Saturday 1 March 2014

ਵੋਹ ਸੁਬਹਾ ਕਭੀ ਤੋ ਆਏਗੀ

ਮੱਖਣ ਕੁਹਾੜ
ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ ਅਤੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਵਜੋਂ ਬੜੇ ਹੀ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ। ਪ੍ਰੰਤੂ ਇਹ ਦੋਵੇਂ ਦਿਨ ਹੁਣ ਆਮ ਕਰਕੇ ਸਰਕਾਰੀ ਪੱਧਰ 'ਤੇ ਹੀ ਮਨਾਏ ਜਾਂਦੇ ਹਨ। ਆਮ ਲੋਕੀਂ ਇਹਨਾਂ ਸਮਾਗਮਾਂ ਵਿਚ ਸ਼ਾਮਲ ਨਹੀਂ ਹੁੰਦੇ। ਜੇ ਕੁਝ ਲੋਕ ਸਰਕਾਰੀ ਸਮਾਰੋਹਾਂ ਵਿਚ ਸ਼ਿਰਕਤ ਕਰਦੇ ਵੀ ਹਨ ਤਾਂ ਬੱਝੇ ਰੁੱਝੇ ਹੀ। ਕੇਵਲ ਵਿਖਾਵੇ ਮਾਤਰ। ਆਪਣੇ ਸਰਕਾਰੀ ਜਾਂ ਸਿਆਸੀ ਆਗੂਆਂ ਨੂੰ ਖੁਸ਼ ਕਰਨ ਲਈ। ਉਹਨਾਂ ਦੀ ਵਗਾਰ ਪੂਰੀ ਕਰਨ ਲਈ ਜਾਂ ਫਿਰ ਮੁਲਾਜ਼ਮ ਜਾਂਦੇ ਹਨ ਸਰਕਾਰੀ ਹੁਕਮਾਂ ਦੇ ਬੱਝੇ ਹੋਏ। ਕਿਉਂਕਿ ਕਈ ਵਾਰ ਉਹਨਾਂ ਦੀ ਸਮਾਰੋਹਾਂ ਵਿਚ ਹਾਜ਼ਰੀ ਲਾਈ ਜਾਂਦੀ ਹੈ। ਅਤੇ, ਜਾਂ ਫਿਰ ਵਿਦਿਆਰਥੀ ਆਪਣੀ ਪਰੇਡ ਆਦਿ ਦੇ ਬਹਾਨੇ ਜਾਂ ਹਾਜਰੀ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਸ਼ਾਮਲ ਕਰਾਏ ਜਾਂਦੇ ਹਨ। ਇਹਨਾਂ ਸਰਕਾਰੀ 'ਜਸ਼ਨਾਂ' ਤੋਂ ਆਮ ਆਦਮੀ ਬਿਲਕੁਲ ਬੇਲਾਗ ਰਹਿੰਦੇ ਹਨ। ਇਹ ਸਰਕਾਰੀ ਸਮਾਰੋਹ ਸਰਕਾਰ ਵਿਚ ਭਾਈਵਾਲ ਅਮੀਰ ਤੇ ਸਰਕਾਰੀ ਲੋਕ ਮਨਾਉਂਦੇ ਹਨ ਕਿਉਂਕਿ ਇਹ ਸਰਕਾਰ ਹੈ ਹੀ ਉਹਨਾਂ ਦੀ। ਇਹ ਅਮੀਰ ਲੋਕਾਂ ਦੇ ਵਾਸਤੇ, ਅਮੀਰ ਲੋਕਾਂ ਵਲੋਂ ਹੀ ਬਣਾਈ ਜਾਂਦੀ ਹੈ।
ਦੂਜੇ ਪਾਸੇ, ਇਤਿਹਾਸ ਦਰਸਾਉਂਦਾ ਹੈ ਕਿ ਆਮ ਆਦਮੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬੇਮਿਸਾਲ ਕੁਰਬਾਨੀਆਂ ਕੀਤੀਆਂ ਸਨ। ਇਕ ਲਹੂ ਵੀਟਵੀਂ ਲੜਾਈ ਲੜੀ ਸੀ। ਆਮ ਲੋਕ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਵੀ ਹਰ ਕੁਰਬਾਨੀ ਕਰਨ ਲਈ ਤਿਆਰ ਹੋ ਗਏ। ਜੱਲ੍ਹਿਆਂ ਵਾਲੇ ਬਾਗ ਵਿਚ ਉਹਨਾਂ ਨੇ ਗੋਲੀਆਂ ਵੀ ਖਾਧੀਆਂ। ਆਮ ਲੋਕਾਂ ਨੇ ਪੰਜਾਬ 'ਚ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਸਾਈਮਨ ਕਮਿਸ਼ਨ ਦਾ ਡਟਕੇ ਵਿਰੋਧ ਵੀ ਕੀਤਾ। ਉਹਨਾਂ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਿਆ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਆਦਿ ਆਗੂਆਂ ਨੂੰ ਆਪਣਾ ਮਹਾਨ ਆਗੂ ਸਵੀਕਾਰ ਕੀਤਾ। ਆਮ ਲੋਕਾਂ ਨੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿਚ ਇੰਡੀਅਨ ਨੈਸ਼ਨਲ ਆਰਮੀ ਬਣਾਕੇ ਅੰਗਰੇਜਾਂ ਵਿਰੁੱਧ ਯੁੱਧ ਲੜਿਆ। ਗ਼ਦਰ ਪਾਰਟੀ ਵਿਚ ਸ਼ਾਮਲ ਹੋ ਕੇ ਉਹਨਾਂ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਸੰਤੋਖ ਸਿੰਘ ਧਰਦਿਓ ਅਦਿ ਦੀ ਅਗਵਾਈ ਵਿਚ ਇਹਨਾਂ ਲੋਕਾਂ ਚੋਂ ਅਨੇਕਾਂ ਨੇ ਫਾਂਸੀਆਂ ਦੇ ਰੱਸੇ ਚੁੱਮੇ, ਅੰਡੇਮਾਨ ਨਿਕੋਬਾਰ ਦੇ ਕਾਲੇ ਪਾਣੀ ਦੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਉਮਰਾਂ ਬਿਤਾ ਦਿੱਤੀਆਂ। ਕਿਹੜਾ ਤਸੀਹਾ ਸੀ ਜੋ ਆਮ ਲੋਕਾਂ ਨੇ ਨਹੀਂ ਸੀ ਝੱਲਿਆ ਦੇਸ਼ ਦੀ ਆਜ਼ਾਦੀ ਲਈ?
ਆਮ ਲੋਕਾਂ ਨੇ 'ਆਪਣਾ ਰਾਜ' ਸਥਾਪਤ ਕਰਨ ਲਈ, ਅੰਗਰੇਜਾਂ ਨੂੰ ਬਾਹਰ ਕੱਢਣਾ ਇਕੋ ਇਕ ਤੇ ਸਰਵ ਪ੍ਰਥਮ ਟੀਚਾ ਮਿੱਥਿਆ ਤੇ ਏਸ ਮਕਸਦ ਲਈ ਉਹਨਾਂ ਹਰ ਹੀਲਾ ਵਰਤਿਆ। ਉਹਨਾਂ ਸੁਪਨਾ ਲਿਆ ਸੀ ਕਿ ਅੰਗਰੇਜਾਂ ਨੂੰ ਬਾਹਰ ਕੱਢ ਕੇ ਇਕ ਐਸੀ ਕਾਲੀ ਬੋਲੀ ਰਾਤ ਤੋਂ ਨਿਜਾਤ ਹਾਸਲ ਹੋਵੇਗੀ ਜਿਸ ਵਿਚ ਉਹ ਨਿਰੰਤਰ ਲੁੱਟੇ ਪੁੱਟੇ ਜਾ ਰਹੇ ਸਨ। ਜਿਥੇ ਰੁਜ਼ਗਾਰ ਨਹੀਂ ਸਨ ਮਿਲ ਰਹੇ। ਇਨਸਾਫ ਨਹੀਂ ਸੀ ਮਿਲ ਰਿਹਾ, ਨਾਂ ਕੋਈ ਆਰਥਕ ਆਜ਼ਾਦੀ ਸੀ ਨਾਂ ਰਾਜਨੀਤਕ ਨਾ ਸਮਾਜਕ ਨਾ ਧਾਰਮਕ। ਅੰਨ ਪੈਦਾ ਕਰਨ ਵਾਲਾ ਭੁੱਖਾ ਮਰ ਰਿਹਾ ਸੀ। ਜ਼ਮੀਨਾਂ ਛੱਡ ਕੇ ਦੌੜ ਰਿਹਾ ਸੀ। ਪਲੇਗ, ਚੇਚਕ ਤੇ ਅਕਾਲ ਨਾਲ ਅਨੇਕਾਂ ਲੋਕ ਤੇ ਆਮ ਬੱਚੇ ਮੌਤ ਦੇ ਵਿਕਰਾਲ ਗਰਭ ਵਿਚ ਸਮਾ ਰਹੇ ਸਨ। ਉਹਨਾਂ ਦੀ ਖਾਹਿਸ਼ ਸੀ ਕਿ ਅੰਗਰੇਜੀ ਸਾਮਰਾਜ ਨੂੰ ਬਾਹਰ ਕੱਢਣ ਨਾਲ ਇਸ ਅਤਿ ਹਨੇਰੀ ਰਾਤ ਦਾ ਅੰਤ ਹੋ ਜਾਵੇਗਾ, ਜੋ ਵਿਦਿਆ ਰੂਪੀ ਸੂਰਜ ਦੀ ਰੌਸ਼ਨੀ ਸਾਹਮਣੇ ਨਹੀਂ ਸੀ ਆਉਣ ਦੇਂਦੀ। ਅਤੇ, ਐਸੀ ਸੁਬਹਾ, ਐਸਾ ਸਵੇਰਾ ਸਾਹਮਣੇ ਆਵੇਗਾ ਜਿਥੇ ਹਰ ਕਿਸੇ ਲਈ ਰੁਜ਼ਗਾਰ ਦੀ ਗਰੰਟੀ ਹੋਵੇਗੀ। ਬੀਮਾਰੀਆਂ ਦਾ ਮੁਫ਼ਤ ਇਲਾਜ ਹੋਵੇਗਾ। ਕੋਈ ਭੁੱਖਾ ਨਹੀਂ ਹੋਵੇਗਾ। ਕੁਦਰਤੀ ਖਜਾਨਿਆਂ ਦੀ ਲੁੱਟ ਨਹੀਂ ਹੋਵੇਗੀ। ਕੋਈ ਅਨਪੜ੍ਹ ਨਹੀਂ  ਹੋਵੇਗਾ। ਬਾਘ ਤੇ ਹਿਰਨ ਇਕ ਘਾਟ ਪਾਣੀ ਪੀਣਗੇ। ਰਾਜ ਪ੍ਰਬੰਧ ਹਿਰਨਾਂ ਦੀ ਬਾਘਾਂ ਤੋਂ ਰਾਖੀ ਕਰੇਗਾ ਅਤੇ ਖੂੰਖਾਰ ਸ਼ਿਕਾਰੀ ਹਿਰਨਾਂ ਤੇ ਹੋਰ ਮਜ਼ਲੂਮ ਜਾਨਵਰਾਂ ਨੂੰ ਚੁੰਗੀਆਂ ਭਰਨ ਤੋਂ, ਜੰਗਲ ਵਿਚ ਖੁਲੇ ਵਿਚਰਨ ਤੋਂ ਨਹੀਂ ਰੋਕਣਗੇ। ਚਿੜੀਆਂ ਬਾਜਾਂ ਤੋਂ ਖੰਭ ਨਹੀਂ ਤੁੜਾਉਣਗੀਆਂ। ਜੰਗਲ ਦਾ ਰਾਜ ਖਤਮ ਹੋਵੇਗਾ। ਗਰੀਬ ਤੇ ਅਮੀਰ ਦਾ ਵਿਤਕਰਾ ਖਤਮ ਹੋਵੇਗਾ। ਇਹ ਆਮ ਆਦਮੀ ਦੀ ਖਾਹਿਸ਼ ਸੀ ਕਿ ਉਹ ਖੁਦ ਸਰਕਾਰ ਚੁਣੇਗਾ। ਸਰਕਾਰ ਆਮ ਲੋਕਾਂ ਦੁਆਰਾ ਚੁਣੀ ਜਾਵੇਗੀ। ਆਮ ਲੋਕਾਂ ਵਾਸਤੇ ਕੰਮ ਕਰੇਗੀ। ਆਮ ਲੋਕਾਂ ਦੀ ਹੀ ਸਰਕਾਰ ਹੋਵੇਗੀ। ਸੋਵੀਅਤ ਯੂਨੀਅਨ ਵਰਗੀ। ਇਹੀ ਸੁਪਨਾ ਲੈ ਕੇ ਆਮ ਲੋਕਾਂ ਨੇ ਇਹ ਆਜ਼ਾਦੀ ਦੀ ਲੜਾਈ ਲੜੀ ਸੀ।
15 ਅਗਸਤ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਲੋਕਾਂ ਨੂੰ ਲੱਗਾ ਕਿ ਉਹ 'ਸੁਬਹਾ' ਆਣ ਪੁੱਜੀ ਹੈ। ਜੋ ਉਹਨਾਂ ਦੀ ਖਾਹਿਸ਼ ਦੀ ਪੂਰਤੀ ਕਰੇਗੀ। ਉਹ ਸਵੇਰਾ ਆ ਗਿਆ ਹੈ ਜੋ ਸੰਘਣੇ ਹਨੇਰੇ ਦਾ ਖਾਤਮਾ ਕਰੇਗਾ।
ਪਰ ਸੂਝਵਾਨ ਲੋਕਾਂ ਦੇ ਕੰਨ ਉਦੋਂ ਹੀ ਖੜੇ ਹੋ ਗਏ ਜਦੋਂ ਦੇਸ਼ ਦੀ ਵੰਡ ਵੇਲੇ ਵੱਡੇ ਪੱਧਰ 'ਤੇ ਕਤਲੇਆਮ ਹੋਇਆ ਅਤੇ ਅੰਗਰੇਜ ਹਾਕਮਾਂ ਦਾ ਇਕ ਪ੍ਰਤੀਨਿੱਧ, ਲਾਰਡ ਮਾਊਂਟਬੈਟਨ ਹੀ ਪ੍ਰਮੁੱਖ ਅਧਿਕਾਰੀ ਦੇ ਰੂਪ ਵਿਚ ਭਾਰਤ ਦੀ ਸਰਕਾਰ ਦੀ ਅਗਵਾਈ ਕਰਦਾ ਰਿਹਾ।
ਫਿਰ, 26 ਜਨਵਰੀ 1950 ਦੇ ਉਸ ਦਿਨ ਦੀ ਲੋਕ ਉਡੀਕ ਕਰਨ ਲੱਗੇ ਜਦ ਨਵਾਂ ਸੰਵਿਧਾਨ ਲਾਗੂ ਹੋਣਾ ਸੀ। ਜਿਸ ਮੁਤਾਬਕ ਲੋਕਾਂ ਨੂੰ 'ਅਸਲ ਗਣਰਾਜ' ਮਿਲਣਾ ਸੀ। ਜਿਸ ਦੁਆਰਾ ਉਹ ਆਪਣੀ ਸਰਕਾਰ ਆਪ ਚੁਣ ਸਕਣਗੇ।
ਪਰ 26 ਜਨਵਰੀ 1950 ਨੂੰ ਜੋ ਸੰਵਿਧਾਨ ਆਇਆ ਉਸਨੇ ਲੋਕਾਂ ਦੇ ਸੁਪਨੇ ਵੱਡੀ ਹੱਦ ਤੱਕ ਮਧੋਲ ਸੁੱਟੇ ਕਿਉਂਕਿ ਉਹ ਵਧੇਰੇ ਕਰਕੇ ਅੰਗਰੇਜ਼ਾਂ ਦੇ ਰਾਜ ਸਮੇਂ ਬਣੇ ਪ੍ਰਬੰਧਕੀ ਢਾਂਚੇ ਦਾ ਹੀ ਰੂਪ ਸੀ। ਆਮ ਲੋਕਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਰਾਜ ਭਾਗ ਫੇਰ ਉਹਨਾਂ ਦੇ ਹੀ ਹੱਥ ਆ ਗਿਆ ਜਿਨ੍ਹਾਂ ਸਰਮਾਏਦਾਰਾਂ ਤੇ ਜਗੀਰਦਾਰਾਂ ਤੋਂ ਉਹ ਨਿਜਾਤ ਹਾਸਲ ਕਰਨਾ ਚਾਹੁੰਦੇ ਸਨ। ਥੋੜ੍ਹੇ  ਹੀ ਚਿਰ ਬਾਦ ਆਮ ਆਦਮੀ ਦੀ ਸਮਝ ਵਿਚ ਸਾਰਾ ਕੁੱਝ ਆ ਗਿਆ, ਜਦ ਉਹ ਵੋਟ ਦੇਣ ਤੀਕ ਹੀ ਸੀਮਤ ਹੋ ਗਏ। ਸਹਿਜੇ ਸਹਿਜੇ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਉਹਨਾਂ ਤੋਂ ਹੋਰ ਹੋਰ ਦੂਰ ਹੋਣ ਲੱਗੇ। ਆਮ ਲੋਕਾਂ ਨੂੰ ਕੋਈ ਰਾਹਤ ਨਾ ਮਿਲੀ। ਸ਼ੁਰੂ ਸ਼ੁਰੂ ਵਿਚ ਕੁਝ ਪੜ੍ਹੇ ਲਿਖਿਆਂ ਨੂੰ ਰੁਜ਼ਗਾਰ ਮਿਲਣ ਲੱਗੇ ਪਰ ਬਾਅਦ ਵਿਚ ਆਮ ਲੋਕਾਂ ਲਈ ਸਕੂਲ ਹੋਰ ਅਤੇ ਅਮੀਰਾਂ ਤੇ ਸਰਕਾਰ ਵਿਚ ਬਣੇ ਹੋਏ ਭਾਈਵਾਲ ਲੋਕਾਂ ਲਈ ਸਕੂਲ ਵੱਖਰੇ ਹੋਣ ਲੱਗੇ। ਹਸਪਤਾਲ ਵੱਖਰੇ ਹੋਣ ਲੱਗੇ।
ਗਣਤੰਤਰ ਵਿਚੋਂ ਆਮ ਲੋਕ ਬਾਹਰ ਹੋ ਗਏ। ਕਰੋੜਾਂਪਤੀ ਹੀ ਵਿਧਾਇਕ ਤੇ ਮੰਤਰੀ ਬਣਨ ਲੱਗੇ। ਵੋਟਾਂ ਲਈ ਉਹਨਾਂ ਕੋਲ ਕੋਈ ਬਦਲਵੀਂ ਚੋਣ ਨਾ ਹੁੰਦੀ। ਮੁਗਲਾਂ ਵਾਂਗ ਹੀ ਪਿਤਾ ਪੁਰਖੀ ਖਾਨਦਾਨੀ ਹਕੂਮਤਾਂ ਬਣਨ ਲੱਗੀਆਂ, ਕੇਂਦਰ ਵਿਚ ਵੀ ਰਾਜਾਂ ਵਿਚ ਵੀ। ਸਭ ਕੁੱਝ ਉਹਨਾਂ ਤੋਂ ਖੁਸ ਗਿਆ। ਅਮੀਰ ਹੋਰ ਹੋਰ ਅਮੀਰ ਹੋਣ ਲੱਗਾ। ਗਰੀਬ ਹੋਰ ਹੋਰ ਗਰੀਬ ਹੋਣ ਲੱਗਾ। ਆਮ ਲੋਕਾਂ ਨੇ ਖੱਬੀ ਧਿਰ ਵਾਲਿਆਂ ਤੇ ਆਸ ਲਾਈ ਪਰ ਉਹਨਾਂ ਦੇ ਕਈ ਆਗੂ ਵੀ ਹਾਕਮ ਧਿਰ ਨਾਲ ਹੱਥ ਮਿਲਾਉਣ ਲੱਗੇ। ਚੋਣਾਂ ਬਾਅਦ ਕੁੱਝ ਵੀ ਪੱਲੇ ਨਾ ਪੈਂਦਾ ਵੇਖ ਕੁੱਝ ਲੋਕ ਵੋਟਾਂ ਦਾ ਮੁੱਲ ਮੌਕੇ 'ਤੇ ਹੀ ਲੈਣ ਲੱਗੇ। ਗਰੀਬ ਨੂੰ ਅਣਖਹੀਣ ਕਰਨ ਦੀ ਚਾਲ ਚੱਲੀ ਗਈ। ਵੋਟਾਂ ਮੁੱਲ ਲੈਣ ਦੀ ਚਾਲ। ਆਮ ਲੋਕ ਪੜ੍ਹ ਲਿਖ ਕੇ ਸਿਆਣੇ ਨਾ ਹੋ ਜਾਣ, ਉਹਨਾਂ ਤੋਂ ਸਿੱਖਿਆ ਦਾ ਹੱਕ ਵੀ ਦੂਰ ਕਰਨ ਦੀਆਂ ਚਾਲਾਂ ਸਾਹਮਣੇ ਆਉਂਦੀਆਂ ਗਈਆਂ। ਨਤੀਜੇ ਵਜੋਂ ਅੱਜ ਦੋ ਤਰ੍ਹਾਂ ਦੇ ਲੋਕ ਸਾਹਮਣੇ ਆ ਗਏ ਹਨ। ਇਕ ਸਾਧਨ ਸੰਪਨ ਤੇ ਦੂਜੇ ਸਾਧਨ ਹੀਣ। ਲੋਕ ਆਪਣੇ ਆਪ ਨੂੰ ਆਸ ਵਿਹੂਣੇ ਮਹਿਸੂਸ ਕਰ ਰਹੇ ਹਨ। ਉਹਨਾਂ ਨੂੰ ਸੁਪਨੇ ਜੇ ਆਉਂਦੇ ਵੀ ਹਨ ਤਾਂ ਐਸੇ ਡਰਾਉਣੇ ਕਿ ਉਹ ਹੁਣ ਨੀਂਦ ਲੈਣ ਤੋਂ ਵੀ ਡਰਦੇ ਹਨ। ਸੌਂਦੇ ਹਨ ਤਾਂ ਤ੍ਰਭਕ ਕੇ ਉਠਦੇ ਹਨ। ਉਹਨਾਂ ਲਈ ਇਹ ਮਨਾ ਹੈ ਕਿ ਉਹ ਅਨੰਦਮਈ ਸੁਪਨੇ ਲੈਣ। ਉਹਨਾਂ ਦਾ ਬੱਚਾ ਪੜ੍ਹ ਲਿਖ ਜਾਵੇਗਾ ਕੋਈ ਨੌਕਰੀ ਕਰੇਗਾ। ਚੰਗਾ ਘਰ ਬਣ ਜਾਵੇਗਾ। ਉਹਨਾਂ ਦੀਆਂ ਬੀਮਾਰੀਆਂ, ਦੁੱਖਾਂ ਤਕਲੀਫਾਂ ਦਾ ਹੱਲ ਹੋ ਜਾਵੇਗਾ। ਉਹਨਾਂ ਦਾ ਜਾਤਪਾਤ ਦਾ ਬੰਧਨ ਖਤਮ ਹੋ ਜਾਵੇਗਾ। ਧਰਮਾਂ ਦੇ ਆਧਾਰ 'ਤੇ ਕੀਤੀ ਜਾਂਦੀ ਖੂੰਖਾਰ ਹਿੰਸਾ ਤੋਂ ਮੁਕਤੀ ਮਿਲੇਗੀ। ਨਵੇਂ ਜ਼ਮਾਨੇ ਦੀਆਂ ਨਵੀਆਂ ਤਕਨੀਕਾਂ ਦੇ ਉਹ ਵੀ ਸੁੱਖ ਭੋਗ ਸਕਣਗੇ। ਮਹਿੰਗਾਈ, ਬੇਰੁਜ਼ਗਾਰੀ, ਠਾਣਿਆਂ ਵਿਚ ਹੁੰਦੀ ਖੱਜਲ ਖੁਆਰੀ ਤੋਂ ਉਹਨਾਂ ਨੂੰ ਰਾਹਤ ਮਿਲੇਗੀ। ਜਿਸ ਵਿਧਾਨਕਾਰ ਨੂੰ ਉਹ ਚੁਣਨਗੇ ਉਹ ਉਹਨਾਂ ਦਾ 'ਰੱਬ' ਬਣਕੇ ਨਹੀਂ ਬੈਠੇਗਾ। ਉਸਦੇ ਹੁਕਮ ਬਿਨਾਂ ਉਹ ਸਾਹ ਵੀ ਨਹੀਂ ਲੈ ਸਕਣਗੇ। ਉਹਨਾਂ ਦੇ ਹਾਕਮ ਧਿਰ ਵਾਲੇ ਨੂੰ ਵੋਟ ਨਾ ਪਾਉਣ ਕਰਕੇ ਉਹਨਾਂ ਦੇ ਝੂਠੇ ਪਰਚੇ ਦਾਇਰ ਨਹੀਂ ਹੋਣਗੇ। ਹਰ ਨਿੱਕਾ ਮੋਟਾ ਕੰਮ ਕਰਾਉਣ ਲਈ ਰਿਸ਼ਵਤ ਨਹੀਂ ਦੇਣੀ ਪਵੇਗੀ। ਅਦਾਲਤਾਂ ਫੈਸਲੇ ਨਹੀਂ ਇਨਸਾਫ ਕਰਨਗੀਆਂ। ਉਹ ਚਾਹੁੰਦੇ ਹਨ ਉਹਨਾਂ ਸੁਪਨਿਆਂ ਨੂੰ ਸਾਕਾਰ ਹੁੰਦਾ ਵੇਖਣ ਪਰ ਹੁਣ ਤਾਂ ਉਹ ਐਸਾ ਸੋਚਣ ਤੋਂ ਵੀ ਤਰ੍ਹਾਉਂਦੇ ਹਨ। ਉਹ ਹਾਲੇ ਵੀ ਖੱਬੀ ਧਿਰ 'ਤੇ ਆਸ ਲਾਈ ਬੈਠੇ ਹਨ ਸ਼ਾਇਦ ਉਹ ਅਜੇ ਵੀ ਸਵੈ ਸਿਰਜੀਆਂ ਗੁਫਾਵਾਂ ਤੋਂ ਬਾਹਰ ਆਉਣਗੇ ਤੇ ਉਹਨਾਂ ਦੀ ਐਸੀ ਹਾਲਤ ਵਿਚ ਫੇਰ ਬਾਂਹ ਫੜਨਗੇ। ਆਮ ਲੋਕ ਸਮਾਗਮਾਂ ਦੇ ਏਸ 'ਸਰਕਾਰੀ ਖੇਖਣ' ਵਿਚ ਕਿਉਂ ਸ਼ਾਮਲ ਹੋਣ। ਆਮ ਲੋਕਾਂ ਨੂੰ ਹੁਣ ਨਾ ਆਜ਼ਾਦੀ ਦਾ ਕੋਈ ਚਾਅ ਰਹਿ ਗਿਆ ਹੈ ਨਾ ਸੰਵਿਧਾਨਕ ਹੱਕਾਂ ਦਾ। ਉਹਨਾਂ ਲਈ ਹੁਣ ਕੋਈ ਗਣਤੰਤਰ ਨਹੀਂ ਹੈ। ਜਿਨ੍ਹਾਂ ਅੰਗਰੇਜੀ ਸਾਮਰਾਜੀ ਹਾਕਮਾਂ ਨੂੰ ਉਹਨਾਂ ਦੇਸ਼ 'ਚੋਂ ਬਾਹਰ ਕੱਢਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਸਨ, ਉਹਨਾਂ ਦੇ ਨਾਲ ਦੇਸ਼ ਦੇ ਹਾਕਮ ਹੁਣ ਘਿਓ ਖਿਚੜੀ ਹਨ। ਸੰਸਾਰ ਨੂੰ ਇਕ ਪਿੰਡ ਬਣਾ ਕੇ ਉਹੀ ਸਾਮਰਾਜੀ ਲੋਕ ਅਮਰੀਕਾ ਦੀ ਅਗਵਾਈ ਵਿਚ ਏਸ ਪਿੰਡ ਦੇ ਇਕੋ ਇਕ 'ਲੰਬੜਦਾਰ' ਬਣਨ ਲਈ ਹਰ ਹੀਲਾ ਵਰਤ ਰਹੇ ਹਨ ਤੇ ਭਾਰਤ ਦੀ ਸਰਕਾਰ ਉਹਨਾਂ ਦੀ ਹਾਂ ਵਿਚ ਹਾਂ ਮਿਲਾ ਰਹੀ ਹੈ। ਦੇਸ਼ ਦੇ ਅਮੀਰ ਘਰਾਣਿਆਂ ਦੀ ਗਿਣਤੀ ਵੀ ਵੱਧ ਗਈ ਹੈ ਤੇ ਧੰਨ ਦੌਲਤ ਤੇ ਜਾਇਦਾਦ ਵੀ। ਦੇਸ਼ ਦੇ ਅਜਾਰੇਦਾਰ ਘਰਾਣੇ ਦੁਨੀਆਂ ਭਰ ਚੋਂ ਨੰਬਰ ਇਕ ਦੇ ਅਮੀਰ ਹੋ ਰਹੇ ਹਨ। ਹੋਰ ਅਮੀਰ ਹੋਣ ਲਈ ਉਸੇ ਹੀ ਸਾਮਰਾਜ ਨਾਲ ਇਕ ਮਿਕ ਹੋ ਗਏ ਹਨ ਜਿਨ੍ਹਾਂ ਤੋਂ ਲੋਕ ਨਿਜਾਤ ਹਾਸਲ ਕਰਕੇ ਨਵੀਂ ਸਵੇਰ ਲੋਚਦੇ ਹਨ।
ਇਸ ਵੇਲੇ ਆਮ ਲੋਕਾਂ ਦੀ ਬਾਂਹ ਕੌਣ ਫੜੇ? ਕੀ ਕਰਨ ਆਮ ਲੋਕ? ਆਮ ਲੋਕਾਂ ਨੂੰ ਕਦੋਂ ਅਸਲ ਆਜ਼ਾਦੀ ਮਿਲੇਗੀ? ਆਮ ਲੋਕਾਂ ਨੂੰ 'ਅਸਲ ਗਣਤੰਤਰ' ਕਿਵੇਂ ਹਾਸਲ ਹੋਵੇਗਾ? ਪਰ ਆਮ ਲੋਕ ਜਿਨ੍ਹਾਂ ਦੀ ਗਿਣਤੀ 80 ਪ੍ਰਤੀਸ਼ਤ ਤੋਂ ਵੀ ਵਧੇਰੇ ਹੈ ਉਹ ਮੁੱਠੀ ਭਰ 'ਸਰਕਾਰੀ' ਆਜ਼ਾਦੀ ਪ੍ਰਾਪਤ ਲੋਕਾਂ ਤੋਂ ਬੁਰੀ ਤਰ੍ਹਾਂ ਦੁਖੀ ਹਨ। ਨਪੀੜੇ ਜਾ ਰਹੇ ਹਨ। ਉਹਨਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜੇ ਹੋਏ ਹਨ। ਬੇਕਿਰਕ ਹਨੇਰੀ ਰਾਤ ਦੀ ਗ੍ਰਿਫਤ ਵਿਚ ਹਨ। ਪਰ ਚੇਤੰਨ ਲੋਕ ਆਸਵੰਦ ਹਨ ਕਿ ਆਮ ਲੋਕਾਂ ਵਲੋਂ ਮਿਲਕੇ ਲੜੇ ਗਏ ਸੰਘਰਸ਼ਾਂ ਸਦਕਾ ਨਵਾਂ ਸੂਰਜ ਯਕੀਨਨ ਉਦੈ ਹੋਵੇਗਾ ਜਿਸ ਵਿਚ ਉਹਨਾਂ ਦੇ ਸਾਰੇ ਸੁਪਨੇ ਸਾਕਾਰ ਹੋਣਗੇ। ਉਹ ਆਸਵੰਦ ਹਨ ਕਿ ਦੇਸ਼ ਵਿਆਪੀ ਲੜਾਕੂ ਤੇ ਬੱਝਵੇਂ ਜਨਤਕ ਸੰਘਰਸ਼ਾਂ ਉਪਰੰਤ ਅਸਲ ਆਜ਼ਾਦੀ ਤੇ ਅਸਲ ਗਣਤੰਤਰ ਹਰ ਹਾਲ 'ਚ ਉਹਨਾਂ ਦੇ ਰੂ-ਬ-ਰੂ ਹੋਵੇਗਾ ਤੇ ਫੇਰ ਉਹ ਇਸ ਦੀ ਆਮਦ ਤੇ ਹਰ ਸਾਲ ਦੁਸ਼ਹਿਰੇ, ਦੀਵਾਲੀ, ਹੋਲੀ, ਵਿਸਾਖੀ ਦੇ ਤਿਉਹਾਰਾਂ ਦੀ ਤਰ੍ਹਾਂ ਮਨਾਉਣਗੇ। ਉਹ ਇਹ ਵੀ ਆਸਵੰਦ ਹਨ ਕਿ ਸਮਾਜਵਾਦ ਜ਼ਰੂਰ ਆਵੇਗਾ ਜੋ ਉਹਨਾਂ ਦੇ ਸੁਪਨੇ ਸਾਕਾਰ ਕਰੇਗਾ। ਹਰ ਹਾਲ, ਸਾਹਿਰ ਲੁਧਿਆਣਵੀ ਦੇ ਸ਼ਬਦਾਂ ਵਿਚ -
''ਵੋਹ ਸੁਬਹਾ ਕਭੀ ਤੋ ਆਏਗੀ,
ਜਬ ਅੰਬਰ ਝੂਮਕੇ ਨਾਚੇਗਾ,
ਜਬ ਧਰਤੀ ਨਗ਼ਮੇਂ ਗਾਏਗੀ।''

No comments:

Post a Comment