Tuesday 11 March 2014

ਜਨਤਕ ਸਰਗਰਮੀਆਂ (ਸੰਗਰਾਮੀ ਲਹਿਰ, ਮਾਰਚ 2014)

ਦਿਹਾਤੀ ਮਜ਼ਦੂਰ ਸਭਾ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਆਰੰਭੇ ਗਏ 
ਅਣਮਿਥੇ ਸਮੇਂ ਦੇ ਧਰਨੇ 

ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸੱਦੇ ਅਨੁਸਾਰ ਮਿਤੀ 24 ਫਰਵਰੀ 2014 ਨੂੰ ਪੰਜਾਬ ਦੀਆਂ ਚਾਰ ਥਾਵਾਂ ਰੱਈਆ, ਘਰੋਟਾ, ਨਕੋਦਰ ਅਤੇ ਸੰਗਤ ਮੰਡੀ ਵਿਚ ਅਣਮਿੱਥੇ ਸਮੇਂ ਦੇ ਪੱਕੇ ਧਰਨੇ ਅਰੰਭ ਹੋ ਗਏ। ਸੂਬਾ ਕੇਂਦਰ ਤੇ ਪੁੱਜੀਆਂ ਖਬਰਾਂ ਅਨੁਸਾਰ ਧਰਨਿਆਂ ਵਿਚ ਲੋਕ ਬੜੀ ਵੱਡੀ ਗਿਣਤੀ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਸਾਰੇ ਧਰਨਿਆਂ ਵਿਚ ਲੋਕ ਲੰਗਰ ਦਾ ਸਮਾਨ ਲੈ ਕੇ ਆਏ ਤੇ ਧਰਨਿਆਂ ਵਿਚ ਲੰਗਰ ਪਾਣੀ ਦਾ ਸਾਰਾ ਇੰਤਜ਼ਾਮ ਠੀਕ ਹੋਣ ਦੀ ਰਿਪੋਰਟ ਵੀ ਪੁੱਜੀ ਹੈ। ਵੱਖ-ਵੱਖ ਧਰਨਿਆਂ ਦੀ ਰਿਪੋਰਟ ਹੇਠ ਲਿਖੇ ਅਨੁਸਾਰ ਹੈ : 
ਰਈਆ : ਧਰਨੇ ਤੋਂ ਪਹਿਲਾਂ ਤਹਿਸੀਲ ਦਫਤਰ ਵਿਚ 100 ਦੇ ਕਰੀਬ ਔਰਤਾਂ ਸਮੇਤ ਸੈਂਕੜੇ ਸਾਥੀ ਹਾਜ਼ਰ ਹੋਏ। ਲੋਕ ਲੰਗਰ ਦਾ ਸਾਮਾਨ ਆਟਾ, ਦਾਲ, ਸਬਜ਼ੀ ਦੁੱਧ ਤੇ ਹੋਰ ਸਬੰਧਤ ਵਸਤਾਂ ਲੈ ਕੇ ਆ ਰਹੇ ਸਨ। ਪਹਿਲੇ ਦਿਨ ਹੀ ਲੰਗਰ ਵਿਚ 6 ਕਵਿੰਟਲ 40 ਕਿਲੋ ਆਟਾ, 15 ਕਿਲੋ ਦਾਲ, ਹਰੇ ਮਟਰ, ਆਲੂ ਅਤੇ ਹੋਰ ਸਬੰਧਤ ਸਮਾਨ ਜਮ੍ਹਾਂ ਹੋ ਗਿਆ । ਸੈਂਕੜੇ ਲੋਕਾਂ ਦਾ ਇਹ ਹਜੂਮ ਦਫਤਰ ਤੋਂ ਮਾਰਚ ਕਰਦਾ ਹੋਇਆ ਰਵਾਨਾ ਹੋਇਆ ਅਤੇ ਅੱਗੇ ਅੱਗੇ ਢੋਲ ਵੱਜ ਰਿਹਾ ਸੀ। ਸਾਰੇ ਬਜਾਰਾਂ ਵਿਚ ਮਾਰਚ ਕਰਕੇ ਬੀ.ਡੀ.ਪੀ.ਓ. ਦੇ ਦਫਤਰ ਪਹੁੰਚਣ 'ਤੇ ਧਰਨਾ ਅਰੰਭ ਹੋ ਗਿਆ। ਧਰਨੇ ਦੀ ਅਗਵਾਈ ਚਮਨ ਲਾਲ ਦਰਾਜਕੇ ਅਤੇ ਸ਼ਿੰਗਾਰਾ ਸਿੰਘ ਸੁਧਾਰ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ ਦਾਊਦ, ਜਸਪਾਲ ਸਿੰਘ ਝਬਾਲ, ਨਿਰਮਲ ਸਿੰਘ ਛੱਜਲਵੱਡੀ, ਨਰਿੰਦਰ ਸਿੰਘ ਵਡਾਲਾ, ਗੁਰਨਾਮ ਸਿੰਘ ਉਮਰਪੁਰਾ ਸਨ। ਭਰਾਤਰੀ ਜਥੇਬੰਦੀਆਂ ਵਲੋਂ ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ ਅਤੇ ਬਲਵਿੰਦਰ ਸਿੰਘ ਛੇਹਰਟਾ ਨੇ ਧਰਨੇ ਦੀ ਹਮਾਇਤ ਕੀਤੀ। 
ਨਕੋਦਰ : ਇਸ ਧਰਨੇ ਵਿਚ ਗਿਣਤੀ ਬਹੁਤ ਹੀ ਉਤਸ਼ਾਹਜਨਕ ਰਹੀ। ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਈਆਂ। ਸ਼ਹਿਰ ਵਿਚ ਮਾਰਚ ਕਰਨ ਉਪਰੰਤ ਜਲੰਧਰ ਬਾਈਪਾਸ 'ਤੇ 2 ਘੰਟੇ ਦਾ ਜਾਮ ਲਾਇਆ ਗਿਆ। ਇਸ ਧਰਨੇ ਵਿਚ ਵੀ ਵੱਡੀ ਮਾਤਰਾ ਵਿਚ ਲੰਗਰ ਦਾ ਸਮਾਨ ਲੈ ਕੇ ਲੋਕ ਆਏ। ਜਿਸ ਵਿਚ 10 ਕਵਿੰਟਲ ਤੋਂ ਵੱਧ ਆਟਾ, ਖੰਡ, ਘਿਓ, ਆਲੂ, ਦਾਲਾਂ ਅਤੇ ਦੁੱਧ ਸ਼ਾਮਲ ਹੈ। ਜਾਮ ਲਾਉਣ ਤੋਂ ਬਾਅਦ ਲੋਕਾਂ ਦਾ ਇਹ ਵਿਸ਼ਾਲ ਇਕੱਠ ਬੀ.ਡੀ.ਪੀ.ਓ. ਦਫਤਰ ਪਹੁੰਚ ਗਿਆ ਜਿਥੇ ਬੀ.ਡੀ.ਪੀ.ਓ. ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਿਆ ਗਿਆ। ਧਰਨੇ ਨੂੰ ਸਾਥੀ ਦਰਸ਼ਨ ਨਾਹਰ, ਪਰਮਜੀਤ ਰੰਧਾਵਾ, ਨਿਰਮਲ ਸਿੰਘ ਮਲਸੀਹਾਂ, ਬਲਦੇਵ ਰਾਜ ਮੱਟੂ, ਦੇਵ ਫਿਲੌਰ, ਬਲਦੇਵ ਸਿੰਘ ਸੁਲਤਾਨਪੁਰ, ਮੇਜਰ ਫਿਲੌਰ, ਨਿਰਮਲ ਆਧੀ ਤੇ ਦਰਸ਼ਨ ਪਾਲ ਬੰਡਾਲਾ ਨੇ ਸੰਬੋਧਨ ਕੀਤਾ। 
ਘਰੋਟਾ : ਇਸ ਧਰਨੇ ਵਿਚ ਵੀ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਲੰਗਰ ਦਾ ਕਾਫੀ ਸਮਾਨ ਧਰਨੇ ਵਿਚ ਪੁੱਜਾ ਜਿਸ ਵਿਚ ਆਟਾ, ਚਾਵਲ, ਆਲੂ, ਪਿਆਜ਼, ਗੈਸ ਸਿਲੰਡਰ, ਘਿਓ ਅਤੇ ਪੈਸੇ ਲੈ ਕੇ ਲੋਕ ਸ਼ਾਮਲ ਹੋਏ। ਇਸ ਧਰਨੇ ਦੀ ਅਗਵਾਈ ਜੀਤ ਰਾਮ, ਜਨਕ ਕੁਮਾਰ ਤੇ ਸ਼ਿੰਦਾ ਛਿੱਥ ਨੇ ਕੀਤੀ। ਧਰਨੇ ਨੂੰ ਸਾਥੀ ਲਾਲ ਚੰਦ ਕਟਾਰੂ ਚੱਕ, ਮਹਿੰਦਰ ਸਿੰਘ ਖੈਰੜ, ਪਿਆਰਾ ਸਿੰਘ ਪਰਖ ਤੇ ਸ਼ਿਵ ਕੁਮਾਰ ਨੇ ਸੰਬੋਧਨ ਕੀਤਾ। 
ਸੰਗਤ ਮੰਡੀ : ਇਸ ਧਰਨੇ ਵਿਚ ਵੀ ਸੈਂਕੜੇ ਲੋਕ ਸ਼ਾਮਲ ਹੋਏ। ਲੰਗਰ ਸਬੰਧੀ ਮਿਲੀ ਰਿਪੋਰਟ ਕਾਫੀ ਉਤਸ਼ਾਹਜਨਕ ਹੈ। ਇਥੇ ਵੀ ਪੰਜ ਕੁਵਿੰਟਲ ਦੇ ਕਰੀਬ ਆਟੇ ਸਮੇਤ ਲੰਗਰ ਵਿਚ ਵਰਤਣ ਵਾਲੀਆਂ ਸਾਰੀਆਂ ਚੀਜ਼ਾਂ ਲੋਕ ਲੈ ਕੇ ਆਏ। ਬੀ.ਡੀ.ਪੀ.ਓ. ਦੇ ਦਫਤਰ ਸਾਹਮਣੇ ਧਰਨੇ ਦਾ ਅਰੰਭ ਹੋ ਗਿਆ ਹੈ। ਇਸ ਧਰਨੇ ਨੂੰ ਮਹੀਪਾਲ ਬਠਿੰਡਾ, ਜਗਜੀਤ ਸਿੰਘ ਜੱਸੇਆਣਾ, ਮਿੱਠੂ ਸਿੰਘ ਘੁੱਦਾ, ਹਰਜੀਤ ਸਿੰਘ ਮਦਰੱਸਾ, ਗੁਰਤੇਜ ਸਿੰਘ ਹਰੀਨੌ ਅਤੇ ਮਲਕੀਤ ਸਿੰਘ ਸ਼ੇਰਸਿੰਘ ਵਾਲਾ ਨੇ ਸੰਬੋਧਨ ਕੀਤਾ। 
ਸਾਰੇ ਧਰਨੇ ਅਣਮਿੱਥੇ ਸਮੇਂ ਲਈ ਅਰੰਭ ਹੋਏ ਹਨ। ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਹਾਕਮ ਚੋਣਾਂ ਦੌਰਾਨ ਵੋਟਾਂ ਲੈਣ ਲਈ ਵਾਅਦੇ ਕਰਦੇ ਹਨ ਪਰ ਗੱਦੀ 'ਤੇ ਪਹੁੰਚਣ ਉਪਰੰਤ ਕੀਤੇ ਵਾਅਦਿਆਂ ਨੂੰ ਭੁੱਲ ਕੇ ਲੋਕ ਪੱਖੀ ਫੈਸਲੇ ਨਹੀਂ ਕਰਦੇ। ਇਸ ਕਰਕੇ ਧਰਨੇ ਮਾਰ ਕੇ ਸਰਕਾਰ ਦੇ ਲੋਕ ਵਿਰੋਧੀ ਕਦਮਾਂ ਨੂੰ ਪਿਛਾਂਹ ਮੋੜਨ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮਨਾਉਣ ਤੱਕ ਇਹ ਰੋਸ ਧਰਨੇ ਜਾਰੀ ਰਹਿਣਗੇ। ਧਰਨਿਆਂ ਵਿਚ ਮੰਗ ਕੀਤੀ ਗਈ ਕਿ ਸਾਰੇ ਬੇਜ਼ਮੀਨੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਬਿਨਾਂ ਪੱਖਪਾਤ ਦੇ ਦਿੱਤੇ ਜਾਣ ਅਤੇ ਪੰਚਾਇਤਾਂ ਤੋਂ ਮਤੇ ਪਵਾਉਣ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ। ਮਕਾਨ ਬਨਾਉਣ ਲਈ ਢੁੱਕਵੀਂ ਗ੍ਰਾਂਟ ਦਿੱਤੀ ਜਾਵੇ ਅਤੇ ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ। ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦੇ ਕੇ ਦਿਹਾੜੀ 300 ਰੁਪਏ ਦਿੱਤੀ ਜਾਵੇ। ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਰਕਾਰੀ ਰਾਸ਼ਨ ਡਿਪੂਆਂ ਰਾਹੀਂ ਨਿੱਤ ਵਰਤੋਂ ਦੀਆਂ ਸਾਰੀਆਂ ਵਸਤਾਂ ਸਬਸਿਡੀਆਂ ਤੇ ਦਿੱਤੀਆਂ ਜਾਣ, ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ ਦੀ ਰਕਮ 2000 ਰੁਪਏ ਪ੍ਰਤੀ ਮਹੀਨਾ ਅਤੇ ਸ਼ਗਨ ਸਕੀਮ ਦੀ ਰਕਮ 31000 ਕੀਤੀ ਜਾਵੇ, ਸਮਾਜਿਕ ਅਤੇ ਪੁਲਸ ਜਬਰ ਬੰਦ ਕੀਤਾ ਜਾਵੇ, ਜਾਤ, ਧਰਮ ਅਤੇ ਲੋਡ ਦੀ ਸ਼ਰਤ ਖਤਮ ਕਰਕੇ ਸਮੁੱਚੇ ਬੇਜ਼ਮੀਨੇ ਮਜਦੂਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ, ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ ਅਤੇ ਵਿੱਦਿਆ ਅਤੇ ਸਿਹਤ ਸਹੂਲਤਾਂ ਦਾ ਨਿੱਜੀਕਰਨ ਬੰਦ ਕਰਕੇ ਸਮੁੱਚੇ ਲੋਕਾਂ ਲਈ ਇਹ ਸਹੂਲਤਾਂ ਮੁਹੱਈਆ ਕੀਤੀਆਂ ਜਾਣ। 
ਰਿਪੋਰਟ : ਗੁਰਨਾਮ ਸਿੰਘ ਦਾਊਦ,
ਜਨਰਲ ਸਕੱਤਰ
ਦਿਹਾਤੀ ਮਜ਼ਦੂਰ ਸਭਾ 

ਦਿਹਾਤੀ ਮਜ਼ਦੂਰ ਸਭਾ ਵਲੋਂ ਫੂਡ ਸਪਲਾਈ ਦਫਤਰਾਂ 'ਤੇ ਧਰਨੇ
ਦਿਹਾਤੀ ਮਜ਼ਦੂਰ ਸਭਾ ਦੀ 10-11 ਜਨਵਰੀ ਨੂੰ ਜਲੰਧਰ ਵਿਖੇ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਨਿੱਤ ਵੱਧ ਰਹੀ ਮਹਿੰਗਾਈ ਖਿਲਾਫ ਪਬਲਿਕ ਵੰਡ ਪ੍ਰਣਾਲੀ ਲਈ ਜ਼ਿੰਮੇਵਾਰ ਫੂਡ ਸਪਲਾਈ ਵਿਭਾਗ ਦੇ ਦਫਤਰਾਂ ਅੱਗੇ 10-11 ਫਰਵਰੀ ਨੂੰ ਇਕ ਦਿਨਾਂ ਧਰਨੇ ਮਾਰੇ ਜਾਣ ਕਿਉਂਕਿ ਕੇਂਦਰ ਅਤੇ ਪੰਜਾਬ ਸਰਕਾਰ ਨਵਉਦਾਰਵਾਦੀ ਨੀਤੀਆਂ 'ਤੇ ਚਲਦਿਆਂ ਨਿੱਜੀਕਰਨ ਨੂੰ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ। ਪੈਟਰੋਲ, ਡੀਜ਼ਲ ਵਰਗੀਆਂ ਵਸਤਾਂ ਦੀਆਂ ਕੀਮਤਾਂ ਕੰਟਰੋਲ ਮੁਕਤ ਕਰਨ ਨਾਲ ਕੀਮਤਾਂ ਵਿਚ ਬੇਬਹਾ ਵਾਧਾ ਹੋ ਗਿਆ ਹੈ। ਨਿੱਤ ਵਰਤੋਂ ਦੀਆਂ ਚੀਜਾਂ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਇਸ ਲਈ ਫੂਡ ਸਪਲਾਈ ਦਫਤਰਾਂ ਰਾਹੀਂ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਅਤੇ ਉਸ ਤੋਂ ਬਾਅਦ 24 ਫਰਵਰੀ ਤੋਂ ਪੰਜਾਬ ਦੀਆਂ  4 ਥਾਵਾਂ ਤੇ ਅਣਮਿੱਥੇ ਸਮੇਂ ਦੇ ਪੱਕੇ ਧਰਨੇ ਲਾਏ ਜਾਣ। ਇਹ ਥਾਵਾਂ ਰਈਆ ਬਲਾਕ (ਜ਼ਿਲ੍ਹਾ ਅੰਮ੍ਰਿਤਸਰ), ਘਰੋਟਾ ਬਲਾਕ (ਜ਼ਿਲ੍ਹਾ ਪਠਾਨਕੋਟ) ਨਕੋਦਰ ਬਲਾਕ (ਜ਼ਿਲ੍ਹਾ ਜਲੰਧਰ) ਅਤੇ ਸੰਗਤ ਮੰਡੀ ਬਲਾਕ (ਜ਼ਿਲ੍ਹਾ ਬਠਿੰਡਾ) ਹੋਣਗੀਆਂ ਅਤੇ ਬਾਕੀ ਜਿਲ੍ਹੇ ਇਹਨਾਂ ਥਾਵਾਂ ਉਤੇ ਹੀ ਭਰਵੀਂ ਸ਼ਮੂਲੀਅਤ ਕਰਨਗੇ। ਇਸ ਫੈਸਲੇ ਦੇ ਤੁਰੰਤ ਅਮਲ ਹੁੰਦਾ ਦੇਖਿਆ ਗਿਆ ਅਤੇ 10-11 ਫਰਵਰੀ ਦੇ ਧਰਨਿਆਂ ਵਿਚ ਮੰਗ ਕੀਤੀ ਗਈ ਕਿ ਮਹਿੰਗਾਈ ਨੂੰ ਨੱਥ ਪਾਉਣ ਲਈ ਰਾਸ਼ਨ ਦੇ ਸਰਕਾਰੀ ਡੀਪੂਆਂ ਰਾਹੀਂ ਸਸਤੇ ਭਾਅ ਤੇ ਸਾਰੀਆਂ ਜ਼ਰੂਰੀ ਵਸਤਾਂ ਦਿੱਤੀਆਂ ਜਾਣ, ਡੀਪੂਆਂ ਵਿਚ ਹੁੰਦੀ ਘਪਲੇਬਾਜ਼ੀ ਬੰਦ ਕੀਤੀ ਜਾਵੇ ਅਤੇ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਹਨਾਂ ਧਰਨਿਆਂ ਦੀਆਂ ਰਿਪੋਰਟਾਂ ਦਾ ਸੰਖੇਪ ਵੇਰਵਾ ਨਿਮਨ ਲਿਖਤ ਅਨੁਸਾਰ ਹੈ :   

ਜ਼ਿਲ੍ਹਾ ਮੁਕਤਸਰ : ਇਸ ਧਰਨੇ ਵਿਚ 150 ਔਰਤਾਂ ਸਮੇਤ ਕੁਲ 305 ਸਾਥੀਆਂ ਨੇ ਸ਼ਮੂਲੀਅਤ ਕੀਤੀ। ਰੈਡ ਕਰਾਸ ਭਵਨ 'ਚ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ ਅਤੇ ਡੀਐਫਐਸਓ ਦਫਤਰ ਅੱਗੇ ਧਰਨਾ ਮਾਰਕੇ ਮੰਗ ਪੱਤਰ ਸਰਕਾਰ ਨੂੰ ਭੇਜਿਆ ਗਿਆ। ਇਸ ਧਰਨੇ ਨੂੰ ਸੂਬਾ ਕਮੇਟੀ ਮੈਂਬਰਾਨ ਸਾਥੀ ਮਹੀਪਾਲ, ਸਾਥੀ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ ਤੋਂ ਇਲਾਵਾ ਜ਼ਿਲ੍ਹਾ ਆਗੂ ਚੰਦ ਸਿੰਘ ਬੀੜ ਸਰਕਾਰ, ਬਲਵਿੰਦਰ ਸਿੰਘ ਡੋਹਕ, ਮਹਿਲ ਸਿੰਘ ਮਾਂਗਟਕੇਰ, ਕਸ਼ਮੀਰ ਸਿੰਘ ਜੰਡੋਕੇ, ਮਹਿੰਦਰ ਸਿੰਘ ਸਦਰਵਾਲਾ, ਇਲਾਕਾਈ ਆਗੂ ਰਣਬੀਰ ਕੌਰ ਮਾਨ ਸਿੰਘ ਵਾਲਾ, ਵੀਰਪਾਲ ਕੌਰ, ਬਿੰਦਰ ਕੌਰ, ਬਲਵਿੰਦਰ ਸਿੰਘ ਕਰਮਪੁਰਾ, ਸਪਨਾ ਟੇਲਰ ਮੁਕਤਸਰ, ਜਸਵੰਤ ਸਿੰਘ ਅਤੇ ਨੇਕ ਸਿੰਘ ਹਰੀਕੇ ਕਲਾਂ ਨੇ ਸੰਬੋਧਨ ਕੀਤਾ।
ਰਈਆ : ਇਸ ਧਰਨੇ ਵਿਚ ਵੀ ਸੈਂਕੜੇ ਸਾਥੀਆਂ ਨੇ ਸ਼ਹਿਰ ਵਿਚ ਮਾਰਚ ਕਰਕੇ ਏਐਫਐਸਓ ਦੇ ਦਫਤਰ ਅੱਗੇ ਧਰਨਾ ਮਾਰਿਆ। ਧਰਨੇ ਵਿਚ ਕਾਫੀ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਤੋਂ ਇਲਾਵਾ ਨਰਿੰਦਰ ਸਿੰਘ ਵਡਾਲਾ ਸੂਬਾ ਕਮੇਟੀ ਮੈਂਬਰ ਅਤੇ ਬਲਵੰਤ ਸਿੰਘ ਸੁਧਾਰ, ਸੁਖਵਿੰਦਰ ਸਿੰਘ ਦਾਊਦ, ਗੁਰਨਾਮ ਸਿੰਘ ਮਹਿਤਾ, ਬਾਬਾ ਬੀਰ ਸਿੰਘ ਬੁਟਰ, ਸ਼ਿੰਗਾਰਾ ਸਿੰਘ ਸੁਧਾਰ ਆਦਿ ਆਗੂਆਂ ਨੇ ਸੰਬੋਧਨ ਕੀਤਾ। 
ਜੰਡਿਆਲਾ ਗੁਰੂ : ਸੈਂਕੜੇ ਔਰਤ ਮਰਦ ਇਸ ਧਰਨੇ ਵਿਚ ਸ਼ਾਮਲ ਹੋਏ। ਮਾਰਚ ਕਰਕੇ ਜਨਤਕ ਵੰਡ ਪ੍ਰਣਾਲੀ ਦੇ ਦਫਤਰ ਅੱਗੇ ਪੁੱਜੇ ਅਤੇ ਧਰਨਾ ਮਾਰ ਕੇ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਨੂੰ ਸੂਬਾ ਕਮੇਟੀ ਮੈਂਬਰ ਨਿਰਮਲ ਸਿੰਘ ਛੱਜਲਵੱਢੀ ਤੋਂ ਇਲਾਵਾ ਤਰਸੇਮ ਸਿੰਘ ਮੱਲੀਆ, ਬਖਸ਼ੀਸ਼ ਸਿੰਘ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। 
ਚੁਗਾਵਾਂ : ਅੰਮ੍ਰਿਤਸਰ ਦੇ ਚੁਗਾਵਾਂ ਬਲਾਕ ਵਿਚ ਵੀ ਔਰਤਾਂ ਸਮੇਤ ਸੈਂਕੜੇ ਸਾਥੀਆਂ ਨੇ ਧਰਨਾ ਮਾਰ ਕੇ ਮੁਜ਼ਾਹਰਾ ਕਰਕੇ ਪਬਲਿਕ ਵੰਡ ਪ੍ਰਣਾਲੀ ਦੇ ਦਫਤਰ ਤੋਂ ਮੰਗ ਪੱਤਰ ਸਰਕਾਰ ਨੂੰ ਭੇਜਿਆ। ਧਰਨੇ ਨੂੰ ਸੂਬਾਈ ਆਗੂ ਗੁਰਨਾਮ ਸਿੰਘ ਉਮਰਪੁਰਾ, ਅਮਰਜੀਤ ਸਿੰਘ ਭੀਲੋਵਾਲ, ਸੁਖਦੇਵ ਸਿੰਘ ਚੁਗਾਵਾਂ ਅਤੇ ਸਾਹਿਬ ਸਿੰਘ ਠੱਠੀਆਂ ਨੇ ਸੰਬੋਧਨ ਕੀਤਾ। 
ਅੰਮ੍ਰਿਤਸਰ : ਇਸ ਬਲਾਕ ਵਿਚ ਵੀ ਧਰਨਾ ਮਾਰ ਕੇ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਲੱਖਾ ਸਿੰਘ ਪੱਟੀ, ਅਜੀਤ ਸਿੰਘ ਗੁਰੂਵਾਲੀ, ਤਰਲੋਕ ਸਿੰਘ ਗੁਰੂਵਾਲੀ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਈਆ, ਮਹਿਤਾ ਚੌਕ, ਬੁਤਾਲਾ, ਖਲਚੀਆਂ ਅਤੇ ਟਾਂਗਰਾ ਕਸਬਿਆਂ ਵਿਚ ਗੁਜਰਾਤ ਸਰਕਾਰ ਦੇ ਇਸ ਬਿਆਨ ਕਿ 10 ਰੁਪਏ 80 ਪੈਸੇ ਰੋਜ਼ਾਨਾ ਕਮਾਉਣ ਵਾਲਾ ਪੇਂਡੂ ਅਤੇ 17 ਰੁਪਏ ਰੋਜ਼ ਕਮਾਉਣ ਵਾਲਾ ਸ਼ਹਿਰੀ ਗਰੀਬ ਨਹੀਂ, ਖਿਲਾਫ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। 
ਸ਼ਾਹਕੋਟ : ਇਸ ਧਰਨੇ ਵਿਚ 83 ਔਰਤਾਂ ਸਮੇਤ ਕੁਲ 422 ਸਾਥੀਆਂ ਨੇ ਸ਼ਮੂਲੀਅਤ ਕੀਤੀ। ਸ਼ਹਿਰ ਵਿਚ ਮਾਰਚ ਕਰਨ ਤੋਂ ਬਾਅਦ ਲੋਕਾਂ ਦਾ ਇਹ ਭਾਰੀ ਇਕੱਠ ਏ.ਐਫ.ਐਸ.ਓ. ਦੇ ਦਫਤਰ ਪੁੱਜਾ, ਜਿਥੇ ਇਹ ਧਰਨਾ ਰੈਲੀ ਦਾ ਰੂਪ ਧਾਰ ਗਿਆ। ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਸੰਬੋਧਨ ਕੀਤਾ। ਉਹਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰਾਨ ਸਾਥੀ ਦਰਸ਼ਨ ਪਾਲ ਬੰਡਾਲਾ, ਸਾਥੀ ਨਿਰਮਲ ਸਿੰਘ ਮਲਸੀਹਾਂ, ਜ਼ਿਲ੍ਹੇ ਦੇ ਆਗੂ ਬਲਦੇਵ ਰਾਜ ਮੱਟੂ, ਮੱਖਣ ਨੂਰਪੁਰ, ਦਲਬੀਰ ਸਿੰਘ ਮਰੀਦਵਾਲ, ਬਲਕਾਰ ਸਿੰਘ, ਬਲਵਿੰਦਰ ਸਿੰਘ ਤਲਵੰਡੀ ਮਾਧੋ, ਗੁਰਦਾਵਰ ਭੱਟੀ ਨੇ ਵੀ ਸੰਬੋਧਨ ਕੀਤਾ। 
ਫਿਲੌਰ : ਇਸ ਧਰਨੇ ਵਿਚ ਵੀ 28 ਔਰਤਾਂ ਸਮੇਤ ਸੈਂਕੜੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਵੀ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਸੂਬਾਈ ਆਗੂਆਂ ਦਰਸ਼ਨ ਪਾਲ ਬੰਡਾਲਾ, ਦੇਵ ਫਿਲੌਰ, ਮੇਜਰ ਫਿਲੌਰ, ਪਰਮਜੀਤ ਰੰਧਾਵਾ ਜ਼ਿਲ੍ਹਾ ਆਗੂ ਜਰਨੈਲ ਫਿਲੌਰ, ਬਨਾਰਸੀ ਦਾਸ ਘੁੜਕਾ, ਮਨਜੀਤ ਸੂਰਜਾ, ਸੁਨੀਤਾ ਫਿਲੌਰ ਨੇ ਵੀ ਸੰਬੋਧਨ ਕੀਤਾ। 
ਇਸ ਤੋਂ ਇਲਾਵਾ ਪੇਂਡੂ ਖੇਤਰ ਦੇ ਮਜ਼ਦੂਰ 10 ਰੁਪਏ 80 ਪੈਸੇ ਰੋਜ਼ਾਨਾ ਅਤੇ ਸ਼ਹਿਰੀ 17 ਰੁਪਏ ਰੋਜ਼ਾਨਾ ਕਮਾਉਣ ਵਾਲੇ ਗਰੀਬ ਨਹੀਂ ਹਨ, ਕਹਿਣ ਵਾਲੀ ਗੁਜਰਾਤ ਸਰਕਾਰ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਮਲਸੀਹਾਂ ਵਿਚ ਫੂਕਿਆ ਗਿਆ ਜਿਸ ਵਿਚ ਹੋਏ ਇਕੱਠ ਨੂੰ ਜਿਲ੍ਹਾ ਪ੍ਰਧਾਨ ਸਾਥੀ ਨਿਰਮਲ ਸਿੰਘ ਮਲਸੀਹਾਂ ਨੇ ਸੰਬੋਧਨ ਕੀਤਾ। 
ਪਠਾਨਕੋਟ : ਕਾਫੀ ਗਿਣਤੀ ਵਿਚ ਸ਼ਾਮਲ ਹੋਏ ਸਾਥੀਆਂ ਨੇ ਪਬਲਿਕ ਵੰਡ ਪ੍ਰਣਾਲੀ ਦੇ ਦਫਤਰ ਅੱਗੇ ਧਰਨੇ ਮਾਰ ਕੇ ਮੰਗ ਪੱਤਰ ਭੇਜਿਆ। ਧਰਨੇ ਨੂੰ ਲਾਲ ਚੰਦ ਕਟਾਰੂਚੱਕ, ਜਨਕ ਕੁਮਾਰ, ਗੁਲਜਾਰ ਮਸੀਹ, ਗੁਲਜਾਰ ਚੰਦ, ਸ਼ਿਵ ਕੁਮਾਰ ਅਤੇ ਦੇਵ ਰਾਜ ਨੇ ਸੰਬੋਧਨ ਕੀਤਾ। 
ਬਟਾਲਾ : ਇਥੇ ਵੀ ਕਾਫੀ ਗਿਣਤੀ ਵਿਚ ਸਾਥੀਆਂ ਨੇ ਧਰਨਾ ਮਾਰਿਆ ਤੇ ਜਨਤਕ ਵੰਡ ਪ੍ਰਣਾਲੀ ਦੇ ਅਧਿਕਾਰੀਆਂ ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਿਆ। ਬੁਲਾਰਿਆਂ ਵਿਚ ਸ਼ਿੰਦਾ ਛਿਥ, ਮਾਨਾਂ ਮਸੀਹ, ਪਰਮਜੀਤ ਘਸੀਟਪੁਰ, ਗੁਰਦਿਆਲ ਘੁਮਾਣ, ਅਤੇ ਸ਼ਮਸ਼ੇਰ ਸਿੰਘ ਸ਼ਾਮਲ ਸਨ। 
ਪਟਿਆਲਾ : ਪਾਤੜਾਂ 'ਚ ਕਾਫੀ ਗਿਣਤੀ ਵਿਚ ਇਕੱਤਰ ਹੋਏ ਦਿਹਾਤੀ ਮਜ਼ਦੂਰਾਂ ਨੇ ਏਐਸਐਫਓ ਦੇ ਦਫਤਰ ਅੱਗੇ ਧਰਨਾ ਮਾਰ ਕੇ ਮੰਗ ਪੱਤਰ ਸਰਕਾਰ ਨੂੰ ਭੇਜਿਆ। ਇਸ ਧਰਨੇ ਨੂੰ ਪ੍ਰਹਿਲਾਦ ਸਿੰਘ, ਸੁਖਦੇਵ ਸਿੰਘ ਨਿਰਮਲ, ਸਰਦੀਪ ਸਿੰਘ ਘੱਗਾ, ਮਹਿੰਦਰ ਸਿੰਘ ਘੱਗਾ, ਅਵਤਾਰ ਸਿੰਘ ਸਾਥ ਮਾਨਸਾ, ਬਲਕਾਰ ਸਿੰਘ ਬਾਦਸ਼ਾਹਪੁਰ, ਸੁਰਜੀਤ ਕੌਰ ਤੱਬੂਵਾਲਾ, ਲਾਡੋ ਰਾਣੀ ਬਰਨਾਲਾ ਤੇ ਦੇਵ ਧਨਵਾਲਾ ਆਦਿ ਸਾਥੀਆਂ ਨੇ ਸੰਬੋਧਨ ਕੀਤਾ। 
ਬਠਿੰਡਾ : ਇਸ ਜ਼ਿਲ੍ਹੇ ਦੀ ਸੰਗਤ ਮੰਡੀ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਸੈਂਕੜੇ ਵਰਕਰਾਂ ਤੇ ਆਗੂਆਂ ਦਾ ਇਕੱਠ ਕੀਤਾ ਗਿਆ। ਮੁਜ਼ਾਹਰਾ ਕਰਕੇ ਏਐਫਐਸਓ ਦੇ ਦਫਤਰ ਅੱਗੇ ਧਰਨਾ ਮਾਰ ਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਇਸ ਧਰਨੇ ਨੂੰ ਸੂਬਾ ਕਮੇਟੀ ਮੈਂਬਰਾਨ ਸਾਥੀ ਮਹੀਪਾਲ ਅਤੇ ਮਿੱਠੂ ਸਿੰਘ ਤੋਂ ਇਲਾਵਾ ਗੁਰਜੰਟ ਸਿੰਘ ਘੁੱਦਾ, ਰੂਪ ਸਿੰਘ ਭਗਵਾਨਗੜ੍ਹ, ਪੂਰਨ ਸਿੰਘ ਨੰਦਗੜ੍ਹ, ਦਰਸ਼ਨ ਸਿੰਘ ਬਾਜਕ, ਗੁਰਦੇਵ ਗੁਰੂ ਕੇ ਅਤੇ ਗੁਰਜੰਟ ਜੈ ਸਿੰਘ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ : ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ ਔਰਤਾਂ ਸਮੇਤ ਸੈਂਕੜੇ ਦਿਹਾਤੀ ਮਜਦੂਰਾਂ ਨੇ ਸ਼ਮੂਲੀਅਤ ਕੀਤੀ ਅਤੇ ਮੰਗ ਪੱਤਰ ਸਰਕਾਰ ਨੂੰ ਭੇਜਿਆ। ਧਰਨੇ ਨੂੰ ਮਹਿੰਦਰ ਸਿੰਘ ਖੈਰੜ, ਮਹਿੰਦਰ ਸਿੰਘ ਜੋਸ਼, ਕਾਮਰੇਡ ਹਰਕੰਵਲ ਸਿੰਘ, ਬਿਮਲਾ ਦੇਵੀ, ਚੰਨਣ ਕੌਰ ਬਜਰੋਰ, ਕਮਲਜੀਤ ਕੌਰ ਬੋਹਣ, ਸਰਬਜੀਤ ਕੌਰ ਪੰਡੋਰੀ ਫਗੂੜੇ, ਜਸਵਿੰਦਰ ਕੌਰ, ਕ੍ਰਿਸ਼ਨਾ ਬੂਥਗੜ੍ਹ, ਕਿਸ਼ਨਾ ਗਲਿਡ ਕੁਲਵਿੰਦਰ ਸਿੰਘ ਕੱਦ ਆਦਿ ਸਾਥੀਆਂ ਨੇ ਸੰਬੋਧਨ ਕੀਤਾ। 
ਫਰੀਦਕੋਟ : ਇਸ ਧਰਨੇ ਵਿਚ 65 ਔਰਤਾਂ ਸਮੇਤ ਭਾਰੀ ਗਿਣਤੀ ਵਿਚ ਦਿਹਾਤੀ ਮਜ਼ਦੂਰਾਂ ਨੇ ਭਾਗ ਲਿਆ। ਮੁਜਾਹਰਾ ਕਰਕੇ ਏਐਫਐਸਓ ਦੇ ਦਫਤਰ ਅੱਗੇ ਧਰਨਾ ਮਾਰਿਆ ਗਿਆ ਅਤੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਧਰਨੇ ਨੂੰ ਸੂਬਾ ਕਮੇਟੀ ਮੈਂਬਰਾਨ ਸਾਥੀ ਗੁਰਤੇਜ ਸਿੰਘ ਹਰੀਨੌ, ਮਲਕੀਤ ਸਿੰਘ ਸ਼ੇਰ ਸਿੰਘ ਵਾਲਾ ਤੋਂ ਇਲਾਵਾ ਜਗਤਾਰ ਸਿੰਘ ਵਿਰਦੀ, ਸੁਖਦੇਵ ਸਿੰਘ ਸਫਰੀ, ਰੇਸ਼ਮ ਸਿੰਘ ਮਚਾਕੀ, ਕੁਲਵਿੰਦਰ ਕੌਰ ਮਚਾਕੀ, ਚਰਨਜੀਤ ਬਿਸ਼ੰਦੀ, ਛਿੰਦਰ ਸਿੰਘ ਗੋਲੇਵਾਲਾ, ਰਣਜੀਤ ਸਿੰਘ ਮਚਾਕੀ ਖੁਰਦ, ਜਰਨੈਲ ਗੋਲੇਵਾਲਾ, ਬਲਦੇਵ ਡੱਲੇਵਾਲਾ, ਬਲਦੇਵ ਕਾਲਾ ਔਲਖ ਤੇ ਕੇਵਲ ਸਿੰਘ ਡੱਲੇਵਾਲਾ ਨੇ ਸੰਬੋਧਨ ਕੀਤਾ। 
ਮਹਿਲਾ ਕਲਾਂ ਜ਼ਿਲ੍ਹਾ ਬਰਨਾਲਾ : ਇਸ ਧਰਨੇ ਵਿਚ ਵੀ ਸੈਂਕੜੇ ਸਾਥੀਆਂ ਨੇ 20 ਔਰਤਾਂ ਸਮੇਤ ਸ਼ਮੂਲੀਅਤ ਕੀਤੀ ਤੇ ਮੰਗ ਪੱਤਰ ਏਐਫਐਸਓ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਭੋਲਾ ਸਿੰਘ ਕਲਾਲ ਮਾਜਰਾ, ਗੁਰਦੇਵ ਸਿੰਘ ਸਹਿਜੜਾ ਅਤੇ ਸੁਰਜੀਤ ਸਿੰਘ ਦਿਹੜ ਸ਼ਾਮਲ ਸਨ। 
ਖੂਹੀਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ : ਇਸ ਧਰਨੇ ਵਿਚ 50 ਔਰਤਾਂ ਸਮੇਤ 150 ਸਾਥੀਆਂ ਤੋਂ ਵਧੇਰੇ ਗਿਣਤੀ ਵਿਚ ਦਿਹਾਤੀ ਮਜ਼ਦੂਰ ਸ਼ਾਮਲ ਹੋਏ। ਇਸ ਧਰਨੇ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਪਿੰਡ ਸਈਅਦਾ ਵਾਲੀ ਤੋਂ ਔਰਤਾਂ ਰਵਾਇਤੀ ਰਾਜਸਥਾਨੀ ਪਹਿਰਾਵੇ ਵਿਚ ਸ਼ਾਮਲ ਹੋਈਆਂ। ਮੰਗ ਪੱਤਰ ਪਬਲਿਕ ਵੰਡ ਪ੍ਰਣਾਲੀ ਦੇ ਦਫਤਰ ਰਾਹੀਂ ਸਰਕਾਰ ਨੂੰ ਭੇਜਿਆ ਗਿਆ। ਧਰਨੇ ਨੂੰ ਸੂਬਾ ਕਮੇਟੀ ਮੈਂਬਰ ਜੱਗਾ ਸਿੰਘ, ਜ਼ਿਲ੍ਹਾ ਆਗੂ ਗੁਰਮੇਜ ਲਾਲ ਗੇਜੀ ਆਦਿ ਸਾਥੀਆਂ ਨੇ ਸੰਬੋਧਨ ਕੀਤਾ। 
ਇਸ ਤਰ੍ਹਾਂ, ਦਫਤਰ ਪੁੱਜੀਆਂ ਖਬਰਾਂ ਅਨੁਸਾਰ, ਕੁਲ 15 ਥਾਵਾਂ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਦਿਹਾਤੀ ਮਜ਼ਦੂਰ ਇਹਨਾਂ ਧਰਨਿਆਂ ਵਿਚ ਸ਼ਾਮਲ ਹੋਏ। ਜਿਸ ਤੋਂ ਮਜ਼ਦੂਰਾਂ ਵਿਚ ਪਾਈ ਜਾਂਦੀ ਬੇਚੈਨੀ ਅਤੇ ਪੰਜਾਬ ਸਰਕਾਰ ਖਿਲਾਫ ਵਿਆਪਕ ਰੋਹ ਦਾ ਪ੍ਰਗਟਾਵਾ ਹੋਇਆ।
ਰਿਪੋਰਟ : ਗੁਰਨਾਮ ਸਿੰਘ ਦਾਊਦ


ਅਬਾਦਕਾਰ ਸੰਘਰਸ਼ ਕਮੇਟੀ ਵੱਲੋਂ ਧਰਨਾ
ਲੋਕਾਂ ਦੀ ਕਚਹਿਰੀ ਵਿੱਚ ਹੁੰਦੀ ਖੱਜਲ-ਖੁਆਰੀ ਅਤੇ ਮੰਡ/ਬੇਟ ਏਰੀਏ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਮੰਡ/ ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਵੱਲੋਂ ਖਡੂਰ ਸਾਹਿਬ ਵਿਖੇ 22 ਫਰਵਰੀ ਨੂੰ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਪ੍ਰਧਾਨ ਅਜੀਤ ਸਿੰਘ ਢੋਟੀ, ਬਾਬਾ ਫਤਿਹ ਸਿੰਘ ਤੁੜ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਦਾਰਾ ਸਿੰਘ ਮੁੰਡਾ ਪਿੰਡ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਅਤੇ ਮਨਜੀਤ ਸਿੰਘ ਬੱਗੂ ਨੇ ਕੀਤੀ। 
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨੀ ਕਰਜ਼ੇ ਦੇ ਭਾਰ ਹੇਠ ਦੱਬੀ ਜਾ ਰਹੀ ਹੈ, ਕਿਸਾਨਾਂ, ਮਜ਼ਦੂਰਾਂ ਨੂੰ ਮਿਲਦੀਆਂ ਸਬਸਿਡੀਆਂ ਖੋਹੀਆਂ ਜਾ ਰਹੀਆਂ ਹਨ। ਖੇਤੀ ਲਾਗਤ ਖਰਚੇ ਵਧਦੇ ਜਾ ਰਹੇ ਹਨ। ਲਾਗਤਾਂ ਮੁਤਾਬਕ ਇਨ੍ਹਾਂ ਦੇ ਭਾਅ ਨਹੀਂ ਦਿੱਤੇ ਜਾ ਰਹੇ, ਉਨ੍ਹਾਂ ਦੇ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ, ਬਿਜਲੀ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਮੰਡ/ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲ੍ਹਾ ਤੇ ਡਾ. ਸਤਨਾਮ ਸਿੰਘ ਨੇ ਕਿਹਾ ਕਿ ਤਹਿਸੀਲ ਦਫਤਰ ਸਾਰਾ ਦਿਨ ਖਾਲੀ ਰਹਿੰਦੇ ਹਨ। ਅਧਿਕਾਰੀ ਅਕਾਲੀ ਆਗੂਆਂ ਦੇ ਮਗਰ-ਮਗਰ ਫਿਰਦੇ ਰਹਿੰਦੇ ਹਨ, ਕੰਮ-ਧੰਦੇ ਵਾਲੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਾ ਰਹੇ। ਦਰਿਆ ਬੁਰਦ ਹੋਈ ਜ਼ਮੀਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਜਾਤੀ ਉਮਰਾ, ਜੋਗਿੰਦਰ ਸਿੰਘ ਬੋਦਲਕੀੜੀ, ਜੰਗ ਬਹਾਦਰ ਸਿੰਘ ਤੁੜ, ਸਰਬਜੀਤ ਸਿੰਘ ਵੈਰੋਵਾਲ, ਚੈਂਚਲ ਸਿੰਘ ਜਹਾਂਗੀਰ ਤੇ ਜੋਗਿੰਦਰ ਸਿੰਘ ਖਡੂਰ ਸਾਹਿਬ ਆਦਿ ਹਾਜ਼ਰ ਸਨ।  


ਸਰਹੱਦੀ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵਿਸ਼ਾਲ ਕਨਵੈਨਸ਼ਨ
ਭਾਰਤ-ਪਾਕਿ ਸਰਹੱਦੀ ਪੱਟੀ 'ਚ ਕਠਿਨ ਹਾਲਤਾਂ ਵਿੱਚ ਵੱਸਦੇ ਲੋਕਾਂ-ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਛੋਟੇ-ਮੋਟੇ ਕਾਰੋਬਾਰੀ ਦੀਆਂ ਕੁੱਲ ਸਮੱਸਿਆਵਾਂ ਦੇ ਹੱਲ ਲਈ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਵੱਲੋਂ 13 ਫਰਵਰੀ ਨੂੰ ਅਟਾਰੀ ਵਿਖੇ ਵਿਸ਼ਾਲ ਜਥੇਬੰਦਕ ਕਨਵੈਨਸ਼ਨ ਆਯੋਜਤ ਕੀਤੀ ਗਈ, ਜਿਸ ਵਿੱਚ ਅੰਮ੍ਰਿਤਸਰ ਦੇ 286 ਪਿੰਡਾਂ 'ਚੋਂ ਲੋਕ ਸ਼ਾਮਲ ਹੋਏ। ਜਿਸ ਦੀ ਪ੍ਰਧਾਨਗੀ ਬਲਬੀਰ ਸਿੰਘ ਕੱਕੜ, ਬਾਬਾ ਅਰਜਨ ਸਿੰਘ ਹੁਸ਼ਿਅਰਨਗਰ, ਜੋਰਾ ਸਿੰਘ ਅਵਾਣ ਤੇ ਮਾਨ ਸਿੰਘ ਮੁਹਾਵਾ ਨੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਕ੍ਰਮਵਾਰ ਸੂਬਾ ਪ੍ਰਧਾਨ ਅਰਸਾਲ ਸਿੰਘ ਸੰਧੂ ਅਤੇ ਸੂਬਾ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤ-ਪਾਕਿ ਬਾਰਡਰ ਦੇ ਲੋਕਾਂ ਨੇ ਕਈ ਜੰਗਾਂ, ਜਿਵੇਂ 1947 ਦਾ ਭਾਰਤ-ਪਾਕਿ ਬਟਵਾਰਾ, 1965-1971 ਅਤੇ ਕਾਰਗਿਲ ਜੰਗ ਆਦਿ ਆਪਣੇ ਪਿੰਡਿਆਂ 'ਤੇ ਹੰਢਾਈਆਂ ਹਨ। ਕਈ ਵੇਰਾਂ ਇਹ ਲੋਕ ਘਰੋਂ ਬੇਘਰ ਹੋਏ ਪ੍ਰੰਤੂ ਇਹਨਾਂ ਦੀ ਕਿਸੇ ਕੇਂਦਰ ਜਾਂ ਪੰਜਾਬ ਸਰਕਾਰ ਨੇ ਸਾਰ ਨਹੀਂ ਲਈ ਉੱਪਰੋਂ ਕੰਢਿਆਲੀ ਤਾਰ ਲੱਗਣ ਨਾਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਹੋਰ ਵਧ ਗਈਆਂ ਹਨ। ਤਾਰੋਂ ਪਾਰ ਖੇਤੀ ਕਰਨੀ ਅਤਿ ਕਠਿਨ ਹੋ ਗਈ ਹੈ। ਤੁਸੀਂ ਆਪਣੀ ਮਰਜ਼ੀ ਦੀ ਫ਼ਸਲ ਨਹੀਂ ਬੀਜ ਸਕਦੇ। ਇਹਨਾਂ ਆਗੂਆਂ ਅੱਗੇ ਕਿਹਾ ਕਿ ਸਰਕਾਰਾਂ ਵੱਲੋਂ ਬਾਰਡਰ ਦੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਅਣਡਿੱਠ ਕੀਤਾ ਹੋਇਆ ਹੈ। ਸਿਵਲ ਸਹੂਲਤਾਂ ਦੇ ਨਾਂਅ ਦੀ ਕੋਈ ਗੱਲ ਨਹੀਂ, ਸਕੂਲਾਂ, ਸੜਕਾਂ, ਹਸਪਤਾਲਾਂ ਦਾ ਬੁਰਾ ਹਾਲ ਹੈ। ਜਦਕਿ ਸਮੈਕ ਆਦਿ ਦਾ ਧੰਦਾ ਸਿਆਸੀ ਪਨਾਹ ਹੇਠ ਕੁਝ ਖਾਂਦੇ-ਪੀਂਦੇ ਧੜਵਾਲ ਕਰ ਰਹੇ ਹਨ, ਜਿਸ ਦੀ ਪ੍ਰਸ਼ਾਸਨ ਪੁਸ਼ਤ-ਪਨਾਹੀ ਕਰਦਾ ਹੈ। ਉਪਰੋਕਤ ਆਗੂਆਂ ਨੇ ਬਾਰਡਰ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਜ਼ੋਰ ਦਿੱਤਾ ਕਿ ਅਸਲ ਬਾਰਡਰ ਬੈਲਟ 8 ਕਿਲੋਮੀਟਰ ਰੱਖੀ ਜਾਵੇ ਇਸ ਦੇ ਲਈ ਵਿਸ਼ੇਸ਼ ਬੋਰਡ ਬਣਾ ਕੇ ਸਮੁੱਚਾ ਇੰਨਫਰਾਸਟਰੱਕਚਰ (ਤਾਣਾ-ਬਾਣਾ) ਠੀਕ ਕੀਤਾ ਜਾਵੇ, ਤਾਰੋਂ ਪਾਰ ਦੇ ਕਾਸ਼ਤਕਾਰਾਂ ਨੂੰ ਵਿਸ਼ੇਸ਼ 14,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਅਬਾਦਕਾਰਾਂ ਦੀਆਂ ਹਰੇਕ ਪ੍ਰਕਾਰ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਅਤੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇ। ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀਸ਼ਾਸ਼ਤਰ ਵਿਭਾਗ ਦੇ ਮੁਖੀ ਪ੍ਰੋ. ਜਗਰੂਪ ਸਿੰਘ ਸੇਖੋਂ ਅਤੇ ਸਮਾਜ ਸ਼ਾਸ਼ਤਰ ਵਿਭਾਗ ਦੀ ਲੈਕਚਰਾਰ ਡਾ. ਹਰਪ੍ਰੀਤ ਕੌਰ ਨੇ ਅਰਥ ਤੇ ਖੋਜ ਭਰਪੂਰ ਜਾਣਕਾਰੀ ਦਿੰਦਿਆਂ ਦਸਿਆ ਕਿ ਬਾਰਡਰ ਬੈਲਟ ਪੰਜਾਬ ਦੀ ਸਟੱਡੀ 'ਚ ਇਹ ਤੱਥ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਦੂਸਰਿਆਂ ਹਿੱਸਿਆਂ ਨਾਲੋਂ ਬਾਰਡਰ ਬੈਲਟ ਦੀ ਹਾਲਤ ਦੁਖਦਾਈ ਇਹਨਾਂ ਕਿਸਾਨ ਆਗੂਆਂ ਨੇ ਇਸ ਆਧਾਰ 'ਤੇ ਪੁਰਜ਼ੋਰ ਮੰਗ ਕੀਤੀ ਕਿ ਬਾਰਡਰ ਦੇ ਲੋਕਾਂ ਵਾਸਤੇ ਬਾਰਡਰ ਬੈਲਟ ਵਿੱਚ ਖੇਤੀ ਅਧਾਰਤ ਕਾਰਖਾਨੇ, ਸਰਕਾਰੀ ਖੇਤਰ ਵਿੱਚ ਲਗਾਏ ਜਾਣ। ਆਵਾਜਾਈ ਦੀ ਸਹੂਲਤ ਤੁਰੰਤ ਬਿਹਤਰ ਕਰਨ ਲਈ ਜਿਹੜੀਆਂ ਲੰਮੇ ਰੂਟ ਦੀਆਂ ਬੱਸਾਂ ਜ਼ਿਲ੍ਹਾ ਹੈਡਕੁਆਟਰਾਂ 'ਤੇ ਰਾਤ ਖੜਦੀਆਂ ਹਨ, ਉਹ ਬਾਰਡਰ ਦੇ ਪਿੰਡ  'ਚੋਂ ਸਵੇਰੇ 4.30 ਵਜੇ ਤੋਰੀਆਂ ਜਾਣ। ਖ਼ਪਤਕਾਰਾਂ ਤੇ ਖਾਸ ਕਰ ਗਰੀਬਾਂ ਲਈ ਰੇਤ ਬੱਜਰੀ ਦਾ ਕਾਰੋਬਾਰ ਪਬਲਿਕ ਸੈਕਟਰ ਰਾਹੀਂ ਨਿਯਮਤ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਰੇਤ-ਬੱਜਰੀ ਬਹੁਤ ਹੀ ਸਸਤੀ ਦਰ 'ਤੇ ਮਿਲ ਸਕੇ। ਬਾਰਡਰ 'ਤੇ ਭੌਂ ਮਾਫ਼ੀਆ, ਡਰੱਗ ਮਾਫ਼ੀਆ ਤੇ ਰੇਤ ਮਾਫ਼ੀਆ ਨੂੰ ਨੱਥ ਪਾਈ ਜਾਵੇ। ਹੋਰਨਾਂ ਤੋਂ ਇਲਾਵਾ ਕਨਵੈਨਸ਼ਨ 'ਚ ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਕਸ਼ਮੀਰ ਸਿੰਘ ਦਾਊਕੇ, ਪੂਰਨ ਸਿੰਘ ਧਨੋਆ, ਬੂਟਾ ਸਿੰਘ ਮੋਦੇ, ਜਗੀਰ ਸਿੰਘ ਸਾਰੰਗ ਦੇਵ, ਸੀਤਲ ਸਿੰਘ ਤਲਵੰਡੀ, ਸੁੱਚਾ ਸਿੰਘ ਰੌੜਾਂ ਵਾਲਾ, ਰੂੜ ਸਿੰਘ ਪੱਧਰੀ ,ਮਿਲਖਾ ਸਿੰਘ ਲਹੌਰੀ ਮੱਲ, ਗੁਰਨਾਮ ਸਿੰਘ ਉਮਰਪੁਰਾ, ਬਿਸ਼ਨ ਸਿੰਘ, ਜਸਬੀਰ ਸਿੰਘ ਜਸਰਾਉਰ, ਕਾਬਲ ਸਿੰਘ ਸ਼ਾਲੀਆਲ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਤੇ ਬਝਵੇਂ ਸੰਘਰਸ਼ਾਂ ਦੀ ਅਗਵਾਈ ਕਰਨ ਲਈ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਚੋਣ ਕੀਤੀ ਗਈ, ਜਿਸ ਅਨੁਸਾਰ ਪ੍ਰਧਾਨ ਜੋਗ ਸਿੰਘ ਅਵਾਣ ਵਸਾਊ, ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਕੱਕੜ, ਮੀਤ ਪ੍ਰਧਾਨ ਕੁਲਦੀਪ ਸਿੰਘ ਅਟਾਰੀ ਅਤੇ ਬੂਟਾ ਸਿੰਘ ਮੋਦੇ, ਜਨਰਲ ਸਕੱਤਰ ਮਾਨ ਸਿੰਘ ਮੁਹਾਵਾ, ਸੰਯੁਕਤ ਸਕੱਤਰ ਸੂਰਤਾ ਸਿੰਘ ਡੱਲਾ ਕੱਚਾ, ਖ਼ਜ਼ਾਨਚੀ ਕਾਬਲ ਸਿੰਘ ਧਾਲੀਵਾਲ, ਪ੍ਰਚਾਰ ਸਕੱਤਰ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਅਤੇ ਇਹਨਾਂ ਨਾਲ 11 ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਗਈ। ਕਨਵੈਨਸ਼ਨ ਦੇ ਅਰੰਭ 'ਚ ਯੋਧੇ ਸ਼ਾਮ ਸਿੰਘ ਅਟਾਰੀ ਨੂੰ ਇਨਕਲਾਬੀ ਭਾਵਨਾ ਨਾਲ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।


ਜਨਤਕ ਜਥੇਬੰਦੀਆਂ ਵਲੋਂ ਪੁਲਸ ਵਧੀਕੀਆਂ ਖਿਲਾਫ ਥਾਣੇ ਦਾ ਘਿਰਾਓ
ਸੀ ਪੀ ਐੱਮ ਪੰਜਾਬ, ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਸਾਂਝੇ ਤੌਰ 'ਤੇ ਪੁਲਸ ਵੱਲੋਂ ਅਕਾਲੀ ਆਗੂਆਂ ਦੀ ਸ਼ਹਿ 'ਤੇ ਆਮ ਲੋਕਾਂ 'ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਵੱਲੋਂ ਆਮ ਲੋਕਾਂ ਦੀ ਸੁਣਵਾਈ ਨਾ ਕਰਨ ਵਿਰੁੱਧ ਰੋਸ ਪਰਗਟ ਕਰਨ ਲਈ 4 ਫਰਵਰੀ ਨੂੰ ਪੁਲਸ ਥਾਣਾ ਚੋਹਲਾ ਸਾਹਿਬ ਦਾ ਜ਼ਬਰਦਸਤ ਘਿਰਾਓ ਕੀਤਾ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ। ਇਸ ਰੋਸ ਧਰਨੇ ਵਿੱਚ ਸ਼ਾਮਲ ਹੋਏ ਸੈਂਕੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਪਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲ੍ਹਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਮਨਜੀਤ ਸਿੰਘ ਕੋਟ ਮੁਹੰਮਦ ਖਾਂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਸਾਬਕਾ ਮੰਤਰੀ ਅਤੇ ਅਕਾਲੀ ਆਗੂਆਂ ਦੇ ਦਬਾਅ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਸ ਸਰੇਆਮ ਕਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ, ਜਿਸ ਕਾਰਨ ਅਮਨ ਅਤੇ ਕਾਨੂੰਨ ਦੀ ਹਾਲਤ ਵਿਗੜ ਰਹੀ ਹੈ। ਦਲਿਤ ਅਤੇ ਗਰੀਬ ਲੋਕਾਂ ਨੂੰ ਕੋਈ ਇਨਸਾਫ ਨਹੀ ਮਿਲ ਰਿਹਾ। ਲੋਕਾਂ ਉਤੇ ਨਜਾਇਜ਼ ਪਰਚੇ ਕੱਟ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਪਿੰਡ ਕੋਟ ਮੁਹੰਮਦ ਖਾਂ ਦੀ ਪੰਚਾਇਤੀ ਜ਼ਮੀਨ ਉਤੇ ਇੱਕ ਅਕਾਲੀ ਆਗੂ ਵੱਲੋਂ ਧੱਕੇ ਨਾਲ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਇਸੇ ਤਰਾਂ ਨੇੜਲੇ ਮੁੰਡਾ ਪਿੰਡ ਵਿਖੇ ਇੱਕ ਮਜ਼ਦੂਰ ਦੇ ਘਰ ਦਾਖਲ ਹੋ ਕੇ ਉਸ ਦੇ ਸੱਟਾਂ ਲਾ ਕੇ ਉਸ ਦੇ ਘਰ 'ਤੇ ਕਬਜ਼ਾ ਕਰਕੇ ਉਲਟਾ ਉਸ ਦੇ ਖਿਲਾਫ ਝੂਠਾ ਪਰਚਾ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਿੰਡ ਕਾਹਲਵਾਂ ਵਿੱਚ ਇੱਕ ਸਰਕਾਰੀ ਸਕੀਮੀ ਖਾਲ ਨੂੰ ਢਾਹ ਕੇ ਇੱਕ ਅਕਾਲੀ ਆਗੂ ਨੇ ਆਪਣੀ ਜ਼ਮੀਨ ਵਿੱਚ ਮਿਲਾ ਲਿਆ। ਇਨ੍ਹਾਂ ਧੱਕੇਸ਼ਾਹੀਆ ਖਿਲਾਫ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੈਂਕੜੇ ਵਰਕਰਾਂ ਨੇ ਦਿਨ ਦੇ ਗਿਆਰਾਂ ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਪੁਲਸ ਥਾਣਾ ਚੋਹਲਾ ਸਾਹਿਬ ਦਾ ਜ਼ਬਰਦਸਤ ਘਿਰਾਓ ਕੀਤਾ। ਲੰਮਾ ਸਮਾਂ ਚੱਲੇ ਧਰਨੇ ਤੋਂ ਬਾਅਦ ਸਵਿੰਦਰ ਸਿੰਘ ਜੌਹਲ ਡੀ ਐੱਸ ਪੀ ਗੋਇੰਦਵਾਲ ਸਾਹਿਬ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੰਬੰਧਤ ਕੇਸਾਂ ਦਾ ਜਲਦੀ ਨਿਪਟਾਰਾ ਕਰਕੇ ਇਨਸਾਫ ਦਿੱਤਾ ਜਾਵੇਗਾ। ਡੀ ਐੱਸ ਪੀ ਵੱਲੋਂ ਵਿਸ਼ਵਾਸ ਦਿਵਾਉਣ 'ਤੇ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। 
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਸਤਿਨਾਮ ਸਿੰਘ ਦੇਊ, ਬਲਵਿੰਦਰ ਸਿੰਘ ਫੈਲੋਕੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਦਾਰਾ ਸਿੰਘ ਮੁੰਡਾਪਿੰਡ, ਜਗਤਾਰ ਸਿੰਘ ਫੈਲੋਕੇ, ਬਾਬਾ ਫਤਿਹ ਸਿੰਘ ਤੁੜ, ਕਰਮ ਸਿੰਘ ਫਤਿਆਬਾਦ, ਬਲਦੇਵ ਸਿੰਘ ਭੱਠਲ, ਅਵਤਾਰ ਸਿੰਘ ਫੈਲੋਕੇ, ਜੰਗ ਸਿੰਘ ਤੁੜ, ਲਛਮਣ ਸਿੰਘ ਤੁੜ, ਇੰਦਰਜੀਤ ਸਿੰਘ ਵੇਈਂਪੁਈਂ, ਸੁਰਜੀਤ ਸਿੰਘ ਕੋਟ, ਸਰਬਜੀਤ ਸਿੰਘ, ਪਰਗਟ ਸਿੰਘ ਚੰਬਾ, ਸੁਰਜੀਤ ਸਿੰਘ ਤੁੜ ਅਤੇ ਪ੍ਰਧਾਨ ਗੁਰਸੇਵਕ ਸਿੰਘ ਮੱਲ੍ਹੀ ਰਾਣੀ ਵਲਾਹ ਆਦਿ ਹਾਜ਼ਰ ਸਨ।
ਪੁਲਸ ਦੀਆਂ ਵਧੀਕੀਆਂ ਵਿਰੁੱਧ ਧਰਨਾ
ਤਰਨ ਤਾਰਨ  : ਜਨਤਕ ਜਥੇਬੰਦੀਆਂ ਵੱਲੋਂ ਪੁਲਸ ਚੌਂਕੀ ਇੰਚਾਰਜ ਕੰਗ ਦੀਆਂ ਵਧੀਕੀਆਂ ਖਿਲਾਫ ਰੋਸ ਧਰਨਾ ਜਮਹੂਰੀ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਬਾਠ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਵਿੰਦਰ ਸਿੰਘ ਬਾਠ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਰਛਪਾਲ ਸਿੰਘ ਬਾਠ ਦੀ ਅਗਵਾਈ ਹੇਠ ਕੰਗ ਚੌਂਕੀ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਝਬਾਲ, ਜਮਹੂਰੀ ਕਿਸਾਨ ਸਭਾ ਆਗੂ ਸਤਨਾਮ ਸਿੰਘ ਦੇਊ ਨੇ ਕਿਹਾ ਕਿ ਪੰਜਾਬ ਅੰਦਰ ਪੁਲਸ ਸੱਤਾਧਾਰੀਆਂ ਦੇ ਦਬਾਅ ਹੇਠ ਆਮ ਲੋਕਾਂ ਨਾਲ ਜ਼ਿਆਦਤੀਆਂ ਕਰ ਰਹੀ ਹੈ, ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਕਤ ਆਗੂਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਧੀਕੀਆਂ ਨੂੰ ਠੱਲ੍ਹ ਨਾ ਪਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਉੱਚ ਅਧਿਕਾਰੀਆਂ ਦੇ ਦਫਤਰਾਂ ਸਾਹਮਣੇ ਜ਼ੋਰਦਾਰ ਜਨਤਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਗੁਰਮੁੱਖ ਸਿੰਘ ਦੀਨੇਵਾਲ, ਡਾ. ਅਜੈਬ ਸਿੰਘ ਜਹਾਂਗੀਰ, ਹਰਜਿੰਦਰ ਸਿੰਘ ਖਵਾਸਪੁਰਾ, ਬਲਦੇਵ ਸਿੰਘ ਬਾਠ, ਕਿਸ਼ਨ ਸਿੰਘ ਕੰਗ, ਡਾ. ਕਸ਼ਮੀਰ ਸਿੰਘ ਜਹਾਂਗੀਰ, ਸਰਬਜੀਤ ਸਿੰਘ ਬਾਠ, ਗੁਰਮੇਜ ਕੌਰ ਬਾਠ, ਮੋਹਣ ਸਿੰਘ, ਊਧਮ ਸਿੰਘ, ਕਸ਼ਮੀਰ ਕੌਰ, ਦਲਬੀਰ ਕੌਰ, ਹੇਮ ਸਿੰਘ ਆਦਿ ਆਗੂ ਹਾਜ਼ਰ ਸਨ। 
ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੀ ਅਗਵਾਈ 'ਚ ਕਿਸਾਨਾਂ ਤੇ ਮਜ਼ਦੂਰਾਂ ਦਿੱਤਾ ਧਰਨਾ
ਨੂਰਪੁਰ ਬੇਦੀ : ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਨੂਰਪੁਰ ਬੇਦੀ ਸਬ-ਤਹਿਸੀਲ ਦੇ ਦਫਤਰ ਅੱਗੇ ਕੰਢੀ ਖੇਤਰ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ 13 ਫਰਵਰੀ ਨੂੰ ਧਰਨਾ ਦੇ ਕੇ ਨਾਇਬ ਤਹਿਸੀਲ ਦੁਆਰਾ ਕੰਢੀ ਖੇਤਰ ਨਾਲ ਸੰਬੰਧਤ ਮੰਗਾਂ ਦਾ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮੋਹਣ ਸਿੰਘ ਧਮਾਣਾ ਅਤੇ ਜਨਰਲ ਸਕੱਤਰ ਮਾਸਟਰ ਦੀਵਾਨ ਸਿੰਘ ਥੋਪੀਆਂ ਨੇ ਕਿਹਾ ਕਿ ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੂਬੇ ਦੇ ਆਮ ਲੋਕਾਂ ਨਾਲੋਂ ਅਲਗ ਹਨ। ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੰਢੀ ਨਾਲ ਸਬਧਿਤ ਪੰਜ ਜਿਲ੍ਹਿਆਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਵੱਲ ਜ਼ਿਆਦਾ ਧਿਆਨ ਦੇਵੇ ਪਰ ਇਸਦੇ ਉਲਟ ਇਸ ਖੇਤਰ ਨੂੰ ਅਸਲੋਂ ਅਣਗੌਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀ ਮੰਗ ਕਰਦੇ ਹਾਂ ਕਿ ਸਿੰਚਾਈ ਵਾਲੇ ਟਿਓੂਬਵੈੱਲਾਂ ਦੇ ਬਿੱਲ ਅਤੇ ਬਕਾਏ ਮੁਆਫ ਕਰਨ ਤੋਂ ਬਾਅਦ ਪੀਣ ਵਾਲਾ ਸ਼ੁੱਧ ਪਾਣੀ ਲੋਕਾਂ ਨੂੰ ਮੁਫਤ ਦਿੱਤਾ ਜਾਵੇ। ਬਿਜਲੀ ਦੇ ਘਰੇਲੂ ਬਿਲਾਂ ਵਿੱਚ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇ, ਫਸਲਾਂ ਦਾ ਹੋ ਰਿਹਾ ਉਜਾੜਾ ਰੋਕਣ ਲਈ ਪ੍ਰਬੰਧ ਕੀਤੇ ਜਾਣ, ਸਿੰਚਾਈ ਲਈ ਹੋਰ ਟਿਉਬਵੈੱਲ ਲਾਏ ਜਾਣ, ਨਹਿਰਾਂ ਕੱਢੀਆ ਜਾਣ, ਚੈਕਡੈਮ ਲਾਉਣ ਦਾ ਪ੍ਰਬੰਧ ਕੀਤਾ ਜਾਵੇ, ਆਵਾਜਾਈ ਦੀ ਸਹੂਲਤ ਲਈ ਪੁਰਾਣੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ  ਅਤੇ ਲੋੜ ਮੁਤਾਬਿਕ ਬੱਸ ਰੂਟ ਬਣਾਏ ਜਾਣ।
ਇਸ ਮੌਕੇ ਧਰਨੇ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ , ਚੌਧਰੀ ਹਿੰਮਤ ਸਿੰਘ, ਰਾਮ ਦਾਸ ਅੋਲਖ, ਰਣਜੀਤ ਸਿੰਘ ਧਮਾਣਾ,ਅਮਰੀਕ ਸਿੰਘ, ਸ਼ਮਸ਼ੇਰ ਸਿੰਘ , ਬਲਵਿੰਦਰ ਸਿੰਘ, ਯੋਗ ਰਾਜ, ਛੋਟੂ ਰਾਮ ਜੱਟ ਪੁਰ, ਅਵਤਾਰ ਸਿੰਘ, ਰਾਮ ਲੋਕ, ਗੁਰਨਾਇਬ ਸਿੰਘ ਜੇਤੇਵਾਲ, ਮਾਸਟਰ ਹਰਭਜਨ ਸਿੰਘ, ਧਰਮ ਸਿੰਘ ਅਤੇ ਕਿਸਾਨ ਮਜਦੂਰ ਹਾਜ਼ਰ ਸਨ।

No comments:

Post a Comment