Saturday 1 March 2014

ਜੇ ਪੀ ਐੱਮ ਓ ਦੇ ਆਗੂਆਂ ਵੱਲੋਂ ਪ੍ਰਾਪਰਟੀ ਟੈਕਸ ਵਿਰੁੱਧ ਨੰਗੇ ਧੜ ਮੁਜ਼ਾਹਰਾ

ਅਜਨਾਲਾ ਸ਼ਹਿਰ ਦੇ ਬਜ਼ਾਰਾਂ ਵਿਚ 20 ਜਨਵਰੀ ਨੂੰ ਅਤਿ ਦੀ ਠੰਢ ਤੇ ਖਰਾਬ ਮੌਸਮ ਦੇ ਬਾਵਜੂਦ ਜੇ ਪੀ ਐਮ ਓ (ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ) ਦੇ ਰੋਹ ਵਿਚ ਆਏ ਕਾਰਕੁਨਾਂ ਤੇ ਆਗੂਆਂ ਨੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਨੰਗੇ ਧੜ ਕਥਿਤ ਤੌਰ 'ਤੇ ਨਜਾਇਜ਼ ਠੋਕੇ ਗਏ ਪ੍ਰਾਪਰਟੀ ਟੈਕਸ ਤੇ ਪਲਾਟ ਰੈਗੂਲਰਾਈਜੇਸ਼ਨ ਫੀਸ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਨੰਗੇ ਧੜ ਨਾਅਰੇਬਾਜ਼ੀ ਕਰ ਰਹੇ ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਲੋਕਾਂ 'ਤੇ ਕਥਿਤ ਤੌਰ 'ਤੇ ਨਜਾਇਜ਼ ਥੋਪੇ ਗਏ ਉਕਤ ਜਜੀਆ ਟੈਕਸ ਫੌਰੀ ਤੌਰ 'ਤੇ ਵਾਪਸ ਲਏ ਜਾਣ। ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸੂਬਾਈ ਆਗੂ ਡਾ: ਸਤਨਾਮ ਸਿੰਘ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਕਿਸਾਨ, ਦਿਹਾਤੀ ਮਜ਼ਦੂਰ, ਨੌਜੁਆਨ, ਨਿਰਮਾਣ ਮਜ਼ਦੂਰ ਜਥੇਬੰਦੀਆਂ ਦੇ ਬੀਰ ਸਿੰਘ ਭੱਖੇ, ਸੂਰਤ ਸਿੰਘ ਕੋਟਰਜ਼ਾਦਾ, ਜੋਗਿੰਦਰ ਸਿੰਘ ਰਾਏਪੁਰ, ਝੰਡਾ ਸਿੰਘ ਰਾਏਪੁਰ ਖੁਰਦ, ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ, ਜਗੀਰ ਸਿੰਘ ਲੀਡਰ ਸਾਰੰਗਦੇਵ ਆਦਿ ਆਗੂਆਂ ਨੇ ਸਰੀਰ ਤੋਂ ਕੱਪੜੇ ਉਤਾਰੇ ਹੋਏ ਸਨ, ਜਦੋਂਕਿ ਸ਼ਾਮਲ ਜਨਵਾਦੀ ਇਸਤਰੀ ਸਭਾ ਆਗੂ ਬੀਬੀ ਅਜੀਤ ਕੌਰ ਕੋਟਰਜ਼ਾਦਾ, ਸੁਖਜਿੰਦਰ ਕੌਰ ਤਲਵੰਡੀ, ਸਿਮਰਜੀਤ ਕੌਰ ਸਮੇਤ ਹੋਰ ਮਹਿਲਾ ਆਗੂਆਂ ਨੇ ਸਿਰਾਂ ਤੋਂ ਗਰਮ ਸ਼ਾਲ ਤੇ ਦੁਪੱਟੇ ਲਾਹੇ ਹੋਏ ਸਨ। ਰੋਸ ਮੁਜ਼ਾਹਰੇ ਤੋਂ ਪਹਿਲਾਂ ਸ਼ਹਿਰ ਵਿਚ ਸੀ ਪੀ ਐੱਮ ਪੰਜਾਬ ਦੇ ਦਫਤਰ ਸਾਹਮਣੇ ਹੋਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਡਾ: ਸਤਨਾਮ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੂਬਾ ਮੀਤ ਪ੍ਰਧਾਨ ਡਾ: ਬਲਵਿੰਦਰ ਸਿੰਘ ਛੇਹਰਟਾ, ਨੌਜੁਆਨ ਆਗੂ ਕੁਲਵੰਤ ਸਿੰਘ ਮੱਲੂਨੰਗਲ, ਕਰਨੈਲ ਸਿੰਘ ਭਿੰਡੀਸੈਦਾਂ, ਕਾਬਲ ਸਿੰਘ ਸ਼ਾਲੀਵਾਲ, ਸ਼ਿਵ ਕੁਮਾਰ ਚੋਗਾਵਾਂ, ਪ੍ਰੀਤਮ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ ਦੁਧਰਾਏ, ਪ੍ਰਕਾਸ਼ ਸਿੰਘ ਸ਼ਾਲੀਵਾਲ, ਗੁਰਪ੍ਰੀਤ ਸਿੰਘ ਕੋਟਲੀ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਉਕਤ ਲੋਕ ਮਾਰੂ ਟੈਕਸ ਸੂਬਾ ਸਰਕਾਰ ਨੇ ਰੱਦ ਨਾ ਕੀਤੇ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਬਾਅਦ ਵਿਚ ਮੁਜ਼ਾਹਰਾਕਾਰੀਆਂ ਨੇ ਐਸ ਡੀ ਐਮ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਧਰਨਾ ਸਥੱਲ 'ਤੇ ਪੁੱਜ ਕੇ ਤਹਿਸੀਲਦਾਰ ਸ੍ਰੀ ਅੰਮ੍ਰਿਤ ਲਾਲ ਵੱਲੋਂ ਮੰਗ ਪੱਤਰ ਪ੍ਰਾਪਤ ਕਰਨ ਬਾਅਦ ਧਰਨੇ ਨੂੰ ਸਮਾਪਤ ਕੀਤਾ।

No comments:

Post a Comment