Saturday 1 March 2014

ਖੁੰਢ-ਬਾਣੀ ਪਿੰਡਾਂ ਦੀਆਂ ਸੱਥਾਂ 'ਚ ਵਿਚਰਦਿਆਂ....

ਮਹੀਪਾਲ
ਇੱਕ ਜਨਤਕ ਕਾਰਕੁੰਨ ਵਜੋਂ ਆਮ ਲੋਕਾਂ 'ਚ ਵਿਚਰਦਿਆਂ ਅਨੇਕਾਂ ਮੀਟਿੰਗਾਂ, ਰੈਲੀਆਂ, ਜਲਸਿਆਂ ਆਦਿ ਦੌਰਾਨ ਲੋਕਾਂ 'ਚ ਬੋਲਦਿਆ ਮੈਂ ਯਥਾ ਸ਼ਕਤੀ ਪੂਰੀ ਤਿਆਰੀ ਨਾਲ ਅਤੇ ਅੰਕੜਿਆਂ ਸਹਿਤ ਆਪਣੀ ਗੱਲ ਕਹਿਣ ਦੇ ਯਤਨ ਕੀਤੇ ਹਨ। ਅਜਿਹੇ ਮੌਕਿਆਂ 'ਤੇ ਮੇਰੇ ਭਾਸ਼ਣਾਂ ਦੇ ਪ੍ਰਤੀਕਰਮ ਵਜੋਂ ਪਿੰਡ ਪੱਧਰ ਦੇ ਕਾਰਕੁੰਨਾਂ ਜਾਂ ਆਮ ਲੋਕਾਂ ਵੱਲੋਂ ਕਹੀਆਂ ਗਈਆਂ ਗੱਲਾਂ ਨਾ ਕੇਵਲ ਮੇਰੀਆਂ ਯਾਦਾਂ ਦਾ ਸਦੀਵੀ ਹਿੱਸਾ ਬਣ ਗਈਆਂ ਬਲਕਿ ਅੱਗੋਂ ਨੂੰ ਮੈਂਨੂੰ ਆਪਣੀ ਗੱਲ ਹੋਰ ਸਾਦਗੀ ਅਤੇ ਠੋਸ ਢੰਗ ਨਾਲ ਰੱਖਣ ਵਿੱਚ ਮਦਦਗਾਰ ਵੀ ਸਾਬਤ ਹੋਈਆਂ। ਅਜਿਹੀਆਂ ਕੁਝ ਸਾਦ ਮੁਰਾਦੀਆਂ ਪਰ ਡੂੰਘੇ ਅਰਥਾਂ ਵਾਲੀਆਂ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਖ਼ੁਸੀ ਲੈ ਰਿਹਾ ਹਾਂ।
ਕਸਬਾ ਭਗਤਾ ਭਾਈ ਕਾ ਵਿਖੇ ਇੱਕ ਰਾਤ ਮੈਂ ਮਜ਼ਦੂਰਾਂ ਦੀ ਮੀਟਿੰਗ ਕਰਵਾਉਂਣ ਗਿਆ ਤਾਂ ਕੁਝ ਸਾਥੀਆਂ ਵੱਲੋਂ ਸੁਝਾਅ ਆਇਆ ਕਿ ਸਵੇਰੇ ਕੋਠਾ ਗੁਰੂ ਰੋਡ 'ਤੇ ਨਵੀਂ ਵਸੀ ਮਜ਼ਦੂਰ ਬਸਤੀ ਵਿੱਚ ਵੀ ਮੀਟਿੰਗ ਕਰਵਾਈ ਜਾਵੇ। ਅਗਲੀ ਸਵੇਰ ਪਿੰਡ ਦਾ ਮਜ਼ਦੂਰ ਆਗੂ ਸੇਵਕ ਸਿੰਘ ਕੂਕਾ ਮੈਂਨੂੰ ਉਕਤ ਬਸਤੀ ਵੱਲ ਲੈ ਤੁਰਿਆ। ਰਾਹ ਵਿੱਚ ਇੱਕ ਧੜੱਲੇਦਾਰ ਅਤੇ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਦਿਸਦੇ ਬਜ਼ੁਰਗ ਨੂੰ ਫ਼ਤਹਿ ਬੁਲਾ ਕੇ ਆਪਣੇ ਸੁਭਾਅ ਵਜੋਂ ਮਿਲਣ ਸਾਰ ਸੇਵਕ ਨੇ ਪੁੱਛਿਆ, ''ਸਸ ਰੀ ਕਾਲ ਤਾਇਆ ਜੀ, ਜਾ ਆ-ਏ ਗੁਰਦੂਆਰੇ?'' ਉਸ ਬਜ਼ੁਰਗ ਨੇ ਬੜੇ ਰੁੱਖੇ ਢੰਗ ਨਾਲ ਜਵਾਬ ਦਿੱਤਾ, ''ਹਾਹੋ ਭਾਈ ਮੈਂ ਤਾਂ ਨਿੱਤ ਈ ਜਾਨਾ। ਪਰ ਤੁਸੀਂ ਕਾਮਰੇਟ ਤਾਂ ਮਹਾਰਾਜ ਨੂੰ ਮੰਨਦੇ ਈ ਨ੍ਹੀ।'' ਮੇਰੇ ਕੁਝ ਵੀ ਬੋਲਣ ਤੋਂ ਪਹਿਲਾਂ ਸੇਵਕ ਨੇ ਬੜ੍ਹੀ ਹਲੀਮੀ ਨਾਲ ਜਵਾਬ ਦਿੱਤਾ, ''ਤਾਇਆ ਜੀ, ਅਸੀਂ ਤਾਂ ਗੁਰਬਾਣੀ ਨੂੰ ਵੀ ਮੰਨਦੇ ਆਂ ਤੇ ਮਹਾਰਾਜ ਨੂੰ ਵੀ, ਪਰ ਤੁਸੀਂ ਨ੍ਹੀ ਮੰਨਦੇ।'' ਬਜ਼ੁਰਗ ਔਖਾ ਜਿਹਾ ਹੋ ਕੇ ਬੋਲਿਆ, ''ਕਿਓਂ ਓਏ ਮੈਂ ਕਿਵੇਂ ਨ੍ਹੀ ਮੰਨਦਾ?'' ਸੇਵਕ ਬੋਲਿਆ, ''ਤਾਇਆ ਜੀ ਗੁਰਬਾਣੀ 'ਚ ਆਉਦੈਂ 'ਮਾਨਸ ਕੀ ਜਾਤਿ ਸਭੈ ਏਕ ਪਹਿਚਨਾਣਬੋ' ਪਰ ਮੈਂ ਐਡਾ ਹੋ ਗਿਆ, ਥੋਨੂੰ ਕਿਸੇ ਗਰੀਬ-ਵਿਹੜੇ ਆਲੇ ਦੇ ਘਰੇ ਖ਼ੁਸੀ-ਗਮੀ ਦੇ ਪਾਠ 'ਤੇ ਮੱਥਾ ਟੇਕਣ ਜਾਂ ਦੁੱਧ ਫੜਾਉਂਣ ਨੂੰ ਜਾਦਿਆਂ ਨੂੰ ਕਦੇ ਨ੍ਹੀ ਦੇਖਿਆ ਤੇ ਤਕੜਿਆਂ ਦੇ ਸਾਰਾ ਟੱਬਰ ਹਿਣਕਦੇ ਓਂ, ਫਿਰ ਤੁਸੀਂ ਦੱਸੋ ਮਹਾਰਾਜ ਨੂੰ ਮੰਨਦੇ ਓ, ਕਿ ਜਿਹਦੇ ਘਰੇ ਮਹਾਰਾਜ ਖੁੱਲਿਐ ਓਹਦੇ ਟੌਹਰ ਨੂੰ ਮੰਨਦੇ ਓਂ?'' ਬਜ਼ੁਰਗ ਕਚੂਚ ਜਿਹਾ ਹੋ ਕੇ ਆਪਣੇ ਘਰੇ ਜਾ ਵੜਿਆ। ਪਰ ਮੈਂ ਸੇਵਕ ਸਿੰਘ ਦੇ ਬਾ-ਦਲੀਲ ਜਵਾਬ ਤੋਂ ਉਸ ਦਾ ਸਦਾ ਲਈ ਕਾਇਲ ਹੋ ਗਿਆ।
ਇਸੇ ਤਰ੍ਹਾਂ ਇੱਕ ਵਾਰ ਮੈਂ ਨਥਾਣਾ ਵਿਖੇ ਸੱਥ ਮੀਟਿੰਗ ਵਿੱਚ ਪੈਟਰੋਲ, ਡੀਜ਼ਲ, ਰਸੋਈ ਗੈਸ ਆਦਿ ਦੀਆਂ ਨਿੱਤ ਵੱਧਦੀਆਂ ਕੀਮਤਾਂ ਅਤੇ ਆਮ ਮਹਿੰਗਾਈ ਬਾਰੇ ਬੋਲ ਰਿਹਾ ਸੀ। ਮੈਂ ਉੱਥੇ ਇਹ ਤਰਕ ਰੱਖਣ ਦੀ ਕੋਸ਼ਿਸ਼ ਕੀਤੀ ਕਿ ਭਾਵੇਂ ਉਜਰਤਾਂ (ਦਿਹਾੜੀਆਂ) 'ਚ ਕਦੇ ਕਦਾਈ ਮਾਮੂਲੀ ਵਾਧਾ ਹੋ ਜਾਂਦਾ ਹੈ ਪਰ ਮਹਿੰਗਾਈ ਵੱਧਣ ਦੀ ਦਰ ਉਜਰਤ ਵਾਧੇ ਨਾਲੋਂ ਢੇਰਾਂ ਵੱਧ ਹੋਣ ਕਾਰਣ ਅਸਲ ਵਿੱਚ ਉਜਰਤਾਂ ਦੀ ਕੀਮਤ ਲਗਾਤਾਰ ਘੱਟ ਰਹੀ ਹੈ ਅਤੇ ਇਹੀ ਹਾਲ ਫ਼ਸਲਾਂ ਦੇ ਨਿਗੂਣੇ ਭਾਅ 'ਚ ਵਾਧੇ ਅਤੇ ਉਸ ਦੇ ਮੁਕਾਬਲੇ ਖੇਤੀ ਲਾਗਤਾਂ ਕਿਤੇ ਜਿਆਦਾ ਵੱਧਣ ਦਾ ਮਸਲਾ ਹੈ। ਮੇਰੀ ਗੱਲ ਸੁਣ ਕੇ ਇੱਕ ਕਿਸਾਨ ਸੀਤਾ ਪ੍ਰੇਮੀ ਬੋਲਿਆ, ''ਪ੍ਰਧਾਨ ਜੀ, ਥੋਡੇ ਪਰਸੈਂਟ ਪਰਸੁੰਟ ਤਾਂ ਮੈਂਨੂੰ ਪਤਾ ਨ੍ਹੀ ਲੱਗਦੈ ਪਰ ਮੈਂ ਕਿਸੇ ਵੇਲੇ ਕੁਇੰਟਲ ਕਣਕ 75 ਰੁਪਏ ਦੀ ਵੇਚ ਕੇ ਉਸੇ 'ਚੋਂ 15 ਰੁਪਏ ਮਜ਼ਦੂਰ ਮਿਸਤਰੀ ਦੀ ਦਿਹਾੜੀ ਦਿੱਤੀ, ਇੱਕ ਹਜ਼ਾਰ ਇੱਟ ਲਿਆਂਦੀ ਅਤੇ ਵਾਹਵਾ ਸੀਮਿੰਟ ਬਜਰੀ ਲਿਆ ਕੇ ਧੁਰੋ ਧੁਰ ਖੁਰਲੀ ਬਣਾ ਕੇ ਰੁਪਇਆ ਧੇਲੀ ਬਚਾ ਵੀ ਲਿਆ ਸੀ। ਹੁਣ ਮੇਰੇ ਸਹੁਰੇ ਦੀ ਕੁਇੰਟਲ ਕਣਕ ਵੱਟੇ ਇੱਟ ਈ 3 ਸੌ ਆਉਂਦੀ ਏ, ਬਾਕੀ ਨਿੱਕ ਸੁੱਕ ਤਾਂ ਛੱਡ ਈ ਦਿਓ।'' ਸੀਤੇ ਪ੍ਰੇਮੀ ਦੀ ਗੱਲ ਨਾਲ ਸਾਰੇ ਸਰੋਤਿਆਂ ਨੂੰ ਮੇਰਾ ਨੁਕਤਾ ਵੀ ਸਮਝ ਆ ਗਿਆ ਤੇ ਮੈਂਨੂੰ ਵੀ ਸਮਝ ਆਈ ਕਿ ਜਨਤਕ ਆਗੂਆਂ ਦਾ ਭਾਸ਼ਣ ਵਿਦਵਤਾ ਭਰਪੂਰ ਹੋਣ ਦੀ ਬਜਾਏ ਲੋਕਾਂ ਦੇ ਰੋਜ਼ਾਨਾ ਜੀਵਨ ਦੇ ਅਨੁਭਵਾਂ ਨਾਲ ਮੇਚਵਾ ਹੋਣਾ, ਕਿੰਨਾ ਜਰੂਰੀ ਹੈ।
ਏਸ਼ੀਆਂ ਦੀ ਸਭ ਤੋਂ ਵੱਡੀ ਬਠਿੰਡਾ ਛਾਉਂਣੀ ਬਣਾਉਣ ਲਈ ਬਠਿੰਡਾ ਸਮੇਤ ਪੌਣੀ ਦਰਜ਼ਨ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ, ਪਰੰਤੂ ਖੱਬੀ ਲਹਿਰ ਦੇ ਚੋਖੇ ਪ੍ਰਭਾਵ ਵਾਲਾ ਪਿੰਡ ਮਹਿਣਾ ਖਾਲੀ ਕਰਵਾ ਕੇ ਭਾਰਤ ਦੇ ਨਕਸ਼ੇ ਤੋਂ ਸਦਾ ਲਈ ਗਾਇਬ ਕਰ ਦਿੱਤਾ ਗਿਆ। ਇਸ ਪਿੰਡ ਦੀ ਮਜ਼ਦੂਰ ਬਸਤੀ ਬਠਿੰਡਾ-ਬਰਨਾਲਾ ਮੁੱਖ ਸੜ੍ਹਕ 'ਤੇ ਉੱਚੀ ਥਾਂ ਵਸੀ ਹੋਣ ਕਾਰਣ ਅਸਮਾਨ ਖੇੜਾ ਅਖਵਾਉਂਦੀ ਸੀ ਅਤੇ ਵਪਾਰਕ ਪੱਖੋ ਮੂਲ ਪਿੰਡ ਨਾਲੋਂ ਮਹਿੰਗੀ ਵੀ ਸੀ। ਬਸਤੀ ਦੇ ਨਾਲ ਹੀ ਬਾਬੇ ਭੈਰੋਂ ਦਾ ਥੜ੍ਹਾ (ਪੂਜਾ ਸਥਾਨ) ਅਤੇ ਸਾਂਝੀ ਥਾੲ੍ਹੀ੩ ( ਧਰਮਸ਼ਾਲਾ ) ਦੀ ਜ਼ਮੀਨ ਸੀ ਜੋ ਨਾਲ ਲੱਗਦੇ ਇੱਕ ਲਾਲਚੀ ਧਨੀ ਕਿਸਾਨ ਨੇ ਰਾਤੋਂ ਰਾਤ ਵਾਹ ਕੇ ਆਪਣੀ ਪੈਲੀ ਵਿੱਚ ਰਲ੍ਹਾ ਲਈ ਸੀ। ਇਸ ਧੱਕੇਸਾਹੀ ਵਿਰੁੱਧ ਬਾਬੇ ਭੈਰੋਂ ਦੇ ਪੈਰੋਕਾਰ ਮਜ਼ਦੂਰ ਦਿਹਾੜੀਆਂ ਛੱਡ ਕੇ ਸਰਕਾਰੇ ਦਰਵਾਰੇ ਅਰਜ਼ੀਆਂ ਦਿੰਦੇ ਰਹੇ ਅਤੇ ਚੋਖੀ ਚਾਰਾ ਜੋਈ ਕੀਤੀ ਪਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਅੰਤ ਨੂੰ ਬਸਤੀ 'ਚ ਇਕੱਠੇ ਹੋਏ ਨਮੋਸੇ ਮਜ਼ਦੂਰਾਂ 'ਚੋਂ ਇੱਕ ਜਣਾ ਬੋਲਿਆ, ''ਯਾਰ ਬੜ੍ਹੀ ਜੱਗੋ ਤੇਰ੍ਹਵੀਂ ਹੋਈ, ਆਪਾਂ ਤੋਂ ਬਾਬੇ ਦਾ ਥਾਂ ਨ੍ਹੀ ਛੁਡਾਇਆ ਗਿਆ, ਬਾਬਾ ਭੈਰੋਂ ਆਪਾਂ ਨੂੰ ਸਰਾਪ ਦੇਊਂ।'' ਯਾਰ ਮੈਂਨੂੰ ਥੋਡੀ ਸਮਝ ਨ੍ਹੀ ਆਉਂਦੀ, ਆਪਾਂ ਤਾਂ ਬਾਬੇ ਦਾ ਥਾਂ ਬਚਾਉਣ ਦੇ ਮਾਰਿਆਂ ਨੇ ਭੁੱਖੇ ਤਿਹਾਏ ਫਿਰਦਿਆਂ ਨੇ ਲੱਕੇ ਸੁਕਾ ਲੈਂ, ਫਿੱਡੇ ਤੁੜਾੲੈਂ ਅੱਡ। ਜੇ ਬਾਬਾ ਕਰਨੀ ਆਲੈ ਤਾਂ ਥਾਂ ਰੋਕਣ ਆਲੇ ਦੀ ਲੱਤ ਕਿਉਂ ਨ੍ਹੀ ਭੰਨਦਾ।'' ਛਾਉਣੀ 'ਚ ਕੱਚੀ ਨੌਕਰੀ ਲੱਗੇ ਯੂਨੀਅਨ ਦੇ ਨਵੇਂ ਨਵੇਂ ਮੈਂਬਰ ਬਣੇ ਯੋਧੇ ਕੇ ਗਿੰਦਰ ਦੀ ਕਹੀ ਉਕਤ ਗੱਲ ਨੇ 'ਕੱਠ 'ਚ ਬੈਠੇ ਕਈਆਂ ਦੀ ਸੋਚ ਨੂੰ ਸਦਾ ਲਈ ਨਵਾਂ ਹਲੂਣਾ ਦੇ ਦਿੱਤਾ।
ਮੇਰੀ ਬਠਿੰਡਾ ਸ਼ਹਿਰ ਵਿਚਲੀ ਰਿਹਾਇਸ਼ ਅੱਧ-ਸ਼ਹਿਰੀ ਇਲਾਕੇ ਵਿੱਚ ਹੈ, ਜਿੱਥੇ ਖ਼ੁਸਕਿਸਮਤੀ ਨਾਲ ਸੱਥ ਵੀ ਜੁੜਦੀ ਹੈ ਅਤੇ ਤਾਸ਼ ਦੀ ਬਾਜ਼ੀ ਵੀ ਚੱਲਦੀ ਹੈ। ਇੱਥੇ ਸਾਡੇ ਅਗਵਾੜ ਦਾ ਇੱਕ ਕਥਾ ਵਾਚਕ ਕਿਸਮ ਦਾ ਬੰਦਾ ਆਸਾ ਪਾਸਾ ਦੇਖ ਕੇ ਲੋਕਾਂ ਨੂੰ ਮੱਲੋ ਮੱਲੀ ਗਿਆਨ ਦੇਣ ਦਾ ਭੁਸ ਵੀ ਕਈ ਵਾਰ ਪੂਰਾ ਕਰ ਜਾਂਦਾ ਹੈ। ਇੱਕ ਵਾਰੀ ਉਸ ਨੇ ਪਤਾ ਨਹੀਂ ਕਿਹੜੀ ਕਥਾ ਵਿੱਚੋਂ ਗੱਲ ਸੁਣਾਈ ਕਿ ਫਲਾਣੇ ਵੇਲੇ ਇੱਕ ਫਲਾਣਾ ਰਿਸ਼ੀ ਢਾਈ ਚੂਲੀਆਂ ਵਿੱਚ ਸਾਰਾ ਸਮੁੰਦਰ ਪੀ ਗਿਆ ਸੀ। ਕੋਲ ਬੈਠਾ ਮਾਨਾਂ ਦਾ ਨੈਬਾ ਇਸ ਗੱਪ ਤੋਂ ਖਾਸਾ ਅੋਖਾ ਹੋ ਕੇ ਬੋਲਿਆ, ''ਬਾਈ ਕਿਸੇ ਸਿਆਣੇ ਬੰਦੇ ਨੇ ਬਾਂਹ ਫੜ੍ਹ ਕੇ ਹਟਾਤਾ ਹੋਊਂ, ਜੇ ਪਤਿਉਰ੍ਹਾ ਅੱਧੀ ਚੂਲੀ ਹੋਰ ਪੀ ਜਾਂਦਾ ਤਾਂ ਬਰੇਤੀ ਵੀ ਮੁਕਾ ਦਿੰਦਾ।'' ਚਾਰੇ ਪਾਸੇ ਹਾਸੜ ਮੱਚ ਗਈ ਤੇ ਕਥਾ ਵਾਚਕ ਟਾਈਪ ਬੰਦਾ ਕੰਨ ਵਲ੍ਹੇਟ ਕੇ ਘਰ ਨੂੰ ਤੁਰ ਗਿਆ। ਮੈਨੂੰ ਨਾ-ਮਾਤਰ ਪੜ੍ਹੇ ਲਿਖੇ ਨੈਬੇ ਦਾ ਤਰਕ ਬੋਧ ਅੱਜ ਵੀ ਚੇਤਨ ਬਲ ਦਿੰਦਾ ਹੈ।
ਇੱਕ ਵਾਰੀ ਅਸੀਂ ਸਾਰੀ ਮਿੱਤਰ ਮੰਡਲੀ ਕਿਸੇ ਪਰਿਵਾਰ ਦੇ ਬੱਚੇ ਦੀ ਛਟੀ ( ਨਵੇਂ ਬੱਚੇ ਦਾ ਜਨਮ ਤੋਂ 6 ਵੇਂ ਦਿਨ ਹੋਣ ਵਾਲਾ ਧਾਰਮਿਕ, ਸਮਾਜਿਕ ਸਮਾਗਮ) ਵੇਲੇ ਇਕੱਤਰ ਹੋਏ। ਗੱਪਾਂ ਸ਼ੱਪਾਂ ਦੇ ਚਲਦਿਆਂ ਇੱਕ ਬਜ਼ੁਰਗ ਨੇ ਸਾਨੂੰ ਇਸ ਧਾਰਮਿਕ ਰਸਮ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਛਟੀ ਦਾ ਇੱਕ ਮਤਲਬ ਤਾਂ ਬੱਚੇ ਆਉਂਣ ਦੀ ਖ਼ੁਸੀ ਸਾਂਝੀ ਕਰਨਾ ਅਤੇ ਬੱਚੇ ਨੂੰ ਅਸੀਸਾਂ ਤੇ ਸ਼ਗਨ ਦੇਣਾ ਆਦਿ ਹੁੰਦਾ ਹੈ ਪਰ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਬੱਚਾ ਤੰਦਰੁਸਤ ਰਹਿ ਕੇ ਲੰਮੀ ਉਮਰ ਮਾਣੇ ਅਤੇ ਉਸ ਦੀ ਬੇਲੋੜੀ ਤ੍ਰਿਸ਼ਨਾ ਵੀ ਮਿਟ ਜਾਵੇ। ਕੋਲ ਬੈਠਾ ਗੱਗੜਪੁਰੀਆ ਸੰਪੂਰਨ ਬੋਲਿਆ, ''ਬਾਈ ਜੀ, ਬਾਦਲ ਬੂਦਲ ਵਰਗਿਆਂ ਦੀ ਛਟੀ ਤਾਂ ਫਿਰ ਕਿਸੇ ਨੇ ਕੀਤੀ ਈ ਨ੍ਹੀ ਲੱਗਦੀ, ਪਤੰਦਰਾਂ ਦੀ ਭੁੱਖ ਦਿਨੋ ਦਿਨ ਅਮਰ ਵੇਲ ਵਾਂਗੂ ਵੱਧਦੀ ਤੁਰੀ ਜਾਂਦੀ ੲੈ।''
ਇੱਕ ਵਾਰ ਮੈਂ ਨੰਦਗੜ੍ਹ ਵਿਖੇ ਇਲਾਕੇ ਦੀ ਮੀਟਿੰਗ ਕਰਵਾਉਣ ਗਿਆ। ਮੀਟਿੰਗ ਪਿੱਛੋਂ ਗੱਲਾਂ ਬਾਤਾਂ 'ਚ ਚੱਕਾਂ ਦਾ ਇੱਕ ਬੰਦਾ ਮੈਂਨੂੰ ਕਹਿੰਦਾ ਪ੍ਰਧਾਨ ਜੀ ਐਤਕੀ ਸੈਂਟਰ 'ਚ ਸਰਕਾਰ ਕੀਹਦੀ ਬਣੂੰ? ਤੇ ਮੇਰਾ ਜਵਾਬ ਉਡੀਕੇ ਬਿਨਾ ਆਪ ਹੀ ਅੰਦਾਜੇ ਵੀ ਲਗਾਉਣ ਲੱਗ ਪਿਆ। ਦੇਖਦਿਆਂ ਦੇਖਦਿਆਂ ਸਾਰੇ ਹੀ ਇਸ ਵਿਸ਼ੇ 'ਤੇ ਜਾਬ੍ਹਾਂ ਦਾ ਭੇੜ ਕਰਨ ਲੱਗ ਪਏ। 50 ਸਾਲ ਸੀਰੀ ਪਾਲੀ ਰਲ ਕੇ ਜੂਨ ਪੂਰੀ ਕਰਨ ਵਾਲਾ ਇੱਕ ਅਨੁਭਵੀ ਪੂਰਨ ਬੁੜ੍ਹਾ ਬੋਲਿਆ, ''ਓ ਭਾਈ, ਕੋਈ ਜਿੱਤ ਜੇ, ਕੋਈ ਹਰ ਜੇ, ਭੇਡਾਂ 'ਤੇ ਊਨ ਕਿਸੇ ਨੇ ਨ੍ਹੀ ਛੱਡਣੀ।'' ਉਸ ਦੇ ਇੱਕੋ ਵਾਕ ਨਾਲ ਸਾਰੇ ਚੁੱਪ ਕਰ ਗਏ ਅਤੇ ਮੈਂਨੂੰ ਬਹੁ-ਰੰਗੀਆਂ ਸਰਕਾਰਾਂ ਤੇ ਹਾਕਮ ਜਮਾਤੀ ਪਾਰਟੀਆਂ ਦਾ ਲੋਟੂ ਕਿਰਦਾਰ ਸਮਝਾਉਣ ਲਈ ਫੁਲ ਡੋਜ਼ ਮਿਲ ਗਈ।
ਕੁਲਵਕਤੀ ਵਜੋਂ 1986 'ਚ ਜਨਤਕ ਜੀਵਨ ਸ਼ੁਰੂ ਕਰਨ ਵੇਲੇ, ਉਸ ਵੇਲੇ ਦੇ ਪਾਰਟੀ ਸਕੱਤਰ ਸਾਥੀ ਦਰਸ਼ਨ ਮਹਿਰਾਜ ਨੇ ਇਕਾਈ ਦੀ ਮੀਟਿੰਗ ਕਰਵਾਉਂਣ ਲਈ ਮੈਂਨੂੰ ਸਾਥੀ ਮਿੱਠੂ ਸਿੰਘ ਪ੍ਰੇਮੀ ਕੋਲ ਉਸ ਦੇ ਪਿੰਡ ਘੁੱਦਾ ਵਿਖੇ ਭੇਜ ਦਿੱਤਾ। ਸਬੱਬ ਨਾਲ ਮੇਰੇ ਜਾਂਦਿਆਂ ਨੂੰ ਸਾਥੀ ਮਿੱਠੂ ਸਿੰਘ ਦੇ ਇੱਕ ਸਾਲ ਲਈ ਧੜ੍ਹੱਲੇਦਾਰ ਪਰਿਵਾਰ ਨਾਲ ਠੇਕੇ 'ਤੇ ਲੱਗਣ ਦੀ ਗੱਲ ਚੱਲ ਰਹੀ ਸੀ। ਆਮ ਤੌਰ 'ਤੇ ਅਜਿਹੇ ਮੌਕਿਆਂ 'ਤੇ ਜੱਟ ਜਿੰਮੀਦਾਰ ਪਰਿਵਾਰ ਸ਼ਰਤਾਂ ਰੱਖਦੇ ਹੁੰਦੇ ਨੇ ਅਤੇ ਸ਼ਰਤਾਂ ਦੀ ਵੰਨਗੀ ਇਹ ਹੁੰਦੀ ਹੈ, 'ਜੇ ਵਿਚਾਲ ਦੀ ਵੱਧ ਪੈਸੇ ਮੰਗੇ ਤਾਂ ਵਿਆਜ਼ ਲੱਗੂ', 'ਜੇ ਛੁੱਟੀ ਕੀਤੀ ਤਾਂ ਦੁਗਣੇ ਪੈਸੇ ਕੱਟਾਂਗੇ', 'ਜੇ ਖ਼ੇਤ ਚੋਰੀ ਹੋ ਗਈ ਤਾਂ ਭਾਈ ਸਾਰੀ ਤੇਰੀ ਜਿੰਮੇਵਾਰ ਹੋਊਂਗੀ', 'ਦੁੱਧ ਵਾਧ ਲੈ ਜਿਆ ਕਰੋ ਭਾਈ ਤੇ ਤੇਰੇ ਘਰੋਂ ਕੁੜੀ ਕੰਮ ਵੀ ਕਰ ਜਾਇਆ ਕਰੂਗੀ,' ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਜ਼ਿੰਮੀਦਾਰ ਪਰਿਵਾਰ ਦੇ ਮੁਖੀ ਨੇ ਸ਼ਰਤ ਤਾਂ ਕੀ ਲਾਉਣੀ ਸੀ ਸਗੋਂ ਕਹਿੰਦਾ, ''ਲੈ ਭਾਈ ਪ੍ਰੇਮੀਆ, ਅੱਜ ਤੋਂ ਖੇਤੀ ਦਾ ਸਾਰਾ ਕਾਰੋਬਾਰ ਤੇਰੇ ਹਵਾਲੇ ਐ, ਤਿੰਨ ਕਰੀਂ-ਤੇਰ੍ਹਾਂ ਕਰੀ। ਇਸ ਤੋਂ ਵੀ ਵੱਧ ਹੈਰਾਨੀ ਮੈਂਨੂੰ ਉਦੋ ਹੋਈ ਜਦੋਂ ਉਲਟਾ ਸਾਥੀ ਪ੍ਰੇਮੀ ਨੇ ਦੋ ਸ਼ਰਤਾਂ ਰੱਖ ਕੇ ਕਿਹਾ, 'ਮਾਮਾ, ਮੇਰੀਆਂ ਦੋ ਗੱਲਾਂ ਸੁਣ ਲੋ, ਇੱਕ ਤਾਂ ਮੈਂ ਸੜ੍ਹਕ ਤੋਂ, ਨਹਿਰ ਤੋਂ ਜਾਂ ਕਿਤੇ ਹੋਰ ਸਰਕਾਰੀ ਲੱਕੜ ਤਿੱਬੜ ਕਿਸੇ ਖਾਤਰ ਵੱਢ ਕੇ ਨ੍ਹੀ ਲਿਆਉਂਣੀ, ਆਪ ਦਾ ਖੇਤ ਭਾਵੇਂ ਸਾਰਾ ਘੋਨਾ ਕਰਾ ਲਿਓ। ਤੇ ਦੂਜੀ ਮਾਮਾ ਇਹ ਏ ਬਈ ਨਾ ਮੈਂ ਦਾਰੂ ਪੀਵਾਂ ਤੇ ਨਾ ਕਿਸੇ ਨੂੰ ਕੱਢ ਕੇ ਦੇਵਾਂ।' ਕਿਸੇ ਖੇਤ ਮਜ਼ਦੂਰ ਵੱਲੋਂ ਰੱਖੀਆਂ ਗਈਆਂ ਉਕਤ ਸ਼ਰਤਾਂ ਮੇਰੇ ਲਈ ਅਸਲੋਂ ਨਵਾਂ ਅਤੇ ਖ਼ੁਸੀ ਦੇਣ ਵਾਲਾ ਮਾਣ ਭਰਿਆ ਅਨੁਭਵ ਸੀ। ਸਦੀਵੀ ਖੁਸੀ ਦਾ ਸਬੱਬ ਇਹ ਹੈ ਕਿ ਇਹੀ ਸਾਥੀ ਮਿੱਠੂ ਸਿੰਘ ਘੁੱਦਾ ਅੱਜ ਪੇਂਡੂ ਮਜ਼ਦੂਰਾਂ ਦੀ ਚਹੇਤੀ ਜਥੇਬੰਦੀ 'ਦਿਹਾਤੀ ਮਜ਼ਦੂਰ ਸਭਾ' ਦਾ ਸਿਰਮੌਰ ਆਗੂ ਹੈ, ਭਾਵੇਂ ਉਹ ਸਕੂਲ ਇੱਕ ਦਿਨ ਵੀ ਨਹੀਂ ਗਿਆ

No comments:

Post a Comment