Tuesday 6 May 2014

ਸੰਪਾਦਕੀ (ਸੰਗਰਾਮੀ ਲਹਿਰ-ਮਈ 2014)

ਮਈ ਦਿਵਸ ਦਾ ਅਜੋਕਾ ਮਹੱਤਵ

ਪਹਿਲੀ ਮਈ ਦੁਨੀਆਂ ਭਰ ਦੇ ਮਜ਼ਦੂਰਾਂ ਲਈ ਇਨਕਲਾਬੀ ਮਹੱਤਵ ਵਾਲਾ ਦਿਹਾੜਾ ਹੈ। ਇਸ ਦਿਨ ਸਾਰੇ ਸੰਸਾਰ ਅੰਦਰ ਮਜਦੂਰਾਂ, ਮੁਲਾਜ਼ਮਾਂ ਤੇ ਹੋਰ ਕਿਰਤੀ ਲੋਕਾਂ ਦੀਆਂ ਜਥੇਬੰਦੀਆਂ ਉਚੇਚੇ ਸਮਾਗਮ ਆਯੋਜਤ ਕਰਦੀਆਂ ਹਨ। ਇਹਨਾਂ ਸਮਾਗਮਾਂ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਿਆਂ ਕਰਨ ਵਾਸਤੇ ਲੋਕ ਸੰਗਰਾਮਾਂ ਦਾ ਪਰਚਮ ਹਮੇਸ਼ਾਂ ਬੁਲੰਦ ਰੱਖਣ ਦੇ ਪ੍ਰਣ ਦ੍ਰਿੜਾਏ ਜਾਂਦੇ ਹਨ। ਆਮ ਤੌਰ 'ਤੇ ਸਾਰੀਆਂ ਹੀ ਜਨਤਕ ਜਥੇਬੰਦੀਆਂ ਆਪਣੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨ ਅਤੇ ਭਵਿੱਖੀ ਕਾਰਜਾਂ ਦੀ ਰੂਪ ਰੇਖਾ ਘੜਨ ਲਈ ਵੀ ਇਹਨਾਂ ਸਮਾਗਮਾਂ ਦੀ ਵਰਤੋਂ ਕਰਦੀਆਂ ਹਨ। 
ਅਮਰੀਕਾ ਦੇ ਸ਼ਹਿਰ ਸ਼ਿਕਾਗੋ ਅੰਦਰ ਮਜ਼ਦੂਰਾਂ ਵਲੋਂ 1886 ਵਿਚ ਲੜੇ ਗਏ ਲਹੂ ਵੀਟਵੇਂ ਸੰਘਰਸ਼ ਦਾ ਮੁੱਖ ਮੰਤਵ ਤਾਂ ਭਾਵੇਂ 8 ਘੰਟੇ ਦੀ ਦਿਹਾੜੀ ਨਿਸ਼ਚਤ ਕਰਾਉਣਾ ਹੀ ਸੀ, ਪ੍ਰੰਤੂ ਸਮੇਂ ਦੇ ਅਗਾਂਹ ਵੱਧਦੇ ਜਾਣ ਨਾਲ ਮਜ਼ਦੂਰ ਲਹਿਰ ਦੀਆਂ ਮੰਗਾਂ-ਉਮੰਗਾਂ ਦਾ ਘੇਰਾ ਵੀ ਨਿਰੰਤਰ ਵੱਧਦਾ ਗਿਆ ਅਤੇ ਇਸ ਇਤਿਹਾਸਕ ਕੌਮਾਂਤਰੀ ਦਿਹਾੜੇ ਦਾ ਮਹੱਤਵ ਵੀ। ਇਸ ਸਮੇਂ ਦੌਰਾਨ, ਮਜ਼ਦੂਰ ਲਹਿਰ ਨੇ ਮਹਾਨ ਲੈਨਿਨ ਦੀ ਅਗਵਾਈ ਵਿਚ ਇਕ ਸ਼ਕਤੀਸ਼ਾਲੀ ਰਾਜਸੀ ਤਾਕਤ ਦਾ ਰੂਪ ਧਾਰਨ ਕੀਤਾ ਅਤੇ ਮਜ਼ਦੂਰ ਜਮਾਤ ਦੀ ਰਾਜਸੀ ਪਾਰਟੀ ਨੇ ਸੋਵੀਅਤ ਰੂਸ ਅੰਦਰ 1917 ਵਿਚ ਰਾਜਸੱਤਾ ਉਪਰ ਕਬਜ਼ਾ ਕਰ ਲਿਆ। ਮਨੁੱਖੀ ਇਤਹਾਸ ਅੰਦਰ ਇਹ ਇਕ ਨਵੇਂ ਯੁੱਗ ਦਾ ਆਰੰਭ ਸੀ - ਪੂੰਜੀਵਾਦ ਤੋਂ ਸਮਾਜਵਾਦ ਵਿਚ ਪਰਿਵਰਤਨ ਦਾ ਯੁੱਗ। ਇਸ ਨਾਲ ਮਜ਼ਦੂਰ ਲਹਿਰ ਹੋਰ ਵਧੇਰੇ ਮਜ਼ਬੂਤੀ, ਉਤਸ਼ਾਹ ਤੇ ਜੋਸ਼ ਨਾਲ ਅਗਾਂਹ ਵੱਧਣ ਲੱਗੀ ਅਤੇ ਮਈ ਦਿਵਸ ਦਾ ਇਨਕਲਾਬੀ ਮਹੱਤਵ ਹੋਰ ਵਧੇਰੇ ਸਪੱਸ਼ਟ ਹੋਣ ਲੱਗਾ। ਇਸ ਲਹਿਰ ਦੇ ਦਬਾਅ ਹੇਠ, ਮਜ਼ਦੂਰਾਂ ਤੇ ਹੋਰ ਮਿਹਨਤੀ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਪ੍ਰਭਾਵਤ ਕਰਦੇ ਕਾਨੂੰਨ ਵੱਖ ਵੱਖ ਦੇਸ਼ਾਂ ਅੰਦਰ ਬਨਣ ਲੱਗੇ। ਉਜਰਤਾਂ, ਪੈਨਸ਼ਨਾਂ, ਸਮਾਜਿਕ ਸੁਰੱਖਿਆ ਅਤੇ ਕੰਮ ਹਾਲਤਾਂ ਵਿਚ ਮਜ਼ਦੂਰ-ਪੱਖੀ ਸੁਧਾਰਾਂ ਨੂੰ ਰੂਪਮਾਨ ਕਰਦੇ ਕਿਰਤ ਕਾਨੂੰਨ ਬਣੇ। ਮਜ਼ਦੂਰ ਲਹਿਰ ਅੰਦਰ ਕੌਮਾਂਤਰੀ ਪੱਧਰ 'ਤੇ ਇਕਜੁਟਤਾ ਬਣੀ ਅਤੇ ਇਸ ਵਲੋਂ ਕਿਰਤ ਦੀ ਸਰਦਾਰੀ ਕਾਇਮ ਕਰਨ ਵਾਸਤੇ ਅਨੇਕਾਂ ਮਾਣਮੱਤੀਆਂ ਪੁਲਾਂਘਾਂ ਪੁੱਟੀਆਂ ਗਈਆਂ। 
ਐਪਰ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿਚ, ਰੂਸ ਅੰਦਰ ਸਮਾਜਵਾਦ ਨੂੰ ਲੱਗੀ ਢਾਅ ਉਪਰੰਤ ਦੁਨੀਆਂ ਭਰ ਵਿਚ ਮਜ਼ਦੂਰਾਂ-ਮੁਲਾਜ਼ਮਾਂ ਦੇ ਹੱਕਾਂ-ਹਿਤਾਂ ਉਪਰ ਨਵੇਂ ਹਮਲੇ ਸ਼ੁਰੂ ਹੋ ਗਏ। ਅਤੇ, ਕਿਰਤੀ ਜਨਸਮੂਹਾਂ ਵਲੋਂ ਲੰਬੇ ਤੇ ਦਰਿੜਤਾ ਭਰਪੂਰ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਗਏ ਅਧਿਕਾਰ ਇਕ ਇਕ ਕਰਕੇ ਖੋਹੇ ਜਾਣ ਲੱਗੇ। ਇਸ ਨੂੰ ਵੀ ਇਕ ਅਜੀਬ ਮੌਕਾ-ਮੇਲ ਹੀ ਕਿਹਾ ਜਾ ਸਕਦਾ ਹੈ ਕਿ ਮਈ ਦਿਵਸ ਦੇ ਸ਼ਹੀਦਾਂ ਦੇ ਖੂਨ ਨਾਲ ਰੰਗੇ ਹੋਏ ਉਸੇ ਸ਼ਹਿਰ ਸ਼ਿਕਾਗੋ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ - ਮਿਲਟਨ ਫਰੈਡਮੈਨ ਨੇ, ਸਮਾਜਵਾਦੀ ਆਰਥਕ ਸਿਧਾਂਤ ਨੂੰ ਮੁਕੰਮਲ ਰੂਪ ਵਿਚ ਰੱਦ ਕਰਨ ਲਈ ਖੁੱਲੀ ਮੰਡੀ ਦੇ ''ਨਵਉਦਾਰਵਾਦੀ'' ਸਿਧਾਂਤ ਨੂੰ ਮੁੜ ਨਵਾਂ ਰੂਪ ਦੇ ਕੇ ਉਭਾਰਿਆ। ਇਸ ਸਿਧਾਂਤ ਰਾਹੀਂ ਜਿਥੇ ਸਰਮਾਏਦਾਰਾਂ ਦੀਆਂ ਕੰਪਨੀਆਂ ਨੂੰ ਚੌਤਰਫੀ ਲੁੱਟ ਮਚਾਉਣ ਦੀ ਆਗਿਆ ਦੇਣ ਦੀ ਵਕਾਲਤ ਕੀਤੀ ਗਈ ਹੈ ਉਥੇ ਨਾਲ ਹੀ ਮਜ਼ਦੂਰ ਵਰਗ ਦੀਆਂ ਜੀਵਨ ਹਾਲਤਾਂ ਦੀ ਬਰਬਾਦੀ ਦਾ ਰਾਹ ਵੀ ਹੋਰ ਵਧੇਰੇ ਵਹਿਸ਼ੀਆਨਾ ਬਣਾ ਦਿੱਤਾ ਗਿਆ ਹੈ। ਇਸ ਸਿਧਾਂਤ ਅਧੀਨ, ਪਿਛਲੇ 30 ਕੁ ਵਰ੍ਹਿਆਂ ਦੌਰਾਨ, ਮਜ਼ਦੂਰਾਂ ਦੀ ਸੇਵਾ ਸੁਰੱਖਿਆ ਦਾ ਮੌਲਿਕ ਅਧਿਕਾਰ ਬੁਰੀ ਤਰ੍ਹਾਂ ਖੁਰਦ-ਬੁਰਦ ਕੀਤਾ ਜਾ ਚੁੱਕਾ ਹੈ। ਠੇਕਾ ਭਰਤੀ ਦੀ ਨਵੀਂ ਮਜ਼ਦੂਰ-ਮਾਰੂ ਪ੍ਰਣਾਲੀ ਨੇ ਇਸ ਦੀ ਥਾਂ ਲੈ ਲਈ ਹੈ। ਸਿੱਟੇ ਵਜੋਂ ਕਿਰਤੀਆਂ ਵਾਸਤੇ ਨਾ ਪੱਕਾ ਰੁਜ਼ਗਾਰ ਰਿਹਾ ਅਤੇ ਨਾ ਹੀ ਪੂਰਾ ਰੁਜ਼ਗਾਰ। ਕੰਮ ਕਰਨ ਆਏ ਮਜ਼ਦੂਰਾਂ ਦੀ ਚੋਖੀ ਗਿਣਤੀ ਨੂੰ ਬਹੁਤੀ ਵਾਰ ਕਾਰਖਾਨੇ ਦੇ ਗੇਟ ਤੋਂ ਹੀ ਵਾਪਸ ਮੋੜ ਦਿੱਤਾ ਜਾਂਦਾ ਹੈ। ਏਥੋਂ ਤੱਕ ਕਿ ਉੱਚ ਸਿੱਖਿਆ ਪ੍ਰਾਪਤ ਪੇਸ਼ਾਵਰ ਤੇ ਤਕਨੀਕੀ ਮੁਲਾਜ਼ਮਾਂ ਨੂੰ ਵੀ ਬਹੁਤੀ ਵਾਰ ਇਕ-ਇਕ ਸਾਲ ਲਈ ਉਕਾ ਪੁਕਾ ਤਨਖਾਹ, ਜਿਸ ਨੂੰ ਪੈਕੇਜ਼ ਕਿਹਾ ਜਾਂਦਾ ਹੈ, ਦੇ ਕੇ ਠੇਕੇ 'ਤੇ ਰੱਖਿਆ ਜਾਂਦਾ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੜ੍ਹਾਉਣ ਵਾਲੇ ਕੱਚੇ ਪ੍ਰੋਫੈਸਰਾਂ ਨੂੰ ਤਾਂ ਹਰ ਸਾਲ, 8 ਮਹੀਨਿਆਂ ਬਾਅਦ ਸੈਸ਼ਨ ਖਤਮ ਹੋਣ 'ਤੇ, ਘਰਾਂ ਨੂੰ ਤੋਰ ਦਿੱਤਾ ਜਾਂਦਾ ਹੈ। ਵੱਖ ਵੱਖ ਖੇਤਰਾਂ ਦੇ ਮਾਹਰ, ਵਿਗਿਆਨੀ ਤੇ ਡਾਕਟਰ ਤੱਕ ਵੀ ਠੇਕੇ 'ਤੇ ਰੱਖੇ ਜਾ ਰਹੇ ਹਨ। ਕਈ ਥਾਵਾਂ 'ਤੇ ਦਿਹਾੜੀਦਾਰ ਵੀ ਘੰਟਿਆਂ ਦੇ ਹਿਸਾਬ ਨਾਲ ਰੱਖੇ ਜਾਂਦੇ ਹਨ, ਪੂਰੀ ਦਿਹਾੜੀ ਲਈ ਨਹੀਂ। ਤਰਾਸਦੀ ਇਹ ਹੈ ਕਿ ਇਹਨਾਂ ਅਖਾਉਤੀ ਕਿਰਤ ਸੁਧਾਰਾਂ ਦੇ ਪਰਦੇ ਹੇਠ ਹਾਕਮਾਂ ਵਲੋਂ ਕਿਰਤ ਕਾਨੂੰਨਾਂ ਦੀ ਸ਼ਰੇਆਮ ਕੀਤੀ ਜਾ ਰਹੀ ਇਸ ਬਰਬਾਦੀ ਨੂੰ 'ਕਿਰਤ ਨੂੰ ਬੰਧੇਜ ਮੁਕਤ' ਕਰਨਾ ਕਹਿਕੇ ਵਡਿਆਇਆ ਜਾ ਰਿਹਾ ਹੈ। 
ਏਥੇ ਹੀ ਬਸ ਨਹੀਂ। ਵੱਡੀਆਂ ਵੱਡੀਆਂ ਸਰਮਾਏਦਾਰ ਕੰਪਨੀਆਂ ਵਿਚਕਾਰ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਲੱਗੀ ਹੋਈ ਹੋੜ ਕਾਰਨ ਸਤੰਬਰ 2008 ਵਿਚ ਅਮਰੀਕਾ ਅੰਦਰੋਂ ਹੀ ਫੁੱਟੇ ਅਜੋਕੇ ਆਲਮੀ ਆਰਥਕ ਮੰਦਵਾੜੇ 'ਤੇ ਕਾਬੂ ਪਾਉਣ ਵਾਸਤੇ ਸਾਰੇ ਹੀ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ, ਵਿਸ਼ੇਸ਼ ਤੌਰ 'ਤੇ ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਨੇ ਖਰਚੇ ਘਟਾਉਣ ਲਈ 'ਬਚਤਾਂ ਕਰਨ' (Austerity)  ਦਾ ਕੁਹਾੜਾ ਚੁੱਕਿਆ ਹੋਇਆ ਹੈ। ਜਿਸਦੇ ਫਲਸਰੂਪ ਕਿਰਤੀਆਂ ਦੀਆਂ ਤਨਖਾਹਾਂ ਜਾਮ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਅਸੁਵਿਧਾਵਾਂ ਦੇ ਸਨਮੁੱਖ ਮਿਲਦੇ ਭੱਤੇ ਬੰਦ ਕੀਤੇ ਜਾ ਰਹੇ ਹਨ ਅਤੇ ਪੈਨਸ਼ਨਰੀ ਲਾਭਾਂ ਉਪਰ ਕਟੌਤੀ ਦੀ ਕੈਂਚੀ ਚਲਾਈ ਜਾ ਰਹੀ ਹੈ। ਆਮ ਲੋਕਾਂ ਨੂੰ ਮਿਲਣ ਵਾਲੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਸਮਾਜਿਕ ਸੇਵਾਵਾਂ ਪ੍ਰਤੀ ਸਰਕਾਰਾਂ ਵਲੋਂ ਆਪਣੀਆਂ ਜ਼ੁੰਮੇਵਾਰੀਆਂ ਨੂੰ ਤਿਆਗਿਆ ਜਾ ਰਿਹਾ ਹੈ। ਅਤੇ, ਸਰਕਾਰਾਂ ਦਾ ਆਕਾਰ ਘਟਾਉਣ (Down Sizing) ਤੇ ਨਿੱਜੀਕਰਨ (Privatisation)  ਦੀਆਂ ਨੀਤੀਆਂ ਅਧੀਨ ਅਜੇਹੇ ਸਾਰੇ ਲੋਕ-ਪੱਖੀ ਕਾਰਜ, ਪ੍ਰਾਈਵੇਟ ਮੁਨਾਫਾਖੋਰਾਂ ਵਲੋਂ ਅੰਨ੍ਹੀ ਲੁੱਟ ਮਚਾਉਣ ਵਾਸਤੇ ਉਹਨਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਇਸ ਕਰਕੇ ਸਾਰੇ ਹੀ ਦੇਸ਼ਾਂ ਅੰਦਰ ਸਰਕਾਰੀ ਤੇ ਅਰਧ ਸਰਕਾਰੀ ਨੌਕਰੀਆਂ ਦਾ ਖੇਤਰ ਤੇਜ਼ੀ ਨਾਲ ਸੁੰਗੜਦਾ ਜਾ ਰਿਹਾ ਹੈ। ਇਸ ਦੀ ਥਾਂ ਸੇਵਾਵਾਂ ਦੇ ਹਰ ਖੇਤਰ ਵਿੱਚ ਅੱਧ-ਪਚੱਧੀਆਂ ਉਜਰਤਾਂ ਉਪਰ ਠੇਕਾ ਭਰਤੀ ਕੀਤੀ ਜਾਂਦੀ ਹੈ, ਜਿਸ ਨਾਲ ਭਰਿਸ਼ਟਾਚਾਰ ਦਾ ਵੀ ਪਸਾਰਾ ਹੁੰਦਾ ਹੈ, ਕਿਰਤੀ ਦੀ ਲੁੱਟ ਵੀ ਤਿੱਖੀ ਹੁੰਦੀ ਹੈ ਅਤੇ ਸਬੰਧਤ ਸੇਵਾ ਦੇ ਮਿਆਰ ਨੂੰ ਵੀ ਲਾਜ਼ਮੀ ਸੱਟ ਵੱਜਦੀ ਹੈ। 
ਇਸ ਤਰ੍ਹਾਂ, ਪਿਛਲੇ ਦੋ ਢਾਈ ਦਹਾਕਿਆਂ ਦੇ ਸਮੇਂ ਦੌਰਾਨ, ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ, ਆਲਮੀ ਆਰਥਕ ਮੰਦਵਾੜੇ ਅਤੇ ਪ੍ਰਸ਼ਾਸਕੀ ਭਰਿਸ਼ਟਾਚਾਰ ਵਿਚ ਹੋਏ ਤਿੱਖੇ ਵਾਧੇ ਦੇ ਮਿਲਵੇਂ ਅਸਰ ਹੇਠ ਸਮੁੱਚੇ ਸੰਸਾਰ ਦੇ ਮਜ਼ਦੂਰਾਂ ਤੇ ਹੋਰ ਮਿਹਨਤੀ ਲੋਕਾਂ ਦੀਆਂ ਜੀਵਨ ਹਾਲਤਾਂ ਉਪਰ ਤਬਾਹਕੁੰਨ ਪ੍ਰਭਾਵ ਪਏ ਹਨ। ਉਹਨਾਂ ਨੂੰ ਗੁਜ਼ਾਰੇਯੋਗ ਰੁਜ਼ਗਾਰ ਕਿਧਰੇ ਮਿਲ ਨਹੀਂ ਰਿਹਾ। ਮਹਿੰਗਾਈ ਕਾਰਨ ਉਹਨਾਂ ਦੀ ਰੱਤ ਵੱਖਰੀ ਨਿਚੋੜੀ ਜਾ ਰਹੀ ਹੈ। ਇਸਦੇ ਸਿੱਟੇ ਵਜੋਂ ਉਹਨਾਂ ਦੀਆਂ ਆਰਥਕ ਤੇ ਸਮਾਜਿਕ ਤੰਗੀਆਂ ਤੁਰਸ਼ੀਆਂ ਨਿਰੰਤਰ ਵੱਧਦੀਆਂ ਹੀ ਜਾ ਰਹੀਆਂ ਹਨ। ਵੱਖ ਵੱਖ ਦੇਸ਼ਾਂ ਅੰਦਰ ਮਜ਼ਦੂਰਾਂ-ਮੁਲਾਜ਼ਮਾਂ ਵਲੋਂ ਕੀਤੇ ਜਾ ਰੋਸ ਮੁਜ਼ਾਹਰਿਆਂ, ਹੜਤਾਲਾਂ ਤੇ ਹੋਰ ਜਨਤਕ ਐਕਸ਼ਨਾਂ ਤੋਂ ਕਿਰਤੀ ਲੋਕਾਂ ਅੰਦਰ ਵੱਧ ਰਹੀ ਇਸ ਵਿਆਪਕ ਬੇਚੈਨੀ ਦਾ ਠੋਸ ਰੂਪ ਵਿਚ ਪ੍ਰਗਟਾਵਾ ਹੋ ਰਿਹਾ ਹੈ। ਪੂੰਜੀਪਤੀ ਜਰਵਾਣਿਆਂ ਵਲੋਂ ਮਜ਼ਦੂਰ ਵਰਗ ਉਪਰ ਕੀਤੇ ਜਾ ਰਹੇ ਇਹਨਾਂ ਨਵੇਂ ਹਮਲਿਆਂ ਦਾ ਮੂੰਹ ਮੋੜਨ ਲਈ ਇਸ ਮਈ ਦਿਵਸ 'ਤੇ ਸਮੁੱਚੇ ਸੰਸਾਰ ਅੰਦਰ, ਲਾਜ਼ਮੀ ਗੰਭੀਰ ਵਿਚਾਰਾਂ ਹੋਣਗੀਆਂ ਅਤੇ ਕੌਮਾਂਤਰੀ ਮਜ਼ਦੂਰ ਲਹਿਰ ਨੂੰ ਇਕਜੁਟ ਕਰਨ ਦੀ ਇਤਹਾਸਕ ਲੋੜ ਇਕ ਵਾਰ ਫਿਰ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਵੇਗੀ। 
ਉਪਰੋਕਤ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਨੇ ਸਾਡੇ ਦੇਸ਼ ਅੰਦਰਲੀ ਸਥਿਤੀ ਨੂੰ ਤਾਂ ਹੋਰ ਵੀ ਵਧੇਰੇ ਚਿੰਤਾਜਨਕ ਤੇ ਦਰਦਨਾਕ ਬਣਾਇਆ ਹੋਇਆ ਹੈ। ਇਸ ਵਾਰ ਏਥੇ, ਇਹ ਕੌਮਾਂਤਰੀ ਦਿਹਾੜਾ 16ਵੀਂ ਲੋਕ ਸਭਾ ਲਈ ਚਲ ਰਹੀ ਚੋਣਾਂ ਦੀ ਪ੍ਰਕਿਰਿਆ ਦੇ ਵਿਚਕਾਰ ਆ ਰਿਹਾ ਹੈ, ਇਸ ਲਈ ਮਈ ਦਿਵਸ ਦੇ ਸਮਾਗਮਾਂ ਦੇ ਆਯੋਜਨ ਵਿਚ ਅਧਿਕਾਰੀਆਂ ਵਲੋਂ ਚੋਣ ਜਾਬਤੇ ਨੂੰ ਵੀ ਇਕ ਹੱਦ ਤੱਕ ਵਾਧਕ ਬਣਾਇਆ ਜਾ ਸਕਦਾ ਹੈ। ਮਜ਼ਦੂਰਾਂ-ਮੁਲਾਜ਼ਮਾਂ ਦੀਆਂ ਚੋਣਾਂ ਨਾਲ ਸਬੰਧਤ ਜ਼ੁੰਮੇਵਾਰੀਆਂ ਤੇ ਰੁਝੇਵੇਂ ਆਦਿ ਵੀ ਹਨ। ਇਸ ਲਈ ਇਸ ਵਾਰ, ਮਈ ਦਿਵਸ ਦੇ ਸਮਾਗਮਾਂ ਵਿਚ ਮਜ਼ਦੂਰਾਂ ਵਿਸ਼ੇਸ਼ ਤੌਰ 'ਤੇ ਮੁਲਾਜ਼ਮਾਂ ਦੀ ਸਰਗਰਮੀ ਤੇ ਸ਼ਮੂਲੀਅਤ ਮੁਕਾਬਲਤਨ ਘੱਟ ਸਕਦੀ ਹੈ। ਪ੍ਰੰਤੂ ਇਸਦੇ ਬਾਵਜੂਦ, ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਕਾਰਨ ਬਣੀ ਹੋਈ ਮੌਜੂਦਾ ਆਰਥਕ ਤੇ ਰਾਜਸੀ ਅਵਸਥਾ ਉਪਰ ਡੂੰਘੀ ਵਿਚਾਰ ਚਰਚਾ ਦੀ ਲੋੜ ਹੈ ਤਾਂ ਜੋ ਜਨਤਕ ਘੋਲਾਂ ਦੀ ਲਹਿਰ ਨੂੰ ਅਗਾਂਹ ਤੋਰਿਆ ਜਾ ਸਕੇ ਤੇ ਉਸਨੂੰ ਫੈਸਲਾਕੁੰਨ ਰੂਪ ਦਿੱਤਾ ਜਾ ਸਕੇ। ਕਿਉਂਕਿ ਇਹ ਤਾਂ ਸਪੱਸ਼ਟ ਹੀ ਹੈ ਕਿ ਇਹਨਾਂ ਚੋਣਾਂ ਉਪਰੰਤ ਦੇਸ਼ ਅੰਦਰ ਕਿਸੇ ਲੋਕ ਹਿਤੂ ਸਰਕਾਰ ਦੇ ਬਨਣ ਦੀਆਂ ਉਕਾ ਹੀ ਕੋਈ ਸੰਭਾਵਨਾਵਾਂ ਨਹੀਂ ਹਨ। ਇਸ ਪੱਖੋਂ ਆਸਾਰ ਸਪੱਸ਼ਟ ਹਨ। ਸੱਤਾ ਦੀਆਂ ਦਾਅਵੇਦਾਰ ਦੋਵੇਂ ਮੁੱਖ ਧਿਰਾਂ - ਭਾਜਪਾ ਅਤੇ ਕਾਂਗਰਸ ਪਾਰਟੀ - ਜਮਾਤੀ ਦਰਿਸ਼ਟੀਕੋਨ ਤੋਂ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਕੱਠਪੁੱਤਲੀਆਂ ਹਨ ਅਤੇ ਉਹਨਾਂ ਦੀਆਂ ਮਿਲਖਾਂ ਦਾ ਕੱਦ ਹੋਰ ਉੱਚਾ ਕਰਨ ਤੇ ਕਿਰਤੀਆਂ ਨੂੰ ਕੰਗਾਲੀ ਦੀ ਡੂੰਘੀ ਖੱਡ ਵੱਲ ਧੱਕਣ ਵਾਲੀਆਂ ਨਵਉਦਾਰਵਾਦੀ ਨੀਤੀਆਂ ਦੀਆਂ ਪੱਕੀਆਂ ਮੁੱਦਈ ਹਨ। ਇਹ ਤਾਂ ਦਿਖਾਈ ਦਿੰਦਾ ਹੈ ਕਿ ਇਹਨਾਂ 'ਚੋਂ ਕਿਸੇ ਨੂੰ ਵੀ ਬਹੁਮੱਤ ਮਿਲਣ ਦੀ ਬਹੁਤੀ ਸੰਭਾਵਨਾ ਨਹੀਂ ਹੈ। ਪ੍ਰੰਤੂ ਇਹ ਵੀ ਪ੍ਰਤੱਖ ਹੀ ਹੈ ਕਿ ਇਹਨਾਂ ਦੋਵਾਂ 'ਚੋਂ ਕਿਸੇ ਇਕ ਦੀ ਅਗਵਾਈ ਜਾਂ ਸਮੱਰਥਨ ਨਾਲ ਬਣਨ ਵਾਲੀ ਗੱਠਜੋੜ ਸਰਕਾਰ ਨੇ ਵੀ ਲਾਜ਼ਮੀ ਉਹੋ ਲੋਕ ਮਾਰੂ ਤੇ ਦੇਸ਼ ਧਰੋਹੀ ਨੀਤੀਆਂ ਹੀ ਜਾਰੀ ਰੱਖਣੀਆਂ ਹਨ, ਜਿਹਨਾਂ ਨੇ ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਹੀ ਨਹੀਂ ਬਲਕਿ ਦੇਸ਼ ਦੀ ਸਮੁੱਚੀ ਆਰਥਕਤਾ ਨੂੰ ਮਾਰੂ ਢਾਅ ਲਾਈ ਹੋਈ ਹੈ। ਦੇਸ਼ ਅੰਦਰ, ਸਰਕਾਰੀ ਅਨੁਮਾਨਾਂ ਅਨੁਸਾਰ, ਮਹਿੰਗਾਈ ਵਿਚ ਵਾਧੇ ਦੀ ਦਰ ਲਗਾਤਾਰ 8% ਤੋਂ ਉਪਰ ਰਹਿੰਦੀ ਹੈ ਜਦੋਂਕਿ ਕੁਲ ਘਰੇਲੂ ਪੈਦਾਵਾਰ (GDP) ਵਿਚ ਵਾਧੇ ਦੀ ਦਰ 5% ਤੋਂ ਹੇਠਾਂ। ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਦੇ ਸਮਰੱਥ ਸਨਅੱਤੀ ਕਾਰੋਬਾਰਾਂ ਵਿਚ ਤਾਂ ਪੈਦਾਵਾਰ ਵੱਧ ਹੀ ਨਹੀਂ ਰਹੀ ਬਲਕਿ ਘੱਟ ਰਹੀ ਹੈ ਭਾਵ ਸਿਫਰ ਤੋਂ ਵੀ ਥੱਲੇ ਆ ਗਈ ਹੈ। ਸਰਕਾਰ ਦਾ ਆਪਣਾ ਖ਼ਜਾਨਾ ਘਾਟੇ ਵਿਚ ਜਾ ਰਿਹਾ ਹੈ। ਇਸ ਘਾਟੇ ਉਪਰ ਕਾਬੂ ਪਾਉਣ ਲਈ ਹਾਕਮਾਂ ਵਲੋਂ ਗਰੀਬਾਂ ਨੂੰ ਮਿਲਦੀਆਂ ਨਿਗੂਣੀਆਂ ਸਬਸਿਡੀਆਂ ਵੀ ਮੁਕੰਮਲ ਰੂਪ ਵਿਚ ਬੰਦ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਨੀਤੀਆਂ ਨੂੰ ਜਾਰੀ ਰੱਖਕੇ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਨੱਥ ਪਾਉਣੀ ਮੁਸ਼ਕਲ ਹੈ। ਇਹੋ ਕਾਰਨ ਹੈ ਕਿ ਇਹਨਾਂ ਲੋਕ ਮਾਰੂ ਨੀਤੀਆਂ ਦੇ ਦੋਵੇਂ ਮੁੱਖ ਸੂਤਰਧਾਰ-ਵਿੱਤ ਮੰਤਰੀ ਪੀ.ਚਿਦੰਬਰਮ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਹਨਾਂ ਚੋਣਾਂ ਵਿਚ ਲੋਕਾਂ ਦੇ ਸਨਮੁੱਖ ਖੜੇ ਹੋਣ ਦੀ ਹਿੰਮਤ ਨਹੀਂ ਕਰ ਸਕੇ। ਦੇਸ਼ ਨੂੰ 21ਵੀਂ ਸਦੀ ਵਿਚ ਮਹਾਂਸ਼ਕਤੀ ਬਣਾਕੇ ਆਰਥਕ ਉਨਤੀ ਦੀਆਂ ਸਿਖਰਾਂ 'ਤੇ ਪਹੁੰਚਾਉਣ ਦੇ ਦਾਅਵੇ ਕਰਨ ਵਾਲਾ ਵਿੱਤ ਮੰਤਰੀ ਤਾਂ, ਇਕ ਤਰ੍ਹਾਂ ਨਾਲ ਸਿਆਸਤ ਹੀ ਛੱਡ ਗਿਆ ਹੈ ਅਤੇ ਚੋਣ ਲੜਨ ਤੋਂ ਹੀ ਭਾਜੂ ਹੋ ਗਿਆ ਹੈ। ਜਦੋਂਕਿ ਪ੍ਰਧਾਨ ਮੰਤਰੀ 16 ਮਈ ਨੂੰ ਚੋਣ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਹੀ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਨਵੇਂ ਬੰਗਲੇ ਵਿਚ ਚਲੇ ਜਾਣ ਲਈ ਤਿਆਰ ਖੜਾ ਹੈ। ਦੇਸ਼ ਦੀ ਅਤੀ ਚਿੰਤਾਜਨਕ ਆਰਥਕ ਅਵਸਥਾ ਨੂੰ ਸਮਝਣ ਲਈ ਇਸ ਤੋਂ ਵੱਧ ਹੋਰ ਕਿਸੇ ਵੱਡੇ ਪ੍ਰਮਾਣ ਦੀ ਲੋੜ ਨਹੀਂ ਹੈ। 
ਇਹਨਾਂ ਹਾਲਤਾਂ ਵਿਚ ਇਹ ਅਨੁਮਾਨ ਲਾਉਣਾ ਵੀ ਕੋਈ ਵਧੇਰੇ ਮੁਸ਼ਕਲ ਨਹੀਂ ਕਿ ਦੇਸ਼ ਦੀ ਨਵੀਂ ਬਨਣ ਵਾਲੀ ਸਰਕਾਰ ਲਾਜ਼ਮੀ ਹੋਰ ਵਧੇਰੇ ਲੋਕਮਾਰੂ ਹੋਵੇਗੀ। ਚੋਣਾਂ ਉਪਰੰਤ ਵਿਦੇਸ਼ੀ ਵਿੱਤੀ ਪੂੰਜੀ (FDI) ਨੂੰ ਦੇਸ਼ ਦੀ ਆਰਥਕਤਾ ਵਿਚ ਘੁਸਪੈਠ ਕਰਨ ਅਤੇ ਅਜਾਰੇਦਾਰਾਂ ਨੂੰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾਕੇ ਲੋਕਾਂ ਦੀ ਹੋਰ ਵਧੇਰੇ ਚਮੜੀ ਉਧੇੜਣ ਦੀਆਂ ਹੋਰ ਖੁੱਲ੍ਹਾਂ ਮਿਲਣਗੀਆਂ। ਇਸਦੇ ਫਲਸਰੂਪ ਮਹਿੰਗਾਈ ਦਾ ਡੰਗ ਹੋਰ ਤਿੱਖਾ ਹੋਵੇਗਾ ਅਤੇ ਰੁਜ਼ਗਾਰ ਦੇ ਵਸੀਲੇ ਹੋਰ ਘਟਣਗੇ। ਇਹ ਵੀ ਤੈਅ ਹੀ ਹੈ ਕਿ ਨਵੇਂ ਹਾਕਮਾਂ ਵਲੋਂ ਵਿਦੇਸ਼ੀ ਮੁਦਰਾ ਦੇ ਭੰਡਾਰ (CAD)  ਵਿਚਲਾ ਘਾਟਾ ਪੂਰਾ ਕਰਨ ਅਤੇ ਸਰਕਾਰੀ ਖਜ਼ਾਨੇ ਦਾ ਵਿੱਤੀ ਘਾਟਾ ਪੂਰਾ ਕਰਨ ਵਾਸਤੇ ਦੇਸ਼ ਦੇ ਕੁਦਰਤੀ ਵਸੀਲੇ ਕੌਡੀਆਂ ਦੇ ਭਾਅ ਵੇਚੇ ਜਾਣਗੇ। ਇਸ ਨਾਲ ਦੇਸ਼ ਦਾ ਪਰਿਆਵਰਨ ਹੋਰ ਵਧੇਰੇ ਪ੍ਰਦੂਸ਼ਤ ਹੋਵੇਗਾ ਅਤੇ ਇਸ ਦੇਸ਼ ਧਰੋਹੀ ਤੇ ਲੋਕਮਾਰੂ ਕੁਕਰਮ ਦਾ ਵਿਰੋਧ ਕਰਨ ਵਾਲੇ ਲੋਕਾਂ, ਵਿਸ਼ੇਸ਼ ਤੌਰ 'ਤੇ ਆਦਿਵਾਸੀਆਂ ਉਪਰ ਸਰਕਾਰੀ ਜਬਰ ਦੀ ਬੇਰਹਿਮ ਮਸ਼ੀਨ ਦੇ ਦੰਦੇ ਹੋਰ ਵੀ ਤਿੱਖੇ ਹੋਣਗੇ। ਚਲ ਰਹੀ ਚੋਣ ਪ੍ਰਕਿਰਿਆ ਦੌਰਾਨ ਉਭਾਰੇ ਜਾ ਰਹੇ ਮੁੱਦੇ ਇਹ ਵੀ ਭਲੀ ਭਾਂਤ ਸੰਕੇਤ ਦਿੰਦੇ ਹਨ ਕਿ ਆਉਂਦੇ ਵਰ੍ਹਿਆਂ ਦੌਰਾਨ ਫਿਰਕੂ ਤੇ ਫੁੱਟਪਾਊ ਸ਼ਕਤੀਆਂ ਦੀਆਂ ਲੋਕਾਂ ਦੀ ਭਾਈਚਾਰਕ ਇਕਜੁਟਤਾ ਨੂੰ ਢਾਅ ਲਾਉਣ ਵਾਲੀਆਂ ਸਰਗਰਮੀਆਂ ਵੀ ਹੋਰ ਤਿੱਖੀਆਂ ਹੋ ਸਕਦੀਆਂ ਹਨ। ਇਸ ਨਾਲ ਲੋਕਾਂ ਦੀਆਂ ਕੇਵਲ ਆਰਥਕ ਤੰਗੀਆਂ ਤੁਰਸ਼ੀਆਂ ਨਹੀਂ ਵਧਣਗੀਆਂ ਬਲਕਿ ੳਹਨਾਂ ਅੰਦਰ ਮਾਨਸਿਕ ਤਣਾਅ ਤੇ ਨਿਰਾਸ਼ਾ ਵੀ ਹੋਰ ਵੱਧ ਜਾਣੀਆਂ ਹਨ, ਜਿਹੜੀਆਂ ਅਕਸਰ ਲੋਕਾਂ ਨੂੰ ਗੈਰ ਕਾਨੂੰਨੀ ਧੰਦਿਆਂ ਤੇ ਸਮਾਜ ਵਿਰੋਧੀ ਭਟਕਾਵਾਂ ਵੱਲ ਵੱਧਣ ਲਈ ਮਜ਼ਬੂਰ ਕਰਦੀਆਂ ਹਨ। 
ਅਜੇਹੇ ਅਮਾਨਵੀ ਜਬਰ, ਲੁੱਟ-ਘਸੁੱਟ, ਵਿਤਕਰਿਆਂ ਤੇ ਬੇਇਨਸਾਫੀਆਂ ਦੇ ਟਾਕਰੇ ਲਈ ਲੋੜ ਹੈ : ਸਮਾਜ ਦੇ ਲੁੱਟੇ ਪੁੱਟੇ ਜਾ ਰਹੇ ਵੱਖ ਵੱਖ ਵਰਗਾਂ ਦੀਆਂ ਸ਼ਕਤੀਸ਼ਾਲੀ ਜਨਤਕ ਜਥੇਬੰਦੀਆਂ ਦੀ ਅਤੇ ਉਹਨਾਂ ਜਥੇਬੰਦੀਆਂ ਵਿਚਕਾਰ ਗੂੜ੍ਹੇ ਤਾਲਮੇਲ ਦੀ। ਅਜੇਹੇ ਤਾਲਮੇਲ 'ਤੇ ਅਧਾਰਤ ਸਾਂਝੇ ਤੇ ਵਿਸ਼ਾਲ ਸੰਘਰਸ਼ ਹੀ ਅਜੋਕੇ ਨਿਰਾਸ਼ਾਵਾਦੀ ਮਾਹੌਲ ਵਿਚ ਆਸ਼ਾ ਦੀ ਕੋਈ ਕਾਰਗਰ ਕਿਰਨ ਜਗਾ ਸਕਦੇ ਹਨ ਅਤੇ ਹਰ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਮੁਕਤੀ ਦਾ ਮਾਰਗ ਖੋਹਲ ਸਕਦੇ ਹਨ। ਇਸ ਲਈ, ਇਸ ਮਈ ਦਿਵਸ 'ਤੇ ਹਰ ਵਰਗ ਦੇ ਲੋਕਾਂ ਜਿਵੇਂ ਕਿ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਮੁਲਾਜ਼ਮਾਂ ਵਿਦਿਆਰਥੀਆਂ, ਦਸਤਕਾਰਾਂ, ਛੋਟੇ ਦੁਕਾਨਦਾਰਾਂ, ਅਰਧ ਬੇਰੁਜ਼ਗਾਰਾਂ ਤੇ ਹੋਰ ਮਿਹਨਤੀ ਲੋਕਾਂ ਦੀਆਂ ਜਥੇਬੰਦੀਆਂ ਉਸਾਰਨ ਦੇ ਕਾਰਜ ਨੂੰ ਪ੍ਰਮੁੱਖਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਦਿਸ਼ਾ ਵਿਚ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜਨਤਕ ਜਥੇਬੰਦੀਆਂ ਦੀ ਉਸਾਰੀ ਜਮਹੂਰੀ ਲੀਹਾਂ 'ਤੇ ਕੀਤੀ ਜਾਵੇ, ਜਿਸ ਵਿਚ ਸਾਮੂਹਿਕ ਕਾਰਜਪ੍ਰਣਾਲੀ ਨੂੰ ਪ੍ਰਮੁੱਖਤਾ ਦਿੱਤੀ ਜਾਵੇ, ਤਾਂ ਜੋ ਜਥੇਬੰਦੀਆਂ ਵਿਚ ਸੁਪਰੀਮੋ ਪੈਦਾ ਨਾ ਹੋਣ ਬਲਕਿ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿਚ ਅਨੁਸ਼ਾਸਨਬੱਧ, ਸੂਝਵਾਨ ਤੇ ਸਮਰੱਥਾਵਾਨ ਆਗੂਆਂ ਦੀਆਂ ਟੀਮਾਂ ਵਿਕਸਤ ਹੋਣ, ਜਿਹੜੀਆਂ ਕਿ ਇਸ ਲੁਟੇਰੇ ਸਮਾਜਕ-ਆਰਥਕ ਪ੍ਰਬੰਧ ਨੂੰ ਢਾਅਕੇ ਸਾਂਝੀਵਾਲਤਾ 'ਤੇ ਆਧਾਰਤ ਇਕ ਨਿਆਂਸੰਗਤ ਸਮਾਜ ਦਾ ਨਿਰਮਾਣ ਕਰ ਸਕਣ। ਇਸ ਮਹਾਨ ਨਿਸ਼ਾਨੇ ਦੀ ਪੂਰਤੀ ਵੱਲ ਅਗਾਂਹ ਵੱਧਣ ਵਾਸਤੇ, ਸਿਧਾਂਤਕ ਪੱਖੋਂ ਦਰੁਸਤ ਤੇ ਵੱਧ ਤੋਂ ਵੱਧ ਵਿਹਾਰਕ ਮਾਰਗ ਦੀ ਨਿਸ਼ਾਨਦੇਹੀ ਕਰਕੇ ਹੀ ਸ਼ਿਕਾਗੋ ਦੇ ਅਮਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਜਾ ਸਕਦੀ ਹੈ। 

- ਹਰਕੰਵਲ ਸਿੰਘ 

ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਵਰਤਮਾਨ ਤੇ ਭਵਿੱਖੀ ਰਾਜਨੀਤਕ ਚਰਚਾ

ਮੰਗਤ ਰਾਮ ਪਾਸਲਾ

ਆਮ ਜਨਤਾ ਕਿਆਸ ਲਗਾਉਂਦੀ ਹੈ ਕਿ .........
1. ਕਾਂਗਰਸ ਤੇ ਇਸਦੇ ਭਾਈਵਾਲ ਆਪਣੇ ਦਸ ਸਾਲਾਂ ਦੇ ਸ਼ਾਸਨ ਕਾਲ ਦੌਰਾਨ ਸਾਮਰਾਜ ਭਗਤੀ, ਲੋਕ ਹਿੱਤਾਂ ਦੀ ਅਣਦੇਖੀ, ਧਨ ਕੁਬੇਰਾਂ ਦੀ ਚਾਕਰੀ, ਮਹਿੰਗਾਈ, ਬੇਕਾਰੀ ਅਤੇ ਮਣਾਂ ਮੂੰਹੀਂ ਕੀਤੇ ਭਰਿਸ਼ਟਾਚਾਰ ਸਦਕਾ ਨਮੋਸ਼ੀ ਭਰੀ ਹਾਰ ਦੇਖ ਸਕਦੇ ਹਨ। 

2. ਦੇਸ਼ ਪੱਧਰੀ, ਕਿਸੇ ਯੋਗ ਲੋਕ-ਪੱਖੀ ਰਾਜਨੀਤਕ ਤੇ ਆਰਥਿਕ ਮੁਤਬਾਦਲ ਦੀ ਅਣਹੋਂਦ ਕਾਰਨ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਤੇ ਇਸਦੇ ਸਹਿਯੋਗੀ ਦਲ ਯੂ.ਪੀ.ਏ. ਦੀ ਕੇਂਦਰੀ ਸਰਕਾਰ ਵਿਰੁੱਧ ਲੋਕਾਂ ਅੰਦਰ ਫੈਲੇ ਅਸੰਤੋਸ਼ ਦਾ ਲਾਹਾ ਲੈ ਕੇ ਲੋਕ ਸਭਾ ਮੈਂਬਰਾਂ ਦੀ ਗਿਣਤੀ ਪੱਖੋਂ, ਇਕ ਵੱਡੀ ਰਾਜਸੀ ਧਿਰ ਵਜੋਂ ਉਭਰ ਸਕਦੇ ਹਨ ਪ੍ਰੰਤੂ ਇਹ ਅੰਕੜਾ ਪੂਰਨ ਬਹੁਮੱਤ ਨਾਲੋਂ ਹੇਠਾਂ ਹੋਵੇਗਾ। 

3. ਵੱਖ ਵੱਖ ਪ੍ਰਾਂਤਾਂ ਦੀਆਂ ਇਲਾਕਾਈ ਰਾਜਨੀਤਕ ਪਾਰਟੀਆਂ ਜਿਵੇਂ ਬਸਪਾ, ਸਪਾ, ਆਲ ਇੰਡੀਆ ਅੰਨਾ ਡੀ.ਐਮ.ਕੇ., ਡੀ.ਐਮ.ਕੇ., ਟੀ.ਐਮ.ਸੀ. ਬੀਜੂ ਜਨਤਾ ਦਲ, ਰਾਜਦ, ਟੀ.ਆਰ.ਐਸ., ਜਨਤਾ ਦਲ (ਯੂ) ਇਤਿਆਦਿ ਆਪੋ ਆਪਣੇ ਖੇਤਰਾਂ ਵਿਚ ਵੋਟਰਾਂ ਨੂੰ ਵੱਖ ਵੱਖ ਢੰਗਾਂ ਅਤੇ ਲੋਕ ਲੁਭਾਊ ਨਾਅਰਿਆਂ ਰਾਹੀਂ ਭਰਮਾ ਕੇ ਚੋਖੀਆਂ ਸੀਟਾਂ ਹਾਸਲ ਕਰ ਸਕਦੇ ਹਨ। ਪ੍ਰੰਤੂ ਇਨ੍ਹਾਂ ਦੇ ਗਠਜੋੜ ਰਾਹੀਂ ਕਾਇਮ ਹੋਇਆ ਨਾਮ ਨਿਹਾਦ 'ਤੀਸਰਾ ਮੋਰਚਾ' ਸੰਪੂਰਨ ਬਹੁਮਤ ਲੈ ਕੇ ਇਕੱਲਿਆਂ ਸਰਕਾਰ ਕਦਾਚਿੱਤ ਨਹੀ ਬਣਾ ਸਕੇਗਾ। ਇਹ ਦਲ ਸੱਤਾ ਵਿਚ ਹਿੱਸੇਦਾਰੀ ਪ੍ਰਾਪਤ ਕਰਨ ਲਈ ਭਾਜਪਾ (ਐਨ.ਡੀ.ਏ.) ਜਾਂ ਕਾਂਗਰਸ (ਯੂ.ਪੀ.ਏ.) ਵਿਚੋਂ ਕਿਸੋੇ ਧਿਰ ਦਾ ਵੀ ਪੱਲਾ ਫੜ ਸਕਦੇ ਹਨ, ਕਿਉਂਕਿ ਸੱਤਾ ਪ੍ਰਾਪਤ ਕਰਨ ਤੋਂ ਬਿਨਾਂ ਇਨ੍ਹਾਂ ਦਲਾਂ ਦਾ ਨਾਂ ਕੋਈ ਪੱਕਾ-ਠੱਕਾ ਸਿਧਾਂਤ ਹੈ ਤੇ ਨਾਂ ਹੀ ਕੋਈ ਹੋਰ ਨਿਸ਼ਾਨਾ। ਆਰਥਿਕ ਨੀਤੀਆਂ ਦੇ ਨਜ਼ਰੀਏ ਤੋਂ ਵੀ ਇਹ ਦਲ ਕਾਂਗਰਸ ਤੇ ਭਾਜਪਾ ਵਾਂਗਰ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਪੂਰੀ ਤਰ੍ਹਾਂ ਕੱਟੜ ਹਮਾਇਤੀ ਹਨ।

ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ 
1. ਭਾਰਤੀ ਜਮਹੂਰੀਅਤ ਵੀ 'ਜਮਾਤੀ ਤਾਨਾਸ਼ਾਹੀ' ਦੀ ਹੀ ਇਕ ਵੰਨਗੀ ਹੈ। ਭਾਵ ਇਨਾਂ ਚੋਣਾਂ ਅੰਦਰ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਤੇ ਇਸਦੇ ਕੰਟਰੋਲ ਹੇਠਲਾ ਮੀਡੀਆ (ਇਲੈਕਟਰਾਨਿਕ ਤੇ ਪ੍ਰਿੰਟ ਦੋਹਾਂ ਹੀ) ਨੇ ਚੋਣਾਂ ਅੰਦਰ ਆਮ ਲੋਕਾਂ ਨਾਲ ਸਬੰਧਤ ਮੁੱਦਿਆਂ, ਤਬਾਹਕੁੰਨ ਆਰਥਿਕ ਨੀਤੀਆਂ ਤੇ ਜਨ ਸਮੂਹਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਅਣਦੇਖੀ ਕਰਕੇ ਆਪਣੇ ਜਮਾਤੀ ਪ੍ਰਤੀਪਾਲਕਾਂ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਉਪਰ ਕੇਂਦਰਤ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਹੈ, ਉਸ ਨਾਲ ਦੇਸ਼ ਅੰਦਰ ਲੋਟੂ ਜਮਾਤਾਂ ਦੀ ਸੇਵਾ ਹਿੱਤ ਕੰਮ ਕਰਦੀ 'ਜਮਹੂਰੀਅਤ' ਦਾ ਅਸਲ ਰੰਗ ਲੋਕਾਂ ਸਾਹਮਣੇ ਸਪੱਸ਼ਟ ਹੋ ਗਿਆ ਹੈ। 

2 .ਆਰ.ਐਸ.ਐਸ. ਦੇ ਇਕ 'ਸਭਿਆਚਾਰਕ' ਤੇ 'ਦੇਸ਼ ਭਗਤ' ਸਮਾਜਿਕ ਸੰਗਠਨ ਹੋਣ ਦੇ ਪਾਖੰਡ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਨੇ ਪੂਰੀ ਤਰ੍ਹਾਂ ਨੰਗਿਆ ਕਰ ਦਿੱਤਾ ਹੈ ਕਿਉਂਕਿ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਸਤਾਵਿਤ ਉਮੀਦਵਾਰੀ ਵਰਗੇ ਰਾਜਨੀਤਕ ਫੈਸਲੇ ਨੂੰ ਆਰ.ਐਸ.ਐਸ. ਨੇ ਹੀ ਸਿਰੇ ਚੜ੍ਹਾਇਆ ਹੈ। ਆਰ.ਐਸ.ਐਸ. ਵਰਕਰਾਂ ਨੂੰ ਨਰਿੰਦਰ ਮੋਦੀ ਦੇ ਹੱਕ ਵਿਚ ਪੂਰੀ ਸ਼ਕਤੀ ਨਾਲ ਨਿਤਰਨ ਦੀ ਹਦਾਇਤ ਨੇ, ਇਸਨੂੰ 'ਹਿੰਦੂ ਰਾਸ਼ਟਰ' ਕਾਇਮ ਕਰਨ ਦੇ ਨਿਸ਼ਾਨੇ ਲਈ ਕੰਮ ਕਰ ਰਹੇ ਇਕ ਅੱਤ ਫਿਰਕੂ ਰਾਜਨੀਤਕ ਸੰਗਠਨ ਵਜੋਂ ਉਘਾੜ ਕੇ ਪੇਸ਼ ਕਰ ਦਿੱਤਾ ਹੈ। 

3.  ਪੈਸਾ ਤੇ ਹੋਰ ਅਨੇਕਾਂ ਗੈਰਕਾਨੂੰਨੀ ਤੇ ਅਨੈਤਿਕ ਢੰਗਾਂ ਅਤੇ ਗੁੰਡਾ ਤੇ ਲੱਠਮਾਰ ਦਸਤਿਆਂ ਦੀ ਚੋਣਾਂ ਜਿੱਤਣ ਵਾਸਤੇ ਇਕ ਕਾਰਗਰ ਹਥਿਆਰ ਵਜੋਂ ਵਰਤੋਂ ਨੇ, ਮੌਜੂਦਾ ਲੋਕ ਰਾਜੀ ਪ੍ਰਣਾਲੀ ਦੀਆਂ ਜਮਾਤੀ ਸੀਮਾਵਾਂ ਤੇ ਭਵਿੱਖੀ ਗੰਭੀਰ ਚਣੌਤੀਆਂ ਨੂੰ ਲੋਕਾਂ ਸਾਹਮਣੇ ਵਧੇਰੇ ਉਜਾਗਰ ਕਰਕੇ ਰੱਖ ਦਿੱਤਾ ਹੈ।

ਸੁਹਿਰਦ ਤੇ ਚੇਤੰਨ ਲੋਕ ਚਾਹੁੰਦੇ ਸਨ, ਪ੍ਰੰਤੂ ਹੋ ਨਹੀਂ ਸਕਿਆ.....
1.  ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਕੋਈ ਹਕੀਕੀ ਲੋਕ ਪੱਖੀ ਰਾਜਸੀ ਧਿਰ ਲੋਕ ਸਭਾ ਚੋਣਾਂ ਵਿਚ ਉਭਰ ਕੇ ਸਾਹਮਣੇ ਆਵੇ ਜੋ ਦੇਸ਼ ਨੂੰ ਮੌਜੂਦਾ ਸੰਤਾਪ ਵਿਚੋਂ ਕੱਢ ਕੇ ਲੋਕ ਮੁਖੀ ਵਿਕਾਸ ਦੇ ਰਾਹ ਪਾਵੇ ਤੇ ਮਿਹਨਤਕਸ਼ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ ਵਾਲੀਆਂ ਨੀਤੀਆਂ ਅਖਤਿਆਰ ਕਰੇ। 

2.  ਦਿੱਲੀ ਚੋਣਾਂ ਵਿਚ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਉਭਰੀ ਨਵੀਂ ਰਾਜਨੀਤਕ ਪਾਰਟੀ 'ਆਪ' ਦੇਸ਼ ਪੱਧਰ ਉਪਰ ਖੱਬੀਆਂ ਤੇ ਦੂਸਰੀਆਂ ਜਮਹੂਰੀ ਸੰਘਰਸ਼ਸ਼ੀਲ ਸ਼ਕਤੀਆਂ ਨਾਲ ਹੱਥ ਮਿਲਾ ਕੇ ਇਕ ਸ਼ਕਤੀਸ਼ਾਲੀ ਤੀਸਰੀ ਧਿਰ ਉਭਾਰਨ ਵਿਚ ਹਾਂ-ਪੱਖੀ ਭੂਮਿਕਾ ਅਦਾ ਕਰੇ। 

3.  ਸਭ ਭਰਿਸ਼ਟ, ਫਿਰਕਾਪ੍ਰਸਤ, ਸਮਾਜ ਵਿਰੋਧੀ ਤੇ ਅਪਰਾਧੀ ਤੱਤਾਂ ਨੂੰ ਚੋਣਾਂ ਅੰਦਰ ਲੱਕ ਤੋੜਵੀਂ ਹਾਰ ਦਿੱਤੀ ਜਾਵੇ।

ਲੋਕਾਂ ਦਾ ਸੰਤਾਪ ਜੋ ਨਿਰੰਤਰ ਜਾਰੀ ਰਹਿਣਾ ਹੈ  .....
1. ਚੋਣਾਂ ਤੋਂ ਬਾਅਦ ਹੋਂਦ ਵਿਚ ਆਈ ਕਿਸੇ ਵੀ ਕੇਂਦਰੀ ਸਰਕਾਰ ਨੇ, ਮੌਜੂਦਾ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਤਿਆਗਣ ਦੀ ਥਾਂ ਇਹ ਸਗੋਂ ਹੋਰ ਵਧੇਰੇ ਜ਼ੋਰ ਨਾਲ ਲਾਗੂ ਕਰਨੀਆਂ ਹਨ ਕਿਉਂਕਿ ਇਨ੍ਹਾਂ ਨੀਤੀਆਂ ਨੂੰ ਥੰਮ੍ਹਣ ਵਾਲੀਆਂ ਸਾਮਰਾਜ ਵਿਰੋਧੀ ਖੱਬੇ-ਪੱਖੀ ਤਾਕਤਾਂ ਅਜੇ ਬਹੁਤ ਕਮਜ਼ੋਰ ਹਨ। ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਪਹਿਲਾਂ ਵਾਂਗਰ ਜਾਰੀ ਰਹੇਗੀ। 

2. ਮਹਿੰਗਾਈ, ਬੇਕਾਰੀ, ਗਰੀਬੀ, ਭੁੱਖਮਰੀ ਨਾਲ ਸਮੁੱਚੇ ਕਿਰਤੀ ਲੋਕ ਵਧੇਰੇ ਝੰਬੇ ਜਾਣਗੇ। 

3. ਲੋਕ ਮਾਰੂ ਨੀਤੀਆਂ ਨੂੰ ਲਾਗੂ ਕਰਨ ਤੇ ਲੋਕ ਲਹਿਰਾਂ ਨੂੰ ਦਬਾਉਣ ਲਈ ਕੇਂਦਰੀ ਸਰਕਾਰ ਵਧੇਰੇ ਦਬਾਊ ਕਦਮ ਚੁਕਦੀ ਹੋਈ ਹੋਰ ਤਿੱਖੇ ਜ਼ਬਰ ਦਾ ਸਹਾਰਾ ਲਵੇਗੀ। 

ਲੋਕ, ਜੋ ਇਨਕਲਾਬੀ ਸਮਾਜਿਕ ਪਰਿਵਰਤਨ  ਦੀ ਤਮੰਨਾ ਕਰਦੇ ਹਨ, ਚਾਹੁੰਦੇ ਹਨ ਕਿ : 
1. ਹੋਂਦ ਵਿਚ ਆਉਣ ਵਾਲੀ ਨਵੀਂ ਕੇਂਦਰੀ ਸਰਕਾਰ ਦੀਆਂ ਧਨ ਕੁਬੇਰਾਂ ਪੱਖੀ ਸੰਭਾਵਿਤ ਲੋਕ ਮਾਰੂ ਨੀਤੀਆਂ ਦਾ ਵਿਸ਼ਾਲ ਜਨਤਕ ਪ੍ਰਤੀਰੋਧ ਰਾਹੀਂ ਡਟਵਾਂ ਮੁਕਾਬਲਾ ਕਰਨ ਲਈ ਹੁਣ ਤੋਂ ਹੀ ਜ਼ੋਰਦਾਰ ਤਿਆਰੀਆਂ ਅਰੰਭੀਆਂ ਜਾਣ। ਜਨਤਕ ਘੋਲਾਂ ਰਾਹੀਂ ਉਭਾਰਿਆ ਇਹ ਲੋਕ ਉਭਾਰ  ਹੀ ਮੌਜੂਦਾ ਰਾਜਨੀਤਕ ਤਾਕਤਾਂ ਦੇ ਤੋਲ ਨੂੰ ਹਾਂ-ਪੱਖੀ ਦਿਸ਼ਾ ਵਿਚ ਬਦਲ ਸਕਦਾ ਹੈ। 

2. ਫਿਰਕਾਪ੍ਰਸਤੀ, ਅੰਨ੍ਹੀ ਕੌਮਪ੍ਰਸਤੀ, ਇਲਾਕਾਈ ਤੇ ਜਾਤੀਵਾਦੀ, ਛਾਵਨਵਾਦੀ ਵਿਚਾਰਧਾਰਾ ਦਾ ਵਿਚਾਰਧਾਰਕ ਤੇ ਰਾਜਨੀਤਕ ਖੇਤਰਾਂ ਵਿਚ ਖੱਬੇ ਪੱਖੀ ਤੇ ਜਮਹੂਰੀ ਪੈਂਤੜੇ ਤੋਂ ਜ਼ੋਰਦਾਰ ਵਿਰੋਧ ਕੀਤਾ ਜਾਵੇ। 

3. ਦੇਸ਼ ਦੀਆਂ ਸਮੂਹ ਖੱਬੀਆਂ ਧਿਰਾਂ ਨੂੰ ਮਿਲ ਬੈਠ ਕੇ ਖੱਬੀ ਲਹਿਰ ਦੇ ਕਮਜ਼ੋਰ ਹੋਣ ਦੇ ਕਾਰਨਾਂ ਨੂੰ ਘੋਖਣ ਅਤੇ ਇਨ੍ਹਾਂ ਨੂੰ ਦੂਰ ਕਰਕੇ ਇਕ ਸ਼ਕਤੀਸ਼ਾਲੀ ਇੰਨਕਲਾਬੀ ਲਹਿਰ ਉਸਾਰਨ ਦੇ ਢੰਗ ਤਰੀਕਿਆਂ ਬਾਰੇ ਡੂੰਘਾ ਵਿਚਾਰ ਵਟਾਂਦਰਾ ਤੁਰੰਤ ਆਰੰਭਣਾ ਚਾਹੀਦਾ ਹੈ। ਜਮਾਤੀ ਭਿਆਲੀ ਤੇ ਸੰਕੀਰਨਤਾਵਾਦੀ ਪਹੁੰਚ ਅਤੇ ਹਰ ਕਿਸਮ ਦੀ ਪਾਰਲੀਮਾਨੀ ਮੌਕਾਪ੍ਰਸਤੀ ਦੇ ਕੁਰਾਹੇ ਤੋਂ ਬਚਦਿਆਂ ਹੋਇਆਂ ਗੈਰ-ਪਾਰਲੀਮਾਨੀ ਸੰਘਰਸ਼ਾਂ ਉਪਰ ਟੇਕ ਰੱਖਕੇ ਦੇਸ਼ ਪੱਧਰੀ ਹਕੀਕੀ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਤੇਜ਼ੀ ਨਾਲ ਲੋੜੀਂਦੇ ਕਦਮ ਪੁੱਟਣ ਦੀ ਜ਼ਰੂਰਤ ਹੈ। ਆਪਸੀ ਵਿਚਾਰਧਾਰਕ ਤੇ ਰਾਜਸੀ ਮਤਭੇਦ ਰੱਖਦਿਆਂ ਹੋਇਆਂ ਵੀ ਘੋਲਾਂ ਦੇ ਪਿੜ ਵਿਚ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਇਕਜੁਟ ਹੋ ਕੇ ਜਨ ਸਮੂਹਾਂ ਦਾ ਸਮੱਰਥਨ ਤੇ ਵਿਸ਼ਵਾਸ ਹਾਸਲ ਕਰ ਸਕਦੀਆਂ ਹਨ। 

197ਵੇਂ ਜਨਮ ਦਿਵਸ 'ਤੇ ਮਹਾਨ ਮਾਰਕਸ ਨੂੰ ਯਾਦ ਕਰਦਿਆਂ

(ਉਘੇ ਮਾਰਕਸਵਾਦੀ ਬੁੱਧੀਜੀਵੀ ਮਰਹੂਮ ਸਾਥੀ ਸੁਰਜੀਤ ਗਿੱਲ ਵਲੋਂ ਸਾਥੀ ਕਾਰਲ ਮਾਰਕਸ ਬਾਰੇ ਲਿਖਿਆ ਗਿਆ ਲੇਖ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।)

ਮਾਰਕਸਵਾਦ ਦੇ ਮਹਾਨ ਰਚੇਤਾ, ਦਾਰਸ਼ਨਿਕ ਤੇ ਵਿਗਿਆਨੀ ਕਾਰਲ ਮਾਰਕਸ ਦਾ ਜਨਮ 5 ਮਈ 1818 ਈ. ਨੂੰ ਜਰਮਨੀ ਦੇ ਇਕ ਕਸਬੇ ਵਿਚ, ਇਕ ਮੱਧ ਵਰਗੀ ਪਰਿਵਾਰ ਵਿਚ ਹੋਇਆ। ਉਹਨਾ ਨੇ ਜਰਮਨੀ ਦੀਆਂ ਵੱਖੋ-ਵੱਖ ਯੂਨੀਵਰਸਿਟੀਆਂ ਵਿਚ ਵਿਦਿਆ ਪ੍ਰਾਪਤ ਕੀਤੀ। ਮਾਪੇ ਉਸਨੂੂੰ ਵਕੀਲ ਬਣਾਉਣਾ ਚਾਹੁੰਦੇ ਸਨ, ਪਰੰਤੂ ਉਹਨਾ ਸਾਹਿਤ ਤੇ ਦਰਸ਼ਨ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ ਅੰਤ ਵਿਚ ਉਹ ਮਜ਼ਦੂਰ ਲਹਿਰ ਦਾ ਮਹਾਨ ਅਰਥ-ਸ਼ਾਸ਼ਤਰੀ ਤੇ ਉਸਰੱਈਆ ਹੋ ਨਿਬੜਿਆ।
ਮਾਰਕਸ ਤੋਂ ਪਹਿਲੇ ਵਿਦਵਾਨਾਂ, ਦਾਰਸ਼ਨਿਕਾਂ, ਅਰਥ ਸ਼ਾਸਤਰੀਆਂ ਤੇ ਧਾਰਮਿਕ ਆਗੂਆਂ ਨੇ ਵੀ ਗਰੀਬੀ ਦੀ ਗੱਲ ਤਾਂ ਕੀਤੀ ਸੀ, ਪਰੰਤੂ ਕਿਸੇ ਨੇ ਵੀ ਇਹਦੇ ਅਸਲ ਕਾਰਨ ਲੱਭਣ ਦੇ ਯਤਨ ਨਹੀਂ ਸਨ ਕੀਤੇ ਅਤੇ ਨਾ ਹੀ ਇਸ ਨੂੰ ਦੂਰ ਕਰਨ ਬਾਰੇ ਕੋਈ ਯੁਕਤੀ ਸੰਗਤ-ਸੁਝਾਅ ਦਿੱਤੇ ਸਨ। ਮਾਰਕਸ ਪਹਿਲਾ ਅਜਿਹਾ ਦਾਰਸ਼ਨਿਕ ਤੇ ਵਿਗਿਆਨੀ ਸੀ ਜਿਸਨੇ ਇਤਿਹਾਸ ਨੂੰ ਪੜਚੋਲਿਆ ਅਤੇ ਗਰੀਬੀ ਦੇ ਕਾਰਨਾਂ ਨੂੰ ਘੋਖਿਆ। ਉਹ ਇਸ ਸਿੱਟੇ ਤੇ ਪੁੱਜਿਆ ਕਿ ਗਰੀਬੀ ਦਾ ਮੂਲ ਕਾਰਨ ਨਿੱਜੀ ਜਾਇਦਾਦ ਦੀ ਅਸਾਵੀਂ ਵੰਡ ਤੇ ਕਿਰਤੀ ਵਰਗ ਦੀ ਕਮਾਈ  ਦੀ ਲੁੱਟ ਹੈ। ਉਸਨੇ ਪਹਿਲੀ ਵਾਰ ਸਾਧਨ-ਸੰਪਨ ਮਾਲਕਾਂ ਵੱਲੋਂ ਮਜ਼ਦੂਰਾਂ ਦੀ ਮਿਹਨਤ ਦਾ ਪੂਰਾ ਮੁੱਲ ਨਾ ਦੇਣ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਸਵਾਲ ਨੂੰ ਇਹ ਕਹਿ ਕੇ ਹੱਲ ਕੀਤਾ ਕਿ ਕਿਰਤੀ ਦੀ ਲੁੱਟ ਜਿੰਨੀ ਵੱਧ ਹੋਵੇਗੀ ਉਨਾਂ ਹੀ ਸਰਮਾਏਦਾਰਾਂ ਦਾ ਮੁਨਾਫਾ ਵੱਧ ਹੋਵੇਗਾ। ਉਸਨੇ ਸੁਝਾਅ ਦਿੱਤਾ ਕਿ ਜੇਕਰ ਪੈਦਾਵਾਰੀ ਦੇ ਸਾਧਨਾਂ ਦਾ ਸਮਾਜੀਕਰਨ ਕਰਕੇ ਮਜ਼ਦੂਰ ਨੂੰ ਉਸਦਾ ਹਿੱਸਾ ਕੰਮ ਅਨੁਸਾਰ ਦਿੱਤਾ ਜਾਵੇ ਤਾਂ ਸੰਸਾਰ ਵਿਚੋਂ ਅਸਾਵਾਂਪਨ ਦੂਰ ਹੋ ਸਕਦਾ ਹੈ ਅਤੇ ਸਾਂਝੀਵਾਲਤਾ 'ਤੇ ਆਧਾਰਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। 
ਮਾਰਕਸ ਨੇ ਆਪਣੇ ਜੀਵਨ ਵਿਚ ਮਜ਼ਦੂਰ ਵਰਗ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਰਹਿਣ ਕਾਰਨ ਢੇਰ ਸਾਰੇ ਦੁੱਖ ਝੱਲੇ। ਉਸ ਸਮੇਂ ਦੀਆਂ ਹਾਕਮ ਜਮਾਤਾਂ ਨੇ ਉਸਨੂੰ ਅਨੇਕਾਂ ਮਾਨਸਿਕ ਤੇ ਸਰੀਰਕ ਤਸੀਹੇ ਦਿੱਤੇ। ਉਹਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਪਿਆ, ਪਰੰਤੂ ਉਹ ਆਪਣੇ ਸਿਧਾਂਤ 'ਤੇ ਭਾਵ ਮਜ਼ਦੂਰ ਜਮਾਤ ਦੀ ਬੰਦਖਲਾਸੀ ਦੇ ਸਿਧਾਂਤ 'ਤੇ ਅਡੋਲ ਰਹਿ ਕੇ ਅੰਤਿਮ ਸਮੇਂ ਤੱਕ ਪਹਿਰਾ ਦਿੰਦਾ ਰਿਹਾ। ਇਕ ਪੱਖੋਂ ਉਹ ਖੁਸ਼ਕਿਸਮਤ ਸੀ ਕਿ ਉਸਨੂੰ ਇਸ ਮਹਾਨ ਕਾਰਜ ਵਿਚ ਦੋ ਅਜਿਹੇ ਸਾਥੀ ਮਿਲੇ ਜਿਨ੍ਹਾਂ ਨੇ ਇਸ ਜਾਨ-ਹੂਲਵੇਂ ਸੰਘਰਸ਼ ਵਿਚੋਂ ਹਰ ਤਰ੍ਹਾਂ ਦੀਆਂ ਤਕਲੀਫਾਂ ਝੱਲ ਕੇ ਵੀ ਸਦਾ ਉਸਦਾ ਸਾਥ ਨਿਭਾਇਆ। ਉਸਦੇ ਇਹਨਾਂ ਦੋ ਸਾਥੀਆਂ; ਚੋਂ ਇਕ ਸੀ : ਮਹਾਨ ਬੁੱਧੀਮਾਨ ਤੇ ਦਾਰਸ਼ਨਿਕ ਫਰੈਡਰਿਕ ਏਂਗਲਜ਼, ਜਿਹੜਾ ਕਿ ਉਹਦਾ ਮਿੱਤਰ ਵੀ ਸੀ, ਸਦਾ ਦੁੱਖ-ਸੁੱਖ ਵਿਚ ਉਹਦਾ ਸਾਥੀ ਵੀ ਰਿਹਾ ਤੇ ਉਸਦੇ ਤੁਰ ਜਾਣ ਉਪਰੰਤ  ਉਸਦੀ ਘਾਲਣਾ ਨੂੰ ਸੰਸਾਰ ਵਿਚ ਪ੍ਰਚਾਰਨ ਤੇ ਉਸਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅੰਤਮ ਸਮੇਂ ਤੱਕ ਸੰਘਰਸ਼ ਕਰਦਾ ਰਿਹਾ। ਦੂਜੀ ਸੀ : ਉਸਦੀ ਜੀਵਨ ਸਾਥਣ ਉਸਦੀ ਪਤਨੀ ਜੈਨੀ, ਜਿਹੜੀ ਦਸ ਸਾਲ ਦੇ ਲੰਮੇਂ ਸੰਘਰਸ਼ ਉਪਰੰਤ ਉਸਦੀ ਪ੍ਰੇਮਕਾ ਤੋਂ ਜੀਵਨ ਸਾਥਣ ਬਣੀ, ਜਿਸਨੇ ਉਸਨੂੰ ਰੱਜ ਕੇ ਪਿਆਰ ਦਿੱਤਾ, ਉਸਦੇ ਕੰਮ ਵਿਚ ਸਹਾਇਕ ਬਣੀ ਤੇ ਕੁਝ ਇਕ ਸਮਿਆਂ 'ਤੇ ਉਸਨੂੰ ਮੁਸੀਬਤਾਂ ਹੱਥੋਂ ਡੋਲਣ ਤੋਂ ਵੀ ਬਚਾਇਆ। ਜੈਨੀ ਦਾ ਪਰਿਵਾਰ ਸ਼ਾਹੀ ਖਾਨਦਾਨ ਦੇ ਬਹੁਤ ਨੇੜੇ ਸੀ। ਉਹਦਾ ਇਕ ਭਰਾ ਜਰਮਨੀ ਦੇ ਇਕ ਸੂਬੇ ਦਾ ਵਜ਼ੀਰ ਸੀ। ਜੈਨੀ ਆਪ ਆਪਣੇ ਸ਼ਹਿਰ-ਤਰਾਇਰ ਦੀ ਸਭ ਤੋਂ ਸੋਹਣੀ ਕੁੜੀ ਸੀ। ਉਸ ਸਮੇਂ ਦੇ ਸ਼ਹਿਜਾਦੇ ਤੇ ਵੱਡੀਆਂ ਜਗੀਰਾਂ ਦੇ ਮਾਲਕ ਨੌਜਵਾਨ ਉਸ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ, ਪਰੰਤੂ ਜੈਨੀ ਨੇ ਸਾਰਿਆਂ ਨੂੰ ਛੱਡ ਕੇ ਆਪਣੇ ਬਚਪਨ ਦੇ ਸਾਥੀ ਕਾਰਲ ਮਾਰਕਸ ਨੂੰ ਚੁਣਿਆ। ਮਾਰਕਸ ਦੇ ਵੱਡ-ਵਡੇਰੇ ਇਕ ਗੈਰ ਜਰਮਨ ਨਸਲ ਵਿਚੋਂ ਸਨ। ਉਹਨਾਂ ਦਾ ਪ੍ਰਭਾਵ ਮਾਰਕਸ 'ਤੇ ਵੀ ਪਿਆ। ਮਾਰਕਸ ਦਰਮਿਆਨੇ ਕੱਦ, ਠੁੱਲੇ ਨੈਣ-ਨਕਸ਼ਾਂ ਤੇ ਸੰਘਣੇ ਵਾਲਾਂ ਵਾਲਾ ਸੀ। ਜੈਨੀ ਉਹਦੇ ਸਰੀਰ ਦੀ ਥਾਂ ਉਹਦੀ ਬੌਧਿਕਤਾ, ਉਹਦੀ ਸਿਆਣਪ ਤੇ ਸੁਹਿਰਦਤਾ ਤੋਂ ਪ੍ਰਭਾਵਿਤ ਸੀ। ਇਸੇ ਲਈ ਉਹਨੇ ਉਸ ਲਈ ਆਪਣਾ ਜੀਵਨ ਕੁਰਬਾਨ ਕੀਤਾ। ਮਾਰਕਸ ਦੀ ਸ਼ਕਲ ਕਾਰਨ ਹੀ ਉਹਦੀਆਂ ਬੱਚੀਆਂ ਪਿਆਰ ਨਾਲ ਉਹਨੂੰ 'ਮੂਰ' ਕਿਹਾ ਕਰਦੀਆਂ ਸਨ, ਜਿਹੜੀ ਕਿ ਇਕ ਗੈਰ ਜਰਮਨ ਨਸਲ ਹੈ। ਮਾਰਕਸ ਮੁੱਢ ਵਿਚ ਚੰਗਾ ਕਵੀ ਤੇ ਲੇਖਕ ਸੀ। ਉਹਨੇ ਜੈਨੀ ਨੂੰ ਚਿੱਠੀਆਂ ਰਾਹੀਂ ਕਵਿਤਾਵਾਂ ਲਿਖਕੇ ਭੇਜੀਆਂ। ਪਰੰਤੂ ਆਪਣੇ ਸਮੇਂ ਦੇ ਰਾਜਸੀ ਤੇ ਦਾਰਸ਼ਨਿਕ ਵਿਚਾਰਾਂ ਦੇ ਪ੍ਰਭਾਵ ਅਧੀਨ ਉਹ ਬੌਧਿਕ ਤੌਰ ਤੇ ਵਿਕਾਸ ਕਰਦਾ ਗਿਆ ਤੇ ਆਪਣੇ ਚੌਗਿਰਦੇ ਤੋਂ ਵੀ ਪ੍ਰਭਾਵਿਤ ਹੁੰਦਾ ਰਿਹਾ। ਅਤੇ, ਅੰਤ ਵਿਚ ਉਹ ਇਕ ਪਦਾਰਥਵਾਦੀ ਦਾਰਸ਼ਨਿਕ ਬਣ ਗਿਆ। ਉਸ ਸਮੇਂ ਸੰਸਾਰ ਵਿਚ ਤੇ ਖਾਸ ਕਰਕੇ ਜਰਮਨੀ ਵਿਚ ਪਦਾਰਥਵਾਦ ਦੇ ਦਰਸ਼ਨ ਨੂੰ ਨਫਰਤ ਨਾਲ ਦੇਖਿਆ ਜਾਂਦਾ ਸੀ। ਹੌਲੀ-ਹੌਲੀ ਆਪਣੇ ਚਿੰਤਨ ਤੇ ਆਪਣੇ ਸਾਥੀਆਂ ਖਾਸ ਕਰਕੇ ਏਂਗਲਜ਼ ਦੀ ਸਹਾਇਤਾ ਨਾਲ ਉਹ ਮਜ਼ਦੂਰ ਜਮਾਤ ਦੀ ਬੰਦਖਲਾਸੀ ਦਾ ਮਹਾਨ ਸਿਧਾਂਤ, ਜਿਸ ਨੂੰ ਅੱਜ ਉਹਦੇ ਨਾਂਅ ਉੱਤੇ 'ਮਾਰਕਸਵਾਦ' ਕਿਹਾ ਜਾਂਦਾ ਹੈ, ਸਿਰਜਣ ਵਿਚ ਸਫਲ ਹੋ ਗਿਆ। ਵਿਰੋਧ ਵਿਕਾਸੀ ਪਦਾਰਥਵਾਦ ਅਤੇ ਇਤਿਹਾਸਿਕ ਪਦਾਰਥਵਾਦ ਇਸ ਸਿਧਾਂਤ ਦੇ ਦੋ ਪ੍ਰਮੁੱਖ ਅੰਗ ਹਨ। 
ਕੋਈ ਵੀ ਸਿਧਾਂਤ ਜਿਹੜਾ ਅਮਲ ਵਿਚ ਨਹੀਂ ਲਿਆਂਦਾ ਜਾ ਸਕਦਾ ਜਾਂ ਲਿਆਂਦਾ ਨਹੀਂ ਜਾਂਦਾ, ਉਹ ਭਾਵੇਂ ਕਿੰਨਾਂ ਵੀ ਮਹਾਨ ਕਿਉਂ ਨਾ ਹੋਵੇ, ਸਮਾਂ ਪਾ ਕੇ ਮੁਰਦਾ ਬਣ ਜਾਂਦਾ ਹੈ। ਪਰੰਤੂ ਮਾਰਕਸਵਾਦ ਕੇਵਲ ਦਰਸ਼ਨ ਹੀ ਨਹੀਂ ਇਕ ਵਿਗਿਆਨ ਵੀ ਹੈ। ਇਹ ਖਤਮ ਜਾਂ ਗੈਰ-ਪ੍ਰਸੰਗਿਕ ਨਹੀਂ ਹੋ ਸਕਦਾ ਕਿਉਂਕਿ ਵਿਗਿਆਨ ਸਦਾ ਸਮੇਂ ਅਨੁਸਾਰ ਵਿਕਾਸ ਕਰਦਾ ਹੈ। ਮਾਰਕਸ ਤੇ ਏਂਗਲਜ਼ ਨੇ ਮੁੱਢ ਤੋਂ ਹੀ ਆਪਣੇ ਵਿਗਿਆਨਕ ਦਰਸ਼ਨ ਨੂੰ ਅਮਲ ਵਿਚ ਲਿਆਉਣ ਲਈ ਜਥੇਬੰਦਕ ਯਤਨ ਵੀ ਕੀਤੇ। ਜਿਸਦੇ ਸਿੱਟੇ ਵਜੋਂ ਕਮਿਊਨਿਸਟ ਲੀਗ ਹੋਂਦ ਵਿਚ ਆਈ ਤੇ ਉਸਦੇ ਕਹਿਣ ਉੱਤੇ ਮਹਾਨ ਦਸਤਾਵੇਜ਼ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ, 1848 ਵਿਚ ਲਿਖਿਆ ਤੇ ਪ੍ਰਕਾਸ਼ਿਤ ਕੀਤਾ ਗਿਆ। ਕਮਿਊਨਿਸਟ ਮੈਨੀਫੈਸਟੋ ਦੇ ਹੋਂਦ ਵਿਚ ਆਉਣ ਤੋਂ ਉਪਰੰਤ ਇਸਨੇ ਆਪਣਾ ਪ੍ਰਭਾਵ ਯੂਰਪ ਤੇ ਅਮਰੀਕਾ ਤੱਕ ਦੇ ਬੁੱਧੀਜੀਵੀਆਂ ਤੇ ਦਾਰਸ਼ਨਿਕਾਂ 'ਤੇ ਪਾਉਣਾ ਆਰੰਭ ਕੀਤਾ। ਇਸ ਤਰ੍ਹਾਂ ਸਰਮਾਏਦਾਰ, ਜਗੀਰਦਾਰ ਜਮਾਤਾਂ ਦੇ ਬੁੱਧੀਜੀਵੀਆਂ ਨੇ ਮੈਨੀਫੈਸਟੋ ਨੂੰ ਭਵਿੱਖ ਦੇ ਦੁਸ਼ਮਣ ਵਜੋਂ ਤੇ ਮਜ਼ਦੂਰ ਜਮਾਤ ਪੱਖੀ ਬੁੱਧੀਮਾਨਾਂ ਨੇ ਇਸਨੂੂੰ ਇਕ ਠੋਸ ਹਥਿਆਰ ਵਜੋਂ ਪਛਾਣ ਲਿਆ। ਹਾਕਮ ਜਮਾਤਾਂ ਨੇ ਇਸ ਮੈਨੀਫੈਸਟੋ ਵਿਚ ਦਰਜ ਸਮਾਜਿਕ-ਰਾਜਨੀਤਕ ਸਿਧਾਂਤ ਨੂੰ ਦਬਾਉਣ ਦੇ ਯਤਨ ਕੀਤੇ, ਪਰੰਤੂ ਇਹ ਮੁੜ-ਮੁੜ ਉਭਰਦਾ ਰਿਹਾ ਤੇ ਮਜ਼ਦੂਰ ਜਮਾਤ ਤੇ ਹੋਰ ਕਿਰਤੀ ਜਮਾਤਾਂ ਲਈ ਚਾਨਣ ਮੁਨਾਰਾ ਬਣ ਕੇ ਉਭਰਦਾ ਰਿਹਾ। ਅਤੇ ਅੰਤ ਵਿਚ ਸਾਰੇ ਸੰਸਾਰ ਵਿਚ ਫੈਲ ਗਿਆ। ਕਾਰਲ ਮਾਰਕਸ ਦੀ ਸੱਭ ਤੋਂ ਵੱਧ ਮਹਾਨ ਤੇ ਬਹੁਚਰਚਿਤ ਦੇਣ ਹੈ ਉਸ ਵਲੋਂ ਪੂੰਜੀਵਾਦੀ ਅਰਥ-ਵਿਵਸਥਾ ਦਾ ਕੀਤਾ ਗਿਆ ਵਿਗਿਆਨਕ ਵਿਸ਼ਲੇਸ਼ਨ ਜਿਹੜਾ ਕਿ ਪੂੰਜੀ (Capital) ਸਿਰਲੇਖ ਹੇਠ ਤਿੰਨ ਜਿਲਦਾਂ ਵਿਚ ਛਪੀ ਪੁਸਤਕ ਵਿਚ ਦਰਜ ਹੈ। 
ਮਾਰਕਸ ਨੂੰ ਆਪਣੇ ਜਨਮ ਤੋਂ ਹੀ ਆਪਣੇ ਵਿਰੋਧੀਆਂ ਤੇ ਕੁਰਾਹਿਆਂ ਵਿਰੁੱਧ ਲਗਾਤਾਰ ਲੜਨਾ ਪਿਆ। ਮਾਰਕਸ ਦੇ ਜੀਵਨ ਵਿਚ ਹੀ ਕਈ ਖੱਬੇ-ਸੱਜੇ ਕੁਰਾਹੇ ਉਸ ਲਈ ਵੰਗਾਰ ਬਣੇ। ਖਾਸ ਕਰਕੇ ਬਾਕੁਨਿਨ ਦੇ ਅਰਾਜਕਤਾਵਾਦ ਦੇ ਸਿਧਾਂਤ  ਨੇ ਇਸਨੂੰ ਢੇਰ ਸਾਰੀ ਹਾਨੀ ਪਹੁੰਚਾਈ, ਪਰੰਤੂ ਜਿੱਤ ਮਾਰਕਸਵਾਦ ਦੀ ਹੀ ਹੋਈ। ਮਾਰਕਸਵਾਦ, ਜਿਹੜਾ ਅਮਲ ਵਿਚ ਸੰਪੂਰਨਤਾ ਪ੍ਰਾਪਤ ਕਰ ਰਿਹਾ ਸੀ, ਦਾ ਪ੍ਰਭਾਵ ਜਗੀਰਦਾਰੀ ਵਿਰੋਧੀ ਤੇ ਸਰਮਾਏਦਾਰੀ ਵਿਰੋਧੀ ਲਹਿਰਾਂ 'ਤੇ ਪਿਆ। ਖਾਸ ਕਰਕੇ ਫਰਾਂਸ ਵਿਚ ਆਏ ਬੁਰਜਵਾ ਇਨਕਲਾਬ ਤੇ ਮਜ਼ਦੂਰ ਜਮਾਤ ਦੀ ਕਾਇਮ ਹੋਈ ਪਹਿਲੀ ਸਰਕਾਰ ਪੈਰਿਸ ਕਮਿਊਨ ਸਿੱਧੇ ਤੌਰ 'ਤੇ ਇਹਨਾਂ ਤੋਂ ਪ੍ਰਭਾਵਿਤ ਸੀ। ਮਾਰਕਸ ਪਿਛੋਂ ਏਂਗਲਜ਼ ਨੇ ਮਾਰਕਸਵਾਦ ਦੀ ਰਾਖੀ ਕੀਤੀ ਤੇ ਕੁਰਾਹਿਆਂ ਵਿਰੁੱਧ ਡਟ ਕੇ ਲੋਹਾ ਲਿਆ। ਉਸ ਉਪਰੰਤ ਰੂਸ ਵਿਚ ਜਨਮੇਂ ਮਹਾਂ ਮਾਰਕਸਵਾਦੀ ਦਾਰਸ਼ਨਿਕ 'ਵਲਾਦੀਮੀਰ ਲੈਨਿਨ' ਨੇ ਕੇਵਲ ਇਸ ਸਿਧਾਂਤ ਦੀ ਇਨਕਲਾਬੀ ਸ਼ੁੱਧਤਾ ਹੀ ਕਾਇਮ ਨਹੀਂ ਰੱਖੀ ਬਲਕਿ ਉਸਨੂੰ ਅਮਲ ਵਿਚ ਲਿਆ ਕੇ ਸੰਸਾਰ ਦਾ ਪਹਿਲਾ ਸਮਾਜਵਾਦੀ ਇਨਕਲਾਬ 1917 ਵਿਚ ਲਿਆ ਕੇ ਮਾਰਕਸਵਾਦ ਦੀ ਸਾਰਥਕਤਾ ਨੂੰ ਅਮਲੀ ਰੂਪ ਦੇ ਦਿੱਤਾ। 
ਸੋਵੀਅਤ ਇਨਕਲਾਬ ਉਪਰੰਤ ਸਾਰੇ ਸੰਸਾਰ ਵਿਚ ਮਾਰਕਸਵਾਦ ਬੜੀ ਤੇਜ਼ੀ ਨਾਲ ਫੈਲਿਆ। ਥਾਂ ਪੁਰ ਥਾਂ ਕਿਰਤੀ ਵਰਗ ਦੀਆਂ ਪਾਰਟੀਆਂ ਤੇ ਲਹਿਰਾਂ ਖੜੀਆਂ ਹੋਈਆਂ, ਕਈ ਇਨਕਲਾਬ ਆਏ, ਸਮਾਜਵਾਦ ਦੀ ਉਸਾਰੀ ਹੋਈ। ਵਿਕਸਿਤ ਦੇਸ਼ਾਂ ਤੋਂ ਬਿਨਾਂ ਸਾਮਰਾਜ ਅਧੀਨ ਬਸਤੀਆਂ ਤੇ ਅਵਿਕਸਿਤ ਦੇਸ਼ਾਂ ਵਿਚ,  ਮਾਰਕਸਵਾਦ ਦੇ ਪ੍ਰਭਾਵ ਅਧੀਨ ਸਾਮਰਾਜ ਵਿਰੋਧੀ ਕੌਮੀ ਅਜ਼ਾਦੀ ਦੀਆਂ ਲਹਿਰਾਂ ਉਠੀਆਂ ਤੇ ਕਈ ਦੇਸ਼ਾਂ ਵਿਚ ਲੋਕ ਜਮਹੂਰੀ ਇਨਕਲਾਬ ਸਫਲ ਹੋਏ। ਪਰੰਤੂ ਸਰਮਾਏਦਾਰ ਹਾਕਮ ਜਮਾਤ ਵੀ ਬਹੁਤ ਸ਼ਾਤਰ ਹੈ। ਉਸਨੇ ਆਪਣੇ ਜਮਾਤੀ ਹਿੱਤਾਂ ਪ੍ਰਤੀ ਪੂਰਨ ਤੌਰ ਤੇ ਚੌਕਸ ਰਹਿੰਦਿਆਂ ਰੂਸ ਦੇ ਸਮਾਜਵਾਦੀ ਪ੍ਰਬੰਧ ਨੂੰ ਤੇ ਮਜ਼ਦੂਰ ਵਰਗ ਦੀਆਂ ਲਹਿਰਾਂ ਨੂੰ ਢਾਅ ਲਾਉਣ ਵਿਚ ਹਾਲ ਦੀ ਘੜੀ ਸਫਲਤਾ ਪ੍ਰਾਪਤ ਕਰ ਲਈ। ਇਸ ਨਾਲ ਸਾਮਰਾਜ ਸਾਰੇ ਸੰਸਾਰ ਵਿਚ ਆਪਣਾ ਗਲਬਾ ਮਜ਼ਬੂਤ ਕਰਨ ਦਾ ਯਤਨ ਕਰ ਰਿਹਾ ਹੈ, ਪਰੰਤੂ ਸਾਮਰਾਜੀ ਸ਼ਕਤੀਆਂ ਤੇ ਸਰਮਾਏਦਾਰ ਪ੍ਰਬੰਧ ਸੰਸਾਰ ਦੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਵਿਚ ਅਸਫਲ ਹਨ। ਅਤੇ, ਸੰਸਾਰ ਵਿਚ ਭੁੱਖ-ਨੰਗ, ਬੇਕਾਰੀ ਤੇ ਗਰੀਬੀ ਵਿਚ ਨਿਰੰਤਰ ਭਾਰੀ ਵਾਧਾ ਹੋ ਰਿਹਾ ਹੈ। 
ਅੱਜ ਮਾਰਕਸ ਦੇ ਜਨਮ ਦਿਨ ਤੇ ਆਪਣੀ ਚੇਤਨਾ ਨੂੰ ਹੋਰ ਪ੍ਰਚੰਡ ਕਰਨ, ਮਹਾਨ ਲੈਨਿਨ ਦੇ ਦਰਸਾਏ ਅਮਲੀ ਰਾਹ 'ਤੇ ਚੱਲਕੇ ਵਿਸ਼ਾਲ ਜਨਤਕ ਏਕਾ ਉਸਾਰਨ ਤੇ ਸਾਮਰਾਜ ਦੇ ਨਵੇਂ ਹਮਲੇ, ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੀ ਲੋੜ ਹੈ। ਅੱਜ ਮਾਰਕਸਵਾਦ ਦੇ ਹਰ ਇਕ ਅਨੁਆਈ ਲਈ ਜ਼ਰੂਰੀ ਹੈ ਕਿ ਉਹ ਮਾਰਕਸਵਾਦ ਦਾ ਇਨਕਲਾਬੀ ਝੰਡਾ ਚੁੱਕ ਕੇ ਮੈਦਾਨ ਵਿਚ ਨਿਤਰੇ ਤੇ ਲੋਕ ਵਿਰੋਧੀ ਕਾਲੀਆਂ ਤਾਕਤਾਂ ਵਿਰੁੱਧ ਉਸਰ ਰਹੇ ਜਨਤਕ ਪ੍ਰਤੀਰੋਧ ਦਾ ਅਨਿਖੜਵਾਂ ਅੰਗ ਬਣ ਜਾਵੇ। 

ਜਨਤਕ ਸੇਵਾਵਾਂ 'ਤੇ ਨਵਉਦਾਰਵਾਦੀ ਨੀਤੀਆਂ ਦੇ ਪੈ ਰਹੇ ਮਾਰੂ ਪ੍ਰਭਾਵ

ਰਘਬੀਰ ਸਿੰਘ 

ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਵਿਕਾਸਸ਼ੀਲ ਦੇਸ਼ਾਂ ਦੇ ਕਿਰਤੀ ਲੋਕਾਂ ਦੀ ਸਰਵਪੱਖੀ ਤਬਾਹੀ  ਦਾ ਮੂਲ ਅਧਾਰ ਬਣਦੀਆਂ ਹਨ। ਇਹਨਾਂ ਨੀਤੀਆਂ ਰਾਹੀਂ ਉਹਨਾਂ ਦੀ ਰੋਟੀ ਅਤੇ ਰੁਜਗਾਰ ਦੇ ਛੋਟੇ ਛੋਟੇ ਸਾਧਨ, ਯੋਜਨਾਬੱਧ ਢੰਗ ਨਾਲ ਖੋਹ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਬੇਰੁਜ਼ਗਾਰੀ, ਮਹਿੰਗਾਈ, ਭੁਖਮਰੀ ਅਤੇ ਖਤਰਨਾਕ ਬਿਮਾਰੀਆਂ ਦੀ ਦਲਦਲ ਵਿਚ ਧੱਕ ਦਿੱਤਾ ਜਾਂਦਾ ਹੈ। ਉਹਨਾਂ ਦੇ ਵਿਰੋਧ ਨੂੰ ਤੋੜਨ ਲਈ, ਉਹਨਾਂ ਨੂੰ ਜਾਤੀ ਅਤੇ ਧਰਮ ਦੇ ਨਾਂ 'ਤੇ ਵੰਡਿਆ ਜਾਂਦਾ ਹੈ, ਉਹਨਾਂ ਦੀਆਂ ਜਨਤਕ ਲਹਿਰਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾਂਦਾ ਹੈ। 
ਇਸ ਲੋਕ ਵਿਰੋਧੀ ਮਨਸੂਬੇ ਨੂੰ ਸਿਰੇ ਚਾੜ੍ਹਨ ਲਈ ਹਾਕਮ ਜਮਾਤਾਂ ਦੀਆਂ ਸ਼ਾਸਕ ਪਾਰਟੀਆਂ ਨਾਹਰਾ ਦਿੰਦੀਆਂ ਹਨ ਕਿ ਸਰਕਾਰ ਦਾ ਵਪਾਰ ਕਰਨਾ ਅਤੇ ਉਦਯੋਗ ਉਸਾਰਨਾ ਕੋਈ ਕੰਮ ਨਹੀਂ। ਇਹ ਸਾਰਾ ਕੁੱਝ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਕਰਨਾ ਹੁੰਦਾ ਹੈ। ਸਰਕਾਰ ਦਾ ਕੰਮ ਉਹਨਾਂ ਦੇ ਕੰਮਕਾਰ ਲਈ ਸਹੂਲਤਾਂ ਪ੍ਰਦਾਨ ਕਰਨਾ ਹੈ। ਇਹ ਅਸੂਲ ਆਰਥਕਤਾ ਦੇ ਸ਼ਿਕਾਗੋ ਸਕੂਲ ਦੇ ਸਿਧਾਂਤ ਦੀ ਬੁਨਿਆਦ ਹੈ। ਇਸ ਸਿਧਾਂਤ ਨੂੰ ਅਪਣਾਉਣ ਵਾਲੀਆਂ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਵੀ ਆਪਣੇ ਜਨ-ਆਦੇਸ਼ ਨੂੰ ਪੂਰੀ ਤਰ੍ਹਾਂ ਪਿੱਠ ਦੇ ਕੇ ਦੇਸ਼ਵਾਸੀਆਂ, ਵਿਸ਼ੇਸ਼ ਕਰਕੇ ਗਰੀਬ ਅਤੇ ਨਿਮਨ ਵਰਗ ਨੂੰ ਮਿਲਣ ਵਾਲੀਆਂ ਜਨਤਕ ਸੇਵਾਵਾਂ ਤੋਂ ਆਪਣੇ ਹੱਥ ਪਿੱਛੇ ਖਿੱਚ ਲੈਂਦੀਆਂ ਹਨ। ਇਸ ਤਰ੍ਹਾਂ ਉਹ ਵਿਦਿਆ, ਸਿਹਤ ਸੇਵਾਵਾਂ, ਪੀਣ ਵਾਲੇ ਸਾਫ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸਾਫ ਸਫਾਈ ਤੋਂ ਸਹਿਜੇ-ਸਹਿਜੇ ਪੂਰੀ ਤਰ੍ਹਾਂ ਪਾਸਾ ਵੱਟ ਲੈਂਦੀਆਂ ਹਨ। ਇਹਨਾਂ ਨੀਤੀਆਂ ਨਾਲ ਉਹਨਾਂ ਦੀ ਵਿਕਾਸ ਦਰ ਕਈ ਵਾਰ ਬਹੁਤ ਵੱਧ ਜਾਂਦੀ  ਹੈ। ਪਰ ਜਨਤਕ ਸੇਵਾਵਾਂ ਦੇ ਬਜਟ ਵਿਚ ਕੋਈ ਵਾਧਾ ਨਹੀਂ ਹੁੰਦਾ ਅਤੇ ਇਹਨਾਂ ਕੰਮਾਂ ਲਈ ਪਹਿਲਾਂ ਉਸਾਰੇ ਗਏ ਢਾਂਚੇ ਨੂੰ ਜਾਣ ਬੁੱਝਕੇ ਅੰਦਰੋਂ ਖੋਖਲਾ ਅਤੇ ਕਮਜ਼ੋਰ ਕੀਤਾ ਜਾਂਦਾ ਹੈ। 
ਭਾਰਤ ਦੀ ਕੇਂਦਰੀ ਸਰਕਾਰ ਅਤੇ ਸੂਬਿਆਂ ਦੀ ਭਾਰੀ ਬਹੁਸੰਮਤੀ ਸੂਬਾਈ ਸਰਕਾਰਾਂ ਵਲੋਂ 1991 ਪਿਛੋਂ ਕੀਤੇ ਗਏ ਸਾਰੇ ਕੰਮ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਇਸ ਸਮੇਂ ਦੌਰਾਨ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਹਨਾਂ ਨੀਤੀਆਂ ਬਾਰੇ ਕਾਂਗਰਸ ਅਤੇ ਬੀ.ਜੇ.ਪੀ. ਵਿਚ ਹੀ ਮੁਕੰਮਲ ਏਕਤਾ ਨਹੀਂ ਸਗੋਂ ਸਾਰੀਆਂ ਸਰਮਾਏਦਾਰ-ਜਗੀਰਦਾਰ ਖੇਤਰੀ ਪਾਰਟੀਆਂ ਵੀ ਕੇਂਦਰੀ ਪਾਰਟੀਆਂ ਨਾਲ ਸਹਿਮਤ ਹਨ। ਇਹੀ ਕਾਰਨ ਹੈ ਕਿ ਕੇਂਦਰੀ ਪਾਰਟੀਆਂ ਦੀ ਅਗਵਾਈ ਵਿਚ ਬਣਨ ਵਾਲੀਆਂ ਸਾਂਝੀਆਂ ਸਰਕਾਰਾਂ ਅਤੇ ਸੂਬਿਆਂ ਵਿਚ ਬਣਨ ਵਾਲੀਆਂ ਖੇਤਰੀ ਪਾਰਟੀਆਂ ਦੀਆਂ ਸਰਕਾਰਾਂ ਇਹਨਾਂ ਨੀਤੀਆਂ ਨੂੰ ਪੂਰੀ ਬੇਰਹਿਮੀ ਨਾਲ ਲਾਗੂ ਕਰਕੇ ਲੋਕਾਂ ਨੂੰ ਲੁੱਟਦੀਆਂ ਅਤੇ ਕੁੱਟਦੀਆਂ ਹਨ। ਅਸੀਂ ਇਸ ਲੇਖ ਰਾਹੀਂ ਜਨਤਕ ਸੇਵਾਵਾਂ ਦੇ ਕੁੱਝ ਬੁਨਿਆਦੀ ਖੇਤਰਾਂ ਵਿਚ ਹੋ ਰਹੀ ਤਬਾਹੀ ਦਾ ਸੰਖੇਪ ਵਰਣਨ ਕਰਨਾ ਚਾਹੁੰਦੇ ਹਾਂ। 
ਸਿੱਖਿਆ ਸੇਵਾਵਾਂ 
ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੋਂ ਲੋਕਾਂ ਦੀ ਆਸ ਹੁੰਦੀ ਹੈ ਕਿ ਉਹ ਉਹਨਾਂ ਦੇ ਪੁੱਤਰਾਂ-ਧੀਆਂ ਨੂੰ ਸਸਤੀ ਅਤੇ ਵਧੀਆ ਵਿਦਿਆ ਦੇਵੇ, ਮਨੁੱਖੀ ਵਸੀਲਿਆਂ ਦਾ ਵਿਕਾਸ, ਦੇਸ਼ ਦੇ ਸਮੁੱਚੇ ਵਿਕਾਸ ਲਈ ਨੀਂਹ ਮੰਨੀ ਜਾਂਦੀ ਹੈ। ਇਸ ਲਈ ਸਰਕਾਰਾਂ ਆਪਣਾ ਲੋਕ ਪੱਖੀ ਰੋਲ ਨਿਭਾਉਣ ਲਈ ਮੁਫ਼ਤ ਅਤੇ ਜ਼ਰੂਰੀ ਵਿੱਦਿਆ ਦੇਣ ਦਾ ਉਦੇਸ਼ ਮਿੱਥਦੀਆਂ ਹਨ ਅਤੇ ਉਸਨੂੰ ਲਾਗੂ ਕਰਨ ਲਈ ਬੁਨਿਆਦੀ ਢਾਂਚੇ ਉਸਾਰਦੀਆਂ ਹਨ। ਭਾਰਤ ਸਰਕਾਰ ਨੇ ਪਹਿਲਾਂ 6 ਤੋਂ 14 ਸਾਲਾ ਭਾਵ ਮਿਡਲ ਤੱਕ ਮੁਫਤ ਅਤੇ ਜ਼ਰੂਰੀ ਵਿੱਦਿਆ ਦੇਣ ਦਾ ਟੀਚਾ ਮਿੱਥਿਆ। ਇਸ ਲਈ ਆਰੰਭਕ ਸਮੇਂ ਵਿਚ ਸਰਕਾਰੀ ਸਕੂਲਾਂ ਦੀ ਉਸਾਰੀ ਕੀਤੀ ਗਈ ਅਤੇ ਉਹਨਾਂ ਲਈ ਅਧਿਆਪਕਾਂ ਦੀ ਟਰੇਨਿੰਗ ਅਤੇ ਭਰਤੀ ਦਾ ਪ੍ਰਬੰਧ ਕੀਤਾ ਗਿਆ। ਉਪਰਲੀ ਵਿਦਿਆ ਦੇਣ ਵਾਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਲੋਂ ਸਸਤੀ ਅਤੇ ਵਧੀਆ ਸਿੱਖਿਆ ਦੇਣ ਦੇ ਯੋਗ ਬਣਾਉਣ ਲਈ ਉਹਨਾਂ ਨੂੰ ਵੱਡੀ ਪੱਧਰ ਤੇ ਗਰਾਂਟਾਂ ਦਿੱਤੀਆਂ ਗਈਆਂ। ਇਸ ਨਾਲ ਭਾਰਤ ਵਿਚ ਕਈ ਖੇਤਰਾਂ ਵਿਚ ਵੱਡੇ ਖੇਤੀ ਮਾਹਰ, ਇੰਜੀਨੀਅਰ, ਡਾਕਟਰ, ਲੇਖਕ ਅਤੇ ਬੁੱਧੀਜੀਵੀ ਪ੍ਰਵਾਨ ਚੜ੍ਹੇ, ਜਿਹਨਾਂ ਸਿਰਫ ਭਾਰਤ ਵਿਚ ਹੀ ਨਹੀਂ ਦੁਨੀਆਂ ਭਰ ਵਿਚ ਨਾਮਣਾ ਖੱਟਿਆ। ਪਰ ਜੇ ਭਾਰਤ ਸਰਕਾਰ ਆਪਣੀ ਜਨਤਕ ਵਚਨਬੱਧਤਾ ਲਈ ਪ੍ਰਪੱਕ ਹੁੰਦੀ ਅਤੇ ਉਹ ਆਪਣੇ ਮਿੱਥੇ ਟੀਚੇ ਅਨੁਸਾਰ ਕੁਲ ਘਰੇਲੂ ਉਤਪਾਦ ਦਾ 6% ਹਿੱਸਾ ਪ੍ਰਤੀ ਸਾਲ ਵਿਦਿਆ 'ਤੇ ਖਰਚ ਕਰਦੀ ਤਾਂ ਇਹ ਹਾਲਾਤ ਇਸਤੋਂ ਵੀ ਕਿਤੇ ਚੰਗੀ ਹੁੰਦੀ। ਕੇਂਦਰ ਸਰਕਾਰ ਨੇ ਇਸ ਸਮੇਂ ਦੌਰਾਨ ਕੁਲ ਘਰੇਲੂ ਉਤਪਾਦ ਦਾ ਸਿਰਫ 3% ਹੀ ਖਰਚਾ ਕੀਤਾ ਹੈ। 
1985 ਵਿਚ ਰਾਜੀਵ ਗਾਂਧੀ ਦੇ ਸਮੇਂ ਤੋਂ ਹੀ ਸਰਕਾਰ ਦੀਆਂ ਨੀਤੀਆਂ ਵਿਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪੁਰਾਣੇ ਵਿਦਿਅਕ ਢਾਂਚੇ ਨੂੰ ਹੋਰ ਲੋਕ ਪੱਖੀ ਅਤੇ ਵਧੇਰੇ ਗੁਣਵੱਤਾ ਭਰਪੂਰ ਬਣਾਉਣ ਦੀ ਥਾਂ ਇਸ ਵਿਚ ਨਿੱਜੀ ਅਦਾਰਿਆਂ ਦੇ ਦਖਲ ਲਈ ਰਾਹ ਖੋਲ੍ਹਣਾ ਸ਼ੁਰੂ ਕਰ ਦਿੱਤਾ ਗਿਆ ਸੀ। ਦਲੀਲ ਦਿੱਤੀ ਜਾਣ ਲੱਗ ਪਈ ਗੁਣਵੱਤਾਪੂਰਨ (Quality) ਵਿਦਿਆ ਪ੍ਰਾਈਵੇਟ ਸੰਸਥਾਵਾਂ ਦੁਆਰਾ ਵਧੇਰੇ ਦਿੱਤੀ ਜਾ ਸਕਦੀ ਹੈ। 1991 ਵਿਚ ਨਰਸਿਹਮਾ ਰਾਓ ਸਰਕਾਰ ਸਮੇਂ ਸਾਰੇ ਘੁੰਡ ਚੁੱਕ ਦਿੱਤੇ ਗਏ ਅਤੇ ਨਵੀਂ ਆਰਥਕ ਨੀਤੀ ਦੇ ਨਾਲ ਨਾਲ ਨਵੀਂ ਵਿੱਦਿਆਂ ਨੀਤੀ ਦਾ ਢੰਡੋਰਾ ਵੀ ਪਿੱਟਿਆ ਗਿਆ। ਇਸ ਨੀਤੀ ਦਾ ਮੂਲ ਆਧਾਰ ਸਰਕਾਰੀ  ਖੇਤਰ ਵਿਚ ਦਿੱਤੀ ਜਾ ਰਹੀ ਵਿਦਿਆ ਦੇ ਢਾਂਚੇ ਨੂੰ ਕਮਜ਼ੋਰ ਅਤੇ ਬਦਨਾਮ ਕਰਕੇ ਇਸਨੂੰ ਪ੍ਰਾਈਵੇਟ ਖੇਤਰ ਦੇ ਹਵਾਲੇ ਕਰਨਾ ਸੀ। ਇਹ ਨੀਤੀ ਉਸਤੋਂ ਪਿਛੋਂ ਲਗਾਤਾਰ ਜਾਰੀ ਹੈ ਅਤੇ ਦਿਨ ਬਦਿਨ ਇਸ ਨੂੰ ਵਧੇਰੇ ਤਿੱਖਾ ਕੀਤਾ ਜਾ ਰਿਹਾ ਹੈ। 
ਇਸ ਨੀਤੀ ਕਰਕੇ ਸਰਕਾਰੀ ਸਕੂਲ ਬੰਦ ਹੋਣ ਕੰਢੇ 'ਤੇ ਖੜ੍ਹੇ ਹਨ। ਸਰਕਾਰ ਵਲੋਂ ਨੀਤੀ ਅਪਣਾਈ ਗਈ ਕਿ ਰਿਟਾਇਰ ਹੋਣ ਤੇ ਅਸਾਮੀ ਖਤਮ ਸਮਝੀ ਜਾਵੇਗੀ। ਖਾਲੀ ਥਾਂ ਰੈਗੂਲਰ ਅਧਾਰ 'ਤੇ ਨਹੀਂ ਭਰੀ ਜਾਵੇਗੀ। ਕੰਮ ਚਲਾਉਣ ਅਤੇ ਲੋਕਾਂ ਨੂੰ ਧੋਖਾ ਦੇਣ ਲਈ ਬਹੁਤ ਹੀ ਨਿਗੂਣੀਆਂ ਤਨਖਾਹਾਂ 'ਤੇ ਕੱਚੀ ਅਤੇ ਠੇਕੇ 'ਤੇ ਭਰਤੀ ਕਰਕੇ ਅਧਿਆਪਕਾਂ ਦੀਆਂ ਅਨੇਕਾਂ ਕੈਟੇਗਰੀਆਂ ਬਣਾ ਦਿੱਤੀਆਂ ਗਈਆਂ। ਆਪਣੀਆਂ ਅਣਮਨੁੱਖੀ ਸੇਵਾ ਸ਼ਰਤਾਂ ਅਤੇ ਬਹੁਤ ਹੀ ਹੀਣਤਾ ਭਰੀਆਂ ਤਨਖਾਹਾਂ ਦੇ ਸਤਾਏ ਅਧਿਆਪਕਾਂ 'ਤੇ ਗੈਰ ਵਿਦਿਅਕ ਕੰਮਾਂ ਦਾ ਭਾਰ ਲੱਦ ਦਿੱਤਾ ਗਿਆ। ਇਸ ਹਾਲਤ ਵਿਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਲਗਾਤਾਰ ਡਿੱਗਦਾ ਗਿਆ। ਸਕੂਲੀ ਪੜ੍ਹਾਈ ਤੋਂ ਬਿਨਾਂ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਖੋਜ ਸੰਸਥਾਵਾਂ ਨੂੰ ਮਿਲਦੇ ਸਰਕਾਰੀ ਫੰਡਾਂ ਨੂੰ ਬਹੁਤ ਘਟਾ ਦਿੱਤਾ ਗਿਆ ਅਤੇ ਉਹਨਾਂ ਨੂੰ ਆਪਣੇ ਸਾਧਨ ਆਪ ਪੈਦਾ ਕਰਨ ਲਈ ਮਜ਼ਬੂਰ ਕੀਤਾ ਗਿਆ। ਇਹਨਾਂ ਅਦਾਰਿਆਂ ਵਲੋਂ ਮਜ਼ਬੂਰੀ ਵਸ ਫੀਸਾਂ ਅਤੇ ਹੋਰ ਖਰਚਿਆਂ ਵਿਚ ਕੀਤੇ ਗਏ, ਭਾਰੀ ਵਾਧਿਆਂ ਕਰਕੇ ਗਰੀਬ ਅਤੇ ਨਿਮਨ ਮੱਧ ਵਰਗ ਦੇ ਬੱਚਿਆਂ ਲਈ ਉਚ ਵਿੱਦਿਆ ਦੇ ਦਰਵਾਜ਼ੇ ਬੰਦ ਹੋ ਗਏ। ਪਿਛਲੇ ਸਮੇਂ ਵਿਚ ਕੀਤੇ ਗਏ ਇਕ ਸਰਵੇਖਣ ਅਨੁਸਾਰ ਪੰਜਾਬ ਦੀਆਂ ਚਾਰਾਂ ਯੂਨੀਵਰਸਿਟੀਆਂ ਵਿਚ ਪੇਂਡੂ ਵਿਦਿਆਰਥੀਆਂ ਦੀ ਗਿਣਤੀ 2% ਹੀ ਰਹਿ ਗਈ ਹੈ। ਸ਼ਹਿਰੀ ਵਿਦਿਆਰਥੀਆਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ। ਉਹਨਾਂ ਵਿਚ ਗਰੀਬਾਂ ਦੀ ਗਿਣਤੀ ਨਾਂਅ ਮਾਤਰ ਹੈ। ਇਸ ਢੰਗ ਨਾਲ ਉਚ ਵਿਦਿਆ ਦੇ ਸਰਕਾਰੀ ਅਦਾਰੇ ਨਿਤਾਣੇ ਅਤੇ ਕਮਜ਼ੋਰ ਹੋ ਰਹੇ ਹਨ, ਪਰ ਨਿੱਜੀ ਖੇਤਰ ਵਿਚ ਸ਼ਾਨਦਾਰ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਹਨ, ਜੋ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਦੋਵਾਂ ਦਾ ਹੀ ਰੱਜਕੇ ਸ਼ਰੀਰਕ, ਮਾਨਸਿਕ ਅਤੇ ਆਰਥਕ ਸ਼ੋਸ਼ਣ ਕਰਦੀਆਂ ਹਨ। 
ਸਿਹਤ ਸੇਵਾਵਾਂ ਦਾ ਨਿਘਾਰ 
ਆਜ਼ਾਦੀ ਪ੍ਰਾਪਤੀ ਪਿਛੋਂ ਕੁਝ ਸਮੇਂ ਤੱਕ ਦੇਸ਼ ਵਿਚ ਸਿਹਤ ਸੇਵਾਵਾਂ ਬਿਹਤਰ ਕਰਨ ਵੱਲ ਵੀ ਕੁਝ ਜਤਨ ਹੋਏ। ਇਸ ਨਾਲ ਸ਼ਹਿਰੀ ਖੇਤਰਾਂ ਵਿਚ ਡਾਕਟਰੀ ਪੜ੍ਹਾਈ ਲਈ ਇਲਾਜ ਅਤੇ ਮੈਡੀਕਲ ਖੋਜ ਲਈ ਵੱਡੇ ਅਦਾਰੇ ਉਸਾਰੇ ਗਏ। ਪੰਜਾਬ ਵਿਚ ਅੰਮ੍ਰਿਤਸਰ ਅਤੇ ਪਟਿਆਲਾ ਵਿਚ ਵਿਸ਼ਵ ਪ੍ਰਸਿੱਧ ਮੈਡੀਕਲ ਅਦਾਰੇ ਉਸਾਰੇ ਗਏ। ਵਿਦਿਆ ਸਸਤੀ ਹੋਣ ਕਰਕੇ ਗਰੀਬ ਘਰਾਂ ਦੇ ਪ੍ਰਤਿਭਾਵਾਨ ਧੀਆਂ-ਪੁੱਤਰ ਵੱਡੇ ਡਾਕਟਰ ਬਣੇ। ਪਰ 1991 ਪਿਛੋਂ ਸਿਹਤ ਸੇਵਾਵਾਂ ਦੇ ਖੇਤਰ ਨੂੰ ਵੀ ਵਿਦਿਅਕ ਖੇਤਰ ਵਾਂਗ ਮੜ੍ਹੀਆਂ ਦੇ ਰਾਹੇ ਤੋਰ ਦਿੱਤਾ ਗਿਆ। ਸਿਹਤ ਸੇਵਾਵਾਂ ਲਈ ਖਰਚਾ ਕੁਲ ਘਰੇਲੂ ਉਤਪਾਦ ਦੇ ਸਿਰਫ 2% ਤੱਕ ਹੀ ਸੀਮਤ ਰੱਖਿਆ ਗਿਆ, ਜਦੋਂਕਿ ਇਸਦੀ ਲੋੜ ਘੱਟੋ ਘੱਟ 7% ਦੀ ਮੰਨੀ ਗਈ ਹੈ। ਖਰਚਿਆਂ ਨੂੰ ਘੱਟ ਕਰਨ ਲਈ ਬਿਮਾਰੀ ਰੋਕੂ ਮੁਹਿੰਮਾਂ ਬੰਦ ਕਰ ਦਿੱਤੀਆਂ। ਮਲੇਰੀਆ ਫੈਲਣ ਤੋਂ ਰੋਕਣ ਆਦਿ ਦੀ ਮੁਹਿੰਮ ਬੰਦ ਹੋ ਗਈ। ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਅਣਹੋਂਦ ਕਰ ਦਿੱਤੀ ਗਈ। ਡਾਇਗਨਾਸਟਕ ਟੈਸਟਾਂ ਆਦਿ ਲਈ ਲੋੜੀਂਦੀਆਂ ਮੈਡੀਕਲ ਮਸ਼ੀਨਾਂ ਦੀ ਘਾਟ ਹਰ ਹਸਪਤਾਲ ਵਿਚ ਨਜ਼ਰ ਆਉਂਦੀ ਹੈ। ਪੈਰਾਮੈਡੀਕਲ ਸਟਾਫ ਅਤੇ ਡਾਕਟਰਾਂ ਦੀ ਸਰਕਾਰੀ ਖੇਤਰਾਂ ਵਿਚ ਸਿਖਲਾਈ ਅਤੇ ਭਰਤੀ ਤੇ ਅਮਲੀ ਰੂਪ ਵਿਚ ਪਾਬੰਦੀ ਹੀ ਲਾ ਦਿੱਤੀ ਗਈ ਹੈ। ਹਰ ਸਰਕਾਰੀ ਹਸਪਤਾਲ ਵਿਚ ਇਹਨਾਂ ਦੋਵਾਂ ਵਰਗਾਂ ਦੀ ਭਾਰੀ ਘਾਟ ਹੈ। ਸ਼ਹਿਰਾਂ ਵਿਚ ਵੱਡੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਥੁੜ੍ਹ ਨੂੰ ਕੁੱਝ ਹੱਦ ਤੱਕ ਪੂਰੀ ਕਰਨ ਲਈ ਪੰਜਾਬ ਸਰਕਾਰ ਨੇ ਕਈ ਮੁਢਲੇ ਸਿਹਤ ਕੇਂਦਰਾਂ ਦਾ ਦਰਜਾ ਘਟਾਕੇ ਉਨ੍ਹਾਂ ਨੂੰ ਸਿਰਫ ਡਿਸਪੈਂਸਰੀ ਬਣਾ ਦਿੱਤਾ ਅਤੇ ਡਾਕਟਰਾਂ ਨੂੰ ਸ਼ਹਿਰਾਂ ਵਿਚ ਲੈ ਆਂਦਾ। ਇਸ ਨਾਲ ਪਿੰਡਾਂ ਵਿਚ ਗਰੀਬਾਂ ਲਈ ਥੋੜ੍ਹੀਆਂ ਬਹੁਤੀਆਂ ਮਿਲਦੀਆਂ ਸਹੂਲਤਾਂ ਨੂੰ ਹੋਰ ਵੱਡਾ ਧੱਕਾ ਲੱਗਾ ਹੈ। 
ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਨਾਲ ਬਿਮਾਰੀਆਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਵਾਤਾਵਰਨ ਵਿਚ ਫੈਲੇ ਪ੍ਰਦੂਸ਼ਣ ਨਾਲ ਸਾਹ ਦੀਆਂ ਬਿਮਾਰੀਆਂ ਬਹੁਤ ਵੱਧ ਰਹੀਆਂ ਹਨ। ਸਭ ਤੋਂ ਵੱਡੀ ਮਾਰ ਪੀਣ ਵਾਲੇ ਪਾਣੀ ਦੀ ਖਰਾਬੀ ਕਰਕੇ ਪੈ ਰਹੀ ਹੈ। ਉਦਯੋਗਕ ਪ੍ਰਦੂਸ਼ਣ ਕਰਕੇ ਉਦਯੋਗਾਂ ਦਾ ਸਾਰਾ ਗੰਦਾ ਪਾਣੀ ਧਰਤੀ ਅਤੇ ਦਰਿਆਵਾਂ ਵਿਚ ਰਲ ਜਾਂਦਾ ਹੈ। ਸ਼ਹਿਰਾਂ ਵਿਚ ਚਰਮਰਾ ਰਹੇ ਸੀਵਰੇਜ਼ ਪ੍ਰਬੰਧ ਨਾਲ ਪੀਣ ਵਾਲੇ ਪਾਣੀ ਵਿਚ ਸੀਵਰੇਜ਼ ਦਾ ਪਾਣੀ ਮਿਲ ਜਾਂਦਾ ਹੈ, ਜਿਸ ਨਾਲ ਲੋਕ ਵੱਡੀ ਗਿਣਤੀ ਵਿਚ ਹੈਜੇ ਅਤੇ ਪੀਲੀਏ ਦੇ ਸ਼ਿਕਾਰ ਹੋ ਰਹੇ ਹਨ। ਪਿੰਡਾਂ ਵਿਚ ਗਰੀਬਾਂ ਦੇ ਘਰਾਂ ਸਾਹਮਣੇ ਗਲੀਆਂ ਵਿਚ ਗੰਦਾ ਪਾਣੀ ਭਰਿਆ ਰਹਿੰਦਾ ਹੈ। ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ। ਇਸ ਕਰਕੇ ਲੋਕ ਕੈਂਸਰ ਦੇ ਬਹੁਤ ਵੱਡੀ ਪੱਧਰ 'ਤੇ ਸ਼ਿਕਾਰ ਹੋ ਰਹੇ ਹਨ। ਸਰਕਾਰੀ ਜਤਨਾਂ ਨਾਲ ਤਪੇਦਿਕ ਵਰਗੀਆਂ ਬਿਮਾਰੀਆਂ ਜਿਹਨਾਂ 'ਤੇ ਕਾਬੂ ਪਾ ਲਿਆ ਗਿਆ ਸੀ, ਦੁਬਾਰਾ ਪ੍ਰਗਟ ਹੋ ਰਹੀਆਂ ਹਨ। 
ਕੁਲ ਮਿਲਾ ਕੇ ਹਾਲਤ ਬਹਤ ਹੀ ਚਿੰਤਾਜਨਕ ਬਣੀ ਹੋਈ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਇਸ ਸਮੇਂ ਸਰਕਾਰ ਸਿਹਤ ਸੇਵਾਵਾਂ ਦੇ ਸੁਧਾਰ ਵੱਲ ਧਿਆਨ ਦੇਂਦੀ। ਗਰੀਬ ਲੋਕਾਂ ਦੀ ਸਿਹਤ ਦੀ ਸੰਭਾਲ ਪ੍ਰਾਈਵੇਟ ਅਦਾਰਿਆਂ ਦੇ ਭਰੋਸੇ ਹੀ ਨਹੀਂ ਛੱਡੀ ਜਾ ਸਕਦੀ। ਆਪਣੀ ਆਮਦਨ ਦਾ 70 ਤੋਂ 80 ਪ੍ਰਤੀਸ਼ਤ ਖੁਰਾਕ 'ਤੇ ਖਰਚਣ ਲਈ ਮਜ਼ਬੂਰ ਗਰੀਬ ਆਦਮੀ ਨਿੱਜੀ ਹਸਪਤਾਲਾਂ ਵਿਚ ਇਲਾਜ ਨਹੀਂ ਕਰਵਾ ਸਕਦਾ। ਜੇ ਸਰਕਾਰ ਨੇ ਆਪਣੀ ਨੀਤੀ ਨਾ ਬਦਲੀ ਤਾਂ ਦੇਸ਼ ਵਿਚ ਪੀਲੀਆ, ਹੈਜਾ, ਕੈਂਸਰ ਅਤੇ ਡੇਂਗੂ ਬੁਖਾਰ ਵਰਗੀਆਂ ਘਾਤਕ ਬਿਮਾਰੀਆਂ ਮਹਾਮਾਰੀ ਦਾ ਰੂਪ ਧਾਰ ਸਕਦੀਆਂ ਹਨ। ਆਪਣੀ ਜਿੰਮੇਵਾਰੀ ਨੂੰ ਨਿਭਾਉਣ ਲਈ ਸਰਕਾਰ ਨੂੰ ਫੌਰੀ ਤੌਰ 'ਤੇ 1990 ਤੱਕ ਦੀ ਤਰ੍ਹਾਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਹੋਣ ਵਾਲੇ ਕੁੱਲ ਖਰਚੇ ਦਾ 80% ਭਾਰ ਚੁੱਕਣਾ ਚਾਹੀਦਾ ਹੈ। ਉਸ ਵੇਲੇ ਤੱਕ ਸਿਰਫ 20%  ਹੀ ਨਿੱਜੀ ਖੇਤਰ ਵਲੋਂ ਕੀਤਾ ਜਾਂਦਾ ਸੀ। ਪਰ ਹੁਣ ਨਵਉਦਾਰਵਾਦੀ ਨੀਤੀਆਂ  ਅਧੀਨ ਸਰਕਾਰੀ ਖੇਤਰ ਵਲੋਂ ਖਰਚਾ ਸਿਰਫ 20% ਰਹਿ ਗਿਆ ਹੈ ਅਤੇ 80% ਖਰਚਾ ਨਿੱਜੀ ਖੇਤਰ ਵਲੋਂ ਕੀਤਾ ਜਾਂਦਾ ਹੈ। ਨਿੱਜੀ ਖੇਤਰ ਵਲੋਂ ਕੀਤਾ ਜਾਂਦਾ ਖਰਚਾ ਕਈ ਗੁਣਾ ਹੋ ਕੇ ਗਰੀਬ ਲੋਕਾਂ ਦੇ ਹੱਥਾਂ ਵਿਚੋਂ ਨਿਕਲਦਾ ਹੈ। ਇਹ ਖਰਚਾ ਗਰੀਬ ਲੋਕਾਂ ਨੂੰ ਕਰੋੜਾਂ ਦੀ ਗਿਣਤੀ ਵਿਚ ਗਰੀਬੀ ਰੇਖਾ ਤੋਂ ਹੇਠਾਂ ਵਾਲੀ ਕਤਾਰ ਵਿਚ ਲੈ ਜਾਂਦਾ ਹੈ। ਇਕ ਅੰਦਾਜ਼ੇ ਅਨੁਸਾਰ ਲਗਭਗ 4 ਕਰੋੜ ਲੋਕ ਗੰਭੀਰ ਬਿਮਾਰੀਆਂ ਤੇ  ਕੀਤੇ ਖਰਚਿਆਂ ਕਰਕੇ ਹਰ ਸਾਲ ਗਰੀਬੀ ਰੇਖਾ ਤੋਂ ਹੇਠਲੀ ਪਰਤ ਵਿਚ ਦਾਖਲ ਹੋ ਜਾਂਦੇ ਹਨ। ਕੇਂਦਰ ਸਰਕਾਰ ਨੂੰ ਸਿਹਤ ਸੇਵਾਵਾਂ ਲਈ ਖਰਚਾ ਕੁਲ ਘਰੇਲੂ ਉਤਪਾਦ ਦਾ 2% ਤੋਂ ਵਧਾਕੇ 7% ਕਰਨਾ ਚਾਹੀਦਾ ਹੈ।  
ਪੀਣ ਲਈ ਸਾਫ ਸੁਥਰਾ ਪਾਣੀ ਗਰੀਬ ਲੋਕਾਂ ਨੂੰ ਮੁਫ਼ਤ ਅਤੇ ਲੋੜੀਂਦੀ ਮਾਤਰਾ ਵਿਚ ਦਿੱਤੇ ਜਾਣ ਲਈ ਦੋ ਕੰਮ ਕਰਨੇ ਜ਼ਰੂਰੀ ਹਨ। ਪਹਿਲਾ ਉਦਯੋਗਾਂ ਅਤੇ ਸ਼ਹਿਰਾਂ ਦੇ ਸੀਵਰੇਜ਼ ਦਾ ਜ਼ਹਿਰੀਲਾ ਅਤੇ ਗੰਦਾ ਪਾਣੀ ਨਦੀ ਨਾਲਿਆਂ, ਦਰਿਆਵਾਂ ਅਤੇ ਡਰੇਨਾਂ ਵਿਚ ਸੁੱਟੇ ਜਾਣ 'ਤੇ ਪਾਬੰਦੀ ਲਾਈ ਜਾਵੇ। ਉਦਯੋਗਾਂ ਅਤੇ ਸ਼ਹਿਰੀ ਮਿਉਂਸਪਲ ਕਮੇਟੀਆਂ ਅਤੇ ਕਾਰਪੋਰੇਸ਼ਨਾਂ ਨੂੰ ਗੰਦੇ ਅਤੇ ਜ਼ਹਿਰੀਲੇ ਪਾਣੀ ਨੂੰ ਸਾਫ ਕਰਨ ਲਈ ਲੋੜੀਂਦੇ ਪਲਾਂਟ ਲਾਉਣ ਲਈ ਪਾਬੰਦ ਕੀਤਾ ਜਾਵੇ। ਛੋਟੇ ਉਦਯੋਗਾਂ ਨੂੰ ਅਜਿਹਾ ਕਰਨ ਲਈ ਮਾਲੀ ਸਹਾਇਤਾ ਦਿੱਤੀ ਜਾਵੇ। ਹਰ ਪਿੰਡ, ਸ਼ਹਿਰ, ਮੁਹੱਲੇ ਨੂੰ ਆਰ.ਓ. ਲਾ ਕੇ ਸਾਫ ਪਾਣੀ ਦਿੱਤਾ ਜਾਵੇ। ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਵਰਖਾ ਦੇ ਪਾਣੀ ਦੀ ਸੰਭਾਲ ਲਈ ਪ੍ਰਬੰਧ ਕੀਤੇ ਜਾਣ। ਦਰਿਆਵਾਂ ਆਦਿ ਦਾ ਨਹਿਰੀਕਰਨ ਕਰਕੇ ਪਾਣੀ ਦੀ ਸੰਭਾਲ ਕੀਤੀ ਜਾਵੇ। 
ਸਸਤੀ ਅਤੇ ਵਧੀਆ ਵਿਦਿਆ, ਸਿਹਤ ਸੇਵਾਵਾਂ ਅਤੇ ਪੀਣ ਲਈ ਸਾਫ ਸੁਥਰੇ ਪਾਣੀ ਦੀ ਸਪਲਾਈ ਕਰਨਾ ਸਰਕਾਰ ਦੀ ਬੁਨਿਆਦੀ ਜਿੰਮੇਵਾਰੀ ਹੈ। ਇਹ ਤਿੰਨ ਖੇਤਰ ਕਿਰਤੀ ਲੋਕਾਂ ਦੀ ਜੀਵਨ ਰੇਖਾ ਹਨ। ਇਹਨਾਂ ਜੀਵਨ ਲੋੜਾਂ ਨੂੰ ਵਪਾਰਕ ਵਸਤੂਆਂ ਬਣਾ ਦੇਣਾ ਮਨੁੱਖਤਾ ਵਿਰੁੱਧ ਇਕ ਭਾਰੀ ਗੁਨਾਹ ਹੈ। ਪਰ ਨਵਉਦਾਰਵਾਦੀ ਨੀਤੀਆਂ ਨੇ ਇਹਨਾਂ ਤਿੰਨਾਂ ਦਾ ਵਪਾਰੀਕਰਨ ਕਰ ਦਿੱਤਾ ਹੈ। ਪੂੰਜੀਪਤੀ ਵਰਗ ਇਹਨਾਂ ਦੇ ਵਪਾਰ ਤੋਂ ਵੱਡੀਆਂ ਕਮਾਈਆਂ ਕਰ ਰਿਹਾ ਹੈ। ਪਾਣੀ ਦਾ ਵਪਾਰ ਬਹੁਤ ਵੱਡੀ ਕਮਾਈ ਵਾਲਾ ਸਮਝਿਆ ਜਾ ਰਿਹਾ ਹੈ। ਕੰਪਨੀਆਂ ਪਾਣੀ ਦੇ ਸਰੋਤਾਂ 'ਤੇ ਕਬਜ਼ਾ ਕਰਕੇ ਉਹਨਾਂ ਦੇ ਪਾਣੀ ਦੀ ਮਾਮੂਲੀ ਸੋਧ ਕਰਕੇ 12 ਤੋਂ 20 ਰੁਪਏ ਬੋਤਲ ਵੇਚ ਰਹੀਆਂ ਹਨ। ਇਹ ਮਨੁੱਖਤਾ ਵਿਰੁੱਧ ਘੋਰ ਅਪਰਾਧ ਹੈ। 
ਇਸ ਸੰਦਰਭ ਵਿਚ ਕਿਰਤੀ ਲੋਕਾਂ ਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਅਤੇ ਨਾ ਹੀ ਹਾਰ ਮੰਨਣੀ ਚਾਹੀਦੀ ਹੈ। ਸਰਕਾਰ ਦੀਆਂ ਇਹਨਾਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਜਾਨ ਹੂਲਵੇਂ  ਸੰਘਰਸ਼ ਕਰਨੇ ਚਾਹੀਦੇ ਹਨ। ਇਹਨਾਂ ਬੁਨਿਆਦੀ ਮਸਲਿਆਂ ਬਾਰੇ ਦੱਖਣੀ ਅਮਰੀਕੀ ਦੇਸ਼ਾਂ, ਵੈਨਜ਼ੁਏਲਾ ਅਤੇ ਬੋਲੀਵੀਆ ਦੇ ਜਨਤਕ ਸੰਘਰਸ਼ਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਬੋਲੀਵੀਆ ਦੇ ਬਹਾਦਰ ਲੋਕਾਂ ਵਲੋਂ ਪਾਣੀ ਦੇ ਨਿੱਜੀਕਰਨ ਵਿਰੋਧੀ ਲੜੀ ਗਈ ਪਾਣੀ ਦੀ ਜੰਗ ਇਸਦੀ ਉਦਾਹਰਨ ਹੈ। 

ਆਈ.ਪੀ.ਐਲ. ਕ੍ਰਿਕਟ ਸਕੈਂਡਲ ਦੇ ਸੰਦਰਭ 'ਚ ਸਰਮਾਏਦਾਰੀ ਪ੍ਰਬੰਧ ਅਤੇ ਖੇਡਾਂ

ਬੋਧ ਸਿੰਘ ਘੁੰਮਣ

ਖੇਡਾਂ ਸਾਡੇ ਜੀਵਨ ਦਾ ਮੁੱਢ ਕਦੀਮਾਂ ਤੋਂ ਹੀ ਹਿੱਸਾ ਰਹੀਆਂ ਹਨ ਅਤੇ ਇਹਨਾਂ ਦਾ ਉਦੇਸ਼ ਸਰੀਰਕ ਤੇ ਮਾਨਸਿਕ ਵਿਕਾਸ, ਦਿਲ ਪ੍ਰਚਾਵਾਂ ਅਤੇ ਹੁਨਰ ਤੇ ਕਲਾ ਦਾ ਵਿਕਾਸ ਕਰਨਾ ਵੀ ਹੈ। ਲੰਮਾ ਸਮਾਂ ਲੋਕ ਇਹਨਾਂ ਨੂੰ ਇਸ ਦ੍ਰਿਸ਼ਟੀਕੋਣ ਤੋਂ ਹੀ ਵੇਖਦੇ ਆਏ ਹਨ। ਇਸ ਕਰਕੇ ਹੀ ਸਾਡੇ ਮੇਲਿਆਂ ਤੇ ਤਿਉਹਾਰਾਂ ਦੇ ਦੌਰਾਨ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ ਅਤੇ ਆਮ ਲੋਕਾਂ ਦੀਆਂ ਵੱਡੀਆਂ ਭੀੜਾਂ ਇਹਨਾਂ ਖੇਡਾਂ ਨਾਲ ਆਪਣੇ ਮਨ ਦੀ ਤ੍ਰਿਪਤੀ ਕਰਦੀਆਂ ਸਨ। ਖਿਡਾਰੀਆਂ ਨੂੰ ਵੱਧ ਤੋਂ ਵੱਧ ਮਾਮੂਲੀ ਜਿਹੀ ਰਕਮ ਜਾਂ ਕੋਈ ਤੋਹਫਾ (ਘਿਓ, ਕੱਪੜੇ, ਮਾਲੀ) ਉਹਨਾਂ ਦੇ ਹੁਨਰ ਦੀ ਕਦਰ ਵਜੋਂ ਦਿੱਤਾ ਜਾਂਦਾ ਸੀ। ਉਸ ਸਮੇਂ ਇਹ ਕੋਈ ਸੁਪਨੇ ਵਿਚ ਵੀ ਸੋਚ ਨਹੀਂ ਸੀ ਸਕਦਾ ਕਿ ਖੇਡਾਂ ਇਕ ਪੇਸ਼ਾ ਬਣ ਜਾਣਗੀਆਂ ਤੇ ਇਹ ਇਕ ਕਾਰੋਬਾਰ ਦੀ ਤਰ੍ਹਾਂ ਪੈਸੇ ਇਕੱਠੇ ਕਰਨ ਦਾ ਸਾਧਨ ਬਣ ਜਾਣਗੀਆਂ। ਜਗੀਰਦਾਰੀ ਯੁਗ ਤੱਕ, ਹੋਰ ਕਈ ਕਮਜ਼ੋਰੀਆਂ/ਤਰੁੱਟੀਆਂ ਦੇ ਬਾਵਜੂਦ, ਖੇਡਾਂ ਤੇ ਖਿਡਾਰੀ ਪੇਸ਼ੇ ਵਜੋਂ ਸਾਹਮਣੇ ਨਹੀਂ ਸਨ ਆਏ। ਇਸ ਦਾ ਇਕ ਲੰਮਾ ਇਤਿਹਾਸ ਹੈ, ਜੋ ਸਾਡੇ ਸਾਹਮਣੇ ਹੈ। 
ਲੋਕ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ  ਉਭਰਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ  ਰਾਸ਼ੀ ਇਕੱਠੀ ਕਰਕੇ ਦਿੰਦੇ ਸਨ ਤੇ ਉਹਨਾਂ ਦੀ ਹੌਸਲਾ ਅਫਜਾਈ ਕਰਦੇ ਸਨ। ਛਿੰਜਾਂ ਲੱਗਦੀਆਂ, ਢੋਲ ਵੱਜਦੇ, ਲੋਕ ਜੁੜਦੇ, ਹੁਨਰ 'ਤੇ ਤਾਲੀਆਂ ਵੱਜਦੀਆਂ, ਬੱਕਰੇ ਬੋਲਦੇ ਤੇ ਵਾਹ-ਵਾਹ ਦੀਆਂ ਅਵਾਜ਼ਾਂ ਆਉਂਦੀਆਂ। ਉਦੋਂ ਕਿਉਂਕਿ ਖੇਡਾਂ ਪੇਸ਼ਾ ਨਹੀਂ ਸਨ ਤੇ ਖਿਡਾਰੀ ਪੇਸ਼ਾਵਰ ਨਹੀਂ ਸਨ, ਖੇਡਾਂ 'ਚ ਬੇਈਮਾਨੀ ਤੇ ਹੇਰਾਫੇਰੀ ਦਾ ਰੋਲ ਬਹੁਤ ਨਾਮਾਤਰ ਸੀ। ਸਰਮਾਏਦਾਰੀ ਪ੍ਰਬੰਧ ਆਉਣ ਨਾਲ ਸਮਾਂ ਬਦਲ ਗਿਆ, ਜਿਸ ਨਾਲ ਹੀ ਖੇਡਾਂ ਦੇ ਕਲਚਰ ਤੇ ਤਾਣੇਬਾਣੇ 'ਚ ਵੀ ਤਬਦੀਲੀ ਆਉਂਦੀ ਗਈ। ਅੱਜ ਇਹ ਤਬਦੀਲੀ ਪ੍ਰਤੱਖ ਵੇਖੀ ਜਾ ਸਕਦੀ ਹੈ। 
ਸਰਮਾਏਦਾਰੀ ਦੇ ਦੌਰ 'ਚ ਖੇਡਾਂ 
ਇਸ ਪ੍ਰਬੰਧ 'ਚ ਖੇਡਾਂ ਨੂੰ ਇਕ ਪੇਸ਼ਾ ਬਣਾ ਦਿੱਤਾ ਗਿਆ ਅਤੇ ਖਿਡਾਰੀ ਪੇਸ਼ਾਵਰ ਬਣ ਗਏ। ਵਿਗਿਆਨ ਤੇ ਤਕਨਾਲੋਜੀ ਦੀ ਉਨਤੀ ਨਾਲ ਖੇਡਾਂ ਦੇ ਸਾਜੋ ਸਮਾਨ ਵਿਚ ਤੇ ਖੇਡ ਦੇ ਸਾਧਨਾਂ ਤੇ ਢੰਗਾਂ ਵਿਚ ਵਿਕਾਸ ਹੋਇਆ ਪਰ ਇਸ ਦਾ ਮਨੋਰਥ ਮਨ-ਪ੍ਰਚਾਵਾ ਤੇ ਸਰੀਰਕ ਵਿਕਾਸ ਨਾ ਰਹਿ ਕੇ ਪੇਸ਼ਾਵਰ ਬਣਾ ਦਿੱਤਾ ਗਿਆ। ਜਦੋਂ ਇਸ ਅਣਮਨੁੱਖੀ ਪ੍ਰਬੰਧ ਵਿਚ ਹਰ ਸ਼ੈਅ ਹੀ ਜਿਨਸ ਬਣਾ ਦਿੱਤੀ ਜਾਂਦੀ ਹੈ ਤੇ ਉਹ ਮੰਡੀ 'ਚ ਵੇਚੀ ਜਾਂਦੀ ਤੇ ਖਰੀਦੀ ਜਾਂਦੀ ਹੈ ਤਾਂ ਖੇਡਾਂ ਭਲਾ ਇਸ ਚੋਂ ਕਦੋਂ ਬਾਹਰ ਰਹਿ ਸਕਦੀਆਂ ਸਨ? ਖੇਡਾਂ ਵੀ ਜਿਨਸ ਬਣ ਗਈਆਂ ਅਤੇ ਇਹਨਾਂ ਨੇ ਆਪਣੀ ਆਭਾ ਗੁਆ ਲਈ। ਕਲਾ ਤੇ ਹੁਨਰ ਇਸ ਦਾ ਮੰਤਵ ਨਾ ਰਿਹਾ, ਸਗੋਂ ਇਹ ਇਕ ਵੱਡੀ ਕਮਾਈ ਕਰਨ ਦਾ ਪੇਸ਼ਾ ਬਣ ਗਈਆਂ ਅਤੇ ਫਿਰ ਹਰ ਹਾਲਤ 'ਚ ਜਿੱਤਣ ਲਈ ਇਸ ਵਿਚ ਹਰ ਤਰ੍ਹਾ ਦੇ ਧੋਖੇ ਭਰੇ ਤੇ ਭ੍ਰਿਸ਼ਟ ਢੰਗ ਤਰੀਕੇ ਦਾਖਲ ਹੋ ਗਏ। ਜਿੱਤਣ ਲਈ ਅਸਥਾਈ ਤਾਕਤ ਵਧਾਉਣ ਵਾਲੇ ਨਸ਼ੇ ਦਾਖ਼ਲ ਹੋ ਗਏ, ਜੋ ਸਰੀਰ ਲਈ ਤਾਂ ਘਾਤਕ ਹੁੰਦੇ ਸਨ ਪਰ ਇਸ ਦੀ ਵਰਤੋਂ ਨਾਲ ਅਸਥਾਈ ਤੌਰ 'ਤੇ ਕਾਰਗੁਜਾਰੀ (Performance) ਵਿਚ ਵਾਧਾ ਹੋ ਜਾਂਦਾ ਹੈ। ਅੰਪਾਇਰ ਤੇ ਰੈਫਰੀ ਖਰੀਦੋ-ਫਰੋਖ਼ਤ ਹੋਣ ਲੱਗ ਪਏ ਹਨ, ਜਿਸ ਨਾਲ ਹਾਰਨ ਵਾਲੇ ਵੀ ਜੇਤੂ ਬਣਾ ਦਿੱਤੇ ਜਾਂਦੇ ਹਨ। ਖਿਡਾਰੀ ਨਿਲਾਮ ਹੋਣ ਲੱਗ ਪਏ ਅਤੇ ਉਹ ਨਿਰੋਲ ਪੈਸੇ ਲਈ ਖੇਡਣ ਲੱਗ ਪਏ ਅਤੇ ਪੈਸੇ ਲਈ ਉਹ ਮੈਚ-ਫਿਕਸਿੰਗ ਵੀ ਕਰਨ ਲੱਗ ਪਏ-ਭਾਵ ਵਿਰੋਧੀ ਟੀਮ ਦੇ ਨਾਲ ਮਿਲ ਜਾਣਾ ਅਤੇ ਜਾਣ ਕੇ ਹਾਰ ਜਾਣਾ। ਪੇਸ਼ਾ ਬਣ ਜਾਣ ਨਾਲ ਲਗਭਗ ਸਭ ਖੇਡਾਂ 'ਚ ਹੀ ਬੇਈਮਾਨੀ ਦਾਖਲ ਹੋ ਗਈ ਅਤੇ ਨੈਤਿਕਤਾ ਵਿਚ ਵੱਡੀ ਪੱਧਰ 'ਤੇ ਨਿਘਾਰ ਆ ਗਏ ਜੋ ਸਮੇਂ  ਸਮੇਂ 'ਤੇ ਬੇਨਕਾਬ ਹੁੰਦੇ ਰਹਿੰਦੇ ਹਨ। 
ਕ੍ਰਿਕਟ ਦਾ ਆਈ.ਪੀ.ਐਲ. ਸਕੈਂਡਲ
ਜਦੋਂ ਚਾਰ ਚੁਫੇਰੇ ਨਿਘਾਰ, ਬੇਈਮਾਨੀ ਤੇ ਭਰਿਸ਼ਟਾਚਾਰ ਦਾ ਬੋਲਬਾਲਾ ਹੋਵੇ ਤਾਂ ਕ੍ਰਿਕਟ ਜਾਂ ਕੋਈ ਵੀ ਹੋਰ ਖੇਡ ਇਸ ਨਿਘਾਰ ਤੋਂ ਕਿਵੇਂ ਅਛੋਹ ਰਹਿ ਸਕਦੀ ਹੈ। ਇਸ ਖੇਡ ਨੂੰ ਜੋ ਦੁਨੀਆਂ ਦੇ ਕੁਝ ਕੁ ਹੀ ਦੇਸ਼ਾਂ ਵਿਚ ਖੇਡੀ ਜਾਂਦੀ ਹੈ, ਖਾਸ ਕਰਕੇ ਸਾਮਰਾਜੀ ਅਰਥ ਵਿਵਸਥਾ ਵਾਲੇ ਦੇਸ਼ਾਂ ਅਤੇ ਜਾਂ ਫਿਰ ਉਹਨਾਂ ਦੇਸ਼ਾਂ ਵਿਚ ਜੋ ਸਾਮਰਾਜੀ ਦੇਸ਼ਾਂ ਦੀਆਂ ਬਸਤੀਆਂ ਸਨ। ਭਾਰਤੀ ਉਪ-ਮਹਾਂਦੀਪ 'ਚ ਤਾਂ ਇਸ ਨੂੰ ਕਾਰਪੋਰੇਟ ਮੀਡੀਏ (ਇਲੈਕਟਰਾਨਿਕ ਤੇ ਪ੍ਰਿੰਟ ਦੋਹਾਂ ਨਹੀਂ) ਨੇ ਬਹੁਤ ਉਭਾਰਿਆ ਹੈ। ਇਹ ਇਕ ਤਰ੍ਹਾਂ ਦਾ ਜਨੂਨ ਬਣਾ ਦਿੱਤੀ ਗਈ ਹੈ। 
ਇੰਡੀਅਨ ਪਰੀਮੀਅਰ ਲੀਗ (IPL) ਦਾ ਗਠਨ 
ਇਸ ਨੂੰ ਜਨੂੰਨ ਬਣਾ ਦੇਣ ਤੋਂ ਬਾਅਦ ਇਸ 'ਚੋਂ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਇੱਥੇ IPL ਦਾ ਗਠਨ ਕੀਤਾ ਗਿਆ, ਜਿਸ ਵਿਚ ਦੁਨੀਆਂ ਭਰ ਦੇ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਦੇ ਖਿਡਾਰੀਆਂ ਦੀ ਮੰਡੀ ਲਾ ਕੇ, ਬੋਲੀ ਰਾਹੀਂ ਖਿਡਾਰੀ ਖਰੀਦ ਕੇ 8 ਕਲੱਬਾਂ 'ਚ ਖਿਡਾਏ ਜਾਂਦੇ ਹਨ। ਇਹਨਾਂ ਨੂੰ ਕਰੋੜਾਂ ਰੁਪਏ ਵਿਚ ਖਰੀਦਿਆਂ ਜਾਂਦਾ ਹੈ। ਉਹ ਸਾਲ 'ਚ ਇਕ ਟੂਰਨਾਮੈਂਟ IPL ਵਿਚ ਖੇਡਣ ਲਈ ਜੁੜਦੇ ਹਨ। ਪਰ ਇਸ ਭਰਿਸ਼ਟ ਸਮਾਜਕ ਪ੍ਰਬੰਧ ਵਿਚ, ਲਾਲਚ ਦੀ ਵੀ ਕੋਈ ਸੀਮਾ ਨਹੀਂ ਰਹਿੰਦੀ ਤੇ ਇਹ ਖਿਡਾਰੀ ਸੱਟੇਬਾਜਾਂ ਰਾਹੀਂ 'ਮੈਚ-ਫਿਕਸਿੰਗ' (ਇਕ ਤਰ੍ਹਾਂ ਦੀ ਨੂਰਾ ਕੁਸ਼ਤੀ) ਕਰਕੇ ਬੇਈਮਾਨੀ ਨਾਲ ਖੇਡਦੇ ਅਤੇ ਹਾਰ/ਜਿੱਤ ਜਾਂਦੇ ਹਨ ਅਤੇ ਲੋਕਾਂ ਨਾਲ ਵੀ ਠੱਗੀ ਕਰ ਜਾਂਦੇ ਹਨ। 
ਮੌਜੂਦਾ ਸਕੈਂਡਲ 
ਪਿਛਲੇ ਸਾਲ ਭਾਵ 2013 ਵਿਚ 'ਚੇਨੱਈ ਸੁਪਰ ਕਿੰਗਜ਼' ਤੇ 'ਰਾਜਸਥਾਨ ਰਾਇਲਜ਼' ਦੀਆਂ ਕਲੱਬਾਂ ਵਿਚ 'ਮੈਚ ਫਿਕਸਿੰਗ' ਦਾ ਇਕ ਵੱਡਾ ਸਕੈਂਡਲ ਬੇਨਕਾਬ ਹੋਇਆ ਹੈ। 'ਚੇਨੱਈ ਸੁਪਰ ਕਿੰਗਜ਼' ਦਾ ਮਾਲਕ ਤੇ ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਐਨ. ਸਿਰੀਨਿਵਾਸਨ ਅਤੇ 'ਰਾਜਿਸਥਾਨ ਰਾਇਲਜ਼' ਕਲੱਬ ਦੇ ਮਾਲਕਾਂ ਵਿਚ ਇਕ ਪ੍ਰਸਿੱਧ ਫਿਲਮ ਐਕਟਰੈਸ ਦਾ ਪਤੀ ਰਾਜ ਕੁੰਦਰਾ  ਕੋ-ਓਨਰ ਵਜੋਂ ਸ਼ਾਮਲ ਹੈ। ਐਨ.ਸਿਰੀਨਵਾਸਨ, ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਵੀ ਸੀ ਤੇ ਇਕ ਕਲੱਬ ਦਾ ਮਾਲਕ ਵੀ। ਉਸ ਨੇ ਕਲੱਬ ਵਿਚ ਆਪਣੇ ਜੁਆਈ ਗੁਰੂਨਾਥ ਮੈਅਪਨ ਨੂੰ ਇਸ ਕਲੱਬ ਦਾ 'ਟੀਮ ਪ੍ਰਿੰਸੀਪਲ' ਥਾਪਿਆ ਹੋਇਆ ਸੀ, ਜਿਸ ਦੀ ਟੀਮ ਦੇ ਹਰ ਫੈਸਲੇ ਤੱਕ ਪਹੁੰਚ ਹੁੰਦੀ ਸੀ। ਉਸ ਨੂੰ ਟੀਮ ਵਲੋਂ ਮੈਚ ਦੇ ਸਬੰਧ ਵਿਚ ਤਿਆਰ ਕੀਤੀ ਗੁਪਤ ਯੁੱਧਨੀਤੀ ਦਾ ਵੀ ਪਤਾ ਹੁੰਦਾ ਸੀ। ਇਸ ਲਈ ਗੁਰੂਨਾਥ ਮੈਅਪਨ ਨੇ ਆਪਣੇ ਕੁਝ ਵਾਕਫਕਾਰਾਂ ਰਾਹੀਂ ਸੱਟੇਬਾਜਾਂ ਨੂੰ ਭੇਤ ਦੱਸ ਦਿੱਤੇ, ਆਪਣੇ ਨਾਲ ਟੀਮ ਦੇ ਕੁੱਝ ਖਿਡਾਰੀ ਗੰਢ ਲਏ ਤੇ 'ਮੈਚ ਫਿਕਸਿੰਗ' ਵਿਚ ਗੁਰੂਨਾਥ ਮੈਅਪਨ ਤੋਂ ਇਲਾਵਾ ਖਿਡਾਰੀਆਂ ਤੇ ਹੋਰ ਵਿਚੋਲਿਆਂ ਨੇ ਵੀ ਵੱਡੀਆਂ ਰਕਮਾਂ ਰਿਸ਼ਵਤ ਵਜੋਂ ਸੱਟੇਬਾਜਾਂ ਕੋਲੋਂ ਪ੍ਰਾਪਤ ਕਰਨ ਲਈ ਭ੍ਰਿਸ਼ਟ ਵਿਧੀ ਅਪਣਾਈ। ਇਸ ਸਕੈਂਡਲ ਦੇ ਬੇਨਕਾਬ ਹੋਣ ਨਾਲ ਕਈ ਤੱਥ ਸਾਹਮਣੇ ਆਏ ਹਨ : 
4 'ਰਾਜਿਸਥਾਨ ਰਾਇਲਜ਼' ਤੇ 'ਚੇਨੱਈ ਸੁਪਰ ਕਿੰਗਜ਼' ਦੀਆਂ ਟੀਮਾਂ ਵਿਚ ਮੈਚ-ਫਿਕਸਿੰਗ ਦੇ ਸਕੈਂਡਲਾਂ ਦੀ ਪੜਤਾਲ ਲਈ 12-13 ਖਿਡਾਰੀਆਂ ਵਿਰੁੱਧ ਦਿੱਲੀ ਪੁਲਸ ਤੇ ਬੰਬਈ ਪੁਲਸ ਵਲੋਂ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਚੀਫ ਜਸਟਿਸ 'ਤੇ ਅਧਾਰਤ ਇਕ ਤਿੰਨ ਮੈਂਬਰੀ ਕਮੇਟੀ ਵਲੋਂ ਵੀ ਪੁੱਛ ਪੜਤਾਲ ਕੀਤੀ ਗਈ। 
4 ਇਸ ਰਿਪੋਰਟ ਵਿਚ ਖਿਡਾਰੀਆਂ ਤੋਂ ਇਲਾਵਾ IPL ਦੇ ਅਹੁਦੇਦਾਰਾਂ ਦੇ ਵਿਰੁੱਧ ਵੀ ਦੋਸ਼ ਅੰਕਿਤ ਕੀਤੇ ਗਏ ਹਨ। 
4 ਦਿੱਲੀ ਪੁਲਸ ਨੇ 'ਰਾਜਿਸਥਾਨ ਰਾਇਲਜ਼' ਦੇ ਤਿੰਨ ਕ੍ਰਿਕਟ ਖਿਡਾਰੀਆਂ ਐਸ.ਸਰੀਸਾਂਥ, ਅਜੀਤ ਚੰਡੀਲਾ ਅਤੇ ਅੰਕਿਤ ਚਵਾਨ ਦੇ ਨਾਂਅ ਦਰਜ਼ ਕੀਤੇ ਅਤੇ ਮੁੰਬਈ ਪੁਲਿਸ ਨੇ ਫਿਲਮ ਐਕਟਰ ਦਾਰਾ ਸਿੰਘ ਦੇ ਬੇਟੇ ਬਿੰਦੂ ਦਾਰਾ ਸਿੰਘ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਨ.ਸਿਰੀਨਿਵਾਸਨ ਦੇ ਜੁਆਈ ਗੁਰੂਨਾਥ ਮੈਅਪਨ ਦੀ ਮੈਚ ਫਿਕਸਿੰਗ ਦੇ ਮਾਮਲੇ 'ਚ ਸੱਟੇਬਾਜਾਂ ਨਾਲ ਮਿਲੀਭੁਗਤ ਦੱਸੀ। 
4 ਰਾਜਿਸਥਾਨ ਦੇ ਤਿੰਨੇ ਖਿਡਾਰੀ ਗ੍ਰਿਫਤਾਰ ਕਰ ਲਏ ਗਏ ਜੋ ਬਾਅਦ ਵਿਚ ਜਮਾਨਤ 'ਤੇ ਰਿਹਾਅ ਹੋ ਗਏ। 
4 ਤਿੰਨ ਸੱਟੇਬਾਜਾਂ ਤੇ ਵਿੰਦੂ ਦਾਰਾ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਬਾਅਦ ਵਿਚ ਜਮਾਨਤ 'ਤੇ ਰਿਹਾ ਹੋ ਗਿਆ। 
4 ਗੁਰੂ ਨਾਥ ਮੈਅਪਨ ਨੂੰ ਵੀ ਸੱਟੇਬਾਜ਼ੀ, ਸਾਜਸ਼ ਤੇ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਪਿਛੋਂ ਉਸ ਦੇ 'ਸਹੁਰਾ ਸਾਹਿਬ' ਐਨ. ਸ਼੍ਰੀਨਿਵਾਸਨ ਨੇ ਬਿਆਨ ਦਿੱਤਾ ਕਿ ਗੁਰੂਨਾਥ ਮੈਅਪਨ ਨਾ ਤਾਂ ਮਾਲਕ ਹੈ, ਨਾ ਹੀ ਪ੍ਰਿੰਸੀਪਲ ਹੈ, ਉਹ ਤਾਂ ਸਿਰਫ ਟੀਮ ਦੀ ਮੈਨੇਜਮੈਂਟ ਕਮੇਟੀ ਦਾ ਆਨਰੇਰੀ ਮੈਂਬਰ ਹੈ। 10 ਦਿਨ ਜੇਲ੍ਹ ਅੰਦਰ ਰਹਿਣ ਪਿਛੋਂ ਗੁਰੂਦਾਸ ਮੈਅਪਨ ਵੀ ਜਮਾਨਤ 'ਤੇ ਰਿਹਾ ਹੋ ਗਿਆ। 'ਚੇਨੱਈ ਸੁਪਰ ਕਿੰਗਜ਼' ਦੇ ਕਈ ਖਿਡਾਰੀ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਮੇਤ, ਮੈਚ ਫਿਕਸਿੰਗ ਦੇ ਸ਼ੱਕ ਦੇ ਘੇਰੇ ਵਿਚ ਹਨ ਅਤੇ ਪੜਤਾਲ ਹੋ ਰਹੀ ਹੈ। 
4 ਤਿੰਨ ਮੈਂਬਰੀ ਪੈਨਲ ਦੀ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਗਈ ਤਾਂ 25 ਮਾਰਚ 2014 ਨੂੰ ਸੁਪਰੀਮ ਕੋਰਟ ਨੇ ਐਨ.ਸਿਰੀਨਿਵਾਸਨ ਨੂੰ ਕਿਹਾ ਕਿ ਜਾਂ ਤਾਂ ਉਹ ਆਪਣੇ ਪੱਧਰ 'ਤੇ ਹੀ ਕ੍ਰਿਕਟ ਬੋਰਡ ਦੇ ਪ੍ਰਧਾਨ ਦਾ ਆਪਣਾ ਅਹੁਦਾ ਤਿਆਗ ਦੇਵੇ ਤਾਂ ਜੁ ਸੱਟੇਬਾਜ਼ੀ ਤੇ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਸਹੀ ਤੇ ਨਿਰਪੱਖ ਢੰਗ ਨਾਲ ਪੜਤਾਲ ਹੋ ਸਕੇ। ਕੋਰਟ ਨੇ ਇਹ ਵੀ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਕੋਰਟ ਉਸ ਨੂੰ ਅਹੁਦਾ ਛੱਡਣ ਲਈ ਉਸ ਵਿਰੁੱਧ ਫੈਸਲਾ ਦੇਵੇਗਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਘਿਨਾਉਣੀ ਤੇ ਦੁਰਗੰਧਿਤ ਗੱਲ ਹੈ ਕਿ ਐਨ.ਸਿਰੀਨਿਵਾਸਨ ਅਜੇ ਵੀ ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਹੈ। 
4 ਸੁਪਰੀਮ ਕੋਰਟ ਵਲੋਂ ਅਕਤੂਬਰ 2013 'ਚ ਜਸਟਿਸ (ਰਿਟਾਇਰਡ) ਮੁਕਲ ਮੁਦਗਲ ਦੀ ਅਗਵਾਈ 'ਚ ਬਣਾਈ ਕਮੇਟੀ ਨੇ ਆਪਣੀ ਰਿਪੋਰਟ ਫਰਵਰੀ 2014 'ਚ ਸੁਪਰੀਮ ਕੋਰਟ 'ਚ ਪੇਸ਼ ਕਰ ਦਿੱਤੀ ਹੈ ਅਤੇ ਇਹ ਅਜੇ ਇਹ ਨਸ਼ਰ ਨਹੀਂ ਕੀਤੀ ਗਈ।
4 ਐਨ. ਸਿਰੀਨਿਵਾਸਨ ਨੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਆਪਣਾ ਅਹੁਦਾ ਤਿਆਗ ਦਿੱਤਾ ਅਤੇ ਕੋਰਟ ਨੇ ਸੁਝਾਅ ਦਿੱਤਾ ਕਿ ਉਸ ਦੀ ਥਾਂ ਫਿਲਹਾਲ ਪ੍ਰਸਿੱਧ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ, ਸੁਨੀਲ ਗਵਾਸਕਰ ਨੂੰ ਨਿਯੁਕਤ ਕੀਤਾ ਜਾਵੇ। ਇਸ ਦੀ ਰੌਸ਼ਨੀ ਵਿਚ ਗਵਾਸਕਰ ਹੁਣ ਬਤੌਰ ਐਕਟਿੰਗ ਪ੍ਰਧਾਨ ਫੰਕਸ਼ਨ ਕਰ ਰਿਹਾ ਹੈ। 
ਬੋਲਬਾਲਾ ਅਜੇ ਵੀ ਐਨ. ਸਿਰੀਨਿਵਾਸਨ ਦਾ ਹੈ 
ਐਨ ਸਿਰੀਨਿਵਾਸਨ ਦੀ ਕ੍ਰਿਕਟ ਬੋਰਡ 'ਤੇ ਪਕੜ ਇੰਨੀ ਮਜ਼ਬੂਤ ਹੈ ਕਿ ਅਹੁਦੇ ਤੋਂ ਹਟਣ ਤੋਂ ਬਾਵਜੂਦ ਵੀ, ਬੋਲਬਾਲਾ ਉਸ ਦਾ ਹੀ ਹੈ ਤੇ ਸੁਨੀਲ ਗਵਾਸਕਰ ਸਿਰਫ ਕਾਗਜ਼ਾਂ 'ਚ ਹੀ ਪ੍ਰਧਾਨ ਹੈ। ਕ੍ਰਿਕਟ ਬੋਰਡ ਦੇ ਫੈਸਲੇ ਅਜੇ ਵੀ ਉਸ ਦੀ ਮਰਜੀ ਮੁਤਾਬਕ ਹੀ ਹੋ ਰਹੇ ਹਨ ਅਤੇ ਸੁਨੀਲ ਗਵਾਸਕਰ ਮਜ਼ਬੂਰ ਹੋ ਕੇ ਰਹਿ ਗਿਆ ਹੈ। ਕੁਝ ਕੁ ਮਹੀਨੇ ਪਹਿਲਾਂ ਭਾਰਤੀ ਕ੍ਰਿਕਟ ਦੇ ਇਕ ਸਾਬਕਾ ਖਿਡਾਰੀ ਤੇ ਮਹਾਨ ਬੱਲੇਬਾਜ਼ ਮਹਿੰਦਰ ਅਮਰਨਾਥ ਨੇ ਟੀਮ ਦੀ ਸੀਲੈਕਸ਼ਨ ਕਮੇਟੀ ਦੇ ਮੈਂਬਰ ਵਜੋਂ ਟੈਲੀਵਿਜ਼ਨ 'ਤੇ ਸ਼ਰੇਆਮ ਕਿਹਾ ਸੀ ਕਿ ਭਾਰਤੀ ਟੀਮ ਚੁਣਨ ਲਈ ਬਣਾਈ ਜਾਂਦੀ ਸੀਲੈਕਸ਼ਨ ਕਮੇਟੀ ਇਕ ਰਬੜ ਦੀ ਮੋਹਰ ਤੋਂ ਵੱਧ ਕੁਝ ਨਹੀਂ ਹੈ ਅਤੇ ਸਭ ਕੁੱਝ ਬੋਰਡ ਦਾ ਪ੍ਰਧਾਨ ਹੀ ਕਰਦਾ ਹੈ। ਇਹ ਗੱਲ ਸਭ ਦੇ ਸਾਹਮਣੇ ਹੈ ਕਿ ਹੁਣ ਭਾਰਤੀ ਟੀਮ ਲਈ ਚੋਣ ਕਰਨ ਸਮੇਂ 'ਚੇਨੱਈ ਸੁਪਰ ਕਿੰਗਜ਼' ਦੀ ਕਲੱਬ ਟੀਮ ਦੇ ਖਿਡਾਰੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਅਤੇ ਵਰਿੰਦਰ ਸਹਿਵਾਗ, ਗੌਤਮ ਗੰਭੀਰ ਤੇ ਹਰਭਜਨ ਸਿੰਘ ਵਰਗੇ ਵੱਡੇ ਖਿਡਾਰੀ ਟੀਮ ਤੋਂ ਬਾਹਰ ਰੱਖੇ ਜਾ ਰਹੇ ਹਨ। 
ਅਜਿਹੀ ਸਥਿਤੀ ਵਿਚ ਟੀਮ ਭਾਵਨਾ ਖਤਮ ਹੋ ਜਾਂਦੀ ਹੈ ਕਿਉਂਕਿ ਨਿੱਜੀ ਹਿੱਤ ਪ੍ਰਧਾਨ ਹੋ ਜਾਂਦੇ ਹਨ। ਖਿਡਾਰੀ ਇਕ ਟੀਮ ਵਜੋਂ ਨਹੀਂ ਖੇਡਦੇ ਅਤੇ ਜਿੱਤਾਂ ਵੀ ਹਾਰਾਂ ਵਿਚ ਬਦਲ ਜਾਂਦੀਆਂ ਹਨ। ਬੇਸਬਾਲ ਦੇ ਵਿਸ਼ਵ ਪ੍ਰਸਿੱਧ ਤੇ ਮਹਾਨ ਖਿਡਾਰੀ ਬੇਬ ਰੁੱਥ ਨੇ ਕਿਹਾ ਹੈ ਕਿ ''ਕੋਈ ਵੀ ਟੀਮ ਜਦੋਂ ਇਕਜੁੱਟ ਹੋ ਕੇ ਇਕ ਟੀਮ ਵਜੋਂ ਖੇਡਦੀ ਹੈ, ਕੇਵਲ ਇਹ ਹੀ ਉਸ ਦੀ ਸਫਲਤਾ ਦੀ ਜਾਮਨੀ ਹੁੰਦੀ ਹੈ। ਤੁਸੀਂ ਦੁਨੀਆਂ ਦੇ ਸਭ ਤੋਂ ਵੱਡੇ ਖਿਡਾਰੀਆਂ ਨੂੰ ਇਕੋ ਕਲੱਬ ਵਿਚ ਲੈ ਲਵੋ, ਪਰ ਜੇਕਰ ਉਹ ਇਕ ਟੀਮ ਵਜੋਂ ਨਹੀਂ ਖੇਡਦੇ ਤਾਂ ਉਹ ਕਲੱਬ ਇਕ ਦਮੜੀ ਦੀ ਵੀ ਨਹੀਂ ਰਹਿੰਦੀ।''
ਸਾਡੇ ਦੇਸ਼ ਵਿਚ ਖੇਡਾਂ, ਖਿਡਾਰੀਆਂ ਅਤੇ ਬੋਰਡ ਪ੍ਰਬੰਧਕਾਂ ਤੇ ਅਹੁਦੇਦਾਰਾਂ ਦਾ ਇਹ ਮੰਦਾ ਹਾਲ ਹੈ। ਅਜਿਹੀ ਸਥਿਤੀ ਵਿਚ ਖੇਡ ਤੇ ਖੇਡ ਭਾਵਨਾ ਕਿਵੇਂ ਪ੍ਰਫੁਲਤ ਹੋ ਸਕਦੀ ਹੈ। ਇਸ ਸਕੈਂਡਲ ਦੀ ਭਾਵੇਂ ਪੜਤਾਲ ਅਜੇ ਵੀ ਚਲ ਰਹੀ ਹੈ ਅਤੇ ਕੇਸ ਸੁਪਰੀਮ ਕੋਰਟ 'ਚ ਹੈ, ਪਰ ਸ਼ਾਇਦ ਹੀ ਕੋਈ ਅਸਰਦਾਇਕ ਕਾਰਵਾਈ ਹੋ ਸਕੇ। ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਤੇ ਪੱਖਪਾਤ ਨੇ ਸਾਡੇ ਖੇਡ ਕੱਲਚਰ ਨੂੰ ਭਾਰੀ ਸੱਟ ਲਾਈ ਹੋਈ ਹੈ ਅਤੇ ਇਹ ਹੀ ਕਾਰਨ ਹੈ ਕਿ 125 ਕਰੋੜ ਦੀ ਅਬਾਦੀ ਵਾਲਾ ਦੇਸ਼ ਉਲੰਪਿਕ ਮੁਕਾਬਲਿਆਂ ਵਿਚ ਇਕ ਗੋਲਡ ਮੈਡਲ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਰਹਿੰਦਾ। ਇਹ ਗੰਦ-ਮੰਦ ਇਸ ਪ੍ਰਬੰਧ ਦੀ ਪੈਦਾਵਾਰ ਹੈ ਅਤੇ ਇਸ ਨੇ ਇਸ ਦੇ ਨਾਲ ਹੀ ਨਰਕ ਨੂੰ ਜਾਣਾ ਹੈ।  

ਯੋਧਾ ਤੇ ਸੂਰਮਾ ਪੰਡਿਤ ਕਿਸ਼ੋਰੀ ਲਾਲ

(ਇਹ ਲੇਖ 'ਲੋਕ ਲਹਿਰ' ਦੇ ਸੰਪਾਦਕ ਮਰਹੂਮ ਸਾਥੀ ਸੁਹੇਲ ਸਿੰਘ ਵਲੋਂ ਉਘੇ ਤੇ ਮਿਸਾਲੀ ਕਮਿਊਨਿਸਟ ਆਗੂ ਕਾਮਰੇਡ ਕਿਸ਼ੋਰੀ ਲਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਲਿਖਿਆ ਗਿਆ ਸੀ।  ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ-ਸੰਪਾਦਕੀ ਮੰਡਲ)

ਪੰਜਾਬ ਦੀ ਧਰਤੀ ਨੇ ਅਨੇਕਾਂ ਇਨਕਲਾਬੀ ਪੈਦਾ ਕੀਤੇ ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਹੱਸ-ਹੱਸਕੇ ਫਾਂਸੀਆਂ ਦੇ ਰੱਸੇ ਚੁੰਮੇ, ਆਪਣੀਆਂ ਜਵਾਨੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬਿਤਾ ਦਿੱਤੀਆਂ। ਕਾਲੇ ਪਾਣੀਆਂ ਦੀ ਜੇਲ੍ਹ ਵੀ ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਡੁਲਾ ਨਾਂ ਸਕੀ। ਪੰਡਿਤ ਕਿਸ਼ੋਰੀ ਲਾਲ  ਉਹਨਾਂ ਇਨਕਲਾਬੀਆਂ ਅਤੇ ਯੋਧਿਆਂ ਵਿਚੋਂ ਸਨ। 
ਪੰਡਿਤ ਕਿਸ਼ੋਰੀ ਲਾਲ ਸ਼ਹੀਦ ਭਗਤ ਸਿੰਘ ਦੇ ਸਾਥੀ ਸਨ ਅਤੇ ਉਹਨਾਂ ਨੇ ਨੌਜਵਾਨ ਭਾਰਤ ਸਭਾ ਵਿਚ ਸਰਗਰਮ ਕੰਮ ਕੀਤਾ। ਆਜ਼ਾਦੀ ਦੇ ਸੰਗਰਾਮ ਵਿਚ ਕੋਈ ਦੋ ਦਹਾਕੇ ਤੋਂ ਵੱਧ ਜੇਲ੍ਹ ਕੱਟੀ ਅਤੇ ਹੋਰ ਕਈ ਤਰ੍ਹਾਂ ਦੇ ਤਸੀਹੇ ਝੱਲੇ। ਫੇਰ ਦੇਸ਼ ਦੀ ਆਜਾਦੀ ਤੋਂ ਪਿਛੋਂ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਕੇ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਕਈ ਵਾਰ ਕਾਂਗਰਸ ਦੀਆਂ ਜੇਲ੍ਹਾਂ ਵਿਚ ਵੀ ਗਏ। 
ਪੰਡਿਤ ਕਿਸ਼ੋਰੀ ਲਾਲ ਸੀ.ਪੀ.ਆਈ.(ਐਮ) ਦੇ ਉਘੇ ਆਗੂਆਂ ਵਿਚੋਂ ਸਨ ਅਤੇ ਬੜੇ ਹੀ ਹਰਮਨ ਪਿਆਰੇ ਆਗੂ ਸਨ। ਆਪ ਦਾ ਜੀਵਨ ਕਈ ਪੱਖਾਂ ਤੋਂ ਲਾਸਾਨੀ ਸੀ। ਆਪਜੀ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਧਰਮਪੁਰ, ਜਿਹੜਾ ਕਿ ਤਲਵਾੜਾ-ਦੌਲਤਪੁਰ ਸੜਕ ਉਤੇ ਸਥਿਤ ਹੈ, ਵਿਖੇ ਹੋਇਆ। ਆਪ ਜੀ ਦੇ ਪਿਤਾ ਅਧਿਆਪਕ ਸਨ। ਦੱਸਵੀਂ ਪਾਸ ਕਰਨ ਪਿਛੋਂ ਪੰਡਤ ਜੀ ਨੂੰ ਡੀ.ਏ.ਵੀ. ਕਾਲਜ ਲਾਹੌਰ ਪੜ੍ਹਨ ਵਾਸਤੇ ਭੇਜ ਦਿੱਤਾ ਗਿਆ। ਇਹ ਉਹ ਸਮਾਂ ਸੀ, ਜਦੋਂ ਨੌਜਵਾਨ ਭਾਰਤ ਸਭਾ ਕਾਇਮ ਹੋ ਚੁੱਕੀ  ਸੀ ਤੇ ਪੰਜਾਬ ਦੇ ਨੌਜਵਾਨ ਜਿਹੜੇ ਦੇਸ਼ ਦੀ ਅਜ਼ਾਦੀ ਲਈ ਤਾਂਘਦੇ ਸਨ, ਬੜੇ ਖੁਸ਼ੀ ਖੁਸ਼ੀ ਇਸ ਨੌਜਵਾਨ ਸਭਾ ਦਾ ਪੱਲਾ ਫੜ ਰਹੇ ਸਨ। ਇਸ ਨੌਜਵਾਨ ਸਭਾ ਦੇ ਅੰਦਰ ਇਕ ਹੋਰ ਕਰਾਂਤੀਕਾਰੀ ਸੰਗਠਨ ਸੀ, ਜਿਸ ਦਾ ਉਦੇਸ਼ 'ਕਰਾਂਤੀਕਾਰੀ' ਢੰਗਾਂ ਨਾਲ ਦੇਸ਼ ਨੂੰ ਆਜ਼ਾਦ ਕਰਨਾ ਸੀ। ਪੰਜਾਬ ਵਿਚੋਂ ਸ਼ਹੀਦ ਭਗਤ ਸਿੰਘ, ਉਸ ਦੇ ਮੁਖੀ ਆਗੂ ਸਨ। ਪੰਡਿਤ ਜੀ ਨੇ ਅਜੇ ਕਾਲਜ ਵਿਚ ਮਸਾਂ ਇਕ ਵਰ੍ਹਾ ਵੀ ਪੜ੍ਹਾਈ ਨਹੀਂ ਸੀ ਕੀਤੀ ਜਦੋਂ ਇਸ ਸੰਗਠਨ ਤੋਂ ਪ੍ਰਭਾਵਿਤ ਹੋ ਕੇ ਸ਼ਹੀਦ ਭਗਤ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ ਅਤੇ ਆਪਣੀਆਂ ਨਿੱਜੀ ਖੁਸ਼ੀਆਂ ਤੇ ਨਿੱਜੀ ਸੁਪਨੇ ਤਿਆਗ ਕੇ ਜ਼ਿੰਦਗੀ ਕੌਮੀ ਮੁਕਤੀ ਲਈ ਅਰਪਣ ਕਰਨ ਦੀ ਸਹੁੰ ਚੁੱਕ ਲਈ, ਜਿਹੜੀ ਸਹੁੰ ਕਈ ਇਨਕਲਾਬੀਆਂ ਨੇ ਫਾਂਸੀਆਂ ਦੇ ਰੱਸੇ ਚੁੰਮ ਕੇ ਪੁਗਾ ਦਿੱਤੀ। ਕਈਆਂ ਨੇ ਜੇਲ੍ਹਾਂ ਵਿਚ ਜੀਵਨ ਬਿਤਾ ਕੇ ਅਤੇ ਕਈ ਆਜ਼ਾਦੀ ਤੋਂ ਪਿਛੋਂ ਵੀ ਘੋਲਾਂ ਦੀ ਅਗਵਾਈ ਕਰਕੇ ਲੋਕ ਸੇਵਾ ਦੇ ਮੈਦਾਨ ਵਿਚ ਨਿੱਤਰੇ। ਪੰਡਿਤ ਕਿਸ਼ੋਰੀ ਲਾਲ ਨੂੰ ਇਸ ਗੱਲ ਦਾ ਮਾਣ ਹਾਸਲ ਰਿਹਾ ਕਿ ਪੌਣੀ  ਸਦੀ ਦੇ ਇਨਕਲਾਬੀ ਜੀਵਨ ਵਿਚ ਇਕ ਦਿਨ ਵੀ ਐਸਾ ਨਾ ਹੋਵੇ, ਜਿਹੜਾ ਆਜ਼ਾਦੀ ਦੀ ਤਾਂਘ ਤੋਂ ਬਿਨਾਂ ਜਾਂ ਜਨਤਾ ਦੀ ਸੇਵਾ ਦੇ ਘੋਲਾਂ ਵਿਚ ਸਰਗਰਮ ਰਹਿਣ ਤੋਂ ਬਿਨਾ ਬਿਤਾਇਆ ਹੋਵੇ। ਉਹ 1929 ਵਿਚ ਸ਼ਹੀਦ ਭਗਤ ਸਿੰਘ ਨਾਲ ਲਾਹੌਰ ਸਾਜ਼ਿਸ ਕੇਸ ਵਿਚ ਸ਼ਾਮਲ ਸਨ ਅਤੇ ਬਾਕੀ ਸਾਰੇ ਸਾਥੀਆਂ ਦੇ ਮੁਕਾਬਲੇ ਵਿਚ ਉਮਰ ਵਿਚ ਛੋਟੇ ਸਨ। ਸਜਾ ਦਾ ਫੈਸਲਾ ਦੇਣ ਵਾਸਤੇ ਜੇਕਰ ਪੰਡਿਤ ਕਿਸ਼ੋਰੀ ਲਾਲ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਤਾਂ ਉਸਦਾ ਮੁੱਖ ਕਾਰਨ ਇਹ ਸੀ ਕਿ ਉਸਦੀ ਉਮਰ ਹਾਲੇ ਛੋਟੀ ਸੀ। ਇਸ ਲਈ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। 
ਅੱਜ ਇਹ ਇਤਿਹਾਸ ਦਾ ਹਿੱਸਾ ਹੈ ਕਿ ਭਗਤ ਸਿੰਘ ਤੇ ਉਸ ਦੇ ਸਾਥੀ ਯਰਕਾਊ ਲਹਿਰ ਵਿਚ ਹਿੱਸਾ ਲੈਂਦੇ ਹੋਏ ਅਕਤੂਬਰ ਇਨਕਲਾਬ ਤੋਂ ਪ੍ਰਭਾਵਤ ਹੋ ਰਹੇ ਸਨ ਤੇ ਮੁਕੱਦਮੇ ਦੇ ਦੌਰਾਨ ਉਹ ਇਸ ਸਿੱਟੇ ਉਤੇ ਪਹੁੰਚ ਚੁੱਕੇ ਸਨ ਕਿ ਨਾ ਤਾਂ ਜਨਸਮੂਹਾਂ ਨੂੰ ਮੈਦਾਨ ਵਿਚ ਉਤਾਰਨ ਤੋਂ ਬਿਨਾਂ ਆਜ਼ਾਦੀ ਹਾਸਲ ਕੀਤੀ ਜਾ ਸਕਦੀ ਹੈ ਤੇ ਨਾ ਹੀ ਮਜ਼ਦੂਰਾਂ-ਕਿਸਾਨਾਂ ਦਾ ਏਕਾ ਕਾਇਮ ਕੀਤੇ ਬਿਨਾਂ ਤੇ ਮਜ਼ਦੂਰ ਕਰਾਂਤੀਕਾਰੀ ਪਾਰਟੀ ਦੇ ਸੰਗਠਨ ਬਿਨਾਂ ਆਮ ਮਿਹਨਤਕਸ਼ ਜਨਤਾ ਆਜ਼ਾਦੀ ਦੇ ਸੁਪਨੇ ਪੂਰੇ ਕਰ ਸਕਦੀ ਹੈ। ਸ਼ਹੀਦ ਭਗਤ ਸਿੰਘ ਦਾ ਅਦਾਲਤ ਵਿਚ ਆਖਰੀ ਬਿਆਨ ਜਿਸ  ਨੂੰ ਉਸ ਦੀ ਵਸੀਅਤ ਕਹਿੰਦੇ ਹਨ, ਇਸ ਗੱਲ ਦਾ ਪ੍ਰਤੀਕ ਹੈ। ਉਸ ਦੇ ਬਾਕੀ ਸਾਥੀ ਵੀ ਇਹਨਾਂ ਵਿਚਾਰਾਂ ਦੇ ਸਨ ਤੇ ਪੰਡਿਤ ਕਿਸ਼ੋਰੀ ਲਾਲ ਨੇ ਅਦਾਲਤ ਦੇ ਫੈਸਲੇ ਤੋਂ ਪਿਛੋਂ ਵਧੇਰੇ ਧਿਆਨ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਕਰਨ ਵਿਚ ਲਾ ਦਿੱਤਾ ਸੀ, ਉਸ ਸਮੇਂ ਮਾਰਕਸਵਾਦ ਦਾ ਸਾਹਿਤ ਏਨੀ ਵੱਡੀ ਗਿਣਤੀ ਵਿਚ ਮੌਜੂਦ ਨਹੀਂ ਸੀ ਤਦ ਵੀ ਜਿਸ ਪਾਸਿਓਂ ਵੀ ਕੋਈ ਮਾਰਕਸਵਾਦੀ ਸਾਹਿਤ ਮਿਲ ਸਕਿਆ ਉਹਨਾਂ ਨੇ ਉਸਦਾ ਅਧਿਐਨ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਉਹਨਾਂ ਆਪਣੀ ਉਮਰ ਕੈਦ ਦਾ ਵਧੇਰੇ ਹਿੱਸਾ ਲਾਹੌਰ ਸੈਂਟਰਲ ਜੇਲ੍ਹ ਵਿਚ ਬਤੀਤ ਕੀਤਾ। 
ਪੰਡਿਤ ਜੀ ਆਪਣੀ ਉਮਰ ਕੈਦ ਦੀ ਸ਼ਜਾ ਕਟਕੇ 1945 ਵਿਚ ਰਿਹਾ ਹੋਏ। ਰਿਹਾਈ ਪਿਛੋਂ ਆਪ ਘਰ ਨਾ ਗਏ ਸਗੋਂ ਸਿੱਧੇ ਕਮਿਊਨਿਸਟ ਪਾਰਟੀ ਦੇ ਦਫਤਰ (ਲਾਹੌਰ) ਗਏ ਤੇ ਉਥੇ ਪਾਰਟੀ ਸੈਕਟਰੀ ਤੋਂ ਆਪਣੀ ਡਿਊਟੀ ਲਗਾਵਾਕੇ ਪਾਰਟੀ ਦੇ ਹੋਲਟਾਈਮਰ ਵਜੋਂ ਕੰਮ ਕਰਨ ਲੱਗ ਪਏ। 
ਜਦੋਂ ਪੰਡਤ ਜੀ ਕੈਦ ਕੱਟਕੇ ਜੇਲ੍ਹ ਵਿਚੋਂ ਨਿਕਲੇ ਤਾਂ ਉਸ ਵੇਲੇ ਦੇ ਕਾਂਗਰਸ ਦੇ ਪ੍ਰਧਾਨ ਗੋਪੀ ਚੰਦ ਭਾਰਗੋ ਨੇ ਲਾਹੌਰ ਬਰੈਡਲੇ ਹਾਲ ਵਿਖੇ ਉਹਨਾਂ ਤੇ ਹੋਰ ਇਨਕਲਾਬੀਆਂ ਨੂੰ ਭੋਜ ਦਿੱਤਾ। ਇਸ ਭੋਜ ਵਿਚ ਗੋਪੀ ਚੰਦ ਨੇ ਪੰਡਿਤ ਜੀ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਪਰ ਪੰਡਿਤ ਜੀ ਨੇ ਇਹ ਸੱਦਾ ਠੁਕਰਾ ਦਿੱਤਾ। ਭੋਜ ਪਿਛੋਂ ਆਪ ਸਿੱਧੇ ਕਮਿਊਨਿਸਟ ਪਾਰਟੀ ਦੇ ਦਫਤਰ ਗਏ। 
ਪੰਡਿਤ ਕਿਸ਼ੋਰੀ ਲਾਲ ਆਪਣੇ ਬਹੁਤ ਸਾਰੇ ਚੰਗੇ ਗੁਣਾਂ ਕਰਕੇ ਮਜ਼ਦੁਰਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਮੁਲਾਜ਼ਮਾਂ ਲਈ ਸਦਾ ਹੀ ਉਤਸ਼ਾਹ ਦੇ ਪ੍ਰਤੀਕ ਬਣੇ ਰਹੇ। ਉਹਨਾਂ ਦੀ ਸਾਦਾ ਜ਼ਿੰਦਗੀ ਅਤੇ ਚੰਗੇ ਕਮਿਊਨਿਸਟਾਂ ਵਾਲੇ ਸ਼ਾਨਦਾਰ ਗੁਣ, ਸਭ ਨੂੰ ਹੀ ਪ੍ਰਭਾਵਤ ਕਰਦੇ ਸਨ। 
ਜਦੋਂ 1953 ਵਿਚ ਗੋਆ ਦੀ ਆਜ਼ਾਦੀ ਬਾਰੇ ਕਮਿਊਨਿਸਟਾਂ ਵਲੋਂ ਇਕ ਜੱਥਾ ਭੇਜਿਆ ਗਿਆ ਸੀ ਤਾਂ ਉਸ ਜੱਥੇ ਦੀ ਅਗਵਾਈ ਪੰਡਿਤ ਕਿਸ਼ੋਰੀ ਲਾਲ ਨੇ ਕੀਤੀ ਸੀ। ਜੱਥੇ ਉਤੇ ਗੋਲੀ ਚੱਲਣ ਕਾਰਨ ਕਰਨੈਲ ਸਿੰਘ ਈਸੜੂ ਸ਼ਹੀਦ ਹੋ ਗਏ ਸਨ। ਪੰਡਿਤ ਕਿਸ਼ੋਰੀ ਲਾਲ ਇਕ ਅਜੇਹਾ ਨਾਮ ਹੈ ਜਿਹੜਾ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਅਤੇ ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਸਦਾ ਚਮਕਦਾ ਰਹੇਗਾ। 
ਦੇਸ਼ ਦੀ ਆਜ਼ਾਦੀ ਪਿਛੋਂ ਆਪ ਨੇ ਛੇ ਸਾਲ ਕੈਦ ਕੱਟੀ ਅਤੇ ਦੋ ਸਾਲ ਮਫਰੂਰ ਰਹੇ। ਉਮਰ ਕੈਦ ਦੌਰਾਨ ਪੰਡਿਤ ਜੀ ਲਾਹੌਰ, ਨਵਾਂ ਮੁਲਤਾਨ, ਮਿੰਟਗੂਮਰੀ ਆਦਿ ਜੇਲ੍ਹਾਂ ਵਿਚ ਰਹੇ।
8 ਜੁਲਾਈ 1990 ਨੂੰ ਪੰਡਿਤ ਕਿਸ਼ੋਰੀ ਲਾਲ ਫਗਵਾੜਾ ਕਸਬੇ ਨੇੜੇ ਇਕ ਕਾਰ ਹਾਦਸੇ ਵਿਚ ਜਖ਼ਮੀ ਹੋ ਗਏ ਸਨ ਤੇ ਤਿੰਨ ਦਿਨਾਂ ਪਿਛੋਂ ਉਹਨਾਂ ਦੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਸੀ। 
ਜੀਵਨ ਭਰ ਪੰਡਿਤ ਕਿਸ਼ੋਰੀ ਲਾਲ ਸੀ.ਪੀ.ਆਈ.(ਐਮ) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਸਨ। ਆਪ ਕਈ ਸਾਲ ਮਜ਼ਦੂਰਾਂ ਦੀ ਲੜਾਕੂ ਜਥੇਬੰਦੀ ਸੀ.ਆਈ.ਟੀ.ਯੂ. ਦੇ ਪ੍ਰਧਾਨ ਵੀ ਰਹੇ। 
2 ਅਗਸਤ 1990 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਡਿਤ ਕਿਸ਼ੋਰੀ ਲਾਲ ਦਾ ਸ਼ਰਧਾਂਜਲੀ ਸਮਾਗਮ ਹੋਇਆ ਸੀ। ਇਸ ਮੌਕੇ ਉਤੇ 'ਰੋਜ਼ਾਨਾ ਲੋਕ ਲਹਿਰ' ਵਲੋਂ ਪੰਡਿਤ ਕਿਸ਼ੋਰੀ ਲਾਲ ਅੰਕ ਕੱਢਿਆ ਗਿਆ ਸੀ। ਉਸ ਅੰਕ ਵਿਚ ਪੰਡਿਤ ਕਿਸ਼ੋਰੀ ਲਾਲ ਦੇ ਜੀਵਨ ਅਤੇ ਸਰਗਰਮੀਆਂ ਸਬੰਧੀ ਕੋਈ ਇਕ ਦਰਜਨ ਦੇ ਕਰੀਬ ਲੇਖ ਛਪੇ ਸਨ ਜਿਨ੍ਹਾਂ ਵਿਚ ਉਹਨਾਂ ਦੀ ਸ਼ਖਸ਼ੀਅਤ ਉਹਨਾਂ ਦੇ ਇਨਕਲਾਬੀ ਜਜ਼ਬੇ, ਸਿਰੜ ਅਤੇ ਹੋਰ ਕਿਸੇ ਗੁਣਾਂ ਨੂੰ ਉਜਾਗਰ ਕੀਤਾ ਗਿਆ ਸੀ। 

ਲੋਕ ਮੁੱਦਿਆਂ ਤੋਂ ਸੱਖਣੀਆਂ ਰਹੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ

ਇੰਦਰਜੀਤ ਚੁਗਾਵਾਂ

ਗਰਦ ਬੈਠ ਰਹੀ ਹੈ। ਪਿਛਲਾ ਪੂਰਾ ਮਹੀਨਾਂ ਬਾਦਲਾਂ ਦੇ ਬੱਦਲਾਂ ਦੀਆਂ ਬੇਚੈਨ ਕਰ ਦੇਣ ਵਾਲੀਆਂ ਸਰਗਰਮੀਆਂ, ਰਾਜਿਆਂ-ਮਹਾਰਾਜਿਆਂ ਦੀਆਂ ਅੱਖੜ ਬੋਲੀਆਂ ਤੋਂ ਥੋੜ੍ਹਾ ਰਾਹਤ ਮਿਲੀ ਹੈ। ਵੈਸੇ ਤਾਂ ਸਰਮਾਏਦਾਰੀ ਪ੍ਰਬੰਧ ਵਿਚ ਜਨਸਧਾਰਨ ਦੇ ਮੁੱਦੇ ਕਦੇ ਵੀ ਸਹੀ ਢੰਗ ਨਾਲ ਉਭਰਨ ਨਹੀਂ ਦਿੱਤੇ ਜਾਂਦੇ ਤੇ ਜੇ ਕੋਈ ਮੁੱਦਾ ਜਬਰਦਸਤ ਰੋਹ ਕਾਰਨ ਉਭਰ ਵੀ ਆਵੇ ਤਾਂ ਉਸ ਲੋਕ ਰੋਹ ਨੂੰ ਕੁਰਾਹੇ ਪਾਉਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ਦੌਰਾਨ ਕੋਈ ਵੀ ਅਸਲ ਲੋਕ ਮੁੱਦਾ ਉਭਰਨ ਹੀ ਨਹੀਂ ਦਿੱਤਾ ਗਿਆ। 
ਪੰਜਾਬ ਦੀ ਸੱਤਾਧਾਰੀ ਧਿਰ ਅਕਾਲੀ-ਭਾਜਪਾ ਗਠਜੋੜ ਨੇ ਸੂਬੇ ਵਿਚ ਚੋਣਾਂ ਦੌਰਾਨ ਜਿੱਥੇ ਵੀ ਕੋਈ ਰੈਲੀ ਕੀਤੀ, ਉਥੇ ਉਨ੍ਹਾਂ ਕੇਵਲ ਮੋਦੀ ਰਾਗ ਹੀ ਅਲਾਪਿਆ, ਲੋਕਾਂ ਅੱਗੇ ਮੋਦੀ ਨੂੰ ਇਕ ਜਾਦੂਗਰ ਵਾਂਗ ਪੇਸ਼ ਕੀਤਾ ਗਿਆ। ਹਰ ਸਟੇਜ ਤੋਂ ਇਹੀ ਕਿਹਾ ਗਿਆ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਣ ਲੈਣ ਦਿਓ, ਪੰਜਾਬ ਦੇ ਵਾਰੇ ਨਿਆਰੇ ਹੋ ਜਾਣਗੇ। ਗੋਧਰਾ ਕਾਂਡ ਤੋਂ ਬਾਅਦ ਭੜਕੇ ਮੁਸਲਿਮ ਵਿਰੋਧੀ ਦੰਗਿਆਂ ਦੌਰਾਨ ਆਪਣਾ ਰਾਜ ਧਰਮ ਨਾ ਨਿਭਾਉਣ ਦੇ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਦਾ ਦਾਗ ਮੱਥੇ 'ਤੇ ਲਈ ਫਿਰਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵਿਕਾਸ ਪੁਰਸ਼ ਵਜੋਂ ਪੇਸ਼ ਕੀਤਾ ਗਿਆ। ਉਸ ਦੇ 'ਗੁਜਰਾਤ ਮਾਡਲ' ਵਿਕਾਸ ਨੂੰ ਸੂਬੇ 'ਚ ਲਿਆਉਣ ਦੀਆਂ ਗੱਲਾਂ ਕੀਤੀਆਂ ਗਈਆਂ। 
ਉਹਨਾਂ ਇਹ ਨਹੀਂ ਦੱਸਿਆ ਕਿ ਆਪਣੀ ਹਕੂਮਤ ਦੇ ਪਿਛਲੇ ਸੱਤ ਵਰ੍ਹਿਆਂ ਦੌਰਾਨ ਕਿਹੜਾ ਵਿਕਾਸ ਕਾਰਜ ਸੂਬੇ ਅੰਦਰ ਹੋਇਆ ਹੈ ਜਾਂ ਰੁਜ਼ਗਾਰ ਦੇ ਕਿੰਨੇ ਮੌਕੇ ਸਿਰਜੇ ਗਏ ਹਨ? 
ਕੌਣ ਨਹੀਂ ਜਾਣਦਾ ਕਿ ਪਿਛਲੇ ਸੱਤ ਵਰ੍ਹਿਆਂ ਦੌਰਾਨ ਸ਼ਾਇਦ ਹੀ ਕੋਈ ਅਜਿਹਾ ਹਫਤਾ ਲੰਘਿਆ ਹੋਵੇ ਜਿਸ ਵਿਚ ਪੜ੍ਹ ਲਿਖ ਕੇ ਨੌਕਰੀਆਂ ਦੀ ਮੰਗ ਕਰਦੇ ਬੇਰੁਜ਼ਗਾਰ ਨੌਜਵਾਨਾਂ ਨੇ ਸਰਕਾਰ ਵਿਰੁੱਧ ਪਿੱਟ ਸਿਆਪਾ ਨਾ ਕੀਤਾ ਹੋਵੇ। ਆਪਣੀ ਦੁਰਦਸ਼ਾ ਵੱਲ ਧਿਆਨ ਖਿੱਚਣ ਲਈ ਇਨ੍ਹਾਂ ਬੇਰੁਜ਼ਗਾਰਾਂ ਨੂੰ ਵਾਰ ਵਾਰ ਟੈਂਕੀਆਂ 'ਤੇ ਚੜ੍ਹਨਾ ਪਿਆ। ਨਿਰਾਸ਼ਾ ਦੇ ਇਸ ਆਲਮ 'ਚ ਕੁੱਝ ਇਕ ਨੇ ਤਾਂ ਆਤਮ ਹੱਤਿਆ ਵੀ ਕਰ ਲਈ। ਹੰਗਾਮੇ ਨੂੰ ਸ਼ਾਂਤ ਕਰਨ ਲਈ ਆਤਮ ਹੱਤਿਆ ਕਰਨ ਵਾਲੇ ਨੌਜਵਾਨਾਂ ਦੇ ਪਰਵਾਰਾਂ ਨੂੰ ਥੋੜ੍ਹੇ ਬਹੁਤ ਮੁਆਵਜ਼ੇ ਅਤੇ ਪਰਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦਾ ਐਲਾਨ ਕੀਤਾ ਜਾਂਦਾ ਰਿਹਾ। ਇਸ ਤਰ੍ਹਾਂ ਦੇ ਭਰੋਸਿਆਂ ਦੀ ਸਿਆਸਤ ਨਾਲ ਉਨ੍ਹਾਂ ਦੇ ਅੰਦੋਲਨਾਂ ਨੂੰ ਵਰਗਲਾਇਆ ਜਾਂਦਾ ਰਿਹਾ। ਇੰਨਾ ਕੁੱਝ ਹੋਣ ਦੇ ਬਾਵਜੂਦ ਰੁਜ਼ਗਾਰ ਦਾ ਇਹ ਮੁੱਦਾ ਚੋਣਾਂ ਦੌਰਾਨ ਪੂਰੀ ਤਰ੍ਹਾਂ ਨੱਪ ਦਿੱਤਾ ਗਿਆ। ਐਪਰ, ਬੇਰੁਜ਼ਗਾਰ ਤਾਂ ਆਪਣੇ ਬੁਨਿਆਦੀ ਮੁੱਦੇ ਨੂੰ ਨਹੀਂ ਭੁਲ ਸਕਦੇ। ਉਹਨਾਂ ਬਹੁਤ ਸਾਰੀਆਂ ਥਾਵਾਂ 'ਤੇ ਕਾਲੇ ਝੰਡੇ ਲੈ ਕੇ ਮੁਜ਼ਾਹਰੇ ਵੀ ਕੀਤੇ, ਘਿਰਾਓ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਕਈ ਪਿੰਡਾਂ 'ਚ ਸਮੂਹਕ ਰੂਪ ਵਿਚ ਮੰਤਰੀਆਂ ਦੇ ਵਿਰੋਧ ਦਾ ਪ੍ਰਗਟਾਵਾ ਵੀ ਹੋਇਆ ਹੈ। 
ਨਰੇਗਾ ਅਧੀਨ ਮਿਲਣ ਵਾਲੀ ਗ੍ਰਾਂਟ ਦੀ ਰਕਮ 'ਚ ਘਪਲੇ ਅਖਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਹਨ ਪਰ ਚੋਣਾਂ ਦੌਰਾਨ ਦਿਹਾਤੀ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਮੁੱਦੇ ਦਾ ਜ਼ਿਕਰ ਤੱਕ .ਨਹੀਂ ਹੋਇਆ। ਅਕਾਲੀ-ਭਾਜਪਾ ਗਠਜੋੜ ਜਾਂ ਕਾਂਗਰਸ ਕਿਸੇ ਨੂੰ ਵੀ ਪਿੰਡਾਂ 'ਚ ਵੱਸਦੇ ਕਾਮਿਆਂ ਦੀ ਰੋਟੀ-ਰੋਜ਼ੀ ਦੇ ਵਸੀਲੇ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਦੀ ਗੱਲ ਕਰਨ ਦਾ ਖਿਆਲ ਤੱਕ ਨਹੀਂ ਆਇਆ। ਸ਼ਹਿਰਾਂ 'ਚ ਜਾਇਦਾਦ 'ਤੇ ਟੈਕਸ ਦੇ ਐਲਾਨ ਨੇ ਲੋਕਾਂ ਨੂੰ ਤਪਾ ਕੇ ਰੱਖ ਦਿੱਤਾ ਹੈ। ਲੋਕ ਆਪਣੇ ਹੀ ਘਰਾਂ 'ਚ ਕਿਰਾਏਦਾਰ ਬਣਕੇ ਰਹਿ ਗਏ ਹਨ। ਜਦ ਇਹ ਟੈਕਸ ਲਾਗੂ ਹੋਇਆ ਸੀ ਤਾਂ ਅਕਾਲੀ-ਭਾਜਪਾ ਸਰਕਾਰ ਕੇਂਦਰ 'ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਦੋਸ਼ੀ ਠਹਿਰਾਉਂਦੀ ਰਹੀ ਅਤੇ ਕਾਂਗਰਸ, ਅਕਾਲੀ-ਭਾਜਪਾ ਸਰਕਾਰ ਨੂੰ। ਇਸ ਮੁੱਦੇ ਨੂੰ ਲੈ ਕੇ ਲੋਕਾਂ 'ਚ ਜਬਰਦਸਤ ਰੋਸ ਹੈ। ਚੋਣ ਮੁਹਿੰਮ ਦੌਰਾਨ ਦੋਹਾਂ ਧਿਰਾਂ ਨੇ ਇਸ ਮੁੱਦੇ ਨੂੰ ਲੈ ਕੇ ਇਕ ਦੂਸਰੇ 'ਤੇ ਚਿੱਕੜ ਉਛਾਲੀ ਤਾਂ ਜ਼ਰੂਰ ਕੀਤੀ ਪਰ ਲੋਕਾਂ ਨੂੰ ਰਾਹਤ ਦੇਣ ਦਾ ਕੋਈ ਭਰੋਸਾ ਨਹੀਂ ਦੁਆਇਆ। 
ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹੱਥੀਂ ਕਿਰਤ ਕਰਨ ਵਾਲੇ ਬੰਦੇ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਇਕ ਵੱਡਾ ਸੰਘਰਸ਼ ਬਣ ਗਿਆ ਹੈ। ਅਗਲੇ ਦਿਨ ਚੁੱਲ੍ਹਾ ਬਲੇਗਾ ਜਾਂ ਨਹੀਂ, ਜੇ ਬਲੇਗਾ ਵੀ ਤਾਂ ਉਹ ਸਮੁੱਚੇ ਪਰਵਾਰ ਦਾ ਪੇਟ ਭਰੇਗਾ ਜਾਂ ਨਹੀਂ, ਇਹ ਇਕ ਅਜਿਹਾ ਚੁੰਭਵਾਂ ਸਵਾਲ ਹੈ ਜਿਸ ਦਾ ਇਕ ਕਿਰਤੀ ਬੰਦੇ ਨੂੰ ਹਰ ਰੋਜ਼ ਸਾਹਮਣਾ ਕਰਨਾ ਪੈਂਦਾ ਹੈ। ਪਰ ਅਸ਼ਕੇ ਜਾਈਏ ਬਾਦਲਾਂ ਦੇ ਤੇ ਮਹਾਰਾਜੇ (ਕੈਪਟਨ ਅਮਰਿੰਦਰ ਸਿੰਘ) ਦੇ, ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਮਹਿੰਗਾਈ ਰੁਕੇਗੀ ਵੀ ਜਾਂ ਨਹੀਂ ਤੇ ਜੇ ਰੁਕੇਗੀ ਤਾਂ ਕਿਵੇਂ ਰੁਕੇਗੀ। 
ਰੇਤ/ਬੱਜਰੀ ਮਾਫੀਆ ਦੀ ਹਨੇਰਗਰਦੀ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਹੱਕ ਹਲਾਲ ਦੀ ਕਮਾਈ ਨਾਲ ਚਾਰ ਇੱਟਾਂ ਖੜੀਆਂ ਕਰਨੀਆਂ ਹੁਣ ਕੋਈ ਖਾਲਾ ਜੀ ਦਾ ਵਾੜਾ ਨਹੀਂ। ਰੇਤ ਬੱਜਰੀ ਦੇ ਭਾਅ ਸੀਮੈਂਟ ਨੂੰ ਮਾਤ ਦੇ ਰਹੇ ਹਨ। ਸੱਤਾਧਾਰੀ ਲੋਕਾਂ ਨੂੰ ਇਹ ਦੱਸਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਕਿ ਰੇਤ-ਬੱਜਰੀ ਕਿੱਥੇ ਚਲੀ ਗਈ ਹੈ, ਉਸ ਦੇ ਭਾਅ ਹੇਠਾਂ ਆਉਣਗੇ ਜਾਂ ਹੋਰ ਉਪਰ ਜਾਣਗੇ। 
ਸੜਕ ਤੇ ਪਾਣੀ ਨਾਲ ਹਰ ਬੰਦੇ ਦਾ ਵਾਹ ਪੈਂਦਾ ਹੀ ਪੈਂਦਾ ਹੈ। ਪਾਣੀ ਜ਼ਿੰਦਗੀ ਦਾ ਆਧਾਰ ਹੈ ਤੇ ਸੜਕ ਸਮਾਜ ਦੀ ਤਰੱਕੀ ਦਾ ਆਧਾਰ ਹੈ। ਜਿਸ ਥਾਂ ਪੀਣਯੋਗ ਸਾਫ ਪਾਣੀ ਨਹੀਂ, ਉਹ ਥਾਂ ਮਨੁੱਖਾਂ ਦੇ ਰਹਿਣਯੋਗ ਨਹੀਂ ਮੰਨੀ ਜਾ ਸਕਦੀ ਤੇ ਜਿਸ ਇਲਾਕੇ 'ਚ ਸੜਕ ਨਹੀਂ, ਉਹ ਤਰੱਕੀ ਕਰਨ ਦਾ ਖਿਆਲ ਵੀ ਨਹੀਂ ਕਰ ਸਕਦਾ। ਇਸ ਵੇਲੇ ਹਾਲਤ ਇਹ ਹੈ ਕਿ ਕੋਈ ਵਿਰਲਾ ਟਾਵਾਂ ਪਿੰਡ ਹੀ ਹੋਵੇਗਾ ਜਿਸ ਦੀ ਸੜਕ ਦੀ ਹਾਲਤ ਵਧੀਆ ਹੋਵੇਗੀ। ਟੋਏ ਪਏ ਹੋਏ ਹਨ ਸੜਕਾਂ 'ਚ। ਕਈ ਥਾਵਾਂ 'ਤੇ ਤਾਂ ਸੜਕ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ। ਇਹੋ ਹਾਲਤ ਪਾਣੀ ਨੂੰ ਲੈ ਕੇ ਹੈ। ਸੂਬੇ ਦਾ ਕੋਈ ਵੀ ਪਿੰਡ-ਸ਼ਹਿਰ ਇਹੋ ਜਿਹਾ ਨਹੀਂ ਜਿਸ ਦਾ ਪਾਣੀ ਪੀਣਯੋਗ ਹੋਵੇ। ਸ਼ਹਿਰਾਂ ਦਾ ਗੰਦਾ ਨਿਕਾਸੀ ਪਾਣੀ ਬੇਰੋਕ ਦਰਿਆਵਾਂ 'ਚ ਜਾ ਰਿਹਾ ਹੈ ਜਿਸ ਨੇ ਜ਼ਮੀਨ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਉਹ ਪੀਣ ਦੇ ਕਾਬਲ ਨਹੀਂ ਰਿਹਾ। ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ। ਪੰਜ ਦਰਿਆਵਾਂ ਦੀ ਧਰਤੀ, ਪੰਜਾਬ, ਹੁਣ ਜ਼ਹਿਰੀਲੇ ਪਾਣੀ ਦੀ ਧਰਤੀ 'ਚ ਵਟ ਰਿਹਾ ਹੈ। ਸੜਕਾਂ 'ਤੇ ਪਾਣੀ ਦੇ ਦੋਵੇਂ ਬੁਨਿਆਦੀ ਮੁੱਦੇ ਚੋਣਾਂ ਦੇ ਹੋ ਹੱਲੇ 'ਚ ਗਾਇਬ ਕਰ ਦਿੱਤੇ ਗਏ। 
ਇਹ ਗੱਲ ਸਭ ਨੂੰ ਪਤਾ ਹੈ ਕਿ ਪੰਜਾਬ ਇਕ ਖੇਤੀ ਅਧਾਰਤ ਸੂਬਾ ਹੈ। ਇਸ ਦੀ ਵਸੋਂ ਦਾ ਵੱਡਾ ਹਿੱਸਾ ਖੇਤੀ ਅਤੇ ਖੇਤੀ ਅਧਾਰਤ ਧੰਦਿਆਂ ਦੇ ਸਿਰ 'ਤੇ ਜੀਵਨ ਬਸਰ ਕਰ ਰਿਹਾ ਹੈ। ਖੇਤੀ 'ਚ ਵਰਤੀਆਂ ਜਾਣ ਵਾਲੀਆਂ ਵਸਤਾਂ, ਖਾਦਾਂ, ਦਵਾਈਆਂ, ਡੀਜ਼ਲ ਆਦਿ ਦੀਆਂ ਕੀਮਤਾਂ 'ਤੇ ਕੋਈ ਕੰਟਰੋਲ ਨਹੀਂ ਹੈ, ਉਹ ਲਗਾਤਾਰ ਵਧੀ ਜਾ ਰਹੀਆਂ ਹਨ ਪਰ ਕਿਸਾਨੀ ਉਪਜ ਦੇ ਮੰਡੀਕਰਨ ਦੀ ਕੋਈ ਭਰੋਸੇਯੋਗ ਵਿਵਸਥਾ ਨਹੀਂ ਹੈ। ਫਸਲਾਂ ਦੇ ਲਾਹੇਵੰਦ ਭਾਅ ਤੇ ਉਨ੍ਹਾਂ ਦੀ ਵੇਲੇ ਸਿਰ ਖਰੀਦ ਦੇ ਮੁੱਦੇ ਨੂੰ ਵਿਸਾਰ ਹੀ ਦਿੱਤਾ ਗਿਆ। ਖੇਤ ਮਜ਼ਦੂਰਾਂ ਦੀ ਹਾਲਤ ਵੀ ਪਾਣੀਓ ਪਤਲੀ ਹੈ। ਸਾਲ ਭਰ ਟਿਕਾਊ ਰੁਜ਼ਗਾਰ ਦੀ ਅਣਹੋਂਦ ਕਾਰਨ ਉਹ ਵੀ ਕਰਜ਼ੇ ਦੀ ਲਪੇਟ 'ਚ ਹੈ। ਉਸ ਕੋਲ ਸਨਮਾਨਜਨਕ ਜ਼ਿੰਦਗੀ ਜਿਊਣ ਵਾਸਤੇ ਸਿਰ ਢੱਕਣ ਲਈ ਛੱਤ ਵੀ ਨਹੀਂ ਹੈ। ਇਨ੍ਹਾਂ ਨਿਰਆਸਰਿਆਂ ਵੱਲ ਵੀ ਕਿਸੇ ਨੇ ਨਹੀਂ ਤੱਕਿਆ। 
ਇਸੇ ਤਰ੍ਹਾਂ ਸੂਬੇ 'ਚੋਂ ਲੰਘਦੇ ਦਰਿਆਈ ਪਾਣੀਆਂ 'ਚੋਂ ਪੰਜਾਬ ਦੇ ਬਣਦੇ ਹਿੱਸੇ, ਨਹਿਰੀ ਪ੍ਰਬੰਧ ਦੇ ਨਵੀਨੀਕਰਨ ਰਾਹੀਂ ਸਿੰਚਾਈ ਵਿਵਸਥਾ 'ਚ ਸੁਧਾਰ, ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ 'ਤੇ ਪੰਜਾਬ ਦੇ ਬਣਦੇ ਵਾਜਬ ਹੱਕ ਦੇ ਮੁੱਦੇ ਤਾਂ ਅਸਲੋਂ ਹੀ ਨਿਗੂਣੇ ਬਣਾ ਕੇ ਰੱਖ ਦਿੱਤੇ ਗਏ। ਹਾਂ, ਇਕ ਕੰਮ ਇਹਨਾਂ ਚੋਣਾਂ 'ਚ ਜ਼ਰੂਰ ਹੋਇਆ ਹੈ। ਉਹ ਹੈ ਦੱਬੇ ਮੁਰਦੇ ਉਖਾੜਨ ਦਾ। 1984 ਦੇ ਸਿੱਖ ਵਿਰੋਧੀ ਦੰਗੇ ਸਮੁੱਚੇ ਭਾਰਤ ਹੀ ਨਹੀਂ, ਸਗੋਂ ਮਨੁੱਖ ਜਾਤੀ ਦੇ ਚਿਹਰੇ ਦੇ ਬਦਨਾਮ ਦਾਗ ਹਨ। ਪੂਰੇ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਢਾਇਆ ਹੈ। ਇਹ ਹੁਣ ਕੋਈ ਲੁਕੀ ਛੁਪੀ ਗੱਲ ਨਹੀਂ ਕਿ 'ਨੀਲਾ ਤਾਰਾ ਕਾਰਵਾਈ', ਉਸ ਤੋਂ ਬਾਅਦ ਵਾਪਰੇ ਸਿੱਖ ਵਿਰੋਧੀ ਦੰਗਿਆਂ ਤੇ ਫਿਰ ਪੰਜਾਬ 'ਚ ਝੁੱਲੀ ਅੱਤਵਾਦ ਦੀ ਹਨੇਰੀ ਲਈ ਕਾਂਗਰਸ ਤੇ ਨਾ ਅਕਾਲੀ ਦਲ ਆਪਣੀ ਜੁੰਮੇਵਾਰੀ ਤੋਂ ਬਚ ਸਕਦੇ ਹਨ। ਇਸ ਸਬੰਧ ਵਿਚ ਬਹੁਤ ਕੁੱਝ ਸਾਹਮਣੇ ਆ ਚੁੱਕਾ ਹੈ। ਇਹ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਜਿਸ ਨੂੰ ਚੋਣ ਮੁੱਦਾ ਬਣਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਸੀ। ਅਜਿਹਾ ਕਰਕੇ ਇਕ ਤਰ੍ਹਾਂ ਨਾਲ ਪੰਜਾਬ ਦਾ ਮਾਹੌਲ ਮੁੜ ਵਿਗਾੜਨ ਦੀ ਕੋਸ਼ਿਸ਼ ਹੀ ਕੀਤੀ ਗਈ ਹੈ। 
ਭਖਵੇਂ ਚੋਣ ਮਾਹੌਲ 'ਚ ਪਟਕੇ ਦੀਆਂ ਦਾਅਵੇਦਾਰ ਦੋ ਪ੍ਰਮੁੱਖ ਧਿਰਾਂ ਦੇ ਆਗੂਆਂ ਦੀ ਬੋਲੀ ਵੀ ਨੋਟ ਕਰਨ ਵਾਲੀ ਸੀ। 'ਪੁੱਠੇ ਲਟਕਾਉਣ', 'ਧੋਣ ਨੱਪਣ', 'ਪੂਛ ਮਰੋੜਨ', 'ਤੁੰਨ ਕੇ ਰੱਖ ਦੇਣ' ਵਰਗੀ ਭਾਸ਼ਾ ਤੋਂ ਇਹ ਨਹੀਂ ਜਾਪਿਆ ਕਿ ਇਹ ਲਫ਼ਜ਼ ਕਿਸੇ ਪੜ੍ਹੇ ਲਿਖੇ, ਸਮਝਦਾਰ ਸੱਭਿਅਕ ਸ਼ਖਸ਼ ਵਲੋਂ ਵਰਤੇ ਗਏ ਹੋਣਗੇ। ਕੋਈ ਅਨਪੜ੍ਹ, ਗਵਾਰ, ਸਮਾਜੀ ਜੀਵਨ ਤੋਂ ਕੋਹਾਂ ਦੂਰ ਰਹਿਣ ਵਾਲਾ ਅਜਿਹੇ ਲਫਜ਼ ਵਰਤ ਲਵੇ ਤਾਂ ਉਸ ਵਿਚ ਉਸਦਾ ਕੋਈ ਕਸੂਰ ਨਹੀਂ ਕਿਹਾ ਜਾਵੇਗਾ ਪਰ ਜੇ ਕੋਈ ਮੁੱਖ ਮੰਤਰੀ ਜਾਂ ਮੰਤਰੀ ਦੇ ਰੁਤਬੇ ਵਾਲਾ ਵਿਅਕਤੀ ਅਜਿਹਾ ਕਰੇ ਤਾਂ ਹੈਰਾਨੀ ਤਾਂ ਉਹਨਾਂ ਪਾਰਟੀਆਂ 'ਤੇ ਹੁੰਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਆਗੂ ਚੁਣਿਆ ਹੋਇਆ ਹੈ ਅਤੇ ਉਨ੍ਹਾਂ ਲੋਕਾਂ 'ਤੇ ਵੀ ਜਿਹੜੇ ਉਹਨਾਂ  ਨੂੰ ਆਪਣੇ ਆਗੂ ਮੰਨ ਕੇ ਚੱਲ ਰਹੇ ਹਨ : 
ਅਜਿਹਾ ਨਹੀਂ ਹੈ ਕਿ ਸੱਤਾ ਦੀਆਂ ਦਾਅਵੇਦਾਰ ਧਿਰਾਂ ਵਲੋਂ ਅਸਲ ਮੁੱਦੇ ਵਿਸਾਰੇ ਜਾਣ 'ਤੇ ਲੋਕ ਚੁੱਪ ਕਰਕੇ ਬੈਠੇ ਰਹੇ ਹੋਣਗੇ। ਨਹੀਂ, ਲੋਕਾਂ 'ਚ ਬਹੁਤ ਗੁੱਸਾ ਸੀ। ਸੂਬੇ ਦੀ ਸੱਤਾਧਾਰੀ ਧਿਰ ਵਲੋਂ ਜਿਸ ਤਰ੍ਹਾਂ ਮੋਦੀ ਨੂੰ ਹੀ ਸਭਨਾਂ ਰੋਗਾਂ ਦਾ ਦਾਰੂ ਬਣਾ ਕੇ ਪੇਸ਼ ਕੀਤਾ ਗਿਆ, ਉਹ ਲੋਕਾਂ ਨੂੰ ਪਚਿਆ ਨਹੀਂ। ਚੋਣਾਂ ਦੌਰਾਨ ਉਨ੍ਹ੍ਰਾਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਇਸ ਰੋਹ ਪ੍ਰਗਟਾਵੇ ਦਾ ਫਾਇਦਾ ਕਿਸ ਧਿਰ ਨੂੰ ਪੁੱਜਾ ਹੋਵੇਗਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਵੇਗਾ ਪਰ ਇਹ ਗੱਲ ਜ਼ਰੂਰ ਹੈ ਕਿ ਇਹ ਚੋਣ ਨਤੀਜੇ ਹੋਣਗੇ ਸਿਰਫ ਗੁੱਸੇ ਦਾ ਪ੍ਰਗਟਾਵਾ ਹੀ। ਇਹ ਕਿਸੇ ਦੇ ਪੱਖ 'ਚ ਵਗੀ ਹਵਾ ਦਾ ਨਹੀਂ, ਵਿਰੋਧ 'ਚ ਵਗੀ ਹਵਾ ਦਾ ਪ੍ਰਗਟਾਵਾ ਜ਼ਰੂਰ ਹੋਣਗੇ। ਜੇ ਇਸ ਦਾ ਫਾਇਦਾ ਕਾਂਗਰਸ ਨੂੰ ਪੁੱਜ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਕਾਂਗਰਸ ਬਹੁਤ ਚੰਗੀ ਹੈ। ਇਸ ਦਾ ਮਤਲਬ ਇਹੀ ਹੋਵੇਗਾ ਕਿ ਲੋਕਾਂ ਨੇ ਪਿਛਲੇ ਸੱਤ ਸਾਲਾਂ 'ਚ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਦਾ ਬਦਲਾ ਅਕਾਲੀ-ਭਾਜਪਾ ਗਠਜੋੜ ਕੋਲੋਂ ਲਿਆ ਹੈ। ਕਿਉਂਕਿ 60 ਸਾਲ ਦੇਸ਼ 'ਤੇ ਹਕੂਮਤ ਕਰਨ ਵਾਲੀ ਕਾਂਗਰਸ ਦੇ ਰਾਜ ਦੌਰਾਨ ਵੀ ਪੰਜਾਬ ਅੰਦਰ ਲੋਕਾਂ ਦਾ ਘਾਣ ਹੀ ਹੁੰਦਾ ਰਿਹਾ ਹੈ। ਪੰਜਾਬ ਦਾ ਕੋਈ ਵੀ ਮਸਲਾ ਕਾਂਗਰਸ ਹੱਲ ਨਹੀਂ ਕਰਵਾ ਸਕੀ। 
ਇਹਨਾਂ ਚੋਣਾਂ ਦੌਰਾਨ ਸੂਬੇ 'ਚ ਜੇ ਕੁੱਝ ਚੰਗਾ ਵਾਪਰਿਆ ਹੈ ਤਾਂ ਉਹ ਇਹ ਕਿ ਖੱਬੀ ਧਿਰ ਦੀਆਂ ਪਾਰਟੀਆਂ ਇਕ ਦੂਸਰੇ ਦੇ ਥੋੜ੍ਹਾ ਨੇੜੇ ਜ਼ਰੂਰ ਆਈਆਂ ਹਨ। ਆਉਣ ਵਾਲੇ ਸਮੇਂ ਲਈ ਇਹ ਇਕ ਸ਼ੁਭ ਸ਼ਗਨ ਹੈ। ਕਿਰਤੀ ਜਮਾਤ ਦੇ ਮੁੱਦੇ, ਉਸਦੇ ਭਖਦੇ ਮਸਲਿਆਂ ਦੇ ਹੱਲ ਲਈ ਆਉਣ ਵਾਲਾ ਸਮਾਂ ਮੰਗ ਕਰਦਾ ਹੈ ਕਿ ਖੱਬੀ ਧਿਰ 'ਚ ਸ਼ਾਮਲ ਪਾਰਟੀਆਂ ਆਪੋ ਆਪਣੇ ਵਿਚਾਰਧਾਰਕ ਮਤਭੇਦਾਂ ਨੂੰ ਕਾਇਮ ਰੱਖਦੇ ਹੋਏ ਲੋਕਾਂ ਦੇ ਭੱਖਦੇ ਮਸਲਿਆਂ ਦੇ ਹੱਲ ਲਈ ਇਕ ਵਿਆਪਕ ਘੋਲ ਵਾਸਤੇ, ਇਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਅਧੀਨ ਇਕ ਸਾਂਝੇ ਪਲੇਟਫਾਰਮ 'ਤੇ ਇਕੱਠੀਆਂ ਹੋਣ। ਇਹਨਾਂ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ 'ਚ ਪੈਦਾ ਹੋਈ ਨੇੜਤਾ ਇਸ ਪਾਸੇ ਵੱਲ ਇਕ ਸ਼ੁਭ ਸੰਕੇਤ ਹੈ। ਇਸ ਨੇੜਤਾ ਨੂੰ ਹੋਰ ਪੱਕੇ ਪੈਰੀਂ ਕਰਨ ਦੀ ਲੋੜ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ ਇਹ ਪੰਜਾਬ ਦੇ ਰਾਜਨੀਤਕ ਮੁਹਾਂਦਰੇ ਨੂੰ ਬਦਲਣ ਦਾ ਲਾਜ਼ਮੀ ਹੀ ਸਬੱਬ ਬਣੇਗਾ। 

ਭਾਰਤੀ ਲੋਕਤੰਤਰ ਦਾ ਉਭਾਰ ਜਾਂ ਨਿਘਾਰ ?

ਡਾ. ਤੇਜਿੰਦਰ ਵਿਰਲੀ

ਦੇਸ਼ 16 ਵੀਆਂ ਲੋਕ ਸਭਾਈ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ। ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਕਿਸ ਪਾਸੇ ਵੱਲ ਜਾ ਰਿਹਾ ਹੈ? ਕੀ ਇਹ ਆਪਣੇ ਉਭਾਰ ਵੱਲ ਜਾ ਰਿਹਾ ਹੈ? ਜਾਂ ਨਿਘਾਰ ਵੱਲ ? ਕਈ ਕਿਸਮ ਦੇ ਗੰਭੀਰ ਸਵਾਲ ਮੂੰਹ ਅੱਡੀ ਖੜ੍ਹੇ ਹਨ। ਜਿਨ੍ਹਾਂ ਤੋਂ ਨਾ ਤਾਂ ਪਾਸਾ ਵੱਟ ਕੇ  ਲੰਘਿਆ ਜਾ ਸਕਦਾ ਹੈ ਤੇ ਨਾ ਹੀ ਉਨ੍ਹਾਂ ਦੇ ਜਵਾਬ ਤਲਾਸ਼ਣ ਦੇ ਸਮੇਂ ਨੂੰ ਮੁਲਤਵੀ ਹੀ ਕੀਤਾ ਜਾ ਸਕਦਾ ਹੈ। ਅੱਜ ਜੇ ਅਸੀਂ ਅਜਿਹਾ ਕਰਦੇ ਹਾਂ ਤਾਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹੋਵਾਂਗੇ। ਇਸ ਗਲਤੀ ਲਈ ਇਤਿਹਾਸ ਸਾਨੂੰ ਕਦੀ ਵੀ ਮੁਆਫ ਨਹੀਂ ਕਰੇਗਾ।
ਜਦੋਂ ਭਾਰਤ ਨੇ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਲੜੀਆਂ ਸਨ ਉਸ ਸਮੇਂ ਭਾਰਤ ਲਈ ਲੋਕਤੰਤਰੀ ਪ੍ਰਣਾਲੀ ਨੂੰ ਗ੍ਰਹਿਣ ਕਰਨਾ ਇਕ ਅਹਿਮ ਪ੍ਰਾਪਤੀ ਸੀ। ਇਸ ਲਈ ਉਸ ਸਮੇਂ ਨੂੰ ਭਵਿੱਖ ਦੇ ਚੰਗੇ ਸੰਭਾਵੀ ਨਤੀਜਿਆਂ ਨਾਲ ਜੋੜਕੇ ਦੇਖਿਆ ਗਿਆ ਸੀ। ਜਿਵੇਂ ਕਿ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਹੀ ਇਹ ਐਲਾਨ ਕਰਦੀ ਹੈ ਕਿ- ''ਅਸੀਂ ਭਾਰਤੀ ਲੋਕ ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਸਥਾਪਿਤ ਕਰਨ. . . . .''। ਉਸ ਵਕਤ ਤਾਂ ਭਵਿੱਖ ਨੂੰ ਆਸ ਦੀ ਕਿਰਨ ਦੇ ਨਾਲ ਹੀ ਦੇਖਣਾ ਚਾਹੀਦਾ ਸੀ ਪਰ ਅੱਜ ਵਕਤ ਆ ਗਿਆ ਹੈ ਛੇ ਦਹਾਕਿਆਂ ਦੇ ਵਿਕਾਸ ਜਾਂ ਵਿਨਾਸ਼  ਨੂੰ ਪ੍ਰਾਪਤੀ ਤੇ ਅਪ੍ਰਾਪਤੀ ਦੇ ਗਜ਼ਾਂ ਦੇ ਨਾਲ ਮਾਪਿਆ ਜਾਵੇ। ਕਿਉਂਕਿ ਛੇ ਦਹਾਕਿਆਂ ਦਾ ਸਮਾਂ ਕੋਈ ਨਿੱਕਾ ਜਿਹਾ ਸਮਾਂ ਨਹੀਂ ਹੁੰਦਾ ਤੇ ਇਸ ਵੱਡੇ ਸਮੇਂ ਵਿਚ ਦੇਸ਼ ਦਾ ਨਿਘਾਰ ਹੀ ਨਹੀਂ ਹੋਇਆ ਸਗੋਂ ਭਾਰਤੀ ਲੋਕਤੰਤਰ ਵੀ ਆਪਣੇ ਨਿਘਾਰ ਦੇ ਸਿਖਰ ਵੱਲ ਨੂੰ ਤੇਜੀ ਨਾਲ ਵਧ ਰਿਹਾ ਹੈ। ਇਸ ਵਾਰ ਦੀਆਂ ਚੋਣਾਂ ਇਸ ਨਿਘਾਰ ਵੱਲ ਕਈ ਨਵੇਂ ਮੀਲ ਪੱਥਰ ਕਾਇਮ ਕਰ ਰਹੀਆਂ ਹਨ; ਜਿਨ੍ਹਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਜਿਸ ਬਾਰੇ ਖੁੱਲ੍ਹਕੇ ਚਰਚਾ ਹੋਣੀ ਚਾਹੀਦੀ ਹੈ।
1952 ਦੀਆਂ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਭਾਰਤ ਪਾਕਿ ਵੰਡ ਦੇ ਦਰਦ ਦੀਆਂ ਗਵਾਹ ਸਨ। ਦੇਸ਼ ਵਿਚ ਸਭ ਤੋਂ ਵੱਡਾ ਮਸਲਾ ਉਨ੍ਹਾਂ ਸ਼ਰਨਾਰਥੀਆਂ ਨੂੰ ਵਸਾਉਣ ਦਾ ਸੀ। ਜਿਹੜੇ ਉੱਜੜਕੇ ਆਏ ਸਨ। ਜਿਨ੍ਹਾਂ ਦਾ ਨਾ ਕੇਵਲ ਮਾਲੀ ਨੁਕਸਾਨ ਹੀ ਹੋਇਆ ਸੀ ਸਗੋਂ ਜਾਨੀ ਨੁਕਸਾਨ ਵੀ ਬਹੁਤ ਵੱਡੀ ਪੱਧਰ ਉਪਰ ਹੋਇਆ ਸੀ। ਆਪਣੇ ਨਜਦੀਕੀ ਰਿਸ਼ਤੇਦਾਰਾਂ ਤੇ ਪਿਆਰਿਆਂ ਨੂੰ ਸਦਾ ਸਦਾ ਲਈ ਗੁਆ ਚੁੱਕੇ ਲੋਕ ਮਾਨਸਿਕ ਤੌਰ ਉਪਰ ਇਸ ਸਥਿਤੀ ਵਿਚ ਹੀ ਨਹੀਂ ਸਨ ਕਿ ਉਹ ਲੋਕਤੰਤਰ ਨੂੰ ਸਹੀ ਅਰਥਾਂ ਵਿਚ ਸਮਝ ਸਕਦੇ। ਸਿੱਟੇ ਵਜੋਂ ਅੰਤਰਿਮ ਸਰਕਾਰ ਦਾ ਜਿੱਤ ਕੇ ਸੱਤਾ ਵਿਚ ਆ ਜਾਣਾ ਕੁਦਰਤੀ ਹੀ ਸੀ। ਇਸ ਬਾਰੇ ਅੰਗਰੇਜਾਂ ਨੇ ਕਲਪਨਾ ਕਰਕੇ ਹੀ ਰਾਜਸੱਤਾ ਦੀ ਵਾਗਡੋਰ ਕਾਂਗਰਸ ਪਾਰਟੀ ਨੂੰ ਦਿੱਤੀ ਸੀ। ਉਹ ਪਹਿਲੀਆਂ ਚੋਣਾਂ ਜਿੱਥੇ ਇਕ ਨਵਾਂ ਤਜ਼ਰਬਾ ਸੀ, ਉੱਥੇ ਆਜ਼ਾਦ ਭਾਰਤ ਦੇ ਨਵੇਂ ਹਾਕਮਾਂ ਲਈ ਵੀ ਗੁਰਮੰਤਰ ਸੀ ਕਿ ਭਾਵੁਕ ਲੋਕਾਂ ਤੋਂ ਵੋਟ ਬਟੋਰਨਾ ਕਿੰਨਾਂ ਆਸਾਨ ਹੁੰਦਾ ਹੈ। ਇਸ ਲਈ 'ਲੋਕ ਪੱਖੀ ਨਾਹਰੇ ਤੇ ਲੋਕ ਪੱਖੀ ਲਾਰੇ' ਪਹਿਲੀ ਚੋਣ ਤੋਂ ਹੀ ਇਕ ਹੱਥਿਆਰ ਬਣ ਗਏ ਸਨ। ਜਿਸ ਦੀ ਵਰਤੋਂ ਸੱਤਾਧਾਰੀ ਪੱਖ ਨੇ ਸਭ ਤੋਂ ਵੱਧ ਕੀਤੀ। ਜਦੋਂ 1956 ਵਿਚ ਕੇਰਲਾ ਅੰਦਰ ਪਹਿਲੀ ਵਾਰੀ ਕਾਮਰੇਡ ਈ.ਐਮ.ਐਸ. ਨੰਬੂਦਰੀਪਾਦ ਦੀ ਅਗਵਾਈ ਵਿਚ ਖੱਬੇ ਪੱਖੀ ਧਿਰਾਂ ਦੀ ਜਿੱਤ ਹੋਈ ਤਾਂ ਕੇਂਦਰ ਦੀ ਕਾਂਗਰਸੀ ਸਰਕਾਰ ਨੇ ਇਸ ਵਿਰੋਧੀ ਖਿਆਲਾਂ ਵਾਲੀ ਸੂਬਾਈ ਸਰਕਾਰ ਨੂੰ ਖਤਮ ਕਰਨ ਲਈ ਲੋਕਤੰਤਰ ਵਿਰੋਧੀ ਪੈਂਤੜਾ ਲਿਆ। ਉਸ ਸਮੇਂ ਹੀ ਲਗਭਗ ਇਹ ਨਿਰਧਾਰਤ ਹੋ ਗਿਆ ਸੀ ਕਿ ਭਾਰਤ ਵਿਚ ਲੋਕਤੰਤਰ ਦਾ ਭਵਿੱਖ ਕੀ ਹੋਵੇਗਾ? 
ਅੱਜ ਤਾਂ ਚੋਣਾਂ ਦਾ ਮਸਕਦ, ਹੁਣ ਚੋਣਾਵੀ ਪ੍ਰਕਿਰਿਆ ਵਿਚ ਮਹਿਜ ਸ਼ਾਮਲ ਹੋਣਾ ਹੀ ਰਹਿ ਗਿਆ ਹੈ। ਸਰਕਾਰ ਦੀ ਕੋਸ਼ਿਸ਼ ਤੇ ਪ੍ਰਚਾਰ ਵੀ ਇਸ ਗੱਲ ਤੱਕ ਹੀ ਸੀਮਤ ਹੈ ਕਿ ਭਾਰਤ ਦਾ ਹਰ ਨਾਗਰਿਕ ਇਸ ਚੋਣਾਵੀ ਪ੍ਰਕਿਰਿਆ ਵਿਚ ਸ਼ਾਮਲ ਹੋਵੇ ਤੇ 'ਆਪਣੀ ਸਰਕਾਰ' ਚੁਣਨ ਵਿਚ ਬਣਦਾ ਹਿੱਸਾ ਪਾਵੇ। ਲੋਕਤੰਤਰੀ ਪ੍ਰਕਿਰਿਆ ਨੂੰ ਮਹਿਜ ਵੋਟ ਪਾ ਦੇਣ ਦੀ ਕਿਰਿਆ ਤੱਕ ਹੀ ਸੀਮਤ ਕਰ ਕੇ ਰੱਖ ਦਿੱਤਾ ਗਿਆ ਹੈ। ਉਂਗਲ ਉਪਰ ਲੱਗੇ ਨਿਸ਼ਾਨ ਦੀ ਰਸਮ ਭੋਗ ਰਹੇ ਭਾਰਤੀ ਲੋਕਤੰਤਰ ਦਾ ਕੋੜਾ ਸੱਚ ਤਾਂ ਇਹ ਹੈ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਂਗਲ ਉਪਰ ਸਿਆਹੀ ਲਗਵਾਉਣ ਵਾਲੇ ਸੂਝਵਾਨ ਲੋਕ ਇਸ ਨਾਟਕ ਦਾ ਭਾਗ ਨਹੀਂ ਬਣ ਰਹੇ। ਕਾਫੀ ਗਿਣਤੀ ਵਿਚ ਲੋਕ ਇਸ ਦਿਖਾਵੇ ਦੇ ਲੋਕਤੰਤਰ ਤੋਂ ਨਿਰਾਸ਼ ਹੋ ਰਹੇ ਹਨ।
ਜੇ ਪਹਿਲੀ ਚੋਣ ਤੋਂ ਹੀ ਲੋਕਤੰਤਰ ਦੇ ਹੁਣ ਤੱਕ ਦੇ ਇਤਿਹਾਸਕ ਸਫਰ ਨੂੰ ਪੜਚੋਲਵੀਂ ਨਜ਼ਰ ਨਾਲ ਦੇਖਿਆ ਜਾਵੇ ਤਾਂ ਜਿਹੜੀ ਗੱਲ ਸਭ ਤੋਂ ਵੱਧ ਦੁਖੀ ਕਰਨ ਵਾਲੀ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਹੈ ਵੋਟਰਾਂ ਨੂੰ ਇਕ ਵੋਟ ਦੀ ਖਾਤਰ ਗੈਰ-ਮਨੁੱਖੀ ਬਣਾਉਣ ਦੀ ਸਾਜਿਸ਼। ਮਨੁੱਖ ਨੂੰ ਗੈਰ-ਮਨੁੱਖ ਬਣਾਉਣ ਦੀ ਇਹ ਪ੍ਰਕਿਰਿਆ ਹਰ ਵਾਰ ਦੀਆਂ ਚੋਣਾਂ ਦੇ ਨਾਲ ਜਿੱਥੇ ਤਿੱਖੀ ਹੁੰਦੀ ਗਈ ਉੱਥੇ ਲੋਕਤੰਤਰ ਮਹਿਜ ਇਕ ਵੋਟ ਪਾਉਣ ਦੀ ਰਸਮ ਬਣਕੇ ਰਹਿ ਗਿਆ। ਮਨੁੱਖ ਨੂੰ ਗੈਰ-ਮਨੁੱਖ ਬਣਾਉਣ ਦੀ ਪ੍ਰਕਿਰਿਆ ਦਾ ਸੱਚ ਬਹੁਤ ਕੌੜਾ ਹੈ। ਕਿਉਂਕਿ ਅਚੇਤ ਵਿਅਕਤੀ ਨੂੰ ਮੂਰਖ ਬਣਾਉਣਾ ਸੌਖਾ ਹੈ ਇਸ ਲਈ ਦੇਸ਼ ਦੀ ਵੱਡੀ ਅਬਾਦੀ ਅੱਜ ਵੀ ਅਨਪੜ੍ਹ ਤੇ ਅਚੇਤ ਰੱਖੀ ਗਈ ਹੈ ਤਾਂ ਕਿ ਉਹ ਠੀਕ ਤੇ ਗਲਤ ਦਾ ਨਿਰਣਾ ਹੀ ਨਾ ਕਰ ਸਕਣ। ਭੁੱਖ, ਗਰੀਬੀ ਤੇ ਤੰਗਦਸਤੀ ਦੇ ਸ਼ਿਕਾਰ ਵਿਅਕਤੀ ਨੂੰ ਮਿਲੀ ਰਾਜਸੀ ਆਜ਼ਾਦੀ ਅਧੂਰੀ ਹੈ। ਅੱਜ ਭੁੱਖੀ ਸਾਉਂਦੀ ਆਬਾਦੀ ਲਈ ਨਿਰਪੱਖ ਚੋਣ ਦਾ ਨਾਹਰਾ  ਕਿਸ ਤਰ੍ਹਾਂ ਦੀ ਅਸਲੀਅਤ ਬਿਆਨ ਕਰਦਾ ਹੈ? ਇਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ। ਰਾਜ ਕਰਦੀਆਂ ਧਿਰਾਂ ਨੇ ਭੁੱਖ ਨੂੰ ਇਕ ਨਾਹਰੇ ਵਜੋਂ ਹੀ ਤਾਂ ਵਰਤਿਆ ਹੈ ਪਰ ਇਸ ਨੂੰ ਦੂਰ ਕਰਨ ਲਈ ਭੋਰਾ ਭਰ ਵੀ ਸੰਜੀਦਾ ਯਤਨ ਨਹੀਂ ਕੀਤੇ। ਸਰਕਾਰ ਦੇ ਆਪਣੇ ਅੰਕੜਿਆਂ ਦੇ ਮੁਤਾਬਕ ਅੱਜ ਦੇਸ਼ ਦੇ 83 ਕਰੋੜ ਲੋਕ 20 ਰੁਪਏ ਦਿਹਾੜੀ ਨਾਲ ਗੁਜ਼ਾਰਾ ਕਰਦੇ ਹਨ। ਉਨ੍ਹਾਂ ਤੋਂ ਇਹ ਆਸ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਿ ਇਹ ਲੋਕ ਭੁੱਖ ਦੇ ਖ਼ੌਫ਼ ਤੋਂ ਬੇਖ਼ੌਫ਼ ਹੋਕੇ ਵੋਟ ਪਾਉਣ? ਜਿਸ ਭੁੱਖ ਨੇ ਦੇਸ਼ ਦੇ ਹਾਕਮਾਂ ਨੂੰ ਸੱਤ ਦਹਾਕਿਆਂ ਦਾ ਰਾਜ ਦਿੱਤਾ ਹੋਵੇ ਉਹ ਭੁੱਖ ਉਨ੍ਹਾਂ ਲਈ ਤਾਂ  ਇਕ ਤਰ੍ਹਾਂ ਦਾ ਵਰਦਾਨ ਹੀ ਹੈ, ਇਸ ਲਈ ਅਨਪੜ੍ਹਤਾ ਵਾਂਗ ਭੁੱਖ ਦਾ ਸਫਰ ਵੀ ਲੰਮਾਂ ਹੈ। 
ਹਰ ਵਾਰ ਚੋਣਾਂ ਵਿਚ ਨਸ਼ੇ ਦੀ ਵਧਦੀ ਵਰਤੋਂ ਮਨੁੱਖ ਨੂੰ ਵੋਟ ਦੀ ਖਾਤਰ ਗੈਰ-ਮਨੁੱਖ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਦਾ ਹੀ ਇਕ ਪੜਾਅ ਹੈ। ਦੇਸ਼ ਦੀ ਬਹੁਤ ਸਾਰੀ ਆਬਾਦੀ ਨਸ਼ੇ ਦੇ ਪਹਿਲੇ ਸਵਾਦ ਦੀ ਸ਼ੁਰੂਆਤ ਚੋਣਾਂ ਦੇ ਦਿਨਾਂ ਵਿਚ ਹੀ ਕਰਦੀ ਹੈ ਤੇ ਫੇਰ ਬਹੁਤ ਸਾਰੇ ਤਾਂ ਉਮਰ ਭਰ ਉਸ ਤੋਂ ਖਹਿੜਾ ਨਹੀਂ ਛੁਡਾਅ ਪਾਉਂਦੇ। ਅਨਪੜ੍ਹਤਾ, ਗਰੀਬੀ, ਭੁੱਖਮਰੀ ਤੇ ਨਸ਼ੇ ਆਦਿ ਭਾਰਤੀ ਲੋਕਤੰਤਰ ਦਾ ਅਨਿੱਖੜਵਾਂ ਅੰਗ ਬਣਕੇ ਇਸ ਦੇ ਨਾਲ ਨਾਲ ਚੱਲਦੇ ਆ ਰਹੇ ਹਨ ਪਰ ਇਹ ਵਰਤਾਰਾ ਇਨ੍ਹਾਂ ਚੋਣਾਂ ਵਿਚ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਗਿਆ ਹੈ।
ਧਰਮ ਨਿਰਪੱਖ ਭਾਰਤ ਦੇ ਨਿਰਮਾਣ ਲਈ ਭਾਰਤੀ ਸੰਵਿਧਾਨ ਵਿਚ ਏਨਾਂ ਜੋਰ ਦਿੱਤਾ ਗਿਆ ਸੀ ਪਰ ਅੱਜ ਇਹ ਭਾਰਤੀ 'ਲੋਕਤੰਤਰ' ਭਾਰਤ ਵਿਚ ਜਾਤ ਪਾਤ, ਫਿਰਕਾਪ੍ਰਸਤੀ, ਧਾਰਮਿਕ ਕੱਟੜਤਾ ਤੇ ਖੇਤਰਵਾਦ ਉਪਰ ਖੜਾ ਹੈ। ਕਿਤੇ ਦੰਗੇ ਕਰਵਾਏ ਜਾਂਦੇ ਹਨ। ਕਿਤੇ ਜਾਤ ਦੇ ਆਧਾਰ 'ਤੇ ਵੋਟ ਮੰਗੀ ਜਾਂਦੀ ਹੈ। ਕਿਤੇ ਧਰਮ ਦੇ ਨਾਮ ਉਪਰ ਹਿੰਸਾ ਹੁੰਦੀ ਹੈ। ਕਿਤੇ ਡੇਰੇ ਤੋਂ ਵੋਟਾਂ, ਕਿਸੇ ਖਾਸ ਨੂੰ ਪਾਉਣ ਲਈ ਐਲਾਨ ਹੁੰਦਾ ਹੈ। ਇਨ੍ਹਾਂ ਗੈਰ ਜਮਾਤੀ ਕਾਰਨਾਂ ਨੇ ਲੋਕਤੰਤਰ ਨੂੰ ਅਧਰੰਗ ਕਰਨਾ ਹੀ ਸੀ ਸੋ ਉਹ ਕਰ ਦਿੱਤਾ ਗਿਆ ਹੈ।
ਅੱਜ ਲੋਕਤੰਤਰ ਉੱਲੂ ਬਣਾਉਣ ਦੀ ਪ੍ਰਯੋਗਸ਼ਾਲਾ ਬਣਕੇ ਰਹਿ ਗਿਆ ਹੈ। ਇਸ ਦੇਸ਼ ਵਿਚ ਇਨਸਾਨ ਨਹੀਂ ਘੜੇ ਜਾ ਰਹੇ ਸਗੋਂ ਵੋਟਰ ਘੜੇ ਜਾ ਰਹੇ ਹਨ। ਜਿਹੜੇ ਜਿਹਨੀ ਤੌਰ ਉਪਰ ਸੋਚਣ ਦੇ ਸਮਰੱਥ ਹੀ ਨਾ ਹੋਣ ਇਸੇ ਦਾ ਹੀ ਸਿੱਟਾ ਹੈ ਕਿ ਦੇਸ਼ ਵਿਚ ਰਾਜਗੱਦੀ ਵੰਸ਼ਵਾਦ ਦੀ ਗੁਲਾਮ ਹੋਕੇ ਰਹਿ ਗਈ ਹੈ। ਪਰਿਵਾਰਵਾਦ ਕਿਸ ਹੱਦ ਤੱਕ ਢੀਠਤਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ ਇਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ। ਪਰਿਵਾਰਵਾਦ ਕੇਵਲ ਕਾਂਗਰਸ ਭਾਜਪਾ ਜਾਂ ਖੇਤਰੀ ਪਾਰਟੀਆਂ ਤੱਕ ਹੀ ਸੀਮਤ ਨਹੀਂ ਨਿੱਕੇ ਨਿੱਕੇ ਪਿੰਡਾਂ ਦੀ ਸਰਪੰਚੀ ਕਰਦੇ ਲੋਕ ਵੀ ਜਮਹੂਰੀਅਤ ਨੂੰ ਛਿੱਕੇ ਉਪਰ ਟੰਗਕੇ ਆਪਣੇ ਪਰਿਵਾਰ ਨੂੰ ਤਰਜੀਹ ਦੇ ਰਹੇ ਹਨ।
ਹਾਕਮ ਪਾਰਟੀਆਂ ਵਲੋਂ2ਲੋਕ ਮੁੱਦੇ ਪੂਰੀ ਤਰ੍ਹਾਂ ਨਾਲ ਗੈਰਹਾਜਰ ਕਰ ਦਿੱਤੇ ਗਏ ਹਨ। ਚੋਣਾਂ ਵਿਅਕਤੀਆਂ ਦੇ ਦੁਆਲੇ ਕੇਂਦਰਿਤ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਦਰਪੇਸ਼ ਮੁੱਦੇ ਨੀਤੀਆਂ ਤੇ ਲੋਕਤੰਤਰ ਦੇ ਸਾਰੇ ਤਕਾਜ਼ੇ ਤਿਆਗ ਕੇ ਵੋਟਾਂ ਮੋਦੀ ਤੇ ਰਾਹੁਲ ਦੇ ਨਾਂਅ 'ਤੇ ਮੰਗੀਆਂ ਜਾ ਰਹੀਆਂ ਹਨ। ਕੈਸਾ ਲੋਕਤੰਤਰ ਹੈ ਇਹ? 
ਇਸ ਲੋਕਤੰਤਰ ਦਾ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਦੇਸ਼ ਨੂੰ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਉਪਰ  ਤੋਰਨ ਵਾਲਾ ਸ਼ਖਸ਼ ਡਾ. ਮਨਮੋਹਨ ਸਿੰਘ ਇਸ ਲੋਕਤੰਤਰੀ ਪ੍ਰਕਿਰਿਆ ਵਿਚ ਸਿੱਧਾ ਕਦੀ ਵੀ ਲੋਕਾਂ ਤੋਂ ਫਤਵਾ ਪ੍ਰਾਪਤ ਕਰਕੇ ਨਹੀਂ ਆਇਆ ਪਰ ਪ੍ਰਧਾਨ ਮੰਤਰੀ ਦੀਆਂ ਦੋ ਪਾਰੀਆਂ (Terms) ਪੂਰੀਆਂ ਕਰਕੇ ਸੇਵਾ ਮੁਕਤ ਹੋ ਰਿਹਾ ਹੈ। ਇਸ ਤੋਂ ਇਹ ਤਾਂ ਸਾਫ ਹੁੰਦਾ ਹੀ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਫੈਸਲਾ ਭਾਰਤ ਦੇ ਲੋਕ ਨਹੀਂ ਕਰਦੇ ਸਗੋਂ ਕੋਈ ਬਾਹਰਲੇ ਕਰਦੇ ਹਨ।
ਇਨ੍ਹਾਂ ਚੋਣਾਂ ਵਿਚ ਲੋਕਤੰਤਰ ਦੇ ਚੌਥੇ ਥੰਮ ਮੀਡੀਏ ਦਾ ਜੋ ਦਿਵਾਲਾ ਨਿਕਲਿਆ ਹੈ ਉਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ। ਮੀਡੀਏ ਨੇ ਆਪਣੇ ਕਾਰਪੋਰੇਟ ਪ੍ਰਭੂਆਂ ਦੇ ਇਸ਼ਾਰੇ ਉਪਰ ਲੋਕਾਂ ਦੇ ਦੁਸ਼ਮਣਾਂ ਲਈ ਹੀ ਕੰਮ ਕੀਤਾ ਹੈ। ਇਹ ਪੂਰੀ ਤਰ੍ਹਾਂ ਪੱਖਪਾਤੀ, ਝੂਠਾ ਤੇ ਵਿਕਾਊ ਹੋ ਗਿਆ ਹੈ। ਜਿਸ ਤਰ੍ਹਾਂ ਦੀ ਚੋਣ ਲਈ ਵਰਤੋਂ ਵਿਚ ਲਿਆਈਆਂ ਜਾਂਦੀਆਂ ਮਸ਼ੀਨਾਂ ਵਿਚ ਗੜਬੜ ਦੀਆਂ ਖਬਰਾਂ ਆਈਆਂ ਹਨ। ਜਿਸ ਤਰ੍ਹਾਂ ਨਾਲ ਬਦਮਾਸ਼ਾਂ, ਕਾਤਲਾਂ ਤੇ ਭਰਿਸ਼ਟ ਲੋਕਾਂ ਨੂੰ ਟਿਕਟਾਂ ਰਵਾਇਤੀ ਪਾਰਟੀਆਂ ਨੇ ਦਿੱਤੀਆਂ ਹਨ, ਉਸ ਤੋਂ ਲੋਕਤੰਤਰ ਦੀ ਦਿਸ਼ਾ ਤੇ ਦਸ਼ਾ ਦੀ ਸਮਝ ਸਪੱਸ਼ਟ ਲੱਗ ਹੀ ਜਾਂਦੀ ਹੈ। ਇਸ ਤੋਂ ਵੀ ਵੱਧਕੇ ਦਲਬਦਲੀ ਦਾ ਸ਼ਰਮਨਾਕ ਵਰਤਾਰਾ ਭਾਰਤੀ ਲੋਕਤੰਤਰ ਨੂੰ ਕੋਹੜ ਵਾਂਗ ਚੰਬੜਿਆ ਹੋਇਆ ਹੈ। ਅਜਿਹੀਆਂ ਸਥਿਤੀਆਂ ਵਿਚ ਲੋਕਤੰਤਰ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹੈ ਅਤੇ ਇਸ ਬਾਰੇ ਫਿਕਰ ਕਰਨ ਦੀ ਜਿਆਦਾ ਲੋੜ ਹੈ।
ਪਹਿਲੀਆਂ ਚੋਣਾਂ ਤੋਂ ਹੁਣ ਤੱਕ ਦਾ ਚੋਣਾਵੀ ਇਤਿਹਾਸ ਇਹ ਦਸਦਾ ਹੈ ਕਿ ਵੋਟਾਂ ਵਟੋਰਨ ਲਈ ਸਦਾ ਹੀ ਖੱਬੇ ਪੱਖੀ ਨਾਹਰੇ ਦਿੱਤੇ ਗਏ, ਕਦੇ ਗਰੀਬੀ ਹਟਾਓ, ਕਦੇ ਸਮਾਜਵਾਦ, ਕਦੇ ਅਨਪੜ੍ਹਤਾ ਮੁਕਾਉਣ ਤੇ ਕਦੇ ਮਨੁੱਖ ਨੂੰ ਚੰਦ 'ਤੇ ਲੈ ਜਾਣ ਵਾਲੇ ਹਵਾਈ ਕਿਲੇ ਵੀ ਉਸਾਰੇ ਗਏ। ਪਰ ਇਸ ਵਾਰ ਦੀਆਂ ਚੋਣਾਂ ਵਿਚ ਇਹ ਖੱਬੇ ਪੱਖੀ ਨਾਹਰੇ ਹੀ ਗਾਇਬ ਨਹੀਂ ਹੋਏ ਸਗੋਂ ਲੋਕ ਵਿਰੋਧੀ ਫੈਸਲੇ ਲੈਣ ਵਾਲਿਆਂ ਦੇ ਕਿਰਦਾਰ ਹੋਰ ਵੀ ਨੰਗੇ ਹੋ ਗਏ। ਅੱਜ ਸੱਤਾ ਦੇ ਦੋਵੇਂ ਮੁੱਖ ਦਾਅਵੇਦਾਰ, ਯੂ.ਪੀ.ਏ. ਤੇ ਐਨ.ਡੀ.ਏ., ਨੰਗੇ ਚਿੱਟੇ ਤੌਰ 'ਤੇ ਸਾਮਰਾਜਵਾਦੀ ਪੈਂਤੜੇ ਤੋਂ ਵੋਟਰਾਂ ਵਿਚ ਜਾ ਰਹੇ ਹਨ। ਜੇ ਇਕ ਆਖ ਰਿਹਾ ਹੈ ਕਿ ਮੈਂ ਬਹੁ-ਰਾਸ਼ਟਰੀ ਕੰਪਣੀਆਂ ਤੋਂ ਵਧੇਰੇ ਨਿਵੇਸ਼ ਕਰਵਾਵਾਂਗਾ ਤੇ ਦੂਸਰਾ ਆਖਦਾ ਰਿਹਾ ਹੈ ਕਿ ਉਹ ਇਸ ਲਈ ਵੱਧ ਸਮਰੱਥ ਹੈ। ਦੇਸ਼ ਦੇ ਮਾਲ ਖਜਾਨੇ ਬਹੁ-ਰਾਸ਼ਟਰੀ ਕੰਪਣੀਆਂ ਲਈ ਖੋਲ੍ਹਣ ਦੇ ਮੁਕਾਬਲੇ ਹੋ ਰਹੇ ਹਨ। ਇਸ ਲਈ ਇਹ ਚੋਣਾਂ ਨਵ-ਉਦਾਰਵਾਦੀ ਪੈਂਤੜੇ ਤੋਂ ਲੜੀਆਂ ਜਾ ਰਹੀਆਂ ਹਨ। ਇਸੇ ਕਰਕੇ ਇਨ੍ਹਾਂ ਲਈ ਖਰਚ ਕਰਨ ਵਾਲੀਆਂ ਧਿਰਾਂ ਬਹੁਰਾਸ਼ਟਰੀ ਕੰਪਣੀਆਂ ਹਨ। ਜਿਹੜੀਆਂ ਧਿਰਾਂ ਬਹੁ-ਰਾਸ਼ਟਰੀ ਕੰਪਣੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਭਾਰਤ ਤੇ ਭਾਰਤੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀਆਂ ਹਨ ਉਨ੍ਹਾਂ ਧਿਰਾਂ ਨੂੰ ਮੁਕਾਬਲੇ 'ਚੋਂ ਬਾਹਰ ਕਰਨ ਲਈ ਚੋਣ ਕਮਿਸ਼ਨ ਨੇ ਇਸ ਚੋਣ ਪ੍ਰਕਿਰਿਆ ਨੂੰ ਹੋਰ ਵੀ ਖਰਚੀਲਾ ਬਣਾ ਦਿੱਤਾ ਹੈ। ਜਿਸ ਦੇਸ਼ ਦੀ 35 % ਆਬਾਦੀ ਗਰੀਬੀ ਰੇਖਾ ਤੋਂ ਵੀ ਹੇਠਾਂ ਗੁਜ਼ਾਰਾ ਕਰਦੀ ਹੋਵੇ  ਉੱਥੇ ਇਕ ਉਮੀਦਵਾਰ ਨੂੰ 70 ਲੱਖ ਰੁਪਿਆ ਖਰਚ ਕਰਨ ਦੀ ਖੁੱਲ੍ਹ ਦੇਣਾ ਇਹ ਹੀ ਸਿੱਧ ਕਰਦਾ ਹੈ ਕਿ ਭਾਰਤ ਦੀ ਚੋਣ ਪ੍ਰਕਿਰਿਆ ਦੇਸ਼ ਦੀ ਇਕ ਪ੍ਰਤੀਸ਼ੱਤ ਅਬਾਦੀ ਲਈ ਹੀ ਰਾਖਵੀਂ ਹੈ। ਦੇਸ਼ ਦੀ 99% ਅਬਾਦੀ ਨੂੰ ਇਸ ਪ੍ਰਕਿਰਿਆ ਵਿਚ ਉਂਗਲੀ ਉਪਰ ਸਿਆਹੀ ਲਗਵਾਉਣ ਦਾ ਰੋਲ ਅਦਾ ਕਰਨ ਦਾ ਪਾਰਟ ਦਿੱਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਲੋਕਾਂ ਦਾ ਇਸ ਲੋਕਤੰਤਰ ਤੋਂ ਮੋਹ ਭੰਗ ਹੋਣਾ ਕੁਦਰਤੀ ਹੀ ਸੀ। ਜਿਨ੍ਹਾਂ ਨੂੰ ਇਸ ਲੋਕਤੰਤਰ ਨੇ ਕੁਝ ਨਹੀਂ ਦਿੱਤਾ, ਉਹ ਇਸ ਦਾ ਬਦਲ ਤਲਾਸ਼ਣ ਦੀਆਂ ਗੱਲਾਂ ਕਰਦੇ ਹੋਏ ਕਈ ਵਾਰ ਤਾਂ ਇਸ ਹੱਦ ਤੱਕ ਵੀ ਮਾਯੂਸ ਹੋਕੇ ਆਖਦੇ ਹਨ ਕਿ ''ਇਸ ਰਾਜ ਨਾਲੋਂ ਤਾਂ ਅੰਗਰੇਜ਼ ਦਾ ਰਾਜ ਹੀ ਚੰਗਾ ਸੀ।'' ਇਸ ਅਖੌਤੀ ਲੋਕਤੰਤਰ ਨੇ ਸੱਤਾ ਪਰਿਵਰਤਨ ਦੀਆਂ ਸੰਭਾਵਨਾਵਾਂ ਨੂੰ ਇਸ ਹੱਦ ਤੱਕ ਮੱਧਮ ਕਰ ਦਿੱਤਾ ਲੱਗਦਾ ਹੈ ਕਿ ਯੂ.ਪੀ.ਏ. ਤੇ ਐਨ.ਡੀ.ਏ. ਦੀਆਂ ਆਰਥਿਕ ਤੇ ਰਾਜਸੀ  ਨੀਤੀਆਂ ਇਕ ਹੋਣ ਦੇ ਬਾਵਜੂਦ ਵੀ ਦੋਹਾਂ ਨੂੰ ਹੀ ਇਕ ਦੂਸਰੇ ਦੇ ਬਦਲ ਵਜੋਂ ਲੋਕਾਂ ਵਿਚ ਪ੍ਰਵਾਨ ਕਰਵਾਉਣ ਵਿਚ ਸਫਲਤਾ ਮਿਲ ਰਹੀ ਹੈ।
ਇਨ੍ਹਾਂ ਚੋਣਾਂ ਵਿਚ ਅਫਸਰਸਾਹੀ, ਪੁਲਿਸ ਤੇ ਗੁੰਡਾਗਰਦੀ ਦਾ ਜਿਹੜਾ ਤਾਂਡਵ ਨਾਚ ਹੁੰਦਾ ਹੈ ਉਸ ਵਿਚ ਕਿਸੇ ਸਧਾਰਨ ਵਿਅਕਤੀ ਦਾ ਤਾਂ ਕੀ, ਕਿਸੇ ਸਾਧਨ ਵਿਹੂਣੀ ਪਾਰਟੀ ਦਾ ਵੀ ਖੜ੍ਹ ਸਕਣਾ ਮੁਸ਼ਕਲ ਬਣਾ ਦਿੱਤਾ ਗਿਆ ਹੈ। ਇਕ ਪਾਸੇ ਸਰਕਾਰੀ ਮੁਲਾਜਮ ਪਾਸੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਉਹ ਨਿਰਪੱਖ ਰਹਿ ਕੇ ਚੋਣਾਂ ਵਿਚ ਦਿਨ ਕਟੀ ਕਰੇ ਤੇ ਦੂਸਰੇ ਪਾਸੇ ਉਸ ਮੁਲਾਜ਼ਮ ਦਾ ਨਿੱਕੇ ਤੋਂ ਨਿੱਕਾ ਕੰਮ ਵੀ ਬਿਨਾਂ ਰਾਜਸੀ ਪਹੁੰਚ ਤੋਂ ਨਹੀਂ ਹੁੰਦਾ। ਇਨ੍ਹਾਂ ਚੋਣਾਂ ਨੇ ਸਰਕਾਰੀ ਮੁਲਾਜ਼ਮ ਨੂੰ ਸੱਤਾ ਦਾ ਸੁਖ ਭੋਗ ਰਹੀਆਂ ਰਾਜਸੀ ਧਿਰਾਂ ਦੇ ਨਿੱਜੀ ਗੁਲਾਮਾਂ ਵਰਗੇ ਬਣਾਕੇ ਬਣਾਕੇ ਰੱਖ ਦਿੱਤਾ ਹੈ, ਜਿਨ੍ਹਾਂ ਤੋਂ ਚੋਣ ਕਮਿਸ਼ਨ ਨਿਰਪੱਖਤਾ ਦੀ ਆਸ ਕਰਦਾ ਹੈ।
ਇਸ ਲੋਕਤੰਤਰੀ ਨਿਘਾਰ ਦੇ ਦੌਰ ਵਿਚ ਨਤੀਜੇ ਕੁਝ ਵੀ ਆ ਸਕਦੇ ਹਨ। ਕੋਈ ਜਿੱਤ ਸਕਦਾ ਹੈ। ਕਿਸੇ ਦੇ ਹਾਰਨ ਦੀ ਖਬਰ ਵੀ ਆ ਸਕਦੀ ਹੈ ਪਰ ਜਿਹੜੇ ਲੋਕ ਇਸ ਵਾਰ 16ਵੀਂ ਵਾਰ ਹਾਰਨੇ ਹਨ ਉਨ੍ਹਾਂ ਦੀ ਖਬਰ ਕਿਸੇ ਅਖਬਾਰ ਦੀ ਸੁਰਖੀ ਨਹੀਂ ਬਣਨੀ। ਲੋਕਤੰਤਰ ਹਾਰ ਰਿਹਾ ਹੈ, ਜਿਸ ਤੋਂ ਪਹਿਲੀ ਚੋਣ ਵੇਲੇ ਵੱਡੀਆਂ ਆਸਾਂ ਰੱਖੀਆਂ ਗਈਆਂ ਸਨ। ਸਧਾਰਨ ਲੋਕ ਹਾਰ ਰਹੇ ਹਨ। ਜੋ ਜਿੱਤ ਰਹੇ ਹਨ ਉਹ ਹਨ, ਭਾਰਤੀ ਲੋਕਾਂ ਦੇ ਦੁਸ਼ਮਣ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੇ ਉਤਪਾਦਕ, ਫਿਰਕਾਪ੍ਰਸਤ ਅਤੇ ਸਾਮਰਾਜੀ ਨਿਰਦੇਸ਼ਤ ਨੀਤੀਆਂ ਦੇ ਪੈਰੋਕਾਰ। ਉਨ੍ਹਾਂ ਦਾ ਚੋਣ ਨਿਸ਼ਾਨ ਕੋਈ ਵੀ ਹੋ ਸਕਦਾ ਹੈ। ਇਸ ਸਥਿਤੀ ਦਾ ਇਹ ਵੀ ਇਕ ਦੁਖਾਂਤ ਹੈ ਕਿ ਖੱਬੀਆਂ ਤੇ ਹੋਰ ਜਮਹੂਰੀ ਸ਼ਕਤੀਆਂ ਜੋ ਕਿ ਹਕੀਕੀ ਬਦਲ ਬਣ ਸਕਦੀਆਂ ਹਨ, ਉਹ ਅਜੇ ਕੰਮਜ਼ੋਰ ਹਨ। 
ਲੋਕਤੰਤਰ ਲਈ ਵਚਨਬੱਧ ਭਾਰਤ ਦਾ ਸੰਵਿਧਾਨ ਸ਼ਰਮਸਾਰ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿਚਲੇ ਸ਼ਬਦ ਅੱਜ ਮੁੰਹ ਚਿੜਾਅ ਰਹੇ ਹਨ ਕਿ ਭਾਰਤ ਦੇ ਨਾਲ ਹੀ ਭਾਰਤ ਦਾ ਲੋਕਤੰਤਰ ਵੀ ਚੰਦ ਲੋਕਾਂ ਦੀ ਰਖੈਲ ਬਣਕੇ ਰਹਿ ਗਿਆ ਹੈ।

ਮਈ ਦਿਵਸ ਦਾ ਇਤਿਹਾਸਕ ਪਿਛੋਕੜ

ਦਸਤਾਵੇਜ਼

ਮਈ ਦਿਵਸ ਦਾ ਇਤਿਹਾਸ 19ਵੀਂ ਸਦੀ ਦੇ ਅੱਠਵੇਂ ਦਹਾਕੇ ਤੋਂ ਸ਼ੁਰੂ ਹੋਇਆ। ਉਸ ਵੇਲੇ ਯੂਰਪ ਦੇ ਮੁਲਕਾਂ ਵਾਂਗ, ਅਮਰੀਕਾ ਵਿਚ ਵੀ ਮਜ਼ਦੂਰਾਂ ਅੰਦਰ ਵਿਆਪਕ ਬੇਚੈਨੀ ਫੈਲੀ ਹੋਈ ਸੀ। ਇਸ ਬੇਚੈਨੀ ਦੇ ਪ੍ਰਗਟਾਵੇ ਵਜੋਂ ਹੀ ਪਹਿਲੀ ਮਈ 1886 ਨੂੰ ਅਮਰੀਕਾ ਦੇ ਸਾਰੇ ਵੱਡੇ-ਵੱਡੇ ਸਨਅੱਤੀ ਸ਼ਹਿਰਾਂ ਵਿਚ, ਮਜ਼ਦੂਰਾਂ ਨੇ ਇਕ ਦਿਨ ਦੀ ਰੋਸ ਹੜਤਾਲ ਕੀਤੀ ਸੀ। ਇਸ ਹੜਤਾਲ ਦੀ ਮੁੱਖ ਮੰਗ ਸੀ 8 ਘੰਟੇ ਦੀ ਦਿਹਾੜੀ ਤੈਅ ਕਰਾਉਣਾ; ਕਿਉਂਕਿ ਉਸ ਵੇਲੇ ਮਜ਼ਦੂਰਾਂ ਤੋਂ 12-14 ਘੰਟੇ ਕੰਮ ਲੈਣਾ ਇਕ ਆਮ ਜਿਹੀ ਗੱਲ ਸੀ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਇਸ ਲੜਾਕੂ ਹੜਤਾਲ ਦਾ ਸਭ ਤੋਂ ਵੱਧ ਅਸਰ ਹੋਇਆ, ਜਿਥੇ ਕਿ ਹਜ਼ਾਰਾਂ ਮਜ਼ਦੂਰਾਂ ਨੇ ਇਸ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਪੂੰਜੀਪਤੀਆਂ ਦੀ ਅਮਰੀਕਨ ਸਰਕਾਰ ਨੇ ਇਸ ਤੋਂ ਬੁਖ਼ਲਾ ਕੇ, ਆਪਣੇ ਖਾਸੇ ਅਨੁਸਾਰ, ਮਜ਼ਦੂਰਾਂ ਉੱਪਰ ਜਵਾਬੀ ਹਮਲਾ ਕਰਨ ਦਾ ਫੈਸਲਾ ਲਿਆ ਅਤੇ 3 ਮਈ ਨੂੰ ਹੜਤਾਲੀ ਮਜ਼ਦੂਰਾਂ ਦੀ ਹੋ ਰਹੀ ਇਕ ਪੁਰਅਮਨ ਮੀਟਿੰਗ ਉੱਪਰ ਪੁਲਸ ਵਲੋਂ ਵਹਿਸ਼ੀ ਜ਼ੁਲਮ ਢਾਹਿਆ ਗਿਆ। ਮਜ਼ਦੂਰਾਂ ਉੱਪਰ ਕੀਤੇ ਗਏ ਇਸ ਹਮਲੇ ਕਾਰਨ 6 ਮਜ਼ਦੂਰ ਸ਼ਹੀਦ ਹੋ ਗਏ। 
ਨਿਹੱਥੇ ਮਜ਼ਦੂਰਾਂ ਉੱਪਰ ਪੁਲਿਸ ਦੀ ਇਸ ਬਰਬਰਤਾ ਭਰਪੂਰ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ ਅਗਲੇ ਦਿਨ, 4 ਮਈ ਨੂੰ, ਮਜ਼ਦੂਰਾਂ ਨੇ ਸ਼ਿਕਾਗੋ ਸ਼ਹਿਰ ਦੇ 'ਹੇਅ ਮਾਰਕੀਟ (ਘਾਹ-ਮੰਡੀ) ਚੌਕ ਵਿਚ ਇਕ ਵਿਸ਼ਾਲ ਪੁਰਅਮਨ ਰੋਸ ਮੁਜ਼ਾਹਰਾ ਜੱਥੇਬੰਦ ਕੀਤਾ। ਇਸ ਪੁਰਅਮਨ ਮੁਜ਼ਾਹਰੇ ਨੂੰ  ਤੋੜਨ ਲਈ ਹੰਕਾਰੇ ਹੋਏ ਹਾਕਮਾਂ ਨੇ ਭੜਕਾਹਟ ਦਾ ਹਥਕੰਡਾ ਵਰਤਿਆ ਅਤੇ ਮੁਜ਼ਾਹਰੇ ਵਿਚ ਇਕ ਬੰਬ ਸੁੱਟਿਆ ਗਿਆ, ਜਿਸ ਨਾਲ ਇਕ ਸਾਰਜੰਟ ਮਾਰਿਆ ਗਿਆ। ਇਸ ਤੋਂ ਬਾਅਦ ਪੁਲਿਸ, ਇਸ ਬਹਾਨੇ ਨੂੰ ਵਰਤਕੇ, ਪੁਰਅਮਨ ਮਜ਼ਦੂਰਾਂ ਦੇ ਜਲੂਸ ਉੱਪਰ ਬੁਰੀ ਤਰ੍ਹਾਂ ਟੁੱਟ ਪਈ। ਇਹ ਬੰਬ ਵਿਸਫੋਟ ਇਕ ਸੰਕੇਤ ਸੀ, ਜਿਸ ਤੋਂ ਪੁਲਿਸ ਨੇ ਅਤੇ ਸਥਾਨਕ ਫੌਜ ਦੀ ਟੁਕੜੀ ਨੇ, ਜਿਹੜੀ ਕਿ ਨੇੜੇ ਹੀ ਬਿਠਾਈ ਗਈ ਸੀ, ਮੁਜ਼ਾਹਰਾਕਾਰੀਆਂ ਉੱਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। 4 ਹੋਰ ਮਜ਼ਦੂਰ ਸ਼ਹੀਦ ਹੋ ਗਏ ਅਤੇ ਮੁੱਠਭੇੜ ਵਿਚ ਇਕ ਪੁਲਸੀਆ ਵੀ ਮਾਰਿਆ ਗਿਆ। 
ਇਸ ਖੂਨੀ ਘਟਨਾ ਉਪਰੰਤ ਨਾ ਸਿਰਫ਼ ਸ਼ਿਕਾਗੋ ਵਿਚ, ਜਿਹੜਾ ਕਿ ਇਸ ਰੋਸ ਲਹਿਰ ਦਾ ਕੇਂਦਰ ਸੀ, ਬਲਕਿ ਸਮੁੱਚੇ ਦੇਸ਼ ਵਿਚ ਸਰਕਾਰ ਵਲੋਂ ਹੜਤਾਲੀ ਮਜ਼ਦੂਰਾਂ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਆਗੂਆਂ, ਵਿਰੁੱਧ ਵਹਿਸ਼ੀ ''ਜਵਾਬੀ'' ਕਾਰਵਾਈ ਆਰੰਭੀ ਗਈ। ਸੈਂਕੜੇ ਮਜ਼ਦੂਰਾਂ ਨੂੰ ਗਰਿਫਤਾਰ ਕੀਤਾ ਗਿਆ। 8 ਆਗੂਆਂ ਉੱਪਰ, ਸ਼ਿਕਾਗੋ ਸ਼ਹਿਰ ਵਿਚ ਹੋਏ ਮੁਜ਼ਾਹਰੇ ਦੀ ਅਗਵਾਈ ਕਰਨ ਦੇ ਦੋਸ਼ ਹੇਠ, ਮੁਕੱਦਮਾ ਚਲਾਇਆ ਗਿਆ। 
ਇਸ ਮੁਕੱਦਮੇ ਦੌਰਾਨ ਪੂੰਜੀਪਤੀਆਂ ਦੀ ਸਰਕਾਰ ਵਲੋਂ ਮਜ਼ਦੂਰਾਂ ਦੇ ਵਿਰੁੱਧ ਜ਼ੋਰਦਾਰ ਭੰਡੀ ਪ੍ਰਚਾਰ ਕੀਤਾ ਗਿਆ। ਇਸ ਭੰਡੀ ਪ੍ਰਚਾਰ ਵਿਚ ਮਿਲ-ਮਾਲਕਾਂ ਨੇ ਪਾਣੀ ਵਾਂਗ ਪੈਸਾ ਰੋੜ੍ਹਿਆ। ਪੱਤਰਕਾਰ ਤੇ ਅਖ਼ਬਾਰਾਂ ਦੇ ਸੰਪਾਦਕ ਖਰੀਦੇ ਗਏ ਅਤੇ ਅਮਰੀਕਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜ-ਘੜ ਕੇ ਸੁਣਾਈਆਂ ਗਈਆਂ। ਇਸ ਤਰ੍ਹਾਂ, ਸਾਰੇ ਦੇਸ਼ ਅੰਦਰ ਮਜ਼ਦੂਰ ਲਹਿਰ ਵਿਰੁੱਧ ਇਕ ਤਰ੍ਹਾਂ ਦੀ ਮਨੋਵਿਗਿਆਨਕ ਜੰਗ ਛੇੜੀ ਗਈ ਤਾਂ ਜੋ ਮਜ਼ਦੂਰ ਵਿਰੋਧੀ ਹਵਾ ਬੰਨ੍ਹੀ ਜਾਵੇ ਅਤੇ ਮਜ਼ਦੂਰ ਜਮਾਤ ਅਤੇ ਉਸ ਦੀਆਂ ਜੱਥੇਬੰਦੀਆਂ ਵਿਰੁੱਧ ਲੋਕ ਰਾਏ ਭੜਕਾਈ ਜਾਵੇ। 
ਐਪਰ ਮੁਕੱਦਮੇ ਦੌਰਾਨ, ਗ੍ਰਿਫਤਾਰ ਕੀਤੇ ਗਏ ਆਗੂਆਂ ਵਲੋਂ ਆਪਣੀ ਸਫਾਈ ਵਿਚ ਦਿੱਤੇ ਗਏ ਬਿਆਨਾਂ ਨਾਲ, ਇਹ ਮੁਕੱਦਮਾਂ ਮਜ਼ਦੂਰਾਂ ਵਿਰੁੱਧ ਨਹੀਂ ਬਲਕਿ ਪੂੰਜੀਵਾਦੀ ਪ੍ਰਨਾਲੀ ਵਿਰੁੱਧ ਇਕ ਲੋਕ-ਫਤਵੇ ਦਾ ਰੂਪ ਧਾਰਨ ਕਰ ਗਿਆ। ਮਜ਼ਦੂਰ ਆਗੂਆਂ ਨੇ ਆਪਣੀ ਸਫਾਈ ਦਾ ਪੱਖ ਪੇਸ਼ ਕਰਦਿਆਂ ਆਪਣੇ ਸਾਹਸ ਅਤੇ ਜਮਾਤੀ ਗੌਰਵ ਦਾ ਭਰਪੂਰ ਸਬੂਤ ਦਿੱਤਾ। ਉਨ੍ਹਾਂ ਨੇ ਨਾ ਸਿਰਫ ਆਪਣੇ ਨਿਰਦੋਸ਼ ਹੋਣ ਦੇ ਸਬੂਤ ਦਿੱਤੇ ਬਲਕਿ ਉਲਟਾ ਅਧਿਕਾਰੀਆਂ ਨੂੰ ਦੋਸ਼ੀਆਂ ਦੇ ਕਟਹਿਰੇ ਵਿਚ ਖੜ੍ਹੇ ਕਰ ਦਿੱਤਾ। ਜਿਹੜੇ ਆਗੂ ਗ੍ਰਿਫਤਾਰ ਨਹੀਂ ਸਨ ਕੀਤੇ ਜਾ ਸਕੇ, ਉਹ ਆਪ ਅਦਾਲਤ ਵਿਚ ਪੇਸ਼ ਹੋ ਕੇ ਆਪਣੇ ਸਾਥੀਆਂ ਦੇ ਨਾਲ ਜਾ ਖੜੋਏ। ਇਸਦੇ ਬਾਵਜੂਦ ਅਦਾਲਤ ਨੇ ਅਜਿਹਾ ਅਨਿਆਂਪੂਰਨ ਫੈਸਲਾ ਦਿੱਤਾ ਜਿਸਨੇ ਪੂੰਜੀਵਾਦੀ ਨਿਆਂ-ਪ੍ਰਣਾਲੀ ਦੇ ਨਿਰਪੱਖਤਾ ਦੇ ਮਖੌਟੇ ਨੂੰ ਲਾਹ ਕੇ ਉਸਦੇ ਅਸਲੀ ਜਮਾਤੀ ਖਾਸੇ ਨੂੰ ਬੁਰੀ ਤਰ੍ਹਾਂ ਬੇਪਰਦ ਕਰ ਦਿੱਤਾ ਅਤੇ ਬੁਰਜਵਾ ਜਮਹੂਰੀਅਤ ਦੇ ਸਮਾਨਤਾ ਦੇ ਲਬਾਦੇ ਨੂੰ ਵੀ ਲੀਰੋ-ਲੀਰ ਕਰ ਦਿੱਤਾ। ਭਾਵੇਂ ਕਿਸੇ ਵੀ ਆਗੂ ਦਾ ਬੰਬ ਧਮਾਕੇ ਲਈ ਦੋਸ਼ੀ ਹੋਣਾ ਸਾਬਤ ਨਹੀਂ ਹੋ ਸਕਿਆ ਪਰ ਫੇਰ ਵੀ 7 ਆਗੂਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਹ ਆਗੂ ਸਨ-ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਸੈਮੂਅਲ ਫੀਲਡਜ਼, ਮਾਈਕਲ ਸ਼ਾਅਬ, ਲੂਈ ਕਿੰਗ, ਅਡੌਲਫ ਫਿਸ਼ਰ ਅਤੇ ਜਾਰਜ ਐਨਗਲ। ਅਠਵੇਂ ਆਗੂ, ਆਸਕਰ ਨੀਵ, ਨੂੰ 15 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮੁਕੱਦਮੇਂ ਦੌਰਾਨ ਇਹ ਗੱਲ ਵੀ ਪ੍ਰਤੱਖ ਰੂਪ ਵਿਚ ਸਾਬਤ ਹੋ ਗਈ ਸੀ ਕਿ ਜਿਹਨਾਂ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ 'ਚੋਂ ਸਿਰਫ਼ ਦੋ ਹੀ ਸਨ ਜਿਹੜੇ ਕਿ 4 ਮਈ ਦੇ ਮੁਜ਼ਾਹਰੇ ਵਿਚ ਸ਼ਾਮਲ ਸਨ। 
ਅਮਰੀਕੀ ਧੰਨਕੁਬੇਰਾਂ ਅਤੇ ਸਰਕਾਰ ਦੀ ਇਸ ਘੋਰ ਬੇਇਨਸਾਫੀ ਅਤੇ ਸ਼ਰਮਨਾਕ ਕਾਰਵਾਈ ਦਾ ਮਕਸਦ ਮਜ਼ਦੂਰਾਂ ਅੰਦਰ ਫੈਲੀ ਹੋਈ ਬੇਚੈਨੀ ਨੂੰ ਦਬਾਉਣਾ ਸੀ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਡਰਾਉਣਾ ਸੀ ਜਿਹੜੇ ਕਿ ਅਜੇ ਚੇਤਨ ਜਮਾਤੀ ਸੰਘਰਸ਼ ਕਰਨ ਦੀ ਪੱਧਰ ਤੱਕ ਸੁਚੇਤ ਨਹੀਂ ਸਨ ਹੋਏ। ਇਸ ਦੇ ਬਾਵਜੂਦ ਅਮਰੀਕਾ ਅਤੇ ਯੂਰਪ ਦੀਆਂ ਮਜ਼ਦੂਰ ਜੱਥੇਬੰਦੀਆਂ ਨੇ, ਅਤੇ ਕੁੱਝ ਅਗਾਂਹਵਧੂ ਅਮਰੀਕਨਾਂ ਨੇ ਵੀ, ਵੱਡੇ ਵੱਡੇ ਰੋਸ ਮੁਜ਼ਾਹਰੇ ਜੱਥੇਬੰਦ ਕੀਤੇ ਅਤੇ ਇਹ ਮੰਗ ਕੀਤੀ ਕਿ ਇਹ ਨਜ਼ਾਇਜ਼ ਸਜ਼ਾਵਾਂ ਮਨਸੂਖ਼ ਕੀਤੀਆਂ ਜਾਣ। ਪਰੰਤੂ ਅਮਰੀਕਣ ਸਰਕਾਰ ਵੱਲੋਂ ਇਹ ਸਾਰੀਆਂ ਅਪੀਲਾਂ/ਦਲੀਲਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ। ਕੇਵਲ ਫੀਲਡਜ਼ ਅਤੇ ਸ਼ਾਅਬ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਹੀ ਉਮਰ ਕੈਦ ਵਿਚ ਬਦਲਿਆ ਗਿਆ। ਲੂਈ ਕਿੰਗ ਦਾ ਜੇਲ੍ਹ ਵਿਚ ਹੀ ਦਿਹਾਂਤ ਹੋ ਗਿਆ ਅਤੇ ਬਾਕੀ 4 ਯੋਧਿਆਂ-ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਜਾਰਜ ਐਨਗਲ ਅਤੇ ਅਡੌਲਫ ਫਿਸ਼ਰ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਅ ਦਿੱਤਾ ਗਿਆ। ਇਨ੍ਹਾਂ ਚਾਰਾਂ ਹੀ ਬਹਾਦਰ ਮਜ਼ਦੂਰ ਆਗੂਆਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਚੁੰਮੇ। ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਸਪਾਈਜ਼ ਦੇ ਅੰਤਮ ਸ਼ਬਦ ਸਨ-
''ਇਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ, ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ।'' 
ਇਸ ਤਰ੍ਹਾਂ ਸ਼ੁਰੂ ਹੋਈ ਮਜ਼ਦੂਰ ਲਹਿਰ ਦੀ ਇਕ ਹੋਰ ਜੁਝਾਰੂ ਰਵਾਇਤ, ਸਾਂਝੇ ਮਜ਼ਦੂਰ ਕਾਜ਼ ਲਈ ਇਨਕਲਾਬੀ ਬਲੀਦਾਨ ਦੇਣ ਦੀ ਰਵਾਇਤ। ਦੂਜੇ ਪਾਸੇ, ਜਿਹਨਾਂ ਤਿੰਨ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਉਨ੍ਹਾਂ ਨੂੰ 1893 ਵਿਚ ਰਿਹਾਅ ਕਰ ਦਿੱਤਾ ਗਿਆ। ਕਿਉਂਕਿ  ਈਲੀਅਨਜ਼ ਪ੍ਰਾਂਤ, ਜਿਸ ਵਿਚ ਸ਼ਿਕਾਗੋ ਸ਼ਹਿਰ ਪੈਂਦਾ ਹੈ, ਦੇ ਗਵਰਨਰ ਨੂੰ ਇਹ ਸਵੀਕਾਰ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ ਕਿ ਇਨ੍ਹਾਂ ਆਗੂਆਂ ਉੱਪਰ ਲਾਏ ਗਏ ਜ਼ੁਰਮ ਸਾਬਤ ਨਹੀਂ ਸਨ ਹੋ ਸਕੇ ਅਤੇ ਫਾਂਸੀ ਚਾੜ੍ਹੇ ਗਏ ਆਗੂਆਂ ਦੀ ਤਰ੍ਹਾਂ, ਇਹ ਵੀ ਅਦਾਲਤ ਦੀ ਪੱਖਪਾਤੀ ਪਹੁੰਚ ਦੇ ਸ਼ਿਕਾਰ ਹੋਏ ਸਨ। ਇਸ ਤੋਂ ਬਿਨਾਂ, ਇਹ ਵੀ ਸਿੱਧ ਹੋ ਗਿਆ ਸੀ ਕਿ ਮੁਕੱਦਮੇ ਦੇ ਮੁੱਖ ਗਵਾਹ ਨੂੰ ਵੱਢੀ ਦਿੱਤੀ ਗਈ ਸੀ। ਇੰਝ, ਅਮਰੀਕੀ ਪੂੰਜੀਵਾਦੀ ਨਿਆਂ-ਪ੍ਰਣਾਲੀ ਦਾ ਭਾਂਡਾ, ਸਮੁੱਚੀ ਦੁਨੀਆਂ, ਸਾਹਮਣੇ, ਚੁਰਾਹੇ ਵਿਚ ਭੱਜ ਗਿਆ। 
ਕੌਮਾਂਤਰੀ ਕਿਰਤੀ ਲਹਿਰ ਵਲੋਂ ਸ਼ਿਕਾਗੋ ਦੇ ਇਸ ਮੁਕੱਦਮੇ ਨੂੰ 'ਹੇਅ ਮਾਰਕੀਟ ਕੇਸ' ਦਾ ਨਾਂਅ ਦਿੱਤਾ ਗਿਆ ਅਤੇ ਇਸ ਕੇਸ ਵਿਚ ਫਾਂਸੀ ਲਾ ਕੇ ਸ਼ਹੀਦ ਕੀਤੇ ਗਏ ਚਾਰ ਆਗੂਆਂ ਨੂੰ ਸ਼ਿਕਾਗੋ ਦੇ ਸ਼ਹੀਦ ਕਹਿ ਕੇ ਸਤਿਕਾਰ ਦਿੱਤਾ ਗਿਆ। ਝੂਠੇ ਕੇਸ ਪਾ ਕੇ ਸ਼ਹੀਦ ਕੀਤੇ ਗਏ ਇਨ੍ਹਾਂ ਆਗੂਆਂ ਦੀ ਸ਼ਹਾਦਤ ਨਾਲ ਦੁਨੀਆਂ ਭਰ ਦੇ ਮਜ਼ਦੂਰਾਂ ਵਿਚ ਵਿਆਪਕ ਰੋਹ ਭੜਕਿਆ। ਇਸ ਪਿਛੋਕੜ ਵਿਚ 1889 ਵਿਚ, ਪੈਰਿਸ ਵਿਖੇ ਹੋਈ, ਅੰਤਰ-ਰਾਸ਼ਟਰੀ ਵਰਕਿੰਗ ਮੈਨਜ਼ ਐਸੋਸੀਏਸ਼ਨ ਦੀ ਕਾਂਗਰਸ ਵਿਚ ਫੈਸਲਾ ਕੀਤਾ ਗਿਆ ਕਿ ਅਗਲੇ ਸਾਲ ਭਾਵ 1890 ਤੋਂ ਹਰ ਸਾਲ ਪਹਿਲੀ ਮਈ ਦੇ ਦਿਨ ਨੂੰ ਮਜ਼ਦੂਰ ਜਮਾਤ ਦੇ ਅੰਤਰ-ਰਾਸ਼ਟਰੀ ਇਕਮੁਠਤਾ ਦਿਵਸ ਵਜੋਂ ਮਨਾਇਆ ਜਾਇਆ ਕਰੇਗਾ। ਇੰਜ ਬੱਝਾ ਸੀ ਮੁੱਢ, ਮਜ਼ਦੂਰਾਂ ਦੇ ਇਸ ਲਹੂ ਭਿੱਜੇ ਇਨਕਲਾਬੀ ਕੌਮਾਂਤਰੀ ਦਿਹਾੜੇ ਦਾ। 
ਇਸ ਪਿਛੋਂ, ਦੁਨੀਆਂ ਭਰ ਦੇ ਮਜ਼ਦੂਰਾਂ ਲਈ ਪਹਿਲੀ ਮਈ ਦਾ ਦਿਨ, ਆਪਣੀਆਂ ਆਰਥਿਕ ਤੇ ਰਾਜਨੀਤਿਕ ਮੰਗਾਂ ਉਠਾਉਣ ਅਤੇ ਇਨਕਲਾਬੀ ਯੁੱਧਨੀਤਕ ਨਿਸ਼ਾਨੇ ਨੂੰ ਉਭਾਰਨ ਦਾ ਮੰਚ ਬਣ ਗਿਆ। ਇਸ ਦਿਨ ਮਜ਼ਦੂਰ ਜਮਾਤ, ਥਾਂ ਪੁਰ ਥਾਂ, ''ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਓ'' ਦਾ ਨਾਅਰਾ ਬੁਲੰਦ ਕਰਕੇ ਆਪਣੀ ਕੌਮਾਂਤਰੀ ਇਕਮੁੱਠਤਾ ਦਾ ਪ੍ਰਗਟਾਵਾ ਕਰਦੀ ਹੈ। ਨਾਲ ਹੀ ਉਹ ਪਿਛਲੇ ਸਾਲ ਅੰਦਰ ਲੜੇ ਗਏ ਸੰਘਰਸ਼ਾਂ ਦਾ ਲੇਖਾ-ਜੋਖਾ ਕਰਦੀ ਹੈ ਅਤੇ ਨਵੇਂ ਕਾਰਜ ਤੇ ਨਵੇਂ ਰਾਜਸੀ ਦਿਸਹੱਦੇ ਨਿਰਧਾਰਤ ਕਰਦੀ ਹੈ। ਪਿਛਲੇ 125 ਸਾਲਾਂ ਤੋਂ  ਵੱਧ ਦੇ ਸਮੇਂ ਦੌਰਾਨ, ਮਈ ਦਿਵਸ ਨੇ ਮਜ਼ਦੂਰ ਲਹਿਰ ਨੂੰ ਵਿਕਸਿਤ ਕਰਨ ਅਤੇ ਵੱਡੀਆਂ ਵੱਡੀਆਂ ਮੱਲਾਂ ਮਾਰਨ ਦੇ ਯੋਗ ਬਣਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 
(ਅਲੈਗਜ਼ੈਂਡਰ ਟਰੈਕਟਬਰਗ ਵਲੋਂ ਲਿਖੇ ਗਏ ਕਿਤਾਬਚੇ 'ਮਈ ਦਿਵਸ ਦੇ ਇਤਹਾਸ' ਵਿਚ ਦਿੱਤੀ ਗਈ ਜਾਣਕਾਰੀ 'ਤੇ ਆਧਾਰਤ)

ਸੰਘ ਪਰਿਵਾਰ ਵਲੋਂ ਜ਼ਹਿਰ ਦਾ ਛਿੜਕਾਅ

ਸੰਪਾਦਕੀ ਟਿੱਪਣੀ

ਸਾਡੇ ਦੇਸ਼ ਦਾ ਸੰਵਿਧਾਨ ਦੇਸ਼ ਅੰਦਰ ਧਰਮ ਨਿਰਪੱਖ (Secularism) 'ਤੇ ਅਧਾਰਤ ਰਾਜ ਸਥਾਪਤ ਕਰਨ ਦਾ ਹੋਕਾ ਦਿੰਦਾ ਹੈ। ਐਪਰ, ਇਥੋਂ ਦੀਆਂ ਵੱਡੇ ਅਜਾਰੇਦਾਰਾਂ ਤੇ ਭੂਮੀਪਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਸਰਮਾਏਦਾਰ, ਜਗੀਰਦਾਰ ਪਾਰਟੀਆਂ ਇਸ ਧਰਮ ਨਿਰਪੱਖਤਾ ਨੂੰ ਕੇਵਲ ਕਾਗਜ਼ਾਂ ਤੱਕ ਹੀ ਮੰਨਦੀਆਂ ਹਨ ਅਤੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਹ ਧਰਮ ਨਿਰਪੱਖਤਾ ਦੇ ਇਸ ਸਿਧਾਂਤ ਨੂੰ ਪੈਰਾਂ 'ਚ ਮਧੋਲਣ ਲਈ ਇਸ ਦੇ ਮਨਇੱਛਤ ਅਰਥ ਕੱਢ ਲੈਂਦੀਆਂ ਹਨ। ਉਹ ਧਰਮ ਨਿਰਪੱਖਤਾ ਨੂੰ ਇਸ ਦੇ ਅਸਲੀ ਅਰਥਾਂ ਵਿਚ ਕਿ 'ਧਰਮ ਦੀ ਸਿਆਸਤ ਤੇ ਰਾਜ ਵਿਚ ਕੋਈ ਦਖਲਅੰਦਾਜ਼ੀ ਨਹੀਂ  ਹੋਵੇਗੀ' ਦੀ ਥਾਂ ਇਹ ਅਰਥ ਕੱਢਦੀਆਂ ਹਨ ਕਿ ਸਾਰੇ ਧਰਮਾਂ ਨੂੰ ਰਾਜਨੀਤੀ ਵਿਚ ਦਖ਼ਲ ਦੇਣ ਦੀ ਖੁੱਲ੍ਹ ਹੈ। ਉਂਝ ਤਾਂ ਕਾਂਗਰਸ ਸਮੇਤ ਬਾਕੀ ਦੀਆਂ ਸਾਰੀਆਂ ਹੀ ਸਰਮਾਏਦਾਰ-ਜਗੀਰਦਾਰ ਪਾਰਟੀਆਂ ਧਰਮ ਨੂੰ ਆਪਣੇ ਸੌੜੇ ਰਾਜਨੀਤਕ ਹਿੱਤਾਂ ਲਈ ਵਰਤਦੀਆਂ ਹਨ ਪਰ ਬੀ.ਜੇ.ਪੀ. ਇਸ ਦੀ ਸ਼ਰੇਆਮ ਮੁਦੱਈ ਹੈ ਅਤੇ ਉਹ ਇਸ ਦੀ ਬੜੀ ਹੀ ਨਿਡਰਤਾ ਤੇ ਢੀਠਤਾਈ ਨਾਲ ਵਰਤੋਂ ਕਰਦੀ ਹੈ। 
ਕਾਂਗਰਸ ਦੀ ਅਗਵਾਈ ਵਿਚ ਯੂ.ਪੀ.ਏ. ਦੀ ਪਿਛਲੇ 10 ਸਾਲਾਂ ਦੀ ਕੇਂਦਰੀ ਸਰਕਾਰ ਦੇ ਭਰਿਸ਼ਟਾਚਾਰ 'ਚ ਲਿਪਤ ਹੋਣ ਅਤੇ ਦੇਸ਼ ਅੰਦਰ ਸਾਮਰਾਜੀ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਕਰਕੇ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਵਿਚ ਵਿਸਫੋਟਕ ਵਾਧਾ ਹੋਣ ਕਾਰਨ, ਕਾਂਗਰਸ ਲੋਕ ਰੋਹ ਦ ਸ਼ਿਕਾਰ ਹੈ ਅਤੇ ਆਮ ਲੋਕ ਇਸ ਤੋਂ ਮੂੰਹ ਫੇਰ ਗਏ ਹਨ। ਇਸ ਦਾ ਲਾਹਾ ਲੈਣ ਲਈ ਇਸ ਮੌਕੇ ਨੂੰ ਬਹੁਤ ਢੁਕਵਾਂ ਸਮਝਦੇ ਹੋਏ, ਬੀ.ਜੇ.ਪੀ. ਨੇ ਆਰ.ਐਸ.ਐਸ. ਦੇ ਮੋਹਰੇ ਤੇ ਨੰਗੇ ਚਿੱਟੇ ਫਿਰਕਾਪ੍ਰਸਤ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕਰ ਦਿੱਤਾ। ਬਸ ਫਿਰ ਕੀ ਸੀ? ਬੀ.ਜੇ.ਪੀ., ਸੰਘ ਪਰਿਵਾਰ ਤੇ ਐਨ.ਡੀ.ਏ. ਦੀਆਂ ਸਮਰਥੱਕ ਕੁਝ ਹੋਰ ਸ਼ਾਵਨਵਾਦੀ ਤੇ ਫਿਰਕਾਪ੍ਰਸਤ ਪਾਰਟੀਆਂ ਨੇ ਖੁੱਲ੍ਹੇ ਆਮ ਫਿਰਕੂ ਜ਼ਹਿਰ ਖਿਲਾਰਨ ਤੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦਾ ਕੰਮ ਵੱਡੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਫਿਰਕਾਪ੍ਰਸਤੀ ਦੇ ਗੰਦੇ ਹਥਿੱਆਰ ਰਾਹੀਂ ਦੇਸ਼ ਦੀ ਰਾਜਸੱਤਾ 'ਤੇ ਕਾਬਜ਼ ਕੀਤਾ ਜਾ ਸਕੇ। ਦੇਸ਼ ਅੰਦਰ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ, ਵਿਰੁੱਧ ਹਰ ਰੋਜ ਹੀ ਥਾਂ ਥਾਂ ਤੋਂ ਘਿਰਣਾ ਭਰੇ ਬਿਆਨ ਆ ਰਹੇ ਹਨ ਜਿਸ ਨਾਲ ਫਿਰਕੂ ਵੰਡ ਤਿੱਖੀ ਕਰਕੇ, ਫਿਰਕੂ ਧਰੁਵੀਕਰਨ ਕਰਕੇ ਸੱਤਾ ਪ੍ਰਾਪਤ ਕੀਤੀ ਜਾ ਸਕੇ। ਅਪ੍ਰੈਲ ਦੇ ਮਹੀਨੇ 'ਚ ਹੀ ਕੁਝ ਬਹੁਤ ਖਤਰਨਾਕ ਬਿਆਨ ਆਏ ਹਨ, ਜਿਹਨਾਂ ਦਾ ਨੋਟਿਸ ਲੈਣਾ ਬਹੁਤ ਜ਼ਰੂਰੀ ਹੈ : 
ੲ ਨਰਿੰਦਰ ਮੋਦੀ ਦੇ ਸਭ ਤੋਂ ਨਜ਼ਦੀਕੀ ਤੇ ਭਰੋਸੇਯੋਗ ਨੇਤਾ,  ਯੂ.ਪੀ. ਵਿਚ ਬੀ.ਜੇ.ਪੀ. ਦੇ ਚੋਣ ਇੰਚਾਰਜ ਅਤੇ ਐਲਾਨੀਆਂ ਫਿਰਕਾਪ੍ਰਸਤ ਅਮਿਤ ਸ਼ਾਹ ਨੇ 5 ਅਪ੍ਰੈਲ ਨੂੰ ਬਿਜਨੌਰ (ਯੂ.ਪੀ.) ਵਿਚ ਇਹ ਜ਼ਹਿਰੀਲਾ ਬਿਆਨ ਦਾਗਿਆ ਹੈ : ''ਯੂ.ਪੀ. ਦੀਆਂ ਆਮ ਚੋਣਾਂ ਪਿਛਲੇ ਸਾਲ ਮੁਜੱਫਰ ਨਗਰ ਦੇ ਦੰਗਿਆਂ ਦਾ ਅਪਮਾਨ ਦਾ ਬਦਲਾ ਲੈਣ ਦਾ ਇਕ ਮੌਕਾ ਹੈ।''
ੲ ਬਿਹਾਰ ਵਿਚ ਨਿਤੀਸ਼ ਕੁਮਾਰ ਸਰਕਾਰ 'ਚ ਮੰਤਰੀ ਰਹਿ ਚੁੱਕੇ, ਭਾਜਪਾ ਦੇ ਸੀਨੀਅਰ ਨੇਤਾ, ਨਰਿੰਦਰ ਮੋਦੀ ਦੇ ਬਹੁਤ ਨੇੜਲੇ ਲਫਟੈਨ ਅਤੇ ਨਵਾਦਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਗਿਰੀਰਾਜ ਸਿੰਘ ਨੇ 19 ਅਪ੍ਰੈਲ ਨੂੰ ਬਿਆਨ ਦਿੱਤਾ ਹੈ : ''ਨਰਿੰਦਰ ਮੋਦੀ ਦੇ ਵਿਰੋਧੀ ਪਾਕਿ-ਪ੍ਰਸਤ ਹਨ ਤੇ ਚੋਣਾਂ ਤੋਂ ਬਾਅਦ ਉਹਨਾਂ ਨੂੰ ਉਥੇ ਹੀ ਜਾਣਾ ਪਵੇਗਾ।''
ਪੂਰੀ ਨਿਡਰਤਾ ਨਾਲ ਬਿਨਾਂ ਕੋਈ ਪ੍ਰਵਾਹ ਕੀਤਿਆਂ, ਉਸ ਨੇ 20 ਅਪ੍ਰੈਲ ਨੂੰ ਆਪਣਾ ਫਿਰਕੂ ਜ਼ਹਿਰ ਉਗਲਦਿਆਂ ਇਕ ਹੋਰ ਜ਼ਹਿਰੀਲਾ ਬਿਆਨ ਦਾਗ ਦਿੱਤਾ : ''ਮੈਂ ਇਹ ਗੱਲ ਪਾਕਿ ਸਮਰਥੱਕ ਲੋਕਾਂ ਲਈ ਕਹੀ ਹੈ, ਕਿਉਂਕਿ ਚੋਣਾਂ 'ਚ ਨਰਿੰਦਰ ਮੋਦੀ ਦਾ ਵਿਰੋਧ ਕਰਕੇ ਕੁਝ ਲੋਕ ਪਾਕਿਸਤਾਨ ਦੇ ਹਿੱਤ 'ਚ ਕੰਮ ਕਰ ਰਹੇ ਹਨ। ਅਜਿਹੇ ਲੋਕਾਂ ਲਈ ਭਾਰਤ 'ਚ ਕੋਈ ਜਗ੍ਹਾ ਨਹੀਂ, ਉਹਨਾਂ ਨੂੰ ਉਥੇ ਹੀ ਚਲੇ ਜਾਣਾ ਚਾਹੀਦਾ ਹੈ।''
ੲ 21 ਅਪ੍ਰੈਲ ਨੂੰ ਵਿਸ਼ਵ ਹਿੰਦੂ ਪਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਅਤੇ ਆਰ.ਐਸ.ਐਸ. ਦੇ ਮੁੱਖ ਚਿਹਰਿਆਂ ਚੋਂ ਇਕ, ਪ੍ਰਵੀਨ ਤੋਗੜੀਆ ਨੇ ਗੁਜਰਾਤ ਦੇ ਭਾਵਨਗਰ ਵਿਚ ਬੇਹੱਦ ਭੜਕਾਊ ਤੇ ਜ਼ਹਿਰੀਲਾ ਬਿਆਨ ਦਾਗ ਦਿੱਤਾ। ਇਹ ਬਿਆਨ ਉਸ ਨੇ ਸ਼ਹਿਰ ਦੀ ਹਿੰਦੂ ਵਸੋਂ ਵਾਲੇ ਇਲਾਕੇ ਵਿਚ ਇਕ ਮੁਸਲਮਾਨ ਵਪਾਰੀ ਵਲੋਂ ਮਕਾਨ ਖਰੀਦਣ ਦੇ ਵਿਰੋਧ ਵਿਚ ਦਿੱਤਾ ਹੈ : ''ਹਿੰਦੂ ਬਹੁਲਤਾ ਵਾਲੇ ਇਲਾਕੇ ਵਿਚ ਮੁਸਲਮਾਨ ਨਾ ਆਉਣ।'' ਅਤੇ, ''ਉਸ ਘਰ 'ਤੇ ਜਬਰਦਸਤੀ ਕਬਜ਼ਾ ਕਰ ਲਓ, ਇਸ ਤੋਂ ਬਾਅਦ ਕਈ ਸਾਲਾਂ ਤੱਕ ਕੇਸ ਚਲਦਾ ਰਹੇਗਾ।''
ਇਸ ਫਿਰਕੂ ਨਾਗ ਨੇ ਮੁਸਲਿਮ ਪਰਵਾਰ ਨੂੰ ਖਰੀਦਿਆ ਹੋਇਆ ਇਹ ਮਕਾਨ 48 ਘੰਟਿਆਂ 'ਚ ਖਾਲੀ ਕਰਨ ਲਈ ਚਿਤਾਵਨੀ ਦਿੰਦੇ ਹੋਏ ਲੋਕਾਂ ਨੂੰ ਕਿਹਾ : ''ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਸ ਦੇ ਦਫਤਰ 'ਤੇ ਪੱਥਰ, ਟਾਇਰ ਤੇ ਟਮਾਟਰ ਲੈ ਕੇ ਪਹੁੰਚ ਜਾਓ। ਇਸ 'ਚ ਕੁਝ ਵੀ ਗਲਤ ਨਹੀਂ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਫਾਂਸੀ ਨਹੀਂ ਹੋਈ ਹੈ, ਬਾਕੀ ਮਾਮਲਿਆਂ 'ਚ ਕੀ ਹੋਵੇਗਾ। ਅਸੀਂ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਾਂ।''
ੲ 21 ਅਪ੍ਰੈਲ ਦੀ ਰਾਤ ਨੂੰ ਮੁੰਬਈ 'ਚ ਬੀ.ਜੇ.ਪੀ. ਦੀ ਐਨ.ਡੀ.ਏ. 'ਚ ਪੱਕੀ ਭਾਈਵਾਲ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਰਾਮ ਦਾਸ ਕਦਮ ਨੇ, ਕਲਿਆਣਪੁਰ ਇਲਾਕੇ 'ਚ, ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ : ''ਅਗਸਤ 2011 'ਚ ਆਜ਼ਾਦ ਮੈਦਾਨ ਦੇ ਦੰਗਿਆਂ 'ਚ ਸ਼ਾਮਲ ਮੁਸਲਮਾਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਪਾਕਿਸਤਾਨ ਤੋਂ ਬਦਲਾ ਲੈਣਗੇ।'' ਉਸ ਨੇ ਅੱਗੇ ਹੋਰ ਕਿਹਾ, ''ਅਗਸਤ 2011 'ਚ ਪੁਲਸ ਦੀਆਂ ਗੱਡੀਆਂ ਅਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ, ਪੁਲਸ ਮਹਿਲਾ ਮੁਲਾਜ਼ਮਾਂ ਨਾਲ ਛੇੜਖਾਨੀ ਕਰਨ ਤੇ ਉਹਨਾਂ 'ਤੇ ਹਮਲਾ ਕਰਨ ਵਾਲੇ ਮੁਸਲਮਾਨਾਂ ਨੂੰ ਛੱਡਿਆ ਨਹੀਂ ਜਾਵੇਗਾ। ਸੱਤਾ 'ਚ ਆਉਣ  'ਤੇ, ਨਰਿੰਦਰ ਮੋਦੀ 6 ਮਹੀਨਿਆਂ ਅੰਦਰ ਪਾਕਿਸਤਾਨ ਨੂੰ ਨੇਸਤੋਨਾਬੂਦ ਕਰ ਦੇਣਗੇ।'' ਇਹ ਗੱਲ ਵਿਸ਼ੇਸ਼ ਤੌਰ 'ਤੇ ਨੋਟ ਕਰਨ ਵਾਲੀ ਹੈ ਕਿ ਜਦੋਂ ਰਾਮਦਾਸ ਕਦਮ ਇਹ ਜ਼ਹਿਰ ਉਗਲ ਰਿਹਾ ਸੀ ਤਾਂ  ਨਰਿੰਦਰ ਮੋਦੀ ਖ਼ੁਦ ਸਟੇਜ 'ਤੇ ਮੌਜੂਦ ਸੀ। ਅਤੇ ਮੋਦੀ ਨੇ ਉਸ ਨੂੰ ਟੋਕਿਆ ਤੱਕ ਨਹੀਂ ਅਤੇ ਨਾ ਪਿਛੋਂ ਹੀ ਰਾਮਦਾਸ ਕਦਮ ਦੇ ਭਾਸ਼ਨ ਨੂੰ ਰੱਦ ਕੀਤਾ।
ਇਹ ਹਨ ਉਹ ਬਿਆਨ ਜੋ ਹਿਟਲਰ ਦੇ ਯਹੂਦੀਆਂ ਵਿਰੁੱਧ ਦਿੱਤੇ ਬਿਆਨਾਂ ਨਾਲ ਮੇਲ ਖਾਂਦੇ ਹਨ ਅਤੇ ਸਥਿਤੀ ਨੂੰ ਵਿਸਫੋਟਕ ਬਣਾ ਕੇ ਫਿਰਕਾਪ੍ਰਸਤੀ ਦੇ ਅਧਾਰ 'ਤੇ ਦੇਸ਼ ਦੇ ਲੋਕਾਂ ਦੀ ਵੰਡ ਕਰਕੇ ਵੋਟਾਂ ਬਟੋਰਨ ਦੇ ਗੰਦੇ ਮੰਤਵ ਨਾਲ ਦਿੱਤੇ ਗਏ ਹਨ। ਇਹਨਾਂ ਬਿਆਨਾਂ ਨੂੰ ਬੀ.ਜੇ.ਪੀ. ਨੇ ਜਾਂ ਤਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ ਅਤੇ ਜਾਂ ਫਿਰ ਸ਼ਹਿਦ ਵਰਗਾ ਮਿੱਠਾ ਵਿਰੋਧ ਜਤਾਉਣ ਦੀ ਕੋਸ਼ਿਸ਼ ਕੀਤੀ ਹੈ। 
ਅਸੀਂ ਸਮਝਦੇ ਹਾਂ ਕਿ ਇਹ ਬਿਆਨ ਹਿੰਦੂਵਾਦੀ ਫਿਰਕੂ ਸੰਗਠਨਾਂ ਦੀ ਦੇਸ਼ ਦੀਆਂ ਸਮੂਹ ਘੱਟ ਗਿਣਤੀਆਂ ਨੂੰ ਦਿੱਤੀ ਖੁੱਲ੍ਹੀ ਚਨੌਤੀ ਤੇ ਧਮਕੀ ਹੈ ਜੋ ਭਾਰਤ ਨੂੰ ਇਕ ਧਰਮ ਅਧਾਰਤ ਦੇਸ਼ ਵਿਚ ਤਬਦੀਲ ਕਰਨ, ਦੀ ਗੰਦੀ ਤੇ ਖਤਰਨਾਕ ਖੇਡ ਖੇਡਣ ਵਿਚ ਰੁਝੇ ਹੋਏ ਹਨ। ਕਾਂਗਰਸ ਪਾਰਟੀ ਆਪਣੇ ਅਮਲਾਂ ਤੇ ਭਰਿਸ਼ਟਾਚਾਰ ਕਾਰਨ, ਨਮੋਸ਼ੀ ਭਰੀ ਹਾਰ 'ਤੇ ਪੁੱਜਣ ਕਰਕੇ ਇਸ ਦਾ ਟਾਕਰਾ ਨਹੀਂ ਕਰ ਰਹੀ ਅਤੇ ਦੇਸ਼ ਦੇ ਕਾਰਪੋਰੇਟ ਘਰਾਣੇ ਆਪਣੇ ਨਿੱਜੀ ਹਿੱਤਾਂ ਲਈ ਬੀ.ਜੇ.ਪੀ. ਨਾਲ ਨਾਪਾਕ ਗਠਜੋੜ ਬਣਾ ਕੇ ਨਰਿੰਦਰ ਮੋਦੀ ਦੇ ਹੱਕ ਵਿਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। 
ਅਸੀਂ ਪ੍ਰਾਂਤ ਦੇ ਸਮੂਹ ਜਮਹੂਰੀ ਤੇ ਦੇਸ਼ ਭਗਤ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਚੋਣਾਂ ਤੋਂ ਬਾਅਦ ਵੀ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ-ਭਾਜਪਾ ਵਿਰੁੱਧ ਜ਼ੋਰਦਾਰ ਵਿਚਾਰਧਾਰਕ ਤੇ ਰਾਜਨੀਤਕ ਵਿਰੋਧ ਜਾਰੀ ਰੱਖਣ ਅਤੇ ਸੰਘ ਪਰਿਵਾਰ ਵਲੋਂ ਦੇਸ਼ ਦੇ ਸਮੁੱਚੇ ਰਾਜਨੀਤਕ ਤੇ ਸਮਾਜਕ ਜੀਵਨ ਵਿਚ ਫਿਰਕੂ ਜਹਿਰ ਘੋਲਣ ਦੀ ਇਸ ਖਤਰਨਾਕ ਚਾਲ ਨੂੰ ਅਸਫਲ ਬਨਾਉਣ ਲਈ ਜਨਤਕ ਪ੍ਰਤੀਰੋਧ ਉਸਾਰਨ। ਸਾਡਾ ਜੁਝਾਰੂ ਆਪਾਵਾਰੂ ਅਤੇ ਧਰਮ ਨਿਰਪੱਖ ਤੇ ਦੇਸ਼ ਭਗਤੀ ਦਾ ਮਾਣਮੱਤਾ ਵਿਰਸਾ ਸਾਥੋਂ ਇਹ ਹੀ ਮੰਗ ਕਰਦਾ ਹੈ। 
- ਬੋਧ ਸਿੰਘ ਘੁੰਮਣ
(24.4.2014)

ਇੱਕ ਹਿਟਲਰ ਸੀ.....?

ਅੱਜ ਦੇ ਦੌਰ 'ਚ ਇੰਟਰਨੈੱਟ ਜ਼ਿੰਦਗੀ ਦਾ ਹਿੱਸਾ ਹੀ ਬਣ ਗਿਆ ਹੈ। ਸੂਚਨਾ ਦਾ ਆਦਾਨ-ਪ੍ਰਦਾਨ ਪਲਾਂ-ਛਿਣਾਂ ਵਿੱਚ ਹੀ ਹੋ ਜਾਂਦਾ ਹੈ। ਇਸ 'ਤੇ ਮੌਜੂਦ ਸੋਸ਼ਲ ਸਾਈਟਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਲੇਵੇਂ 'ਚ ਲਿਆ ਹੋਇਆ ਹੈ। ਇਨ੍ਹਾਂ ਦੇ ਜਿੱਥੇ ਨੁਕਸਾਨ ਵੀ ਬਹੁਤ ਹਨ, ਪਰ ਫਾਇਦਿਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਸਾਈਟਾਂ 'ਤੇ ਪਾ ਦਿੱਤੀ ਜਾਂਦੀ ਹੈ ਤੇ ਇਹ ਕੁੱਝ ਹੀ ਦੇਰ ਵਿੱਚ ਦੂਰ-ਦੂਰ ਤੱਕ ਚਲੀ ਜਾਂਦੀ ਹੈ। ਨੌਜਵਾਨ ਪੀੜ੍ਹੀ ਤੱਕ ਪਹੁੰਚਣ ਲਈ ਇਹ ਇੱਕ ਕਾਰਗਰ ਮਾਧਿਅਮ ਹੋ ਸਕਦਾ ਹੈ। ਇਨੀਂ ਦਿਨੀਂ ਫੇਸਬੁੱਕ 'ਤੇ ਇੱਕ ਦਿਲਚਸਪ 'ਪੋਸਟ' ਸ਼ੇਅਰ ਕੀਤੀ ਜਾ ਰਹੀ ਹੈ। ਪਤਾ ਨਹੀਂ ਇਹ ਕਿਸ ਨੇ ਸਭ ਤੋਂ ਪਹਿਲਾਂ ਪਾਈ ਹੋਵੇਗੀ, ਪਰ ਜਿਸ ਦੇ ਵੀ ਦਿਮਾਗ ਦੀ ਉਪਜ ਹੈੇ, ਉਸ ਦੀ ਦਾਦ ਦੇਣੀ ਬਣਦੀ ਹੈ। ਆਪਣੇ ਪਾਠਕਾਂ ਦੀ ਜਾਣਕਾਰੀ ਲਈ ਇੱਹ ਪੋਸਟ ਹੇਠਾਂ ਦਿੱਤੀ ਜਾ ਰਹੀ ਹੈ :
ਇੱਕ ਵਾਰ ਇੱਕ ਹਿਟਲਰ ਸੀ
1) ਹਿਟਲਰ ਨੇ ਸ਼ਾਦੀ ਨਹੀਂ ਕੀਤੀ ਸੀ।
2) ਹਿਟਲਰ ਪੱਕਾ 'ਰਾਸ਼ਟਰਵਾਦੀ' ਸੀ।
3) ਹਿਟਲਰ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਦੇਸ਼ ਦਾ ਦੁਸ਼ਮਣ ਮੰਨਦਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਸੀ।
4) ਹਿਟਲਰ ਕਮਿਊਨਿਸਟਾਂ/ਸਮਾਜਵਾਦੀਆਂ ਨੂੰ ਬਦੇਸ਼ੀ ਏਜੰਟ ਕਹਿੰਦਾ ਸੀ।
5) ਹਿਟਲਰ ਦੇ ਸਮੱਰਥਕਾਂ ਨੂੰ ਉਸ ਦੀ ਆਲੋਚਨਾ ਬਰਦਾਸ਼ਤ ਨਹੀਂ ਹੁੰਦੀ ਸੀ।
6) ਹਿਟਲਰ ਇੱਕ ਅਖੰਡ ਤੇ ਵੱਡਾ ਜਰਮਨੀ ਬਣਾਉਣਾ ਚਾਹੁੰਦਾ ਸੀ।
7) ਹਿਟਲਰ ਨੇ ਬਚਪਨ 'ਚ ਪੇਂਟ ਕਰਨ ਦਾ ਅਤੇ ਰੰਗ ਵੇਚਣ ਦਾ ਕੰਮ ਕੀਤਾ ਸੀ।
8) ਹਿਟਲਰ ਨਾਜ਼ੀ ਪਾਰਟੀ 'ਚ ਸਧਾਰਨ ਮੈਂਬਰ ਦੇ ਤੌਰ 'ਤੇ ਭਰਤੀ ਹੋਇਆ ਸੀ ਅਤੇ ਫਿਰ ਸਾਰੀ ਮੁਕਾਬਲੇਬਾਜ਼ੀ ਖਤਮ ਕਰਕੇ ਪਾਰਟੀ ਦਾ ਸਰਬ-ਸੰਮਤ ਆਗੂ ਬਣ ਗਿਆ ਸੀ।
9) ਹਿਟਲਰ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦਾ ਸੀ।
10) ਹਿਟਲਰ ਆਪਣੇ ਗੁਆਂਢੀ ਦੇਸ਼ਾਂ ਨੂੰ ਜਰਮਨੀ ਦਾ ਦੁਸ਼ਮਣ ਕਹਿੰਦਾ ਸੀ।
11) ਪ੍ਰਚਾਰ ਦੇ ਸਾਰੇ ਸਾਧਨ, ਅਖਬਾਰ, ਰਸਾਲੇ ਹਿਟਲਰ ਦੇ ਪ੍ਰਚਾਰ 'ਚ ਲੱਗੇ ਸਨ।
12) ਹਿਟਲਰ ਨੇ ਸਾਰੇ ਮਜ਼ਦੂਰ ਅੰਦੋਲਨਾਂ ਨੂੰ ਕੁਚਲ ਦਿੱਤਾ ਸੀ। 
13) ਹਿਟਲਰ ਆਪਣੇ ਵਿਰੋਧੀਆਂ ਨੂੰ ਦੇਸ਼ ਧ੍ਰੋਹੀ ਕਹਿੰਦਾ ਸੀ। 
14) ਹਿਟਲਰ ਇਹ ਪ੍ਰਚਾਰ ਕਰਕੇ ਸੱਤਾ 'ਚ ਆਇਆ ਸੀ ਕਿ ਉਹ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਚੁਟਕੀ 'ਚ ਖਤਮ ਕਰ ਦੇਵੇਗਾ। 
ਇਸ 'ਪੋਸਟ' ਦੀਆਂ ਇਹ ਆਖਰੀ ਸਤਰਾਂ ਵੀ ਧਿਆਨ ਮੰਗਦੀਆਂ ਹਨ, ''ਇਹ 'ਪੋਸਟ' ਸਿਰਫ ਤੇ ਸਿਰਫ ਹਿਟਲਰ ਬਾਰੇ ਹੈ। ਹਿਟਲਰ ਤੋਂ ਇਲਾਵਾ ਇਸ ਪੋਸਟ ਨਾਲ ਜੇ ਕਿਸੇ ਦਾ ਸੰਬੰਧ ਨਿਕਲ ਆਉਂਦਾ ਹੈ ਤਾਂ ਇਸ ਦਾ ਸਿਹਰਾ ਕੇਵਲ ਖ਼ੁਦ ਦੀ ਕਲਪਨਾ ਨੂੰ ਹੀ ਦਿਓ।''
(ਪੇਸ਼ਕਸ਼ - ਇੰਦਰਜੀਤ ਚੁਗਾਵਾਂ) 

ਲੋਕ ਸਭਾ ਚੋਣਾਂ ਸਬੰਧੀ ਅੰਕੜੇ

ਸੀਟਾਂ, ਜਿਨ੍ਹਾਂ ਲਈ ਚੋਣ ਹੋ ਰਹੀ ਹੈ : 543,  ਨਾਮਜ਼ਦ ਮੈਂਬਰ : 2

16ਵੀਂ ਲੋਕ ਸਭਾ ਲਈ ਚੋਣਾਂ ਵਿਚ ਭਾਗ ਲੈਣ ਯੋਗ ਵੋਟਰ : 81.45 ਕਰੋੜ

ਪੁਰਸ਼ : 44.10 ਕਰੋੜ,    ਔਰਤਾਂ : 37.35 ਕਰੋੜ

15ਵੀਂ ਲੋਕ ਸਭਾ ਵਿਚ ਪਾਰਟੀਵਾਰ ਸਥਿਤੀ 

1. ਭਾਰਤੀ ਰਾਸ਼ਟਰੀ ਕਾਂਗਰਸ 206
2. ਭਾਰਤੀ ਜਨਤਾ ਪਾਰਟੀ 116
3. ਬਹੁਜਨ ਸਮਾਜ ਪਾਰਟੀ 021
4. ਸੀ.ਪੀ.ਆਈ.(ਐਮ) 016
5. ਸੀ.ਪੀ.ਆਈ. 004
6. ਨੈਸ਼ਨਲਿਸਟ ਕਾਂਗਰਸ ਪਾਰਟੀ 009
7. ਰਾਸ਼ਟਰੀ ਜਨਤਾ ਦਲ 004
8. ਏ.ਆਈ.ਏ.ਡੀ.ਐਮ.ਕੇ. 009
9. ਕੁਲ ਹਿੰਦ ਫਾਰਵਰਡ ਬਲਾਕ 002
10. ਕੁਲ ਹਿੰਦ ਤ੍ਰਿਣਮੂਲ ਕਾਂਗਰਸ 019
11. ਅਸਾਮ ਗਣ ਪਰੀਸ਼ਦ 001
12.   ਅਸਾਮ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ 001
13. ਬੀਜੂ ਜਨਤਾ ਦਲ 014
14. ਡੀ.ਐਮ.ਕੇ. 018
15. ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ 003
16. ਜਨਤਾ ਦਲ (ਸੈਕੂਲਰ) 003
17. ਜਨਤਾ ਦਲ (ਯੂਨਾਇਟਿਡ) 020
18. ਝਾਰਖੰਡ ਮੁਕਤੀ ਮੋਰਚਾ 002
19. ਕੇਰਲਾ ਕਾਂਗਰਸ (ਐਮ) 001
20. ਐਮ.ਡੀ.ਐਮ.ਕੇ. 001
21. ਮੁਸਲਮ ਲੀਗ ਕੇਰਲ 002
22. ਨਾਗਾਲੈਂਡ ਪੀਪਲਜ਼ ਫਰੰਟ 001
23. ਆਰ.ਐਸ.ਪੀ. 002
24. ਸਮਾਜਵਾਦੀ ਪਾਰਟੀ 023
25. ਸ਼ਿਰੋਮਣੀ ਅਕਾਲੀ ਦਲ 004
26. ਸ਼ਿਵ ਸੈਨਾ 011
27. ਸਿੱਕਮ ਡੈਮੋਕ੍ਰੇਟਿਕ  ਫਰੰਟ 001
28. ਤੇਲੰਗਾਨਾ ਰਾਸ਼ਟਰ ਸਮਿਤੀ 002
29. ਤੇਲਗੂ ਦੇਸ਼ਮ 006
30. ਕੁਲ ਹਿੰਦ ਮਜਲਿਸ-ਏ-ਇਤਹਾਦੁਲ ਮੁਸਲਮੀਨ 001
31. ਬਹੁਜਨ ਵਿਕਾਸ ਅਗਾਡੀ 001
32. ਬੋਡੋਲੈਂਡ ਪੀਪਲਜ਼ ਫਰੰਟ 001
33. ਹਰਿਆਣਾ ਜਨਹਿਤ ਕਾਂਗਰਸ 001
34. ਝਾਰਖੰਡ ਵਿਕਾਸ ਮੋਰਚਾ 001
35. ਰਾਸ਼ਟਰੀ ਲੋਕ ਦਲ 005
36. ਸਵਾਭਿਮਾਨੀ ਪਕਸ਼ 001
37. ਵੀ.ਸੀ.ਕੇ. 001
38. ਆਜ਼ਾਦ 009


15ਵੀਂ ਲੋਕ ਸਭਾ ਰਾਜਵਾਰ, ਪਾਰਟੀਵਾਰ ਸਥਿਤੀ 

1. ਆਂਧਰਾ ਪ੍ਰਦੇਸ਼
ਕੁੱਲ ਸੀਟਾਂ-42, ਕਾਂਗਰਸ 32, ਬੀ.ਜੇ.ਪੀ.- 0, ਟੀ.ਆਰ.ਐਸ.-2, ਟੀ.ਡੀ.ਪੀ.-6, ਵਾਈ.ਐਸ.ਆਰ.ਕਾਂਗਰਸ-2


2. ਅਰੁਣਾਚਲ
ਕੁੱਲ ਸੀਟਾਂ-02, ਕਾਂਗਰਸ-02

3. ਆਸਾਮ
ਕੁੱਲ ਸੀਟਾਂ-14, ਕਾਂਗਰਸ-07ਬੀ.ਜੇ.ਪੀ.-4, ਬੋਡੋ ਪੀਪਲਜ਼ ਫਰੰਟ 1, ਅਸਾਮ ਗਣ ਪਰੀਸ਼ਦ-1, ਏ.ਯੂ.ਡੀ.ਐਫ.-1

4. ਬਿਹਾਰ
ਕੁੱਲ ਸੀਟਾਂ-40, ਕਾਂਗਰਸ-02ਬੀ.ਜੇ.ਪੀ.-12, ਆਰ.ਜੇ.ਡੀ.-4, ਜੇ.ਡੀ.ਯੂ.- 20, ਆਜ਼ਾਦ- 2

5. ਛੱਤੀਸਗੜ੍ਹ
ਕੁੱਲ ਸੀਟਾਂ-11, ਕਾਂਗਰਸ-01ਬੀ.ਜੇ.ਪੀ.-10

6. ਦਿੱਲੀ
ਕੁੱਲ ਸੀਟਾਂ-07, ਕਾਂਗਰਸ07

7. ਗੋਆ
ਕੁੱਲ ਸੀਟਾਂ-02, ਕਾਂਗਰਸ-01ਬੀ.ਜੇ.ਪੀ.-01

8. ਗੁਜਰਾਤ
ਕੁੱਲ ਸੀਟਾਂ-26, ਕਾਂਗਰਸ-11ਬੀ.ਜੇ.ਪੀ.-15

9. ਹਰਿਆਣਾ
ਕੁੱਲ ਸੀਟਾਂ-10, ਕਾਂਗਰਸ-09, ਐਚ.ਜੇ.ਸੀ.-1

10. ਹਿਮਾਚਲ
ਕੁੱਲ ਸੀਟਾਂ-04, ਕਾਂਗਰਸ-01ਬੀ.ਜੇ.ਪੀ.-03

11. ਜੰਮੂ ਕਸ਼ਮੀਰ
ਕੁੱਲ ਸੀਟਾਂ-06, ਕਾਂਗਰਸ-02, ਨੈਸ਼ਨਲ ਕਾਨਫਰੰਸ-3, ਆਜ਼ਾਦ-1

12. ਝਾਰਖੰਡ
ਕੁੱਲ ਸੀਟਾਂ-14, ਕਾਂਗਰਸ-01ਬੀ.ਜੇ.ਪੀ.-08, ਜੇ.ਐਮ.ਐਮ.-2, ਆਜ਼ਾਦ-2,  ਝਾਰਖੰਡ ਵਿਕਾਸ ਮੋਰਚਾ-1

13. ਕਰਨਾਟਕ
ਕੁੱਲ ਸੀਟਾਂ-28, ਕਾਂਗਰਸ-06ਬੀ.ਜੇ.ਪੀ.-19, ਜੇ.ਡੀ.ਐਸ.-3

14. ਕੇਰਲ
ਕੁੱਲ ਸੀਟਾਂ-20, ਕਾਂਗਰਸ-13, ਸੀ.ਪੀ.ਆਈ. (ਐਮ)-4, ਮੁਸਲਮ ਲੀਗ-2, ਕੇਰਲਾ ਕਾਂਗਰਸ (ਐਮ)-1

15. ਮੱਧ ਪ੍ਰਦੇਸ਼
ਕੁੱਲ ਸੀਟਾਂ-28, ਕਾਂਗਰਸ-12ਬੀ.ਜੇ.ਪੀ.-16, ਬੀ.ਐਸ.ਪੀ.-1

16. ਮਹਾਰਾਸ਼ਟਰ
ਕੁੱਲ ਸੀਟਾਂ-48, ਕਾਂਗਰਸ-17ਬੀ.ਜੇ.ਪੀ.-09, ਐਨ.ਸੀ.ਪੀ. 8, ਸ਼ਿਵ ਸੈਨਾ 11, ਹੋਰ 3

17. ਮਣੀਪੁਰ
ਕੁੱਲ ਸੀਟਾਂ-02, ਕਾਂਗਰਸ-02

18. ਮੇਘਾਲਿਆ
ਕੁੱਲ ਸੀਟਾਂ-02, ਕਾਂਗਰਸ-01, ਐਨ.ਸੀ.ਪੀ. 1

19. ਮਿਜੋਰਮ
ਕੁੱਲ ਸੀਟਾਂ-01, ਹੋਰ-1

20. ਨਾਗਾਲੈਂਡ
ਕੁੱਲ ਸੀਟਾਂ-01, ਨਾਗਾ ਪੀਪਲਜ਼ ਫਰੰਟ-1

21. ਉੜੀਸਾ
ਕੁੱਲ ਸੀਟਾਂ-21ਕਾਂਗਰਸ-06, ਸੀ.ਪੀ.ਆਈ.1, ਬੀਜੂ ਜਨਤਾ ਦਲ-14

22. ਪੰਜਾਬ
ਕੁੱਲ ਸੀਟਾਂ-13ਕਾਂਗਰਸ-08ਬੀ.ਜੇ.ਪੀ.-01, ਸ਼੍ਰੋਮਣੀ ਅਕਾਲੀ ਦਲ-4

23. ਰਾਜਸਥਾਨ
ਕੁੱਲ ਸੀਟਾਂ-25ਕਾਂਗਰਸ-20ਬੀ.ਜੇ.ਪੀ.-04, ਹੋਰ-

24. ਸਿੱਕਮ
ਕੁੱਲ ਸੀਟਾਂ-01, ਸਿਕਮ ਡੈਮੋਕ੍ਰੇਟਿਕ ਫਰੰਟ-1

25. ਤਾਮਲਨਾਡੂ
ਕੁੱਲ ਸੀਟਾਂ-39ਕਾਂਗਰਸ-08, ਏ. ਆਈ. ਏ. ਡੀ. ਐਮ. ਕੇ. 9, ਡੀ ਐਮ ਕੇ-18, ਸੀਪੀਐਮ-1, ਸੀ.ਪੀ.ਆਈ.-1, ਹੋਰ-2

26. ਤ੍ਰਿਪੁਰਾ
ਕੁੱਲ ਸੀਟਾਂ-02, ਸੀਪੀਆਈ(ਐਮ)-2

27. ਉਤਰ ਪ੍ਰਦੇਸ਼
ਕੁੱਲ ਸੀਟਾਂ-80ਕਾਂਗਰਸ-21ਬੀ.ਜੇ.ਪੀ.-10,ਬੀ.ਐਸ.ਪੀ.-20, ਐਸ.ਪੀ.-23, ਆਰ.ਐਲ.ਡੀ.-5, ਆਜ਼ਾਦ-1

28. ਉਤਰਾਖੰਡ
ਕੁੱਲ ਸੀਟਾਂ-05ਕਾਂਗਰਸ-05

29. ਪੱਛਮੀ ਬੰਗਾਲ
ਕੁੱਲ ਸੀਟਾਂ-42ਕਾਂਗਰਸ-06ਬੀ.ਜੇ.ਪੀ.-01, ਤ੍ਰਿਣਮੂਲ ਕਾਂਗਰਸ-19, ਸੀਪੀਆਈ (ਐਮ)-9, ਸੀ.ਪੀ.ਆਈ.-2, ਫਾਰਵਰਡ ਬਲਾਕ-2, ਆਰਐਸ ਪੀ-2, ਐਸਯੂਸੀਆਈ-1


ਕੇਂਦਰ ਸ਼ਾਸ਼ਤ ਪ੍ਰਦੇਸ਼ 

1. ਅੰਡਮਾਨ ਨਿਕੋਬਾਰ
ਕੁੱਲ ਸੀਟਾਂ-1ਬੀ.ਜੇ.ਪੀ.-1

2. ਚੰਡੀਗੜ੍ਹ
ਕੁੱਲ ਸੀਟਾਂ-1ਕਾਂਗਰਸ-1

3.  ਦਾਦਰਾ ਨਾਗਰ ਹਵੇਲੀ
ਕੁੱਲ ਸੀਟਾਂ-1ਬੀ.ਜੇ.ਪੀ.-1

4.  ਦਮਨ-ਦਿਊ
ਕੁੱਲ ਸੀਟਾਂ-1ਬੀ.ਜੇ.ਪੀ.-1

5. ਲਕਸ਼ਦੀਪ
ਕੁੱਲ ਸੀਟਾਂ-1ਕਾਂਗਰਸ-1

6. ਪਾਂਡੀਚੇਰੀ
ਕੁੱਲ ਸੀਟਾਂ-1ਕਾਂਗਰਸ-1


ਪੰਜਾਬ ਦੀਆਂ ਲੋਕ ਸਭਾ ਸੀਟਾਂ ਬਾਰੇ ਅੰਕੜੇ
ਕੁੱਲ ਹਲਕੇ : 13

ਕੁੱਲ ਵੋਟਰ : 1 ਕਰੋੜ 92 ਲੱਖ 7 ਹਜ਼ਾਰ 230

ਪੁਰਸ਼ : 1 ਕਰੋੜ 1 ਲੱਖ 12 ਹਜ਼ਾਰ 873

ਇਸਤਰੀਆਂ : 90 ਲੱਖ 94 ਹਜ਼ਾਰ 357

ਵੋਟਾਂ ਪੈਣ ਦੀ ਮਿਤੀ   : 30 ਅਪ੍ਰੈਲ 2014

ਗਿਣਤੀ ਦੀ ਮਿਤੀ   :  16 ਮਈ 2014

ਸੀਟਾਂ ਦੀ ਬਣਤਰ ਬਾਰੇ ਵੇਰਵੇ 
ਵਿਧਾਨ ਸਭਾ ਹਲਕਿਆਂ ਮੁਤਾਬਿਕ ਵੋਟਰਾਂ ਦੀ ਗਿਣਤੀ 

01 ਗੁਰਦਾਸਪੁਰ
ਸੁਜਾਨਪੁਰ 153946
ਭੋਆ 165401
ਪਠਾਨਕੋਟ 139712
ਗੁਰਦਾਸਪੁਰ 152310
ਦੀਨਾ ਨਗਰ 178197
ਕਾਦੀਆਂ 176659
ਬਟਾਲਾ 176031
ਫਤਿਹਗੜ੍ਹ ਚੂੜੀਆਂ 155307
ਡੇਰਾ ਬਾਬਾ ਨਾਨਕ 174834
ਕੁੱਲ         1472397

02 ਅੰਮ੍ਰਿਤਸਰ
ਅਜਨਾਲਾ 146445
ਰਾਜਾਸਾਂਸੀ 164694
ਮਜੀਠਾ 151134
ਅੰਮ੍ਰਿਤਸਰ ਉਤਰੀ 176333
ਅੰਮ੍ਰਿਤਸਰ ਪੱਛਮੀ 182865
ਅੰਮ੍ਰਿਤਸਰ ਕੇਂਦਰੀ 142152
ਅੰਮ੍ਰਿਤਸਰ ਪੂਰਬੀ 156191
ਅੰਮ੍ਰਿਤਸਰ ਦੱਖਣੀ 151914
ਅਟਾਰੀ 169228
ਕੁੱਲ         1440956

03 ਖਡੂਰ ਸਾਹਿਬ
ਜੰਡਿਆਲਾ 167681
ਤਰਨ ਤਾਰਨ 173205
ਖੇਮਕਰਨ 193247
ਪੱਟੀ 184515
ਖਡੂਰ ਸਾਹਿਬ 184299
ਬਾਬਾ ਬਕਾਲਾ 182247
ਕਪੂਰਥਲਾ 136833
ਸੁਲਤਾਨਪੁਰ ਲੋਧੀ 135034
ਜੀਰਾ            174702
ਕੁੱਲ         1531763

04 ਜਲੰਧਰ (ਸੁਰੱਖਿਅਤ)
ਫਿਲੌਰ 189736
ਨਕੋਦਰ 181375
ਸ਼ਾਹਕੋਟ 166557
ਕਰਤਾਰਪੁਰ 165157
ਜਲੰਧਰ ਪੱਛਮੀ 148482
ਜਲੰਧਰ ਕੇਂਦਰੀ 153333
ਜਲੰਧਰ ਉਤਰੀ 166055
ਜਲੰਧਰ ਕੈਂਟ 189230
ਆਦਮਪੁਰ 153741
ਕੁੱਲ 1513666

05 ਹੁਸ਼ਿਆਰਪੁਰ (ਸੁਰੱਖਿਅਤ)
ਸ਼੍ਰੀ ਹਰਗੋਬਿੰਦਪੁਰ 165172
ਭੁਲੱਥ 125481
ਫਗਵਾੜਾ 168087
ਮੁਕੇਰੀਆਂ 177744
ਦਸੂਹਾ 176961
ਉੜਮੁੜ 163694
ਸ਼ਾਮ ਚੁਰਾਸੀ         158635
ਹੁਸ਼ਿਆਰਪੁਰ         162342
ਚੱਬੇਵਾਲ 149983
ਕੁੱਲ         1448099

06 ਆਨੰਦਪੁਰ ਸਾਹਿਬ
ਗੜ੍ਹਸ਼ੰਕਰ 163476
ਬੰਗਾ           153042
ਨਵਾਂ ਸ਼ਹਿਰ 158575
ਬਲਾਚੌਰ 141436
ਆਨੰਦਪੁਰ ਸਾਹਿਬ 122505
ਰੂਪ ਨਗਰ 161887
ਚਮਕੌਰ ਸਾਹਿਬ         177953
ਖਰੜ         194513
ਐਸ.ਏ.ਐਸ. ਨਗਰ 193572
ਕੁੱਲ 1526959

07 ਲੁਧਿਆਣਾ
ਲੁਧਿਆਣਾ ਪੂਰਬੀ         167114
ਲੁਧਿਆਣਾ ਦੱਖਣੀ 142023
ਆਤਮ ਨਗਰ         151867
ਲੁਧਿਆਣਾ ਕੇਂਦਰੀ         144160
ਲੁਧਿਆਣਾ ਪੱਛਮੀ 171407
ਲੁਧਿਆਣਾ ਉਤਰੀ         177729
ਗਿੱਲ         224654
ਦਾਖਾ         174614
ਜਗਰਾਓਂ 170873
ਕੁੱਲ 1524441

08 ਫਤਿਹਗੜ੍ਹ ਸਾਹਿਬ (ਸੁਰੱਖਿਅਤ)
ਬੱਸੀ ਪਠਾਣਾ         138783
ਫਤਿਹਗੜ੍ਹ ਸਾਹਿਬ 144010
ਅਮਲੋਹ 126649
ਖੰਨਾ         154382
ਸਮਰਾਲਾ 161783
ਸਾਹਨੇਵਾਲ         199021
ਪਾਇਲ 154745
ਰਾਏਕੋਟ 145967
ਅਮਰਗੜ੍ਹ 148558
ਕੁੱਲ 1373898

09 ਫਰੀਦਕੋਟ (ਸੁਰੱਖਿਅਤ)
ਨਿਹਾਲ ਸਿੰਘ ਵਾਲਾ 188372
ਬਾਘਾ ਪੁਰਾਣਾ         161889
ਮੋਗਾ         185419
ਧਰਮਕੋਟ 168297
ਗਿੱਦੜਬਾਹਾ         149262
ਫਰੀਦਕੋਟ 144876
ਕੋਟਕਪੂਰਾ 144208
ਜੈਤੋਂ         137482
ਰਾਮਪੁਰਾ ਫੂਲ         153239
ਕੁੱਲ 1433044

10 ਫਿਰੋਜ਼ਪੁਰ
ਫਿਰੋਜਪੁਰ ਸ਼ਹਿਰ   181555
ਫਿਰੋਜ਼ਪੁਰ ਦਿਹਾਤੀ 174025
ਗੁਰੂ ਹਰ ਸਹਾਇ         149850
ਜਲਾਲਾਬਾਦ         186886
ਫਾਜ਼ਿਲਕਾ 160052
ਅਬੋਹਰ 155997
ਬੱਲੂਆਣਾ 167289
ਮਲੋਟ 158719
ਮੁਕਤਸਰ 164263
ਕੁੱਲ 1498636

11 ਬਠਿੰਡਾ
ਲੰਬੀ 149624

ਭੁੱਚੋ ਮੰਡੀ         171602
ਬਠਿੰਡਾ ਅਰਬਨ 195364
ਬਠਿੰਡਾ ਦਿਹਾਤੀ 147895
ਤਲਵੰਡੀ ਸਾਬੋ 143035
ਮੌੜ 152720
ਮਾਨਸਾ 196366
ਸਰਦੂਲਗੜ੍ਹ 164438
ਬੁਢਲਾਡਾ 175458
ਕੁੱਲ 1496502 

12 ਸੰਗਰੂਰ
ਲਹਿਰਾ 153463
ਦਿੜ੍ਹਬਾ 165343
ਸੁਨਾਮ 176671
ਭਦੌੜ         143686
ਬਰਨਾਲਾ 159057
ਮਹਿਲ ਕਲਾਂ         147877
ਮਲੇਰ ਕੋਟਲਾ         139718
ਧੂਰੀ         148279
ਸੰਗਰੂਰ 168213
ਕੁੱਲ 1402307

13 ਪਟਿਆਲਾ
ਨਾਭਾ         166775
ਪਟਿਆਲਾ ਦਿਹਾਤੀ 193378
ਰਾਜਪੁਰਾ 158439
ਡੇਰਾਬਸੀ 208690
ਘਨੌਰ 148279
ਸਨੌਰ         194765
ਪਟਿਆਲਾ 149365
ਸਮਾਣਾ 166197
ਸ਼ੁਤਰਾਣਾ 158674
ਕੁੱਲ 1544562


15ਵੀਆਂ ਲੋਕ ਸਭਾ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਨੂੰ ਮਿਲੀਆਂ ਵੋਟਾਂ 
ਪਾਰਟੀ ਮਿਲੀਆਂ ਵੋਟਾਂ ਫੀਸਦੀ

ਕਾਂਗਰਸ 11.91 ਕਰੋੜ 28.55

ਬੀ.ਜੇ.ਪੀ. 7.84 ਕਰੋੜ         18.80

ਬੀ.ਐਸ.ਪੀ. 2.57 ਕਰੋੜ          6.17

ਐਸ.ਪੀ. 1.42 ਕਰੋੜ          3.42

ਸੀ.ਪੀ.ਆਈ.(ਐਮ) 2.22 ਕਰੋੜ   5.33

ਟੀ.ਐਮ.ਸੀ. 1.33 ਕਰੋੜ    3.20

ਐਨ.ਸੀ.ਪੀ. 2.04 ਕਰੋੜ           5.04

ਸ਼ਿਵ ਸੈਨਾ 64.54 ਕਰੋੜ   1.55

ਡੀ.ਐਮ.ਕੇ. 76.25 ਲੱਖ           1.83

ਏ.ਡੀ.ਐਮ.ਕੇ. 64.54 ਲੱਖ           1.67

ਬੀ.ਜੇ.ਡੀ. 66.12 ਲੱਖ           1.59

ਜੇ.ਡੀ.ਯੂ. 63.31 ਲੱਖ           1.52 


15ਵੀਂ ਲੋਕ ਸਭਾ ਵਿਚ ਪੰਜਾਬ ਦੀ ਪਾਰਟੀਵਾਰ ਸਥਿਤੀ 

ਕੁੱਲ ਹਲਕੇ :                         13
ਕਾਂਗਰਸ :               08 
ਸ਼੍ਰੋਮਣੀ ਅਕਾਲੀ ਦਲ :     04   
ਬੀ.ਜੇ.ਪੀ. :       01

ਹਲਕਾਵਾਰ ਸਥਿਤੀ 
1. ਗੁਰਦਾਸਪੁਰ ਕਾਂਗਰਸ ਸ਼੍ਰੀ ਪ੍ਰਤਾਪ ਸਿੰਘ ਬਾਜਵਾ

2. ਅੰਮ੍ਰਿਤਸਰ ਬੀ.ਜੇ.ਪੀ. ਸ਼੍ਰੀ ਨਵਜੋਤ ਸਿੰਘ ਸਿੱਧੂ

3. ਖਡੂਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ੍ਰੀ ਰਤਨ ਸਿੰਘ ਅਜਨਾਲਾ

4. ਜਲੰਧਰ (ਸੁ) ਕਾਂਗਰਸ ਸ਼੍ਰੀ ਮਹਿੰਦਰ ਸਿੰਘ ਕੇਪੀ

5. ਹੁਸ਼ਿਆਰਪੁਰ (ਸੁ) ਕਾਂਗਰਸ ਸ਼੍ਰੀਮਤੀ ਸੰਤੋਸ਼ ਚੌਧਰੀ

6. ਅਨੰਦਪੁਰ ਸਾਹਿਬ ਕਾਂਗਰਸ ਸ਼੍ਰੀ ਰਵਨੀਤ ਸਿੰਘ

7. ਲੁਧਿਆਣਾ ਕਾਂਗਰਸ ਸ਼੍ਰੀ ਮਨੀਸ਼ ਤਿਵਾੜੀ

8. ਫਤਿਹਗੜ੍ਹ ਸਾਹਿਬ  ਕਾਂਗਰਸ ਸ਼੍ਰੀ ਸੁਖਦੇਵ ਸਿੰਘ ਲਿਬੜਾ

9. ਫਰੀਦਕੋਟ (ਸੁ) ਸ਼੍ਰੋਮਣੀ ਅਕਾਲੀ ਦਲ ਸ਼੍ਰੀਮਤੀ ਪਰਮਜੀਤ ਕੌਰ ਗੁਲਸ਼ਨ

10. ਫਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਸ਼ੇਰ ਸਿੰਘ ਘੁਬਾਇਆ

11. ਬਠਿੰਡਾ ਸ਼੍ਰੋਮਣੀ ਅਕਾਲੀ ਦਲ ਸ਼੍ਰੀਮਤੀ ਹਰਸਿਮਰਤ ਕੌਰ

12. ਸੰਗਰੂਰ ਕਾਂਗਰਸ ਸ਼੍ਰੀ ਵਿਜੈਇੰਦਰ ਸਿੰਗਲਾ

13. ਪਟਿਆਲਾ ਕਾਂਗਰਸ ਸ਼੍ਰੀਮਤੀ ਪਰਨੀਤ ਕੌਰ