Tuesday 11 March 2014

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ, ਮਾਰਚ 2014)

ਰੂਸੀ ਕਹਾਣੀ

ਓਵਰਕੋਟ

- ਨਿਕੋਲਾਈ ਗੋਗੋਲ
ਉਹ ਇੱਕ ਸਰਕਾਰੀ ਵਿਭਾਗ ਦਾ ਕਰਮਚਾਰੀ ਸੀ । ਕਿਹੜਾ ਵਿਭਾਗ? . . . ਕੀ ਫਰਕ ਪੈਂਦਾ ਹੈ, ਕਿਉਂਕਿ ਸਾਰੇ ਵਿਭਾਗ ਇੱਕੋ ਜਿਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਕਾਰਜ ਸਮਰਥਾ ਵੀ ! ਹੁਣ ਕਿਸੇ ਇੱਕ ਵਿਭਾਗ ਦਾ ਨਾਮ ਲਵਾਂਗਾ ਤਾਂ ਪੱਕੀ ਜਾਣੋ ਕਿ ਉਹ ਮੇਰੀ ਜਾਨ ਦੇ ਦੁਸ਼ਮਣ ਬਣ ਜਾਣਗੇ ਹਾਂ, ਤਾਂ ਇਹ ਕਿੱਸਾ ਸੇਂਟ ਪੀਟਰਸਬਰਗ ਵਿੱਚ ਸਥਿਤ ਕਈ ਵਿਭਾਗਾਂ ਵਿੱਚੋਂ ਇੱਕ ਵਿਭਾਗ ਦੇ ਇੱਕ ਕਰਮਚਾਰੀ ਦਾ ਹੈ ਆਮ ਕਰਮਚਾਰੀ ਦੀ ਤਰ੍ਹਾਂ ਉਹ ਵੀ ਸਧਾਰਣ ਨੈਣ-ਨਕਸ਼ ਵਾਲਾ, ਮਰੀਅਲ ਜਿਹੇ ਸਰੀਰ ਦਾ ਵਿਅਕਤੀ ਸੀ ਸਿਰ ਦੇ ਵਾਲ ਤਾਂ ਆਪਣੀ ਗੈਰ ਹਾਜਰੀ ਕਦੋਂ ਦੇ ਦਰਜ ਕਰਾ ਚੁੱਕੇ ਸਨ, ਜਿਸ ਕਰਕੇ ਮੱਥੇ ਅਤੇ ਸਿਰ ਦੀ ਵੰਡ ਰੇਖਾ ਨੂੰ ਤੈਅ ਕਰਨਾ ਔਖਾ ਸੀ ਇਸ ਵੇਰਵੇ ਤੋਂ ਪਾਠਕ ਨੂੰ ਉਸਦੀ ਆਰਥਕ ਹਾਲਤ ਦਾ ਵੀ ਅੰਦਾਜਾ ਹੋ ਗਿਆ ਹੋਵੇਗਾ। ।
ਓਏ . . . ਮੈਂ ਤਾਂ ਉਸਦਾ ਨਾਮ ਦੱਸਣਾ ਹੀ ਭੁੱਲ ਗਿਆ! ਉਸਦੇ ਨਾਮ ਦੇ ਪਿੱਛੇ ਵੀ ਇੱਕ ਲੰਬੀ ਕਹਾਣੀ ਛੁਪੀ ਹੋਈ ਹੈ; ਪਰ ਮੁੱਕਦੀ ਗੱਲ ਇਹ ਕਿ ਉਸਦੇ ਪੈਦਾ ਹੁੰਦੇ ਹੀ ਮਾਂ ਨੂੰ ਸੁਝਾਏ ਗਏ ਨਾਮਾਂ ਵਿੱਚੋਂ ਕੋਈ ਵੀ ਨਾਮ ਪਸੰਦ ਨਹੀਂ ਆਇਆ ਤਾਂ ਹਾਰ ਕੇ ਉਸਨੇ ਕਿਹਾ, ਇਸਦੇ ਪਿਤਾ ਦਾ ਨਾਮ ਅਕਾਕੀ ਸੀ, ਇਸ ਲਈ ਇਸਦਾ ਨਾਮ ਅਕਾਕੀ ਅਕਾਕੀਵਿਚ ਰੱਖਦੇ ਹਾਂ। ।
ਪਤਾ ਨਹੀਂ ਅਕਾਕੀ ਅਕਾਕੀਵਿਚ ਉਸ ਵਿਭਾਗ ਵਿੱਚ ਕਦੋਂ ਤੋਂ ਹੈ, ਕਿਸਨੇ ਉਸ ਨੂੰ ਨੌਕਰੀ ਦਿੱਤੀ . . . . . ਪਰ ਉਹ ਜਿੱਥੇ ਬੈਠਾ ਹੈ, ਲੋਕਾਂ ਨੇ ਉਸਨੂੰ ਹਮੇਸ਼ਾ ਉਥੇ ਹੀ ਬੈਠੇ ਵੇਖਿਆ ਹੈ। ਪਤਾ ਨਹੀਂ ਕਿੰਨੇ ਕਰਮਚਾਰੀ ਆਏ, ਤਰੱਕੀ ਪਾ ਕੇ ਚਲੇ ਗਏ; ਕਿੰਨੇ ਟਰਾਂਸਫਰ ਹੋਏ; ਕਿੰਨਿਆਂ ਨੇ ਛੁੱਟੀ ਪ੍ਰਾਪਤ ਕੀਤੀ; ਪਰ ਅਕਾਕੀ ਅਕਾਕੀਵਿਚ ਨਾ ਹੀ ਟਰਾਂਸਫਰ ਹੋਇਆ ਅਤੇ ਨਾ ਹੀ ਉਸਨੇ ਛੁੱਟੀ ਲਈ । ਉਸਦਾ ਕੰਮ ਸੀ ਵਿਭਾਗ ਦੇ ਕਿਸੇ ਵੀ ਖਰੜੇ ਦਾ ਸੁਲੇਖ ਕਰਕੇ ਮੋੜਨਾ। ।
ਅਕਾਕੀ ਅਕਾਕੀਵਿਚ ਪੂਰੀ ਨਿਸ਼ਠਾ ਨਾਲ ਆਪਣਾ ਕੰਮ ਕਰਦਾ ਸੀ ਰੰਗ-ਬਿਰੰਗੀ ਸਿਆਹੀ ਨਾਲ ਆਪਣੇ ਸੁਲੇਖ ਨੂੰ ਸਜਾਉਂਦਾ ਅਤੇ ਕਾਗਜ 'ਤੇ ਬਿਖਰੇ ਮੋਤੀਆਂ ਵਰਗੇ ਅੱਖਰਾਂ ਨੂੰ ਵੇਖਕੇ ਕਦੇ ਮੁਸਕੁਰਾਉਂਦਾ, ਕਦੇ ਪ੍ਰਸੰਨਤਾ ਨਾਲ ਸੀਟੀ ਵਜਾਉਂਦਾ ਤੇ ਕਦੇ ਹੱਸ ਦਿੰਦਾ। ਅਕਸਰ ਸਹਿਕਰਮੀ ਉਸਦੀ ਇਸ ਕਰਤਵ ਨਿਸ਼ਠਾ ਅਤੇ ਸਾਦਗੀ ਨੂੰ ਲੈ ਕੇ ਉਸਦਾ ਮਜ਼ਾਕ ਉਡਾਉਂਦੇ, ਗੱਲ ਕਈ ਵਾਰ ਖਿੱਲੀ ਤੱਕ ਪਹੁੰਚ ਜਾਂਦੀ ਪਰ ਉਸਦਾ ਕੋਈ ਅਸਰ ਅਕਾਕੀ ਅਕਾਕੀਵਿਚ 'ਤੇ ਨਾ ਹੁੰਦਾ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਉਸਨੇ ਕੁੱਝ ਸੁਣਿਆ ਹੀ ਨਹੀਂ ਉਹਨੂੰ ਛੇੜਨ ਦਾ ਇੱਕ ਕਾਰਨ ਇਹ ਵੀ ਸੀ ਕਿ ਅਕਾਕੀ ਅਕਾਕੀਵਿਚ ਨੂੰ ਵੇਖਕੇ ਕਿਸੇ ਨੂੰ ਵੀ ਗੁਦਗੁਦੀ ਹੁੰਦੀ ਉਸਦੇ ਗੰਜੇ ਸਿਰ ਤੇ ਕਦੇ ਘਾਹ - ਫੂਸ ਪਈ ਰਹਿੰਦੀ ਤਾਂ ਕਦੇ ਕੱਪੜਿਆਂ ਤੇ ਧਾਗੇ ਜਾਂ ਕੂੜਾ ਚਿਪਕਿਆ ਰਹਿੰਦਾ ਜਿਸਦਾ ਉਸਨੂੰ ਖਿਆਲ ਤੱਕ ਨਾ ਰਹਿੰਦਾ । ਦਰਅਸਲ, ਰਾਹ ਜਾਂਦੇ ਹੋਏ ਉਸਨੂੰ ਇਹ ਵੀ ਪਤਾ ਨਹੀਂ ਰਹਿੰਦਾ ਕਿ ਉਹ ਫੁਟਪਾਥ ਤੇ ਚੱਲ ਰਿਹਾ ਹੈ ਜਾਂ ਸੜਕ ਤੇ; ਉਹ ਕਿਸੇ ਘਰ ਦੀ ਬਾਲਕੋਨੀ ਦੇ ਹੇਠੋਂ ਗੁਜਰ ਰਿਹਾ ਹੈ ਜਾਂ ਕਿਸੇ ਦਰਖਤ ਦੇ ਹੇਠੋਂ; ਉੱਤੋਂ ਕੂੜਾ ਡਿੱਗ ਰਿਹਾ ਹੈ ਜਾਂ ਬਿੱਠਾਂ; ਅਤੇ ਜੇਕਰ ਕੁੱਝ ਡਿਗਿਆ ਵੀ ਤਾਂ ਉਸਨੂੰ ਝਟਕਣ ਜਾਂ ਸਾਫ਼ ਕਰਨ ਦੀ ਕੋਈ ਚਿੰਤਾ ਨਹੀਂ ।
ਵਰ੍ਹਿਆਂ ਤੋਂ ਪਾਇਆ ਕੋਟ ਨਾ ਕੇਵਲ ਬਦਰੰਗ ਹੋ ਗਿਆ ਸੀ, ਸਗੋਂ ਉਸਦੇ ਰੰਗ ਦੀ ਪਛਾਣ ਕਰਨਾ ਵੀ ਸੰਭਵ ਨਹੀਂ ਸੀ ਮਟਮੈਲਾ, ਥਾਂ-ਥਾਂ ਸਿਓਣਾਂ ਉਧੜਨ ਅਤੇ ਫੇਰ ਸਿਓਣ ਨਾਲ ਕੋਟ ਦਾ ਅਕਾਰ ਵੀ ਛੋਟਾ ਹੋ ਚਲਿਆ ਸੀ ਅਤੇ ਇੰਨਾ ਛਿੱਦਾ ਕਿ ਹੁਣ ਤਾਂ ਅਸਤਰ ਵੀ ਅੰਦਰੋਂ ਝਾਕਣ ਲਗਾ ਪਿਆ ਸੀ। ।
ਸਰਦੀ ਦਾ ਮੌਸਮ ਦਸਤਕ ਦੇ ਰਿਹਾ ਸੀ ਤਾਂ ਅਕਾਕੀ ਅਕਾਕੀਵਿਚ ਨੇ ਸੋਚਿਆ ਕਿ ਕੋਟ ਦੀ ਮਰੰਮਤ ਜਰੂਰੀ ਹੈ । ਇਸਦੇ ਲਈ ਸਮਾਂ ਕੱਢ ਕੇ ਉਸ ਨੂੰ ਬਦਮਿਜਾਜ਼ ਦਰਜੀ ਪੇਤਰੋਵਿਚ ਦੇ ਕੋਲ ਜਾਣਾ ਹੀ ਹੋਵੇਗਾ ।
ਪੇਤਰੋਵਿਚ ਬਦਮਿਜਾਜ਼ ਹੀ ਤਾਂ ਸੀ ਪਤਨੀ ਨਾਲ ਜਦੋਂ ਉਸਦੀ ਲੜਾਈ ਹੁੰਦੀ ਤਾਂ ਉਹ ਆਪਣਾ ਸਾਰਾ ਨਜ਼ਲਾ ਗਾਹਕ ਉਪਰ ਉਤਾਰਦਾ ਸੀ ਜਦੋਂ ਉਹ ਬਹੁਤੀ ਪੀ ਕੇ ਨਸ਼ੇ ਵਿੱਚ ਹੁੰਦਾ ਤਾਂ ਇੰਨੀ ਨਿਮਰਤਾ ਵਰਤਦਾ ਜਿਸਦਾ ਫ਼ਾਇਦਾ ਗਾਹਕ ਘੱਟ ਪੈਸੇ ਦੇ ਕੇ ਉਠਾਉਂਦੇ ਅਤੇ ਇਸ ਕਰਕੇ ਉਸਨੂੰ ਪਤਨੀ ਦੀਆਂ ਝਿੜਕਾਂ ਪੈਂਦੀਆਂ ਅਕਾਕੀ ਅਕਾਕੀਵਿਚ ਜਦੋਂ ਪੇਤਰੋਵਿਚ ਦੇ ਘਰ (ਇਸਨੂੰ ਦੁਕਾਨ ਵੀ ਕਹਿ ਸਕਦੇ ਹੋ, ਕਿਉਂਕਿ ਉਹ ਇੱਕ ਕਮਰਾ ਘਰ ਅਤੇ ਦੁਕਾਨ - ਦੋਨਾਂ ਦਾ ਕੰਮ ਦਿੰਦਾ ਹੈ) ਪਹੁੰਚਿਆ ਤਾਂ ਉਸਨੇ ਵੇਖਿਆ ਕਿ ਪੇਤਰੋਵਿਚ ਦੀ ਪਤਨੀ ਉਸਨੂੰ ਫਟਕਾਰ ਰਹੀ ਸੀ ਅਕਾਕੀ ਅਕਾਕੀਵਿਚ ਸਮਝ ਗਿਆ ਕਿ ਉਹ ਗਲਤ ਸਮੇਂ 'ਤੇ ਆ ਗਿਆ ਹੈ । ਉਹ ਪਰਤਣ ਲਗਿਆ ਪਰ ਦੇਰ ਹੋ ਚੁੱਕੀ ਸੀ। ਪੇਤਰੋਵਿਚ ਦੀ ਨਜ਼ਰ ਉਸ ਤੇ ਪੈ ਗਈ ਸੀ ਅਤੇ ਹੁਣ ਉਸਦੇ ਕੋਲ ਕੋਈ ਚਾਰਾ ਨਹੀਂ ਰਹਿ ਗਿਆ ਸੀ। ਉਸਨੇ ਅੰਦਰ ਪਹੁੰਚ ਕੇ ਪੇਤਰੋਵਿਚ ਨੂੰ ਨਿਮਰਤਾ ਨਾਲ ਆਪਣਾ ਕੋਟ ਵਿਖਾ ਕੇ ਝਿਝਕਦੇ ਹੋਏ ਕਿਹਾ, ਬਹੁਤ ਜਿਆਦਾ ਨਹੀਂ . . . ਕੁੱਝ ਇੱਥੇ ਮੋਢੇ ਦੇ ਕੋਲ . . . ਅਤੇ ਔਥੇ ਕਾਲਰ ਦੇ ਕੋਲ . . . ਅਤੇ ਇਹ ਥੋੜ੍ਹਾ ਪਿੱਛੇ ਅਸਤਰ . . .
ਪੇਤਰੋਵਿਚ ਨੇ ਕੋਟ ਨੂੰ ਉਲਟਿਆ-ਪਲਟਿਆ, ਫਿਰ ਸਿਰ ਹਿਲਾਇਆ; ਫਿਰ ਏਧਰ-ਉੱਧਰ ਵੇਖਿਆ ਅਤੇ ਸਿਰ ਹਿਲਾਇਆ। ਹੱਥ ਵਧਾ ਕੇ ਮੇਜ਼ ਤੋਂ ਨਸਵਾਰ ਦੀ ਡੱਬੀ ਚੁੱਕੀ, ਢੱਕਣ ਖੋਲਿਆ ਅਤੇ ਇੱਕ ਚੁਟਕੀ ਨਸਵਾਰ ਆਪਣੀ ਨਾਸ ਦੇ ਕੋਲ ਲੈ ਜਾਕੇ ਸੁੜਾਕਾ ਮਾਰਿਆ- ''ਇਸਦੀ ਸਰਵਿਸ ਪੂਰੀ ਹੋ ਗਈ ਹੈ''
ਅਕਾਕੀ ਅਕਾਕੀਵਿਚ ਦਾ ਦਿਲ ਬੈਠ ਗਿਆ। ਮਿੰਨਤ ਦੇ ਲਹਿਜੇ ਵਿੱਚ ਕੁੱਝ ਕਰਨ ਲਈ ਕਹਿ ਹੀ ਰਿਹਾ ਸੀ ਕਿ ਪੇਤਰੋਵਿਚ ਨੇ ਆਪਣਾ ਫੈਸਲਾ ਸੁਣਾ ਦਿੱਤਾ - ''ਨਵਾਂ ਕੋਟ ਹੀ ਬਣਾਉਣਾ ਪਵੇਗਾ'' ਅਕਾਕੀ ਅਕਾਕੀਵਿਚ ਨੇ ਗਿੜਗਿੜਾਉਂਦੇ ਹੋਏ ਕਿਹਾ ਕਿ ਕੁੱਝ ਟਾਕੀਆਂ ਤਾਂ ਲਾ ਹੀ ਦਿਓ ਤਾਂ ਕਿ ਇਹ ਮੌਸਮ ਗੁਜ਼ਰ ਜਾਵੇ; ਪਰ ਪੇਤਰੋਵਿਚ ਦਾ ਫੈਸਲਾ ਅਟਲ ਸੀ। ਹਾਰ ਕੇ ਅਕਾਕੀ ਅਕਾਕੀਵਿਚ ਨੇ ਪੁੱਛਿਆ ਕਿ ਨਵਾਂ ਕੋਟ ਕਿੰਨੇ ਵਿੱਚ ਬਣੇਗਾ?
ਡੇਢ ਸੌ ਰੂਬਲ ।
ਡੇਢ ਸੌ ਰੂਬਲ! ਚੌਂਕ ਗਿਆ ਅਕਾਕੀ ਅਕਾਕੀਵਿਚ, ਜਿਸਨੂੰ ਵੇਖਕੇ ਪੇਤਰੋਵਿਚ ਨੂੰ ਅੰਦਰ ਹੀ ਅੰਦਰ ਆਤਮਸੰਤੋਸ਼ ਹੋਇਆ - ਉਹੋ ਜਿਹਾ ਹੀ ਜੋ ਕਿਸੇ ਨੂੰ ਚੌਂਕਾਣ 'ਤੇ ਕਿਸੇ ਨੂੰ ਵੀ ਮਿਲਦਾ ਹੈ। ਅਕਾਕੀ ਅਕਾਕੀਵਿਚ ਮਾਯੂਸ ਹੋ ਕੇ ਪਰਤ ਗਿਆ। ਉਸਦੀ ਅੱਜ ਤੱਕ ਦੀ ਸਾਰੀ ਜਮਾ ਪੂੰਜੀ ਕੇਵਲ ਸੌ ਰੂਬਲ ਸੀ। ਅਤੇ ਪੰਜਾਹ ਰੂਬਲ ਉਹ ਕਿੱਥੋ ਲਿਆਏ!
ਬਿੱਲੀ ਦੇ ਭਾਗੀਂ ਛਿੱਕਾ ਟੁੱਟਿਆ! ਵਿਭਾਗ ਦੇ ਡਾਇਰੈਕਟਰ ਨੇ ਬੋਨਸ ਦੀ ਘੋਸ਼ਣਾ ਕੀਤੀ ਅਕਾਕੀ ਅਕਾਕੀਵਿਚ ਨੂੰ ਸੱਠ ਰੂਬਲ ਬੋਨਸ ਦੇ ਤੌਰ 'ਤੇ ਮਿਲੇਗਾ। । ਅਕਾਕੀ ਅਕਾਕੀਵਿਚ ਨੇ ਸੋਚਿਆ ਕਿ ਹੁਣ ਤਾਂ ਕੋਟ ਬਣ ਹੀ ਗਿਆ ਉਹ ਭੱਜਿਆ ਭੱਜਿਆ ਪੇਤਰੋਵਿਚ ਦੇ ਕੋਲ ਗਿਆ ਅਤੇ ਉਸਨੂੰ ਨਾਲ ਲੈ ਕੇ ਕਪੜੇ ਦਾ ਰੰਗ ਅਤੇ ਡਿਜਾਇਨ ਪਸੰਦ ਕੀਤਾ। ।
ਆਖਰ ਉਹ ਦਿਨ ਵੀ ਆ ਗਿਆ ਜਦੋਂ ਪੇਤਰੋਵਿਚ ਨੇ ਅਕਾਕੀ ਅਕਾਕੀਵਿਚ ਨੂੰ ਨਵਾਂ ਕੋਟ ਪਵਾ ਦਿੱਤਾ ਨਵਾਂ ਕੋਟ ਪਹਿਨ ਕੇ ਉਹ ਸਿੱਧਾ ਦਫਤਰ ਪਹੁੰਚਿਆ ਸਾਥੀਆਂ ਨੇ ਨਵੇਂ ਕੋਟ ਦੀ ਖੂਬ ਤਾਰੀਫ ਕੀਤੀ ਪਹਿਲਾਂ ਤਾਂ ਉਹ ਧੰਨਵਾਦ ਕਹਿੰਦਾ ਰਿਹਾ ਪਰ ਬਾਅਦ ਵਿੱਚ ਸ਼ਰਮਾਉਂਦਾ ਵੀ ਰਿਹਾ। ਇੰਨੇ ਵਿੱਚ ਇੱਕ ਸਾਥੀ ਨੇ ਪਾਰਟੀ ਦੀ ਮੰਗ ਰੱਖ ਦਿੱਤੀ। ਫਿਰ ਕੀ ਸੀ, ਸਾਰਿਆਂ ਨੇ ਇਸ ਮੰਗ ਦਾ ਸਮਰਥਨ ਕਰ ਦਿੱਤਾ . . . ਪਰ ਬੇਚਾਰਾ ਅਕਾਕੀ ਅਕਾਕੀਵਿਚ . . .  ਉਸਦੀ ਇਸ ਤਰਸਯੋਗ ਹਾਲਤ ਨੂੰ ਵੇਖਦੇ ਹੋਏ ਉਸਦੇ ਉੱਪਰ ਵਾਲੇ ਅਧਿਕਾਰੀ ਨੇ ਕਿਹਾ, ਚਲੋ ਅੱਜ ਸ਼ਾਮ ਮੇਰੇ ਵਲੋਂ ਪਾਰਟੀ ਹੋਵੇਗੀ ਕਿਉਂਕਿ ਅੱਜ ਮੇਰੀ ਸਾਲ-ਗਿਰਹਾ ਹੈ । ਸਭ ਨੇ ਤਾੜੀ ਵਜਾਈ ਅਤੇ ਸ਼ਾਮ ਦਾ ਇੰਤਜਾਰ ਕਰਨ ਲੱਗੇ। ।
ਅਕਾਕੀ ਅਕਾਕੀਵਿਚ ਘਰ ਪਹੁੰਚਿਆ ਵੱਡੀ ਸਾਵਧਾਨੀ ਨਾਲ ਕੋਟ ਉਤਾਰਿਆ ਅਤੇ ਕਿੱਲੀ ਤੇ ਟੰਗ ਦਿੱਤਾ। । ਪੁਰਾਣਾ ਕੋਟ ਹੁਣ ਸੱਚੀਂ ਉਸਨੂੰ ਕੂੜਾ ਲੱਗ ਰਿਹਾ ਸੀ । ਉਸਨੂੰ ਸ਼ਾਮ ਦੀ ਪਾਰਟੀ ਦੀ ਉਡੀਕ ਸੀ। ।
ਅਧਿਕਾਰੀ ਦਾ ਘਰ ਓਬੂਕੋਵ ਪੁੱਲ ਦੇ ਉਸ ਪਾਰ ਇੱਕ ਸੰਪਨ ਬਸਤੀ ਵਿੱਚ ਸੀ ਅਕਾਕੀ ਅਕਾਕੀਵਿਚ ਹਨ੍ਹੇਰੀਆਂ ਗਲੀਆਂ ਨੂੰ ਲੰਘਦਾ ਹੋਇਆ ਓਬੂਕੋਵ ਪੁੱਲ ਪਾਰ ਕਰਕੇ ਜਦੋਂ ਉਸ ਬਸਤੀ ਵਿੱਚ ਪਹੁੰਚਿਆ ਤਾਂ ਉੱਥੇ ਦੀ ਚਮਕ-ਦਮਕ ਵੇਖਦਾ ਹੀ ਰਹਿ ਗਿਆ। ਸ਼ਾਮ ਆਪਣੇ ਪੂਰੇ ਸ਼ਬਾਬ 'ਤੇ ਸੀ ਅਧਿਕਾਰੀ ਦੇ ਘਰ ਪਹੁੰਚਿਆ ਤਾਂ ਲੋਕਾਂ ਦਾ ਸ਼ੋਰ-ਸ਼ਰਾਬਾ ਅਤੇ ਵੋਦਕਾ ਦੀ ਦੁਰਗੰਧ ਮਾਹੌਲ ਵਿੱਚ ਫੈਲ ਰਹੀ ਸੀ ਉਹ ਵੀ ਜਾਕੇ ਚੁਪਚਾਪ ਆਪਣੇ ਇੱਕ ਸਾਥੀ ਦੀ ਬਗਲ ਵਿੱਚ ਬੈਠ ਗਿਆ ਅਤੇ ਸਲਾਦ, ਪੇਸਤਰੀ, ਵੀਲ ਦੇ ਨਾਲ ਵੋਦਕਾ ਦਾ ਮਜ਼ਾ ਲੈਣ ਲਗਾ। ਜੀਵਨ ਵਿੱਚ ਪਹਿਲੀ ਵਾਰ ਉਸਨੇ ਮਹਿਫਲ ਦਾ ਮਜਾ ਮਾਣਿਆ॥
ਰਾਤ ਬਹੁਤ ਹੋ ਗਈ। ਇੱਕ-ਇੱਕ ਕਰਕੇ ਲੋਕ ਵਿਦਾ ਹੋਣ ਲੱਗੇ। ਅਕਾਕੀ ਅਕਾਕੀਵਿਚ ਵੀ ਆਪਣੇ ਘਰ ਵੱਲ ਚੱਲ ਪਿਆ ਹੁਣ ਸੜਕਾਂ ਤੇ ਚਾਨਣ ਘੱਟ ਹੋ ਗਿਆ ਸੀ। ਕਿਸੇ -ਕਿਸੇ ਘਰ ਵਿਚੋਂ ਛਣ ਕੇ ਪ੍ਰਕਾਸ਼ ਫੈਲ ਰਿਹਾ ਸੀ, ਜਿਵੇਂ-ਜਿਵੇਂ ਉਹ ਬਸਤੀ ਤੋਂ ਦੂਰ ਹੋਇਆ, ਹਨੇਰਾ ਵੀ ਵਧਦਾ ਗਿਆ ਇਸ ਹਨੇਰੇ ਵਿੱਚ ਉਹ ਓਬੂਕੋਵ ਪੁੱਲ ਤੇ ਪਹੁੰਚਿਆ ਤਾਂ ਠਿਠਕ ਗਿਆ। ਇੱਕ ਸਾਇਆ ਉਸਦੇ ਸਾਹਮਣੇ ਖੜਾ ਸੀ ਜਿਵੇਂ ਹੀ ਉਹ ਹੱਟਣਾ ਚਾਹਿਆ, ਦੋ ਹੋਰ ਜਣੇ ਉਸਦੇ ਆਜੂ-ਬਾਜੂ ਖੜੇ ਹੋ ਗਏ। ਉਨ੍ਹਾਂ ਨੇ ਚੁੱਪ ਚਾਪ ਉਸਦਾ ਕੋਟ ਉਤਾਰ ਲਿਆ ਅਤੇ ਹਨੇਰੇ ਵਿੱਚ ਗਾਇਬ ਹੋ ਗਏ ਅਕਾਕੀ ਅਕਾਕੀਵਿਚ ਆਵਾਕ ਰਹਿ ਗਿਆ, ਚੀਖ ਤਾਂ ਦੂਰ, ਬੋਲ ਵੀ ਨਹੀਂ ਨਿਕਲ ਰਿਹਾ ਸੀ। ।
ਦੂਜੇ ਦਿਨ ਅਕਾਕੀ ਅਕਾਕੀਵਿਚ ਆਪਣਾ ਉਹੀ ਪੁਰਾਣਾ ਕੋਟ ਪਹਿਨ ਦਫਤਰ ਪਹੁੰਚਿਆ ਸਾਥੀਆਂ ਨੂੰ ਕੱਲ ਦੀ ਘਟਨਾ ਕਹਿ ਸੁਣਾਈ ਉਨ੍ਹਾਂ ਨੇ ਹਮਦਰਦੀ ਜਤਾਉਂਦੇ ਹੋਏ ਸਲਾਹ ਦਿੱਤੀ ਕਿ ਜਮਾਂਦਾਰ, ਇੰਸਪੇਕਟਰ ਨਾਲ ਕੰਮ ਨਹੀਂ ਚੱਲੇਗਾ, ਸਿੱਧੇ ਵੱਡੇ ਅਧਿਕਾਰੀ ਦੇ ਕੋਲ ਗੁਹਾਰ ਲਾਉਣੀ ਹੋਵੇਗੀ ਅਕਾਕੀ ਅਕਾਕੀਵਿਚ ਤਾਂ ਪਹਿਲਾਂ ਝਿਝਕਿਆ ਕਿ ਉਹ ਵੱਡੇ ਅਧਿਕਾਰੀ ਦੇ ਕੋਲ ਕਿਵੇਂ ਜਾਏਗਾ ਪਰ ਜਦੋਂ ਸਾਥੀਆਂ ਨੇ ਢਾਰਸ ਬੰਨ੍ਹਾਈ ਤਾਂ ਉਹ ਵੱਡੇ ਅਧਿਕਾਰੀ ਦੇ ਦਫਤਰ ਪਹੁੰਚਿਆ ਵੱਡਾ ਅਧਿਕਾਰੀ ਤਾਂ ਵੱਡਾ ਹੁੰਦਾ ਹੀ ਹੈ, ਭਲੇ ਹੀ ਉਸਦੇ ਕੋਲ ਬਹੁਤੇ ਅਧਿਕਾਰ ਨਾ ਹੀ ਹੋਣ! ਉਹ ਕਿਸੇ ਅਦਨੇ ਵਿਭਾਗ ਦੇ ਅਦਨੇ ਕਾਰਿੰਦੇ ਨੂੰ ਤੁਰਤ ਕਿਵੇਂ ਮਿਲਦਾ ਕੁੱਝ ਘੰਟੇ ਇੰਤਜਾਰ ਦੇ ਬਾਅਦ ਅਕਾਕੀ ਅਕਾਕੀਵਿਚ ਨੂੰ ਅੰਦਰ ਬੁਲਾਇਆ ਅਤੇ ਉਸਦੀ ਗੱਲ ਸੁਣਦੇ ਹੀ ਉਸਨੂੰ ਝਿੜਕ ਦਿੱਤਾ - ਪਤਾ ਹੈ ਤੂੰ ਕਿਸ ਨਾਲ ਗੱਲ ਕਰ ਰਿਹਾ ਹੈਂ . . . ਕਿਸਦੇ ਕੋਲ ਆਇਆ ਹੈਂ . . . ਤੈਨੂੰ ਇੱਥੇ ਕਿਸਨੇ ਭੇਜਿਆ ਹੈ . . . . . ਇੱਥੇ ਆਉਣ ਕਿਸ ਨੇ ਦਿੱਤਾ ਤੈਨੂੰ . . . . ਤੇਰੀ ਹਿੰਮਤ ਕਿਵੇਂ ਹੋਈ ਇੱਥੇ ਸਿੱਧੇ ਆਉਣ ਦੀ . . ? ? ?
ਬੇਚਾਰੇ ਅਕਾਕੀ ਅਕਾਕੀਵਿਚ ਦੀ ਘਿੱਗੀ ਬੈਠ ਗਈ । ਉਹ ਬੇਹੋਸ਼ ਹੋਕੇ ਡਿੱਗ ਹੀ ਜਾਂਦਾ ਜੇਕਰ ਇਸ ਰੌਲੇ ਨੂੰ ਸੁਣਕੇ ਅੰਦਰ ਆਏ ਦੋ ਸਹਾਇਕ ਉਸਨੂੰ ਫੜ ਨਾ ਲੈਂਦੇ ਅਤੇ ਬਾਹਰ ਨਾ ਲੈ ਜਾਂਦੇ । ਉਸਨੂੰ ਆਪ ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਘਰ ਪਹੁੰਚਿਆ ਅਤੇ ਮੰਜੇ ਤੇ ਢੇਰੀ ਹੋ ਗਿਆ ਦੋ ਦਿਨ ਤੱਕ ਤਾਪ ਵਿੱਚ ਬੜਬੜਾਉਂਦਾ ਰਿਹਾ ਭਲਾ ਹੋਵੇ ਉਸ ਮਕਾਨ ਮਾਲਕਣ ਦਾ, ਜਿਨ੍ਹੇ ਉਸਦੇ ਕੁਰਲਾਉਣ ਦੀ ਅਵਾਜ ਸੁਣਕੇ ਅੰਦਰ ਝਾਕਿਆ ਅਤੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਉਸਦੀ ਤਰਸਯੋਗ ਹਾਲਤ ਵੇਖਕੇ ਕਿਹਾ ਕਿ ਇਸਨੂੰ ਦਵਾਈ ਦੀ ਨਹੀਂ ਤਾਬੂਤ ਦੀ ਜ਼ਰੂਰਤ ਹੈ । ਹੁਣ ਤਾਂ ਇਹ ਕੁੱਝ ਸਮੇਂ ਦਾ ਮਹਿਮਾਨ ਹੈ।
× × × × × × × × × × × ×
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਕਾਕੀ ਅਕਾਕੀਵਿਚ ਦੀ ਕਹਾਣੀ ਇੱਥੇ ਖਤਮ ਨਹੀਂ ਹੋਈ । ਪਤਾ ਚਲਿਆ ਹੈ ਕਿ ਜਿਸ ਓਬੂਕੋਵ ਪੁੱਲ ਦੇ ਕੋਲ ਅਕਾਕੀ ਅਕਾਕੀਵਿਚ ਨੂੰ ਲੁਟਿਆ ਗਿਆ ਸੀ ਉੱਥੇ ਇੱਕ ਪ੍ਰੇਤ ਰਾਤ ਦੇ ਸਮੇਂ ਰਾਹਗੀਰਾਂ ਦੇ ਕੋਟ ਕੱਟਦਾ ਫਿਰਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰੇਤ ਅਕਾਕੀ ਅਕਾਕੀਵਿਚ ਦਾ ਹੈ ਜਿਸਨੂੰ ਉਨ੍ਹਾਂ ਨੇ ਅੱਖੀਂ ਵੇਖਿਆ ਹੈ। ।
ਇੱਕ ਰਾਤ ਉਹੀ ਅਧਿਕਾਰੀ ਉਸ ਪੁੱਲ ਤੋਂ ਗੁਜਰ ਰਿਹਾ ਸੀ ਜਿਨ੍ਹੇ ਅਕਾਕੀ ਅਕਾਕੀਵਿਚ ਨੂੰ ਡਾਂਟਿਆ - ਫਿਟਕਾਰਿਆ ਸੀ । ਅਚਾਨਕ ਉਸਦੀ ਗਿੱਚੀ ਤੇ ਇੱਕ ਝਪਟਾ ਪਿਆ ਤੇ ਕਿਸੇ ਹੱਥ ਨੇ ਉਹਨੂੰ ਕਾਲਰ ਤੋਂ ਫੜ ਲਿਆ ਪਿੱਛੇ ਮੁੜ ਕੇ ਵੇਖਿਆ ਤਾਂ ਉਸਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ । ਉਸਨੇ ਵੇਖਿਆ ਕਿ ਉਹੀ ਛੋਟੇ ਜਿਹੇ ਕੱਦ ਦਾ ਦੁਬਲਾ - ਪਤਲਾ ਆਦਮੀ . . . ਉਹੀ ਫੱਟਿਆ - ਪੁਰਾਣਾ ਕੋਟ . . .! ਉਸਦੇ ਸਰੀਰ ਤੋਂ ਪੁਰਾਣੀ ਕਬਰ ਦੀ ਦੁਰਗੰਧ ਆ ਰਹੀ ਸੀ । ਉਹ ਬਲਦੀਆਂ ਲਾਲ ਅੱਖਾਂ ਨਾਲ ਘੂਰ ਰਿਹਾ ਸੀ । ਉਸਦੇ ਮੂੰਹ ਤੋਂ ਬਹੁਤ ਦੁਰਗੰਧ ਆ ਰਹੀ ਸੀ ਜਦੋਂ ਉਸਨੇ ਮੂੰਹ ਖੋਲ੍ਹਿਆ ਅਤੇ ਇਹ ਕਿਹਾ, 'ਆਹ! ਅਖੀਰ ਤੁਸੀਂ ਆ ਹੀ ਗਏ ਮੈਨੂੰ ਇਸ ਕੋਟ ਦਾ ਇੰਤਜਾਰ ਸੀ ਤੁਸੀਂ ਮੈਨੂੰ ਦੁਤਕਾਰ ਦਿੱਤਾ ਸੀ, ਪਰ ਹੁਣ ਮੈਨੂੰ ਤੁਹਾਡਾ ਇਹ ਕੋਟ ਚਾਹੀਦਾ ਹੈ' ਅਧਿਕਾਰੀ ਨੇ ਆਪਣਾ ਕੋਟ ਝੱਟ ਦੇਣੀ ਉਤਾਰ ਸੁੱਟਿਆ ਅਤੇ ਘਰ ਦਾ ਰੁਖ਼ ਕੀਤਾ। ਕਹਿੰਦੇ ਹਨ ਕਿ ਉਸਦੇ ਬਾਅਦ ਪੁੱਲ ਦਾ ਉਹ ਪ੍ਰੇਤ ਕਿਸੇ ਨੂੰ ਵਿਖਾਈ ਨਹੀਂ ਦਿੱਤਾ । ਇਹ ਵੀ ਪਤਾ ਚਲਿਆ ਹੈ ਕਿ ਉਹ ਅਧਿਕਾਰੀ ਹੁਣ ਕਦੇ ਕਿਸੇ ਨਾਲ ਡਾਂਟ - ਡਪਟ ਕੇ ਗੱਲ ਨਹੀਂ ਕਰਦਾ।


ਗ਼ਜ਼ਲ
- ਬਲਦੇਵ ਮੋਹਲਾਂ

ਸਾਡਾ ਮੁੜ੍ਹਕਾ ਤੇਰੀ ਉਜਰਤ ਰਲ ਮਿਲ ਕੇ ਸੰਸਾਰ ਬਣੇ,
ਫਿਰ ਕਿਉਂ ਕੋਈ ਇਸ ਧਰਤੀ ਦਾ 'ਕੱਲਾ ਹੀ ਹੱਕਦਾਰ ਬਣੇ?

ਧਰਤੀ ਅੰਦਰ ਦੱਬ ਕੇ ਜੀਹਨੇ ਸੇਕ ਹੰਡਾਇਆ ਸਦੀਆਂ ਦਾ,
ਉਹੋ ਲੋਕ ਹੀ ਅੱਗ ਵਿਚ ਢਲ ਕੇ ਅੱਜ ਕੱਲ੍ਹ ਦਾ ਔਜ਼ਾਰ ਬਣੇ।

ਇਹ ਤਾਂ ਵਕਤ ਬਦਲਦਾ ਰਹਿੰਦੈ, ਰਹਿੰਦਾ ਨਹੀਂ ਇਕਸਾਰ ਕਦੇ,
ਕਹਿ ਦਿਉ ਉਸ ਮਹਾਂਸ਼ਕਤੀ ਨੂੰ ਬਹੁਤੀ ਨਾ ਹੁਸ਼ਿਆਰ ਬਣੇ। 

ਉਗਦੈ ਬੀਜ, ਰੁੱਖ ਬਣ ਜਾਂਦੈ ਫਿਰ ਇਹ ਲੱਕੜ ਬਣਦਾ ਹੈ,
ਫਿਰ ਵੀ ਇਹਨੂੰ ਜਲਾਉਣਾ ਪੈਂਦਾ ਫਿਰ ਜਾ ਕੇ ਅੰਗਾਰ ਬਣੇ।

ਆਪਣੇ ਹੱਥੀਂ ਕਿਰਤ ਕਮਾ ਕੇ ਨਹੀਂ ਇਹ ਬਣ ਗਏ ਵੱਡੇ ਲੋਕ,
ਲੋਕਾਂ ਦੀ ਰੱਤ ਪੀ.ਪੀ. ਕੇ ਹੀ ਇਹ ਸਰਮਾਏਦਾਰ ਬਣੇ। 

ਚੰਗਾ ਬੀਜ, ਸਿਆਣਾ ਮਾਲੀ, ਢੁੱਕਵਾਂ ਮੌਸਮ ਰੁੱਤਾਂ ਦਾ।
ਫਿਰ ਇਹ ਧਰਤੀ ਜਾ ਕੇ ਕਿੱਧਰੇ ਫੁੱਲਾਂ ਦੀ ਗੁਲਜ਼ਾਰ ਬਣੇ। 

ਸੀਟਾਂ ਵੇਚੋ, ਵੋਟ ਖਰੀਦੋ, ਦਲ ਬਦਲੀ ਵੀ ਕਰਦੇ ਰਹੋ,
ਐਨੀ ਕੋਸ਼ਿਸ਼ ਕਰਕੇ ਹੀ ਤਾਂ ਜਮਹੂਰੀ ਸਰਕਾਰ ਬਣੇ।  
(ਨਵੀਂ ਛਪੀ ਪੁਸਤਕ 'ਟੁੱਟੇ ਤਾਰੇ ਦੀ ਲੀਕ' 'ਚੋਂ)

ਕਹਿ ਦਿਓ 
- ਯੋਧ ਸਿੰਘ 

ਇਹ ਗਲ਼ ਗਲ਼ ਆਈ ਚਾਂਦੀ ਨੂੰ ਕਹਿ ਦਓ।
ਸੂਹੇ ਫੀਤੇ ਵਾਲੀ ਉਹਦੀ ਬਾਂਦੀ ਨੂੰ ਕਹਿ ਦਓ
ਕਹਿ ਦਓ ਕਿ ਅਮਲਾਂ ਦੇ 
ਇਨਸਾਨ ਆ ਗਏ
ਲੈ ਹਿੱਕਾਂ 'ਚ ਰੋਹ ਦੇ ਤੂਫ਼ਾਨ ਆ ਗਏ। 
ਕਹਿ ਦਓ ਕਿ ਉਸ ਸਾਨੂੰ 
ਬੜੀ ਵਾਰ ਟੋਹਿਆ
ਮੇਖਾਂ ਦੇ ਨਾਲ ਜਦ
ਤਨ ਸੀ ਪਰੋਇਆ
ਫਰਮਾਨ ਉਹਦੇ ਸਾਨੂੰ
ਸੂਲੀ 'ਤੇ ਟੰਗਿਆ
ਅਸੀਂ ਫਿਰ ਵੀ ਮੁਸਕਰਾਏ 
ਘੁਟ ਪਾਣੀ ਨਾ ਮੰਗਿਆ। 
ਇਹ ਕਹਿ ਦਿਓ
ਸਮਾਂ ਹੁਣ ਸੰਘਰਸ਼ਾਂ ਲਈ ਮਾਫ਼ਕ
ਅਸੀਂ ਹਾਂ ਸਭ ਔਖੇ ਰਾਹਾਂ ਦੇ ਵਾਕਿਫ਼
ਜਬਰ ਤੇ ਸਬਰ ਦੀ ਹੁੰਦੀ ਕੋਈ ਸੀਮਾਂ
ਅਹੁਰ ਹੁਣ ਬੁੱਝ ਲਈ ਸਿਆਣੇ ਹਕੀਮਾਂ
ਇਹ ਕਹਿ ਦਿਓ 
ਅਸੀਂ ਚੜ੍ਹੀਆਂ ਉਚੀਆਂ ਤੇ ਸਿੱਧੀਆਂ ਚੜ੍ਹਾਈਆਂ
ਸੱਚ ਖਾਤਰ ਖੜਕੇ ਸੀ ਖੱਲਾਂ ਲੁਹਾਈਆਂ। 
ਭਗਤ ਸਿੰਘ ਦੇ ਵੀਰੇ ਅਸੀਂ ਸਰਾਭੇ ਦੇ ਸਾਥੀ
ਬਟੁਕੇਸ਼ਵਰ ਤੇ ਕਿਸ਼ੋਰੀ ਦੀ ਇਕੋ ਹੈ ਜਾਤੀ। 
ਇਹ ਕਹਿ ਦਿਓ
ਕਿ ਜੰਗਾਂ ਤੇ ਯੁੱਧਾਂ ਦੇ ਸਾਰੇ ਪੁਆੜੇ
ਤੇਰੀ ਜਾਬਰ ਨੀਤੀ ਨੇ ਘਰ ਕਈ ਉਜਾੜੇ 
ਦਿਨੇ ਵੱਜਣ ਡਾਕੇ ਦਿਨੇ ਵੱਜਣ ਧਾੜੇ। 
ਇਹ ਕਹਿ ਦਿਓ
ਦਾਤੀਆਂ-ਹਥੌੜੇ ਤੇ ਕਲਮਾਂ ਗੰਡਾਸੇ 
ਕਿ ਆ ਗਏ ਸਿਰਾਂ 'ਤੇ ਹੁਣ ਬੰਨ ਕੇ ਮੜਾਸੇ 
ਕਿ ਆ ਗਏ ਸਿਰਾਂ  'ਤੇ ਬੰਨ ਕੇ ਮੜਾਸੇ। 


ਜਾਤ ਲੁਟੇਰੇ ਦੀ
- ਪਿਆਰਾ ਸਿੰਘ ਪਰਖ

ਕਿਹਦੀ ਮਾਂ ਨੂੰ ਮਾਸੀ ਕਹੀਏ
ਬਹੁਤੇ ਏਥੇ ਚੋਰ
ਸ਼ਕਲ ਭਾਵੇਂ ਹੈ ਆਲੀ-ਭੋਲੀ
ਉਂਜ ਨੇ ਆਦਮ ਖੋਰ।
ਚੰਦਨ ਦਾ ਚਾਹੇ ਤਿਲਕ ਮੱਥੇ 'ਤੇ
ਜਾਂ ਗਲ ਵਿਚ ਕਿਰਪਾਨ।
ਲੁੱਟ ਘਸੁੱਟ 'ਚ ਮਗਨ ਮਨੋਂ ਨੇ
ਕੁਝ ਨਹੀਂ ਦਿਸਦਾ ਹੋਰ। 
ਪਾਣੀ ਪਾਣੀ ਹੋਏ ਮਨੁੱਖਤਾ
ਤਕੀਏ ਜਦ ਕਰਤੂਤ
ਤਕੜੇ ਦਾ ਸੌ ਸੱਤੀਂ ਵੀਹੀਂ
ਮਾੜੇ ਦਾ ਨਹੀਂ ਜ਼ੋਰ।
ਕੁੱਤਾ ਹੋਵੇ ਡੱਬ ਖੜੱਬਾ।
ਚਿੱਟਾ ਭਾਵੇਂ ਕਾਲਾ
ਚੁਪ ਚੁਪੀਤਾ ਕੱਪੜੇ ਪਾੜੇ
ਨਹੀਂ ਮਚਾਉਂਦਾ ਸ਼ੋਰ।
ਜਾਤ ਲੁਟੇਰੇ ਦੀ ਤਾਂ ਇਕ ਹੈ
ਕਿਸੇ ਰੰਗ ਦਾ ਹੋਵੇ
ਕਿਰਤੀ ਦੀ ਰੱਤ ਚੂਸਣ ਤੋਂ ਬਿਨ
ਕੰਮ ਨਾ ਉਸ ਦਾ ਹੋਰ

ਕੰਮ ਨਾ ਉਸ ਦਾ ਹੋਰ। 

No comments:

Post a Comment