Monday 23 January 2017

ਜਨਤਕ ਸਰਗਰਮੀਆਂ (ਸੰਗਰਾਮੀ ਲਹਿਰ, ਜਨਵਰੀ-ਫਰਵਰੀ 2017)

ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਵਲੋਂ ਨੋਟਬੰਦੀ ਵਿਰੁੱਧ ਮੁਜ਼ਾਹਰੇ 
ਜੰਡਿਆਲਾ ਗੁਰੂ : ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਵਰਕਰਾਂ ਵੱਲੋਂ ਬਖਸ਼ੀਸ਼ ਸਿੰਘ ਤਲਾਵਾਂ ਅਤੇ ਜਗੀਰ ਸਿੰਘ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੇ ਬਜ਼ਾਰਾਂ ਵਿੱਚ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਸਮੇਂ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਅਤੇ ਅਮਰਜੀਤ ਸਿੰਘ ਚੌਹਾਨ  ਨੇ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਬਾਬਤ ਜਿਵੇਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਚਕਾਨਾ ਢੰਗ ਨਾਲ ਬਿਨਾਂ ਕਿਸੇ ਤਿਆਰੀ ਫੈਸਲਾ ਲਿਆ ਗਿਆ ਹੈ, ਉਹ ਦੇਸ਼ ਦੀ ਕਿਰਤੀ ਜਮਾਤ ਲਈ ਬਹੁਤ ਹੀ ਪੀੜਾਦਾਇਕ ਸਾਬਤ  ਹੋ ਰਿਹਾ ਹੈ। ਕਰੰਸੀ ਬਦਲਣ ਨਾਲ ਨਾ ਤਾਂ ਦੇਸ਼ ਵਿੱਚ ਭ੍ਰਿਸ਼ਟਾਚਾਰ ਖਤਮ ਹੋਣ ਹੈ ਅਤੇ ਨਾ ਹੀ ਇਸ ਨਾਲ ਮਿਹਨਤਕਸ਼ ਜਮਾਤ ਦੀ ਲੁੱਟ ਰੁਕਣੀ ਹੈ। ਇਸ ਨਾਲ ਗਰੀਬੀ-ਅਮੀਰੀ ਦੇ ਲਗਾਤਾਰ ਵਧ ਰਹੇ ਪਾੜੇ ਨੂੰ ਠੱਲ੍ਹਿਆ ਨਹੀਂ ਜਾ ਸਕਣਾ, ਕਿਉਂਕਿ ਕਾਰਪੋਰੇਟ ਸੈਕਟਰ ਦੀ ਲੁੱਟ ਬਾਦਸਤੂਰ ਜਾਰੀ ਰਹਿਣੀ ਹੈ। ਰੁਪਏ ਦਾ ਵਹਾਅ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਸਰਮਾਏਦਾਰਾਂ ਦੀਆਂ ਤਿਜੌਰੀਆਂ ਵੱਲ ਹੋ ਜਾਵੇਗਾ। ਕਾਲਾ ਧਨ ਤਾਂ ਵਿਦੇਸ਼ਾਂ ਵਿੱਚ ਡਾਲਰਾਂ ਦੇ ਰੂਪ ਵਿੱਚ ਪੂੰਜੀਪਤੀਆਂ ਦਾ ਸੁਰੱਖਿਅਤ ਪਿਆ ਹੈ। ਇੱਥੇ ਤਾਂ ਕਰੰਸੀ ਬਦਲਣ ਦੀ ਮੋਦੀ ਦੀ ਨੀਤੀ ਨਾਲ ਛੋਟਾ ਵਪਾਰੀ, ਦੁਕਾਨਦਾਰ, ਦਿਹਾੜੀਦਾਰ ਕਾਮਾ, ਰਾਜ ਮਿਸਤਰੀ, ਰੇੜ੍ਹੀ-ਫੜ੍ਹੀ ਵਾਲੇ ਬੁਰੀ ਤਰ੍ਹਾਂ ਦਰੜ ਦਿੱਤੇ ਗਏ ਹਨ। ਮਜ਼ਦੂਰ ਜਨਤਾ ਦੋ ਵਕਤ ਦੀ ਰੋਟੀ ਤੋਂ ਵਾਂਝੀ ਹੋ ਗਈ ਹੈ ਤੇ ਭੁੱਖ ਦੀ ਕਗਾਰ ਤੱਕ ਜਾ ਪਹੁੰਚੀ ਹੈ।
ਬੁਲਾਰਿਆਂ ਨੇ ਕਿਹਾ ਕਿ ਬੀ ਜੇ ਪੀ ਦੀ ਸਰਕਾਰ ਪੂੰਜੀਪਤੀਆਂ ਦੀ ਹਿੱਤੂ ਹੈ ਤੇ ਕਦੇ ਵੀ ਕਿਰਤੀ ਜਮਾਤ ਦਾ ਭਲਾ ਸੋਚ ਨਹੀਂ ਸਕਦੀ, ਜਨਤਾ ਨੂੰ ਇਸ ਦੇ ਭੁਲੇਖਿਆਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ। ਇਕੱਠ ਨੂੰ ਸਰਵਸਾਥੀ ਦਲਬੀਰ ਸਿੰਘ ਛੱਜਲਵੱਡੀ, ਜਸਬੀਰ ਸਿੰਘ ਗਹਿਰੀ ਮੰਡੀ ਤੇ ਜਸਵਿੰਦਰ ਸਿੰਘ ਗਦਲੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਿੰਦਰ ਸਿੰਘ ਧਾਰੜ, ਹਰਜੀਤ ਸਿੰਘ ਧਾਰੜ, ਲੱਖਾ ਸਿੰਘ ਚੌਹਾਨ, ਦੀਵਾਨ ਸਿੰਘ ਤਲਾਵਾਂ, ਦਿਲਬਾਗ ਸਿੰਘ ਧੀਰਾਕੋਟ, ਬੀਰ ਸਿੰਘ, ਅਮਰੀਕ ਸਿੰਘ ਜੰਡਿਆਲਾ ਗੁਰੂ, ਹਰਭਜਨ ਸਿੰਘ ਧਾਰੜ, ਜਰਨੈਲ ਸਿੰਘ ਧਾਰੜ ਤੇ ਕੁੰਨਣ ਤਲਾਵਾਂ ਵੀ ਹਾਜ਼ਰ ਸਨ।
 
ਝਬਾਲ : ਮੋਦੀ ਦੀ ਨੋਟਬੰਦੀ ਨੇ ਕਿਰਤੀ ਅਤੇ ਕਿਸਾਨ ਰੋਲ ਦਿੱਤੇ ਹਨ ਅਤੇ ਕਾਲੇ ਧਨ ਵਾਲੇ ਕੱਛਾਂ ਵਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਉਘੇ ਦੇਸ਼ ਭਗਤ ਅਤੇ ਕਮਿਊਨਿਸਟ ਆਗੂਆਂ ਦਰਸ਼ਨ ਸਿੰਘ ਝਬਾਲ, ਕਾਮਰੇਡ ਮੋਹਣ ਸਿੰਘ ਮੁਹਾਵਾ, ਕੁੰਦਨ ਸਿੰਘ ਰਸੂਲਪੁਰ ਆਦਿ ਆਗੂਆਂ ਦੀ ਯਾਦ ਵਿੱਚ ਕੀਤੀ ਰਾਜਨੀਤਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਕਾਨਫਰੰਸ ਦੀ ਪ੍ਰਧਾਨਗੀ ਸਾਥੀ ਸਾਲਗ ਰਾਮ, ਸਾਥੀ ਹਰਦੀਪ ਸਿੰਘ ਰਸੂਲਪੁਰ, ਲੱਖਾ ਸਿੰਘ ਮੰਨਣ, ਜੋਗਿੰਦਰ ਸਿੰਘ ਮਾਣੋਚਾਹਲ, ਮੱਖਣ ਸਿੰਘ ਖੈਰਦੀ ਨੇ ਕੀਤੀ।
ਸਾਥੀ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਕਿਸਾਨ, ਛੋਟੇ ਦੁਕਾਨਦਾਰ, ਛੋਟੇ ਕਾਰੋਬਾਰੀ ਤਬਾਹ ਹੋ ਗਏ ਹਨ। ਕਿਰਤੀਆਂ ਦਾ ਰੁਜ਼ਗਾਰ ਖੁਸ ਰਿਹਾ ਹੈ ਅਤੇ ਨੋਟਾਂ ਦੀ ਕਾਲਾ ਬਜ਼ਾਰੀ ਸ਼ੁਰੂ ਹੋ ਗਈ ਹੈ। ਇਸ ਦਾ ਲਾਭ ਸਿਰਫ ਤੇ ਸਿਰਫ ਅਦਾਨੀਆਂ, ਅੰਬਾਨੀਆਂ ਨੂੰ ਹੋ ਰਿਹਾ ਹੈ, ਜਦਕਿ ਇਸ ਦੀ ਆਰਥਿਕਤਾ ਤਬਾਹ ਹੋ ਰਹੀ ਹੈ।
ਸਾਥੀ ਪਾਸਲਾ ਨੇ ਪੰਜਾਬ ਦੀ ਅਕਾਲੀ-ਭਾਜਪਾ ਦੀ ਬਾਦਲ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਬਾਦਲ ਪੰਜਾਬ ਦੀਆਂ ਅਸੰਬਲੀ ਚੋਣਾਂ ਜਿੱਤਣ ਲਈ ਸਰਕਾਰੀ ਖਜ਼ਾਨੇ ਨੂੰ ਪਾਣੀ ਵਾਂਗ ਵਹਾਅ ਰਿਹਾ ਹੈ। ਦਸ ਸਾਲ ਦੇ ਕੁਸ਼ਾਸਨ ਤੋਂ ਬਾਅਦ ਉਹ ਝੂਠੇ ਵਾਅਦੇ ਕਰਕੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ, ਪਰ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਚੁੱਕੇ ਹਨ। ਉਨ੍ਹਾ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਅਤੇ ਆਪ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ। ਉਨ੍ਹਾ ਕਿਰਤੀ ਲੋਕਾਂ ਦੇ ਹੱਕਾਂ ਲਈ ਆਰ ਐੱਮ ਪੀ ਆਈ ਤੇ ਖੱਬੀਆਂ ਧਿਰਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰੇਤ ਮੈਂਬਰ ਗੁਰਨਾਮ ਸਿੰਘ ਦਾਊਦ, ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲ੍ਹ, ਬਲਬੀਰ ਸੂਦ, ਮਾ. ਅਰਸਾਲ ਸਿੰਘ ਸੰਧੂ, ਦਲਜੀਤ ਸਿੰਘ ਦਿਆਲਪੁਰਾ, ਚਰਨਜੀਤ ਸਿੰਘ, ਬਹਾਦਰ ਸਿੰਘ, ਸੁਲੱਖਣ ਸਿੰਘ ਤੁੜ, ਕਰਮ ਸਿੰਘ ਫਤਿਆਬਾਾਦ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 
ਅਜਨਾਲਾ :  ਇੱਥੇ ਨੋਟਬੰਦੀ ਦਾ ਪੂਰਾ ਇੱਕ ਮਹੀਨਾ ਬੀਤ ਜਾਣ 'ਤੇ ਪੈਸੇ ਕਢਵਾਉਣ ਲਈ ਲਾਈਨਾਂ ਵਿਚ ਲਗ ਕੇ ਗੁਆਉਣੀਆਂ ਪੈ ਰਹੀਆਂ ਜਾਨਾਂ ਅਤੇ ਪੈਸਿਆਂ ਦੀ ਘਾਟ ਕਾਰਨ ਅਨੇਕਾਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਕਾਰਨ ਅੱਜ ਦੇ ਦਿਨ ਨੂੰ ਕਾਲਾ ਦਿਨ ਮਨਾਉਂਦਿਆਂ ਅਤੇ ਨੋਟਬੰਦੀ ਵਿਰੁੱਧ ਸੰਸਦ ਤੇ ਸੜਕਾਂ 'ਤੇ ਅਵਾਜ਼ ਬੁਲੰਦ ਕਰ ਰਹੀਆਂ ਖੱਬੇ-ਪੱਖੀ ਪਾਰਟੀਆਂ ਸਮੇਤ ਵਿਰੋਧੀ ਧਿਰਾਂ ਨਾਲ ਕਾਲੇ ਦਿਨ ਲਈ ਇਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਆਪਣੇ ਹੱਥਾਂ ਵਿਚ ਕਾਲੀਆਂ ਝੰਡੀਆਂ ਅਤੇ ਖਾਲੀ ਥਾਲੀਆਂ ਖੜਕਾ ਕੇ ਸਟੇਟ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਓਰੀਐਂਟਲ ਬੈਂਕ ਬ੍ਰਾਂਚਾਂ ਅੱਗੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਵਿਚ ਕਿਸਾਨਾਂ-ਮਜ਼ਦੂਰਾਂ, ਔਰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰੋਸ ਮੁਜ਼ਾਹਰਾ ਕਰਨ ਉਪਰੰਤ ਬਜ਼ਾਰਾਂ 'ਚ ਰੋਸ ਮਾਰਚ ਕੀਤਾ। ਰੋਸ ਮਾਰਚ ਦੇ ਰਸਤੇ ਵਿਚ ਪੈਂਦੇ ਵਿਧਾਨਕਾਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਕੋਠੀ ਦੇ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਮੁਜ਼ਾਹਰਾਕਾਰੀਆਂ ਕੋਲ ਉਚੇਚੇ ਤੌਰ 'ਤੇ ਪੁੱਜ ਕੇ ਵਿਧਾਇਕ ਦੀ ਗੈਰ ਹਾਜਰੀ ਵਿਚ ਉਨ੍ਹਾਂ ਦੀ ਮਾਤਾ ਤੇ ਇਸਤਰੀ ਅਕਾਲੀ ਦਲ ਦੀ ਸੂਬਾ ਆਗੂ ਡਾ: ਅਵਤਾਰ ਕੌਰ ਅਜਨਾਲਾ ਨੇ ਤਕਲੀਫਾਂ ਸੁਣੀਆਂ। ਇਸ ਤੋਂ ਪਹਿਲਾਂ ਸ਼ਹਿਰ 'ਚ ਪਾਰਟੀ ਦੇ ਤਹਿਸੀਲ ਦਫਤਰ ਕੰਪਲੈਕਸ ਵਿਖੇ ਕਰਵਾਈ ਗਈ ਮੋਦੀ ਸਰਕਾਰ ਵਿਰੁੱਧ ਤਹਿਸੀਲ ਪੱਧਰੀ ਰੋਸ ਮੀਟਿੰਗ ਨੂੰ ਆਗੂਆਂ ਨੇ ਸੰਬੋਧਨ ਕਰਦਿਆਂ ਦੋਸ਼ ਲਾਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਚੋਣ ਵਾਅਦੇ ਅਨੁਸਾਰ ਵਿਦੇਸ਼ਾਂ ਵਿਚੋਂ ਕਾਲਾ ਧਨ ਮੰਗਵਾ ਕੇ ਦੇਸ਼ ਵਾਸੀਆਂ ਦੇ ਖਾਤਿਆਂ 'ਚ 15-15 ਲੱਖ ਰੁਪਏ ਜਮ੍ਹਾ ਕਰਵਾਉਣ ਅਤੇ ਵੱਡੇ ਕਾਲਾ ਬਜ਼ਾਰੀਆਂ ਤੇ ਧਨ ਕੁਬੇਰਾਂ ਕੋਲੋਂ ਕਾਲਾ ਧਨ ਕਢਵਾਉਣ ਦੀ ਬਜਾਏ ਮਜ਼ਦੂਰਾਂ -ਕਿਸਾਨਾਂ, ਛੋਟੇ ਵਪਾਰੀਆਂ, ਮੁਲਾਜਮਾਂ ਦੀਆਂ ਜੇਬਾਂ 'ਚੋਂ ਹੀ ਉਲਟੇ ਪੈਸੇ ਕਢਵਾ ਕੇ ਕਾਰਪੋਰੇਟ ਘਰਾਣਿਆਂ ਨੂੰ ਅਸਾਨੀ ਨਾਲ ਬੈਂਕ ਕਰਜ਼ਿਆਂ ਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਬੈਂਕਾਂ 'ਚ ਜਮ੍ਹਾ ਕਰਵਾ ਲਏ ਹਨ, ਜੋ ਜਨ ਸਧਾਰਨ ਲਈ ਅਸਿਹ ਹੈ। ਇਸ ਮੌਕੇ ਜਨਵਾਦੀ ਇਸਤਰੀ ਸਭਾ ਆਗੂ ਬੀਬੀ ਅਜੀਤ ਕੌਰ ਕੋਟਰਜਾਦਾ, ਜਮਹੂਰੀ ਕਿਸਾਨ ਸਭਾ ਤਹਿਸੀਲ ਪ੍ਰਧਾਨ ਸੀਤਲ ਸਿੰਘ ਤਲਵੰਡੀ, ਜਸਬੀਰ ਸਿੰਘ ਜਸਰਾਊਰ, ਬਾਬਾ ਇੰਦਰਜੀਤ ਸਿੰਘ ਡੱਬਰ, ਜਗੀਰ ਸਿੰਘ ਲੀਡਰ ਸਾਰੰਗਦੇਵ,ਜ਼ਿਲ੍ਹਾ ਦਿਹਾਤੀ ਮਜਦੂਰ ਸਭਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਬਾਬਾ ਕੁਲਦੀਪ ਸਿੰਘ ਮੋਹਲੇਕੇ, ਹਰਜਿੰਦਰ ਸਿੰਘ ਅਵਾਣ ਵਸਾਊ, ਬਲਕਾਰ ਸਿੰਘ ਗੁਲਗੜ, ਡੈਨੀਅਲ ਮਸੀਹ ਗੁਝਾਪੀਰ, ਸੁਰਜੀਤ ਸਿੰਘ ਭੂਰੇਗਿੱਲ ਆਦਿ ਮੌਜੂਦ ਸਨ।
 
ਘੁਮਾਣ (ਗੁਰਦਾਸਪੁਰ) : ਕਸਬਾ ਘੁਮਾਣ ਵਿਖੇ ਕਾਮਰੇਡ ਗੁਰਦੀਪ ਸਿੰਘ ਮੀਕੇ ਅਤੇ ਬਲਦੇਵ ਮੰਡ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨੋਟੰਬਦੀ ਦੇ ਲਏ ਗਏ ਲੋਕ ਵਿਰੋਧੀ ਫੈਸਲੇ ਖਿਲਾਫ ਪੰਜਾਬ ਨੈਸ਼ਨਲ ਬੈਂਕ ਅਤੇ ਇਲਾਹਾਬਾਦ ਬੈਂਕ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਿਆਲ ਸਿੰਘ ਘੁਮਾਣ ਨੇ ਕਿਹਾ ਕਿ ਨੋਟਬੰਦੀ ਕਰਕੇ ਮੋਦੀ ਸਰਕਾਰ ਨੇ ਲੋਕ ਵਿਰੋਧੀ ਫੈਸਲਾ ਲਿਆ ਹੈ, ਇਸ ਨਾਲ ਲੋਕਾਂ ਨੂੰ ਖੱਜਲ-ਖੁਆਰੀ ਦੇ ਸਿਵਾਏ ਹੋਰ ਕੁਝ ਨਹੀਂ ਮਿਲਿਆ। ਲੋਕ ਜੋ ਪਹਿਲਾਂ ਹੀ ਬੇਰੁਜ਼ਗਾਰੀ, ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਇਸ ਫੈਸਲੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਨੀਲਮ ਘੁਮਾਣ ਨੇ ਦੱਸਿਆ ਕਿ ਸਰਕਾਰ ਲੋਕਾਂ ਦੇ ਮੁੱਖ ਮੁੱਦੇ ਜਿਵੇਂ ਕਿ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਮਹਿੰਗਾਈ ਨਿੱਤ ਦਿਨ ਕਿਉਂ ਵਧਦੀ ਜਾ ਰਹੀ ਹੈ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਆਦਿ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਸਰਕਾਰਾਂ ਕਦੇ ਤਾਂ ਦੇਸ਼ 'ਚ ਯੁੱਧ ਵਰਗੀ ਸਥਿਤੀ ਪੈਦਾ ਕਰਦੀ ਹੈ ਤੇ ਕਦੀ ਨੋਟਬੰਦੀ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਦੀ ਹੈ। ਲੋਕਾਂ ਨੂੰ ਇਨ੍ਹਾਂ ਸਰਕਾਰਾਂ ਦੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਹਰਦੀਪ ਸਿੰਘ ਪੰਡੋਰੀ, ਹਰਜਿੰਦਰ ਕੌਰ ਪੰਡੋਰੀ, ਅਮਰੀਕ ਕੌਰ, ਗੁਰਦੀਪ ਸਿੰਘ ਮੀਕੇ, ਗਿਆਨ ਸਿੰਘ ਬੱਲੜਵਾਲ, ਕੁਲਵਿੰਦਰ ਸਿੰਘ ਦਕੋਹਾ, ਪ੍ਰਿੰ. ਗੁਰਬਖਸ਼ ਸਿੰਘ, ਸਤਨਾਮ ਸਿੰਘ ਧੰਦੋਈ, ਕੁਲਜੀਤ ਸਿੰਘ ਮੰਡ, ਗੁਰਮੀਤ ਸਿੰਘ ਮੀਕੇ ਨੇ ਵੀ ਸੰਬੋਧਨ ਕੀਤਾ।
 
ਫਿਲੌਰ : ਦਿਹਾਤੀ ਮਜ਼ਦੂਰ ਸਭਾ ਵਲੋਂ ਸਰਕਾਰ ਵਲੋਂ ਕੀਤੇ ਵਾਅਦਿਆਂ ਤੋਂ ਮੁਕਰਨ, ਆਜ਼ਾਦੀ ਦੇ 70 ਸਾਲਾਂ ਦੌਰਾਨ ਵੀ ਮਜ਼ਦੂਰਾਂ ਦੀ ਦਸ਼ਾਂ ਨਾ ਸੁਧਰਨ ਅਤੇ ਨੋਟਬੰਦੀ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਤਹਿਸੀਲ ਭਰ 'ਚੋਂ ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਮਜ਼ਦੂਰਾਂ ਨੇ ਸੰਘਰਸ਼ ਕਰਕੇ ਸਰਕਾਰ ਪਾਸੋਂ ਕੁੱਝ ਮੰਗਾਂ ਮਨਵਾਈਆਂ ਸਨ ਅਤੇ ਇਨ੍ਹਾਂ ਮੰਗਾਂ 'ਚੋਂ ਬਹੁਤੀਆਂ ਮੰਗਾਂ ਤੋਂ ਸਰਕਾਰ ਵਾਅਦਾ ਕਰਕੇ ਮੁਕਰ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਹਾਕਮ ਧਿਰਾਂ ਚੋਣਾਂ ਦੌਰਾਨ ਲੋਕਾਂ ਨਾਲ ਨਵੇਂ ਸਿਰੇ ਤੋਂ ਹੋਰ ਝੂਠੇ ਵਾਅਦੇ ਕਰਨ ਲਈ ਪੁੱਜ ਗਈਆਂ ਹਨ, ਜਿਨ੍ਹਾਂ ਨੂੰ ਲੋਕਾਂ ਦੀ ਕਚਿਹਰੀ 'ਚ ਸਵਾਲ ਕਰਨੇ ਬਣਦੇ ਹਨ। ਸਾਥੀ ਰੰਧਾਵਾ ਨੇ ਅੱਗੇ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੀ ਸਰਮਾਏਦਾਰੀ ਨੂੰ ਕੋਈ ਬਹੁਤਾ ਅਸਰ ਨਹੀਂ ਪਿਆ ਸਗੋਂ ਇਸ ਦੇ ਉੱਲਟ ਦੇਸ਼ ਦਾ ਮਜ਼ਦੂਰ ਲਾਈਨ੍ਹਾਂ 'ਚ ਲੱਗ ਕੇ ਰਹਿ ਗਿਆ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਬਲਾਕ ਸੰਮਤੀ ਮੈਂਬਰ ਸ਼ਿਗਾਰਾ ਸਿੰਘ ਦੁਸਾਂਝ, ਸੁਖ ਰਾਮ ਦੁਸਾਂਝ, ਵਿਦਿਆਰਥੀ ਆਗੂ ਅਜੈ ਫਿਲੌਰ, ਬਨਾਰਸੀ ਲਾਲ ਅਤੇ ਅਮ੍ਰਿੰਤ ਨੰਗਲ ਨੇ ਵੀ ਸੰਬੋਧਨ ਕੀਤਾ। ਇਸ ਮਗਰੋਂ ਸ਼ਹਿਰ 'ਚ ਮਾਰਚ ਵੀ ਕੀਤਾ ਗਿਆ। ਇਸ ਦੌਰਾਨ ਲੋਕਾਂ ਵਲੋਂ ਇਕੱਠੇ ਕੀਤੇ ਨੀਲੇ ਕਾਰਡ ਸਮੇਤ ਹੋਰਨਾਂ ਸਕੀਮਾਂ ਦੇ ਫਾਰਮਾਂ ਨੂੰ ਵੀ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ ਤਾਂ ਜੋ ਵੱਖ ਵੱਖ ਵਿਭਾਗਾਂ ਵਲੋਂ ਰਾਜਸੀ ਸ਼ਹਿ 'ਤੇ ਮਜ਼ਦੂਰਾਂ ਨਾਲ ਕੀਤੇ ਪੱਖਪਾਤਾਂ ਨੂੰ ਜਾਹਿਰ ਕੀਤਾ ਜਾ ਸਕੇ ਅਤੇ ਲੋਕਾਂ ਦੇ ਫਾਰਮਾਂ ਦੇ ਅਧਾਰਿਤ ਉਨ੍ਹਾਂ ਦੇ ਮਸਲੇ ਹੱਲ ਕਰਵਾਏ ਜਾ ਸਕਣ। ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੂੰ ਇਥੋਂ ਦੇ ਤਹਿਸੀਲਦਾਰ ਨੇ ਸਬੰਧਤ ਕੇਸਾਂ ਬਾਰੇ ਕਿਹਾ ਕਿ ਆਉਂਦੇ ਕੁੱਝ ਦਿਨ੍ਹਾਂ 'ਚ ਵੱਖ-ਵੱਖ ਅਧਿਕਾਰੀਆਂ ਦੀ ਹਾਜ਼ਰੀ 'ਚ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ।


ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਸਮਰਪਤ ਰਾਜਨੀਤਕ ਕਾਨਫਰੰਸ  
ਗੁਰਾਇਆ : ਇਨਕਲਾਬੀ ਮਾਰਕਸੀ ਪਾਰਟੀ (ਆਰਐਮਪੀਆਈ) ਵਲੋਂ ਗੁਰਾਇਆ ਵਿਖੇ ਕੀਤੀ ਗਈ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਤ ਇੱਕ ਰਾਜਨੀਤਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲਾਲ ਝੰਡਾ, ਜੈ ਜਨਤਾ ਵੀ ਕਹੇਗਾ, ਜੈ ਭੀਮ ਵੀ ਕਹੇਗਾ ਅਤੇ ਨਾਲ ਹੀ ਲੁੱਟੇ ਪੁੱਟੇ ਜਾਣ ਵਾਲੇ ਲੋਕਾਂ ਦੀ ਬਾਂਹ ਵੀ ਫੜੇਗਾ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਆਗੂ ਲੋਕਾਂ ਦੇ ਹਮਦਰਦ ਵੀ ਕਹਾਉਂਦੇ ਹਨ ਅਤੇ ਮੌਕਾ ਮਿਲਣ 'ਤੇ ਦੂਜੀ ਪਾਰਟੀ 'ਚ ਛਾਲ ਮਾਰਨ ਤੋਂ ਵੀ ਗਰੇਜ਼ ਨਹੀਂ ਕਰਦੇ। ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਉਨ੍ਹਾਂ ਕਿਹਾ ਅੱਗੇ ਕਿ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਦੂਜੀ ਪਾਰਟੀ ਜਾਣ ਲਈ ਕੋਈ ਢਿੱਲ ਨਹੀਂ ਕਰਦੇ ਕਿਉਂਕਿ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਇੱਕੋ ਜਿਹੀਆਂ ਹਨ ਅਤੇ ਲੋਕਾਂ ਨੂੰ ਲੁੱਟਣ ਵਾਲੀਆਂ ਹੀ ਹਨ, ਜਿਸ ਕਾਰਨ ਅਜਿਹੇ ਆਗੂਆਂ ਨੂੰ ਦੂਜੀ ਪਾਰਟੀ 'ਚ ਜਾਣਾ ਬੁਰਾ ਨਹੀਂ ਲਗਦਾ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਚੋਣਾਂ ਦਾ ਐਲਾਨ ਹਾਲੇ ਹੋਇਆ ਨਹੀਂ ਅਤੇ ਹੁਣ ਤੱਕ ਹੀ ਇਹ ਪਾਰਟੀਆਂ ਕਰੋੜਾਂ ਰੁਪਏ ਚੋਣਾਂ 'ਤੇ ਖਰਚ ਕਰ ਚੁੱਕੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਨਸ਼ਿਆਂ ਸਮੇਤ ਹੋਰ ਮਾੜਾ ਕੰਮ ਕਰਨ ਵਾਲੇ ਆਗੂਆਂ ਕੋਲ ਮਹਿੰਗੀਆਂ ਗੱਡੀਆਂ ਅਤੇ ਕੋਠੀਆਂ ਕਿਥੋਂ ਆ ਰਹੀਆਂ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਹ ਕਮਾਈ ਮਿਹਨਤ ਨਾਲ ਨਹੀਂ ਸਗੋਂ ਲੁੱਟ ਨਾਲ ਹੀ ਇਕੱਠੀ ਕੀਤੀ ਹੋਈ ਹੈ। ਮੋਦੀ ਦੀ ਨੋਟਬੰਦੀ ਸਬੰਧੀ ਉਨ੍ਹਾਂ ਕਿਹਾ ਕਿ ਆਮ ਲੋਕ ਲਾਈਨਾਂ 'ਚ ਲੱਗੇ ਹੋਏ ਹਨ ਅਤੇ ਦੇਸ਼ ਦੇ ਧੰਨਕੁਬੇਰਾਂ ਨੂੰ ਦੇਸ਼ ਲੁੱਟਣ ਦੀ ਛੋਟ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਵਿਦੇਸ਼ਾਂ 'ਚ ਪਿਆ ਧੰਨ ਲੈ ਕੇ ਆਵੇਗਾ ਅਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਮੋਦੀ ਨੇ ਇਹ ਨਵਾਂ ਜੁਮਲਾ ਕੱਢ ਲਿਆ ਹੈ। ਪਾਸਲਾ ਨੇ ਕਿਹਾ ਕਿ ਹਲਕਾ ਫਿਲੌਰ ਤੋਂ ਚਾਰ ਖੱਬੀਆਂ ਪਾਰਟੀਆਂ ਵਲੋਂ ਪਰਮਜੀਤ ਰੰਧਾਵਾ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਅਤੇ ਇਹ ਆਗੂ ਪਹਿਲਾਂ ਵੀ ਲੋਕਾਂ ਲਈ ਲੜਦਾ ਰਿਹਾ ਹੈ ਤੇ ਅੱਗੋਂ ਵੀ ਇਹ ਜੰਗ ਜਾਰੀ ਰੱਖੇਗਾ।
ਇਸ ਮੌਕੇ ਆਰਐਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਪਾਣੀਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਲੁਟੇਰੀਆਂ ਪਾਰਟੀਆਂ ਪੰਜਾਬ 'ਚ ਜਾਣ ਵੇਲੇ ਹੋਰ ਬੋਲੀ ਬੋਲਦੀਆਂ ਅਤੇ ਹਰਿਆਣਾ 'ਚ ਜਾਣ ਵੇਲੇ ਹੋਰ ਬੋਲੀ ਬੋਲਦੀਆਂ ਹਨ। ਇਸ ਕਾਨਫਰੰਸ ਨੂੰ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਹਲਕਾ ਫਿਲੌਰ ਤੋਂ ਉਮੀਦਵਾਰ ਪਰਮਜੀਤ ਰੰਧਾਵਾ ਤੇ ਮਨਜੀਤ ਸੂਰਜਾ ਨੇ ਵੀ ਸੰਬੋਧਨ ਕੀਤਾ। ਇਸ ਕਾਨਫਰੰਸ ਦੀ ਅਗਵਾਈ ਕੌਂਸਲਰ ਪਰਮਜੀਤ ਬੋਪਾਰਾਏ, ਬਲਾਕ ਸੰਮਤੀ ਮੈਂਬਰ ਸ਼ਿੰਗਾਰਾ ਸਿੰਘ ਦੁਸਾਂਝ, ਸਰਪੰਚ ਕੁਲਵਿੰਦਰ ਕਾਕਾ, ਸਰਪੰਚ ਰਜਿੰਦਰ ਬਿੱਟੂ, ਕੌਂਸਲਰ ਫਿਲੌਰ ਸੁਨੀਤਾ ਫਿਲੌਰ, ਮੇਜਰ ਫਿਲੌਰ, ਮਨਜਿੰਦਰ ਢੇਸੀ, ਸ਼ਿਵ ਕੁਮਾਰ ਤਿਵਾੜੀ ਨੇ ਕੀਤੀ। ਆਰੰਭ 'ਚ ਮਾਨਵਤਾ ਕਲਾ ਮੰਚ ਵਲੋਂ ਕੋਰੀਓਗਰਾਫੀਆਂ ਪੇਸ਼ ਕੀਤੀਆ ਗਈਆ। 


ਸਾਥੀ ਗੁਰਚਰਨ ਸਿੰਘ ਰੰਧਾਵਾ ਦੀ 27ਵੀਂ ਬਰਸੀ ਮਨਾਈ 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਉੱਘੇ ਦੇਸ਼ ਭਗਤ ਅਤੇ ਅੰਗਰੇਜ਼ ਦੀਆਂ ਜੇਲ੍ਹਾਂ ਤੋੜਨ ਵਾਲੇ ਗੁਰਚਰਨ ਸਿੰਘ ਰੰਧਾਵਾ ਦੀ 27ਵੀਂ ਬਰਸੀ ਪਿੰਡ ਰੰਧਾਵਾ 'ਚ ਮਨਾਈ ਗਈ। ਇਸ ਮੌਕੇ ਇੱਕ ਇਕੱਠ ਨੂੰ ਸੰਬਧਨ ਕਰਦੇ ਹੋਏ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾਲਾ ਪੈਸਾ ਭਾਜਪਾ ਅਤੇ ਕਾਂਗਰਸੀਆਂ ਕੋਲੋਂ ਨਿੱਕਲ ਰਿਹਾ ਹੈ ਅਤੇ ਆਮ ਲੋਕਾਂ ਨੂੰ ਤਾਂ ਕਣਕ ਅਤੇ ਗੰਨੇ ਦੇ ਚਿੱਟੇ ਪੈਸੇ ਵੀ ਨਹੀਂ ਮਿਲ ਰਹੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਰੁਜ਼ਗਾਰ ਦੇ ਨਵੇਂ ਮੌਕੇ ਪੈਂਦਾ ਕਰਨ ਦੀ ਥਾਂ ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ ਅਤੇ ਵੋਟਾਂ ਲੈਣ ਦੀ ਖਾਤਰ ਹਰ ਤਰ੍ਹਾਂ ਦੇ ਲਾਰੇ ਲਗਾਏ ਜਾ ਰਹੇ ਹਨ। ਸਾਥੀ ਪਾਸਲਾ ਨੇ ਇਕੱਠ ਨੂੰ ਸੰਬਧਨ ਕਰਦਿਆਂ ਕਿਹਾ ਕਿ ਪੰਜਾਬ ਚੋਣਾਂ ਦੌਰਾਨ ਅਕਾਲੀ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਜਿਸ ਢੰਗ ਨਾਲ ਰੁਜ਼ਗਾਰ ਦੇਣ ਦੇ ਜਿਹੜੇ ਵਾਅਦੇ ਕੀਤੇ ਜਾ ਰਹੇ ਹਨ ਉਹ ਲੋਕਾਂ ਨੂੰ ਬੁੱਧੂ ਬਣਾਉਣ ਤੋਂ ਸਿਵਾਏ ਕੁੱਝ ਨਹੀਂ ਕਿਉਂਕਿ ਨਵਾਂ ਰੁਜ਼ਗਾਰ ਪੈਦਾ ਕਰਨ ਲਈ ਲੋੜੀਦੇ ਵਸੀਲੇ ਹਾਕਮਾਂ ਦੀਆਂ ਇਨ੍ਹਾਂ ਜਮਾਤਾਂ ਕੋਲ ਨਹੀਂ ਹਨ। ਉਨ੍ਹਾਂ ਪੰਜਾਬ 'ਚ ਖੱਬੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਈ ਲਾਲੋ ਦੇ ਵਾਰਸ ਹੀ ਲੋਕਾਂ ਦਾ ਭਲਾ ਕਰ ਸਕਦੇ ਹਨ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕੁਲੰਵਤ ਸਿੰਘ ਸੰਧੂ ਅਤੇ ਹਲਕਾ ਫਿਲੌਰ ਤੋਂ ਉਮੀਦਵਾਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਦੇਸ਼ ਭਗਤ ਗੁਰਚਰਨ ਸਿੰਘ ਰੰਧਾਵਾ ਦੀ ਯਾਦਗਾਰ 'ਤੇ ਝੰਡਾ ਲਹਿਰਾਉਣ ਦੀ ਰਸਮ ਸਾਥੀ ਬਨਾਰਸੀ ਦਾਸ ਨੇ ਅਦਾ ਕੀਤੀ।


ਦਿਹਾਤੀ ਮਜ਼ਦੂਰ ਸਭਾ ਦੀਆਂ ਸਰਗਰਮੀਆਂ  
ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਵੱਖ ਵੰਖ ਥਾਂਈ ਵਿਧਾਨ ਸਭਾ ਹਲਕਾ ਪੱਧਰ ਦੀਆਂ ਕਨਵੈਨਸ਼ਨਾਂ ਕੀਤੀਆਂ ਗਈਆਂ। ਥਾਂ ਥਾਂ ਵਾਪਰ ਰਹੇ ਜਾਤਪਾਤੀ ਜ਼ੁਲਮਾਂ ਪੁਲਸ ਜ਼ਿਆਦਤੀਆਂ ਵਿਰੁੱਧ ਲਾਮਬੰਦੀ ਅਤੇ ਬੇਜ਼ਮੀਨੇ/ਦਲਿਤ ਮਜ਼ਦੂਰਾਂ ਦੀਆਂ ਜਿਉਂਦੇ ਰਹਿਣ ਦੀਆਂ ਲੋੜਾਂ ਪ੍ਰਤੀ ਹਾਕਮ ਜਮਾਤਾਂ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਵਲੋਂ ਚੋਣ ਮੁਹਿੰਮ ਦੌਰਾਨ ਧਾਰੀ ਸਾਜਿਸ਼ੀ ਬੇਧਿਆਨੀ ਨੂੰ ਉਜਾਗਰ ਕਰਨ ਲਈ ਉਕਤ ਕਨਵੈਨਸ਼ਨ ਦਾ ਸੱਦਾ ਦਿੱਤਾ ਗਿਆ ਸੀ। ਕਨਵੈਨਸ਼ਨਾਂ ਨੂੰ ਸੰਬੋਧਨ ਕਰਨ ਲਈ ਸੂਬਾਈ ਅਹੁਦੇਦਾਰ ਸਰਵ ਸਾਥੀ ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ), ਦਰਸ਼ਨ ਨਾਹਰ (ਪ੍ਰਧਾਨ), ਲਾਲ ਚੰਦ ਕਟਾਰੂਚੱਕ (ਮੀਤ ਪ੍ਰਧਾਨ) ਅਤੇ ਮਹੀਪਾਲ (ਵਿੱਤ ਸਕੱਤਰ) ਉਚੇਚੇ ਪੁੱਜੇ। ਕਨਵੈਨਸ਼ਨਾਂ ਵਿਚ ਫੈਸਲਾ ਕੀਤਾ ਗਿਆ ਕਿ ਮਜ਼ਦੂਰ ਮਸਲਿਆਂ ਨੂੰ ਚੋਣ ਅਜੰਡੇ ਦਾ ਪ੍ਰਮੁੱਚ ਹਿੱਸਾ ਬਣਾਉਣ ਲਈ ਪਿੰਡ ਪਿੰਡ ਬਹੁਪੱਖੀ ਲਾਮਬੰਦੀ ਕੀਤੀ ਜਾਵੇਗੀ ਜਿਸ ਦੇ ਪਹਿਲੇ ਪੜਾਅ ਲੋਟੂ ਵਰਗਾਂ ਦੀਆਂ ਪਾਰਟੀਆਂ ਖਾਸ ਕਰ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਆਪ ਦੀਆਂ ਚੋਣ ਸਭਾਵਾਂ ਦੇ ਸਮਾਨਅੰਤਰ ''ਜਨਸਭਾਵਾਂ'' ਕੀਤੀਆਂ ਜਾਣਗੀਆਂ। ਆਗੂਆਂ ਨੇ ਸੱਦਾ ਦਿੱਤਾ ਕਿ, ਕਿਉਂਕਿ ਜਨਤਕ ਸੇਵਾਵਾਂ ਦੇ ਨਿੱਜੀਕਰਨ ਦਾ ਸਭ ਤੋਂ ਵਧੇਰੇ ਨੁਕਸਾਨ ਗਰੀਬਾਂ, ਖਾਸਕਰ ਬੇਜ਼ਮੀਨਿਆਂ ਨੂੰ ਝੱਲਣਾ ਪਿਆ ਹੈ। ਇਸ ਲਈ ਨਿੱਜੀਕਰਨ ਦੀਆਂ ਹਿਮਾਇਤੀ ਸਭਨਾ ਰਾਜਸੀ ਪਾਰਟੀਆਂ ਦੀ ਹਾਰ ਯਕੀਨੀ ਬਣਾਈ ਜਾਵੇ। ਸਾਰੀਆਂ ਕਨਵੈਨਸ਼ਨਾਂ 'ਚ ਔਰਤਾਂ ਭਾਰੀ ਗਿਣਤੀ 'ਚ ਸ਼ਾਮਲ ਹੋਈਆਂ। ਸਭਨੀ ਥਾਂਈ ਕੇਂਦਰੀ ਸਰਕਾਰ ਦੇ ਨੋਟਬੰਦੀ ਦੇ ਅਹਿਮਕਾਨਾ ਨਾਦਰਸ਼ਾਹੀ ਫੈਸਲੇ ਨਾਲ ਮਿਹਨਤੀ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਅਕਹਿ ਮੁਸੀਬਤਾਂ ਦੀ ਨਿਖੇਧੀ ਕਰਦਿਆਂ ਇਸ ਵਿਰੁੱਧ ਲਾਮਬੰਦੀ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਪੇਸ਼ ਹੈ ਕਨਵੈਨਸ਼ਨਾਂ ਦੀ ਸੰਖੇਪ ਰਿਪੋਰਟ :
 
ਮੁਕਤਸਰ : ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਅਤੇ ਸਮਾਜਕ, ਪੁਲਸ ਜਬਰ ਖਿਲਾਫ਼ ਜ਼ਿਲ੍ਹਾ ਪੱਧਰੀ ਪ੍ਰਭਾਵਸ਼ਾਲੀ ਕਨਵੈਨਸ਼ਨ ਗੁਰੂ ਗੋਬਿਦ ਸਿੰਘ ਪਾਰਕ ਵਿਖੇ ਆਯੋਜਿਤ ਕੀਤੀ ਗਈ। ਇਸ ਕਨਵੈਨਸ਼ਨ ਵਿਚ ਜ਼ਿਲ੍ਹੇ ਭਰ 'ਚੋਂ ਵੱਡੀ ਗਿਣਤੀ 'ਚ ਮਜ਼ਦੂਰ ਮਰਦ/ਔਰਤਾਂ ਨੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ਵਿਚ ਦੂਸਰੀਆਂ ਭਰਾਤਰੀ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨਗੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਤੇ ਜਗਸੀਰ ਜੰਡੋਕੇ ਵੱਲੋਂ ਕੀਤੀ ਗਈ।
ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਤੇ ਕੇਂਦਰੀ ਮੋਦੀ ਸਰਕਾਰ ਤੇ ਪਿਛਲੀ ਕਾਂਗਰਸ ਸਰਕਾਰ ਨੇ ਹਮੇਸ਼ਾ ਮਜ਼ਦੂਰ ਵਿਰੋਧੀ ਨੀਤੀ ਅਪਣਾ ਕੇ ਉਹਨਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ ਅਤੇ ਮਜ਼ਦੂਰ ਦੀਆਂ ਮੰਗਾਂ ਤੇ ਮਸਲਿਆਂ ਨੂੰ ਨਜ਼ਰ-ਅੰਦਾਜ਼ ਹੀ ਕੀਤਾ ਹੈ। ਉਹਨਾ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਕੇਂਦਰ ਵਿਚ ਆਈ ਹੈ, ਇਸ ਨੇ ਆਰ ਐੱਸ ਐੱਸ  ਦੇ ਫਿਰਕੂ ਏਜੰਡੇ ਨੂੰ ਬੜੀ ਤੇਜ਼ੀ ਨਾਲ ਲਾਗੂ ਕੀਤਾ ਹੈ। ਜਿਸ ਦੇ ਚਲਦਿਆਂ ਦੇਸ਼ ਭਰ ਵਿਚ ਦਲਿਤਾਂ 'ਤੇ ਜਬਰ-ਜ਼ੁਲਮ ਵਿਚ ਭਾਰੀ ਵਾਧਾ ਹੋਇਆ ਹੈ। ਉਹਨਾ ਕਿਹਾ ਕਿ ਸਾਰੀਆਂ ਸਰਮਾਏਦਾਰ ਪਾਰਟੀਆਂ, ਅਕਾਲੀ-ਭਾਜਪਾ, ਕਾਂਗਰਸ ਤੇ ਆਪ ਵੱਲੋਂ ਮੌਜੂਦਾ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਮਸਲਿਆਂ ਦੀ ਗੱਲ ਨਹੀਂ ਕੀਤੀ ਜਾ ਰਹੀ। ਇਹਨਾਂ ਦੀਆਂ ਨੀਤੀਆਂ ਇੱਕ ਹੀ ਹਨ। ਉਹਨਾ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਪੇਂਡੂ ਗਰੀਬਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਇਹਨਾਂ ਚੋਣਾਂ ਵਿਚ ਚੋਣ ਮੁੱਦਾ ਬਣਾਏਗੀ ਤੇ ਇਹਨਾਂ ਸਰਮਾਏਦਾਰ ਪਾਰਟੀਆਂ ਖਿਲਾਫ਼ ਸਮਾਂਤਰ ਚੋਣ ਰੈਲੀਆਂ ਕਰੇਗੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਮੀਤ ਸਕੱਤਰ ਜਗਜੀਤ ਸਿੰਘ ਜੱਸੇਆਣਾ ਨੇ ਮਜ਼ਦੂਰ ਮੰਗਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ।  
ਕਨਵੈਨਸ਼ਨ 'ਚ ਭਰਾਤਰੀ ਮਜ਼ਦੂਰ ਜਥੇਬੰਦੀਆਂ ਵੱਲੋਂ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰੀ ਰਾਮ ਚੱਕ ਸ਼ੇਰੇਵਾਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ, ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਜੰਡੋਕੇ, ਜੰਗ ਸਿੰਘ ਸੀਰਵਾਲੀ, ਕਰਮ ਸਿੰਘ ਮਦਰੱਸਾ, ਜਸਵਿੰਦਰ ਸਿੰਘ ਸੰਗੂਧੌਣ, ਕਾਕੂ ਬਧਾਈ, ਗੁਰਦਾਸ ਸਿੰਘ ਹਰੀਕੇ ਤੋਂ ਇਲਾਵਾ ਫਰੀਦਕੋਟ ਤੋਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਗੁਰਤੇਜ ਸਿੰਘ ਹਰੀਨੌ ਵੀ ਹਾਜ਼ਰ ਸਨ।


ਕਣਕ ਦੀ ਦਰਾਮਦ ਡਿਊਟੀ ਘਟਾਉਣ ਵਿਰੁੱਧ ਰੋਸ ਮੁਜ਼ਾਹਰਾ 
ਅਜਨਾਲਾ : ਮੋਦੀ ਸਰਕਾਰ ਵਲੋਂ ਵਿਦੇਸ਼ਾਂ ਤੋਂ ਮੰਗਵਾਈ ਜਾਣ ਵਾਲੀ ਕਣਕ 2'ਤੇ 10 ਫੀਸਦੀ ਦਰਾਮਦ ਟੈਕਸ ਦੀ ਸ਼ਰਤ ਨੂੰ ਖਤਮ ਕੀਤੇ ਜਾਣ ਅਤੇ ਨੋਟਬੰਦੀ ਲਾਗੂ ਕੀਤੇ ਜਾਣ ਦੇ ਵਿਰੁੱਧ ਸਥਾਨਕ ਸ਼ਹਿਰ ਦੇ ਬਜ਼ਾਰਾਂ 'ਚ  ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ.ਐਮ.ਪੀ.ਆਈ.) ਪਾਰਟੀ ਦੇ ਸੂਬਾ ਆਗੂ ਡਾ.ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਪਾਰਟੀ ਕਾਰਕੁੰਨਾਂ ਨੇ  ਤਹਿਸੀਲ ਪੱਧਰੀ ਜ਼ਬਰਦਸਤ ਰੋਸ ਮੁਜਾਹਰਾ ਤੇ ਰੋਸ ਮਾਰਚ ਕਰਨ ਉਪਰੰਤ ਅਜਨਾਲਾ-ਫਤਿਹਗੜ੍ਹ ਚੂੜੀਆਂ ਰੋਡ 'ਤੇ ਮੁੱਖ  ਚੌਂਕ ਨੇੜੇ ਸੜਕੀ ਜਾਮ ਲਗਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਫੂਕ ਪਿੱਟ ਸਿਆਪਾ ਕੀਤਾ।
ਇਸ ਮੌਕੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਮੋਦੀ ਤੇ ਸੂਬਾ ਸਰਕਾਰਾਂ ਵਿਰੁੱਧ ਜੰਮ੍ਹ ਕੇ ਨਾਰ੍ਹੇਬਾਜ਼ੀ ਕੀਤੀ ਅਤੇ ਦੋਸ਼ ਲਾਉਂਦਿਆਂ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਕੱਟੜ ਦੁਸ਼ਮਣ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰਾਂ ਦੀਆਂ ਪਹਿਲਾਂ ਹੀ ਮਾਰੂ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨ ਪਰਿਵਾਰਾਂ ਦੀ ਹੁਣ ਵਿਦੇਸ਼ਾਂ ਤੋਂ ਆਉਣ ਵਾਲੀ ਕਣਕ ਦੀ ਦਰਾਮਦ 'ਤੇ ਸਰਕਾਰ ਵਲੋਂ ਲਗਾਏ ਜਾਂਦੇ ਮਾਮੂਲੀ 10 ਫੀਸਦੀ ਟੈਕਸ ਨੂੰ ਵੀ ਖਤਮ ਕਰਕੇ 25 ਲੱਖ ਮੀਟ੍ਰਿਕ ਟਨ ਕੇਂਦਰ ਸਰਕਾਰ ਅਤੇ 17 ਲੱਖ ਮੀਟ੍ਰਿਕ ਟਨ ਵਪਾਰੀਆਂ ਰਾਹੀਂ ਕਣਕ ਦਰਾਮਦ ਕੀਤੇ ਜਾਣ ਕਾਰਨ 40 ਫੀਸਦੀ ਦੇ ਕਰੀਬ ਕੇਂਦਰੀ ਅੰਨ੍ਹ ਭੰਡਾਰ 'ਚ ਹਿੱਸਾ ਪਾ ਰਹੇ ਪੰਜਾਬ ਦੇ ਕਿਸਾਨ ਰੁੱਲ ਜਾਣਗੇ ਤੇ ਖੁਦਕੁਸ਼ੀਆਂ ਦੀ ਦਰ ਹੋਰ ਵਧੇਗੀ । ਕਿਉਂਕਿ ਵਿਦੇਸ਼ਾਂ 'ਚ ਰੁੱਲ ਰਹੀ ਕਣਕ ਹੁਣ ਈ-ਮਾਰਕੀਟਿੰਗ ਤੇ ਖੁੱਲੀ੍ਹ ਮੰਡੀ ਤਹਿਤ ਪੰਜਾਬ 'ਚ ਸਸਤੇ ਭਾਅ ਤੇ ਵਿਕਨ ਕਾਰਣ ਪੰਜਾਬ ਦੀ ਕਣਕ ਦਾ ਸਰਕਾਰੀ ਮੁੱਲ 1625 ਰੁਪਏ ਵੀ ਨਹੀਂ ਮਿੱਲ ਸਕੇਗਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਨੋਟਬੰਦੀ ਕਾਰਨ ਪੰਜਾਬ ਸਮੇਤ ਪੂਰਾ ਦੇਸ਼ ਆਰਥਿਕ ਐਮਰਜੰਸੀ ਵਿੱਚ ਧਕੇਲਿਆ ਗਿਆ ਹੈ ਅਤੇ ਪੰਜਾਬ ਤੇ ਉੱਤਰ ਪ੍ਰਦੇਸ਼ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਲਾਭ ਲੈਣ ਲਈ ਲਾਗੂ  ਕੀਤੀ ਗਈ ਨੋਟਬੰਦੀ ਕਾਰਣ ਮੋਦੀ ਸਰਕਾਰ ਨੂੰ ਵੀ ਜਰਮਨੀ 1923 'ਚ , ਘਾਨਾ 1982 'ਚ, ਨਾਈਜੀਰੀਆ 'ਚ 1984, ਮਿਆਂਮਾਰ 'ਚ 1987 'ਚ, ਰੂਸ 1991 'ਚ ਜੇਰੀਆ 1993 'ਚ, ਜਾਂਬੀਆ 2015 ' ਚ ਅਤੇ ਅਰਜਨਟਾਈਨਾ 'ਚ ਵੀ ਨੋਟਬੰਦੀ ਲਾਗੂ ਹੋਣ ਕਾਰਨ ਹੋਏ ਰਾਜ ਪਲਟਿਆਂ ਦੀ ਤਰਜ 'ਤੇ ਮੋਦੀ ਸਰਕਾਰ ਨੂੰ ਵੀ ਚੋਣਾਂ 'ਚ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਸ਼ ਭਗਤ ਮੁਖਤਾਰ ਸਿੰਘ ਕਾਮਲਪੁਰਾ, ਸ਼ੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦੁਧਰਾਏ, ਬਾਜ਼ ਸਿੰਘ ਨੰਗਲ ਵੰਝਾਂਵਾਲਾ, ਜਗੀਰ ਸਿੰਘ ਸਾਰੰਗਦੇਵ, ਤਰਸੇਮ ਸਿੰਘ ਕਾਮਲਪੁਰਾ ਤੇ ਜਨਵਾਦੀ ਇਸਤਰੀ ਸਭਾ ਤਹਿਸੀਲ ਪ੍ਰਧਾਨ ਅਜੀਤ ਕੌਰ ਕੋਟ ਰਜ਼ਾਦਾ, ਸਤਵਿੰਦਰ ਸਿੰਘ ਓਠੀਆਂ ਕੁਲਵਿੰਦਰ ਸਿੰਘ ਮੱਲੂਨੰਗਲ, ਜਸਬੀਰ ਸਿੰਘ ਜਸਰਾਊਰ, ਸੁੱਚਾ ਸਿੰਘ ਘੋਗਾ, ਭੁਪਿੰਦਰ ਸਿੰਘ ਸੂਰੇਪੁਰ, ਬਾਬਾ ਇੰਦਰਜੀਤ ਸਿੰਘ ਡੱਬਰ, ਬਲਕਾਰ ਸਿੰਘ ਗੁੱਲਗੜ, ਬੀਬੀ ਸ਼ਿੰਦੋ, ਸੂਰਤਾ ਸਿੰਘ ਕੁਲਾਰ, ਸਵਿੰਦਰ ਸਿੰਘ ਸੂਫੀਆਂ,ਸੁਰਜੀਤ ਸਿੰਘ ਭੂਰੇਗਿੱਲ, ਅਮਰਜੀਤ ਸਿੰਘ ਅਜਨਾਲਾ, ਤਸਬੀਰ ਸਿੰਘ ਹਾਸ਼ਮਪੁਰਾ, ਹਰਜਿੰਦਰ ਸਿੰਘ ਸੋਹਲ, ਸੁਰਜੀਤ ਸਿੰਘ ਦੁਧਰਾਏ, ਬਲਕਾਰ ਸਿੰਘ ਰਾਏਪੁਰ ਆਦਿ ਆਗੂ ਹਾਜ਼ਰ ਸਨ।


ਜਨਵਾਦੀ ਇਸਤਰੀ ਸਭਾ ਵਲੋਂ ਵੱਖ-ਵੱਖ ਥਾਂਈ ਜ਼ੋਰਦਾਰ ਮੁਜ਼ਾਹਰੇ  
ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਵੱਖੋ ਵੱਖ ਥਾਈਂ ਔਰਤਾਂ ਨੂੰ ਸਹੀ ਅਰਥਾਂ ਵਿਚ ਸਮਾਨਤਾ ਤੇ ਇਨਸਾਫ ਦਿਵਾਉਣ ਵਾਲੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਜ਼ੋਰਦਾਰ ਮੁਜ਼ਾਹਰੇ ਕੀਤੇ ਗਏ ਅਤੇ ਸਿਵਲ ਅਧਿਕਾਰੀਆਂ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ।
ਪ੍ਰਦਰਸ਼ਨਾਂ ਦੀ ਅਗਵਾਈ ਸੂਬਾ ਪ੍ਰਧਾਨ ਬੀਬੀ ਦਰਸ਼ਨ ਕੌਰ ਅਤੇ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਕੀਤੀ।
ਭੇਜੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਸਭਨਾਂ ਔਰਤਾਂ ਨੂੰ ਸਥਾਈ ਰੋਜ਼ਗਾਰ ਦਿੱਤਾ ਜਾਵੇ, ਬਰਾਬਰ ਕੰਮ ਲਈ ਬਰਾਬਰ ਉਜਰਤਾਂ ਦਿੱਤੀਆਂ ਜਾਣ, ਕੌਮਾਂਤਰੀ ਕਿਰਤ ਕਾਨਫਰੰਸਾਂ ਦੇ ਸੁਝਾਆਂ ਅਨੁਸਾਰ ਘੱਟੋ ਘੱਟ ਉਜਰਤਾਂ ਅਠਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ ਅਤੇ ਚੁੱਲ੍ਹਾ ਬਲਦਾ ਰੱਖਣ ਲਈ ਜ਼ਰੂਰੀ ਸਭਨਾਂ ਚੀਜਾਂ ਨੂੰ ਸਰਕਾਰੀ ਡਿਪੂਆਂ ਤੋਂ ਅਤੀ ਸਸਤੇ ਭਾਅ 'ਤੇ ਦੇਣ ਦੀ ਗਰੰਟੀ ਕਰਦੀ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ, ਉਚੇਰੀ ਸਿੱਖਿਆ ਤੱਕ ਲੜਕੀਆਂ ਨੂੰ ਇਕਸਾਰ ਤੇ ਮਿਆਰੀ ਸਿੱਖਿਆ ਮੁਫ਼ਤ ਮੁਹੱਈਆ ਕਰਵਾਈ ਜਾਵੇ, ਸ਼ਗਨ ਸਕੀਮ ਦੀ ਰਕਮ ਵਿਆਹ ਤੋਂ ਪਹਿਲਾਂ ਦਿੱਤੀ ਜਾਵੇ ਅਤੇ ਹਰ ਕਿਸਮ ਦੀ ਬਹਾਨੇਬਾਜ਼ੀ ਤੇ ਕਾਨੂੰਨੀ ਢੁੱਚਰਾਂ ਖਤਮ ਕੀਤੀਆਂ ਜਾਣ, ਔਰਤਾਂ ਨੂੰ ਜਣੇਪਾ ਸਹੂਲਤਾਂ ਅਤੇ ਹਰ ਕਿਸਮ ਦੀ ਬੀਮਾਰੀ ਦਾ ਅਤੀ ਆਧੁਨਿਕ ਇਲਾਜ ਮੁਫ਼ਤ ਮਿਲਣਾ ਯਕੀਨੀ ਬਣਾਇਆ ਜਾਵੇ;  ਹਰ ਖੇਤਰ ਵਿਚ ਐਰਤਾਂ ਨਾਲ ਹੁੰਦੇ ਲਿੰਗ ਅਧਾਰਤ ਵਿਤਕਰੇ ਅਤੇ ਜਿਸਮਾਨੀ ਛੇੜਛਾੜ ਦੀਆਂ ਘਟਨਾਵਾਂ 'ਤੇ ਸਖਤੀ ਨਾਲ ਰੋਕ ਲਾਈ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ; ਪੰਚਾਇਤਾਂ, ਨਗਰ ਪਾਲਿਕਾਵਾਂ, ਜ਼ਿਲ੍ਹਾ ਪ੍ਰੀਸ਼ਦਾਂ ਆਦਿ 'ਚ 50% ਪ੍ਰਤੀਸ਼ਤ ਅਤੇ ਵਿਧਾਨ ਸਭਾਵਾਂ ਤੇ ਸੰਸਦ ਵਿਚ ਘੱਟੋ ਘੱਟ 33%  ਸੀਟਾਂ ਔਰਤਾਂ ਲਈ ਰਾਖਵੀਆਂ ਕੀਤੀਆਂ ਜਾਣ, ਟੀ.ਵੀ. ਚੈਨਲਾਂ ਅਤੇ ਹੋਰ ਮਨੋਰੰਜਨ ਸਾਧਨਾਂ ਰਾਹੀਂ ਔਰਤਾਂ ਦੀ ਮਾਨਸਿਕ ਤੇ ਬੌਧਿਕ ਹੇਠੀ ਕਰਦੇ ਅਤੇ ਨੰਗੇਜ਼ਵਾਦ ਨੂੰ ਬੜ੍ਹਾਵਾ ਦਿੰਦੇ ਤੇ ਔਰਤਾਂ ਨੂੰ ਕੇਵਲ ਉਪਭੋਗ ਦੀ ਵਸਤੂ ਬਣਾ ਕੇ ਪੇਸ਼ ਕਰਦੇ ਪ੍ਰੋਗਰਾਮਾਂ 'ਤੇ ਮੁਕੰਮਲ ਰੋਕ ਲਾਈ ਜਾਵੇ, ਸਮਾਜਕ ਸੁਰੱਖਿਆ ਅਧੀਨ ਆਉਂਦੀਆਂ ਬੁਢਾਪਾ-ਵਿਧਵਾ, ਅੰਗਹੀਣ, ਆਸ਼ਰਿਤ ਪੈਨਸ਼ਨਾਂ ਦੀ ਰਕਮ ਘੱਟੋ ਘੱਟ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਜਾਵੇ ਅਤੇ ਸਮੇਂ ਸਮੇਂ ਵਧਦੀ ਮਹਿੰਗਾਈ ਅਨੁਸਾਰ ਇਸ ਵਿਚ ਵਾਧਾ ਕੀਤਾ ਜਾਵੇ, ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਜਿਵੇਂ ਭਰੂਣ ਹੱਤਿਆ ਤੇ ਦਾਜ ਦਹੇਜ ਵਿਰੋਧੀ ਕਾਨੂੰਨਾਂ ਆਦਿ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਨੇ ਕਿਹਾ ਕਿ ਨਿੱਜੀਕਰਨ ਦੀ ਕੁਲੈਹਿਣੀ ਨੀਤੀ ਦਾ ਸਭ ਤੋਂ ਵਧੇਰੇ ਨੁਕਸਾਨ ਔਰਤਾਂ ਖਾਸ ਕਰ ਕਿਰਤੀ ਔਰਤਾਂ ਨੂੰ ਝੱਲਣਾ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਸਭਾ ਵਲੋਂ ਸ਼ੁਰੂ ਕੀਤਾ ਹੱਕੀ ਸੰਗਰਾਮ ਨਾ ਕੇਵਲ ਹੋਰ ਤਿੱਖਾ ਕੀਤਾ ਜਾਵੇਗਾ ਬਲਕਿ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ। ਵੱਖੋ ਵੱਖ ਥਾਂਈ ਹੋਏ ਐਕਸ਼ਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
 
ਪੱਟੀ : ਇੱਥੇ 15 ਨਵੰਬਰ ਨੂੰ ਬੀਬੀ ਜਸਵੀਰ ਕੌਰ, ਅਮਰਜੀਤ ਕੌਰ ਨਰਿੰਦਰ ਕੌਰ ਅਤੇ ਰਜਨੀ ਦੀ ਅਗਵਾਈ ਵਿਚ ਔਰਤਾਂ ਦਾ ਵਿਸ਼ਾਲ ਇਕੱਠ ਹੋਇਆ। ਮੁਜ਼ਾਹਰੇ ਉਪਰੰਤ ਐਸ.ਡੀ.ਐਮ. ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
 
ਨੰਗਲ : ਇੱਥੇ ਮਾਰੇ ਗਏ ਪ੍ਰਭਾਵਸ਼ਾਲੀ ਧਰਨੇ ਨੂੰ ਬੀਬੀ ਪਰਮਜੀਤ ਕੌਰ ਅਤੇ ਮਾਇਆ ਦੇਵੀ ਨੇ ਸੰਬੋਧਨ ਕੀਤਾ। ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨੂੰ ਯਾਦ ਪੱਤਰ ਭੇਜਿਆ ਗਿਆ।
 
ਬਟਾਲਾ : ਇੱਥੇ 5 ਦਸੰਬਰ ਨੂੰ ਵਿਸ਼ਾਲ ਧਰਨਾ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਅਗਵਾਈ ਬੀਬੀ ਸੁਰਿੰਦਰ ਕੌਰ ਅਤੇ ਸੱਤਿਆ ਦੇਵੀ ਨੇ ਕੀਤੀ।
ਗੁਰਦਾਸਪੁਰ : ਗੁਰਦਾਸਪੁਰ ਵਿਖੇ 7 ਦਸੰਬਰ ਨੂੰ ਬੀਬੀ ਅਮਰੀਕ ਕੌਰ, ਦੇਵਿੰਦਰ ਕੌਰ, ਕਮਲੇਸ਼ ਰਾਣੀ ਅਤੇ ਜੀਨਤ ਦੀ ਅਗਵਾਈ ਵਿਚ ਭਾਰੀ ਗਿਣਤੀ ਔਰਤਾਂ ਨੇ ਸੂਬਾ ਹਕੂਮਤ ਦੇ ਔਰਤ ਵਿਰੋਧੀ ਰਵੱਈਏ ਖਿਲਾਫ ਜ਼ੋਰਦਾਰ ਰੋਸ ਵਿਖਾਵਾ ਕੀਤਾ।
ਅਜਨਾਲਾ : ਬੀਬੀ ਅਜੀਤ ਕੌਰ ਕੋਟ ਰਜਾਦਾ ਅਤੇ ਬੀਬੀ ਅਜੀਤ ਕੌਰ ਕਾਮਲਪੁਰ ਦੀ ਅਗਵਾਈ ਵਿਚ ਧਰਨਾ ਮਾਰਿਆ ਗਿਆ ਅਤੇ ਮੁੱਖ ਬਜ਼ਾਰਾਂ ਵਿਚ ਰੋਸ ਮਾਰਚ ਕੀਤਾ ਗਿਆ।
 
ਜਲੰਧਰ : ਇੱਥੇ ਐਸ.ਡੀ.ਐਮ. ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ। ਦੇਸ਼ ਭਗਤ ਯਾਦਗਾਰ ਜਲੰਧਰ ਤੋਂ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦੀ ਅਗਵਾਈ ਬੀਬੀ ਪਾਰਵਤੀ, ਕੰਚਨ ਸਿੰਘ, ਮੀਰਾ, ਮੀਨਾ, ਬਿੰਦੂ ਨੇ ਕੀਤੀ।
ਉਕਤ ਧਰਨਿਆਂ ਨੂੰ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਸੀਟੀਯੂ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਵੀ ਭਰਪੂਰ ਸਹਿਯੋਗ ਦਿੱਤਾ।
ਉਪਰੋਕਤ ਤੋਂ ਇਲਾਵਾ ਮਾਨਸਾ ਜਿਲ੍ਹੇ ਦੇ ਕਸਬਾ ਸਰਦੂਲਗੜ੍ਹ ਅਤੇ ਨੇੜੇ ਦੇ ਪਿੰਡਾਂ ਰੋੜਕੀ, ਖੈਰਾ  ਖੁਰਦ, ਆਦਮ ਕੇ ਆਦਿ ਵਿਖੇ ਪੰਜ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਮੇਟੀਆਂ ਚੁਣੀਆਂ ਗਈਆਂ। ਮੀਟਿੰਗਾਂ ਨੂੰ ਸੂਬਾਈ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਸੰਬੋਧਨ ਕੀਤਾ।
ਰਿਪੋਰਟ : ਨੀਲਮ ਘੁਮਾਣ


ਜਮਹੂਰੀ ਕੰਢੀ ਸੰਘਰਸ਼ ਕਮੇਟੀ ਵਲੋਂ ਧਰਨਾ 
ਜਮਹੂਰੀ ਕੰਢੀ ਸੰਘਰਸ਼ ਕਮੇਟੀ ਵਲੋਂ 5 ਜਨਵਰੀ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਰੈਲੀ ਕਰਨ ਤੋਂ ਬਾਅਦ ਧਰਨਾ ਮਾਰਿਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਹਾਕਮ ਧਿਰਾਂ ਨੇ ਹਮੇਸ਼ਾ ਕੰਢੀ ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਜਿਸ ਕਾਰਨ ਅੱਜ ਇਹ ਇਲਾਕਾ ਪੰਜਾਬ ਭਰ ਵਿਚੋਂ ਹਰ ਪੱਖੋਂ ਪਿਛੜ ਗਿਆ ਹੈ। ਇੱਥੇ ਹਾਲੇ ਵੀ ਲੋਕ ਪੀਣ ਵਾਲੇ ਸ਼ੁੱਧ ਪਾਣੀ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਬਹੁਤ ਸਾਰੇ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਪਰਲੋਕ ਸਧਾਰ ਗਏ ਅਤੇ ਬਹੁਤ ਸਾਰੇ ਲੋਕ ਮਹਿੰਗਾ ਇਲਾਜ ਨਾ ਕਰਵਾ ਸਕਣ ਕਰਕੇ ਬੇਵਸ ਤਿਲ ਤਿਲ ਮਰ ਰਹੇ ਹਨ। ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਮਾਸਟਰ ਦੀਵਾਨ ਸਿੰਘ ਥੋਪੀਆ ਨੇ ਕੰਢੀ ਖੇਤਰ ਦੇ ਕਿਸਾਨਾਂ ਦੀ ਵਿੱਥਿਆ ਬਿਆਨ ਕਰਦਿਆਂ ਕਿਹਾ ਕਿ ਅੱਜ ਕੰਢੀ ਦਾ ਕਿਸਾਨ ਜੰਗਲੀ ਤੇ ਅਵਾਰਾ ਜਾਨਵਰਾਂ ਵਲੋਂ ਕੀਤੇ ਜਾ ਰਹੇ ਫਸਲੀ ਉਜਾੜੇ ਕਾਰਨ ਉਜੜਿਆ ਉਜੜਿਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਮੰਗ ਦੇ ਬਾਵਜੂਦ ਬਲਾਚੌਰ ਇਲਾਕੇ ਨੂੰ ਰੇਲ ਸੇਵਾ ਨਾਲ ਨਹੀਂ ਜੋੜਿਆ ਜਾ ਰਿਹਾ। ਉਨ੍ਹਾਂ ਖੇਤਾਂ ਦੀ ਵਾੜ ਲਈ ਕੰਢਿਆਲੀ ਤਾਰ ਸਬਸਿਡੀ 'ਤੇ ਦੇਣ ਸਮੇਤ ਬਾਕੀ ਮੰਗਾਂ ਵਿਸਥਾਰ ਨਾਲ ਪੇਸ਼ ਕੀਤੀਆਂ। ਇਸ ਮੌਕੇ ਚੌਧਰੀ ਹਰਬੰਸ ਲਾਲ ਕਟਾਰੀਆ, ਸਟੇਟ ਅਵਾਰਡੀ ਚੌਧਰੀ ਸੋਮ ਨਾਥ, ਤਰਸੇਮ ਸਿੰਘ ਨਾਗਰਾ, ਵੈਦ ਰਾਮ ਪ੍ਰਕਾਸ਼, ਗੁਰਦਿਆਲ ਸਿੰਘ ਧੌਲ ਸਮੇਤ ਕੁੱਝ ਹੋਰ ਸਾਥੀਆਂ ਨੇ ਵੀ ਆਪਣੇ ਵਿਚਾਰ ਰੱਖੇ।
ਰੈਲੀ ਉਪਰੰਤ ਐਸਡੀਐਮ ਬਲਾਚੌਰ ਜਗਜੀਤ ਸਿੰਘ ਪੀਸੀਐਸ ਨੂੰ ਮੰਗ ਪੱਤਰ ਦੇਣ ਉਪਰੰਤ ਧਰਨੇ ਦੀ ਸਮਾਪਤੀ ਕੀਤੀ ਗਈ।

ਸ਼ੋਕ ਸਮਾਚਾਰ

ਚੌਧਰੀ ਗੁਰਬਚਨ ਸਿੰਘ ਨਹੀਂ ਰਹੇ  
ਉਘੇ ਮੁਲਾਜ਼ਮ ਆਗੂ ਅਤੇ ਸੀ.ਪੀ.ਆਈ.(ਐਮ) ਦੇ ਸੂਬਾ ਦਫਤਰ ਦੇ ਸਕੱਤਰ ਰਹੇ ਸਾਥੀ ਗੁਰਬਚਨ ਸਿੰਘ ਚੌਧਰੀ 8 ਜਨਵਰੀ ਨੂੰ ਕਨਾਡਾ ਵਿਖੇ ਸਦੀਵੀ ਵਿਛੋੜਾ ਦੇ ਗਏ। ਪੰਜਾਬ ਦੀ ਮੁਲਾਜ਼ਮ ਲਹਿਰ ਨੂੰ ਉਸਾਰਨ ਵਿਚ ਸਾਥੀ ਚੌਧਰੀ ਦਾ ਬੜਾ ਉਭਰਵਾਂ ਯੋਗਦਾਨ ਰਿਹਾ ਅਤੇ 1984 ਵਿਚ ਸੇਵਾਮੁਕਤੀ ਉਪਰੰਤ ਉਹ ਇਕ ਪ੍ਰਤੀਬੱਧ ਕਮਿਊਨਿਸਟ ਵਜੋਂ ਕੁਲਵਕਤੀ ਦੇ ਤੌਰ 'ਤੇ ਪਾਰਟੀ ਦਫਤਰ ਵਿਚ ਆ ਗਏ ਸਨ। 70 ਸਾਲ ਦੀ ਉਮਰ ਉਪਰੰਤ ਉਹ ਆਪਣੇ ਪੁੱਤਰ ਕੋਲ ਕਨਾਡਾ ਚਲੇ ਗਏ ਅਤੇ ਉਥੋਂ ਦੀ ਕਮਿਊਨਿਸਟ ਲਹਿਰ ਦਾ ਹਿੱਸਾ ਬਣ ਗਏ।
ਉਥੇ ਰਹਿੰਦੇ ਹੋਏ ਉਨ੍ਹਾਂ ਨੇ 'ਸੰਗਰਾਮੀ ਲਹਿਰ' ਪਰਚੇ ਨੂੰ ਪ੍ਰਮੋਟ ਕਰਨ ਵਿਚ ਵੀ ਚੰਗਾ ਯੋਗਦਾਨ ਪਾਇਆ। ਅਦਾਰਾ 'ਸੰਗਰਾਮੀ ਲਹਿਰ' ਉਨ੍ਹਾਂ ਦੇ ਇਸ ਸਦੀਵੀਂ ਵਿਛੋੜੇ ਮੌਕੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰਦਾ ਹੈ।


ਸਾਥੀ ਸ਼ਲਿੰਦਰ ਸਿੰਘ ਜੌਹਲ ਦਾ ਦਰਦਨਾਕ ਵਿਛੋੜਾ  
ਪਾਰਟੀ ਸਫਾਂ ਵਿਸ਼ੇਸ਼ ਤੌਰ 'ਤੇ ਮੁਲਾਜ਼ਮਾਂ ਦਰਮਿਆਨ ਇਹ ਗੱਲ ਬੜੇ ਦੁੱਖ ਨਾਲ ਸੁਣੀ ਜਾਵੇਗੀ ਕਿ ਜਲੰਧਰ ਜ਼ਿਲ੍ਹੇ ਦੇ ਉਘੇ ਮੁਲਾਜ਼ਮ ਆਗੂ ਸਾਥੀ ਸ਼ਲਿੰਦਰ ਸਿੰਘ ਜੌਹਲ 2 ਜਨਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਪਹਿਲੀ ਜਨਵਰੀ ਨੂੰ ਉਨ੍ਹਾਂ ਦੀ ਬੇਟੀ ਦੀ ਸ਼ਾਦੀ ਸੀ। ਇਸ ਸ਼ੁਭ ਕਾਰਜ ਤੋਂ ਸੁਰਖਰੂ ਹੋ ਕੇ ਉਹ ਰਾਤ ਨੂੰ ਸੁੱਤੇ ਪ੍ਰੰਤੂ ਦਿਲ ਦਾ ਦੌਰਾ ਪੈਣ ਕਾਰਨ ਦੂਜੇ ਦਿਨ ਉਠ ਨਹੀਂ ਸਕੇ। ਉਹ ਅਦਾਰਾ 'ਸੰਗਰਾਮੀ ਲਹਿਰ' ਨਾਲ ਵੀ ਕੁੱਝ ਸਮਾਂ ਜੁੜੇ ਰਹੇ। ਅਦਾਰਾ 'ਸੰਗਰਾਮੀ ਲਹਿਰ' ਉਨ੍ਹਾਂ ਦੀ ਇਸ ਬੇਵਕਤ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।

ਸਹਾਇਤਾ (ਸੰਗਰਾਮੀ ਲਹਿਰ, ਜਨਵਰੀ-ਫਰਵਰੀ 2017)

ਬੀਬੀ ਸਿਮਰਨਜੀਤ ਕੌਰ ਦੋਹਤਰੀ ਕਾਮਰੇਡ ਪਰਮਜੀਤ ਸਿੰਘ ਦਾ ਸ਼ੁਭ ਵਿਆਹ ਕਾਕਾ ਮਨਜਿੰਦਰ ਸਿੰਘ ਪੁੱਤਰ ਸ. ਇੰਦਰਜੀਤ ਸਿੰਘ ਨਾਲ ਹੋਣ ਦੀ ਖੁਸ਼ੀ ਵਿਚ ਲੜਕੀ ਪਰਿਵਾਰ ਵਲੋਂ 5000 ਰੁਪਏ ਆਰ.ਐਮ.ਪੀ.ਆਈ. ਸੂਬਾ ਕਮੇਟੀ ਅਤੇ 1000 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸਤਪਾਲ ਲੱਠ ਅਤੇ ਤਰਿਪਤਾ ਦੇਵੀ ਨੇ ਆਪਣੀ ਪੋਤੀ ਅਨੀਕਾ ਮੌਦਗਿਲ ਦੇ ਤੀਜੇ ਜਨਮ ਦਿਨ ਅਤੇ ਪੋਤੇ ਅਰੁਣ ਮੋਦਗਿਲ (ਸਪੁੱਤਰੀ ਅਤੇ ਸਪੁੱਤਰ ਸ਼੍ਰੀਮਤੀ ਵੰਦਨਾ ਸ਼ਰਮਾ ਤੇ ਸੰਜੀਵ ਕੁਮਾਰ) ਦੇ ਚੌਥੇ ਜਨਮ ਦਿਨ ਦੀ ਖੁਸ਼ੀ ਮੌਕੇ ਜਨਤਕ ਜਥੇਬੰਦੀਆਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਨੱਥਾ ਸਿੰਘ, ਸੂਬਾ ਕਮੇਟੀ ਮੈਂਬਰ ਆਰ.ਐਮ.ਪੀ.ਆਈ., ਪੰਜਾਬ ਰਾਜ ਕਮੇਟੀ ਅਤੇ ਜਨਰਲ ਸਕੱਤਰ ਸੀ.ਟੀ.ਯੂ. ਪੰਜਾਬ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਢਡਵਾਲ ਨੇ ਆਪਣੇ ਸਪੁੱਤਰ ਸਤਨਾਮ ਸਿੰਘ ਦੀ ਸ਼ਾਦੀ ਗੁਰਮੀਤ ਕੌਰ (ਸਪੁਤਰੀ ਜਨਕ ਸਿੰਘ ਤੇ ਜਸਵਿੰਦਰ ਕੌਰ ਪਿੰਡ ਰਾਣੀਪੁਰ) ਨਾਲ ਹੋਣ ਦੀ ਖੁਸ਼ੀ ਮੌਕੇ ਪਾਰਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਜਨਕ ਰਾਜ ਵਸ਼ਿਸ਼ਟ, ਟਰੇਡ ਯੂਨੀਅਨ ਆਗੂ ਅਤੇ ਸ਼੍ਰੀਮਤੀ ਵਿਜੇ ਕੁਮਾਰੀ ਨੇ ਆਪਣੀ ਸਪੁਤਰੀ ਏਕਤਾ ਦੀ ਸ਼ਾਦੀ ਮੁਨੀਸ਼ ਸੰਦਲ (ਸਪੁੱਤਰ ਜੀਵਨ ਸਿੰਘ ਸੰਦਲ ਅਤੇ ਸ੍ਰੀਮਤੀ ਸਰਲਾ ਸੰਦਲ, ਸ਼ਿਮਲਾ) ਨਾਲ ਹੋਣ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਸਟਰ ਸਰਦੂਲ ਸਿੰਘ ਉਸਮਾ ਤਰਨ ਤਾਰਨ ਨੇ ਆਰ.ਐਮ.ਪੀ.ਆਈ. ਦੇ ਗਠਨ ਦੀ ਖੁਸ਼ੀ ਵਿਚ ਪਾਰਟੀ ਤਹਿਸੀਲ ਕਮੇਟੀ ਨੂੰ 750 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਮਹਿੰਦਰ ਸਿੰਘ ਖੈਰੜ ਜ਼ਿਲ੍ਹਾ ਸਕੱਤਰ, ਆਰ.ਐਮ.ਪੀ.ਆਈ. ਹੁਸ਼ਿਆਰਪੁਰ ਅਤੇ ਸੂਬਾ ਕਮੇਟੀ ਮੈਂਬਰ ਨੇ ਆਪਣੇ ਬੇਟੇ ਪ੍ਰੋਫੈਸਰ ਤਲਵਿੰਦਰ ਸਿੰਘ ਸ਼ੇਤਰਾ ਦੇ ਅਮਰੀਕਾ ਦੀ ਯੂਬਾ ਸਿਟੀ ਵਿਖੇ ਅਲਾਈ ਬੁੱਕ ਨਗਰ ਦੇ ਸਕੂਲ ਬੋਰਡ ਦੇ ਮੈਂਬਰ ਚੁਣੇ ਜਾਣ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਬਖਤੌਰ ਸਿੰਘ ਦੂਲੋਵਾਲ (ਮਾਨਸਾ) ਦੇ ਵੱਡੇ ਭਰਾ ਸ਼੍ਰੀ ਕਾਕਾ ਸਿੰਘ ਦੂਲੋਵਾਲ ਦੀਆਂ ਅੰਤਮ ਰਸਮਾਂ ਮੌਕੇ ਪਰਿਵਾਰ ਵਲੋਂ ਪਾਰਟੀ ਦੀ ਜ਼ਿਲ੍ਹਾ ਕਮੇਟੀ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।