬਦਨੀਅਤ ਪੀਡੇ ਤੌਰ 'ਤੇ ਇਕ ਦੂਜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਸੱਦਾ ਦਿੱਤਾ ਕਿ ਲੁੱਟ ਕਰਨ ਵਾਲਿਆਂ ਦੇ ਪੱਖ ਦੇ ਨੀਤੀ ਪੈਂਤੜੇ ਦੀ ਹਿਮਾਇਤੀ ਕਿਸੇ ਵੀ ਧਿਰ ਵੱਲ ਝਾਕ ਛੱਡ ਕੇ ਲੁੱਟ ਹੋਣ ਵਾਲਿਆਂ ਦੀ ਮਜ਼ਬੂਤ ਏਕਤਾ ਅਤੇ ਲੁੱਟ ਖਤਮ ਕਰਨ ਦੇ ਸੰਗਰਾਮ ਲਈ ਜੀਵਨ ਲਾਉਣਾ ਹੀ ਸਾਥੀ ਕਰਤਾਰ ਚੰਦ ਅਤੇ ਉਨ੍ਹਾਂ ਵਰਗੇ ਹੋਰਨਾਂ ਯੋਧਿਆਂ ਨੂੰ ਸਹੀ ਅਰਥਾਂ ਵਿਚ ਸ਼ਰਧਾਂਜਲੀ ਹੋਵੇਗੀ।
ਸਰਵਸਾਥੀ ਮੋਹਣ ਸਿੰਘ ਧਮਾਣਾ, ਮਲਕੀਤ ਸਿੰਘ ਪਲਾਸੀ, ਗੁਰਵਿੰਦਰ ਸਿੰਘ ਸਸਕੌਰ, ਪੰਡਤ ਵਿਜੈਂਦਰ ਸਿੰਘ, ਬਲਵਿੰਦਰ ਸਿੰਘ ਉਸਮਾਨਪੁਰ ਨੇ ਵਿਛੜੇ ਸਾਥੀ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਸਰਵ ਸਾਥੀ ਦਰਸ਼ਨ ਕੌਰ, ਨਿਰੰਜਣ ਦਾਸ ਲਾਲਪੁਰ, ਸ਼ਮਸ਼ੇਰ ਸਿੰਘ ਹਵੇਲੀ, ਸੁਰਿੰਦਰ ਸਿੰਘ ਪੰਨੂੰ ਅਤੇ ਹਿੰਮਤ ਸਿੰਘ ਨੰਗਲ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।
ਸਟੇਜ ਸਕੱਤਰ ਦੇ ਫਰਜ਼ ਸਾਥੀ ਗੁਰਨਾਇਬ ਸਿੰਘ ਜੈਤੇਵਾਲ ਨੇ ਨਿਭਾਏ।

Thursday 12 May 2016

ਸੰਪਾਦਕੀ : ਮਈ ਦਿਵਸ ਦੀਆਂ ਵੰਗਾਰਾਂ

ਮਈ 2016 ਅੰਕ ਦਾ ਮੁੱਖ ਪੰਨਾ
ਮਈ ਦਿਵਸ ਮਜ਼ਦੂਰਾਂ ਲਈ ਇਕ ਅਹਿਮ ਕੌਮਾਂਤਰੀ ਦਿਹਾੜਾ ਹੈ। ਦੁਨੀਆਂ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਲੜਾਕੂ ਲਹਿਰ ਉਸਾਰਨ ਵਾਸਤੇ ਇਹ ਇਕ ਮਹੱਤਵਪੂਰਨ ਆਧਾਰਸ਼ਿਲਾ ਦਾ ਕੰਮ ਕਰਦਾ ਹੈ। ਇਸ ਦਿਨ ਕਿਰਤੀ ਲੋਕ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਨ ਅਤੇ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੇ ਪ੍ਰਣ ਕਰਦੇ ਹਨ। ਇਸ ਮੰਤਵ ਲਈ ਉਹਨਾ ਵਲੋਂ, ਥਾਂ ਪੁਰ ਥਾਂ, ਉਚੇਚੇ ਸਮਾਗਮ ਕੀਤੇ ਜਾਂਦੇ ਹਨ। ਇਹਨਾਂ ਸਮਾਗਮਾਂ 'ਚ, ਅਮਰੀਕਾ ਦੇ ਸ਼ਹਿਰ ਸ਼ਿਕਾਗੋ ਅੰਦਰ, ਸੰਨ 1886 ਵਿਚ 8 ਘੰਟੇ ਦੀ ਦਿਹਾੜੀ ਲਈ ਮਜ਼ਦੂਰਾਂ ਵਲੋਂ ਲੜੇ ਗਏ ਸੰਘਰਸ਼ ਦੀਆਂ ਲਹੂ ਭਿੱਜੀਆਂ ਘਟਨਾਵਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਹਨਾ ਤੋਂ ਪ੍ਰੇਰਨਾ ਲੈ ਕੇ, ਭਵਿੱਖ ਵਿਚ, ਨਵੇਂ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਯੋਜਨਾਬੰਦੀਆਂ ਕੀਤੀਆਂ ਜਾਂਦੀਆਂ ਹਨ। ਇਸ ਇਨਕਲਾਬੀ ਅਮਲ ਨੇ, ਹੁਣ ਤੱਕ, ਵੱਖ ਵੱਖ ਦੇਸ਼ਾਂ ਅੰਦਰ ਅਨੇਕਾਂ ਯਾਦਗਾਰੀ ਘਟਨਾਵਾਂ ਨੂੰ ਜਨਮ ਦਿੱਤਾ ਹੈ। ਜਿਹਨਾਂ 'ਚ ਮਜ਼ਦੂਰ ਵਰਗ ਦੀਆਂ ਬਹੁਤ ਸਾਰੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਵੀ ਸ਼ਾਮਲ ਹਨ, ਜਿਹੜੀਆਂ ਕਿ ਕਿਰਤੀ ਲੋਕਾਂ ਦੇ ਦਰਿੜ੍ਹ ਨਿਸ਼ਚੇ ਤੇ ਅਡੋਲ ਹੌਂਸਲੇ ਨੂੰ ਰੂਪਮਾਨ ਕਰਦੀਆਂ ਹਨ ਅਤੇ ਉਹਨਾਂ ਦੇ ਇਨਕਲਾਬੀ ਭਵਿੱਖ ਨਕਸ਼ੇ ਦੀਆਂ ਸੂਚਕ ਹਨ। ਇਹ ਵੀ ਤੈਅ ਹੀ ਹੈ ਕਿ ਮੌਜੂਦਾ ਢਾਂਚੇ ਵਿਚ ਮਜ਼ਦੂਰਾਂ ਦੀ ਮਿਹਨਤ ਦੀ ਹੁੰਦੀ ਲੁੱਟ ਦੇ ਮੁਕੰਮਲ ਰੂਪ ਵਿਚ ਖਾਤਮੇ ਤੱਕ ਇਹ ਅਗਰਗਾਮੀ ਮਾਰਚ ਨਿਰੰਤਰ ਜਾਰੀ ਰਹੇਗਾ। ਇਸ ਤਰ੍ਹਾਂ ਇਹ ਦਿਵਸ, ਅਸਲ ਵਿਚ, ਮਿਹਨਤਕਸ਼ਾਂ ਲਈ ਪਿਛਲੀਆਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈ ਕੇ ਨਵੇਂ ਨਿਸ਼ਾਨਿਆਂ ਵੱਲ ਵੱਧਣ ਦਾ ਨਿਸ਼ਚਾ ਕਰਨ ਦਿਵਸ ਵੀ ਹੈ।
ਇਸ ਸੰਦਰਭ ਵਿਚ, ਇਸ ਵਰ੍ਹੇ ਦੇ ਮਈ ਦਿਵਸ ਦੀਆਂ ਵੰਗਾਰਾਂ ਦੇ ਸਨਮੁੱਖ ਹੋਣ ਲਈ ਅਜੋਕੀਆਂ ਕੌਮਾਂਤਰੀ ਅਵਸਥਾਵਾਂ ਉਪਰ ਉਡਦੀ ਝਾਤ ਪਾਉਣੀ ਜ਼ਰੂਰੀ ਹੈ। ਦੁਨੀਆਂ ਭਰ ਦੇ ਪੂੰਜੀਪਤੀ ਲੁਟੇਰਿਆਂ ਨੂੰ ਰੂਪਮਾਨ ਕਰਦੀਆਂ ਬਹੁਕੌਮੀ ਕਾਰਪੋਰੇਸ਼ਨਾਂ ਦੀ ਵੱਧ ਤੋਂ ਵੱਧ ਮੁਨਾਫੇ ਕਮਾਉਣ ਦੀ ਆਪਸੀ ਦੌੜ ਸਦਕਾ ਲੱਗਭਗ 8 ਵਰ੍ਹੇ ਪਹਿਲਾਂ ਉਭਰਿਆ ਅਜੋਕਾ ਆਲਮੀ ਮੰਦਵਾੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਿਸ ਕਾਰਨ, ਪੂੰਜੀਪਤੀ ਸਰਕਾਰਾਂ ਵਲੋਂ ਸੌ ਤਰ੍ਹਾਂ ਦੇ ਪਾਪੜ ਵੇਲਣ ਦੇ ਬਾਵਜੂਦ ਕੌਮਾਂਤਰੀ ਪੱਧਰ 'ਤੇ ਵਸਤਾਂ ਅਤੇ ਸੇਵਾਵਾਂ ਦੀ ਮੰਗ ਵਿਚ ਤੇਜ਼ੀ ਨਹੀਂ ਆ ਰਹੀ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਹੀਂ ਹੋ ਰਹੇ। ਸਾਮਰਾਜੀ ਦੇਸ਼ਾਂ ਵਲੋਂ ਇਸ ਸੰਸਾਰ ਵਿਆਪੀ ਮੰਦਵਾੜੇ ਦਾ ਭਾਰ ਪਛੜੇ ਦੇਸ਼ਾਂ ਉਪਰ ਲੱਦਣ ਵਾਸਤੇ 'ਕੌਮਾਂਤਰੀ ਮੁਦਰਾ ਫੰਡ' ਅਤੇ 'ਸੰਸਾਰ ਵਪਾਰ ਸੰਗਠਨ' ਵਰਗੀਆਂ ਕੌਮਾਂਤਰੀ ਸੰਸਥਾਵਾਂ ਦੀ ਘੋਰ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਸ ਨਾਲ ਪੱਛੜੇ ਤੇ ਗਰੀਬ ਦੇਸ਼ਾਂ ਦੀਆਂ ਆਰਥਿਕਤਾਵਾਂ ਤਬਾਹ ਕੀਤੀਆਂ ਜਾ ਰਹੀਆਂ ਹਨ, ਉਹਨਾਂ ਦੇ ਕੁਦਰਤੀ ਵਸੀਲਿਆਂ ਉਪਰ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਹਨ। ਇਹ ਧੱਕੇਸ਼ਾਹੀਆਂ, ਦੁਨੀਆਂ ਭਰ ਵਿਚ, ਆਤੰਕਵਾਦ ਵਰਗੀਆਂ ਪਿਛਾਖੜੀ ਤੇ ਮਨਹੂਸ ਬਿਆਧਾਂ ਦੇ ਸਿਰ ਚੁੱਕਣ ਵਾਸਤੇ ਬਹੁਤ ਹੀ ਉਪਜਾਊ ਭੂਮੀ ਤਿਆਰ ਕਰਦੀਆਂ ਹਨ। ਜਿਸ ਨਾਲ ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ ਹੋਰ ਵਧੇਰੇ ਨਰਕੀ ਰੂਪ ਧਾਰਨ ਕਰ ਜਾਂਦੀਆਂ ਹਨ। ਇਹੋ ਕਾਰਨ ਹੈ ਕਿ ਕਈ ਦੇਸ਼ਾਂ ਵਿਚ ਅੱਜਕਲ ਉਹ ਆਪਣੇ ਘਰ-ਘਾਟ ਤੱਕ ਛੱਡਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਵਸੇਬੇ ਤੇ ਰੁਜ਼ਗਾਰ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਦੁਨੀਆਂ ਅੰਦਰ ਇਕ ਬਹੁਤ ਹੀ ਭਿਅੰਕਰ ਕਿਸਮ ਦੀ ਤਰਾਸਦੀ ਉਭਰਦੀ ਦਿਖਾਈ ਦਿੰਦੀ ਹੈ। ਜਿਸ ਦੇ ਟਾਕਰੇ ਲਈ ਸਾਮਰਾਜਸ਼ਾਹੀ ਦੀ ਲੁੱਟ ਅਤੇ ਉਸਦੇ ਧੌਂਸਵਾਦੀ ਜ਼ੁਲਮਾਂ ਵਿਰੁੱਧ ਕਿਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਅਤੇ ਉਹਨਾਂ ਸਾਰਿਆਂ ਨੂੰ ਜਮਹੂਰੀ ਲੀਹਾਂ 'ਤੇ ਜਥੇਬੰਦ ਕਰਨਾ ਅੱਜ ਇਕ ਬਹੁਤ ਵੱਡੀ ਲੋੜ ਬਣ ਚੁੱਕੀ ਹੈ।
ਸਾਡੇ ਆਪਣੇ ਦੇਸ਼, ਭਾਰਤ ਅੰਦਰ ਤਾਂ ਮਜ਼ਦੂਰਾਂ-ਮੁਲਾਜ਼ਮਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਆਪਣੀਆਂ ਜਮਾਤੀ ਸਮੱਸਿਆਵਾਂ ਦੇ ਹੱਲ ਲਈ ਅਤੇ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਨ ਦੇ ਨਾਲ ਨਾਲ ਵੱਸੋਂ ਦੇ ਹੋਰ ਲੁਟੀਂਦੇ ਭਾਗਾਂ ਦੇ ਦੁੱਖਾਂ ਦਰਦਾਂ ਨੂੰ ਵੰਡਾਉਣ ਵਾਸਤੇ ਵੀ ਲਾਜ਼ਮੀ ਤੌਰ 'ਤੇ ਭਾਈਵਾਲ ਬਣਨ ਅਤੇ ਉਹਨਾਂ ਦੇ ਸੰਘਰਸ਼ਾਂ ਵਿਚ ਉਹਨਾਂ ਨੂੰ ਯੋਗ ਅਗਵਾਈ ਦੇਣ। ਅੱਜ ਇਹ ਇਕ ਪ੍ਰਤੱਖ ਸਚਾਈ ਹੈ ਕਿ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਕਿਰਤੀ ਜਨਸਮੂਹਾਂ ਦੀਆਂ ਮੁਸੀਬਤਾਂ ਵਿਚ ਲਗਾਤਾਰ ਵਾਧਾ ਹੁੰਦੇ ਜਾਣ ਦੇ ਬਾਵਜੂਦ ਦੇਸ਼ ਦੇ ਹਾਕਮ ਇਹਨਾਂ ਸਾਮਰਾਜ ਨਿਰਦੇਸ਼ਤ ਨੀਤੀਆਂ ਨੂੰ ਨਿਡਰ ਹੋ ਕੇ ਬੜੀ ਤੇਜ਼ੀ ਨਾਲ ਲਾਗੂ ਕਰਦੇ ਜਾ ਰਹੇ ਹਨ। ਜਿਸ ਕਾਰਨ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਸਦਕਾ ਕਿਰਤੀ ਲੋਕਾਂ ਦੀ ਅਸਲ ਕਮਾਈ ਨਿਰੰਤਰ ਖੁਰਦੀ ਜਾ ਰਹੀ ਹੈ। ਦੇਸ਼ ਅੰਦਰ ਸਨਅਤੀ ਉਤਪਾਦਨ ਖੜੋਤ ਦਾ ਸ਼ਿਕਾਰ ਹੀ ਨਹੀਂ ਬਲਕਿ ਕਈ ਖੇਤਰਾਂ ਵਿਸ਼ੇਸ਼ ਤੌਰ 'ਤੇ ਮੈਨੂਫੈਕਚਰਿੰਗ ਵਿਚ ਘੱਟ ਰਿਹਾ ਹੈ। ਜਿਸ ਨਾਲ, ਸਮੁੱਚੇ ਤੌਰ 'ਤੇ, ਰੁਜ਼ਗਾਰ ਦੇ ਵਸੀਲੇ ਬਹੁਤ ਹੀ ਨਾਕਾਫੀ ਤੇ ਅਨਿਸ਼ਚਿਤ ਬਣ ਚੁੱਕੇ ਹਨ। ਖੇਤੀ ਖੇਤਰ ਭਿਅੰਕਰ ਹੱਦ ਤੱਕ ਸੰਕਟਗ੍ਰਸਤ ਹੈ। ਜਿਸ ਦੇ ਫਲਸਰੂਪ ਕਿਸਾਨਾਂ ਤੇ ਖੇਤ-ਮਜ਼ਦੂਰਾਂ ਵਲੋਂ ਮਜ਼ਬੂਰੀ ਵੱਸ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਹ ਨਿਸ਼ਚੇ ਹੀ ਬੇਹੱਦ ਫਿਕਰਮੰਦੀ ਵਾਲਾ ਵਰਤਾਰਾ ਹੈ। ਪ੍ਰੰਤੂ ਦੇਸ਼ ਦੇ ਹਾਕਮ ਤਮਾਸ਼ਾਈ ਬਣੇ ਹੋਏ ਹਨ ਅਤੇ ਕਈ ਤਰ੍ਹਾਂ ਦੇ ਹਵਾਈ ਨਾਅਰਿਆਂ ਰਹੀਂ ਲੋਕਾਂ ਨੂੰ ਮੂਰਖ ਬਣਾਉਣ ਦਾ ਅਤੀ ਭੱਦਾ ਕੁਕਰਮ ਕਰ ਰਹੇ ਹਨ। ਇਸ ਵਾਰ ਤਾਂ, ਕਈ ਖੇਤਰਾਂ ਵਿਚ, ਸੋਕੇ ਦੀ ਭਿਆਨਕ ਮਾਰ ਕਾਰਨ ਸਥਿਤੀ ਹੋਰ ਵੀ ਵਧੇਰੇ ਤਰਾਸਦਿਕ ਬਣੀ ਹੋਈ ਹੈ। ਇਸ ਦੇ ਬਾਵਜੂਦ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਕੇ ਕਾਰਪੋਰੇਟ ਘਰਾਣਿਆਂ 'ਤੇ ਹੋਰ ਵੱਡੀਆਂ ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰਨ ਵਾਸਤੇ ਕਈ ਤਰ੍ਹਾਂ ਦੇ ਲੁਕਵੇਂ ਕਹਿਰ ਕਮਾਏ ਜਾ ਰਹੇ ਹਨ। ਨਵੇਂ ਟੈਕਸਾਂ ਤੇ ਵਰਤੋਂ ਖਰਚਿਆਂ ਵਿਚ ਵਾਧਿਆਂ ਅਤੇ ਅਨੁਦਾਨਾਂ (ਸਬਸਿਡੀਆਂ) 'ਚ ਕਟੌਤੀਆਂ ਆਦਿ ਰਾਹੀਂ ਲੋਕਾਂ ਦੀਆਂ ਜੇਬਾਂ ਉਪਰ ਭਾਰ ਹੋਰ ਵਧਾਇਆ ਜਾ ਰਿਹਾ ਹੈ। ਅਤੇ, ਮਜ਼ਦੂਰਾਂ ਦੀਆਂ ਸੇਵਾ ਹਾਲਤਾਂ ਦੀ ਰਾਖੀ ਲਈ ਬਣੇ ਹੋਏ ਨਾ- ਮਾਤਰ ਕਿਰਤ ਕਾਨੂੰਨਾਂ ਤੋਂ ਵੀ ਮੁਕੰਮਲ ਰੂਪ ਵਿਚ ਖਹਿੜਾ ਛੁਡਾਉਣ ਲਈ, ਨਵੇਂ ਕਾਨੂੰਨਾਂ ਦੇ ਰੂਪ ਵਿਚ, ਵਾਰ-ਵਾਰ ਹਮਲੇ ਕੀਤੇ ਜਾ ਰਹੇ ਹਨ।
ਇਹਨਾਂ ਹਾਲਤਾਂ ਵਿਚ ਮਜ਼ਦੂਰਾਂ-ਮੁਲਾਜ਼ਮਾਂ ਲਈ ਘੱਟੋ ਘੱਟ ਉਜਰਤਾਂ ਵਿਚ ਢੁਕਵਾਂ ਵਾਧਾ ਕਰਾਉਣ ਵਰਗੀਆਂ ਆਪਣੀਆਂ ਹੱਕੀ ਆਰਥਕ ਮੰਗਾਂ ਤੋਂ ਇਲਾਵਾ ਮੌਜੂਦਾ ਕਿਰਤ ਕਾਨੂੰਨਾਂ ਦੀ ਰਾਖੀ ਲਈ ਅਤੇ ਉਹਨਾਂ ਕਾਨੂੰਨਾਂ ਨੂੰ ਸਹੀ ਅਰਥਾਂ ਵਿਚ ਲਾਗੂ ਕਰਾਉਣ ਵਾਸਤੇ ਲਾਜ਼ਮੀ ਜਾਨ ਹੂਲਵਾਂ ਸੰਘਰਸ਼ ਲੜਨ ਦੀ ਲੋੜ ਹੈ। ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਉਸਦੇ ਜੋਟੀਦਾਰਾਂ ਵਲੋਂ ਵਿਦੇਸ਼ੀ ਧੰਨ ਕੁਬੇਰਾਂ ਤੋਂ ਭਾਰਤ ਅੰਦਰ ਪੂੰਜੀ ਨਿਵੇਸ਼ ਕਰਾਉਣ ਲਈ ਕੱਢੀਆਂ ਜਾ ਰਹੀਆਂ ਲਿਲਕੜਿਆਂ ਦੌਰਾਨ 'ਕੰਮ ਲਓ ਤੇ ਕੱਢ ਦਿਓ'' (Hire and Fire) ਦੀ ਕਾਨੂੰਨੀ ਵਿਵਸਥਾ ਕਰਨ ਦੇ ਵਾਰ ਵਾਰ ਇਕਰਾਰ ਕੀਤੇ ਜਾ ਰਹੇ ਹਨ। ਇਸ ਲਈ ਰੁਜ਼ਗਾਰ ਦੀ ਸੁਰੱਖਿਆ ਨੂੰ ਰੂਪਮਾਨ ਕਰਦੀਆਂ ਕਾਨੂੰਨੀ ਵਿਵਸਥਾਵਾਂ ਦੀ ਰਾਖੀ ਵਾਸਤੇ ਵਿਸ਼ਾਲ ਅਤੇ ਲੜਾਕੂ ਇਕਜੁੱਟਤਾ ਦੀ ਅੱਜ ਭਾਰੀ ਲੋੜ ਹੈ।
ਇਸ ਲੋੜ ਦੀ ਪੂਰਤੀ ਲਈ ਇਹ ਵੀ ਜ਼ਰੂਰੀ ਹੈ ਕਿ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਵਾਸਤੇ ਵੀ ਨਿਠ ਕੇ ਸੰਘਰਸ਼ ਕੀਤਾ ਜਾਵੇ। ''ਹਰ ਇਕ ਲਈ ਯੋਗਤਾ ਅਨੁਸਾਰ, ਢੁਕਵਾਂ ਤੇ ਗੁਜ਼ਾਰੇ ਯੋਗ ਰੁਜ਼ਗਾਰ'' ਲਈ ਲੜਿਆ ਜਾਵੇ ਤਾਂ ਜੋ ਨਿਗੂਣੀਆਂ ਤਨਖਾਹਾਂ ਅਤੇ ਉਕਾ-ਪੁੱਕਾ ਉਜਰਤਾਂ ਉਪਰ ਕੰਮ ਕਰ ਰਹੇ ਕਰੋੜਾਂ ਅਰਧ ਬੇਰੁਜ਼ਗਾਰ ਵੀ ''ਬਰਾਬਰ ਕੰਮ ਲਈ ਬਰਾਬਰ ਤਨਖਾਹ'' ਵਰਗੀ ਸਰਵਪ੍ਰਵਾਨਤ ਕਾਨੂੰਨੀ ਧਾਰਨਾ ਦਾ ਥੋੜਾ ਬਹੁਤ ਨਿੱਘ ਮਾਣ ਸਕਣ। ਜਦੋਂ ਦੇਸ਼ ਅੰਦਰ 'ਸਕੀਮ ਵਰਕਰਾਂ' ਦੇ ਨਾਂਅ ਹੇਠ ਕਰੋੜਾਂ ਦੀ ਗਿਣਤੀ ਵਿਚ ਮਹਿਲਾਵਾਂ ਜਿਵੇਂ ਕਿ ਆਸ਼ਾ ਵਰਕਰਾਂ, ਆਂਗਣਬਾੜੀ ਵਰਕਰਾਂ ਤੇ ਹੈਲਪਰਾਂ, ਸਕੂਲਾਂ 'ਚ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਮਹਿਲਾਵਾਂ ਆਦਿ ਦੀ ਮਿਹਨਤ ਦੀ ਸਰਕਾਰੀ ਪੱਧਰ 'ਤੇ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੋਵੇ ਤਾਂ ਪ੍ਰਾਈਵੇਟ ਕਾਰੋਬਾਰੀਆਂ, ਠੇਕੇਦਾਰਾਂ ਅਤੇ ਕਾਰਖਾਨੇਦਾਰਾਂ ਵਲੋਂ ਮਜ਼ਦੂਰਾਂ ਦੀ ਕੀਤੀ ਜਾਂਦੀ ਲੁੱਟ ਨੂੰ ਕੌਣ ਰੋਕੇਗਾ?
ਨਵ ਉਦਾਰਵਾਦੀ ਨੀਤੀਆਂ ਦੇ ਦਬਾਅ ਹੇਠ ਸਾਡੇ ਦੇਸ਼ ਦੀਆਂ ਸਰਕਾਰਾਂ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਸੁਧਾਰਨ ਆਦਿ ਪ੍ਰਤੀ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਤਿਆਗਦੀਆਂ ਜਾ ਰਹੀਆਂ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਦਾ ਤਾਂ ਵੱਡੀ ਹੱਦ ਤੱਕ ਨਿੱਜੀਕਰਨ ਹੋ ਚੁੱਕਾ ਹੈ। ਇਹੋ ਹਾਲ ਆਵਾਜਾਈ ਦੇ ਸਾਧਨਾਂ ਦਾ ਹੈ। ਸਮਾਜਿਕ ਸੁਰੱਖਿਆ ਨਾਲ ਸਬੰਧਤ ਸੇਵਾਵਾਂ ਵੀ ਵੱਡੀ ਹੱਦ ਤੱਕ ਦੇਸੀ ਵਿਦੇਸ਼ੀ ਬੀਮਾ ਕੰਪਨੀਆਂ ਤੇ ਪੈਨਸ਼ਨ ਫੰਡ ਮੈਨੇਜਰਾਂ ਵਜੋਂ ਜਾਣੇ ਜਾਂਦੇ ਮੁਨਾਫਾਖੋਰ ਬਘਿਆੜਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਏਥੋਂ ਤੱਕ ਕਿ ਚੰਗਾ ਲਾਭ ਕਮਾਉਂਦੇ ਜਨਤਕ ਖੇਤਰ ਦੇ ਸਨਅਤੀ ਅਦਾਰੇ ਵੀ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਹਾਕਮਾਂ ਦੇ ਇਹਨਾਂ ਲੋਕ ਮਾਰੂ ਕਦਮਾਂ ਦੇ ਸਿੱਟੇ ਵਜੋਂ ਦੇਸ਼ ਅੰਦਰ ਰੁਜ਼ਗਾਰ ਦੇ ਵਸੀਲਿਆਂ ਨੂੰ ਵੱਡੀ ਢਾਅ ਲੱਗੀ ਹੈ। ਏਸੇ ਦਾ ਸਿੱਟਾ ਹੈ ਕਿ ਅੱਜ ਕਰੋੜਾਂ ਦੀ ਗਿਣਤੀ ਵਿਚ ਪੜ੍ਹੇ-ਲਿਖੇ ਤੇ ਉਚ ਯੋਗਤਾ ਪ੍ਰਾਪਤ ਨੌਜਵਾਨ ਵੀ ਮਾਮੂਲੀ ਤੋਂ ਮਾਮੂਲੀ ਸਥਾਈ ਰੁਜ਼ਗਾਰ ਵਾਸਤੇ ਤਰਸਦੇ ਫਿਰਦੇ ਹਨ। ਪ੍ਰੰਤੂ ਕਿਧਰੇ ਵੀ ਕੋਈ ਢੋਈ ਨਹੀਂ ਮਿਲਦੀ। ਇਸ ਲਈ ਦੇਸ਼ ਦੀ ਮਜ਼ਦੂਰਾਂ ਮੁਲਾਜ਼ਮਾਂ ਦੀ ਲਹਿਰ ਵਾਸਤੇ ਜਨਤਕ ਖੇਤਰ ਦੇ ਸਾਰੇ ਅਦਾਰਿਆਂ, ਸਮੇਤ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਆਦਿ ਦੀ ਰਾਖੀ ਦਾ ਸਵਾਲ ਵੀ ਅੱਜ ਇਕ ਮਹੱਤਵਪੂਰਨ ਮਸਲਾ ਹੈ, ਜਿਸ ਦੇ ਲਈ ਭਵਿੱਖ ਵਿਚ ਲਾਜ਼ਮੀ ਤੌਰ 'ਤੇ ਦਰਿੜਤਾ ਪੂਰਬਕ ਤੇ ਬੱਝਵਾਂ ਸੰਘਰਸ਼ ਉਸਾਰਨ ਦੀ ਲੋੜ ਹੋਵੇਗੀ।
ਅਜੋਕੇ ਸੰਦਰਭ ਵਿਚ ਇਕ ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਉਪਰੋਕਤ ਨੀਤੀਗਤ ਤੇ ਬੁਨਿਆਦੀ ਸਵਾਲਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਗਿਣਮਿਥ ਕੇ ਉਹਨਾਂ ਅੱਗੇ ਫਿਰਕੂ ਤੇ ਜਜ਼ਬਾਤੀ ਮੁੱਦੇ ਪਰੋਸ ਰਹੀ ਹੈ। ਸੰਘ ਪਰਿਵਾਰ ਦੇ ਕਾਰਕੁੰਨਾਂ ਨੇ ਉਂਝ ਤਾਂ ਇਹ ਕੁਕਰਮ ਸਰਕਾਰ ਦੇ ਹੋਂਦ ਵਿਚ ਆਉਣ ਸਾਰ ਹੀ ਸ਼ੁਰੂ ਕਰ ਦਿੱਤਾ ਸੀ, ਪ੍ਰੰਤੂ ਪਿਛਲੇ ਦਿਨੀਂ ਜੇ.ਐਨ.ਯੂ. ਨਾਲ ਸਬੰਧਤ ਵਾਪਰੀਆਂ ਘਟਨਾਵਾਂ ਨੇ ਤਾਂ ਕਈ ਪੱਖਾਂ ਤੋਂ ਸਰਕਾਰ ਦੇ ਇਸ ਅਜੰਡੇ ਦੀ ਕਲਈ ਹੀ ਖੋਲ ਦਿੱਤੀ ਹੈ। ਭਾਰਤੀ ਵਿਕਾਸ ਨੂੰ ਬੰਨ੍ਹ ਮਾਰੀ ਬੈਠੀਆਂ ਜਾਤ-ਪਾਤ ਵਰਗੀਆਂ ਪਿਛਾਖੜੀ ਕਦਰਾਂ-ਕੀਮਤਾਂ ਤੋਂ ਦੇਸ਼ ਨੂੰ ਮੁਕਤ ਕਰਨ ਅਤੇ ਏਥੇ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਕਰਨ ਲਈ ਯਤਨਸ਼ੀਲ ਹਰ ਵਿਅਕਤੀ ਹੀ ਇਸ ਸਰਕਾਰ ਦੇ ਕਰਤਿਆਂ-ਧਰਤਿਆਂ ਦੀ ਨਜ਼ਰ ਵਿਚ ਹੁਣ 'ਦੇਸ਼ ਧਰੋਹੀ' ਬਣ ਗਿਆ ਹੈ। ਹਾਕਮਾਂ ਦੀਆਂ ਅਜੇਹੀਆਂ ਪਹੁੰਚਾਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਲਈ ਹੀ ਘਾਤਕ ਨਹੀਂ ਮਜ਼ਦੂਰ ਵਰਗ ਦੀ ਜਮਾਤੀ ਇਕਜੁੱਟਤਾ ਲਈ ਵੀ ਬੇਹੱਦ ਹਾਨੀਕਾਰਕ ਹਨ। ਇਹ ਪਹੁੰਚ ਸਮਾਜਿਕ ਵਿਕਾਸ ਨੂੰ ਪੁੱਠਾ ਗੇੜਾ ਦੇਣ ਵੱਲ ਸੇਧਿਤ ਹੈ, ਜਿਹੜੀ ਕਿ ਕਿਸੇ ਹਾਲਤ ਵਿਚ ਵੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਇਹ ਹਾਕਮ 'ਆਸਥਾ' ਦੇ ਨਾਂਅ 'ਤੇ ਲੋਕਾਂ ਨੂੰ ਹਨੇਰ ਬਿਰਤੀਵਾਦੀ ਤਰਕਹੀਣਤਾ ਦੀ ਜਿਲ੍ਹਣ ਵਿਚ ਫਸਾਈ ਰੱਖਣਾ ਚਾਹੁੰਦੇ ਹਨ। ਅਤੇ, ਇਸ ਮੰਤਵ ਲਈ ਭਾਰਤੀ ਸੰਵਿਧਾਨ ਅੰਦਰਲੀਆਂ ਸੈਕੂਲਰ ਵਿਵਸਥਾਵਾਂ ਦੇ ਨਾਲ ਨਾਲ ਜਮਹੂਰੀ ਕਦਰਾਂ ਕੀਮਤਾਂ ਦੀ ਸਫ ਵੀ ਵਲ੍ਹੇਟ ਦੇਣ ਲਈ ਤੱਤਪਰ ਹੋ ਰਹੇ ਹਨ। ਹਾਕਮਾਂ ਦੇ ਇਸ ਵਿਚਾਰਧਾਰਕ-ਰਾਜਨੀਤਕ ਹਮਲੇ ਦਾ ਵੀ ਦੇਸ਼ ਦੀ ਮਜ਼ਦੂਰ ਜਮਾਤ ਨੂੰ ਡੱਟਵਾਂ ਵਿਰੋਧ ਕਰਨਾ ਹੋਵੇਗਾ।
ਨਿਸ਼ਚੇ ਹੀ ਇਹਨਾਂ ਅਗਲੇਰੇ ਕਠਿਨ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਅਜੋਕੇ ਦੌਰ ਦੀ ਸਭ ਤੋਂ ਵੱਧ ਇਨਕਲਾਬੀ ਧਿਰ- ਮਜ਼ਦੂਰ ਜਮਾਤ, ਨੂੰ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੇ ਸਰਗਰਮ ਸਹਿਯੋਗ ਦੀ ਭਾਰੀ ਲੋੜ ਹੋਵੇਗੀ। ਇਹ ਵੀ ਸਪੱਸ਼ਟ ਹੀ ਹੈ ਕਿ ਮਜ਼ਦੂਰ ਲਹਿਰ ਆਪਣੀ ਜਥੇਬੰਦਕ ਸਮਰੱਥਾ ਅਨੁਸਾਰ ਹਮੇਸ਼ਾ ਲੜਾਕੂ ਪੈਂਤੜੇ 'ਤੇ ਰਹਿ ਕੇ ਹੀ ਕੋਈ ਠੋਸ ਜਿੱਤਾਂ ਹਾਸਲ ਕਰ ਸਕਦੀ ਹੈ। ਮੋਦੀ ਸਰਕਾਰ ਵਲੋਂ ਮਜ਼ਦੂਰਾਂ ਦੀਆਂ ਆਪਣੀਆਂ ਉਜਰਤਾਂ ਵਿਚੋਂ ਕੱਟੇ ਹੋਏ ਪ੍ਰਾਵੀਡੈਂਟ ਫੰਡ (EPF) 'ਤੇ ਰੋਕਾਂ ਲਾ ਕੇ ਉਸਨੂੰ ਖੁਰਦ-ਬੁਰਦ ਕਰਨ ਲਈ ਕੀਤੇ ਗਏ ਹਮਲੇ ਦਾ ਮੂੰਹ ਮੋੜਨ ਦੇ ਪੱਖ ਤੋਂ ਲੜਾਕੂ ਜਨਤਕ ਦਬਾਅ ਰਾਹੀਂ ਮਜ਼ਦੂਰਾਂ ਵਲੋਂ ਹੁਣੇ-ਹੁਣੇ ਕੀਤੀ ਗਈ ਠੋਸ ਪ੍ਰਾਪਤੀ ਇਸ ਲਹਿਰ ਦੀ ਇਕ ਮਾਣਮੱਤੀ ਜਿੱਤ ਹੀ ਹੈ। ਇਸ ਲਈ ਮਜ਼ਦੂਰ ਵਰਗ ਨੂੰ ਜਮਾਤੀ ਸੰਘਰਸ਼ ਦੀ ਵਿਗਿਆਨਕ ਲਾਈਨ ਤੋਂ ਥਿੜਕਾ ਕੇ ਮਾਅਰਕੇਬਾਜ਼ੀ ਜਾਂ ਮੇਲ-ਮਿਲਾਪ ਦੇ ਕੁਰਾਹੇ ਪਾਉਣ ਵਾਲੇ ਅਨਸਰਾਂ ਪ੍ਰਤੀ ਸਾਵਧਾਨ ਰਹਿਣ ਅਤੇ ਅਜੇਹੇ ਗਲਤ ਅਨਸਰਾਂ ਨੂੰ ਆਪਣੀਆਂ ਸਫਾਂ ਵਿਚੋਂ ਅਲੱਗ ਥਲੱਗ ਰੱਖਣ ਲਈ ਵੀ ਹਮੇਸ਼ਾ ਯਤਨਸ਼ੀਲ ਰਹਿਣਾ ਪੈਂਦਾ ਹੈ। ਮਜ਼ਦੂਰ ਵਰਗ ਲਈ ਇਹ ਚਨੌਤੀ ਅੱਜ ਵੀ ਵੱਡੀ ਹੱਦ ਤੱਕ ਦਰਪੇਸ਼ ਹੈ।
ਸਾਨੂੰ ਪੂਰਨ ਆਸ ਹੈ ਕਿ ਸਾਡੇ ਦੇਸ਼ ਦੀ ਮਜ਼ਦੂਰ ਜਮਾਤ ਆਉਂਦੇ ਵਰ੍ਹੇ ਦੌਰਾਨ ਇਹਨਾਂ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਨਿਰੰਤਰ ਯਤਨਸ਼ੀਲ ਰਹੇਗੀ ਅਤੇ ਲਾਜ਼ਮੀ ਕੁਝ ਹੋਰ ਮਾਣਮੱਤੀਆਂ ਜਿੱਤਾਂ ਵੀ ਹਾਸਲ ਕਰੇਗੀ। ਇਸ ਆਸ ਨਾਲ ਅਸੀਂ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਸਮੁੱਚੇ ਮਿਹਨਤਕਸ਼ਾਂ ਨੂੰ ਮਈ ਦਿਵਸ ਦੀਆਂ ਸੰਗਰਾਮੀ ਸ਼ੁਭ ਇਛਾਵਾਂ ਭੇਂਟ ਕਰਦੇ ਹਾਂ।
-ਹਰਕੰਵਲ ਸਿੰਘ

ਪੰਜਾਬ ਦੇ ਚੋਣ ਦੰਗਲ ਲਈ ਸੰਭਾਵੀ ਧਿਰਾਂ ਦੀ ਸਥਿਤੀ

ਮੰਗਤ ਰਾਮ ਪਾਸਲਾ 
ਇੰਜ ਜਾਪਦਾ ਹੈ ਕਿ 2017 ਵਿਚ ਹੋਣ ਵਾਲੀਆਂ ਪੰਜਾਬ ਅਸੰਬਲੀ ਚੋਣਾਂ ਜਿੱਤਣ ਲਈ ਅਕਾਲੀ ਦਲ-ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਧਨ ਦੀ ਵਰਤੋਂ-ਦੁਰਵਰਤੋਂ ਦੇ ਪੱਖ ਤੋਂ ਦੇਸ਼ ਦੇ ਇਤਿਹਾਸ ਵਿਚਲੇ ਪੁਰਾਣੇ ਸਾਰੇ ਰਿਕਾਰਡ ਤੋੜ ਦੇਣਗੇ। ਪੂਰੇ ਇਕ ਸਾਲ ਲਈ ਕਿਸੇ ਹੋਰ ਵਿਸ਼ੇ ਜਾਂ ਆਮ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਤੇ ਹੱਲ ਕਰਨ ਲਈ ਕੋਈ ਸੰਘਰਸ਼ ਜਾਂ ਸਾਰਥਕ ਦਖਲਅੰਦਾਜ਼ੀ ਕਰਨ ਦੀ ਥਾਂ ਇਹਨਾਂ ਤਿੰਨਾਂ ਹੀ ਧਿਰਾਂ ਵਲੋਂ, ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਜਨਤਕ ਰੈਲੀਆਂ ਕਰਕੇ ਝੂਠੇ ਵਾਅਦਿਆਂ ਦੇ ਅੰਬਾਰ ਲਾਉਣ, ਆਪਣੇ ਅਤੀਤ ਦੇ ਪਾਪਾਂ ਉਪਰ ਪਰਦਾਪੋਸ਼ੀ ਕਰਕੇ ਆਪਣੇ ਆਪ ਨੂੰ 'ਸ਼ੁੱਧ' ਸਾਬਤ ਕਰਨ ਅਤੇ ਦੂਸਰਿਆਂ ਨੂੰ ਨਿੰਦਣ ਉਪਰ ਹੀ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਅਕਾਲੀ ਦਲ-ਭਾਜਪਾ ਸਰਕਾਰ ਤਾਂ ਆਪਣੇ ਦਸ ਸਾਲਾਂ ਦੇ ਕੁਸ਼ਾਸ਼ਨ ਅਤੇ ਅਨੰਤ ਭਰਿਸ਼ਟਾਚਾਰ ਰਾਹੀਂ ਅਰਬਾਂ-ਖਰਬਾਂ ਦਾ ਧਨ ਇਕੱਠਾ ਕਰਨ ਦੇ ਕਾਲੇ ਕਾਰਨਾਮਿਆਂ ਨੂੰ 'ਤੇਜ਼ ਆਰਥਿਕ ਵਿਕਾਸ' ਦੇ ਝੂਠੇ ਦਾਅਵਿਆਂ ਨਾਲ ਕੱਜਣਾ ਚਾਹੁੰਦੀ ਹੈ। ਅਜੇਹੇ ਦਾਅਵਿਆਂ ਦਾ ਮਖੌਲ ਉਡਾਉਣਾ ਅੱਜ ਕਲ ਪੰਜਾਬੀਆਂ ਦੇ ਮਨੋਰੰਜਨ ਲਈ ਵੱਡੇ ਚੁਟਕਲੇ ਬਣ ਗਏ ਹਨ। ਇਸ ਗੱਲ ਦੀਆਂ ਕਿਆਸ ਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਅਕਾਲੀ ਦਲ ਤੇ ਭਾਜਪਾ ਆਗੂ ਰਲ ਮਿਲ ਕੇ ਕੀਤੇ ਗਏ ਬੇਅੰਤ ਗੁਨਾਹਾਂ ਦਾ ਠੀਕਰਾ ਇਕ ਦੂਸਰੇ ਸਿਰ ਭੰਨਣ ਦਾ ਯਤਨ ਕਰਨਗੇ। ਪ੍ਰੰਤੂ ਅਜੇਹਾ ਝੂਠ ਵੀ ਲੋਕਾਂ ਦੇ ਗਲੇ ਵਿਚੋਂ ਸੌਖਿਆਂ ਨਹੀਂ ਲੰਘਣਾ। ਆਪਣੇ ਕਾਰਜਕਾਲ ਦੇ ਅੰਤ 'ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਖਜ਼ਾਨੇ ਵਿਚੋਂ ਲੋਕਾਂ ਦੇ ਵੱਖ ਵੱਖ ਵਰਗਾਂ ਨੂੰ ਦਿੱਤੀਆਂ/ਐਲਾਨੀਆਂ ਜਾ ਰਹੀਆਂ ਰਿਆਇਤਾਂ/ਸਹੂਲਤਾਂ ਦੇ ਐਲਾਨ ਵੀ ਭਰਿਸ਼ਟ ਢੰਗਾਂ ਰਾਹੀਂ ਲੋਕਾਂ ਦੀਆਂ ਵੋਟਾਂ ਨੂੰ ਖਰੀਦਣ ਦੀ ਉਘੜਵੀਂ ਮਿਸਾਲ ਹੈ। ਸਰਕਾਰੀ ਖਰਚੇ ਉਪਰ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰੇਲ ਗੱਡੀਆਂ ਰਾਹੀਂ ਮੁਫ਼ਤ ਭੇਜਣ ਦੀ ਕਾਰਵਾਈ ਲੋਕਾਂ ਦੀ ਧਾਰਮਿਕ ਆਸਥਾ ਦੀ ਦੁਰਵਰਤੋਂ ਹੀ ਨਹੀਂ, ਬਲਕਿ ਧਰਮ ਦੇ ਨਾਂ ਉਪਰ ਕੀਤੀ ਜਾਣ ਵਾਲੀ ਭਰਿਸ਼ਟ ਕਾਰਵਾਈ ਹੈ। ਪੰਜਾਬ ਸਰਕਾਰ ਵਲੋਂ ਸਰਕਾਰੀ ਫਜ਼ੂਲਖਰਚੀਆਂ ਦੇ ਲਈ ਆਰਥਿਕ ਸਾਧਨ ਜੁਟਾਉਣ ਵਾਸਤੇ ਸਰਕਾਰੀ ਜਾਇਦਾਦਾਂ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਹਨ।
ਸੱਤਾ ਹਾਸਲ ਕਰਨ ਦੀ ਦੌੜ ਵਿਚ ਏਥੇ ਦੂਸਰੀ ਧਿਰ ਹੈ ਕਾਂਗਰਸ ਪਾਰਟੀ, ਜਿਸ ਦੀਆਂ ਸਰਕਾਰਾਂ ਵਲੋਂ ਆਪਣਾਈਆਂ ਗਈਆਂ ਆਰਥਿਕ ਤੇ ਰਾਜਨੀਤਕ ਨੀਤੀਆਂ ਨੇ ਇਸ ਦੇਸ਼ ਤੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ। ਇਸ ਪਾਰਟੀ ਵਲੋਂ ਵੋਟਰਾਂ ਨੂੂੰ ਭਰਮਾਉਣ ਲਈ ਵੱਖ-ਵੱਖ ਸਮਿਆਂ 'ਤੇ ਗਰੀਬੀ ਹਟਾਓ, ਨੌਜਵਾਨਾਂ ਹੱਥ ਸੱਤਾ ਦਿਓ, ਦਲਿਤਾਂ ਤੇ ਗਰੀਬਾਂ ਦਾ ਕਲਿਆਣ ਤੇ 'ਜੈ ਜਵਾਨ, ਜੈ ਕਿਸਾਨ' ਵਰਗੇ ਫਰੇਬੀ ਨਾਅਰੇ ਲਗਾਏ ਗਏ ਅਤੇ ਨਾਲ ਹੀ ਧਨ ਤੇ ਗੁੰਡਾ ਅਨਸਰਾਂ ਦੀ ਦੁਰਵਰਤੋਂ ਕਰਕੇ ਸੱਤਾ ਉਪਰ ਕਬਜ਼ਾ ਕਰਨ ਲਈ ਹਰ ਪ੍ਰਕਾਰ ਦਾ ਗੈਰ ਜਮਹੂਰੀ ਢੰਗ ਵਰਤਿਆ ਗਿਆ। ਆਪਣੇ ਪਾਰਟੀ ਦੇ ਵਿਧਾਨ ਤੇ ਮਤਿਆਂ ਵਿਚ 'ਧਰਮ ਨਿਰਪੱਖ' ਤੇ ਜਮਹੂਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਕਈ ਹੋਰਨਾਂ ਮੌਕਿਆਂ ਵਾਂਗ ਬਾਬਰੀ ਮਸਜਿਦ ਤੇ ਰਾਮ ਮੰਦਰ ਵਰਗੇ ਨਾਜ਼ੁਕ ਵਿਵਾਦ ਨੂੰ ਮੁੜ ਖੋਹਲਣ ਅਤੇ ਪੰਜਾਬ ਵਿਚ ਚੱਲੀ ਖਾਲਿਸਤਾਨੀ ਲਹਿਰ ਦੇ ਸੰਦਰਭ ਵਿਚ ਵੋਟਾਂ ਹਾਸਲ ਕਰਨ ਲਈ ਫਿਰਕੂ ਪੱਤਾ ਖੇਡਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸਾਲ 1975 ਵਿਚ ਲੋਕਾਂ ਉਪਰ ਅੰਦਰੂਨੀ ਐਮਰਜੈਂਸੀ ਥੋਪ ਕੇ ਇਸ ਪਾਰਟੀ ਨੇ 'ਲੋਕ ਰਾਜ' ਦੇ ਪਾਏ ਨਕਾਬ ਨੂੰ ਵੀ ਪਰਾਂਹ ਵਗਾਹ ਮਾਰਿਆ ਸੀ। ਦੇਸ਼ ਵਿਚ ਉਠੀਆਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤੀ ਲੋਕਾਂ ਦੀਆਂ ਲਹਿਰਾਂ ਨੂੰ ਹਰ ਜਬਰ ਨਾਲ ਦਬਾਉਣ ਦਾ ਰਿਕਾਰਡ ਵੀ ਵੱਡੀ ਪੱਧਰ ਉਪਰ ਕਾਂਗਰਸ ਸ਼ਾਸਨ ਦੇ ਹਿੱਸੇ ਆਉਂਦਾ ਹੈ। ਦਸ ਸਾਲ ਪਹਿਲਾਂ ਪੰਜਾਬ ਦੇ ਕਾਂਗਰਸੀ ਰਾਜ ਦੀਆਂ ਲੋਕਾਂ ਨੂੰ ਕੁਟਾਪਾ ਚਾੜ੍ਹਨ ਦੀਆਂ ਘਟਨਾਵਾਂ, ਅਨੰਤ ਭਰਿਸ਼ਟਾਚਾਰ ਰਾਹੀਂ ਇਕੱਠੇ ਕੀਤੇ ਬੇਅੰਤ ਧਨ ਤੇ ਆਮ ਲੋਕਾਂ ਉਪਰ ਪਾਏ ਵਿੱਤੀ ਬੋਝ ਨੂੰ ਪੰਜਾਬੀ ਅਜੇ ਤੱਕ ਵੀ ਨਹੀਂ ਭੁੱਲੇ ਹਨ।
'ਆਮ ਆਦਮੀ ਪਾਰਟੀ' ਨੂੰ ਦਿੱਲੀ ਅਸੈਂਬਲੀ ਵਿਚ ਬਹੁਮੱਤ ਹਾਸਲ ਕਰਕੇ ਪਹਿਲੀ ਵਾਰ ਰਾਜ ਕਰਨ ਦਾ ਮੌਕਾ ਮਿਲਿਆ ਹੈ। ਇਸ ਪਾਰਟੀ ਵਲੋਂ ਲੋਕਾਂ ਨਾਲ ਮੁਫ਼ਤ/ਸਸਤੀ ਬਿਜਲੀ, ਪਾਣੀ, ਮਕਾਨ, ਵਿਦਿਆ, ਔਰਤਾਂ ਦੀ ਸੁਰੱਖਿਆ, ਭਰਿਸ਼ਟਾਚਾਰ ਦਾ ਖਾਤਮਾ ਤੇ ਸਾਰੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦੇ ਕੀਤੇ ਗਏ ਵਾਅਦਿਆਂ ਉਪਰ ਵੋਟਰਾਂ ਦੇ ਵੱਡੇ ਹਿੱਸੇ ਨੇ ਭਰੋਸਾ ਕੀਤਾ। ਕਾਂਗਰਸ ਤੇ ਭਾਜਪਾ ਤੋਂ ਨਿਰਾਸ਼ ਲੋਕ ਕੋਈ ਢੁਕਵਾਂ ਰਾਜਨੀਤਕ ਬਦਲ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 'ਆਪ' ਦੀ ਸਰਕਾਰ ਕਾਇਮ ਕਰਕੇ ਇਕ ਨਵਾਂ ਤਜ਼ਰਬਾ ਕੀਤਾ ਹੈ। ਉਂਝ ਸਥਾਪਤ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਕੁਸ਼ਾਸਨ ਤੇ ਦਿੱਲੀ ਵਿਚ ਭਰਿਸ਼ਟਾਚਾਰ ਤੋਂ ਤੰਗ ਆ ਕੇ ਯੂ.ਪੀ., ਬਿਹਾਰ, ਆਂਧਰਾ ਪ੍ਰਦੇਸ਼, ਅਸਾਮ ਆਦਿ ਕਈ ਰਾਜਾਂ ਵਿਚ ਅਜਿਹੇ ਤਜ਼ਰਬੇ ਪਹਿਲਾਂ ਵੀ ਹੋ ਚੁੱਕੇ ਹਨ। ਪ੍ਰੰਤੂ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੇ ਇਸ ਦੁਆਰਾ ਅਪਣਾਈਆਂ ਜਾਂਦੀਆਂ ਲੋਕ ਮਾਰੂ ਨੀਤੀਆਂ ਦੇ ਮੁਕਾਬਲੇ ਵਿਚ ਕੋਈ ਲੋਕ ਪੱਖੀ ਆਰਥਿਕ ਵਿਕਾਸ ਮਾਡਲ, ਵੱਡੇ ਸਰਮਾਏਦਾਰਾਂ, ਠੇਕੇਦਾਰਾਂ, ਜਗੀਰਦਾਰਾਂ ਤੇ ਕਾਲਾ ਧੰਦਾ ਕਰਨ ਵਾਲਿਆਂ ਉਪਰ ਸ਼ਿਕੰਜਾ ਕੱਸਕੇ ਉਨ੍ਹਾਂ ਦੇ ਮੁਨਾਫਿਆਂ ਉਪਰ ਰੋਕਾਂ ਲਗਾ ਕੇ ਅਤੇ ਲੋਕਾਂ ਦੀਆਂ ਰੋਟੀ, ਰੋਜ਼ੀ, ਮਕਾਨ, ਵਿਦਿਆ, ਸਿਹਤ, ਪੀਣ ਯੋਗ ਪਾਣੀ, ਸ਼ੁੱਧ ਵਾਤਾਵਰਨ ਆਦਿ ਵਰਗੀਆਂ ਮੁਢਲੀਆਂ ਲੋੜਾਂ ਪੂਰੀਆਂ ਨਾ ਕਰਨ ਦੇ ਸਿੱਟੇ ਵਜੋਂ ਇਹ ਤਜ਼ਰਬੇ ਵੀ ਬੁਰੀ ਤਰ੍ਹਾਂ  ਫੇਲ੍ਹ ਹੋਏ। (ਪੱਛਮੀ ਬੰਗਾਲ, ਕੇਰਲਾ ਅਤੇ ਤਰੀਪੁਰਾ ਦੀਆਂ ਖੱਬੀਆਂ ਸਰਕਾਰਾਂ ਦੀ ਕਾਰਗੁਜਾਰੀ ਨੂੰ ਇਕ ਵੱਖਰੇ ਨਜ਼ਰੀਏ ਤੋਂ ਵਾਚਣ ਦੀ ਜ਼ਰੂਰਤ ਹੈ। ਪੂਰੀ ਤਰ੍ਹਾਂ ਦੋਸ਼ ਮੁਕਤ ਉਹ ਵੀ ਨਹੀਂ ਹਨ) ਜਦੋਂਕਿ ਇਨ੍ਹਾਂ ਉਪਰੋਕਤ ਰਾਜਾਂ ਦੇ ਲੋਕ ਬਾਕੀ ਦੇਸ਼ ਵਾਸੀਆਂ ਵਾਂਗ ਡਾਢੀਆਂ ਆਰਥਿਕ ਤੇ ਸਮਾਜਿਕ ਤੰਗੀਆਂ ਦਾ ਜੀਵਨ ਹੰਢਾ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਜੋ ਆਪਣੇ ਆਪ ਨੂੰ ਪੂੰਜੀਪਤੀ ਪ੍ਰਬੰਧ ਤੇ ਖੁੱਲ੍ਹੇ ਬਜਾਰ ਦੀ ਹਮਾਇਤੀ ਦੱਸਦੀ ਹੈ, ਨਵ ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਕੇ ਨਾ ਤਾਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰ ਸਕੇਗੀ ਤੇ ਨਾ ਹੀ ਭਰਿਸ਼ਟਾਚਾਰ ਦਾ ਖਾਤਮਾ ਕਰ ਸਕੇਗੀ, ਜੋ ਇਸ ਲੁਟੇਰੇ ਰਾਜ ਪ੍ਰਬੰਧ ਦਾ ਅਟੁੱਟ ਹਿੱਸਾ ਹੈ। ਹੁਣ ਵੀ ਇਸ ਪਾਰਟੀ ਵਲੋਂ ਵੱਡੇ ਲੋਕਾਂ ਕੋਲੋਂ ਲਿਆ ਜਾ ਰਿਹਾ ਫੰਡ ਉਨ੍ਹਾਂ ਲੁਟੇਰਿਆਂ ਵਲੋਂ ਪਿਛਲੇ ਸਮੇਂ ਵਿਚ ਅਨੈਤਿਕ ਢੰਗਾਂ ਨਾਲ ਇਕੱਠੇ ਕੀਤੇ ਧਨ ਦੇ ਅੰਬਾਰਾਂ ਵਿਚੋਂ ਕਿਣਕਾ ਮਾਤਰ ਹੀ ਹੈ। ਇਸਨੂੰ ਵੀ ਧਨੀ ਲੋਕ ਭਵਿੱਖ ਵਿਚ ਹੋਰ ਅਮੀਰ ਬਣਨ ਲਈ ''ਪੂੰਜੀ ਨਿਵੇਸ਼' ਹੀ ਸਮਝਦੇ ਹਨ। ਪੰਜਾਬ ਅੰਦਰ ਵੀ 'ਆਪ' 2017 ਦੀਆਂ ਅਸੈਂਬਲੀ ਚੋਣਾਂ ਵਿਚ ਸੱਤਾ ਦੇ ਪ੍ਰਮੁੱਖ ਖਿਡਾਰੀ ਵਜੋਂ ਤਿਆਰੀਆਂ ਕਰ ਰਹੀ ਹੈ। ਹਰ ਕਿਸਮ ਦੇ ਧਨਾਢ, ਅਫਸਰਸ਼ਾਹ ਅਤੇ ਦੂਸਰੀਆਂ ਸਰਮਾਏਦਾਰ-ਜਗੀਰਦਾਰ ਪੱਖੀ ਪਾਰਟੀਆਂ ਵਿਚ ਟਿਕਟ ਨਾ ਮਿਲਣ ਤੋਂ ਨਿਰਾਸ਼ ਆਗੂ ਧੜਾ-ਧੜ ਇਸ ਦਲ ਵਿਚ ਸ਼ਾਮਿਲ ਹੋ ਰਹੇ ਹਨ। ਕਈ ਗਾਇਕ, ਕਾਮੇਡੀਅਨ ਜਾਂ ਫਿਲਮ ਐਕਟਰ ਲੋਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਕਲਾ ਤੇ ਕਮਾਈ ਆਸਰੇ 'ਆਪ' ਵਿਚ ਸ਼ਾਮਲ ਹੋ ਕੇ ਲੋਕਾਈ ਦਾ ਮਨੋਰੰਜਨ ਕਰਨ ਲਈ 'ਨਵਾਂ ਪ੍ਰੋਜੈਕਟ' ਸ਼ੁਰੂ ਕਰ ਰਹੇ ਹਨ। ਇਨ੍ਹਾਂ ਸੱਜਣਾਂ ਕੋਲ ਲੋਕਾਂ ਦੇ ਦੁੱਖਾਂ-ਦਰਦਾਂ ਦਾ ਗਿਆਨ, ਉਨ੍ਹਾਂ ਦੇ ਹੱਕੀ ਸੰਘਰਸ਼ਾਂ ਵਿਚ ਸ਼ਾਮਲ ਹੋਣ ਤੇ ਕਿਸੇ ਜਬਰ ਜ਼ੁਲਮ ਦਾ ਟਾਕਰਾ ਕਰਨ ਦਾ ਕੋਈ ਤਜ਼ਰਬਾ ਨਹੀਂ ਅਤੇ ਨਾ ਹੀ ਲੋਕ ਪੱਖੀ ਆਰਥਿਕ ਤੇ ਰਾਜਨੀਤਕ ਵਿਗਿਆਨ ਪ੍ਰਤੀ ਇਨ੍ਹਾਂ ਲੋਕਾਂ ਦੀ ਕੋਈ ਪ੍ਰਤੀਬੱਧਤਾ ਹੀ ਹੈ। ਸਿਰਫ ਪੈਸੇ ਦੇ ਜ਼ੋਰ ਨਾਲ ਹਾਸਲ ਕੀਤੀ ਗਈ ਟਿਕਟ, ਰਾਜਭਾਗ ਤੇ ਭਰਿਸ਼ਟਾਚਾਰ, ਇਹ ਤਿੰਨ ਸ਼ਬਦ ਹੀ ਜਾਣਦੇ ਹਨ ਇਹ ਸੱਜਣ। ਪੈਸੇ ਪੱਖੋਂ ਇਹ 'ਪਤਵੰਤੇ' ਪਹਿਲਾਂ ਹੀ ਨੱਕੋ ਨੱਕ ਭਰੇ ਪਏ ਹਨ। ਇਹਨਾਂ ਤੋਂ ਬਿਨਾਂ, ਸੱਤਾ ਹਾਸਲ ਕਰਨ ਲਈ ਕਈ ਗਰਮ ਖਿਆਲੀ ਸਿੱਖ ਜਥੇਬੰਦੀਆਂ ਤੇ ਆਗੂ, ਜਿਨ੍ਹਾਂ ਦਾ ਰੋਲ ਖਾਲਿਸਤਾਨੀ ਲਹਿਰ ਦੌਰਾਨ ਬੜਾ ਸ਼ੱਕੀ ਕਿਸਮ ਦਾ ਸੀ, ਨਾਲ ਪਈਆਂ 'ਆਪ' ਦੀਆਂ ਜੋਟੀਆਂ ਸਿੱਧ ਕਰਦੀਆਂ ਹਨ ਕਿ ਇਸ ਪਾਰਟੀ ਲਈ ਰਾਜਨੀਤਕ ਜਾਂ ਆਰਥਿਕ ਨੀਤੀ ਨਾਲ ਸਬੰਧਤ ਕੋਈ ਪੱਕਾ ਠੱਕਾ ਅਸੂਲ ਨਹੀਂ ਹੈ ਤੇ ਨਾ ਹੀ ਮਜ਼ਦੂਰਾਂ-ਕਿਸਾਨਾਂ ਦੀ ਲਹਿਰ ਨਾਲ ਕੋਈ ਗੰਭੀਰ ਪ੍ਰਤੀਬੱਧਤਾ ਹੀ ਹੈ। ਹਾਂ, ਜਨਤਾ ਨਾਲ, ਖਾਸਕਰ ਦਰਮਿਆਨੇ ਵਰਗ ਦੇ ਲੋਕਾਂ ਨਾਲ ਸੰਪਰਕ ਕਰਨ ਦੇ ਨਵੇਂ ਨਵੇਂ ਢੰਗ ਜ਼ਰੂਰ ਅਪਣਾਏ ਹਨ 'ਆਪ' ਨੇਤਾਵਾਂ ਨੇ। ਆਰਥਿਕ ਸਾਧਨ ਪੈਦਾ ਕਰਨ ਦੇ ਨਜ਼ਰੀਏ ਤੋਂ 'ਆਪ' ਕਾਂਗਰਸ ਤੇ ਭਾਜਪਾ ਦੀ ਅਨੈਤਿਕਤਾ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ।
ਇਸ ਲਈ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ, ਭਾਜਪਾ, ਕਾਂਗਰਸ ਤੇ 'ਆਪ' ਦੇ ਆਗੂਆਂ ਵਲੋਂ ਆਪਣੇ ਰਾਜਸੀ ਖੇਮੇ ਬਦਲਣ ਦੀਆਂ ਖ਼ਬਰਾਂ ਆਮ ਹੀ ਜਗ ਜਾਹਿਰ ਹੋਣ ਅਤੇ ਨਵੇਂ ਦਲ ਵਿਚ ਸ਼ਾਮਿਲ ਹੋ ਕੇ 'ਸਿਰੋਪਾ' ਹਾਸਲ ਕਰਨ ਦੇ ਨਵੇਂ ਲਤੀਫੇ ਵੀ ਸੁਣਨ ਨੂੰ ਮਿਲਣਗੇ। ਬਸਪਾ ਸੁਪਰੀਮੋ ਬੀਬੀ ਮਾਇਆਵਤੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਰਾਜਨੀਤਕ ਧਿਰ ਨਾਲ ਗਠਜੋੜ ਨਹੀਂ ਕਰੇਗੀ।
ਇਸ ਲਈ, ਸਵਾਲਾਂ ਦਾ ਸਵਾਲ ਇਹ ਹੈ ਕਿ ਇਨ੍ਹਾਂ ਹਾਲਤਾਂ ਵਿਚ ਪੰਜਾਬ ਦੇ ਲੋਕੀਂ ਕਿਹੜਾ ਰਾਜਸੀ ਪੈਂਤੜਾ ਅਖਤਿਆਰ ਕਰਨ, ਜਿਸ ਨਾਲ ਉਨ੍ਹਾਂ ਦਾ ਮੌਜੂਦਾ ਸੰਤਾਪ ਕੱਟਿਆ ਜਾ ਸਕੇ ਤੇ ਉਹ ਸੁੱਖ ਦੀ ਨੀਂਦ  ਸੌਂ ਸਕਣ? ਪੰਜਾਬ ਵਿਚ ਚਾਰ ਕਮਿਊਨਿਸਟ ਧਿਰਾਂ ਨੇ ਇਕ ਸਾਂਝਾ ਮੰਚ ਕਾਇਮ ਕੀਤਾ ਸੀ ਤੇ ਸਾਂਝੇ ਮੁੱਦਿਆਂ ਦੇ ਅਧਾਰ 'ਤੇ ਸਾਂਝੀਆਂ ਜਨਤਕ ਸਰਗਰਮੀਆਂ ਵੀ ਕੀਤੀਆਂ ਹਨ। ਇਨ੍ਹਾਂ ਸਾਂਝੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਦੀ ਲੋੜ ਹੈ ਤਾਂ ਕਿ ਖੱਬੇ ਪੱਖੀ ਦਲਾਂ ਦਾ ਜਨ ਅਧਾਰ ਵਧਾਇਆ ਜਾ ਸਕੇ। ਇਹ ਗਠਜੋੜ ਅਜੇ ਕਾਫੀ ਕਮਜ਼ੋਰ ਹੈ ਤੇ ਲੋਕਾਂ ਸਾਹਮਣੇ ਇਕ ਲੋਕ ਪੱਖੀ ਰਾਜਨੀਤਕ ਮੁਤਬਾਦਲ ਦੇ ਤੌਰ 'ਤੇ ਪੇਸ਼ ਨਹੀਂ ਹੋ ਸਕਿਆ। ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਇਨ੍ਹਾਂ ਖੱਬੀਆਂ ਪਾਰਟੀਆਂ ਦੇ ਇਕਮੁਠ ਰਹਿਣ ਜਾਂ ਕਿਸੇ ਦੂਸਰੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਹਿੱਤਾਂ ਦੀ ਰਾਖੀ ਕਰਦੀ ਰਾਜਸੀ ਪਾਰਟੀ ਨਾਲ ਗਠਜੋੜ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਕਈ ਕਿਸਮ ਦੀ ਦੁਬਿਧਾ ਹੈ। ਇਹ ਦੁਬਿਧਾ ਬੇਵਜ੍ਹਾ ਨਹੀਂ। ਪਹਿਲਾਂ ਵੀ ਅਨੇਕਾਂ ਵਾਰ ਕਈ ਕਮਿਊਨਿਸਟ ਧਿਰਾਂ ਵਲੋਂ ਕਿਸੇ ਨਾ ਕਿਸੇ ਬਹਾਨੇ ਲੁਟੇਰੇ ਰਾਜਸੀ ਦਲਾਂ ਨਾਲ ਚੋਣ ਸਾਂਝਾਂ ਪਾਈਆਂ ਗਈਆਂ ਹਨ। ਪੱਛਮੀ ਬੰਗਾਲ ਦੀਆਂ ਅਸੈਂਬਲੀ ਚੋਣਾਂ ਵਿਚ ਖੱਬੇ ਮੋਰਚੇ ਦਾ ਕਾਂਗਰਸ ਨਾਲ ਖੁੱਲ੍ਹਾ ਬੇਅਸੂਲਾ ਰਾਜਸੀ  ਸਮਝੌਤਾ ਹੈ, ਜੋ ਮਮਤਾ ਦੀ ਗੈਰ ਜਮਹੂਰੀ ਤੇ ਲੋਕ ਵਿਰੋਧੀ ਪਾਰਟੀ ਟੀ.ਐਮ.ਸੀ. ਨੂੰ ਹਰਾਉਣ ਦੀ ਦਲੀਲ ਅਧੀਨ ਕੀਤਾ ਗਿਆ ਹੈ। ਪੰਜਾਬ ਅੰਦਰ ਖੱਬੀ ਰਾਜਨੀਤੀ ਨਾਲ ਜੁੜੇ ਕੁਝ ਇਕ ਹੋਰ ਰਾਜਸੀ ਦਲ ਤੇ ਜਨਤਕ ਜਥੇਬੰਦੀਆਂ ਵੀ ਮੌਜੂਦ ਹਨ, ਜੋ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ'  ਦੇ ਵਿਰੋਧ ਵਿਚ ਲੋਕਾਂ ਦੀ ਚੋਖੀ ਹਮਾਇਤ ਤੇ ਹਮਦਰਦੀ ਹਾਸਲ ਕਰ ਸਕਦੇ ਹਨ।
ਜੇਕਰ ਇਹ ਸਮੁੱਚੀਆਂ ਖੱਬੇ ਪੱਖੀ ਤੇ ਇਨਕਲਾਬੀ ਵਿਚਾਰਾਂ ਵਾਲੀਆਂ ਧਿਰਾਂ ਇਕ ਮੁੱਠ ਹੋ ਕੇ ਕਿਰਤੀ ਲੋਕਾਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਪੱਛੜੇ ਵਰਗਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਬੇਰੁਜ਼ਗਾਰ ਨੌਜਵਾਨਾਂ, ਔਰਤਾਂ ਤੇ ਘਟ ਗਿਣਤੀ ਲੋਕਾਂ ਦੇ ਮੂਲ ਮਸਲੇ ਲੈ ਕੇ ਅਸੈਂਬਲੀ ਚੋਣਾਂ ਦਾ ਏਜੰਡਾ ਤੈਅ ਕਰ ਦੇਣ ਤੇ ਅਕਾਲੀ ਦਲ-ਭਾਜਪਾ, ਕਾਂਗਰਸ ਤੇ  'ਆਪ' ਦੇ ਝੂਠੇ, ਹਵਾਈ ਤੇ ਧੋਖਾ ਭਰੇ ਨਾਅਰਿਆਂ ਤੇ ਵਾਅਦਿਆਂ ਨੂੰ ਤਰਕ ਸੰਗਤ ਢੰਗ ਨਾਲ ਬੇਪਰਦ ਕਰਨ, ਤਦ ਪੰਜਾਬ ਅੰਦਰ ਅਵਸ਼ ਹੀ ਇਕ ਸ਼ਕਤੀਸ਼ਾਲੀ ਲੋਕ ਪੱਖੀ ਧਿਰ ਉਭਾਰੀ ਜਾ ਸਕਦੀ ਹੈ। ਸਰਕਾਰੀ ਵਿਦਿਅਕ ਅਦਾਰਿਆਂ ਰਾਹੀਂ ਮੁਫ਼ਤ ਤੇ ਲੋਕਾਂ ਦੀ ਪਹੁੰਚ ਅਨੁਸਾਰ ਸਸਤੀ ਵਿਦਿਆ, ਸਰਕਾਰੀ ਹਸਪਤਾਲਾਂ ਰਾਹੀਂ ਲੋੜਵੰਦ ਮਰੀਜਾਂ ਦਾ ਮੁਫ਼ਤ ਇਲਾਜ, ਬੇਕਾਰ ਲੋਕਾਂ ਨੂੰ ਕੰਮ, ਬੇਕਾਰੀ ਭੱਤਾ, ਪੀਣਯੋਗ ਪਾਣੀ, ਵੱਧ ਰਹੇ ਪ੍ਰਦੂਸ਼ਣ ਤੇ ਗੰਦਗੀ ਨੂੰ ਰੋਕਣ ਦੇ ਠੋਸ ਉਪਾਅ, ਭਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰੀ ਠੋਸ ਨੀਤੀਆਂ ਤੇ ਪ੍ਰੋਗਰਾਮ ਪੇਸ਼ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਨਾਲ ਔਰਤਾਂ ਦੀ ਸੁਰੱਖਿਆ, ਸਮਾਜਿਕ ਜਬਰ ਦਾ ਖਾਤਮਾ, ਨਸ਼ਿਆਂ ਦੇ ਧੰਦੇ ਨੂੰ ਠੱਲ੍ਹਣ, ਪੁਲਸ ਜਬਰ ਦਾ ਖਾਤਮਾ ਕਰਨ ਆਦਿ ਵਰਗੇ ਮਸਲਿਆਂ ਦੇ ਹੱਲ ਲਈ ਵੀ ਜਨਤਕ ਲਾਮਬੰਦੀ ਦਾ ਕਾਰਗਰ ਗੁਰ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇ। ਉਪਰੋਕਤ ਦੱਸੇ ਸਾਰੇ ਮਸਲਿਆਂ ਦਾ ਹੱਲ, ਵੱਡੀ ਹੱਦ ਤੱਕ, ਇਕ ਲੋਕ ਪੱਖੀ ਸਰਕਾਰ ਤੇ ਹੇਠਲੇ ਪੱਧਰ ਉਪਰ ਖੜ੍ਹੀ ਕੀਤੀ ਹੋਈ ਸ਼ਕਤੀਸ਼ਾਲੀ ਜਨਤਕ ਲਹਿਰ ਹੀ ਕਰ ਸਕਦੀ ਹੈ। ਲੁਟੇਰੀਆਂ ਰਾਜਸੀ ਪਾਰਟੀਆਂ ਦੇ ਮੁਕਾਬਲੇ ਵਿਚ ਸਮੁੱਚੀ ਖੱਬੀ ਧਿਰ ਦੇ ਆਗੂ ਤੇ ਵਰਕਰ ਸਖਤ ਮਿਹਨਤ ਤੇ ਇਮਾਨਦਾਰ ਅਕਸ ਰਾਹੀਂ ਪਿਛਲੇ ਘੋਲਾਂ ਦੇ ਮੈਦਾਨਾਂ ਵਿਚ ਪ੍ਰਾਪਤ ਕੀਤੇ ਤਜਰਬਿਆਂ ਨਾਲ ਲੋਕਾਂ ਦੀ  ਭਰਵੀਂ ਹਮਾਇਤ ਹਾਸਲ ਕਰ ਸਕਦੇ ਹਨ। ਇਸ ਲਈ ਚੋਣਾਂ ਵਿਚ ਹਿੱਸਾ ਲੈਣ ਵਾਲੀਆਂ ਜਾਂ ਇਸ ਚੋਣ ਸਰਗਰਮੀ ਤੋਂ ਬਾਹਰ ਰਹਿਣ ਵਾਲੀਆਂ ਖੱਬੀਆਂ ਤੇ ਇਨਕਲਾਬੀ ਧਿਰਾਂ ਜੇਕਰ ਸਪੱਸ਼ਟ ਰੂਪ ਵਿਚ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ' ਵਿਰੋਧੀ ਪੈਂਤੜਾ ਲੈ ਕੇ ਸਮੂਹ ਪੰਜਾਬੀਆਂ ਨੂੰ ਖੱਬੇ ਪੱਖੀ ਰਾਜਸੀ ਪਲੇਟਫਾਰਮ ਦੁਆਲੇ ਜੋੜਨ, ਤਦ 2017 ਵਿਚ ਹੋਣ ਵਾਲੀਆਂ ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਲੁਟੇਰੀਆਂ ਸ਼ਕਤੀਆਂ ਨੂੰ ਭਾਂਜ ਦੇਣ ਤੇ ਲੋਕ ਪੱਖੀ ਸ਼ਕਤੀਆਂ ਦੀ ਜਿੱਤ ਵਿਚ ਕੱਢੇ ਜਾ ਸਕਦੇ ਹਨ।
ਇਹ ਨਿਸ਼ਾਨਾ ਹਾਸਲ ਕਰਨ ਲਈ ਸਭ ਤੋਂ ਜ਼ਰੂਰੀ ਗੱਲ ਹੋਵੇਗੀ, ਬਿਨਾਂ ਕਿਸੇ ਰੱਖ ਰਖਾਅ ਦੇ ਖੱਬੇ ਪੱਖੀ ਦਲਾਂ ਦਾ ਲੁਟੇਰੀਆਂ ਰਾਜਸੀ ਧਿਰਾਂ ਵਿਰੁੱਧ ਸਪੱਸ਼ਟ ਰਾਜਨੀਤਕ ਤੇ ਸਿਧਾਂਤਕ ਪੈਂਤੜਾ ਤੇ ਲੋਕਾਂ ਦੇ ਫੌਰੀ ਮਸਲਿਆਂ ਦੇ ਹੱਲ ਲਈ ਪੇਸ਼ ਕੀਤੇ ਜਾਣ ਵਾਲੇ ਠੋਸ ਸੁਝਾਅ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਮੁੱਚੀਆਂ ਖੱਬੀਆਂ ਸ਼ਕਤੀਆਂ ਇਸ ਦਿਸ਼ਾ ਵੱਲ ਕਿਸ ਹੱਦ ਤੱਕ ਅੱਗੇ ਵਧਦੀਆਂ ਹਨ।

ਕਿਸਾਨੀ ਹਿੱਤਾਂ ਦੀ ਪੂਰੀ ਤਰ੍ਹਾਂ ਰਾਖੀ ਨਹੀਂ ਕਰਦਾ ਖੇਤੀ ਕਰਜ਼ਾ ਨਬੇੜੂ ਐਕਟ

ਰਘਬੀਰ ਸਿੰਘ 
ਪੰਜਾਬ ਦੇ ਕਿਸਾਨਾਂ ਦੇ ਬਹੁਤ ਲੰਮੇ ਅਤੇ ਜ਼ੋਰਦਾਰ ਸੰਘਰਸ਼ ਦੇ ਦਬਾਅ ਹੇਠ ਪੰਜਾਬ ਸਰਕਾਰ ਨੂੰ ਪੰਜਾਬ ਅਸੈਂਬਲੀ ਵਿਚ 22 ਮਾਰਚ 2016 ਨੂੰ ਖੇਤੀ ਕਰਜਾ ਨਬੇੜੂ ਐਕਟ ਪਾਸ ਕਰਨਾ ਪਿਆ ਹੈ। ਇਸ ਐਕਟ ਨਾਲ ਪੰਜਾਬ ਦੇ ਕਰਜ਼ਾ ਮਾਰੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਐਕਟ ਅਧੀਨ ਨਿੱਜੀ ਸ਼ਾਹੂਕਾਰਾਂ ਅਤੇ ਆੜ੍ਹਤੀਆਂ ਆਦਿ ਨੂੰ ਆਪਣੇ ਆਪ ਨੂੰ ਰਜਿਸਟਰਡ ਕਰਾਉਣਾ ਪਵੇਗਾ ਅਤੇ ਕਰਜ਼ਾ ਦੇਣ ਦਾ ਲਾਇਸੈਂਸ ਲੈਣਾ ਪਵੇਗਾ। ਉਸਨੂੰ ਕਿਸਾਨ ਨੂੰ ਦਿੱਤੇ ਕਰਜ਼ੇ ਬਾਰੇ ਪਾਸ ਬੁਕ ਜਾਰੀ ਕਰਨੀ ਹੋਵੇਗੀ, ਜਿਸ ਵਿਚ ਕਰਜ਼ੇ ਦਾ ਸਾਰਾ ਲੈਣ ਦੇਣ ਦਰਜ ਕਰਨਾ ਹੋਵੇਗਾ। ਇਸ ਤਰ੍ਹਾਂ ਨਿੱਜੀ ਸ਼ਾਹੂਕਾਰਾਂ ਵਲੋਂ ਦਿੱਤੇ ਜਾਣ ਵਾਲੇ ਕਰਜ਼ੇ ਵਿਚ ਕੁਝ ਪਾਰਦਰਸ਼ਤਾ ਆਵੇਗੀ। ਇਸ ਪੱਖ ਤੋਂ ਇਸਨੂੰ ਕਿਸਾਨ ਸੰਘਰਸ਼ ਦੀ ਅਹਿਮ ਜਿੱਤ ਕਿਹਾ ਜਾ ਸਕਦਾ ਹੈ। ਐਪਰ ਅਜੇ ਵੀ ਇਸ ਐਕਟ ਅੰਦਰ ਭਾਰੀ ਤਰੁਟੀਆਂ ਹਨ ਜਿਹਨਾਂ ਨੂੰ ਦੂਰ ਕਰਨ ਲਈ ਹੋਰ ਜੋਰਦਾਰ ਸੰਘਰਸ਼ ਕਰਨਾ ਹੋਵੇਗਾ।
ਇਸ ਐਕਟ ਦੇ ਪਾਸ ਕਰਨ ਸਮੇਂ ਇਸ ਵਿਚ ਛੱਡੀਆਂ ਗਈਆਂ ਤਰੁਟੀਆਂ ਇਸਦੇ ਅਮਲ ਵਿਚ ਲਾਗੂ ਹੋਣ ਬਾਰੇ ਸ਼ੰਕੇ ਪਰਗਟ ਕਰਦੀਆਂ ਹਨ। ਇਹ ਐਕਟ 2017 ਦੀਆਂ ਅਸੈਂਬਲੀ ਚੋਣਾਂ ਤੋਂ ਥੋੜਾ ਪਹਿਲਾਂ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ 2006 ਵਿਚ 2007 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਇਕ ਬਿੱਲ ਜਨਤਕ ਬਹਿਸ ਲਈ ਤਿਆਰ ਕੀਤਾ ਸੀ। ਪਰ ਉਸਨੇ ਇਸਨੂੰ ਅਸੈਂਬਲੀ ਵਿਚ ਪੇਸ਼ ਕਰਨ ਦੀ ਵੀ ਖੇਚਲ ਨਹੀਂ ਸੀ ਕੀਤੀ। ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਨੇ ਵੀ ਕੁੱਝ ਅਜਿਹੇ ਮੌਕੇ ਨੂੰ ਹੀ ਚੁਣਿਆ ਹੈ। 9 ਸਾਲਾਂ ਤੱਕ ਸਰਕਾਰ ਚੁੱਪ ਬੈਠੀ ਰਹੀ ਹੈ। ਸੰਘਰਸ਼ਸ਼ੀਲ ਕਿਸਾਨਾਂ, ਮਜ਼ਦੂਰਾਂ ਦੀ ਤਾਲਮੇਲ ਕਮੇਟੀ ਦੇ ਹਰ ਸੰਘਰਸ਼ ਦੀ ਲਗਾਤਾਰ ਇਸ ਬਾਰੇ ਮੰਗ ਰਹੀ ਹੈ। ਪੰਜਾਬ ਸਰਕਾਰ ਨੇ ਕਈ ਚਿਰ ਇਸ ਬਾਰੇ ਪਹਿਲਾਂ ਕੁੱਝ ਵੀ ਨਾ ਕਹਿਣ ਅਤੇ ਫਿਰ ਟਾਲਮਟੋਲ ਕਰਨ ਅਤੇ ਵਚਨ ਦੇ ਕੇ ਪੂਰਾ ਨਾ ਕਰਨ ਦੀ ਨੀਤੀ ਅਪਣਾਈ ਰੱਖੀ ਹੈ। ਹੁਣ ਚੋਣਾਂ ਦਾ ਬਿਗਲ ਵੱਜਣ ਨਾਲ ਇਸ ਕਾਨੂੰਨ ਨੂੰ ਪਾਸ ਕਰਨ ਲਈ ਕਾਹਲੀ ਕਾਹਲੀ ਵਿਚ ਕਦਮ ਚੁੱਕੇ ਗਏ ਹਨ। ਇਸਤੋਂ ਬਿਨਾ ਮਹੀਨੇ ਤੋਂ ਵੱਧ ਬੀਤ ਜਾਣ 'ਤੇ ਇਸਦਾ ਨੋਟੀਫਿਕੇਸ਼ਨ ਨਾ ਕਰਨਾ ਲੋਕਾਂ ਦੇ ਸ਼ੰਕਿਆਂ ਨੂੰ ਹੋਰ ਡੂੰਘਾ ਕਰਦਾ ਹੈ।
 
ਕਰਜ਼ਾ ਕਾਨੂੰਨ ਦੀਆਂ ਮੁੱਖ ਘਾਟਾਂਸਰਕਾਰ ਦੀ ਨੀਯਤ ਬਾਰੇ ਉਪਰੋਕਤ ਸ਼ੰਕਿਆਂ ਤੋਂ ਬਿਨਾਂ ਇਸ ਦੀਆਂ ਸਪੱਸ਼ਟ ਘਾਟਾ ਕਿਸਾਨਾਂ ਨੂੰ ਬਹੁਤ ਚੁੱਭਦੀਆਂ ਹਨ ਅਤੇ ਉਹਨਾਂ ਨੂੰ ਸਰਕਾਰ ਦੇ ਨਿੱਜੀ ਸ਼ਾਹੂਕਾਰਾਂ ਅਤੇ ਆੜ੍ਹਤੀਆਂ ਪ੍ਰਤੀ ਹੇਜ ਨੂੰ ਨੰਗਾ ਕਰਦੀਆਂ ਹਨ। ਪਹਿਲੀ ਘਾਟ ਇਸ ਵਿਚ ਵਿਆਜ਼ ਦੀ ਦਰ ਅਤੇ ਰੂਪ ਬਾਰੇ ਕੁਝ ਨਹੀਂ ਦੱਸਿਆ ਗਿਆ। ਇਸਨੂੰ ਸਰਕਾਰ ਵਲੋਂ ਪਿੱਛੋਂ ਤਹਿ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਵਿਆਜ ਬਾਰੇ ਫੈਸਲਾ ਹੋਣ ਤੋਂ ਬਿਨਾਂ ਕਰਜ਼ਾ ਨਬੇੜ ਕਾਨੂੰਨ ਲਾਗੂ ਹੀ ਨਹੀਂ ਹੋ ਸਕਦਾ। ਦੂਜੀ ਵੱਡੀ ਘਾਟ ਟਰਬਿਊਨਲ ਦੇ ਫੈਸਲੇ ਪਿਛੋਂ ਕਰਜ਼ੇ ਦੀ ਵਸੂਲੀ ਲਈ ਕਿਸਾਨ ਦੀ ਜ਼ਮੀਨ, ਪਸ਼ੂ ਅਤੇ ਰੋਟੀ-ਰੋਜ਼ੀ ਦੇ ਸਾਧਨਾਂ ਨੂੰ ਕੁਰਕ ਨਾ ਕੀਤੇ ਜਾਣ ਬਾਰੇ ਵੀ  ਕੋਈ ਫੈਸਲਾ ਨਹੀਂ ਕੀਤਾ ਗਿਆ। ਇਸ ਬੁਨਿਆਦੀ ਮਸਲੇ ਨੂੰ ਜਿਊਂ ਦਾ ਤਿਉਂ ਰਹਿਣ ਦਿੱਤਾ ਜਾਣਾ ਕਿਸਾਨਾਂ ਨਾਲ ਵੱਡੀ ਬੇਇਨਸਾਫੀ ਅਤੇ ਧੱਕਾ ਹੈ। ਇਹ ਸੂਦਖੋਰ ਆੜ੍ਹਤੀਆਂ ਅਤੇ ਸ਼ਾਹੂਕਾਰਾਂ ਨੂੰ ਪਹਿਲਾਂ ਵਾਂਗੂ ਹੀ ਕਿਸਾਨਾਂ ਦਾ ਲਹੂ ਪੀਣ ਦੀ ਪੂਰੀ ਤਰ੍ਹਾਂ ਖੁੱਲ ਦੇਈ ਰੱਖਣਾ ਹੈ। ਤੀਜੀ ਵੱਡੀ ਘਾਟ ਜਿਲ੍ਹਾਂ ਫੋਰਮ ਅਤੇ ਸੂਬਾਈ ਟਰਬਿਊਨਲ ਦੀ ਬਣਤਰ ਅਤੇ ਇਹਨਾਂ ਦੇ ਫੈਸਲਿਆਂ ਵਿਰੁੱਧ ਕਿਸਾਨ ਨੂੰ ਅਦਾਲਤ ਦਾ ਕੁੰਡਾ ਖੜਕਾਉਣ ਤੋਂ ਰੋਕਣਾ ਹੈ। ਇਨਾਂ ਟਰਬਿਊਨਲਾਂ ਵਿਚ ਅਫਸਰਸ਼ਾਹੀ ਦੀ ਭਰਮਾਰ ਹੀ ਹੁੰਦੀ ਹੈ। ਇਹਨਾਂ ਵਿਚ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਜਿਹਨਾਂ ਦੇ ਲਗਾਤਾਰ ਸੰਘਰਸ਼ ਦੇ ਦਬਾਅ ਹੇਠਾਂ ਇਹ ਕਾਨੂੰਨ ਬਣਿਆ ਹੈ, ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ। ਅਜਿਹੇ ਟਰਬਿਊਨਲਾਂ ਦੇ ਫੈਸਲੇ ਧਨੀ ਸ਼ਾਹੂਕਾਰਾਂ ਅਤੇ ਉਹਨਾਂ ਦਾ ਪੱਖ ਪੂਰਨ ਵਾਲੀਆਂ ਸਰਕਾਰਾਂ ਦੀ ਦਖਲਅੰਦਾਜ਼ੀ ਤੋਂ ਸਹਿਜੇ ਹੀ ਪ੍ਰਭਾਵਤ ਹੋ ਸਕਦੇ ਹਨ ਅਤੇ ਕਰਜਦਾਰ ਕਿਸਾਨ ਨੂੰ ਇਨਸਾਫ ਮਿਲਣ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰ ਸਕਦੇ ਹਨ।
 
ਸੰਘਰਸ਼ਸ਼ੀਲ ਜਥੇਬੰਦੀਆਂ ਦਾ ਪੱਖ ਨਿੱਜੀ ਸ਼ਾਹੂਕਾਰਾਂ/ਆੜ੍ਹਤੀਆਂ ਦੇ ਕਰਜ਼ੇ ਨੂੰ ਨੀਯਮਤ ਅਤੇ ਇਨਸਾਫ ਅਧਾਰਤ ਕੀਤੇ ਜਾਣ ਬਾਰੇ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ ਕਿ
(1) ਨਿੱਜੀ ਸ਼ਾਹੂਕਾਰ ਸਰਕਾਰ ਪਾਸ ਰਜਿਸਟਰਡ ਹੋਣ ਅਤੇ ਉਹ ਕਿਸਾਨਾਂ ਨੂੰ ਕਰਜ਼ਾ ਦੇਣ ਦਾ ਲਾਈਸੈਂਸ ਲੈਣ। ਕਿਸਾਨਾਂ ਨੂੰ ਕਰਜ਼ੇ ਦੇ ਹਿਸਾਬ ਬਾਰੇ ਪਾਸਬੁੱਕ ਜਾਰੀ ਕਰਨ। ਜਿਸ ਵਿਚ ਕਰਜ਼ੇ ਦਾ ਸਾਰਾ ਵਿਆਜ ਤੇ ਲੈਣ-ਦੇਣ ਦਰਜ ਕੀਤਾ ਜਾਵੇ।
(2) ਕਰਜ਼ੇ ਦੀ ਦਰ ਬੈਂਕਾਂ ਵਲੋਂ ਦਿੱਤੇ ਜਾ ਰਹੇ ਕਰਜ਼ੇ ਦੀ ਦਰ ਨਾਲੋਂ 1/2% ਤੋਂ ਵੱਧ ਨਾ ਹੋਵੇ ਅਤੇ ਇਹ ਸਧਾਰਨ ਵਿਆਜ 'ਤੇ ਹੋਵੇ। ਕਿਸਾਨ ਵਲੋਂ ਮੂਲ ਧਨ ਨਾਲੋਂ ਡਢ ਗੁਣਾਂ ਦਿੱਤੇ ਜਾਣ ਪਿਛੋਂ ਕਰਜਾ ਖਤਮ ਸਮਝਿਆ ਜਾਵੇ।
(3) ਕਰਜ਼ੇ ਦੀ ਵਸੂਲੀ ਲਈ ਕਿਸਾਨ ਦੀ ਜ਼ਮੀਨ, ਪਸ਼ੂ, ਘਰ ਅਤੇ ਰੋਟੀ ਰੋਜੀ ਦੇ ਸਾਧਨਾ ਦੀ ਕੁਰਕੀ ਕਰਨ ਤੇ ਪੂਰੀ ਪਾਬੰਦੀ ਲਾਈ ਜਾਵੇ।
(4) ਕਰਜ਼ਾ ਟਰਬਿਊਨਲਾਂ ਦੇ ਫੈਸਲਿਆਂ ਵਿਰੁੱਧ ਕਿਸਾਨਾਂ ਨੂੰ ਅਦਾਲਤ ਵਿਚ ਜਾਣ ਦਾ ਹੱਕ ਦਿੱਤਾ ਜਾਵੇ।
ਉਪਰੋਕਤ ਤਿੰਨ ਮੰਗਾਂ ਕਿਸਾਨ ਸੰਘਰਸ਼ ਦੇ ਦਬਾਅ ਹੇਠਾਂ 1934 ਦੇ ਕਰਜਾ ਰਾਹਤ ਕਾਨੂੰਨ ਬਣਾਕੇ ਅੰਗਰੇਜ ਹਕੂਮਤ ਸਮੇਂ ਪ੍ਰਵਾਨ ਕਰ ਲਈਆਂ ਗਈਆਂ ਸਨ। 1938 ਵਿਚ ਇਕ ਹੋਰ ਐਕਟ ਪਾਸ ਕਰਕੇ ਇਹਨਾਂ ਨੂੰ ਹੋਰ ਪੱਕਾ ਕੀਤਾ ਗਿਆ ਸੀ। ਉਸ ਸਮੇਂ ਪੰਜਾਬ ਵਿਚ ਸਰ ਸਿਕੰਦਰ ਹਯਾਤ ਖਾਂ ਦੀ ਸਰਕਾਰ ਸੀ ਜੋ ਅੰਗਰੇਜ ਪੱਖੀ ਸੀ। ਸਰ ਛੋਟੂ ਰਾਮ ਉਸ ਵੇਲੇ ਮਾਲ ਮੰਤਰੀ ਸਨ। 1934 ਦੇ ਕਰਜ਼ੇ ਦੀ ਦਰ 7% ਵਿਆਜ਼ ਨਾਲੋਂ 2% ਵੱਧ, ਜਿਹੜੀ ਵੀ ਘੱਟ ਹੋਵੇ, ਨਿਸ਼ਚਤ ਕੀਤੀ ਗਈ ਸੀ। ਮੂਲਧਨ ਨਾਲੋਂ ਦੁਗਣਾ ਅਦਾ ਕਰਨ ਤੇ ਕਿਸਾਨ ਕਰਜਾ ਮੁਕਤ ਹੋ ਜਾਂਦਾ ਸੀ। ਕਿਸਾਨ ਦੀ ਜ਼ਮੀਨ ਜਾਇਦਾਦ ਅਤੇ ਪਸ਼ੂ ਕੁਰਕ ਕਰਨ ਦੀ ਪੂਰੀ ਮਨਾਹੀ ਦੇ ਨਾਲ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਕੋਈ ਗੈਰ ਕਾਸ਼ਤ ਕਾਰ ਕਿਸੇ ਵੀ ਕਿਸਾਨ ਦੀ ਜ਼ਮੀਨ ਨਹੀਂ ਖਰੀਦ ਸਕੇਗਾ।
ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ ਜਥੇਬੰਦੀਆਂ ਵੀ ਲਗਭਗ ਇਹੀ ਮੰਗ ਕਰ ਰਹੀਆਂ ਹਨ। ਉਹ ਬੈਂਕਾਂ ਵਲੋਂ ਦਿੱਤੇ ਜਾ ਰਹੇ ਕਰਜ਼ੇ ਦੀ ਦਰ 3% ਸਧਾਰਨ ਵਿਆਜ਼ ਦੀ ਮੰਗ ਕਰਦੀਆਂ ਹਨ। ਇਸ ਤਰ੍ਹਾਂ ਸ਼ਾਹੂਕਾਰਾਂ ਦੇ ਕਰਜ਼ੇ ਦੀ ਵਿਆਜ ਦਰ 5% ਸਧਾਰਨ ਵਿਆਜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਰਜ਼ੇ ਦੀ ਵਸੂਲੀ ਲਈ ਕਿਸਾਨ ਦੀ ਜ਼ਮੀਨ ਜਾਇਦਾਦ ਕੁਰਕ ਨਾ ਕੀਤੇ ਜਾਣ ਦੀ ਮੰਗ ਬਰਤਾਨਵੀ ਸਰਕਾਰ ਨੇ ਤਾਂ ਮੰਨ ਲਈ ਸੀ। ਪਰ ਆਜ਼ਾਦ ਭਾਰਤ ਵਿਚ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ, ਵਿਸ਼ੇਸ਼ ਕਰਕੇ ਕਿਸਾਨਾਂ ਦੀ ਸਰਕਾਰ ਅਖਵਾਉਣ ਵਾਲੀ ਬਾਦਲ ਸਰਕਾਰ ਇਹ ਗੱਲ ਮੰਨਣ ਤੋਂ ਇਨਕਾਰੀ ਹੈ। ਇਹ ਸਰਕਾਰ ਦਾ ਆੜ੍ਹਤੀਆਂ ਦੀ ਜਬਰਦਸਤ ਲਾਬੀ ਦੇ ਦਬਾਅ ਅੱਗੇ ਝੁਕਣਾ ਅਤੇ ਕਿਸਾਨੀ ਹਿੱਤਾਂ ਨਾਲ ਖਿਲਵਾੜ ਕਰਨਾ ਹੈ। ਇਸ ਵਿਰੁੱਧ ਭਵਿੱਖ ਵਿਚ ਸੰਘਰਸ਼ ਕੀਤਾ ਜਾਵੇਗਾ।
ਪੰਜਾਬ ਵਿਚ ਸਰਕਾਰਾਂ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਪੈਰ ਆੜ੍ਹਤੀਆਂ ਦੀ ਜਬਰਦਸਤ ਲਾਬੀ ਸਾਹਮਣੇ ਹਰ ਸਮੇਂ ਥਿੜਕ ਜਾਂਦੇ ਹਨ। ਕਾਂਗਰਸ ਸਰਕਾਰ ਵਲੋਂ 2006 ਵਿਚ ਬਣਾਇਆ ਕਰਜਾ ਰਾਹਤ ਬਿੱਲ ਆੜ੍ਹਤੀਆਂ ਦੇ ਦਬਾਅ ਕਰਕੇ ਅਸੈਂਬਲੀ ਵਿਚ ਦਾਖਲ ਹੀ ਨਹੀਂ ਸੀ ਕੀਤਾ ਜਾ ਸਕਿਆ। ਅਕਾਲੀ-ਭਾਜਪਾ ਸਰਕਾਰ ਸਮੇਂ ਆੜ੍ਹਤੀ ਲਾਬੀ ਹੋਰ ਬਲਵਾਨ ਬਣ ਗਈ ਹੈ। ਸਰਕਾਰ ਨੇ ਇਹਨਾਂ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੂੰ ਮੰਡੀ ਬੋਰਡ ਦਾ ਮੀਤ ਪ੍ਰਧਾਨ ਬਣਾਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਉਹਨਾਂ ਨੂੰ ਦੋਵੀਂ ਹੱਥੀਂ ਲੁੱਟਣ ਵਾਲੇ ਬੇਕਿਰਕ ਆੜ੍ਹਤੀਆਂ ਪ੍ਰਤੀ ਵਧੇਰੇ ਮਿਹਰਬਾਨ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਆੜ੍ਹਤੀਆਂ ਦੀ ਕਮਿਸ਼ਨ ਹੀ 2400 ਕਰੋੜ ਰੁਪਏ ਸਲਾਨਾ ਬਣ ਗਈ ਹੈ। ਪੰਜਾਬ ਹਾਈਕੋਰਟ ਦੇ ਫੈਸਲੇ, ਜਿਸ ਅਨੁਸਾਰ ਵਟਕ ਦੀ ਰਕਮ ਸਿੱਧੀ ਕਿਸਾਨ ਖਾਤੇ ਵਿਚ ਜਮਾਂ ਕੀਤੀ ਜਾਣੀ ਚਾਹੀਦੀ ਹੈ, ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਰਕਮ ਆੜ੍ਹਤੀ ਨੂੰ ਹੀ ਦਿੱਤੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੋਂ ਐਫ.ਸੀ.ਆਈ ਵਲੋਂ ਖਰੀਦ ਘੱਟ ਜਾਣ ਕਰਕੇ ਝੋਨੇ ਦੀ ਹੋਈ ਬੇਕਦਰੀ ਦਾ ਲਾਭ ਉਠਾਕੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੇ ਕਿਸਾਨਾਂ ਨੂੰ 100 ਤੋਂ 200 ਰੁਪਏ ਪ੍ਰਤੀ ਕਵਿੰਟਲ ਘੱਟ ਦੇ ਕੇ ਅੰਨ੍ਹੀ ਕਮਾਈ ਕੀਤੀ ਹੈ। ਕਰਜ਼ੇ ਦੇ ਜਾਲ ਵਿਚ ਫਸੇ ਕਿਸਾਨਾਂ ਤੋਂ 18 ਤੋਂ 24% ਤੱਕ ਸੂਦ ਲਿਆ ਜਾਂਦਾ ਹੈ। ਇਸ ਸਾਰੀ ਲੁੱਟ ਨੂੰ ਸਰਕਾਰ ਨੇ ਖੁੱਲ੍ਹੇ ਰੂਪ ਵਿਚ ਹੋਣ ਦਿੱਤਾ ਹੈ। ਅਸਲ ਵਿਚ ਆੜ੍ਹਤੀ ਲਾਬੀ ਅਤੇ ਕਈ ਬਹੂਬਲੀ ਰਾਜਨੀਤੀਵਾਨਾਂ ਦਾ ਇਕ ਅਪਵਿੱਤਰ ਗਠਜੋੜ ਬਣ ਗਿਆ ਹੈ। ਅਜਿਹੇ ਹਾਲਾਤ ਵਿਚ ਸ਼ਕਤੀਸ਼ਾਲੀ ਕਿਸਾਨ ਪੱਖੀ ਕਾਨੂੰਨ ਜੋ ਆੜ੍ਹਤੀ ਲਾਬੀ ਦੀ ਲੁੱਟ ਤੇ ਵੱਡੀ ਰੋਕ ਲਾਉਂਦਾ ਹੋਵੇ ਬਣ ਸਕਣ ਦੀ ਸੰਭਾਵਨਾ ਬਹੁਤ ਘੱਟ ਹੀ ਹੋ ਸਕਦੀ ਸੀ। ਸੋ ਅਜਿਹਾ ਹੀ ਹੋਇਆ ਹੈ।
ਇਹਨਾਂ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ, ਕਿਸਾਨ ਵਿਰੋਧੀ ਮੌਜੂਦਾ ਰਾਜਨੀਤਕ ਮਾਹੌਲ ਅਤੇ ਨਵਉਦਾਰਵਾਦੀ ਨੀਤੀਆਂ ਦਾ ਮੁਕਾਬਲਾ ਕਰ ਸਕਣ ਦੇ ਯੋਗ ਜਥੇਬੰਦ ਸ਼ਕਤੀ ਦੀ ਘਾਟ ਨੂੰ ਵੇਖਦੇ ਹੋਏ ਇਸ ਐਕਟ ਨੂੰ ਕਿਸਾਨੀ ਸੰਘਰਸ਼ ਦੀ ਅੰਸ਼ਿਕ ਜਿੱਤ ਕਹਿਣਾ ਪੂਰੀ ਤਰ੍ਹਾਂ ਵਾਜ਼ਬ ਹੈ। ਇਸ ਨਾਲ ਨਿੱਜੀ ਸ਼ਾਹੂਕਾਰਾਂ/ਆੜਤੀਆਂ ਦੇ ਹਿਸਾਬ ਕਿਤਾਬ ਵਿਚ ਕੁਝ ਪਾਰਦਰਸ਼ਤਾ ਜ਼ਰੂਰ ਆਵੇਗੀ ਅਤੇ ਕਿਸਾਨਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ। ਪਰ ਇਸ ਵਿਚਲੀਆਂ ਘਾਟਾਂ ਅਤੇ ਤਰੁਟੀਆਂ ਜੋ ਉਪਰ ਦਰਜ ਕੀਤੀਆਂ ਗਈਆਂ ਹਨ ਵਿਰੁੱਧ ਸੰਘਰਸ਼ ਛੇਤੀ ਤੋਂ ਛੇਤੀ ਆਰੰਭ ਕੀਤਾ ਜਾਣਾ ਜ਼ਰੂਰੀ ਹੈ।
ਇਸਤੋਂ ਬਿਨਾ ਕੇਂਦਰ ਸਰਕਾਰ ਵਲੋਂ ਐਲਾਨੇ ਕੌਮੀ ਮੰਡੀ ਦੇ ਸੰਕਲਪ ਦਾ ਪਰਦਾਫਾਸ਼ ਕਰਨਾ ਅਤੇ ਇਸ ਵਿਰੁੱਧ ਜ਼ੋਰਦਾਰ ਸਾਂਝਾ ਸੰਘਰਸ਼ ਲਾਮਬੰਦ ਕਰਨਾ ਵੀ ਜ਼ਰੂਰੀ ਹੈ। ਕੌਮੀ ਮੰਡੀ ਦਾ ਇਹ ਸੰਕਲਪ ਸਰਕਾਰੀ/ਅਰਧ ਸਰਕਾਰੀ ਪ੍ਰਬੰਧ ਹੇਠਾਂ ਨੀਯਮਤ ਮੰਡੀ ਕਰਨ, ਘੱਟੋ ਘੱਟ ਸਹਾਇਕ ਕੀਮਤਾਂ 'ਤੇ ਸਰਕਾਰੀ ਖਰੀਦ ਅਤੇ ਵੱਡੀਆਂ ਕੰਪਨੀਆਂ ਦਾ ਖੇਤੀ ਵਪਾਰ ਵਿਚ ਦਾਖਲਾ ਰੋਕਣ ਦੇ ਸੰਕਲਪ ਨੂੰ ਤੋੜਕੇ ਬੇਲਗਾਮ ਖੁੱਲ੍ਹੀ ਮੰਡੀ ਨੂੰ ਮਨਮਰਜ਼ੀਆਂ ਕਰਨ ਦੀ ਆਗਿਆ ਦੇਣਾ ਹੈ। ਇਸ ਨਾਲ ਇਕ ਪਾਸੇ ਕਿਸਾਨ ਨੂੰ ਨਿਹੱਥਾ ਕਰਕੇ ਮੰਡੀ ਦੇ ਵੱਡੇ ਵਪਾਰੀ ਆਪਣੇ ਧਨ ਦੇ ਜ਼ੋਰ 'ਤੇ ਮਦਮਸਤ ਹਾਥੀਆਂ ਵਾਂਗ ਕਿਸਾਨਾਂ ਨੂੰ ਲਤਾੜਨਗੇ ਅਤੇ ਉਹਨਾਂ ਦੀ ਅੰਨ੍ਹੀ ਲੁੱਟ ਕਰਨਗੇ। ਦੂਜੇ ਪਾਸੇ ਉਹਨਾਂ ਨੂੰ ਪੇਂਡੂ ਵਿਕਾਸ ਫੰਡ ਅਤੇ ਮੰਡੀ ਫੀਸ ਦੇਣ ਤੋਂ ਛੋਟ ਮਿਲ ਜਾਣ ਨਾਲ ਪੰਜਾਬ ਵਰਗੇ ਸੂਬਿਆਂ ਨੂੰ ਭਾਰੀ ਮਾਲੀ ਨੁਕਸਾਨ ਹੋਵੇਗਾ। ਕਿਸਾਨ ਦੀ ਆਰਥਕ ਅਵਸਥਾ ਹੋਰ ਖਰਾਬ ਹੋਵੇਗੀ ਅਤੇ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ।
ਇਸ ਲਈ ਪੁਰਾਣੇ ਮੰਡੀ ਐਕਟ ਵਿਚ ਕਿਸਾਨ ਪੱਖੀ ਸੋਧਾਂ ਕਰਕੇ ਘਟੋ ਘੱਟ ਸਹਾਇਕ ਕੀਮਤਾਂ ਦੇ ਅਧਾਰ ਨੂੰ ਕਾਇਮ ਰੱਖਦੇ ਹੋਏ ਕਿਸਾਨੀ ਜਿਣਸਾਂ ਦੀ ਸਰਕਾਰੀ ਖਰੀਦ ਅਤੇ ਰਕਮਾਂ ਦੀ ਅਦਾਇਗੀ ਸਿੱਧੀ ਕਿਸਾਨ ਨੂੰ ਕੀਤਾ ਜਾਣ ਦਾ ਢੰਗ ਹੀ ਛੋਟੇ ਅਤੇ ਦਰਮਿਆਨੇ ਕਿਸਾਨ ਦੀ ਕੁਝ ਸਹਾਇਤਾ ਕਰ ਸਕਦਾ ਹੈ।
ਅੰਤ ਵਿਚ, ਜਮਹੂਰੀ ਕਿਸਾਨ ਸਭਾ ਦੀ ਬੁਨਿਆਦੀ ਸਮਝਦਾਰੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਨਵਉਦਾਰਵਾਦੀ ਨੀਤੀਆਂ ਰਾਹੀਂ ਛੋਟੇ ਅਤੇ ਦਰਮਿਆਨੇ ਕਿਸਾਨ ਨੂੰ ਉਜਾੜ ਦੇਣ ਦੇ ਰਾਹ ਤੁਰ ਰਹੀਆਂ ਹਨ। ਜੇ ਇਹਨਾਂ ਨੀਤੀਆਂ ਨੂੰ ਹਰਾਇਆ ਨਾ ਗਿਆ ਤਾਂ ਹਾਲਤ ਹੋਰ ਵਿਗੜੇਗੀ। ਜਿਸਦੇ ਗੰਭੀਰ ਸਿੱਟੇ ਨਿਕਲ ਰਹੇ ਹਨ। ਇਹਨਾਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਸੂਬਾ ਅਤੇ ਕੇਂਦਰ ਪੱਧਰ 'ਤੇ ਵਿਸ਼ਾਲ ਸਾਂਝੇ ਮੰਚ ਉਸਾਰਕੇ ਜ਼ੋਰਦਾਰ ਸੰਘਰਸ਼ ਲੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਕਿਨ੍ਹਾਂ ਲੁਕਵੇਂ ਉਦੇਸ਼ਾਂ ਦੀ ਪੂਰਤੀ ਲਈ ਹੈ ਸੰਘ ਪਰਿਵਾਰ ਦਾ ਪਿਛਾਖੜੀ ਏਜੰਡਾ

ਮਹੀਪਾਲ 
ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਪੂਰੇ ਜਾਹੋ ਜਲਾਲ 'ਚ ਹੈ। ਇਸ ਦੀਆਂ ਸ਼ਾਖਾਵਾਂ (ਸਵੇਰ ਬੈਠਕਾਂ) ਜਿਨ੍ਹਾਂ ਦੀ ਗਿਣਤੀ ਪਿਛਲੇ ਕਰੀਬ ਦੋ ਸਾਲਾਂ 'ਚ ਸੈਂਕੜੇ ਗੁਣਾ ਵੱਧ ਚੁੱਕੀ ਹੈ, ਵਿਚ ਸ਼ਾਮਲ ਨਵੇਂ ਪੁਰਾਣੇ ਸਵੈਮ ਸੇਵਕਾਂ ਦੇ ਦਿਮਾਗਾਂ 'ਚ ਫਿਰਕੂ ਨਫਰਤ ਕੁੱਟ ਕੁੱਟ ਕੇ ਭਰੀ ਜਾ ਰਹੀ ਹੈ। ਸੰਘ ਦੇ ਸਹਿਯੋਗੀ ਸੰਗਠਨਾਂ ਦੇ ਹਾਵ-ਭਾਵ ਹਾਕਮਾਨਾਂ ਹੰਕਾਰ ਦਾ ਭੱਦਾ ਪ੍ਰਗਟਾਵਾ ਕਰ ਰਹੇ ਹਨ। ਉਹਨਾਂ ਦਾ ਹਰ ਬਿਆਨ ਤੇ ਸਰਗਰਮੀ ਇਹ ਨਿਰਦੇਸ਼ ਦਿੰਦੇ ਸਾਫ ਦਿਸਦੇ ਹਨ ਕਿ ਏਥੇ ਸਭ ਕੁੱਝ ਸੰਘ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਅਤੇ ਜੋ ਮੁਨਕਰ ਹਨ ਉਹ ਯੋਗ ਸਿੱਟੇ ਭੁਗਤਣ ਲਈ ਤਿਆਰ ਰਹਿਣ। ਸਾਲਾਂਬੱਧੀ ਆਪਣੇ ਆਪ  ਨੂੰ ਸਮਾਜਕ-ਸਾਂਸਕ੍ਰਿਤਕ ਸੰਗਠਨ ਕਹਿਣ ਵਾਲਾ ਸੰਘ (ਆਰ.ਐਸ.ਐਸ.) ਅੱਜ ਇਹ ਸਮਝਾਉਣ-ਜਚਾਉਣ ਤੱਕ ਚਲਾ ਗਿਆ ਹੈ ਕਿ ਐਨ.ਡੀ.ਏ., ਬੀ.ਜੇ.ਪੀ., ਮੋਦੀ, ਮੰਤਰੀ ਮੰਡਲ ਤਾਂ ਦਿਖਾਵਾ-ਛਲਾਵਾ ਮਾਤਰ ਹੀ ਹਨ ਸਰਕਾਰ ਨੂੰ ਹਰ ਖੇਤਰ ਵਿਚ ਦਿਸ਼ਾ ਨਿਰਦੇਸ਼ ਦੇਣ ਵਾਲਾ ਅਤੇ ਅੱਗੋਂ ਜਵਾਬ-ਤਲਬੀ ਕਰਨ ਵਾਲਾ ਵੀ, ਅਸਲ 'ਚ, ਆਰ.ਐਸ.ਐਸ. ਹੀ ਹੈ। ਅਤੇ, ਮੋਦੀ ਸਰਕਾਰ ਆਰ.ਐਸ.ਐਸ. ਦੇ ਇਸ ਹਾਕਮਾਨਾ ਭੱਦੇ ਹੰਕਾਰ ਨੂੰ ਸਾਕਾਰ ਕਰਨ ਦੇ ਆਹਰ 'ਚ ਲੱਗੀ ਹੋਈ ਹੈ। ਵੇਲਾ ਵਿਹਾ ਚੁੱਕੀਆਂ ਰੱਦੀ ਪ੍ਰੰਪਰਾਵਾਂ ਦਾ ਪੁਨਰ ਸਥਾਪਨ ਕੀਤਾ ਜਾ ਰਿਹਾ ਹੈ। ਸ਼ਹਿਰਾਂ ਦੇ ਨਾਂ ਹਿੰਦੂ ਧਾਰਮਕ ਚਿੰਨ੍ਹਾਂ, ਮਿਥਿਹਾਸਕ ਸ਼ਖਸ਼ੀਅਤਾਂ ਜਾਂ ਅਕੀਦਿਆਂ ਅਨੁਸਾਰ ਬਦਲੇ ਜਾ ਰਹੇ ਹਨ। ਸੰਘ ਦੀ ਫਿਰਕੂ ਕੁਠਾਲੀ 'ਚੋਂ ਤੱਪ ਕੇ ਬੇਕਾਰ ਲੋਹਾ ਬਣੇ ਕੁੰਦ ਦਿਮਾਗ ਰੋਬੋਟ ਟਾਈਪ ਵਿਅਕਤੀ ਸੂਬਿਆਂ ਦੇ ਗਵਰਨਰ ਥਾਪੇ ਗਏ ਹਨ, ਜੋ ਸ਼ਰੇਆਮ ਮਰਿਆਦਾਵਾਂ ਅਤੇ ਸਥਾਪਤ ਪ੍ਰੰਪਰਾਵਾਂ ਨੂੰ ਛਿੱਕੇ ਟੰਗ ਕੇ, ਆਪਣੇ ਅਧਿਕਾਰ ਖੇਤਰ 'ਚੋਂ ਬਾਹਰ ਜਾ ਕੇ ਦੇਸ਼ ਦੀਆਂ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਵਿਰੁੱਧ ਨਫਰਤ ਪੈਦਾ ਕਰਨ ਦੇ ਕੁਲਹਿਣੇ ਇਰਾਦੇ ਨਾਲ ਬੇਬੁਨਿਆਦ ਬਿਆਨਬਾਜੀ ਕਰ ਰਹੇ ਹਨ।
ਹਰ ਖੇਤਰ 'ਚ ਸੰਘ ਦੇ ਵਫ਼ਾਦਾਰ ਅਤੇ ਕ੍ਰਿਪਾ ਪਾਤਰ ਫਿਟ ਕੀਤੇ ਜਾ ਰਹੇ ਹਨ। ਵਿਦਿਅਕ-ਸਾਹਿਤਕ-ਵਿਗਿਆਨਕ-ਸਭਿਆਚਾਰਕ ਅਦਾਰਿਆਂ ਦੇ ਮੁੱਖੀ ਅਸੱਭਿਆ-ਗੈਰ ਸਾਹਿਤਿਕ, ਵਿਗਿਆਨ ਵਿਰੋਧੀ, ਹਕੀਕੀ ਮਾਨਵਵਾਦੀ ਵਿਦਿਆ ਤੋਂ ਕੋਰੇ ਸੰਘੀ ਅਤੇ ਭਾਜਪਾਈ ਨਿਯੁਕਤ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਰੁੱਧ ਥਾਂ ਪੁਰ ਥਾਂ ਹਰ ਰੋਜ ਲੋਕ ਬੇਚੈਨੀ ਦਾ ਪ੍ਰਗਟਾਵਾ ਹੋ ਰਿਹਾ ਹੈ। ਜੀਵਨ ਭਰ ਪਾਂਚਜਨਿਆਂ ਅਤੇ ਆਰ.ਐਸ.ਐਸ. ਦੇ ਹੋਰ ਪਰਚਿਆਂ ਵਿਚ ਨਫ਼ਰਤ ਭਰਿਆ ਕੂੜ ਤੇ ਗੰਦ ਲਿਖਣ ਵਾਲੇ ਇਤਿਹਾਸ ਲੇਖਣ ਅਤੇ ਖੋਜਾਂ ਦੇ ਮਾਨਯੋਗ ਅਦਾਰਿਆਂ 'ਤੇ ਥੋਪ ਦਿੱਤੇ ਗਏ ਹਨ। ਇਹ ਅਖੌਤੀ ''ਵਿਦਵਾਨ'' ਸ਼ਰੇਆਮ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਮੁੜ ਸਥਾਪਤ ਕਰਨ ਦੇ ਕੋਝੇ ਇਰਾਦੇ ਜ਼ਾਹਿਰ ਕਰ ਰਹੇ ਹਨੇ ਅਤੇ ਹਕੀਕੀ ਵਿਦਵਾਨਾਂ ਨੂੰ ''ਮੱਤਾਂ'' ਦੇ ਰਹੇ ਹਨ।
ਨਾਮਵਰ ਯੂਨੀਵਰਸਿਟੀਆਂ ਦੇ ਮੁਖੀ ਸੰਘ ਕਾਰਯਕਰਤਾਵਾਂ (ਕਾਰਕੁੰਨਾਂ) ਵਾਂਗ ਵਿਹਾਰ ਕਰਦਿਆਂ ਪੁਲਿਸ 'ਤੇ ਸੁਰੱਖਿਆ ਬਲਾਂ ਨੂੰ ਕੈਂਪਸ 'ਚ ਦਾਖਲ ਹੋ ਕੇ ਮਰਜ਼ੀ ਮੁਤਾਬਕ ਜਬਰੋ ਜ਼ੁਲਮ ਕਰਨ ਦੀਆਂ ਖੁੱਲ੍ਹਾਂ ਦੇ ਰਹੇ ਹਨ। ਹਰ ਖੇਤਰ ਵਿਚ ਹਿੰਦੂ ਧਾਰਮਕ-ਮਿਥਿਹਾਸਕ ਪ੍ਰੰਪਰਾਵਾਂ 'ਤੇ ਚਿੰਨ੍ਹਾਂ ਦੀ ਨਾ ਕੇਵਲ ਸੁਚੇਤ ਰੂਪ ਵਿਚ ਵਡਿਆਈ ਕੀਤੀ ਜਾ ਰਹੀ ਹੈ ਬਲਕਿ ਅਖਾਉਤੀ ਹਿੰਦੂਵਾਦੀ ਪੁਨਰ ਸਥਾਪਨਾ ਦੇ ਮਕਸਦ ਅਧੀਨ ਵਰਤੋਂ ਵੀ ਕੀਤੀ ਜਾ ਰਹੀ ਹੈ।
ਇਸ ਕੋਰੇ ਝੂਠ ਨੂੰ ਸੱਚ ਬਣਾ ਕੇ ਸਥਾਪਤ ਕਰਨ ਦੇ ਯਤਨ ਹੋ ਰਹੇ ਹਨ ਕਿ ਕੇਵਲ ਹਿੰਦੂ ਧਰਮ 'ਚ ਭਰੋਸਾ ਰੱਖਣ ਵਾਲੇ ਹੀ ਦੇਸ਼ ਭਗਤ ਹਨ। ਬਾਕੀ ਸਾਰੇ ਰਾਸ਼ਟਰ ਦਰੋਹੀ ਹਨ, ਖਾਾਸ ਕਰ ਇਸਲਾਮ ਨੂੰ ਮੰਨਣ ਵਾਲੇ। ਅੰਗਰੇਜ ਭਗਤੀ ਦਾ 'ਸ਼ਾਨਦਾਰ'' ਰੀਕਾਰਡ ਰੱਖਣ ਵਾਲਾ ਆਰ.ਐਸ.ਐਸ. ਇਹ ਸਾਰੇ ਪੈਮਾਨੇ ਤੈਅ ਕਰ ਰਿਹਾ ਹੈ। ਸਿਤਮ ਜ਼ਰੀਫੀ ਇਹ ਕਿ ਬਹੁਗਿਣਤੀ ਮੁਸਲਮਾਨਾਂ ਨੇ ਨਾ ਕੇਵਲ 1857 ਦੇ ਗਦਰ ਜਾਂ ਪਹਿਲੇ ਆਜ਼ਾਦੀ ਸੰਗਰਾਮ ਵੇਲੇ ਬਲਕਿ 1947 'ਚ ਸੰਪੰਨ ਹੋਏ ਆਜ਼ਾਦੀ ਸੰਗਰਾਮ 'ਚ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਬ੍ਰਿਟਿਸ਼ ਹਾਕਮਾਂ ਪ੍ਰਤੀ ਸਮਝੌਤਾਵਾਦੀ ਪਹੁੰਚ ਰੱਖਣ ਵਾਲਾ ਆਰ.ਐਸ.ਐਸ. ਅੱਜ ਉਨ੍ਰਾਂ ਨੂੰ ਦੇਸ਼ਧ੍ਰੋਹੀ ਹੋਣ ਦਾ ਕੋਝਾ ਫ਼ਤਵਾ ਦੇ ਰਿਹਾ ਹੈ। ਸੰਘ ਇਨਾਂ ਨਿਵਾਣਾਂ ਤੱਕ ਚਲਾ ਗਿਆ ਹੈ ਕਿ ਸਰਬੰਸ ਵਾਰਨ ਵਾਲੇ ਟੀਪੂ ਸੁਲਤਾਨ, ਨੂੰ ਵੀ ਕੇਵਲ ਮੁਸਲਮਾਨ ਹੋਣ ਕਾਰਨ ਹੀ, ਨਫਰਤ ਦਾ ਪਾਤਰ ਬਨਾਉਣ ਦੀਆਂ ਸਾਜਿਸ਼ਾਂ 'ਚ ਗਲਤਾਣ ਹੋਇਆ ਪਿਆ ਹੈ। ਕਾਂਗਰਸ ਪਾਰਟੀ, ਗਦਰ ਪਾਰਟੀ, ਕਮਿਊਨਿਸਟ ਤਨਜੀਮ, ਸ਼ਹੀਦ ਭਗਤ ਸਿੰਘ ਦੀ ਅਗਵਾਈ ਵਾਲੀ ਲਹਿਰ, ਅਤੇ ਅਨੇਕਾਂ ਦੇਸ਼ ਭਗਤਕ ਲਹਿਰਾਂ 'ਚ ਸ਼ਾਮਲ ਹੋ ਕੇ ਅਥਾਹ ਮਾਨਯੋਗ ਕੁਰਬਾਨੀਆਂ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਕੱਦਾਵਰ ਆਗੂਆਂ ਦੀਆਂ ਸ਼ਾਨਦਾਰ ਘਾਲਣਾਵਾਂ ਨੂੰ ਨਜ਼ਰਅੰਦਾਜ਼ ਕਰਕੇ ਸਮੁੱਚੇ ਭਾਈਚਾਰੇ ਨੂੰ, ਖਤਰਨਾਕ ਸਾਜ਼ਿਸ ਦੇ ਤਹਿਤ, ਦੇਸ਼ ਦੇ ਗੱਦਾਰਾਂ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਆਜਾਦੀ ਸੰਗਰਾਮ 'ਚ ਸ਼ਾਨਦਾਰ ਭੂਮਿਕਾ ਅਦਾ ਕਰਨ ਵਾਲੀ ਖੂਬਸੂਰਤ ਉਰਦੂ ਜ਼ੁਬਾਨ ਨੂੰ ਵਿਦੇਸ਼ੀ (ਮੁਸਲਮਾਨਾਂ ਜਾਂ ਧਾੜਵੀਆਂ ਦੀ) ਭਾਸ਼ਾ ਵਜੋਂ ਬਦਨਾਮ ਕਰਨ ਦਾ ਹਰ ਹਰਬਾ ਵਰਤਿਆ ਜਾ ਰਿਹਾ ਹੈ। ਦਹਾਕਿਆਂ ਬੱਧੀ ਸੰਘ, ਬੇਬੁਨਿਆਦ ਤੱਥਾਂ ਦਾ ਆਸਰਾ ਲੈ ਕੇ, ਮਰਾਠਾ ਨਾਇਕ ਸ਼ਿਵਾ ਜੀ ਨੂੰ ਘੋਰ ਮੁਸਲਿਮ ਵਿਰੋਧੀ ਯੋਧੇ ਵਜੋਂ ਪੇਸ਼ ਕਰਦਾ ਰਿਹਾ। ਪਰ ਆਪਣੀ ਅਰਥਭਰਪੂਰ ਖੋਜ ਰਾਹੀਂ ਇਸ ਮਿੱਥ ਨੂੰ ਝੂਠ ਸਾਬਤ ਕਰਨ ਵਾਲੇ ਤਰਕਵਾਦੀ ਵਿਦਵਾਨ ਨਰਿੰਦਰ ਦਭੋਲਕਰ ਦਾ ਦਰਦਨਾਕ ਕਤਲ ਕਰ ਦਿੱਤਾ ਗਿਆ। ਇਹ ਘਟਣਾ ਇਕ ਸੈਮੀਨਾਰ ਵਿਚ ਦਭੋਲਕਰ ਦੇ ਉਕਤ ਵਿਸ਼ੇ 'ਤੇ ਦਿੱਤੇ ਗਏ ਕੂੰਜੀਵਤ ਭਾਸ਼ਣ ਤੋਂ ਠੀਕ ਪਿਛੋਂ ਵਾਪਰੀ। ਦਭੋਲਕਰ ਦੇ ਦਲੀਲਪੂਰਨ ਖੋਜ ਪਰਚੇ ਤੋਂ ਖਿੱਝੇ ਹਿੰਦੂ ਕੱਟੜਪੰਥੀਆਂ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਕਤ ਘਟਣਾ ਦਾ ਵੇਰਵਾ ਦੇਣ ਪਿਛੇ ਸਾਡਾ ਇਰਾਦਾ ਇਹ ਹੈ ਕਿ ਆਪਣੇ ਝੂਠੇ ਪ੍ਰਚਾਰ ਨੂੰ ਜਾਰੀ ਰੱਖਣ ਲਈ ਕਥਿਤ ਹਿੰਦੂਵਾਦੀ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ।
ਮੁਸਲਮਾਨਾਂ ਖਿਲਾਫ ਨਫ਼ਰਤ ਪੈਦਾ ਕਰਨ ਲਈ ਸੰਘੀਆਂ ਨੇ ਹੁਣ ਤੱਕ ਅਨੇਕਾਂ ਅਮਾਨਵੀ ਹੱਲੇ ਕੀਤੇ ਹਨ। ਇਹ ਇਕ ਸਥਾਪਤ ਸੱਚ ਹੈ ਕਿ ਭਾਜਪਾ ਦੇ ਅਨੇਕਾਂ ਉਚ ਆਗੂਆਂ ਦੇ ਪਰਵਾਰਾਂ 'ਚ ਅੰਤਰਧਰਮੀ ਵਿਆਹ ਹੋਏ ਹਨ ਜਿਸ ਤੋਂ ਸਾਨੂੰ ਰੱਤੀ ਭਰ ਵੀ ਇਤਰਾਜ ਨਹੀਂ। ਸਾਡਾ ਇਤਰਾਜ ਇਹ ਹੈ ਕਿ ਇਹੀ ਸੰਘ ਪਰਿਵਾਰ ਅਤੇ ਭਾਜਪਾ, ਮੁਸਲਮਾਨਾਂ ਵਿਰੁੱਧ ਆਮ ਹਿੰਦੂਆਂ ਦੇ ਮਨਾਂ 'ਚ ਨਫਰਤ ਪੈਦਾ ਕਰਨ ਲਈ ਝੂਠੀਆਂ ਕਹਾਣੀਆਂ ਘੜ੍ਹ ਕੇ ਇਹ ਜਚਾਉਂਦੇ ਹਨ ਕਿ ਮੁਸਲਮਾਨਾਂ ਦੇ ਮੁੰਡੇ ਵਰਗਲਾ ਕੇ ਜਾਂ ਜਬਰੀ ਝੂਠੇ ਪਿਆਰ ਰਾਹੀ ਹਿੰਦੂ ਬੱਚੀਆਂ ਨਾਲ ਵਿਆਹ ਕਰਕੇ ਸਾਡਾ ਹਿੰਦੂ ਧਰਮ ਭ੍ਰਿਸ਼ਟ ਕਰਦੇ ਹਨ। ਭਾਵੇਂ ਇਹ ਕਹਾਣੀਆਂ ਝੂਠੀਆਂ ਵੀ ਸਾਬਤ ਹੋ ਚੁੱਕੀਆਂ ਹਨ। ਪਰ ਦੂਰ ਦੁਰਾਡੇ ਰਹਿੰਦੇ ਸਾਧਨ ਵਿਹੂਣੇ ਪਿਛੜੇ ਹਿੰਦੂ ਪਰਵਾਰਾਂ ਨੂੰ ਪੂਰੀ ਸੂਚਨਾ ਨਾ ਮਿਲਣ ਕਰਕੇ ਉਹ ਮੁਸਲਮਾਨਾਂ ਨੂੰ ਉਕਤ ਕੂੜ ਪ੍ਰਚਾਰ ਦੇ ਆਧਾਰ 'ਤੇ ਆਪਣਾ ਸਦੀਵੀਂ ਧਾਰਮਿਕ ਵੈਰੀ ਮੰਨ ਲੈਂਦੇ ਹਨ।
ਦੂਜਾ ਬਖੇੜਾ ਸੰਘੀਆਂ ਨੇ ਗਊ ਮਾਸ ਬਾਰੇ ਖੜ੍ਹਾ ਕੀਤਾ। ਦਾਦਰੀ ਦੇ ਕੌਮ ਪਰਸਤ ਮੁਸਲਮਾਨ ਅਖਲਾਕ ਨੂੰ ਫਿਰਕੂ ਕੂੜ ਪ੍ਰਚਾਰ ਦੇ ਕੁਪ੍ਰਭਾਵ ਤਹਿਤ ਅੰਨ੍ਹੀ ਹੋਈ ਭੀੜ ਨੇ ਇਹ ਕਹਿ ਕੇ ਕੋਹ ਕੋਹ ਕੇ ਮਾਰ ਦਿੱਤਾ ਕਿ ਉਸ ਦੇ ਘਰ ਗਊ ਮਾਸ ਰਿਨ੍ਹਿਆ ਅਤੇ ਖਾਧਾ ਜਾਂਦਾ ਹੈ। ਹਾਲਾਂਕਿ ਬਾਅਦ 'ਚ ਹੋਏ ਲੈਬ ਟੈਸਟਾਂ ਅਤੇ ਸਾਵੀਂ ਸੋਚ ਵਾਲੇ ਇਲਾਕਾ ਵਾਸੀਆਂ ਦੀਆਂ ਮੌਖਿਕ ਗਵਾਹੀਆਂ ਦੇ ਆਧਾਰ 'ਤੇ ਇਹ ਸਾਬਤ ਹੋ ਗਿਆ ਕਿ ਖਾਧਾ ਪਕਾਇਆ ਜਾਣ ਵਾਲਾ ਮਾਸ ਗਊ ਦਾ ਨਹੀਂ ਬਲਕਿ ਬੱਕਰੇ ਦਾ ਸੀ। ਅਸੀਂ ਤਾਂ ਇਸ ਧਾਰਨਾ ਦੇ ਵੀ ਹਾਮੀ ਹਾਂ ਕਿ ਹਰ ਕਿਸੇ ਨੂੰ ਆਪਣੇ ਧਾਰਮਿਕ-ਸਮਾਜਕ-ਸਭਿਆਚਾਰਕ ਅਕੀਦਿਆਂ 'ਤੇ ਰਿਵਾਇਤਾਂ ਅਨੁਸਾਰ ਕੁੱਝ ਵੀ ਖਾਣ-ਪਹਿਨਣ ਦੀ ਸੱਭਿਅਕ ਸਮਾਜਾਂ ਵਿਚ ਖੁੱਲ ਹੋਣੀ ਚਾਹੀਦੀ ਹੈ, ਪਰ ਆਰ.ਐਸ.ਵਾਲਿਆਂ ਤੋਂ ਸੱਭਿਅਕ ਵਿਹਾਰ ਦੀ ਆਸ ਕਿੱਥੇ? ਉਂਝ ਤਾਂ ਹੁਣ ਇਹ ਵੀ ਸੱਚ ਬਾਹਰ ਆ ਗਿਆ ਹੈ ਕਿ ਗਊ ਮਾਸ ਇਕੱਲੇ ਮੁਸਲਮਾਨ ਹੀ ਨਹੀਂ ਖਾਂਦੇ ਬਲਕਿ ਸਮੁੱਚੇ ਭਾਰਤ ਵਿਚ ਅਨੇਕਾਂ ਹਿੰਦੂ ਅਤੇ ਹੋਰ ਕਈ ਧਰਮਾਂ ਦੇ ਲੋਕ ਵੀ ਖਾਂਦੇ ਹਨ ਜਿਨ੍ਹਾਂ ਵਿਚ ਭਾਜਪਾ ਦੇ ਥਾਪੇ ਕੇਂਦਰੀ ਵਜ਼ੀਰ ਅਤੇ ਐਮ.ਪੀ. ਵੀ ਸ਼ਾਮਲ ਹਨ। ਇਸ ਰਾਮ ਰੌਲੇ ਨੇ ਇਕ ਹੋਰ ਕੌੜੀ ਸੱਚਾਈ ਵੀ ਉਜਾਗਰ ਕੀਤੀ ਹੈ। ਭਾਜਪਾ ਅਤੇ ਆਰ.ਐਸ.ਐਸ. ਦੇ ਅਨੇਕਾਂ ਕਿਰਪਾ ਪਾਤਰ ਕਾਰੋਬਾਰੀ ''ਸਿਆਸੀ ਮਾਲ'' ਤਾਂ ਸੰਘੀਆਂ ਵਾਲਾ ਹੀ ਵੇਚਦੇ ਹਨ ਪਰ ਆਪਣੀਆਂ ਤਿਜੌਰੀਆਂ ਭਰਨ ਲਈ ਗਊ ਮਾਸ ਅਤੇ ਹੋਰ ਮੀਟ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਕਾਰੋਬਾਰ ਵਿਚੋਂ ਅੱਗੋਂ ਕੇਵਲ ਗਊ ਮਾਸ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ (Accessories) ਹੀ ਨਹੀਂ ਬਣਦੀਆਂ ਬਲਕਿ ਖਾਣ-ਵਸਤਾਂ ਵੀ ਤਿਆਰ ਹੁੰਦੀਆਂ ਹਨ। ਪਰ ਤੱਥਾਂ ਦਲੀਲਾਂ ਦਾ ਸੰਘੀਆਂ ਨਾਲ ਕੀ ਲੈਣ ਦੇਣ? ਉਨ੍ਹਾਂ ਨੂੰ 'ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਦੀਵੀਂ ਤੌਰ 'ਤੇ ਇਕ ਦੂਜੇ ਦੇ ਖਾਹਮ ਖਾਹ ਦੇ ਵੈਰੀ ਬਨਾਉਣ ਲਈ ਮੁੱਦਾ ਚਾਹੀਦਾ ਹੈ ਭਾਵੇਂ ਉਹ ਸੌ ਫੀਸਦੀ ਝੂਠਾ ਹੀ ਹੋਵੇ।
ਅੱਜਕੱਲ੍ਹ ਸੰਘ ਦੇ ਆਗੂ 'ਰਾਸ਼ਟਰ ਭਗਤ' ਅਤੇ 'ਰਾਸ਼ਟਰ ਦਰੋਹੀ' ਹੋਣ ਦੀਆਂ ਸੰਨਦਾਂ ਦੇਣ ਦੇ ਸਵੈ ਥਾਪੇ ਠੇਕੇਦਾਰ ਵੀ ਬਣੇ ਹੋਏ ਹਨ। ਜਿਹੜਾ ਵੀ ਕੋਈ ਸੰਘ ਦੀ ਕਿਸੇ ਹਰਕਤ ਜਾਂ ਬਿਆਨਬਾਜ਼ੀ ਵਿਰੁੱਧ ਮੂੰਹ ਖੋਲ੍ਹਦਾ ਹੈ ਉਸਨੂੰ ਪਾਕਿਸਤਾਨ ਚਲੇ ਜਾਣ ਦੀਆਂ ਸਲਾਹਾਂ ਜਾਂ ਜਬਰੀ ਭੇਜ ਦਿੱਤੇ ਜਾਣ ਦੀਆਂ ਧਮਕੀਆਂ ਦੇਣਾ ਆਮ ਹੀ ਗੱਲ ਹੋ ਗਈ ਹੈ। ਲਵਜ਼ਿਹਾਦ, ਅਸਹਿਣਸ਼ੀਲਤਾ, ਦਾਦਰੀ ਦੇ ਅਖ਼ਲਾਕ ਦੇ ਕਤਲ, ਮੁੱਜਫ਼ਰਪੁਰ ਦੰਗਿਆਂ 'ਚ ਸੰਘ ਦੇ ਹੱਥਠੋਕੇ ਫਿਰਕੂ ਗੁੰਡਿਆਂ ਦੀ ਭੂਮਿਕਾ, ਜੇ.ਐਨ.ਯੂ. ਐਜੀਟੇਸ਼ਨ ਦੇ ਨਿਆਂਈ ਤਰਫਦਾਰਾਂ, ਤਰਕਵਾਦੀ ਅਤੇ ਹੋਰ ਖੇਤਰਾਂ ਦੇ ਵਿਦਵਾਨਾਂ ਦੇ ਕਤਲੇਆਮ ਵਿਰੁੱਧ ਬੋਲਣ ਵਾਲੇ ਲਗਭਗ ਹਰ ਕਿਤੇ ਅਤੇ ਖਿੱਤੇ ਦੀਆਂ ਨਾਮਵਰ ਹਸਤੀਆਂ ਸੰਘ ਦੀ ਇਹ ''ਸੁਸੰਸਕਰਿਤਿਕ ਮਿਠੀ'' ਬੋਲੀ ਦਾ ਸੁਆਦ ਚੱਖ ਚੁੱਕੀਆਂ ਹਨ।
ਗੱਲ ਇੱਥੋਂ ਤੱਕ ਪੁੱਜ ਚੁੱਕੀ ਹੈ ਕਿ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਸ਼ਰੇਆਮ ਅਦਾਲਤਾਂ 'ਚ ਜੱਜਾਂ ਦੇ ਸਾਹਮਣੇ ਕੁੱਟਿਆ ਤਾਂ ਜਾਂਦਾ ਹੀ ਹੈ, ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਜੇ ਹੋਰ ਮੌਕਾ ਆਇਆ ਤਾਂ ਇਨ੍ਹਾਂ ਦੀ ਅਲਖ ਹੀ ਮੁਕਾ ਦੇਣੀ ਹੈ। ਕਵਰੇਜ਼ ਕਰ ਰਹੀਆਂ ਵੱਡੇ ਨਾਮਣੇ ਵਾਲੀਆਂ ਲੜਕੀਆਂ/ਔਰਤਾਂ ਨੂੰ ਰੰਡੀਆਂ-ਲੁੱਚੀਆਂ ਕਹਿ ਕੇ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸੰਘ ਤੋਂ ''ਦੀਖਸ਼ਾ'' ਪ੍ਰਾਪਤ ਨਫਤਰੀ ਪੁਤਲੇ ਜੋ ਇਨ੍ਹਾਂ ਕਾਰਿਆਂ ਨੂੰ ਅੰਜਾਮ ਦਿੰਦੇ ਹਨ, ਸ਼ਰੇਆਮ ਟੀ.ਵੀ. ਚੈਨਲਾਂ 'ਤੇ ਖ਼ੁਦ ਹੀ ਆਪਣੀਆਂ ਕਰਤੂਤਾਂ ਕਬੂਲ ਵੀ ਕਰਦੇ ਹਨ।
ਜਦੋਂ ਉਕਤ ਕਰਤੂਤਾਂ 'ਤੇ ਥੂਹ ਥੂਹ ਸ਼ੁਰੂ ਹੋ ਜਾਂਦੀ ਹੈ ਤਾਂ ਕੋਈ ਇਕ ਸੰਘੀ ਆਗੂ ਰਸਮੀ ਬਿਆਨ ਰਾਹੀਂ ਆਪਣੇ ਆਪ ਨੂੰ ਇਸ ਤੋਂ ਅਲੱਗ ਕਰ ਲੈਂਦਾ ਹੈ ਪਰ ਅਮਲ 'ਚ ਸਾਰਾ ਕੁੱਝ ਸਗੋਂ ਹੋਰ ਤੇਜੀ ਨਾਲ ਲਾਗੂ ਕੀਤਾ ਜਾਂਦਾ ਹੈ।
ਹੁਣ ਇਕ ਨਵਾਂ ਸ਼ੋਸ਼ਾ ਹੋਰ ਕੱਢ ਲਿਆਂਦਾ ਹੈ। ਇਕ ਮਨੋਕਲਪਿਤ ਮੂਰਤੀ ਭਾਰਤ ਦੇ ਨਕਸ਼ੇ ਵਿਚ ਬਣਾ ਲਈ। ਉਸ ਦੇ ਚਾਰ ਹੱਥ ਬਣਾ ਲਏ। ਮੱਥੇ ਮੁਕਟ ਸਜਾਇਆ। ਹੱਥ 'ਚ ਹਿੰਦ ਧਰਮ ਦਾ ਪ੍ਰਤੀਕ ਤ੍ਰਿਸ਼ੂਲ ਫੜਾ ਦਿੱਤਾ। ਇਕ ਹੱਥ ਜਾਂ ਚਰਨਾਂ 'ਚ ਕਮਲ ਦਾ ਫੁੱਲ (ਭਾਜਪਾ ਦਾ ਚੋਣ ਨਿਸ਼ਾਨ) ਫੜਾ ਦਿੱਤਾ। ਗੱਲ ਕੀ ਹਿੰਦੂ ਧਰਮ ਵਿਚ ਵਿਸ਼ਵਾਸ਼ ਰੱਖਣ ਵਾਲਿਆਂ ਵੱਲੋਂ ਪੂਜੀਆਂ ਜਾਂਦੀਆਂ ਅਨੇਕਾਂ ਦੇਵੀਆਂ ਦੀ ਮਿਲਗੋਭਾ ਜਿਹੀ ਤਸਵੀਰ ਬਣਾ ਕੇ ਨਾਲ ਹਿੰਦੂ ਧਰਮ ਦਾ ਪ੍ਰਤੀਕ ਭਗਵਾਂ ਝੰਡਾ ਟੈਗ ਕਰ ਦਿੱਤਾ। ਹੁਣ ਬਹੁਧਰਮੀ, ਬਹੁ ਭਾਸ਼ਾਈ, ਬਹੁ ਇਲਾਕਾਈ ਸਮਸਤ ਭਾਰਤੀਆਂ ਨੂੰ ਡੰਡੇ ਦੇ ਜ਼ੋਰ 'ਤੇ ਇਸ ਮਨੋਕਲਪਿਤ ਮੂਰਤੀ ਅੱਗੇ ਡੰਡਵਤ ਹੋਣ ਅਤੇ ''ਭਾਰਤ ਮਾਤਾ ਕੀ ਜੈ'' ਕਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਿਹੜਾ ਇਉਂ ਨਹੀਂ ਕਰਦਾ ਉਹ ਭਾਵੇਂ ਕਿੰਨੇ ਵੀ ਮਾਨਵੀ ਗੁਣਾਂ ਦਾ ਮਾਲਕ ਹੋਵੇ ਉਹ ਦੇਸ਼ਧ੍ਰੋਹੀ, ਪਾਕਿਸਤਾਨ ਦਾ ਏਜੰਟ, ਲਾਕਾਨੂੰਨੀ ਕਰਣ ਵਾਲਾ ਸਮਝਿਆ ਜਾਵੇਗਾ। ਜਿਹੜਾ ਕੁਰੱਪਟ ਹੋਵੇ, ਜਖੀਰੇਬਾਜ ਹੋਵੇ, ਸਾਮਰਾਜ ਪੱਖੀ ਹੋਵੇ, ਚਰਿੱਤਰਹੀਨ ਜਾਂ ਹੋਰ ਕੁੱਝ ਵੀ ਹੋਵੇ ਪਰ ''ਭਾਰਤ ਮਾਤਾ ਕੀ ਜੈ'' ਕਹਿੰਦਾ ਹੋਵੇ ਉਹ ਦੇਸ਼ ਭਗਤ ਹੈ। ਅਤੇ ਸਾਰਾ ਕੁੱਝ ਤੈਅ ਉਹ ਸੰਘ ਪਰਿਵਾਰ ਕਰੇਗਾ ਜਿਸਦਾ ਦੇਸ਼ ਭਗਤੀ ਦੀਆਂ ਹਾਂ ਪੱਖੀ ਰਿਵਾਹਿਤਾਂ ਨਾਲ ਕੱਖ ਵੀ ਲੈਣ-ਦੇਣ ਨਹੀਂ। ਹੁਣ ਤਾਂ ਗੱਲ ਇਸ ਤੋਂ ਵੀ ਨਿਘਾਰ ਵੱਲ ਚਲੀ ਗਈ ਹੈ। ਜਿਹੜਾ ਸੰਘੀਆਂ ਦੀ ਹਾਂ 'ਚੋਂ ਹਾਂ ਮਿਲਾਏ ਉਹ ਦੇਸ਼ ਭਗਤ ਬਾਕੀ ਸਾਰੇ ਦੇਸ਼ਧ੍ਰੋਹੀ। ਹਜ਼ਾਰਾਂ ਪੰਜਾਬੀਆਂ ਦੇ ਕਤਲੇਆਮ ਲਈ ਜ਼ਿੰਮੇਵਾਰ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਯਾਦਗਾਰ ਸ਼੍ਰੀ ਹਰਮੰਦਰ ਸਾਹਿਬ 'ਚ ਬਨਾਉਣ ਵਾਲਾ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚਾ ਅਕਾਲੀ ਦਲ ਕਿਉਂਕਿ ਭਾਜਪਾ ਦਾ ਸਿਆਸੀ ਭਾਈਵਾਲ ਹੈ ਇਸ ਲਈ ਰਾਸ਼ਟਰ ਭਗਤ ਹੈ ਜਦੋਂਕਿ ਅੱਤਵਾਦ ਖਿਲਾਫ ਜਾਨਾਂ ਹੂਲ੍ਹ ਕੇ ਲੜਨ ਵਾਲੇ ਕਮਿਊਨਿਸਟ ਕਿਉਂਕਿ ਆਰ.ਐਸ.ਐਸ. ਦੇ ਪਿਛਾਂਹਖਿੱਚੂ ਮਾਨਵਤਾ ਵਿਰੋਧੀ ਏਜੰਡੇ ਨਾਲ ਸਹਿਮਤ ਨਹੀਂ ਇਸ ਲਈ ਉਹ ਰਾਸ਼ਟਰਧ੍ਰੋਹੀ ਹਨ। ਇਹ ਹੈ ਆਰ.ਐਸ.ਐਸ. ਦਾ ਪੈਮਾਨਾ ਦੇਸ਼ ਭਗਤੀ ਅਤੇ ਦੇਸ਼ ਧਰੋਹੀ ਨੂੰ ਮਾਪਣ ਦਾ।
ਆਰ.ਐਸ.ਐਸ. ਨੂੰ ਇਹ ਖੁੱਲ੍ਹ ਖੇਡਣ ਦਾ ਮੌਕਾ ਮਿਲਿਆ ਹੈ ਕੇਂਦਰ 'ਚ ਇਸ ਦੇ ਪੱਖ ਦੀ ਮੋਦੀ ਸਰਕਾਰ ਦੇ ਆ ਜਾਣ ਨਾਲ। ਮੋਦੀ ਸਰਕਾਰ ਦੇ ਸੱਤਾ 'ਚ ਆਉਣ ਦੇ ਘਟਣਾਕ੍ਰਮ 'ਤੇ ਸੰਖੇਪ ਨਜ਼ਰ ਮਾਰੀਏ ਤਾਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜੇਕਰ  ਲਗਾਤਾਰ ਦੋ ਕਾਰਜਕਾਲ (2004 ਤੋਂ 2009 ਅਤੇ 2009 ਤੋਂ 2014) ਸੱਤਾ 'ਚ ਰਹਿਣ ਵਾਲੀ ਯੂ.ਪੀ.ਏ. ਸਰਕਾਰ, ਜਿਸ ਦੇ ਮੁੱਖੀ ਕਾਂਗਰਸ ਆਗੂ ਡਾਕਟਰ ਮਨਮੋਹਨ ਸਿੰਘ ਵਲੋਂ, ਤੇਜੀ ਨਾਲ ਲਾਗੂ ਕੀਤੀਆਂ ਗਈਆਂ ਸਾਮਰਾਜੀ ਹਿਤਾਂ ਨਾਲ ਮੇਚਵੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ ਲੋਕਾਂ 'ਚ ਫੈਲੀ ਬੇਚੈਨੀ ਦਾ ਨੀਤੀਆਂ ਵਿਰੁੱਧ ਲੜਨ ਵਾਲਿਆਂ ਦੀ ਥਾਂ ਭਾਜਪਾ ਨੇ ਲਾਹਾ ਲਿਆ। ਇਸ ਉਦੇਸ਼ ਦੀ ਪੂਰਤੀ ਲਈ ਚੋਣ ਪ੍ਰਚਾਰ ਦੀ ਕਮਾਂਡ ਆਰ.ਐਸ.ਐਸ. ਨੇ ਸੰਭਾਲੀ ਅਤੇ ਰੱਜ ਕੇ ਫਿਰਕੂ ਪੱਤਾ ਖੇਡਿਆ। ਗੁਜਰਾਤ ਦੇ ਮੁਸਲਿਮ ਵਿਰੋਧੀ ਦੰਗਿਆਂ ਦੇ ਸੂਤਰਧਾਰ ਅਤੇ ਕੱਟੜ ਪਿਛਾਖੜੀ ਹਿੰਦੂ ਵਿਚਾਰਾਂ ਦੇ ਪ੍ਰਤੀਕ ਅਮਿਤ ਸ਼ਾਹ ਨੂੰ ਸਭ ਤੋਂ ਵੱਡੇ ਪ੍ਰਦੇਸ਼ ਯੂ.ਪੀ. ਦੀ ਕਮਾਨ ਦੇਣੀ ਇਸੇ ਰਣਨੀਤੀ ਦਾ ਹਿੱਸਾ ਸੀ।
ਨਵਉਦਾਰਵਾਦੀ ਨੀਤੀਆਂ ਦੇ ਸਿੱਟੇ ਵਜੋਂ ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਦੇ ਸਤਾਏ ਅਤੇ ਹਰ ਕਿਸਮ ਦੀਆਂ ਜਿਊਣ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ ਬਾਗ ਦਿਖਾਉਣਾ। ਵਿਦੇਸ਼ਾਂ 'ਚੋਂ ਕਾਲਾ ਧਨ ਲਿਆ ਕੇ ਪ੍ਰਤੀ ਪਰਵਾਰ 15-15 ਲੱਖ ਰੁਪਏ ਵੰਡ ਕੇ ਦੇਣ ਦਾ ਸ਼ੋਸ਼ਾ ਵੀ ਇਸ ਲਾਰੇ ਬਾਜ਼ੀ ਦੀ ਹੀ ਖਾਸ ਵੰਨਗੀ ਹੈ।
ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਸਾਰੀਆਂ ਮੁਸੀਬਤਾਂ ਲਈ ਗੁਆਂਢੀ ਦੇਸ਼ ਪਾਕਿਸਤਾਨ ਅਤੇ ਬੰਗਲਾ ਦੇਸ਼  ਨੂੰ ਜ਼ਿੰਮੇਵਾਰ ਠਹਿਰਾ ਕੇ ਅਸਲ 'ਚ ਧਾਰਮਿਕ ਘੱਟ ਗਿਣਤਦੀਆਂ ਦੇ ਅਖੌਤੀ ਤੁਸ਼ਟੀਕਰਨ ਜਾਂ ਘੁਸਪੈਠ ਦਾ ਮੁੱਦਾ ਉਭਾਰ ਕੇ ਉਸਦਾ ਲਾਹਾ ਲੈਣਾ।
ਮਨਮੋਹਨ ਸਿੰਘ ਅਤੇ ਉਸ ਦੀ ਜੁੰਡਲੀ ਰਾਹੀਂ ਆਪਣੇ ਵਪਾਰਕ ਹਿੱਤ ਸਾਧਨ ਵਾਲੇ ਸਾਮਰਾਜੀ ਦੇਸ਼ਾਂ, ਸਾਮਰਾਜੀ ਵਿੱਤੀ ਅਦਾਰਿਆਂ, ਬਹੁਕੌਮੀ ਕਾਰਪੋਰੇਸ਼ਨਾਂ, ਭਾਰਤੀ ਧਨਕੁਬੇਰਾਂ ਵਲੋਂ ਬੱਦੂ ਹੋ ਚੁੱਕੇ ਮਨਮੋਹਨ ਸਿੰਘ ਦੀ ਥਾਂ ਮੋਦੀ ਅਤੇ ਸੰਘ ਰਾਹੀਂ ਆਪਣੇ ਆਰਥਕ ਏਜੰਡੇ ਦੀ ਪੂਰਤੀ ਲਈ ਵਿਊਤਬੰਦੀ ਅਧੀਨ ਲੱਖਾਂ ਕਰੋੜ ਰੁਪਏ ਖਰਚਣੇ ਅਤੇ ਇੱਥੋਂ ਤੱਕ ਕਿ ਮੀਡੀਏ ਦਾ ਬਹੁਤ ਵੱਡਾ ਹਿੱਸਾ ਖਰੀਦ ਕੇ ਮੋਦੀ ਦੇ ਪੱਖ 'ਚ ਇਕ ਤਰਫਾ ਪ੍ਰਚਾਰ ਮੁਹਿੰਮ ਚਲਾਉਣਾ।
ਕਾਂਗਰਸ ਸਮੇਤ ਯੂ.ਪੀ.ਏ. 'ਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਉਚ ਆਗੂਆਂ ਵਲੋਂ ਕੀਤੇ ਗਏ ਪਹਾੜਾਂ ਜਿੱਡੇ ਜਿੱਡੇ ਘਪਲੇ ਅਤੇ ਹਰ ਪੱਧਰ 'ਤੇ ਪੱਸਰੀ ਪ੍ਰਸ਼ਾਸ਼ਨਕ ਅਸਫਲਤਾ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਦੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ।
ਅਖੌਤੀ ਗੁਜਰਾਤ ਵਿਕਾਸ ਮਾਡਲ, ਜਿਸ ਦਾ ਹੀਜ਼ ਪਿਆਜ਼ ਅੱਜਕੱਲ੍ਹ ਨੰਗਾ ਹੋ ਜਾਣ ਕਾਰਨ ਲੋਕ ਠੱਗੇ ਹੋਏ ਮਹਿਸੂਸ ਕਰਦੇ ਹਨ, ਰਾਹੀਂ ਮੱਧ ਵਰਗ ਨੂੰ ਛਲਾਵੇ 'ਚ ਲਿਆਉਣਾ।
ਕਾਂਗਰਸ ਅਤੇ ਯੂ.ਪੀ.ਏ. ਦੇ ਮੁਕਾਬਲੇ ਹਕੀਕੀ ਲੋਕ ਪੱਖੀ ਬਦਲ ਦਾ ਨਾ ਹੋਣਾ ਵੀ ਭਾਜਪਾ ਦੇ ਖਾਸਾ ਸੂਤ ਬੈਠਿਆ।
ਉਕਤ ਕੁੱਝ ਕਾਰਣ ਹਨ ਜਿਨ੍ਹਾਂ ਕਰਕੇ ਐਨ.ਡੀ.ਏ. ਦੀ ਸਰਕਾਰ ਹੋਂਦ 'ਚ ਆਈ ਅਤੇ ਉਹ ਵੀ ਭਾਜਪਾ ਇਕੱਲੀ ਦੇ ਬਹੁਮਤ ਵਾਲੀ ਪਰ ਹੈ ਇਹ ਘੱਟ ਗਿਣਤੀ ਦੀ ਪ੍ਰਤਿਨਿਧ। ਕੁੱਲ ਪੋਲ ਹੋਈਆਂ ਵੋਟਾਂ 'ਚੋਂ ਕੇਵਲ 31% ਦੇ ਸਮਰਥਨ ਨਾਲ ਬਣੀ।
ਕਿਉਂਕਿ ਇਹ ਸਰਕਾਰ ਪਿਛਲੀ ਸਰਕਾਰ ਵਾਲੀਆਂ ਹੀ ਨੀਤੀਆਂ 'ਤੇ ਉਸ ਤੋਂ ਵੀ ਵੱਧ ਤੇਜੀ ਨਾਲ ਅਮਲ ਕਰ ਰਹੀ ਹੈ, ਇਸ ਲਈ ਇਸ ਦਾ ਲੋਕਾਂ 'ਚੋਂ ਨਿਖੇੜਾ ਲਾਜ਼ਮੀ ਸੀ ਅਤੇ ਉਹ ਹੋਈ ਜਾ ਰਿਹਾ ਹੈ। ਪਰ ਇਸ ਸਰਕਾਰ ਦੇ ਮਾਰਗ ਦਰਸ਼ਕ, ਸਾਮਰਾਜੀ ਬਗਲਬੱਚੇ, ਹਿਟਲਰ ਨੂੰ ਆਪਣਾ ਆਦਰਸ਼ ਮੰਨਣ ਵਾਲੇ ਆਰ.ਐਸ.ਐਸ. ਦਾ ਮਨਸ਼ਾ ਕੁੱਝ ਹੋਰ ਹੀ ਹੈ। ਉਹ ਮਨਸ਼ਾ ਹੈ ਸਾਮਰਾਜੀ ਨੀਤੀਆਂ, ਲੁੱਟ ਦੇ ਰਾਜ, ਅਮੀਰ ਗਰੀਬ ਦੇ ਪਾੜੇ ਨੂੰ ਹਰ ਹਾਲਤ ਜਾਰੀ ਰੱਖਣਾ। ਇਸੇ ਨਾਪਾਕ ਇਰਾਦੇ ਦੀ ਪੂਰਤੀ ਲਈ  ਆਰ.ਐਸ.ਐਸ. ਲੋਕਾਂ ਦਾ ਧਿਆਨ ਅਸਲ ਮੁੱਦਿਆਂ, ਲੁੱਟ ਕਾਇਮ ਰੱਖਣ ਵਾਲੀਆਂ ਨੀਤੀਆਂ ਅਤੇ ਇਸ ਲੁੱਟ ਰਾਹੀਂ ਧਨਅੰਬਾਰ ਇਕੱਤਰ ਕਰਨ ਵਾਲੇ ਧਨਕੁਬੇਰਾਂ ਤੋਂ ਭਟਕਾਉਣਾ ਚਾਹੁੰਦਾ ਹੈ। ਇਸ ਕੰਮ ਲਈ ਸਭ ਤੋਂ ਢੁੱਕਵਾਂ ਹਥਿਆਰ ਹੈ ਫਿਰਕੂ ਕਤਾਰਬੰਦੀ 'ਤੇ ਅਧਾਰਤ ਕਿਰਤੀ ਜਮਾਤ ਦੀ ਫਿਰਕੂ ਵੰਡ। ਕਿਉਂਕਿ ਕਿਰਤੀ ਜਮਾਤ ਹੀ ਉਕਤ ਨੀਤੀਆਂ ਨੂੰ ਖਤਮ ਕਰਕੇ ਬਦਲਵੀਆਂ ਲੋਕ ਪੱਖੀ ਨੀਤੀਆਂ ਲਾਗੂ ਕਰਨ ਵਾਲੇ ਸੰਘਰਸ਼ ਦੀ ਮੁੱਖ ਚਾਲਕ ਸ਼ਕਤੀ ਹੈ।
ਅਸੀਂ ਬਿਨਾਂ ਸ਼ੱਕ ਸੰਘ ਦੇ ਪਿਛਾਖੜੀ ਫਿਰਕੂ ਏਜੰਡੇ ਖਿਲਾਫ ਲੜਨ ਵਾਲਿਆਂ ਦੀ ਹਿਮਾਇਤ ਕਰਦੇ ਹਾਂ। ਪਰ ਸਾਡੀ ਜਾਚੇ ਫਿਰਕੂ ਕਤਾਰਬੰਦੀ ਅਤੇ ਫਿਰਕੂ ਵੰਡ ਸਾਧਨ ਹੈ ਜਮਾਤੀ ਲੁੱਟ ਨੂੰ ਕਾਇਮ ਰੱਖਣ ਦੇ। ਜਮਾਤੀ ਲੁੱਟ 'ਚੋਂ ਹੀ ਲੋਕਾਂ ਲਈ ਦੁਖ-ਦਰਦ, ਮੁਸੀਬਤਾਂ ਉਪਜਦੇ ਹਨ। ਸਾਨੂੰ ਉਸਾਰ ਦੀ ਬਜਾਇ ਬੁਨਿਆਦ ਵੱਲ ਸੇਧਤ ਹੋਣ ਦੀ ਵੱਡੀ ਲੋੜ ਹੈ। ਸਿਰਫ ਬੀਮਾਰੀ ਦਾ ਇਲਾਜ ਕਰਨਾ ਹੀ ਕਾਫੀ ਨਹੀਂ ਬੀਮਾਰੀ ਨੂੰ ਜੜ ਤੋਂ ਖਤਮ ਕਰਨ ਵਾਲੀ ਵੈਕਸੀਨ ਜ਼ਰੂਰੀ ਹੈ।
ਲੋੜਾਂ ਦੀ ਲੋੜ ਹੈ ਕਿ ਲੋਕ ਮੁਸੀਬਤਾਂ ਦੀਆਂ ਜਨਮ ਦਾਤੀਆਂ ਆਰਥਕ ਸਨਅੱਤੀ ਨੀਤੀਆਂ ਵਿਰੁੱਧ, ਲੋਕਾਂ ਦੇ ਫੌਰੀ ਮਸਲਿਆਂ ਦੇ ਹੱਲ ਲਈ ਅਤੇ ਲੋਕਾਂ ਨੂੰ ਬਰਾਬਰਤਾ ਅਧਾਰਤ ਬਹੁਪਰਤੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਗਰਾਮ ਸਾਡਾ ਪਹਿਲਾ ਏਜੰਡਾ ਹੋਣਾ ਚਾਹੀਦਾ ਹੈ। ਜਿਸ ਲੁੱਟ ਅਧਾਰਤ ਰਾਜ ਪ੍ਰਬੰਧ ਨੂੰ ਸਦੀਵੀਂ ਕਾਇਮ ਰੱਖਣ ਅਤੇ ਹੋਰ ਤਕੜਾ ਕਰਨ ਲਈ ਆਰ.ਐਸ.ਐਸ. ਫਿਰਕੂ ਪਿਛਾਖੜੀ ਏਜੰਡਾ ਅੱਗੇ ਵਧਾ ਰਿਹਾ ਹੈ, ਸਾਡੀ ਲਾਮਬੰਦੀ ਅਤੇ ਸੰਘਰਸ਼ਾਂ ਦਾ ਪਹਿਲਾ ਨਿਸ਼ਾਨਾ ਉਹੀ ਰਾਜ ਪ੍ਰਬੰਧ, ਉਸ ਦੀਆਂ ਨੀਤੀਆਂ ਅਤੇ ਕਾਣੀ ਵੰਡ ਹੋਣਾ ਚਾਹੀਦਾ ਹੈ। ਫਿਰਕੂ ਏਜੰਡੇ ਰਾਹੀਂ ਗੁੰਮਰਾਹ ਹੋਏ ਅਰਬਾਂ ਗਰੀਬਾਂ, ਜਿਨ੍ਹਾਂ 'ਚ ਹਿੰਦ.ੂ ਬਹੁਗਿਣਤੀ  'ਚ ਹਨ ਨੂੰ ਸੰਗਰਾਮਾਂ ਦੀ ਜਨਵਾਦੀ ਧਾਰਾ 'ਚ ਸ਼ਾਮਲ ਕਰਨ ਦਾ ਮੁੱਖ ਸਾਧਨ ਆਰਥਿਕ ਮੁਸ਼ਕਿਲਾਂ ਦੇ ਹੱਲ ਦੇ ਸੰਗਰਾਮ ਹੀ ਹੋ ਸਕਦੇ ਹਨ। ਆਉਂਦੀ ਸਤੰਬਰ 'ਚ ਕੀਤੀ ਜਾਣ ਵਾਲੀ ਸਨਅੱਤੀ ਆਮ ਹੜਤਾਲ ਸਾਨੂੰ ਇਸ ਪੱਖੋਂ ਇਕ ਚੰਗਾ ਮੰਚ ਉਪਲੱਬਧ ਕਰਾਏਗੀ ਜਿਸ ਦੀ ਸਾਨੂੰ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।   

ਪਨਾਮਾ ਪੇਪਰਜ਼ : ਕਾਲਾ ਧਨ ਛੁਪਾਉਣ ਤੇ 'ਕਮਾਉਣ' ਬਾਰੇ ਇਕ ਹੋਰ ਵੱਡਾ ਖੁਲਾਸਾ

ਹਰਕੰਵਲ ਸਿੰਘ 
ਕਾਲਾ ਧਨ ਸਾਡੇ ਦੇਸ਼ ਦੀ ਆਰਥਕਤਾ ਨੂੰ ਵੀ ਘੁਣ ਵਾਂਗ ਖੋਖਲਾ ਕਰਦਾ ਜਾ ਰਿਹਾ ਹੈ। ਏਸੇ ਲਈ ਏਥੇ ਹੁਣ ਇਹ ਵਿਆਪਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਵਲੋਂ ਵਿਦੇਸ਼ਾਂ 'ਚ ਜਮਾਂ ਕਾਲਾ ਧੰਨ ਜਬਤ ਕਰਕੇ 100 ਦਿਨਾਂ ਦੇ ਅੰਦਰ ਅੰਦਰ ਹਰ ਦੇਸ਼ ਵਾਸੀ ਦੇ ਬੈਂਕ ਖਾਤੇ ਵਿਚ 15-15 ਲੱਖ ਰੁਪਏ ਜਮਾਂ ਕਰਾ ਦੇਣ ਦੀ ਕੀਤੀ ਗਈ ਗਪੌੜਸੰਖੀ ਜੁਮਲੇਬਾਜ਼ੀ ਉਪਰੰਤ ਤਾਂ ਇਸ ਮੁੱਦੇ 'ਤੇ ਲੋਕਾਂ ਦੀ ਦਿਲਚਸਪੀ ਹੋਰ ਵੀ ਵਧੇਰੇ ਵੱਧ ਗਈ ਹੈ। ਪਨਾਮਾ ਪੇਪਰਜ਼ ਦੇ ਰੂਪ ਵਿਚ, ਇਸ ਕਾਲੇ ਧਨ ਬਾਰੇ ਇਕ ਬਹੁਤ ਵੱਡਾ ਨਵਾਂ ਖੁਲਾਸਾ ਹੋਇਆ ਹੈ, ਜਿਸ ਨੇ ਸਮੁੱਚੇ ਸੰਸਾਰ ਦੇ ਸਿਆਸੀ ਹਲਕਿਆਂ 'ਚ ਤਰਥੱਲੀ ਮਚਾਈ ਹੋਈ ਹੈ। ਕਾਲੇ ਧਨ ਦੇ ਮਾਲਕ ਜਿਹਨਾਂ 'ਭੱਦਰਪੁਰਸ਼ਾਂ' ਦੇ ਨਾਂਅ ਬੇਪਰਦ ਹੋ ਰਹੇ ਹਨ, ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਰਹੀਆਂ ਹਨ। ਆਈਸਲੈਂਡ ਦੇ ਪ੍ਰਧਾਨ ਮੰਤਰੀ ਨੂੰ ਤਾਂ ਲੋਕਾਂ ਨੇ ਤੁਰੰਤ ਗੱਦੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਸਪੇਨ ਦਾ ਇਕ ਮੰਤਰੀ ਵੀ ਜਨਤਕ ਦਬਾਅ ਹੇਠ ਅਸਤੀਫਾ ਦੇ ਗਿਆ ਹੈ। ਇਸ ਕਾਂਡ 'ਚ ਛੁਪੇ ਭੇਦ ਖੁੱਲਣ ਨਾਲ ਕਈ ਦੇਸ਼ਾਂ ਦੇ ਮੁਖੀਆਂ ਤੇ ਵੱਡੇ ਸਿਆਸਤਦਾਨਾਂ ਵਲੋਂ ਕਾਲਾ ਧਨ ਬਣਾਉਣ ਤੇ ਉਸਨੂੰ ਛੁਪਾਉਣ ਲਈ ਕੀਤੇ ਜਾਂਦੇ ਕੁਕਰਮਾਂ ਦਾ ਭਾਂਡਾ ਇਕ ਵਾਰ ਤਾਂ ਜ਼ਰੂਰ ਸ਼ਰੇਆਮ ਭੱਜ ਗਿਆ ਹੈ।
ਇਹ ਖੁਲਾਸਾ ਹੈ ਕੀ? ਖੋਜੀ ਪੱਤਰਕਾਰਾਂ ਦੇ ਇਕ ਕੌਮਾਂਤਰੀ ਸੰਗਠਨ (ICIJ) ਨੇ 8 ਮਹੀਨਿਆਂ ਦੀ ਸਖਤ ਘਾਲਣਾ ਰਾਹੀਂ ਇਹ ਦਰਸਾਇਆ ਹੈ ਕਿ ਪਨਾਮਾ ਦੀ ਇਕ ਮੋਸਾਕ-ਫੋਨੈਂਸਕਾ ਨਾਂਅ ਦੀ, ਲੋਕਾਂ ਨੂੰ ਕਾਨੂੰਨੀ ਸੇਵਾਵਾਂ ਉਪਲੱਬਧ ਬਨਾਉਣ ਵਾਲੀ ਫਰਮ ਕਾਲੇ ਧੰਨ ਨੂੰ ਛੁਪਾਉਣ ਦਾ ਕੰਮ ਕਰਦੀ ਹੈ। ਇਹ ਫਰਮ ਕਾਲੇ ਧਨ ਨਾਲ ਸਬੰਧਤ ਇਸ ਕੁਕਰਮ ਨੂੰ ਕਿਵੇਂ ਅੰਜਾਮ ਦਿੰਦੀ ਆਈ ਹੈ? ਇਸਦੀ ਵਿਆਖਿਆ ਕਰਨਾ ਹੀ ਪਨਾਮਾ ਪੇਪਰਜ਼ ਦਾ ਸਾਰ ਤੱਤ ਹੈ।
ਕਾਲੇ ਧਨ ਨੂੰ ਛੁਪਾਉਣ ਵਾਸਤੇ ਵੱਖ ਵੱਖ ਮੁਲਕਾਂ ਵਿਚ, ਜਿੱਥੇ ਕਿ ਟੈਕਸਾਂ ਬਾਰੇ ਬਹੁਤੀ ਪੁੱਛ ਪੜਤਾਲ ਨਹੀਂ ਹੁੰਦੀ, ਉਥੇ ਜਾਅਲੀ ਕੰਪਣੀਆਂ (Shell Companies) ਰਜਿਸਟਰ ਕਰਾਉਣ ਦੀ ਮੁਹਾਰਤ ਪ੍ਰਾਪਤ ਇਹ ਫਰਮ ਮੋਸਾਕ-ਫੋਨੈਂਸਕਾ, 1977 ਵਿਚ ਜਰਗਨ ਮੋਸਾਕ ਅਤੇ ਰਾਮਨ ਫੋਨੈਂਸਕਾ ਨਾਂਅ ਦੇ ਦੋ ਵਕੀਲਾਂ ਵਲੋਂ ਸਥਾਪਤ ਕੀਤੀ ਗਈ ਸੀ। ਇਹਨਾਂ 'ਚੋਂ ਫੋਨੈਂਸਕਾ ਪਾਨਾਮਾ ਦੇ ਰਾਸ਼ਟਰਪਤੀ ਜੋਆਨ ਕਾਰਲੋਸ ਵਰੇਲਾ ਦਾ ਸਲਾਹਕਾਰ ਅਤੇ ਹਾਕਮ ਪਾਰਟੀ 'ਪਨਾਮਨਿਸ਼ਤਾ' ਦਾ ਪ੍ਰਧਾਨ ਵੀ ਰਿਹਾ ਹੈ। ਇਸ ਕੰਪਣੀ ਦੇ ਹਾਂਗਕਾਂਗ, ਸਿੰਗਾਪੁਰ, ਜਿਊਰਿਕ ਸਮੇਤ ਸੰਸਾਰ ਭਰ ਵਿਚ 40 ਥਾਵਾਂ 'ਤੇ ਦਫਤਰ ਖੁੱਲੇ ਹੋੲ ਹਨ ਜਿਹਨਾ ਰਾਹੀਂ ਇਸ ਵਲੋਂ ਕਾਲੇ ਧਨ ਦੇ ਸੌਦਾਗਰਾਂ ਨੂੰ 'ਸੇਵਾਵਾਂ' ਉਪਲੱਬਧ ਬਣਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹ ਫਰਮ ਕਾਲੇ ਧਨ ਨੂੰ ਲੁਕੋਣ ਵਾਸਤੇ ਜਾਅਲੀ ਕੰਪਨੀਆਂ ਖੋਲਣ ਦੀ ਇਕ ਫੈਕਟਰੀ ਵਾਂਗ ਕੰਮ ਕਰਦੀ ਹੈ। ਇਸ ਫਰਮ ਵਲੋਂ ਇਸ ਅਨੈਤਿਕ ਕੰਮ ਲਈ 1000 ਡਾਲਰ ਤੋਂ ਲੈ ਕੇ ਇਕ ਲੱਖ ਡਾਲਰ ਤੱਕ ਦੀ ਫੀਸ ਲੈ ਕੇ ਕਾਲੇ ਧਨ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਪਾਨਾਮਾ ਪੇਪਰਜ਼ ਵਿਚ ਅਜੇਹੀਆਂ 2,14,488 ਕੰਪਣੀਆਂ ਦੇ ਵੇਰਵੇ ਸ਼ਾਮਲ ਹਨ ਜਿਹੜੀਆਂ ਕਿ ਇਸ ਫਰਮ ਰਾਹੀਂ ਟੈਕਸ ਹੈਵਨਜ਼ ਵਜੋਂ ਜਾਣੇ ਜਾਂਦੇ ਦੇਸ਼ਾਂ-ਮਾਰੀਸ਼ੀਅਸ, ਸਾਈਪਰਸ ਸਿਸਲਜ਼, ਬਰਿਟਿਸ਼ ਵਰਜ਼ਨ ਆਈਲੈਂਡ, ਬਾਹਮਾਜ਼, ਸਿੰਗਾਪੁਰ ਆਦਿ ਵਿਚ ਖੋਲੀਆਂ ਗਈਆਂ ਹਨ  ਅਤੇ ਜਿਹਨਾਂ ਰਾਹੀਂ 200 ਤੋਂ ਵੱਧ ਮੁਲਕਾਂ ਜਾਂ ਖਿੱਤਿਆਂ ਦੇ ''ਟੈਕਸ ਚੋਰਾਂ'' ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿਚ ਵੱਖ ਵੱਖ ਦੇਸ਼ਾਂ ਦੇ ਮੁਖੀਆਂ, ਪ੍ਰਧਾਨ ਮੰਤਰੀਆਂ, ਉਹਨਾਂ ਦੇ ਰਿਸ਼ਤੇਦਾਰਾਂ, ਵੱਡੇ ਵੱਡੇ ਸਰਮਾਏਦਾਰਾਂ, ਵੱਡੇ ਅਧਿਕਾਰੀਆਂ, ਸਿਆਸਤਦਾਨਾਂ, ਤੇ ਅਪਰਾਧੀ ਗੈਂਗਾਂ ਨਾਲ ਜੁੜੇ ਹੋਏ ਲੋਕਾਂ ਦੇ ਨਾਂਅ ਬੋਲਦੇ ਹਨ। ਜਿਨ੍ਹਾਂ 'ਚ 500 ਭਾਰਤੀ ਭੱਦਰਪੁਰਸ਼ ਵੀ ਹਨ। ਇਸ ਸੂਚੀ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਮਰਹੂਮ ਪ੍ਰਧਾਨ ਮੰਤਰੀ ਬੀਬੀ ਬੇਨਜ਼ੀਰ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੂਨ, ਰੂਸ ਦੇ ਰਾਸ਼ਟਰਪਤੀ ਪੂਤਿਨ, ਆਦਿ ਦੇ ਨਾਂਅ ਵੀ ਹਨ। 4 ਅਪ੍ਰੈਲ ਨੂੰ ਦੁਨੀਆਂ ਭਰ ਦੀਆਂ ਅਖਬਾਰਾਂ ਵਿਚ ਇਕੋ ਸਮੇਂ ਛਪੇ ਇਸ ਸਨਸਨੀਖ਼ੇਖ ਖੁਲਾਸੇ ਉਪਰੰਤ ਆਈਸਲੈਂਡ ਦੇ ਪ੍ਰਧਾਨ ਮੰਤਰੀ ਸਿਗਮਨਦੂਰ ਗੁਨਲੌਗਸ਼ਨ, ਜਿਸਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਂਅ ਹੇਠ ਖੋਲੀ ਗਈ ਇਕ ਅਜੇਹੀ ਜਾਅਲੀ ਕੰਪਨੀ ਵਿਚ ਕਰੋੜਾਂ ਡਾਲਰ ਜਮਾਂ ਕਰਾਏ ਸਨ, ਦੇ ਘਰ ਨੂੰ ਲੋਕਾਂ ਨੇ ਤੁਰੰਤ ਹੀ ਘੇਰਾ ਪਾ ਲਿਆ ਅਤੇ ਉਸਨੂੰ ਅਗਲੇ ਹੀ ਦਿਨ ਅਸਤੀਫਾ ਦੇਣ ਲਈ ਮਜ਼ਬੂਰ ਕਰ ਦਿੱਤਾ।
ਇਸ ਵੱਡੇ ਖੁਲਾਸੇ ਵਿਚ 78 ਦੇਸ਼ਾਂ ਦੇ 370 ਖੋਜੀ ਪੱਤਰਕਾਰ ਸ਼ਾਮਲ ਸਨ। ਜਿਹਨਾਂ ਵਿਚ, ਇੰਡੀਅਨ ਐਕਸਪ੍ਰੈਸ ਅਖਬਾਰ ਨਾਲ ਜੁੜੇ ਹੋਏ, 25 ਖੋਜੀ ਪੱਤਰਕਾਰ ਵੀ ਸ਼ਾਮਲ ਸਨ। ਇਸ ਖੋਜੀ ਸੰਗਠਨ ਵਿਚ ਮੀਡੀਏ ਨਾਲ ਸਬੰਧਤ 'ਦੀ ਗਾਰਡੀਅਨ' ਤੇ ਬੀ.ਬੀ.ਸੀ. ਵਰਗੀਆਂ 109 ਨਾਮੀ ਗਰਾਮੀ ਸੰਸਥਾਵਾਂ ਦੇ ਪੱਤਰਕਾਰ ਸ਼ਾਮਲ ਹਨ। ਜਿਹਨਾਂ ਨੇ 8 ਮਹੀਨਿਆਂ ਦੀ ਸਖਤ ਮਿਹਨਤ ਸਦਕਾ ਇੰਟਰਨੈਟ ਰਾਹੀਂ ਪ੍ਰਾਪਤ ਇਕ ਕਰੋੜ 10 ਲੱਖ ਦੇ ਕਰੀਬ ਦਸਤਾਵੇਜ਼ਾਂ ਦੀ ਪੁਣਛਾਣ ਕਰਕੇ ਅਜੇਹੇ ਠੋਸ ਤੱਥ, ਸਾਹਮਣੇ ਲਿਆਂਦੇ ਹਨ ਜਿਹਨਾਂ ਦੀ ਪ੍ਰਮਾਣਿਕਤਾ ਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ। ਇਹਨਾਂ ਦਸਤਾਵੇਜ਼ਾਂ ਵਿਚ ਜਾਅਲੀ ਕੰਪਨੀਆਂ ਬਨਾਉਣ ਲਈ ਕੀਤੇ ਗਏ ਇਕਰਾਰਨਾਮੇਂ, ਰਸੀਦਾਂ, ਈਮੇਲ ਚਿੱਠੀਆਂ, ਪਾਸਪੋਰਟਾਂ ਦੀਆਂ ਨਕਲਾਂ ਅਤੇ ਕੰਪਨੀਆਂ 'ਚ ਹਿੱਸਾ ਪੱਤੀ ਪਾਉਣ ਵਾਲਿਆਂ ਦੇ ਐਡਰੈਸ ਆਦਿ ਸ਼ਾਮਲ ਹਨ। ਇਹ ਵੀ ਦੇਖਿਆ ਗਿਆ ਕਿ ਮੋਸਾਕ ਫੋਨੈਂਸਕਾ ਢੁਕਵੀਂ ਫੀਸ ਲੈ ਕੇ ਰੈਡੀਮੇਡ ਬੇਨਾਮੀ ਕੰਪਨੀਆਂ ਵੀ ਰਜਿਸਟਰ ਕਰਵਾਉਂਦੀ ਰਹੀ ਹੈ, ਜਿਹਨਾਂ ਦੇ ਹਿੱਸੇਦਾਰ ਕੋਈ ਹੋਰ ਹਨ ਅਤੇ ਲਾਭ ਪਾਤਰੀ ਹੋਰ, ਜਿਹਨਾਂ ਦੇ ਨਾਂਅ ਪੂਰੀ ਤਰ੍ਹਾਂ ਖੁਫੀਆ ਰੱਖੇ ਜਾਂਦੇ ਹਨ। ਇਹਨਾਂ ਵਿਚ 143 ਰਾਜਨੀਤਕ ਆਗੂ ਅਤੇ 12 ਦੇਸ਼ਾਂ ਦੇ ਮੌਜੂਦਾ ਜਾ ਸਾਬਕਾ ਮੁੱਖੀ ਸ਼ਾਮਲ ਹਨ।
ਇਸ ਵੱਡੀ ਖੋਜ ਵਿਚ ਭਾਰਤ ਨਾਲ ਸਬੰਧਤ 36957 ਫਾਈਲਾਂ ਦੀ ਪੜਤਾਲ ਕੀਤੀ ਗਈ ਹੈ ਜਿਹਨਾਂ 'ਚ ਆਏ ਭਾਰਤੀ ਨਾਵਾਂ ਦੀ ਸੂਚੀ 4-5 ਦਿਨ ਲਿਸਟਾਂ ਦੇ ਰੂਪ ਵਿਚ ਇੰਡੀਅਨ ਐਕਸਪ੍ਰੈਸ 'ਚ ਛਪੀ ਹੈ। ਵਿਦੇਸ਼ਾਂ 'ਚ ਕਾਲਾਧੰਨ ਲੁਕੋਣ ਲਈ ਮੋਸਾਕ ਫੌਨੈਂਸਕਾਂ ਦੀ ਸਹਾਇਤਾ ਲੈਣ ਵਾਲੇ ਭਾਰਤੀ 'ਭੱਦਰਪੁਰਸ਼ਾਂ' ਵਲੋਂ ਆਪਣੀਆਂ ਗੈਰ ਕਾਨੂੰਨੀ ਤੇ ਅਨੈਤਿਕ ਕਰਤੂਤਾਂ ਉਪਰ ਪਰਦਾ ਪੋਸ਼ੀ ਕਰਨ ਲਈ ਦਿੱਤੇ ਗਏ  ਉਤਰ ਵੀ ਇਸ ਅਖਬਾਰ ਨੇ ਨਾਲੋ ਨਾਲ ਛਾਪੇ ਹਨ। ਇਹਨਾਂ 'ਭੱਦਰਪੁਰਸ਼ਾਂ' ਵਿਚ ਪ੍ਰਧਾਨ ਮੰਤਰੀ ਦੇ ਅਤੀ ਨੇੜਲੇ ਅਦਾਨੀ ਗਰੁੱਪ ਦਾ ਵਿਨੋਦ ਅਦਾਨੀ, ਕਾਂਗਰਸੀ ਆਗੂਆਂ ਦੇ ਮਨਜੂਰੇ ਨਜ਼ਰ ਰਹੇ ਉਘੇ ਕੌਲੋਨਾਈਜ਼ਰ ਡੀ.ਐਲ.ਐਫ. ਦੇ ਮਾਲਕ ਕੇ ਪੀ. ਸਿੰਘ, ਇੰਡੀਅਨ ਬੁਲਜ਼ ਦੇ ਮਾਲਕ ਸਮੀਰ ਗਹਿਲੌਤ, ਅਮਿਤਾਬ ਬਚਨ ਅਤੇ ਉਸਦੀ ਨੂੰਹ ਐਸ਼ਵਰਿਆ ਰਾਏ ਅਤੇ ਸ਼ਿਸਰ ਕੁਮਾਰ ਬਜ਼ੋਰੀਆ  ਆਦਿ ਵਰਗੇ ਕਈ ਸਨਅਤਕਾਰਾਂ ਦੇ ਨਾਂਅ ਸ਼ਾਮਲ ਹਨ।
ਕਾਲੇ ਧੰਨ ਬਾਰੇ ਹੋਏ ਇਸ ਸਮੁੱਚੇ ਖੁਲਾਸੇ ਨੇ ਭਾਰਤੀ ਹਾਕਮਾਂ ਨੂੰ ਵੀ ਫਿਕਰਾਂ ਵਿਚ ਪਾ ਦਿੱਤਾ ਹੈ। ਭਾਵੇਂ ਪ੍ਰਧਾਨ ਮੰਤਰੀ ਨੇ ਇਸ ਕਾਂਡ ਦੀ ਪੜਤਾਲ ਕਰਨ ਵਾਸਤੇ ਅਗਲੇ ਹੀ ਦਿਨ ਇਕ ਬਹੁ-ਅਜੈਂਸੀ ਗਰੁੱਪ ਦਾ ਐਲਾਨ ਕਰ ਦਿੱਤਾ ਸੀ, ਪ੍ਰੰਤੂ ਇਹ ਇਕ ਅੱਖਾਂ ਪੂੰਝਣ ਵਾਲੀ ਗੱਲ ਹੀ ਜਾਪਦੀ ਹੈ। ਕਿਉਂਕਿ ਇਸ ਪੜਤਾਲ ਦੀ ਜ਼ੁੰਮੇਵਾਰੀ ਰੀਜ਼ਰਵ ਬੈਂਕ, ਆਮਦਨ ਕਰ ਦੇ ਲੇਖੇ ਜੋਖੇ ਲਈ ਜ਼ੁੰਮੇਵਾਰ ਕੇਂਦਰੀ ਬੋਰਡ (ਸੀ.ਬੀ.ਡੀ.ਟੀ.) ਅਤੇ ਵਿੱਤੀ ਇਨਟੈਲੀਜੈਂਸ ਯੂਨਿਟ ਨੂੰ ਸੌਂਪੀ ਗਈ ਦੱਸੀ ਜਾਂਦੀ ਹੈ। ਰੀਜ਼ਰਵ ਬੈਂਕ ਦੇ ਗਵਰਨਰ ਵਲੋਂ ਅਗਲੇ ਹੀ ਦਿਨ ਦਿੱਤੇ ਗਏ ਇਕ ਬਿਆਨ ਅਨੁਸਾਰ ਇਸ ਪੜਤਾਲੀਆ ਗਰੁੱਪ ਨੇ ਤਾਂ ਸਿਰਫ ਇਹ ਪਤਾ ਹੀ ਲਾਉਣਾ ਹੈ ਕਿ 500 ਦੀ ਇਸ ਸੂਚੀ ਵਿਚ ਸ਼ਾਮਲ ਧੰਨਕੁਬੇਰਾਂ ਵਲੋਂ ਵਿਦੇਸ਼ਾਂ ਵਿਚ ਖੋਲੀਆਂ ਗਈਆਂ ਕੰਪਨੀਆਂ 'ਚੋਂ ਕਿਹੜੀਆਂ ਜਾਇਜ਼ ਹਨ ਅਤੇ ਕਿਹੜੀਆਂ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਵੇਂ 2004 ਤੱਕ ਕਿਸੇ ਵੀ ਭਾਰਤੀ ਲਈ ਵਿਦੇਸ਼ ਵਿਚ ਪੂੰਜੀ ਲਾਉਣ ਦੀ ਵਾਰਸ਼ਿਕ ਹੱਦ 25000 ਡਾਲਰ ਹੀ ਸੀ ਪ੍ਰੰਤੂ ਇਸ ਤੋਂ ਬਾਅਦ ਅੱਗੋਂ ਲਈ ਇਹ ਹੱਦ 2,50,000 ਡਾਲਰ ਸਾਲਾਨਾ ਕਰ ਦਿੱਤੀ ਗਈ ਸੀ। ਇਸ ਅਧਾਰ 'ਤੇ, ਇਹਨਾਂ ਚਰਚਾ ਅਧੀਨ ਭਾਰਤੀ ਧੰਨਕੁਬੇਰਾਂ ਵਲੋਂ ਖੋਹਲੀਆਂ ਗਈਆਂ ਬਹੁਤੀਆਂ ਕੰਪਨੀਆਂ ਨੂੰ ਜਾਇਜ਼ ਠਹਿਰਾਉਣ ਦੇ ਲਾਜ਼ਮੀ ਯਤਨ ਹੋਣਗੇ। ਏਥੇ ਇਹ ਵਿਡੰਬਨਾ ਵੀ ਹੈ ਕਿ ਇੰਡੀਅਨ ਐਕਸਪ੍ਰੈਸ ਅਖਬਾਰ ਨੇ ਵੀ ਦੇਸ਼ ਦੇ ਵਿੱਤੀ ਵਸੀਲਿਆਂ ਦੀ ਹੋ ਰਹੀ ਇਸ ਸ਼ਰਮਨਾਕ ਲੁੱਟ ਬਾਰੇ, 4-5 ਦਿਨਾਂ ਤੱਕ ਚੰਗੀ ਜਾਣਕਾਰੀ ਛਾਪਣ ਉਪਰੰਤ, 8 ਅਪ੍ਰੈਲ ਦੇ ਅੰਕ ਵਿਚ ਲਿਖੇ ਸੰਪਾਦਕੀ ਰਾਹੀਂ ਇਸ ਮੁੱਦੇ 'ਤੇ ਕਾਹਲੀ ਵਿਚ ਕੋਈ ਸਖਤ ਕਦਮ ਨਾ ਚੁੱਕਣ, ਅਤੇ ਪਹਿਲਾਂ ਖਰੇ ਖੋਟੇ ਦੀ ਪਛਾਣ ਕਰ ਲੈਣ, ਦੀ ਸਲਾਹ ਦੇ ਦਿੱਤੀ ਹੈ। ਜਦੋਂਕਿ ਇਸ ਸੰਦਰਭ ਵਿਚ ਬਹੁਤ ਹੀ ਸਾਫ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਦੇਸ਼ਾਂ ਵਿਚ ਕਾਨੂੰਨੀ ਤੌਰ 'ਤੇ ਪੂੰਜੀ ਨਿਵੇਸ਼ ਕਰਨ ਅਤੇ ਕੋਈ ਜਾਇਜ਼ ਕੰਪਣੀ ਸਥਾਪਤ ਕਰਨ ਵਾਲੇ ਨੂੰ ਪਨਾਮਾ ਵਿਚਲੀ ਇਸ ਫਰਮ 'ਮੋਸਾਕ ਫੌਨੈਂਸਕਾ' ਦੀਆਂ ਸੇਵਾਵਾਂ ਲੈਣ ਦੀ ਲੋੜ ਕਿਉਂ ਪਈ? ਕਿਉਂਕਿ ਜੇ ਦੁੱਧ ਲੈਣਾ ਹੋਵੇ ਤਾਂ ਸ਼ਰਾਬ ਦੇ ਠੇਕੇ 'ਤੇ ਜਾਣ ਦੀ ਲੋੜ ਨਹੀਂ ਹੁੰਦੀ, ਉਥੇ ਤਾਂ ਕੋਈ ਸ਼ਰਾਬ ਖਰੀਦਣ ਹੀ ਜਾਂਦਾ ਹੈ। ਇਸ ਦੇ ਬਾਵਜੂਦ ਵੀ ਜੇਕਰ ਭਾਰਤੀ ਹਾਕਮ ਮੋਸਾਕ ਫੋਨੈਂਸਕਾ ਦੇ ਗਾਹਕਾਂ ਰਾਹੀਂ ਕੀਤੇ ਗਏ ਕਾਲੇ ਧੰਨ ਦੇ ਵਿਦੇਸ਼ੀ ਨਿਵੇਸ਼ ਨੂੰ ਕਾਨੂੰਨੀ ਤੇ ਗੈਰ-ਕਾਨੂੰਨੀ ਨਿਵੇਸ਼ ਦੀਆਂ ਧਾਰਨਾਵਾਂ ਵਿਚ ਉਲਝਾਉਣਾ ਚਾਹੁੰਦੇ ਹਨ ਤਾਂ ਇਹ ਨਿਸ਼ਚੇ ਹੀ ਦੇਸ਼ ਵਾਸੀਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਹ ਵੀ ਜਾਪਦਾ ਹੈ ਕਿ ਕਾਲੇ ਧੰਨ ਦੇ ਸਰੋਤਾਂ ਅਤੇ ਇਸ ਨੂੰ ਛੁਪਾਉਣ ਬਾਰੇ ਹੋਏ ਇਸ ਵੱਡੇ ਖੁਲਾਸੇ ਨੂੰ ਵੀ 2011, 2013 ਅਤੇ 2015 ਵਿਚ ਇਸ ਵਿਸ਼ੇ 'ਤੇ ਪਹਿਲਾਂ ਹੁੰਦੇ ਰਹੇ ਇਨਕਸ਼ਾਫਾਂ ਵਾਂਗ ਹੀ ਘੱਟੇ ਕੌਡੀਆਂ ਰਲਾ ਦਿੱਤਾ ਜਾਵੇਗਾ।
ਇਸ ਦੇ ਬਾਵਜੂਦ ਏਥੇ ਅਸੀਂ ਇਸ ਖੋਜ ਦੌਰਾਨ ਸਾਹਮਣੇ ਆਏ ਦੋ ਅਹਿਮ ਪੱਖਾਂ ਬਾਰੇ ਜ਼ਰੂਰ ਕੁਝ ਕਹਿਣਾ ਚਾਹੁੰਦੇ ਹਾਂ। ਪਹਿਲਾ ਹੈ: ਕਾਲੇ ਧੰਨ ਦੇ ਸੋਮਿਆ ਬਾਰੇ। ਕਾਲਾ ਧਨ ਵਧੇਰੇ ਕਰਕੇ ਤਾਂ ਟੈਕਸ ਚੋਰੀ ਦੀ ਉਪਜ ਹੀ ਹੁੰਦਾ ਹੈ। ਇਸ ਤਰ੍ਹਾਂ, ਗੈਰ ਕਾਨੂੰਨੀ ਢੰਗ ਤਰੀਕਿਆਂ ਨਾਲ ਜੋੜੀ ਗਈ ਪੂੰਜੀ ਰਾਹੀਂ ਕੀਤੀ ਗਈ ਕਾਲੀ ਕਮਾਈ ਕਾਲੇ ਧੰਨ ਦਾ ਪਸਾਰਾ ਵਧਾਉਂਦੀ ਜਾਂਦੀ ਹੈ। ਇਹ ਕੰਮ ਵੱਡੇ ਵੱਡੇ ਪੂੰਜੀਪਤੀਆਂ ਵਲੋਂ ਕੀਤਾ ਜਾਂਦਾ ਹੈ, ਜਿਹਨਾਂ ਨੂੰ ਅਕਸਰ ਹੀ ਦੇਸ਼ ਦੇ ਸਾਰੇ ਕਾਇਦੇ ਕਾਨੂੰਨਾਂ ਤੋਂ ਉਪਰ ਸਮਝਿਆ ਜਾਂਦਾ ਹੈ। ਬੈਂਕਾਂ ਤੋਂ ਲਏ ਅਰਬਾਂ ਖਰਬਾਂ ਰੁਪਏ ਦੇ ਕਰਜ਼ੇ ਸ਼ਰੇਆਮ ਹਜ਼ਮ ਕਰ ਜਾਣ ਵਾਲੇ ਭੱਦਰਪੁਰਸ਼ਾਂ ਦੇ ਕੇਸ ਵਿਚ ਸਾਡੀ ਇਹ ਸਮਝਦਾਰੀ ਪੂਰੀ ਤਰ੍ਹਾਂ ਹੀ ਸਹੀ ਸਾਬਤ ਹੁੰਦੀ ਹੈ; ਦੇਸ਼ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਸਰਕਾਰ/ਬੈਂਕ ਉਹਨਾਂ ਦੇ ਨਾਂਅ ਨਸ਼ਰ ਕਰਨ ਲਈ ਤਿਆਰ ਨਹੀਂ।
ਕਾਲੇ ਧਨ ਦਾ ਦੂਜਾ ਵੱਡਾ ਸਰੋਤ ਹੈ ਹਾਕਮ ਸਿਆਸਤਦਾਨਾਂ ਅਤੇ ਉਚ ਅਧਿਕਾਰੀਆਂ ਵਲੋਂ ਸਰਕਾਰੀ ਸੌਦਿਆਂ ਵਿਚ ਕਮਿਸ਼ਨਾਂ ਰਾਹੀਂ ਕੀਤਾ ਜਾ ਰਿਹਾ ਘਾਲਾਮਾਲਾ। ਪਨਾਮਾ ਪੇਪਰਜ਼ 'ਚ ਇਹ ਖੁਲਾਸਾ ਵੀ ਹੋਇਆ ਹੈ ਕਿ ਸਾਡੇ ਦੇਸ਼ ਦੀ ਨੇਵੀ ਅਤੇ ਹਵਾਈ ਫੌਜ, ਦੋਵਾਂ ਲਈ, ਇਟਲੀ ਦੀ ਇਕ ਕੰਪਨੀ ਈਲੀਟਰੌਨਿਕਾ ਐਸਪੀ ਏ ਪਾਸੋਂ 1996 ਤੋਂ ਭਾਰੀ ਸਾਜ਼ੋ-ਸਮਾਨ ਖਰੀਦਿਆ ਜਾ ਰਿਹਾ ਹੈ, ਜਿਸ ਉਪਰ ਮੋਸਾਕ ਫੋਨੈਂਸਿਕਾ ਵਲੋਂ ਵਿਦੇਸ਼ਾਂ ਵਿਚ ਰਜਿਸਟਰ ਕੀਤੀਆਂ ਗਈਆਂ ਦੋ ਜਾਅਲੀ ਕੰਪਨੀਆਂ ਰਾਹੀਂ 5% ਤੋਂ 17% ਤੱਕ ਦਾ ਭਾਰੀ ਕਮਿਸ਼ਨ ਦਿੱਤਾ ਜਾਂਦਾ ਰਿਹਾ ਹੈ। ਬਹੁਤ ਹੀ ਬੇਰਹਿਮੀ ਨਾਲ ਸਰਕਾਰੀ ਖ਼ਜਾਨੇ ਦੀ ਕੀਤੀ ਜਾਂਦੀ ਇਹ ਲੁੱਟ ਵੀ ਕਾਲੇ ਧਨ ਦੇ ਰੂਪ ਵਿਚ ਅਜਿਹੇ ਵਿਦੇਸ਼ੀ ਖਾਤਿਆਂ ਵਿਚ ਹੀ ਜਮਾਂ ਹੁੰਦੀ ਹੈ। ਕਾਲੇ ਧਨ ਦਾ ਤੀਜਾ ਰੂਪ ਹੈ ਅਪਰਾਧੀ ਤੱਤਾਂ ਦੀ ਮੋਟੀ ਕਮਾਈ। ਇਸ ਸੰਦਰਭ ਵਿਚ ਵੀ ਪਨਾਮਾ ਪੇਪਰਜ਼ ਵਿਚ ਬਦਨਾਮ ਮੈਮਨ ਗੈਂਗ ਦੇ ਇਕ ਕਾਰਕੁੰਨ ਇਕਬਾਲ ਮਿਰਚੀ ਦੇ ਪਰਿਵਾਰ ਦੀਆਂ ਵਿਦੇਸ਼ੀ ਕੰਪਨੀਆਂ ਦਾ ਜ਼ਿਕਰ ਆਉਂਦਾ ਹੈ। ਇਹ ਸਮੁੱਚੀ ਖੋਜ ਕਰਨ ਵਾਲੀ ਟੀਮ ਵਿਚ ਸ਼ਾਮਲ ਇੰਡੀਅਨ ਐਕਸਪ੍ਰੈਸ ਦੇ ਇਕ ਪੱਤਰਕਾਰ ਨੇ ਟਿੱਪਣੀ ਕੀਤੀ ਹੈ ਕਿ ਨਵੀਆਂ ਆਰਥਕ ਨੀਤੀਆਂ ਲਾਗੂ ਹੋਣ ਉਪਰੰਤ ''ਹੌਲੀ ਹੌਲੀ ਮੌਸਾਕ ਫੈਨੈਂਸਕਾ ਦੇ ਭਾਰਤੀ ਗਾਹਕਾਂ ਦੀ ਗਿਣਤੀ ਵੱਧਦੀ ਗਈ ਹੈ, ਜਿਹਨਾਂ 'ਚ ਉਦਾਹਰਣ ਵਜੋਂ ਸ਼ਾਮਲ ਹਨ- ਇਕ ਸਜ਼ਾਯਾਫਤਾ ਆਤੰਕਵਾਦੀ ਦਾ ਪਰਿਵਾਰ, ਇਕ ਭਰਿਸ਼ਟ ਸਿਆਸਤਦਾਨ, ਇਕ ਬਿਜ਼ਨਸਮੈਨ ਜਿਸਦੀ ਸੂਹੀਆ ਅਜੈਂਸੀਆਂ ਪੜਤਾਲ ਕਰ ਰਹੀਆਂ ਹਨ, ਸਰਕਾਰ ਨਾਲ ਸਬੰਧਤ ਉਚ ਅਧਿਕਾਰੀ ਅਤੇ ਦਲਾਲ ਜਿਹੜੇ ਕਿ ਵੱਡੇ ਵੱਡੇ ਸੌਦਿਆਂ 'ਚੋਂ ਮਿਲੀ ਦਲਾਲੀ ਦੀਆਂ ਰਕਮਾਂ ਛੁਪਾਉਣਾ ਚਾਹੁੰਦੇ ਹਨ।''
ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਾਲੇ ਧਨ ਦਾ ਇਹ ਸਮੁੱਚਾ ਕਾਰੋਬਾਰ ਰਾਜਸ਼ਕਤੀ 'ਤੇ ਭਾਰੂ 'ਸੱਜਣਾਂ' ਵਲੋਂ ਹੀ ਕੀਤਾ ਜਾਂਦਾ ਹੈ, ਜਿਹੜੇ ਕਿ ਲੋਕਾਂ ਦੇ ਅਸਲ ਦੁਸ਼ਮਣ ਹਨ। ਇਹਨਾਂ ਨੂੰ ਪਛਾਣੇ ਅਤੇ ਸਿਆਸੀ ਖੇਤਰ 'ਚੋਂ ਭਾਂਜ ਦਿੱਤੇ ਬਗੈਰ ਦੇਸ਼ ਤੇ ਕੌਮ ਦੀ ਤਰੱਕੀ ਦੇ ਸੁਪਨੇ ਲੈਣੇ ਨਿਰੀ ਖਾਮ-ਖਿਆਲੀ ਹੈ। 

ਸਿਖਿਆ ਦੇ ਭਗਵੇਂਕਰਨ ਦੇ ਨਾਲ ਨਾਲ ਬਦੇਸ਼ੀਆਂ ਵੱਲ ਤੁਰੀ ਸਰਕਾਰ

ਡਾ. ਤੇਜਿੰਦਰ ਵਿਰਲੀ

ਗਜੇਂਦਰ ਚੋਹਾਨ ਦੀ ਪੂਨੇ ਦੇ ਐਫ ਟੀ ਆਈ ਆਈ ( ਫਿਲਮ ਐਂਡ ਟੈਲੀਵਿਜ਼ਨ ਇੰਸੀਟੀਚਿਊਟ ਆਫ ਇੰਡੀਆ) ਵਿਖੇ ਕੀਤੀ ਗਈ ਚੈਅਰਮੈਨ ਦੀ ਨਿਯੁਕਤੀ ਨੇ ਇਕ ਗੱਲ ਜੱਗ ਜਾਹਰ ਕਰ ਦਿੱਤੀ ਸੀ। ਕਿ ਮੋਦੀ ਸਰਕਾਰ ਦਾ ਮਨੁੱਖੀ ਵਸੀਲਿਆਂ ਬਾਰੇ ਮੰਤਰਾਲਾ ਭਾਰਤ ਦੇ ਨਾਗਰਿਕਾਂ ਨੂੰ ਇਕ ਖਾਸ ਮਨੋਰਥ ਨਾਲ ਧਾਰਮਿਕ ਮੂਲਵਾਦ ਦੀ ਸਿਖਿਆ ਦੇ ਕੇ ਖਾਸ ਤਰ੍ਹਾਂ ਦੇ ਨਾਗਰਿਕ ਬਣਾਉਣਾ ਚਾਹੁੰਦਾ ਹੈ। ਇਸ ਨਿਯੁਕਤੀ ਨਾਲ ਇਹ ਗੱਲ ਕੇਵਲ ਜੱਗ ਜਾਹਰ ਹੀ ਹੋਈ ਹੈ। ਪਰ ਇਸ ਦੱਖਣ ਪੰਥੀ ਸੋਚ ਦਾ ਆਗਾਜ਼ ਉਦੋਂ ਤੋਂ ਹੀ ਹੋ ਗਿਆ ਸੀ ਜਦੋਂ ਮੁਰਲੀ ਮਨੋਹਰ ਜੋਸ਼ੀ ਨੇ ਇਸ ਵਿਭਾਗ ਦੀ ਜਿੰਮੇਵਾਰੀ ਸੰਭਾਲੀ ਸੀ। ਆਰ ਐਸ ਐਸ ਦੀ ਅਗਵਾਈ ਹੇਠ ਕੰਮ ਕਰਦੀ ਭਾਜਪਾ ਸਦਾ ਹੀ ਮਨੁੱਖ ਨੂੰ ਧਾਰਮਿਕ ਮੂਲਵਾਦ ਦਾ ਪਾਠ ਪੜ੍ਹਾਉਣ ਲਈ ਤਤਪਰ ਰਹੀ ਹੈ । ਮੋਦੀ ਰਾਜ ਵਿਚ ਮੁਰਲੀ ਮਨੋਹਰ ਜੋਸ਼ੀ ਦੀ ਮੁਰਲੀ ਵੱਜਣੀ ਭਾਂਵੇ ਬੰਦ ਹੋ ਗਈ ਹੈ ਪਰ ਆਰ ਐਸ ਐਸ ਦਾ ਸਿਖਿਆ ਦੇ ਭਗਵੇਕਰਨ ਦਾ ਸਫਰ ਨਿਰੰਤਰ ਜਾਰੀ ਹੈ।
ਜੇ ਇਸ ਸਫਰ ਬਾਰੇ ਮੋਟੇ ਰੂਪ ਵਿਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਭਾਰਤ ਦਾ ਹਿੰਦੋਸਤਾਨੀਕਰਨ, ਭਾਰਤੀਆਂ ਵਿਚ ਅੰਧਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨਾ, ਤੇ ਉਨ੍ਹਾਂ ਨੂੰ ਮਧਕਾਲੀ ਅਧਿਆਤਮੀਕਰਨ ਵੱਲ ਲੈਕੇ ਜਾਣਾ। ਇਸੇ ਮਨੋਰਥ ਦੀ ਪੂਰਤੀ ਲਈ ਸ਼੍ਰੀਮਤੀ ਸਮਰਿਤੀ ਈਰਾਨੀ ਨੂੰ ਲਗਾਇਆ ਗਿਆ ਹੈ। ਬਾਕੀ ਸਾਰੇ ਵਿਭਾਗ ਉਸ ਦੇ ਸਹਾਇਕ ਵਜੋਂ ਉਸ ਦੇ ਪੂਰਕ ਹਨ। ਇਸੇ ਕਰਕੇ ਵਿਦੇਸ਼ ਮੰਤਰੀ ਸੁਸ਼ਮਾਂ ਸਵਰਾਜ ਭਗਵਤ ਗੀਤਾ ਨੂੰ ਰਾਸ਼ਟਰੀ ਗ੍ਰੰਥ ਦਾ ਦਰਜਾ ਦੇਣ ਦੀ ਵਕਾਲਤ ਕਰਦੀ ਹੈ। ਜੋਤਿਸ਼ ਨੂੰ ਵਿਗਿਆਨ ਦਾ ਦਰਜ਼ਾ ਦੇ ਕੇ ਯੂਨੀਵਰਸਿਟੀਆਂ ਵਿਚ ਪੜਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਰ ਐਸ ਐਸ ਤੇ ਇਸ ਦੀਆਂ ਹੋਰ ਸ਼ਿਖਾਵਾਂ 2021 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਰਾਗ ਅਲਾਪਦੀਆਂ  ਹਨ। ਇਸ ਲਈ ਕਦੇ ਘਰ ਵਾਪਸੀ, ਕਦੇ ਰਾਸ਼ਟਰੀ ਯੋਗਾ ਦਿਵਸ ਤੇ ਕਦੇ ਧਰਮਾਂਤਰਣ ਦੀ ਸਰਕਾਰੀ ਮੁਹਿੰਮ ਚਲਾਈ ਜਾਂਦੀ ਹੈ। ਇਸ ਲਈ ਦੇਸ਼ ਦੇ ਬਜਟ ਵਿਚ ਬਾਡਰ ਦੇ ਲਾਗਲੇ ਪਿੰਡਾ ਵਿਚ ਸਭਿਆਚਾਰ ਨੂੰ ਜੀਵਤ ਰੱਖਣ ਦੇ ਨਾਮ ਹੇਠ ਵੱਡੇ ਫੰਡ ਰੱਖੇ ਜਾਂਦੇ ਹਨ। ਇਸ ਕਿਸਮ ਦੀ ਪਿਛਾਂਖਿਚੂ ਸੋਚ ਦੇ ਖਿਲਾਫ ਦੇਸ਼ ਵਿਚ ਜੇ ਕੋਈ ਜੁਬਾਨ ਵੀ ਖੋਲਦਾ ਹੈ ਤਾਂ ਉਸ ਨੂੰ ਪਾਕਿਸਤਾਨ ਚਲੇ ਜਾਣ ਦਾ ਤਾਲੀਬਾਨੀ ਹੁਕਮ ਭਾਰਤੀ ਮੀਡੀਏ ਰਾਹੀਂ ਸ਼ਰੇਆਮ ਦਿੱਤਾ ਜਾਂਦਾ ਹੈ।
ਸਮਰਿਤੀ ਈਰਾਨੀ ਆਪਣੇ ਆਕਾ ਦੇ ਆਦੇਸ਼ਾਂ ਅਨੁਸਾਰ ਕੰਮ ਕਰ ਰਹੀ ਹੈ। ਜਿਸ ਦੇ ਤਹਿਤ ਹਰ ਕਿਸਮ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਉਪਰ ਟੰਗਕੇ ਫੈਸਲੇ ਲਏ ਜਾ ਰਹੇ ਹਨ। ਕਿਸੇ ਕਿਸਮ ਦੀਆਂ ਅਗਾਂਹ ਵਧੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਟਾਇਮ ਹੀ ਨਹੀਂ ਦਿੱਤਾ ਜਾਂਦਾ। ਤੀਜੀ ਭਾਸ਼ਾਂ ਵਜੋਂ ਜਰਮਨ ਭਾਸ਼ਾ ਪੜ੍ਹ ਰਹੇ ਦੇਸ਼ ਦੇ 6 ਤੋਂ 8 ਵੀਂ ਕਲਾਸ਼ ਦੇ ਬੱਚਿਆਂ ਨੂੰ ਜਬਰੀ ਸੰਸਕ੍ਰਿਤ ਪੜ੍ਹਨ ਦਾ ਫਰਮਾਨ ਜਾਰੀ ਕੀਤਾ ਜਾ ਚੁੱਕਾ ਹੈ। ਆਰ ਐਸ ਐਸ ਵੱਲੋਂ ਚਲਾਏ ਜਾ ਰਹੇ ''ਸਰਵ ਹਿਤਕਾਰੀ ਸਕੂਲਾਂ'' ਵਿਚ ਬਾਬਰੀ ਮਸਜਦ ਢਾਉਣ ਵਾਲਿਆਂ ਕਾਰ ਸੇਵਕਾਂ ਨੂੰ ਕੌਮ ਦੇ ਹੀਰਿਆਂ ਵਾਂਗ ਪੇਸ਼ ਕਰਨ ਲਈ ਪਾਠਕ੍ਰਮ ਵਿਚ ਸ਼ਾਮਲ ਕੀਤਾ ਗਿਆ ਹੈ। ਬੀਜੇਪੀ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਦੇ ਸਰਕਾਰੀ ਸਕੂਲਾਂ ਵਿਚ ਬਲਾਤਕਾਰ ਦੇ ਦੋਸ਼ਾਂ ਵਿਚ ਜੇਲ੍ਹ ਅੰਦਰ ਕੈਦ ਅਖੌਤੀ ਬਾਪੂ ਆਸਾਰਾਮ ਨੂੰ ਦੇਵਤੇ ਦੇ ਤੌਰ 'ਤੇ ਪੜਾਇਆ ਜਾ ਰਿਹਾ ਹੈ। ਇਹ ਸਭ ਫੈਸਲੇ ਦੇਸ਼ ਦੇ ਮੰਨੇ ਪ੍ਰਮੰਨੇ ਸਿਖਿਆ ਸ਼ਾਸ਼ਤਰੀਆਂ ਦੀ ਸਲਾਹ ਨੂੰ ਅੱਖੋਂ ਪਰੋਖੇ ਕਰਕੇ ਲਏ ਜਾ ਰਹੇ ਹਨ।
ਵਿਸ਼ਵੀਕਰਨ ਦੇ ਦੌਰ ਵਿਚ ਆਰਥਿਕ ਲੁੱਟ ਵੱਲ ਧੱਕੇ ਜਾ ਰਹੇ ਦੇਸ਼ ਨੂੰ ਇਸ ਪੜਆ ਉਪਰ ਜਿਸ ਕਿਸਮ ਦੇ ਤਰੀਕੇ ਨਾਲ ਮੋੜਿਆ ਜਾ ਰਿਹਾ ਹੈ ਉਸ ਦਾ ਸਿੱਧਾ ਤੇ ਸ਼ਪਸ਼ਟ ਅਰਥ ਹੈ ਕਿ ਬੁਹ ਰਾਸ਼ਟਰੀ ਕੰਪਣੀਆਂ ਦੀ ਲੁੱਟ ਦਾ ਬਜਾਰ ਜਾਰੀ ਰਹੇ। ਜਿਹੜੇ 2000 ਸਨ ਵਿਚ ਭਾਰਤੀਆਂ ਨੂੰ 2020 ਦੇ ਸ਼ਾਈਨਿੰਗ ਭਾਰਤ ਦੇ ਸੁਪਨੇ ਦਿਖਾ ਰਹੇ ਸਨ ਉਹ ਹੁਣ ਆਪਣੀ ਦੂਸਰੀ ਪਾਰੀ ਵਿਚ ਹਿੰਦੂ ਸੁਨਹਿਰੀ ਯੁੱਗ ਵਿਚ ਜਾਣ ਦੀ ਗੱਲ ਕਰ ਰਹੇ ਹਨ।
ਇਕ ਪਾਸੇ ਡਾ ਮਨਮੋਹਨ ਸਿੰਘ  ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਬੁਹ ਰਾਸ਼ਟਰੀ ਕੰਪਣੀਆਂ ਦੀ ਲੁੱਟ ਦਾ ਸਫਰ ਤੇਜ਼ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਦੇਸ਼ ਦੇ ਸੰਭਾਵੀ ਵਿਰੋਧ ਨੂੰ ਧਾਰਮਿਕ ਪਾਣ ਨਾਲ ਮਧਕਾਲ ਵੱਲ ਮੋੜਿਆ ਜਾ ਰਿਹਾ ਹੈ। ਵਰਤਮਾਨ ਨੂੰ ਮਧ ਕਾਲ ਵੱਲ ਮੋੜਨ ਵਾਲਾ ਆਰ.ਐਸ. ਐਸ. ਦਾ ਸਿਧਾਂਤਕਾਰ ਦੀਨਾਂ ਨਾਥ ਬਤਰਾ ਜਿਹੜਾ '' ਸ਼ਿਕਸ਼ਾ ਬਚਾਓ ਅੰਦੋਲਨ ਸਮਿਤੀ ' ਦਾ ਕਨਵੀਨਰ ਵੀ ਹੈ, ਅਸਲ ਵਿਚ ਇਸ ਦਾ ਸਿਧਾਂਤਘਾੜਾ ਹੈ ਜਿਸ ਦੇ ਪਦ ਚਿੰਨਾਂ ਉਪਰ ਚਲਦਾ ਹੋਇਆ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮਿਥਿਹਾਸਕ ਮਿੱਥਾਂ ਨੂੰ ਵਿਗਿਆਨ ਸਿੱਧ ਕਰਨ ਦੀ ਅਗਵਾਈ ਆਪ ਕਰ ਰਿਹਾ ਹੈ। ਤੇ, ਉਹ ਬੜੇ ਹੀ ਫਕਰ ਨਾਲ ਇਸ ਕਿਸਮ ਦੀਆਂ ਢੀਂਗਾਂ ਮਾਰਦਾ ਹੈ ਕਿ ਸਰੀਰ ਵਿਗਿਆਨ, ਤਾਰਾ ਵਿਗਿਆਨ, ਟੈਲੀਵੀਜ਼ਨ, ਮੋਟਰ ਕਾਰਾਂ ਤੇ ਹਵਾਈ ਜਹਾਜ਼ ਤੱਕ ਦੀ ਤਕਨੀਕ ਰਮਾਂਇਣ ਤੇ ਮਹਾਂਭਾਰਤ ਕਾਲ ਵਿਚ ਹੁਣ ਨਾਲੋਂ ਵਧੇਰੇ ਵਿਕਸਤ ਸੀ। ਇਸ ਸਾਰੇ ਦਾ ਸਿਹਰਾ ਹਿੰਦੂ ਧਰਮ ਗ੍ਰੰਥਾਂ ਦੇ ਸਿਰ ਮੜਦਾ ਹੋਇਆ ਤਰਕ ਦਿੰਦਾ ਹੈ ਕਿ ਸਾਨੂੰ ਆਪਣੇ ਪੂਰਵਲੇ ਗ੍ਰੰਥਾਂ ਵੱਲ ਮੁੜਨਾ ਚਾਹੀਦਾ ਹੈ। ਦਿਮਾਗੀ ਦੀਵਾਲੀਏਪਣ ਦੀ ਇਸ ਤੋਂ ਵੱਡੀ ਹੋਰ ਕੋਈ ਉਦਾਹਰਣ ਸਾਡੇ ਸਮਿਆਂ ਦੇ ਸੰਸਾਰ ਦੇ ਹੋਰ ਕਿਸੇ ਵੀ ਦੇਸ ਦੇ ਮੁੱਖੀ ਦੀ ਨਹੀਂ ਮਿਲਦੀ। ਜਿਨਾਂ ਨੀਤੀਆਂ ਉਪਰ ਹਰਿਆਣਾ ਦੇ ਸਿਖਿਆ ਮੰਤਰੀ ਪ੍ਰੋ ਰਾਮ ਬਿਲਾਸ ਨੇ ਕਿਹਾ ਹੈ ਕਿ ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਗੀਤਾ ਦੇ ਅਧਿਆਇ ਪੜਾਏ ਜਾਣਗੇ। ਇਸ ਦੇ ਨਾਲ ਹੀ ਵੈਦਿਕ ਗਣਿਤ ਪੜਾਉਣ ਲਈ ਈਰਾਨੀ ਨੇ ਕੁਝ ਯੂਨੀਵਰਸਿਟੀਆਂ ਨੂੰ ਹੁਕਮ ਚਾੜ ਰੱਖੇ ਹਨ।
ਗੱਲ ਇੱਥੇ ਵੀ ਰੁਕਦੀ ਨਹੀਂ ਲਗਦੀ। ਇਸ ਲਈ ਪ੍ਰਧਾਨ ਮੰਤਰੀ ਦਫਤਰ ਵੱਲੋਂ ਨੀਤੀ ਅਜੋਗ ਨੂੰ ਵਿਦਿਆ ਦੇ ਖੇਤਰ ਵਿਚ ਤੇਜੀ ਨਾਲ ਕੰਮ ਕਰਨ ਲਈ ਲਿਖਿਆ ਗਿਆ ਹੈ, ਜਿਸ ਦੇ ਤਹਿਤ ਬਦੇਸ਼ੀ ਯੂਨੀਵਰਸਿਟੀਆਂ ਹੁਣ ਦੇਸ਼ ਵਿਚ ਆਪਣੇ ਕੈਪਸ ਖੋਲ ਕੇ ਵਿਦਿਆਰਥੀਆਂ ਦੀ ਲੁੱਟ ਕਰਨ ਲਈ ਆਜ਼ਾਦ ਹੋ ਗਈਆਂ ਹਨ। ਇਸ ਲਈ ਯੂ ਜੀ ਸੀ ਦੇ ਐਕਟ 1956 ਵਿਚ ਸੋਧ ਕਰ ਦਿੱਤੀ ਗਈ ਹੈ। ਇਹ ਬਦੇਸ਼ੀ ਸਿੱਖਿਆ ਪ੍ਰੋਵਾਈਡਰ ਸਿੱਧੇ ਆਪ ਵੀ ਆ ਸਕਦੇ ਹਨ ਤੇ ਭਾਰਤੀ ਸਰਮਾਏਦਾਰਾਂ ਦੀ ਮਦਦ ਦੇ ਨਾਲ ਵੀ ਇਸ ਖੇਤਰ ਵਿਚ ਕੰਮ ਕਰ ਸਕਦੇ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਖੇਤਰ ਵਿਚ ਪਹਿਲਾਂ ਵੀ ਬਦੇਸ਼ੀ ਸਰਮਾਏਦਾਰ ਸਰਗਰਮ ਸਨ। ਹੁਣ ਭਾਰਤ ਸਰਕਾਰ ਵੱਲੋਂ ਮਿਲੀਆਂ ਖੁੱਲਾਂ ਦਾ ਆਨੰਦ ਮਾਨਣ ਲਈ ਵੱਡੇ ਪੱਧਰ ਉਪਰ ਬਦੇਸ਼ੀ ਧਾੜਾਂ ਦੀ ਆਮਦ ਹੋ ਸਕਦੀ ਹੈ। ਇਸ ਖੇਤਰ ਵਿਚ 651 ਤੋਂ ਵੱਧ ਬਦੇਸ਼ੀ ਸਿਖਿਆ ਪ੍ਰੋਵਾਈਡਰ ਪਹਿਲਾਂ ਹੀ ਕੰਮ ਕਰ ਰਹੇ ਹਨ।
ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਖੇਤਰ ਵਿਚ ਸਾਡੀਆਂ ਸਰਕਾਰਾਂ 1991 ਤੋਂ ਹੀ ਲੱਗੀਆਂ ਹੋਈਆਂ ਸਨ। ਭਾਂਵੇ ਆਪੋਜੀਸ਼ਨ ਵਿਚ ਬੈਠੀਆਂ ਰਾਜਸੀ ਧਿਰਾਂ ਆਪਣੀ ਸਿਥਿਤੀ ਕਰਕੇ ਇਸ ਦਾ ਸਮੇਂ ਸਮੇਂ ਵਿਰੋਧ ਵੀ ਕਰਦੀਆਂ ਰਹੀਆਂ ਹਨ। ਇਤਿਹਾਸ ਗਵਾਹ ਹੈ ਕਿ ਯੂ ਪੀ ਏ ਦੀ ਦੂਸਰੀ ਵਾਰੀ ਵਿਚ ਭਾਜਪਾ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ। ਤੇ ਅੱਜ ਉਸੇ ਹੀ ਬੀਜੇਪੀ ਨੇ ਬਹਾਨਾਂ ਇਹ ਘੜਿਆ ਹੈ ਕਿ ਮਿਆਰੀ ਤੇ ਸਸਤੀ ਵਿਦਿਆ ਦੇਣ ਲਈ ਬਿਦੇਸ਼ੀ ਸਰਮਾਏਦਾਰਾਂ ਨੂੰ ਸੱਦਾ ਦੇਣਾ ਸਮੇ ਦੀ ਲੋੜ ਸੀ। ਬਹਾਨਾ ਇਹ ਵੀ ਘੜਿਆ ਜਾ ਰਿਹਾ ਹੈ ਕਿ ਦੇਸ਼ ਕੋਲ ਉਚ ਪਾਏ ਦੇ ਅਧਿਆਪਕਾਂ ਦੀ ਘਾਟ ਹੈ। ਜਦਕਿ ਭਾਰਤ ਦਾ ਬੱਚਾ ਬੱਚਾ ਜਾਣਦਾ ਹੈ ਕਿ ਪੜੇ ਲਿਖੇ ਬੇਰੁਜ਼ਗਾਰਾਂ ਦੀ ਲਾਇਨ ਹਰ ਰੋਜ਼ ਲੰਮੀ ਹੋ ਰਹੀ ਹੈ।
ਵਿਦਿਆ ਕਿਸੇ ਵੀ ਸਮਾਜ ਦੀ  ਰੀੜ ਦੀ ਹੱਡੀ ਹੁੰਦੀ ਹੈ। ਸਮਾਜ ਪ੍ਰਬੰਧ ਉਪਰ ਕਾਬਜ਼ ਧਿਰਾਂ ਵਿਦਿਆ ਸੰਭੰਧੀ ਨੀਤੀਆਂ ਨੂੰ ਆਪਣੀਆਂ ਜਮਾਤੀ ਲੋੜਾਂ ਦੇ ਅਨੁਸਾਰ ਬਣਾਉਂਦੀਆਂ ਹਨ ਨਾ ਕਿ ਸਮਾਜ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਕੇ। ਇਸ ਪਿੱਛੇ ਉਨ੍ਹਾਂ ਦਾ ਇਕੋ ਇਕ ਮਨੋਰਥ ਹੁੰਦਾ ਹੈ ਕਿ ਹਾਕਮ ਜਮਾਤਾਂ ਦੀ ਉਮਰ ਹੋਰ ਲੰਮੇਰੀ ਹੋਵੇ। ਭਾਰਤ ਉਪਰ ਲੰਮਾਂ ਸਮਾਂ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਆਪਣੀਆਂ ਜਮਾਤੀ ਲੋੜਾਂ ਲਈ ਨੀਤੀਆਂ ਬਣਾਈਆਂ। ਇਸੇ ਤਹਿਤ ਭਾਰਤ ਵਿਚ ਮੈਕਾਲੇ ਦੁਆਰਾ ਸੁਝਾਈ ਹੋਈ ਸਿੱਖਿਆ ਨੀਤੀ ਲੰਮਾਂ ਸਮਾਂ ਲਾਗੂ ਰਹੀ। ਆਜਾਦ ਭਾਰਤ ਉਪਰ ਕਾਬਜ਼ ਹੋਏ ਭਾਰਤੀ ਉਚ  ਵਰਗ ਨੂੰ ਮੈਕਾਲੇ ਵਾਲੀ ਸਿੱਖਿਆ ਨੀਤੀ ਉਨ੍ਹਾਂ ਦੇ ਜਮਾਤੀ ਹਿੱਤਾਂ ਦੀ ਪੂਰਤੀ ਕਰਦੀ ਵੱਧ ਲੱਗੀ। ਇਸ ਕਰਕੇ ਆਜਾਦ ਭਾਰਤ ਦੇ ਨਵੇਂ ਹਾਕਮਾਂ ਨੇ ਸਿਖਿਆ ਸੰਭੰਧੀ ਉਸੇ ਨੀਤੀ ਨੂੰ ਹੀ ਜਾਰੀ ਰੱਖਿਆ ।
ਭਾਰਤ ਦੀ ਸਿੱਖਿਆ ਨੀਤੀ ਵੀ ਭਾਰਤ ਦੀ ਸੰਸਦ ਨਹੀਂ ਬਣਾਉਂਦੀ, ਸਗੋ ਆਈ.ਐਮ.ਐਫ. ਤੇ ਵਿਸ਼ਵ ਬੈਂਕ ਵਰਗੀਆਂ ਸੰਸਥਾਵਾਂ ਬਣਾਉਂਦੀਆਂ ਹਨ। ਜੇ ਇਹ ਨੀਤੀਆਂ ਬਣਨ ਹੀ ਕਿਸੇ ਹੋਰ ਧਿਰ ਦੀ ਪਹਿਲ ਕਦਮੀ ਨਾਲ ਰਹੀਂਆਂ ਹਨ ਤਾਂ ਇਸ ਸੰਬੰਧੀ ਕਿਸੇ ਕਿਸਮ ਦਾ ਭਰਮ ਸਾਡੇ ਮਨਾਂ ਵਿਚ ਨਹੀਂ ਰਹਿਣਾ ਚਾਹੀਦਾ ਕਿ ਭਾਰਤੀ ਸਮਾਜ ਨੂੰ ਇਸ ਦਾ ਕੋਈ ਲਾਭ ਮਿਲੇਗਾ। ਭਾਰਤ ਲਈ ਜਿਹੜੀ ਵਿਦਿਆ ਪਰਉਪਕਾਰੀ ਸੀ ਉਹੀ ਵਿਦਿਆ ਅੱਜ ਵਿਉਪਾਰ ਦੀ ਇਕ ਵਸਤ ਬਣ ਕੇ ਰਹਿ ਗਈ ਹੈ। ਇਸ ਕਰਕੇ ਇਸ ਨੂੰ ਲਾਭ ਕਮਾਉਣ ਵਾਲੀਆਂ ਹੋਰ ਵਸਤਾਂ ਦੀ ਸ਼੍ਰੈਣੀ ਵਿਚ ਹੀ ਰੱਖਿਆ ਜਾ ਰਿਹਾ ਹੈ। ਅੱਜ ਵਿਦਿਆ ਸਾਮਰਾਜੀ ਪੂੰਜੀ ਅਤੇ ਮੁਕਤ ਬਜ਼ਾਰ ਦੀਆਂ ਲੋੜਾਂ ਦੇ ਅਨੁਸਾਰ ਹੀ ਆਪਣਾ ਵਿਸ਼ੇਸ ਮੁਹਾਂਦਰਾ ਬਣਾ ਰਹੀਂ ਹੈ। ਇਸ ਨੀਤੀ ਦੇ ਤਹਿਤ ਨਰਸਰੀ ਤੋਂ ਲੈਕੇ ਉੱਚ ਸਿੱਿਖਆ ਤੱਕ ਉਹ ਕੁਝ ਹੀ ਪੜ੍ਹਾਇਆ ਜਾਵੇਗਾ ਜੋ ਸਾਮਰਾਜੀ ਵਿੱਤੀ ਪੂੰਜੀ ਨੂੰ ਮਜਬੂਤ ਕਰਨ ਲਈ ਬੁਹ ਰਾਸ਼ਟਰੀ ਹਾਕਮ ਧਿਰਾਂ ਨੂੰ ਲੋੜੀਂਦਾ ਹੈ। ਇਸ ਨਵੀਂ ਲੋੜ ਦੇ ਤਹਿਤ ਉਪਭੋਗਵਾਦੀ ਮੁਕਤ ਵਿਉਪਾਰ ਦੇ ਤਹਿਤ ਉਸ ਮਾਨਸਿਕਤਾ ਨੂੰ ਮਜਬੂਤ ਕਰਨ ਵਾਲੇ ਮਨੁੱਖ ਦੀ ਘਾੜਤ ਹੀ ਇਸ ਨਵੀਂ ਨੀਤੀ ਦੀ ਬੁਨਿਆਦੀ ਚੂਲ ਹੈ।
ਭਾਰਤ ਦੇ ਚਿੰਤਨਸ਼ੀਲ ਲੋਕ ਜਿਸ ਗੱਲ ਦੀ ਚਿੰਤਾ ਪਿਛਲੇ ਕੁਝ ਸਾਲਾਂ ਤੋਂ ਪ੍ਰਗਟ ਕਰ ਰਹੇ ਸਨ ਉਹ ਚਿੰਤਾ ਹੁਣ ਆਮ ਜਨ ਸਧਾਰਨ ਲਈ ਵੀ ਬਣਦੀ ਜਾ ਰਹੀਂ ਹੈ। ਇਸ ਗੱਲ ਦੀਆਂ ਕਿਆਸ ਰਾਈਆਂ ਤਾਂ ਪਿੱਛਲੇ ਸਾਲਾਂ ਤੋਂ ਹੀ ਲਾਈਆਂ ਜਾ ਰਹੀਂਆਂ ਸਨ ਕਿ ਸਿੱਖਿਆ ਨੂੰ ਗੈਟ ਸਮਝੋਤੇ ਦਾ ਵਿਸ਼ਾ ਬਣਾ ਕੇ ਚੱਲੀ ਭਾਰਤ ਸਰਕਾਰ  ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾ ਤੋਂ ਵੀ ਇਕ ਨਾ ਇਕ ਦਿਨ ਮੁਨਕਰ ਹੋ ਜਾਵੇਗੀ । ਪਰ ਭਾਰਤ ਸਰਕਾਰ ਇਸ ਨਾਹ ਵਾਚੀ ਵਰਤਾਰੇ ਲਈ ਏਨੀ ਉਤਾਵਲੀ ਹੋਕੇ ਚੱਲੇਗੀ ਇਸ ਗੱਲ ਦੀ ਭਿਣਕ ਤਾਂ ਵੱਡੇ ਵੱਡੇ ਧਰੰਤਰਾਂ ਨੂੰ ਵੀ ਨਹੀਂ ਸੀ। ਇਸ ਨੀਤੀ ਦੇ ਤਹਿਤ ਸਮੁੱਚੇ ਭਾਰਤ ਅੰਦਰ ਡੀਮਡ ਯੁਨੀਵਰਸਿਟੀਆਂ ਖੁੱਲਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ ਮਨਾਫੇ ਲਈ ਗੈਰ ਵਿਦਿਅਕ ਧਿਰਾਂ ਇਸ ਖੇਤਰ ਵਿਚ ਹੱਥ ਪੈਰ ਮਾਰ ਰਹੀਂਆਂ ਹਨ ਕਿ ਉਹ  ਨਿੱਜੀ ਯੁਨੀਵਰਸਿਟੀਆਂ ਖੋਲ ਕੇ ਮਾਲਾਮਾਲ ਹੋ ਜਾਣ। ਇਸ ਲਈ ਵੱਡੇ ਵੱਡੇ ਸਨਅਤੀ ਘਰਾਣੇ ਵੀ ਇਸ ਖੇਤਰ ਵਿਚ ਆਉਣ ਲਈ ਤਰਲੋ ਮੱਛੀ ਹੋ ਰਹੇ ਹਨ। 
11ਵੀਂ ਪੰਜ ਸਾਲਾਂ ਯੋਜਨਾ ਬਣਾਉਣ ਸਮੇਂ 2007 ਵਿਚ ਹੀ ਸਿੱਖਿਆ ਦੇ ਖੇਤਰ ਅੰਦਰ ਪਬਲਿਕ, ਪ੍ਰਾਈਵੇਟ ਪਾਟਨਰਸ਼ਿਪ ਪ੍ਰਨਾਲੀ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਅਹਿਮ ਰਣਨੀਤੀ ਤਿਆਰ ਕੀਤੀ ਗਈ। ਜਿਸ ਬਾਰੇ ਬੋਲਦਿਆਂ ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਇਸ ਪ੍ਰਨਾਲੀ ਨੂੰ ਸਿੱਖਿਆ ਦਾ ਮੂਲ ਮੰਤਰ ਐਲਾਨਦਿਆਂ ਭਾਰਤ ਸਰਕਾਰ ਦੀ ਸਾਰੀ ਮਸ਼ੀਨਰੀ ਨੂੰ ਇਸ ਕਾਰਜ ਵਿਚ ਜੁਟ ਜਾਣ ਦੀ ਹਦਾਇਤ ਕੀਤੀ। ਉਨ੍ਹਾਂ ਦੀ ਇਸੇ ਹਦਾਇਤ ਦਾ ਹੀ ਸਿੱਟਾ ਹੈ ਕਿ ਇਸ ਨਿੱਜੀਕਰਨ ਦੀ ਪ੍ਰਨਾਲੀ ਨੂੰ ਲੋਕ ਹੈਤੇਸ਼ੀ ਬੁਰਕਾ ਪਹਿਨਾ ਕੇ ਉਤਾਰਿਆ ਜਾ ਰਿਹਾ ਹੈ ਤਾਂ ਕਿ ਲੋਕ ਪੱਖੀ ਧਿਰਾਂ ਵੀ ਇਸ ਦੀ ਅਸਲੀਅਤ ਨੂੰ ਸਮਝ ਹੀ ਨਾ ਸਕਣ ਤੇ ਵੱਡਾ ਲੋਕ ਉਭਾਰ ਇਸ ਦੇ ਖਿਲਾਫ ਖੜਾ ਨਾ ਹੋਵੇ।
ਇਹ ਵਰਤਾਰੇ ਅਚਾਨਕ ਜਾਂ ਰਾਤੋ ਰਾਤ ਨਹੀਂ ਹੋਏ ਸਗੋਂ ਸਚੇਤ ਪੱਧਰ ਤੇ ਇਸ ਨੂੰ ਉਲੀਕਿਆ ਤੇ ਵਿਉਤਿਆ ਗਿਆ ਹੈ। ਇਸ ਸੰਬੰਧੀ ਲੋੜੀਦੀ ਤਿਆਰੀ ਤਾਂ ਜਸਟਿਸ ਪੁਨਈਆ ਕਮੇਟੀ,ਅੰਬਾਨੀ ਬਿਰਲਾ ਕਮੇਟੀ ਤੇ ਪ੍ਰੋ ਯਸ਼ਪਾਲ ਕਮੇਟੀ ਨੇ ਕਰ ਦਿੱਤੀ ਸੀ। ਹੁਣ ਇਸ ਸੰਬੰਧੀ ਸਾਰੀਆਂ ਤਿਆਰੀਆਂ ਹੋ ਰਹੀਂਆਂ ਹਨ। ਹੁਣ ਸਿੱਖਿਆ ਨੂੰ ਨਿੱਜੀ ਹੱਥਾਂ ਵਿਚ ਸੌਪਣ ਦਾ ਆਖਰੀ ਪੜਾ ਹੈ ਜਿਸ ਦੇ ਤਹਿਤ ਨਾ ਕੇਵਲ ਉਚੇਰੀ ਸਿੱਖਿਆ ਦਾ ਹੀ ਨਿੱਜੀਕਰਨ ਕੀਤਾ ਜਾ ਰਿਹਾ ਹੈ ਸਗੋਂ ਪ੍ਰਾਇਮਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਦਾ ਵੀ ਨਿੱਜੀ ਕਰਨ ਕੀਤਾ ਜਾ ਰਿਹਾ ਹੈ। ਨੌਲਿਜ਼ ਕਮਿਸ਼ਨ ਦੀ ਤਾਜਾ ਰਿਪੋਰਟ ਵਿਚ ਸਿੱਖਿਆ ਦੇ ਪੀ.ਪੀ.ਪੀ. ਮਾਡਲ ਦੀ ਰੱਜ ਕੇ ਤਾਰੀਫ ਕਰਦਿਆਂ ਕਿਹਾ ਗਿਆ ਹੈ ਕਿ ਸਿੱਖਿਆ ਦੇ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ( ਐਫ. ਡੀ.ਆਈ.) ਵੱਲ ਵਧਣਾ ਚਾਹੀਦਾ ਹੈ। ਪ੍ਰੋ ਯਸ਼ਪਾਲ ਕਮੇਟੀ ਨੇ ਭਾਂਵੇਂ ਇਸ ਬਾਰੇ ਕੁਝ ਇਕ ਕਿੰਤੂ ਪ੍ਰੰਤੂ ਕੀਤੇ ਪਰ ਉਹ ਵੀ ਕੁਲ ਮਿਲਾ ਕੇ ਇਸ ਵਿਦੇਸ਼ੀ ਨਿਵੇਸ਼ ਦੀ ਹਾਮੀ ਹੀ ਭਰਦਾ ਹੈ। ਇਸੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਤਹਿਤ ਸਿੱਖਿਆ ਦੇ ਸੁਧਾਰ ਸੰਬੰਧੀ 100 ਦਿਨਾਂ ਤੂਫਾਨੀ ਏਜੰਡੇ ਦੇ ਤਹਿਤ ਵਿਦੇਸ਼ੀ ਸਿੱਖਿਆ ਸੰਸਥਾਂਵਾਂ ਬਿਲ 2010 ਵਿਚ ਪਾਰਲੀਮੈਂਟ ਵਿਚ ਲਿਆਂਦਾ ਗਿਆ। ਜਿਹੜਾ ਸਿੱਖਿਆ ਦੇ ਖੇਤਰ ਵਿਚ ਵਿਦੇਸ਼ੀ ਕੰਪਣੀਆਂ ਦੀ ਆਮਦ ਦਾ ਦਰਵਾਜਾ ਖੋਲੇਗਾ ਜਿਸ ਦਾ ਵੱਡੀ ਪੱਧਰ 'ਤੇ ਵਿਰੋਧ ਹੋਇਆ। ਜਿਸ ਦੇ ਸਿੱਟੇ ਵਜੋਂ ਉਦੋਂ ਭਾਂਵੇ ਇਹ ਕਾਲਾ ਕਾਨੂੰਨ ਪਾਸ ਨਹੀਂ ਹੋਇਆ ਪਰ ਸਰਕਾਰ ਅੱਜ ਵੀ ਇਸ ਨੂੰ ਪਾਸ ਕਰਵਾਉਣ ਲਈ ਯਤਨਸ਼ੀਲ ਹੈ। ਸਰਕਾਰ ਦੇ ਇਸ ਪ੍ਰੋਗਰਾਮ ਸਬੰਧੀ ਜਾਰੀ ਕੀਤੇ ਗਏ ਦਸਤਾਵੇਜ਼ '' ਸਿੱਖਿਆ ਦੀ ਚੁਨੌਤੀ '' ਵਿਚ ਇਹ ਲਿਖਿਆ ਗਿਆ ਹੈ ''21ਵੀਂ ਸਦੀ ਅੰਦਰ ਤਕਨੋਲੋਜੀ ਦੇ ਵਿਸਫੋਟ ਦੇ ਮੱਦੇ ਨਜ਼ਰ ਸਿੱਖਿਆ ਪ੍ਰਣਾਲੀ ਅੰਦਰ ਕੁਝ ਬੁਨਿਆਦੀ ਤਬਦੀਲੀਆਂ ਦੀ ਜਰੂਰਤ ਹੈ. . .. .ਨਾ ਕੇਵਲ ਸਿੱਖਿਆ ਦਾ ਪਾਠਕ੍ਰਮ ਤੇ ਵਿਸ਼ਾ ਵਸਤੂ ਹੀ ਬਦਲਣ ਦੀ ਜ਼ਰੂਰਤ ਹੈ ਸਗੋਂ ਲੋਕਾਂ ਦੀ ਮਨੋਦਸ਼ਾ ਨੂੰ ਵੀ ਬਦਲਣ ਦੀ ਲੋੜ ਹੈ '' ਇਸ ਮਨੋ ਦਸ਼ਾਂ ਸਬੰਧੀ ਉਹ ਅੱਗੇ ਚੱਲ ਕੇ ਲਿਖਦਾ ਹੈ ਕਿ '' ਜਿਹੜੇ ਸਿਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਦੀ ਕੀਮਤ ਅਦਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। '' ਇਸ ਦਾ ਸਾਫ ਸਾਫ ਭਾਵ ਇਹ ਹੀ ਹੈ ਕਿ ਹੁਣ ਸਿੱਖਿਆ ਸਮਾਜ ਦੇ ਕੇਵਲ ਉਚ ਵਰਗ ਲਈ ਰਾਖਵੀ ਬਣ ਕੇ ਰਹਿ ਜਾਵੇਗੀ। 
ਨੌਲੇਜ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਤਹਿਤ ਦੇਸ਼ ਦੀਆਂ ਵੱਖ ਵੱਖ ਸੂਬਾਈ  ਸਰਕਾਰਾਂ ਨਵੇਂ ਕਾਨੂੰਨ ਬਣਾਉਣ ਜਾ ਰਹੀਆਂ ਹਨ ਜਿਸ ਦੇ ਤਹਿਤ ਡੀਮਡ ਯੂਨੀਵਰਸਿਟੀਆਂ ਸਥਾਪਤ ਹੋ ਰਹੀਆਂ ਹਨ। ਕਾਲਜਾਂ ਨੂੰ ਖੁੱਦ ਮੁਖਤਿਆਰੀ ਦਿੱਤੀ ਜਾ ਰਹੀ ਹੈ। ਕੋਈ ਵੀ ਕਾਲਜ ਆਪਣੇ ਆਪ ਵਿਚ ਪੂਰੀ ਯੂਨੀਵਰਸਿਟੀ ਹੋ ਸਕਦਾ ਹੈ। ਉਹ ਵਿਦਿਆਰਥੀਆਂ ਪਾਸੋ ਮਨ ਮਰਜ਼ੀ ਦੀ ਫੀਸ ਲੈਣਗੇ, ਅਧਿਆਪਕਾਂ ਨੂੰ ਮਨ ਮਰਜ਼ੀ ਦੀ ਤਨਖਾਹ ਦੇਣਗੇ, ਮਨ ਮਰਜ਼ੀ ਦਾ ਸਲੇਬਸ ਪੜ੍ਹਾਇਆ ਜਾਵੇਗਾ, ਮਨ ਮਰਜੀ ਦੀ ਮੰਡੀ ਦੇ ਇਸ ਦੌਰ ਵਿਚ ਸਰਕਾਰਾਂ ਮੂਕ ਦਰਸ਼ਕ ਬਣ ਕੇ ਲੋਕਾਂ ਦੀ ਹੁੰਦੀ ਲੁੱਟ ਨੂੰ ਦੇਖਣਗੀਆਂ। ਜਿਸ ਤਰ੍ਹਾਂ ਸਰਕਾਰ ਸਿੱਖਿਆ ਦੇ ਖੇਤਰ ਵਿਚੋ ਆਪਣੇ ਆਪ ਨੂੰ ਬਾਹਰ ਕੱਢ ਰਹੀ ਹੈ ਉਹ ਅੱਤ ਦੀ ਚਿੰਤਾਜਨਕ ਸਥਿਤੀ ਹੈ। ਇਸ ਪ੍ਰਸੰਗ ਵਿਚੋਂ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਦੀ ਸੂਚੀ ਵਿਚ ਸ਼ਾਮਿਲ ਕਰਨ ਦੇ ਭੇਖੀ ਕਾਨੂੰਨ ਦੀ ਅਸਲੀਅਤ ਨੂੰ ਵੀ ਸਮਝਿਆ ਜਾ ਸਕਦਾ ਹੈ।
ਨੌਲਿਜ਼ ਕਮਿਸ਼ਨ ਦੇ ਵਾਇਸ ਚੈਅਰਮੈਨ ਆਪਣੇ ਇਸੇ ਲੇਖ ਵਿਚ ਬੜੇ ਹੀ ਸ਼ਪਸ਼ਟ ਸਬਦਾ ਵਿਚ ਲਿਖਦੇ ਹਨ,'' ਅਸੀਂ ਆਪਣੀ ਸਿੱਖਿਆ ਪ੍ਰਨਾਲੀ ਦੀ ਗੁਣਵੱਤਾ ਤੇ ਗਣਿਤ ਸੁਧਾਰਾਂ ਦੀ ਬਜਾਏ ਬਦੇਸ਼ੀ ਸਿੱਖਿਆ ਦਾਤਾਵਾਂ ਵਿਚ ਵਧੇਰੇ ਰੁਚੀ ਰੱਖਦੇ ਹਾਂ, ਜਿਹੜੇ ਕਿ ਮੁੱਢਲੇ ਤੌਰ 'ਤੇ ਅਮਰੀਕਾ ਵਿੱਚੋਂ ਹੀ ਹੋਣਗੇ। ਇਸ ਲਈ ਸਾਰੀਆਂ ਆਈ ਆਈ.ਟੀਜ਼ ਵਿਚ ਸਾਡੀਆਂ ਅਕਾਦਮਿਕ ਆਸਾਮੀਆਂ ਖਾਲੀ ਪਈਆਂ ਹਨ ਪ੍ਰੰਤੂ ਭਾਰਤ ਵਿਚ ਹਰ ਕੋਈ ਹੈਰਾਨ ਹੁੰਦਾ ਹੈ ਕਿ ਭਾਰਤ ਸਰਕਾਰ ਦੀ ਇਕ ਸੋਚੀ ਸਮਝੀ ਨੀਤੀ ਹੈ ਕਿ ਆਪਣੀ ਉਚੇਰੀ ਵਿਦਿਅਕ ਪ੍ਰਨਾਲੀ ਨੂੰ ਜਾਣ ਬੁੱਝਕੇ ਹੇਠਾਂ ਡੇਗਿਆ ਜਾਵੇ ਤਾਂ ਜੋ ਸਾਡੀ ਉੱਚੇਰੀ ਸਿੱਖਿਆ ਲਾਜਮੀ ਤੌਰ 'ਤੇ  ਅਮਰੀਕੀ ਸਿੱਖਿਆ ਦਾਤਾਵਾਂ ਦੇ ਕੰਟਰੋਲ ਵਿਚ ਚਲੀ ਜਾਵੇ? ਸ਼ਪਸਟ ਤੌਰ ਉੱਤੇ ਇਹ ਅਮਰੀਕਾ ਦੇ ਹਿੱਤਾਂ ਵਿਚ ਹੈ ਕਿ ਸਾਡੀ ਵਸੋਂ ਦਾ ਕੋਈ 80% ਹਿੱਸਾ ਪ੍ਰਤੀ ਦਿਨ 30 ਰੁਪਏ ਤੇ ਗੁਜਾਰਾ ਕਰੇ ਕਿਉਂ ਕਿ ਇਕ ਪੜੀ ਲਿਖੀ ਅਤੇ ਸੂਝਵਾਨ ਵਸੋਂ ਨਾਲੋਂ ਇਕ ਲੋੜਾਂ ਮਾਰੀ, ਅਸਿੱਖਿਅਤ ਅਤੇ ਅਗਿਆਨੀ ਵਸੋਂ ਦਾ ਸੋਸ਼ਣ ਕਰਨਾ ਕਿਤੇ ਵੱਧ ਆਸਾਨ ਹੁੰਦਾ ਹੈ। ਐਨ ਇਹੋ ਕੁਝ ਹੀ ਸੀ ਜੋ ਬਰਤਾਨਵੀ ਸ਼ਾਸਕ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਹ ਪ੍ਰਾਪਤ ਵੀ ਕਰ ਲਿਆ ਸੀ।

Wednesday 11 May 2016

ਸੋਕਾ ਮਾਰੇ ਲੋਕਾਂ ਦੇ ਚੁਣੇ ਹੋਏ ਵਿਧਾਨਕਾਰਾਂ ਦੀਆਂ ਲਹਿਰਾਂ-ਬਹਿਰਾਂ

ਇੰਦਰਜੀਤ ਚੁਗਾਵਾਂ 

ਦੇਸ਼ ਦੇ 256 ਜ਼ਿਲ੍ਹੇ ਇਸ ਸਮੇਂ ਸੋਕੇ ਦੀ ਮਾਰ ਹੇਠ ਹਨ। ਇਹ ਦੇਸ਼ ਦੇ ਕੁੱਲ ਜ਼ਿਲ੍ਹਿਆਂ ਦਾ ਲਗਭਗ ਇਕ ਤਿਹਾਈ ਹਿੱਸਾ ਬਣਦਾ ਹੈ। ਇਹ ਗੱਲ ਸਾਡੇ ਦੇਸ਼ ਦੀ ਕੇਂਦਰ ਸਰਕਾਰ ਨੇ ਖੁਦ ਸੁਪਰੀਮ ਕੋਰਟ 'ਚ ਮੰਨੀ ਹੈ। ਦੇਸ਼ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ, 33 ਕਰੋੜ ਲੋਕ ਇਸ ਭਿਆਨਕ ਸੋਕੇ ਦਾ ਡੰਗ ਝੱਲ ਰਹੇ ਹਨ। ਇਹ ਉਹ ਜ਼ਿਲ੍ਹੇ ਹਨ, ਜਿੱਥੇ ਸਰਕਾਰੀ ਤੌਰ 'ਤੇ ਇਲਾਕੇ ਨੂੰ ਸੋਕਾਗ੍ਰਸਤ ਐਲਾਨਿਆ ਗਿਆ ਹੈ। ਹਰਿਆਣਾ, ਬਿਹਾਰ ਵਰਗੇ ਸੂਬੇ ਵੀ ਹਨ, ਜਿੱਥੇ ਹਾਲਾਤ ਬਹੁਤ ਖਰਾਬ ਹਨ, ਪਰ ਸਰਕਾਰਾਂ ਨੇ ਅਜੇ ਇਸ ਪੱਖੋਂ ਇਸ ਪਾਸੇ ਵੱਲ ਅੱਖ ਪੱਟ ਕੇ ਵੀ ਨਹੀਂ ਦੇਖਿਆ। ਪਾਣੀ ਦੀ ਘਾਟ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼ ਦੇ ਕਾਫੀ ਸਾਰੇ ਇਲਾਕਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
ਅਜਿਹੇ ਹਾਲਾਤ ਨਾਲ ਨਜਿੱਠਣਾ ਕੋਈ ਬਹੁਤਾ ਔਖਾ ਨਹੀਂ। ਦੇਸ਼ ਦੀ ਸੰਸਦ ਨੇ ਇਕ ਲੰਮੇ ਸੰਘਰਸ਼ ਤੋਂ ਬਾਅਦ ਅਜਿਹੇ ਕਾਰਜਾਂ ਵਾਸਤੇ ਇੱਕ ਚੰਗਾ ਹਥਿਆਰ ਸਾਨੂੰ ਦਿੱਤਾ ਹੈ-ਮਨਰੇਗਾ। ਮਨਰੇਗਾ ਅਧੀਨ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਕੇ ਉਨ੍ਹਾਂ ਦੀ ਬਾਂਹ ਫੜੀ ਜਾ ਸਕਦੀ ਹੈ, ਪਰ ਹੋ ਇਸ ਦੇ ਉਲਟ ਰਿਹਾ ਹੈ। ਮਨਰੇਗਾ ਫੰਡਾਂ 'ਚ ਲਗਾਤਾਰ ਕਟੌਤੀ ਹੋ ਰਹੀ ਹੈ। ਮਨਰੇਗਾ ਅਧੀਨ ਕੰਮ ਕਰ ਰਹੇ ਕਿਰਤੀਆਂ ਨੂੰ ਉਨ੍ਹਾਂ ਦਾ ਮਿਹਨਤਾਨਾ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ। ਅਜਿਹੇ ਹਾਲਾਤ ਵਿੱਚ ਕਿਰਸਾਨੀ ਦੀ ਹਾਲਤ ਹੋਰ ਵੀ ਨਿੱਘਰ ਗਈ ਹੈ। ਖੁਦਕੁਸ਼ੀਆਂ ਦੀ ਗਿਣਤੀ ਘਟਣ ਦੀ ਬਜਾਇ ਵਧਦੀ ਜਾ ਰਹੀ ਹੈ। ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ।
ਦੇਸ਼ ਭਰ 'ਚ ਰੁਜ਼ਗਾਰ ਮੰਗਦੇ ਪੜ੍ਹੇ-ਲਿਖੇ ਨੌਜਵਾਨਾਂ 'ਤੇ ਲਾਠੀਚਾਰਜ ਅਤੇ ਬੇਰੁਜ਼ਗਾਰ ਕੁੜੀਆਂ ਨੂੰ ਬੇਇੱਜ਼ਤ ਕੀਤੇ ਜਾਣ ਦੀਆਂ ਖ਼ਬਰਾਂ ਹੁਣ ਇੱਕ ਆਮ ਗੱਲ ਹੋ ਗਈ ਹੈ। ਇਹ ਸਭ ਦੇਖ-ਸੁਣ ਕੇ ਲੱਗਦਾ ਹੈ ਕਿ ਸੋਕੇ ਨੇ ਹਰ ਖੇਤਰ ਨੂੰ ਆਪਣੀ ਲਪੇਟ 'ਚ ਲੈ ਕੇ ਨਪੀੜ ਸੁੱਟਿਆ ਹੈ। ਐਪਰ ਦੇਸ਼ ਅੰਦਰ ਇੱਕ ਖੇਤਰ ਅਜਿਹਾ ਵੀ ਹੈ, ਜਿੱਥੇ ਹਰਿਆਲੀ ਭਾਅ ਮਾਰਦੀ ਹੈ, ਜਿਸ 'ਤੇ ਸੋਕੇ ਦਾ, ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਅਤੇ ਨਿਰਾਸ਼ਾ ਦੇ ਆਲਮ 'ਚ ਡੁੱਬੀ ਜਵਾਨੀ ਦਾ ਰੱਤੀ ਭਰ ਵੀ ਅਸਰ ਨਹੀਂ ਹੈ। ਇਹ ਹਿੱਸਾ ਹੈ ਦੇਸ਼ ਦੀ ਵਿਧਾਨਪਾਲਕਾ।
ਕਿਸੇ ਵੀ ਸੂਬੇ ਦੀ ਵਿਧਾਨ ਸਭਾ ਹੋਵੇ ਜਾਂ ਦੇਸ਼ ਦੀ ਸੰਸਦ, ਨਜ਼ਾਰਾ ਹਰ ਥਾਂ ਇੱਕੋ ਜਿਹਾ ਹੀ ਨਜ਼ਰੀਂ ਪੈਂਦਾ ਹੈ। ਵਾਕਆਊਟ, ਨਾਅਰੇਬਾਜ਼ੀ, ਕਿਸੇ ਵੀ ਤਣ-ਪੱਤਣ ਨਾ ਲੱਗਣ ਵਾਲੀਆਂ ਅੜਚਣਾਂ ਹਰ ਥਾਂ ਦਿਸਦੀਆਂ ਹਨ। ਇਹ ਸਦਨ ਇਸ ਮਕਸਦ ਲਈ ਬਣੇ ਹਨ ਕਿ ਉਹ ਦੇਸ਼, ਸੂਬਿਆਂ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ, ਉਨ੍ਹਾਂ ਦੇ ਵਿਕਾਸ ਲਈ  ਨੀਤੀਆਂ ਤੇ ਕਾਨੂੰਨ ਬਣਾਉਣ। ਇਹ ਕਾਰਜ ਵਿਧਾਨਕਾਰਾਂ ਦੇ ਸਾਂਸਦਾਂ ਤੋਂ ਗੰਭੀਰਤਾ ਦੀ ਮੰਗ ਕਰਦੇ ਹਨ। ਇਸ ਵਾਸਤੇ ਚਰਚਾ, ਸਲਾਹ-ਮਸ਼ਵਰਾ ਜ਼ਰੂਰੀ ਹੈ ਤੇ ਬਹੁਤੀ ਵਾਰ ਇਹ ਚਰਚਾ ਹੱਦਾਂ-ਬੰਨੇ ਟੱਪ ਜਾਂਦੀ ਹੈ, ਨਾਅਰੇ ਲੱਗਦੇ ਹਨ ਤੇ ਵਾਕਆਊਟ ਤੇ ਬਾਈਕਾਟ ਤੱਕ ਗੱਲ ਚਲੇ ਜਾਂਦੀ ਹੈ। ਉਸ ਵੇਲੇ ਲੋਕਾਂ 'ਚ ਇਹ ਪ੍ਰਭਾਵ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਵਿਚਾਲੇ ਕਿਸੇ ਵੀ ਮੁੱਦੇ 'ਤੇ ਸਹਿਮਤੀ ਨਹੀਂ ਹੋ ਸਕਦੀ। ਪਰ ਇਨ੍ਹਾਂ ਸਦਨਾਂ 'ਚ ਬਿਰਾਜਮਾਨ ਚੁਣੇ ਹੋਏ ਪ੍ਰਤੀਨਿਧੀ ਲੋਕਾਂ ਨੂੰ ਭਾਰੀ ਪਰੇਸ਼ਾਨੀ 'ਚ ਪਾ ਕੇ ਉਸ ਵੇਲੇ, ਸਾਰੇ ਮਤਭੇਦ, ਮਨਭੇਦ ਭੁਲਾ ਕੇ ਇੱਕ-ਦੂਸਰੇ ਨੂੰ ਜੱਫੀਆਂ ਪਾਉਣ ਲੱਗ ਜਾਂਦੇ ਹਨ, ਜਦ ਉਨ੍ਹਾਂ ਦੇ ਆਪਣੇ ਹਿੱਤਾਂ ਦੀ ਗੱਲ ਆਉਂਦੀ ਹੈ।
ਪਿਛਲੇ ਦਿਨੀਂ ਦੇਸ਼ ਦੇ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ 'ਚ ਮੋਟਾ ਵਾਧਾ ਕੀਤਾ ਹੈ। ਤਾਜ਼ਾ ਮਿਸਾਲ ਹਿਮਾਚਲ ਪ੍ਰਦੇਸ਼ ਦੀ ਹੈ। ਇੱਥੋਂ ਦੀ ਵਿਧਾਨ ਸਭਾ ਦਾ ਬੱਜਟ ਸਮਾਗਮ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਚੱਲਿਆ ਤੇ ਸਮੁੱਚੇ ਸਮਾਗਮ ਦੌਰਾਨ ਇੱਕ ਦਿਨ ਵੀ ਅਜਿਹਾ ਨਹੀਂ ਆਇਆ, ਜਦੋਂ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਕਾਰ ਝੜਪਾਂ ਨਾ ਹੋਈਆਂ ਹੋਣ, ਨਾਅਰੇਬਾਜ਼ੀ ਨਾ ਹੋਈ ਹੋਵੇ ਜਾਂ ਸਦਨ ਨਿਰਵਿਘਨ ਚੱਲਿਆ ਹੋਵੇ। ਪਰ ਆਖਰੀ ਦਿਨ 8 ਅਪ੍ਰੈਲ ਨੂੰ ਉਨ੍ਹਾਂ ਇਹ ਉਲਾਹਮਾ ਵੀ ਲਾਹ ਦਿੱਤਾ। ਸਮੁੱਚੇ ਵਿਧਾਇਕਾਂ ਨੇ ਉਨ੍ਹਾਂ ਚਾਰ ਬਿੱਲਾਂ ਨੂੰ ਕੇਵਲ ਪੰਜ ਮਿੰਟ ਵਿੱਚ ਪਾਸ ਕਰ ਦਿੱਤਾ, ਜਿਨ੍ਹਾਂ ਰਾਹੀਂ ਉਨ੍ਹਾਂ ਦੀਆਂ ਤਨਖਾਹਾਂ 'ਤੇ ਭੱਤਿਆਂ ਵਿੱਚ 100 ਫੀਸਦੀ ਵਾਧਾ ਕੀਤਾ ਗਿਆ ਹੈ।
ਮੁੱਖ ਮੰਤਰੀ ਵੀਰਭੱਦਰ ਸਿੰਘ, ਜਿਨ੍ਹਾਂ ਦੇ ਕੋਲ ਵਿੱਤ ਵਿਭਾਗ ਵੀ ਹੈ, ਵੱਲੋਂ ਪੇਸ਼ ਕੀਤੇ ਗਏ ਇਹ ਬਿੱਲ ਏਨੀ ਸਦਭਾਵਨਾ ਨਾਲ ਸਦਨ ਨੇ ਪਾਸ ਕਰ ਦਿੱਤੇ ਕਿ ਇਹ ਜਾਪਿਆ ਹੀ ਨਹੀਂ ਕਿ ਇਸੇ ਸਦਨ ਵਿੱਚ ਸਪੀਕਰ ਵੱਲੋਂ ਵੀਰਭੱਦਰ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੇਸਾਂ ਦੇ ਮੁੱਦੇ 'ਤੇ ਬਹਿਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤੇ ਜਾਣ 'ਤੇ ਕਦੇ ਖੱਪਖਾਨਾ ਵੀ ਪਿਆ ਸੀ।
ਇਨ੍ਹਾਂ ਬਿੱਲਾਂ 'ਤੇ ਜ਼ਰਾ ਜਿੰਨੀ ਬਹਿਸ ਵੀ ਨਹੀਂ ਹੋਈ। ਵਿਰੋਧੀ ਧਿਰ ਭਾਜਪਾ ਨੇ ਵੀਰਭੱਦਰ ਸਰਕਾਰ ਦੇ ਇਸ ਕਦਮ ਦਾ ਖੁੱਲ੍ਹਦਿਲੀ ਨਾਲ ਸਮੱਰਥਨ ਕੀਤਾ। ਵਿਧਾਨ ਸਭਾ ਦੇ ਇਸ ਕਦਮ ਨਾਲ ਸੂਬੇ ਦੇ ਖਜ਼ਾਨੇ 'ਤੇ ਹਰ ਸਾਲ 16.45 ਕਰੋੜ ਰੁਪਏ ਦਾ ਵਾਧੂ ਬੋਝ ਪੈਣਾ ਹੈ। ਵਿਧਾਇਕਾਂ ਦੀਆਂ (ਭੱਤਿਆਂ ਸਮੇਤ) ਤਨਖਾਹਾਂ 1.32 ਲੱਖ ਰੁਪਏ ਤੋਂ ਵਧਾ ਕੇ 2.10 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਰੋਜ਼ਾਨਾ ਭੱਤਾ 1500 ਰੁਪਏ ਤੋਂ ਵਧਾ ਕੇ 1800 ਰੁਪਏ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਮੁਫਤ ਰੇਲ ਜਾਂ ਹਵਾਈ ਸਫਰ ਦੀ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 2.50 ਲੱਖ ਰੁਪਏ ਸਾਲਾਨਾ ਕਰ ਦਿੱਤੀ ਗਈ ਹੈ। ਸਾਬਕਾ ਵਿਧਾਇਕਾਂ ਦੀ ਬੇਸਿਕ ਪੈਨਸ਼ਨ 22,000 ਰੁਪਏ ਤੋਂ ਵਧਾ ਕੇ 36,000 ਰੁਪਏ ਕਰ ਦਿੱਤੀ ਗਈ ਹੈ, ਜਦਕਿ ਪਹਿਲੀ ਟਰਮ ਮੁਕੰਮਲ ਹੋਣ ਪਿੱਛੋਂ ਸਾਲਾਨਾ ਪੈਨਸ਼ਨ ਵਾਧਾ 500 ਰੁਪਏ ਦੀ ਥਾਂ 1000 ਰੁਪਏ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦੀ ਤਨਖਾਹ 65,000 ਰੁਪਏ ਤੋਂ ਵਧਾ ਕੇ 95000 ਰੁਪਏ ਕਰ ਦਿੱਤੀ ਗਈ ਹੈ, ਜਦਕਿ ਉਸ ਦੀ ਕੈਬਨਿਟ ਦੀ ਤਨਖਾਹ 50,000 ਰੁਪਏ ਤੋਂ ਵਧਾ ਕੇ 80,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਤੇ ਮੰਤਰੀਆਂ ਲਈ ਖਰਚ ਭੱਤਾ 30,000 ਰੁਪਏ ਤੋਂ ਵਧਾ ਕੇ 95,000 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਪੀਕਰ, ਡਿਪਟੀ ਸਪੀਕਰ, ਮੁੱਖ ਪਾਰਲੀਮਾਨੀ ਸਕੱਤਰਾਂ ਤੇ ਪਾਰਲੀਮਾਨੀ ਸਕੱਤਰਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਇਸ ਵਾਧੇ ਤੋਂ ਵਿਧਾਇਕ ਏਨੇ ਖੁਸ਼ ਹੋਏ ਕਿ ਉਹ ਇਸ 'ਨੇਕ ਕਾਰਜ' ਲਈ ਇੱਕ-ਦੂਸਰੇ ਨੂੰ ਮੁਬਾਰਕਾਂ ਦਿੰਦੇ ਦੇਖੇ ਗਏ। ਭਾਜਪਾ ਦੇ ਵਿਧਾਇਕਾਂ ਨੇ ਉਸ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਜੱਫੀਆਂ ਪਾ ਕੇ ਇਸ 'ਉਪਕਾਰ' ਲਈ ਮੁਬਾਰਕਾਂ ਦਿੱਤੀਆਂ, ਜਿਸ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੇਸਾਂ 'ਤੇ ਬਹਿਸ ਦੀ ਇਜਾਜ਼ਤ ਮੰਗਦੇ ਸਮੇਂ ਉਹ ਉਸ ਦੇ ਖੂਨ ਦੇ ਪਿਆਸੇ ਨਜ਼ਰ ਆ ਰਹੇ ਸਨ। ਖੁਸ਼ੀ 'ਚ ਖੀਵੇ ਇਨ੍ਹਾਂ ਵਿਧਾਇਕਾਂ ਨੇ ਇਹ ਦੱਸਣ ਵਿੱਚ ਵੀ ਭੋਰਾ ਝਿਜਕ ਨਹੀਂ ਦਿਖਾਈ ਕਿ ਹੁਣ ਕੇਵਲ ਤੇਲੰਗਾਨਾ ਦੇ ਵਿਧਾਇਕਾਂ ਦੀਆਂ ਤਨਖਾਹਾਂ ਹੀ ਉਨ੍ਹਾਂ ਤੋਂ ਵੱਧ ਹਨ। ਉਨ੍ਹਾਂ ਦੀ ਤਨਖਾਹ ਹੁਣ ਦਿੱਲੀ ਦੇ ਵਿਧਾਇਕਾਂ ਦੇ ਲੱਗਭੱਗ ਬਰਾਬਰ ਹੋ ਗਈ ਹੈ, ਜਿੱਥੋਂ ਦੀ 'ਆਮ ਆਦਮੀ ਪਾਰਟੀ' ਦੀ ਸਰਕਾਰ ਨੇ ਬੀਤੇ ਦਸੰਬਰ 'ਚ ਵਿਧਾਇਕਾਂ ਦੀਆਂ ਤਨਖਾਹਾਂ 'ਚ 400 ਫੀਸਦੀ ਵਾਧੇ ਨੂੰ ਪ੍ਰਵਾਨਗੀ ਦਿੱਤੀ ਸੀ। ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ-ਹਿੱਤਾਂ ਲਈ ਲੜਨ ਅਤੇ ਵੱਖਰੀ ਸਿਆਸਤ ਕਰਨ ਦਾ ਦਾਅਵਾ ਕਰਨ ਵਾਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ 88,000 ਰੁਪਏ ਤੋਂ ਵਧਾ ਕੇ 2,10,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਹਨ।
ਨਵਾਂ ਬਣਿਆ ਰਾਜ ਤੇਲੰਗਾਨਾ ਦੇਸ਼ ਵਿੱਚ ਵਿਧਾਇਕਾਂ ਨੂੰ ਸਭ ਤੋਂ ਵੱਧ ਤਨਖਾਹ ਦੇਣ ਵਾਲਾ ਸੂਬਾ ਹੈ। ਇੱਥੋਂ ਦੀ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਟੀ ਆਰ ਐੱਸ ਸਰਕਾਰ ਨੇ 400 ਫੀਸਦੀ ਵਾਧੇ ਨਾਲ ਆਪਣੇ ਵਿਧਾਇਕਾਂ ਦੀਆਂ ਭੱਤਿਆਂ ਸਮੇਤ ਤਨਖਾਹਾਂ 2.5 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਕਰ ਦਿੱਤੀਆਂ ਹਨ, ਜੋ ਪਹਿਲਾਂ 95000 ਰੁਪਏ ਪ੍ਰਤੀ ਮਹੀਨਾ ਸਨ। ਇੱਥੇ ਹੀ ਬੱਸ ਨਹੀਂ ਇਸ ਚੋਖੇ ਤਨਖਾਹ-ਵਾਧੇ ਦੇ ਨਾਲ ਇੱਥੋਂ ਦੇ ਵਿਧਾਇਕਾਂ ਨੂੰ ਸਰਕਾਰ ਵੱਲੋਂ ਆਈ ਫੋਨ ਵੱਖਰੇ ਤੌਰ 'ਤੇ ਦਿੱਤੇ ਜਾਣੇ ਹਨ। ਇਹ ਉਹ ਸੂਬਾ ਹੈ ਜਿੱਥੋਂ ਦੇ ਕਿਸਾਨਾਂ ਵਲੋਂ ਕਰਜ਼ੇ ਦੇ ਬੋਝ ਹੇਠ ਦੱਬ ਕੇ ਖੁਦਕੁਸ਼ੀਆਂ ਕਰਨ ਦਾ ਦੇਸ਼ ਵਿਚ ਦੂਜਾ ਸਥਾਨ ਹੈ ਅਤੇ ਸੂਬੇ ਸਿਰ 60,000 ਕਰੋੜ ਰੁਪਏ ਦਾ ਕਰਜ਼ਾ ਹੈ।
ਤੇਲੰਗਾਨਾ ਤੋਂ ਬਾਅਦ ਉਸ ਦਾ ਗੁਆਂਢੀ ਤੇ 'ਮਿੱਤਰ' ਸੂਬਾ ਆਂਧਰਾ ਪ੍ਰਦੇਸ਼ ਹੈ, ਜਿੱਥੋਂ ਦੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਦੀ ਸਰਕਾਰ ਨੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ 3,00,000 ਰੁਪਏ ਪ੍ਰਤੀ ਮਹੀਨਾ ਕਰਨ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਨੂੰ ਇਸ ਸਮੇਂ 1,25,000 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਮਿਲਦੀ ਹੈ।
ਵਧੇਰੇ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਗੱਲ ਪਿਛਲੇ ਸਮੇਂ ਬਣੇ ਸੂਬਿਆਂ ਛਤੀਸਗੜ੍ਹ ਤੇ ਝਾਰਖੰਡ ਦੀ ਹੈ। ਇਹ ਸੂਬੇ ਭਾਵੇਂ ਖਾਣਾਂ ਤੇ ਖਣਜਾਂ ਪੱਖੋਂ ਸਭ ਤੋਂ ਅਮੀਰ ਸੂਬੇ ਹਨ, ਪਰ ਇੱਥੋਂ ਦੇ ਲੋਕ ਦੇਸ਼ ਦੇ ਸਭ ਤੋਂ ਗਰੀਬ ਲੋਕ ਹਨ। ਝਾਰਖੰਡ ਦੇ ਵਿਧਾਇਕ, ਜਿਨ੍ਹਾ ਨੂੰ ਪਹਿਲਾਂ 1,16,833 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ, ਹੁਣ ਉਨ੍ਹਾ ਨੂੰ 2,16,833 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਉਨ੍ਹਾਂ ਦੀ ਤਨਖਾਹ ਵਿੱਚ ਸਿੱਧੇ 1 ਲੱਖ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹੀ ਮਾਮਲਾ ਰਮਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਦੀ ਛਤੀਸਗੜ੍ਹ ਸਰਕਾਰ ਦਾ ਹੈ। ਉਨ੍ਹਾਂ ਨੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਕਈ ਗੁਣਾਂ ਵਧਾ ਦਿੱਤੀਆਂ ਹਨ। ਇਨ੍ਹਾਂ ਵਿਧਾਇਕਾਂ ਨੂੰ ਪਹਿਲਾਂ 75,000 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਮਿਲਦੀ ਸੀ, ਜੋ ਵਧਾ ਕੇ 1,10,000 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸੇ ਤਰ੍ਹਾਂ ਕੁੱਝ ਹੋਰ ਸੂਬੇ ਵੀ ਹਨ, ਜਿਹੜੇ 'ਲੋਕ ਸੇਵਾ' ਵਾਸਤੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਲਈ ਕਤਾਰ 'ਚ ਲੱਗੇ ਹੋਏ ਹਨ।
ਪੰਜਾਬ ਦੇ ਵਿਧਾਇਕ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ, ਉਨ੍ਹਾਂ ਨੂੰ 1,36,500 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਮਿਲਦੀ ਹੈ। ਕਰਨਾਟਕਾਂ ਦੇ ਵਿਧਾਇਕਾਂ ਦੀ ਤਨਖਾਹ 1,25,000 ਰੁਪਏ ਪ੍ਰਤੀ ਮਹੀਨਾ, ਗੋਆ ਦੇ ਵਿਧਾਇਕਾਂ ਨੂੰ 1,14,000 ਪ੍ਰਤੀ ਮਹੀਨਾ ਅਤੇ ਮੇਘਾਲਿਆਂ ਦੇ ਵਿਧਾਇਕਾਂ ਨੂੰ 1,03,000 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਮਿਲਦੀ ਹੈ।
ਇਸ ਗਰਕਣ ਵਿੱਚ ਕੋਈ ਤਾਜ਼ਾ ਹਵਾ ਦਾ ਰੁਮਕਦਾ ਹੋਇਆ ਝੋਂਕਾ ਵੀ ਹੈ। ਉਹ ਹੈ ਤ੍ਰਿਪੁਰਾ। ਤ੍ਰਿਪੁਰਾ 'ਚ ਮਾਣਕ ਸਰਕਾਰ ਦੀ ਅਗਵਾਈ ਵਾਲੀ ਸੀ ਪੀ ਆਈ (ਐੱਮ) ਦੀ ਸਰਕਾਰ ਨੇ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ ਕੇਵਲ 15 ਫੀਸਦੀ ਦਾ ਵਾਧਾ ਕੀਤਾ ਹੈ। ਇਸ ਵਾਧੇ ਨਾਲ ਮੁੱਖ ਮੰਤਰੀ ਦੀ ਕੁੱਲ ਤਨਖਾਹ 26,315 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ, ਜਦਕਿ ਮੰਤਰੀਆਂ ਦੀ ਤਨਖਾਹ 25,890 ਰੁਪਏ ਪ੍ਰਤੀ ਮਹੀਨਾ ਹੋਵੇਗੀ। ਸਪੀਕਰ ਦੀ ਤਨਖਾਹ 25,990 ਰੁਪਏ, ਡਿਪਟੀ ਸਪੀਕਰ ਦੀ ਤਨਖਾਹ 25,255 ਰੁਪਏ ਪ੍ਰਤੀ ਮਹੀਨਾ ਹੋਵੇਗੀ। ਆਪੋਜ਼ੀਸ਼ਨ ਦੇ ਆਗੂ ਅਤੇ ਚੀਫ ਵ੍ਹਿਪ ਦੀਆਂ ਤਨਖਾਹਾਂ ਵਧਾ ਕੇ 25,890 ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਗਈਆਂ ਹਨ, ਜਦਕਿ ਵਿਧਾਇਕਾਂ ਦੀਆਂ ਤਨਖਾਹਾਂ 24,200 ਰੁਪਏ ਪ੍ਰਤੀ ਮਹੀਨਾ ਕੀਤੀਆਂ ਗਈਆਂ ਹਨ।
ਇਹ ਹਾਲ ਸਾਡੀ ਵਿਧਾਨ ਪਾਲਕਾ ਦਾ ਹੈ। ਸਾਡੇ ਦੇਸ਼ ਦੇ ਵਿਧਾਇਕ, ਸੰਸਦ ਮੈਂਬਰ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਅਖਵਾਉਂਦੇ ਹਨ, ਪਰ ਉਹ ਲੋਕਾਂ ਦਾ ਕਿੰਨਾ ਕੁ ਖਿਆਲ ਰੱਖਦੇ ਹਨ, ਇਹ ਗੱਲ ਇਨ੍ਹਾਂ ਮੋਟੀਆਂ-ਮੋਟੀਆਂ ਤਨਖਾਹਾਂ ਤੋਂ ਸਾਫ ਹੋ ਜਾਂਦੀ ਹੈ। ਇਹਨਾ ਤਨਖਾਹਾਂ ਲਈ ਪੈਸਾ ਲੋਕਾਂ ਦੀਆਂ ਜੇਬਾਂ ਵਿੱਚੋਂ ਜਾਂਦਾ ਹੈ। ਇਹ ਸਵਾਲ ਵੀ ਹੁਣ ਲੋਕਾਂ ਦੀ ਕਚਹਿਰੀ ਵਿੱਚੋਂ ਉੱਠਣਾ ਚਾਹੀਦਾ ਹੈ ਕਿ ਉਹ ਇਹ ਮੋਟੀਆਂ ਤਨਖਾਹਾਂ ਕਿਸ ਦੇ ਵਿਕਾਸ ਲਈ ਲੈ ਰਹੇ ਹਨ, ਲੋਕਾਂ ਦੇ ਵਿਕਾਸ ਲਈ ਜਾਂ ਖੁਦ ਆਪਣੇ ਵਿਕਾਸ ਲਈ? ਉਨ੍ਹਾਂ ਨੂੰ ਇਹ ਸਵਾਲ ਵੀ ਪੁੱਛਣਾ ਬਣਦਾ ਹੈ ਕਿ ਉਨ੍ਹਾਂ ਨੂੰ ਭੁੱਖ ਤੇ ਬੇਰੁਜ਼ਗਾਰੀ ਦੇ ਝੰਬੇ ਹੋਏ ਲੋਕ ਨਜ਼ਰੀਂ ਕਿਉਂ ਨਹੀਂ ਪੈਂਦੇ? ਅਤੇ ਇਹ ਵੀ ਕਿ ਜੇ ਤੁਸੀਂ ਆਪਣੀਆਂ ਜੇਬਾਂ ਭਰਨ ਲਈ ਸਾਰੇ ਮਤਭੇਦ ਭੁਲਾਕੇ ਇਕ ਹੋ ਸਕਦੇ ਹੋ ਤਾਂ ਦੇਸ਼ ਦੇ ਲੋਕਾਂ ਨੂੰ ਸਮਾਜਿਕ-ਆਰਥਕ ਦੁਰਦਸ਼ਾ 'ਚੋਂ ਕੱਢਣ ਲਈ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਲੱਭਣ ਲਈ ਤੁਸੀਂ ਸਿਰ ਜੋੜਕੇ ਕਿਉਂ ਨਹੀਂ ਬੈਠ ਸਕਦੇ?

'ਰਾਸ਼ਟਰ ਭਗਤੀ' ਤੋਂ 'ਭਾਰਤ ਮਾਤਾ ਦੀ ਜੈ' ਤੱਕ

ਮੱਖਣ ਕੁਹਾੜ 

ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਸੱਤਾ ਸੰਭਾਲੀ ਹੈ, ਆਰ.ਐਸ.ਐਸ. ਦਾ ਲੁਕਵਾਂ ਅਜੰਡਾ ਬਾਹਰ ਆ ਗਿਆ ਹੈ। ਹੁਣ ਬੀ.ਜੇ.ਪੀ. ਇਸ ਨੂੰ ਲੁਕਵਾਂ ਰੱਖਣਾ ਵੀ ਨਹੀਂ ਚਾਹੁੰਦੀ। ਲੋਕ ਸਭਾ 'ਚ ਆਪਣੀ ਜਿੱਤ ਦੀ ਖੁਮਾਰੀ 'ਚ ਉਹ ਇਹ ਭੁੱਲ ਜਾਂਦੀ ਹੈ ਕਿ ਉਸਨੂੰ ਸਿਰਫ 31% ਵੋਟਰਾਂ ਨੇ ਹੀ ਸਮਰਥਨ ਦਿੱਤਾ ਹੈ ਜੋ ਇਕ ਤਿਹਾਈ ਤੋਂ ਵੀ ਘੱਟ ਹੈ। ਹੁਣ ਬੀ.ਜੇ.ਪੀ. ਦੀ ਮੋਦੀ ਸਰਕਾਰ ਉਹੀ ਕੁੱਝ ਕਰ ਰਹੀ ਹੈ ਜੋ ਉਸਦਾ ਆਕਾ ਬੁਨਿਆਦ ਪ੍ਰਸਤ ਫਿਰਕੂ ਸੰਗਠਨ ਰਾਸ਼ਟਰੀ ਸੈਵੰਮ ਸੇਵਕ ਸੰਘ (ਆਰ.ਐਸ.ਐਸ.) ਚਾਹੁੰਦਾ ਹੈ। ਆਰ.ਐਸ.ਐਸ. ਦੇ ਪੱਕੇ ਬੰਦੇ ਹੀ ਰਾਜ ਭਾਗ ਦੇ ਉਚ ਅਹੁਦਿਆਂ ਤੇ ਬਿਰਾਜਮਾਨ ਹਨ। ਦੇਸ਼ ਦਾ ਧਰਮ ਨਿਰਪੱਖ ਖਾਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਘੱਟ ਗਿਣਤੀਆਂ ਉਪਰ ਸਹਿਮ ਦੇ ਬੱਦਲਾਂ ਦਾ ਕੁਲਹਿਣਾ ਪਰਛਾਵਾਂ ਨਿੱਤ ਦਿਨ ਹੋਰ ਸੰਘਣਾ ਹੋਈ ਜਾ ਰਿਹਾ ਹੈ। ਆਰ.ਐਸ.ਐਸ. ਦੇ ਨਿਰਦੇਸ਼ਾਂ ਤੇ ਦੇਸ਼ ਵਿਚ ਕਈ ਸਾਧਣੀਆਂ, ਸਾਧ, ਮੰਤਰੀ, ਵਿਧਾਇਕ ਸਮੇਂ ਸਮੇਂ ਫਿਰਕੂ ਜ਼ਹਿਰ ਦੇ ਭਿੱਜੇ ਤੀਰ ਛੱਡ ਕੇ ਫਿਰਕੂ ਨਫ਼ਰਤ ਦੇ ਭਾਂਬੜ ਮਚਾਉਂਦੇ ਰਹਿੰਦੇ ਹਨ। ਉਹਨਾਂ ਦੇ ਇਹ ਨਾਪਾਕ ਇਰਾਦੇ ਆਪਣੇ ਫਿਰਕੂ ਫਸਾਦਾਂ ਦੇ ਮਕਸਦ ਵਿਚ ਸਫਲ ਵੀ ਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਸਭ ਕੁੱਝ ਪ੍ਰਤੀ ਸਾਜਸ਼ੀ ਚੁੱਪ ਧਾਰਨ ਕਰੀ ਬੈਠਾ ਹੈ।
ਅਸਹਿਣਸ਼ੀਲਤਾ ਦੇ ਮੁੱਦੇ 'ਤੇ ਸਾਰੇ ਭਾਰਤ ਵਿਚ ਚਰਚਾ ਹੋ ਰਹੀ ਹੈ। ਬਿਨਾਂ ਸ਼ੱਕ ਇਸ ਨਾਲ ਮੋਦੀ ਸਰਕਾਰ ਦੀ ਭਰੋਸੇਯੋਗਤਾ ਹੋਰ ਸ਼ੱਕੀ ਹੋ ਗਈ ਹੈ। ਭਾਰਤ ਬਹੁਧਰਮੀ, ਬਹੁਕੌਮੀ, ਬਹੁਜਾਤੀ, ਬਹੁ ਵਿਚਾਰੀ, ਬਹੁ ਸਭਿਆਚਾਰੀ, ਬਹੁ ਭਾਸ਼ਾਈ, ਤੇ ਹੋਰ ਕਈ ਤਰ੍ਹਾਂ ਦੇ ਵੱਖਰੇਵਿਆਂ ਵਾਲਾ ਦੇਸ਼ ਹੈ। ਅਨੇਕਤਾ ਵਿਚ ਏਕਤਾ ਇਸਦੀ ਖੂਬੀ ਵੀ ਹੈ ਤੇ ਪਛਾਣ ਵੀ। ਇਹ ਦੇਸ਼ ਕੇਵਲ ਕਿਸੇ ਵੀ ਇਕ ਤਰ੍ਹਾਂ ਦੇ ਕੱਟੜਵਾਦੀਆਂ ਦਾ ਦੇਸ਼ ਨਹੀਂ ਹੈ। ਕੱਟੜ ਹਿੰਦੂ ਵਿਚਾਰਧਾਰਾ ਨੂੰ ਲਾਗੂ ਕਰਨ ਬਾਰੇ ਸੋਚਣਾ ਦੇਸ਼ ਨਾਲ ਧ੍ਰੋਹ ਕਰਨ ਦੇ ਤੁੱਲ ਹੈ। ਇਸ ਨਾਲ ਗੈਰ ਹਿੰਦੂ, ਧਰਮ ਨਿਰਪੱਖ ਤਰਕਸ਼ੀਲ, ਵਿਗਿਆਨਕ ਸੋਚਣੀ ਵਾਲੇ ਤਾਂ ਦੁੱਖੀ ਹੋਣਗੇ, ਨਰੋਈ ਸੋਚ ਵਾਲੇ ਹਿੰਦੂ ਵੀ ਇਸ ਵਰਤਾਰੇ ਤੋਂ ਬਦਜਨ ਹਨ। ਅਜਿਹਾ ਕਰਨ ਨਾਲ ਦੇਸ਼ ਨੂੰ ਇਕ ਨਹੀਂ ਰੱਖਿਆ ਜਾ ਸਕੇਗਾ। ਧੱਕੇ ਨਾਲ ਬਹੁਤਾ ਸਮਾਂ ਕਿਸੇ ਨੂੰ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ।
ਆਰ. ਐਸ.ਐਸ. ਆਪਣਾ ਹਿੰਦੂਤਵੀ ਵੀ ਅਜੰਡਾ ਪੂਰਾ ਕਰਨ ਲਈ ਬਹੁਤ ਕਾਹਲੀ ਹੈ। ਉਹ ਰਾਜ ਸੱਤਾ ਦੀ ਵਰਤੋਂ ਰਾਹੀਂ ਆਪਣੇ ਮੰਦਭਾਗੀ ਕੁਕਰਮਾਂ ਨੂੰ ਸਿਰੇ ਚੜਾਉਣ ਲਈ ਪੱਬਾਂ ਭਾਰ ਹੈ। ੳਹਨਾਂ ਦੀ ਸਾਜਿਸ਼ ਹੈ ਕਿ ਭਾਰਤ ਨੂੰ ਧਰਮ ਅਧਾਰਤ ਹਿੰਦੂ ਰਾਜ ਬਣਾ ਦਿੱਤਾ ਜਾਵੇ। ਉਹ ਆਪਣੇ ਸਾਰੇ ਉਹ ਅਜੰਡੇ ਅੱਗੇ ਵਧਾ ਰਹੀ ਹੈ ਜਿਸ ਨਾਲ 'ਹਿੰਦੀ-ਹਿੰਦੂ-ਹਿੰਦੂਸਤਾਨ' ਦਾ ਕੱਟੜ ਤੇ ਬੁਨਿਆਦ ਪ੍ਰਸਤ ਸੰਕਲਪ ਮੁਕੰਮਲ ਹੋ ਸਕੇ। ਚਾਹੇ ਇਸ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ। ਆਰ.ਐਸ.ਐਸ. ਮੰਨੂੰ ਸਮ੍ਰਿਤੀ ਦੇ ਸਾਰੇ ਨਿਯਮ ਤੇ ਕਾਇਦੇ ਕਾਨੂੰਨ ਲਾਗੂ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਪੁਸ਼ਟੀਹੀਨ ਮਿੱਥਿਹਾਸਕ ਕਥਾਵਾਂ ਨੂੰ ਸੱਤ ਪ੍ਰਤੀਸ਼ਤ ਇਤਿਹਾਸ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਰਾਮ ਮੰਦਰ ਅਯੁਧਿਆ ਦੀ ਢਾਹੀ ਮਸਜਿਦ ਉਪਰ ਹੀ ਉਸਾਰਨ ਲਈ ਬਜਿੱਦ ਹੈ। ਸਿਵਲ ਕੋਡ ਵੀ ਸਾਰੇ ਭਾਰਤ ਵਿਚ ਇਕਸਾਰ ਪਰ ਹਿੰਦੂ ਸੰਸਕ੍ਰਿਤੀ ਵਾਲਾ ਹੀ ਲਾਗੂ ਹੋਣਾ ਚਾਹੀਦਾ ਹੈ। ਜੋ ਹਿੰਦੂ ਗਰੰਥਾਂ ਮਹਾਂਭਾਰਤ, ਰਮਾਇਣ ਨੂੰ ਮਿਥਿਹਾਸ ਕਹੇ, ਜੋ ਵਿਗਿਆਨਕ ਦ੍ਰਿਸ਼ਟੀ ਕੋਣ ਰੱਖੇ, ਜਾਂ ਨਾਸਤਿਕ ਹੋਵੇ; ਜੋ ਹਿੰਦੂ ਧਰਮ ਤੇ ਸੰਸਕ੍ਰਿਤ ਨੂੰ ਨਾ ਮੰਨੇ, ਮੂਰਤੀ ਪੂਜਾ ਦਾ ਵਿਰੋਧੀ ਹੋਵੇ, ਜਿਹੜਾ ਹਿੰਦੂ ਧਰਮ ਦਾ ਹੋ ਕੇ ਵੀ ਦੂਸਰੇ ਧਰਮਾਂ ਵਿਚ ਧੀਆਂ ਪੁੱਤਾਂ ਦੀ ਸ਼ਾਦੀ ਰਚਾਵੇ, ਜੋ ਗਊ ਨੂੰ 'ਮਾਂ' ਨਾ ਸਮਝੇ ਜਾਂ ਉਸਦਾ ਮਾਸ ਖਾਵੇ ਆਦਿ ਆਰ.ਐਸ.ਐਸ ਦੀਆਂ ਨਜ਼ਰਾਂ'ਚ ਪਾਪੀ ਅਤੇ ਰਾਸ਼ਟਰ ਧਰੋਹੀ ਹਨ। ਏਸੇ ਹੀ ਨਜ਼ਰੀਏ ਤਹਿਤ ਭਾਰਤ ਨੂੰ 'ਮਾਤਾ' ਕਿਹਾ ਜਾਂਦਾ ਹੈ। ਹਾਲਾਂਕਿ ਭਾਰਤ ਸ਼ਬਦ ਪੁਲਿੰਗ ਹੈ ਇਸਤਰੀ ਲਿੰਗ ਨਹੀਂ। ਪ੍ਰੰਤੂ ਕਿਉਂਕਿ 'ਮਾਤਾ' ਸ਼ਬਦ ਨਾਲ ਹਿੰਦੂਤਵ ਦੇ ਵਿਚਾਰਾਂ ਦੀ ਤਰਜਮਾਨੀ ਹੁੰਦੀ ਹੈ, ਏਸ ਲਈ ਭਾਰਤ ਨੂੰ ਮਾਤਾ ਕਹਿਕੇ 'ਭਾਰਤ ਮਾਤਾ ਦੀ ਜੈ' ਦਾ ਨਾਹਰਾ ਲਗਾਉਣ ਲਈ ਹਰ ਭਾਰਤ ਵਾਸੀ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਅਕਸਰ ਅਸੀਂ ਭਾਰਤ ਦੇ ਨਕਸ਼ੇ ਤੇ ਇਕ ਦੇਵੀ ਦਾ ਚਿੱਤਰ ਵੇਖਦੇ ਹਾਂ ਜੋ ਚਾਰ ਹੱਥਾਂ, ਬਾਹਵਾਂ ਵਾਲੀ ਹੈ ਅਤੇ ਉਸਦੇ ਇਕ ਹੱਥ ਤਿਰੰਗਾ ਤੇ ਇਕ ਹੱਥ ਤ੍ਰਿਸ਼ੂਲ ਲਾਜ਼ਮੀ ਹੁੰਦੀ ਹੈ। ਤ੍ਰਿਸ਼ੂਲ ਦਾ ਸੰਕੇਤ ਵੀ ਹਿੰਦੂ ਧਰਮ ਨਾਲ  ਸਬੰਧਤ ਹੈ ਏਸ ਲਈ ਇਸ ਮਾਤਾ ਦੇ ਦੂਜੇ ਦੋ ਹੱਥਾਂ ਵਿਚ ਆਮ ਤੌਰ 'ਤੇ ਇਕ 'ਚ ਸੰਖ ਅਤੇ ਇਕ ਵਿਚ (ਭਾਜਪਾ ਦਾ ਚੋਣ ਨਿਸ਼ਾਨ) ਕਮਲ ਦਾ ਫੁੱਲ ਹੁੰਦਾ ਹੈ। ਹੁਣ ਆਰ.ਐਸ. ਐਸ. ਤੇ ਉਸਦੀ ਨਿਰਦੇਸ਼ਤ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਸਾਰਾ ਜ਼ੋਰ ਏਸ ਗੱਲ 'ਤੇ ਲਾ ਰਹੀ ਹੈ ਕਿ ਜੇ ਤੁਸੀਂ ਭਾਰਤੀ ਹੋ, ਸੱਚ ਮੁੱਚ ਹੀ ਭਾਰਤ ਦੇਸ਼ ਦਾ ਭਲਾ ਚਾਹੁੰਦੇ ਹੋ ਤਾਂ ਤੁਹਾਨੂੰ 'ਭਾਰਤ ਮਾਤਾ ਦੀ ਜੈ' ਕਹਿਣਾ ਹੀ ਪਵੇਗਾ। ਇਹ ਦੂਜੇ ਧਰਮਾਂ ਦੇ ਅਨੁਆਈਆਂ ਨੂੰ ਅਤੇ ਦੇਵੀ-ਦੇਵਤਿਆਂ ਨੂੰ ਨਾ ਮੰਨਣ ਵਾਲਿਆਂ ਨੂੰ ਹਿੰਦੂਤਵ ਦੀ ਲੱਤ ਹੇਠੋਂ ਲੰਘਾਉਣ ਦੀ ਕਾਰਵਾਈ ਮਾਤਰ ਹੀ  ਨਹੀਂ ਹੈ ਬਲਕਿ ਸਦੀਵੀਂ ਫਿਰਕੂ ਵੰਡ ਦੀ ਸਾਜਿਸ਼ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਬਹੁਤ ਸਾਰੇ ਹਿੰਦੂ ਜੋ ਤਰਕਸ਼ੀਲ ਸੋਚ ਰੱਖਦੇ ਹਨ ਜਾਂ ਮੁਸਲਿਮ ਸਿੱਖ ਤੇ ਇਸਾਈ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦੇ ਉਹ ਦੇਵੀ ਦੇਵਤਿਆਂ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ। ਉਹ ਕਿਸੇ ਤਰ੍ਹਾਂ ਵੀ ਐਸਾ ਨਾਹਰਾ ਨਹੀਂ ਲਾਉਣਗੇ ਜਿਸ 'ਚੋਂ ਹਿੰਦੂਤਵ ਦੀ ਤੰਗ ਨਜ਼ਰੀ ਦੀ ਝਲਕ ਪੈਂਦੀ ਹੋਵੇ। ਭਾਵੇਂ ਇਹ ਨਾਹਰਾ ਅਚੇਤ ਰੂਪ ਵਿਚ ਆਜ਼ਾਦੀ ਵੇਲੇ ਤੇ ਪਾਕਿਸਤਾਨ ਨਾਲ ਜੰਗਾਂ ਵੇਲੇ ਬਹੁਤ ਲੋਕੀਂ ਵਰਤਦੇ ਰਹੇ ਹੋਣ, ਪ੍ਰੰਤੂ ਅੱਜ ਸੁਚੇਤ ਤੌਰ 'ਤੇ ਮਜ਼ਬੂਰੀ ਵੱਸ ਐਸਾ ਨਾਹਰਾ ਕਿਉਂ ਲਾਉਣ ਜਿਸ ਦੇ ਲਾਉਣ ਨਾਲ ਉਹਨਾਂ ਨੂੰ ਕੱਟੜ ਧਾਰਮਕ ਸੋਚ ਵਾਲਿਆਂ ਦੀ ਧੌਂਸ ਮੰਨਣੀ ਪਵੇ, ਹਾਰ, ਹੇਠੀ ਤੇ ਨਮੋਸ਼ੀ ਦਾ ਅਹਿਸਾਸ ਹੋਵੇ; ਉਹ ਕਦਾਚਿੱਤ ਨਹੀਂ ਲਾਉਣਗੇ। ਉਂਝ ਉਹ ਸੱਚੇ ਸੁੱਚੇ ਭਾਰਤੀ ਅਤੇ ਦੇਸ਼ ਭਗਤ ਹਨ।
ਸਵਾਲਾਂ ਦਾ ਸਵਾਲ ਅੱਜ ਇਹ ਹੈ ਕਿ ਦੇਸ਼ ਭਗਤੀ ਪ੍ਰਗਟਾਉਣ ਲਈ 'ਭਾਰਤ ਮਾਤਾ ਦੀ ਜੈ' ਹੀ ਕਿਉਂ। ਕੀ 'ਭਾਰਤ ਦੇਸ਼ ਦੀ ਜੈ, ''ਜੈ ਭਾਰਤ'', ਜੈ ਹਿੰਦ (ਜੋ ਪਹਿਲਾਂ ਹੀ ਪ੍ਰਚੱਲਤ ਹੈ) ''ਜੈ ਹਿੰਦੂਸਤਾਨ'' ਆਦਿ ਨਾਲ ਨਹੀਂ ਸਰਦਾ। ਜੇ ਨਹੀਂ ਸਰਦਾ ਤਾਂ ਕਿਉਂ? ਉਂਝ ਇਹੀ ਸੋਚਣ ਵਾਲੀ ਗੱਲ ਹੈ ਕਿ ਇਹ ਸੋਚ ਹੁਣ ਹੀ ਕਿਉਂ ਪ੍ਰਬਲ ਹੋਈ ਹੈ? ਅਤੇ ਇਹ ਵੀ ਕਿ ਜੇਕਰ ਕੋਈ 'ਭਾਰਤ ਮਾਤਾ ਦੀ ਜੈ' ਬੋਲ ਦਿੰਦਾ ਹੈ ਤਾਂ ਕੀ ਉਹ ਬਹੁਤ 'ਦੇਸ਼ ਪ੍ਰੇਮੀ' ਹੋ ਜਾਂਦਾ ਹੈ। ਫੇਰ ਤਾਂ ਸਾਰੇ ਦੇਸ਼ ਧਰੋਹੀਆਂ ਲਈ ਇਹ ਸੌਖਾ ਹੋ ਜਾਵੇਗਾ ਕਿ ਉਹ ਇਹ ਨਾਹਰਾ ਲਾ ਕੇ ਦੇਸ਼ ਭਗਤੀ ਦਾ ਸਰਟੀਫਿਕੇਟ ਹਾਸਿਲ ਕਰ ਲਿਆ ਕਰਨ। ਹਿੰਦੂ ਕੱਟੜਵਾਦੀ ਬੁਨਿਆਦ ਪ੍ਰਸਤਾਂ ਵਲੋਂ ਪਹਲਿਾਂ ਹੀ ਲਵ-ਜੇਹਾਦ, ਗਊ ਮਾਸ, ਰਾਮਜ਼ਾਦੇ ਹਰਾਮ-ਜਾਦੇ ਆਦਿ ਨਾਲ ਪਾਟਕ ਪਾਉਣ ਦੇ ਯਤਨ ਹੋਏ ਹਨ। ਹੁਣ ਇਹ ਨਵਾਂ ਹੁਕਮ ਜਾਰੀ ਹੋਇਆ ਹੈ ਕਿ ਜੋ ਗਊ ਨੂੰ ਮਾਤਾ ਨਹੀਂ ਮੰਨਦਾ ਉਹ ਦੇਸ਼ ਛੱਡ ਜਾਵੇ।
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਨਾਸਿਕ ਵਿਚ ਬੋਲਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ 'ਜੋ ਭਾਰਤ ਮਾਤਾ ਦੀ ਜੈ' ਨਹੀਂ ਬੋਲਦਾ ਉਸਨੂੰ ਭਾਰਤ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਦੇਸ਼ 'ਚ ਰਹਿਣ ਵਾਲੇ ਹਰ ਕਿਸੇ ਨੂੰ ਭਾਰਤ ਮਾਤਾ ਦੀ ਜੈ ਲਾਜ਼ਮੀ ਕਹਿਣਾ ਹੀ ਪਵੇਗਾ।' ਉਹਨਾਂ ਨੇ ਚੈਲੰਜ ਕਰਦਿਆਂ ਇਹ ਕਿਹਾ ਕਿ ਇਸ ਦੇਸ਼ ਵਿਚ ਕਿਸ ਦੀ ਜ਼ੂਰਅੱਤ ਹੈ ਕਿ ਉਹ 'ਭਾਰਤ ਮਾਤਾ ਦੀ ਜੈ' ਨਾ ਬੋਲੇ। ਮਹਾਰਾਸ਼ਟਰਾ ਅਸੈਂਬਲੀ ਵਿਚੋਂ ਇਕ ਵਿਧਾਇਕ ਨੂੰ ਇਸ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ ਕਿ ਉਸਨੇ ਇਹ ਨਾਹਰਾ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਕਾਰਵਾਈ ਦੀ ਇਜ਼ਾਜਤ ਨਾ ਤਾਂ ਭਾਰਤ ਦਾ ਸੰਵਿਧਾਨ ਹੀ ਦਿੰਦਾ ਹੈ ਤੇ ਨਾ ਹੀ ਤਾਜੀ ਅਜਿਹੀ ਰਾਤੇ ਹਿੰਦ ਦੀ ਕੋਈ ਧਾਰਾ ਜਾਂ ਅਸੈਂਬਲੀ ਚਲਾਉਣ ਲਈ ਬਣਿਆ ਕੋਈ ਵੀ ਕਾਇਦਾ ਕਾਨੂੰਨ। ਸਪੀਕਰ ਵੀ ਨਾਹਰਾ ਨਾ ਲਾਉਣ ਦੇ ਦੋਸ਼ ਵਿਚ ਵਿਧਾਇਕ ਨੂੰ ਮੁਅੱਤਲ ਨਹੀਂ ਕਰ ਸਕਦਾ। ਪਰ ਫਿਰ ਵੀ ਇਹ ਸਾਰਾ ਕੁੱਝ ਹੋ ਗਿਆ। ਕੀ ਅਸਲ ਦੇਸ਼ ਧ੍ਰੋਹੀ ਫੜਨਵੀਸ ਜੀ ਨਹੀਂ ਹਨ ਜੋ ਮੁੱਖ ਮੰਤਰੀ ਹੁੰਦੇ ਹੋਏ ਵੀ ਸੰਵਿਧਾਨ ਦੀਆਂ ਮੂਲ ਧਾਰਾਵਾਂ ਦੇ ਉਲਟ ਕੰਮ ਕਰ ਰਹੇ ਹਨ? ਦਰ ਅਸਲ ਦੇਸ਼ ਤੇਜੀ ਨਾਲ ਫਾਸ਼ੀਵਾਦ ਦੀ ਸਿਆਸਤ ਦੀ ਜਕੜ ਵਿਚ ਧੱਸਦਾ ਜਾ ਰਿਹਾ ਹੈ। ਕੋਈ ਕਾਇਦਾ ਕਾਨੂੰਨ ਨਹੀਂ ਹੈ। ਕਾਇਦਾ ਕਾਨੂੰਨ ਇਹੀ ਹੈ ਜੋ ਨਾਗਪੁਰ ਤੋਂ ਪ੍ਰਵਾਨ ਹੋ ਕੇ ਆਵੇ। ਨਾਗਪੁਰੀ ਸੰਘੀ ਫੁਰਮਾਨ ਕਾਨੂੰਨ ਵਾਂਗ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਇਹ ਵਤੀਰਾ ਫੜਨਵੀਸ ਤੀਕਰ ਹੀ ਸੀਮਤ ਨਹੀਂ ਹੈ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਅਤੇ ਮੋਦੀ ਸਰਕਾਰ ਦਾ ਖਾਸ ਚਹੇਤਾ 'ਬਾਬਾ ਰਾਮਦੇਵ' ਵੀ ਇਸੇ ਸੋਚ ਦੇ ਧਾਰਨੀ ਹਨ। ਬਾਬਾ ਰਾਮ ਦੇਵ ਨੇ ਹਰਿਆਣੇ ਦੇ ਸ਼ਹਿਰ ਰੋਹਤਕ ਦੀ ਅਨਾਜ ਮੰਡੀ ਵਿਚ ਇਕ ਸੂਬਾ ਪੱਧਰੀ 'ਸਦਭਾਵਨਾ ਰੈਲੀ' ਦੌਰਾਨ ਕਿਹਾ ਹੈ 'ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਨਹੀਂ ਤਦਾਂ ਅਣਗਿਣਦਤ ਸਿਰ ਧੜਾਂ ਤੋਂ ਵੱਖ ਕਰ ਦਿੰਦੇ। ਰਾਮ ਦੇਵ ਨੇ ਬਿਨਾਂ ਨਾ ਲਏ ਇਹ ਗੱਲ ਐਮ.ਆਈ.ਐਮ.ਆਗੂ 'ੳਵੈਸੀ' ਦੇ ਉਸ ਬਿਆਨ ਦੇ ਪ੍ਰਤੀਕਰਮ ਵਿਚ ਕਹੀ ਜਿਸਨੇ ਕਿਹਾ ਹੈ ਕਿ ਮੇਰੀ ਗਰਦਨ ਤੇ ਕੋਈ ਚਾਕੂ ਰੱਖ ਕੇ ਵੀ ਕਹੇ ਕਿ ਭਾਰਤ ਮਾਤਾ ਦੀ ਜੈ ਕਹੋ, ਮੈਂ ਫਿਰ ਵੀ ਅਜਿਹਾ ਨਹੀਂ ਬੋਲਾਂਗਾ। ਚੇਤੇ ਰਹੇ ਕਿ ਇਹ ਰੋਹਤਕ ਸਦਭਾਵਨਾ ਰੈਲੀ ਜਾਟ ਅੰਦੋਲਨ ਦੌਰਾਨ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਸੱਦੀ ਗਈ ਸੀ।
ਹਿੰਦੂਤਵ ਦੇ ਏਸੇ ਅਜੰਡੇ ਨੂੰ ਅੱਗ ਵਧਾਉਂਦਿਆਂ ਆਰ.ਐਸ.ਐਸ. ਦੇ ਆਗੂ 'ਭੈਆ ਜੀ ਜੋਸ਼ੀ ਨੇ ਤਾਂ ਸੰਘ ਦੇ ਉਦੇਸ਼ ਨੂੰ ਹੋਰ ਵੀ ਸਪੱਸ਼ਟ ਕੀਤਾ ਹੈ। ਉਹਨਾਂ ਕਿਹਾ ਕਿ ਫਿਲਹਾਲ ਭਾਵੇਂ ਸੰਵਿਧਾਨ ਮੁਤਾਬਕ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਤੇ ਰਾਸ਼ਟਰੀ ਗੀਤ ਜਨ ਗਨ ਮਨ ਹੀ ਹੈ। ਪਰ ਜੇ ਕੋਈ ਪੁੱਛੇ ਤਾਂ ਅਸਲ ਅਰਥਾਂ 'ਚ ਤਾਂ ਵੰਦੇਮਾਤਰਮ ਹੀ ਸਾਡਾ ਰਾਸ਼ਟਰੀ ਗੀਤ ਅਤੇ ਭਗਵਾਂ ਝੰਡਾ ਸਾਡਾ ਕੌਮੀ ਝੰਡਾ ਹੈ। ਸਪੱਸ਼ਟ ਹੈ ਕਿ ਜੇ ਭਾਜਪਾ ਨੂੰ ਰਾਜ ਸਭਾ ਵਿਚ ਵੀ ਬਹੁਮਤ ਹਾਸਲ ਹੋ ਜਾਵੇ ਤਾਂ ਉਹ ਕੌਮੀ ਨਾਹਰਾ 'ਭਾਰਤ ਮਾਤਾ ਦੀ ਜੈ', ਕੌਮੀ ਝੰਡਾ 'ਭਗਵਾਂ' ਅਤੇ ਕੌਮੀ ਗੀਤ 'ਵੰਦੇ ਮਾਤਰਮ' ਪਾਸ ਕਰ ਦੇਣ। ਉਹ ਸੰਵਿਧਾਨ ਦੀ ਪ੍ਰਸਤਾਵਨਾ ਵਿਚੋਂ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਸ਼ਬਦ ਵੀ ਉਡਾ ਦੇਣਗੇ। ਜੋ ਦਰ ਹਕੀਕਤ ਹੁਣ ਵੀ ਉਨਾਂ ਲਈ ਬੇਅਰਥ ਹਨ। ਜੇ ਤਿੰਨ ਚੌਥਾਈ ਰਾਜਾਂ ਵਿਚ ਵੀ ਭਾਜਪਾ ਜਾਂ ਐਨ.ਡੀ.ਏ. ਸਰਕਾਰਾਂ ਬਣ ਗਈਆਂ ਤਾਂ ਸੰਵਿਧਾਨ ਵਿਚ ਸੋਧ ਕਰਕੇ ਭਾਰਤ ਨੂੰ 'ਹਿੰਦੂ ਗਣਰਾਜ' ਕਰਾਰ ਦੇਣ ਲੱਗਿਆਂ ਉਕਾ ਹੀ ਦੇਰ ਨਹੀਂ ਲੱਗੇਗੀ। ਇਹੀ ਨਿਸ਼ਾਨਾ ਹੈ ਸੰਘ ਪਰਿਵਾਰ ਦਾ। ਫਿਰ ਜੋ ਵੀ ਚੀਂ ਪੈਂ ਕਰੇਗਾ, ਨਾਜ਼ੀ ਹਿਟਲਰ ਵਾਂਗ ਉਸ ਨੂੰ ਕੁਚਲ ਕੇ ਰੱਖ ਦਿੱਤਾ ਜਾਵੇਗਾ। ਅਜੇ ਤਾਂ ਉਡੀਕੋ ਤੇ ਵੇਖੋ ਵਾਲੀ ਨੀਤੀ ਤੇ ਚੱਲ ਰਹੀ ਹੈ ਸੰਘ ਦੀ ਮੋਦੀ ਸਰਕਾਰ। ਤਾਂ ਇਹ ਹਾਲ ਹੈ ਵਰਨਾ ਜੇ ਰਾਜ ਸਭਾ ਵਿਚ ਵੀ ਬਹੁਮਤ ਮਿਲ ਜਾਵੇ ਤਾਂ ਪਤਾ ਨਹੀਂ ਭਾਰਤ ਦਾ ਕੀ ਬਣੇਗਾ?
ਦੇਸ਼ ਭਗਤੀ ਦਾ ਵਿਚਾਰ ਭਾਰਤ ਸਰਕਾਰ ਲਈ ਏਸ ਕਰਕੇ ਵੀ ਅਹਿਮ ਬਣ ਗਿਆ ਹੈ ਕਿ ਗਰੀਬ ਵਰਗ ਬਹੁਤ ਦੁਖੀ ਹੈ। ਸਾਰੀਆਂ ਸੁੱਖ ਸਹੂਲਤਾਂ ਉਪਰਲੇ ਪੰਜ ਪ੍ਰਤੀਸ਼ਤ ਲੋਕਾਂ ਕੋਲ ਹਨ। ਹੇਠਲੇ 60 ਪ੍ਰਤੀਸ਼ਤ ਲੋਕ ਬਹੁਤ ਦੁਖੀ ਜੀਵਨ ਬਤੀਤ ਕਰ ਰਹੇ ਹਨ। ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਜੋ ਕੇਵਲ 20 ਰੁਪਏ ਦਿਹਾੜੀ ਕਮਾਉਂਦੇ ਹਨ, ਜੋ ਸੜਕਾਂ ਕਿਨਾਰੇ ਪੀੜ੍ਹੀ ਦਰ ਪੀੜ੍ਹੀ ਜੀਵਨ ਜੀਅ ਰਹੇ ਹਨ, ਉਹ ਲੋਕ ਜੋ ਝੁੱਗੀਆਂ-ਝੌਂਪੜੀਆਂ ਵਿਚ ਰਹਿੰਦੇ ਹਨ; 'ਭਾਰਤ ਦਾ ਪੇਟ ਪਾਲਣ ਵਾਲਾ ਅੰਨ ਦਾਤਾ'  ਅਖਵਾਉਂਦਾ ਕਿਸਾਨ ਦੁੱਖਾਂ ਤਕਲੀਫਾਂ ਦਾ ਸਾਹਮਣਾ ਨਾ ਕਰ ਸਕਣ ਦੀ ਹਾਲਤ ਵਿਚ ਆਤਮ ਹੱਤਿਆ ਕਰ ਰਿਹਾ ਹੈ। ਮੱਧ ਸ਼੍ਰੇਣੀ ਦੁਖੀ ਹੈ। ਬੇਰੋਜ਼ਗਾਰੀ ਅਤੇ ਨਸ਼ਿਆਂ ਦਾ ਦੈਂਤ ਜਵਾਨੀ ਨੂੰ ਗਾਲੀ ਜਾ ਰਿਹਾ ਹੈ। ਮੱਧ ਸ਼੍ਰੇਣੀ ਦੇ ਨੌਜਵਾਨ ਮਹਿੰਗੀਆਂ ਉਚੀਆਂ ਪੜ੍ਹਾਈਆਂ ਕਰਕੇ ਵਿਹਲੇ ਫਿਰ ਰਹੇ ਹਨ। ਉਹ ਰੋਜ਼ਗਾਰ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ 'ਚ ਸ਼ਾਮਲ ਕਰਾਉਣ ਤੇ - ਕੰਮ ਦਿਓ ਕੋਈ ਕਿੱਤਾ ਦਿਓ, ਜਾਂ ਬੇਰੋਜ਼ਗਾਰੀ ਭੱਤਾ ਦਿਓ - ਦੇ ਨਾਹਰੇ ਲਾਉਂਦੇ ਲਾਮਬੰਦ ਹੁੰਦੇ ਹਨ, ਪਰ ਸਰਕਾਰ ਉਹਨਾਂ 'ਤੇ ਡਾਂਗਾ, ਗੋਲੀਆਂ ਵਰ੍ਹਾਉਂਦੀ ਹੈ। ਇਕ ਪਾਸੇ ਸਰਕਾਰ ਏਕੇ ਦਾ ਸੁਨੇਹਾ ਦਿੰਦੀ ਨਹੀਂ ਥੱਕਦੀ ਜੇ ਏਕਾ ਕਰੋ ਤਾਂ ਡਾਂਗਾਂ ਗੋਲੀਆਂ। ਜਿਨ੍ਹਾਂ ਲੋਕਾਂ ਕੋਲ ਲੋੜੀਂਦੇ ਵਸੀਲੇ ਹਨ, ਉਹ ਦੇਸ਼ ਛੱਡ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਹੋਰ ਅਰਬ ਮੁਲਕਾਂ ਨੂੰ ਦੌੜ ਜਾਂਦੇ ਹਨ। ਜਿਹੜੇ ਫੌਜੀ ਸਾਰੀ ਉਮਰ ਜਵਾਨੀ ਦਾ ਮੁੱਖ ਭਾਗ ਰੋਜ਼ਗਾਰ ਲਈ ਦੇਸ਼ ਦੇ ਲੇਖੇ ਲਾ ਦਿੰਦੇ ਹਨ, ਜਾਨ ਹੂਲ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ। ਸੀਮਾ ਚਿੰਨ ਦੀਆਂ ਬਰਫਾਂ 'ਚ ਬਰਫ ਬਣਦੇ ਹਨ, ਪਰ ਜਦ ਸੇਵਾ ਮੁਕਤ ਹੋ ਜਾਂਦੇ ਹਨ ਨਗੂਣੀ ਪੈਨਸ਼ਨ ਨਾਲ ਪਰਿਵਾਰ ਪਾਲਣੇ ਮੁਸ਼ਕਿਲ ਹੋ ਜਾਂਦੇ ਹਨ। ਬੱਚਿਆਂ ਨੂੰ ਰੁਜ਼ਗਾਰ ਨਹੀਂ ਦੇਸ਼ ਵਿਚ ਡਾਕਟਰ, ਇੰਜੀਨੀਅਰ, ਪ੍ਰੋਫੈਸਰੀ, ਅਧਿਆਪਕ, ਨਰਸਾਂ, ਕਲਰਕੀ, ਦਰਜਾ ਚਾਰ ਆਦਿ ਨਿਗੂਣੀ ਤਨਖਾਹ ਤੇ ਠੇਕਾ ਅਧੀਨ ਜਾਂ ਕੱਚੇ ਭਰਤੀ ਕੀਤੇ ਜਾ ਰਹੇ ਹਨ। ਫੌਜ ਦੀ ਭਰਤੀ ਲਈ 100 ਅਸਾਮੀਆਂ ਲਈ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਪੁੱਜਦੇ ਹਨ। ਉਹਨਾਂ ਲਈ ਪਹਿਲੇ ਨੰਬਰ ਤੇ ਰੋਜ਼ਗਾਰ ਹੈ, ਦੇਸ਼ ਭਗਤੀ ਦੂਜੇ ਨੰਬਰ 'ਤੇ ਹੁੰਦੀ ਹੈ। ਭਰਤੀ ਹੋਣ ਗਏ ਇਕ ਲੱਖ 'ਚੋਂ ਜੇ ਇਕ ਹਜ਼ਾਰ ਭਰਤੀ ਹੋ ਵੀ ਗਿਆ ਬਾਕੀ ਨੜੇਨਵੇਂ  ਹਜ਼ਾਰ ਜਦ ਨਿਰਾਸ਼ਤਾ ਦੀ ਡੂੰਘੀ ਖਾਈ ਵਿਚ ਡਿੱਗਦੇ ਹਨ ਕਿਵੇਂ ਦੇਸ਼ਭਗਤੀ ਕਰਨਗੇ? ਦੇਸ਼ ਵਿਚ ਅੰਧ ਵਿਸ਼ਵਾਸ ਚਰਮ ਸੀਮਾ 'ਤੇ ਹੈ ਅਤੇ ਮੌਜੂਦਾ ਸਰਕਾਰ ਏਸ ਹਨੇਰ ਬਿਰਤੀਵਾਦ ਵਿਚ ਸਗੋਂ ਹੋਰ ਵਾਧਾ ਕਰ ਰਹੀ ਹੈ। ਬੇਇਨਸਾਫੀ ਪੈਰ ਪੈਰ 'ਤੇ ਹੈ। ਰਿਸ਼ਵਤਖੋਰੀ, ਚੋਰ ਬਜਾਰੀ, ਪੁਲਸ ਜਬਰ, ਆਰਥਕ ਨਾਬਰਾਬਰੀ ਅਤੇ ਜਾਤਪਾਤੀ ਵਿਤਕਰਾ ਹੈ। ਰਾਜਤੰਤਰ ਦੇ ਥੰਮ, ਵਿਧਾਇਕਾਂ, ਮੰਤਰੀਆਂ ਵਲੋਂ ਹੀ ਧੱਕੇਸ਼ਾਹੀਆਂ ਕੀਤੀਆਂ ਜਾਂਦੀਆਂ ਹਨ, ਤਦ ਦੇਸ਼ ਭਗਤੀ ਕਿਵੇਂ ਰਹੇਗੀ? ਜਿਸ ਦੇਸ਼ ਦੇ ਉਚ ਵਰਗ ਦੇ ਘਰਾਣਿਆਂ ਦੇ ਲੱਖਾਂ ਕਰੋੜਾਂ ਰੁਪਏ ਕਰਜੇ ਭਾਰਤੀ ਬੈਂਕਾਂ ਮੁਆਫ ਕਰ ਰਹੀਆਂ ਹਨ ਤੇ ਉਹਨਾਂ ਦੇ ਨਾਮ ਵੀ ਜਗ ਜਾਹਰ ਨਹੀਂ ਕਰ ਰਹੀਆਂ, ਉਸ ਭਾਰਤ ਦੇਸ਼ ਜਿਸ ਦੇ ਉਚ ਪੰਜ ਪ੍ਰਤੀਸ਼ਤ ਵਰਗ ਨੂੰ ਸਰਕਾਰੀ ਅਦਾਰੇ ਤੇ ਹੋਰ ਜਾਇਦਾਦਾਂ ਕੌਡੀਆਂ ਦੇ  ਭਾਅ ਭਾਰਤ ਸਰਕਾਰ ਖੁਦ ਵੇਚ ਰਹੀ ਹੈ, ਜਿੱਥੇ ਇਕ ਪਾਸੇ ਲੁੱਟ ਖਸੁੱਟ ਹੋਵੇ, ਅਧਿਓ ਵੱਧ ਲੋਕ ਦੁਖੀ ਤੇ ਨਰਕ ਭਰੀ ਜਿੰਦਗੀ ਜੀਅ ਰਹੇ ਹੋਣ, ਜਿਨ੍ਹਾਂ ਨੂੰ ਪੀਣ ਲਈ ਸਾਫ ਪਾਣੀ ਨਾ ਮਿਲੇ, ਜਿਥੇ ਮਾਮੂਲੀ ਇਲਾਜ ਖੁਣੋ ਗਰੀਬ ਦਮ ਤੋੜੀ ਜਾਣ, ਜਿੱਥੇ ਔਰਤਾਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਵੇ, ਜਿੱਥੇ ਹਰ ਪਲ ਬਾਅਦ ਬਲਾਤਕਾਰ, ਕਤਲ, ਲੁੱਟ ਖੋਹ, ਡਾਕਿਆਂ, ਧੱਕਿਆਂ ਦੀਆਂ ਵਾਰਦਾਤਾਂ ਹੁੰਦੀਆਂ ਹੋਣ, ਉਸ ਦੇਸ਼ ਦੀ ਪ੍ਰੇਮ ਭਗਤੀ ਕੋਈ ਕਿਵੇਂ ਕਰਨਗੇ? ਭਾਰਤ 'ਮਾਤਾ ਦੀ ਜੈ ਦੀ ਜਿੱਦ ਸੰਘ ਪਰਿਵਾਰ ਨੂੰ ਛੱਡ ਦੇਣੀ ਚਾਹੀਦੀ ਹੈ। ਜਿਸ ਨੂੰ ਦੇਸ਼ ਨਾਲ ਪ੍ਰੇਮ ਹੈ ਉਹ ਦੇਸ਼ ਲਈ ਖੁਦ ਹੀ ਮਰ ਮਿਟਣ ਲਈ ਤਿਆਰ ਹੋਵੇਗਾ। ਨਫਰਤ ਦੇ ਬੀਜ ਬਜੀਣੇ ਸਿੰਜਣੇ ਬੰਦ ਹੋਣੇ ਚਾਹੀਦੇ ਹਨ। ਧੌਣ 'ਤੇ ਤਲਵਾਰ ਰੱਖਕੇ 'ਭਾਰਤ ਮਾਤਾ ਦੀ ਜੈ' ਅਖਵਾਉਣਾ ਦੇਸ਼ ਭਗਤੀ ਨਹੀਂ ਹੈ। 

ਸੋਕੇ ਦਾ ਸੰਤਾਪ ਤੇ ਹਾਕਮਾਂ ਦੀ ਅਸੰਵੇਦਨਸ਼ੀਲਤਾ

ਸਰਬਜੀਤ ਗਿੱਲ

ਦੇਸ਼ ਦਾ ਤੀਜਾ ਹਿੱਸਾ ਇਸ ਵੇਲੇ ਸੋਕੇ ਦੀ ਲਪੇਟ 'ਚ ਹੈ ਅਤੇ ਦੇਸ਼ 'ਚ ਕ੍ਰਿਕਟ ਖੇਡੀ ਜਾ ਰਹੀ ਹੈ। ਪਹਿਲਾਂ ਵਰਲਡ ਕੱਪ ਅਤੇ ਹੁਣ ਆਈਪੀਐਲ ਦੇ ਮੁਕਾਬਲੇ ਹੋ ਰਹੇ ਹਨ। ਅਦਾਲਤ ਦੇ ਇੱਕ ਫੈਸਲੇ ਮੁਤਾਬਿਕ ਕੁੱਝ ਮੈਚ ਸੋਕਾਗ੍ਰਸਤ ਇਲਾਕੇ 'ਚ ਕਰਵਾਉਣ 'ਤੇ ਰੋਕ ਲਗਾ ਦਿੱਤੀ ਗਈ ਸੀ। ਇੱਕ ਟੀਵੀ ਚੈਨਲ ਇਸ ਰੋਕ ਨੂੰ ਇਸ ਢੰਗ ਨਾਲ ਦਿਖਾ ਰਿਹਾ ਹੈ ਕਿ ''ਦੇਖੋ ਸਟੇਡੀਅਮ 'ਚ ਘੁੰਮ ਫਿਰ ਕੇ ਸਮਾਨ ਵੇਚਣ ਵਾਲੇ ਕਿੰਨੇ ਲੋਕ ਬੇਰੁਜ਼ਗਾਰ ਹੋ ਜਾਣਗੇ।'' ਜਦੋਂ ਕਿ ਜਿਥੇ ਹੋਰ ਥਾਂ 'ਤੇ ਮੈਚ ਹੋਣਗੇ, ਸਮਾਨ ਤਾਂ ਉਥੇ ਵੀ ਵਿਕੇਗਾ। ਹਾਂ, ਇਹ ਹੋ ਸਕਦਾ ਹੈ ਕਿ ਉਥੇ ਕਿਸੇ ਹੋਰ ਨੂੰ ਰੁਜ਼ਗਾਰ ਮਿਲ ਜਾਏਗਾ। ਆਖਰ ਉਹ ਲੋਕ ਵੀ ਇਸ ਦੇਸ਼ ਦੇ ਨਾਗਰਿਕ ਹਨ। ਟੀਵੀ 'ਤੇ ਦਿਖਾਈ ਜਾ ਰਹੀ ਇਹ ਰਿਪੋਰਟ ਮੀਡੀਏ ਦੀ ਇਸ ਮੁੱਦੇ 'ਤੇ ਪਕੜ ਦੀ ਕਹਾਣੀ ਵੀ ਆਪ ਹੀ ਬਿਆਨ ਕਰਦੀ ਹੈ। ਮਸਲੇ ਦੀ ਗੰਭੀਰਤਾ ਬਾਰੇ ਅੰਦਾਜ਼ਾ ਇਹ ਲੋਕ ਕਦੋਂ ਲਗਾਉਣਗੇ ਕਿ ਦੇਸ਼ ਦੇ ਤੀਜੇ ਹਿੱਸੇ 'ਚ ਪਾਣੀ ਦਾ ਸੰਕਟ ਹੈ? ਕਾਂਗਰਸ ਅਤੇ ਭਾਜਪਾ ਵਾਲੇ ਇੱਕ ਦੂਜੇ 'ਤੇ ਦੋਸ਼ ਲਗਾ ਰਹੇ ਹਨ ਅਤੇ ਮੌਸਮ ਦੀ ਮਾਰ ਕਹਿ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਅਜਿਹੇ ਸੰਕਟ ਦੇ ਦੌਰ 'ਚ ਆਖਰ ਲੋਕ ਕੀ ਕਰਨ, ਉਹ ਪਾਣੀ ਦਾ ਪ੍ਰਬੰਧ ਕਰਨ ਜਾਂ ਕੁੱਝ ਹੋਰ ਸੋਚਣ। ਜਿਥੇ ਪਾਣੀ ਲੈਣ ਜਾਣ ਲਈ ਔਰਤਾਂ ਨੂੰ ਕਈ-ਕਈ ਕਿਲੋਮੀਟਰ ਦੂਰ ਜਾਣਾ ਪੈ ਰਿਹਾ ਹੋਵੇ, ਉਥੇ ਇਹ ਲੋਕ ਲਾਜ਼ਮੀ ਤੌਰ 'ਤੇ ਰੱਬ ਦਾ ਭਾਣਾ ਸਮਝ ਕੇ ਹੀ ਇਸ ਨੂੰ ਮੰਨ ਰਹੇ ਹੋਣਗੇ। ਔਰਤਾਂ ਦੇ ਸਿਰ ਇਹ ਸੰਕਟ ਦੀ ਦੋਹਰੀ ਘੜੀ ਹੈ, ਜਿਨ੍ਹਾਂ ਨੂੰ ਆਪਣੇ ਘਰ ਦੇ ਕੰਮਾਂ ਦੇ ਨਾਲ ਨਾਲ ਪਾਣੀ ਵੀ ਢੋਹਣਾ ਪੈ ਰਿਹਾ ਹੈ।
ਸੋਕੇ ਦਾ ਇਹ ਸੰਕਟ ਪਹਿਲੀ ਵਾਰ ਨਹੀਂ ਆਇਆ, ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਇਹ ਸੰਕਟ ਕਰੀਬ ਹਰ ਸਾਲ ਹੀ ਆਉਂਦਾ ਹੈ। ਦੇਸ਼ ਦਾ ਵੱਡਾ ਹਿਸਾ ਖੇਤੀ ਲਈ ਮੀਂਹ 'ਤੇ ਹੀ ਨਿਰਭਰ ਹੈ। ਹਰ ਸਾਲ ਚੰਗੀ ਮੌਨਸੂਨ ਦੀ ਉਡੀਕ ਕੀਤੀ ਜਾਂਦੀ ਹੈ ਅਤੇ ਭਰਪੂਰ ਮੌਨਸੂਨ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਭਰਪੂਰ ਪੈਦਾਵਾਰ। ਇਸ ਸਾਲ ਖੇਤੀ ਦਾ ਹੀ ਸੰਕਟ ਨਹੀਂ ਸਗੋਂ ਮਨੁੱਖਾਂ ਦੇ ਪੀਣ ਲਈ ਪਾਣੀ ਦਾ ਵੀ ਸੰਕਟ ਖੜ੍ਹਾ ਹੋ ਗਿਆ ਹੈ। ਪਸ਼ੂਆਂ ਦਾ ਹਾਲ ਇਸ ਤੋਂ ਵੀ ਭੈੜਾ ਹੋ ਗਿਆ ਹੈ। ਲੋਕ ਆਪਣੇ ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਉਹ ਆਪਣੇ ਆਪ ਲਈ ਪੀਣ ਵਾਲੇ ਪਾਣੀ ਦਾ ਜੁਗਾੜ ਕਰਨ।
ਕੁੱਝ ਅਮੀਰ ਲੋਕਾਂ ਦੇ ਬੱਚੇ ਇਹ ਸਮਝਦੇ ਹੋਣਗੇ ਕਿ ਇਹ ਕਿਹੜਾ ਵੱਡਾ ਮਸਲਾ ਹੈ, ਉਹ ਪਾਣੀ ਦੀ ਬੋਤਲ ਮੁੱਲ ਲੈ ਲੈਣ। ਵੱਸੋਂ ਦੇ ਇੱਕ ਹਿੱਸੇ ਲਈ ਇਹ ਸੰਕਟ ਕੋਈ ਵੱਡਾ ਸੰਕਟ ਹੀ ਨਹੀਂ ਹੈ ਕਿਉਂਕਿ ਦੇਸ਼ ਦੇ ਇਸ ਹਿੱਸੇ ਨੂੰ ਅਰਾਮ ਨਾਲ ਪਾਣੀ ਮਿਲਦਾ ਹੈ। ਸੰਕਟ 'ਚ ਫਸੇ ਲੋਕ 80 ਫੁੱਟ ਡੂੰਘੇ ਖੂਹਾਂ 'ਚੋਂ ਪਾਣੀ ਕੱਢਣ ਲਈ ਮਜ਼ਬੂਰ ਹਨ। ਇਹ ਖੂਹ ਸੁੱਕਣ 'ਤੇ ਲੋਕ ਰੱਸਿਆਂ ਦੀ ਮਦਦ ਨਾਲ ਇਨ੍ਹਾਂ ਖੂਹਾਂ 'ਚ ਜਾਂਦੇ ਹਨ, ਜਿਥੇ ਡੱਬਿਆਂ ਨਾਲ ਘੜੇ 'ਚ ਪਾਣੀ ਭਰਦੇ ਹਨ। ਕਿਸੇ ਤਲਾਬ ਦਾ ਹਰੇ ਰੰਗ ਦਾ ਪਾਣੀ ਲੋਕ ਘਰਾਂ ਨੂੰ ਲੈ ਜਾਂਦੇ ਹਨ ਅਤੇ ਇਸ ਨੂੰ ਨਿਤਾਰਦੇ ਹਨ ਅਤੇ ਫਿਰ ਇਸ ਨੂੰ ਬਿਨ੍ਹਾਂ ਉਬਾਲੇ ਪੀਣ ਲਈ ਵਰਤਦੇ ਹਨ। ਨਹਾਉਣ ਲਈ ਤਾਂ ਇਹ ਸੋਚ ਵੀ ਨਹੀਂ ਸਕਦੇ। ਕੁੱਝ ਲੋਕ ਇਸ 'ਤੇ ਟਿੱਚਰ ਵੀ ਕਰਦੇ ਹਨ ਕਿ ਇਨ੍ਹਾਂ ਲੋਕਾਂ ਨੇ ਕਿਹੜਾ ਕਾਰਪੋਰੇਟ ਘਰਾਣਿਆ ਦੇ ਦਫਤਰਾਂ 'ਚ ਜਾਣਾ ਹੁੰਦਾ ਹੈ। ਪਾਣੀ ਪਿੱਛੇ ਲੜਾਈਆਂ ਹੋਣ ਲੱਗ ਪਈਆ ਹਨ। ਮਹਾਰਾਸ਼ਟਰ ਦੇ ਇੱਕ ਜ਼ਿਲ੍ਹੇ 'ਚ ਪਾਣੀ ਦੇ ਮੁੱਦੇ ਨੂੰ ਲੈ ਕੇ ਦਫਾ 144 ਲਗਾਉਣੀ ਪੈ ਗਈ ਹੈ। ਪਾਣੀ ਵਾਲੇ ਟੈਂਕਰ ਦੇ ਨੇੜੇ ਪੰਜ ਤੋਂ ਵੱਧ ਲੋਕ ਇੱਕ ਵੇਲੇ ਇਕੱਠੇ ਨਾ ਹੋਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਲੋਕਾਂ ਦਾ 'ਖਿਆਲ' ਕਰਦੇ ਹੋਏ ਸੰਕਟ 'ਚ ਫਸੇ ਲੋਕਾਂ ਲਈ ਪਾਣੀ ਵਾਲੀ ਟਰੇਨ ਭੇਜੀ ਹੈ, ਜਿਸ 'ਚ ਪੰਜ ਲੱਖ ਲੀਟਰ ਪਾਣੀ ਭੇਜਿਆ ਗਿਆ। ਇਸ ਰੇਲ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ, ਜਿਵੇਂ ਰੇਲ ਗੱਡੀ ਹੀ ਪਹਿਲੀ ਵਾਰ ਇਸ ਇਲਾਕੇ 'ਚ ਪੁੱਜੀ ਹੋਵੇ। ਗੱਡੀ ਦੇ ਟੈਂਕਰਾਂ 'ਤੇ ਰਾਜਨੀਤਕ ਪਾਰਟੀਆਂ ਦੇ ਬੈਨਰ ਲਗਾਏ ਗਏ ਅਤੇ ਕਾਂਗਰਸ ਅਤੇ ਭਾਜਪਾ ਵਾਲਿਆਂ ਨੇ ਪ੍ਰਸਪਰ ਵਿਰੋਧੀ ਦਾਅਵੇ ਕੀਤੇ ਕਿ ਉਹ ਰੇਲ ਗੱਡੀ ਉਨ੍ਹਾਂ ਦੀ ਮਿਹਰਬਾਨੀ ਨਾਲ ਹੀ ਆਈ ਹੈ। ਲੋਕ ਪਾਣੀ ਕਾਰਨ ਪ੍ਰੇਸ਼ਾਨ ਹਨ ਅਤੇ ਇਹ ਰਾਜਨੀਤਕ ਆਗੂ ਫੋਟੋ ਖਿਚਵਾ ਕੇ ਮੀਡੀਏ ਰਾਹੀਂ ਆਪਣਾ ਸਿਆਸੀ ਲਾਹਾ ਲੈ ਰਹੇ ਹਨ। ਇਹ ਕੈਸਾ ਮਜਾਕ ਹੈ ਲੋਕਾਂ ਨਾਲ। ਅਸਲ 'ਚ ਇਹ ਰਾਜਨੀਤਕ ਆਗੂ ਰਾਹਤ ਅਤੇ ਮੁਆਵਜੇ ਨੂੰ ਹੀ ਆਪਣੀ 'ਜਿੰਮੇਵਾਰੀ' ਸਮਝਦੇ ਹਨ। ਉਹ ਲੋਕਾਂ ਦੇ ਮਨ੍ਹਾਂ ਅੰਦਰ ਇਹ ਭਾਵਨਾ ਪੈਦਾ ਕਰਦੇ ਹਨ ਕਿ ਇਹ ਸੋਕਾ ਸਰਕਾਰਾਂ ਦੀ ਦੇਣ ਨਹੀਂ ਹੈ ਬਲਕਿ ਰੱਬ ਦੀ ਕਰੋਪੀ ਕਾਰਨ ਹੀ ਵਾਪਰ ਰਿਹਾ ਹੈ।
ਉੱਤਰ ਭਾਰਤ ਅਤੇ ਕੁੱਝ ਹੋਰ ਰਾਜਾਂ ਨੂੰ ਛੱਡ ਕੇ ਖੇਤੀ ਮੀਂਹ 'ਤੇ ਹੀ ਨਿਰਭਰ ਕਰਦੀ ਹੈ। ਮਹਾਂਰਾਸ਼ਟਰ 'ਚ ਅਜਿਹੇ ਥਾਵਾਂ 'ਤੇ ਖੰਡ ਮਿੱਲਾਂ, ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਭਰਨ ਵਾਲੀਆਂ ਫੈਕਟਰੀਆਂ ਲਗਾਈਆਂ ਹੋਈਆ ਹਨ। ਉਸ ਦੇ ਖੇਤਰ 'ਚ ਵਸਦੇ ਲੋਕ ਸਵਾਲ ਕਰਦੇ ਹਨ ਕਿ ਗੰਨੇ ਦੀ ਖੇਤੀ ਲਈ ਪਾਣੀ ਵੀ ਉਪਲੱਭਧ ਨਹੀਂ ਹੈ ਅਤੇ ਗੰਨਾ ਮਿੱਲਾਂ ਦੇ ਅੰਦਰ ਖੰਡ ਬਣਾਉਣ ਲਈ ਵੀ ਪਾਣੀ ਦੀ ਖਪਤ ਹੁੰਦੀ ਹੈ, ਜਿਸ ਨਾਲ ਅਜਿਹੇ ਇਲਾਕਿਆਂ 'ਚ ਪਾਣੀ ਦੀ ਘਾਟ ਨਿਰੰਤਰ ਪੈਦਾ ਹੋ ਰਹੀ ਹੈ। ਇਹ ਲੋਕ ਸਵਾਲ ਕਰਦੇ ਹਨ ਕਿ ਇਹ ਗੰਨਾਂ ਮਿੱਲਾਂ ਆਖਰ ਕਿਸ ਦੀਆਂ ਹਨ ਤਾਂ ਜਵਾਬ ਆਉਂਦਾ ਹੈ ਕਿ ਇਹ ਕਾਂਗਰਸੀਆਂ ਦੀ ਹਨ, ਅਤੇ ਕਾਂਗਰਸ ਹਮਾਇਤੀ ਇਹ ਕਹਿੰਦੇ ਹਨ ਕਿ ਇਹ ਮਿੱਲਾਂ ਤਾਂ ਭਾਜਪਾਈਆਂ ਦੀਆਂ ਵੀ ਹਨ। ਆਗੂ ਇਹ ਵੀ ਕਹੀ ਜਾਂਦੇ ਹਨ ਕਿ ਖੰਡ ਮਿੱਲਾਂ ਮਹਾਂਰਾਸ਼ਟਰ ਦੀ ਸਨਅਤ ਦੀ ਰੀੜ੍ਹ ਦੀ ਹੱਡੀ ਹਨ। ਅਜਿਹੇ 'ਚ ਇਹ, ਲੋਕਾਂ ਦੀ ਬਾਂਹ ਫੜ੍ਹਨ ਦੀ ਥਾਂ ਇੱਕ ਦੂਜੇ 'ਤੇ ਦੋਸ਼ ਆਇਦ ਕਰਨ 'ਚ ਹੀ ਸਮਾਂ ਲੰਘਾ ਰਹੇ ਹਨ। ਇਸ ਦੌਰਾਨ ਮੀਂਹ ਪੈਣਗੇ ਅਤੇ ਕੁੱਝ ਸਮੇਂ ਲਈ ਹਾਲਾਤ ਆਮ ਵਾਂਗ ਹੋ ਜਾਣਗੇ। ਵੋਟਾਂ ਆਉਣਗੀਆਂ ਅਤੇ ਚਲੇ ਜਾਣਗੀਆਂ, ਲੋਕ ਚਾਹੇ ਢੱਠੇ ਖੂਹ 'ਚ ਪੈਣ ਜਾਂ ਅਜਿਹੇ ਖੂਹ 'ਚੋਂ ਪਾਣੀ ਕੱਢੀ ਜਾਣ, ਇਨ੍ਹਾਂ ਰਾਜਨੀਤਕ ਆਗੂਆਂ ਨੂੰ ਕੋਈ ਫਰਕ ਨਹੀਂ ਪੈਂਦਾ।
ਆਲਮੀ ਤਪਸ਼ ਵੱਧਣ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਧਰਤੀ ਦਾ ਪਾਣੀ ਉੱਡ ਰਿਹਾ ਹੈ। ਦਰਖਤ ਪੁੱਟੇ ਜਾ ਰਹੇ ਹਨ, ਜਿਸ ਨਾਲ ਮੀਂਹ ਘੱਟ ਪੈ ਰਹੇ ਹਨ। ਬਹੁਕੌਮੀ ਕੰਪਨੀਆਂ ਆਪਣੇ ਮੁਫਾਦ ਲਈ ਵਾਤਾਵਰਣ ਨੂੰ ਧਿਆਨ 'ਚ ਨਾ ਰੱਖਕੇ, ਸਨਅਤਾਂ ਲਗਾ ਰਹੀਆ ਹਨ। ਜਿਸ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਹਾਂ, ਅੱਖਾਂ ਪੂੰਝਣ ਲਈ ਉਹ ਕਾਨਫਰੰਸਾਂ ਕਰਦੇ ਹਨ, ਫਿਕਰਮੰਦੀ ਜਾਹਿਰ ਕਰਦੇ ਹਨ। ਕਾਰਬਨ ਦੀ ਪੈਦਾਵਾਰ 'ਚ ਕਟੌਤੀ ਕਰਨ ਲਈ ਸਯੁੰਕਤ ਰਾਸ਼ਟਰ 'ਚ ਭਾਰਤ ਸਮੇਤ 171 ਦੇਸ਼ ਪੈਰਿਸ ਜਲਵਾਯੂ ਸੰਧੀ 'ਤੇ ਦਸਖ਼ਤ ਕਰਦੇ ਹਨ। ਇਹ ਦਾਅਵਾ ਵੀ ਕਰਦੇ ਹਨ ਕਿ ਇਤਿਹਾਸ 'ਚ ਕਿਸੇ ਸੰਧੀ 'ਤੇ ਪਹਿਲੀ ਵਾਰ ਇੰਨੇ ਦੇਸ਼ਾਂ ਦੇ ਦਸਖ਼ਤ ਹੋਏ ਹਨ। ਫਿਕਰ ਦਿਖਾਉਦੇ ਹੋਏ ਇਹ ਵੀ ਕਹਿੰਦੇ ਹਨ ਕਿ ਜੇਕਰ ਹੁਣ ਖੁੰਝ ਗਏ ਤਾਂ ਆਉਣ ਵਾਲੀ ਪੀੜ੍ਹੀ ਨੂੰ ਖਮਿਆਜਾ ਭੁਗਤਣਾ ਪਵੇਗਾ। ਇਹ ਦਾਅਵਾ ਕਰਦੇ ਹਨ ਕਿ ਸੰਨ 2030 ਤੱਕ ਦੋ ਡਿਗਰੀ ਤਾਪਮਾਨ ਹੇਠਾਂ ਲਿਆਂਦਾ ਜਾਵੇਗਾ। ਸਵਾਲ ਇਹ ਹੈ ਕਿ ਆਖਰ ਇਹ ਪਾਰਾ ਚੜਾਇਆ ਕਿਸ ਨੇ ਹੈ, ਜਿਸ ਨੂੰ ਹੁਣ ਉਤਾਰਨ ਲਈ ਤਿਆਰੀਆਂ ਕੀਤੀਆ ਜਾ ਰਹੀਆ ਹਨ।
ਸਾਡੇ ਦੇਸ਼ 'ਚ ਵੀ ਫੈਕਟਰੀਆਂ ਲਗਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਨਿਸ਼ਚਤ ਕੀਤੇ ਮਿਆਰਾਂ ਨੂੰ ਧਿਆਨ 'ਚ ਨਾ ਰੱਖ ਕੇ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਜਿਸ ਨਾਲ ਵਾਤਾਵਰਣ 'ਚ ਭਿਆਨਕ ਤਬਦੀਲੀਆਂ ਆ ਰਹੀਆ ਹਨ। ਦੇਸ਼ ਦੀਆਂ ਵੱਡੀਆ 91 ਜਲਗਾਹਾਂ 'ਚ ਪਾਣੀ ਸਿਰਫ 22 ਫੀਸਦੀ ਹੀ ਰਹਿ ਗਿਆ ਹੈ। ਛੋਟੇ ਤਲਾਬ ਸੁਕ ਰਹੇ ਹਨ। ਦੇਸ਼ ਦੇ ਵੱਡੇ ਹਿਸੇ 'ਚ ਧਰਤੀ ਹੇਠੋ ਪਾਣੀ ਕੱਢਣ ਦੇ ਸੀਮਤ ਸਾਧਨ ਹਨ, ਬਹੁਤਾਂ ਕੁੱਝ ਮੀਂਹਾਂ 'ਤੇ ਨਿਰਭਰ ਕਰਦਾ ਹੈ। ਲੋਕ ਤਲਾਬਾਂ 'ਚ ਮੀਂਹ ਦਾ ਪਾਣੀ ਜਮ੍ਹਾਂ ਕਰਦੇ ਹਨ ਅਤੇ ਫਿਰ ਇਸ ਦੀ ਹੀ ਵਰਤੋਂ ਕਰਦੇ ਹਨ। ਇਹ ਤਲਾਬ ਲੋਕਾਂ ਨੇ ਆਪਣੀ ਸਧਾਰਨ ਸਮਝ ਨਾਲ ਹੀ ਬਣਾਏ ਹਨ ਜਾਂ ਲੋੜ ਕਾਢ ਦੀ ਮਾਂ ਹੈ। ਜਿਵੇਂ ਪੰਜਾਬ 'ਚ ਪਿੰਡਾਂ ਦੇ ਛੱਪੜ ਸ਼ੁਰੂ ਸ਼ੁਰੂ ਵਿਚ ਕਿਸੇ ਸਰਕਾਰ ਦੀ ਗਰਾਂਟ ਨਾਲ ਨਹੀਂ ਬਣਾਏ ਗੲ ਸਨ, ਸਗੋਂ ਪਾਣੀ ਦੇ ਵਹਿਣ ਅਤੇ ਸਾਂਝੀਆਂ ਥਾਵਾਂ 'ਚ ਸਧਾਰਨ ਸਮਝ ਨਾਲ ਵਿਕਸਤ ਹੋਏ ਸਨ। ਇਸ ਤਰ੍ਹਾਂ ਹੀ ਤਲਾਬ ਅਜਿਹੇ ਇਲਾਕਿਆਂ 'ਚ ਪਾਣੀ ਦੀ ਥੋੜ ਪੂਰਾ ਕਰਨ ਲਈ ਬਣੇ ਹਨ ਅਤੇ ਹੁਣ ਸਰਕਾਰਾਂ ਇਹ ਦਾਅਵਾ ਕਰ ਰਹੀਆ ਹਨ ਕਿ ਤਲਾਬ ਬਣਾਉਣ ਲਈ ਗਰਾਂਟਾਂ ਦਿੱਤੀਆ ਜਾ ਰਹੀਆ ਹਨ। ਨਰੇਗਾ ਤਹਿਤ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਫੰਡ ਨਾਲ ਖੇਤੀ ਲਈ ਮਦਦ ਕੀਤੀ ਜਾ ਸਕਦੀ ਹੈ। ਨਰੇਗਾ ਤਹਿਤ ਸਿੰਚਾਈ ਵਿਹੂਣੇ ਖੇਤਾਂ ਲਈ ਛੋਟੇ ਕਿਸਾਨ ਪਾਣੀ ਦਾ ਪ੍ਰਬੰਧ ਕਰਨ ਲਈ ਇਸ ਫੰਡ ਦੀ ਵਰਤੋਂ ਕਰ ਸਕਦੇ ਹਨ ਪਰ ਜੇ ਪਾਣੀ ਹੋਵੇਗਾ ਹੀ ਨਹੀਂ ਤਾਂ ਖੇਤਾਂ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ।
ਔਰਤਾਂ ਦੇ ਦੂਰ ਦੂਰ ਤੋਂ ਪਾਣੀ ਲੈ ਕੇ ਆਉਣ 'ਤੇ ਇੱਕ ਪੱਤਰਕਾਰ ਨੇ ਟਿੱਪਣੀ ਕੀਤੀ ਕਿ ਆਦਮੀ ਉਸਾਰੀ ਕਰਨ ਲਈ ਪਲਾਟ ਤੇ ਦਰਖਤ ਕੱਟਣ ਦਾ ਕੰਮ ਕਰਨ ਅਤੇ ਉਸ ਦੀ ਸਜਾ ਵਜੋਂ ਔਰਤਾਂ ਪਾਣੀ ਲੈ ਕੇ ਆਉਣ। ਕਾਰਪੋਰੇਟ ਪੱਖੀ ਮੀਡੀਆ ਹੀ ਦੱਸਦਾ ਹੈ ਕਿ ਸੋਕਾ ਸਰਕਾਰ ਦੀ ਦੇਣ ਨਹੀਂ ਹੈ ਸਗੋਂ ਇਹ ਤਾਂ ਕੁਦਰਤ ਦੀ ਦੇਣ ਹੈ। ਇਸ ਵੇਲੇ 29 ਰਾਜਾਂ 'ਚੋਂ 12 ਰਾਜ ਸੋਕੇ ਦੀ ਲਪੇਟ 'ਚ ਹਨ, ਜਿਨ੍ਹਾਂ 'ਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਪ੍ਰਮੁੱਖ ਹਨ। ਅਜਿਹੀ ਸਥਿਤੀ 'ਚ  ਬੰਧੇਲ ਖੰਡ ਵਿਖੇ ਆਗੂਆਂ ਦੀ ਆਮਦ ਲਈ ਆਰਜ਼ੀ ਹੈਲੀਪੈਡ ਨੂੰ ਬਣਾਉਣ ਲਈ 10 ਹਜ਼ਾਰ ਲੀਟਰ ਪਾਣੀ ਡੋਲਿਆ ਜਾ ਰਿਹੈ ਅਤੇ ਦੂਜੇ ਪਾਸੇ ਕਈਆ ਖੇਤਰਾਂ 'ਚ 6-8 ਦਿਨ੍ਹਾਂ ਬਾਅਦ ਪਾਣੀ ਦੀ ਸਪਲਾਈ ਆਉਂਦੀ ਹੈ। ਇਸ ਨਾਲ ਦੇਸ਼ ਦੇ 33 ਕਰੋੜ ਲੋਕ ਪ੍ਰਭਾਵਿਤ ਹੋ ਰਹੇ ਹਨ। ਦੇਸ਼ ਦੀ ਇੱਕ ਚੌਥਾਈ ਅਬਾਦੀ ਦੇ ਪ੍ਰਭਾਵਿਤ ਹੋਣ ਦੇ ਨਾਲ 25 ਲੱਖ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਈਆ ਹਨ। ਪਸ਼ੂਆਂ ਲਈ ਵੀ ਵੱਡੇ ਸੰਕਟ ਸਾਹਮਣੇ ਖੜ੍ਹੇ ਹੋ ਗਏ ਹਨ। ਪਸ਼ੂਆਂ ਦੀਆਂ ਛਾਉਣੀਆਂ ਬਣਨ ਲੱਗ ਪਈਆ ਹਨ। ਜਿਥੇ 5-7 ਪਿੰਡਾਂ ਦੇ ਪਸ਼ੂ ਇੱਕ ਥਾਂ 'ਤੇ ਇਕੱਠੇ ਕਰਕੇ ਰੱਖੇ ਜਾ ਰਹੇ ਹਨ। ਰਿਪੋਰਟਾਂ ਮੁਤਾਬਿਕ ਹੁਣ ਤੱਕ 237 ਛਾਉਣੀਆਂ ਖੋਹਲੀਆਂ ਜਾ ਚੁੱਕੀਆ ਹਨ, ਜਿਥੇ 500-1000 ਪਸ਼ੂ ਇੱਕ ਥਾਂ ਰੱਖੇ ਜਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਨੂੰ 70 ਰੁਪਏ ਪ੍ਰਤੀ ਪਸ਼ੂ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ 'ਚੋਂ 10-12 ਰੁਪਏ ਗੋਹੇ ਦੇ ਨਾਂ ਹੇਠ ਕੱਟ ਲਏ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਸ ਨਾਲ ਬਣਨ ਵਾਲੀ ਦੇਸੀ ਖਾਦ ਵਿਕ ਜਾਏਗੀ। ਪਾਣੀ ਦੁੱਖੋ ਖੇਤੀ ਤਬਾਹ ਹੋ ਗਈ ਹੈ ਅਤੇ ਦੇਸੀ ਖਾਦ ਦੀ ਵਰਤੋਂ ਕੌਣ ਕਰ ਸਕੇਗਾ। 2009 'ਚ ਸੋਕੇ ਨੂੰ ਰੋਕਣ ਲਈ 200 ਸਫੇ ਦੀ ਇੱਕ ਹੈਂਡ ਬੁੱਕ ਸਰਕਾਰ ਵਲੋਂ ਤਿਆਰ ਕੀਤੀ ਗਈ। ਇਸ ਨੂੰ ਵੈਬਸਾਈਟ 'ਤੇ ਪਾ ਦਿੱਤਾ ਗਿਆ। ਇਸ ਤਹਿਤ ਇਕ ਕੈਬਨਿਟ ਸਕੱਤਰ, ਕੁਦਰਤੀ ਆਫਤਾਂ ਤੋਂ ਬਚਾਉਣ ਦਾ ਵਿਭਾਗ, ਖੇਤੀਬਾੜੀ ਮੰਤਰਾਲਾਂ ਸਮੇਤ ਹੋਰਨਾਂ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦਾ ਆਖਰੀ ਨਤੀਜਾ ਸਾਡੇ ਸਾਹਮਣੇ ਹੈ। ਮਹਾਰਾਸ਼ਟਰ 'ਚ ਪਾਣੀ ਦੇ ਪ੍ਰਬੰਧ ਨੂੰ ਠੀਕ ਕਰਨ ਲਈ 1693 ਬੰਨ੍ਹ ਬਣਾਏ ਜਾ ਚੁੱਕੇ ਹਨ। ਕਮਾਲ ਦੀ ਗੱਲ ਇਹ ਵੀ ਹੈ ਕਿ ਜਦੋਂ ਮੌਨਸੂਨ ਆਉਂਦੀ ਹੈ ਤਾਂ ਮਹਾਰਾਸ਼ਟਰ 'ਚ, ਖਾਸ ਕਰਕੇ ਮੁਬੰਈ 'ਚ, ਕਾਫੀ ਸਮੱਸਿਆਂ ਆਉਂਦੀ ਹੈ। ਇਸ ਦੇ ਬਾਵਜੂਦ ਵੀ ਹਰ ਸਾਲ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। 
ਦੇਸ਼ ਦੇ ਹਾਕਮਾਂ ਦੀ ਰਾਜਨੀਤਕ ਇੱਛਾ ਸ਼ਕਤੀ ਕਿਸੇ ਵੀ ਮਸਲੇ ਦਾ ਹੱਲ ਕਰ ਸਕਦੀ ਹੈ। ਸਾਡੇ ਦੇਸ਼ ਦੇ ਹਾਕਮਾਂ ਤੋਂ ਇਸ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਚਰਿੱਤਰ ਦੇ ਪੱਖ ਤੋਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਲੋਕ ਮਾਰੂ ਨੀਤੀਆਂ ਦੇ ਹਮਾਇਤੀ ਹਨ। ਮੁਨਾਫਾ ਹੀ ਇਨ੍ਹਾਂ ਦਾ ਨਿਸ਼ਾਨਾਂ ਹੁੰਦਾ ਹੈ। ਇਹ ਲੋਕ ਮੁਨਾਫੇ ਲਈ ਅਤੇ ਅੱਖਾਂ ਪੂੰਝਣ ਲਈ ਹੀ ਕੰਮ ਕਰਦੇ ਹਨ। ਮਨੁੱਖਤਾਂ ਦਾ ਭਲਾ ਕਦੇ ਵੀ ਇਨ੍ਹਾਂ ਦੇ ਏਜੰਡੇ 'ਤੇ ਨਹੀਂ ਹੁੰਦਾ। ਹਰ ਸਾਲ ਪੈਣ ਵਾਲੇ ਸੋਕੇ ਦਾ ਹੱਲ ਇਹ 'ਮੀਂਹ' ਪੈਣ ਨਾਲ ਹੀ ਕਰਦੇ ਹਨ ਕਿਉਂਕਿ ਮੁਨਾਫੇ ਦਾ ਮੀਂਹ ਇਨ੍ਹਾਂ ਦੇ ਹਮੇਸ਼ਾ ਹੀ ਪੈਂਦਾ ਰਹਿੰਦਾ ਹੈ।

ਕੁੱਝ ਅਨੁਭਵ : ਮਈ 1974 ਦੀ ਰੇਲਵੇ ਹੜਤਾਲ

ਹਰਚਰਨ ਸਿੰਘ

ਭਾਰਤੀ ਸੰਸਦ ਦੇ 1974 ਦੇ ਵਰਖਾ ਰੁੱਤ ਸਮਾਗਮ ਦੇ ਪਹਿਲੇ ਹੀ ਦਿਨ ਸੰਸਦ ਮੈਂਬਰ ਜੋਤੀ ਰਮਾਇਆ ਬਾਸੂ ਨੇ ਸੰਸਦ ਵਿਚ ਹੀ ਲਿਫਾਫੇ ਵਿਚ ਗੁੰਦੀ ਹੋਈ ਗੁੱਤ ਸਣੇ ਸਿਰ ਦੇ ਵਾਲਾਂ ਦਾ ਗੁੱਛਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੇਜ਼ 'ਤੇ ਰੱਖਦਿਆਂ ਕਿਹਾ। ''ਸ਼੍ਰੀਮਤੀ ਪ੍ਰਧਾਨ ਮੰਤਰੀ ਸਾਹਿਬਾ! ਮੈਂ ਤੁਹਾਡੇ ਲਈ ਉਹ ਤੋਹਫਾ ਲੈ ਕੇ ਆਇਆਂ ਜੋ ਤੁਹਾਡੀ ਰਹਿਮ ਦਿਲ ਪੁਲਸ ਦੀਆਂ ਬੇਰਹਿਮੀ ਦੀਆਂ ਕਰਤੂਤਾਂ ਤੇ ਰੌਸ਼ਨੀ ਪਾਉਂਦਾ ਹੈ।'' ਇਹ ਵਾਲਾਂ ਦਾ ਇਕ ਗੁੱਛਾ  ਜੋ ਕਿ ਹੜਤਾਲੀ ਰੇਲਵੇ ਕਾਮੇਂ ਦੀ ਘਰ ਵਾਲੀ ਦੇ ਸਿਰ ਦੇ ਵਾਲਾਂ ਦਾ ਸੀ। ਜਿਸ ਦੀ ਗੁੱਤ ਨੂੰ ਪੁਲਿਸ ਨੇ ਮੁਗਲ-ਸਰਾਏ ਦੇ ਸਟੇਸ਼ਨ 'ਤੇ ਰੱਸੀ ਨਾਲ ਬੰਨ ਕੇ ਰੁੱਖ ਨਾਲ ਲਟਕਾਇਆ ਹੋਇਆ ਸੀ। ਜੋ ਪੂਰੀ ਦੀ ਪੂਰੀ ਖੋਪੜੀ ਦੇ ਵਾਲ ਪੁੱਟੇ ਜਾਣ ਕਰਕੇ ਧੜਮ ਕਰਕੇ ਭੁੰਜੇ ਡਿੱਗ ਪਈ ਸੀ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਇਕ ਹੜਤਾਲੀ ਰੇਲ ਕਾਮੇਂ ਦੀ ਘਰਵਾਲੀ ਸੀ।
ਦੂਸਰੀ ਗੱਲ ਜੋ ਮੈਂ ਆਪ ਆਪਣੇ ਕੰਨੀ ਸੁਣੀ ਉਹ ਇਸ ਤਰ੍ਹਾਂ ਸੀ। ਹੜਤਾਲ ਪਿਛੋਂ ਇਕ ਦਿਨ ਮੈਂ ਅੰਮ੍ਰਿਤਸਰੋਂ ਮੀਟਿੰਗ ਕਰਵਾ ਕੇ ਵਾਪਸ ਪਰਤ ਰਿਹਾ ਸਾਂ ਕਿ ਮੇਰੇ ਕੁੱਝ ਸਾਥੀ ਮੈਨੂੰ ਰੇਲ ਗੱਡੀ ਬਿਠਾਉਣ ਲਈ ਸਟੇਸ਼ਨ ਤੱਕ ਮੇਰੇ ਨਾਲ ਹੀ ਆ ਗਏ। ਗੱਡੀ ਤੁਰਨ 'ਤੇ ਉਹਨਾਂ ਹਮੇਸ਼ਾਂ ਵਾਂਗ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। 'ਇਨਕਲਾਬ ਜ਼ਿੰਦਾਬਾਦ', 'ਐਨ.ਸੀ.ਸੀ.ਆਰ.ਐਸ. ਜ਼ਿੰਦਾਬਾਦ', 'ਵਿਕਟੇਮਾਈਜੇਸ਼ਨ ਖਤਮ ਕਰੋ', ਨੌਕਰੀਉਂ ਕੱਢੇ ਕਾਮੇਂ ਬਹਾਲ ਕਰੋ 'ਕੇਂਦਰ ਸਰਕਾਰ, ਰੇਲ ਪ੍ਰਸ਼ਾਸਨ ਮੁਰਦਾਬਾਦ' ਅਦਿ ਆਦਿ। ਮੈਂ ਫਸਟ ਕਲਾਸ ਦੇ ਜਿਸ ਕੈਬਨ ਵਿਚ ਬੈਠਾ ਸਾਂ ਉਥੇ ਇਕ ਹੋਰ ਸਰਦਾਰ ਜੀ ਜਿਹਨਾਂ ਦੀ ਲੱਤ 'ਤੇ ਪਲਸਤਰ ਲੱਗਾ ਹੋਇਆ ਸੀ, ਵੀ ਬੈਠੇ ਸਨ। ਗੱਡੀ ਤੁਰਨ ਸਾਰ ਹੀ ਉਹਨਾਂ ਮੇਰੇ ਕੋਲੋਂ ਪੁਛਿਆ ਕਿ ਮੈਂ ਕੀ ਕਰਦਾ ਹਾਂ। ਅਤੇ ਨਾਹਰੇ ਲਾਉਣ ਵਾਲਿਆਂ ਦਾ ਕੀ ਵਿਸ਼ਾ ਹੈ। ਮੈਂ ਉਤਰ ਦਿੱਤਾ ''ਉਹ ਰੇਲ ਕਾਮੇਂ ਹਨ ਅਤੇ ਰੇਲਵੇ ਹੜਤਾਲ ਵਿਚ ਨੌਕਰੀਓਂ ਕੱਢੇ ਗਏ ਕਾਮਿਆਂ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ ਅਤੇ ਮੈਂ ਇਹਨਾਂ ਦਾ ਆਗੂ ਹਾਂ।''
ਇਹ ਸੁਣ ਕੇ ਸਰਦਾਰ ਜੀ ਨੇ ਕਿਹਾ ਕਿ ਵੀ ਇਸ ਹੜਤਾਲ ਨਾਲ ਨੇੜੇ ਦਾ ਵਾਹ ਰਿਹਾ ਹੈ। ਉਹਨਾਂ ਕਿਹਾ ''ਮੈਂ ਬੀ.ਐਸ.ਐਫ. ਦਾ ਡੀ.ਐਸ.ਪੀ. ਹਾਂ ਅਤੇ ਸਾਨੂੰ ਇਸ ਹੜਤਾਲ ਨੂੰ ਕੁਚਲਣ ਲਈ ਮੁਗਲਸਰਾਏ ਜਹਾਜ਼ ਰਾਹੀਂ ਭੇਜਿਆ ਗਿਆ ਸੀ। ਅਸੀਂ ਉਥੇ ਰੇਲ ਕਾਮਿਆਂ ਤੇ ਉਹਨਾਂ ਦੇ ਬੱਚਿਆਂ, ਘਰਵਾਲੀਆਂ 'ਤੇ ਐਨੇ ਅੱਤਿਆਚਾਰ ਕੀਤੇ ਸਨ ਕਿ ਦੱਸੇ ਨਹੀਂ ਜਾ ਸਕਦੇ। ਕਵਾਟਰਾਂ ਦੇ ਦਰਵਾਜ਼ੇ ਭੰਨੇ ਗਏ, ਘਰੇਲੂ ਸਮਾਨ ਭੰਨਿਆ-ਤੋੜਿਆ ਗਿਆ, ਬੱਚਿਆਂ ਅਤੇ ਜਨਾਨੀਆਂ ਨੂੰ ਲੁੱਕ ਵਾਲੀ ਸੜਦੀ ਸੜਕ 'ਤੇ ਨੰਗਿਆਂ ਲਟਾਇਆ ਗਿਆ। ਜਨਾਨੀਆਂ ਨੂੰ ਨੰਗਿਆ ਕਰਕੇ ਰੇਲਵੇ ਕਲੋਨੀਆਂ ਵਿਚ ਘੁਮਾਇਆ ਗਿਆ। ਬੱਚੇ ਬੁੱਢੇ ਸਾਰੇ ਹੀ ਕਲੋਨੀਆਂ ਛੱਡ ਕੇ ਪਿੰਡਾਂ ਥਾਵਾਂ ਨੂੰ ਨੱਸ ਗਏ। ਜੇ ਕਿਤੇ ਅੱਜ ਉਹ ਲੋਕ ਮੈਨੂੰ ਵੇਖ ਲੈਣ ਤਾਂ ਉਹ ਮੇਰੀ ਬੋਟੀ ਬੋਟੀ ਉਡਾ ਦੇਣ।'' ਉਹ ਸਰਦਾਰ ਜੀ ਦਾ ਨਾਂ ਸ਼ਾਇਦ ਸ਼ਿਵ ਚਰਨ ਸਿੰਘ ਸੀ ਅਤੇ ਉਹ ਗਾਜਿਆਬਾਦ ਰਹਿੰਦਾ ਸੀ। ਜਿੱਥੇ ਉਸ ਦੀ ਘਰਵਾਲੀ ਇਕ ਅਧਿਆਪਕਾ ਸੀ।
ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਕਹਾਣੀਆਂ ਹਨ। ਮੇਰਾ ਆਪਣਾ ਪੁੱਤਰ ਜੋ ਉਸ ਵੇਲੇ 8ਵੀਂ ਦਾ ਹਾਊਸ ਟੈਸਟ ਦੇ ਰਿਹਾ ਸੀ ਅਤੇ ਦੋ ਮਈ ਨੂੰ ਉਸ ਦਾ ਆਖਰੀ ਪਰਚਾ ਸੀ, ਨੂੰ ਅੱਧੀ ਰਾਤੀਂ ਪੁਲਸ ਘਰੋਂ ਚੁੱਕ ਕੇ ਲੈ ਗਈ। ਰਮੇਸ਼ ਕੌਸ਼ਲ ਉਸ ਵੇਲੇ ਦਾ ਸਾਡੇ ਸ਼ਹਿਰ ਦਾ ਵਿਦਿਆਰਥੀ ਆਗੂ ਸੀ, ਸਵੇਰ ਵੇਲੇ ਉਸ ਦੀ ਅਗਵਾਈ ਵਿਚ ਸੌ ਤੋਂ ਉਪਰ ਵਿਦਿਆਰਥੀਆਂ ਵਲੋਂ ਪੰਜ ਨੰਬਰ ਡਵੀਜ਼ਨ ਥਾਣੇ ਨੂੰ ਘੇਰ ਲੈਣ ਉਪਰੰਤ ਹੀ ਮੇਰੇ ਬੇਟੇ ਨੂੰ ਛੱਡਿਆ ਗਿਆ ਸੀ ਕਿਉਂ ਜੋ ਪੁਲਸ ਮੈਨੂੰ ਫੜਨਾ ਚਾਹੁੰਦੀ ਸੀ ਅਤੇ ਮੈਂ ਘਰੋਂ ਫਰਾਰ ਸਾਂ। ਪੁਲਸ ਸਾਨੂੰ ਫੜਨ ਲਈ ਲਗਾਤਾਰ ਭੱਜ ਨੱਠ ਕਰ ਰਹੀ ਸੀ ਅਤੇ ਏਸੇ ਹੀ ਪ੍ਰਸੰਗ ਵਿਚ ਉਹ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਲਗਾਤਰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਇਸ ਗਾਲੀ ਗਲੋਚ ਅਤੇ ਧਮਕੀਆਂ ਤੋਂ ਤੰਗ ਆ ਕੇ ਮੇਰੀ ਵੱਡੀ ਬੇਟੀ ਆਪਣੇ ਭਰਾ ਨੂੰ ਨਾਲ ਲੈ ਕੇ ਆਪਣੇ ਨਾਨਕੇ ਭੱਜ ਗਈ ਅਤੇ ਛੋਟੀ ਬੇਟੀ ਅਤੇ ਮੇਰੀ ਸਾਥਣ ਵੀ ਜਦੋਂ ਇਸ  ਡਰਾਉਣੇ ਮਹੌਲ ਨੂੰ ਨਾ ਸਹਾਰ ਸਕੀ ਤਾਂ ਉਹ ਵੀ ਕਵਾਟਰ ਨੂੰ ਤਾਲਾ ਲਾ ਕੇ ਆਪਣੇ ਤਾਏ ਦੇ ਘਰ ਗੁਲਚਮਨ ਗਲੀ ਚਲੀ ਗਈ ਅਤੇ 29 ਮਈ ਨੂੰ ਹੜਤਾਲ ਮੁਕਣ ਪਿਛੋਂ ਹੀ ਘਰ ਪਰਤੀ ਸੀ। ਭੈਣ ਬਣਸੋ, ਸਾਥੀ ਪਰਮਜੀਤ ਦੀ ਸਾਥਣ ਜੋ ਇਕ ਵੀਰਾਂਗਣਾਂ ਹੈ, ਨੇ ਇਸ ਪੁਲਿਸ ਤਸ਼ੱਦਦ ਦਾ ਯੋਧਿਆਂ ਵਾਂਗ ਸਾਮਣਾ ਕੀਤਾ ਤੇ ਹਰ ਵਾਰ ਪੁਲਿਸ ਵਾਲਿਆਂ ਦਾ ਡਾਂਗ ਫੜ ਕੇ ਮੁਕਾਬਲਾ ਕੀਤਾ।
ਹੜਤਾਲ ਦੇ ਕਾਰਨ : 1960 ਦੀ ਸੱਤ ਦਿਨਾਂ ਦੀ ਹੜਤਾਲ ਅਤੇ ਉਸ ਪਿਛੋਂ 19 ਸਤੰਬਰ 1968 ਦੀ ਇਕ ਦਿਨ ਦੀ ਸੰਕੇਤਕ ਹੜਤਾਲ ਦੇ ਫੇਲ ਹੋਣ ਉਪਰੰਤ ਰੇਲ ਕਾਮਿਆਂ ਅੰਦਰ ਜਿੱਥੇ ਸਰਕਾਰ ਪ੍ਰਤੀ ਅਤਿਅੰਤ ਗੁੱਸਾ ਸੀ। ਉਥੇ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ (AIRF) ਦੇ ਆਗੂਆਂ ਪ੍ਰਤੀ ਵੀ ਬੇਭਰੋਸਗੀ ਦਿਨ ਪ੍ਰਤੀ ਦਿਨ ਵੱਧ ਰਹੀ ਸੀ, ਕਿਉਂ ਜੋ ਇਹਨਾਂ ਦੋਵਾਂ ਹੀ ਹੜਤਾਲਾਂ ਵਿਚ ਲੀਡਰਸ਼ਿਪ ਨੇ ਢੁਕਵੀਂ ਅਗਵਾਈ ਨਹੀਂ ਸੀ ਦਿੱਤੀ। ਸਗੋਂ ਕਈ ਜੋਨਾਂ ਦੀਆਂ ਇਸ ਨਾਲ ਸੰਬੰਧਤ ਯੂਨੀਅਨਾਂ, ਸੈਂਟਰ ਰੇਲਵੇ ਅਤੇ ਵੈਸਟਰਨ ਰੇਲਵੇ (CR-WR), ਨੇ ਹੜਤਾਲ ਨਾਲ ਗੱਦਾਰੀ ਕਰਦਿਆਂ ਹੜਤਾਲ ਦੇ ਨੋਟਿਸ ਹੀ ਵਾਪਸ ਲੈ ਲਏ ਸਨ ਅਤੇ ਸਿੱਟੇ ਵਜੋਂ ਰੇਲ ਕਾਮਿਆਂ ਦੀਆਂ ਕਿੱਤਾ ਅਧਾਰਤ ਕੈਟੇਗਰੀਆਂ ਦੀਆਂ ਐਸੋਸੀਏਸ਼ਨਾਂ ਬਣ ਗਈਆਂ ਸਨ। ਅਤੇ, ਉਹਨਾਂ ਕੈਟੇਗਰੀ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢ ਦਿੱਤੇ ਸਨ। ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (AILRSA) ਉਹਨਾਂ ਵਿਚੋਂ ਇਕ ਸੀ ਜਿਸ ਨੇ 1973 ਵਿਚ ਦੋ ਕਾਮਯਾਬ ਹੜਤਾਲਾਂ ਕੀਤੀਆਂ। ਬਹੁਤ ਸਾਰੀਆਂ ਐਸੋਸੀਏਸ਼ਨਾ ਨੇ ਆਲ ਇੰਡੀਆ ਰੇਲਵੇ ਇੰਪਲਾਈਜ਼ ਕਨਫਡਰੇਸ਼ਨ (AIREC) ਬਣਾ ਕੇ ਸਾਂਝੇ ਘੋਲ ਵਿੱਡੇ ਹੋਏ ਸਨ। ਪ੍ਰੰਤੂ ਕਾਮਯਾਬ ਸੰਘਰਸ਼ਾਂ ਦੇ ਬਾਵਜੂਦ ਕੁੱਝ ਇਕ ਛੁਟਪੁਟ ਮੰਗਾਂ ਨੂੰ ਛੱਡ ਕੇ ਕੋਈ ਬੁਨਿਆਦੀ ਮੰਗ ਨਹੀਂ ਮੰਨੀ ਗਈ ਸੀ। ਸਰਕਾਰ ਦਾ ਇਸ ਤਰ੍ਹਾਂ ਦਾ ਵਤੀਰਾ ਵੀ ਕਾਮਿਆਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ AIRF ਦੀ ਸਕੰਦਰਾਬਾਦ ਵਿਚ ਹੋਈ ਕਾਨਫਰੰਸ ਵਿਚ ਡੈਲੀਗੇਟਾਂ ਨੇ ਉਸ ਵੇਲੇ ਦੀ ਸਥਾਪਤ ਅਤੇ ਭਗੌੜਾ ਲੀਡਰਸ਼ਿਪ ਨੂੰ ਹਰਾਅ ਕੇ ਜਾਰਜ ਫਰਨੰਡੀਜ਼ ਨੂੰ ਪ੍ਰਧਾਨ ਚੁਣ ਲਿਆ। ਜੋ ਇਕ ਖਾੜਕੂ ਸੁਭਾਅ ਦਾ ਆਗੂ ਸੀ। ਉਸ ਵੇਲੇ ਪੂਰੇ ਦੇਸ਼ ਵਿਚ ਦੋ ਬਰਾਬਰ ਦੇ ਬਣ ਚੁੱਕੇ ਟਰੇਡ ਯੂਨੀਅਨ ਕੇਂਦਰਾਂ ਯੂਨਾਈਟਿਡ ਕੌਸਲ ਆਫ ਟਰੇਡ ਯੂਨੀਅਨਜ਼ (UCTU ) ਜਿਸ ਵਿਚ CITU, HMS ਦਾ ਇਕ ਹਿੱਸਾ ਅਤੇ ਜਾਰਜ ਦੀ ਆਪਣੀ HMP ਸ਼ਾਮਲ ਸਨ, ਦਾ ਉਹ ਆਪ ਵੀ ਕਨਵੀਨਰ ਸੀ ਅਤੇ ਦੂਸਰੇ ਕੇਂਦਰ ਵਿਚ INTUC, AITUC + HMS  ਦਾ ਇਕ ਹਿੱਸਾ ਟਰੇਡ ਯੂਨੀਅਨ ਕੌਂਸਲ (TUC) ਜੋ ਪੂਰੀ ਤਰ੍ਹਾਂ ਸਰਕਾਰ ਦੀਆਂ ਪਾਲਸੀਆਂ ਨੂੰ ਲਾਗੂ ਕਰਨ ਦਾ ਦਮ ਭਰਦਾ ਸੀ। ਇਸ ਲਈ ਬੁਨਿਆਦੀ ਮੰਗਾਂ ਦੇ ਨਿਪਟਾਰੇ ਲਈ ਵੀ ਚੇਤਨ ਕਾਮੇਂ ਉਤਾਵਲੇ ਸਨ।
NCCRS ਦਾ ਗਠਨ :  ਜਾਰਜ ਫਰਨੰਡੀਜ਼ ਨੇ ਪ੍ਰਧਾਨ ਬਣਨ ਉਪਰੰਤ ਹੀ ਸਾਰੇ ਰੇਲ ਕਾਮਿਆਂ ਨੂੰ ਇਕ ਸਾਂਝੇ ਮੰਚ 'ਤੇ ਇਕੱਤਰ ਕਰਨ ਦੇ ਯਤਨ ਆਰੰਭ ਦਿੱਤੇ। ਸਿੱਟੇ ਵਜੋਂ 27 ਫਰਵਰੀ 1974 ਨੂੰ ਕਨਸਟੀਟਿਊਸ਼ਨ ਕਲੱਬ ਨਵੀਂ ਦਿੱਲੀ ਵਿਖੇ ਰੇਲ ਕਾਮਿਆਂ ਦੀਆਂ ਸਾਰੀਆਂ ਯੂਨੀਅਨਾਂ ਅਤੇ ਕੇਂਦਰ ਪੱਧਰ ਦੀਆਂ ਸਾਰੀਆਂ ਹੀ ਯੂਨੀਅਨਾਂ ਨੂੰ ਉਸ ਵਿਚ ਸੱਦਾ ਪੱਤਰ ਦਿੱਤਾ। ਜਿਸ ਵਿਚ ਇੰਟਕ ਅਤੇ ਐਚਐਮਐਸ ਤੋਂ ਬਿਨਾਂ ਸਾਰੀਆਂ 110 ਯੂਨੀਅਨਾਂ ਨੇ ਹਿੱਸਾ ਲਿਆ ਅਤੇ ਸ਼ਾਮਲ ਹੋਈਆਂ ਸਾਰੀਆਂ ਹੀ ਕੇਂਦਰੀ ਯੂਨੀਅਨਾਂ ਨੇ ਹਮਾਇਤ ਦਾ ਪੂਰਾ ਪੂਰਾ ਭਰੋਸਾ ਦਵਾਇਆ। ਇਸ ਲੇਖਕ ਨੇ ਵੀ ਉਸ ਕਨਵੈਨਸ਼ਨ ਵਿਚ ਆਪਣੀ ਹਾਜ਼ਰੀ ਲਵਾਈ ਸੀ। ਹਰ ਯੂਨੀਅਨ/ਫੈਡਰੇਸ਼ਨ/ਐਸੋਸੀਏਸ਼ਨ ਨੂੰ ਬਰਾਬਰਤਾ ਦੇ ਆਧਾਰ 'ਤੇ ਉਸ ਵਿਚ ਸ਼ਾਮਲ ਕਰਕੇ ਇਕ ਸਾਂਝਾ ਮੰਚ ਬਣਾ ਲਿਆ ਗਿਆ। ਜਿਸ ਦਾ ਨਾਂਅ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਰੇਲਵੇਮੈਨ ਸਟਰਗਲ (NCCRS) ਰੱਖ ਦਿੱਤਾ। ਇਸ ਮੰਚ ਦਾ ਕੰਮ ਚਲਾਉਣ ਲਈ ਇਕ 13 ਮੈਂਬਰਾਂ ਦੀ ਛੋਟੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਜਿਸ ਵਿਚ AITUC-CITU-AIREC, BMS, AIRF ਅਤੇ AILRSA ਦੇ ਦੋ ਦੋ ਮੈਂਬਰ ਸ਼ਾਮਲ ਕਰਕੇ ਜਾਰਜ ਨੂੰ ਉਸ ਦਾ ਕਨਵੀਨਰ ਨਿਯੁਕਤ ਕਰ ਦਿੱਤਾ ਗਿਆ ਅਤੇ ਨਾਲ ਦੇ ਨਾਲ ਇਹ ਵੀ ਫੈਸਲਾ ਕੀਤਾ ਕਿ NCCRS ਥੱਲੇ ਨੂੰ ਜ਼ੋਨ-ਡਵੀਜ਼ਨ ਅਤੇ ਬਰਾਂਚ ਪੱਧਰ 'ਤੇ ਵੀ ਬਣਾਇਅ ਜਾਵੇ। ਪ੍ਰੰਤੂ ਕੁੱਝ ਜ਼ੋਨਾਂ ਨੂੰ ਛੱਡਕੇ ਬਾਕੀ ਥਾਂਈ ਇਹ ਨਾ ਬਣ ਸਕੀਆਂ ਕਿਉਂ ਜੋ ਇਸ ਦੀ ਜ਼ੁੱਮੇਵਾਰੀ AIRF ਦੀਆਂ ਯੂਨੀਅਨਾਂ ਨੂੰ ਦਿੱਤੀ ਗਈ ਸੀ। ਜਿਹਨਾਂ ਨੇ ਜਾਣਬੁੱਝ ਕੇ ਇਸ ਨੂੰ ਅਣਗੌਲਿਆ ਕੀਤਾ।
ਮੰਗਾਂ : 1. ਘੱਟੋ ਘੱਟ ਜੀਣ ਜੋਗਾ ਵੇਤਨਮਾਨ
2. ਜਦ ਤੱਕ ਇਹ ਮੰਗ 'ਤੇ ਅਮਲ ਨਾ ਹੋਵੇ ਉਦੋਂ ਤੱਕ ਪਬਲਿਕ ਸੈਕਟਰ ਦੇ ਕਾਮਿਆਂ ਬਰਾਬਰ ਵੇਤਨਮਾਨ।
3. ਅੱਠ ਘੰਟੇ ਡਿਊਟੀ।
4. ਜੀਵਨ ਲਈ ਲੋੜੀਂਦੀਆਂ ਚੀਜ਼ਾਂ ਦੀ ਵਿਕਰੀ ਲਈ ਸਸਤੇ ਭਾਅ 'ਤੇ ਦੁਕਾਨਾਂ ਨੂੰ ਖੋਲਣਾ
ਇਸ ਬਣੀ ਏਕਤਾ ਨੂੰ ਬਣਾਉਣ ਅਤੇ ਬਣਾਈ ਰੱਖਣਾ ਇਕ ਬਹੁਤ ਹੀ ਕਠਨ ਕਾਰਜ ਸੀ। ਕਿਉਂ ਜੋ ਇਕ ਪਾਸੇ AIRF ਵਿਚ ਯੂਨਟੀ ਵਿਰੋਧੀ ਤੱਤ ਇਸ ਕਰਕੇ ਇਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਕਿ ਇਸ ਨਾਲ ਉਹਨਾਂ ਦਾ ਰੇਲ ਕਾਮਿਆਂ ਵਿਚ ਬਣਿਆ ਵਕਾਰ ਤੇ ਸਮੂਹ ਸੌਦੇਬਾਜ਼ੀ ਦੀ ਮਨੋਪਲੀ ਤੇ ਸੱਟ ਵੱਜਦੀ ਅਨੁਭਵ ਕਰ ਰਹੇ ਸਨ ਅਤੇ ਦੂਸਰੇ ਪਾਸੇ ਇਸ ਨਾਲੋਂ ਨਰਾਜ ਹੋ ਕੇ ਟੁੱਟ ਕੇ ਗਏ ਕਾਮਿਆਂ ਵਲੋਂ ਬਣਾਈਆਂ ਗਈਆਂ ਐਸੋਸੀਏਸ਼ਨਾਂ AIRF ਵੱਲੋਂ ਪਿਛਲੇ ਸਮਿਆਂ ਵਿਚ ਨਿਭਾਏ ਗਏ ਸੰਦੇਹ ਭਰਪੂਰ ਅਤੇ ਗਦਾਰੀ ਭਰੇ ਕਿਰਦਾਰਾਂ ਤੋਂ ਭਲੀ ਭਾਂਤ ਜਾਣੂ ਹੁੰਦਿਆਂ ਹੋਇਆਂ AIRF ਦੀ ਲੀਡਰਸ਼ਿਪ ਤੇ ਭੋਰਾ ਵਿਸ਼ਵਾਸ ਨਹੀਂ ਕਰ ਰਹੇ ਸਨ। ਪ੍ਰੰਤੂ ਫਿਰ ਵੀ ਮੰਗਾਂ ਦੀ ਨੌਈਅਤ ਨੂੰ ਵੇਖਦਿਆਂ ਕੋਈ ਵੀ ਕਲੀਕਾਰੀ ਜਥੇਬੰਦੀ ਇਹਨਾਂ ਨੂੰ ਪ੍ਰਾਪਤ ਕਰ ਸਕਣ ਦੇ ਯੋਗ ਨਹੀਂ ਸੀ ਅਤੇ ਦੂਸਰੇ ਪਾਸੇ ਯੂਨਟੀ ਪ੍ਰਤੀ ਵਫਾਦਾਰ ਤੱਤ ਦਿਨ-ਰਾਤ ਇਸ ਨੂੰ ਬਣਾਈ ਰੱਖਣ ਲਈ ਮੇਹਨਤ ਕਰ ਰਹੇ ਸਨ। ਇੱਥੇ ਇਹ ਵੀ ਜਾਣਨ ਦੀ ਲੋੜ ਹੈ ਕਿ ਕਾਰਜ ਵਿਧੀ ਤੋਂ ਨਰਾਜ ਹੋ ਕੇ 1970 ਵਿਚ AITUC ਨੇ ਰੇਲਵੇ ਟਰੇਡ ਯੂਨੀਅਨ ਵਿਚ ਸਿੱਧੇ ਹੀ ਦਖਲ ਦੇਣਾ ਆਰੰਭ ਦਿੱਤਾ ਅਤੇ ਨਾਰਦਰਨ ਰੇਲਵੇ ਵਿਚ ਨਾਰਦਰ ਰੇਲਵੇ ਵਰਕਰਜ਼ ਯੂਨੀਅਨ  NRWU ਦੀ ਸਥਾਪਨਾ ਕਰ ਦਿੱਤੀ ਸੀ। ਇਸ ਪਿਛੋਂ NCCRS ਜੋ ਯੂਨਟੀ ਦੀ ਸਮੱਸਿਆ ਨੂੰ ਲੈ ਕੇ ਜੂਝ ਰਹੀ ਸੀ ਹੜਤਾਲ ਦੀਆਂ ਹੋ ਰਹੀਆਂ ਤਿਆਰੀਆਂ ਸਮੇਂ ਹੀ ਇਸ ਨੇ 16 ਮਾਰਚ 1974 ਵਿਚ ਇੰਡੀਅਨ ਰੇਲਵੇ ਵਰਕਰਜ਼ ਫੈਡਰੇਸ਼ਨ (IRWF) ਨਾਂਅ ਦੀ ਇਕ ਹੋਰ ਫੈਡਰੇਸ਼ਨ ਰੇਲਵੇ ਵਿਚ ਸਥਾਪਤ ਕਰ ਕੇ ਯੂਨੀਅਨ ਨੂੰ ਬਹੁਤ ਵੱਡਾ ਧੱਕਾ  ਲਾਇਆ। ਜਿਸ ਨੇ ਅੱਗੇ ਚਲ ਕੇ ਹੋਣ ਵਾਲੀ ਹੜਤਾਲ ਵਿਚ ਹੜਤਾਲ ਨੂੰ ਨਿਰਬਲ ਕਰਨ ਅਤੇ ਤੋੜਨ ਵਿਚ ਚੋਖਾ ਹਿੱਸਾ ਪਾਇਆ। ਇਸ ਪਿਛੋਂ ਜਾਰਜ ਫਰਨੈਡੀਜ਼ ਵਲੋਂ ਐਨ.ਸੀ.ਸੀ.ਆਰ. ਐਸ. ਵਲੋਂ ਪਾਸ ਕੀਤਾ ਮੰਗ ਪੱਤਰ ਰੇਲਵੇ ਮਨਿਸਟਰ ਐਲ.ਐਨ. ਮਿਸਰਾ ਨੂੰ ਭੇਜ ਕੇ ਮੰਗ ਕੀਤੀ ਗਈ ਕਿ ਮੰਗਾਂ 'ਤੇ ਗੱਲਬਾਤ ਸ਼ੁਰੂ ਕੀਤੀ ਜਾਵੇ।
ਰੇਲਵੇ ਵਲੋਂ ਪ੍ਰਤੀਕਰਮ : ਰੇਲਵੇ ਮਨਿਸਟਰ ਨੇ ਜਾਰਜ ਦੀ ਚਿੱਠੀ ਦੇ ਉਤਰ ਵਿਚ ਲਿਖ ਭੇਜਿਆ ਕਿ ਉਹ AIRF ਨਾਲ ਤਾਂ ਗੱਲ ਕਰਨ ਨੂੰ ਹਰ ਵਕਤ ਤਿਆਰ ਹਨ ਪ੍ਰੰਤੂ NCCRS ਕਿਉਂ ਜੋ ਗੈਰ ਮਾਨਤਾ ਪ੍ਰਾਪਤ ਹੈ ਇਸ ਲਈ ਇਸ ਨਾਲ ਗੱਲਬਾਤ ਮੁਸ਼ਕਲ ਹੈ। ਹਾਂ AIRF ਆਪਣੇ ਨਾਲ ਜਿਸ ਨੂੰ ਮਰਜ਼ੀ ਹੈ ਲੈ ਸਕਦੀ ਹੈ। ਇਸ ਕੜਿਕੀ ਨੂੰ ਐਨ.ਸੀ.ਸੀ.ਆਰ.ਐਸ. ਨੇ ਹੱਲ ਕਰ ਲਿਆ ਅਤੇ ਜਾਰਜ ਦੀ ਰਹਿਨੁਮਾਈ ਥੱਲੇ ਰੇਲ ਮਨਿਸਟਰ ਵਲੋਂ ਡਿਪਟੀ ਰੇਲ ਮੰਤਰੀ ਸ਼੍ਰੀ ਮੁਹੰਮਦ ਸੂਫੀ ਕੁਰੈਸ਼ੀ ਦੀ ਪ੍ਰਧਾਨਗੀ ਹੇਠ ਬਣਾਈ ਗਈ ਕਮੇਟੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਗਈ। ਜਿਸਦਾ ਵਤੀਰਾ ਖੁਲਮ ਖੁੱਲਾ ਨਾ ਪੱਖੀ ਹੀ ਰਿਹਾ ਅਤੇ ਇਸ ਨੇ ਟਾਲ ਮਟੋਲ ਕਰਕੇ ਹੀ ਡੰਗ ਟਪਾਊਣਾ ਜਾਰੀ ਰੱਖਿਆ। ਸਿੱਟੇ ਵਜੋਂ 23.4.1974 ਨੂੰ 8 ਮਈ ਦੀ ਹੜਤਾਲ ਦਾ ਨੋਟਸ ਦੇ ਦਿੱਤਾ ਗਿਆ। ਅਪ੍ਰੈਲ ਦੇ ਆਖਰੀ ਹਫਤੇ ਜਦੋਂ ਝੂਠੀ ਸੱਚੀ ਗੱਲਬਾਤ ਚਲ ਰਹੀ ਸੀ ਤਾਂ ਮੁਹੰਮਦ ਸਫ਼ੀ ਕਰੈਸੀ ਦੇ ਪਿਤਾ ਚਲਾਣਾ ਕਰ ਗਏ। ਅਤੇ ਇਸ ਕਰਕੇ ਵੀ ਗੱਲਬਾਤ ਵਿਚ ਰੁਕਾਵਟ ਪੈ ਗਈ। ਪਿਛੋਂ ਜਦੋਂ ਇਹ ਸ਼ੁਰੂ ਵੀ ਹੋਈ ਤਾਂ ਇਸ ਦੇ ਵਤੀਰੇ ਵਿਚ ਕੋਈ ਵੀ ਸੁਧਾਰ ਨਹੀਂ ਸੀ ਹੋਇਆ ਅਤੇ ਜਦੋਂ 2 ਮਈ ਦਾ ਦਿਨ ਅਗਲੀ ਗੱਲਬਾਤ ਲਈ ਮਿੱਥਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਪਹਿਲੀ ਮਈ ਦੀ ਰਾਤ ਨੂੰ ਜਾਰਜ ਨੂੰ ਲਖਨਊ ਤੋਂ ਆਉਂਦਿਆਂ ਹੀ ਜਹਾਜ਼ ਤੋਂ ਉਤਰਦਿਆਂ ਗ੍ਰਿਫਤਾਰ ਕਰ ਲਿਆ ਗਿਆ। ਅਤੇ, ਏਸੇ ਤਰ੍ਹਾਂ ਹੀ ਹੋਰ ਵੀ NCCRS ਕਮੇਟੀ ਦੇ ਮੈਂਬਰ ਫੜ ਲੈ ਗਏ।
ਸਰਕਾਰ ਦਾ ਰੋਲ : ਸਰਕਾਰ ਬਹੁਤ ਹੀ ਨੀਝ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਵਾਚ ਅਤੇ ਨਿਰਖ ਪਰਖ ਕਰ ਰਹੀ ਸੀ।
1. ਦੇਸ਼ ਸਾਰੇ ਦਾ ਸਾਰਾ ਪ੍ਰਸ਼ਾਸਨ ਅਤੇ ਦਮਨਕਾਰੀ ਮਸ਼ੀਨਰੀ ਹਰ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੀ ਨਹੀਂ ਸੀ ਸਗੋਂ ਹੜਤਾਲ ਵਿਰੁੱਧ ਹਰ ਸੰਵੇਦਨਸ਼ੀਲ ਥਾਂ 'ਤੇ ਨਿਯੁਕਤੀ ਕੀਤੀ ਜਾ ਰਹੀ ਸੀ।
2. ਹੜਤਾਲ ਨੂੰ ਹਰਾਉਣ ਦੀ ਕਮਾਣ ਖੁਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਭਾਲੀ ਹੋਈ ਸੀ।
3. ਉਹ ਕਾਮੇਂ ਜੇਹੜੇ ਗਲਤੀ ਕਾਰਨ ਦੰਡਤ ਸਨ ਜਾਂ ਚਾਰਜ ਸ਼ੰਟਿੰਡ ਸਨ ਸਭ ਦੇ ਸਭ ਦੀਆਂ ਸਜ਼ਾਵਾਂ ਕੈਂਸਲ ਕਰਨ ਦੇ ਯਕੀਨ ਦਵਾਏ ਜਾ ਰਹੇ ਸਨ।
4. ਜੋ ਕਾਮਾ ਹੜਤਾਲ ਵਿਚ ਹਿੱਸਾ ਨਹੀਂ ਲਵੇਗਾ ਉਸ ਨੂੰ ਇਕ ਵਿਸ਼ੇਸ਼ ਤਰੱਕੀ Increment ਅਤੇ ਇਕ ਬੱਚੇ ਦੀ ਭਰਤੀ ਦੇ ਆਦੇਸ਼ ਜਾਰੀ ਕੀਤੇ ਗਏ।
5. ਐਸ.ਏ.ਡਾਂਗੇ ਜੋ AITUC ਦਾ ਚੇਅਰਮੈਨ ਸੀ ਨੂੰ ਵੀ ਹੜਤਾਲ ਤੁੜਵਾਉਣ ਲਈ ਵਰਤਿਆ ਗਿਆ ਅਤੇ ਉਸ ਵਲੋਂ ਇਹ ਐਲਾਨ ਕਰਵਾ ਦਿੱਤਾ ਗਿਆ ਕਿ ਹੜਤਾਲ ਤੋਂ ਮਾਲਗੱਡੀਆਂ ਨੂੰ ਬਾਹਰ ਰੱਖਿਆ ਜਾਵੇ। ਜਿਸ ਦੀ ਭਾਰਤੀ ਮੀਡੀਏ ਨੇ ਪੂਰੀ ਵਰਤੋਂ ਕੀਤੀ।
6. 700 ਪਸੰਜਰ ਗੱਡੀਆਂ ਅਪ੍ਰੈਲ ਦੇ ਆਖਰੀ ਹਫਤੇ ਬੰਦ ਕਰ ਦਿੱਤੀਆਂ ਗਈਆਂ।
7. ਸਾਰੇ ਤਰ੍ਹਾਂ ਦੀਆਂ ਪ੍ਰਾਵੀਡੈਂਟ ਫੰਡ ਜਾਂ ਹੋਰ ਅਡਵਾਂਸਾਂ ਦੇ ਭੁਗਤਾਨ ਰੋਕ ਦਿੱਤੇ ਗਏ।
ਹੜਤਾਲ ਦੀ ਸ਼ੁਰੂਆਤ : ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਜਥੇਬੰਦੀ ਦੀ ਅੰਦਰੂਨੀ ਲੜਾਈ ਪਿਛੋਂ ਜੋ ਇੰਡੀਕੇਟ ਅਤੇ ਸੰਡੀਕੇਟ ਦੇ ਦੋ ਧੜਿਆਂ ਵਿਚ ਵੰਡੀ ਗਈ ਸੀ। ਏਸੇ ਤਰ੍ਹਾਂ ਹੀ 1971 ਵਿਚ ਪੂਰੇ ਦੇਸ਼ ਦੀ ਟਰੇਡ ਯੂਨੀਅਨ ਵੀ ਕਮੋਬੇਸ ਦੋ ਵੱਖ ਵੱਖ ਮੰਚਾਂ ਤੇ ਜਥੇਬੰਦ ਹੋ ਗਈ ਸੀ। ਜਿਸ ਤਰ੍ਹਾਂ ਉਪਰ ਦੱਸਿਆ ਜਾ ਚੁੱਕਿਆ ਹੈ ਕਿ ਇਕ ਮੰਚ ਯੂ.ਸੀ.ਟੀ.ਯੂ. (UCTU) ਅਤੇ ਦੂਸਰਾ ਟਰੇਡ ਯੂਨੀਅਨ ਕੌਂਸਲ ਟੀ.ਯੂ.ਸੀ. ਜੋ ਸਥਾਪਤੀ ਦੀ ਹਮੈਤ ਵਿਚ ਏ.ਆਈ.ਟੀ.ਯੂ.ਸੀ. ਵਲੋਂ ਜਥੇਬੰਦ ਕੀਤਾ ਗਿਆ ਸੀ ਅਤੇ ਉਸ ਦਾ ਮੁੱਖ ਕਾਰਜ ਕਾਂਗਰਸ ਸਰਕਾਰ ਦੀਆਂ ਸਮਸਤ ਨੀਤੀਆਂ ਤੇ ਅੱਖਾਂ ਮੀਟ ਕੇ ਅੰਗੂਠਾ ਲਾ ਦੇਣਾ ਸੀ। ਇੰਦਰਾ ਗਾਂਧੀ ਦਾ ਆਪਣਾ ਨਿਰਣਾ ਸੀ ਕਿ ਜੋ ਕਾਮਿਆਂ ਦੀਆਂ ਜਥੇਬੰਦੀਆਂ (UCTU) ਨਾਲ ਸਹਿਮਤ ਹਨ ਉਹ ਸਰਕਾਰ ਵਿਰੋਧੀ ਹੀ ਨਹੀਂ ਹਨ ਸਗੋਂ ਉਹ ਦੇਸ਼ ਧਰੋਹੀ ਵੀ ਹਨ। ਸੋ ਇਸ ਲਈ ਮੁਕੰਮਲ ਤੌਰ 'ਤੇ ਇਹਨਾਂ ਦੇ ਸਿਰ ਫੇਂਹ ਦੇਣੇ ਚਾਹੀਦੇ ਹਨ ਅਤੇ ਏਸੇ ਹੀ ਯੁਧਨੀਤੀ ਅਨੁਸਾਰ ਉਹ ਰੇਲ ਕਾਮਿਆਂ ਦੇ ਹਰ ਸੰਘਰਸ਼  ਨੂੰ ਕੁਚਲਕੇ ਰੇਲ ਕਾਮਿਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਮਈ 1974 ਦੀ ਰੇਲ ਹੜਤਾਲ ਵਿਚ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਚੁੱਕੇ ਗਏ ਹਰ ਕਦਮ ਅਤੇ ਅੱਤਿਆਚਾਰ ਇਸ ਗੱਲ ਦੀ ਇਨਬਿਨ ਪੁਸ਼ਟੀ ਕਰਦੇ ਹਨ ਅਤੇ ਬਾਅਦ ਵਿਚ 1975 ਸਮੇਂ ਲਾਈ ਗਈ ਅੰਦਰੂਨੀ ਐਮਰਜੈਂਸੀ ਦੇ ਸੰਦਰਭ ਵਿਚ ਲਿਖਿਆ ਗਿਆ ਇਕ ਕਿਤਾਬਚੇ ''ਐਮਰਜੈਂਸੀ ਕਿਉਂ'' (Why Emergency) ਵਿਚੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ।
ਪਹਿਲੀ ਮਈ (ਮਜ਼ਦੂਰ ਦਿਵਸ) ਪੂਰੇ ਹਿੰਦੋਸਤਾਨ ਵਿਚ ਪਿਛਲੇ ਸਮਿਆਂ ਤੋਂ ਵੱਧ ਰੌਣਕਾਂ ਨਾਲ ਮਨਾਇਆ ਗਿਆ। ਕਿਉਂਜੋ ਪਿਛਲੇ ਕਈ ਮਹੀਨਿਆਂ ਤੋਂ ਹੜਤਾਲ ਦੀਆਂ ਲਗਾਤਾਰ ਤਿਆਰੀਆਂ ਅਰੰਭੀਆਂ ਗਈਆਂ ਸਨ। ਕਾਮਿਆਂ ਵਿਚ ਬਹੁਤ ਜੋਸ਼ ਸੀ। ਫਿਰੋਜ਼ਪੁਰ ਡਵੀਜ਼ਨ ਵਿਚ ਹਰ ਥਾਈਂ ਵੱਡੇ ਪੱਧਰ 'ਤੇ ਭੀੜਾਂ ਇਕੱਠੀਆਂ ਹੋਈਆਂ। ਕਾਮਿਆਂ ਨੇ 8 ਮਈ ਨੂੰ ਹੋਣ ਵਾਲੀ ਹੜਤਾਲ ਵਿਚ ਸ਼ਾਮਲ ਹੋਣ ਲਈ ਸਮੂਹਕ ਪੱਧਰ 'ਤੇ ਕਸਮਾਂ ਖਾਧੀਆਂ। ਪ੍ਰੰਤੂ ਦੂਜੇ ਪਾਸੇ ਇਕ ਹੋਰ ਹੀ ਤਰ੍ਹਾਂ ਦਾ ਦਰਿਸ਼ ਸਾਹਮਣੇ ਆਇਆ। ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਪਠਾਨਕੋਟ ਸਾਰੀ ਹੀ ਥਾਈਂ ਸੈਂਕੜਿਆਂ ਦੀ ਗਿਣਤੀ ਵਿਚ ਪੁਲਸ ਨੇ ਮਈ ਦਿਵਸ ਦੀਆਂ ਹੋ ਰਹੀਆਂ ਮੀਟਿੰਗ ਨੂੰ ਚਾਰ ਚੁਫੇਰਿਓਂ ਹੀ ਘੇਰ ਲਿਆ। ਕਾਮੇਂ ਬੜੇ ਹੈਰਾਨ ਸਨ ਕਿ ਇਹ ਕੀ ਹੋਣ ਵਾਲਾ ਹੈ। ਦੂਸਰੇ ਪਾਸੇ ਜਿਸਦਾ ਸਾਨੂੰ ਸ਼ਾਮ ਨੂੰ ਪਤਾ ਲੱਗਾ ਕਿ ਸਾਰੀ ਹੀ ਥਾਈਂ ਰੇਲਵੇ ਕਲੋਨੀਆਂ ਨੂੰ ਵੀ ਪੁਲਸ ਘੇਰੀ ਬੈਠੀ ਸੀ ਅਤੇ ਆਗੂਆਂ ਦੇ ਤੋਰੇਤਿਕੇ ਤੇ ਪੂਰੀ ਪੂਰੀ ਅੱਖ ਰੱਖੀ ਜਾ ਰਹੀ ਸੀ। ਜਦੋਂ ਹੀ ਮੀਟਿੰਗਾਂ ਖਤਮ ਹੋਈਆਂ, ਘਰੀਂ ਜਾਂਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੁਧਿਆਣੇ ਤੋਂ ਵੀ ਮੇਰੇ ਅਤੇ ਪਰਮਜੀਤ (ਹੁਣ ਡਵੀਜ਼ਨ ਸੈਕਟਰੀ) ਤੋਂ ਬਿਨਾਂ ਸਾਰੀ ਹੀ ਲੀਡਰਸਿਪ ਗ੍ਰਿਫਤਾਰ ਕਰ ਲਈ ਗਈ। ਅਸੀਂ ਦੋਵੇਂ ਬਚ ਕੇ ਇਕ ਟੈਲੀਫੋਨ ਯੂਨੀਅਨ ਦੇ ਆਗੂ ਦੇ ਘਰ ਚਲੇ ਗਏ ਜੋ ਸਾਰੀ ਰਾਤ ਸਾਨੂੰ ਕਲੋਨੀਆਂ ਦੀ ਹਾਲਤ ਦੀ ਜਾਣਕਾਰੀ ਦਿੰਦਾ ਰਿਹਾ। ਕਲੋਨੀਆਂ ਵਿਚ ਕਰਫਿਊ ਜਿਹੀ ਹਾਲਤ ਸੀ। ਜੋ ਵਿਅਕਤੀ ਕਾਮਾਂ ਜਾਂ ਪਰਵਾਰ ਉਸ ਦੇ ਅੜਿਕੇ ਆ ਗਿਆ ਉਸ ਨੂੰ ਰੱਜ ਕੇ ਕੁਟਾਪਾ ਚਾੜਿਆ ਜਾਂਦਾ। ਕੁਟਾਪੇ ਅਤੇ ਫੜੋ ਫੜਾਈ ਦਾ ਡਰਾਮਾਂ ਪੂਰੀ ਰਾਤ ਸਾਰੀ ਹੀ ਥਾਈਂ ਚਾਲੂ ਰਿਹਾ। ਲੁਧਿਆਣਾ ਵਿਖੇ ਸਵੇਰੇ ਨੂੰ ਕੁੱਝ ਲੀਡਰਾਂ ਨੇ ਲੋਕੋ ਛੈਡ ਅਤੇ ਸਟੇਸ਼ਨ 'ਤੇ ਜਾ ਕੇ ਨਾਹਰੇਬਾਜ਼ੀ ਕੀਤੀ। ਉਹਨਾਂ ਨੂੰ ਫੜਕੇ ਥਾਣਿਆਂ ਵਿਚ ਲਿਜਾ ਕੇ ਤਸ਼ੱਦਦ ਕੀਤਾ ਗਿਆ। ਪੂਰੇ ਦੇਸ਼ ਵਾਂਗੂੰ ਫਿਰੋਜ਼ਪੁਰ ਡਵੀਜ਼ਨ ਵਿਚ ਵੀ 8 ਮਈ ਦੀ ਥਾਂ 2 ਮਈ ਨੂੰ ਹੀ ਹੜਤਾਲ ਸ਼ੁਰੂ ਹੋ ਗਈ। ਰੋਸ ਵਜੋਂ ਕਾਮੇਂ ਦਾਅ ਬਚਾਕੇ ਘਰੋਂ ਨੱਸ ਗਏ। ਜੋ ਥੋੜੇ ਬਹੁਤੇ ਕੰਮ 'ਤੇ ਗਏ ਉਹ ਵੀ ਗੁੱਸੇ ਵਿਚ ਭਰੇ ਪੀਤੇ ਅਤੇ ਡਰ ਵਜੋਂ ਹਾਜ਼ਰੀ ਲਵਾ ਕੇ ਨੱਸ ਗਏ।
ਤਸ਼ੱਦਦ : ਬਹੁਤ ਕੁੱਝ ਉਪਰ ਦੱਸੇ ਜਾਣ ਤੋਂ ਇਲਾਵਾ ਕੁੱਝ ਇਕ ਤਸ਼ੱਦਦ ਦੇ ਵੇਰਵੇ ਥੱਲੇ ਦਿੱਤੇ ਜਾ ਰਹੇ ਹਨ।
50000 ਦੇ ਨੇੜੇ ਤੇੜੇ ਆਗੂ ਅਤੇ ਕਾਮੇਂ ਗ੍ਰਿਫਤਾਰ ਕਰ ਲੈ ਲਏ ਗਏ ਅਤੇ ਡੀ.ਆਈ.ਆਰ. ਅਤੇ ਈ.ਐਸ.ਐਮ.ਏ. (ESMA) ਤੋਂ ਬਿਨਾਂ ਹੋਰ ਕਈ ਧਾਰਾਵਾਂ ਲਗਾ ਕੇ ਜੇਲ੍ਹੀ ਡੱਕ ਦਿੱਤੇ ਗਏ।
2. 8000 ਕਾਮੇਂ ਸਿੱਧੇ ਤੌਰ 'ਤੇ ਡਿਸਮਿਸ ਕਰ ਦਿੱਤੇ ਗਏ।
3. ਸ਼੍ਰੀ ਮਲਗੀ ਜਨਰਲ ਸੈਕਟਰੀ ਨੈਸ਼ਨਲ ਰੇਲਵੇ ਮਜ਼ਦੂਰ ਯੂਨੀਅਨ ਕੇਂਦਰੀ ਰੇਲਵੇ ਦਿਲ ਦਾ ਦੌਰਾ ਪੈਣ ਨਾਲ ਪੁਲਸ ਥਾਣੇ ਵਿਚ ਚਲ ਵੱਸਿਆ।
4. ਵੇਤਨ ਅਤੇ ਹੋਰ ਹਰ ਤਰ੍ਹਾਂ ਦੀ ਅਡਵਾਂਸ ਅਦਾਇਗੀ ਬੰਦ ਕਰ ਦਿੱਤੀ ਗਈ।
5. ਰੇਲਵੇ ਕਲੋਨੀਆਂ ਵਿਚ ਕਰਫਿਊ ਲਗਾ ਦਿੱਤਾ ਗਿਆ। ਅਤੇ ਹਰ ਤਰ੍ਹਾਂ ਦਾ ਵਿਰੋਧ ਸੋਟਿਆਂ ਡਾਂਗਾਂ ਨਾਲ ਤੋੜ ਦਿੱਤਾ ਗਿਆ।
6. ਬਹੁਤ ਥਾਈਂ ਕਲੋਨੀਆਂ ਦਾ ਬਿਜਲੀ ਪਾਣੀ ਕੱਟ ਦਿੱਤੇ ਗਏ।
7 ਵੱਡੀ ਗਿਣਤੀ ਵਿਚ ਵਿਰੋਧੀ ਰਾਜਨੀਤਕ/ਟਰੇਡ ਯੂਨੀਅਨ ਆਗੂ ਜੇਲ੍ਹੀ ਸੁੱਟ ਦਿੱਤੇ ਗਏ। ਤਾਂ ਜੋ ਹੜਤਾਲੀ ਕਾਮਿਆਂ ਨੂੰ ਕਿਸੇ ਤਰ੍ਹਾਂ ਦੀ ਹਮਾਇਤ ਜਾਂ ਹੱਲਾਸ਼ੇਰੀ ਨੂੰ ਠੱਲ ਮਾਰੀ ਜਾ ਸਕੇ।
8. ਹਰ ਤਰ੍ਹਾਂ ਦੀ ਗੱਲਬਾਤ (Negotiation) ਬੰਦ ਕਰ ਦਿੱਤੀ ਗਈ।
9. ਹੋਮ ਮਨਿਸਟਰੀ ਵਲੋਂ 150 ਸਫੇ ਦਾ ਅਤਿਅੰਤ ਗੁਪਤ ਪੱਤਰ ਥੱਲੇ ਮੁੱਖ ਮੰਤਰੀ ਅਤੇ ਚੀਫ ਸੈਕਟਰੀਆਂ ਨੂੰ ਭੇਜਿਆ ਗਿਆ। ਜਿਸ ਵਿਚ ਹੜਤਾਲ ਨਾਲ ਨਜਿੱਠਣ ਅਤੇ ਹੜਤਾਲੀ ਕਾਮਿਆਂ ਨੂੰ ਸਿਝਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।
ਦੂਜੀਆਂ ਟਰੇਡ ਯੂਨੀਅਨਾਂ ਵਲੋਂ ਭਾਈਚਾਰਕ ਹਮਾਇਤ :
ਹੜਤਾਲੀ ਕਾਮਿਆਂ ਤੇ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਵੇਖਦਿਆਂ ਕਈ ਟਰੇਡ ਯੂਨੀਅਨਾਂ/ਫੈਡਰੇਸ਼ਨਾਂ ਨੇ ਵੀ ਹਮਾਇਤ ਵਿਚ 9 ਮਈ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਲਿਆ। ਪ੍ਰੰਤੂ ਇਹ ਫੈਸਲਾ ਪੂਰੀ ਤਰ੍ਹਾਂ ਸਿਰੇ ਨਾ ਚੜਾਇਆ। 9 ਅਤੇ 10 ਦੋ ਦਿਨਾਂ ਹੜਤਾਲ ਕਰਨ ਤੋਂ ਪਿਛੋਂ ਉਹ ਡਿਊਟੀ ਤੇ ਪਰਤ ਆਏ ਹੜਤਾਲ ਲੰਮੀ ਹੁੰਦੀ ਵੇਖ ਸੀਟੂ ਦੀ ਪਹਿਲ ਕਦਮੀ ਤੇ ਪੂਰੇ ਦੇਸ਼ ਭਰ ਵਿਚ ਰੇਲ ਕਾਮਿਆਂ ਦੀ ਹਮਾਇਤ ਵਿਚ ਭਾਈਚਾਰਕ ਇੱਕਮੁਠਤਾ ਵਜੋਂ ਅਤੇ ਸਰਕਾਰ 'ਤੇ ਦਬਾਅ ਪਾਉਣ ਵਜੋਂ 15 ਮਈ ਨੂੰ ਇਕ ਦਿਨ ਦੀ ਸੰਕੇਤਕ ਹੜਤਾਲ ਕੀਤੀ ਗਈ। ਇਸ ਭਾਈਚਾਰਕ ਇਕਮੁਠਤਾ ਨੂੰ ਹੋਰ ਲੰਮੀ ਹੜਤਾਲ ਵਿਚ ਤਬਦੀਲ ਕਰਨ ਨੂੰ ਐਸ.ਏ.ਡਾਂਗੇ ਵਲੋਂ ਕੋਰਾ ਜਵਾਬ ਹੀ ਨਹੀਂ ਦਿੱਤਾ ਸਗੋਂ 16 ਤਾਰੀਖ ਨੂੰ ਉਸ ਵਲੋਂ ਹੜਤਾਲ ਤੋਂ ਵਾਪਸ ਆਉਣ ਲਈ ਇਹ ਕਹਿਕੇ ਪ੍ਰੈਸ ਬਿਆਨ ਦਾਗ ਦਿੱਤੇ ਕਿ ਹੋਰ ਲੰਮੀ ਹੜਤਾਲ ਨਾਲ ਦੇਸ਼ ਦੀ ਆਰਥਕਤਾ ਤਬਾਹ ਹੋ ਜਾਵੇਗੀ। ਜਦੋਂ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਇਸ ਤੇ ਇਤਰਾਜ ਕੀਤਾ ਕਿਉ ਜੋ ਡਾਂਗੇ ਐਕਸ਼ਨ ਕਮੇਟੀ ਦਾ ਮੈਂਬਰ ਨਹੀਂ ਸੀ ਤਾਂ ਫਿਰ ਡਾਂਗੇ ਨੇ ਦੇਸ਼ ਦੀ ਆਰਥਕਤਾ ਦਾ ਹੀ ਸਵਾਲ ਅੱਗੇ ਰੱਖ ਦਿੱਤਾ ਅਤੇ ਹੜਤਾਲ ਤੋੜਨ ਦੇ ਹੋਰ ਵੀ ਕਈ ਹੜਤਾਲ ਵਿਰੋਧੀ ਬਿਆਨ ਦਿੱਤੇ।
ਏਥੇ ਇਹ ਵੀ ਦੱਸਣਾ ਕੁਥਾਹ ਨਹੀਂ ਹੋਵੇਗਾ ਕਿ ਕੇਰਲ ਦੀ ਸਰਕਾਰ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਦਬਾਅ ਨੂੰ ਨਾ ਮਨਦਿਆਂ ਹੋਇਆ ਰੇਲ ਕਾਮਿਆਂ ਨੂੰ ਗ੍ਰਿਫਤਾਰ ਕਰਨ ਜਾਂ ਹੋਰ ਤਸ਼ੱਦਦ ਕਰਨ ਤੋਂ ਕੋਰਾ ਜਵਾਬ ਦਿੰਦਿਆਂ ਕਹਿਆ ਕਿ , ''ਪ੍ਰਾਂਤਕ ਸਰਕਾਰ ਦਾ ਕੰਮ ਸਿਰਫ ਰੇਲਵੇ ਸੰਪਤੀ ਦੀ ਰਾਖੀ ਹੈ ਨਾ ਕਿ ਹੜਤਾਲ ਦੀ।''
ਹੜਤਾਲ ਦੀ ਤੀਬਰਤਾ :  ਇਹ ਹੜਤਾਲ ਹਿੰਦੋਸਤਾਨ ਦੀ ਰੇਲ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਹੜਤਾਲ ਸੀ। ਜਿਸ ਵਿਚ ਇਕ ਅੰਦਾਜ਼ੇ ਅਨੁਸਾਰ ਇਕ ਕਰੋੜ ਤੋਂ ਵੱਧ ਮਨੁੱਖੀ ਦਿਨ ਬੇਕਾਰ ਗਏ ਸਨ। ਦੇਸ਼ ਨੂੰ ਅਰਬਾਂ ਖਰਬਾਂ ਰੁਪਇਆ ਦਾ ਆਰਥਕ ਨੁਕਸਾਨ ਹੋਇਆ ਸੀ। 15 ਲੱਖ ਕਾਮਿਆਂ ਵਿਚ 11 ਲੱਖ ਕਾਮੇਂ 8 ਤੋਂ 15 ਮਈ ਤੱਕ ਹੜਤਾਲ 'ਤੇ ਸਨ ਭਾਵੇਂ ਵੱਡੀ ਪੱਧਰ 'ਤੇ ਹੜਤਾਲ 2 ਮਈ ਨੂੰ ਸ਼ੁਰੂ ਹੋ ਗਈ ਸੀ। 22 ਮਈ ਪਿਛੋਂ ਹੜਤਾਲ ਕਮਜ਼ੋਰ ਹੁੰਦੀ ਗਈ। ਪ੍ਰੰਤੂ ਫਿਰ ਵੀ 26 ਤਾਰੀਖ ਤੱਕ 2 ਲੱਖ ਤੋਂ ਵੱਧ ਕਾਮੇ ਅਜੇ ਵੀ ਹੜਤਾਲ 'ਤੇ ਡਟੇ ਹੋਏ ਸਨ। ਬਿਨਾਂ ਕਿਸੇ ਐਕਸ਼ਨ ਕਮੇਟੀ ਨਾਲ ਸਲਾਹ ਕੀਤੇ ਜਾਰਜ ਫਰਨੈਡੀਜ਼ ਨੇ ਸ਼ਾਇਦ ਘਬਰਾ ਕੇ ਜਾਂ ਟੁੱਟਦੀ ਜਾ ਰਹੀ ਹੜਤਾਲ ਨੂੰ ਮੰਨਕੇ 28 ਮਈ ਨੂੰ ਹੜਤਾਲ ਖਤਮ ਕਰਨ ਅਤੇ ਕਾਮਿਆਂ ਨੂੰ ਡਿਊਟੀ 'ਤੇ ਪਰਤ ਆਉਣ ਦਾ ਬਿਆਨ ਦੇ ਦਿੱਤਾ। ਜਿਸ ਤਰ੍ਹਾਂ ਕਿ ਪਿਛੋਂ ਸਿਆਸੀ ਹਲਕਿਆਂ ਤੋਂ ਪਤਾ ਲੱਗਾ ਕਿ ਦੇਸ਼ ਦੀ ਆਰਥਕ ਤੌਰ 'ਤੇ ਦੁਰਦਿਸ਼ਾ ਵੇਖਦਿਆਂ ਅਤੇ ਪੂਰੇ ਹੀ ਦੇਸ਼ ਦੇ ਕੋਲੇ ਅਤੇ ਹੋਰ ਕੱਚੇ ਮਾਲ ਦੀ ਥੁੜੋਂ ਕਾਰਨ ਕਾਰਖਾਨੇ ਬੰਦ ਹੋਣ ਦੀ ਕਾਰਗਰ ਤੇ ਪਹੁੰਚ ਗਏ ਸਨ। 27 ਤਾਰੀਖ ਨੂੰ ਸਰਕਾਰ ਵਲੋਂ ਇਕ ਬਿਆਨ ਦਾ ਖਰੜਾ ਤਿਆਰ ਕਰ ਲਿਆ ਗਿਆ ਸੀ ਅਤੇ 29 ਨੂੰ ਪ੍ਰਧਾਨ ਮੰਤਰੀ ਰੇਡਿਓ ਤੇ ਹੜਤਾਲੀਆਂ ਨੂੰ ਕੁੱਝ ਮੰਗਾਂ ਪ੍ਰਵਾਨ ਕਰਕੇ ਹੜਤਾਲ ਤੋਂ ਵਾਪਸ ਆਉਣ ਦੀ ਅਪੀਲ ਕਰਨ ਵਾਲੀ ਸੀ। ਪ੍ਰੰਤੂ ਇਕ ਵਾਰ ਫਿਰ ਰੇਲ ਕਾਮੇਂ ਜਿੱਤਦਿਆਂ ਜਿੱਤਦਿਆਂ ਹਾਰ ਗਏ। ਪ੍ਰੰਤੂ ਸਿੱਟਿਆਂ ਵਜੋਂ ਇਸ ਹੜਤਾਲ ਨੇ ਮਿੱਤਰਾਂ ਅਤੇ ਦੁਸ਼ਮਣਾਂ ਦੀ ਵੀ ਨਿਸ਼ਾਨਦੇਹੀ ਹੋ ਗਈ। ਹੜਤਾਲ ਦੀਆਂ ਘਾਟਾਂ, ਕਮਜ਼ੋਰੀਆਂ ਤੇ ਵੀ ਉਂਗਲ ਧਰੀ। ਐਸ.ਏ.ਡਾਂਗੇ ਅਤੇ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਵਿਚ ਛੁਪੇ ਹੋਏ ਸਭਾਪਤੀਆਂ ਮਹਿੰਦਰ ਪ੍ਰਤਾਪਾਂ ਜਿਹੇ ਜੈ ਚੰਦਾਂ ਗਦਾਰਾਂ ਦੇ ਚੁਰਾਹੇ 'ਚ ਮੁਖੌਟੇ ਵੀ ਪਾੜੇ ਗਏ ਜੋ ਟੋਲੀਆਂ ਬਣਾ ਬਣਾ ਕੇ ਪੂਰੇ ਹੀ ਦੇਸ਼ ਵਿਚ ਸਰਕਾਰੀ ਕਾਰਾਂ ਅਤੇ ਜਹਾਜ਼ਾਂ 'ਤੇ ਹੜਤਾਲਾਂ ਤੋੜਨ ਦੀ ਅਤਿ ਨਿੰਦਨੀਆਂ ਮੁਹਿੰਮ ਤੇ ਚੜੇ ਰਹੇ। ਇਸ ਹੜਤਾਲ ਨੇ ਕਾਂਗਰਸ ਜਿਹੀ ਘਿਰਣਤ ਸਰਕਾਰ ਅਤੇ ਆਕੜ ਖਾਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੰਕਾਰ ਤੇ ਵੀ ਸੱਟ ਮਾਰੀ। ਅਤੇ ਦੀਕਸ਼ਤ ਜਿਹੇ ਕਾਂਗਰਸ ਪ੍ਰਧਾਨ ਦੇ ਇਸ ਸੰਕਲਪ ''ਇਕ ਦੇਸ਼, ਇਕ ਪਾਰਟੀ ਅਤੇ ਇਕ ਲੀਡਰ'' ਨੂੰ ਵੀ ਲੀਰੋ ਲੀਰ ਕਰ ਦਿੱਤਾ। ਸਿੱਟੇ ਵਜੋਂ 1975 ਵਿਚ ਐਮਰਜੈਂਸੀ ਅਤੇ 1977 ਵਿਚ ਕਾਂਗਰਸ ਪਾਰਟੀ ਦੀ ਰਾਜਸੱਤਾ 'ਤੇ ਮਨਾਪਲੀ ਹੀ ਨਹੀਂ ਟੁੱਟੀ ਸਗੋਂ ਕਾਂਗਰਸ ਜਥੇਬੰਦੀ ਦਾ ਲੱਕ ਹੀ ਤੋੜ ਦਿੱਤਾ।