ਇੰਦਰਜੀਤ ਚੁਗਾਵਾਂ
ਲੋਕ ਵਿਰੋਧੀ ਖਾਸੇ ਵਾਲੀਆਂ ਹੁਕਮਰਾਨ ਪਾਰਟੀਆਂ ਦੇ ਸਨਮੁੱਖ ਕਾਰਜਾਂ 'ਚੋਂ ਇਕ ਪ੍ਰਮੁੱਖ ਕਾਰਜ ਲੋਕਾਂ ਨੂੰ ਬੁੱਧੂ ਬਣਾਉਣਾ ਵੀ ਹੁੰਦਾ ਹੈ ਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ 'ਲੋਕ ਬੁੱਧੂ ਬਣਾ' ਵੀ ਲਏ ਜਾਂਦੇ ਹਨ। ਇਨ੍ਹਾਂ ਪਾਰਟੀਆਂ ਦੀ ਕਹਿਣੀ ਤੇ ਕਰਨੀ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹ ਜੋ ਕਹਿੰਦੀਆਂ ਹਨ, ਕਰਦੀਆਂ ਨਹੀਂ ਤੇ ਜੋ ਕਰਦੀਆਂ ਹਨ, ਉਹ ਏਨੀ ਸਫਾਈ ਨਾਲ ਕਰਦੀਆਂ ਹਨ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੀਆਂ। ਉਨ੍ਹਾਂ ਦਾ ਇੱਕੋ-ਇੱਕ ਮਕਸਦ ਆਪਣੇ ਜਮਾਤੀ ਤੇ ਜਾਤੀ ਹਿੱਤਾਂ ਦੀ ਪੂਰਤੀ ਹੁੰਦਾ ਹੈ। ਉਨ੍ਹਾਂ ਦਾ ਹਰ ਨਾਅਰਾ ਇਸੇ ਸੇਧ ਵਿੱਚ ਹੁੰਦਾ ਹੈ। ਕੁਝ ਅਜਿਹਾ ਹੀ ਹੈ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦਾ 'ਰਾਜ ਨਹੀਂ ਸੇਵਾ' ਦਾ ਨਾਅਰਾ।
'ਰਾਜ ਨਹੀਂ ਸੇਵਾ' ਦਾ ਨਾਅਰਾ ਦਿੰਦਿਆਂ ਸ੍ਰ. ਪਰਕਾਸ਼ ਸਿੰਘ ਬਾਦਲ ਤੇ ਉਨ੍ਹਾ ਦੀ ਪਾਰਟੀ ਨੇ ਇਸ ਗੱਲ ਦੀ ਵਿਆਖਿਆ ਨਹੀਂ ਕੀਤੀ ਕਿ ਉਹ 'ਸੇਵਾ' ਕਿਸ ਦੀ ਤੇ ਕਿਸ ਤਰ੍ਹਾਂ ਕਰਨਗੇ। ਅਤੇ ਅਜਿਹਾ ਵੀ ਨਹੀਂ ਹੈ ਕਿ ਉਹ ਸੇਵਾ ਨਹੀਂ ਕਰ ਰਹੇ। ਉਹ ਸੇਵਾ ਜ਼ਰੂਰ ਕਰ ਰਹੇ ਹਨ, ਪਰ ਲੋਕਾਂ ਦੀ ਨਹੀਂ, ਸਗੋਂ ਵੱਡੇ ਲੋਕਾਂ ਦੀ, ਮਲਿਕ ਭੋਗੋਆਂ ਦੀ ਆਪਣੇ ਜਮਾਤੀ ਭਾਈਵਾਲਾਂ ਦੀ।
ਤੰਗੀਆਂ-ਤੁਰਸ਼ੀਆਂ 'ਚ ਜ਼ਿੰਦਗੀ ਨਾਲ ਘੁਲ ਰਹੇ ਸਾਡੇ ਲੋਕ ਚੇਤਨ ਤੇ ਜਥੇਬੰਦ ਨਹੀਂ ਹਨ। ਉਹ ਇਨ੍ਹਾਂ ਵੱਡੇ ਲੋਕਾਂ ਦੀਆਂ ਜ਼ਿਆਦਤੀਆਂ ਨੂੰ ਬਹੁਤੀ ਦੇਰ ਯਾਦ ਨਹੀਂ ਰੱਖਦੇ। ਇਹ ਸਭ ਕੁਝ ਯਾਦ ਕਰਵਾਉਣ ਲਈ ਉਨ੍ਹਾਂ ਨੂੰ ਝੰਜੋੜਨਾ ਪੈਂਦਾ ਹੈ। ਅਜੇ ਬਹੁਤੀ ਦੇਰ ਨਹੀਂ ਹੋਈ ਇਸ ਸਾਲ ਜਨਵਰੀ ਮਹੀਨੇ ਦੇ ਦੂਸਰੇ ਹਫਤੇ ਦੀ ਗੱਲ ਹੈ। ਬਾਦਲ ਸਾਹਿਬ ਦੀ ਸਰਕਾਰ ਵੱਲੋਂ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ 'ਚ ਕੀਤੀਆਂ ਨਿਯੁਕਤੀਆਂ ਤੋਂ ਹੀ ਸਮੁੱਚੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ।
ਸਭ ਤੋਂ ਪਹਿਲਾਂ ਜ਼ਿਕਰ ਕਰਨਾ ਬਣਦਾ ਹੈ ਸ਼੍ਰੋਮਣੀ ਕਮੇਟੀ ਮੈਂਬਰ ਦਿਆਲ ਕਿਰਪਾਲ ਸਿੰਘ ਕੋਲਿਆਂਵਾਲੀ ਦਾ, ਜਿਨ੍ਹਾ ਨੂੰ ਪੰਜਾਬ ਐਗਰੋ ਫੂਡ ਗ੍ਰੇਨਜ਼ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਜਥੇਦਾਰ ਕੋਲਿਆਂਵਾਲੀ ਉਹੀ ਵਿਅਕਤੀ ਹਨ, ਜਿਨ੍ਹਾ ਦੇ ਘਰ 'ਤੇ 2012 'ਚ ਹੋਈਆਂ ਅਸੰਬਲੀ ਚੋਣਾਂ ਵੇਲੇ ਚੋਣ ਕਮਿਸ਼ਨ ਨੇ ਵੱਡਾ ਛਾਪਾ ਮਾਰ ਕੇ ਉਨ੍ਹਾ ਦੀ ਰਿਹਾਇਸ਼ ਤੋਂ ਇੱਕ ਵਿਸ਼ੇਸ਼ ਕਿਸਮ ਦਾ ਚਿੱਟਾ ਪਾਊਡਰ ਬਰਾਮਦ ਕੀਤਾ ਸੀ। ਆਮ ਤੌਰ 'ਤੇ ਪੁਲਸ ਨੂੰ ਜਦ ਵੀ ਕਿਸੇ ਵਿਅਕਤੀ, ਕਿਸੇ ਥਾਂ ਤੋਂ ਕੋਈ ਸ਼ੱਕੀ ਪਾਊਡਰ ਬਰਾਮਦ ਹੁੰਦਾ ਹੈ ਤਾਂ ਉਸ ਉੱਪਰ ਫੌਰੀ ਤੌਰ 'ਤੇ ਐੱਨ ਡੀ ਪੀ ਐੱਸ ਐਕਟ ਅਧੀਨ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਪਾਊਡਰ ਦੀ ਰਸਾਇਣਕ ਜਾਂਚ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਐਪਰ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਮੁਲਜ਼ਮ ਖਿਲਾਫ਼ ਸਿਰਫ ਡੀ ਡੀ ਆਰ ਹੀ ਦਰਜ ਕੀਤੀ ਗਈ ਅਤੇ ਪਰਚਾ ਦਰਜ ਕਰਨ ਤੋਂ ਪੁਲਸ ਇਹ ਕਹਿ ਕੇ ਟਾਲਾ ਵੱਟ ਗਈ ਕਿ ਚਿੱਟੇ ਪਾਊਡਰ ਦੀ ਰਸਾਇਣਕ ਜਾਂਚ ਕਰਵਾਉਣ ਤੋਂ ਬਾਅਦ ਜੇ ਲੋੜ ਪਈ ਤਾਂ ਹੀ ਪਰਚਾ ਦਰਜ ਕੀਤਾ ਜਾਵੇਗਾ। ਰਸਾਇਣਕ ਜਾਂਚ, ਜਿਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਕਿ ਕਿੰਝ ਹੁੰਦੀ ਹੈ, ਤੋਂ ਬਾਅਦ ਜਥੇਦਾਰ ਕੋਲਿਆਂਵਾਲੀ ਚਿੱਟੇ ਪਾਊਡਰ ਦੇ ਕੇਸ 'ਚੋਂ 'ਦੁੱਧ ਚਿੱਟੇ' ਸਾਬਤ ਹੋ ਕੇ ਨਿਕਲੇ। ਉਂਝ ਉਨ੍ਹਾ ਖਿਲਾਫ ਇਹ ਦੋਸ਼ ਲੱਗਦੇ ਰਹੇ ਹਨ ਕਿ ਲੰਬੀ ਹਲਕੇ 'ਚ (ਜੋ ਬਾਦਲ ਸਾਹਿਬ ਦਾ ਹਲਕਾ ਹੈ) ਨਸ਼ਿਆਂ ਦੀ 'ਸੇਵਾ' ਦਾ ਚਾਰਜ ਉਨ੍ਹਾ ਹੱਥ ਹੀ ਸੀ।
ਇਸੇ ਤਰ੍ਹਾਂ ਬਰਜਿੰਦਰ ਸਿੰਘ ਬਰਾੜ ਉਰਫ ਮੱਖਣ ਨੂੰ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਦੇ ਚੇਅਰਮੈਨ ਹੋਣ ਦਾ ਮਾਣ ਬਖਸ਼ਿਆ ਗਿਆ ਹੈ। ਮੱਖਣ ਦੀ ਯੋਗਤਾ ਇਹ ਹੈ ਕਿ ਉਹ ਜਥੇਦਾਰ ਤੋਤਾ ਸਿੰਘ ਦੇ ਸਾਹਿਬਜ਼ਾਦੇ ਹਨ, ਜਿਨ੍ਹਾ ਨੂੰ ਸਰਕਾਰੀ ਤਾਕਤ ਦੀ ਦੁਰਵਰਤੋਂ ਦੇ ਦੋਸ਼ ਸਿੱਧ ਹੋ ਜਾਣ ਕਾਰਨ ਮੰਤਰੀ ਮੰਡਲ 'ਚੋਂ ਅਸਤੀਫਾ ਦੇਣਾ ਪਿਆ ਸੀ। ਮੱਖਣ ਦਾ ਨਾਂਅ ਬਦਨਾਮ ਮੋਗਾ ਸੈਕਸ ਸਕੈਂਡਲ 'ਚ ਵੀ ਆਇਆ ਸੀ ਅਤੇ ਉਸ ਵਿਰੁੱਧ ਧਾਰਾ 384 (ਜਬਰੀ ਵਸੂਲੀ) ਅਧੀਨ ਕੇਸ ਵੀ ਦਰਜ ਹੋ ਚੁੱਕਾ ਹੈ। ਉਸ ਨੂੰ ਸ਼ਾਇਦ ਏਨੀ ਛੇਤੀ ਤਵੱਜੋ ਨਾ ਦਿੱਤੀ ਜਾਂਦੀ ਜੇ ਉਸ ਦੇ ਸਿਆਸੀ ਵਿਰੋਧੀ ਜੋਗਿੰਦਰ ਪਾਲ ਜੈਨ ਨੂੰ ਬਾਦਲ ਸਾਹਿਬ ਨੇ ਇੱਕ ਵੱਡੇ ਅਹੁਦੇ ਨਾਲ ਨਿਵਾਜਿਆ ਨਾ ਹੁੰਦਾ। ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਵੋਟਾਂ ਨੂੰ ਲੱਗਣ ਵਾਲੇ ਖੋਰੇ ਨੂੰ ਰੋਕਣ ਲਈ ਮੱਖਣ ਨੂੰ ਵਧੇਰੇ ਮੱਖਣ ਵਾਲੇ ਅਹੁਦੇ ਨਾਲ ਨਿਵਾਜਿਆ ਗਿਆ।
ਤੇ ਜੋਗਿੰਦਰਪਾਲ ਜੈਨ ਦੀ ਖਾਸੀਅਤ ਇਹ ਹੈ ਕਿ ਉਹ ਚੋਲਾ ਬਦਲਣ 'ਚ ਮਾਹਰ ਹੈ। ਮੋਗਾ ਹਲਕੇ ਦੇ ਇਸ ਵਿਧਾਇਕ ਨੇ 2012 'ਚ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ਸੀ। ਉਸ ਵਿਰੁੱਧ ਗੈਰ-ਕਾਨੂੰਨੀ ਕਾਲੋਨੀਆਂ ਉਸਾਰਨ ਦੇ ਕੇਸ ਅਤੇ ਜਾਲ੍ਹੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਵਾਉਣ ਦੇ ਕੇਸ ਚੱਲ ਰਹੇ ਹਨ। ਇਸ 'ਸਾਫ-ਸੁਥਰੇ' ਜੈਨ ਨੂੰ ਪੰਜਾਬ ਸਟੇਟ ਵੇਅਰ-ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ। ਇਹ ਨਿਯੁਕਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 31 ਅਕਤੂਬਰ 2013 ਦੇ ਹੁਕਮ ਨੂੰ ਨਜ਼ਰ-ਅੰਦਾਜ ਕਰਕੇ ਕੀਤੀ ਗਈ ਹੈ। ਇਸ ਹੁਕਮ ਰਾਹੀਂ ਇਸੇ ਅਹੁਦੇ ਤੋਂ ਜੈਨ ਦੀ ਨਿਯੁਕਤੀ ਰੱਦ ਕੀਤੀ ਗਈ ਸੀ। ਜੈਨ ਨੇ 26 ਦਸੰਬਰ 2012 ਨੂੰ ਕਾਂਗਰਸ 'ਚੋਂ ਅਸਤੀਫਾ ਦਿੱਤਾ ਸੀ ਤੇ ਅਗਲੇ ਦਿਨ ਹੀ ਉਸ ਨੂੰ ਉਪਰੋਕਤ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ।
ਕੁਝ ਇਸੇ ਤਰ੍ਹਾਂ ਦੀ ਨਿਯੁਕਤੀ ਹੀ, ਕਾਂਗਰਸ ਤੋਂ ਅਕਾਲੀ ਬਣੇ ਮੰਗਤ ਰਾਮ ਬਾਂਸਲ ਦੀ ਹੈ। ਬਾਂਸਲ ਨੇ 2012 'ਚ ਮੌੜ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ। ਬਾਅਦ 'ਚ ਉਹ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਸੀ। ਉਸ ਦੀ ਅਕਾਲੀ ਦਲ 'ਚ ਸ਼ਮੂਲੀਅਤ ਵੇਲੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜੋ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਨੇ ਕਿਹਾ ਸੀ ਕਿ ਅਸੀਂ ਕਾਂਗਰਸ 'ਚੋਂ ਹੀਰੇ ਚੁਣ-ਚੁਣ ਕੇ ਅਕਾਲੀ ਦਲ 'ਚ ਲਿਆ ਰਹੇ ਹਾਂ ਤੇ ਮੰਗਤ ਰਾਮ ਬਾਂਸਲ ਵੀ ਇੱਕ ਹੀਰਾ ਹੈ। ਅਕਾਲੀ ਦਲ 'ਚ ਸ਼ਮੂਲੀਅਤ ਤੋਂ ਥੋੜ੍ਹੀ ਦੇਰ ਬਾਅਦ ਹੀ ਮੰਗਤ ਰਾਮ ਬਾਂਸਲ ਨੂੰ ਸੀ ਬੀ ਆਈ ਦੀ ਪਟਿਆਲਾ ਅਦਾਲਤ ਨੇ ਚੌਲ ਘਪਲੇ 'ਚ ਸੱਤ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ ਮੰਗਤ ਰਾਮ ਬਾਂਸਲ ਕੈਦ ਤੋਂ ਪਹਿਲਾਂ, ਕੈਦ ਦੌਰਾਨ ਤੇ ਕੈਦ ਤੋਂ ਬਾਅਦ ਵੀ ਮਾਨਸਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਦਾ ਅਨੰਦ ਮਾਣ ਰਿਹਾ ਹੈ। ਇਹ ਕਿਤੇ ਛੋਟੀ ਜਿਹੀ 'ਸੇਵਾ' ਹੈ?
2009 'ਚ ਹੋਈਆਂ ਲੋਕ ਸਭਾ ਚੋਣਾਂ ਵੇਲੇ ਲਾਲੇਆਣਾ ਪਿੰਡ 'ਚ, ਜਿਹੜਾ ਬਠਿੰਡਾ ਲੋਕ ਸਭਾ ਹਲਕੇ ਅੰਦਰ ਪੈਂਦਾ ਹੈ, ਬਿਕਰਮ ਸਿੰਘ ਮਜੀਠੀਆ, ਜਿਹੜੇ ਆਪਣੀ ਭੈਣ ਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਪ੍ਰਚਾਰ ਕਰ ਰਹੇ ਸਨ, ਨੇ ਵੋਟਾਂ ਵਾਲੇ ਦਿਨ ਗੋਲੀ ਚਲਾ ਦਿੱਤੀ ਸੀ। ਚੋਣ ਕਮਿਸ਼ਨ ਦੀ ਹਦਾਇਤ 'ਤੇ ਮਜੀਠੀਆ ਵਿਰੁੱਧ ਤਲਵੰਡੀ ਸਾਬੋ ਥਾਣੇ 'ਚ ਪਰਚਾ ਵੀ ਦਰਜ ਹੋਇਆ ਸੀ। ਬਾਅਦ 'ਚ ਇਹ ਪਰਚਾ ਰੱਦ ਕਰ ਦਿੱਤਾ ਗਿਆ ਅਤੇ ਮਜੀਠੀਆ ਨੂੰ ਵਜੀਰ ਵੀ ਬਣਾ ਦਿੱਤਾ ਗਿਆ। ਮਜੀਠੀਆ ਸਾਹਿਬ 'ਤੇ ਕਿਹੜੇ-ਕਿਹੜੇ ਦੋਸ਼ ਲੱਗ ਰਹੇ ਹਨ, ਉਹ ਕਿਸੇ ਤੋਂ ਵੀ ਲੁਕੇ-ਛਿਪੇ ਨਹੀਂ। ਡਰੱਗ ਸਕੈਂਡਲ 'ਚ ਫੜੇ ਗਏ ਸਾਬਕਾ ਪੁਲਸ ਅਧਿਕਾਰੀ ਜਗਦੀਸ਼ ਭੋਲਾ ਨੇ ਸ਼ਰੇਆਮ ਦੋਸ਼ ਲਾਏ ਹਨ ਕਿ ਪੰਜਾਬ 'ਚ ਡਰੱਗ ਰੈਕਟ ਨੂੰ ਮਜੀਠੀਆ ਹੀ ਚਲਾ ਰਹੇ ਹਨ।
ਪੰਜਾਬ ਵਾਟਰ ਰਿਸੋਰਸਿਜ਼ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਰਵੀ ਕਰਨ ਸਿੰਘ ਕਾਹਲੋਂ ਦੀ ਇੱਕੋ-ਇੱਕ ਸਿਫਤ ਉਸ ਦਾ ਪੰਜਾਬ ਅਸੰਬਲੀ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਪੁੱਤਰ ਹੋਣਾ ਹੀ ਹੈ। ਉਸ ਦਾ ਸਮਾਜ ਸੇਵਾ ਦੇ ਖੇਤਰ 'ਚ ਕੋਈ ਵੀ ਯੋਗਦਾਨ ਨਹੀਂ ਹੈ।
ਗੱਲ ਸਿਰਫ ਇਨ੍ਹਾਂ ਨਿਯੁਕਤੀਆਂ ਦੀ ਹੀ ਨਹੀਂ ਹੈ। ਪੰਜਾਬ 'ਚ ਅੱਜ ਇੱਕ ਸਧਾਰਨ ਵਿਅਕਤੀ ਲਈ ਇੱਕ ਮਕਾਨ ਖੜਾ ਕਰਨਾ ਕਿਸੇ ਸੁਪਨੇ ਵਾਂਗ ਹੈ। ਇੱਟਾਂ ਤੇ ਰੇਤਾ ਦੀਆਂ ਕੀਮਤਾਂ ਏਨੀਆਂ ਵਧ ਗਈਆਂ ਹਨ ਕਿ ਗਰੀਬ ਵਿਅਕਤੀ ਉਨ੍ਹਾਂ ਦੀ ਖਰੀਦ ਬਾਰੇ ਸੋਚ ਹੀ ਨਹੀਂ ਸਕਦਾ। ਸਾਰੇ ਦਰਿਆਵਾਂ 'ਤੇ ਰੇਤ ਮਾਫੀਆ ਦਾ ਕਬਜ਼ਾ ਹੈ ਤੇ ਇਸ ਮਾਫੀਆ ਦੀ ਪੁਸ਼ਤ-ਪਨਾਹੀ ਸੱਤਾਧਾਰੀ ਧਿਰ ਦੇ ਮੰਤਰੀ, ਵਿਧਾਇਕ ਤੇ ਆਗੂ ਕਰ ਰਹੇ ਹਨ।
ਇਤਿਹਾਸ ਗਵਾਹ ਹੈ ਕਿ ਹਿਟਲਰ ਨੇ ਨਾਅਰਾ ਤਾਂ ਕੌਮੀ ਸਮਾਜਵਾਦ ਦਾ ਦਿੱਤਾ ਸੀ, ਪਰ ਉਸ ਨੇ ਸਥਾਪਨਾ ਫਾਸ਼ੀਵਾਦੀ ਨਿਜ਼ਾਮ ਦੀ ਕੀਤੀ ਸੀ। ਇਸ ਫਾਸ਼ੀਵਾਦ ਦਾ ਨਮੂਨਾ ਬਾਦਲ ਸਰਕਾਰ ਦੀ ਪੁਲਸ ਨੇ ਪਿਛਲੇ ਦਿਨੀਂ ਹੀ ਅੰਮ੍ਰਿਤਸਰ 'ਚ ਪਾਵਰਕਾਮ ਦੇ ਚੀਫ ਇੰਜੀਨੀਅਰ ਦੇ ਦਫਤਰ ਅੱਗੇ ਧਰਨਾ ਲਾਈ ਬੈਠੇ ਕਿਸਾਨਾਂ 'ਤੇ ਲਾਠੀਚਾਰਜ ਤੇ ਪਥਰਾਅ ਕਰਕੇ ਦੇ ਦਿੱਤਾ ਹੈ। ਇਸੇ ਤਰ੍ਹਾਂ ਬਠਿੰਡਾ 'ਚ ਪੱਕੇ ਰੁਜ਼ਗਾਰ ਦੀ ਮੰਗ ਲਈ ਧਰਨੇ 'ਤੇ ਬੈਠੇ ਅਧਿਆਪਕਾਂ ਪ੍ਰਤੀ ਲਾਤੁਅੱਲਕੀ ਦਿਖਾ ਕੇ ਦਿੱਤਾ ਗਿਆ ਸੀ, ਜਿਸ ਦੌਰਾਨ ਇੱਕ ਅਧਿਆਪਕਾ ਦੀ ਗਿਆਰ੍ਹਾਂ ਮਹੀਨਿਆਂ ਦੀ ਬੱਚੀ ਠੰਡ ਦੀ ਲਪੇਟ 'ਚ ਆ ਕੇ ਮਾਰੀ ਗਈ ਸੀ। ਇਸ ਤਰ੍ਹਾਂ ਪਰਕਾਸ਼ ਸਿੰਘ ਬਾਦਲ ਹੋਰਾਂ ਦਾ 'ਰਾਜ ਨਹੀਂ ਸੇਵਾ' ਦਾ ਨਾਅਰਾ ਵੀ ਉਸੇ ਹੀ ਸੇਧ ਵਿੱਚ ਉਨ੍ਹਾ ਦੀ ਜਮਾਤ ਦੇ ਹਿੱਤਾਂ ਦੀ ਸੇਵਾ ਹੀ ਕਰ ਰਿਹਾ ਹੈ।
ਇਸ 'ਅਥਾਹ ਸੇਵਾ' ਨੂੰ ਰੁਕਵਾਉਣ ਦਾ ਇੱਕੋ-ਇੱਕ ਰਾਹ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਹੁੰਦੀਆਂ ਵਧੀਕੀਆਂ ਰੋਕਣ ਲਈ ਸੰਘਰਸ਼ਾਂ ਦੇ ਰਾਹ ਤੋਰਨਾ ਹੀ ਹੈ।
No comments:
Post a Comment