Tuesday 8 November 2016

ਸੰਪਾਦਕੀ: ਪੰਜਾਬ ਅਸੰਬਲੀ ਚੋਣਾਂ ਅਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਏਕੇ ਦੀ ਮਹੱਤਤਾ

ਪੰਜਾਬ ਵਿਚ 2017 ਅੰਦਰ ਹੋਣ ਵਾਲੀਆਂ ਅਸੈਂਬਲੀ ਚੋਣਾਂ ਉਂਝ ਤਾਂ ਸਮੁੱਚੇ ਦੇਸ਼ ਲਈ, ਪ੍ਰੰਤੂ ਪੰਜਾਬ ਲਈ ਵਿਸ਼ੇਸ਼ ਮਹੱਤਤਾ ਰੱਖਦੀਆਂ ਹਨ। ਬੀ.ਜੇ.ਪੀ. ਦੀ ਅਗਵਾਈ ਵਾਲੀ ਕੇਂਦਰੀ ਸਰਕਾਰ, ਜੋ ਪੰਜਾਬ ਵਿਚ ਅਕਾਲੀ ਦਲ ਦੀ ਭਾਈਵਾਲ ਹੈ, ਆਰਥਿਕ ਤੌਰ 'ਤੇ ਦੇਸ਼ ਨੂੰ ਗੁਲਾਮ ਬਣਾਉਣ ਦੇ ਰਾਹ ਤੁਰੀ ਹੋਈ ਹੈ। ਭਾਰਤ ਦੀ ਸਾਮਰਾਜ ਨਾਲ ਅਜੋਕੀ ਯੁਧਨੀਤਕ ਸਾਂਝ ਆਜ਼ਾਦੀ ਤੋਂ ਬਾਅਦ ਸ਼ਾਇਦ ਦੇਸ਼ ਨਾਲ ਸਭ ਤੋਂ ਵੱਡੀ ਧੋਖੇਬਾਜ਼ੀ ਹੈ। ਸੰਘ ਪਰਿਵਾਰ, ਦੇਸ਼ ਨੂੰ 'ਹਿੰਦੂ ਰਾਸ਼ਟਰ' ਬਣਾਉਣ ਦੇ ਇਰਾਦੇ ਨਾਲ ਘੱਟ ਗਿਣਤੀਆਂ ਵਿਰੁੱਧ ਨਫਰਤ ਭਰਿਆ ਅੱਤ ਦਾ ਫਿਰਕੂ ਪ੍ਰਚਾਰ ਹੀ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਉਪਰ ਸਰੀਰਕ ਹਮਲੇ ਕਰਨ ਦੀਆਂ ਵੀ ਸਾਰੀਆਂ ਸੀਮਾਵਾਂ ਪਾਰ ਕਰ ਰਿਹਾ ਹੈ। ਪੰਜਾਬ ਅੰਦਰ ਅਕਾਲੀ ਦਲ-ਭਾਜਪਾ ਹਕੂਮਤ ਨੇ ਪਿਛਲੇ ਦਸਾਂ ਸਾਲਾਂ ਵਿਚ ਅੰਨ੍ਹੀ ਲੁੱਟ ਮਚਾਈ ਹੈ। ਸਰਕਾਰ ਦੀ ਸਰਪ੍ਰਸਤੀ ਹੇਠ ਭੌਂ ਮਾਫੀਆ, ਰੇਤਾ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਆਦਿ ਨੇ ਹਰ ਤਰ੍ਹਾਂ ਦੇ ਕੁਕਰਮ ਕਰਕੇ ਅਰਬਾਂ ਖਰਬਾਂ ਰੁਪਏ ਹੀ ਨਹੀਂ ਕਮਾਏ, ਸਗੋਂ ਗੈਂਗਸਟਰਾਂ ਦੇ ਗੈਂਗ ਖੜ੍ਹੇ ਕਰਕੇ ਸੂਬੇ ਅੰਦਰ ਪੂਰੀ ਤਰ੍ਹਾਂ ਜੰਗਲ  ਰਾਜ ਸਥਾਪਤ ਕਰ ਦਿੱਤਾ ਹੈ। ਪੂਰੀ ਅਫਸਰਸ਼ਾਹੀ ਦਾ ਸਰਕਾਰੀਕਰਨ ਕਰ ਦਿੱਤਾ ਗਿਆ ਹੈ, ਜੋ ਵਿਰੋਧੀ ਧਿਰਾਂ, ਖਾਸਕਰ ਸੰਘਰਸ਼ਸ਼ੀਲ ਕਿਰਤੀਆਂ, ਕਿਸਾਨਾਂ, ਪੜ੍ਹੇ-ਲਿਖੇ ਨੌਜਵਾਨਾਂ ਉਪਰ ਲੂ ਕੰਡੇ ਖੜ੍ਹੇ ਕਰਨ ਵਾਲਾ ਜ਼ਬਰ ਢਾਹ ਰਿਹਾ ਹੈ। ਜਨ ਸਮੂਹਾਂ ਵਿਚ ਇਸ ਸਰਕਾਰ ਪ੍ਰਤੀ ਨਫਰਤ ਦੀ ਸੀਮਾਂ ਇਸ ਪੱਧਰ 'ਤੇ ਚੜ੍ਹੀ ਹੋਈ ਹੈ ਕਿ ਉਹ ਇਸ ਗਠਜੋੜ ਦੇ ਤੀਸਰੀ ਵਾਰ ਸੱਤਾ ਸੰਭਾਲਣ ਦੇ ਬਾਰੇ ਸੋਚ ਕੇ ਪਹਿਲਾਂ ਹੀ ਭੈ ਭੀਤ ਹੋਈ ਬੈਠੇ ਹਨ। ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੇ ਵਿਰੁੱਧ ਜਨਤਕ ਰੋਹ ਚਰਮ ਸੀਮਾਂ ਉਪਰ ਹੈ।
ਇਸ ਅਵਸਥਾ ਤੋਂ ਲਾਹਾ ਲੈ ਕੇ ਕਾਂਗਰਸ ਪਾਰਟੀ ਤੇ 'ਆਪ' ਵਰਗੇ ਦਲ ਪੰਜਾਬ ਦੀ ਸੱਤਾ ਸਾਂਭਣ ਲਈ ਅੱਤ ਦੇ ਝੂਠੇ ਵਾਅਦੇ ਕਰਕੇ ਹਰ ਪਾਪੜ ਵੇਲ ਰਹੇ ਹਨ। ਨਵ ਉਦਾਰਵਾਦੀ ਨੀਤੀਆਂ ਦੀ ਜਨਣੀ ਕਾਂਗਰਸ ਪਾਰਟੀ ਜਿਸ ਦੀਆਂ ਆਰਥਿਕ ਨੀਤੀਆਂ ਕਾਰਨ ਮਹਿੰਗਾਈ, ਬੇਕਾਰੀ, ਭੁਖਮਰੀ, ਅਨਪੜ੍ਹਤਾ ਤੇ ਭਰਿਸ਼ਟਾਚਾਰ ਤੋਂ ਸਿਵਾਏ ਲੋਕਾਂ ਨੂੰ ਹੋਰ ਕੁਝ ਵੀ ਨਸੀਬ ਨਹੀਂ ਹੋਇਆ, ਅੱਜ ਫੇਰ ਲੋਕ ਹਿਤੂ ਹੋਣ ਦਾ ਨਕਾਬ ਪਾ ਕੇ ਪੰਜਾਬ ਦੇ ਲੋਕਾਂ ਨੂੰ ਠੱਗਣਾ ਚਾਹੁੰਦੀ ਹੈ। ਕਾਂਗਰਸੀ ਆਗੂ ਮੌਜੂਦਾ ਸਰਕਾਰ ਨੂੰ ਨਿੱਜੀ ਰੂਪ ਵਿਚ ਭੰਡਣ ਤੇ ਲੋਕਾਂ ਨੂੰ ਸ਼ਬਜਬਾਗ ਦਿਖਾ ਕੇ ਉਨ੍ਹਾਂ ਦੀ ਇਹ ਸਮਝਦੇ ਹਨ ਕਿ ਅਕਾਲੀਆਂ ਤੇ ਭਾਜਪਾਈਆਂ ਦੇ ਸਤਾਏ ਲੋਕਾਂ ਉਨ੍ਹਾਂ ਉਨ੍ਹਾਂ ਦੀ ਝੋਲੀ ਵੋਟਾਂ ਨਾਲ ਭਰ ਦੇਣਗੇ? ਜਿਵੇਂ ਕਾਠ ਦੀ ਗੱਡੀ ਵਾਰ-ਵਾਰ ਚੁਲ੍ਹੇ ਨਹੀਂ ਚੜ੍ਹਦੀ, ਇਸੇ ਤਰ੍ਹਾਂ ਭਾਂਪਿਆ ਜਾ ਸਕਦਾ ਹੈ ਕਿ ਕਾਂਗਰਸ, ਵਰਗੀ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਦਾ ਮੁੱਢ ਬੰਨਣ ਵਾਲੀ ਤੇ ਸਰਕਾਰੀ ਖੇਤਰ ਦਾ ਭੋਗ ਪਾ ਕੇ ਦੇਸ਼ ਨੂੰ ਨਿੱਜੀਕਰਨ ਤੇ ਠੇਕੇਦਾਰੀ ਦੀ ਪਟੜੀ ਚਾੜ੍ਹਨ ਵਾਲੀ, ਪਾਰਟੀ ਤੋਂ ਪੰਜਾਬ ਦੇ ਅਣਖੀ ਲੋਕ ਧੋਖਾ ਨਹੀਂ ਖਾਣਗੇ।
'ਆਪ' ਜਿਸਨੇ 'ਆਮ ਆਦਮੀ' ਦੇ ਨਾਮ ਦੀ ਘੋਰ ਦੁਰਵਰਤੋਂ ਤੇ ਲੋਕ ਲੁਭਾਉਣੇ ਵਾਅਦੇ ਕਰਕੇ ਤੇ ਖਾਸਕਰ ਭਰਿਸ਼ਟਾਚਾਰ ਨੂੰ ਖਤਮ ਕਰਕੇ ਭਰਿਸ਼ਟਾਚਾਰ ਰਹਿਤ ਪ੍ਰਬੰਧ ਸਭ ਨੂੰ ਰੁਜਗਾਰ ਦੇਣ ਵਾਲਾ ਤੇ ਗਰੀਬਾਂ ਦੇ ਕਰਜ਼ੇ ਮੁਆਫ ਕਰਨ ਵਾਲਾ ਰਾਜ ਸਥਾਪਤ ਕਰਕੇ, ਲੋਕਾਂ ਖਾਸਕਰ ਦਰਮਿਆਨੇ ਤਬਕੇ ਦੇ ਨੌਜਵਾਨ ਲੜਕੇ-ਲੜਕੀਆਂ ਉਪਰ ਵਿਸ਼ੇਸ਼ ਪ੍ਰਭਾਵ ਪਾਇਆ ਸੀ। ਅੱਜ ਆਪਣੀ ਦਿੱਲੀ ਸਰਕਾਰ ਦੀ ਘਟੀਆ ਕਾਰਗੁਜ਼ਾਰੀ, 'ਆਪ' ਨੇਤਾਵਾਂ ਵਲੋਂ ਕੀਤੀਆਂ ਜਾ ਰਹੀਆਂ ਭਰਿਸ਼ਟ, ਧੋਖਾਧੜੀ ਵਾਲੀਆਂ ਤੇ ਗੈਰ ਇਖਲਾਕੀ ਹਰਕਤਾਂ ਸਦਕਾ, ਆਮ ਲੋਕਾਂ ਦੇ ਮਨਾਂ ਵਿਚੋਂ ਲਗਾਤਾਰ ਨਿੱਖੜਦੀ ਜਾ ਰਹੀ ਹੈ। ਭਾਵੇਂ ਕਿ ਹਾਲੇ ਵੀ ਅਕਾਲੀ ਦਲ-ਭਾਜਪਾ ਵਿਰੁੱਧ ਲੋਕ ਰੋਹ ਦੀ ਉਠੀ ਲਹਿਰ ਦਾ ਇਕ ਹਿੱਸਾ 'ਆਪ' ਦੁਆਲੇ ਜ਼ਰੂਰ ਗੋਲਬੰਦ ਹੋ ਰਿਹਾ ਹੈ। 'ਆਪ' ਦੀ ਕਾਰਗੁਜਾਰੀ ਤੇ ਵਿਵਹਾਰ ਤੋਂ ਖ਼ਫ਼ਾ ਹੋ ਕੇ ਇਸਦੇ ਆਗੂਆਂ ਤੇ ਧਰਾਤਲ ਦੀ ਪੱਧਰ ਉਪਰ ਕੰਮ ਕਰਨ ਵਾਲੇ 'ਵਲੰਟੀਅਰਜ਼' ਦਾ ਇਕ ਹਿੱਸਾ ਭਾਵੇਂ ਇਸਤੋਂ ਬਾਹਰ ਆ ਗਿਆ ਹੈ, ਪ੍ਰੰਤੂ ਅਜੇ ਉਹ ਕਿਸੇ ਹੋਰ ਲੋਕ ਪੱਖੀ ਤੇ ਜਮਹੂਰੀ ਰਾਜਨੀਤਕ ਮੁਤਬਾਦਲ ਦੇ ਨਾ ਉਭਰਨ ਦੀ ਹਾਲਤ ਵਿਚ 'ਸ਼ਸ਼ੋਪੰਜ' ਦੀ ਅਵਸਥਾ ਵਿਚ ਹੈ।
ਇਹ ਨਾਜੁਕ ਸਮਾਂ ਕਮਿਊਨਿਸਟ ਪਾਰਟੀਆਂ ਤੇ ਹੋਰ ਦੂਸਰੀਆਂ ਜਮਹੂਰੀ ਸ਼ਕਤੀਆਂ ਨੂੰ ਇਕ ਐਸਾ ਮੌਕਾ ਪ੍ਰਦਾਨ ਕਰਦਾ ਹੈ ਕਿ ਉਹ ਆਪਣੇ ਪਿਛਲੇ ਲੋਕ ਹਿਤਾਂ ਲਈ ਜੂਝਣ ਵਾਲੇ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਫਿਰਕੂ ਸ਼ਕਤੀਆਂ ਵਿਰੁੱਧ ਲੜਦਿਆਂ ਆਪਣੀਆਂ ਜਾਨਾਂ ਵਾਰਨ ਅਤੇ ਮੁਢ ਤੋਂ ਹੀ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਖਿਲਾਫ ਲੜੇ ਗਏ ਸੰਘਰਸ਼ਾਂ ਸਦਕਾ ਅਕਾਲੀ ਦਲ-ਭਾਜਪਾ ਸਰਕਾਰ ਪ੍ਰਤੀ ਲੋਕਾਂ ਵਿਚ ਪੈਦਾ ਹੋਏ ਰੋਹ ਨੂੰ ਖੱਬੀ ਤੇ ਜਮਹੂਰੀ ਦਿਸ਼ਾ ਵੱਲ ਮੋੜਾ ਦੇ ਕੇ ਪ੍ਰਾਂਤ ਵਿਚ ਇਕ ਮਜ਼ਬੂਤ ਇਨਕਲਾਬੀ ਲਹਿਰ ਉਸਾਰਨ ਦਾ ਨੀਂਹ ਪੱਥਰ ਰੱਖਣ। ਇਹ ਸੇਧ ਲੈਂਦਿਆਂ ਹੋਇਆਂ ਕਾਂਗਰਸ ਤੇ 'ਆਪ' ਵਰਗੀਆਂ ਮੌਕਾਪ੍ਰਸਤ ਤੇ ਨਵਉਦਾਰਵਾਦੀ ਆਰਥਿਕ ਨੀਤੀਆਂ ਦੀਆਂ ਮੁੜੈਲੀ ਰਾਜਨੀਤਕ ਪਾਰਟੀਆਂ ਨਾਲ ਕੋਈ ਸਿੱਧਾ ਜਾਂ ਅਸਿੱਧਾ ਗਠਜੋੜ ਜਾ ਲਿਹਾਜੂ ਵਤੀਰਾ ਸਮੂਹ ਕਿਰਤੀਆਂ ਦੇ ਹਿਤਾਂ ਨਾਲ ਗੱਦਾਰੀ ਕਰਨ ਦੇ ਸਮਾਨ ਹੋਵੇਗਾ, ਜੋ ਅਕਾਲੀ ਦਲ-ਭਾਜਪਾ, ਕਾਂਗਰਸ ਤੇ ਆਪ ਤੋਂ ਭਿੱਨ ਕੋਈ ਲੋਕ ਪੱਖੀ ਰਾਜਸੀ ਮੁਤਬਾਦਲ ਉਸਾਰਨ ਲਈ ਸਮੂਹ ਖੱਬੀਆਂ ਧਿਰਾਂ ਤੋਂ ਭਾਰੀ ਆਸਾਂ ਲਾਈ ਬੈਠੀਆਂ ਹਨ। ਇਨ੍ਹਾਂ ਤਿੰਨਾਂ ਲੋਕ ਦੁਸ਼ਮਣ ਰਾਜਸੀ ਧਿਰਾਂ ਤੋਂ ਬਾਹਰ ਬੈਠੇ ਖੱਬੇ ਤੇ ਜਮਹੂਰੀ ਤੱਤ ਵੀ ਤਦ ਹੀ ਕੋਈ ਹਾਂ ਪੱਖੀ ਪੈਂਤੜਾ ਲੈ ਸਕਣਗੇ, ਜੇਕਰ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ, ਜੋ ਪਿਛਲੇ ਦੋ ਕੁ ਸਾਲਾਂ ਤੋਂ ਲੋਕ ਮੁੱਦਿਆਂ ਉਪਰ ਅਧਾਰਤ ਸਾਂਝੇ ਘੋਲ ਲਾਮਬੰਦ ਕਰਦੀਆਂ ਰਹੀਆਂ ਹਨ, ਇਕਮੁਠ ਰਹਿਕੇ ਅਸੂਲੀ ਪੈਂਤੜਾ ਲੈਣ। ਆਮ ਲੋਕਾਂ ਦੀ ਇਹ ਵੀ ਧਾਰਨਾ ਹੈ ਕਿ ਕਈ ਖੱਬੇ ਪੱਖੀ ਦਲ ਚੋਣਾਂ ਤੋਂ ਪਹਿਲਾਂ ਤਾਂ ਹਾਕਮ ਲੁਟੇਰੀਆਂ ਜਮਾਤਾਂ ਦੀਆਂ ਪਾਰਟੀਆਂ ਵਿਰੁੱਧ ਅਵਾਜ ਉਠਾਉਂਦੇ ਰਹਿੰਦੇ ਹਨ, ਪ੍ਰੰਤੂ ਚੋਣਾਂ ਵਿਚ ਇਹ ਕਿਸੇ ਨਾ ਕਿਸੇ ਲੁਟੇਰੀ ਰਾਜਨੀਤਕ ਪਾਰਟੀ ਨਾਲ ਸਾਂਝਾਂ ਪਾ ਲੈਂਦੇ ਹਨ। ਇਨ੍ਹਾਂ ਚੋਣਾਂ ਵਿਚ ਖੱਬੀ ਧਿਰ ਉਪਰ ਲੱਗ ਰਿਹਾ ਇਹ ਇਲਜ਼ਾਮ ਵੀ ਧੋਤਾ ਜਾਣਾ ਚਾਹੀਦਾ ਹੈ।
ਇਸ ਲਈ ਅਸੀਂ ਸਾਰੀਆਂ ਹੀ ਖੱਬੀਆਂ ਤੇ ਜਮਹੂਰੀ ਧਿਰਾਂ ਨੂੰ ਪੁਰਜ਼ੋਰ ਤੇ ਦਿਲ ਦੀਆਂ ਗਹਿਰਾਈਆਂ ਤੋਂ ਅਪੀਲ ਕਰਦੇ ਹਾਂ ਕਿ ਉਹ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਵਿਰੁੱਧ ਆਰਥਿਕ ਨੀਤੀਆਂ ਦੇ ਪੱਖ ਤੋਂ ਅਸੂਲੀ ਪੈਂਤੜਾ ਲੈ ਕੇ ਪ੍ਰਾਂਤ ਅੰਦਰ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਵਾਧੇ ਲਈ ਰਾਹ ਮੋਕਲਾ ਕਰਨ। ਇਸ ਸੇਧ ਨਾਲ ਅਸੀਂ ਭਰੋਸੇ ਨਾਲ ਇਹ ਵੀ ਆਖ ਸਕਦੇ ਹਾਂ ਆਪਣੀ ਆਜ਼ਾਦ ਹਸਤੀ ਤੇ ਵਿਚਾਰਧਾਰਕ ਪਰਪੱਕਤਾ ਨਾਲ ਮਿਹਨਤਕਸ਼ ਲੋਕਾਂ ਦੀ ਹਮਾਇਤ ਨਾਲ ਕਾਫੀ ਲੰਬੇ ਸਮੇਂ ਬਾਅਦ ਪੰਜਾਬ ਅਸੈਂਬਲੀ ਵਿਚ ਖੱਬੇ ਪੱਖੀਆਂ ਦੀ ਲੋਕਾਂ ਹਿਤਾਂ ਦੀ ਰਾਖੀ ਦੀ ਗਰਜਵੀਂ ਆਵਾਜ਼ ਵੀ ਸੁਣੀ ਜਾ ਸਕੇਗੀ।
- ਮੰਗਤ ਰਾਮ ਪਾਸਲਾ





 
 

ਅਕਤੂਬਰ ਇਨਕਲਾਬ ਦੀ ਅਜੋਕੀ ਪ੍ਰਸੰਗਕਤਾ

ਮੰਗਤ ਰਾਮ ਪਾਸਲਾ 
ਅੱਜ ਤੱਕ ਦੇ ਮਨੁੱਖੀ ਇਤਿਹਾਸ ਵਿਚ 7 ਨਵੰਬਰ 1917 ਦਾ ਦਿਨ ਇਕ ਅਤਿਅੰਤ ਮਹੱਤਵਪੂਰਨ ਦਿਵਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਦਿਨ ਧਰਤੀ ਉਪਰ ਪਹਿਲੀ ਵਾਰ ਰੂਸ ਦੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤਸ਼ ਲੋਕਾਂ ਨੇ ਕਾਮਰੇਡ ਵੀ.ਆਈ.ਲੈਨਿਨ ਦੀ ਅਗਵਾਈ ਵਿਚ ਇਨਕਲਾਬੀ ਕਮਿਊਨਿਸਟ ਪਾਰਟੀ-ਰਸ਼ੀਅਨ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ (ਬੋਲਸ਼ਵਿਕ) ਦੇ ਝੰਡੇ ਹੇਠ ਰੂਸ ਦੀ ਧਰਤੀ 'ਤੇ ਪਹਿਲਾਂ ਫਰਵਰੀ 1917 ਵਿਚ ਸਰਮਾਏਦਾਰੀ ਨਾਲ  ਸਾਂਝਾ ਮੋਰਚਾ ਬਣਾ ਕੇ ਰਾਜਾਸ਼ਾਹੀ ਦੇ ਵਿਰੁੱਧ ਯੁੱਧ ਕਰਦਿਆਂ ਜਮਹੂਰੀ ਇਨਕਲਾਬ ਸਫਲ ਕੀਤਾ ਅਤੇ ਉਸੇ ਵਰ੍ਹੇ ਨਵੰਬਰ 1917 ਨੂੰ ਨਵੇਂ ਦਾਅ ਪੇਚ ਲਗਾ ਕੇ ਸਰਮਾਏਦਾਰੀ ਦਾ ਤਖਤ ਪਲਟ ਕੇ ਸਮਾਜਵਾਦੀ ਇਨਕਲਾਬ ਨੂੰ ਨੇਪਰੇ ਚਾੜ੍ਹਿਆ। ਇਸ ਮਹਾਨ ਘਟਨਾ ਨੂੰ ਅਕਤੂਬਰ ਇਨਕਲਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਕੇ ਸਾਰੇ ਸਮਾਜ ਲਈ ਸਮੂਹਕ ਇਕਸਾਰ ਵਿਕਾਸ ਕਰਨ ਦੇ ਵਿਸ਼ਾਲ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਨਵ ਜਨਮੇ ਕਿਰਤੀਆਂ ਦੇ ਰਾਜ ਨੂੰ ਬਾਹਰੀ ਤੇ ਅੰਦਰੂਨੀ ਦੁਸ਼ਮਣਾਂ ਨੇ ਬਹੁਤ ਹੀ ਸਾਜਸ਼ੀ ਢੰਗਾਂ ਨਾਲ ਖਤਮ ਕਰਨ ਦਾ ਹਰ ਯਤਨ ਕੀਤਾ। ਪ੍ਰੰਤੂ ਜਿਉਂ ਜਿਉਂ ਇਸ ਧਰਤੀ ਉਪਰ ਵਸੀ ਕਿਰਤੀ ਲੋਕਾਂ ਦੀ ਇਸ ਸਵਰਗ ਰੂਪੀ ਵਿਵਸਥਾ ਵਿਰੁੱਧ ਨਵੀਆਂ ਤੋਂ ਨਵੀਆਂ ਸਕੀਮਾਂ ਘੜੀਆਂ ਗਈਆਂ, ਤਿਵੇਂ ਤਿਵੇਂ ਕਾਮਰੇਡ ਲੈਨਿਨ ਤੇ ਕਾਮਰੇਡ ਸਟਾਲਿਨ ਵਰਗੇ ਮਹਾਨ ਕਮਿਊਨਿਸਟ ਆਗੂਆਂ ਦੀ ਅਗਵਾਈ ਹੇਠ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੇ ਦੁਸ਼ਮਣਾਂ ਦੀਆਂ ਸਾਰੀਆਂ ਚਾਲਾਂ ਨੂੰ ਅਸਫਲ ਬਣਾ ਕੇ ਉਨਤੀ ਦੀਆਂ ਨਵੀਆਂ ਮੰਜ਼ਿਲਾਂ ਤੈਅ ਕੀਤੀਆਂ।
ਇਸ ਸਮਾਜਵਾਦੀ ਸੋਵੀਅਤ ਰੂਸ ਦੀ ਵਧੀ ਹੋਈ ਸਰਵਪੱਖੀ ਸ਼ਕਤੀ ਤੇ ਕਮਿਊਨਿਸਟ ਪਾਰਟੀ ਦੀ ਯੋਗ ਅਗਵਾਈ ਨੇ ਸੰਸਾਰ ਭਰ ਵਿਚ ਕੌਮੀ ਮੁਕਤੀ ਲਹਿਰਾਂ ਨੂੰ ਨਵਾਂ ਬਲ ਬਖਸ਼ਿਆ ਤੇ ਦੁਨੀਆਂ ਭਰ ਦੇ ਕਿਰਤੀਆਂ ਅੰਦਰ ਮੁਕਤੀ ਦਾ ਰਸਤਾ ਅਖਤਿਆਰ ਕਰਨ ਲਈ ਇਕ ਨਵੀਂ ਰੂਹ ਫੂਕੀ। ਸੋਵੀਅਤ ਯੂਨੀਅਨ ਦੀ ਫੌਜੀ ਸ਼ਕਤੀ ਤੇ ਲੋਕਾਂ ਦੀਆਂ ਸ਼ਾਨਾਮੱਤੀਆਂ ਕੁਰਬਾਨੀਆਂ ਸਦਕਾ ਦੂਸਰੀ ਸੰਸਾਰ ਜੰਗ ਵਿਚ ਹਿਟਲਰਸ਼ਾਹੀ (ਫਾਸਿਜ਼ਮ) ਦੀ ਕਰਾਰੀ ਹਾਰ ਹੋਈ ਤੇ ਸੰਸਾਰ ਪੱਧਰ ਉਪਰ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਇਕ ਸਮਾਜਵਾਦੀ ਕੈਂਪ ਦਾ ਉਦੈ ਹੋਇਆ। ਬਾਅਦ ਵਿਚ ਚੀਨੀ ਇਨਕਲਾਬ ਸਮੇਤ ਵੀਅਤਨਾਮ, ਕਿਊਬਾ, ਕੋਰੀਆ ਆਦਿ ਦੇਸ਼ਾਂ ਵਿਚ ਹੋਏ ਸਮਾਜਵਾਦੀ ਇਨਕਲਾਬਾਂ ਵਿਚ ਸੋਵੀਅਤ ਯੂਨੀਅਨ ਦੀ ਫੌਜੀ ਤੇ ਹੋਰ ਸਹਾਇਤਾ ਨੇ ਵੱਡਾ ਹਿੱਸਾ ਪਾਇਆ। ਸੰਸਾਰ ਭਰ ਦੇ ਪੂੰਜੀਵਾਦੀ ਪ੍ਰਬੰਧ ਦੇ ਮੁਕਾਬਲੇ ਵਿਚ ਇਕ ਐਸੇ ਸਮਾਜਵਾਦੀ ਕੈਂਪ ਦੀ ਸਥਾਪਨਾ ਹੋਈ, ਜੋ ਲੋਕਾਂ ਦੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਨਾਲ ਨਾਲ ਸਾਮਰਾਜੀ ਧੌਂਸ ਦਾ ਅਸਰਦਾਰ ਢੰਗ ਨਾਲ ਮੁਕਾਬਲਾ ਕਰਨ ਵਾਲਾ ਇਕ ਕਾਰਗਰ ਦੇਸ਼ ਸਮੂਹ ਹੋ ਨਿਬੜਿਆ। ਸੋਵੀਅਤ ਯੂਨੀਅਨ ਤੇ ਹੋਰ ਸਮਾਜਵਾਦੀ ਦੇਸ਼ਾਂ ਵਿਚ ਸਮੁੱਚੀ ਵਸੋਂ ਨੂੰ ਦਿੱਤੀਆਂ ਜਾਣ ਵਾਲੀਆਂ ਆਰਥਿਕ ਤੇ ਸਮਾਜਿਕ ਸਹੂਲਤਾਂ ਅਤੇ ਲੋਕਾਂ ਵਿਚ ਸਮਾਜਵਾਦੀ ਪ੍ਰਬੰਧ ਪ੍ਰਤੀ ਵਿਸ਼ਵਾਸ ਤੇ ਉਤਸ਼ਾਹ ਕਾਰਨ ਪੂੰਜੀਵਾਦੀ ਦੇਸ਼ਾਂ ਦੇ ਹਾਕਮਾਂ ਨੂੰ ਵੀ ਆਪਣੇ ਲੋਕਾਂ ਨੂੰ ਕੁਝ ਆਰਥਿਕ ਰਿਆਇਤਾਂ ਦੇਣ ਲਈ ਮਜ਼ਬੂਰ ਹੋਣਾ ਪਿਆ ਤਾਂ ਕਿ ਸਮਾਜਵਾਦ ਪ੍ਰਤੀ ਸੰਸਾਰ ਭਰ ਦੇ ਲੋਕਾਂ ਦੀ ਵਧ ਰਹੀ ਖਿੱਚ ਨੂੰ ਰੋਕਿਆ ਜਾ ਸਕੇ। ਇਸ ਯੁਗਪਲਟਾਊ ਤਬਦੀਲੀ ਦੇ ਪ੍ਰਭਾਵ ਹੇਠ ਕੌਮੀ ਮੁਕਤੀ ਸੰਗਰਾਮ ਵੀ ਜਿੱਤ ਗਏ। ਲਗਭਗ 70 ਸਾਲ ਇਸ ਸਮਾਜਵਾਦੀ ਸੋਵੀਅਤ ਯੂਨੀਅਨ ਤੇ ਦੂਸਰੇ ਸਮਾਜਵਾਦੀ ਦੇਸ਼ਾਂ ਦੇ ਕਿਰਤੀ ਲੋਕਾਂ ਨੇ ਇਕ ਅਰਥ ਭਰਪੂਰ ਤੇ ਗੁਰਬਤਾਂ ਤੋਂ ਸੁਰਖਰੂ ਇਨਸਾਨੀ ਜ਼ਿੰਦਗੀ ਬਸਰ ਕੀਤੀ ਤੇ ਹਰ ਖੇਤਰ ਵਿਚਲੀ ਸਰਮਾਏਦਾਰੀ ਪ੍ਰਬੰਧ ਨੂੰ ਪਛਾੜਿਆ। ਇਸ ਲਈ ਅਕਤੂਬਰ 1917 ਦੀ ਰੂਸ ਵਿਚਲੀ ਸਮਾਜਵਾਦੀ ਇਨਕਲਾਬ ਦੀ ਘਟਨਾ ਦੇ 100 ਸਾਲ ਬਾਅਦ ਅਸੀਂ ਜਿੱਥੇ ਰੂਸ ਦੇ ਬਹਾਦਰ ਲੋਕਾਂ, ਕਾਮਰੇਡ ਲੈਨਿਨ ਦੀ ਅਗਵਾਈ ਹੇਠਲੀ ਰੂਸ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਤੇ ਇਨਕਲਾਬ ਲਈ ਜਾਨਾਂ ਵਾਰਨ ਵਾਲੇ ਸੂਰਮਿਆਂ ਨੂੰ ਯਾਦ ਕਰਦੇ ਹਾਂ, ਉਥੇ ਕਾਮਰੇਡ ਲੈਨਿਨ ਵਰਗੇ ਮਹਾਨ ਕਮਿਊਨਿਸਟ ਆਗੂ ਦੀ ਯੋਗਤਾ ਤੇ ਸਿਦਕ ਦਿਲੀ ਨੂੰ ਵੀ ਸਲਾਮ ਕਰਦੇ ਹਾਂ, ਜਿਸਨੇ ਮਾਰਕਸਵਾਦ ਦੀ ਵਿਗਿਆਨਕ ਵਿਚਾਰਧਾਰਾ ਨੂੰ ਸਮਝ ਕੇ ਉਸਨੂੰ ਰੂਸ ਦੀਆਂ ਠੋਸ ਹਾਲਤਾਂ ਉਪਰ ਲਾਗੂ ਕਰਕੇ ਦਰੁਸਤ ਪੈਂਤੜਿਆਂ ਰਾਹੀਂ ਅਕਤੂਬਰ ਇਨਕਲਾਬ ਨੂੰ ਸਿਰੇ ਚਾੜ੍ਹਿਆ। ਇਸ ਮਹਾਨ ਦੇਣ ਤੋਂ ਬਾਅਦ ਮਾਰਕਸਵਾਦੀ ਵਿਚਾਰਧਾਰਾ ਨਾਲ ਲੈਨਿਨਵਾਦੀ ਵਿਚਾਰਧਾਰਾ ਵੀ ਜੁੜ ਗਈ, ਜੋ ਦੁਨੀਆਂ ਭਰ ਦੇ ਕਿਰਤੀਆਂ ਦਾ ਸਮਾਜਿਕ ਪਰਿਵਰਤਨ ਲਈ ਮਾਰਗ ਦਰਸ਼ਨ ਕਰ ਰਹੀ ਹੈ। ਇਸ ਸੁਮੇਲ ਨੂੰ ਉਨ੍ਹਾਂ ਕੁਲੱਕੜਾਂ ਤੇ ਸਥੂਲ ਵਸਤੂ ਸਮਝਣ ਵਾਲੇ ਨਾਮਨਿਹਾਦ ਮਾਰਕਸਵਾਦੀਆਂ ਨੂੰ ਵੀ ਮੱਤ ਦਿੱਤੀ ਕਿ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਹੋਏ, ਹਰ ਉਸ ਦੇਸ਼ ਦੀਆਂ ਠੋਸ ਪ੍ਰਸਥਿਤੀਆਂ, ਇਤਿਹਾਸ, ਸਭਿਆਚਾਰ, ਸਮਾਜਿਕ ਵਿਵਸਥਾ ਤੇ ਅੰਦਰੂਨੀ ਤੇ ਬਾਹਰੀ ਹਾਲਤਾਂ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ, ਜਿੱਥੇ ਕਿਰਤੀ ਲੋਕ ਸਮਾਜਿਕ ਪਰਿਵਰਤਨ ਲਈ ਸੰਘਰਸ਼ਸ਼ੀਲ ਹਨ। ਮਾਰਕਸਵਾਦ ਲੈਨਿਨਵਾਦ ਕੋਈ ਨਿਰਜਿੰਦ ਜਾਂ ਸਥੂਲ ਪੂਜਣਯੋਗ ਚੀਜ਼ ਨਹੀਂ, ਬਲਕਿ ਇਕ ਜੀਵੰਤ ਤੇ ਉਨਤੀ ਕਰ ਰਿਹਾ ਵਿਗਿਆਨ ਹੈ ਜੋ ਸੰਸਾਰ ਨੂੰ ਸਮਝਣ ਤੇ ਬਦਲਣ ਲਈ ਇਕ ਵਿਗਿਆਨਕ ਵਿਧੀ ਹੈ, ਜਿਸਨੂੰ ਹਰ ਦੇਸ਼ ਤੇ ਖਿੱਤੇ ਦੀਆਂ ਠੋਸ ਹਾਲਤਾਂ ਉਪਰ ਲਾਗੂ ਕਰਕੇ ਹੀ ਲੁੱਟ ਰਹਿਤ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਜਿੰਨੀ ਖੁਸ਼ੀ ਅਕਤੂਬਰ ਇਨਕਲਾਬ ਦੀ ਕਾਮਯਾਬੀ ਸਮੇਂ ਸੰਸਾਰ ਭਰ ਦੇ ਕਿਰਤੀਆਂ ਨੂੰ ਹੋਈ ਸੀ, ਉਸਤੋਂ ਕਈ ਗੁਣਾਂ ਜ਼ਿਆਦਾ ਨਿਰਾਸ਼ਾ 70 ਸਾਲਾਂ ਬਾਅਦ ਇਸ ਮਜ਼ਦੂਰ ਜਮਾਤ ਦੇ ਕਿਲੇ ਦੇ ਢਹਿ ਢੇਰੀ ਹੋਣ ਉਪਰੰਤ ਹੋਈ ਅਤੇ ਅੱਜ ਵੀ ਹੈ। ਦੁਸ਼ਮਣ ਜਮਾਤਾਂ ਨੇ ਇਸ 'ਤੇ ਬਾਘੀਆਂ ਪਾਈਆਂ ਤੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਫਲਸਫੇ ਮਾਰਕਸਵਾਦ ਲੈਨਿਨਵਾਦ ਦੀ ਸਾਰਥਿਕਤਾ ਨੂੰ ਗੈਰ ਪ੍ਰਸੰਗਿਕ ਆਖ ਕੇ ਭੰਡਿਆ। ਪੂੰਜੀਵਾਦ ਨੂੰ ਸਮਾਜ ਦੇ ਵਿਕਾਸ ਦੀ ਅੰਤਿਮ ਮੰਜ਼ਿਲ ਦੱਸ ਕੇ ਸਰਮਾਏਦਾਰੀ ਦੇ ਪਰਿਪਾਲਕਾਂ ਨੇ ਕਦੀ ਵਿਕਸਿਤ ਪੂੰਜੀਵਾਦੀ ਤੇ ਇਸੇ ਵਿਵਸਥਾ ਵਾਲੇ ਪੱਛੜੇ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਭੁਖਮਰੀ, ਗਰੀਬੀ, ਬੇਕਾਰੀ ਤੇ ਮੰਦਹਾਲੀ ਦਾ ਜ਼ਿਕਰ ਨਹੀਂ ਕੀਤਾ, ਬਲਕਿ ਸਮਾਜਵਾਦੀ ਪ੍ਰਬੰਧ ਨੂੰ ਦਰਪੇਸ਼ ਮੁਸਕਲਾਂ ਤੇ ਘਾਟਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੇ ਸੰਕਲਪ ਨੂੰ ਹੀ ਗੈਰ ਪ੍ਰਸੰਗਿਕ ਤੇ ਖਿਆਲੀ ਕਰਾਰ ਦੇ ਦਿੱਤਾ। ਦੁਨੀਆਂ ਦੀਆਂ ਕਈ ਕਮਿਊਨਿਸਟ ਪਾਰਟੀਆਂ ਤੇ ਕਚਘਰੜ ਮਾਰਕਸਵਾਦੀ ਬੁੱਧੀਜੀਵੀਆਂ ਨੇ ਮਾਰਕਸਵਾਦੀ-ਲੈਨਿਨਵਾਦੀ ਫਲਸਫੇ ਵਿਚ ਹੋਰ ਘਚੋਲਾ ਪਾਉਣ ਦਾ ਯਤਨ ਕੀਤਾ ਤੇ ਕਈਆਂ ਨੇ ਤਾਂ ਆਪਣੇ ਆਪ ਨੂੰ ਇਸ ਵਿਗਿਆਨਕ ਫਲਸਫੇ ਤੋਂ ਹੀ ਅਲੱਗ ਕਰ ਲਿਆ। ਪ੍ਰੰਤੂ ਇਨ੍ਹਾਂ ਸਭ ਹਮਲਿਆਂ ਦੇ ਬਾਵਜੂਦ ਦੁਨੀਆਂ ਦਾ ਕੋਈ ਵੀ ਸਮਾਜਿਕ ਵਿਗਿਆਨੀ ਜਾਂ ਅਰਥ ਸ਼ਾਸਤਰੀ ਅਜੇ ਤੱਕ ਮਾਰਕਸਵਾਦ-ਲੈਨਿਨਵਾਦ ਤੋਂ ਚੰਗੇਰਾ ਤੇ ਸਹੀ ਵਿਗਿਆਨਕ ਫਲਸਫਾ ਪੇਸ਼ ਨਹੀਂ ਕਰ ਸਕਿਆ ਹੈ। ਤੇ ਨਾ ਹੀ ਸਰਮਾਏਦਾਰੀ ਪ੍ਰਬੰਧ ਦੇ ਨਿਕਲਣ ਵਾਲੇ ਮਾਰੂ ਸਿੱਟਿਆਂ ਉਪਰ ਹੀ ਪਰਦਾ ਪਾ ਸਕਿਆ ਹੈ। ਇਸ ਤੱਥ ਨੂੰ ਜਾਣਦਿਆਂ ਹੋਇਆਂ ਵੀ ਸਾਨੂੰ ਸਭ ਨੂੰ, ਜੋ ਸਮਾਜਿਕ ਪਰਿਵਰਤਨ ਲਈ ਸਮਰਪਿਤ ਹਾਂ, ਸੋਵੀਅਤ ਯੂਨੀਅਨ ਤੇ ਦੂਸਰੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਤੇ ਮੁੜ ਸਰਮਾਏਦਾਰੀ ਪ੍ਰਬੰਧ ਦੀ ਕਾਇਮੀ ਹੋਣ ਦੇ ਕਾਰਨਾਂ ਨੂੰ ਗੰਭੀਰਤਾ ਤੇ ਡੂੰਘਾਈ ਨਾਲ ਵਿਚਾਰਨਾ ਹੋਵੇਗਾ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਵਿਗਿਆਨਕ ਤੇ ਇਤਿਹਾਸਕ ਤੌਰ 'ਤੇ ਪੂੰਜੀਵਾਦ ਦਾ ਖਾਤਮਾ ਅਟਲ ਹੈ ਅਤੇ ਇਸਨੂੰ ਤਬਦੀਲ ਕਰਕੇ ਲੁੱਟ ਰਹਿਤ ਸਮਾਜਿਕ ਵਿਵਸਥਾ ਦੀ ਕਾਇਮੀ ਵੀ ਸਮੁੱਚੀ ਮਨੁੱਖਤਾ ਲਈ ਜ਼ਰੂਰੀ ਹੈ ਤੇ ਫਿਰ ਭਵਿੱਖ ਵਿਚ ਸਾਨੂੰ ਸਮਾਜਵਾਦੀ ਪ੍ਰਬੰਧ ਦੀ ਸਿਰਜਣਾ ਤੇ ਵਿਕਾਸ ਸਮੇਂ ਪਿਛਲੇਰੀਆਂ ਕੀਤੀਆਂ ਗਲਤੀਆਂ ਤੇ ਅਸਫਲਤਾਵਾਂ ਉਪਰ ਉਂਗਲ ਧਰਨ ਦੀ ਜ਼ਰੂਰਤ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਗਲਤੀਆਂ ਦੇ ਮੁੜ ਵਾਪਰਨ ਤੋਂ ਬਚਿਆ ਜਾ ਸਕੇ।
ਉਂਝ ਤਾਂ ਸਾਰੀ ਦੁਨੀਆਂ ਦੇ ਮਾਰਕਸਵਾਦੀ ਚਿੰਤਕ ਤੇ ਕਮਿਊਨਿਸਟ ਪਾਰਟੀਆਂ ਸਮਾਜਵਾਦ ਨੂੰ ਲੱਗੀ ਇਸ ਪਛਾੜ ਦੇ ਕਾਰਨਾਂ ਦੀ ਖੋਜ ਵਿਚ ਜੁਟੀਆਂ ਹੋਈਆਂ ਹਨ ਤੇ ਕਈ ਦਰੁਸਤ ਸਿੱਟਿਆਂ ਉਪਰ ਵੀ ਪੁੱਜ ਰਹੀਆਂ ਹਨ। ਅਸੀਂ ਇਥੇ ਕੁਝ ਕੁ ਕਾਰਨਾਂ ਦਾ ਉਲੇਖ ਕਰ ਰਹੇ ਹਾਂ, ਜਿਨ੍ਹਾਂ ਕਾਰਨ ਮਜ਼ਦੂਰ ਜਮਾਤ ਵਲੋਂ ਧਰਤੀ ਉਪਰ ਸਿਰਜਿਆ ਇਕ ਲੁੱਟ ਖਸੁੱਟ ਰਹਿਤ ਸਮਾਜ ਢਹਿ ਢੇਰੀ ਹੋ ਗਿਆ ਹੈ।
1. ਪੂੰਜੀਵਾਦ ਤੋਂ ਸਮਾਜਵਾਦੀ ਢਾਂਚੇ ਵਿਚ ਤਬਦੀਲੀ ਨਾਲ ਬਹੁਤ ਸਾਰੀਆਂ ਹੋਰ ਸਬੰਧਤ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸਨੂੰ ਸੋਵੀਅਤ ਦੀ ਕਮਿਊਨਿਸਟ ਪਾਰਟੀ ਨੇ ਸਮੇਂ ਸਿਰ ਨਹੀਂ ਕੀਤਾ। ਬਿਨਾਂ ਸ਼ੱਕ ਦੁਸ਼ਮਣ ਦੇਸ਼ਾਂ ਦੇ ਚੌਂਹ ਤਰਫਾ ਘੇਰੇ ਤੇ ਫਾਸ਼ੀਵਾਦ ਵਿਰੁੱਧ ਜੰਗ ਵਾਸਤੇ ਇਕ ਡਾਢੀ ਸਖਤ ਅਨੁਸਾਸ਼ਨਬੱਧ ਤੇ ਹੰਗਾਮੀ ਫੈਸਲੇ ਲੈਣ ਲਈ ਸ਼ਕਤੀਆਂ ਦੇ ਕੇਂਦਰੀਕਰਨ ਵਾਲੀ ਵਿਵਸਥਾ ਜ਼ਰੂਰੀ ਬਣ ਜਾਂਦੀ ਹੈ, ਜਿਸ ਵਿਚ ਫਾਇਦਿਆਂ ਦੇ ਨਾਲ ਨਾਲ ਗਲਤੀਆਂ ਹੋਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ। ਪ੍ਰੰਤੂ ਅਜਿਹਾ ਫਾਸ਼ੀਵਾਦ ਵਿਰੁੱਧ ਜੰਗ ਜਿੱਤਣ ਲਈ ਜ਼ਰੂਰੀ ਸੀ। ਫਾਸ਼ੀਵਾਦ ਦੀ ਹਾਰ ਤੋਂ ਬਾਅਦ ਵੀ ਸੋਵੀਅਤ ਕਮਿਊਨਿਸਟ ਪਾਰਟੀ ਦੀ ਸਮੁੱਚੀ ਜਥੇਬੰਦਕ ਬਣਤਰ ਵਿਚ ਜਮਹੂਰੀਅਤ ਦੀ ਘਾਟ ਤੇ ਲੋਕਾਂ ਦੀ ਰਾਜਨੀਤਕ, ਆਰਥਿਕ ਤੇ ਸਮਾਜਿਕ ਕੰਮਾਂ ਵਿਚ ਲੋੜੀਂਦੀ ਭਾਗੀਦਾਰੀ ਨਹੀਂ ਸਥਾਪਤ ਕੀਤੀ ਗਈ। ਸਿੱਟੇ ਵਜੋਂ ਲੋਕਾਂ ਦੀ ਸੇਵਾ ਲਈ ਸਮਰਪਤ ਆਰਥਿਕ ਤੇ ਰਾਜਨੀਤਕ ਢਾਂਚੇ ਵਿਚ ਵੀ ਜਨ ਸਧਾਰਣ ਦਾ ਪੂਰਨ ਭਰੋਸਾ ਪੈਦਾ ਨਹੀਂ ਕੀਤਾ ਜਾ ਸਕਿਆ। ਅਜਿਹੇ ਸਮਿਆਂ ਉਪਰ ਆਗੂਆਂ ਦਾ ਗੈਰ ਜਮਹੂਰੀ ਤੇ ਅਫਸਰਸ਼ਾਹੀ ਰਵੱਈਆ, ਵਿਸ਼ੇਸ਼ ਸਹੂਲਤਾਂ ਮਾਨਣ ਦੀ ਆਦਤ ਤੇ ਆਲੇ ਦੁਆਲੇ ਖੁਦਗਰਜ਼ ਚਾਪਲੂਸਾਂ ਦਾ ਜਮਘੱਟ ਲੱਗਣਾ ਗੈਰ ਕਮਿਊਨਿਸਟ ਅਮਲਾਂ ਨੂੰ ਜਨਮ ਦੇਣ ਲੱਗ ਪਿਆ। ਇਸ ਤਰ੍ਹਾਂ ਪਾਰਟੀ ਤੇ ਆਮ ਲੋਕਾਂ ਵਿਚਕਾਰ ਰਿਸ਼ਤਿਆਂ ਦੀ ਗਰਮਾਹਟ ਤੇ ਨੇੜਤਾ ਵੱਧਣ ਦੇ ਵਿਪਰੀਤ ਦੂਰੀਆਂ ਵਧਦੀਆਂ ਗਈਆਂ। ਲੋਕਾਂ ਦੇ ਦਿਲਾਂ ਅੰਦਰ ਹੌਲੀ ਹੌਲੀ ਆਪਣੇ ਹੀ ਢਾਂਚੇ ਪ੍ਰਤੀ ਮੋਹ ਘਟਦਾ ਗਿਆ, ਜਿਸਨੂੰ ਕਮਿਊਨਿਸਟ ਦੋਖੀਆਂ ਨੇ ਬੜੀ ਚਲਾਕੀ ਨਾਲ ਇਸਤੇਮਾਲ ਕੀਤਾ।
2. ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਸਿਧਾਂਤਾਂ ਤੋਂ ਰੂਸ ਦੀ ਕਮਿਊਨਿਸਟ ਪਾਰਟੀ ਹੌਲੀ ਹੌਲੀ ਥਿੜਕਦੀ ਗਈ, ਜਦਕਿ ਜ਼ਰੂਰਤ ਇਨ੍ਹਾਂ ਨੂੰ ਯਥਾਰਥ ਨਾਲ ਜੋੜ ਕੇ ਸਖਤ ਅਮਲਾਂ ਦੀ ਸੀ। ਸੋਧਵਾਦੀ ਖੁਰਸ਼ਚੋਵ , ਜੋ ਪਾਰਟੀ ਦਾ ਜਨਰਲ ਸਕੱਤਰ ਸੀ, ਨੇ ਇਕ ਬਹੁਤ ਹੀ ਬੇਹੂਦਾ ਤੇ ਗੈਰ ਮਾਰਕਸੀ ਸਿਧਾਂਤ ਪੇਸ਼ ਕਰ ਦਿੱਤਾ, ਜੋ ''ਪੁਰਅਮਨ-ਸਹਿਹੋਂਦ, ਪੁਰਅਮਨ ਮੁਕਾਬਲਾ ਤੇ ਪੁਰਅਮਨ ਤਬਦੀਲੀ'' ਦੀ ਤਰਿਕੜੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਮਾਤੀ ਸੰਘਰਸ਼ ਤੇਜ਼ ਕਰਨ ਦੀ ਥਾਂ ਮਜ਼ਦੂਰ ਜਮਾਤ ਤੇ ਇਸ ਦੁਆਰਾ ਸਥਾਪਤ ਢਾਂਚੇ ਸਮਾਜਵਾਦ ਨੂੰ ਪੂੰਜੀਵਾਦ ਨਾਲ ਪੁਰਅਮਨ ਸਹਿਹੋਂਦ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਤਾਂ ਕਿ ਪੈਦਾਵਾਰ ਦੇ ਖੇਤਰ ਵਿਚ ਪੁਰਅਮਨ ਮੁਕਾਬਲੇ ਰਾਹੀਂ ਸਮਾਜਵਾਦੀ ਪ੍ਰਬੰਧ ਪੂੰਜੀਵਾਦੀ ਢਾਂਚੇ ਨੂੰ ਪਛਾੜ ਸਕੇ। ਇੱਥੇ ਪੂੰਜੀਵਾਦੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਅੱਖੋਂ ਓਹਲੇ ਕਰਕੇ ਦੁਸ਼ਮਣ ਜਮਾਤਾਂ ਦੀ ਤਾਕਤ ਨੂੰ ਘਟਾ ਕੇ ਦੇਖਣ ਦਾ ਗੁਨਾਹ ਵੀ ਕੀਤਾ ਗਿਆ ਅਤੇ ਪੂੰਜੀਵਾਦੀ ਪ੍ਰਬੰਧ ਪ੍ਰਤੀ ਘਿਰਣਾ ਦਾ ਤਿੱਖਾਪਨ ਵੀ ਘਟਾ ਦਿੱਤਾ ਗਿਆ। ਇਸ ਢੰਗ ਨਾਲ ਭਾਵ ਪੁਰਅਮਨ ਤਰੀਕੇ ਨਾਲ ਹੀ ਪੂੰਜੀਪਤੀ ਸੱਤਾ ਤਿਆਗ ਕੇ ਮਜ਼ਦੂਰ ਜਮਾਤ ਨੂੰ ਸੌਂਪ ਦੇਣਗੇ, ਦਾ ਗੈਰ ਵਿਗਿਆਨਕ ਤੇ ਸਿਰੇ ਦਾ ਸੋਧਵਾਦੀ ਸਿਧਾਂਤ ਪੇਸ਼ ਕਰਕੇ ਸਮਾਜਵਾਦੀ ਪ੍ਰਬੰਧ ਦੀਆਂ ਮੂਲ ਸਥਾਪਨਾਵਾਂ ਹੀ ਹਿਲਾ ਦਿੱਤੀਆਂ ਗਈਆਂ ਅਤੇ ਇਸ ਦੀ ਕਾਇਮੀ, ਸੰਘਰਸ਼ ਦੀ ਲੋੜ ਦੀ ਭਾਵਨਾ ਵੀ ਮੱਠੀ ਕਰ ਦਿੱਤੀ ਗਈ। ਕਮਿਊਨਿਸਟ ਲਹਿਰ ਨੂੰ ਇਸ ਭਟਕਾਅ ਦੀ ਵੱਡੀ ਕੀਮਤ ਅਦਾ ਕਰਨੀ ਪਈ।  ਇਹ ਪੂਰੀ ਤਰ੍ਹਾਂ ਮਾਰਕਸਵਾਦ-ਲੈਨਿਨਵਾਦ ਦਾ ਨਿਖੇਧ ਸੀ, ਪ੍ਰੰਤੂ ਰੂਸ ਦੀ ਕਮਿਊਨਿਸਟ ਪਾਰਟੀ ਵਲੋਂ ਇਸਨੂੰ ''ਸਰਵ ਸੰਮਤੀ'' ਨਾਲ  ਪ੍ਰਵਾਨ ਕਰ ਲਿਆ ਗਿਆ। ਇਸਦੇ ਦੁਰਗਾਮੀ ਭੈੜੇ ਸਿੱਟੇ ਤਾਂ ਨਿਕਲਣੇ ਹੀ ਸਨ। ਸੰਸਾਰ ਪੱਧਰੀ ਵੱਖ ਵੱਖ ਜਮਾਤਾਂ ਤੇ ਆਰਥਿਕ ਢਾਂਚਿਆਂ ਵਿਚਲੀਆਂ ਅੰਤਰ ਵਿਰੋਧਤਾਈਆਂ ਨੂੰ ਠੀਕ ਢੰਗ ਨਾਲ ਨਹੀਂ ਸਮਝਿਆ ਗਿਆ। ਸਮਾਜਵਾਦੀ ਪ੍ਰਬੰਧ ਅੰਦਰ ਨਵੇਂ ਪੈਦਾਵਾਰੀ ਸਬੰਧਾਂ ਨੂੰ ਸਥਾਪਤ ਕਰਨ ਲਈ ਵੀ ਲੋੜੀਂਦੀ ਤਬਦੀਲੀ ਨਹੀਂ ਕੀਤੀ ਗਈ, ਜਿਸ ਕਾਰਨ ਵੱਡੇ ਮਨੁੱਖੀ ਸਰੋਤਾਂ ਦੀਆਂ ਪਹਿਲਕਦਮੀਆਂ ਦਾ ਇਸਤੇਮਾਲ ਕਰਕੇ ਪੂੰਜੀਵਾਦੀ ਪ੍ਰਬੰਧ ਤੋਂ ਪੈਦਾਵਾਰ ਦੇ ਸਬੰਧ ਵਿਚ ਕਈ ਪੱਖਾਂ ਤੋਂ ਚੰਗੇਰੇ ਸਿੱਟੇ ਕੱਢਣ ਵਿਚ ਅਸਫਲਤਾ ਹੋਈ। ਸਮਾਜਵਾਦੀ ਪ੍ਰਬੰਧ, ''ਜਿੱਥੇ ਹਰ ਇਕ ਨੂੰ ਕੰਮ ਮੁਤਾਬਕ ਉਜਰਤ ਤੇ ਕੰਮ ਕਰਨਾ ਸਾਰਿਆਂ ਵਾਸਤੇ ਜ਼ਰੂਰੀ ਹੈ'' ਦੇ ਸਿਧਾਂਤ ਤੋਂ ਅੱਗੇ ਵਧਦਿਆਂ ਮਨੁੱਖ ਨੂੰ ''ਕੰਮ ਯੋਗਤਾ ਮੁਤਾਬਕ ਤੇ ਉਜਰਤ ਲੋੜਾਂ ਮੁਤਾਬਕ'' ਤੇ ''ਕੰਮ ਮਨੁੱਖ ਦੀ ਲੋੜ ਹੈ'' ਦੇ ਸਿਧਾਂਤ ਨਾਲ ਲੈਸ ''ਨਵੇਂ ਮਨੁੱਖ ਦੀ ਉਤਪਤੀ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਕਰਕੇ ਭਰਿਸ਼ਟਾਚਾਰ, ਕੁਣਬਾਪਰਵਰੀ, ਕੰਮਚੋਰੀ, ਗੈਰ ਜ਼ਿੰਮੇਦਾਰਾਨਾ ਵਿਵਹਾਰ ਆਦਿ ਵਰਗੀਆਂ ਬਿਮਾਰੀਆਂ ਲੋਕਾਂ ਦੇ ਇਕ ਚੌਖੇ ਹਿੱਸੇ ਵਿਚ ਫੈਲ ਗਈਆਂ।
3. ਰੂਸੀ ਕਮਿਊਨਿਸਟ ਪਾਰਟੀ ਵਲੋਂ ਆਪਣੀ ਰਾਜਨੀਤਕ ਸਮਝ ਨੂੰ ਦੂਸਰੇ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਉਪਰ ਵੀ ਠੋਸਿਆ ਜਾਂਦਾ ਰਿਹਾ ਹੈ। ਬਰਾਬਰਤਾ ਦੇ ਆਧਾਰ 'ਤੇ ਭਰਾਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਥਾਂ ਰੂਸ ਦੀ ਕਮਿਊਨਿਸਟ ਪਾਰਟੀ ਵਲੋਂ ਸੰਬੰਧਤ ਦੇਸ਼ਾਂ ਦੀਆਂ ਹਾਕਮ ਜਮਾਤਾਂ ਨਾਲ ਸਬੰਧ ਬਣਾਉਣ ਲਈ ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਪੱਲਾ ਛੱਡ ਕੇ ਉਥੋਂ ਦੀਆਂ ਕਮਿਊਨਿਸਟ ਪਾਰਟੀਆਂ 'ਤੇ ਰੂਸੀ ਹਿਤਾਂ ਦੇ ਅਨੁਕੂਲ ਢਾਲਣ ਲਈ ਦਬਾਅ ਪਾਇਆ ਗਿਆ ਤੇ ਉਸੇ ਅਨੁਸਾਰ ਹਾਕਮ ਧਿਰਾਂ ਨਾਲ ਸਬੰਧ ਕਾਇਮ ਕਰਨ ਲਈ ਮਜ਼ਬੂਰ ਕੀਤਾ ਗਿਆ। ਇਸ ਵਤੀਰੇ ਨੇ ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਭਾਰਤ ਅੰਦਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਨਾਲ ਦੋਸਤਾਨਾ ਸਬੰਧ ਬਣਾਉਣ ਖਾਤਰ 1975 ਵਿਚ ਭਾਰਤੀ ਸਰਕਾਰ ਵਲੋਂ ਦੇਸ਼ ਅੰਦਰ ਅੰਦਰੂਨੀ ਐਮਰਜੈਂਸੀ ਵਰਗੇ ਚੁੱਕੇ ਗਏ ਅੱਤ ਦੇ ਤਾਨਾਸ਼ਾਹੀ ਕਦਮ ਦੀ ਸੀ.ਪੀ.ਆਈ. ਨੂੰ ਹਮਾਇਤ ਕਰਨ ਲਈ ਦਬਾਅ ਪਾਇਆ ਗਿਆ, (ਭਾਵੇਂ ਇਸ ਵਿਚ ਸੀ.ਪੀ.ਆਈ. ਆਗੂਆਂ ਦੀ ਆਪਣੀ ਨਾਕਸ ਪਹੁੰਚ ਵੀ ਜ਼ਿੰਮੇਵਾਰ ਸੀ)  ਜਿਸ ਨਾਲ ਦੇਸ਼ ਅੰਦਰ ਸੀ.ਪੀ.ਆਈ. ਦੀ ਸਖਤ ਨੁਕਤਾਚੀਨੀ ਹੋਣ ਦੇ ਨਾਲ ਨਾਲ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਵੀ ਖਿੱਲੀ ਉਡੀ। ਇਸੇ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ, ਜਿੱਥੇ ਰੂਸ ਦੀ ਕਮਿਊਨਿਸਟ ਪਾਰਟੀ ਨੇ ਭਰਾਤਰੀ ਕਮਿਊਨਿਸਟ ਪਾਰਟੀਆਂ ਨੂੰ ਸਬੰਧਤ ਦੇਸ਼ਾਂ ਦੇ ਹਾਕਮਾਂ ਦੀਆਂ ਪਿਛਲੱਗੂ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ। ਮਿੱਤਰ ਕਮਿਊਨਿਸਟ ਪਾਰਟੀਆਂ ਨੂੰ ਸੋਵੀਅਤ ਯੂਨੀਅਨ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਆਰਥਿਕ ਫਾਇਦੇ ਪਹੁੰਚਾਏ ਗਏ, ਜਿਨ੍ਹਾਂ ਦੇ ਨਤੀਜੇ ਪੂਰੀ ਤਰ੍ਹਾਂ ਤਬਾਹਕੁੰਨ ਨਿਕਲੇ। ਜਿਹੜੇ ਵੀ ਵਿਦਿਆਰਥੀ ਸੀ.ਪੀ.ਆਈ. ਦੀ ਸਿਫਾਰਿਸ਼ ਨਾਲ ਸੋਵੀਅਤ ਯੂਨੀਅਨ ਵਿਚ ਵਿਦਿਆ ਹਾਸਲ ਕਰਨ ਲਈ ਭੇਜੇ ਗਏ, ਉਨ੍ਹਾਂ 'ਚੋਂ ਭਾਰੀ ਬਹੁਗਿਣਤੀ ਭਾਵੇਂ ਹੋਰ ਤਾਂ ਕੁਝ ਵੀ ਬਣ ਗਏ ਹੋਣ, ਕਮਿਊਨਿਸਟ ਬਿਲਕੁਲ ਨਹੀਂ ਬਣੇ। ਉਹ ਇਨਕਲਾਬੀ ਸਿਧਾਂਤ ਸਿੱਖ ਕੇ ਵਾਪਸ ਭਾਰਤ ਪੁੱਜਕੇ ਇਨਕਲਾਬ ਲਈ ਕੰਮ ਕਰਨ ਦੀ ਥਾਂ ਆਮ ਤੌਰ 'ਤੇ ਸੋਵੀਅਤ ਵਿਰੋਧੀ ਹੀ ਬਣੇ ਜਾਂ ਗੈਰ ਰਾਜਨੀਤਕ ਬਣ ਕੇ ਹੋਰ ਕਾਰੋਬਾਰਾਂ ਵਿਚ ਉਲਝ ਕੇ ਪੂੰਜੀਵਾਦੀ ਪ੍ਰਬੰਧ ਦਾ ਪੱਕਾ ਹਿੱਸਾ ਬਣ ਗਏ।
4. ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਵਿਚ ਸਿਧਾਂਤਕ ਤੇ ਰਾਜਨੀਤਕ ਰੂਪ ਵਿਚ ਇਰਾਦੇ ਦੀ ਏਕਤਾ ਨਹੀਂ ਸੀ ਰਹੀ। ਇਸੇ ਕਰਕੇ ਨਾ ਪਾਰਟੀ ਵਿਚ ਕਮਿਊਨਿਸਟ ਯਕਯਹਿਤੀ ਤੇ ਸਮਾਜਵਾਦੀ ਇਨਕਲਾਬ ਦੀ ਰਾਖੀ ਲਈ ਮਰ ਮਿੱਟਣ ਦੀ ਭਾਵਨਾ ਹੀ ਰਹੀ ਅਤੇ ਨਾ ਹੀ ਰੂਸੀ ਲੋਕਾਂ ਨਾਲ ਪਾਰਟੀ ਦਾ ਮੱਛੀ ਤੇ ਪਾਣੀ ਵਾਲਾ ਸੰਬੰਧ ਹੀ ਕਾਇਮ ਰਹਿ ਸਕਿਆ। ਹਰ ਫੈਸਲਾ ਬਨਾਵਟੀ 'ਸਰਵਸੰਮਤੀ' ਨਾਲ ਹੁੰਦਾ ਰਿਹਾ ਤੇ ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋਣ ਸਮੇਂ ਇਹ 'ਸਰਵਸੰਮਤੀ' ਹੋਰ ਵੀ ਸ਼ਰਮਨਾਕ ਰੂਪ ਵਿਚ ਸਾਹਮਣੇ ਆਈ, ਜਦੋਂ ਕਰੈਮਲਿਨ ਤੋਂ ਕਮਿਊਨਿਸਟ ਪਾਰਟੀ ਦਾ ਲਾਲ ਝੰਡਾ ਉਤਾਰ ਕੇ ਜਾਰਸ਼ਾਹੀ ਦਾ ਝੰਡਾ ਮੁੜ ਝੁਲਾ ਦਿੱਤਾ ਗਿਆ। ਕਿਸੇ ਵੀ ਦੁਨੀਆਂ ਜਾਂ ਰੂਸ ਦੀ ਘਟਨਾ ਬਾਰੇ ਜਨਤਕ ਲਾਮਬੰਦੀ ਰਾਹੀਂ ਜਨਤਕ ਚੇਤਨਾ ਪੈਦਾ ਕਰਨ ਦੀ ਥਾਂ ਸਾਰਾ ਕੰਮ ਸੋਵੀਅਤ ਸਰਕਾਰ ਤੇ ਕਮਿਊਨਿਸਟ ਪਾਰਟੀ ਵਲੋਂ ਅਫਸਰਸ਼ਾਹ ਢੰਗਾਂ ਨਾਲ ਕੀਤਾ ਜਾਂਦਾ ਰਿਹਾ ਹੈ। ਲੋਕਾਂ ਦੀ ਸ਼ਮੂਲੀਅਤ ਤੇ ਰਾਜਨੀਤਕ ਚੇਤਨਾ ਵਧਾਏ ਬਿਨਾ ਕੋਈ ਕੰਮ ਵੀ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। ਕਮਿਊਨਿਸਟ ਪਾਰਟੀ ਵਿਚ ਵੀ ਸਾਂਝੀ ਲੀਡਰਸ਼ਿਪ ਪੈਦਾ ਕਰਨ ਦੀ ਥਾਂ ਸਾਰੀ ਤਾਕਤ ਚੰਦ ਕੁ ਹੱਥਾਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਥਾਂ ਵਿਚ ਦੇ ਦਿੱਤੀ ਗਈ, ਜੋ ਬਿਲਕੁਲ ਹੀ ਗੈਰ ਮਾਰਕਸੀ-ਲੈਨਿਨੀ ਵਰਤਾਰਾ ਹੈ।
6. ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਇਹ ਗੱਲ ਵੀ ਵਿਸਰ ਗਈ ਕਿ ਅਜੇ ਦੁਨੀਆਂ ਵਿਚ ਇਕ ਮਜ਼ਬੂਤ ਪੂੰਜੀਵਾਦੀ ਪ੍ਰਬੰਧ ਕਾਇਮ ਹੈ, ਜੋ ਕਈ ਪੱਖਾਂ ਤੋਂ ਸਮਾਜਵਾਦ ਨਾਲੋਂ ਵਧੇਰੇ ਤਾਕਤਵਰ ਤੇ ਉਨਤ ਹੈ। ਪੂੰਜੀਵਾਦੀ ਦੇਸ਼ ਕਦੀ ਸਮਾਜਵਾਦੀ ਵਿਵਸਥਾ ਨੂੰ ਮਜ਼ਬੂਤ ਹੁੰਦਿਆਂ ਨਹੀਂ ਦੇਖ ਸਕਦੇ ਤੇ ਇਸਨੂੰ ਕਮਜ਼ੋਰ ਕਰਨ ਲਈ ਹਰ ਚਾਲ ਚਲਦੇ ਰਹੇ। ਇਹ ਨਿਸ਼ਾਨਾ ਪ੍ਰਾਪਤ ਕਰਨ ਲਈ ਸਾਮਰਾਜੀ ਦੇਸ਼ਾਂ ਨੇ ਥੋੜ ਸਮੇਂ ਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਈਆਂ ਸਨ; ਜੋ ਆਖਰਕਾਰ ਅਕਤੂਬਰ ਇਨਕਲਾਬ ਦੇ 70 ਸਾਲਾਂ ਬਾਅਦ ਸਿਰੇ ਚੜ੍ਹ ਹੀ ਗਈਆਂ ਅਤੇ ਸੋਵੀਅਤ ਯੂਨੀਅਨ ਅੰਦਰਲਾ ਸਮਾਜਵਾਦੀ ਪ੍ਰਬੰਧ ਤਾਸ਼ ਦੇ ਪੱਤਿਆਂ ਵਾਂਗਰ ਢਹਿ ਢੇਰੀ ਹੋ ਗਿਆ। ਫਾਸ਼ੀਵਾਦ ਦਾ ਟਾਕਰਾ ਕਰਦਿਆਂ ਬੇਮਿਸਾਲ ਤਿਆਗ ਕਰਨ ਵਾਲੇ ਲੱਖਾਂ ਰੂਸੀ ਯੋਧਿਆਂ ਦੇ ਦੇਸ਼ ਵਿਚ ਇਕ ਵੀ ਐਸਾ 'ਰੂਸੀ ਕਮਿਊਨਿਸਟ' ਸਾਹਮਣੇ ਆ ਕੇ ਉਸ ਵੇਲੇ ਲੜਦਾ ਮਰਦਾ ਨਹੀਂ ਦਿਸਿਆ, ਜਦੋਂ ਮਜ਼ਦੂਰ ਜਮਾਤ ਦਾ ਲਾਲ ਝੰਡਾ ਉਤਾਰ ਕੇ ਜਾਰਸ਼ਾਹੀ ਦਾ ਪਰਚਮ ਲਹਿਰਾਇਆ ਜਾ ਰਿਹਾ ਸੀ ਅਤੇ ਲੋਕਾਂ ਦੀ ਬੰਦਖਲਾਸੀ ਕਰਨ ਵਾਲੇ ਆਗੂਆਂ ਦੀਆਂ ਯਾਦਗਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ।
ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਪਰੋਕਤ ਦੱਸੀਆਂ ਸਾਰੀਆਂ ਹੀ ਉਣਤਾਈਆਂ ਤੇ ਭਟਕਾਵਾਂ ਤੋਂ ਕਮਿਊਨਿਸਟ ਵਿਚਾਰਧਾਰਾ ਦੇ ਨਜ਼ਰੀਏ ਤੋਂ ਕਾਰਲ ਮਾਰਕਸ, ਐਂਲਗਜ ਤੇ ਕਾਮਰੇਡ ਲੈਨਿਨ ਤੇ ਹੋਰ ਸੰਸਾਰ ਭਰ ਦੇ ਉਘੇ ਕਮਿਊਨਿਸਟ ਵਿਚਾਰਵਾਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਖਬਰਦਾਰ ਕੀਤਾ ਹੈ, ਇਸ ਲਈ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪੀ ਦੇਸ਼ਾਂ ਵਿਚ ਸਮਾਜਵਾਦ ਨੂੰ ਲੱਗੀਆਂ ਪਛਾੜਾਂ ਨਾਲ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਗੈਰ ਪ੍ਰਸੰਗਕ ਨਹੀਂ ਹੋਈ, ਬਲਕਿ ਇਸ ਦੀਆਂ ਧਾਰਨਾਵਾਂ ਅਜੋਕੀਆਂ ਹਾਲਤਾਂ ਦੇ ਸਨਮੁੱਖ ਜਦੋਂ ਸੰਸਾਰ ਪੂੰਜੀਵਾਦ ਅੱਜ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿਚ ਫਸਿਆ ਹੋਇਆ ਹੈ,  ਹੋਰ ਵੀ ਮਜ਼ਬੂਤ ਤੇ ਸਹੀ ਸਿੱਧ ਹੋ ਰਹੀਆਂ ਹਨ। ਸਮਾਜਿਕ ਪਰਿਵਰਤਨ ਵਿਚ ਲੱਗੀਆਂ ਸਾਰੀਆਂ ਹੀ ਇਨਕਲਾਬੀ ਧਿਰਾਂ ਨੂੰ ਅੱਜ ਅਕਤੂਬਰ ਇਨਕਲਾਬ ਦੇ ਦਿਨ 'ਤੇ ਜਿੱਥੇ ਇਸ ਮਿੱਥ ਦੇ ਟੁੱਟਣ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਮੀਰੀ ਤੇ ਗਰੀਬੀ ਦਾ ਪੂੰਜੀਵਾਦੀ ਰਾਜ ਪ੍ਰਬੰਧ ਅਧੀਨ ਪਾੜਾ ਕਦੀ ਨਹੀਂ ਮੇਟਿਆ ਜਾ ਸਕਦਾ, ਉਥੇ ਸੋਵੀਅਤ ਯੂਨੀਅਨ ਵਿਚ ਸਮਾਜਵਾਦ ਦੀ ਉਸਾਰੀ ਸਮੇਂ ਕੀਤੀਆਂ ਬੱਜਰ ਗਲਤੀਆਂ ਤੋਂ ਸਬਕ ਸਿੱਖ ਕੇ ਭਵਿੱਖ ਵਿਚ ਉਨ੍ਹਾਂ ਤੋਂ ਹਰ ਹਾਲਤ ਵਿਚ ਬਚਿਆ ਜਾਣਾ ਚਾਹੀਦਾ ਹੈ। ਇਨਕਲਾਬ ਕਰਨ ਵਾਸਤੇ ਜਿੰਨੀ ਕੁਰਬਾਨੀ ਦੀ ਲੋੜ ਹੈ, ਉਸਤੋਂ ਦਸ ਗੁਣਾਂ ਜ਼ਿਆਦਾ ਦੁਸ਼ਮਣ ਜਮਾਤਾਂ ਵਲੋਂ ਇਸ ਢਾਂਚੇ ਉਪਰ ਕੀਤੇ ਜਾਣ ਵਾਲੇ ਹਮਲਿਆਂ ਨੂੰ ਰੋਕਣ ਲਈ ਲੋੜੀਂਦੀ ਹੈ। ਇਹ ਤੱਥ ਹਰ ਸਮੇਂ ਸਾਡੇ ਜ਼ਿਹਨ ਵਿਚ ਰਹਿਣਾ ਚਾਹੀਦਾ ਹੈ।

ਨਿੱਜੀ ਖੰਡ ਮਿਲ ਮਾਲਕਾਂ ਦੀਆਂ ਧੱਕੇਸ਼ਾਹੀਆਂ

ਰਘਬੀਰ ਸਿੰਘ  
ਪੰਜਾਬ ਅੰਦਰ ਕੰਮ ਕਰਦੀਆਂ 7 ਨਿੱਜੀ ਖੰਡ ਮਿੱਲਾਂ ਦੇ ਮਾਲਕਾਂ  ਦੀਆਂ ਧੱਕੇਸ਼ਾਹੀਆਂ ਅਤੇ ਕਿਸਾਨ ਵਿਰੋਧੀ ਨੀਤੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹਨਾਂ ਦੇ ਮਾਲਕਾਂ ਵਿਚੋਂ ਕੁਝ ਮੁਖ ਤੌਰ ਤੇ ਵੱਡੇ ਸਰਮਾਏਦਾਰ ਘਰਾਣਿਆਂ ਅਤੇ ਕੁਝ ਵੱਡੀਆਂ ਰਾਜਨੀਤਕ ਪਾਰਟੀਆਂ ਨਾਲ ਸਬੰਧ ਰੱਖਦੇ ਹਨ। ਮੁਕੇਰੀਆਂ ਮਿਲ ਦਾ ਮਾਲਕ ਡੀ.ਪੀ. ਯਾਦਵ, ਕੀੜੀ ਅਫਗਾਨਾ ਮਿਲ ਦਾ ਮਾਲਕ ਹਰਦੀਪ ਸਿੰਘ ਚੱਢਾ ਵੱਡੇ ਸਰਮਾਏਦਾਰ ਘਰਾਣਿਆਂ ਨਾਲ ਸੰਬੰਧਤ ਹਨ। ਰਾਣਾ ਮਿੱਲ ਬੁੱਟਰ ਦਾ ਮਾਲਕ ਰਾਣਾ ਗੁਰਜੀਤ ਸਿੰਘ ਅਤੇ ਫਗਵਾੜਾ ਮਿੱਲ ਦਾ ਮਾਲਕ ਜਰਨੈਲ ਸਿੰਘ ਵਾਹਦ ਵੱਡੇ ਸਰਮਾਏਦਾਰ ਘਰਾਣਿਆਂ ਵਿਚੋਂ ਹੋਣ ਦੇ ਨਾਲ ਹੀ ਕਰਮਵਾਰ ਕਾਂਗਰਸ ਅਤੇ ਅਕਾਲੀ ਪਾਰਟੀ ਦੇ ਵੱਡੇ ਆਗੂ ਵੀ ਹਨ। ਸ. ਜਰਨੈਲ ਸਿੰਘ ਵਾਹਦ ਦੀ ਬਾਦਲ ਪਰਵਾਰ ਨਾਲ ਮਿੱਲ ਵਿਚ ਹਿੱਸੇਦਾਰੀ ਦੱਸੀ ਜਾਂਦੀ ਹੈ ਅਤੇ ਉਹ ਮਾਰਕਫੈਡ ਦੇ ਚੇਅਰਮੈਨ ਵੀ ਹਨ। ਇਹ ਖੰਡ ਮਿੱਲਾਂ ਦੇ ਮਾਲਕ ਆਪਣੇ ਵੱਖਰੇ ਵੱਖਰੇ ਵਪਾਰਕ ਅਦਾਰੇ ਅਤੇ ਰਾਜਸੀ ਸਮਝਾਂ ਹੋਣ ਦੇ ਬਾਵਜੂਦ ਕਿਸਾਨਾਂ ਦੀ ਲੁੱਟ ਕਰਨ ਅਤੇ ਸਰਕਾਰ ਤੇ ਦਬਾਅ ਪਾ ਕੇ ਗੰਨੇ ਦੀਆਂ ਘਟ ਕੀਮਤਾਂ ਨਿਸ਼ਚਤ ਕਰਾਉਣ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗਰਾਂਟਾਂ ਅਤੇ ਹੋਰ ਮਾਲੀ ਸਹਾਇਤਾ ਲੈਣ ਲਈ ਪੂਰੀ ਤਰ੍ਹਾਂ ਇਕਜੁਟ ਹਨ। ਸਰਕਾਰ ਕਹਿਣ ਨੂੰ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨ ਵਾਲੀ ਸਮਝੀ ਜਾਂਦੀ ਹੈ, ਪਰ ਉਸਦਾ ਹਰ ਅਮਲ ਮਿੱਲ ਮਾਲਕਾਂ ਦਾ ਪੱਖ ਪੂਰਦਾ ਹੈ।
ਮਿੱਲ ਮਾਲਕਾਂ ਨੇ ਗੰਨਾ ਕੰਟਰੋਲ ਐਕਟ ਦਾ ਹਰ ਨਿਯਮ ਛਿੱਕੇ 'ਤੇ ਟੰਗ ਕੇ ਮਨਮਰਜ਼ੀਆਂ ਕੀਤੀਆਂ ਹਨ। ਇਸ ਐਕਟ ਅਨੁਸਾਰ ਖੰਡ ਮਿੱਲਾਂ ਪਹਿਲੀ ਨਵੰਬਰ ਤੋਂ 30 ਅਪ੍ਰੈਲ ਤੱਕ ਚੱਲਣੀਆਂ ਹੁੰਦੀਆਂ ਹਨ, ਗੰਨੇ ਦੀ ਫਸਲ ਅਦਾਇਗੀ 15 ਦਿਨਾਂ ਦੇ ਅੰਦਰ ਕੀਤੀ ਜਾਣੀ ਜ਼ਰੂਰੀ ਹੈ ਅਤੇ ਲੇਟ ਹੋਣ ਦੀ ਹਾਲਤ ਵਿਚ ਸੂਦ ਅਦਾ ਕੀਤਾ ਜਾਣਾ ਹੁੰਦਾ ਹੈ। ਮਿੱਲਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਪਰਚੀਆਂ ਲਈ ਰੋਸਟਰ ਤਿਆਰ ਕੀਤਾ ਜਾਣਾ ਹੁੰਦਾ ਹੈ ਜਿਸ ਵਿਚ ਛੋਟੇ ਕਿਸਾਨਾਂ ਨੂੰ ਪਹਿਲ ਦਿੱਤੀ ਜਾਣੀ ਹੁੰਦੀ ਹੈ। ਹਰ ਮਿਲ ਦਾ ਨਿਸ਼ਚਤ ਗੰਨਾ ਇਲਾਕਾ ਹੁੰਦਾ ਹੈ ਅਤੇ ਗੰਨੇ ਦੀ ਖਰੀਦ ਸਮੇਂ ਉਸ ਇਲਾਕੇ ਨੂੰ ਪਹਿਲ ਦੇਣੀ ਹੁੰਦੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਇਹ ਸਾਰੇ ਨਿਯਮ ਤੋੜ ਦਿੱਤੇ ਗਏ ਹਨ ਅਤੇ ਕਿਸਾਨਾਂ ਨੂੰ ਮਿਲ ਮਾਲਕਾਂ ਦੇ ਰਹਿਮੋ ਕਰਮ 'ਤੇ ਛੱਡ ਦਿੱਤਾ ਗਿਆ। ਮਿੱਲਾਂ ਜਾਣ ਬੁੱਝ ਕੇ ਨਵੰਬਰ ਦੀਆਂ ਆਖਰੀ ਤਾਰੀਖਾਂ ਤੱਕ ਬੰਦ ਰੱਖੀਆਂ ਜਾਂਦੀਆਂ ਹਨ ਤਾਂਕਿ ਗੰਨੇ ਦੇ ਸੀਜਨ ਵਿਚ ਕਿਸਾਨਾਂ ਵਿਚ ਆਪਾ ਧਾਪੀ ਮਚੀ ਰਹੇ ਅਤੇ ਉਹ ਗੰਨੇ ਦੀਆਂ ਪਰਚੀਆਂ ਲਈ ਤਰਲੇ ਮਾਰਦੇ ਫਿਰਨ। ਛੋਟੇ ਕਿਸਾਨਾਂ ਨੂੰ ਪਹਿਲ ਦੇਣ ਦੀ ਥਾਂ ਵਧੇਰੇ ਦੁਰਕਾਰਿਆ ਅਤੇ ਲੁਟਿਆ ਜਾਂਦਾ ਹੈ। ਆਪਣੇ ਅਲਾਟ ਹੋਏ ਇਲਾਕੇ ਤੋਂ ਬਾਹਰੋਂ ਗੰਨਾ ਸੀਜਨ ਦੇ ਆਰੰਭ ਤੋਂ ਹੀ ਗੰਨਾ ਮੰਗਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਆਪਾ ਧਾਪੀ ਦੇ ਦੌਰ ਵਿਚ ਮਿੱਲ ਕਰਮਚਾਰੀ ਮਾਲਕਾਂ ਦੀਆਂ ਹਦਾਇਤਾਂ ਅਨੁਸਾਰ ਤੁਲਾਈ ਸਮੇਂ 5 ਤੋਂ 10%  ਤੱਕ ਕਟੌਤੀ ਲਾਉਂਦੇ ਹਨ, ਅਤੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। ਕਈ ਵਾਰ ਤਾਂ ਉਹਨਾਂ ਦਾ ਗੰਨਾ ਵਾਪਸ ਵੀ ਕਰ ਦਿੱਤਾ ਜਾਂਦਾ ਹੈ।
ਗੰਨੇ ਦੀ ਅਦਾਇਗੀ ਸਮੇਂ ਕਿਸਾਨਾਂ ਨੂੰ ਆਰੰਭ ਤੋਂ ਹੀ ਖੱਜਲ ਖੁਆਰ ਕੀਤਾ ਜਾਂਦਾ ਹੈ। ਉਹਨਾਂ ਦੀਆਂ ਪਹਿਲੀਆਂ ਇਕ ਦੋ ਪਰਚੀਆਂ ਦੀ ਅਦਾਇਗੀ ਬਾਂਡ ਪੈਨਲਟੀ ਦੇ ਰੂਪ ਵਿਚ ਰਾਖਵੀਂ ਰੱਖ ਲਈ ਜਾਂਦੀ ਹੈ ਅਤੇ ਜੇ ਬਾਂਡ ਦਾ ਗੰਨਾ ਪੂਰਾ ਨਾ ਹੋਵੇ ਤਾਂ ਉਹ ਜ਼ਬਤ ਕਰ ਲਈਆਂ ਜਾਂਦੀਆਂ ਹਨ। ਜਨਵਰੀ ਮਹੀਨੇ ਤੱਕ ਅਦਾਇਗੀ ਦਾ ਸਿਲਸਿਲਾ ਕੁਝ ਠੀਕ ਚੱਲਦਾ ਹੈ, ਪਰ ਫਰਵਰੀ ਵਿਚ ਢਿੱਲ ਆਉਣੀ ਆਰੰਭ ਹੋ ਜਾਂਦੀ ਹੈ। ਮਾਰਚ ਮਹੀਨੇ ਤੋਂ ਅਦਾਇਗੀ ਲਗਭਗ ਬੰਦ ਹੋ ਜਾਂਦੀ ਹੈ ਜਿਸ ਲਈ ਕਿਸਾਨਾਂ ਨੂੰ ਅਗਲਾ ਸਾਰਾ ਸਾਲ ਸੰਘਰਸ਼ ਕਰਨਾ ਪੈਂਦਾ ਹੈ। ਕਿਸਾਨ ਜਾਨਹੂਲਵੇਂ ਸੰਘਰਸ਼ ਕਰਦੇ ਹਨ, ਰੇਲਵੇ ਲਾਈਨਾਂ ਅਤੇ ਸੜਕਾਂ ਤੇ ਜਾਮ ਲਾਉਂਦੇ ਹਨ। ਪਰ ਮਿਲ ਮਾਲਕ ਟਸ ਤੋਂ ਮਸ ਨਹੀਂ ਹੁੰਦੇ। ਸਰਕਾਰ ਉਹਨਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਕਿਸਾਨਾਂ ਵਿਰੁੱਧ ਮੁਕੱਦਮੇਂ ਦਰਜ ਕਰਕੇ ਜੇਲਾਂ ਵਿਚ ਬੰਦ ਕਰ ਦਿੰਦੀ ਹੈ। ਸਰਕਾਰ ਦੀ ਜਨਤਕ ਅਦਾਰਿਆਂ ਵਿਰੋਧੀ ਨੀਤੀ ਕਰਕੇ ਸਹਿਕਾਰੀ ਖੰਡ ਮਿੱਲਾਂ ਦਾ ਭੱਠਾ ਬੈਠਦਾ ਜਾ ਰਿਹਾ ਹੈ। 16 ਮਿੱਲਾਂ ਵਿਚੋਂ 7 ਬੰਦ ਹਨ ਬਾਕੀ ਵੀ ਲੰਗੇ ਡੰਗ ਚਲ ਰਹੀਆਂ ਹਨ। ਉਹਨਾਂ ਦਾ ਆਧੁਨੀਕੀਕਰਨ ਨਹੀਂ ਕੀਤਾ ਜਾਂਦਾ। ਪਿੜਾਈ ਸਮਰਥਾ ਥੋੜ੍ਹੀ ਹੈ। ਉਹ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਹੀਂ ਕਰਦੀਆਂ। ਇਸ ਹਾਲਤ ਵਿਚ ਕਿਸਾਨ ਨਿੱਜੀ ਮਿੱਲਾਂ ਵਿਚ ਜਾਣ ਲਈ ਮਜ਼ਬੂਰ ਹੁੰਦੇ ਹਨ। ਸਾਲ 2015-16 ਦੇ ਸੀਜ਼ਨ ਵਿਚ ਸਰਕਾਰ ਨੇ ਉਹਨਾਂ ਦਾ ਗੰਨਾ ਪ੍ਰਾਈਵੇਟ ਮਿਲਾਂ ਨੂੰ ਅਲਾਟ ਕਰ ਦਿੱਤਾ ਸੀ। ਜੋ ਉਹਨਾਂ ਤੋਂ ਬਹੁਤ ਦੂਰ ਪੈਂਦੀਆਂ ਸਨ। ਇਸ ਨਾਲ ਖੰਡ ਮਿੱਲਾਂ ਨੂੰ ਮਨਮਰਜ਼ੀ ਕਰਨ ਦਾ ਵਧੇਰੇ ਮੌਕਾ ਮਿਲਿਆ ਅਤੇ ਕਿਸਾਨਾਂ ਦੀ ਖੱਜਲ ਖੁਆਰੀ ਵਿਚ ਹੋਰ ਵਾਧਾ ਹੋਇਆ।
ਘਾਟਾ ਹੋਣ ਦਾ ਰੌਲਾ ਰੱਪਾ
ਖੰਡ ਮਿਲ ਮਾਲਕ ਜਦ ਮਰਜ਼ੀ ਉਹਨਾਂ ਨੂੰ ਪੈ ਰਹੇ ਘਾਟੇ ਦਾ ਰੌਲਾ ਪਾ ਕੇ ਕਿਸਾਨਾਂ ਦੀ ਅਦਾਇਗੀ ਰੋਕ ਲੈਂਦੇ ਹਨ ਅਤੇ ਸਰਕਾਰ 'ਤੇ ਦਬਾਅ ਪਾ ਕੇ ਵੱਡੀਆਂ ਗਰਾਂਟਾਂ ਪ੍ਰਾਪਤ ਕਰਦੇ ਹਨ। ਸਰਕਾਰ ਉਹਨਾਂ ਦੀ ਹਰ ਹੇਰਾਫੇਰੀ, ਹਰ ਝੂਠੀ ਅਤੇ ਥੋਥੀ ਦਲੀਲ ਨੂੰ ਬਿਨਾਂ ਕਿਸੇ ਠੋਸ ਪੜਤਾਲ ਤੋਂ ਪ੍ਰਵਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਵੱਡੇ ਮਾਲੀ ਲਾਭ ਦਿੰਦੀ ਹੈ। ਕੇਂਦਰ ਅਤੇ ਪ੍ਰਾਂਤ ਸਰਕਾਰਾਂ ਵਲੋਂ ਕਿਸਾਨਾਂ ਦੇ ਬਕਾਏ ਲਈ ਦਿੱਤੀਆਂ ਜਾਂਦੀਆਂ ਮਾਲੀ ਗਰਾਟਾਂ ਮਿਲ ਮਾਲਕ ਆਪ ਹੀ ਹੜੱਪ ਜਾਂਦੇ ਹਨ। ਪਿਛਲੇ ਦੋ ਕੁ ਸਾਲਾਂ ਤੋਂ ਪੰਜਾਬ ਵਿਚ ਇਹ ਵਰਤਾਰਾ ਵਧੇਰੇ ਤੇਜ਼ੀ ਨਾਲ ਵਾਪਰਿਆ ਹੈ।
ਸਾਲ 2014-15 ਦੇ ਸੀਜਨ ਵਿਚ ਮਿੱਲ ਮਾਲਕਾਂ ਸਮੇਤ ਸਹਿਕਾਰੀ ਖੰਡ ਮਿੱਲਾਂ ਨੇ 15 ਫਰਵਰੀ ਤੋਂ ਗੰਨੇ ਦੀ ਅਦਾਇਗੀ ਪੂਰੀ ਤਰ੍ਹਾਂ ਰੋਕ ਲਈ। ਕਿਸਾਨਾਂ ਦੇ ਰੋਸ ਮੁਜ਼ਾਹਰਿਆਂ ਧਰਨਿਆਂ ਦਾ ਉਹਨਾਂ 'ਤੇ ਕੋਈ ਅਸਰ ਨਹੀਂ ਸੀ ਹੈ ਰਿਹਾ। ਖੰਡ ਮਿੱਲ ਮਾਲਕਾਂ ਦਾ ਕਹਿਣਾ ਸੀ ਗੰਨੇ ਦੀ ਰੀਕਵਰੀ ਜੋ ਅਮਲੀ ਰੂਪ ਵਿਚ 10-11% ਹੁੰਦੀ ਹੈ ਘਟਾਕੇ 8-9% ਰਹਿ ਗਈ ਹੈ। ਇਸ ਤੋਂ ਬਿਨਾਂ ਖੰਡ ਦੀਆਂ ਕੀਮਤਾਂ ਹੇਠਾਂ ਡਿੱਗ ਪਈਆਂ ਹਨ। ਸਰਕਾਰ ਨੇ ਬਿਨਾਂ ਕਿਸੇ ਠੋਸ ਪੜਤਾਲ ਦੇ ਉਹਨਾਂ ਦੀ ਦਲੀਲ ਸਾਹਮਣੇ ਗੋਡੇ ਟੇਕ ਕੇ 200 ਕਰੋੜ ਦਾ ਬੈਂਕ ਕਰਜ਼ਾ ਆਪਣੀ ਗਰੰਟੀ 'ਤੇ ਲੈ ਕੇ ਦਿੱਤਾ। ਇਹ ਕਰਜ਼ਾ ਮਿਲ ਮਾਲਕਾਂ ਨੇ ਅਦਾ ਨਹੀਂ ਕਰਨਾ ਅਤੇ ਇਹ ਸਰਕਾਰ ਨੂੰ ਆਪ ਹੀ ਲੋਕਾਂ ਦੁਆਰਾ ਅਦਾ ਕੀਤੇ ਟੈਕਸਾਂ ਵਿਚੋਂ ਹੀ ਅਦਾ ਕਰਨਾ ਪੈਣਾ ਹੈ। ਖੰਡ ਮਿਲ ਮਾਲਕਾਂ ਵਲੋਂ ਕਰਜਾ ਪ੍ਰਾਪਤ ਕਰਕੇ ਵੀ ਕਿਸਾਨਾਂ ਦੀ ਅਦਾਇਗੀ ਲੇਟ ਕੀਤੀ ਗਈ। ਸਾਲ 2015-16 ਲਈ ਸਰਕਾਰ ਨੇ ਗੰਨੇ ਦੀ ਕੀਮਤ ਵਧਾਉਣ ਦੀ ਕਿਸਾਨਾਂ ਦੀ ਮੰਗ ਰੱਦ ਕਰ ਦਿੱਤੀ। ਪਰ ਮਿਲ ਮਾਲਕਾਂ ਨਾਲ ਸਮਝੌਤਾ ਕਰ ਲਿਆ ਕਿ ਜੇ ਖੰਡ ਦੀ ਕੀਮਤ 30 ਰੁਪਏ ਕਿਲੋ ਤੋਂ ਹੇਠਾਂ ਰਹੇਗੀ ਤਾਂ 50 ਰੁਪਏ ਪ੍ਰਤੀ ਕੁਵਿੰਟਲ ਸਰਕਾਰ ਕਿਸਾਨਾਂ ਨੂੰ ਆਪ ਅਦਾ ਕਰੇਗੀ ਅਤੇ ਮਿਲ ਮਾਲਕ 245 ਰੁਪਏ ਅਦਾ ਕਰਨਗੇ। ਜਨਵਰੀ ਮਹੀਨੇ ਦੇ ਅਖੀਰ ਤੱਕ ਖੰਡ ਦੀਆਂ ਕੀਮਤਾਂ ਸਮਝੌਤੇ ਵਿਚ ਨਿਸ਼ਚਤ ਦਰ ਤੋਂ ਵੱਧ ਗਈਆਂ। 15 ਫਰਵਰੀ ਤੋਂ ਸਰਕਾਰ ਨੇ ਕਿਸਾਨਾਂ ਨੂੰ 50 ਰੁਪਏ ਅਦਾ ਕਰਨੇ ਬੰਦ ਕਰ ਦਿੱਤੇ। ਮਿਲ ਮਾਲਕ 245 ਰੁਪਏ ਬੜੇ ਰੌਲੇ ਰੱਪੇ ਪਿਛੋਂ ਮਨਮਰਜ਼ੀ ਨਾਲ ਅਦਾ ਕਰਦੇ ਸਨ। 50 ਰੁਪਏ ਅਦਾ ਕਰਨ ਬਾਰੇ ਉਹਨਾਂ ਨੇ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਉਹਨਾਂ ਨੇ ਮਿੱਲਾਂ ਬੰਦ ਕਰਨ ਦੀ ਧਮਕੀ ਵੀ ਦੇ ਦਿੱਤੀ ਅਤੇ ਇਹ ਵੀ ਕਹਿਣਾ ਸ਼ੁਰੂ ਕੀਤਾ ਕਿ ਅਜਿਹਾ ਕੋਈ ਸਮਝੌਤਾ ਹੋਇਆ ਹੀ ਨਹੀਂ ਅਤੇ ਇਹ ਰਕਮ ਅਦਾ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਹੈ। ਇਸ ਪਿਛੋਕੜ ਵਿਚ ਗੰਨਾ ਉਤਪਾਦਕ ਕਿਸਾਨਾਂ ਦੇ ਜ਼ੋਰਦਾਰ ਸੰਘਰਸ਼ ਆਰੰਭ ਹੋਏ। 29 ਜੁਲਾਈ ਨੂੰ ਜ਼ਿਲ੍ਹਾ ਪ੍ਰਸ਼ਾਸ਼ਨਿਕ ਕੇਂਦਰਾਂ ਅਤੇ ਕਈ ਖੰਡ ਮਿਲਾਂ ਸਾਹਮਣੇ ਧਰਨੇ ਦਿੱਤੇ ਗਏ। 29 ਅਗਸਤ ਨੂੰ ਦਸੂਹਾ ਵਿਚ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋਇਆ ਅਤੇ ਸੜਕੀ ਆਵਾਜਾਈ ਠੱਪ ਕੀਤੀ ਗਈ। ਇਸ ਇਕੱਠ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਹਿਬਾ ਨੇ ਪੰਜਾਬ ਸਰਕਾਰ ਦੇ ਫੈਸਲਿਆਂ ਅਨੁਸਾਰ ਐਲਾਨ ਕੀਤਾ ਕਿ ਸਹਿਕਾਰੀ ਖੰਡ ਮਿੱਲਾਂ ਦਾ 112 ਕਰੋੜ ਦੋ ਦਿਨਾ ਅੰਦਰ ਕਿਸਾਨਾਂ ਨੂੰ ਮਿਲ ਜਾਵੇਗਾ ਅਤੇ ਨਿੱਜੀ ਖੰਡ ਮਿੱਲਾਂ ਦਾ 111 ਕਰੋੜ ਦਾ ਬਕਾਇਆ 10 ਦਿਨਾਂ ਅੰਦਰ ਅਦਾ ਕਰ ਦਿੱਤਾ ਜਾਵੇਗਾ। ਇਸ ਸੰਘਰਸ਼ ਵਿਚ ਪੱਗੜੀ ਸੰਭਾਲ ਲਹਿਰ, ਦੁਆਬਾ ਸੰਘਰਸ਼ ਕਮੇਟੀ, ਗੰਨਾ ਉਤਪਾਦਕ ਐਸੋਸੀਏਸ਼ਨ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਸ਼ਾਮਲ ਹੋਏ।
ਹੁਣ ਤੱਕ ਸਹਿਕਾਰੀ ਖੰਡ ਮਿੱਲਾਂ ਦਾ ਬਕਾਇਆ ਤਾਂ ਮਿਲ ਗਿਆ ਹੈ। ਪਰ ਸਰਕਾਰੀ ਖੰਡ ਮਿੱਲਾਂ ਦਾ ਬਕਾਇਆ ਨਹੀਂ ਮਿਲਿਆ। ਸਰਕਾਰ ਨੇ ਲੋਕਾਂ ਦੇ ਦਬਾਅ ਸਦਕਾ ਖੰਡ ਮਿੱਲਾਂ ਦੀ ਕੁਰਕੀ ਦੇ ਹੁਕਮਾਂ ਅਧੀਨ ਮਿੱਲਾਂ ਸੀਲ ਕਰ ਦਿੱਤੀਆਂ ਪਰ ਮਿੱਲ ਮਾਲਕਾਂ ਨੇ ਹਾਈਕੋਰਟ ਵਿਚ ਰਿਟ ਦਾਖਲ ਕਰਕੇ ਖੁਲਵਾ ਲਈਆਂ। ਕਿਸਾਨ ਸਮਝਦੇ ਹਨ ਕਿ ਮਿੱਲ ਮਾਲਕਾਂ ਅਤੇ ਸਰਕਾਰ ਨੇ ਮਿਲਕੇ ਇਹ ਇਕ ਡਰਾਮਾ ਕੀਤਾ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕੁਝ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਹੈ ਕਿ 25 ਅਕਤੂਬਰ ਤੱਕ 50 ਕਰੋੜ ਦੀ ਅਦਾਇਗੀ ਸਰਕਾਰ ਆਪ ਕਰ ਦੇਵੇਗੀ। ਬਾਕੀ 61 ਕਰੋੜ ਬਾਰੇ ਫਿਰ ਵਿਚਾਰਿਆ ਜਾਵੇਗਾ।
ਆਰਥਕ ਮੰਦਹਾਲੀ ਦਾ ਝੰਬਿਆ ਕਿਸਾਨ ਮੰਗ ਕਰਦਾ ਹੈ ਕਿ ਉਸਦਾ ਬਕਾਇਆ ਫੌਰੀ ਤੌਰ 'ਤੇ ਅਦਾ ਕੀਤਾ ਜਾਵੇ। ਇਸ ਤੋਂ ਬਿਨਾਂ ਖੰਡ ਦੀਆਂ ਕੀਮਤਾਂ ਵੱਧਣ ਨਾਲ 50 ਰੁਪਏ ਦੀ ਅਦਾਇਗੀ ਦੀ ਜ਼ਿੰਮੇਵਾਰੀ ਮਿਲ ਮਾਲਕਾਂ ਤੇ ਪਾਉਣ ਵਾਲਾ ਸਮਝੌਤਾ ਜਨਤਕ ਕੀਤਾ ਜਾਵੇ। ਜੇ ਇਹ ਸਮਝੌਤਾ ਹਕੀਕੀ ਰੂਪ ਵਿਚ ਹੋਇਆ ਹੈ ਤਾਂ ਇਸ ਦੀ ਭਰਪਾਈ ਮਿਲ ਮਾਲਕਾਂ ਤੋਂ ਕਰਵਾਈ ਜਾਵੇ। ਪਰ ਕਿਸਾਨਾਂ ਦੀ ਅਦਾਇਗੀ ਪਹਿਲਾਂ ਸਰਕਾਰੀ ਖਜ਼ਾਨੇ ਵਿਚੋਂ ਕਰ ਦਿੱਤੀ ਜਾਵੇ। ਇਸ ਤੋਂ ਬਿਨਾਂ ਮਿੱਲ ਮਾਲਕਾਂ ਦੇ ਹਿਸਾਬ ਕਿਤਾਬ ਦੀ ਪੁਣਛਾਣ ਲਈ ਕੋਈ ਕਮੇਟੀ ਨਿਸ਼ਚਤ ਕੀਤੀ ਜਾਵੇ ਜਿਸ ਵਿਚ ਗੰਨਾ ਉਤਪਾਦਕ ਕਿਸਾਨਾਂ ਦੇ ਨੁਮਾਇੰਦੇ ਵੀ ਹੋਣ।
ਜਮਹੂਰੀ ਕਿਸਾਨ ਸਭਾ ਦੀ ਠੋਸ ਅਤੇ ਪੱਕੀ ਰਾਇ ਹੈ ਕਿ ਇਸ ਸਮੱਸਿਆ ਦਾ ਹੱਲ, ਕਿਸਾਨਾਂ ਵਿਸ਼ੇਸ਼ ਕਰਕੇ ਗੰਨਾ ਉਤਪਾਦਕ ਕਿਸਾਨਾਂ ਦੇ ਸਾਂਝੇ ਸੰਘਰਸ਼ ਤੋਂ ਬਿਨਾਂ ਨਹੀਂ ਨਿਕਲ ਸਕਦਾ। ਇਸ ਸਬੰਧ ਵਿਚ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਨੂੰ ਇਕੱਲੇ ਚੱਲੋ ਦੀ ਆਪਣੀ ਸੰਕੀਰਨ ਸੋਚ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਹੁਣ ਤੱਕ ਉਹਨਾਂ ਨੂੰ ਕੁੱਝ ਹੱਦ ਤੱਕ ਤਜ਼ਰਬਾ ਹੋ ਗਿਆ ਹੈ ਕਿ ਸਰਕਾਰ ਉਹਨਾਂ ਨੂੰ ਲਾਰਾ ਲੱਪਾ ਹੀ ਲਾਉਂਦੀ ਹੈ ਅਤੇ ਦਬਾਉਣ ਲਈ ਕੇਸ ਬਣਾਉਂਦੀ ਹੈ। ਇਸ ਲਈ ਉਹਨਾਂ ਨੂੰ ਸਾਂਝੇ ਸੰਘਰਸ਼ਾਂ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ। ਸਾਂਝੇ ਸੰਘਰਸ਼ਾਂ ਲਈ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਨੂੰ ਵੱਡੇ ਛੋਟੇ ਦਾ ਫਰਕ ਛੱਡਕੇ ਇਕੱਠੇ ਕਰਨਾ ਜ਼ਰੂਰੀ ਹੈ। ਇਹ ਜਥੇਬੰਦੀਆਂ ਇਕ ਸਾਂਝਾ ਮੰਚ ਬਣਾਕੇ ਸਹਿਮਤੀ ਵਾਲੀਆਂ ਮੰਗਾਂ ਲਈ ਇਕ ਜਾਬਤੇ ਅਨੁਸਾਰ, ਸੰਘਰਸ਼ ਕਰਦੀਆਂ ਹਨ। ਇਸ ਤਰ੍ਹਾਂ ਲੜੇ ਜਾਣ ਵਾਲੇ ਸਾਂਝੇ ਸੰਘਰਸ਼ ਹੀ ਸਿੱਟੇ ਕੱਢ ਸਕਦੇ ਹਨ। ਅਜੋਕਾ ਸਮਾਂ ਸਾਂਝੇ ਸੰਘਰਸ਼ਾਂ ਦਾ ਹੈ। ਇਕੱਲੇ ਇਕੱਲੇ ਲੜਨ ਨਾਲ ਜਥੇਬੰਦੀਆਂ ਦੇ ਪੱਲੇ ਨਿਰਾਸ਼ਤਾ ਪੈਂਦੀ ਹੈ, ਸਰਕਾਰੀ ਜ਼ੁਲਮ ਵੱਧਦਾ ਹੈ ਅਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।
ਅੰਤ ਵਿਚ ਸਾਡੀ ਸਮੂਹ ਕਿਸਾਨ ਜਥੇਬੰਦੀਆਂ ਵਿਸੇਸ਼ ਕਰਕੇ ਗੰਨਾ ਖੇਤਰ ਵਿਚ ਕੰਮ ਕਰਦੀਆਂ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਗੰਨੇ ਦੀ ਖੇਤੀ ਨੂੰ ਬਚਾਉਣ ਲਈ ਸਾਂਝਾ ਸੰਘਰਸ਼ ਲਾਮਬੰਦ ਕੀਤਾ ਜਾਵੇ। 

Monday 7 November 2016

ਜਦੋਂ ਜੈ ਭੀਮ ਦੀ ਹੋਈ ਲਾਲ ਸਲਾਮ ਨਾਲ ਮਿਲਣੀ

ਜੀ. ਸੰਪਥ 
16 ਸਤੰਬਰ 2016 ਨੂੰ ਜੰਤਰ ਮੰਤਰ, ਨੇੜੇ ਪਾਰਲੀਮੈਂਟ ਸਟਰੀਟ, ਨਵੀਂ ਦਿੱਲੀ ਵਿਖੇ ਇਕ ਅਜਿਹੀ ਦਲਿਤ ਰੈਲੀ ਦਾ ਆਯੋਜਨ ਹੋਇਆ ਜੋ ਭੂਤਕਾਲ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਨਾਲੋਂ ਇਕ ਖਾਸ ਪੱਖ ਤੋਂ ਨਿਵੇਕਲੀ ਸੀ। ਵੱਖਰੇਵਾਂ ਇਸ ਗੱਲੋਂ ਸੀ ਕਿ ਇਸ ਰੈਲੀ ਵਿਚ ਪ੍ਰਕਾਸ਼ ਅੰਬੇਦਕਰ, ਰਾਧਿਕਾ ਵੇਮੁੱਲਾ ਅਤੇ ਜਿਗਨੇਸ਼ ਮੇਵਾਨੀ ਦੇ ਮੌਢੇ ਨਾਲ ਮੋਢਾ ਜੋੜਕੇ ਵੱਡੀ ਗਿਣਤੀ ਵਿਚ ਸੀਤਾ ਰਾਮ ਯੈਚੁਰੀ, ਸੁਧਾਕਰ ਰੈਡੀ ਅਤੇ ਡੀ. ਰਾਜਾ ਵਰਗੇ ਖੱਬੇ ਪੱਖੀ ਨੇਤਾ ਵੀ ਬੁਲਾਰਿਆਂ 'ਚ ਸ਼ਾਮਲ ਸਨ। ਹੈਰਾਨੀ ਇਸ ਗੱਲ ਦੀ ਹੈ ਕਿ ਉਥੇ ਦਲਿਤ ਪਛਾਣ ਵਜੋਂ ਜਾਣੇ ਜਾਂਦੇ ਨਾਅਰੇ ''ਜੈ ਭੀਮ'' ਦੇ ਨਾਲ ਹੀ ਖੱਬੇ ਪੱਖੀ ਹਲਕਿਆਂ ਤੋਂ ਬਾਹਰ ਘੱਟ ਹੀ ਸੁਣੇ ਜਾਂਦੇ ਨਾਅਰੇ 'ਲਾਲ ਸਲਾਮ' ਵੀ ਲੱਗ ਰਹੇ ਸਨ।
ਜੇਕਰ 'ਜੈ ਭੀਮ' ਅਤੇ 'ਲਾਲ ਸਲਾਮ' ਦਾ ਅਜਿਹਾ ਗੱਠਜੋੜ ਸੱਚਮੁੱਚ ਕਿਸੇ ਰਾਜਨੀਤਕ ਪ੍ਰੋਗਰਾਮ ਵਿਚ ਤਬਦੀਲ ਹੋ ਜਾਂਦਾ ਹੈ ਤਾਂ ਇਹ ਖੱਬੇ ਪੱਖੀ ਅਤੇ ਦਲਿਤ ਰਾਜਨੀਤੀ ਵਿਚ ਇਕ ਹਾਂ ਪੱਖੀ ਮਹੱਤਵਪੂਰਨ ਮੋੜਾ ਹੋਵੇਗਾ। ਊਨਾ, ਗੁਜਰਾਤ ਵਿਚ ਹੋਏ ਤਾਜਾ ਦਲਿਤ ਸੰਘਰਸ਼, ਸੰਭਾਵਨਾਵਾਂ ਦੀ ਕਿਰਨ ਦਿਖਾਉਂਦੇ ਹਨ ਜੋ ''ਜੈ ਭੀਮ'' ਅਤੇ 'ਲਾਲ ਸਲਾਮ' ਦੇ ਨਾਅਰਿਆਂ ਦੀ ਇਕਮਿਕਤਾ ਤੋਂ ਵੀ ਉਪਰ ਪੱਧਰ ਦੇ ਪ੍ਰੋਗਰਾਮਾਂ ਦੇ ਦੌਰ 'ਚ ਪਹੁੰਚ ਸਕਦੀਆਂ ਹਨ।
ਗੁਜਰਾਤ ਦੇ ਸਬਕ
ਊਨਾ ਵਿਖੇ ਅਖੌਤੀ ਗਊ ਰੱਖਿਅਕਾਂ ਹੱਥੋਂ ਮੱਧਯੁਗੀ ਜ਼ੁਲਮ ਦਾ ਸ਼ਿਕਾਰ ਹੋਏ ਦਲਿਤਾਂ ਦੀ ਘਟਨਾ ਚੋਂ ਗੁਜਰਾਤ ਵਿਚ ਉਪਜਿਆ ਲੋਕ ਉਭਾਰ ਪਹਿਲਾਂ ਹੀ ਦੋ ਵੱਡੀਆਂ ਪ੍ਰਮੁੱਖ ਜਿੱਤਾਂ ਪ੍ਰਾਪਤ ਕਰ ਚੁੱਕਾ ਹੈ। ਪਹਿਲੀ ਜਿੱਤ ਇਹ ਕਿ ਇਸ ਉਭਾਰ ਨੇ ਸੂਬਾਈ ਰਾਜ ਪ੍ਰਬੰਧ ਨੂੰ ਇਸ ਗੱਲ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਉਸਨੇ ਅਹਿਮਦਾਬਾਦ ਜ਼ਿਲ੍ਹੇ ਦੀ ਢੋਲਕਾ ਬਲਾਕ ਵਿਚ ਸਰੋਦਾ ਪਿੰਡ ਦੇ 115 ਦਲਿਤ ਪਰਿਵਾਰਾਂ ਨੂੰ 220 ਵਿਘੇ ਸਰਕਾਰੀ ਜ਼ਮੀਨ ਦੀ ਵੰਡ ਦਾ ਤੌਰ ਤਰੀਕਾ ਸ਼ੁਰੂ ਕਰ ਦਿੱਤਾ ਹੈ।
ਦੂਜੀ ਜਿੱਤ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਸਫਾਈ ਕਰਮਚਾਰੀਆਂ ਦੀ ਹੋਈ ਹੈ ਜਿਨ੍ਹਾਂ ਨੇ ਕਿ 36 ਦਿਨ ਲੰਬੀ ਹੜਤਾਲ ਕੀਤੀ ਸੀ। ਉਨ੍ਹਾਂ ਦੀਆਂ ਮੰਗਾਂ, ਜਿਨ੍ਹਾਂ ਵਿਚ ਠੇਕੇ ਤੇ ਰੱਖੇ ਵਰਕਰਾਂ ਨੂੰ ਰੈਗੂਲਰ ਕਰਨਾ, ਪ੍ਰਾਵੀਡੈਂਟ ਫੰਡ ਸਕੀਮ ਦੀ ਵਿਵਸਥਾ ਕਰਨਾ ਅਤੇ ਸਿਹਤ ਸਹੂਲਤਾਂ ਦੇਣਾ, ਘੱਟੋ ਘੱਟ ਉਜਰਤਾਂ ਦੀ ਗਰੰਟੀ ਕਰਨਾ, ਸਾਰੇ ਕਾਮਿਆਂ ਲਈ ਸੇਫਟੀ ਮਸ਼ੀਨਰੀ ਦਾ ਪ੍ਰਬੰਧ ਕਰਨਾ, ਐਕਸੀਡੈਂਟ ਦੌਰਾਨ ਹੋਈ ਮੌਤ ਦਾ ਅਤੇ ਹਾਦਸਿਆਂ ਦੌਰਾਨ ਲੱਗੀਆਂ ਸੱਟਾਂ ਲਈ ਵਰਕਰ ਦੇ ਰਿਸ਼ਤੇਦਾਰ ਨੂੰ ਨੌਕਰੀ ਤੇ ਢੁਕਵਾਂ ਮੁਆਵਜ਼ਾ ਦੇਣਾ ਅਤੇ 2011 ਤੋਂ ਪ੍ਰਾਵੀਡੈਂਟ ਫੰਡ ਦੇ ਸਾਰੇ ਬਕਾਇਆਂ ਦਾ ਭੁਗਤਾਨ ਕਰਨਾ ਆਦਿ ਸ਼ਾਮਲ ਸਨ ਅਤੇ ਇਹ ਸਾਰੀਆਂ ਹੀ ਮੰਗਾਂ ਪਦਾਰਥਕ ਸਨ। ਅਹਿਮਦਾਬਾਦ ਮਿਊਂਸਿਪਲ ਕਾਰਪੋਰੇਸ਼ਨ ਵਲੋਂ ਬਦਲੇ ਸਿਆਸੀ ਹਾਲਾਤ 'ਚ ਇਹ ਸਾਰੀਆਂ ਹੀ ਮੰਗਾਂ ਮੰਨੀਆਂ ਗਈਆਂ ਹਨ।
ਇਹ ਦੋ ਉਦਾਹਰਣਾਂ ਹਨ ਜਿਨ੍ਹਾਂ ਵਿਚ ਰਾਸ਼ਟਰੀਆ ਦਲਿਤ ਅਧਿਕਾਰ ਮੰਚ ਅਤੇ ਊਨਾ ਦਲਿਤ ਅਤਿਆਚਾਰ ਵਿਰੋਧੀ ਸੰਘਰਸ਼ ਸਮਿਤੀ ਵਲੋਂ ਜੋ ਆਪਣੀ ਪਛਾਣ ਦਲਿਤਾਂ ਵਾਲੀ ਰੱਖਦੀਆਂ ਹਨ, ਦਲਿਤ ਗੁੱਸੇ ਨੂੰ ਇਕ ਵਿਹਾਰਕ ਰਾਜਨੀਤਿਕ ਪ੍ਰੋਜੈਕਟ ਵਜੋਂ ਸਥਾਪਿਤ ਕੀਤਾ ਗਿਆ। ਇਨ੍ਹਾਂ ਜਥੇਬੰਦੀਆਂ ਦੇ ਨਾਲ ਹੀ ਇਸ ਕਾਰਜ ਵਿਚ ਗੁਜਰਾਤ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼, ਗੁਜਰਾਤ ਮਜ਼ਦੂਰ ਸਭਾ ਅਤੇ ਗੁਜਰਾਤ ਸੰਘਰਸ਼ ਮੰਚ ਵਰਗੀਆਂ ਸੰਗਰਾਮੀ ਅਤੇ ਨਾਲ ਹੀ ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਨੇ ਵੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਹੀਲਾ ਕੀਤਾ। ਹਾਲਾਂਕਿ ਇਸ ਸਾਰੀ ਲਾਮਬੰਦੀ ਦੇ ਫਲ ਦਲਿਤਾਂ ਨੂੰ ਹੀ ਮਿਲੇ ਪਰ ਮੰਗ ਪੱਤਰ ਦਾ ਸਾਰਾ ਚੌਖਟਾ ਪਛਾਣ ਅਧਾਰਤ ਨਾ ਹੋ ਕੇ ਪਦਾਰਥਕ ਮੰਗਾਂ ਵਾਲਾ ਹੀ ਰੱਖਿਆ ਗਿਆ। ਭੂਮੀ ਦੀ ਮਾਲਕੀ ਅਤੇ ਸਮਾਜਿਕ ਲਾਭਾਂ ਸਮੇਤ ਪੱਕੀ ਨੌਕਰੀ ਦੀ ਮੰਗ, ਦਲਿਤਾਂ ਦੀ ਪਦਾਰਥਕ ਹੋਂਦ ਅਤੇ ਸਮਾਨ ਰੁਤਬੇ ਦੇ ਮਾਮਲੇ ਵਿਚ ਵੱਡੇ ਮਾਇਨੇ ਰੱਖਦੀ ਹੈ। ਪ੍ਰੰਤੂ ਦਲਿਤ ਰਾਜਨੀਤੀ ਦਾ ਪਦਾਰਥਕ ਮੰਗਾਂ ਨੂੂੰ ਉਭਾਰਨ ਦਾ ਲੱਛਣ ਪਹਿਲਾਂ ਕਦੀ ਨਹੀਂ ਰਿਹਾ।
ਇਹੀ ਘਾਟ ਖੱਬੇ ਪੱਖੀ ਰਾਜਨੀਤੀ ਵਿਚ ਉਲਟੇ ਤੌਰ 'ਤੇ ਦੇਖੀ ਗਈ ਹੈ ਜਿਸ ਨੇ ਕਦੇ ਵੀ ਗੰਭੀਰ ਤੌਰ ਤੇ ਜਾਤਪਾਤ ਦੇ ਮੁੱਦੇ ਨੂੰ ਨਹੀਂ ਲਿਆ ਅਤੇ ਨਾ ਹੀ ਦਲਿਤਾਂ 'ਤੇ ਹੁੰਦੇ ਅਤਿਆਚਾਰਾਂ ਨੂੰ ਅਤੇ ਨਾ ਹੀ ਆਮ ਜਾਤਪਾਤ ਖਿਲਾਫ ਆਪਣੀ ਜੁਝਾਰੂ ਪਛਾਣ ਅਨੁਸਾਰ ਲਾਮਬੰਦੀਆਂ ਕੀਤੀਆਂ। ਇਸ ਨੇ ਜਮਾਤੀ ਲੁੱਟ ਦੇ ਅਧੀਨ ਹੋ ਰਹੀ ਜਾਤੀ ਅਧਾਰਤ ਲੁੱਟ ਨੂੰ ਚੈਲੰਜ ਕਰੇ ਬਿਨਾਂ ਹੀ ਆਪਣੇ ਆਪ ਨੂੰ ਜਮਾਤੀ ਰਾਜਨੀਤੀ ਤੱਕ ਹੀ ਸੀਮਿਤ ਰੱਖਿਆ ਹੈ। ਇਸਦਾ ਵੱਡਾ ਕਾਰਨ ਜਾਤੀ ਅਧਾਰਤ ਮੁੱਦਿਆਂ 'ਤੇ ਮਜ਼ਦੂਰ ਜਮਾਤ ਦੇ ਵੰਡੇ ਜਾਣ ਦਾ ਡਰ ਸੀ। ਪ੍ਰੰਤੂ ਭਾਰਤੀ ਮਜ਼ਦੂਰ ਜਮਾਤ ਤਾਂ ਪਹਿਲਾਂ ਹੀ ਅਲੱਗ ਅਲੱਗ ਪਛਾਣਾਂ 'ਚ ਉਹ ਵੀ ਜਿਆਦਾਤਰ ਜਾਤ-ਅਧਾਰਤ ਪਛਾਣਾਂ ਵਿਚ ਵੰਡੀ ਪਈ ਸੀ। ਪੈਸੇ ਪੱਖੀਆਂ ਦੀ ਭਾਰਤੀ ਰਾਜਨੀਤੀ ਵਿਚ ਗੁੱਠੇ ਲਾਈਨ ਲੱਗਣ ਵਿਚ ਉਨ੍ਹਾਂ ਵਲੋਂ ਜਾਤ ਅਧਾਰਤ ਵੰਡ ਨੂੰ ਰੋਕ ਨਾ ਸਕਣਾ ਉਨ੍ਹਾਂ ਦੀ ਅਸਫਲਤਾ ਦਾ ਇਕ ਕਾਰਨ ਹੈ। ਅੰਬੇਦਰਵਾਦੀ ਆਲੋਚਕ ਜਾਤ ਅਧਾਰਤ ਲੁੱਟ ਤੇ ਖੱਬੀ ਲੀਡਰਸ਼ਿਪ ਵਿਚ ਉਪਰਲੀਆਂ ਜਾਤਾਂ ਦੇ ਭਾਰੂ ਰਹਿਣ ਨੂੰ ਦੋਸ਼ ਦਿੰਦੇ ਹਨ। ਸਚਮੁੱਚ ਹੀ ਖੱਬਿਆਂ ਦੀਆਂ ਪੋਲਿਟ ਬਿਊਰੋ 'ਤੇ ਕੇਂਦਰੀ ਕਮੇਟੀਆਂ ਵਿਚ ਬਹੁਤ ਹੀ ਘੱਟ ਦਲਿਤ ਹਨ।
ਬਿਲਕੁਲ ਇਸੇ ਤਰ੍ਹਾਂ ਹੀ ਅੰਬੇਦਰਵਾਦੀਆਂ ਦੀ ਖੱਬੇ ਪੱਖੀਆਂ ਦੁਆਰਾ ਕੀਤੀ ਜਾਂਦੀ ਆਲੋਚਨਾ ਵੀ ਨਿਰਆਧਾਰ ਨਹੀਂ। ਇਸਦਾ ਬਹੁਤ ਹੀ ਖੂਬਸੂਰਤ ਵਿਸ਼ਲੇਸ਼ਣ 'ਅਨੁਰਾਧਾ ਘਾਂਡੀ' ਵਲੋਂ ਆਪਣੇ ਲੇਖ 'ਜਾਤਪਾਤ ਦਾ ਸਵਾਲ' ਵਿਚ ਕੀਤਾ ਗਿਆ ਹੈ। ਇਸ ਲੇਖ ਵਿਚ ਉਹ ਲਿਖਦੀ ਹੈ ਕਿ ''ਰਾਜ ਕਰਦੀਆਂ ਜਮਾਤਾਂ ਨੇ ਸੁਚੇਤ ਰੂਪ ਵਿਚ ਦਲਿਤਾਂ ਵਿਚ ਕੁੱਝ ਚੇਤਨ (ਖਾਂਦੇ ਪੀਂਦੇ) ਲੋਭਾਂ ਨੂੰ ਸਪਾਂਸਰ ਕੀਤਾ ਹੈ ਜਿਨ੍ਹਾਂ ਨੇ ਜਾਣਬੁੱਝ ਕੇ ਦਲਿਤ ਏਕਤਾ ਅਤੇ ਤੰਗ ਨਜ਼ਰ ਪਹੁੰਚ ਦੀ ਸਿਰਫ ਅਪੀਲ ਹੀ ਨਹੀਂ ਕੀਤੀ ਸਗੋਂ ਦੂਜੇ ਲੁੱਟੇ ਜਾਂਦੇ ਤਬਕਿਆਂ ਅਤੇ ਉਨ੍ਹਾਂ ਦੀਆਂ ਨੁਮਾਇੰਦਾ ਪਾਰਟੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਏਕਤਾ ਤੋਂ ਇਨਕਾਰੀ ਹੁੰਦਿਆਂ ਇਹ ਏਕਤਾ ਨਾ ਉਸਰਣ ਦੇਣ ਦਾ ਪੂਰਾ-ਪੂਰਾ ਯਤਨ ਕੀਤਾ ਹੈ।
 
ਪਛਾਣਵਾਦ ਦੀਆਂ ਸੀਮਾਵਾਂ ਸ਼੍ਰੀਮਤੀ ਅਨੁਰਾਧਾ ਘਾਂਡੀ ਦਾ ਮੂਲ ਮੁੱਦਾ ਇਹ ਹੈ ਕਿ ਦਲਿਤ ਅਤੇ ਪਛੜਿਆਂ ਦੀ ਜਾਤੀ ਅਧਾਰਤ ਏਕਤਾ ਲੰਬਾ ਸਮਾਂ ਅਮਲੀ ਤੌਰ 'ਤੇ ਨਹੀਂ ਚੱਲ ਸਕਦੀ ਕਿਉਂਕਿ ਉਨ੍ਹਾਂ ਦੀਆਂ ਆਪਸੀ ਜਮਾਤੀ ਵਿਰੋਧਤਾਈਆਂ  ਹਨ। ਇਸ ਤੱਥ ਦੀ ਹੁਣੇ ਵਾਪਰੀਆਂ ਘਟਨਾਵਾਂ ਨੇ ਪੁਸ਼ਟੀ ਕੀਤੀ ਹੈ। ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਖੇਤੀਬਾੜੀ 'ਚ ਭਾਰੂ ਜਾਤਾਂ ਨੇ ਲਾਮਬੰਦੀ ਸ਼ੁਰੂ ਕੀਤੀ ਹੈ ਇਹ ਲਾਮਬੰਦੀ ਉਪਰਲੀਆਂ ਜਾਤਾਂ ਜੋ ਕਿ ਜ਼ਮੀਨ ਜਾਂ ਸਰਮਾਏ ਦੀਆਂ ਮਾਲਕ ਹਨ ਵਿਰੁੱਧ ਨਹੀਂ, ਬਲਕਿ ਦਲਿਤਾਂ ਵਿਰੁੱਧ ਹੋਈ ਹੈ। ਰਾਜਸਥਾਨ ਵਿਚ ਗੁੱਜਰਾਂ ਤੋਂ ਬਾਅਦ ਹੁਣ ਹਰਿਆਣੇ ਦੇ ਜਾਟ, ਗੁਜਰਾਤ ਦੇ ਪਟੇਲ ਅਤੇ ਮਹਾਰਾਸ਼ਟਰ ਦੇ ਮਰਾਠੇ ਰਾਖਵੇਂਕਰਨ ਦੀ ਮੰਗ 'ਤੇ ਸੜਕਾਂ 'ਤੇ ਉਤਰੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ (ਜ਼ੁਲਮ ਰੋਕੂ) ਕਾਨੂੰਨ ਦੀਆਂ ਧਾਰਾਵਾਂ ਨੂੰ ਨਰਮ ਕਰਨ ਦੀ ਮੰਗ ਵੀ ਕੀਤੀ ਹੈ। ਇਹ ਕੋਈ ਹੈਰਾਨੀਜਨਕ ਨਹੀਂ ਕਿ ਦਲਿਤਾਂ ਦੇ ਕੁੱਝ ਹਿੱਸਿਆਂ ਵਿਚ ਇਹ ਅਹਿਸਾਸ ਖਾਸ ਤੌਰ 'ਤੇ ਗੁਜਰਾਤ ਵਿਚ  ਜਿੱਥੇ ਉਹ ਸਿਰਫ 7% ਦੀ ਬਹੁਤ ਹੀ ਨਿਗੂਣੀ ਘੱਟ ਗਿਣਤੀ ਵਿਚ ਹਨ, ਪਨਪਿਆ ਹੈ ਕਿ ਪਛਾਣ ਅਧਾਰਤ ਰਾਜਨੀਤੀ ਨਾਲ ਉਹ ਸਿਰਫ ਇੱਥੋਂ ਤੱਕ ਹੀ ਪਹੁੰਚ ਸਕਦੇ ਸੀ। ਇਹ ਅਹਿਸਾਸ ਭਾਰਤੀ ਰਾਜਨੀਤਕ ਯਥਾਰਥ ਦੀਆਂ ਤਿੰਨ ਦੁਖਦਾਈ ਸਚਾਈਆਂ ਨਾਲ ਦੋ-ਚਾਰ ਹੋਣ ਦਾ ਹੈ।
ਪਹਿਲੀ, ਭਾਰਤੀ ਚੋਣ ਪ੍ਰਣਾਲੀ ਵਿਚ ਪਛਾਣ ਅਧਾਰਤ ਰਾਜਨੀਤੀ ਸਿਰਫ ਦਲਿਤ ਵੋਟ ਦੇ ਦਲਾਲਾਂ ਨੂੰ ਹੀ ਜਨਮ ਦੇ ਸਕਦੀ ਹੈ, ਜੋ ਕਿ ਵੱਧ ਤੋਂ ਵੱਧ ਦਲਿਤਾਂ ਲਈ ਮਾਮੂਲੀ ਰਿਆਇਤਾਂ ਲੈ ਕੇ ਦੇ ਸਕਦੇ ਹਨ ਅਤੇ ਉਹ ਵੀ ਜਾਤ ਅਧਾਰਤ ਪ੍ਰਬੰਧ ਨੂੰ ਬਿਨਾਂ ਚੈਲਿੰਜ ਕੀਤੇ। ਜਾਂ ਫਿਰ ਇਹ ਜਾਤੀ ਅਹੁਦਾ ਪ੍ਰਾਪਤੀ ਨੂੰ ਸਮੁੱਚੀ ਬਰਾਦਰੀ ਲਈ ਅਖੌਤੀ ਸ਼ਕਤੀਕਰਨ ਦਾ ਨਾਂਅ ਦੇ ਸਕਦੇ ਹਨ। ਰਾਮਦਾਸ ਅਠਾਵਲੇ ਅਤੇ ਉਦਿਤ ਰਾਜ ਵਰਗੇ ਆਗੂਆਂ ਦੀਆਂ ਉਦਾਹਰਣਾ ਇਸ ਮੌਕਾਪ੍ਰਸਤ ਵਰਤਾਰੇ ਨੂੰ ਦਰਸਾਉਂਦੀਆਂ ਹਨ। ਜਿੱਥੋਂ ਤੱਕ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦਾ ਸੰਬੰਧ ਹੈ, ਇਸ ਦੀ ਸਮਰੱਥਾ ਇਕ ਵਿਅਕਤੀ ਦੇ ਹੱਥਾਂ ਵਿਚ ਕੇਂਦਰਿਤ ਹੋਣ ਕਰਕੇ ਰੁਕ ਗਈ ਹੈ। ਉਹੀ ਬਿਮਾਰੀ ਜੋ ਕਿ ਭਾਰਤ ਦੀਆਂ ਬਾਕੀ ਰਾਜਨੀਤਕ ਪਾਰਟੀਆਂ ਵਿਚ ਪਹਿਲਾਂ ਹੀ ਹੈ।
ਦੂਜੀ, ਦਲਿਤ-ਪਛੜਿਆਂ ਦੀ ਏਕਤਾ ਹੈ ਜੋ ਕਿਸੇ ਤਬਦੀਲੀ ਲਈ ਲੋੜੀਂਦੀ ਘੱਟੋ ਘੱਟ ਤਾਕਤ ਲਈ ਜ਼ਰੂਰੀ ਲੋੜ ਹੈ। ਅੰਦਰੂਨੀ ਜਮਾਤੀ ਵਿਰੋਧਤਾਈਆਂ ਕਾਰਨ ਅਜੇ ਇਸ ਏਕਤਾ ਦੀ ਸ਼ੁਰੂਆਤ ਵੀ ਨਹੀਂ ਹੋਈ ਹੈ। ਦਲਿਤਾਂ 'ਤੇ ਜ਼ੁਲਮਾਂ ਦੇ ਦੋਸ਼ੀਆਂ ਦੀਆਂ ਜਾਤਾਂ 'ਤੇ ਇਕ ਝਾਤ ਮਾਤਰ ਹੀ ਇਸ ਸਾਰੇ ਵਿਚਾਰ ਨੂੂੰ ਰੱਦ ਕਰ ਦਿੰਦੀ ਹੈ। ਤੀਜੀ ਤੇ ਆਖਰੀ ਸੱਚਾਈ-ਪਬਲਿਕ ਸੈਕਟਰ ਵਿਨਿਵੇਸ਼ ਅਤੇ ਨਿੱਜੀਕਰਨ ਦੀ ਸਰਕਾਰੀ ਨੀਤੀ ਹੋਣ ਕਰਕੇ, ਦਲਿਤਾਂ ਦੀ ਵੱਡੀ ਬਹੁਗਿਣਤੀ ਲਈ ਰਾਖਵਾਂਕਰਨ ਲੰਬੇ ਸਮੇਂ ਲਈ ਕੋਈ ਮੁੱਦਾ ਨਹੀਂ ਬਣ ਸਕਦਾ। ਇਹ ਇਕ ਅਜਿਹੀ ਕੌੜੀ ਸੱਚਾਈ ਹੈ ਜਿਸਨੂੰ ਕਿ ਦੂਜੀਆਂ ਭਾਰੂ ਜਾਤਾਂ ਜੋ ਰਾਖਵੇਂਕਰਨ ਲਈ ਲੜਦੀਆਂ ਹਨ, ਸਮਝਣ ਤੋਂ ਅਸਮੱਰਥ ਹਨ। ਪ੍ਰੰਤੂ ਦੇਰ ਸਵੇਰ ਉਨ੍ਹਾਂ ਨੂੰ ਵੀ ਇਸ ਦੀ ਸਮਝ ਆ ਜਾਵੇਗੀ। ਜੇਕਰ ਅਸੀਂ ਰਾਖਵੇਂਕਰਨ ਤੋਂ ਪਰ੍ਹੇ ਹਟ ਕੇ ਸੋਚੀਏ ਤਾਂ ਫਿਰ ਪਛਾਣ-ਆਧਾਰਤ ਰਾਜਨੀਤੀ ਕੋਲ ਮਹਿਜ ਵਾਅਦਾ ਕਰਨ ਲਈ ਹੈ ਵੀ ਕੀ? ਪੂਰਾ ਕਰਨ ਦੀ ਤਾਂ ਗੱਲ ਹੀ ਛੱਡੋ। ਮਹਿਜ ਰਾਜਨੀਤਿਕ ਤਕਾਜ਼ਾ ਨਿਰਧਾਰਤ (ਨਿਰਦੇਸ਼ਤ) ਕਰਦਾ ਹੈ ਕਿ ਦਲਿਤਾਂ ਨੂੰ ਆਪਣੀ ਪਛਾਣ ਅਧਾਰਤ ਰਾਜਨੀਤੀ ਤੋਂ ਪਰ੍ਹਾਂ, ਉਨ੍ਹਾਂ ਭਾਈਵਾਲਾਂ ਵੱਲ ਦੇਖਣਾ ਪਵੇਗਾ ਜੋ ਕਿ ਉਨ੍ਹਾਂ ਦੇ ਸਮਾਜਿਕ, ਰਾਜਨੀਤਕ ਤੇ ਪਦਾਰਥਕ ਸਰੋਕਾਰਾਂ ਨਾਲ ਸਾਂਝ ਰੱਖਦੇ ਹਨ। ਕਿਉਂਕਿ ਉਹ ਆਪਣੇ ਆਸਰੇ ਉਹ ਗਿਣਤੀ ਨਹੀਂ ਰੱਖਦੇ, ਜਿਸਦੇ ਸਹਾਰੇ ਉਹ ਆਪਣੇ ਜਾਤਪਾਤ ਦੇ ਦਾਬੂਆਂ ਨੂੰ ਕਰਾਰਾ ਜਵਾਬ ਦੇ ਸਕਣ ਜਾਂ ਫਿਰ ਉਨ੍ਹਾਂ ਦੀ ਜਾਤ ਦੇ ਦਾਬੂਆਂ ਦੁਆਰਾ ਸੰਚਾਲਤ ਪਾਰਟੀਆਂ ਦਾ ਵੋਟ ਬੈਂਕ ਬਣਨ ਤੋਂ ਬਚ ਸਕਣ। ਤਾਜੀ ਉਦਾਰਹਰਣ ਲਈਏ 'ਗਊ ਭਗਤਾਂ' ਵਲੋਂ ਕੀਤੀ ਹਿੰਸਾ ਦਾ ਨਿਸ਼ਾਨਾ ਮੁਸਲਮਾਨ ਅਤੇ ਦਲਿਤ ਦੋਵੇਂ ਸਨ ਜਿਸਦੇ ਸਿੱਟੇ ਵਜੋਂ ਦਲਿਤ ਮੁਸਲਿਮ ਏਕਤਾ ਦੀਆਂ ਹਮਾਇਤੀ ਆਵਾਜ਼ਾਂ ਵੀ ਉਠੀਆਂ ਪਰ ਕਿਉਂਕਿ ਮੁਸਲਮਾਨ ਇਕ ਘੱਟ ਗਿਣਤੀ ਦੀ ਪਛਾਣ ਵੀ ਰੱਖਦੇ ਹਨ ਇਸ ਲਈ ਅਜਿਹਾ ਦਲਿਤ-ਮੁਸਲਿਮ ਗਠਜੋੜ ਨਾ ਸਿਰਫ ਜਮਾਤੀ, ਸਗੋਂ ਜਾਤੀ ਵਿਰੋਧਤਾਈਆਂ ਨਾਲ ਵੀ ਭਰਪੂਰ ਹੈ ਅਤੇ ਇਸ ਨੂੰ ਸੌਖਿਆਂ ਹੀ ਤੋੜਿਆ ਜਾ ਸਕਦਾ ਹੈ ਜਿਵੇਂ ਕਿ ਉਤਰ ਪ੍ਰਦੇਸ਼ ਵਿਚ ਅਜਿਹੇ ਦਲਿਤ-ਮੁਸਲਿਮ ਏਕਤਾ ਕਰਾਉਣ ਦੇ ਸਾਰੇ ਯਤਨ ਫੇਲ੍ਹ ਹੋਏ ਹਨ।
ਦਲਿਤ ਰਾਜਨੀਤੀ ਦੇ ਪ੍ਰਬੰਧਕਾਂ ਕੋਲ ਆਪਣੀ ਹੀ ਜਾਤ ਦੇ ਉਪਰਲੇ ਤਬਕਿਆਂ ਅਤੇ ਜਾਤੀ ਦਾਬੂਆਂ ਵਿਚਾਲੇ ਹੁੰਦੀ ਜਮਾਤੀ ਭਿਆਲੀ ਦਾ ਕੋਈ ਜਵਾਬ ਨਹੀਂ ਅਤੇ ਨਾ ਹੀ ਇਸ ਗੱਲ ਦਾ ਜਵਾਬ ਹੈ ਕਿ ਜਾਤੀ ਦਾਬੂਆਂ ਦੀਆਂ ਗਰੀਬ ਅਤੇ ਅਮੀਰ ਜਮਾਤਾਂ ਵਿਚ ਜਾਤੀ ਸਾਂਝ ਕਿਵੇਂ ਹੈ? ਇਹ ਰਾਜਨੀਤੀ ਓਨਾ ਚਿਰ ਅੱਗੇ ਨਹੀਂ ਵੱਧ ਸਕਦੀ ਜਿੰਨਾ ਚਿਰ ਇਹ ਸਾਰੇ ਸਾਧਣਹੀਣ ਲੋਕਾਂ ਦੀਆਂ ਪਦਾਰਥ ਉਮੰਗਾਂ ਦੀ ਦੁਖਦੀ ਰਗ 'ਤੇ ਹੱਥ ਨਹੀਂ ਰੱਖਦੀ। ਇਹ ਸਾਧਣਹੀਨ ਲੋਕ ਨਾ ਸਿਰਫ ਦਲਿਤਾਂ ਵਿਚੋਂ ਹੀ ਹਨ ਸਗੋਂ ਦੂਜੀਆਂ ਪਛੜੀਆਂ ਸ੍ਰੇਣੀਆਂ ਅਤੇ ਉਪਰਲੀਆਂ ਜਾਤਾਂ ਵਿਚੋਂ ਵੀ ਹਨ। ਇਨ੍ਹਾਂ ਵਿਚ ਬੇਜਮੀਨੇ ਲੋਕ, ਠੇਕਾ ਮਜ਼ਦੂਰ, ਕਰਜਈ ਕਿਸਾਨ ਅਤੇ ਪ੍ਰਵਾਸੀ ਵਰਕਰ ਸ਼ਾਮਲ ਹਨ।
ਇਸੇ ਤਰ੍ਹਾਂ ਨਾਲ ਹੀ ਖੱਬੀ ਰਾਜਨੀਤੀ ਦਾ ਓਨਾ ਚਿਰ ਕੋਈ ਭਵਿੱਖ ਨਹੀਂ ਜਿੰਨਾ ਚਿਰ ਇਹ ਸਮਾਜਿਕ ਤੌਰ 'ਤੇ ਦੱਬੇ ਕੁਚਲੇ ਲੋਕਾਂ ਦੀਆਂ ਜਮਹੂਰੀ ਉਮੰਗਾਂ ਦੀ ਤਰਜਮਾਨੀ ਨਹੀਂ ਕਰਦੀ ਅਤੇ ਇਹ ਪਛਾਣ ਨਹੀਂ ਕਰਦੀ ਕਿ ਜਾਤਪਾਤ ਦਾ ਖਾਤਮਾ ਹੀ ਉਹ ਸਿਫਤ ਹੈ ਜੋ ਅੱਗੋਂ ਕਿਸੇ ਅਗਾਂਹਵਧੂ ਰਾਜਨੀਤੀ ਦੀ ਸੰਭਾਵਨਾ ਨੂੰ ਜਨਮ ਦਿੰਦੀ ਹੈ। ਅਰਧ-ਜਗੀਰੂ, ਅੱਧ ਮਾਡਰਨ ਮੁਲਕ ਭਾਰਤ ਵਿਚ ਜਾਤਪਾਤ ਵਿਰੋਧੀ ਹੋਣ ਤੋਂ ਬਿਨਾਂ ਇਕੱਲੇ ਸਰਮਾਏਦਾਰੀ ਵਿਰੋਧੀ ਲਹਿਰ ਦੀ ਕੋਈ ਯੁਗ ਪਲਟਾਊ ਸਮਰੱਥਾ ਨਹੀਂ ਹੈ। ਅਜਿਹੀ ਸਮਝਦਾਰੀ ਖੱਬੀ ਧਿਰ ਨੂੰ ਅਜੋਕੇ ਦੌਰ ਵਿਚ ਦਲਿਤ ਤਾਕਤਾਂ ਨਾਲ ਹੱਥ ਮਿਲਾਉਣ ਦੇ ਯੋਗ ਬਨਾਉਂਦੀ ਹੈ। ਤਾਂ ਕਿ ਉਹ ਆਪਣਾ ਹਮਲਾ ਜਿੰਨੀ ਊਰਜਾ ਨਾਲ ਸਾਮਰਾਜਵਾਦ ਨੂੰ ਭੰਡਣ 'ਤੇ ਲਾਉਂਦੇ ਹਨ ਓਨਾ ਹੀ ਤਿੱਖਾ ਹਮਲਾ ਜਾਤਪਾਤ 'ਤੇ ਵੀ ਕਰ ਸਕਣ।
 
ਹਿੱਤਾਂ ਦੀ ਕੁਦਰਤੀ ਖਿੱਚ ਬਿਨ੍ਹਾਂ ਸ਼ੱਕ, ਖੱਬੀ ਅਤੇ ਦਲਿਤ ਰਾਜਨੀਤੀ ਦਾ ਮਿਲਾਨ ਕੋਈ ਨਵੀਂ ਘਟਨਾ ਵੀ ਨਹੀਂ। 'ਮਾਰਕਸ' ਅਤੇ ਅੰਬੇਦਕਰ' ਪਹਿਲਾਂ ਵੀ ਇਕੱਠੇ ਰਹਿ ਚੁੱਕੇ ਹਨ। ਖਾਸ ਤੌਰ ਤੇ 1950ਵਿਆਂ ਵਿਚ ਜਦੋਂ ਅੰਬੇਡਕਰ ਨੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਮਿਲ ਕੇ ਭੂਮੀਹੀਣ ਦਲਿਤਾਂ ਨੂੰ ਸਰਕਾਰੀ ਜ਼ਮੀਨਾਂ ਵੰਡ ਕੇ ਦੇਣ ਦੇ ਸੰਘਰਸ਼ਾਂ ਦੀ ਅਗਵਾਈ ਕੀਤੀ ਸੀ। ਫਿਰ ਦੁਬਾਰਾ 1970ਵਿਆਂ ਵਿਚ ਮਹਾਰਾਸ਼ਟਰ ਵਿਚ ਦਲਿਤ ਪੈਂਥਰ ਲਹਿਰ ਚੱਲੀ, ਸਰਕਾਰੀ ਤਸ਼ੱਦਦ, ਉਪਰਲੀਆਂ ਜਾਤਾਂ ਦੀ ਹਿੰਸਾ (ਸ਼ਿਵ ਸੈਨਾ ਦੀ ਅਗਵਾਈ 'ਚ) ਅਤੇ ਇਨਾਮਾਂ ਅਤੇ ਚੋਣ ਟਿਕਟਾਂ ਦੇ ਲਾਲਚਾਂ ਰਾਹੀਂ ਫੁਟ ਪਾਉਣ ਸਮੇਤ ਸਾਰੇ ਕੁੱਝ ਨੂੰ ਰਲਾ ਮਿਲਾ ਕੇ ਇਸ ਖਾੜਕੂ ਖੱਬੇ ਪੱਖੀ ਦਲਿਤ ਉਭਾਰ ਨੂੰ ਰੋਕਿਆ ਜਾ ਸਕਿਆ ਸੀ।
ਅੱਜ ਸਰਮਾਏ ਉਤੇ ਕਾਬਜ ਕੁਝ ਜਾਤਪਾਤ ਦੀਆਂ ਤਾਕਤਾਂ ਅਤੇ ਸਰਕਾਰੀ ਮਸ਼ੀਨਰੀ ਦਾ ਗੱਠਜੋੜ ਇਕ ਪਾਸੇ ਅਤੇ ਸਮਾਜਿਕ ਤੌਰ 'ਤੇ ਦੱਬੇ ਕੁਚਲੇ ਲੋਕਾਂ ਦਾ ਜਨ ਸਮੂਹ ਅਤੇ ਆਰਥਿਕ ਤੌਰ 'ਤੇ ਗੁੱਠੇ ਲਾਈਨ ਲਾਏ ਲੋਕ ਦੂਜੇ ਪਾਸੇ ਖੜੋਤੇ ਹਨ। ਰਾਜ ਕਰਦੀ ਜਮਾਤ ਸਦਾ ਦੀ ਤਰ੍ਹਾਂ ਜਾਤਪਾਤ ਦੀਆਂ ਵੰਡੀਆਂ ਤੋਂ ਪਰ੍ਹਾਂ ਆਪਣੇ ਜਮਾਤੀ ਹਿੱਤਾਂ ਬਾਰੇ ਪੂਰੀ ਤਰ੍ਹਾਂ ਸੁਚੇਤ ਹੈ। ਪ੍ਰੰਤੂ ਮਜ਼ਦੂਰ ਜਮਾਤ, ਖਾਸ ਤੌਰ 'ਤੇ ਉਨ੍ਹਾਂ ਵਿਚੋਂ ਦਲਿਤ ਅਤੇ ਦੂਜੀਆਂ ਪਛੜੀਆਂ ਸ਼੍ਰੇਣੀਆਂ ਆਪਣੀ ਬੇਸ਼ੁਮਾਰ ਪਛਾਣਾਂ 'ਚ ਵੰਡੀ ਪਈ ਹੈ। ਇਹ ਪਛਾਣਾਂ ਨੇ ਅਜਿਹੇ ਆਪਸੀ ਵਿਰੋਧ ਸਹੇੜੇ ਹਨ ਕਿ ਉਨ੍ਹਾਂ ਦੀ ਜਮਾਤੀ ਪਛਾਣ ਇਸ ਵਿਚ ਦੱਬੀ ਪਈ ਹੈ। ਦਲਿਤਾਂ ਨੂੰ ਖੱਬੇ ਪੱਖੀਆਂ ਦੀ ਇਸ ਕਰਕੇ ਵੀ ਲੋੜ ਹੈ ਕਿ ਹੋਰ ਕੋਈ ਵੀ ਰਾਜਨੀਤਕ ਤਾਣਾਬਾਣਾ ਨਹੀਂ ਜੋ ਇਕ ਪ੍ਰੋਗਰਾਮ ਦੇ ਤੌਰ 'ਤੇ ਮਜ਼ਦੂਰ ਜਮਾਤ ਦੇ ਮੁੱਦੇ ਜਿਵੇਂ ਚੰਗੀਆਂ ਉਜਰਤਾਂ, ਰੁਜ਼ਗਾਰ ਸੁਰੱਖਿਆ, ਪੈਨਸ਼ਨ, ਠੇਕਾ ਮਜ਼ਦੂਰੀ ਦਾ ਖਾਤਮਾ ਵਰਗੀਆਂ ਨੂੰ ਚੁੱਕਦਾ ਹੋਵੇ। ਖੱਬੇ ਪੱਖੀਆਂ ਲਈ ਵੀ ਮਹਿਜ ਹੋਂਦ ਖਾਤਰ ਵੀ ਦਲਿਤ ਮੁੱਦੇ ਚੁੱਕੇ ਜਾਣੇ ਚਾਹੀਦੇ ਹਨ। ਇਹ ਸਮਝ ਲੈਣਾ ਚਾਹੀਦਾ ਹੈ ਕਿ ਮਜ਼ਦੂਰ ਜਮਾਤ ਦੀ ਵੱਡੀ ਬਹੁ-ਗਿਣਤੀ ਦਲਿਤਾਂ ਵਿਚ ਹੈ। ਇਸ ਲਈ ਇਨ੍ਹਾਂ ਵਿਚ ਰਾਜਨੀਤਕ ਹਿਤਾਂ ਲਈ ਕੁਦਰਤੀ ਖਿੱਚ ਹੈ।
ਬਿਨ੍ਹਾਂ ਸ਼ੱਕ, ਭੂਤਕਾਲ ਵਿਚ ਦੋਵੇਂ ਇਕ ਦੂਜੇ ਤੋਂ ਦੂਰ ਗਏ ਹਨ ਅਤੇ ਦਲਿਤਾਂ ਕੋਲ ਖੱਬੇ ਪੱਖੀਆਂ ਦੀ ਬੇਧਿਆਨੀ ਦੀਆਂ ਕੌੜੀਆਂ ਯਾਦਾਂ ਵੀ ਹਨ ਪਰ ਪਿਛਲੀਆਂ ਨਿਰਾਸ਼ਤਾਵਾਂ ਦੇ ਹੁੰਦਿਆਂ ਵੀ ਅੱਜ ਦੇ ਮੌਜੁਦਾ ਦਲਿਤ-ਮਜ਼ਦੂਰ ਜਮਾਤ ਦੀ ਨੁਮਾਇੰਦਗੀ ਦੇ ਖਲਾਅ ਵਿਚ 'ਜੈ ਭੀਮ' ਅਤੇ 'ਲਾਲ ਸਲਾਮ' ਦੀ ਸਾਂਝੇਦਾਰੀ ਦਾ ਤਜ਼ੁਰਬਾ ਮੁੜ ਕਰਨ ਯੋਗ ਹੋਵੇਗਾ।
ਅਨੁਵਾਦਕ : ਪ੍ਰੋਫੈਸਰ ਜੈਪਾਲ ਸਿੰਘ (ਦੀ ਹਿੰਦੂ, 14 ਅਕਤੂਬਰ 2016 ਵਿਚੋਂ ਧੰਨਵਾਦ ਸਹਿਤ)

G. Sampath
On September 16, Parliament Street near Jantar Mantar witnessed a Dalit rally that was unlike other such events in the recent past. What set it apart was the number of speakers from the Left. Sharing the stage with Prakash Ambedkar, Radhika Vemula and Jignesh Mewani were the likes of Sitaram Yechury, Sudhakar Reddy and D. Raja. And surprisingly, for a gathering that self-identified as ‘Dalit’, the rallying cries of “Jai Bhim” were accompanied by a slogan rarely heard outside Left circles, “Lal Salaam”.
Such an alliance of Jai Bhim and Lal Salaam, if translated into a political programme, could mark a significant departure for both Left and Dalit politics. The recent Dalit agitations in Gujarat offer a glimpse of what may be possible if a fusion of Jai Bhim and Lal Salaam were to go beyond sloganeering into the realm of praxis.
Lessons from Gujarat

The mobilisation in Gujarat following the Una incident, in which Dalit youth were assaulted by cow vigilantes, has already achieved two substantive victories. First, the protesters successfully pressured the State administration to initiate the process of distributing 220 bighas of government land to 115 landless Dalit families of Saroda village in Dholka taluka of Ahmedabad district.
The second success came from the 6,000 safai karamcharis (sanitation workers) of the Ahmedabad Municipal Corporation (AMC), who went on strike for 36 days. Their demands included regularisation of contract workers, provision of provident fund (PF) scheme and health benefits, guaranteed minimum wage, safety equipment for all workers, job for kin in case of accidental death or injury, and clearance of PF arrears from 2011. Every one of these is a material demand, and they were all accepted by the AMC.
These are two instances where Dalit anger was channelled into pragmatic political projects by identitarian outfits such as the Rashtriya Dalit Adhikar Manch and Una Dalit Atyachar Ladat Samiti, as well as trade unions such as Gujarat Federation of Trade Unions and Gujarat Mazdoor Sabha, along with civil rights bodies such as Jan Sangharsh Manch. While the beneficiaries of this mobilisation were Dalits, the demand-making was premised not on identitarian but a material basis. Land ownership and permanent employment with social benefits make a big difference to the material existence of Dalits. But a militant articulation of material demands has rarely been a consistent feature of Dalit politics.
This lacuna finds an inverse parallel in Left politics as well, which has never seriously taken up caste issues — neither atrocities against Dalits, nor casteism in general. It has restricted itself to class politics without challenging the caste underpinnings of class exploitation. A major reason, apparently, was the fear of dividing the working class along caste lines.
But the Indian working classes were already split along multiple identitarian axes, most prominently caste. The Left’s failure to counter this caste-based division is one of the reasons for its marginalisation in Indian politics. Ambedkarite critics blame the upper-caste domination of Left leadership for its blindness to caste exploitation. Indeed, there are few Dalits, if any, in the political bureaus or central committees of the Left parties.
At the same time, the Left’s criticism of Ambedkarite identity politics is not without substance. This critique was best expressed by Anuradha Ghandy in an essay on the “caste question”, where she writes that “the ruling classes have consciously sponsored an elite among the Dalits who have consciously appealed to Dalit solidarity and a sectarian approach, while denying any unity with other exploited sections and parties representing them.”
Limitations of identitarianism

Ms. Ghandy’s fundamental point that Dalit-OBC unity is “practically impossible to sustain” due to class contradictions has been borne out by recent events. In different parts of the country, the dominant agricultural castes have begun to mobilise — not against the upper castes who own land or capital, but against Dalits. After the Gujjar agitation in Rajasthan, Jats in Haryana, and Patels in Gujarat, Marathas in Maharashtra have now taken to the streets demanding reservations. Plus they have another demand: dilution of the Scheduled Castes and Tribes (Prevention of Atrocities) Act.
Not surprisingly, there is a creeping realisation among a section of Dalits — most visibly in Gujarat, where they constitute a minuscule 7 per cent minority — that identity politics can only take them so far. This realisation entails grappling with three painful truths about the Indian political reality.
First, within the electoral system, identity politics can only yield brokers of Dalit votes, who can, at best, extract minor concessions for Dalits without challenging the caste order, and at worst, pass off personal aggrandisement as empowerment of the community. Leaders like Ramdas Athawale and Udit Raj exemplify this phenomenon. As for Mayawati’s Bahujan Samaj Party (BSP), its political potential has been curtailed by an extreme concentration of power in one individual — a disease endemic to political parties in India.
Second, Dalit-OBC unity — a minimum requirement for identitarian Dalit politics to gain critical mass — is a non-starter due to class contradictions. A glance at the castes of the accused in atrocity cases would be enough to put the idea to rest.
Finally, with public sector disinvestment and privatisation becoming official government policy, reservations can no longer be the answer for the vast majority of Dalits. This is a reality that other dominant castes agitating for reservations are yet to come to grips with. But they, too, will have to, sooner than later. If we think beyond reservations, what else can identity politics promise, let alone deliver?
Sheer political logic therefore dictates that Dalits look for allies who share their social, political, and material predicament — in other words, look beyond identity politics. For, on their own, they do not have the numbers — either to retaliate in kind against their caste oppressors or to avoid being reduced to vote banks for parties controlled by their caste oppressors.
To take a recent example, the violence sparked by cow vigilantism targeted both Muslims and Dalits. It even prompted calls for Dalit-Muslim unity. But Muslims are a minority identity too. This alliance is fraught with not just class but also caste contradictions that could easily undermine it, as the failed attempts to forge Dalit-Muslim unity in Uttar Pradesh show.
Dalit politics at the moment does not have an answer to class collaboration between their own elites and their caste oppressors; nor to caste collaboration between the poor and wealthy classes of their caste oppressors. It cannot move forward unless it is willing to articulate the material aspirations of the dispossessed — not only among the Dalits, but also the OBCs and the upper castes. These would include the landless, the contract workers, indebted farmers, and migrant workers.
Similarly, Left politics has no future unless it serves the democratic aspirations of the socially oppressed, and recognises that annihilation of caste is the condition of possibility for any progressive politics. In a semi-feudal, partially modernised nation like India, anti-capitalism has little transformative potential without anti-casteism. Such an understanding would entail the Left joining hands with Dalit forces, and attacking casteism with the same kind of energy it reserves for condemning imperialism.
Natural affinity of interests

A convergence of Left and Dalit politics is hardly new though. Marx and Ambedkar have come together before, especially in the 1950s when Ambedkar, together with the Communist Party of India, led struggles for distribution of government land for landless Dalits. Then in the 1970s came the Dalit Panther movement in Maharashtra. It took a combination of state repression, upper caste violence (led by the Shiv Sena) and co-option through prizes and electoral tickets to neutralise this wave of militant left-wing Dalit assertion.
Today, a confederacy of casteist forces with control over capital and the state apparatus are on one side, and a mass of socially oppressed and economically marginalised are arrayed on the other. The ruling elite, as ever, are conscious of their class interests cutting across caste lines. But the working classes, especially the Dalits and OBCs among them, stand divided into a great number of identities that are locked in mutual antagonisms, designed to ensure that their identity as a class remains buried.
The Dalits need the Left because there is no other political formation that programmatically raises working class issues such as a living wage, job security, pensions, and abolition of contract labour. As for the Left, sheer survival requires it to raise Dalit issues. Given that the overwhelming majority of Dalits are working class, there is a natural affinity of political interests.
Of course, the two have fallen out in the past, and Dalits have bitter memories of betrayal by the Left. Past disappointments notwithstanding, in the current vacuum of political representation vis-à-vis Dalit-working class interests, a partnership between Jai Bhim and Lal Salaam may yet be an experiment worth revisiting. 

Thanks to THE HINDU 

ਦਲਿਤਾਂ 'ਤੇ ਹੋ ਰਹੇ ਅਤਿਆਚਾਰ ਕਾਰਨ ਅਤੇ ਹੱਲ

ਗੁਰਨਾਮ ਸਿੰਘ ਦਾਊਦ 
ਗਰੀਬੀ, ਭੁਖਮਰੀ, ਬੇਇਨਸਾਫੀ, ਛੂਆ ਛਾਤ ਅਤੇ ਹੋਰ ਕਈ ਤਰ੍ਹਾਂ ਦੇ ਅਤਿਆਚਾਰਾਂ ਤੋਂ ਪੀੜਤ ਬੇਜ਼ਮੀਨੇ ਮਜ਼ਦੂਰ ਅਤੇ ਦਲਿਤ ਲੋਕ ਸਦੀਆਂ ਤੋਂ ਇਹ ਸੰਤਾਪ ਹੰਢਾ ਰਹੇ ਹਨ। ਇਹ ਅਣਮਨੁੱਖੀ ਵਰਤਾਰਾ ਨਾ ਤਾਂ ਕਿਸੇ ਗੈਬੀ ਸ਼ਕਤੀ ਜਾਂ ਕਿਸੇ ਕੁਦਰਤ ਦੀ ਦੇਣ ਹੈ ਸਗੋਂ ਇਹ ਸਮਾਜ ਵਿਚ ਆਰਥਿਕ ਤੌਰ 'ਤੇ ਹਾਵੀ ਅਤੇ ਲੰਮੇ ਸਮੇਂ ਤੋਂ ਰਾਜ ਭਾਗ ਤੇ ਕਾਬਜ ਜਮਾਤ ਨੇ ਹੀ ਪੈਦਾ ਕੀਤਾ ਹੈ।
ਉਂਝ ਤਾਂ ਇਹ ਵਰਤਾਰਾ ਸਦੀਆਂ ਤੋਂ ਚਲ ਰਿਹਾ ਹੈ, ਜਦੋਂ ਤੋਂ ਸਾਡੇ ਦੇਸ਼ ਵਿਚ ਮਨੂੰ ਦੀ ਕੰਮਾਂ 'ਤੇ ਆਧਾਰਤ ਕੀਤੀ ਗਈ ਸਮਾਜ ਦੀ ਵੰਡ ਜਿਸ ਵਿਚ ਇਹਨਾਂ ਅਖੌਤੀ ਚੌਥੇ ਪੋੜੇ ਵਾਲੇ ਕਿਸਮਤ ਮਾਰੇ ਲੋਕਾਂ ਕੋਲੋਂ ਗਿਆਨ ਪ੍ਰਾਪਤੀ, ਨੌਕਰੀ ਕਰਨ, ਜਮੀਨ ਦੀ ਮਾਲਕੀ ਦੇ ਅਧਿਕਾਰ ਖੋਹ ਲਏ ਸਨ, ਉਦੋਂ ਤੋਂ ਅੱਜ ਤੱਕ ਇਹ ਲੋਕ ਇਸ ਘੋਰ ਸੰਤਾਪ ਨੂੰ ਹੰਢਾ ਰਹੇ ਹਨ। ਇਕ ਰਿਪੋਰਟ ਅਨੁਸਾਰ ਸਾਲ 2000 ਵਿਚ (ਇਕ ਸਾਲ ਵਿਚ) ਦਲਿਤਾਂ ਤੇ ਆਦਿਵਾਸੀਆਂ ਉਤੇ ਇਹਨਾਂ ਅਤਿਆਚਾਰਾਂ ਦੀਆਂ 30315 ਘਟਨਾਵਾਂ ਵਾਪਰੀਆਂ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ 2014 ਵਿਚ ਦਲਿਤਾਂ ਵਿਰੁੱਧ 47064 ਘਟਨਾਵਾਂ ਵਾਪਰੀਆਂ ਹਨ। ਇਹਨਾਂ ਵਿਚ ਲਗਾਤਾਰ ਵਾਧਾ ਹੁੰਦਾ ਹੀ ਆ ਰਿਹਾ ਹੈ ਪਰ ਦੇਸ਼ ਵਿਚ ਨਰਿੰਦਰ ਮੋਦੀ ਦੇ ਰਾਜ ਸੱਤਾ ਤੇ ਪੁੱਜਣ ਤੋਂ ਪਿੱਛੋਂ ਅਤੇ ਪੰਜਾਬ ਵਿਚ ਅਕਾਲੀ ਭਾਜਪਾ ਦੇ ਰਾਜ ਭਾਗ ਦੌਰਾਨ ਇਹਨਾਂ ਦੁਖਦਾਈ ਘਟਨਾਵਾਂ ਵਿਚ ਹੋਰ ਵੀ ਤੇਜੀ ਨਾਲ ਤਿੱਖਾ ਵਾਧਾ ਹੋਇਆ ਹੈ ਅਤੇ ਹੁਣ ਤਾਂ ਰੋਜ ਹੀ ਅਖਬਾਰਾਂ ਵਿਚ ਇਸ ਸਬੰਧੀ ਕਈ-ਕਈ ਖਬਰਾਂ ਪੜ੍ਹੀਆਂ ਜਾ ਸਕਦੀਆਂ ਹਨ। ਪੰਜਾਬ ਵਿਚ ਭਗਤੀ ਕਾਲ ਦੌਰਾਨ ਅਤੇ ਗੁਰੂਆਂ ਦੇ ਸਮੇਂ ਵਿਚ ਅਜਿਹੀਆਂ ਘਟਨਾਵਾਂ ਬਾਰੇ ਭਗਤਾਂ, ਪੀਰਾਂ-ਫਕੀਰਾਂ ਤੇ ਗੁਰੂਆਂ ਨੇ ਅਵਾਜ ਬੁਲੰਦ ਕੀਤੀ। ਸਿੱਖ ਧਰਮ ਵਿਚ ਤਾਂ ਜਾਤਪਾਤ, ਛੂਆਛਾਤ, ਰੰਗ ਤੇ ਨਸਲੀ ਭੇਦ ਭਾਵ ਦੀ ਪੂਰਨ ਮਨਾਹੀ ਹੈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮਾਨਸ ਦੀ ਜਾਤ ਸਭ ਏਕ ਹੀ ਪਹਿਚਾਣਬੋ ਕਹਿ ਕਿ ਜਾਤਾਂ ਪਾਤਾਂ ਦੇ ਵਿਤਕਰੇ ਖਤਮ ਕਰਨ ਦਾ ਸਖਤ ਸੁਨੇਹਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਬਾਕੀ ਦੇਸ਼ ਵਾਂਗ ਹੀ ਇਹਨਾਂ ਵਿਤਕਰਿਆਂ ਤੇ ਜਾਤੀਪਾਤੀ ਨਫਰਤ ਦਾ ਪੂਰਾ ਬੋਲ-ਬਾਲਾ ਹੈ। ਇੱਥੋਂ ਤੱਕ ਕਿ ਸਿੱਖ ਧਰਮ ਦਾ ਮੰਨਣ ਦਾ ਦਾਅਵਾ ਕਰਨ ਵਾਲੇ ਅਤੇ ਇਸ ਦੇ ਵੱਡੇ ਪੈਰੋਕਾਰ ਅਖਵਾਉਣ ਵਾਲੇ ਵੀ ਇਸ ਤੋਂ ਬਰੀ ਨਹੀਂ ਹਨ। ਰਾਜ ਕਰਦੀ ਅਕਾਲੀ ਪਾਰਟੀ ਤਾਂ ਇਸ ਵਰਤਾਰੇ ਦੀ ਪੂਰੀ ਤਰ੍ਹਾਂ ਪੈਰੋਕਾਰ ਹੈ।
ਪੰਜਾਬ ਵਿਚ ਹੀ ਪਿਛਲੇ ਸਮੇਂ ਵਿਚ ਵਾਪਰੀਆਂ ਕਈ ਘਟਨਾਵਾਂ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਸੰਵੇਦਨਸ਼ੀਲ ਮਨੁੱਖ ਦਾ ਹਿਰਦਾ ਕੰਬ ਉਠਦਾ ਹੈ। 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਵਿਚ ਵਾਪਰੀ ਘਟਨਾ ਨੂੰ ਹੀ ਲਉ। ਪਿੰਡ ਦੇ 20 ਸਾਲਾਂ ਦੇ ਦਲਿਤ ਨੌਜਵਾਨ ਸੁਖਚੈਨ ਸਿੰਘ ਨੂੰ ਸਰਕਾਰੀ ਸਰਪ੍ਰਸਤੀ ਵਾਲੇ ਸ਼ਰਾਬ ਮਾਫੀਆ ਨੇ ਰਸਤੇ ਵਿਚ ਘੇਰ ਕੇ ਬਹੁਤ ਹੀ ਬੇਰਹਿਮੀ ਨਾਲ ਮਾਰ ਦਿੱਤਾ, ਉਸ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਅਤੇ ਉਸ ਦੀ ਇਕ ਲੱਤ ਵੱਢ ਕੇ ਕਾਤਲ ਆਪਣੇ ਨਾਲ ਹੀ ਲੈ ਗਏ। ਇੰਨੀ ਵੱਡੀ ਘਟਨਾ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਵਾਪਰ ਹੀ ਨਹੀਂ ਸਕਦੀ ਅਤੇ ਇਸ ਦੀ ਉਂਗਲ ਲਗਾਤਾਰ ਹਾਕਮਾਂ ਵੱਲ ਉਠਦੀ ਨਜ਼ਰ ਆ ਰਹੀ ਹੈ। ਇਹ ਵੀ ਚਰਚਾ ਹੈ ਕਿ ਇਸ ਕਤਲ ਦੇ ਅਸਲ ਸਰਗਣੇ ਪੁਲਸ ਵਲੋਂ ਪਰਚੇ ਵਿਚ ਸ਼ਾਮਲ ਹੀ ਨਹੀਂ ਕੀਤੇ ਗਏ ਜਾਂ ਸਾਰਿਆਂ ਦੀ ਗ਼ਿਫਤਾਰੀ ਨਹੀਂ ਹੋਈ।
ਇਸ ਤੋਂ ਪਹਿਲਾਂ ਪਿਛਲੇ ਸਾਲ 11 ਦਸੰਬਰ 2015 ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਚ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਦੋਂ ਸ਼ਿਵ ਲਾਲ ਡੋਡਾ ਨਾਂਅ ਦੇ ਵੱਡੇ ਸ਼ਰਾਬ ਵਪਾਰੀ ਦੇ ਭਤੀਜੇ ਅਤੇ ਉਸ ਦੇ ਗੁਰਗਿਆਂ ਨੇ ਭੀਮ ਟਾਂਕ ਨਾਂਅ ਦੇ ਦਲਿਤ ਨੌਜਵਾਨ ਨੂੰ ਆਪਣੇ ਕਿਲਾ ਨੁਮਾ ਮਹਿਲ 'ਚ 'ਤੇ ਬੁਲਾ ਕੇ ਉਸਦੇ ਹੱਥ ਪੈਰ ਵੱਢ ਦਿੱਤੇ ਸਨ ਤੇ ਉਸ ਦੀ ਮੌਤ ਹੋ ਗਈ ਸੀ। ਉਸ ਦੇ ਨਾਲ ਆਇਆ ਉਸ ਦਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਹਨਾਂ ਕਾਤਲਾਂ ਤੇ ਉਹਨਾਂ ਦੇ ਸਰਪ੍ਰਸਤਾਂ ਦੇ ਪੰਜਾਬ ਦੇ ਮੌਜੂਦਾ ਹਾਕਮਾਂ ਨਾਲ ਬਹੁਤ ਹੀ ਨੇੜੇ ਦੇ ਸਬੰਧ ਹਨ। ਇਹਨਾਂ ਘਟਨਾਵਾਂ ਦੀ ਬਹੁਤ ਹੀ ਲੰਮੀ ਲੜੀ ਹੈ ਜਿੰਨ੍ਹਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਪੰਜਾਬ ਵਿਚ ਹੀ ਅਜੇ ਤੱਕ ਕਈ ਥਾਵਾਂ 'ਤੇ ਪੀਣ ਵਾਲੇ ਪਾਣੀ ਦੇ ਸੋਮੇ, ਮੜ੍ਹੀਆਂ ਤੇ ਕਬਰਸਤਾਨ ਵੀ ਅਜੇ ਤੱਕ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ਦੇ ਵੱਖਰੇ-ਵੱਖਰੇ ਹਨ ਅਤੇ ਪੂਜਾ ਦੇ ਸਥਾਨ ਵੀ ਵੱਖੋ-ਵੱਖ ਹਨ। ਕਈ ਗੁਰਦੁਆਰਿਆਂ ਤੇ ਹੋਰ ਪੂਜਾ ਦੇ ਅਸਥਾਨਾਂ ਤੇ ਦਲਿਤਾਂ ਦੇ ਜਾਣ ਦੀ ਮਨਾਹੀ ਹੈ।
ਜੇਕਰ ਦੇਸ਼ ਦੀ ਤਸਵੀਰ ਵੱਲ ਧਿਆਨ ਮਾਰਿਆ ਜਾਵੇ ਤਾਂ ਬਹੁਤ ਹੀ ਘਿਨਾਉਣੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ। ਪਿਛਲੇ ਸਮੇਂ ਵਿਚ ਮੱਧ ਪ੍ਰਦੇਸ਼ ਵਿਚ ਇਕ ਦਲਿਤ ਨੌਜਵਾਨ 'ਤੇ ਆਪਣੇ ਵਿਆਹ ਸਮੇਂ ਘੋੜੀ 'ਤੇ ਚੜ੍ਹਨ ਤੋਂ ਰੋਕਣ ਲਈ ਅਖੌਤੀ ਉਚ ਜਾਤੀ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸਦੀ ਘੋੜੀ ਨੂੰ ਉਸ ਤੋਂ ਖੋਹ ਕੇ ਭਜਾ ਦਿੱਤਾ ਗਿਆ। ਪ੍ਰਸ਼ਾਸਨ ਦੇ ਦਖਲ ਦੇਣ ਤੇ ਹੀ ਦੁਬਾਰਾ ਘੋੜੀ ਤੇ ਚੜ੍ਹ ਕੇ ਉਹ ਦਲਿਤ ਨੌਜਵਾਨ ਬਰਾਤ ਲੈ ਕੇ ਤੁਰਿਆ ਪਰ ਫੇਰ ਵੀ ਪਥਰਾਅ ਤੋਂ ਬਚਣ ਲਈ ਉਸ ਨੂੰ ਸਿਰ ਉਤੇ ਹੈਲਮਟ ਪਹਿਣ ਕੇ ਜਾਣਾ ਪਿਆ। ਇਸ ਘਟਨਾ ਵਿਚ ਇਕ ਤਹਿਸੀਲਦਾਰ ਦੇ ਵੀ ਜਖ਼ਮੀ ਹੋਣ ਦੀਆਂ ਖਬਰਾਂ ਅਖਬਾਰਾਂ ਵਿਚ ਛਪੀਆਂ। ਮੱਧ ਪ੍ਰਦੇਸ਼ ਵਿਚ ਹੀ 25 ਸਤੰਬਰ 2016 ਨੂੰ ਇਕ ਦਲਿਤ ਔਰਤ ਦੀ ਸ਼ਵਯਾਤਰਾ ਨੂੰ ਆਮ ਰਸਤੇ ਤੋਂ ਲਿਜਾਣ ਦੀ ਮਨਾਹੀ ਕਰ ਦਿੱਤੀ ਗਈ ਇਹ ਘਟਨਾ ਖੰਡਵਾ ਜ਼ਿਲ੍ਹੇ ਦੀ ਹੈ।
ਇਸੇ ਤਰ੍ਹਾਂ ਯੂ.ਪੀ. ਵਿਚ ਜ਼ਿਲ੍ਹਾ ਬਾਂਦਾ ਵਿਚ ਇਕ ਅਖੌਤੀ  ਉਚ ਜਾਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਰਾਮ ਬਾਬੂ ਨਾਮ ਦੇ ਇਕ ਦਲਿਤ ਨੂੰ ਇਸ ਕਰਕੇ ਘਰੋਂ ਚੁਕਵਾ ਕੇ ਕੁਟਿਆ ਤੇ ਨੰਗਾ ਕਰਕੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ ਕਿਉਂਕਿ ਉਸ ਨੇ ਉਸ ਦੇ ਪੈਰੀਂ ਹੱਥ ਨਹੀਂ ਲਾਇਆ ਸੀ। ਉਤਰਾਖੰਡ ਵਿਚ ਸੋਹਨ ਰਾਮ ਨਾਮਕ ਦਲਿਤ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਉਸ ਨੇ ਆਟਾ ਚੱਕੀ ਤੇ ਪਈ ਅਖੌਤੀ ਉਚ ਜਾਤੀ ਦੇ ਅਧਿਆਪਕ ਲਲਿਤ ਦੀ ਆਟੇ ਦੀ ਬੋਰੀ ਨੂੰ ਹੱਥ ਲਾ ਦਿੱਤਾ ਸੀ। ਇਸ ਤਰ੍ਹਾਂ ਦੀਆਂ ਬਹੁਤ ਹੀ ਘਟਨਾਵਾਂ ਪੂਰੇ ਦੇਸ਼ ਵਿਚ ਵਾਪਰਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨੂੰ ਮਜ਼ਬੂਰੀ ਵਸ ਸਹਿਣ ਕਰ ਲਿਆ ਜਾਂਦਾ ਹੈ ਅਤੇ ਉਹ ਲੋਕਾਂ ਦੇ ਸਾਹਮਣੇ ਹੀ ਨਹੀਂ ਆਉਂਦੀਆਂ।
ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਤਾਂ ਇਹਨਾਂ ਘਟਨਾਵਾਂ ਨੇ ਹੋਰ ਜ਼ੋਰ ਫੜ ਲਿਆ ਹੈ। ਜਿਸ ਦੀ ਤਾਜਾ ਮਿਸਾਲ 11 ਜੁਲਾਈ 2016 ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਪ੍ਰਧਾਨ ਮੰਤਰੀ ਦੇ ਆਪਣੇ ਸੂਬੇ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾਂ ਪਿੰਡ ਵਿਚ ਦਲਿਤਾਂ ਨੂੰ  ਮਰੀ ਹੋਈ ਗਾਂ ਦੀ ਖੱਲ ਲਾਹੁਦਿਆਂ ਫੜ ਕੇ ਗੱਡੀ ਪਿੱਛੇ ਬੰਨ ਕੇ ਘੜੀਸਿਆ ਗਿਆ ਅਤੇ ਉਨ੍ਹਾਂ ਦੇ ਹੱਥ ਬੰਨ੍ਹ ਕੇ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਨੰਗਾ ਕਰਕੇ ਕੁੱਟਿਆ ਗਿਆ। ਚਾਕੂ ਨਾਲ ਵੀ ਉਹਨਾਂ ਉਤੇ ਵਾਰ ਕੀਤੇ ਗਏ। ਗੁਜਰਾਤ ਸਰਕਾਰ ਵਲੋਂ ਦੋਸ਼ੀਆਂ ਖਿਲਾਫ ਕੋਈ ਠੋਸ ਕਾਰਵਾਈ ਨਾ ਕਰਨ 'ਤੇ ਇਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਸ ਤੋਂ ਬਾਅਦ ਇਕ ਹੋਰ ਖਬਰ ਵੀ ਆਈ ਜਿਸ ਵਿਚ ਸਾਹਮਣੇ ਆਇਆ ਕਿ ਦਲਿਤਾਂ ਨੂੰ ਇਸ ਕਰਕੇ ਵੀ ਕੁਟਿਆ ਗਿਆ ਕਿ ਉਹਨਾਂ ਨੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁਣ ਤੋਂ ਅਤੇ ਮਰੇ ਪਸ਼ੂ ਚੁੱਕਣ ਤੋਂ ਇਨਕਾਰ ਕੀਤਾ ਹੈ।
ਉਸ ਤੋਂ ਪਹਿਲਾਂ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਨੇ ਇਸ ਕਰਕੇ ਆਤਮ ਹੱਤਿਆ ਕਰ ਲਈ ਕਿ ਉਸ ਦੀ ਨੀਵੀਂ ਜਾਤ ਕਰਕੇ ਉਸਦੀ ਸਕਾਲਰਸ਼ਿਪ (ਵਜੀਫ਼ਾ) ਬੰਦ ਕਰ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਯੂਨੀਵਰਸਿਟੀ ਵਿਚੋਂ ਹੀ ਕੱਢ ਦਿੱਤਾ ਗਿਆ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨਈਆ ਕੁਮਾਰ ਨੇ ਇਸ ਖਿਲਾਫ ਆਵਾਜ਼ ਉਠਾਈ ਤਾਂ ਉਸ ਨਾਲ ਬੁਰੀ ਤਰ੍ਹਾਂ ਦੁਰਵਿਵਹਾਰ ਕੀਤਾ ਗਿਆ ਅਤੇ ਪੁਲਸ ਕੋਲੋਂ ਝੂਠੇ ਹੀ ਦੋਸ਼ ਧ੍ਰੋਹ ਦੇ ਕੇਸ ਉਸ ਖਿਲਾਫ ਦਰਜ ਕਰਵਾ ਕੇ ਗ੍ਰਿਫਤਾਰ ਕਰ ਲਿਆ ਗਿਆ। ਇਹ ਦੇਸ਼ ਅੰਦਰ ਗਰੀਬਾਂ ਤੇ ਦਲਿਤਾਂ ਨਾਲ ਵਾਪਰਦੀਆਂ ਦੁਰਵਿਵਹਾਰ ਤੇ ਅਤਿਆਚਾਰਾਂ ਦੀਆਂ ਇਹ ਕੁਝ ਕੁ ਹੀ ਉਦਾਹਰਣਾਂ ਹਨ ਉਂਝ ਇਸ ਤੋਂ ਵੀ ਕਰੂਰ ਕਿਸਮ ਦੀਆਂ ਅਣਗਿਣਤ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੀ ਭਾਫ਼ ਵੀ ਬਾਹਰ ਨਹੀਂ ਨਿਕਲਦੀ।
ਆਓ ਹੁਣ ਇਸ ਦੇ ਕਾਰਨ ਲੱਭਣ ਦਾ ਵੀ ਯਤਨ ਕਰੀਏ। ਸਾਡੇ ਦੇਸ਼ ਵਿਚ ਵੀ ਬਾਕੀ ਦੁਨੀਆਂ ਵਾਂਗੂੰ ਜਮਾਤੀ ਵੰਡ ਹੈ ਮੁਢਲੇ ਪੜਾਅ ਦੇ ਸਮਾਜ ਤੋਂ ਬਾਅਦ ਇਹ ਜਮਾਤੀ ਵੰਡ ਸ਼ੁਰੂ ਹੋਈ ਅਤੇ ਗੁਲਾਮਦਾਰੀ ਯੁਗ ਵਿਚ ਗੁਲਾਮਾਂ ਤੇ ਗੁਲਾਮ ਮਾਲਕਾਂ ਦਾ ਆਪਸੀ ਵਿਰੋਧ ਰਿਹਾ। ਟੱਕਰਾਂ ਵੀ ਹੋਈਆਂ ਤੇ ਅੰਤ ਗੁਲਾਮਦਾਰੀ ਯੁਗ ਦੇ ਪਲਟੇ ਤੋਂ ਬਾਅਦ ਜਗੀਰਦਾਰੀ ਯੁਗ ਵਿਚ ਜਗੀਰਦਾਰਾਂ ਤੇ ਮੁਜਾਰਿਆਂ ਦਾ ਵਿਰੋਧ ਸਾਹਮਣੇ ਆ ਗਿਆ ਤੇ ਜਮਾਤੀ ਜੰਗ ਜਾਰੀ ਰਹੀ। ਹੁਣ ਦੇ ਪੂੰਜੀਵਾਦੀ ਯੁਗ ਵਿਚ ਪੂੰਜੀਪਤੀਆਂ ਤੇ ਜਗੀਰਦਾਰਾਂ ਦੇ ਗਠਜੋੜ ਦਾ ਮਜ਼ਦੂਰ ਜਮਾਤ ਨਾਲ ਵਿਰੋਧ ਜਾਰੀ ਹੈ। ਰਾਜ ਭਾਗ ਉਪਰ ਕਾਬਜ ਪੂੰਜੀਪਤੀਆਂ ਤੇ ਜਗੀਰਦਾਰਾਂ ਦੀ ਜਮਾਤ ਪੂੰਜੀਵਾਦ ਦੀ ਉਮਰ ਲੰਮੀ ਕਰਨ ਲਈ ਹਰ ਹਰਬਾ ਵਰਤਦੀ ਹੈ, ਅਤੇ ਆਪਣੀ ਵਿਰੋਧੀ ਮਜ਼ਦੂਰ ਜਮਾਤ ਨੂੰ ਦਬਾਅ ਕੇ ਰੱਖਣ ਦਾ ਲਗਾਤਾਰ ਯਤਨ ਕਰਦੀ ਹੈ। ਮਜ਼ਦੂਰ ਜਮਾਤ ਦੀ ਲੁੱਟ ਨੂੰ ਕਾਇਮ ਰੱਖਣ ਲਈ ਰਾਜ ਸੱਤਾ ਦੀ ਵਰਤੋਂ ਕਰਦੀ ਹੈ। ਇਸ ਦੇ ਨਾਲ ਹੀ ਧਰਮਾਂ ਦੇ ਨਾਂਅ ਤੇ ਲੋਕਾਂ ਵਿਚ ਵੰਡੀਆਂ ਪਾ ਕੇ ਮਜ਼ਦੂਰ ਜਮਾਤ ਦੀ ਏਕਤਾ ਨੂੰ ਕਮਜ਼ੋਰ ਕਰਨ ਦਾ ਵੀ ਕੋਈ ਮੌਕਾ ਨਹੀਂ ਗਵਾਉਂਦੀ ਤੇ ਨਵੇਂ ਤੋਂ ਨਵੇਂ ਢੰਗ ਲੱਭ ਕੇ ਧਰਮਾਂ ਦੇ ਨਾਂਅ 'ਤੇ ਲੋਕਾਂ ਵਿਚ ਫੁੱਟ ਪਾਉਂਦੀ ਰਹਿੰਦੀ ਹੈ।
ਪਰ ਮੰਦੇ ਭਾਗਾਂ ਨੂੰ ਸਾਡੇ ਦੇਸ਼ ਵਿਚ ਬਾਕੀ ਸੰਸਾਰ ਤੋਂ ਵੱਖਰਾ ਵਰਣ ਵਿਵਸਥਾ 'ਤੇ ਅਧਾਰਤ ਜਾਤਾਂ-ਪਾਤਾਂ ਤੇ ਛੂਆ ਛਾਤ ਦਾ ਵਰਤਾਰਾ ਹੈ। ਜਿਸ ਨੂੰ ਵਰਤ ਕੇ ਹਾਕਮ ਧਿਰਾਂ ਕਿਰਤੀ ਜਮਾਤ ਵਿਚ ਫੁੱਟ ਪਾਉਂਦੀਆਂ ਹਨ ਤੇ ਮਜ਼ਦੂਰ ਜਮਾਤ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਹਥਿਆਰ ਵਜੋਂ ਵਰਤਦੀਆਂ ਹਨ। ਕਹਿਣ ਨੂੂੰ ਭਾਵੇਂ ਜਾਤਪਾਤ ਖਤਮ ਕਰਨ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ ਤੇ ਇਸ ਦੇ ਖਿਲਾਫ ਕਾਨੂੰਨ ਵੀ ਬਣਾਏ ਜਾਂਦੇ ਹਨ ਪਰ ਜਾਤੀਪਾਤੀ ਵਿਤਕਰਿਆਂ ਖਿਲਾਫ ਕੋਈ ਠੋਸ ਕਦਮ ਅੱਜ ਤੱਕ ਨਹੀਂ ਚੁਕਿਆ ਗਿਆ ਅਤੇ ਬਣਾਏ ਗਏ ਮਾੜੇ ਮੋਟੇ ਕਾਨੂੰਨ ਵੀ ਅਸਰਦਾਰ ਢੰਗ ਨਾਲ ਲਾਗੂ ਨਹੀਂ ਕੀਤੇ ਜਾਂਦੇ। ਇਹ ਵਰਤਾਰਾ ਵੀ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਜਾਰੀ ਹੈ। ਆਰ.ਐਸ.ਐਸ. ਹਿੰਦੂ ਧਰਮ ਦੇ ਕੱਟੜਵਾਦੀ ਰੂਪ ਦੀ ਅਨੁਆਈ ਹੈ ਅਤੇ ਉਹ ਮੰਨੂੰ ਵਲੋਂ ਚਲਾਈ ਗਈ ਵਰਣ ਵਿਵਸਥਾ ਵਿਚ ਵਿਸ਼ਵਾਸ਼ ਰੱਖਦੀ ਹੈ। ਇਸ ਲਈ ਉਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲ ਰਹੀ ਭਾਜਪਾ ਸਰਕਾਰ ਇਸ ਪਾੜੇ ਨੂੰ ਹੋਰ ਵਧਾਉਣ ਦੇ ਯਤਨ ਕਰ ਰਹੀ ਹੈ। ਹਿੰਦੂ ਰਾਸ਼ਟਰ ਕਾਇਮ ਕਰਨ ਦੇ ਨਾਹਰੇ ਹੇਠ ਦਲਿਤਾਂ, ਘੱਟ ਗਿਣਤੀਆਂ ਆਦਿਵਾਸੀਆਂ ਤੇ ਔਰਤਾਂ ਖਿਲਾਫ ਘੋਰ ਜ਼ੁਰਮ ਕੀਤੇ ਜਾ ਰਹੇ ਹਨ। ਪੁਰਾਣੇ ਸਮੇਂ ਦੇ ਮਿਥਹਾਸ ਦੀਆਂ ਕਹਾਣੀਆਂ ਨੂੰ ਨਵੇਂ ਸਿਰੇ ਤੋਂ ਇਤਿਹਾਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਸਕੂਲਾਂ ਵਿਚ ਪੜ੍ਹਾਈ ਹੀ ਕੱਟੜ ਹਿੰਦੂ ਪ੍ਰੰਪਰਾਵਾਂ ਦੇ ਮੁਤਾਬਕ ਲਾਗੂ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸੇ ਨੀਤੀ ਤਹਿਤ ਹੀ ਮਨੂੰਵਾਦੀ ਪਿਛਾਖੜੀ ਤੰਤਰ ਨੂੰ ਫੇਰ ਉਜਾਗਰ ਕਰਕੇ ਦਲਿਤਾਂ ਦੇ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਦਲਿਤਾਂ ਖਿਲਾਫ ਦੁਰਵਿਵਹਾਰ ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵਿਚ ਤਿੱਖਾ ਵਾਧਾ ਹੋ ਰਿਹਾ ਹੈ। ਇਸ ਸਭ ਕੁੱਝ ਤੋਂ ਛੁਟਕਾਰਾ ਪਾਉਣ ਦਾ ਇਲਾਜ ਵੀ ਹਿੰਦੂ ਰਾਸ਼ਟਰ ਹੀ ਦੱਸ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਜਿੱਥੇ ਰਾਜ ਭਾਗ ਉਪਰ ਕਾਬਜ ਧਿਰਾਂ ਇਸ ਫੁੱਟ ਪਾਊ ਵਰਤਾਰੇ ਨੂੰ ਕਾਇਮ ਰੱਖਣਾ ਚਾਹੁੰਦੀਆਂ ਹਨ ਉਥੇ ਸਮਾਜ ਵਿਚ ਕੰਮ ਕਰਦੀਆਂ ਕੁਝ ਜਾਤ ਅਧਾਰਤ ਜਥੇਬੰਦੀਆਂ ਤੇ ਪਾਰਟੀਆਂ ਜਾਤਾਂ ਦੇ ਨਾਂਅ 'ਤੇ ਦਲਿਤਾਂ ਤੇ ਪੀੜਤਾਂ ਨੂੰ ਇਕੱਠੇ ਕਰਕੇ ਇਸ ਪਾੜੇ ਨੂੰ ਕਾਇਮ ਰੱਖਣ ਵਿਚ ਹੀ ਮਦਦਗਾਰ ਸਾਬਤ ਹੋ ਰਹੀਆਂ ਹਨ ਅਤੇ ਰਾਜ ਭਾਗ ਦਾ ਅਨੰਦ ਵੀ ਮਾਣ ਰਹੀਆਂ ਹਨ ਪਰ ਦਲਿਤਾਂ ਨੂੰ ਕੋਈ ਵੀ ਠੋਸ ਲਾਭ ਨਹੀਂ ਮਿਲਿਆ ਤੇ ਨਾ ਹੀ ਜਾਤੀਪਾਤੀ ਵਿਤਕਰਿਆਂ ਵਿਚ ਕੋਈ ਕਮੀ ਆਈ ਹੈ।
ਇਥੇ ਅਸੀਂ ਇਕ ਗੱਲ ਹੋਰ ਕਹਿਣੀ ਵੀ ਜ਼ਰੂਰੀ ਸਮਝਦੇ ਹਾਂ ਕਿ ਸਮਾਜ ਵਿਚ ਅਗਾਂਹਵਧੂ ਵਿਚਾਰਾਂ ਅਧੀਨ ਕੰਮ ਕਰਦੀਆਂ ਕਿਸਾਨਾਂ, ਸਨਅਤੀ ਮਜ਼ਦੂਰਾਂ, ਦਿਹਾਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਆਰਥਕ ਮੁਦਿਆਂ ਉਤੇ ਤਾਂ ਭਾਵੇਂ ਅਸਰਦਾਰ ਢੰਗ ਨਾਲ ਲੜਾਈ ਲੜਦੀਆਂ ਤੇ ਪ੍ਰਾਪਤੀਆਂ ਵੀ ਕਰਦੀਆਂ ਹਨ। ਪਰ ਛੂਆਛਾਤ ਦੇ ਖਿਲਾਫ ਉਨ੍ਹਾਂ ਨੇ ਵੀ ਬਹੁਤੀਆਂ ਤਿੱਖੀਆਂ ਲੜਾਈਆਂ ਨਹੀਂ ਲੜੀਆਂ ਅਤੇ ਵੱਖ ਵੱਖ ਨਾਵਾਂ ਹੇਠ ਕੰਮ ਕਰਦੀਆਂ ਮਜ਼ਦੂਰ ਜਮਾਤ ਦੀਆਂ ਪਾਰਟੀਆਂ (ਖੱਬੀਆਂ ਪਾਰਟੀਆਂ) ਨੇ ਵੀ ਪਿਛਲੇ ਲੰਘੇ ਸਮੇਂ ਵਿਚ ਇਸ ਭਿਆਨਕ ਤੇ ਖਤਰਨਾਕ ਬੀਮਾਰੀ ਖਿਲਾਫ ਬਣਦਾ ਰੋਲ ਅਦਾ ਨਹੀਂ ਕੀਤਾ।
ਇਸ ਸਾਰੇ ਕੁੱਝ ਦੇ ਹੁੰਦਿਆਂ ਹੋਇਆਂ ਹੁਣ ਸਾਰਥਿਕ ਪਹਿਲੂ ਵੀ ਸਾਡੇ ਸਾਹਮਣੇ ਹੈ। ਉਹ ਇਹ ਹੈ ਕਿ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਨੇ ਹੁਣ ਕਰਵਟ ਲੈਣੀ ਸ਼ੁਰੂ ਕੀਤੀ ਹੈ। ਪਹਿਲਾਂ ਦੇ ਮੁਕਾਬਲੇ  ਹੁਣ ਇਹ ਲੋਕ ਸੁਚੇਤ ਹੋਏ ਹਨ ਅਤੇ ਜਥੇਬੰਦ ਹੋ ਰਹੇ ਹਨ। ਜਿੱਥੇ ਦਲਿਤਾਂ ਦੇ ਇਕ ਹਿੱਸੇ ਨੇ ਆਪਣੀਆਂ ਪਾਰਟੀਆਂ ਨੂੰ ਪਛਾਣ ਕੇ ਉਹਨਾਂ ਦੇ ਨੇੜੇ ਆਉਣਾ ਸ਼ੁਰੂ ਕੀਤਾ ਹੈ, ਉਥੇ ਖੱਬੀਆਂ ਪਾਰਟੀਆਂ ਤੇ ਇਨਕਲਾਬੀ ਜਥੇਬੰਦੀਆਂ ਵੀ ਹੁਣ ਦਲਿਤ ਸਵਾਲ ਦੇ ਹਾਂ-ਪੱਖੀ ਮੰਥਨ ਕਰ ਰਹੀਆਂ ਹਨ। ਦਲਿਤਾਂ ਨੇ ਜਾਗਰੂਕ ਹੋ ਕੇ ਦਲਿਤ ਸਮੱਸਿਆਵਾਂ ਤੇ ਅਤਿਆਚਾਰਾਂ ਖਿਲਾਫ ਜਥੇਬੰਦਕ ਹੋ ਕੇ ਅਵਾਜ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਤਿੱਖੇ ਘੋਲਾਂ ਵੱਲ ਵੀ ਕਦਮ ਪੁੱਟੇ ਜਾ ਰਹੇ ਹਨ।
ਅੰਤ ਵਿਚ ਅਸੀਂ ਦਲਿਤਾਂ ਨੂੰ ਸੁਚੇਤ ਹੋ ਕੇ ਜਥੇਬੰਦ ਹੋਣ, ਅਤੇ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਕਰਨ ਦੀ ਜ਼ੋਰਦਾਰ ਅਪੀਲ ਕਰਦੇ ਹੋਏ ਮਜ਼ਦੂਰ ਆਗੂਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਉਹ ਸਖਤ ਮਿਹਨਤ ਕਰਕੇ ਮਜ਼ਦੂਰ ਬਸਤੀਆਂ ਤੇ ਵਿਹੜਿਆਂ ਵਿਚ ਜਾ ਕੇ ਮਜ਼ਦੂਰਾਂ, ਗਰੀਬਾਂ ਤੇ ਦਲਿਤਾਂ ਨੂੰ ਜਾਗਰੂਕ ਕਰਨ ਅਤੇ ਸੰਘਰਸ਼ ਦੇ ਰਾਹ 'ਤੇ ਪਾ ਕੇ ਜਾਤਪਾਤ ਤੇ ਛੁਆਛਾਤ ਨੂੰ ਖਤਮ ਕਰਨ, ਸਮਾਜ ਵਿਚ ਬਰਾਬਰ ਦਾ ਦਰਜਾ ਪ੍ਰਾਪਤ ਕਰਨ ਲਈ ਦਿਨ ਰਾਤ ਇਕ ਕਰ ਦੇਣ। ਸੰਘਰਸ਼ ਹੀ ਸਾਰਿਆ ਦੁਖਾਂ ਦਾ ਦਾਰੂ ਹੈ।

ਤਿੰਨ ਤਲਾਕ ਮੁੱਦਾ ਅਤੇ ਮੋਦੀ ਸਰਕਾਰ ਦੀ ਮਨਸ਼ਾ

ਮਹੀਪਾਲ 
ਇਸਲਾਮ ਧਰਮ ਦੇ ਮੰਨਣ ਵਾਲੇ ਬਹੁਗਿਣਤੀ ਦੇਸ਼ਾਂ ਅਤੇ ਵਸੋਂ ਵਿਚ ਕਿਸੇ ਮਰਦ ਵਲੋਂ ਕਿਸੇ ਵੀ ਕਾਰਨ ਜਾਂ ਕਈ ਵਾਰ ਬਿਨਾਂ ਕਾਰਨ ਹੀ ਕੇਵਲ ਤਿੰਨ ਵਾਰ ਤਲਾਕ, ਤਲਾਕ, ਤਲਾਕ ਕਹਿ ਕੇ ਆਪਣੀ ਬੇਕਸੂਰ ਵਿਆਹੁਤਾ ਪਤਨੀ ਨੂੰ ਛੱਡ ਦੇਣ ਦੀ ਮਨੁੱਖਤਾ ਵਿਰੋਧੀ, ਕੁਦਰਤ ਵਿਰੋਧੀ ਜਾਲਮਾਨਾ ਰਵਾਇਤ ਇਕ ਵਾਰ ਫੇਰ ਚਰਚਾ ਵਿਚ ਹੈ। ਅਸੀਂ ਇਸ ਰਾਇ ਦੇ ਹਾਂ ਕਿ ਨਾ ਕੇਵਲ ਇਸਲਾਮ ਧਰਮ ਵਿਚਲੀ ਇਹ ਕੁਪ੍ਰਥਾ ਬਲਕਿ ਕਿਸੇ ਵੀ ਧਰਮ ਦਰਮਿਆਨ ਅਜਿਹੀ ਕੋਈ ਵੀ ਜਾਲਿਮਾਨਾ ਰਵਾਇਤ ਹਰ ਹੀਲੇ ਬੰਦ ਹੋਣੀ ਚਾਹੀਦੀ ਹੈ। ਪਰ ਅਸੀਂ ਨਾਲ ਹੀ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਇਸ ਕਿਸਮ ਦਾ ਵਰਤਾਰਾ ਕੇਵਲ ਇਸਲਾਮ ਤੱਕ ਹੀ ਸੀਮਤ ਨਹੀਂ ਹੈ। ਔਰਤਾਂ ਨਾਲ ਪੈਰ ਪੈਰ 'ਤੇ ਹੋ ਰਹੇ ਵਿਤਕਰੇ ਅਤੇ ਜ਼ੁਲਮ ਹਰੇਕ ਧਰਮ ਨੂੰ ਮੰਨਣ ਵਾਲੇ ਅਬਾਦੀ ਸਮੂਹਾਂ 'ਚ ਬਦਕਿਸਮਤੀ ਨਾਲ ਨਾ ਕੇਵਲ ਕਾਇਮ ਹਨ ਬਲਕਿ ਪਿਛਾਖੜੀ ਤਾਕਤਾਂ ਦੇ ਵਕਤੀ ਤੌਰ 'ਤੇ ਜ਼ੋਰ ਫੜਨ ਨਾਲ ਸਗੋਂ ਹੋਰ ਤੇਜ਼ ਹੋ ਰਹੇ ਹਨ। ਸੋ ਅੱਜ ਅਗਾਂਹਵਧੂ 'ਤੇ ਲੋਕ ਪੱਖੀ ਬਦਲਾਅ ਦੀਆਂ ਮੁਦੱਈ ਸਾਰੀਆਂ ਧਿਰਾਂ ਨੂੰ ਇਸੇ ਸੇਧ 'ਚ ਵਧੇਰੇ ਗਤੀਸ਼ੀਲ ਹੋਣ, ਸੰਗਰਾਮੀ ਸਰਗਰਮੀ ਕਰਨ ਦੀ ਲੋੜ ਹੈ। ਪਰ ਅਜਿਹੇ ਵੇਲੇ ਤਿੰਨ ਤਲਾਕ ਦੀ ਕੁਲਹਿਣੀ ਪ੍ਰਥਾ ਦੇ ਖਾਤਮੇਂ ਦੀ ਗੱਲ ਦੇਸ਼ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ ਛੇੜੀ ਗਈ ਹੈ। ਇਸ ਘ੍ਰਿਣਾ ਯੋਗ ਪ੍ਰਥਾ ਦੇ ਖਾਤਮੇਂ ਦੇ ਸਾਡੇ ਪੱਕੇ ਹਾਮੀ ਹੋਣ ਦੇ ਬਾਵਜੂਦ ਵੀ ਸਰਕਾਰ ਦਾ ਪਿਛਲਾ ਰਿਕਾਰਡ ਅਤੇ ਨੀਅਤ ਇਸ ਪ੍ਰਤੀ ਕਈ ਸ਼ੰਕੇ ਖੜ੍ਹੇ ਕਰਦੇ ਹਨ।
ਕਿਸੇ ਵੀ ਸੰਤੁਲਿਤ ਸੋਚ ਵਾਲੇ ਸੰਵੇਦਨਸ਼ੀਲ ਮਨੁੱਖ ਦਾ ਔਰਤਾਂ 'ਤੇ ਹੁੰਦੇ ਹਰ ਕਿਸਮ ਦੇ ਜ਼ੁਲਮਾਂ ਅਤੇ ਵਿਤਕਰਿਆਂ ਦਾ ਵਿਰੋਧੀ ਹੋਣਾ ਲਾਜ਼ਮੀ ਹੈ। ਇਨ੍ਹਾਂ ਜ਼ੁਲਮਾਂ, ਵਿਤਕਰਿਆਂ ਦੇ ਅਮਾਨਵੀ ਤੇ ਗੈਰ ਕੁਦਰਤੀ ਵਰਤਾਰਿਆਂ ਦਾ ਹਰ ਖੇਤਰ ਦਾ ਹਕੀਕੀ ਵਿਰੋਧੀ ਸੰਗਰਾਮੀਆ ਸਾਡੀ ਇਸ ਦਲੀਲ ਨਾਲ ਸਹਿਮਤ ਹੋਵੇਗਾ ਕਿ ਔਰਤਾਂ ਪ੍ਰਤੀ ਬਣੀਆਂ ਪੱਖਪਾਤੀ ਧਾਰਣਾਵਾਂ ਅਤੇ ਇਨ੍ਹਾਂ ਧਾਰਣਾਵਾਂ ਨੂੰ ਸਦੀਆਂ ਤੋਂ ਵੱਖੋ ਵੱਖ ਧਰਮਾਂ ਦੀ ਆੜ ਵਿਚ ਪ੍ਰਫੁਲਿਤ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਅਸੱਭਿਅਕ ਕਰਤੂਤ ਅੱਜ ਵੀ ਬਾਦਸਤੂਰ ਜਾਰੀ ਹੈ। ਇਸ ਪੱਖੋਂ ਹਰੇਕ ਧਰਮ ਦੇ ਅਖੌਤੀ ਆਗੂਆਂ ਦੀ ਸੋਚਣੀ ਤੇ ਅਮਲ ਇਕੋ ਜਿਹੇ ਭਾਵ ਘੋਰ ਔਰਤ ਵਿਰੋਧੀ ਹਨ। ਆਉ ਇਸ ਮਾਨਵਤਾ ਵਿਰੋਧੀ ਸੋਚ ਤੇ ਵਰਤਾਰੇ ਨੂੂੰ ਅਮਲ ਦੀ ਕਸਵੱਟੀ 'ਤੇ ਪਰਖਣ ਦਾ ਯਤਨ ਕਰੀਏ।  ਹਿੰਦੂ ਧਰਮ ਦੇ ਆਪੂੰ ਬਣੇ ਠੇਕੇਦਾਰ ਆਰ.ਐਸ.ਐਸ. ਅਤੇ ਉਸ ਦੇ ਬਗਲ ਬੱਚੇ ਅਤੇ ਉਨ੍ਹਾਂ ਦੇ ਮੁਕਾਬਲੇ ਦੁਰਵਚਨ ਬੋਲਦੇ ਸਵੈ ਸਾਜੇ ਮੁਸਲਮਾਨਾਂ ਦੇ ਰਹਿਬਰ ਕਹਾਉਣ ਵਾਲੇ ਕੱਟੜਪੰਥੀ ਸੰਗਠਨ ਇਕ ਦੂਜੇ ਨੂੰ ਹਰ ਰੋਜ ਪਾਣੀ ਪੀ ਪੀ ਕੋਸਦੇ ਹਨ। ਇਹ ਘ੍ਰਿਣਤ ਸੰਗਠਨ ਅਤੇ ਇਨ੍ਹਾਂ ਦੇ ਆਗੂ ਆਪੋ ਆਪਣੇ ਧਰਮਾਂ ਦੀ ਆਮ ਲੋਕਾਈ ਖਾਸ ਕਰ ਗਰੀਬ ਜਨਸਮੂਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਲਈ ਇਕ ਦੂਜੇ ਦੇ ਐਲਾਨੇ  ਵਿਰੋਧੀ ਧਰਮਾਂ ਨੂੰ ਹੀ ਕਸੂਰਵਾਰ ਠਹਿਰਾਉਂਦੇ ਹਨ। ਇਸ ਪਿੱਛੇ ਉਨ੍ਹਾਂ ਦਾ ਇਕ ਖਾਸ ਮਕਸਦ ਹੈ। ਗਰੀਬ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਚੇਤੰਨ ਹੋ ਕੇ ਜਥੇਬੰਦ ਹੁੰਦਿਆਂ ਸੰਗਰਾਮਾਂ ਦੇ ਰਸਤੇ ਪੈ ਕੇ ਜਮਾਤੀ ਲੁੱਟ ਦੇ ਸਦੀਵੀ ਖਾਤਮੇ ਦੇ ਰਸਤੇ ਤੋਂ ਕੁਰਾਹੇ ਪਾਉਣ ਲਈ ਹੀ ਉਕਤ ਸਾਰਾ ਕਾਰ ਵਿਹਾਰ ਅਮਲ 'ਚ ਲਿਆਂਦਾ ਜਾਂਦਾ ਹੈ। ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਹੱਥ ਠੋਕੇ ਮੁਲਾਣੇ, ਪੰਡਿਆਂ ਦੀ ਸਮੁੱਚੀ ਕਾਰਜ ਪ੍ਰਣਾਲੀ ਨੂੰ ਇਸੇ ਨਜ਼ਰੀਏ ਤੋਂ ਹੀ ਠੀਕ ਢੰਗ ਨਾਲ ਘੋਖਿਆ ਪਰਖਿਆ 'ਤੇ ਡੱਕਿਆ ਜਾ ਸਕਦਾ ਹੈ। ਆਉ ਵਿਸ਼ੇ ਵੱਲ ਪਰਤੀਏ। ਭਾਵੇਂ ਉਪਰ ਦੱਸੇ ਗਏ ਹਿੰਦੂ, ਮੁਸਲਮਾਨਾਂ ਦੇ ਅਖੌਤੀ ਅਲੰਬਰਦਾਰ ਇਕ ਦੂਜੇ ਦੇ ਵਿਰੁੱਧ ਕਿੰਨਾ ਵੀ ਜ਼ਹਿਰ ਉਗਲਣ ਪਰ ਜਦੋਂ ਵੀ ਔਰਤਾਂ ਦੀ ਆਜ਼ਾਦੀ ਦੀ ਗੱਲ ਅਜੇ ਤੁਰਦੀ ਹੀ ਹੈ ਤਾਂ ਸੰਘ ਪਰਿਵਾਰ ਅਤੇ ਇਸਲਾਮ ਦੇ ਠੇਕੇਦਾਰ ਮੁਸਲਿਮ ਕੱਟੜਪੰਥੀ ਸੰਗਠਨ ਝੱਟ ਇਕੋ ਜਿਹੀ ਹੀ ਬੋਲੀ ਬੋਲਦੇ ਹਨ। ਜਿੱਥੇ ਸੰਘੀ ਟੋਲਾ ਔਰਤਾਂ ਨੂੰ ਘਰਾਂ 'ਚ ਚੁੱਲੇ ਚੌਂਕੇ ਤੱਕ ਸੀਮਤ ਰਹਿ ਕੇ ਪਰਿਵਾਰ ਦੀ ਸੇਵਾ ਸੰਭਾਲ ਦੀਆਂ ਮੱਤਾਂ ਦਿੰਦਾ ਹੈ ਉਥੇ ਮੋਲਾਣਾ ਕੁਨਬਾ ਔਰਤਾਂ ਨੂੰ ਬੁਰਕੇ 'ਚ ਕੈਦ ਰੱਖ ਕੇ ਹਰ ਕਿਸਮ ਦੇ ਹੱਕਾਂ ਤੋਂ ਵਾਂਝੇ ਰੱਖਣ ਦਾ ਹਾਮੀ ਹੈ।
ਅਸਲ ਗੱਲ ਇਹ ਹੈ ਕਿ ਆਰ.ਐਸ.ਐਸ. ਦੇ ਪਿਛਾਖੜੀ ਵਿਚਾਰਾਂ (ਭਾਜਪਾ ਦੇ ਸ਼ਬਦਾਂ 'ਚ ਮਾਰਗ ਦਰਸ਼ਨ) ਤੋਂ ਸੇਧ ਲੈ ਕੇ ਸਰਕਾਰੀ ਤੰਤਰ ਚਲਾਉਣ ਵਾਲੀ ਭਾਜਪਾ ਤੋਂ ਔਰਤਾਂ ਪ੍ਰਤੀ ਕੋਈ ਅਗਾਂਹਵਧੂ ਪੈਂਤੜਾ ਲੈਣ ਦੀ ਆਸ ਕਰਨੀ ਹੀ ਫਿਜ਼ੂਲ ਹੈ। ਭਾਜਪਾ ਲਈ ਪ੍ਰੇਰਣਾ ਸਰੋਤ (ਅਸਲ 'ਚ ਅੰਗਰੇਜ ਸਾਮਰਾਜ ਦੇ ਪਿੱਠੂ) ਵੀਰ ਸਾਵਰਕਰ ਦੇ ਸ਼ਬਦਾਂ 'ਚ-''ਮਨੂੰਸਿਮ੍ਰਤੀ ਇਕ ਅਜਿਹਾ ਧਾਰਮਕ ਗ੍ਰੰਥ ਹੈ ਜਿਹੜਾ ਹਿੰਦੂ ਰਾਸ਼ਟਰ ਲਈ ਵੇਦਾਂ ਤੋਂ ਬਾਅਦ ਸਭ ਤੋਂ ਵੱਧ ਪੂਜਣਯੋਗ ਹੈ, ਜੋ ਪ੍ਰਾਚੀਨ ਕਾਲ ਤੋਂ ਸਾਡੇ ਸੱਭਿਆਚਾਰ, ਰੀਤੀ ਰਿਵਾਜ਼ ਵਿਚਾਰ ਆਚਰਣ ਦਾ ਆਧਾਰ ਬਣ ਗਿਆ ਹੈ। ਜਿਸਨੇ ਸਦੀਆਂ ਤੋਂ ਸਾਡੇ ਰਾਸ਼ਟਰ ਦੇ ਅਧਿਆਤਮਕ ਅਤੇ ਦੈਵੀ ਜੀਵਨ ਨੂੰ ਸੂਤਰਬੱਧ ਕੀਤਾ ਹੈ। ਅੱਜ ਮੰਨੂੰਸ੍ਰਿਮਤੀ ਹੀ ਹਿੰਦੂ ਜੀਵਨ ਵਿਧੀ ਹੈ। ਕਰੋੜਾਂ ਹਿੰਦੂ ਆਪਣੇ ਜੀਵਨ ਅਤੇ ਵਿਹਾਰ ਵਿਚ ਜਿਨਾਂ ਨਿਯਮਾਂ 'ਤੇ ਚਲਦੇ ਹਨ ਉਹ ਮੰਨੂਸ੍ਰਿਮਤੀ ਚੋਂ ਹੀ ਹਨ।''
ਆਰ.ਐਸ.ਐਸ. ਜਿਸ ਮੰਨੂੰਸਿਮ੍ਰਤੀ ਦੇ ਅਧਾਰ 'ਤੇ ਭਾਰਤ ਦੇ ਲੋਕਾਂ ਦੀ ਜੀਵਨ ਜਾਚ ਢਾਲਣਾ ਚਾਹੁੰਦੀ ਹੈ ਉਹ ਗ੍ਰੰਥ ਸ਼ੂਦਰਾਂ ਅਤੇ ਇਸਤਰੀਆਂ ਨੂੰ ਢੋਲ 'ਤੇ ਪਸ਼ੂ ਤੁੱਲ ਰੱਖਦਾ ਹੈ। ਭਾਵ ਜਿਵੇਂ ਢੋਲ 'ਤੇ ਪਸ਼ੂ ਕੁੱਟੇ ਤੋਂ ਠੀਕ ਸਿੱਟੇ ਕੱਢਦੇ ਹਨ ਉਵੇਂ ਹੀ ਸ਼ੂਦਰ ਅਤੇ ਇਸਤਰੀ ਵੀ ''ਸੂਤ'' ਕਰਕੇ ਰੱਖਣੇ ਚਾਹੀਦੇ ਹਨ। ਜੋ ਗ੍ਰੰਥ ਹਰ ਹਾਲਤ ਵਿਚ ਔਰਤਾਂ ਨੂੰ ਮਰਦਾਂ 'ਤੇ ਨਿਰਭਰ, ਮਰਦਾਂ ਦੇ ਕਾਬੂ ਵਿਚ ਹੀ ਰਹਿਣਯੋਗ, ਸੋਚਣੋਂ ਸਮਝਣੋਂ ਅਸਮਰਥ, ਭੋਗ ਵਿਲਾਸ ਦੀ ਲਾਲਸਾ 'ਚ ਗ੍ਰਸੀਆਂ ਹੋਈਆਂ, ਉਮਰ ਦਾ ਲਿਹਾਜ ਰੱਖੇ ਬਗੈਰ ਕਾਮੁਕ, ਪਰਾਏ ਆਦਮੀਆਂ 'ਤੇ ਡੋਰੇ ਪਾਉਣ ਵਾਲੀਆਂ ਚੰਚਲ, ਨਿਰਮੋਹੀਆਂ, ਧੋਖੇਬਾਜ਼ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਦਾ ਹੋਵੇ ਉਸ ਗ੍ਰੰਥ ਨੂੰ ਆਪਣੀ ਆਦਰਸ਼ ਜੀਵਨ ਵਿਧੀ ਮੰਨਣ ਵਾਲੇ ਸੰਘੀ ਜਾਹਲ ਔਰਤਾਂ ਦੇ ਹਮਦਰਦ ਹੋਣਗੇ? ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਮਨੁੱਖਤਾ ਦਾ ਅੱਜ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਤੇ ਵੀ ਕੋਈ ਵੀ ਪਿਛਾਂਹ ਖਿੱਚੂ ਕੱਟੜ ਧਾਰਮਿਕ ਸੰਗਠਨ ਕਿਸੇ ਵੀ ਕਿਸਮ ਦੇ ਬਰਾਬਰ ਅਧਿਕਾਰਾਂ ਦੇ ਪੱਖ 'ਚ ਨਹੀਂ ਬਲਕਿ ਉਲਟ ਖੜੋਣ ਦਾ ਰਿਕਾਰਡਧਾਰੀ ਹੈ। ਆਜ਼ਾਦੀ ਸੰਗਰਾਮ ਦੌਰਾਨ ਅੰਗਰੇਜ਼ ਸਾਮਰਾਜ ਦੀ ਸਾਜ਼ਿਸ ਅਧੀਨ ਹੋਏ ਦੰਗੇ, 1947 ਦੀ ਦੇਸ਼ ਵੰਡ ਅਤੇ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਹੋਏ ਅਨੇਕਾਂ ਫਿਰਕੂ ਦੰਗਿਆਂ (ਜਿਨ੍ਹਾਂ ਦਾ ਮੁੱਖ ਸਾਜਿਸ਼ ਕਰਤਾ ਆਰ.ਐਸ.ਐਸ. ਹੀ ਰਿਹਾ ਹੈ) ਵਿਚ ਸਭ ਤੋਂ ਬੁਰੀ ਮਾਰ ਔਰਤਾਂ ਨੂੰ ਹੀ ਝੱਲਣੀ ਪਈ ਹੈ। ਇਥੋਂ ਤੱਕ ਕਿ ਗੁਜਰਾਤ ਦੰਗਿਆਂ (2001) ਵਿਚ ਗਰਭਵਤੀ ਔਰਤਾਂ ਨੂੰ ਮਾਰਨ ਵੱਲ ਵਿਸ਼ੇਸ਼ ''ਤਵੱਜੋ'' ਦਿੱਤੀ ਗਈ ਸੰਘੀ ਕਾਤਲਾਂ ਵਲੋਂ। ਅੱਜ ਉਹ ਨਿਰਦਈ ਸੰਘੀ ਥਾਪੜੇ ਵਾਲੀ ਭਾਜਪਾ ਸਰਕਾਰ ਜੇ ਮੁਸਲਮਾਨ ਔਰਤਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰੇ ਤਾਂ ਗੱਲ ਸੰਘੋਂ ਹੇਠਾਂ ਨਹੀਂ ਉਤਰਦੀ। ਦੂਜਾ ਵੱਡਾ ਨੁਕਤਾ ਇਹ ਹੈ ਕਿ ਔਰਤਾਂ ਨਾਲ ਇਹ ਤਲਾਕ ਵਾਲਾ ਦੁਖਦਾਈ ਵਰਤਾਰਾ ਕੇਵਲ ਇਸਲਾਮ ਤੱਕ ਹੀ ਸੀਮਤ ਨਹੀਂ। ਜੇ ਸਮੁੱਚੀ ਵਸੋਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਜਾਲਮਾਨਾਂ ਵਰਤਾਰਾ ਹਰ ਧਰਮ ਦੇ ਲੋਕਾਂ 'ਚ ਮੌਜੂਦ ਹੈ। ਪਰ ਆਪਣੇ ਫਿਰਕੂ ਏਜੰਡੇ ਅਨੁਸਾਰ ਇਸ ਨੁਕਤੇ ਤੋਂ ਸੰਘੀ ਘੁਣਤਰਾਂ ਅਨੁਸਾਰ ਕਾਰਜਸ਼ੀਲ ਮੋਦੀ ਸਰਕਾਰ ਅਤੇ ਭਾਜਪਾ ਕੇਵਲ ਮੁਸਲਿਮਾਂ ਵਿਚਲੀ ਤਿੰਨ ਤਲਾਕ ਵਾਲੀ ਕੁਪ੍ਰਥਾ ਹੀ ਦੇਖਦੀ ਹੈ। ਬਾਕੀ ਧਾਰਮਿਕ ਸਮੂਹਾਂ ਵਿਚ ਵੀ ਵੱਖੋ ਵੱਖ ਢੰਗਾਂ ਨਾਲ ਮੌਜੂਦ ਇਹੋ ਜਿਹੀਆਂ ਬੀਮਾਰੀਆਂ ਉਹ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦੇ ਹਨ।
ਹਜ਼ਾਰਾਂ ਸਾਲਾਂ ਤੋਂ ਭਾਰਤੀ ਬਹੁਗਿਣਤੀ ਵਸੋਂ ਦੇ ਅਨੇਕਾਂ ਉਪ ਸਮੂਹਾਂ ਵਿਚ ਕੁੱਖ 'ਚ ਕਤਲ, ਬਾਲ ਵਿਆਹ, ਦਾਜ ਲਈ ਕਤਲ, ਬਾਲੜੀਆਂ ਨੂੰ ਪੜ੍ਹਾਈ ਦੇ ਮੌਕੇ ਮੁਹੱਈਆ ਕਰਾਉਣ ਵੇਲੇ ਪੱਖਪਾਤ, ਵਿਧਵਾ ਵਿਆਹ 'ਤੇ ਰੋਕ, ਜਿਣਸੀ ਸ਼ੋਸ਼ਣ ਅਤੇ ਉਹ ਵੀ ਇੰਨਾਂ ਘਿਣੋਣਾ ਕਿ ਬਾਲੜੀਆਂ ਤੱਕ ਨੂੰ ਵੀ ਸ਼ਿਕਾਰ ਬਣਾਉਣਾ, ਰੋਜ਼ਗਾਰ ਦੇ ਮੌਕਿਆਂ 'ਚ ਅੜਿਕੇ ਡਾਹੁਣਾ, ਸਵੈਨਿਰਭਰਤਾ ਤੋਂ ਵਾਂਝੇ ਰੱਖਣਾ, ਘਰੇਲੂ ਹਿੰਸਾ, ਯੋਗਤਾ ਦੇ ਬਾਵਜੂਦ ਚੁਣੇ ਹੋਏ ਅਦਾਰਿਆਂ 'ਚ ਪ੍ਰਤੀਨਿੱਧਤਾ ਦੇਣ 'ਚ ਅਡਿੱਕੇ ਜਾਇਦਾਦ 'ਚੋਂ ਹਿੱਸਾ ਨਾ ਕੇਵਲ ਕਾਇਮ ਹਨ ਬਲਕਿ ਪਿਛਾਖੜੀ ਸੋਚਣੀ 'ਤੇ ਚਲਦਿਆਂ ਭਾਜਪਾ ਸਰਕਾਰ ਉਲਟਾ ਅਜਿਹੀਆਂ ਕੁਰੀਤੀਆਂ ਦੇ ਵਧਣ ਫੁੱਲਣ ਲਈ ਹੋਰ ਅਨੁਕੂਲ ਮੌਕੇ ਪੈਦਾ ਕਰ ਰਹੀ ਹੈ। ਔਰਤਾਂ ਨੂੰ ਰੋਜ਼ਗਾਰ, ਬਰਾਬਰ ਕੰਮ ਲਈ ਬਰਾਬਰ ਉਜਰਤਾਂ, ਬਿਹਤਰ ਕੰਮ ਹਾਲਤਾਂ ਅਤੇ ਕੰਮ ਥਾਵਾਂ 'ਤੇ ਸਨਮਾਨਜਨਕ ਵਿਵਹਾਰ ਆਦਿ ਦੇ ਮੌਕੇ ਔਰਤਾਂ ਨੂੰ ਧਰਮ ਜਾਤ ਦੇ ਫਰਕ ਤੋਂ ਉਪਰ ਉਠ ਕੇ ਉਪਲੱਬਧ ਕਰਾਉਣ ਦੀ ਤਾਂ ਮੋਦੀ ਸਰਕਾਰ ਨੇ ਕਦੀ ਗੱਲ ਹੀ ਨਹੀਂ ਕੀਤੀ ਜੋ ਕਿ ਔਰਤਾਂ ਨੂੰ ਅਸਲ 'ਚ ਬਰਾਬਰਤਾ ਵੱਲ ਲੈ ਜਾਣ ਦੇ ਰਾਹ ਤੋਰਨ ਦੀ ਸ਼ੁਰੂਆਤ ਕਰ ਸਕਦੇ ਹਨ।
ਸਾਡੇ ਇਸੇ ਦੇਸ਼ ਵਿਚ ਬਨਾਰਸ ਅਤੇ ਹੋਰਨਾਂ ਥਾਵਾਂ 'ਤੇ ਵਿਧਵਾਵਾਂ ਦੇ ਰਹਿਣ ਲਈ ਵੱਖਰੇ ਆਸ਼ਰਮ ਬਣੇ ਹੋਏ ਹਨ। ਸੰਘ ਦੀ ਧਾਰਮਕ ਰੰਗਤ ਦੇ ਚੋਲੇ 'ਚ ਬਿਰਾਜਮਾਨ ਫਿਰਕੂ ਗੁੰਡਿਆਂ ਨੇ ਬਨਾਰਸ ਦੀਆਂ ਵਿਧਵਾਵਾਂ ਦੇ ਤਰਾਸਦੀ ਪੂਰਨ ਜੀਵਨ 'ਤੇ ਫਿਲਮ ਤੱਕ ਬਨਾਉਣ ਦੀ ਇਜਾਜ਼ਤ ਨਹੀਂ ਦਿੱਤੀ। ਜੇ ਇਹ ਫਿਲਮ ਭਾਰਤ  ਤੋਂ ਬਾਹਰ ਬਣ ਵੀ ਜਾਂਦੀ ਤਾਂ ਸੰਘੀ ਖਰੂਦੀਆਂ ਨੇ ਇਸ ਦਾ ਪ੍ਰਦਰਸ਼ਨ ਨਹੀਂ ਸੀ ਹੋਣ ਦੇਣਾ। ''ਢੋਲ, ਗੰਵਾਰ, ਸ਼ੂਦਰ, ਪਸ਼ੂ, ਨਾਰੀ'' ਦੇ ਵਾਕ ਨੂੰ ਸਦਾ ਲਈ ਮੇਟਣ ਦਾ ਕੋਈ ਯਤਨ ਤਾਂ ਦੂਰ ਇਸ ਵਿਰੁੱਧ ਕੋਈ ਬਿਆਨ ਵੀ ਸੰਘੀ ਯਮਦੂਤ ਸੁਣਨ ਪੜ੍ਹਣ ਨੂੰ ਤਿਆਰ ਨਹੀਂ। ਕੁੱਲ ਮਿਲਾ ਕੇ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਜਿਹੜੇ ਸੰਗਠਨ ਪਸ਼ੂਆਂ ਅਤੇ ਪਛਾਣ ਚਿੰਨ੍ਹਾਂ ਦੇ ਨਾਂਅ 'ਤੇ ਨਰ ਬਲੀ ਲੈਂਦੇ ਹੋਣ, ਖੁਰਾਕੀ ਵਸਤਾਂ ਦੀ ਚੋਣ ਦੇ ਸਵਾਲ 'ਤੇ ਫਿਰਕੂ ਦੰਗੇ ਕਰਵਾਉਣ, ਖੁਰਾਕੀ ਵਸਤਾਂ ਦੇ ਸੇਵਨ ਬਾਰੇ ਝੂਠੇ ਪ੍ਰਚਾਰ ਰਾਹੀਂ ਭੀੜਾਂ ਭੜਕਾ ਕੇ ਮਨੁੱਖਾਂ ਨੂੰ ਕੋਹ ਦੇਣ, ਮਾਸੂਮ ਬੱਚਿਆਂ ਨੂੰ ਵੈਗਨਾਂ (ਇਕ ਕਿਸਮ ਦੀ ਜੀਪ) 'ਚ ਬੰਦ ਕਰਕੇ ਜਿਉਂਦੇ ਸਾੜ ਦੇਣ, ਹਜ਼ਾਰਾਂ ਬੇਗੁਨਾਹਾਂ ਖਾਸ ਕਰ ਔਰਤਾਂ ਤੇ ਬੱਚਿਆਂ ਦਾ ਕਤਲੇਆਮ ਕਰਾਉਣ ਵਾਲੇ ਦੰਗਿਆਂ ਦੇ ਸਾਜਿਸ਼ਕਰਤਾ ਹੋਣ, ਜਾਤੀ ਵਿਤਕਰਾ ਕਾਇਮ ਰੱਖਣ ਵਾਲੀ ਮੰਨੁਸਿਮਰਤੀ ਅਤੇ ਹੋਰ ਸਭਨਾਂ ਵੇਲਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਦੇ ਕੱਟੜ ਹਿਮਾਇਤੀ ਹੋਣ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਪੂਰੀ ਤਰ੍ਹਾਂ ਵਿਰੋਧੀ ਹੋਣ ਉਹ ਔਰਤਾਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਦਾਅਵਾ ਕਰਨ ਤਾਂ ਇਸ ਤੋਂ ਵੱਡਾ ਤਰਾਸਦੀਪੂਰਨ ਮਜਾਕ ਕੋਈ ਹੋਰ ਹੋ ਹੀ ਨਹੀਂ ਸਕਦਾ। ਫਿਰ ਸਰਕਾਰ ਨੇ ਇਹ ਤਿੰਨ ਤਲਾਕ ਵਾਲੀ ਤਾਣ ਕਿਉਂ ਛੇੜੀ ਹੈ? ਆਓ ਇਸ ਬਾਰੇ ਨਿਰਣਾ ਕਰੀਏ!
ਇਸ ਸਰਕਾਰ ਨੇ ਕਹਿਣੀ ਤੇ ਕਰਨੀ ਦੇ ਫਰਕ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਹੱਲ ਤਾਂ ਕੀ ਹੋਣਾ ਸੀ ਉਲਟਾ ਇਸ ਪੱਖੋਂ ਹਾਲਾਤ ਹੋਰ ਨਿੱਘਰੇ ਹਨ। ਹਰ ਮੁਹਾਜ 'ਤੇ ਸਰਕਾਰ ਦੀ ਖਿੱਲੀ ਉਡ ਰਹੀ ਹੈ। ਆਰਥਕ, ਰੱਖਿਆ, ਨੀਤੀ ਨਿਰਧਾਰਨ ਗੱਲ ਕੀ ਹਰ ਖੇਤਰ ਵਿਚ ਸਾਮਰਾਜੀ ਦਖਲ ਅੰਦਾਜ਼ੀ ਅਤੇ ਪੁਗਤ ਸ਼ਿਖਰਾਂ ਛੂਹ ਰਹੀ ਹੈ। ਸਿੱਟੇ ਵਜੋਂ ਲੋਕਾਂ 'ਚ ਉਪਜੀ ਅਤੇ ਰੋਜ ਤਿੱਖੀ ਹੋ ਰਹੀ ਬੇਚੈਨੀ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਸਰਕਾਰ ਅਤੇ ਇਸਦੇ ਸਾਮਰਾਜੀ ਜੋਟੀਦਾਰਾਂ ਲਈ ਫੌਰੀ ਲੋੜ ਬਣ ਚੁਕਿਆ ਹੈ। ਉਕਤ ਨਾਪਾਕ ਮਕਸਦ ਲਈ ਪਿਛਲੇ ਦਿਨੀਂ ਜੰਗ ਵਰਗੇ ਹਾਲਾਤ ਬਣਾ ਦਿੱਤੇ ਗਏ ਸਨ। ਸਰਕਾਰ ਅਤੇ ਇਸ ਦੇ ਫਿਰਕੂ ਪ੍ਰਭੂਆਂ ਵਲੋਂ ਉਠਾਇਆ ਗਿਆ ਤਿੰਨ ਤਲਾਕ ਅਤੇ ਇਕਸਾਰ ਸਿਵਲ ਕੋਡ ਦਾ ਮੁੱਦਾ ਵੀ ਇਸੇ ਸਾਜਿਸ਼ੀ ਕਵਾਇਦ ਦਾ ਹੀ ਵਿਸਥਾਰ ਹੈ। ਇਸ ਮਾਮਲੇ 'ਚ ਨਾ ਮੋਦੀ ਸਰਕਾਰ ਦੀ ਨੀਅਤ ਅਤੇ ਨੀਤੀ ਦੋਨੋਂ ਹੀ ਘਾਤਕ ਅਤੇ ਉਲਟ ਪ੍ਰਭਾਵੀ ਹੀ ਸਾਬਤ ਹੋਣੇ ਹਨ।
ਇਸ ਪਹੁੰਚ ਦੇ ਚਲਦਿਆਂ ਉਕਤ ਤਿੰਨ ਤਲਾਕ ਦੀ ਅਸੱਭਿਅਕ ਪ੍ਰਥਾ ਦਾ ਖਾਤਮਾ ਤਾਂ ਕੀ ਹੋਣਾ ਹੈ ਸਗੋਂ ਇਸ ਪਹੁੰਚ 'ਚੋਂ ਜਨਮੀ ਕਸ਼ੀਦਗੀ ਇਸ ਦੇ ਅਸਲ ਹੱਲ ਦੇ ਰਾਹ 'ਚ ਰੋੜਾ ਹੀ ਬਣੇਗੀ। ਔਰਤਾਂ ਦੀ ਸਮੱਸਿਆ ਨੂੰ ਜੇ ਜਮਹੂਰੀ ਚੌਖਟੇ ਦੀ ਥਾਂ ਫਿਰਕੂ ਦ੍ਰਿਸ਼ਟੀਕੋਣ ਤੋਂ ਦੇਖਿਆ-ਪੇਸ਼ ਕੀਤਾ ਜਾਵੇਗਾ ਤਾਂ ਲਾਜ਼ਮੀ ਫਿਰਕੂ ਕਤਾਰਬੰਦੀ ਹੀ ਤਿੱਖੀ ਹੋਵੇਗੀ। ਪਰ ਮੋਦੀ ਐਂਡ ਕੰਪਨੀ ਅਤੇ ਇਸ ਦੇ ਕੁਰਾਹੇ ਪਾਊ ਮਾਰਗਦਰਸ਼ਕਾਂ ਦੀਆਂ ਗਿਣਤੀਆਂ ਮਿਣਤੀਆਂ ਸਾਫ ਹਨ। ਉਹ ਇਸ ਨਾਲ ਫਿਰਕੂ ਕਤਾਬੰਦੀ ਕਰਕੇ ਇਸਦਾ ਲਾਹਾ (ਵੋਟ ਫਸਲ) ਫੌਰੀ ਤੌਰ 'ਤੇ ਉਤਰ ਪ੍ਰਦੇਸ਼ ਦੀਆਂ ਆਉਂਦੀਆਂ ਚੋਣਾਂ 'ਚ ਲੈਣਾ ਚਾਹੁੰਦੇ ਹਨ। ਲੰਮੇ ਨੀਤੀਗਤ ਪੈਂਤੜੇ ਤੋਂ ਉਹ ਇਸ ਫਿਰਕੂ ਨਫਰਤ 'ਤੇ ਅਧਾਰਤ ਗੋਲਬੰਦੀ ਰਾਹੀਂ ਕੱਟੜ ਹਿੰਦੂ ਰਾਸ਼ਟਰ ਦੀ ਸਥਾਪਨਾ ਵੱਲ ਵੱਧਣਾ ਚਾਹੁੰਦੇ ਹਨ। ਇੰਜ ਉਹ ਲੁੱਟ ਦਾ ਰਾਜ ਸਦੀਵੀਂ ਕਾਇਮ ਰੱਖਣ ਦੇ ਆਪਣੇ ਸਾਮਰਾਜੀ ਆਕਾਵਾਂ ਵਲੋਂ ਦਿੱਤੇ ਕਾਜ਼ ਦੀ ਪੂਰਤੀ ਲਈ ਪੂਰੀ ਵਫ਼ਾਦਾਰੀ ਨਾਲ ਲੱਗੇ ਹੋਏ ਹਨ।
ਭਾਜਪਾ ਨੇ ਸੱਚੀਂ ਜੇ ਤਿੰਨ ਤਲਾਕ ਦੀ ਪ੍ਰਥਾ ਬੰਦ ਕਰਨੀ ਹੁੰਦੀ ਤਾਂ ਮੁਸਲਿਮ ਪਰਸਨਲ ਲਾਅ, ਜੋ ਤਿੰਨ ਤਲਾਕ ਵਿਵਸਥਾ ਦਾ ਜਨਮਦਾਤਾ ਹੈ, ਨੂੰ ਬਦਲਣ ਦੀ ਗੱਲ ਕਰਦੀ ਨਾ ਕਿ ਇਕਸਾਰ ਸਿਵਲ ਕੋਡ ਲਾਗੂ ਕਰਨ ਦੀ। ਇਕ ਸਾਰ ਸਿਵਲ ਕੋਡ ਕੇਵਲ ਮੁਸਲਮਾਨਾਂ ਨੂੰ ਹੀ ਨਹੀਂ ਬਲਕਿ ਅੱਜ ਦੀ ਘੜੀ ਸਾਰੀਆਂ ਘੱਟ ਗਿਣਤੀਆਂ ਨੂੰ ਨਾਮੰਜ਼ੂਰ ਹੈ।  ਅਸਲ ਵਿਚ ਭਾਜਪਾ ਜੇ ਸੱਚਮੁੱਚ ਕੇਵਲ ਤਿੰਨ ਤਲਾਕ ਖਤਮ ਕਰਨ ਪ੍ਰਤੀ ਗੰਭੀਰ ਹੁੰਦੀ ਤਾਂ ਇਸ ਨਾਲ ਉਸਨੂੰ ਉਦਾਰ, ਅਗਾਂਹਵਧੂ ਸੋਚ ਦੇ ਮੁਸਲਮਾਨਾਂ ਦਾ ਵੀ ਸਮਰਥਨ ਮਿਲਣਾ ਸੀ। ਪਰ ਇਉਂ ਕਰਨ ਦਾ ਸਭ ਤੋਂ ਵੱਡਾ ਖਤਰਾ (ਭਾਜਪਾ ਲਈ) ਇਹ ਹੋਣਾ ਸੀ ਕਿ ਦੋਹਾਂ ਫਿਰਕਿਆਂ ਦਰਮਿਆਨ ਕਿਸੇ ਇਕ ਮੁੱਦੇ 'ਤੇ ਘੱਟ ਵੱਧ ਸਹਿਮਤੀ 'ਤੇ ਸਦਭਾਵਨਾ ਪੈਦਾ ਹੋ ਜਾਂਦੀ। ਪਰ ਇਹ ਸਦਭਾਵਨਾ ਹੀ ਤਾਂ ਭਾਜਪਾ ਅਤੇ ਇਸ ਦੇ ਸਾਜਿਸ਼ੀ ਮਾਰਗਦਰਸ਼ਕਾਂ ਦੀਆਂ ਅੱਖਾਂ 'ਚ ਚੁੱਭਦੀ ਹੈ। ਇਸ ਲਈ ਸਮੁੱਚੇ ਲੋਕਾਂ ਨੂੰ ਇਕੋ ਤਵੀਤ 'ਚ ਬੰਨ੍ਹਣ ਵਾਲਾ ਸ਼ੋਸ਼ਾ ਛੱਡ ਦਿੱਤਾ। ਅਸਲ 'ਚ ਇਕਸਾਰ ਸਿਵਲ ਕੋਡ, ਧਾਰਾ 370 ਦਾ ਖਾਤਮਾ ਆਦਿ ਮੁੱਦਿਆਂ ਦੇ ਪ੍ਰਚਾਰ ਨਾਲ ਲੰਮੇ ਸਮੇਂ ਤੋਂ ਕਾਇਮ ਫਿਰਕੂ ਤੁਫਰਕੇ ਨੂੰ ਹਵਾ ਮਿਲਦੀ ਹੈ ਜਿਸ ਨਾਲ ਫਿਰਕੂ ਧਰੁਵੀਕਰਨ ਵਧੇਗਾ ਅਤੇ ਅੱਗੋਂ ਪਿਛਾਖੜੀਆਂ ਦੇ ਏਜੰਡੇ ਨੂੰ ਅੱਗੇ ਵਧਾਉਣ 'ਚ ਸਹਾਈ ਹੋਵੇਗਾ। ਇਸੇ ਲਈ ਅਸੀਂ ਸ਼ੁਰੂ 'ਚ ਹਕੂਮਤ ਦੀ ਨੀਤ ਅਤੇ ਨੀਤੀ ਬਾਰੇ ਸਵਾਲ ਖੜਾ ਕੀਤਾ ਸੀ। ਬਹਰਹਾਲ ਅਸੀਂ ਫਿਰ ਇਹ ਕਹਿਣਾ ਚਾਹੁੰਦੇ ਹਾਂ ਕਿ ਤਿੰਨ ਤਲਾਕ ਵਾਲੀ ਜਾਲਮ ਪ੍ਰਥਾ ਹੀ ਨਹੀਂ ਬਲਕਿ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਕੁਪ੍ਰਥਾ ਵੀ ਹਰ ਹਾਲਤ ਬੰਦ ਹੋਣੀ ਚਾਹੀਦੀ ਹੈ ਪਰ ਜਮਹੂਰੀ, ਨਿਆਂਈ, ਧਰਮ ਨਿਰਪੱਖ, ਬਰਾਬਰਤਾ ਦੀ ਭਾਵਨਾ ਤੇ ਅਮਲਾਂ ਨਾਲ।
ਅਸੀਂ ਇਹ ਗੱਲ ਵਿਸ਼ੇਸ਼ ਤੌਰ 'ਤੇ ਜ਼ੋਰ ਦੇ ਕੇ ਕਹਿਣਾ ਚਾਹੁੰਦੇ ਹਾਂ ਕਿ ਜਮਹੂਰੀ ਧਰਮ ਨਿਰਪੱਖ ਸੰਗਰਾਮੀ ਲਹਿਰ ਵਲੋਂ ਸੁਝਾਏ ਸਭਨਾ ਮਿਹਨਤਕਸ਼ਾਂ ਦੇ ਸਾਂਝੇ ਸੰਘਰਸ਼ਾਂ ਤੋਂ ਬਿਨਾਂ ਔਰਤਾਂ (ਹਰ ਧਰਮ ਦੀਆਂ) ਨਾਲ ਹੁੰਦੇ ਅਨਿਆਂ ਦਾ ਕੋਈ ਹੱਲ ਨਹੀਂ! ਲੈਨਿਨ ਮਹਾਨ ਦੇ ਕਥਨ ਅਨੁਸਾਰ ''ਕੇਵਲ ਸਮਾਜਵਾਦੀ ਸਮਾਜ ਦੀ ਕਾਇਮੀ ਹੀ ਸਭਨਾਂ ਦੱਬੇ ਕੁਚਲੇ ਵਰਗਾਂ ਦੇ ਹੱਕਾਂ ਦੀ ਮੁਕੰਮਲ ਰਾਖੀ ਦੀ ਗਰੰਟੀ ਹੋ ਸਕਦੀ ਹੈ ਅਤੇ ਇਸ ਪ੍ਰਬੰਧ ਦੀ ਕਾਇਮੀ ਦਾ ਸਭ ਤੋਂ ਵੱਡਾ ਲਾਭ ਔਰਤਾਂ ਅਤੇ ਬੱਚਿਆਂ ਨੂੰ ਮਿਲਣਾ ਹੈ।''

''ਦੇਸ਼ ਆਗੇ ਬੜ੍ਹ ਰਹਾ ਹੈ।'' (ਸੰਗਰਾਮੀ ਲਹਿਰ-ਨਵੰਬਰ 2016)

ਦਿੱਲੀ ਦੇ ''ਵਿਕਾਸ ਪੁਰਸ਼'' ਮੋਦੀ ਅਤੇ ਪੰਜਾਬ ਦੇ ''ਮੰਡੇਲਾ'' ਬਾਦਲ ਦੀ ''ਗਤੀਸ਼ੀਲ'' ਅਗਵਾਈ ਵਿਚ ਦੇਸ਼ ਅਤੇ ਪੰਜਾਬ ਬਹੁਤ ਅੱਗੇ (?) ਵੱਧ ਰਹੇ ਹਨ। ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਇਕੱਤਰ ਟੈਕਸਾਂ ਦੀ ਭਾਰੀ ਰਕਮ ਖਰਚਦਿਆਂ ਅਤੇ ਅਨੇਕਾਂ ਕਿਸਾਨਾਂ ਨੂੰ ਵਾਹੀਯੋਗ ਜ਼ਮੀਨ ਤੋਂ ਬੇਦਖਲ ਕਰਦਿਆਂ 1969-70 'ਚ ਉਸਰਿਆ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ (ਮਿਲ ਰਹੀ ਕੁਸ਼ਗਨੀਆਂ ਖਬਰਾਂ ਅਨੁਸਾਰ ਲਹਿਰਾ ਮੁਹੱਬਤ ਅਤੇ ਰੋਪੜ ਵਾਲੇ ਵੀ) ਸੂਬਾ ਸਰਕਾਰ ਨੇ ਬੰਦ ਕਰਨ ਦੀ ਪੂਰੀ ਤਿਆਰੀ ਕਰ ਲਈ ਜਾਪਦੀ ਹੈ। ਇਸ ਥਰਮਲ ਦੇ ਬਣਨ ਨਾਲ ਸੂਬਾ (ੳ) ਬਿਜਲੀ ਉਤਪਾਦਨ ਅਤੇ ਖਪਤ ਦੇ ਮੁਕਾਬਲੇ 'ਚ ਸਵੈ ਨਿਰਭਰ ਬਣਿਆ (ਅ) ਹਜ਼ਾਰਾਂ ਨੂੰ ਇਸ ਥਰਮਲ 'ਚ ਸਿੱਧਾ ਅਤੇ ਲੱਖਾਂ ਨੂੰ ਅਸਿੱਧਾ ਰੋਜਗਾਰ ਮਿਲਿਆ (ੲ) ਇਨ੍ਹਾਂ ਰੋਜ਼ਗਾਰ ਪ੍ਰਾਪਤ ਕਰਤਾਵਾਂ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੀਤੇ ਖਰਚਿਆਂ ਰਾਹੀਂ ਖਾਸਕਰ ਪਛੜੇ ਬਠਿੰਡਾ ਸ਼ਹਿਰ ਅਤੇ ਆਮ ਤੌਰ 'ਤੇ ਸਾਰੇ ਜ਼ਿਲ੍ਹੇ ਦੇ ਕਾਰੋਬਾਰ 'ਚ ਢੇਰਾਂ ਵਾਧਾ ਕੀਤਾ (ਸ) ਸ਼ਹਿਰ ਅਤੇ ਇਲਾਕੇ ਦੇ ਆਪਮੁਹਾਰੇ ਵਿਕਾਸ ਨੂੰ ਅਣਕਿਆਸਿਆ ਹੁਲਾਰਾ ਮਿਲਿਆ ਅਤੇ (ਹ) ਸੈਂਕੜੇ ਸਹਾਇਕ ਉਦਯੋਗਾਂ ਦੀ ਸਥਾਪਨਾ ਹੋਈ। ਉਕਤ ਸਭ ਕੁਝ ਨੂੰ ਨਜ਼ਰਅੰਦਾਜ਼ ਕਰਕੇ ਥਰਮਲ ਬੰਦ ਕਰਨ ਦੇ ਕੋਝੇ ਯਤਨਾਂ ਨਾਲ ਉਪਰੋਕਤ ਸਾਰਾ ਉਸਾਰ ਤਾਸ਼ ਦੇ ਪੱਤਿਆਂ ਵਾਂਗੂੰ ਢਹਿ ਜਾਵੇਗਾ। ਇਸ ਦਾ ਅਸਰ ਨਿਰਭਰ ਪਰਵਾਰਾਂ ਦੀ ਸਮਾਜਕ ਆਰਥਕ ਹਾਲਤ 'ਤੇ ਭਿਅੰਕਰ ਨਾਂਹ ਪੱਖੀ ਪਵੇਗਾ। ਕਾਰੋਬਾਰਾਂ 'ਤੇ ਮਾਰ ਪਵੇਗੀ। ਸਹਾਇਕ ਉਦਯੋਗ ਬੇਲੋੜੇ ਹੋ ਜਾਣਗੇ ਅਤੇ ਬਿਜਲੀ ਪੈਦਾਵਾਰ 'ਤੇ ਖਪਤ ਦੀ ਪਰਾਨਿਰਭਰਤਾ ਦੀ ਮਾਰੂ ਹਾਲਤ ਫਿਰ ਬਣ ਜਾਵੇਗੀ।
ਜਿਸ ਖਰਚੇ (ਪ੍ਰਤੀ ਯੂਨਿਟ) 'ਤੇ ਥਰਮਲ ਬਿਜਲੀ ਤਿਆਰ ਕਰਦੇ ਹਨ ਉਸ ਤੋਂ ਕਿਤੇ ਉਚੀਆਂ ਦਰਾਂ 'ਤੇ ਨਿੱਜੀ ਘਰਾਣਿਆਂ ਤੋਂ ਬਿਜਲੀ ਖਰੀਦੀ ਜਾ ਰਹੀ ਹੈ ਅਤੇ ਅੱਗੋਂ ਤੋਂ ਵੀ ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰਕੇ ਨਿੱਜੀ ਬਿਜਲੀ ਪਲਾਟਾਂ 'ਤੇ ਸੂਬੇ ਨੂੰ ਨਿਰਭਰ ਬਨਾਉਣ ਦੀ ਇਹ ਸਾਜਿਸ਼ ਹੈ। ਇਹ ਸੰਸਾਰੀਕਰਣ, ਉਦਾਰੀਕਰਨ, ਨਿੱਜੀਕਰਨ ਦੀਆਂ ਮਾਰੂ ਨੀਤੀਆਂ ਦਾ ਭਾਗ ਤਾਂ ਹੈ ਹੀ। ਇਸ ਤੋਂ ਵੀ ਉਤੇ ਸਿਆਸੀ ਪ੍ਰਭੂਆਂ ਅਤੇ ਉਚ ਅਫਸਰਸ਼ਾਹਾਂ ਦਾ ਕਮਿਸ਼ਨਾਂ-ਹਿੱਸੇਦਾਰੀਆਂ ਦਾ ਵੀ ਇਹ ਤਬਾਹਕੁੰਨ ਗੋਰਖਧੰਦਾ ਹੈ।
ਇਸ ਥਰਮਲ ਦੀ ਹਜ਼ਾਰਾਂ ਏਕੜ ਜ਼ਮੀਨ ਅਤੇ ਹੋਰ ਅੱਸਾਸੇ ਹਨ। ਸੈਂਕੜੇ ਏਕੜ 'ਚ ਬਣੀ ਅਤੀ ਖੂਬਸੂਰਤ ਸਾਰਾ ਬੁਨਿਆਦੀ ਢਾਂਚਾ ਸਮੋਈ ਬੈਠੀ ਰਿਹਾਇਸ਼ੀ ਕਲੋਨੀ ਹੈ। ਨਿੱਜੀਕਰਨ ਦੀ ਨੀਤੀ ਦੀ ਭੱਦੀ ਨਿਸ਼ਾਨੀ ਬਣ ਚੁਕਿਆ ਇਕ ਖਦਸ਼ਾ ਇਹ ਵੀ ਹੈ ਕਿ ਇਹ ਸੱਭੇ ''ਮਾਲ ਅਸਬਾਬ'' ਅਜੋਕੇ ਗਜ਼ਨੀਆਂ (ਸਿਆਸੀ ਪ੍ਰਭੂਆਂ) ਵਲੋਂ ਲੁੱਟ ਲਿਆ ਜਾਵੇਗਾ। ਭਾਵ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇਕ ਹੋਰ ਦੁਖਦਾਈ ਤੱਥ ਇਹ ਵੀ ਹੈ ਕਿ ਹਾਲ ਹੀ ਵਿਚ ਪੌਣੇ ਤਿੰਨ ਸੌ ਕਰੋੜ ਦੇ ਲਗਭਗ ਖਰਚਾ ਕਰਕੇ ਇਸ ਥਰਮਲ ਪਲਾਂਟ ਦਾ ਆਧੁਨਿਕੀਕਰਨ ਕੀਤਾ ਗਿਆ ਹੈ ਅਤੇ ਮਾਹਿਰਾਂ ਅਨੁਸਾਰ ਇਸ ਦੀ ਮਿਆਦ 2021-22 ਤੱਕ ਵਧਾਈ ਜਾ ਚੁੱਕੀ ਹੈ। ਇਹ ਪੈਸਾ ਤਾਂ ਫਿਰ ਜੇ ਥਰਮਲ ਬੰਦ ਹੋਇਆ ਤਾਂ ਬਰਬਾਦ ਹੀ ਗਿਆ ਨਾ। ਕੈਸਾ ਤੁਗਲਕੀ ਢੰਗ ਹੈ ਅਦਾਰਿਆਂ ਨੂੰ ਚਲਾਉਣ ਦਾ?
ਇਸ ਖਿਲਾਫ ਥਰਮਲ ਕਾਮੇ ਲੜ ਰਹੇ ਹਨ। ਜਮਹੂਰੀ ਜਨਤਕ ਜਥੇਬੰਦੀਆਂ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਖੱਬੀਆਂ ਪਾਰਟੀਆਂ ਨੇ ਇਸ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਰ ਸਾਡੇ ਜਾਚੇ ਸਮੂਹ ਪੰਜਾਬੀਆਂ ਨੂੰ ਹੁਣ ਸਾਮਰਾਜ ਪ੍ਰਸਤ ਵਿਕਾਸ ਮਾਡਲ (ਅਸਲ 'ਚ ਤਬਾਹੀ ਪ੍ਰੋਗਰਾਮ) ਦੇ ਛਲਾਵੇ 'ਚੋਂ ਬਾਹਰ ਨਿਕਲਦਿਆਂ ਇਸ ਸੰਘਰਸ਼ ਨੂੰ ਆਪਣਾ ਸੰਗਰਾਮ ਬਣਾ ਲੈਣਾ ਚਾਹੀਦਾ ਹੈ।

ਜੰਗ ਦੀ ਥਾਂ ਲੋਕ ਮਸਲਿਆਂ ਵੱਲ ਧਿਆਨ ਦੇਣ ਭਾਰਤ-ਪਾਕਿ

ਮੱਖਣ ਕੁਹਾੜ 
ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਇਮ ਹੈ। ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਸਹਿਮ ਛਾਇਆ ਹੋਇਆ ਹੈ। ਟੀ.ਵੀ. ਚੈਨਲਾਂ (ਬਿਜਲਈ ਮੀਡੀਆ) ਨੇ ਜੰਗ ਦਾ ਮਾਹੌਲ ਬਣਾ ਦਿਤਾ ਹੈ। 18 ਸਤੰਬਰ, 2016 ਨੂੰ ਪਾਕਿਸਤਾਨ ਵਲੋਂ ਆਏ ਚਾਰ ਅਤਿਵਾਦੀਆਂ ਵਲੋਂ ਉੜੀ ਵਿਖੇ ਸਥਿਤ ਮਿਲਟਰੀ ਕੈਂਪ ਉਤੇ ਕੀਤੇ ਹਮਲੇ ਵਿਚ 18 ਭਾਰਤੀ ਫ਼ੌਜੀ ਸ਼ਹੀਦ ਹੋਣ ਤੋਂ ਬਾਅਦ ਬਦਲੇ ਵਜੋਂ ਭਾਰਤ ਦੀ ਫ਼ੌਜ ਨੇ ਸਰਜੀਕਲ ਸਟਰਾਈਕ ਕਰ ਕੇ ਭਾਰਤ-ਪਾਕਿ ਸਰਹੱਦ ਨਾਲ ਪਾਕਿਸਤਾਨ ਵਾਲੇ ਪਾਸੇ ਅਤਿਵਾਦ ਦੀ ਸਿਖਲਾਈ ਲੈ ਰਹੇ ਕੈਂਪਾਂ ਉੱਪਰ ਗੁਪਤ ਕਾਰਵਾਈ ਕਰਦਿਆਂ 6-7 ਕੈਂਪਾਂ ਉਤੇ ਹਮਲਾ ਕਰ ਕੇ 40 ਦੇ ਕਰੀਬ ਅਤਿਵਾਦੀ ਮਾਰਨ ਦੇ ਦਾਅਵੇ ਕੀਤੇ ਹਨ। ਖ਼ਤਰਾ ਹੈ ਕਿ ਹੁਣ ਪਾਕਿਸਤਾਨ ਵੀ ਬਦਲੇ ਦੀ ਕਾਰਵਾਈ ਕਰੇਗਾ। ਉਂਝ ਪਾਕਿਸਤਾਨ ਨੇ ਕਹਿ ਦਿਤਾ ਹੈ ਕਿ ਕੁੱਝ ਹੋਇਆ ਹੀ ਨਹੀਂ। ਭਾਰਤ ਦੀ ਮੋਦੀ ਸਰਕਾਰ ਇਸ ਨੂੰ ਅਪਣੀ ਬਹੁਤ ਵੱਡੀ ਜਿੱਤ ਵਜੋਂ ਪੇਸ਼ ਕਰ ਰਹੀ ਹੈ ਅਤੇ ਵੱਡੇ ਪੱਧਰ 'ਤੇ ਸਵੈ ਪ੍ਰਸ਼ੰਸਾਪੂਰਨ ਪ੍ਰਚਾਰ ਕਰ ਰਹੀ ਹੈ। ਬੀ.ਜੇ.ਪੀ. ਕਾਰਕੁਨਾਂ ਵਲੋਂ ਥਾਂ-ਥਾਂ ਲੱਡੂ ਵੰਡੇ ਜਾ ਰਹੇ ਹਨ, ਪਟਾਕੇ ਚਲਾਏ ਜਾ ਰਹੇ ਹਨ, ਪੋਸਟਰ ਲਾਏ ਜਾ ਰਹੇ ਹਨ। ਭਾਵੇਂ ਸਰਜੀਕਲ ਸਟਰਾਈਕ ਦੇ ਐਕਸ਼ਨ ਪਹਿਲਾਂ ਵੀ ਹੋਏ ਹਨ ਪਰ ਇਸ ਕਿਸਮ ਦਾ ਰਾਜਸੀ ਲਾਭਾਂ ਲਈ ਇੰਨੇ ਵੱਡੇ ਪੱਧਰ ਉਤੇ ਪ੍ਰਚਾਰ ਪਹਿਲੀ ਵਾਰ ਦੇਖਣ 'ਚ ਆਇਆ ਹੈ। ਭਾਰਤ ਵਾਲੇ ਪਾਸਿਉਂ ਪਾਕਿਸਤਾਨ ਉਪਰ ਕੋਈ ਹਮਲਾ ਨਹੀਂ ਸੀ ਕੀਤਾ ਗਿਆ ਪਰ ਹੁਣ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣ ਗਿਆ ਹੈ? ਕੁੱਝ ਟੀ.ਵੀ. ਚੈਨਲ ਤਾਂ ਪਾਕਿਸਤਾਨ ਨੂੰ ਚੂਹੇ ਦੀ ਖੁੱਡ 'ਚ ਵੜ ਗਿਆ ਹੈ ਕਹਿ ਕੇ ਚਿੜਾ ਰਹੇ ਹਨ। ਖ਼ੁਦ ਵਿਦੇਸ਼ ਮੰਤਰੀ ਮਨੋਹਰ ਪਰੀਕਰ ਜੀ ਕਹਿ ਰਹੇ ਹਨ ਕਿ 'ਪਾਕਿਸਤਾਨ ਦੀ ਹਾਲਤ ਆਪਰੇਸ਼ਨ ਤੋਂ ਬਾਅਦ ਮਰੀਜ਼ ਦੇ ਬੇਹੋਸ਼ ਹੋ ਜਾਣ ਵਰਗੀ ਹੈ।' ਕਈ ਚੈਨਲਾਂ ਨੇ ਪਾਕਿਸਤਾਨ ਤੋਂ ਆਏ ਕਲਾਕਾਰਾਂ ਨੂੰ ਜਬਰੀ ਵਾਪਸ ਭੇਜਣ ਦੀ ਪ੍ਰੋੜਤਾ ਕੀਤੀ ਹੈ ਅਤੇ, ਉਨ੍ਹਾਂ ਉਪਰ ਭਾਰਤ ਵਿਰੋਧੀ ਹੋਣ ਦੇ ਬਿਨਾਂ ਵਜ੍ਹਾ ਹੀ ਇਲਜ਼ਾਮ ਲਾਏ ਜਾ ਰਹੇ ਹਨ। ਸਲਮਾਨ ਖ਼ਾਨ ਵਰਗਾ ਕਲਾਕਾਰ ਜੇ ਕਲਾਕਾਰਾਂ ਦੇ ਹੱਕ 'ਚ ਬੋਲਿਆ ਤਾਂ ਉਸ ਉਪਰ ਵੀ ਦੇਸ਼ ਧ੍ਰੋਹੀ ਹੋਣ ਦੇ ਫ਼ਤਵੇ ਜਾਰੀ ਕੀਤੇ ਜਾ ਰਹੇ ਹਨ। ਇਕ ਪਾਸੇ 'ਆਪਰੇਸ਼ਨ' 'ਤੇ ਸ਼ੰਕੇ ਖੜੇ ਹੋ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਨੂੰ ਅੱਗੋਂ ਕਾਰਵਾਈ ਕਰਨ, ਯੁੱਧ ਕਰਨ ਲਈ ਲਲਕਾਰਿਆ ਜਾ ਰਿਹਾ ਹੈ। ਸੋਚਣਾ ਬਣਦਾ ਹੈ ਕਿ ਕੀ ਜੇ ਹਿੰਦ-ਪਾਕਿ ਜੰਗ ਛਿੜਦੀ ਹੈ ਤਾਂ ਦੋਹਾਂ ਦੇਸ਼ਾਂ ਦੇ ਮਸਲੇ ਹੱਲ ਹੋ ਜਾਣਗੇ?
ਜੰਗ ਲੋਕਾਂ ਦਾ ਕੋਈ ਮਸਲਾ ਹੱਲ ਨਹੀਂ ਕਰਦੀ। ਜੰਗ ਦੀ ਭੱਠੀ 'ਚ ਝੁਲਸੇ ਲੋਕ ਪੀੜ੍ਹੀ ਦਰ ਪੀੜ੍ਹੀ ਦੁੱਖ-ਪੀੜ ਦੇ ਸ਼ਿਕਾਰ ਰਹਿੰਦੇ ਹਨ। ਜੰਗਾਂ ਵਿਚ ਉਹ ਲੋਕ ਮਰਦੇ ਹਨ ਜਿਨ੍ਹਾਂ ਦਾ ਜੰਗ ਨਾਲ ਕੋਈ ਸਬੰਧ ਨਹੀਂ ਹੁੰਦਾ। ਜੰਗ ਦੇ ਮੈਦਾਨ ਵਿਚ ਚਾਹੇ ਕੋਈ ਫ਼ੌਜੀ ਮਰਦਾ ਹੈ ਚਾਹੇ ਆਮ ਨਾਗਰਿਕ ਉਸ ਦੀ ਮੌਤ ਨਾਲ ਪ੍ਰਵਾਰ ਨੂੰ ਜੋ ਦੁੱਖ ਪੁਜਦਾ ਹੈ ਉਸ ਦਾ ਅੰਦਾਜ਼ਾ ਦੂਸਰੇ ਲੋਕਾਂ ਲਈ ਲਾਉਣਾ ਔਖਾ ਹੈ। ਜੰਗ ਹਾਕਮ ਲਾਉਂਦੇ ਹਨ ਤੇ ਮਰਦੇ ਆਮ ਲੋਕ ਹਨ। ਅੱਗ ਹਾਕਮ ਲਾਉਂਦੇ ਹਨ ਲੋਕ ਝੁਲਸਦੇ ਹਨ। ਫ਼ੌਜੀ ਵੀ ਲੋਕਾਂ ਦੇ ਹੀ ਜਾਏ ਹੁੰਦੇ ਹਨ ਭਾਵੇਂ ਕਿ ਉਹ ਆਪੋ-ਆਪਣੇ ਦੇਸ਼ ਦੇ ਸ਼ਹੀਦ ਅਖਵਾਉਂਦੇ ਹਨ। ਲੋਕ ਹਮੇਸ਼ਾ ਅਮਨ ਲੋਚਦੇ ਹਨ। ਪਰ ਹਕੂਮਤਾਂ ਜੰਗ ਛੇੜਦੀਆਂ ਹਨ।
ਅਤੀਤ ਵਾਂਗ ਹੁਣ ਜੰਗਾਂ ਕੇਵਲ ਦੂਜੇ ਦੇਸ਼ ਦੇ ਇਲਾਕੇ ਮੱਲਣ ਦੇ ਮਕਸਦ ਨਾਲ ਨਹੀਂ ਹੁੰਦੀਆਂ, ਤੇਲ ਤੇ ਹੋਰ ਕੁਦਰਤੀ ਖ਼ਜ਼ਾਨੇ ਲੁੱਟਣ ਲਈ ਹੁੰਦੀਆਂ ਹਨ। ਹੁਣ ਸੰਸਾਰ ਗੁੱਟਾਂ ਵਿਚ ਵੰਡਿਆ ਹੋਇਆ ਹੈ। ਇਕ ਦੇਸ਼ ਦੀ ਮਦਦ ਲਈ ਦੂਜੇ ਵੱਡੇ ਸਾਮਰਾਜੀ ਮੁਲਕ ਅਪਣੇ ਕਾਰੋਬਾਰੀ ਹਿੱਤ ਲਈ ਆ ਜਾਂਦੇ ਹਨ ਤੇ ਸੰਸਾਰ ਜੰਗ ਦਾ ਖ਼ਤਰਾ ਬਣ ਜਾਂਦਾ ਹੈ। ਸੰਸਾਰ ਵਿਚ ਆਇਆ ਹੋਇਆ ਆਰਥਕ ਸੰਕਟ ਅਮੀਰ ਸਾਮਰਾਜੀ ਮੁਲਕਾਂ ਨੂੰ ਜੰਗ ਕਰ ਰਹੇ ਮੁਲਕਾਂ 'ਚੋਂ ਇਕ ਦੀ ਮਦਦ ਕਰ ਕੇ ਅਪਣਾ ਉੱਲੂ ਸਿੱਧਾ ਕਰਨ ਲਈ ਮਦਦਗਾਰ ਸਾਬਤ ਹੁੰਦਾ ਹੈ। ਇਸ ਤਰ੍ਹਾਂ ਦੋ ਮੁਲਕਾਂ ਦੀ ਜੰਗ ਹੁਣ ਸਿਰਫ਼ ਦੋ ਮੁਲਕਾਂ ਤਕ ਸੀਮਤ ਨਹੀਂ ਰਹਿੰਦੀ। ਪਹਿਲੀਆਂ ਦੋਹਾਂ ਸੰਸਾਰ ਜੰਗਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਸਾਡੇ ਇਸ ਤੱਥ ਦੀ ਪੁਸ਼ਟੀ ਕਰਦੀ ਹੈ।
ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਸੰਸਾਰ ਵਿਚ ਸਮਾਜਵਾਦੀ ਪਲੜਾ ਕਮਜ਼ੋਰ ਪੈ ਗਿਆ ਹੈ ਤੇ ਸੰਸਾਰ ਹੁਣ ਇਕ ਧਰੁਵੀ ਬਣ ਗਿਆ ਹੈ। ਇਸ ਦੀ ਨੁਮਾਇੰਦਗੀ ਅਮਰੀਕਾ ਕਰਦਾ ਹੈ। ਹੋਰ ਸਾਮਰਾਜੀ ਮੁਲਕ ਉਸ ਦੇ ਨਾਲ ਖਲੋਂਦੇ ਹਨ। ਜਿਸ ਦੇਸ਼ ਨੂੰ ਚਾਹੁਣ ਉਸ ਦਾ ਮਲੀਆਮੇਟ ਕਰ ਕੇ ਪੁਨਰਉਸਾਰੀ ਦੇ ਨਾਂ ਹੇਠ ਉਸ ਨੂੰ ਆਰਥਕ ਤੇ ਜੰਗੀ ਤਬਾਹੀ ਨਾਲ ਤੋੜ ਕੇ ਅਪਣੀ ਪੱਕੀ ਮੰਡੀ ਬਣਾ ਲੈਂਦੇ ਹਨ। ਇਰਾਕ, ਅਫ਼ਗਾਨਿਸਤਾਨ ਦੀਆਂ ਤਾਜ਼ਾ ਉਦਾਹਰਨਾਂ ਸਾਡੇ ਸਾਹਮਣੇ ਹਨ। ਸੰਸਾਰ 'ਚ ਇਸ ਵੇਲੇ ਤੀਸਰੀ ਸੰਸਾਰ ਜੰਗ ਦੇ ਆਸਾਰ ਬਣ ਰਹੇ ਹਨ। ਲੜ ਰਹੇ ਦੇਸ਼ ਜੰਗੀ ਸਾਮਾਨ ਖ਼ਰੀਦਣ ਲਈ ਉਸ ਮਦਦਗਾਰ ਮੁਲਕ ਦੀ ਮੰਡੀ ਬਣਦੇ ਹਨ ਅਤੇ ਉਥੇ ਇੱਕ-ਦੂਜੇ ਦੀ ਸਿੱਧੀ ਮਦਦ ਵੀ ਕਰਦੇ ਹਨ। ਸੰਸਾਰ ਦੇ ਕਿਸੇ ਵੀ ਖਿੱਤੇ ਦੇ ਦੋ ਦੇਸ਼ਾਂ ਵਿਚ ਲੱਗੀ ਜੰਗ ਕਿਸੇ ਨਾ ਕਿਸੇ ਤਰ੍ਹਾਂ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਪ੍ਰਭਾਵਤ ਕਰਦੀ ਹੈ। ਪੈਟਰੋਲ, ਡੀਜ਼ਲ ਆਦਿ ਇਕਦਮ ਮਹਿੰਗਾ ਹੋ ਜਾਂਦਾ ਹੈ। ਬਰਾਮਦਾਂ ਵੀ ਅਸਰਅੰਦਾਜ਼ ਹੁੰਦੀਆਂ ਹਨ ਤੇ ਦਰਾਮਦਾਂ ਵੀ। ਤਸਕਰਾਂ, ਚੋਰਾਂ, ਠੱਗਾਂ, ਕਾਲਾਬਾਜਾਰੀਆਂ, ਹਥਿਆਰ ਕਾਰੋਬਾਰੀਆਂ ਦੀ ਚਾਂਦੀ ਹੋ ਜਾਂਦੀ ਹੈ।
ਸਰਜੀਕਲ ਸਟਰਾਈਕ ਤੋਂ ਬਾਅਦ ਇਉਂ ਜਾਪਦਾ ਹੈ ਕਿ ਸੱਟ ਖਾਧੇ ਸੱਪ ਵਾਂਗ ਵਿਸ ਘੋਲਦਾ ਪਾਕਿਸਤਾਨ ਬਦਲਾ ਲੈਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਭਾਵੇਂ ਦੋਹੀਂ ਪਾਸੀਂ ਦਸ ਕਿਲੋਮੀਟਰ ਵਿਚ ਕੋਈ ਫ਼ੌਜ ਨਹੀਂ, ਕੋਈ ਫ਼ੌਜੀ ਸਰਗਰਮੀ ਨਹੀਂ ਕੋਈ ਪਰ ਫਿਰ ਵੀ 'ਹਮਲੇ ਦੇ ਮਨੋ ਕਲਪਿਤ ਖ਼ਤਰੇ' ਕਾਰਨ ਭਾਰਤੀ ਪੰਜਾਬ ਦੇ 10 ਕਿਲੋਮੀਟਰ ਖੇਤਰ ਤਕ ਪਿੰਡਾਂ 'ਚੋਂ ਲੋਕ ਉਠਾਅ ਦਿਤੇ ਗਏ। ਉਂਜ ਅਜਿਹਾ ਰਾਜਸਥਾਨ ਜਾਂ ਗੁਜਰਾਤ 'ਚ ਨਹੀਂ ਕੀਤਾ ਗਿਆ।
ਜੋ ਲੋਕ ਪਿੰਡ ਛੱਡ ਕੇ ਕੈਂਪਾਂ 'ਚ ਪੁੱਜੇ ਹਨ ਉਨ੍ਹਾਂ ਦੀ ਹਾਲਤ ਪੁੱਛਿਆਂ ਹੀ ਜਾਣੀਏ। ਕੈਂਪਾਂ ਵਿਚ ਕਿੰਨੀ ਵੀ ਸਹੂਲਤ ਦਾ ਦਾਅਵਾ ਕਿਉਂ ਨਾ ਕੀਤਾ ਜਾਵੇ। ਘਰ ਵਰਗੀ ਹਾਲਤ ਤਾਂ ਕਿਤੇ ਵੀ ਸੰਭਵ ਨਹੀਂ ਹੁੰਦੀ। ਜੋ ਪੰਜਾਬ ਦੇ ਅਤਿਵਾਦ ਦੇ ਦੌਰ 'ਚ ਘਰ ਛੱਡ ਕੇ ਹੋਰ ਕਿਧਰੇ ਚਲੇ ਜਾਣ ਲਈ ਮਜਬੂਰ ਹੋਏ ਸਨ ਉਨ੍ਹਾਂ ਨੂੰ ਪਤਾ ਹੈ ਪਿੰਡ ਛੱਡਣ ਦੇ ਅਰਥ ਕੀ ਹੁੰਦੇ ਹਨ। ਸਰਹੱਦੀ ਖੇਤਰ ਦੇ ਲੋਕ ਤਾਂ ਪਹਿਲਾਂ ਹੀ ਅਤਿ ਦੀ ਗ਼ਰੀਬੀ ਵਿਚ ਜੀਵਨ ਬਸਰ ਕਰਦੇ ਆ ਰਹੇ ਹਨ ਉਪਰੋਂ ਨਵੀਂ ਬਿਪਤਾ ਆਣ ਪਈ ਹੈ।
ਜਦ ਤੋਂ ਦੇਸ਼ ਆਜ਼ਾਦ ਹੋਇਆ ਹੈ ਤੇ ਭਾਰਤ ਦੀ ਵੰਡ ਦੇ ਸਿੱਟੇ ਵਜੋਂ, ਪਾਕਿਸਤਾਨ ਬਣਿਆ ਹੈ, ਦੇਸ਼ ਵਾਸੀਆਂ, ਖ਼ਾਸ ਕਰ ਕੇ ਪੰਜਾਬੀਆਂ ਨੂੰ ਬਹੁਤ ਕਸ਼ਟ ਝੱਲਣੇ ਪਏ ਹਨ। ਲੱਖਾਂ ਲੋਕਾਂ ਦੀ ਕੁਰਬਾਨੀ ਸ਼ਾਇਦ ਕਿਸੇ ਵੱਡੀ ਜੰਗ ਨੇ ਵੀ ਨਾ ਲਈ ਹੋਵੇ ਜਿਵੇਂ ਪੰਜਾਬ ਦੀ ਵੰਡ ਵੇਲੇ ਪੰਜਾਬ ਵਿਚ ਵਾਪਰੀ। ਵੰਡ ਵੇਲੇ ਦੀ ਜੰਗ ਦੀ ਅੱਗ ਭਾਂਬੜ ਬਣ ਕੇ ਘਰ-ਘਰ, ਪਿੰਡ-ਪਿੰਡ, ਬੰਦੇ-ਬੰਦੇ ਤਕ ਪੁੱਜ ਗਈ ਸੀ। ਔਰਤਾਂ ਨਾਲ ਕੀ-ਕੀ ਬੀਤੀ ਸੁਣ ਕੇ ਲੂੰ-ਕੰਡੇ ਖੜੇ ਹੁੰਦੇ ਹਨ। ਐਨਾ ਕਹਿਰ। ਐਨੀ ਦਰਿੰਦਗੀ। ਪਰ ਭਾਰਤ ਵਾਸੀਆਂ ਨੂੰ 1948 'ਚ ਫੇਰ ਕਸ਼ਮੀਰ ਮਸਲੇ 'ਚ ਜੰਗ ਦਾ ਸਾਹਮਣਾ ਕਰਨਾ ਪਿਆ। ਪੰਜਾਬ 'ਚ ਇਸ ਦਾ ਵੀ ਸੇਕ ਪੁੱਜਾ। ਵੰਡ ਤੋਂ ਬਾਅਦ 1965 ਦੀ ਤੀਜੀ ਜੰਗ ਦਾ ਪੰਜਾਬੀਆਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਜੰਗ ਦੇ ਜ਼ਖ਼ਮ ਵੀ ਝੱਲੇ। ਪੰਜਾਬ ਜੰਗ ਦਾ ਅਖਾੜਾ ਇਕ ਵਾਰ ਫੇਰ 1971 'ਚ ਬਣਿਆ। ਪੰਜਾਬੀਆਂ ਨੂੰ ਬਾਕੀ ਭਾਰਤ ਵਾਸੀਆਂ ਤੋਂ ਵਧ ਕੇ ਇਹ ਸਾਰੀ ਅੱਗ ਨੰਗੇ ਪਿੰਡੇ ਝੱਲਣੀ ਪਈ। ਕਾਰਗਿਲ ਦੀ 1999 ਦੀ ਜੰਗ ਦਾ ਸੇਕ ਵੀ ਲੋਕਾਂ ਨੇ ਝੱਲਿਆ।
ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਦੀ ਵੰਡ ਨਾਲ ਅਤੇ 1947, 1948, 1965, 1971, 1999 ਦੀਆਂ ਭਾਰਤ-ਪਾਕਿ ਜੰਗਾਂ ਨਾਲ ਕੀ ਮਸਲਾ ਹੱਲ ਹੋਇਆ ਹੈ? ਹਾਂ ਇਨ੍ਹਾਂ ਜੰਗਾਂ ਦਾ ਲਾਹਾ ਲੈ ਕੇ ਹਾਕਮਾਂ ਨੇ ਆਪਣੇ ਸਿਰ ਜਿੱਤ ਦਾ ਸਿਹਰਾ ਸਿਰ ਬੰਨ੍ਹ ਕੇ ਚੋਣਾਂ ਵੱਡੇ ਫ਼ਰਕ ਨਾਲ ਜਿੱਤੀਆਂ। ਸਾਮਰਾਜੀ ਮੁਲਕਾਂ ਨੇ ਹਥਿਆਰ ਵੇਚ ਕੇ ਭਾਰੀ ਮੁਨਾਫ਼ੇ ਤੇ ਦੌਲਤ ਹੜੱਪੀ। ਪਰੰਤੂ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਹਨ। ਗ਼ਰੀਬੀ ਪਹਿਲਾਂ ਨਾਲੋਂ ਹੋਰ ਵਧੀ ਹੈ। ਭਾਰਤ ਵਾਲੇ ਪਾਸੇ ਵੀ ਪਾਕਿਸਤਾਨ ਵਾਲੇ ਪਾਸੇ ਵੀ। ਦੋਵੇਂ ਪਾਸੇ ਅਮੀਰ ਹੋਰ ਅਮੀਰ ਹੋਇਆ ਹੈ। ਬੇਰੁਜ਼ਗਾਰੀ ਦੋਵੇਂ ਪਾਸੇ ਵਧੀ ਹੈ। ਮਹਿੰਗਾਈ ਵਧੀ ਹੈ। ਵਿਅਕਤੀਗਤ ਸੁਰੱਖਿਆ ਘਟੀ ਹੈ। ਵੱਡੇ ਲੋਕਾਂ ਦੀਆਂ ਮਨਮਾਨੀਆਂ ਤੇ ਜਬਰ ਜ਼ਿਆਦਤੀਆਂ ਵਧੀਆਂ ਹਨ। ਦੋਹਾਂ ਮੁਲਕਾਂ ਵਿਚ ਅਨਪੜ੍ਹਤਾ, ਅੰਧ ਵਿਸ਼ਵਾਸ, ਜਿਉਂ ਦਾ ਤਿਉਂ ਹੈ। ਲੋਕਾਂ ਦੇ ਕੁੱਲੀ-ਗੁੱਲੀ-ਜੁੱਲੀ ਦੇ ਬੁਨਿਆਦੀ ਮਸਲੇ ਦੋਹੀਂ ਪਾਸੀਂ ਹੱਲ ਨਹੀਂ ਹੋਏ। ਲੋਕ ਵਿਰੋਧੀ ਰਾਜ ਸੱਤਾ ਦੋਵੇਂ ਪਾਸੇ ਭਾਰੂ ਹੈ ਅਤੇ ਔਰਤਾਂ ਦੀ ਜ਼ਿੰਦਗੀ ਗ਼ੁਲਾਮਾਂ ਵਰਗੀ ਹੈ। ਦੋਹਾਂ ਦੇਸ਼ਾਂ ਦੇ ਹਾਕਮ ਆਪਣੀਆਂ ਇਸ ਪਖੋਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਲੋਕਾਂ ਨੂੰ ਜੰਗ ਦੀ ਭੱਠੀ ਵਿਚ ਝੋਕਦੇ ਆਏ ਹਨ।
ਅਤਿਵਾਦ ਵੀ ਇੱਕ ਤਰ੍ਹਾਂ ਨਾਲ ਗੁਰਬਤ 'ਚੋਂ ਆਪਣੇ ਰੰਗਰੂਟ ਲੈਂਦਾ ਹੈ। ਗੁਰਬਤ ਮਾਰੇ ਲੋਕ ਅਪਣੀ ਮੰਦੀ ਹਾਲਤ ਨੂੰ ਸੁਧਾਰਨ ਲਈ ਕੋਈ ਵੀ ਚਾਰਾ ਨਾ ਚਲਦਾ ਵੇਖ ਕੇ ਵਰਗਲਾਏ ਜਾਂਦੇ ਹਨ। ਬੰਦੂਕ ਵੱਲ ਖਿੱਚੇ ਜਾਂਦੇ ਹਨ। ਅਤਿਵਾਦੀ ਸਰਗਨਿਆਂ ਦੇ ਝੂਠੇ ਸੁਪਨਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਧਾਰਮਕ ਕੱਟੜਤਾ ਇਸ ਵਿਚ ਬਲਦੀ 'ਤੇ ਤੇਲ ਦਾ ਕੰਮ ਕਰਦੀ ਹੈ।
ਦੇਸ਼ ਅੰਦਰ ਪਨਪਦੀਆਂ ਹਰ ਕਿਸਮ ਦੀਆਂ ਵੱਖਵਾਦੀ ਲਹਿਰਾਂ ਅਤੇ ਅਰਾਜਕ ਵਰਤਾਰਿਆਂ ਕਾਰਨ ਬੇਰੁਜ਼ਗਾਰੀ, ਗ਼ਰੀਬੀ ਪੈਰ-ਪੈਰ 'ਤੇ ਧੱਕਾ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਹੱਲ ਨਾ ਹੋਣਾ ਹੀ ਹੈ। ਉਪਰੋਕਤ ਸਾਰੇ ਮਸਲੇ ਸਰਮਾਏਦਾਰੀ ਪ੍ਰਬੰਧ ਦੇ ਲਾਜ਼ਮੀ ਲੱਛਣ ਹਨ। ਦੋਹਾਂ ਹੀ ਮੁਲਕਾਂ ਵਿਚ ਸਰਮਾਏਦਾਰੀ-ਜਾਗੀਰਦਾਰੀ ਪ੍ਰਬੰਧ ਹੈ। ਇਸ ਗੱਲ ਦਾ ਕੀ ਜਵਾਬ ਹੈ ਕਿ ਪਾਕਿਸਤਾਨ ਦੇ ਆਗੂਆਂ ਨੇ ਜੋ ਧਰਮ ਆਧਾਰਤ ਮੁਲਕ ਬਣਾਇਆ ਸੀ ਉਸ ਨਾਲ ਪਾਕਿਸਤਾਨੀ ਲੋਕਾਂ ਦੇ ਮਸਲੇ ਹੱਲ ਕਿਉਂ ਨਹੀਂ ਹੋਏ?
ਦੋਹੀਂ ਪਾਸੀਂ ਦੁਖੀ ਲੋਕਾਂ ਦੀ ਹੱਕਾਂ ਲਈ ਚਲ ਰਹੀ ਜਮਹੂਰੀ ਜੱਦੋ-ਜਹਿਦ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਅਤੇ ਸਾਮਰਾਜੀ ਹਾਕਮਾਂ ਦੇ ਹਿਤ ਪੂਰਨ ਲਈ ਯੁੱਧ ਦਾ ਸਹਾਰਾ ਲੈਣਾ ਪੈਂਦਾ ਹੈ। ਜੰਗਾਂ ਲੱਗੀਆਂ ਰਹਿਣ ਤਾਂ ਸਾਮਰਾਜੀ ਮੁਲਕਾਂ ਦਾ ਅਸਲਾ ਖੂਬ ਵਿਕਦਾ ਹੈ। ਗ਼ਰੀਬ ਲੋਕਾਂ, ਮਜ਼ਦੂਰਾਂ, ਕਿਸਾਨਾਂ ਦਾ ਯੁੱਧ ਉਹੋ ਹੀ ਹੁੰਦਾ ਹੈ ਜਦ ਉਹ ਅਮੀਰ ਹਾਕਮ ਸ਼੍ਰੇਣੀ ਤੋਂ ਸੱਤਾ ਖੋਹ ਕੇ ਅਪਣੇ ਹੱਥ ਲੈਣ ਲਈ ਯੁੱਧ ਲੜ ਰਹੇ ਹੋਣ। ਸਿਰਫ਼ ਉਸ ਨਾਲ ਹੀ ਸਮੂਹ ਲੋਕਾਂ ਦੇ ਮਸਲੇ ਹੱਲ ਹੁੰਦੇ ਹਨ।
ਇਹ ਵੀ ਚਿੱਟੇ ਦਿਨ ਵਰਗਾ ਸੱਚ ਹੈ ਕਿ ਲੋਕ ਜੰਗ ਨਹੀਂ ਚਾਹੁੰਦੇ। ਲੋਕ ਆਪਸ ਵਿਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦੇ ਹਨ। ਲੋਕ ਤਾਂ ਅਮਨ ਚਾਹੁੰਦੇ ਹਨ। ਲੋਕ ਤਾਂ ਖ਼ੁਸ਼ੀ ਭਰਿਆ ਤੇ ਖ਼ੁਸ਼ਹਾਲ ਜੀਵਨ ਜਿਊਣਾ ਲੋਚਦੇ ਹਨ। ਇਹ ਤਾਂਘ ਹਿੰਦ-ਪਾਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਹੈ। ਫਿਰ ਜੰਗ ਕੌਣ ਚਾਹੁੰਦਾ ਹੈ? ਇਹ ਸੋਚਣਾ ਬਣਦਾ ਹੈ!
ਹਿੰਦ-ਪਾਕਿ ਦੋਵੇਂ ਦੇਸ਼ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਹਨ। ਪਾਕਿਸਤਾਨ ਵਿਚ ਜਮਹੂਰੀ ਪ੍ਰਕਿਰਿਆ ਨਿਰੰਤਰ ਮਾਰ ਹੇਠ ਹੈ ਤੇ ਅਸਲ ਸੱਤਾ ਫ਼ੌਜ ਦੇ ਪੰਜੇ ਵਿਚ ਹੈ। ਪਰ ਪਾਕਿਸਤਾਨ ਪ੍ਰਮਾਣੂ ਬੰਬ ਅਤੇ ਹੋਰ ਪ੍ਰਮਾਣੂ ਹਥਿਆਰ ਬਣਾਉਣ-ਖ਼੍ਰੀਦਣ ਵਿਚ ਪਿੱਛੇ ਨਹੀਂ ਹੈ। ਉਹ ਅਮਰੀਕਾ, ਚੀਨ, ਫ਼ਰਾਂਸ ਆਦਿ ਤੋਂ ਅਤਿ ਆਧੁਨਿਕ ਲੜਾਕੂ ਹਵਾਈ ਜਹਾਜ਼, ਟੈਂਕ ਤੇ ਹੋਰ ਲੜਾਕੂ ਸਾਜੋ-ਸਾਮਾਨ ਖ਼ਰੀਦਦਾ ਹੈ। ਉਹ ਧਾਰਮਕ ਪੁੱਠ ਚੜ੍ਹੇ ਅਤਿਵਾਦੀਆਂ ਨੂੰ ਨੱਥਣ ਦੀ ਥਾਂ ਉਨ੍ਹਾਂ ਦੀਆਂ ਸੇਵਾਵਾਂ ਲੈ ਰਿਹਾ ਹੈ। ਉਹ ਇਨ੍ਹਾਂ ਦੀ ਮਦਦ ਨਾਲ ਕਸ਼ਮੀਰ ਹਥਿਆਉਣਾ ਚਾਹੁੰਦਾ ਹੈ। ਹਕੀਕਤ ਵਿਚ ਉਹ ਕਸ਼ਮੀਰ ਦਾ ਮੁੱਦਾ ਭਖਦਾ ਰੱਖਣ ਦਾ ਚਾਹਵਾਨ ਹੈ। ਇਸ ਨਾਲ ਲੋਕਾਂ ਦੇ ਹੱਕਾਂ ਨੂੰ ਦਬਾਉਣ ਦਾ ਬਹਾਨਾ ਮਿਲਦਾ ਹੈ। ਜੰਗ ਪਾਕਿਸਤਾਨ ਤੇ ਭਾਰਤ ਦੋਹਾਂ ਦੇਸ਼ਾਂ ਦੇ ਹਾਕਮਾਂ ਨੂੰ ਹੀ ਬਹੁਤ ਰਾਸ ਆਉਂਦੀ ਹੈ।
ਜੇ ਭਾਰਤ-ਪਾਕਿ ਜੰਗ ਲਗਦੀ ਹੈ ਤਾਂ ਪ੍ਰਮਾਣੂ ਬੰਬਾਂ ਅਤੇ ਹਥਿਆਰਾਂ ਨਾਲ ਜਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਉਸ ਦਾ ਅੰਦਾਜ਼ਾ ਹੀਰੋਸ਼ੀਮਾ, ਨਾਗਾਸਾਕੀ ਦੇ 1945 'ਚ ਚੱਲੇ ਬੰਬਾਂ ਨਾਲ ਹੋਈ ਤਬਾਹੀ ਤੋਂ ਲਾਉਣਾ ਚਾਹੀਦਾ ਹੈ। ਜਦਕਿ ਹੁਣ ਤਾਂ ਉਸ ਨਾਲੋਂ ਕਿਤੇ ਵਧੇਰੇ ਸ਼ਕਤੀਸ਼ਾਲੀ ਕੰਪਿਊਟਰੀ ਮਿਜ਼ਾਈਲਾਂ ਤੇ ਹੋਰ ਸ਼ਕਤੀਸ਼ਾਲੀ ਪ੍ਰਮਾਣੂ ਹਥਿਆਰ ਬਣ ਚੁੱਕੇ ਹਨ। ਇਸ ਲਈ ਜੰਗ ਨੂੰ ਹਰ ਹਾਲ ਰੋਕਣਾ ਚਾਹੀਦਾ ਹੈ। ਲੋਕ ਭਾਵੇਂ ਭਾਰਤ ਦੇ ਮਰਨ ਜਾਂ ਪਾਕਿਸਤਾਨ ਦੇ। ਮਰਨਗੇ ਤਾਂ ਇਨਸਾਨ ਹੀ। ਇਸ ਲਈ ਭਾਰਤ ਨੂੰ ਕਸ਼ਮੀਰ ਵਿਚ ਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਅਤਿਵਾਦੀ ਪਸਾਰ ਹੋਣ ਤੋਂ ਰੋਕਣ ਲਈ ਲੋਕਾਂ ਦੇ ਬੁਨਿਆਦੀ ਮਸਲਿਆਂ ਵੱਲ ਧਿਆਨ ਦੇਣਾ ਹੋਵੇਗਾ, ਨਾ ਕਿ ਕਾਰਪੋਰੇਟ ਸੈਕਟਰ ਨੂੰ ਹੋਰ ਅਮੀਰ ਕਰਨ ਵੱਲ। ਕਸ਼ਮੀਰ ਦੇ ਲੋਕ ਅਤਿਅੰਤ ਗੁਰਬਤ ਝੱਲ ਰਹੇ ਹਨ ਅਤੇ ਉਹ ਅਤਿਵਾਦੀ ਸਰਗਰਮੀਆਂ ਤੋਂ ਨਿਜਾਤ ਹਾਸਲ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕੋਈ ਰਾਹ ਤਾਂ ਮਿਲੇ। ਹੁਣੇ ਕਸ਼ਮੀਰ ਵਿਚ ਐਸ.ਪੀ.ਓ. ਦੀ ਭਰਤੀ ਜੋ ਨਿਗੂਣੀ ਜਿਹੀ ਤਨਖ਼ਾਹ 'ਤੇ ਹੋ ਰਹੀ ਹੈ, ਲਈ ਹਜ਼ਾਰਾਂ ਕਸ਼ਮੀਰੀ ਨੌਜਵਾਨ ਅਤਿਵਾਦੀਆਂ ਦੀਆਂ ਧਮਕੀਆਂ ਨੂੰ ਦਰਕਿਨਾਰ ਕਰ ਕੇ ਭਰਤੀ ਹੋਣ ਲਈ ਪੁੱਜੇ ਹਨ। ਇਸ ਦੇ ਕੀ ਅਰਥ ਹਨ। ਜੇ ਲੋਕਾਂ ਦੇ ਮਸਲੇ 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਹੱਲ ਨਾ ਹੋਏ ਤਾਂ ਅੱਕੇ ਹੋਏ ਲੋਕ ਕੀ ਕਰਨ? ਲਾਜ਼ਮੀ ਦੋਹਾਂ ਦੇਸ਼ਾਂ ਨੂੰ ਅਪਣੀਆਂ ਤਰਜੀਹਾਂ ਬਦਲਣੀਆਂ ਹੋਣਗੀਆਂ। ਇਸ ਉਦੇਸ਼ ਦੀ ਪੂਰਤੀ, ਲੋਕਾਂ ਵਲੋਂ ਹਾਕਮਾਂ ਨੂੰ ਮਜ਼ਬੂਰ ਕਰਨ ਵਾਲੀ ਵਿਸ਼ਾਲ ਲਹਿਰ ਉਸਾਰ ਕੇ ਹੀ ਹੋ ਸਕਦੀ ਹੈ। ਜਿਨ੍ਹਾਂ ਮੁੱਦਿਆਂ ਤੋਂ ਕੰਨੀ ਕਤਰਾਉਣ ਲਈ ਹਾਕਮ ਜੰਗਾਂ ਛੇੜਦੇ ਹਨ ਉਨ੍ਹਾਂ ਬੁਨਿਆਦੀ ਮੁੱਦਿਆਂ ਜਿਵੇਂ ਰੁਜ਼ਗਾਰ ਸਿੱਖਿਆ, ਸਿਹਤ ਸਹੂਲਤਾਂ, ਆਵਾਸ, ਪੀਣ ਵਾਲਾ ਸਵੱਛ ਪਾਣੀ ਆਦਿ ਦੀ ਪ੍ਰਾਪਤੀ ਲਈ ਲੋਕ ਜੰਗ ਹੀ ਭਰਾ ਮਾਰੂ ਜੰਗ ਨੂੰ ਰੋਕ ਸਕਦੀ ਹੈ। ਗ਼ਰੀਬੀ ਵਿਰੁੱਧ ਜੰਗ ਹੀ ਅਸਲ ਜੰਗ ਹੈ, ਵਰਨਾ ਤਬਾਹੀ ਹੈ। 

ਠੇਕਾ ਕਰਮੀਆਂ ਦਾ ਸੰਘਰਸ਼ ਤੇ ਹਕੂਮਤੀ ਜਬਰ

ਇੰਦਰਜੀਤ ਚੁਗਾਵਾਂ 
15 ਅਕਤੂਬਰ ਦੀਆਂ ਅਖਬਾਰਾਂ 'ਚ ਛਪੀਆਂ ਖ਼ਬਰਾਂ ਤੇ ਤਸਵੀਰਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਪਿੰਡ ਬਾਦਲ ਨੂੰ ਜਾਂਦੇ ਸੁਵਿਧਾ ਕਾਮਿਆਂ ਨੂੰ ਨਾਲ ਲੱਗਦੇ ਪਿੰਡ ਖਿਓਵਾਲੀ 'ਚ ਦੌੜਾ-ਦੌੜਾ ਕੇ ਕੁੱਟਣ ਦੀਆਂ ਤਸਵੀਰਾਂ, ਲੜਕੀਆਂ ਨੂੰ ਲੱਤਾਂ-ਬਾਹਾਂ ਤੋਂ ਫੜਕੇ ਧੂਣ ਦੀਆਂ ਤਸਵੀਰਾਂ, ਪਸ਼ੂਆਂ ਵਰਗੀ ਕੁੱਟ ਦੀ ਗਵਾਹੀ ਭਰਦੀਆਂ ਪਿੱਠ 'ਤੇ ਪਈਆਂ ਲਾਸਾਂ ਦੀਆਂ ਤਸਵੀਰਾਂ। ਇਹ ਤਸਵੀਰਾਂ ਸਿਰਫ ਸੁਵਿਧਾ ਕਾਮਿਆਂ ਦੀਆਂ ਤਸਵੀਰਾਂ ਹੀ ਨਹੀਂ, ਇਹ ਦੇਸ਼ ਦੇ ਭਲਕ ਦੇ ਮੁਹਾਂਦਰੇ ਦਾ ਖਾਕਾ ਖਿੱਚਦੀਆਂ ਤਸਵੀਰਾਂ ਹਨ। ਜਦ ਵੀ ਕਦੇ ਪੱਕਾ ਰੁਜ਼ਗਾਰ ਮੰਗਦੇ ਕਾਮਿਆਂ 'ਤੇ ਅਜਿਹਾ ਕਹਿਰ ਵਾਪਰਦਾ ਹੈ, ਇਹ ਲੋਕ ਮਨਾਂ ਨੂੰ ਝੰਜੋੜਦਾ ਜ਼ਰੂਰ ਹੈ ਪਰ ਇਸਦਾ ਅਸਰ ਚਿਰਸਥਾਈ ਨਹੀਂ ਹੁੰਦਾ। ਕਾਰਨ? ਦਰਅਸਲ ਇਕ ਬਹੁਤ ਹੀ ਸ਼ਾਤਰਾਨਾ ਰਣਨੀਤੀ ਅਧੀਨ 'ਮੁਲਾਜ਼ਮ' ਸ਼ਬਦ ਨੂੰ ਲੋਕ ਵਿਰੋਧੀ ਅਰਥ ਦੇ ਦਿੱਤੇ ਗਏ ਹਨ।
ਕਿਸੇ ਵੀ ਦੇਸ਼ ਦੀ ਆਰਥਿਕਤਾ 'ਚ ਸਰਵਿਸ ਸੈਕਟਰ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਸੈਕਟਰ ਤੋਂ ਬਿਨਾਂ ਕੋਈ ਵੀ ਆਰਥਿਕਤਾ ਅੱਗੇ ਵੱਧਣ ਬਾਰੇ ਸੋਚ ਵੀ ਨਹੀਂ ਸਕਦੀ। ਕਿਸੇ ਵੀ ਦੇਸ਼ ਦੀ ਤਰੱਕੀ, ਖੁਸ਼ਹਾਲੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਥੋਂ ਦੇ ਲੋਕ ਕਿੰਨਾ ਕੁ ਪੜ੍ਹੇ ਲਿਖੇ ਹਨ, ਉਥੇ ਸਾਖਰਤਾ ਦੀ ਦਰ ਕਿੰਨੀ ਹੈ? ਲੋਕਾਂ ਨੂੰ ਸਾਖ਼ਰ ਬਣਾਉਂਦਾ ਕੌਣ ਹੈ, ਇਕ ਅਧਿਆਪਕ। ਅਧਿਆਪਕਾਂ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਕਲਪਨਾ ਕੀਤੀ ਜਾ ਸਕਦੀ ਹੈ? ਨਹੀਂ, ਇਹ ਅਧਿਆਪਕ ਹੀ ਹਨ, ਜਿਨ੍ਹਾਂ ਨੇ ਵੱਡੇ-ਵੱਡੇ ਵਿਗਿਆਨੀ, ਡਾਕਟਰ, ਇੰਜੀਨੀਅਰ, ਸਾਹਿਤਕਾਰ ਪੈਦਾ ਕੀਤੇ। ਇਸੇ ਤਰ੍ਹਾਂ ਬਿਜਲੀ ਤੋਂ ਬਿਨਾਂ ਜਿਊਣ ਬਾਰੇ ਅੱਜ ਸੋਚਿਆ ਵੀ ਨਹੀਂ ਜਾ ਸਕਦਾ। ਜੇ ਬਿਜਲੀ ਤੋਂ ਬਿਨਾਂ ਨਹੀਂ ਜਿਊ ਸਕਦੇ ਤਾਂ ਫਿਰ ਬਿਜਲੀ ਮੁਲਾਜ਼ਮਾਂ ਤੋਂ ਬਿਨਾਂ ਬਿਜਲੀ ਕਿਵੇਂ ਘਰ, ਇੰਡਸਟਰੀ ਤੇ ਹੋਰਨਾਂ ਥਾਵਾਂ 'ਤੇ ਪਹੁੰਚੇਗੀ। ਸਿਹਤ ਸੇਵਾਵਾਂ ਬਿਨ-ਮੁਲਾਜ਼ਮ ਕਿਵੇਂ ਚਲਾਈਆਂ ਜਾ ਸਕਣਗੀਆਂ? ਗੱਲ ਕੀ, ਕੋਈ ਵੀ ਅਜਿਹਾ ਸੈਕਟਰ ਨਹੀਂ ਹੈ, ਜਿਹੜਾ ਮੁਲਾਜ਼ਮ ਰੱਖੇ ਬਿਨਾਂ ਚਲ ਸਕਦਾ ਹੋਵੇ। ਹੁਣ ਜੇ ਮੁਲਾਜ਼ਮਾਂ ਬਿਨਾਂ ਸੇਵਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਮੁਲਾਜ਼ਮ ਬਿਨਾਂ ਉਜਰਤ ਲਏ, ਜਾਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰੀ ਜਾਣ। ਸਿਹਤਮੰਦ ਤੇ ਮਿਆਰੀ ਸੇਵਾਵਾਂ ਲਈ ਇਹ ਜ਼ਰੂਰੀ ਹੈ ਕਿ ਇਹ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਵੀ ਸਨਮਾਨਯੋਗ ਉਜਰਤਾਂ ਦਿੱਤੀਆਂ ਜਾਣ ਅਤੇ ਉਨ੍ਹਾਂ ਨੂੰ ਇਹ ਭਰੋਸਾ ਹੋਵੇ ਕਿ ਉਨ੍ਹਾਂ ਦੀ ਨੌਕਰੀ ਨੂੰ ਕੋਈ ਖਤਰਾ ਨਹੀਂ ਹੈ ਤੇ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਆਪਣੀ ਜ਼ਿੰਦਗੀ ਸਨਮਾਨਜਨਕ ਢੰਗ ਨਾਲ ਜਿਊ ਸਕਣਗੇ। ਇਸ ਦੇ ਨਾਲ ਹੀ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਸਮੇਂ ਸਮੇਂ ਨਵੀਂ ਭਰਤੀ ਵੀ ਕੀਤੀ ਜਾਵੇ ਤਾਂ ਕਿ ਵੱਸੋਂ ਦੇ ਵਾਧੇ ਦੇ ਹਿਸਾਬ ਨਾਲ ਸੇਵਾਵਾਂ ਹਾਸਲ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
1991 'ਚ ਲਾਗੂ ਕੀਤੀਆਂ ਗਈਆਂ ਨਵ ਉਦਾਰਵਾਦੀ ਨੀਤੀਆਂ ਦੀ ਵੱਡੀ ਮਾਰ ਸਰਕਾਰੀ ਸੇਵਾ ਸੈਕਟਰ ਨੂੰ ਪਈ ਹੈ। ਯੋਜਨਾਬੱਧ ਢੰਗ ਨਾਲ ਨਵੀਂ ਭਰਤੀ ਬੰਦ ਕਰ ਦਿੱਤੀ ਗਈ। ਮੁਲਾਜ਼ਮਾਂ ਦੀ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਦੀਆਂ ਥਾਵਾਂ ਖਾਲੀ ਹੁੰਦੀਆਂ ਗਈਆਂ, ਨਵੀਂ ਭਰਤੀ ਕਰਕੇ ਉਨ੍ਹਾਂ ਦੀਆਂ ਸੀਟਾਂ ਭਰੀਆਂ ਨਹੀਂ ਗਈਆਂ। ਸਿੱਟੇ ਵਜੋਂ ਕੰਮ ਦਾ ਬੋਝ ਲਗਾਤਾਰ ਵੱਧਦਾ ਗਿਆ। ਕੰਮ ਦਾ ਬੋਝ ਵੱਧਣ ਕਾਰਨ ਭ੍ਰਿਸ਼ਟਾਚਾਰ ਵੀ ਹੱਦਾਂ-ਬੰਨੇ ਟੱਪ ਗਿਆ। ਇਸ ਦਾ ਅਰਥ ਇਹ ਨਹੀਂ ਕਿ 1991 ਤੋਂ ਪਹਿਲਾਂ ਭ੍ਰਿਸ਼ਟਾਚਾਰ ਨਹੀਂ ਸੀ। ਭ੍ਰਿਸ਼ਟਾਚਾਰ ਤਾਂ ਸੀ ਪਰ ਨਵਉਦਾਰਵਾਦ ਨੇ ਤਾਂ ਕੋਈ ਹੱਦ ਹੀ ਨਹੀਂ ਰਹਿਣ ਦਿੱਤੀ। ਨਿੱਕੇ ਮੋਟੇ ਕੰਮ ਵੀ ਰਿਸ਼ਵਤ ਨਾਲ ਹੀ ਹੋਣ ਲੱਗ ਪਏ ਜਿਸਨੇ ਆਮ ਲੋਕਾਂ ਦਾ ਨੱਕ 'ਚ ਦਮ ਕਰਕੇ ਰੱਖ ਦਿੱਤਾ। ਦੂਸਰੇ ਪਾਸੇ ਇਸ ਦੇ ਬਰਾਬਰ ਨਿੱਜੀ ਸੈਕਟਰ 'ਚ ਇਹੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਭਰਿਸ਼ਟਾਚਾਰ ਤੋਂ ਤੰਗ ਆਏ ਲੋਕਾਂ ਦੇ ਜ਼ਿਹਨ 'ਚ ਇਹ ਗੱਲ ਬਿਠਾ ਦਿੱਤੀ ਗਈ ਕਿ ਸਰਕਾਰੀ ਦਫਤਰਾਂ ਦਾ ਅਮਲਾ-ਫੈਲਾ ਕੰਮ ਕਰਕੇ ਰਾਜ਼ੀ ਨਹੀਂ। ਇਸ ਕਰਕੇ ਸਾਰਾ ਕੁੱਝ ਨਿੱਜੀ ਸੈਕਟਰ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਧਾਰਨਾ ਲੋਕ ਮਨਾਂ 'ਚ ਬੈਠਾਉਣ ਦੇ ਨਾਲ ਨਾਲ ਜਨਤਕ ਅਦਾਰਿਆਂ ਦਾ ਤੇਜ਼ੀ ਨਾਲ ਨਿੱਜੀਕਰਨ ਸ਼ੁਰੂ ਕਰ ਦਿੱਤਾ ਗਿਆ। ਨਤੀਜਾ ਸਭ ਦੇ ਸਾਹਮਣੇ ਹੈ। ਪ੍ਰਾਈਵੇਟ ਹਸਪਤਾਲਾਂ 'ਚ ਸਿਹਤ ਸੇਵਾਵਾਂ ਇੰਨੀਆਂ ਮਹਿੰਗੀਆਂ ਹਨ ਕਿ ਕੋਈ ਗਰੀਬ ਆਪਣਾ ਇਲਾਜ ਕਰਵਾਉਣ ਬਾਰੇ ਸੋਚ ਵੀ ਨਹੀਂ ਸਕਦਾ।  ਦੂਜੇ ਪਾਸੇ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਘਾਟ ਹੈ, ਦਵਾਈਆਂ ਉਪਲੱਬਧ ਨਹੀਂ। ਇਸੇ ਤਰ੍ਹਾਂ ਸਰਕਾਰੀ ਸਕੂਲਾਂ 'ਚ ਅਧਿਆਪਕ ਨਹੀਂ ਹਨ, ਜਿਹੜੇ ਹਨ, ਉਨ੍ਹਾਂ 'ਤੇ ਗੈਰ ਵਿਦਿਅਕ ਕੰਮਾਂ ਦਾ ਏਨਾ ਬੋਝ ਹੈ ਕਿ ਉਨ੍ਹਾਂ ਕੋਲ ਪੜ੍ਹਾਉਣ ਲਈ ਸਮਾਂ ਹੀ ਬਹੁਤ ਘੱਟ ਬਚਦਾ ਹੈ। ਨਿੱਜੀ ਸਕੂਲਾਂ 'ਚ ਫੀਸਾਂ ਏਨੀਆਂ ਵੱਧ ਹਨ ਕਿ ਆਮ ਬੰਦੇ ਦੀ ਪਹੁੰਚ ਵਿਚ ਨਹੀਂ ਹਨ। ਇਸੇ ਮਾਹੌਲ 'ਚ ਗੈਰ ਮਿਆਰੀ ਹਸਪਤਾਲ, ਸਕੂਲ ਖੁੱਲ੍ਹ ਰਹੇ ਹਨ ਜਿੱਥੇ ਅਸਿੱਖਿਅਤ ਅਮਲਾ ਫੈਲਾ ਰੱਖਕੇ ਲੋਕਾਂ ਦੀ ਲੁੱਟ ਹੀ ਨਹੀਂ ਕੀਤੀ ਜਾ ਰਹੀ ਸਗੋਂ ਉਨ੍ਹਾਂ ਦੀ ਜਿੰਦਗੀ ਨਾਲ ਵੀ ਖੇਡਿਆ ਜਾ ਰਿਹਾ ਹੈ।
ਇਸ ਅਫਰਾਤਫਰੀ ਵਾਲੇ ਮਾਹੌਲ 'ਚ ਬਿਊਰੋਕ੍ਰੇਸੀ ਨੇ ਆਪਣੀਆਂ ਜੇਬਾਂ ਭਰਨ ਦਾ ਰਾਹ ਕੱਢ ਲਿਆ। ਮੁਲਾਜ਼ਮਾਂ ਦੀ ਕੱਚੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਅਧੀਨ ਮੁਲਾਜਮ ਠੇਕੇ 'ਤੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਗਏ। ਇਹ ਭਰਤੀ ਵੀ ਸਿੱਧੀ ਨਹੀਂ ਸਗੋਂ ਕਿਸੇ ਨਾ ਕਿਸੇ ਕੰਪਨੀ ਰਾਹੀਂ ਕੀਤੀ ਜਾਂਦੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਸਰਕਾਰ ਸਿੱਧੀ ਨਹੀਂ, ਕੰਪਨੀ ਰਾਹੀਂ ਦਿੰਦੀ ਹੈ ਤੇ ਉਹ ਕੰਪਨੀਆਂ ਕਿਸੇ ਹੋਰ ਦੀਆਂ ਨਹੀਂ ਸਗੋਂ ਸੱਤਾਧਾਰੀ ਧਿਰ ਦੇ ਆਗੂਆਂ ਜਾਂ ਅਫਸਰਸ਼ਾਹਾਂ ਦੇ ਨਜ਼ਦੀਕੀਆਂ ਤਾਂ ਫੱਟਾ ਕੰਪਨੀਆਂ ਹੁੰਦੀਆਂ ਹਨ। ਮਤਲਬ ਮਾਲਕ ਦਾ ਨਾਂਅ ਕਾਗਜਾਂ 'ਚ ਕੁੱਝ ਹੋਰ ਹੁੰਦਾ ਹੈ ਪਰ ਅਸਲ ਮਾਲਕ ਕੋਈ ਹੋਰ। ਇਸ ਤਰ੍ਹਾਂ ਇਨ੍ਹਾਂ ਕੰਪਨੀਆਂ ਦੇ ਨਾਂਅ 'ਤੇ ਪੈਸਾ ਸਿੱਧਾ ਸੱਤਾਧਾਰੀਆਂ ਤੇ ਅਫਸਰਸ਼ਾਹਾਂ ਦੇ ਢਿੱਡਾਂ 'ਚ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੱਚੇ ਮੁਲਾਜ਼ਮ ਭਰਤੀ ਕਰਨ ਦੀ ਰਵਾਇਤ ਗੁਜਰਾਤ ਤੋਂ ਸ਼ੁਰੂ ਹੋਈ ਸੀ। ਸਰਕਾਰ ਪੰਜ ਸਾਲ ਲਈ ਘੱਟ ਤਨਖਾਹ 'ਤੇ, ਉਹ ਵੀ ਉਕੀ ਪੁੱਕੀ, ਭਰਤੀ ਕਰਦੀ ਸੀ। ਉਸ ਤੋਂ ਬਾਅਦ ਜਾਂ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਜਾਂਦਾ ਜਾਂ ਫਿਰ ਨਵੇਂ ਸਿਰਿਓਂ ਮੁੜ ਪੰਜ ਸਾਲ ਲਈ ਰੱਖ ਲਿਆ ਜਾਂਦਾ। ਬਹੁਤ ਘੱਟ ਗਿਣਤੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਂਦਾ। ਹੌਲੀ-ਹੌਲੀ ਇਸ ਰਵਾਇਤ ਨੇ ਸਾਰੇ ਦੇਸ਼ ਨੂੰ ਆਪਣੀ ਜਕੜ 'ਚ ਲੈ ਲਿਆ ਹੈ। ਹਰ ਸੈਕਟਰ 'ਚ ਠੇਕਾ ਪ੍ਰਣਾਲੀ ਅਧੀਨ ਭਰਤੀ ਹੋ ਰਹੀ ਹੈ ਜਾਂ ਸਰਕਾਰੀ ਕੰਮ ਨਿੱਜੀ ਕੰਪਨੀਆਂ ਕੋਲੋਂ ਲਿਆ ਜਾਣ ਲੱਗਾ ਹੈ ਜਿਸਨੂੰ ਆਊਟਸੋਰਸਿੰਗ ਦਾ ਨਾਂਅ ਦਿੱਤਾ ਗਿਆ ਹੈ। ਹੁਣ ਹਾਲਾਤ ਇਹ ਹਨ ਕਿ ਇਕ ਹੀ ਵਿਭਾਗ ਵਿਚ ਦੋ ਕਿਸਮ ਦੇ ਮੁਲਾਜ਼ਮ ਹੋ ਗਏ ਹਨ। ਇਕ ਰੈਗੂਲਰ ਤੇ ਦੂਜੇ ਠੇਕਾ ਭਰਤੀ ਵਾਲੇ। ਮਿਸਾਲ ਵਜੋਂ ਇਕ ਰੈਗੂਲਰ ਅਧਿਆਪਕ ਤਾਂ ਪੈਂਤੀ ਤੋਂ ਚਾਲੀ ਹਜ਼ਾਰ ਰੁਪਏ ਦੀ ਤਨਖਾਹ ਲੈ ਰਿਹਾ ਹੈ ਤੇ ਠੇਕਾ ਪ੍ਰਣਾਲੀ ਅਧੀਨ ਭਰਤੀ ਦੂਸਰੇ ਅਧਿਆਪਕ ਨੂੰ ਅੱਠ ਤੋਂ ਦੱਸ ਹਜ਼ਾਰ ਰੁਪਏ ਵਿਚ ਮਿਲ ਰਹੇ ਹਨ। ਤਨਖਾਹ ਵਿਚ ਜ਼ਮੀਨ ਅਸਮਾਨ ਦਾ ਫਰਕ ਪਰ ਕੰਮ ਇਕੋ ਜਿਹਾ ਤੇ ਦੋਹਾਂ ਤੋਂ ਬਰਾਬਰ ਨਤੀਜੇ ਦੀ ਆਸ ਕੁਦਰਤੀ ਤੌਰ 'ਤੇ ਰੱਖੀ ਹੀ ਜਾਂਦੀ ਹੈ। ਫਿਰ ਨੌਕਰੀ ਦੀ ਕੋਈ ਗਰੰਟੀ ਨਹੀਂ। ਨਾ ਹੀ ਕੋਈ ਪੈਨਸ਼ਨ, ਨਾ ਪ੍ਰਾਵੀਡੈਂਟ ਫੰਡ। ਅਜਿਹੇ ਮਾਹੌਲ ਵਿਚ ਬੇਚੈਨੀ ਨਹੀਂ ਪੈਦਾ ਹੋਵੇਗੀ ਤਾਂ ਹੋਰ ਕੀ ਹੋਵੇਗਾ, ਅਮਨ ਚੈਨ ਕਿਥੋਂ ਹੋਵੇਗਾ। ਵੱਖ ਵੱਖ ਵਿਭਾਗਾਂ, ਜਿਵੇਂ ਮਿਉਂਸਪਲ ਕਮੇਟੀਆਂ, ਵਾਟਰ ਵਰਕਸ, ਪੀਆਰਟੀਸੀ, ਪੰਜਾਬ ਰੋਡਵੇਜ (ਪਨਬਸ), ਪੰਚਾਇਤ, ਬਿਜਲੀ, ਸਿਹਤ, ਸਿੱਖਿਆ, ਪਸ਼ੂ ਪਾਲਣ, ਪੀ.ਡਬਲਯੂ ਡੀ, ਸੀਵਰੇਜ, ਕਿਰਤ, ਸਮਾਜ ਭਲਾਈ ਤੇ ਥਰਮਲਾਂ ਦੇ ਕਾਮੇ ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਠੇਕੇ 'ਤੇ ਹੀ ਕੰਮ ਕਰੀ ਜਾ ਰਹੇ ਹਨ। ਉਨ੍ਹਾਂ ਦੇ ਸਿਰ 'ਤੇ ਛਾਂਟੀ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ। ਪਤਾ ਨਹੀਂ ਅੱਜ ਦੇ ਕੰਮ ਤੋਂ ਬਾਅਦ ਆਖ ਦਿੱਤਾ ਜਾਵੇਗਾ ਕਿ ਹੁਣ ਭਲਕ ਨੂੰ ਕੰਮ 'ਤੇ ਨਾ ਆਇਓ।
ਮਨੁੱਖ ਓਨੀ ਦੇਰ ਅਮਨ ਚੈਨ ਨਾਲ ਨਹੀਂ ਰਹਿ ਸਕਦਾ ਜਿੰਨੀ ਦੇਰ ਵਰਤਮਾਨ ਦੇ ਨਾਲ ਨਾਲ ਉਸਦਾ ਭਵਿੱਖ ਸੁਰੱਖਿਅਤ ਨਹੀਂ। ਇਹੀ ਕਾਰਨ ਹੈ ਕਿ ਠੇਕਾ ਪ੍ਰਣਾਲੀ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਦੀ ਉਮਰ ਹੱਦ ਜਿਉਂ ਜਿਊਂ ਨਜ਼ਦੀਕ ਆਉਂਦੀ ਜਾਂਦੀ ਹੈ ਤਾਂ ਉਨ੍ਹਾਂ ਦੀ ਪ੍ਰੇਸ਼ਾਨੀ ਵੀ ਵੱਧਣ ਲੱਗਦੀ ਹੈ। ਇਸ ਪ੍ਰੇਸ਼ਾਨੀ ਵਿਚ ਅੰਦੋਲਨ ਦੇ ਰਾਹ ਪਏ ਇਹ ਮੁਲਾਜ਼ਮ ਵਾਰ-ਵਾਰ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹ ਕੇ ਖੁਦਕੁਸ਼ੀਆਂ ਦੀ ਹੱਦ ਤੱਕ ਜਾਣ ਲੱਗ ਪਏ ਹਨ। ਉਨ੍ਹਾਂ ਦੀ ਇਸ ਪ੍ਰੇਸ਼ਾਨੀ ਦਾ ਲਾਹਾ ਸੱਤਾ ਦੀਆਂ ਦਾਅਵੇਦਾਰ ਧਿਰਾਂ ਵਲੋਂ ਲਿਆ ਜਾਂਦਾ ਹੈ। ਜਦ ਉਹ ਸੱਤਾ ਵਿਚ ਨਹੀਂ ਹੁੰਦੀਆਂ ਤਾਂ ਉਹ ਇਨ੍ਹਾਂ ਅੰਦੋਲਨਕਾਰੀ ਬੇਰੁਜ਼ਗਾਰਾਂ ਤੇ ਠੇਕਾ ਕਰਮੀਆਂ ਦਾ ਸਮਰਥਨ ਕਰਦੀਆਂ ਹਨ ਤੇ ਸੱਤਾ 'ਚ ਆਉਣ 'ਤੇ ਰੈਗੂਲਰ ਭਰਤੀ ਦੇ ਭਰਮਾਊ ਵਾਅਦੇ ਵੀ ਕਰ ਦਿੰਦੀਆਂ ਹਨ ਪਰ ਸੱਤਾ 'ਚ ਆਉਂਦੇ ਸਾਰ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜਕੇ ਆਪਣੇ ਵਾਅਦਿਆਂ ਤੋਂ ਪਾਸਾ ਹੀ ਨਹੀਂ ਵੱਟਦੀਆਂ, ਉਨ੍ਹਾਂ ਦੇ ਪਾਸੇ ਵੀ ਭੰਨ ਸੁੱਟਦੀਆਂ ਹਨ। ਮੌਜੂਦਾ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੇ ਵੀ ਇਨ੍ਹਾਂ ਮੁਲਾਜ਼ਮਾਂ ਨਾਲ ਅਜਿਹਾ ਹੀ ਵਾਅਦਾ ਕੀਤਾ ਸੀ ਪਰ ਸੱਤਾ ਵਿਚ ਆ ਕੇ ਉਹਨਾਂ ਸਭ ਵਾਅਦੇ ਭੁਲਾ ਦਿੱਤੇ। ਜਦ ਇਹ ਅੰਦੋਲਨਕਾਰੀ ਉਨ੍ਹਾਂ ਵਾਅਦਿਆਂ ਦੀ ਯਾਦ ਦਵਾਉਣ ਲਈ ਮੰਤਰੀਆਂ ਦੇ ਦਰਾਂ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਉਪਰ ਪੁਲਸ ਅਤੇ ਸੱਤਾਧਾਰੀ ਗਠਜੋੜ ਦੇ ਲੱਠਮਾਰ ਟੁੱਟ ਪੈਂਦੇ ਹਨ।
ਪੰਜਾਬ ਦਾ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਜਿੱਥੇ ਮੁਲਾਜ਼ਮ ਸੰਘਰਸ਼ ਨਾ ਕਰ ਰਹੇ ਹੋਣ ਤੇ ਉਨ੍ਹਾਂ 'ਤੇ ਜਬਰ ਨਾ ਹੋਇਆ ਹੋਵੇ। ਬਠਿੰਡਾ ਤੇ ਮੁਕਤਸਰ ਜ਼ਿਲ੍ਹਿਆਂ 'ਚ ਤਾਂ ਨਿਤ ਦਿਨ ਅਜਿਹਾ ਵਾਪਰ ਰਿਹਾ ਹੈ। ਖਿਓਵਾਲੀ ਤੇ ਕੋਠਾਗੁਰੂ 'ਚ ਇਨ੍ਹਾਂ ਕਰਮੀਆਂ 'ਤੇ ਵਾਪਰਿਆ ਕਹਿਰ ਇਸ ਦੀਆਂ ਤਾਜ਼ਾ ਮਿਸਾਲਾਂ ਹਨ। ਅਗਸਤ ਮਹੀਨੇ 'ਚ ਬਠਿੰਡਾ ਵਿਚ ਈ.ਟੀ.ਟੀ. ਅਧਿਆਪਕਾਂ 'ਤੇ ਜਬਰ ਵੀ ਲੋਕ-ਚੇਤਿਆਂ 'ਤੇ ਪੂਰੀ ਤਰ੍ਹਾਂ ਉਕਰ ਗਿਆ ਹੈ। ਅਜਿਹਾ ਜਬਰ ਕਰਦੇ ਸਮੇਂ ਧੀਆਂ-ਭੈਣਾਂ ਦੀ ਪੱਤ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਲਾਠੀਆਂ, ਅੱਥਰੂ ਗੈਸ ਤੇ ਜਲ ਤੋਪਾਂ ਦੀ ਵਰਤੋਂ ਸਿਰੇ ਦੀ ਬੇਕਿਰਕੀ ਨਾਲ ਕੀਤੀ ਜਾਂਦੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਮੀਡੀਆ ਦਾ ਇਕ ਵੱਡਾ ਹਿੱਸਾ ਇਨ੍ਹਾਂ ਕਰਮੀਆਂ ਦੇ ਅੰਦੋਲਨ ਪ੍ਰਤੀ ਸੰਵੇਦਨਹੀਣਤਾ ਦਰਸਾ ਰਿਹਾ ਹੈ। ਇਸ ਅੰਦੋਲਨ ਪਿਛਲੇ ਦਰਦ ਅਤੇ ਅੰਦੋਲਨਕਾਰੀਆਂ 'ਤੇ ਜਬਰ ਦੀਆਂ ਖਬਰਾਂ ਨੂੰ ਅੱਵਲ ਤਾਂ ਬਣਦੀ ਥਾਂ ਹੀ ਨਹੀਂ ਮਿਲਦੀ ਤੇ ਜੇ ਮਿਲਦੀ ਹੈ ਤਾਂ ਉਹ ਖਬਰ ਉਸੇ ਇਲਾਕੇ ਦੇ ਲੋਕਾਂ ਤੱਕ ਹੀ ਸੀਮਤ ਕਰ ਦਿੱਤੀ ਜਾਂਦੀ ਹੈ, ਗੁਆਂਢ 'ਚ ਕਿਸੇ ਨੂੰ ਪਤਾ ਹੀ ਨਹੀਂ ਚਲਦਾ ਕਿ ਕੀ ਭਾਣਾ ਵਾਪਰ ਗਿਆ ਹੈ। ਆਮ ਤੌਰ 'ਤੇ ਅਜਿਹੇ ਅੰਦੋਲਨਾਂ 'ਚ ਵਾਪਰੀਆਂ ਘਟਨਾਵਾਂ ਨੂੰ ਸਨਸਨੀਖੇਜ਼ ਢੰਗ ਨਾਲ ਪੇਸ਼ ਕਰਨ ਦੇ ਚੱਕਰ 'ਚ ਅਸਲ ਮੁੱਦੇ ਨੂੰ ਹੀ ਭੁਲਾ ਦਿੱਤਾ ਜਾਂਦਾ ਹੈ।
ਤਾਜ਼ਾ ਘਟਨਾ 23 ਅਕਤੂਬਰ ਦੀ ਹੈ ਜਦੋਂ ਲੰਬੀ 'ਚ ਠੇਕਾ ਮੁਲਾਜ਼ਮ ਸਾਂਝਾ ਸੰਘਰਸ਼ ਮੋਰਚਾ ਵਲੋਂ ਸੂਬਾ ਪੱਧਰੀ ਰੈਲੀ ਕੀਤੀ ਜਾਣੀ ਸੀ। ਇਸ ਰੈਲੀ ਦੀ ਤਿਆਰੀ ਲਈ ਲੰਬੀ ਹਲਕੇ ਦੇ ਵੱਖ ਵੱਖ ਪਿੰਡਾਂ 'ਚ ਰੋਸ ਮਾਰਚ ਕੀਤੇ ਗਏ ਅਤੇ ਲੋਕਾਂ ਨੂੰ ਠੇਕਾ ਕਰਮੀਆਂ ਦੀਆਂ ਮੰਗਾਂ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਸਨ। ਪੁਲਸ ਨੇ ਇਸ ਰੈਲੀ ਨੂੰ ਸਾਬੋਤਾਜ ਕਰਨ ਲਈ ਸਭ ਹੱਦਾਂ ਬੰਨੇ ਉਲੰਘ ਦਿੱਤੇ। ਪਹਿਲਾਂ ਤਾਂ ਇਸ ਰੈਲੀ ਨੂੰ ਪ੍ਰਸ਼ਾਸਕੀ ਇਜ਼ਾਜਤ ਹੀ ਨਹੀਂ ਦਿੱਤੀ ਗਈ। ਰਾਤ ਨੂੰ ਅੰਦੋਲਨਕਾਰੀਆਂ ਵਲੋਂ ਲਾਇਆ ਟੈਂਟ ਪੁੱਟ ਦਿੱਤਾ ਗਿਆ। ਸਵੇਰ ਨੂੰ ਜਦੋਂ ਇਹ ਅੰਦੋਲਨਕਾਰੀ ਮੁੜ ਟੈਂਟ ਲਾਉਣ ਲੱਗੇ ਤਾਂ ਸਾਜੋ ਸਾਮਾਨ ਸਮੇਤ ਬੰਦੇ ਚੁੱਕ ਲਏ ਗਏ। ਲੰਬੀ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਥਾਂ ਥਾਂ ਰੋਕ ਕੇ ਚੈਕਿੰਗ ਕੀਤੀ ਗਈ ਕਿ ਉਸ ਵਿਚ ਕੋਈ ਰੈਲੀ ਵਿਚ ਸ਼ਾਮਲ ਹੋਣ ਵਾਲਾ ਮੁਲਾਜਮ ਤਾਂ ਨਹੀਂ ਹੈ। ਇੱਥੋਂ ਤੱਕ ਕਿ ਮਲੋਟ ਤੋਂ ਲੰਬੀ ਜਾਣ ਵਾਲੀਆਂ ਬੱਸਾਂ 'ਚੋਂ ਲੰਬੀ ਦੀ ਟਿਕਟ ਵਾਲੇ ਮੁਸਾਫ਼ਰ ਲਾਹ ਕੇ ਚੈਕ ਕੀਤੇ ਗਏ। ਇਹ ਸਿਤਮ ਦਾ ਸਿਖ਼ਰ ਹੈ। ਮੰਗਾਂ ਨੂੰ ਮੰਨਣਾ ਜਾਂ ਨਾ ਮੰਨਣਾ ਤਾਂ ਸਰਕਾਰ ਦੇ ਹੱਥ ਵਿਚ ਹੈ, ਪਰ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਵੀ ਇਕ ਬੱਜਰ ਗੁਨਾਹ ਬਣਾ ਦਿੱਤਾ ਗਿਆ ਹੈ।
ਸਮੇਂ ਦੀ ਲੋੜ ਹੈ ਕਿ ਇਸ ਪੜ੍ਹੇ-ਲਿਖੇ ਬੇਰੁਜ਼ਗਾਰ ਜਾਂ ਕੱਚੇ ਰੁਜ਼ਗਾਰ ਵਾਲੇ ਤਬਕੇ ਨੂੰ ਇਕ ਸਾਂਝੇ ਤੇ ਵਿਆਪਕ ਜਥੇਬੰਦਕ ਸੰਘਰਸ਼ ਦੇ ਰਾਹ ਵੱਲ ਮੋੜਿਆ ਜਾਵੇ। ਜੇ ਵੱਖੋ-ਵੱਖ ਕਿੱਤਿਆਂ ਵਾਲੇ ਇਹ ਨੌਜਵਾਨ ਵੱਖੋ-ਵੱਖ ਸੰਘਰਸ਼ ਕਰਨਗੇ ਤਾਂ ਉਹ ਲਾਜ਼ਮੀ ਹੀ ਸਰਕਾਰੀ ਜਬਰ ਦਾ ਨਿਸ਼ਾਨਾ ਬਣਨਗੇ ਪਰ ਜੇ ਉਹ ਸਾਂਝੇ ਸੰਘਰਸ਼ ਦੇ ਰਾਹ ਤੁਰਨਗੇ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸੌਖਾ ਨਹੀਂ ਹੋਵੇਗਾ ਤੇ ਜਬਰ ਕਰਨ ਲੱਗਿਆਂ ਵੀ ਸਰਕਾਰੀ ਤੰਤਰ ਸੌ ਵਾਰ ਸੋਚੇਗਾ। ਇਹ ਕੋਈ ਸੌਖਾ ਕਾਰਜ ਨਹੀਂ ਪਰ ਇਹ ਅਸੰਭਵ ਵੀ ਨਹੀਂ ਹੈ। ਇਸ ਦੇ ਨਾਲ ਹੀ, ਜਮਹੂਰੀ ਤੇ ਖੱਬੀ ਲਹਿਰ ਅਤੇ ਸਥਾਪਤ ਮੁਲਾਜਮ ਜੱਥੇਬੰਦੀਆਂ ਵਾਸਤੇ ਵੀ ਇਹ ਤਬਕਾ ਪ੍ਰਮੁੱਖ ਸਰੋਕਾਰ ਹੋਣਾ ਚਾਹੀਦਾ ਹੈ। ਇਸ ਲਹਿਰ ਦੀ ਲੀਡਰਸ਼ਿਪ  ਨੂੰ ਜਿਥੇ ਆਪਣੇ ਸੌੜੇ ਤੇ ਮੌਕਾਪ੍ਰਸਤ ਚੋਣ ਲਾਭਾਂ ਨੂੰ ਇਕ ਪਾਸੇ ਰੱਖ ਕੇ ਇਕਜੁੱਟ ਹੋਣ ਦੀ ਲੋੜ ਹੈ, ਉਥੇ ਉਸ ਦੀ ਰਣਨੀਤੀ ਦਾ ਇਕ ਲਾਜ਼ਮੀ ਹਿੱਸਾ ਇਸ ਵਰਗ ਦੀ ਫਿਕਰਮੰਦੀ ਵੀ ਹੋਣਾ ਚਾਹੀਦਾ ਹੈ।

Tuesday 1 November 2016

ਦਲਿਤਾਂ 'ਤੇ ਵੱਧ ਰਹੇ ਹਮਲੇ : 'ਬਲੱਡ ਮਨੀ' ਦੇ ਕੇ ਕਰਵਾਇਆ ਜਾ ਰਿਹੈ ਪੀੜ੍ਹਤਾਂ ਨੂੰ ਚੁੱਪ

ਸਰਬਜੀਤ ਗਿੱਲ
 
ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦੇ ਦਲਿਤ ਨੌਜਵਾਨ ਦੀ ਕੋਹ-ਕੋਹ ਕੇ ਕੀਤੀ ਹੱਤਿਆ ਨੇ ਇੱਕ ਵਾਰ ਫਿਰ ਤੋਂ ਹਾਕਮਾਂ ਦੇ ਦਲਿਤ ਵਿਰੋਧੀ ਚਿਹਰੇ ਨੂੰ ਹੋਰ ਨੰਗਾ ਕੀਤਾ ਹੈ। ਹਾਲੇ ਪਹਿਲਾਂ ਵਾਪਰੇ ਕੁੱਝ ਅਜਿਹੇ ਕਾਂਡਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਇਹ ਇੱਕ ਹੋਰ ਵੱਡਾ ਹਮਲਾ ਸਾਹਮਣੇ ਆਇਆ ਹੈ। ਹਾਕਮ ਧਿਰ ਲਈ ਇਹ ਬਹੁਤ ਛੋਟੀ ਜਿਹੀ ਗੱਲ ਹੋਵੇਗੀ। ਨਸ਼ੇ ਦੇ ਵਪਾਰੀਆਂ ਲਈ ਵੀ ਇਹ ਘਟਨਾ ਕੋਈ ਵੱਡੀ ਨਹੀਂ ਲਗਦੀ ਹੋਵੇਗੀ। ਉਨ੍ਹਾਂ ਦੇ ਵਪਾਰ 'ਚ ਜਿਹੜਾ ਵੀ ਕੋਈ ਅੜਿਕਾ ਪਾਵੇਗਾ, ਉਸ ਦਾ ਉਹ ਅਜਿਹਾ ਹੀ ਹਸ਼ਰ ਕਰਨ ਦੀ ਤਿਆਰੀ 'ਚ ਬੈਠੇ ਹੋਣਗੇ। ਭੀਮ ਟਾਂਕ ਹੱਤਿਆ ਕਾਂਡ ਹੋਵੇ ਜਾਂ ਮੁਕਤਸਰ, ਫਰੀਦਕੋਟ ਦਾ ਕੋਈ ਕਾਂਡ ਹੋਵੇ, ਇਨ੍ਹਾਂ 'ਚੋਂ ਬਹੁਤਿਆਂ ਦਾ ਹੱਲ ਵੀ ਉਹ ਅਜਿਹੇ ਢੰਗ ਨਾਲ ਕਰਦੇ ਹਨ ਕਿ 'ਹਮਾਤੜ' ਵਿਅਕਤੀ ਕੁੱਝ ਵੀ ਨਹੀਂ ਕਰ ਸਕਦਾ। ਬਾਦਲਾਂ ਦੀ ਟਰਾਂਸਪੋਰਟ 'ਚੋਂ ਡਿੱਗ ਕੇ ਮਰੀ ਹੋਈ ਦਲਿਤ ਬੇਟੀ ਹੋਵੇ ਜਾਂ ਕੋਈ ਅਜਿਹੀ ਹੋਰ ਘਟਨਾ ਹੋਵੇ, ਇਨ੍ਹਾਂ ਕਰੀਬ ਸਾਰੇ ਕੇਸਾਂ ਦਾ ਹੱਲ ਪੈਸਿਆਂ ਨਾਲ ਪਾ ਲਿਆ ਜਾਂਦਾ ਹੈ। ਅਰਬ ਦੇਸ਼ਾਂ ਵਾਂਗ ਇਥੇ 'ਬਲੱਡ ਮਨੀ' ਤਾਰਨ ਦਾ ਕੰਮ ਆਰੰਭ ਹੋ ਗਿਆ ਹੈ। ਜਿਸ ਤਹਿਤ ਜਿੱਡਾ ਵੱਡਾ ਕੇਸ, ਉਨੇ ਜਿਆਦਾ ਰੁਪਏ। ਅਦਾਲਤਾਂ ਦੀ ਕਾਰਵਾਈ ਤਾਂ ਸਬੂਤਾਂ 'ਤੇ ਅਧਾਰਿਤ ਹੀ ਹੋਣੀ ਹੁੰਦੀ ਹੈ। ਅਦਾਲਤ 'ਚ ਕੌਣ ਜਾਂਦਾ ਹੈ ਅਤੇ ਕੌਣ ਪੈਰਵਾਈ ਕਰਦਾ ਹੈ, ਇਹ ਬਹੁਤ ਵੱਡਾ ਸਵਾਲ ਹੈ। ਜਦੋਂ ਪਰਿਵਾਰ ਅੱਗੇ ਪੈਸਿਆਂ ਦਾ ਢੇਰ ਲਗਾਇਆ ਗਿਆ ਹੋਵੇ ਤਾਂ  ਜਿਸ ਪਰਿਵਾਰ ਕੋਲ ਅਦਾਲਤੀ ਚਾਰਾਜੋਈ 'ਤੇ ਖਰਚਣ ਜੋਗੀ ਕਾਣੀ ਕੌਡੀ ਵੀ ਨਹੀਂ ਹੁੰਦੀ ਮਜ਼ਬੂਰੀ ਵਸ ਦੜ ਵੱਟ ਜਾਂਦਾ ਹੈ। ਬਹੁਤੇ ਲੋਕ ਤਾਂ ਹਾਦਸਿਆਂ ਉਪਰੰਤ ਪੋਸਟਮਾਰਟਮ ਹੀ ਨਹੀਂ ਕਰਵਾਉਂਦੇ ਕਿ ਮ੍ਰਿਤਕ ਦੀ ਮਿੱਟੀ ਕਾਹਨੂੰ ਖਰਾਬ ਕਰਨੀ ਹੈ। ਪੀੜਤ ਪਰਿਵਾਰ ਅਜਿਹੀ ਸਥਿਤੀ 'ਚ ਫਸ ਜਾਂਦੇ ਹਨ ਜਿੱਥੇ ਇੱਕ ਪਾਸੇ ਦਬਾਅ ਹੁੰਦਾ ਹੈ ਅਤੇ ਨਾਲ ਹੀ ਪੈਸੇ ਦਾ ਢੇਰ ਵੀ ਹੁੰਦਾ ਹੈ। ਮੋਗਾ ਆਰਬਿਟ ਬੱਸ ਕਾਂਡ ਦਾ ਹਾਲ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ। ਪਰਿਵਾਰ ਵਲੋਂ ਅਦਾਲਤ 'ਚ ਜਿਸ ਢੰਗ ਨਾਲ ਪੇਸ਼ਕਾਰੀ ਕੀਤੀ ਗਈ ਹੈ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 'ਇਨਸਾਫ' ਖਰੀਦਿਆ ਜਾ ਸਕਦਾ ਹੈ। ਹਾਕਮਾਂ ਵਲੋਂ ਅਜਿਹੇ ਵੇਲੇ ਪਾਏ ਦਬਾਅ ਦਾ ਇੱਕ ਹੋਰ ਪਹਿਲੂ ਵੀ ਹੁੰਦਾ ਹੈ ਕਿ ਜੇ ਕਿਤੇ ਨਜਾਇਜ਼ ਧੰਦੇ 'ਚ ਲੱਗਾ ਕੋਈ ਵਿਅਕਤੀ ਮਾਰਿਆ ਜਾਵੇ ਤਾਂ ਉਸ ਦੇ ਵਾਰਸਾਂ ਨੂੰ ਡਰਾਇਆ ਹੀ ਅਜਿਹੇ ਢੰਗ ਨਾਲ ਜਾਂਦਾ ਹੈ ਕਿ ਉਹ ਕੇਸ ਕਰਨ ਲੱਗੇ ਵੀ ਸੌ ਵਾਰ ਨਹੀਂ ਸਗੋਂ ਹਜ਼ਾਰ ਵਾਰ ਸੋਚਦੇ ਹਨ। ਬਹੁਤੀ ਵਾਰ ਸਮਾਜਿਕ ਦਬਾਅ ਕਾਰਨ ਵੀ ਖਾਸ ਕਰ ਸਾਡਾ ਦਲਿਤ ਵਰਗ ਮਾਮਲੇ ਨੂੰ ਉਛਾਲਣ ਤੋਂ ਪ੍ਰਹੇਜ਼ ਰੱਖਣ 'ਚ ਬਿਹਤਰੀ ਸਮਝਦਾ ਹੈ। ਜਲੰਧਰ ਜ਼ਿਲ੍ਹੇ ਦੇ ਰਾਏਪੁਰ ਰਾਈਆ ਦਾ ਗਰੀਬ ਵਿਅਕਤੀ ਜਦੋਂ ਛੱਲੀਆਂ ਚੋਰੀ ਕਰਕੇ ਕਰੰਟ ਨਾਲ ਮਾਰਿਆ ਜਾਂਦਾ ਹੈ ਤਾਂ ਕੋਈ ਇਹ ਕਹਿਣ ਨੂੰ ਤਿਆਰ ਨਹੀਂ ਕਿ ਖੇਤਾਂ ਦੇ ਆਲੇ ਦੁਆਲੇ ਗੈਰ ਕਾਨੂੰਨੀ ਕਰੰਟ ਦੀ ਤਾਰ ਕਿਉਂ ਲਗਾਈ ਗਈ ਸੀ। ਤਕੜਿਆਂ ਦਾ ਇਹ ਸਵਾਲ ਹੁੰਦਾ ਹੈ ਕਿ ਇਹ ਵਿਅਕਤੀ ਆਖਰ ਤਾਂ ਚੋਰੀ ਕਰਨ ਗਿਆ ਸੀ। ਗਰੀਬ ਵਿਅਕਤੀ ਦੇ ਵਾਰਸ ਚੋਰੀ ਲੁਕਾਉਣ ਦੇ ਚੱਕਰ 'ਚ ਆਪਣਾ ਲੜ ਛੁਡਾਵਉਣਾ ਹੀ ਬਿਹਤਰ ਸਮਝਦੇ ਹਨ। ਅਜਿਹੇ ਮੌਕੇ ਤਕੜਿਆਂ ਦੀ ਕਰਤੂਤ 'ਤੇ ਕੋਈ ਵੀ ਊਂਗਲ ਧਰਨ ਨੂੰ ਤਿਆਰ ਨਹੀਂ ਹੁੰਦਾ। ਤਕੜਿਆਂ 'ਤੇ ਤਾਂ ਕੋਈ ਅਜਿਹਾ ਕਾਨੂੰਨ ਲਾਗੂ ਹੀ ਨਹੀਂ ਹੁੰਦਾ!
ਅਜਿਹਾ ਕਿਉਂ ਹੁੰਦਾ ਹੈ ਕਿਉਂਕਿ ਦਲਿਤਾਂ ਦੀ ਰਾਖੀ ਲਈ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਆਪ ਦਲਿਤ ਵਿਰੋਧੀ ਮਾਨਸਿਕਤਾ ਦੀ ਪੈਦਾਵਾਰ ਹਨ। ਕਾਨੂੰਨ ਬਣਾਏ ਤਾਂ ਬਹੁਤ ਹਨ ਪਰ ਜਦੋਂ ਲਾਗੂ ਕਰਨ ਦਾ ਸਵਾਲ ਖੜ੍ਹਾ ਹੁੰਦਾ ਹੈ ਤਾਂ ਦਲਿਤਾਂ ਦੇ ਅਖੌਤੀ ਲੀਡਰ ਵੀ ਦੂਜੇ ਪਾਸੇ ਖੜ੍ਹੇ ਦਿਖਾਈ ਦਿੰਦੇ ਹਨ। ਬਹੁਤੀ ਵਾਰ ਦਲਿਤ ਜਾਤੀ ਲਈ ਬੋਲੇ ਗਏ ਗਏ ਅਪਸ਼ਬਦਾਂ ਨੂੰ ਹੀ ਦਲਿਤਾਂ ਦੀ ਰਾਖੀ ਦਾ ਕਾਨੂੰਨ ਸਮਝ ਲਿਆ ਜਾਂਦਾ ਹੈ। ਇੱਕਲੇ ਅਪਸ਼ਬਦਾਂ ਦਾ ਸਵਾਲ ਨਹੀਂ ਹੈ ਸਗੋਂ ਜਾਤ ਦੇ ਨਾਂਅ 'ਤੇ ਕੀਤਾ ਗਿਆ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਵੀ ਇਸੇ ਸ਼੍ਰੇਣੀ 'ਚ ਆਉਂਦਾ ਹੈ। ਨਿਸ਼ਚਤ ਗਿਣਤੀ ਤੋਂ ਜਿਆਦਾ ਵਿਅਕਤੀ ਇਕੱਠੇ ਹੋ ਕੇ ਦਲਿਤਾਂ ਦੇ ਮੁਹੱਲੇ 'ਚ ਖਰੂਦ ਪਾਉਣ 'ਤੇ ਵੀ ਇਹ ਐਕਟ ਲਾਗੂ ਹੁੰਦਾ ਹੈ, ਇਸ ਮਾਮਲੇ 'ਚ ਸਿੱਧੇ ਰੂਪ 'ਚ ਚਾਹੇ ਕਿਸੇ ਵੀ ਦਲਿਤ ਨੂੰ ਕੁੱਝ ਵੀ ਨਾ ਕਿਹਾ ਹੋਵੇ। ਵੱਡਾ ਸਵਾਲ ਇਹ ਹੈ ਕਿ ਅਜਿਹੇ ਕਾਨੂੰਨਾਂ ਦਾ ਉਸ ਵੇਲੇ ਹੀ ਪਤਾ ਲਗਦਾ ਹੈ ਕਿ ਜਦੋਂ ਕਿਤੇ ਵਾਹ ਪੈਂਦਾ ਹੈ। ਆਮ ਹਲਾਤ 'ਚ ਅਜਿਹੇ ਕਾਨੂੰਨਾਂ ਦੀ ਵਾਕਫੀਅਤ ਕਰਵਾਉਣ ਲਈ ਕੋਈ ਵੀ ਤਿਆਰ ਨਹੀਂ ਹੈ।
ਅਜਿਹੀਆਂ ਘਟਨਾਵਾਂ ਪਹਿਲੀ ਵਾਰ ਨਹੀਂ ਵਾਪਰੀਆਂ ਅਤੇ ਹੁਣ ਇਹ ਤੇਜੀ ਨਾਲ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ। ਇਸ ਦਾ ਅਹਿਮ ਕਾਰਨ ਅਮੀਰੀ-ਗਰੀਬੀ 'ਚ ਪਾੜ੍ਹਾ ਵਧਣਾ ਵੀ ਹੈ। ਪੂੰਜੀਵਾਦੀ ਸਿਸਟਮ 'ਚ ਜਿਓਂ-ਜਿਓਂ ਇਹ ਪਾੜਾ ਹੋਰ ਵਧੇਗਾ, ਜਿਹੜਾ ਕਿ ਪਹਿਲਾਂ ਹੀ ਬਹੁਤ ਤਿੱਖਾ ਹੈ ਤਾਂ ਅਜਿਹੇ ਹਾਲਾਤ 'ਚ ਸਿਰਫ ਦਲਿਤਾਂ 'ਤੇ ਹੀ ਨਹੀਂ ਸਗੋਂ ਹੋਰਨਾਂ ਗਰੀਬ ਵਰਗਾਂ 'ਤੇ ਅਤਿਆਚਾਰ ਪਹਿਲਾ ਨਾਲੋਂ ਵੀ ਵੱਧਣਗੇ। ਪਿਛਾਂਹਖਿੱਚੂ ਹਾਕਮਾਂ ਦੀਆਂ ਸਰਕਾਰਾਂ ਦੇ ਰਾਜ ਭਾਗ ਦੌਰਾਨ ਜਾਤਪਾਤ ਸਿਸਟਮ ਦਾ ਗੁਣਗਾਨ ਜਦੋਂ ਵਧੇਰੇ ਕੀਤਾ ਜਾਵੇਗਾ, ਤਾਂ ਇਸ ਨਾਲ ਵੀ ਅਜਿਹੀਆਂ ਘਟਨਾਵਾਂ 'ਚ ਤੇਜ਼ੀ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਾਤਪਾਤ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਕ੍ਰਿਤੀ ਦੀ ਵਡਿਆਈ ਵੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ 'ਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਹਾਕਮ ਧਿਰ ਸਰਮਾਏਦਾਰੀ ਜਮਾਤ ਅਤੇ ਜਗੀਰਦਾਰੀ ਦੀ ਨੁਮਾਇੰਦਗੀ ਕਰਦੀ ਹੋਣ ਕਾਰਨ ਅਤੇ ਰਾਜਸੱਤਾ ਦਾ ਸੁੱਖ ਭੋਗਦੇ ਹੋਏ ਇਹ ਲੋਕ ਦਲਿਤਾਂ ਅਤੇ ਹੋਰ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਦੇ ਹਨ। ਦਲਿਤਾਂ 'ਚ ਵਧਦੀ ਚੇਤਨਾ ਵੀ ਇਨ੍ਹਾਂ ਸਰਮਾਏਦਾਰਾਂ ਨੂੰ ਚੁੱਭਦੀ ਹੈ, ਜਿਸ ਦੇ ਸਿੱਟੇ ਵਜੋਂ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।  
ਇਸ ਮਾਮਲੇ 'ਚ ਸਭ ਤੋਂ ਵੱਡਾ ਜਨਾਜ਼ਾ ਦਲਿਤਾਂ ਦੀ ਰਾਖੀ ਲਈ ਬਣਾਏ ਬੋਰਡਾਂ ਦੀਆਂ ਕਾਰਗੁਜ਼ਾਰੀਆਂ ਤੋਂ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਜਿਸ ਢੰਗ ਨਾਲ ਅਜਿਹੇ ਬੋਰਡਾਂ 'ਚ ਰਾਜਨੀਤਕ ਦਖਲਅੰਦਾਜ਼ੀ ਕੀਤੀ ਜਾਂਦੀ ਹੈ, ਉਸ ਤੋਂ ਇਨਸਾਫ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਅਜਿਹੇ ਬੋਰਡਾਂ ਦੇ ਚੇਅਰਮੈਨਾਂ ਦੀ ਸਾਂਝ ਕਿਸ ਪਾਰਟੀ ਨਾਲ ਹੈ, ਉਸ ਤੋਂ ਹੀ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਮਾਮਲੇ ਦੀ ਸ਼ਿਕਾਇਤ ਕਿਸ ਚੇਅਰਮੈਨ ਨੂੰ ਕੀਤੀ ਜਾਵੇ? ਪੰਜਾਬ ਅਤੇ ਕੇਂਦਰ ਨਾਲ ਸਬੰਧਤ ਅਜਿਹੇ ਕਮਿਸ਼ਨ/ਬੋਰਡ ਪਹਿਲਾ ਹੀ ਹੋਂਦ 'ਚ ਹਨ, ਜਿਨ੍ਹਾਂ ਨੇ ਅਜਿਹੇ ਕੇਸਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਹੁੰਦੀਆਂ ਹਨ। ਪੀੜਤ ਵਿਅਕਤੀ ਸ਼ਿਕਾਇਤਾਂ ਕਰਦੇ ਕਰਦੇ ਹੰਭ ਜਾਂਦੇ ਹਨ ਪਰ ਕੇਸ ਕਿਸੇ ਪੱਤਣ ਨਾ ਲਗਦਾ ਦੇਖ ਕੇ ਪੀੜ੍ਹਤ ਵਿਅਕਤੀ ਅਜਿਹੀ ਪੱਖਪਾਤਪੂਰਨ ਸਥਿਤੀ 'ਚ ਸਮਝੌਤਾ ਕਰਨ 'ਚ ਹੀ ਆਪਣੀ ਭਲਾਈ ਸਮਝਦੇ ਹਨ। ਕੇਂਦਰ ਅਤੇ ਪੰਜਾਬ ਦੇ ਅਜਿਹੇ ਹੀ ਬੋਰਡਾਂ ਦੇ ਚੇਅਰਮੈਨ ਪਹਿਲਾਂ ਹੀ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਦਿਖਾਈ ਦਿੰਦੇ ਹਨ। ਅਜਿਹੀ ਸਥਿਤੀ 'ਚ ਰਾਜਨੀਤਕ ਆਗੂ ਹਿੱਕ ਥਾਪੜ ਕੇ ਕਹਿੰਦੇ ਹਨ ਕਿ ਅਜਿਹੇ ਚੇਅਰਮੈਨ ਪਾਸ ਕੀਤੀ ਸ਼ਿਕਾਇਤ 'ਚੋਂ ਕੁੱਝ ਨਹੀਂ ਬਣਨਾ। ਬਾਦਲਾਂ ਵਲੋਂ ਬਣਾਏ ਗਏ ਇੱਕ ਬੋਰਡ ਦੀ ਅਸਲੀਅਤ ਜਾਣ ਕੇ ਇਹ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਕਿ ਇਹ ਕਿੰਨਾ ਕੁ ਇਨਸਾਫ ਦੇ ਸਕਦੇ ਹਨ। ਇਸ ਬੋਰਡ ਦਾ ਗਠਨ ਮੁਖ ਮੰਤਰੀ ਦੀ ਸਿਫਾਰਸ਼ 'ਤੇ ਪੰਜਾਬ ਦੇ ਗਵਰਨਰ ਨੇ ਪ੍ਰਸੰਨਤਾਪੂਰਵਕ ਕੀਤਾ ਸੀ। ਐਪਰ ਦਲਿਤ ਕਿੰਨੇ ਕੁ ਪ੍ਰਸੰਨ ਹੋਏ ਹੋਣਗੇ, ਉਸ ਦੀ ਅਸਲੀਅਤ ਦਾ ਪਰਦਾ ਸੂਚਨਾ ਦੇ ਕਾਨੂੰਨ ਤਹਿਤ ਪ੍ਰਾਪਤ ਕੀਤੀਆਂ ਕੁੱਝ ਜਾਣਕਾਰੀਆਂ ਰਾਹੀਂ ਭਲੀ ਭਾਂਤ ਲੱਗ ਜਾਂਦਾ ਹੈ। ਜਿਸ 'ਚ ਕੁੱਝ ਜਾਣਕਾਰੀਆਂ ਦੇਣ ਤੋਂ ਪਿਛਲੇ ਕਈ ਸਾਲਾਂ ਤੋਂ ਜਾਣਬੁੱਝ ਕੇ ਟਾਲਾ ਵੱਟਿਆ ਜਾ ਰਿਹਾ ਹੈ। ਫਿਰ ਵੀ ਪ੍ਰਾਪਤ ਕੀਤੀ ਕੁੱਝ ਜਾਣਕਾਰੀ ਮੁਤਾਬਿਕ ਇਸ ਬੋਰਡ ਦੇ ਵਾਈਸ ਚੇਅਰਮੈਨ ਨੂੰ 20 ਹਜ਼ਾਰ ਰੁਪਏ ਮਾਣ ਭੱਤਾ, ਹਾਊਸ ਰੈਂਟ 12 ਹਜ਼ਾਰ ਰੁਪਏ ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ, 6 ਰੁਪਏ ਕਿਲੋਮੀਟਰ ਗੱਡੀ ਦਾ 2500 ਕਿਲੋਮੀਟਰ ਪ੍ਰਤੀ ਮਹੀਨਾ ਖਰਚ, ਫੋਨ ਖਰਚੇ ਲਈ 1800 ਰੁਪਏ ਪ੍ਰਤੀ ਮਹੀਨਾ ਅਤੇ ਮਨੋਰੰਜਨ ਲਈ 800 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦਾ 'ਮਤਾ' ਪਕਾਇਆ ਹੋਇਆ ਹੈ। ਆਰਟੀਆਈ ਤਹਿਤ ਮੰਗੀ ਬਹੁਤੀ ਜਾਣਕਾਰੀ ਬਾਰੇ ਬਹੁਤੇ ਥਾਵਾਂ 'ਤੇ ਇਸ ਬੋਰਡ ਦੇ ਅਮਲੇ ਫੈਲੇ ਨੇ ਨਿਲ-ਨਿਲ ਲਿਖ ਕੇ ਆਪਣਾ ਪੱਲਾ ਝਾੜਿਆ ਹੋਇਆ ਹੈ।
ਅਜਿਹੀ ਸਥਿਤੀ 'ਚ ਜਦੋਂ ਬਿਨ੍ਹਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਬਲੱਡ ਮਨੀ ਦੇ ਕੇ ਰਫ਼ਾ ਦਫ਼ਾ ਕਰਨ ਦੀ ਰਵਾਇਤ ਬਣ ਗਈ ਹੋਵੇ ਤਾਂ ਸਾਡੇ ਸਮਾਜ ਦੇ ਗਰੀਬ ਵਰਗ 'ਤੇ ਹਮਲਿਆਂ ਦੀ ਤਲਵਾਰ ਸਦਾ ਲਟਕਦੀ ਹੀ ਰਹੇਗੀ। ਇਸ ਦਾ ਮੁਕਾਬਲਾ ਮਜ਼ਦੂਰਾਂ ਦੀ ਹਕੀਕੀ ਅਤੇ ਮਜ਼ਬੂਤ ਜਥੇਬੰਦੀ ਨਾਲ ਹੀ ਕੀਤਾ ਜਾ ਸਕਦਾ ਹੈ। ਅਜਿਹੀ ਜਥੇਬੰਦੀ ਜਿਹੜੀ ਸਰਕਾਰ ਦੇ ਖ਼ਿਲਾਫ ਸੰਘਰਸ਼ ਲਾਮਬੰਦ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਵੀ ਦਵਾਏ ਅਤੇ ਪਰਿਵਾਰ ਦੀ ਹਰ ਕਿਸਮ ਦੀ ਰਾਖੀ ਦੀ ਜਾਮਨੀ ਵੀ ਦੇਵੇ। ਹਾਕਮਾਂ ਵਲੋਂ ਅੱਖਾਂ ਪੂੰਝਣ ਵਾਲੇ ਕਾਨੂੰਨ, ਦਲਿਤਾਂ ਦੀ ਰਾਖੀ ਨਹੀਂ ਕਰ ਸਕਣਗੇ ਅਤੇ ਨਾ ਹੀ ਇਨ੍ਹਾਂ ਤੋਂ ਬਹੁਤੀ ਆਸ ਕੀਤੀ ਜਾਣੀ ਬਣਦੀ ਹੈ। 

ਕਿਰਤੀ ਜਮਾਤ ਦੇ ਹੱਕਾਂ ਹਿਤਾਂ ਦੀ ਤਰਜਮਾਨੀ ਕਰਦਾ ਝਲੂਰ ਦੇ ਬੇਜ਼ਮੀਨੇ ਲੋਕਾਂ ਦਾ ਸੰਘਰਸ਼

ਸੰਗਰੂਰ ਜ਼ਿਲ੍ਹੇ ਦਾ ਪਿੰਡ ਝਲੂਰ ਇਸ ਵੇਲੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਚਰਚਾ ਦਾ ਸਬੱਬ ਬਣੀ ਹੈ ਪਿੰਡ ਦੇ ਬੇਜਮੀਨੇ ਦਲਿਤਾਂ 'ਤੇ ਜਰਵਾਣਿਆਂ ਵਲੋਂ ਵਹਿਸ਼ੀ ਜਬਰ ਢਾਹੇ ਜਾਣ ਅਤੇ ਅਨੇਕਾਂ ਨੂੰ ਪਿੰਡੋਂ ਦਰ-ਬਦਰ ਕਰਨ ਦੀ ਲੰਘੀ 5 ਅਕਤੂਬਰ ਨੂੰ ਵਾਪਰੀ ਹੌਲਨਾਕ ਘਟਨਾ। ਕੇਵਲ ਇੰਨਾ ਹੀ ਜਿਵੇਂ ਕਾਫ਼ੀ ਨਾ ਹੋਵੇ, ਨਾਦਿਰਸ਼ਾਹੀ ਦਰਿੰਦਗੀ ਦੀ ਅਜੋਕੀ ਮਿਸਾਲ, ਸੂਬੇ ਦੀ ਅਕਾਲੀ-ਭਾਜਪਾ ਗਠਜੋੜ ਹਕੂਮਤ ਦੇ ਹੁਕਮਾਂ ਅਧੀਨ ਸੰਗਰੂਰ ਪੁਲਸ ਪ੍ਰਸ਼ਾਸਨ ਨੇ ਉਲਟਾ ਜਬਰ ਦਾ ਸ਼ਿਕਾਰ ਬਣੇ ਬਹੁਗਿਣਤੀ ਦਲਿਤਾਂ-ਬੇਜ਼ਮੀਨਿਆਂ ਨੂੰ ਹੀ ਫਰਜ਼ੀ ਮੁਕੱਦਮਿਆਂ 'ਚ ਫਸਾ ਦਿੱਤਾ ਹੈ।
ਮਸਲਾ ਇਹ ਹੈ ਕਿ ਪਿੰਡ ਦੇ ਬੇਜ਼ਮੀਨੇ ਪਰਿਵਾਰ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਪਿੰਡ ਦੀ ਸਾਂਝੀ ਮਾਲਕੀ ਵਾਲੀ ਜ਼ਮੀਨ ਵਿਚੋਂ ਤੀਜਾ ਹਿੱਸਾ ਪਿੰਡ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਖੇਤੀ ਦੇ ਮਕਸਦ ਲਈ ਠੇਕੇ 'ਤੇ ਦਿੱਤਾ ਜਾਵੇ ਅਤੇ ਇਸ ਦੀ ਫਰਜ਼ੀ ਦੀ ਬਜਾਇ ਹਕੀਕੀ ਬੋਲੀ ਕਰਵਾਈ ਜਾਵੇ ਜਿਸ ਵਿਚ ਕਿਸੇ ਵੀ ਧਨੀ-ਧਨਾਢ ਦੀ ਸਿੱਧੀ-ਅਸਿੱਧੀ ਦਖਲ ਅੰਦਾਜ਼ੀ ਨਾ ਹੋਵੇ। ਇਹ ਮੰਗ ਕੋਈ ਅਲੋਕਾਰ ਨਹੀਂ ਬਲਕਿ ਇਸ ਦੀ ਵਿਵਸਥਾ ਪੰਜਾਬ ਰਾਜ ਪੰਚਾਇਤੀ ਐਕਟ ਵਿਚ ਵੀ ਕੀਤੀ ਹੋਈ ਹੈ। ਪਰ ਹਕੀਕਤ ਇਹ ਹੈ ਕਿ ਕਿਧਰੇ ਵੀ ਇਸ ਕਾਨੂੰਨੀ ਵਿਵਸਥਾ ਦੀ ਪਾਲਣਾ ਨਹੀਂ ਹੋ ਰਹੀ। ਉਂਝ ਤਾਂ ਭਾਵੇਂ ਇਹ ਮੰਗ ਪੰਜਾਬ ਭਰ 'ਚੋਂ ਹੀ ਉਠ ਰਹੀ ਹੈ ਪਰ ਸੰਗਰੂਰ ਜ਼ਿਲ੍ਹਾ ਇਸ ਅਤੀ ਵਾਜਬ ਸੰਘਰਸ਼ ਦਾ ਕੇਂਦਰ ਬਣਿਆ ਹੈ। ਘਟਨਾ ਵਾਲੇ ਪਿੰਡ ਝਲੂਰ ਵਿਚ ਸਾਂਝੀ ਮਾਲਕੀ ਵਾਲੀ 90 ਏਕੜ ਜ਼ਮੀਨ ਹੋਣ ਦਾ ਪਤਾ ਲੱਗਿਆ ਹੈ। ਇਹ ਵੀ ਗੱਲ ਉਭਰ ਕੇ ਸਾਹਮਣੇ ਆਈ ਕਿ ਇਸ ਵਿਚੋਂ 40 ਏਕੜ ਜ਼ਮੀਨ 'ਤੇ ਗੈਰ ਦਲਿਤ ਲੋਕ ਧੱਕੇ ਨਾਲ ਕਾਬਜ ਹਨ ਜਿਨ੍ਹਾਂ ਤੋਂ ਨਜਾਇਜ਼ ਕਬਜ਼ਾ ਛੁਡਾਉਣ ਲਈ ਕਦੀ ਕੋਈ ਕਾਨੂੰਨੀ ਜਾਂ ਪੰਚਾਇਤੀ ਚਾਰਾਜੋਈ ਨਹੀਂ ਕੀਤੀ ਗਈ। ਕਹਿਣ ਦੀ ਲੋੜ ਨਹੀਂ ਕਿ ਇਸ ਦੱਬੀ ਹੋਈ 40 ਏਕੜ ਦੇ ਤੀਜੇ ਹਿੱਸੇ ਭਾਵ 13.3 ਏਕੜ 'ਤੇ ਕਾਬਜਾਂ ਨੇ ਦਲਿਤਾਂ/ਬੇਜ਼ਮੀਨਿਆਂ, ਜਿਨ੍ਹਾਂ ਨੂੰ ਇਹ ਖੇਤੀ ਲਈ ਮਿਲਣੀ ਚਾਹੀਦੀ ਹੈ, ਨੂੰ ਖੰਘਣ ਵੀ ਨਹੀਂ ਦਿੱਤਾ ਜਾਂਦਾ। ਬਾਕੀ ਬਚੀ 'ਚੋਂ ਦਲਿਤਾਂ ਲਈ ਰਾਖਵਾਂ ਤੀਜਾ ਹਿੱਸਾ ਫਰਜ਼ੀ ਬੋਲੀ ਰਾਹੀਂ ਕਿਸੇ ਜ਼ੋਰਾਵਰ ਧਨਾਢ ਦੀ ਵਾਹੀ ਹੇਠ ਹੈ ਅਤੇ ਉਹ ਮੌਜੂਦਾ ਸਰਕਾਰ ਦਾ ਕ੍ਰਿਪਾ ਪਾਤਰ ਹੈ। ਪਿੰਡ ਦੇ ਬੇਜ਼ਮੀਨੇ ਪਰਿਵਾਰ ਇਸ ਫਰਜ਼ੀ ਬੋਲੀ ਨੂੰ ਰੱਦ ਕੀਤੇ ਜਾਣ, ਹਕੀਕੀ ਲੋੜਵੰਦਾਂ 'ਚੋਂ ਹੀ ਬੋਲੀ ਕਰਵਾਏ ਜਾਣ, ਅਤੇ ਅੱਗੋਂ ਤੋਂ ਇਹ ਕਾਨੂੰਨੀ ਢੰਗ ਤਰੀਕਾ ਹਰ ਹੀਲਾ ਕਾਇਮ ਰੱਖੇ ਜਾਣ ਅਤੇ ਨਾਜਾਇਜ਼ ਕਬਜ਼ਾਧਾਰੀਆਂ ਦੇ ਕਬਜ਼ੇ 'ਚੋਂ ਜ਼ਮੀਨ ਛੁਡਵਾ ਕੇ ਉਸਦੀ ਵੀ ਬੋਲੀ ਵਿਧੀਵਤ ਕਰਵਾਏ ਜਾਣ ਦੀ ਮੰਗ ਲਈ ਜਮਹੂਰੀ ਢੰਗ ਤਰੀਕਿਆਂ ਨਾਲ ਸੰਘਰਸ਼ ਕਰ ਰਹੇ ਹਨ। ਇਹ ਹੈ, 5 ਅਕਤੂਬਰ ਨੂੰ ਗਿਣਮਿਥ ਕੇ ਅੰਜਾਮ ਦਿੱਤੀ ਗਈ ਝਲੂਰ ਦੇ ਦਲਿਤਾਂ-ਬੇਜ਼ਮੀਨਿਆਂ 'ਤੇ ਜਬਰ ਦੀ ਘਟਨਾ ਦਾ ਪਿਛੋਕੜ। ਉਂਝ ਤਾਂ ਭਾਵੇਂ ਮੌਜੂਦਾ ਪੰਜਾਬ ਸਰਕਾਰ ਦੇ ਲਗਾਤਾਰ ਦੋ ਕਾਰਜਕਾਲਾਂ 'ਚ ਦਲਿਤਾਂ 'ਤੇ ਜਬਰ ਦੀਆਂ ਦਿਲਹਿਲਾਊ ਘਟਨਾਵਾਂ ਵਾਪਰਨੀਆਂ ਰੋਜ ਦਾ ਵਰਤਾਰਾ ਬਣ ਗਈਆਂ ਹਨ, ਪਰ ਇਹ ਘਟਨਾ ਕਈਆਂ ਪੱਖਾਂ ਤੋਂ ਵਿਸ਼ੇਸ਼ ਧਿਆਨ ਮੰਗਦੀ ਹੈ।
ਹਜ਼ਾਰਾਂ ਸਾਲਾਂ ਤੋਂ ਜਾਤ-ਪਾਤੀ ਜਬਰ ਦੇ ਸਤਾਏ, ਰੋਜ਼ਗਾਰ-ਸਿੱਖਿਆ-ਸਿਹਤ ਸਹੂਲਤਾਂ ਅਤੇ ਹੋਰ ਜਿਉਣਯੋਗ ਲੋੜਾਂ ਤੋਂ ਪੂਰੀ ਤਰ੍ਹਾਂ ਵਾਂਝੇ ਬੇਜਮੀਨਿਆਂ, ਜਿਨ੍ਹਾਂ 'ਚੋਂ ਵਧੇਰੇ ਕਰਕੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹਨ, ਵਿਚ ਇਕ ਨਵੀਂ ਸੰਘਰਸ਼ਸ਼ੀਲ ਚੇਤਨਾ ਜਨਮ ਲੈ ਰਹੀ ਹੈ।
ਪਲਾਟਾਂ (ਰਿਹਾਇਸ਼ੀ), ਮਕਾਨਾਂ ਲਈ ਗਰਾਟਾਂ, ਪੀਣ ਵਾਲਾ ਰੋਗਾਣੂ ਰਹਿਤ ਪਾਣੀ, ਸਾਰਾ ਸਾਲ ਰੋਜ਼ਗਾਰ, ਠੇਕੇ 'ਤੇ ਖੇਤੀ ਲਈ ਸਸਤੀਆਂ ਜ਼ਮੀਨਾਂ, ਸਮਾਜਕ ਸੁਰੱਖਿਆ, ਪੈਨਸ਼ਨਾਂ, ਸਰਕਾਰੀ ਤੰਤਰ ਵਲੋਂ ਸਸਤਾ ਰਾਸ਼ਨ ਦਿੱਤੇ ਜਾਣ, ਉਜਰਤ ਵਾਧਾ, ਜਾਤੀ-ਪਾਤੀ ਵਿਤਕਰੇ ਬੰਦ ਕੀਤੇ ਜਾਣ ਆਦਿ ਮੰਗਾਂ ਪ੍ਰਤੀ ਪਹਿਲੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਲਾਮਬੰਦੀ ਹੋਣੀ ਸ਼ੁਰੂ ਹੋ ਗਈ ਹੈ।
ਉਪਰੋਕਤ ਦੋਹਾਂ ਵਰਤਾਰਿਆਂ 'ਚ ਕਾਫੀ ਹੱਦ ਤੱਕ ਖੱਬੇ ਪੱਖੀ, ਜਮਹੂਰੀ ਦਿਖ ਵਾਲੀਆਂ ਸੰਗਰਾਮੀ ਮਜ਼ਦੂਰ ਜਥੇਬੰਦੀਆਂ ਦੀ ਭੂਮਿਕਾ ਵੀ ਸਾਫ ਨਜ਼ਰ ਆਉਂਦੀ ਹੈ। ਇਹ ਜਥੇਬੰਦੀਆਂ ਮਜ਼ਦੂਰ ਸੰਗਠਨਾਂ ਦਾ ਸਾਂਝਾ ਮੋਰਚਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਾ ਕੇ ਵੀ ਮਜ਼ਦੂਰ ਅਤੇ ਮਜ਼ਦੂਰਾਂ-ਕਿਸਾਨਾਂ ਦੇ ਸਾਂਝੇ ਮਸਲਿਆਂ 'ਤੇ ਸੰਘਰਸ਼ ਦੇ ਮੈਦਾਨ ਵਿਚ ਹਨ। ਹਾਕਮ ਜਮਾਤਾਂ ਦੀਆਂ ਰੰਗ ਬਿਰੰਗੀਆਂ ਪਾਰਟੀਆਂ ਦੇ ਸ਼ੋਹਰਤ ਅਤੇ ਚੋਣ ਲਾਭਾਂ ਲਈ ਕੀਤੇ ਜਾਂਦੇ ਨਾਟਕੀ ਐਕਸ਼ਨਾਂ ਨਾਲੋਂ ਮੌਜੂਦਾ ਸੂਬਾ ਸਰਕਾਰ (ਅਤੇ ਸਮੇਂ ਦੀਆਂ ਸਾਰੀਆਂ ਸਰਕਾਰਾਂ) ਲਈ ਉਪਰੋਕਤ ਜਮਹੂਰੀ ਚੇਤਨਾ 'ਤੇ ਅਧਾਰਤ ਠੋਸ ਵਿਉਂਤਬੰਦ ਘੋਲ ਅਸਲ ਚਿੰਤਾ ਦਾ ਕਾਰਨ ਹਨ। ਜੇ ਅਜਿਹੇ ਘੋਲਾਂ ਦੀ ਮਿਕਦਾਰ ਅਤੇ ਇਨ੍ਹਾਂ ਵਿਚ ਮਜਦੂਰਾਂ ਦੀ ਸ਼ਮੂਲੀਅਤ ਵੱਧਦੀ ਹੈ ਤਾਂ ਇਹ ਤਾਕਤਾਂ ਦਾ ਤੋਲ ਕਿਰਤੀਆਂ ਦੇ ਪੱਖ ਵਿਚ ਬਦਲੇ ਜਾਣ ਦਾ ਸਬੱਬ ਬਣੇਗਾ ਇਸ ਗੱਲ ਤੋਂ ਹਾਕਮ ਜਮਾਤੀ ਪਾਰਟੀਆਂ ਭਲੀ ਭਾਂਤ ਜਾਣੂੰ ਹਨ ਅਤੇ ਖ਼ੌਫ ਖਾਂਦੀਆਂ ਹਨ। ਸਰਕਾਰਾਂ ਦੇ ਸੋਚਣ ਦਾ ਢੰਗ ਇਹ ਹੈ ਕਿ ਝਲੂਰ ਵਿਚਲੀ ਜ਼ਮੀਨ ਦੀ ਮੰਗ ਪਿੰਡ ਤੋਂ ਜ਼ਿਲ੍ਹਾ, ਜ਼ਿਲ੍ਹੇ ਤੋਂ ਸੂਬੇ ਅਤੇ ਸੂਬੇ ਤੋਂ ਦੇਸ਼ ਤੱਕ ਫੈਲ ਜਾਵੇਗੀ।
ਇਸ ਕਤਾਰਬੰਦੀ 'ਚੋਂ ਅੱਗੋਂ ਹੋਰ ਪਛੜੇ ਵਰਗਾਂ 'ਤੇ ਗਰੀਬ ਕਿਸਾਨਾਂ ਦਾ ਏਕਾ ਉਸਰ ਸਕਦਾ ਹੈ ਜੋ ਜਮਾਤੀ ਰਾਜ ਲਈ ਸ਼ੁਭ ਸੰਕੇਤ ਨਹੀਂ ਅਤੇ ਫੌਰੀ ਤੌਰ 'ਤੇ ਰਾਜ ਕਰਦੀ ਪਾਰਟੀ ਦੇ ਸਥਾਨਕ ਧੱਕੜਸ਼ਾਹਾਂ ਦੀ ਜਕੜ 'ਤੇ ਦਹਿਸ਼ਤ ਟੁੱਟਣ ਦਾ ਵੀ ਕਾਰਣ ਬਣੇਗੀ ਇਹ ਉਸਰ ਰਹੀ ਕਤਾਰਬੰਦੀ । ਇਸੇ ਲਈ ਝਲੂਰ ਵਾਲੇ ਜਾਬਰ ਹੱਲੇ ਦੇ ਮਾਮਲੇ 'ਚ ਸਿਆਸਤਦਾਨਾਂ (ਹਾਕਮ ਜਮਾਤੀ) ਸਿਵਲ ਅਤੇ ਪੁਲੀਸ ਪ੍ਰਸ਼ਾਸ਼ਨ ਦੀ ਅਗਾਊ ਵਿਉਂਤਬੰਦੀ ਅਤੇ ਇਕੋ ਜਿਹਾ ਬੋਲ ਵਿਹਾਰ ਸਾਫ ਨਜ਼ਰ ਆਉਂਦੀ ਹੈ। ਇਸ ਸਾਰੇ ਘਟਣਾਕ੍ਰਮ 'ਚ ਆਪ ਦੇ ਸਥਾਨਕ ਐਮ.ਪੀ. ਭਗਵੰਤ ਮਾਨ ਵਲੋਂ ਜਾ ਕੇ ਪੀੜਤਾਂ ਦਾ ਰਸਮੀ ਹਾਲ ਚਾਲ ਵੀ ਨਾ ਪੁੱਛਣਾ, ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੇ ਇਕੋ ਜਿਹੇ ਖਾਸੇ ਅਤੇ ਵਤੀਰੇ ਦੀ ਸਟੀਕ ਮਿਸਾਲ ਹੈ। ਇਹ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਖੱਬੇ ਪੱਖ ਦਾ ਕਿਸੇ ਵੀ ਕਿਸਮ ਦਾ ਉਭਾਰ ਵੀ ਕਦੀ ਨਹੀਂ ਦੇਖ ਕੇ ਰਾਜੀ। ਇਹ ਨਹੀਂ ਭੁੱਲਣਾ ਚਾਹੀਦਾ ਕਿ ਜਮਾਤੀ ਮੰਗਾਂ 'ਤੇ ਅਧਾਰਤ ਕਤਾਰਬੰਦੀ ਅਤੇ ਸੰਘਰਸ਼ ਸਰਕਾਰਾਂ ਰਤਾਂ ਜਿੰਨਾਂ ਵੀ ਬਰਦਾਸ਼ਤ ਨਹੀਂ ਕਰ ਸਕਦੀਆਂ।
ਇਹ ਚਿੰਤਾ ਦੀ ਗੱਲ ਹੈ ਕਿ ਕਿਰਤੀ ਜਮਾਤਾਂ ਦੇ ਰੌਸ਼ਨ ਭਵਿੱਖ ਦੀ ਜਾਮਨੀ ਕਰਦੇ ਸੰਗਰਾਮ ਦੀ ਪਹਿਲੀ ਪੁਲਾਂਘ ਪੁੱਟਦੇ ਸਾਰ ਹੀ ਹੋਏ ਇਸ ਹਾਕਮ ਜਮਾਤੀ ਵਿਊਂਤਬੱਧ ਹੱਲੇ ਦੀ ਸਾਰੀਆਂ ਖੱਬੀਆਂ ਧਿਰਾਂ ਨੇ ਬਣਦੀ ਨਿਸ਼ਾਨਦੇਹੀ ਤਾਂ ਭਾਵੇਂ ਕੀਤੀ ਪਰ ਯੋਗ ਦਖਲਅੰਦਾਜ਼ੀ ਨਹੀਂ ਕੀਤੀ। ਸਾਡੀ ਜਾਚੇ ਝਲੂਰ ਦੀ ਘਟਨਾ ਤੋਂ ਸਹੀ ਸਬਕ ਲੈਂਦਿਆਂ ਭਵਿੱਖ ਦੀ ਰਣਨੀਤੀ ਘੜਣੀ ਅੱਜ ਪੰਜਾਬ ਦੀ ਖੱਬੀ ਧਿਰ ਦੀ ਪ੍ਰਾਥਮਿਕ ਲੋੜ ਹੈ।              
- ਮਹੀਪਾਲ