ਸਮੁੱਚੇ ਦੇਸ਼ ਭਗਤਾਂ ਤੇ ਜਮਹੂਰੀਅਤ ਪਸੰਦ ਲੋਕਾਂ ਵਾਸਤੇ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਦੀ ਹਕੂਮਤ ਨੇ ਵੀ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਵਾਲੇ ਪਿੰਡ ਨੂੰ ਵਿਰਾਸਤੀ ਥਾਂ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਹੈ। ਫੈਸਲਾਵਾਦ ਜ਼ਿਲ੍ਹੇ ਦੇ ਡੀ. ਓ. ਸੀ. ( ਭਾਰਤ ਵਿੱਚ ਡੀ. ਸੀ. ਦੇ ਬਰਾਬਰ ਰੁਤਬੇ ਵਾਲਾ ) ਨੂਰ-ਉਲ ਅਮੀਨ ਮੈਂਗਲ ਦੇ ਹਵਾਲੇ ਨਾਲ ਉੱਥੋਂ ਦੇ ਇੱਕ ਮਸ਼ਹੂਰ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਖ਼ਬਰ ਅਨੁਸਾਰ ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ ਪਿੰਡ ਚੱਕ ਨੰਬਰ 105 ਜੀ. ਬੀ. (ਬੰਗੇ) ਇੱਕ ਵਿਰਾਸਤੀ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਦੀ ਸਮੁੱਚੀ ਦੇਖ ਰੇਖ ਲਾਇਲਪੁਰ ਵਿਰਾਸਤੀ ਫਾਊਂਡੇਸ਼ਨ ਕਰੇਗੀ। ਅਖ਼ਬਾਰ ਨੇ ਇੱਕ ਹੋਰ ਰੂਹ ਰੁਸ਼ਨਾਊ ਹਵਾਲਾ ਦਿੰਦੇ ਹੋਏ ਦੱਸਿਆ ਕਿ ਭਗਤ ਸਿੰਘ ਦੇ ਵਡੇਰਿਆਂ ਦੇ ਜੱਦੀ ਘਰ 'ਤੇ ਕਾਬਜ਼ ਵਕੀਲ, ਮੁਹੰਮਦ ਇਕਬਾਲ ਵਿਰਕ ਦੇ ਪਰਿਵਾਰ ਨੇ ਭਾਵੇਂ ਇਹ ਘਰ ਲਗਭਗ ਨਵੇਂ ਸਿਰਿਓਂ ਉਸਾਰ ਲਿਆ ਹੈ ਪਰੰਤੂ ਦੋ ਕਮਰੇ ਜਿਹਨਾਂ ਵਿੱਚ ਸ਼ਹੀਦ-ਏ-ਆਜ਼ਮ ਦੇ ਪਰਿਵਾਰ ਨਾਲ ਸਬੰਧਤ ਸਮਾਨ ਪਿਆ ਹੈ, ਹਾਲੇ ਉਸ ਤਰ੍ਹਾਂ ਰੱਖੇ ਹੋਏ ਹਨ। ਜਿਕਰਯੋਗ ਹੈ ਕਿ ਇਹਨਾਂ ਕਮਰਿਆਂ ਵਿੱਚ ਸ਼ਹੀਦ ਭਗਤ ਸਿੰਘ ਦੀ ਮਾਤਾ ਦਾ ਚਰਖ਼ਾ, ਇੱਕ ਵੱਡੀ ਆਟਾ ਗੁੰਨਣ ਵਾਲੀ ਪਰਾਂਤ, ਦੋ ਲੱਕੜ ਦੇ ਸੰਦੂਕ ਇੱਕ ਲੋਹੇ ਦੀ ਪੇਟੀ ਅਤੇ ਹੋਰ ਨਿਕ ਸੁੱਕ ਸਾਂਭਿਆ ਹੋਇਆ ਹੈ। ਐਡਵੋਕੇਟ ਵਿਰਕ ਨੇ ਭਰੇ ਮਨ ਨਾਲ ਦੱਸਿਆ ਕਿ ਜਿਸ ਪ੍ਰਾਇਮਰੀ ਸਕੂਲ ਵਿੱਚ ਸ਼ਹੀਦ ਭਗਤ ਸਿੰਘ ਹੋਰੀ ਪੜ੍ਹੇ ਸਨ, ਉਹ ਅਤਿ ਖਸਤਾ ਹਾਲਤ ਵਿਚ ਵਿਚ ਹੈ।
ਇਸ ਖ਼ਬਰ 'ਤੇ ਟਿੱਪਣੀ ਕਰਦਿਆਂ ਸ਼ਹੀਦ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਜਿੱਥੇ ਵਿਰਕ ਪਰਿਵਾਰ ਦੀ ਸ਼ਲਾਘਾ ਕੀਤੀ, ਨਾਲ ਹੀ ਉਹਨਾਂ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੇ ਇਸ ਉਦਮ ਨਾਲ ਜੁੜਨਾ ਚਾਹੀਦਾ ਹੈ ਅਤੇ ਇਸ ਸਬੰਧੀ ਯੂਨੈਸਕੋ ਨੂੰ ਵੀ ਨਾਲ ਲੈਣਾ ਚਾਹੀਦਾ ਹੈ। ਪਾਠਕਾਂ ਲਈ ਇਹ ਜਾਨਣਾ ਵੀ ਖੁਸ਼ੀ ਯੋਗ ਹੋਵੇਗਾ ਕਿ ਉੱਘੇ ਮਾਨਵਤਾ ਪ੍ਰੇਮੀ ਸਰ ਗੰਗਾ ਰਾਮ ਦਾ ਜੱਦੀ ਪਿੰਡ ਵੀ ਇਸ ਇਲਾਕੇ ਵਿੱਚ ਪੈਂਦਾ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੇ ਖੱਬੇ ਪੱਖੀ ਤੇ ਅਗਾਂਹਵਧੂ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦੇ ਹੋਏ ਲਾਹੌਰ ਸ਼ਹਿਰ ਵਿਚਲੇ ਇੱਕ ਚੌਂਕ ਦਾ ਨਾਂਅ ਵੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ 'ਤੇ ਰੱਖ ਚੁੱਕੀ ਹੈ। ਭਾਵੇਂ ਕਿ ਪਾਕਿ ਵਿਚਲੇ ਕੱਟੜਪੰਥੀ ਇਸ ਦਾ ਘੋਰ ਵਿਰੋਧ ਕਰਦੇ ਹੋਏ ਸ਼ਹੀਦਾਂ ਦੇ 23 ਮਾਰਚ ਦੇ ਸ਼ਹੀਦੀ ਦਿਨਾਂ ਮੌਕੇ ਉਹਨਾਂ ਦੀ ਵਿਚਾਰਧਾਰਾ ਨੂੰ ਪੇਸ਼ ਕਰਦੇ ਨਾਟਕਾਂ ਨੂੰ ਰੋਕਣ ਲਈ ਹਿੰਸਕ ਹੁੰਦੇ ਹੋਏ ਗੋਲੀਆਂ ਦੀ ਬੁਛਾੜ ਵੀ ਕਰਦੇ ਹਨ ਪਰ ਉਹਨਾਂ ਨੌਜਵਾਨਾਂ ਦਾ ਵੀ ਜਿਗਰਾ ਧੰਨ ਹੈ ਜੋ ਕੱਟੜਪੰਥੀਆਂ ਦੀਆਂ ਵਰ੍ਹਦੀਆਂ ਗੋਲੀਆਂ ਵਿੱਚ ਵੀ ਆਪਣੀ ਗੱਲ ਕਹਿਣ ਤੋਂ ਨਹੀਂ ਰੁਕਦੇ।
No comments:
Post a Comment