Tuesday, 4 March 2014

ਇਕ ਵਿਸ਼ਲੇਸ਼ਣ - ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਤੇ ਸੀਮਾਵਾਂ

ਮੰਗਤ ਰਾਮ ਪਾਸਲਾ
'ਆਮ ਆਦਮੀ ਦੀ ਪਾਰਟੀ' ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਨੇ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ, ਖਾਸਕਰ ਵੱਡੇ ਸ਼ਹਿਰਾਂ, ਵਿਚ ਦਰਮਿਆਨੀ ਜਮਾਤ ਤੇ ਪੜ੍ਹੀਲਿਖੀ ਨੌਜਵਾਨ ਪੀੜ੍ਹੀ ਵਿਚੋਂ ਮਿਲ ਰਹੀ ਹਮਾਇਤ ਨੇ ਦੇਸ਼ ਦੇ ਰਾਜਨੀਤਕ ਨਕਸ਼ੇ ਵਿਚ ਇਕ ਤਰ੍ਹਾਂ ਦੀ ਨਵੀਂ ਉਤਸੁਕਤਾ ਮਚਾ ਦਿੱਤੀ ਹੈ। ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਜਿਹੜੇ ਟੀਵੀ ਚੈਨਲ ਅਤੇ ਅਖਬਾਰਾਂ ਸੰਭਾਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਿਰਫ ਸੰਘ ਪਰਿਵਾਰ ਵਲੋਂ ਨਾਮਜ਼ਦ ਨਰਿੰਦਰ ਮੋਦੀ ਤੇ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਨਾਵਾਂ ਦੀ ਚਰਚਾ ਹੀ ਕਰ ਰਹੇ ਸਨ, ਉਨ੍ਹਾਂ ਦੀਆਂ ਚਰਚਾਵਾਂ ਵਿਚ ਹੁਣ 'ਆਪ' ਦੇ ਆਗੂ ਅਰਵਿੰਦ ਕੇਜਰੀਵਾਲ ਸਮੇਤ ਕੁੱਝ ਨਵੇਂ ਨਾਂਅ ਵੀ ਜੁੜ ਰਹੇ ਹਨ। ਮੋਦੀ ਦੇ ਹੱਕ ਵਿਚ ਮੀਡੀਆ ਵਲੋਂ ਬਣਾਈ ਜਾ ਰਹੀ 'ਹਵਾ' ਦੀ ਫੂਕ ਤਾਂ ਕੁੱਝ ਜ਼ਿਆਦਾ ਹੀ ਨਿਕਲੀ ਹੋਈ ਦਿਖਾਈ ਦੇ ਰਹੀ ਹੈ।
'ਆਪ' ਨੂੰ ਦਿੱਲੀ ਵਿਚ ਮਿਲੀ ਜਨਤਕ ਹਮਾਇਤ ਦਾ ਕਾਰਨ ਮੁੱਖ ਤੌਰ 'ਤੇ ਦੇਸ਼ ਭਰ ਵਿਚ ਕਾਂਗਰਸ ਤੇ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਤੇ ਆਗੂਆਂ ਵਲੋਂ ਕੀਤੇ ਜਾ ਰਹੇ ਅਮੁੱਕ ਭਰਿਸ਼ਟਾਚਾਰ, ਵੱਧ ਰਹੀ ਮਹਿੰਗਾਈ ਤੇ ਬੇਕਾਰੀ ਸਦਕਾ ਆਮ ਲੋਕਾਂ ਵਿਚ ਫੈਲਿਆ ਹੋਇਆ ਅਸੰਤੋਸ਼ ਹੈ। ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵਲੋਂ ਜਨ ਸਧਾਰਨ ਲਈ ਮੁਫ਼ਤ ਪਾਣੀ, ਬਿਜਲੀ ਰੇਟਾਂ ਵਿਚ ਕਟੌਤੀ, ਝੁੱਗੀ ਝੌਂਪੜੀਆਂ ਨੂੰ ਨਿਯਮਤ ਕਰਨ ਅਤੇ ਕੱਚੇ ਤੇ ਅਡਹਾਕ ਕਾਮਿਆਂ ਨੂੰ ਪੱਕੇ ਕਰਨ ਦੇ ਦਿੱਤੇ ਨਾਅਰੇ ਤੇ ਵਾਅਦੇ ਨੇ ਵੀ ਇਸ ਵਿਚ ਚੋਖਾ ਹਿੱਸਾ ਪਾਇਆ ਹੈ। ਇਸ ਤੋਂ ਬਿਨਾਂ, 'ਆਪ' ਦੇ ਆਗੂਆਂ ਵਲੋਂ ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨ ਪੀੜ੍ਹੀ ਨਾਲ ਵੱਡੀ ਪੱਧਰ ਉਪਰ ਨਾਤਾ ਜੋੜਨ, ਆਮ ਤੇ ਇਮਾਨਦਾਰ ਆਦਮੀ ਦੇ ਹੱਥ ਵਿਚ ਰਾਜ ਸੱਤਾ ਦੀ ਵਾਗਡੋਰ ਸੌਂਪਣ ਅਤੇ ਸਰਮਾਏਦਾਰ ਹਾਕਮਾਂ ਦੀ ਅਡੰਬਰੀ ਜੀਵਨ ਸ਼ੈਲੀ ਦੀ ਥਾਂ ਸਾਦਗੀ ਨਾਲ ਲੋਕਾਂ ਵਿਚ ਵਿਚਰਨ ਦਾ ਨਾਅਰਾ ਵੀ ਜਨ ਸਧਾਰਨ ਨੂੰ ਪ੍ਰਭਾਵਤ ਕਰਨ ਵਿਚ ਸਹਾਈ ਸਿੱਧ ਹੋਇਆ।
ਜਨ ਸਮੂਹਾਂ ਦੀ ਰਾਜਨੀਤਕ ਤੇ ਵਿਚਾਰਧਾਰਕ ਚੇਤਨਾ ਦੇ ਮੌਜੂਦਾ ਪੱਧਰ ਦੇ ਪਿਛੋਕੜ ਵਿਚ ਦਿੱਲੀ ਚੋਣਾਂ ਵਿਚ ਉਪਜੀਆਂ ਇਹ ਨਵੀਆਂ ਰਾਜਸੀ ਪ੍ਰਸਥਿਤੀਆਂ ਇਕ ਵਾਰ ਫਿਰ ਇਹ ਸਿੱਧ ਕਰਦੀਆਂ ਹਨ ਕਿ ਬੁਨਿਆਦੀ ਢਾਂਚੇ ਨੂੰ ਮੂਲ ਰੂਪ ਵਿਚ ਬਦਲਣ ਤੋਂ ਉਰਾਂਹ ਜੇਕਰ ਕੋਈ ਰਾਜਨੀਤਕ ਪਾਰਟੀ ਜਾਂ ਸਮਾਜਿਕ ਸੰਸਥਾ ਲੋਕਾਂ ਅੰਦਰ ਉਨ੍ਹਾਂ ਦੀਆਂ ਦਿਨ ਪ੍ਰਤੀ ਦਿਨ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਪੈਦਾ ਕਰਨ ਵਿਚ ਸਫਲ ਹੋ ਜਾਂਦੀ ਹੈ ਤਾਂ ਵੀ ਮੌਜੂਦਾ ਕਾਂਗਰਸ ਅਤੇ ਭਾਜਪਾ ਦੀ ਅਗਵਾਈ ਵਾਲੇ ਦੋ ਰਾਜਸੀ ਗੁੱਟਾਂ ਦੇ ਵਿਰੋਧ ਵਿਚ ਪੈਦਾ ਹੋ ਰਹੇ ਰਾਜਸੀ ਖਲਾਅ ਨੂੰ ਲੋਕ ਪੱਖ਼ੀ ਪੈਂਤੜੇ ਤੋਂ ਭਰਿਆ ਜਾ ਸਕਦਾ ਹੈ। ਇਹ ਸਾਰਾ ਕੁੱਝ ਨਿਸ਼ਚੇ ਹੀ ਸਵਾਗਤ ਕਰਨ ਯੋਗ ਵੀ ਹੈ ਤੇ ਇਕ ਹੱਦ ਤੱਕ ਸਿੱਖਣਯੋਗ ਵੀ।
ਏਥੇ ਇਹ ਨੋਟ ਕਰਨਾ ਵੀ ਜ਼ਰੂਰੀ ਹੈ ਕਿ 'ਆਮ ਆਦਮੀ ਪਾਰਟੀ' ਨੇ ਅਜੇ ਉਨ੍ਹਾਂ ਨਵਉਦਾਰਵਾਦੀ ਆਰਥਿਕ ਨੀਤੀਆਂ ਬਾਰੇ ਕੋਈ ਸਪੱਸ਼ਟ ਪੈਂਤੜਾ ਅਖਤਿਆਰ ਨਹੀਂ ਕੀਤਾ, ਜਿਨ੍ਹਾਂ ਸਦਕਾ ਦੇਸ਼ ਵਿਚ ਬੇਕਾਰੀ, ਮਹਿੰਗਾਈ ਤੇ ਭਰਿਸ਼ਟਾਚਾਰ ਕੌੜੀ ਵੇਲ ਵਾਂਗ ਲਗਾਤਾਰ ਵੱਧਦਾ ਜਾ ਰਿਹਾ ਹੈ। ਫਿਰਕਾਪ੍ਰਸਤੀ ਬਾਰੇ ਵੀ 'ਆਪ' ਦੇ ਕਈ ਆਗੂਆਂ ਵਿਚ ਨਰਮ ਗੋਸ਼ਾ ਦੇਖਿਆ ਗਿਆ ਹੈ। ਇਸ ਲਈ ਲੋਕਾਂ ਦੀਆਂ ਹੱਕੀ ਇਛਾਵਾਂ ਤੇ ਮੰਗਾਂ ਨੂੰ ਜਗਾਉਣਾ ਤੇ ਪ੍ਰਚਾਰ ਰਾਹੀਂ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਜੋੜਨਾ ਇਕ ਗੱਲ ਹੈ ਅਤੇ ਠੋਸ ਤੇ ਦਰੁਸਤ ਰਾਜਨੀਤਕ ਤੇ ਆਰਥਕ ਨੀਤੀਗਤ ਦਿਸ਼ਾ ਵਿਚ ਚਲ ਕੇ ਉਨ੍ਹਾਂ ਇੱਛਾਵਾਂ ਦੀ ਪੂਰਤੀ ਕਰਨਾ ਦੂਸਰੀ ਗੱਲ ਹੈ। ਇਸ ਪਾਰਟੀ ਦੇ ਆਗੂਆਂ ਦਾ ਵੱਡਾ ਹਿੱਸਾ ਅਜੇ ਨੀਤੀਆਂ ਦੇ ਰੂਪ ਵਿਚ 'ਸੱਜੀ ਜਾਂ ਖੱਬੀ' ਸੋਚ ਦੇ ਧਾਰਨੀ ਕਹਾਉਣ ਤੋਂ ਕਿਨਾਰਾਕਸ਼ੀ ਕਰ ਰਿਹਾ ਹੈ ਅਤੇ ਵੱਖ ਵੱਖ ਜਮਾਤਾਂ ਦੇ ਹਿੱਤਾਂ ਤੇ ਪਹਿਲਤਾਵਾਂ ਨੂੰ ਵੀ ਅਣਡਿੱਠ ਕਰਨ ਵਿਚ ਯਕੀਨ ਰੱਖਦਾ ਦਿਖਾਈ ਦੇ ਰਿਹਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਅਗਾਂਹਵਧੂ ਰਾਜਨੀਤਕ ਤੇ ਆਰਥਿਕ ਨੀਤੀਆਂ ਤੋਂ ਬਿਨਾਂ ਸਿਰਫ ਕੁੱਝ ਲੋਕਾਂ ਦੀ ਆਪਣੀ ਨਿੱਜੀ ਜਿੰਦਗੀ ਦੀ ਸਾਦਗੀ ਤੇ ਨੈਤਿਕ ਅਮਲਾਂ ਰਾਹੀਂ ਹੀ  ਸਮੁੱਚੇ ਸਮਾਜ ਵਿਚ ਫੈਲੀਆਂ ਚੌਤਰਫਾ ਗੰਭੀਰ ਸਮੱਸਿਆਵਾ ਨੂੰ ਹੱਲ ਕਰਨ ਦਾ ਦਾਅਵਾ ਕਰਨਾ ਖਿਆਲੀ ਵੀ ਹੈ ਤੇ ਵਾਸਤਵਿਕਤਾ ਤੋਂ ਦੂਰ ਵੀ।
ਉਂਝ ਰਾਜਨੀਤਕ ਨੇਤਾਵਾਂ ਵਿਚ ਉਪਰੋਕਤ ਨਿੱਜੀ ਗੁਣ ਹੋਣੇ ਜ਼ਰੂਰੀ ਵੀ ਹਨ ਤੇ ਮਹੱਤਵਪੂਰਨ ਵੀ। ਐਪਰ 'ਆਪ' ਦੇ ਆਗੂਆਂ ਦੀ ਸੋਚ ਅਜੇ, ਅਸਲ ਵਿਚ, ਪੂੰਜੀਵਾਦੀ ਢਾਂਚੇ ਦੀ ਬੁਨਿਆਦ : 'ਵਿਧਾਨਕ ਲੁੱਟ-ਖਸੁੱਟ ਤੇ ਭਰਿਸ਼ਟਾਚਾਰ' ਦੇ ਖਿਲਾਫ ਨਾ ਹੋ ਕੇ, ਮੌਜੂਦਾ ਅਵਸਥਾ ਵਿਚ ਵੱਡੀ ਪੱਧਰ ਉਪਰ ਫੈਲੀ ਹੋਈ ਅਸੰਵਿਧਾਨਕ ਅਤੇ ਗੈਰ ਕਾਨੂੰਨੀ ਲੁੱਟ ਦਾ ਖਾਤਮਾ ਕਰਨ ਦਾ ਟੀਚਾ ਜ਼ਿਆਦਾ ਪ੍ਰਮੁੱਖ ਜਾਪਦਾ ਹੈ। ਉਹ ਪੂੰਜੀਵਾਦ ਦੇ ਬੁਨਿਆਦੀ ਕਰੂਪ ਤੇ ਲੋਟੂ ਸਰੂਪ  ਬਾਰੇ ਫਿਕਰਮੰਦ ਨਹੀਂ ਜਾਪਦੀ। ਉਹ ਏਸੇ ਪ੍ਰਬੰਧ ਦੀ ਵਲਗਣ ਵਿਚ ਰਹਿੰਦਿਆਂ ਹੋਇਆਂ ਕੇਵਲ ਲੋਕਾਂ ਦੇ ਨਿੱਤ ਪ੍ਰਤੀ ਦੀ ਜ਼ਿੰਦਗੀ ਵਿਚ ਭਰਿਸ਼ਟਾਚਾਰ ਕਾਰਨ ਆ ਰਹੀਆਂ ਮੁਸ਼ਕਲਾਂ ਅਤੇ ਕੁੱਝ ਹੋਰ ਛੋਟੀਆਂ ਪ੍ਰੰਤੂ ਫੌਰੀ ਆਰਥਿਕ ਮੁਸ਼ਕਲਾਂ ਦਾ ਹੱਲ ਕਰਨ ਲਈ ਪ੍ਰਤੀਬੱਧ ਜ਼ਰੂਰ ਦਿਸਣਾ ਚਾਹੁੰਦੀ ਹੈ। ਇਸੇ ਕਰਕੇ ਵੱਖ ਵੱਖ ਕਿੱਤਿਆ ਵਿਚ ਉਚ ਵਿਦਿਆ ਹਾਸਲ ਕਰ ਚੁੱਕੇ ਜਾਂ ਕਰ ਰਹੇ ਨੌਜਵਾਨ ਲੜਕੇ, ਲੜਕੀਆਂ ਤੇ ਹੋਰ ਦਰਮਿਆਨੇ ਤੇ ਉਚ ਵਰਗਾਂ ਦੇ ਲੋਕ, ਜੋ ਪੂੰਜੀਵਾਦੀ ਢਾਂਚੇ ਅੰਦਰ ਚੰਗੀਆਂ ਸੇਵਾ ਸ਼ਰਤਾਂ ਵਾਲੀਆਂ ਨੌਕਰੀਆਂ ਤੇ ਚੰਗੇਰਾ ਜੀਵਨ ਹਾਸਲ ਕਰਨਾ ਲੋਚਦੇ ਹਨ ਤੇ ਪੱਛਮੀ ਦੇਸ਼ਾਂ ਦੇ ਵਿਕਸਤ ਪੂੰਜੀਵਾਦੀ ਵਿਕਾਸ ਨੂੰ ਡੂੰਘਾਈ ਵਿਚ ਵਾਚਨ ਤੋਂ ਬਿਨਾਂ ਹੀ ਇਸਦੀ ਉਤਮਤਾ ਉਪਰ ਭਰੋਸਾ ਕਰੀ ਬੈਠੇ ਹਨ, ਵੱਡੀ ਗਿਣਤੀ ਵਿਚ 'ਆਪ' ਦੇ ਹਮਾਇਤੀ ਬਣ ਰਹੇ ਹਨ। 'ਆਪ' ਦੀਆਂ ਸਫਾਂ ਵਿਚ ਸ਼ਾਮਲ ਹੋਣ ਦੀ ਹੋੜ ਵਿਚ ਨਵਉਦਾਰਵਾਦੀ ਆਰਥਿਕ ਨੀਤੀਆਂ ਤੇ ਖੁੱਲ੍ਹੀ ਮੰਡੀ ਦੇ ਹਮਾਇਤੀ ਵੱਡੀ ਮਿਕਦਾਰ ਵਿਚ ਹਨ, ਜੋ ਮੌਜੂਦਾ ਪੂੰਜੀਵਾਦੀ ਪ੍ਰਬੰਧ ਵਿਚ ਗੈਰ ਕਾਨੂੰਨੀ ਢੰਗਾਂ ਨਾਲ ਕਮਾਈ ਪੂੰਜੀ (3ਗਰਅਖ 3਼ਬਜਵ਼;ਤਜਠ), ਜਿਹੜੀ ਕਿ ਪੂੰਜੀਵਾਦੀ ਵਿਕਾਸ ਦੇ ਰਾਹ ਵਿਚ ਵੀ ਰੋੜਾ ਬਣ ਗਈ ਹੈ, ਤੋਂ ਦੁਖੀ ਹਨ। ਅਤੇ, ਉਹ ਇਸ ਕਾਰਨ ਪੈਦਾ ਹੋਈਆਂ ਪ੍ਰੰਤੂ ਇਕ ਹੱਦ ਤੱਕ ਹੱਲ ਹੋਣ ਵਾਲੀਆਂ ਮੁਸ਼ਕਲਾਂ ਜਿਵੇਂ ਕਿ ਹੇਠਲੀ ਪੱਧਰ ਉਪਰ ਫੈਲੇ ਵਿਆਪਕ ਭਰਿਸ਼ਟਾਚਾਰ, ਲਾਲ ਫੀਤਾਸ਼ਾਹੀ ਅਤੇ ਲੋਕਾਂ ਦੇ ਧਨ ਦੌਲਤ ਦੀ ਲੁੱਟ ਨਾਲ ਹਾਕਮਾਂ ਵਲੋਂ ਮਾਣੀ ਜਾਣ ਵਾਲੀ 'ਅਹਿਮ ਵਿਅਕਤੀਆਂ' ਵਾਲੀ ਜੀਵਨ ਸ਼ੈਲੀ ਆਦਿ ਦਾ ਖਾਤਮਾ ਜ਼ਰੂਰ ਚਾਹੁੰਦੇ ਹਨ। ਏਸੇ ਲਈ, ਕਾਂਗਰਸ-ਭਾਜਪਾ ਤੇ ਹੋਰ ਲੁਟੇਰੇ ਵਰਗਾਂ ਦੀਆਂ ਇਲਾਕਾਈ ਪਾਰਟੀਆਂ ਦੇ ਭਰਿਸ਼ਟਾਚਾਰੀ ਅਮਲਾਂ ਅਤੇ ਕੁਸ਼ਾਸਨ ਦੇ ਮੁਕਾਬਲੇ ਵਿਚ, ਦਿੱਲੀ ਦੇ ਲੋਕਾਂ ਦੇ ਚੋਖੇ ਹਿੱਸੇ ਨੇ 'ਆਪ' ਦੇ ਸੱਤਾ ਸੰਭਾਲਣ ਵਿਚ ਇਕ ਨਵੀਂ ਆਸ ਦੀ ਕਿਰਨ ਦੇਖੀ ਹੈ।
ਦਿੱਲੀ ਵਿਚ ਮਿਲੀ ਸਫਲਤਾ ਤੋਂ ਬਾਅਦ 'ਆਪ' ਦੇ ਨੇਤਾਵਾਂ ਵਿਚ ਇਹ ਭਰਮ ਵੀ ਪਾਇਆ ਜਾ ਰਿਹਾ ਹੈ ਕਿ ਉਹ ਇਕੱਲੇ ਹੀ ਲੋਕ ਸਭਾ ਚੋਣਾਂ ਜਿੱਤ ਕੇ ਦੇਸ਼ ਦੀ ਸੱਤਾ ਉਪਰ ਵੀ ਕਾਬਜ਼ ਹੋ ਸਕਦੇ ਹਨ। ਇਸ ਲਈ ਉਹ ਹਰ ਰਾਜਨੀਤਕ ਪਾਰਟੀ ਜਾਂ ਵਿਅਕਤੀ ਨੂੰ ਜੋ ਲੋਕ ਹਿਤਾਂ ਦੀ ਪਹਿਰੇਦਾਰੀ ਕਰਦਾ ਹੋਇਆ ਸੰਘਰਸ਼ਸ਼ੀਲ ਹੈ, ਨਾਲ ਸਾਂਝਾਂ ਪਾਉਣ ਜਾਂ ਤਾਲਮੇਲ ਕਰਨ ਦੀ ਥਾਂ ਉਨ੍ਹਾਂ ਨੂੰ 'ਆਪ' ਵਿਚ ਸ਼ਾਮਲ ਹੋਣ ਵਾਸਤੇ ਸਲਾਹਾਂ ਦੇਣ ਦੀ ਨੀਤੀ ਉਪਰ ਜ਼ਿਆਦਾ ਜ਼ੋਰ ਲਾ ਰਹੇ ਹਨ। ਸਰਮਾਏਦਾਰ ਪਾਰਟੀਆਂ ਦੇ ਬਹੁਤ ਸਾਰੇ ਨਾਰਾਜ਼ ਨੇਤਾ ਤੇ ਵਰਕਰ ਸੱਤਾ ਦੀ ਲਾਲਸਾ ਲਈ 'ਆਪ' ਦੀ ਮੈਂਬਰਸ਼ਿਪ ਪ੍ਰਾਪਤ ਕਰਨ ਵਾਸਤੇ ਕਤਾਰਾਂ ਵਿਚ ਤਾਂ ਆਪ ਹੀ ਖੜ੍ਹੇ ਹੋ ਰਹੇ ਹਨ। ਇਹ ਵਰਤਾਰਾ 'ਆਪ' ਲਈ ਵੀ ਹਾਨੀਕਾਰਕ ਹੈ ਅਤੇ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਦੇਸ਼ ਪੱਧਰ 'ਤੇ ਕੋਈ ਹਾਂ ਪੱਖੀ ਯੋਗ ਮੁਤਬਾਦਲ ਉਸਾਰਨ ਦੇ ਯਤਨਾਂ ਲਈ ਵੀ ਘਾਤਕ ਹੈ। ਜੇਕਰ 'ਆਪ' ਵਾਲੇ ਸਿਰਫ ਆਪਣੇ ਆਪ ਨੂੰ ਹੀ ਦੇਸ਼ ਦੀਆਂ ਤਮਾਮ ਮੁਸ਼ਕਲਾਂ ਦੇ ਹੱਲ ਲਈ ਇਕ ਮਾਤਰ ਰਾਜਸੀ ਸ਼ਕਤੀ ਸਮਝਦੇ ਹਨ ਤੇ ਕਿਸੇ ਹੋਰ ਲੋਕਪੱਖੀ ਰਾਜਸੀ ਧਿਰ ਨਾਲ ਸਾਂਝ ਪਾ ਕੇ ਲੋਕ ਹਿਤਾਂ ਦੀ ਪੂਰਤੀ ਲਈ ਸੰਘਰਸ਼ ਕਰਨ ਤੋਂ ਆਨਾਕਾਨੀ ਕਰਦੇ ਹਨ ਤਾਂ ਇਸ ਨੂੰ ਕਦਾਚਿੱਤ ਦਰੁਸਤ ਨਹੀਂ ਆਖਿਆ ਜਾ ਸਕਦਾ। ਅਸੀਂ ਪੂਰੀ ਇਮਾਨਦਾਰੀ ਤੇ ਸਪੱਸ਼ਟਤਾ ਨਾਲ ਇੰਨਾ ਜ਼ਰੂਰ ਆਖਣਾ ਚਾਹੁੰਦੇ ਹਾਂ ਕਿ ਦਿੱਲੀ ਪੂਰਾ ਦੇਸ਼ ਨਹੀਂ ਹੈ। ਇੱਥੇ ਤਾਂ ਲੋਕ ਮਤ ਨੂੰ ਪ੍ਰਭਾਵਤ ਕਰਨ ਵਿਚ ਵੱਖ ਵੱਖ ਧਰਮ, ਜਾਤਾਂ, ਇਲਾਕਾਈ ਤੇ ਭਾਸ਼ਾਈ ਵੱਖਰੇਵੇਂ ਅਤੇ ਇਲਾਕਾਈ ਰਾਜਨੀਤਕ ਪਾਰਟੀਆਂ ਨੇ ਵੀ ਵੱਡਾ ਰੋਲ ਅਦਾ ਕਰਨਾ ਹੈ। ਕਾਰਪੋਰੇਟ ਘਰਾਣਿਆਂ ਦੁਆਰਾ ਚਲਾਏ ਜਾ ਰਹੇ ਮੀਡੀਏ, ਧਨ ਤੇ ਬਾਹੂਬਲੀਆਂ ਨੇ ਵੀ ਲੋਕ ਪੱਖੀ ਦਿਸ਼ਾ ਲੈ ਰਹੇ ਜਨਤਕ ਰੋਹ ਨੂੰ ਠੱਲ੍ਹਣ ਲਈ ਪੂਰੀ ਵਾਹ ਲਾਉਣੀ ਹੈ। ਇਸ ਲਈ 'ਆਪ' ਨੂੰ ਦਿੱਲੀ ਅਸੰਬਲੀ ਚੋਣਾਂ ਵਿਚ ਅਪਣਾਏ ਰਾਜਸੀ ਰੁੱਖ ਨੂੰ ਪੂਰੇ ਦੇਸ਼ ਵਿਚ ਮਕਾਨਕੀ ਢੰਗ ਨਾਲ ਲਾਗੂ ਕਰਨ ਦੀ ਥਾਂ ਹਕੀਕਤਾਂ ਉਪਰ ਅਧਾਰਤ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ। ਕੁੱਝ ਕਾਰਪੋਰੇਟ ਘਰਾਣਿਆਂ ਤੇ ਮੀਡੀਆ ਵਲੋਂ 'ਆਪ' ਨੂੰ ਮਿਲੀ ਉਹ ਹਮਾਇਤ ਨਿਰਸੁਵਾਰਥ ਨਹੀਂ ਹੋ ਸਕਦੀ ਜਿਸ ਨੇ ਉਸਦੀ ਇਸ ਕਾਮਯਾਬੀ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਹੈ। 'ਆਪ' ਨਾਲੋਂ ਵੀ ਵੱਡੀ ਪੱਧਰ ਉਪਰ, ਲੋਕ ਘੋਲਾਂ ਦੀ ਅਗਵਾਈ ਕਰਨ ਵਾਲੀਆਂ ਖੱਬੀਆਂ ਤੇ ਇਨਕਲਾਬੀ ਸ਼ਕਤੀਆਂ ਨੂੰ ਮੀਡੀਏ ਦੀ ਇਹ ਹਮਾਇਤ ਕਦੇ ਨਹੀਂ ਮਿਲੀ। ਜਿਓਂ ਹੀ 'ਆਪ' ਨੇ ਭਰਿਸ਼ਟ ਤੇ ਲੋਟੂ ਢਾਂਚੇ ਉਪਰ ਸੱਟ ਮਾਰਨ ਦਾ ਯਤਨ ਕੀਤਾ ਤੇ ਨਵਉਦਾਰਵਾਦੀ ਨੀਤੀਆਂ ਨੂੰ ਪਿਛਾਂਹ ਧੱਕਣ ਦਾ ਹਲਕਾ ਜਿਹਾ ਯਤਨ ਵੀ ਕੀਤਾ, ਤਦ ਇਹਨਾਂ ਸਵਾਰਥੀ ਹਿੱਤਾਂ ਦੇ ਵਾਰ ਦਾ ਸਫਲਤਾਪੂਰਵਕ ਸਾਹਮਣਾ ਕਰਨਾ 'ਆਪ' ਲਈ ਕਾਫੀ ਔਖਾ ਹੋਵੇਗਾ। ਇਸ ਹੱਲੇ ਦਾ ਟਾਕਰਾ ਵਿਸ਼ਾਲ ਸਾਂਝੀ ਜਨਤਕ ਲਹਿਰ ਹੀ ਕਰ ਸਕਦੀ ਹੈ। ਦੂਸਰੇ ਪਾਸੇ ਜੇਕਰ ਲੋਕ ਹਿੱਤਾਂ ਦੀ ਪੂਰਤੀ ਲਈ ਮੌਜੂਦਾ ਆਰਥਿਕ ਨੀਤੀਆਂ ਅਤੇ ਦੇਸੀ ਤੇ ਵਿਦੇਸ਼ੀ ਲੁਟੇਰੇ ਹਿੱਤਾਂ 'ਤੇ ਵਾਰ ਹੀ ਨਹੀਂ ਕਰਨਾ ਤਦ ਫੇਰ ਜਲਦੀ ਹੀ ਲੋਕ ਕਾਂਗਰਸ, ਭਾਜਪਾ ਤੇ ਲੋਟੂ ਵਰਗਾਂ ਦੀਆਂ ਹੋਰ ਰਾਜਸੀ ਪਾਰਟੀਆਂ ਨਾਲੋਂ 'ਆਪ' ਦਾ ਵੱਖਰੇਵਾਂ ਕਰਨਾ ਬੰਦ ਕਰ ਦੇਣਗੇ।
ਦੇਸ਼ ਦੀਆਂ ਖੱਬੀਆਂ ਧਿਰਾਂ ਆਪਣੀਆਂ ਸਾਰੀਆਂ ਘਾਟਾਂ ਤੇ ਕਮਜ਼ੋਰੀਆਂ ਦੇ ਬਾਵਜੂਦ, ਸਾਮਰਾਜੀ ਸੰਸਾਰੀਕਰਨ ਦੀਆਂ ਤਬਾਹਕੁੰਨ ਨਵਉਦਾਰਵਾਦੀ ਆਰਥਿਕ ਨੀਤੀਆਂ, ਸਾਮਰਾਜੀ ਲੁੱਟ, ਭਰਿਸ਼ਟਾਚਾਰ, ਮਹਿੰਗਾਈ, ਬੇਕਾਰੀ ਤੇ ਲੋਕਾਂ ਉਪਰ ਹੁੰਦੇ ਹਰ ਕਿਸਮ ਦੇ ਅੱਤਿਆਚਾਰਾਂ ਦਾ ਵਿਰੋਧ ਕਰਨ ਤੇ ਮੁਕਾਬਲਾ ਕਰਨ ਲਈ ਭਰੋਸੇਯੋਗ ਤੇ ਸ਼ਕਤੀਸ਼ਾਲੀ ਧਿਰ ਹਨ। ਫਿਰਕਾਪ੍ਰਸਤੀ ਦੇ ਵਿਰੋਧ ਵਿਚ ਸੰਘਰਸ਼ ਕਰਨ ਵਿਚ ਵੀ ਇਨ੍ਹਾਂ ਧਿਰਾਂ ਦਾ ਦਾਮਨ ਪੂਰੀ ਤਰ੍ਹਾਂ ਪਾਕ ਤੇ ਪਵਿੱਤਰ ਹੈ, ਜਿਸ ਬਾਰੇ ਅਜੇ 'ਆਪ' ਵਲੋਂ ਆਪਣੀ ਪ੍ਰਤੀਬੱਧਤਾ ਸਿੱਧ ਕਰਨਾ ਬਾਕੀ ਹੈ। ਇਸੇ ਕਰਕੇ 'ਆਪ' ਨੂੰ ਭਰਿਸ਼ਟਾਚਾਰ, ਬੇਕਾਰੀ, ਮਹਿੰਗਾਈ ਦੇ ਵਿਰੁੱਧ ਦੇਸ਼ ਵਿਆਪੀ ਮੁਤਬਾਦਲ ਕਾਇਮ ਕਰਨ ਲਈ ਇਕ ਤਾਂ ਨਵਉਦਾਰਵਾਦੀ ਨੀਤੀਆਂ ਤੇ ਫਿਰਕਾਪ੍ਰਸਤ ਸ਼ਕਤੀਆਂ ਵਿਰੁੱਧ ਸਪੱਸ਼ਟ ਪੈਂਤੜਾ ਲੈਣਾ ਹੋਵੇਗਾ ਤੇ ਦੂਸਰਾ ਇਸੇ ਦਿਸ਼ਾ ਵਿਚ ਕੰਮ ਕਰ ਰਹੀਆਂ ਦੂਸਰੀਆਂ ਰਾਜਸੀ ਪਾਰਟੀਆਂ ਦੇ ਆਗੂ ਜਾਂ ਵਰਕਰ 'ਆਪ' ਵਿਚ ਸ਼ਾਮਲ ਕਰਨ ਦੀ 'ਮੁਹਿੰਮ' ਚਲਾਉਣ ਦੀ ਥਾਂ ਉਨ੍ਹਾਂ ਨਾਲ ਸਾਂਝਾਂ ਬਣਾ ਕੇ ਅੱਗੇ ਵੱਧਣਾ ਹੋਵੇਗਾ।
ਇਸ, ਉਪਰੋਕਤ ਦਿਸ਼ਾ ਵਿਚ ਤੁਰਨ ਲਈ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ ਜਿਨ੍ਹਾਂ ਦੀ ਪੂਰੀ ਸੁਹਿਰਦਤਾ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਖੱਬੇ ਪੱਖੀ ਦਲਾਂ ਤੇ ਵਿਅਕਤੀਆਂ ਨੂੰ ਵੀ ਦਿੱਲੀ ਅਸੈਂਬਲੀ ਚੋਣਾਂ ਦੇ ਨਤੀਜਿਆਂ ਵਿਚੋਂ ਉਭਰੇ ਰਾਜਸੀ ਦ੍ਰਿਸ਼ ਨੂੰ ਹਾਂਪੱਖੀ ਨਜ਼ਰੀਏ ਤੋਂ ਸਮਝਣਾ ਹੋਵੇਗਾ, ਆਪਣੀ ਅੰਤਰਮੁਖਤਾ ਦੇ ਆਧਾਰ 'ਤੇ ਦੂਜਿਆਂ ਨੂੰ ਸਵਾਲ ਕਰਨ ਦੀ ਥਾਂ ਸਾਂਝੀਆਂ ਜਨਤਕ ਰਾਜਸੀ ਸਰਗਰਮੀਆਂ ਨੂੰ ਟਟੋਲਣਾ ਹੋਵੇਗਾ।  ਕਾਂਗਰਸ ਤੇ ਫਿਰਕੂ ਭਾਜਪਾ ਨੂੰ ਲੋਕਾਂ ਦੇ ਮਨਾਂ 'ਚੋਂ ਬਾਹਰ ਕੱਢਣ ਦੀਆਂ ਅਰਥ ਭਰਪੂਰ ਸੰਭਾਵਨਾਵਾਂ ਵੱਡੀ ਪੱਧਰ 'ਤੇ ਮੌਜੂਦ ਹਨ, ਜਿਨ੍ਹਾਂ ਨੂੰ ਦੇਸ਼ ਪੱਧਰ 'ਤੇ ਚਲ ਰਹੇ ਸਮਾਜਕ ਪਰਿਵਰਤਨ ਦੇ ਘੋਲ ਨੂੰ ਹੋਰ ਮਜ਼ਬੂਤ ਕਰਨ ਹਿੱਤ ਵਰਤਿਆ ਜਾਣਾ ਚਾਹੀਦਾ ਹੈ।

No comments:

Post a Comment