Saturday 20 July 2013

ਸ਼ਰਧਾਂਜਲੀਆਂ

ਸ਼ਹੀਦ ਦੀਪਕ ਧਵਨ ਨੂੰ 26ਵੀਂ ਬਰਸੀ 'ਤੇ ਸ਼ਰਧਾਂਜਲੀਆਂ

ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦੀ ਵਿਰੋਧੀ ਜੰਗ ਦੇ ਸ਼ਹੀਦ ਦੀਪਕ ਧਵਨ ਦੀ 26ਵੀਂ ਬਰਸੀ ਮੌਕੇ ਸੀ.ਪੀ.ਐਮ. ਪੰਜਾਬ ਵਲੋਂ ਤਰਨਤਾਰਨ ਵਿਖੇ ਚਮਨ ਲਾਲ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਤਰਨਤਾਰਨ, ਉਘੇ ਸਮਾਜ ਸੇਵਕ ਬਲਬੀਰ ਸੂਦ, ਅਰਸਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਬੀਬੀ ਜਸਬੀਰ ਕੌਰ ਜਾਮਾਰਾਏ ਪ੍ਰਧਾਨ ਜਨਵਾਦੀ ਇਸਤਰੀ ਸਭਾ ਤੇ ਕਾਬਲ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਾਂਝੀ ਪ੍ਰਧਾਨਗੀ ਹੇਠ 2 ਜੂਨ ਨੂੰ ਵਿਸ਼ਾਲ ਜਨਤਕ ਕਾਨਫਰੰਸ ਆਯੋਜਿਤ ਕੀਤੀ ਗਈ। ਜਿਸ ਵਿਚ ਸੈਂਕੜੇ ਮਜ਼ਦੂਰ, ਕਿਸਾਨ, ਨੌਜਵਾਨ, ਔਰਤਾਂ, ਮੁਲਾਜ਼ਮ ਤੇ ਹੋਰ ਮਿਹਨਤਕਸ਼ ਲੋਕ ਆਪਣੇ ਰਹਿਬਰ ਨੂੰ ਇਨਕਲਾਬੀ ਭਾਵਨਾ ਨਾਲ ਸ਼ਰਧਾਂਜਲੀਆਂ ਅਰਪਨ ਕਰਨ ਲਈ ਹੁੰੰਮ ਹਮਾ ਕੇ ਪਾਰਟੀ ਤੇ ਜਥੇਬੰਦੀਆਂ ਦੇ ਝੰਡੇ ਹੱਥਾਂ ਵਿਚ ਲੈ ਕੇ ਜੋਸ਼ੀਲੇ ਨਾਹਰੇ ਮਾਰਦੇ ਸ਼ਾਮਲ ਹੋਏ।
ਵਿਸ਼ਾਲ ਜਨਤਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਸੂਬਾ ਸਕੱਤਰ ਸੀ.ਪੀ.ਐਮ. ਪੰਜਾਬ ਨੇ ਆਪਣੇ ਯੁੱਧ ਸਾਥੀ ਸ਼ਹੀਦ ਦੀਪਕ ਧਵਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕਿਹਾ ਕਿ ਦੀਪਕ ਹਮੇਸ਼ਾਂ ਆਮ ਲੋਕਾਂ ਨੂੰ ਦੱਸਦਾ ਹੁੰਦਾ ਸੀ ਕਿ ਜਿੰਨਾ ਚਿਰ ਸਾਮਰਾਜ ਨੂੰ ਹਰਾਇਆ ਨਹੀਂ ਜਾਂਦਾ ਉਨਾ ਚਿਰ ਦੁਨੀਆਂ ਚੈਨ ਨਾਲ ਨਹੀਂ ਬੈਠ ਸਕਦੀ ਤੇ ਦਹਿਸ਼ਤਗਰਦੀ ਵੀ ਸਾਮਰਾਜ ਦੀ ਉਪਜ ਹੈ। ਦੀਪਕ ਧਵਨ ਨੂੰ ਧਮਕੀਆਂ ਵੀ ਮਿਲੀਆਂ ਪਰ ਉਹ ਸਾਮਰਾਜੀ ਕਠਪੁਤਲੀਆਂ ਅੱਗੇ ਗੋਡੇ ਟੇਕਣ ਦੀ ਥਾਂ ਕਿਰਤੀ ਲੋਕਾਂ ਸੰਗ ਖੜ੍ਹਨ ਨੂੰ ਤਰਜੀਹ ਦਿੰਦਿਆਂ ਸ਼ਹਾਦਤ ਦਾ ਜਾਮ ਪੀ ਗਿਆ। ਸਾਥੀ ਪਾਸਲਾ ਨੇ ਕਿਹਾ ਕਿ ਇਹ ਸੋਚ ਲੈਣਾ ਕਿ ਹੁਣ ਸਾਮਰਾਜੀ ਖਤਰਾ ਖਤਮ ਹੋ ਗਿਆ ਹੈ, ਜਾਂ ਘਟ ਗਿਆ ਹੈ, ਅਸਲੋਂ ਅਵੇਸਲੇ ਹੋਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਖਤਰਾ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਖਤਰਨਾਕ ਹੈ। ਇਸ ਖਤਰੇ ਨੇ ਆਪਣਾ ਰੂਪ ਬਦਲ ਲਿਆ। ਹੁਣ ਇਹ ਖਤਰਾ ਸਾਡੇ ਦੇਸ਼ ਦੇ ਹੁਕਮਰਾਨਾਂ ਜ਼ਰੀਏ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਰਾਹੀਂ ਅੱਗੇ ਆ ਰਿਹਾ ਹੈ। ਇਨ੍ਹਾਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਮਹਿੰਗਾਈ-ਬੇਰੁਜ਼ਗਾਰੀ  ਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਏ ਹਨ ਆਮ ਲੋਕਾਂ ਦਾ ਜੀਵਨ ਨਿਰਬਾਹ ਅਤੀ ਮੁਸ਼ਕਲ ਹੋ ਗਿਆ ਹੈ ਅਤੇ ਸਾਡੇ ਅਣਮੋਲ ਕੁਦਰਤੀ ਖਜ਼ਾਨੇ ਜਲ, ਜੰਗਲ, ਜ਼ਮੀਨ ਤੇ ਖਣਿਜ ਪਦਾਰਥ ਲੁੱਟੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਨੀਤੀਆਂ ਦਾ ਰਾਹ ਰੋਕਣ ਦੀ ਵੰਗਾਰ ਕਬੂਲਣ ਲਈ ਜਥੇਬੰਦ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਪੰਜਾਬ ਦੇ ਹਾਲਾਤ ਬਾਰੇ ਗੱਲ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੁਬਾਰਾ ਸੱਤਾ ਵਿਚ ਆ ਕੇ ਆਮ ਲੋਕਾਂ 'ਤੇ ਦੋਹਰੇ-ਚੌਹਰੇ ਟੈਕਸ ਲਾ ਕੇ ਨਾ ਹੀ ਪੰਜਾਬ ਦੇ ਲੋਕਾਂ ਦਾ ਅਤੇ ਨਾ ਹੀ ਸਿੱਖੀ ਪਰੰਪਰਾ ਦਾ ਭਲਾ ਕਰ ਰਹੀ ਹੈ, ਇਸ ਲਈ ਸਮੇਂ ਦੀ ਲੋੜ ਹੈ ਕਿ ਪੰਜਾਬ ਦੀਆਂ ਬੱਬਰ ਅਕਾਲੀ ਲਹਿਰ ਦੀਆਂ ਪ੍ਰੰਪਰਾਵਾਂ ਨੂੰ ਉਜਾਗਰ ਕਰਨ ਲਈ ਲੋਕਾਂ ਨੂੰ ਜਗਾਇਆ ਜਾਵੇ। ਇਹਦੇ ਵਾਸਤੇ ਸੀ.ਪੀ.ਐਮ.ਪੰਜਾਬ ਨੇ ਫੈਸਲਾ ਕਰਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਤੇ ਵੱਧ ਰਹੀ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਲਾਮਬੰਦ ਕੀਤਾ ਹੈ ਤਾਂ ਕਿ ਸਰਕਾਰ ਦੀਆਂ ਨੀਤੀਆਂ ਨੂੰ ਭਾਂਜ ਦਿੱਤੀ ਜਾ ਸਕੇ। 
ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ ਨੇ ਸ਼ਹੀਦ ਦੀਪਕ ਧਵਨ ਦੇ ਸਭ ਤੋਂ ਨੇੜਲੇ ਸਾਥੀ ਤੇ ਜਮਾਤੀ ਹੋਣ ਤੇ ਨਾਤੇ ਉਹਨਾਂ ਨਾਲ ਬਿਤਾਈਆਂ ਇਨਕਲਾਬੀ ਲਹਿਰ ਦੀਆਂ ਯਾਦਾਂ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਦੀਪਕ ਵਿਲੱਖਣ ਗੁਣਾ ਦਾ ਮਾਲਕ ਸੀ। ਉਸ ਨੇ ਸ਼ਾਦੀ ਇਸ ਲਈ ਨਾ ਕਰਾਈ ਕਿ ਇਹ ਮੇਰੇ ਲਈ ਸਮਾਜਿਕ ਬਰਾਬਰੀ ਦੇ ਲੰਬੇ ਸੰਘਰਸ਼ 'ਚ ਰੋੜਾ ਨਾ ਬਣੇ। ਰੰਧਾਵਾ ਨੇ ਅੱਗੇ ਦੱਸਿਆ ਕਿ ਦੀਪਕ ਧਵਨ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਐਮ.ਏ. 'ਚ ਪੜਦਿਆਂ ਹੀ ਪ੍ਰਸਿੱਧ ਅੰਗਰੇਜ਼ੀ ਦੇ ਰਸਾਲਿਆਂ ਲਿੰਕ ਤੇ ਮੇਨ ਸਟਰੀਮ ਤੇ ਹੋਰ ਅੰਗਰੇਜ਼ੀ ਪੇਪਰਾਂ ਵਿਚ ਅਰਥ ਭਰਪੂਰ ਲੇਖ ਛਪਦੇ ਰਹੇ। ਪੰਜਾਬ ਦੇ ਬੁੱਧਜੀਵੀ ਉਸ ਦੀ ਵਿਦਵਤਾ ਦਾ ਲੋਹਾ ਮੰਨਦੇ ਸਨ। ਉਹ 1972-73 ਤੋਂ 1981 ਤੱਕ ਪੜ੍ਹਦੇ ਸਮੇਂ ਚੋਟੀ ਦਾ ਮਾਰਕਸਵਾਦੀ ਬੁੱਧੀਜੀਵੀ ਵਿਦਿਆਰਥੀ ਰਿਹਾ। ਰਤਨ ਰੰਧਾਵਾ ਨੇ ਅੱਗੇ ਕਿਹਾ ਕਿ ਪੜ੍ਹਾਈ ਉਪਰੰਤ ਦੀਪਕ ਨੇ ਕਿਰਤੀ ਜਮਾਤ ਦੀ ਲੜਾਈ ਵਾਲਾ ਰਾਹ ਚੁਣਿਆ। ਕੰਮ ਕਰਦੇ ਸਮੇਂ ਪਿੰਡਾਂ ਵਿਚ ਉਹ ਆਦਤਨ ਗਰੀਬਾਂ-ਦਲਿਤਾਂ ਦੇ ਘਰਾਂ ਵਿਚ ਸੌਂਦਾ ਸੀ। ਲੋਕਾਂ ਦੇ ਹੱਕ ਵਿਚ ਉਸ ਨੇ ਪੁਲਸ ਵਧੀਕੀਆਂ ਵਿਰੁੱਧ ਲੜਦਿਆਂ ਛੇ ਥਾਣੇਦਾਰ ਡਿਸਮਿਸ ਕਰਵਾਏ। ਰੰਧਾਵਾ ਨੇ ਅਪੀਲ ਕੀਤੀ ਕਿ ਸਾਨੂੰ ਦੀਪਕ ਵਰਗੇ ਬਨਣ ਦੀ ਲੋੜ ਹੈ ਤਾਂ ਕਿ ਅਸੀਂ ਸ਼ਕਤੀਸ਼ਾਲੀ ਲਹਿਰ ਉਸਾਰ ਕੇ ਲੁਟੇਰੇ ਪ੍ਰਬੰਧ ਦਾ ਖਾਤਮਾ ਕਰ ਸਕੀਏ। ਸ਼ਹੀਦ ਦੀਪਕ ਦੇ ਭਰਾ ਡਾ. ਵਿਆਪਕ ਧਵਨ ਨੇ ਉਸ ਦੀਆਂ ਅਨੇਕਾਂ ਅਨਮੋਲ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੁਝਾਅ ਦਿੱਤਾ ਕਿ ਸ਼ਹੀਦ ਦੀਪਕ 'ਤੇ ਕਿਤਾਬ ਲਿਖੀ ਜਾਵੇ। 
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਸਪਾਲ ਸਿੰਘ ਝਬਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਪ੍ਰਧਾਨਗੀ ਮੰਡਲ ਦੇ ਆਗੂਆਂ ਨੇ ਇਸ ਮੌਕੇ ਸ਼ਹੀਦ ਦੀਪਕ ਨੂੰ ਇੰਨਕਲਾਬੀ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਉਹ ਮਹਾਨ ਫਿਲਾਸਫਰ ਤੇ ਦੱਬੇ ਕੁਚਲੇ ਲੋਕਾਂ ਦਾ ਮਸੀਹਾ ਸੀ ਅਤੇ ਸ਼ਹੀਦ ਭਗਤ ਸਿੰਘ ਦਾ ਅਸਲੀ ਵਾਰਸ ਸੀ। ਇਹਨਾਂ ਆਗੂਆਂ ਨੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮੇਹਨਤਕਸ਼ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਗਰੀਬੀ-ਅਮੀਰੀ ਦਾ ਪਾੜਾ ਖਤਮ ਕਰਨ ਅਤੇ ਸਮਾਜਿਕ ਇਨਸਾਫ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿਚ ਨਿਤਰੀਏ। ਇਸ ਮੌਕੇ ਮੁਖਤਿਆਰ ਸਿੰਘ ਤੇ ਅਮਰਜੀਤ ਸਿੰਘ ਮੱਲ੍ਹਾ, ਡਾ. ਅਜੈਬ ਸਿੰਘ, ਜਸਬੀਰ ਸਿੰਘ, ਜਗੀਰ ਸਿੰਘ, ਬੀਬੀ ਕੰਵਲਜੀਤ ਕੌਰ, ਬੀਬੀ ਜਸਮੀਤ ਝਬਾਲ, ਡਾ. ਸਤਨਾਮ ਸਿੰਘ ਦੇਊ, ਜਰਨੈਲ ਸਿੰਘ ਦਿਆਲਪੁਰਾ, ਹਰਦੀਪ ਸਿੰਘ ਰਸੂਲਪੁਰ, ਸ਼ੀਤਲ ਸਿੰਘ ਤਲਵੰਡੀ ਨੇ ਵੀ ਵਿਚਾਰ ਰੱਖੇ। 

ਸ਼ਹੀਦ ਗਗਨ, ਸੁਰਜੀਤ ਤੇ ਸਾਥੀਆਂ ਨੂੰ ਸ਼ਰਧਾਂਜਲੀਆਂ 

ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦੀ ਵਿਰੁੱਧ ਦੇਸ਼ ਦੀ ਏਕਤਾ, ਅਖੰਡਤਾ ਅਤੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਵਰਿੰਦਰ ਗਗਨ, ਸੁਰਜੀਤ ਤੇ ਸਾਥੀਆਂ ਨੂੰ ਉਨ੍ਹਾਂ ਦੀ 22ਵੀਂ ਬਰਸੀ ਮੌਕੇ ਭਰਪੂਰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਸੰਬੰਧ 'ਚ ਨਕੋਦਰ ਵਿਖੇ 9 ਜੂਨ ਨੂੰ ਕੀਤੀ ਗਈ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹ ਕਿ ਧਰਮ ਦੇ ਨਾਂਅ ਹੇਠ ਲੋਕਾਂ ਵਿੱਚ ਵੰਡੀਆਂ ਪਾ ਕੇ ਸਿਆਸੀ ਲਾਹਾ ਲੈਣ ਵਾਲੀਆਂ ਪਾਰਟੀਆਂ ਦੇ ਆਗੂ ਲੋਕ ਹਿੱਤਾਂ ਦੀ ਤਰਜਮਾਨੀ ਨਹੀਂ ਕਰ ਸਕਦੇ। ਲੋਕਾਂ ਦੇ ਮਸਲਿਆਂ ਦੇ ਹੱਲ ਫਿਰਕਾਪ੍ਰਸਤ ਪਾਰਟੀਆਂ ਨੂੰ ਭਾਂਜ ਦੇ ਕੇ ਦੇਸ਼ ਅੰਦਰ ਬਰਾਬਰੀ 'ਤੇ ਆਧਾਰਤ ਵਰਗ ਰਹਿਤ ਪ੍ਰਬੰਧ ਦੀ ਸਥਾਪਨਾ ਰਾਹੀਂ ਹੀ ਹੋ ਸਕਦਾ ਹੈ ਤੇ ਇਸ ਦੇ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਵਾਸਤੇ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਰਗੇ ਸੰਤਾਪ ਆਪਣੇ ਪਿੰਡੇ 'ਤੇ ਹੰਢਾ ਕੇ ਗੁਰਬਤ ਮਾਰੀ ਜ਼ਿੰਦਗੀ ਜਿਊਣ ਵਾਲੇ ਲੋਕਾਂ ਦਾ ਲਾਮਬੰਦ ਹੋਣਾ ਸਮੇਂ ਦੀ ਮੰਗ ਹੈ।  
ਸਾਥੀ ਪਾਸਲਾ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰ ਮੁੜ ਪੰਜਾਬ ਦੀ ਸਥਿਤੀ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਸਰਕਾਰ ਦੀ ਸ਼ਹਿ 'ਤੇ ਸਰਕਾਰੀ ਏਜੰਸੀਆਂ ਦੇ ਲੋਕ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਮੁੜ ਨਾਅਰੇ ਲਾ ਰਹੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। 
ਉਨ੍ਹਾ 1984 ਵਿੱਚ ਹੋਏ ਅਪ੍ਰੇਸ਼ਨ ਬਲਿਊ ਸਟਾਰ ਸੰਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਾਰਵਾਈ ਲਈ ਕਾਂਗਰਸ ਦੀ ਅਗਵਾਈ ਵਾਲੀ ਵੇਲੇ ਦੀ ਕੇਂਦਰ ਸਰਕਾਰ ਅਤੇ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇ ਕੇ ਮਨੁੱਖਤਾ ਦਾ ਘਾਣ ਕਰਦਿਆਂ ਪਵਿੱਤਰ ਸਥਾਨ ਦਰਬਾਰ ਸਾਹਿਬ ਵਿੱਚ ਲੁਕਣ ਵਾਲਾ ਭਿੰਡਰਾਂਵਾਲਾ ਦੋਵੇਂ ਹੀ ਜ਼ਿੰਮੇਵਾਰ ਸਨ। ਉਨ੍ਹਾ ਕਿਹਾ ਕਿ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਨੂੰ ਗੁਰੂ ਘਰ ਦੀ ਬੇਅਦਬੀ ਦਿਖਾਈ ਨਹੀਂ ਦੇ ਰਹੀ ਸੀ ਤੇ ਇਸ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾ ਦਰਬਾਰ ਸਾਹਿਬ ਵਿਖੇ ਬਣਾਈ ਜਾਣ ਵਾਲੀ ਯਾਦਗਾਰ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇਹ ਕਾਰਵਾਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਵੱਡੀ ਚੁਣੌਤੀ ਹੈ।
ਕੇਂਦਰ ਅਤੇ ਸੂਬਾ ਸਰਕਾਰ ਦੀਆਂ ਆਰਥਕ ਨੀਤੀਆਂ ਸੰਬੰਧੀ ਬੋਲਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਅਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਦੇ ਬਾਵਜੂਦ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਦੇਸ਼ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕੇਂਦਰ ਸਰਕਾਰ ਦੇਸ਼ ਵੱਲੋਂ ਤਰੱਕੀ ਦੇ ਨਵੇਂ ਦਿਸਹੱਦੇ ਸਥਾਪਤ ਕਰਨ ਦੇ ਰਾਗ ਅਲਾਪ ਰਹੀ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁੱਲ ਉਲਟ ਹੈ। ਆਮ ਲੋਕ ਸਿੱਖਿਆ, ਸਿਹਤ ਅਤੇ ਸੁਰੱਖਿਆ ਸਹੂਲਤਾਂ ਤੋਂ ਵਾਂਝੇ ਹਨ। ਬਿਨਾਂ ਇਲਾਜ ਲੋਕ ਮਰ ਰਹੇ ਹਨ ਅਤੇ ਸਰੇ ਰਾਹ ਧੀਆਂ-ਭੈਣਾਂ ਦੀ ਪੱਤ ਲੁੱਟੀ ਜਾ ਰਹੀ ਹੈ। 
ਉਨ੍ਹਾ ਦੇਸ਼ ਦੇ ਰਾਜ ਪ੍ਰਬੰਧ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬੜੀ ਵਿਡੰਬਨਾ ਦੀ ਗੱਲ ਹੈ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਖੁਦ ਭੁੱਖੇ ਢਿੱਡ ਸੌਣ ਲਈ ਮਜਬੂਰ ਹੈ। ਕਿਸਾਨ ਗਲਤ ਆਰਥਕ ਨੀਤੀਆਂ ਕਾਰਨ ਕਰਜ਼ ਦੇ ਬੋਝ ਥੱਲੇ ਦੱਬਿਆ ਹੀ ਚਲਿਆ ਜਾ ਰਿਹਾ ਹੈ। ਅਮੀਰਾਂ ਦੀਆਂ ਆਲੀਸ਼ਾਨ ਕੋਠੀਆਂ ਖੜੀਆਂ ਕਰਨ ਵਾਲੇ ਰਾਜ ਮਿਸਤਰੀ ਦੇ ਖੁਦ ਦੇ ਸਿਰ ਨੂੰ ਛੱਤ ਤੱਕ ਨਸੀਬ ਨਹੀਂ।  
ਸਾਥੀ ਪਾਸਲਾ ਨੇ ਕਿਸਮਤ 'ਤੇ ਭਰੋਸਾ ਕਰਨਾ ਛੱਡ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦੇ ਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹੁਣ ਸਮਾਂ ਇਹ ਸੋਚਣ ਦਾ ਹੈ ਕਿ ਹੱਢ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਢਿੱਡ ਭਰਵੀਂ ਰੋਟੀ ਤੇ ਇੱਕ ਗਰੀਬ ਮਜ਼ਦੂਰ ਨੂੰ ਸਮਾਜ ਅੰਦਰ ਬਣਦਾ ਸਤਿਕਾਰ ਕਿਉਂ ਨਹੀਂ ਮਿਲਦਾ। 
ਸ਼ਹੀਦੀ ਕਾਨਫਰੰਸ ਨੂੰ ਸਰਵਸਾਥੀ ਗੁਰਨਾਮ ਸਿੰਘ ਸੰਘੇੜਾ, ਦਰਸ਼ਨ ਨਾਹਰ, ਸੰਤੋਖ ਬਿਲਗਾ, ਮਨੋਹਰ ਸਿੰਘ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ।  

ਸ਼ਹੀਦ ਕਰਤਾਰ ਚੰਦ ਨੂੰ 23ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀਆਂ 

ਪੰਜਾਬ ਵਿਚ ਅੱਤਵਾਦ-ਵੱਖਵਾਦ ਵਿਰੁੱਧ ਚੱਲੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀ ਕਰਤਾਰ ਚੰਦ ਮਾਧੋਪੁਰ ਦੀ 23ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਮਾਧੋਪੁਰ, ਜ਼ਿਲ੍ਹਾ ਰੋਪੜ ਵਿਖੇ ਜੇ.ਪੀ.ਐਮ.ਓ. ਵਲੋਂ ਮਨਾਈ ਗਈ। ਇਸ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸੀ.ਪੀ.ਐਮ. ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸ਼ਹੀਦ ਕਰਤਾਰ ਚੰਦ ਦੀ ਯਾਦ ਵਿਚ ਬਣਾਈ ਯਾਦਗਾਰ ਉਤੇ ਲਾਲ ਝੰਡਾ ਝੁਲਾਉਣ ਨਾਲ ਕੀਤੀ ਗਈ। ਸ਼ਹੀਦ ਕਰਤਾਰ ਚੰਦ ਅਮਰ ਰਹੇ ਅਤੇ ਉਨ੍ਹਾਂ ਦੇ ਕਾਜ ਨੂੰ ਪੂਰਾ ਕਰਨ ਤੇ ਉਨ੍ਹਾਂ ਦੀ ਵਿਚਾਰਧਾਰਾ ਉਤੇ ਚੱਲਣ ਦਾ ਅਹਿਦ ਕਰਨ ਵਾਲੇ ਨਾਅਰਿਆਂ ਦੀ ਬੁਲੰਦ ਆਵਾਜ਼ ਵਿਚ ਸੈਂਕੜੇ ਸਾਥੀ ਸ਼ਹੀਦੀ ਸਮਾਗਮ ਵਾਲੀ ਥਾਂ ਉਤੇ ਪੁੱਜੇ। 
ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਰਾਮ ਪਿਆਰੀ, ਬਜ਼ੁਰਗ ਕਮਿਊਨਿਸਟ ਆਗੂ ਨਿਰੰਜਨ ਦਾਸ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਕਰਮ ਚੰਦ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਾਥੀ ਮੋਹਨ ਸਿੰਘ ਧਮਾਣਾ ਨੇ ਸ਼ਹੀਦ ਕਰਤਾਰ ਚੰਦ ਨੂੰ ਸ਼ਰਧਾਂਜਲੀ ਅਰਪਤ ਕਰਦੇ ਹੋਏ ਉਨ੍ਹਾਂ ਵਲੋਂ ਜਿਲ੍ਹੇ ਵਿਚ ਜਮਹੂਰੀ ਲਹਿਰ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ। ਬਜ਼ੁਰਗ ਕਮਿਊਨਿਸਟ ਆਗੂ ਅਤੇ ਪੰਜਾਬ ਵਿਚ ਮੁਲਾਜ਼ਮ ਲਹਿਰ ਦੇ ਸੰਸਥਾਪਕਾਂ ਵਿਚੋਂ ਇਕ ਸਾਥੀ ਤਰਲੋਚਨ ਸਿੰਘ ਰਾਣਾ ਨੇ ਕਿਹਾ ਕਿ ਸ਼ਹੀਦ ਕਰਤਾਰ ਚੰਦ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਤਰ੍ਹਾਂ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨਾ ਹੀ ਹੋਵੇਗੀ। ਉਨ੍ਹਾਂ ਨੇ ਹਾਜ਼ਰ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਕਰਤਾਰ ਚੰਦ ਦੇ ਅਧੂਰੇ ਛੱਡੇ ਕਾਜ ਨੂੰ ਪੂਰਾ ਕਰਨ ਲਈ ਨਿਰਸੁਆਰਥ ਭਾਵਨਾ ਨਾਲ ਕੰਮ ਕਰਨ। ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਵੇਦ ਪ੍ਰਕਾਸ਼ ਨੇ ਅੱਤਵਾਦ-ਵੱਖਵਾਦ ਦੀ ਝੁੱਲ ਰਹੀ ਹਨੇਰੀ ਦੇ ਦਿਨਾਂ ਵਿਚ ਸਾਥੀ ਕਰਤਾਰ ਚੰਦ ਨਾਲ ਰਲਕੇ ਕੀਤੇ ਕੰਮ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਹੈ ਅਤੇ ਨੌਜਵਾਨ ਇਨ੍ਹਾਂ ਵਿਚ ਗ੍ਰਸੇ ਜਾ ਰਹੇ ਹਨ। ਉਸ ਵੇਲੇ ਨਸ਼ਿਆਂ ਵਿਰੁੱਧ ਚੇਤਨ ਕਰਕੇ ਨੌਜਵਾਨਾਂ ਨੂੰ ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਆਰਥਕ ਤੇ ਸਮਾਜਕ ਬੁਰਾਈਆਂ ਵਿਰੁੱਧ ਸੰਘਰਸ਼ ਵਿਚ ਸ਼ਾਮਲ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। 
ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਥੀ ਮੰਗਤ ਰਾਮ ਪਾਸਲਾ ਨੇ ਸਾਥੀ ਕਰਤਾਰ ਚੰਦ ਨੂੰ ਸ਼ਰਧਾਂਜਲੀ ਅਰਪਤ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨਵਉਦਾਰਵਾਦੀ ਨੀਤੀਆਂ ਦੇ ਸਿੱਟੇ ਵਜੋਂ ਆਮ ਲੋਕਾਂ ਸਾਹਮਣੇ ਨਿੱਤ ਨਵੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ। ਅੱਜ ਦੇ ਸਮੇਂ ਵਿਚ ਇਨ੍ਹਾਂ ਨੀਤੀਆਂ ਵਿਰੁੱਧ ਅਤੇ ਇਨ੍ਹਾਂ ਨੀਤੀਆਂ ਦੇ ਜਨਮਦਾਤਾ ਸਾਮਰਾਜ ਵਿਰੁੱਧ ਸੰਘਰਸ਼ ਕਰਨ ਲਈ ਲੋਕਾਂ ਵਿਚ ਚੇਤਨਤਾ ਪੈਦਾ ਕਰਦੇ ਹੋਏ ਉਨ੍ਹਾਂ ਨੂੰ ਸੰਘਰਸ਼ ਲਈ ਲਾਮਬੰਦ ਕਰਨਾ ਹੀ ਸ਼ਹੀਦ ਸਾਥੀ ਕਰਤਾਰ ਚੰਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।  ਸਮਾਗਮ ਦੌਰਾਨ ਚੇਤਨਾ ਮੰਚ ਚਮਕੌਰ ਸਾਹਿਬ ਨੇ ਇਨਕਲਾਬੀ ਨਾਟਕ ਵੀ ਪੇਸ਼ ਕੀਤੇ। 

ਬੀਬੀ ਸੂਫੀਆਂ ਦੀ ਯਾਦ 'ਚ ਵਿਸ਼ਾਲ ਕਾਨਫਰੰਸ

ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਮਰਹੂਮ ਬੀਬੀ ਗੁਰਮੀਤ ਕੌਰ ਸੂਫੀਆਂ ਦੀ ਯਾਦ 'ਚ ਜੇ.ਪੀ.ਐਮ.ਓ. ਵਲੋਂ ਪਿੰਡ ਸੂਫੀਆਂ ਨੇੜਲੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਔਰਤਾਂ 'ਤੇ ਵੱਧ ਰਹੇ ਜਿਨਸੀ ਹਮਲਿਆਂ ਵਿਰੁੱਧ ਅਤੇ ਹਰ ਖੇਤਰ ਵਿਚ ਔਰਤਾਂ ਨੂੰ ਬਰਾਬਰਤਾ ਦੇ ਹੱਕ 'ਚ ਇਕ ਵਿਸ਼ਾਲ ਜਨਤਕ ਕਾਨਫਰੰਸ ਕੀਤੀ ਗਈ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੂੰਜੀਵਾਦੀ ਪ੍ਰਬੰਧ ਅਧੀਨ ਔਰਤਾਂ ਨੂੰ ਘਰ ਦੀ ਦਾਸੀ ਹੀ ਸਮਝਿਆ ਜਾਂਦਾ ਹੈ। 
ਇਹੀ ਕਾਰਨ ਹੈ ਕਿ ਉਚ ਵਿਦਿਆ ਹਾਸਲ ਕਰਨ ਜਾਂ ਰੁਜ਼ਗਾਰ ਖਾਤਰ ਘਰੋਂ ਬਾਹਰ ਪੈਰ ਪਾਉਣ ਵਾਲੀਆਂ ਔਰਤਾਂ ਤੇ ਮੁਟਿਆਰਾਂ ਨੂੰ ਸਮਾਜਿਕ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ 'ਤੇ ਜਿਨਸੀ ਹਮਲੇ ਹੁੰਦੇ ਹਨ ਤੇ ਫਿਰ ਜ਼ੁਰਮ ਦੇ ਸਬੂਤ ਖਤਮ ਕਰਨ ਲਈ ਉਨ੍ਹਾਂ ਨੂੰ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਸਾਥੀ ਪਾਸਲਾ ਨੇ ਇਸ ਮੌਕੇ ਔਰਤਾਂ ਨੂੰ ਜਥੇਬੰਦ ਹੋ ਕੇ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਕਿਉਂਕਿ ਇਹੋ ਇਕੋ ਇਕ ਰਾਹ ਹੈ ਜਿਸ 'ਤੇ ਚਲਕੇ ਔਰਤਾਂ ਆਪਣੀ ਸੁਰੱਖਿਆ ਯਕੀਨੀ ਬਣਾ ਸਕਦੀਆਂ ਹਨ। ਉਨ੍ਹਾਂ ਔਰਤਾਂ ਨੂੰ ਇਸ ਦੇ ਨਾਲ ਹੀ ਬਰਾਬਰੀ 'ਤੇ ਆਧਾਰਤ ਵਰਗ ਰਹਿਤ ਨਿਜ਼ਾਮ ਸਿਰਜਨ ਲਈ ਚਲ ਰਹੇ ਸੰਘਰਸ਼ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। 
 ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਆਗੂ ਤਲਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ,ਦਿਹਾਤੀ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸਮਾਜਕ ਵਿਗਿਆਨੀ ਰਘਬੀਰ ਸਿੰਘ ਪਕੀਵਾਂ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਨੀਲਮ ਘੁਮਾਣ, ਕੰਵਲਜੀਤ ਕੌਰ, ਕੁਲਵੰਤ ਸਿੰਘ ਮੱਲੂਨੰਗਲ, ਬੀਬੀ ਅਜੀਤ ਕੌਰ, ਸੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਬੀਬੀ ਜਗੀਰ ਕੌਰ, ਵਿਰਸਾ ਸਿੰਘ ਟਪਿਆਲਾ, ਬਲਵਿੰਦਰ ਸਿੰਘ ਰਵਾਲ,ਸੁਵਿੰਦਰ ਸਿੰਘ ਸੂਫੀਆਂ ਆਦਿ ਨੇ ਵੀ ਸੰਬੋਧਨ ਕੀਤਾ।

ਸਾਥੀ ਪੀ.ਸੀ. ਵੱਲ੍ਹਾ ਨੂੰ ਸ਼ਰਧਾਂਜਲੀਆਂ 

ਉਘੇ ਦੇਸ਼ ਭਗਤ ਕਾਮਰੇਡ ਪ੍ਰਕਾਸ਼ ਚੰਦ ਵੱਲ੍ਹਾ 96 ਸਾਲ ਦੀ ਉਮਰ ਹੰਢਾ ਕੇ ਪਿਛਲੇ ਮਹੀਨੇ 6 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ। ਸਾਥੀ ਵੱਲ੍ਹਾ 1942 'ਚ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੌਰਾਨ ਕੈਦ ਕੱਟਣ ਤੋਂ ਲੈ ਕੇ ਲਗਾਤਾਰ ਸਮਾਜਕ ਤਬਦੀਲੀ ਲਈ ਯਤਨਸ਼ੀਲ ਰਹੇ। ਉਹ ਇਕ ਨਾਮੀ ਵਿਦਵਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨੀ ਸਲਾਹਕਾਰ, ਲੇਖਕ ਤੇ ਇਮਾਨਦਾਰ ਵਕੀਲ ਸਨ। ਵੱਖ-ਵੱਖ ਸਰਕਾਰੀ ਅਹੁਦਿਆਂ 'ਤੇ ਇਮਾਨਦਾਰੀ ਨਾਲ ਕੰਮ ਕਰਨ ਪਿਛੋਂ 1976-77 ਤੋਂ ਉਹ ਸੀ.ਪੀ.ਐਮ. ਦੇ ਹਮਦਰਦ ਵਜੋਂ ਸਰਗਰਮ ਰਹੇ। ਉਨ੍ਹਾ ਕਾਨੂੰਨੀ ਕਿੱਤੇ ਵਿਚ ਇਮਾਨਦਾਰੀ ਪਾਰਦਰਸ਼ਤਾ ਨਾਲ ਕੰਮ ਕਰਦਿਆਂ ਇਕ ਵੱਖਰੀ ਪਛਾਣ ਬਣਾਈ। 
ਇਹੀ ਕਾਰਨ ਸੀ ਕਿ ਉਹ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਕਈ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਜਾਂਦੇ ਰਹੇ। ਉਹਨਾਂ ਮਜ਼ਦੂਰ ਜਮਾਤ ਦੀ ਭਲਾਈ ਲਈ ਜਿਥੇ ਕੰਮ ਕੀਤਾ, ਉਥੇ ਔਰਤਾਂ ਦੇ ਹੱਕਾਂ ਲਈ ਵੀ ਆਵਾਜ਼ ਬੁਲੰਦ ਕੀਤੀ। ਕਾਨੂੰਨੀ ਕਿੱਤੇ ਵਿਚ ਵੀ ਉਹਨਾਂ ਮਜ਼ਦੂਰਾਂ ਤੇ ਔਰਤਾਂ ਲਈ ਨਿੱਠ ਕੇ ਕੰਮ ਕੀਤਾ। ਜਮਾਤੀ ਭਿਆਲੀ ਦੀ ਥਾਂ ਜਮਾਤੀ ਸੰਘਰਸ਼ ਨੂੰ ਤਰਜੀਹ ਦਿੰਦਿਆਂ ਉਹ ਸੰਨ 2001 'ਚ ਨਿਖੇੜਾ ਕਰਦੇ ਹੋਏ ਸੀ.ਪੀ.ਐਮ. ਪੰਜਾਬ ਦੀ ਵਿਚਾਰਧਾਰਕ ਲਾਈਨ ਨਾਲ ਖਲੋਤੇ ਰਹੇ। 12 ਮਈ ਨੂੰ ਭਾਈ ਵੀਰ ਸਿੰਘ ਹਾਲ, ਅੰਮ੍ਰਿਤਸਰ 'ਚ ਹੋਏ ਸ਼ਰਧਾਂਜਲੀ ਸਮਾਗਮ ਸਮਾਰੋਹ ਵੇਲੇ ਸਮਾਜ ਪ੍ਰਤੀ ਤੇ ਖਾਸਕਰ ਕਿਰਤੀ ਜਮਾਤ ਪ੍ਰਤੀ ਸਾਥੀ ਪੀ.ਸੀ. ਵੱਲ੍ਹਾ ਜੀ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। 
ਉਨ੍ਹਾ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ 'ਚ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਰਤਨ ਸਿੰਘ ਰੰਧਾਵਾ ਤੋਂ ਇਲਾਵਾ ਸਾਥੀ ਵਿਜੈ ਮਿਸ਼ਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਗਿੰਦਰ ਸਿੰਘ, ਪ੍ਰੋ. ਬੈਨੀਪਾਲ, ਪ੍ਰੋ. ਜਗਰੂਪ ਸਿੰਘ ਸੇਖੋਂ, ਪ੍ਰੋ. ਸੁਰਿੰਦਰਬੀਰ ਸਿੰਘ, ਵੱਲ੍ਹਾ ਜੀ ਦੇ ਦਾਮਾਦ ਕਰਨਲ ਨਰਿੰਦਰ ਕੁਮਾਰ, ਐਸ.ਡੀ.ਐਮ. ਜਗਮੋਹਨ ਸਿੰਘ ਕੰਗ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਰਾੜ, ਮਾਸਟਰ ਸੁੱਚਾ ਸਿੰਘ ਅਜਨਾਲਾ, ਡਾ. ਬੈਰਾਗੀ, ਜਗਤਾਰ ਸਿੰਘ ਕਰਮਪੁਰਾ ਤੇ ਰਾਜ ਬਲਵੀਰ ਸਿੰਘ ਵੀਰਮ ਸ਼ਾਮਲ ਸਨ। 

ਸਾਬਕਾ ਵਿਧਾਇਕ ਕਾਮਰੇਡ ਕੁਲਵੰਤ ਸਿੰਘ ਨਹੀਂ ਰਹੇ

ਸੀ.ਪੀ.ਆਈ. ਦੀ ਜਲੰਧਰ ਜ਼ਿਲ੍ਹਾ ਇਕਾਈ ਦੇ ਸਕੱਤਰ ਅਤੇ ਉਸ ਨਾਲ ਸਬੰਧਤ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਕੁਲਵੰਤ ਸਿੰਘ ਸਾਬਕਾ ਵਿਧਾਇਕ ਦਾ 11 ਮਈ ਨੂੰ ਦਿਮਾਗ ਦੀ ਨਸ ਫਟਣ ਕਾਰਨ ਦੇਹਾਂਤ ਹੋ ਗਿਆ। ਇਕ ਧਨੀ ਕਿਸਾਨ ਪਰਵਾਰ 'ਚ ਜਨਮੇ ਹੋਣ ਦੇ ਬਾਵਜੂਦ ਕਾਮਰੇਡ ਕੁਲਵੰਤ ਸਿੰਘ ਨੇ ਜਿੱਥੇ ਕਿਰਤੀਆਂ-ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਵਿਚ ਮੁਹਰਲੀਆਂ ਸਫਾਂ 'ਚ ਰਹਿ ਕੇ ਕੰਮ ਕੀਤਾ ਉਥੇ ਉਮਰ ਭਰ ਦਿਆਨਤਦਾਰੀ ਨਾਲ ਸਾਦਗੀ ਭਰਿਆ ਮਿਸਾਲੀ ਜੀਵਨ ਵੀ ਜੀਵਿਆ। ਉਹ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਵੀ ਰਹੇ ਤੇ ਭੋਗਪੁਰ ਦੀ ਸਹਿਕਾਰੀ ਖੰਡ ਮਿੱਲ ਦੇ ਡਾਇਰੈਕਟਰ ਤੇ ਚੇਅਰਮੈਨ ਵੀ ਰਹੇ। ਗੰਨਾ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਅਤੇ ਸਹਿਕਾਰੀ ਖੰਡ ਮਿੱਲਾਂ ਨੂੰ ਬਚਾਉਣ ਲਈ ਸੰਘਰਸ਼ ਵਿਚ ਕਾਮਰੇਡ ਕੁਲਵੰਤ ਸਿੰਘ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਮਿਹਨਤਕਸ਼ ਲੋਕਾਂ ਦੇ ਅੰਗ ਸੰਗ ਖੜੋਣ ਕਾਰਨ ਉਹਨਾਂ 10 ਵਾਰ ਜੇਲ੍ਹ ਯਾਤਰਾ ਕੀਤੀ ਤੇ 1969 ਦੀਆਂ ਅਸੰਬਲੀ ਚੋਣਾਂ 'ਚ ਪਹਿਲੀ ਵਾਰ ਅਤੇ 1980 ਦੀਆਂ ਚੋਣਾਂ 'ਚ ਦੂਜੀ ਵਾਰ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਵਿਧਾਨ ਸਭਾ 'ਚ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿਚ ਸਦਾ ਹੀ ਜ਼ੋਰਦਾਰ ਆਵਾਜ਼ ਉਠਾਈ। ਲੋਕਹਿੱਤਾਂ ਨੂੰ ਪ੍ਰਣਾਏ ਹੋਏ ਅਜਿਹੇ ਆਗੂ ਦਾ ਸਦੀਵੀ ਵਿਛੋੜਾ ਸਮੁੱਚੀ ਕਮਿਊਨਿਸਟ ਲਹਿਰ ਲਈ ਇਕ ਵੱਡਾ ਘਾਟਾ ਹੈ। ਲੋਕ ਹਿੱਤਾਂ ਨੂੰ ਪ੍ਰਣਾਏ ਹੋਏ ਅਜਿਹੇ ਆਗੂ ਦਾ ਸਦੀਵੀ ਵਿਛੋੜਾ ਸਮੁੱਚੀ ਕਮਿਊਨਿਸਟ ਲਹਿਰ ਲਈ ਇਕ ਵੱਡਾ ਘਾਟਾ ਹੈ। ਅਦਾਰਾ 'ਸੰਗਰਾਮੀ ਲਹਿਰ' ਅਤੇ ਸੀ.ਪੀ.ਐਮ. ਪੰਜਾਬ ਇਸ ਮੌਕੇ ਸਾਥੀ ਕੁਲਵੰਤ ਸਿੰਘ ਸਾਬਕਾ ਵਿਧਾਇਕ ਦੇ ਪਰਵਾਰ, ਉਨ੍ਹਾਂ ਦੀ ਪਾਰਟੀ, ਕਿਸਾਨ ਸਭਾ ਤੇ ਸੰਗੀ-ਸਾਥੀਆਂ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।

ਕਾਮਰੇਡ ਅੱਛਰ ਸਿੰਘ ਮੁਹਾਵਾ ਨਹੀਂ ਰਹੇ

ਕਾਮਰੇਡ ਅੱਛਰ ਸਿੰਘ ਮੁਹਾਵਾ 96 ਸਾਲ ਦੀ ਉਮਰ ਭੋਗ ਕੇ ਸਦੀਵੀਂ ਵਿਛੋੜਾ ਦੇ ਗਏ ਹਨ। ਕਾਮਰੇਡ ਜੀ ਕਈ ਵਾਰ ਪਿੰਡ ਦੇ ਸਰਪੰਚ ਰਹੇ। ਕਾਮਰੇਡ ਅੱਛਰ ਸਿੰਘ ਮੁਹਾਵਾ ਜੀ ਦੀਆਂ ਅੰਤਮ ਰਸਮਾਂ ਮੌਕੇ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜਿਨ੍ਹਾਂ ਵਿਚ ਸੀ.ਪੀ.ਐਮ. ਪੰਜਾਬ ਵਲੋਂ ਸਾਥੀ ਰਤਨ ਸਿੰਘ ਰੰਧਾਵਾ, ਜਸਪਾਲ ਸਿੰਘ ਢਿੱਲੋਂ, ਟੀ.ਐਸ.ਯੂ. ਦੇ ਆਗੂ ਤੇ ਕਾਮਰੇਡ ਮੁਹਾਵਾ ਦੇ ਭਤੀਜੇ ਮੁਖਤਾਰ ਸਿੰਘ ਮੁਹਾਵਾ, ਅਮਰਜੀਤ ਸਰਕਾਰੀਆ ਆਦਿ ਸ਼ਾਮਲ ਸਨ। 

No comments:

Post a Comment