Saturday 20 July 2013

ਜੇ ਅੱਜ ਬੇਬੇ ਜਿਉਂਦੀ ਹੁੰਦੀ ਤਾਂ.....!

ਡਾ. ਹਜ਼ਾਰਾ ਸਿੰਘ ਚੀਮਾ

ਇਹ ਉਦੋਂ ਦੀ ਗੱਲ ਹੈ, ਜਦੋਂ ਹਰੇ ਇਨਕਲਾਬ ਨੇ ਆਪਣੇ ਚਿਹਰੇ ਦਾ ਕਰੂਪ ਪਾਸਾ ਅਜੇ ਦਿਖਾਉਣਾ ਸ਼ੁਰੂ ਨਹੀਂ ਸੀ ਕੀਤਾ। ਕਣਕ ਦੀ ਵਢਾਈ ਸਮੇਂ ਕਿਸਾਨ ਅਜੇ ਵੀ ਵਿਤ ਮੁਤਾਬਿਕ ਆਖਰੀ ਕਿਆਰਾ ਜਾਂ ਆਖਰੀ ਦੋ ਚਾਰ ਮਰਲੇ ਕਣਕ ਬਿਨਾਂ ਵਢਾਈ ਤੋਂ ਚਿੜੀਆਂ, ਜਨੌਰਾਂ ਲਈ ਛੱਡ ਦਿੰਦਾ ਸੀ। ਕਣਕ ਦਾ ਬੋਹਲ ਘਰ ਢੋਹਣ ਸਮੇਂ ਅੰਨਦਾਤਾ ਕਿਸਾਨ ਅਜੇ ਵੀ ਵਿਤ ਮੂਜ਼ਬ ਆਖਰੀ ਦੋ-ਚਾਰ ਮਣ ਕਣਕ ਗਰੀਬ-ਗੁਰਬੇ ਦੇ ਨਿਆਣਿਆਂ ਨੂੰ ''ਰੀੜੀ'' ਵਜੋਂ ਵੰਡ ਛੱਡਦਾ ਸੀ। ਆਂਢ ਗੁਆਂਢ ਦੇ ਨਿਆਣਿਆਂ ਵਾਂਗ ਮੈਂ ਵੀ ਉਸ ਦਿਨ ਚਿੜੀਮਾਰਾਂ ਦੇ ਪਿੜ੍ਹ ਵਿਚ ਰੀੜੀ ਲੈਣ ਜਾ ਖਲੋਤਾ। ਮੈਨੂੰ ਰੀੜੀ ਲੈਣ ਵਾਲਿਆਂ ਦੀ ਕਤਾਰ 'ਚ ਖਲੋਤਾ ਦੇਖ ਪਹਿਲਾਂ ਤਾਂ ਚਿੜੀਮਾਰਾਂ ਦਾ ਬੁੜ੍ਹਾ ਬੋਲਿਆ-ਕਾਕਾ-ਆਪਾਂ ਤਾਂ ਜ਼ਮੀਨਾਂ ਜਾਇਦਾਦਾਂ ਵਾਲੇ ਆਂ, ਆਪਾਂ ਇੰਜ ਰੀੜੀ ਮੰਗਦੇ ਚੰਗੇ ਨਹੀਂ ਲੱਗਦੇ। ਪਰ ਫਿਰ ਵੀ ਉਸ ਦੇ ਮਨ 'ਚ ਪਤਾ ਨ੍ਹੀ ਕੀ ਆਈ, ਉਸ ਨੇ ਮੇਰੀ ਝੋਲੀ ਵਿਚ ਵੀ ਦੂਜੇ ਨਿਆਣਿਆਂ ਵਾਂਗ ਬੁੱਕ ਭਰ ਕੇ ਕਣਕ ਦਾ ਪਾ ਦਿੱਤਾ। ਰੀੜੀ ਆਪਣੀ ਝੋਲੀ 'ਚ ਪੁਆ, ਮੈਂ ਸਿੱਧਾ ਤੋਤੀ ਦੀ ਹੱਟੀ 'ਤੇ ਜਾ ਪਹੁੰਚਿਆ। ਮੇਰੇ ਤੋਂ ਪਹਿਲਾਂ ਉਥੇ ਕਿੰਨੇ ਹੀ ਨਿਆਣੇ ਝੋਲੀਆਂ 'ਚ ਰੀੜੀ ਵਾਲੇ ਦਾਣੇ ਪਾਈ ਤੋਤੀ ਦਾ ਤਰਲਾ ਕਰ ਰਹੇ ਸਨ ਕਿ ਉਹ ਛੋਤੀ ਦਾਣੇ ਤੋਲੇ। ਮੇਰੇ ਤੋਂ ਅੱਗੇ ਖਲੋਤੇ ਕੱਛ ਵਾਲਿਆਂ ਦੇ ਗੱਚੀ ਦੇ ਦਾਣੇ ਚੋਦਾਂ ਆਨਿਆਂ ਦੇ ਹੋਏ। ਉਸਨੇ ਚੋਦਾਂ ਆਨਿਆਂ ਚੋਂ ਚਾਰ ਆਨਿਆਂ ਦੀ ਬਾਲੂਸ਼ਾਹੀ ਲੈ ਕੇ ਬਾਕੀ ਪੈਸਿਆਂ ਦੀਆਂ ਕਿਸਮਤ ਪੁੜੀਆਂ ਪੱਟ ਲਈਆਂ। ਕਿਸਮਤ ਪੁੜੀਆਂ ਚੋਂ ਉਸ ਨੂੰ ਹੋਰ ਨਿਕਸੁਕ ਤੋਂ ਇਲਾਵਾ ਦੋ ਰੁਪਏ ਵੀ ਨਿਕਲ ਆਏ। ਇੰਜ ਦਸ ਆਨਿਆਂ ਦੇ ਦੋ ਰੁਪਏ ਬਣਦੇ ਦੇਖ ਮੈਂ ਵੀ ਕਿਸਮਤ ਪੁੜੀ ਹੀ ਪੁੱਟਣ ਦੀ ਗੱਲ ਕੀਤੀ। ਮੈਂ ਚਾਰ ਆਨਿਆਂ ਦਾ ਕੁਝ ਖਾਣ ਨੂੰ ਵੀ ਨਹੀਂ ਲਿਆ। ਪਰ ਕਿਸਮਤ ਮਾੜੀ-ਚੌਦਾ ਆਨਿਆਂ ਦੀਆਂ ਕਿਸਮਤ ਪੁੜੀਆਂ ਚੋਂ ਮੇਰਾ ਕੱਖ ਵੀ ਨਾ ਨਿਕਲਿਆ। ਕੱਛ ਵਾਲਿਆਂ ਦਾ ਗੱਚੀ ਦੋ ਰੁਪਏ ਤੇ ਬਾਲੂਸ਼ਾਹੀ ਦਿਖਾਕੇ ਮੈਨੂੰ ਚਿੜ੍ਹਾਉਣ ਲੱਗਾ। ਮੈਂ ਤੋਤੀ ਨੂੰ ਤਰਲਾ ਕੀਤਾ ਕਿ ਮੈਨੂੰ 14 ਆਨੇ ਵਾਪਸ ਕਰੇ। ਪਰ ਉਹ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ। ਆਖਣ ਲੱਗਾ ਇਹ ਤਾਂ ਕਿਸਮਤ ਦੀ ਖੇਡ ਐ ਤੇਰੀ ਕਿਸਮਤ 'ਚ ਕੁਝ ਹੈਨੀ ਸੀ। ਇਸ ਲਈ ਕੁਝ ਨਹੀਂ ਨਿਕਲਿਆ। ਔਧਰ ਗੱਚੀ ਵੱਲ ਦੇਖ, ਉਸਦੇ ਦਸ ਆਨਿਆਂ ਤੋਂ ਦੋ ਰੁਪਏ ਬਣ ਗਏ ਤੇ ਨਿਕਸੁਕ ਵੱਖਰਾ। 
ਖ਼ੈਰ ਮੈਂ ਆਪਣੀ ਕਿਸਮਤ ਨੂੰ ਕੋਸਦਾ ਘਰ ਆ ਗਿਆ। ਘਰ ਆ ਕੇ ਬੇਬੇ ਕੋਲ ਰਿਹਾੜ ਕਰਨ ਲੱਗਾ ਕਿ ਉਹ ਤੋਤੀ ਕੋਲੋਂ ਮੈਨੂੰ ਚੌਦਾਂ ਆਨੇ ਵਾਪਿਸ ਦਿਵਾਵੇ ਜਾਂ ਘਰ ਪਈ ਕਣਕ ਚੋਂ ਬੁੱਕ ਕਣਕ ਦਾ ਲੈ ਲੈਣ ਦੇਵੇ। ਮੇਰੇ ਜ਼ਿਆਦਾ ਰਿਹਾੜ ਕਰਨ 'ਤੇ ਬੇਬੇ ਨੇ ਦਾਣੇ ਤਾਂ ਨਾ ਲੈਣ ਦਿੱਤੇ, ਪਰ ਮੇਰੇ ਨਾਲ ਹੱਟੀ ਵਾਲੇ ਤੋਤੀ ਕੋਲ ਜ਼ਰੂਰ ਚਲੀ ਗਈ। ਹੱਟੀ ਜਾਂਦਿਆਂ ਹੀ ਬੇਬੇ ਨੇ ਤੋਤੀ ਨੂੰ ਦਬਕਾ ਮਾਰਿਆ-ਭਲਾਮਾਨਸ ਬਣਕੇ ਮੁੰਡੇ ਦੇ ਹੱਥ 'ਤੇ ਚੌਦਾਂ ਆਨੇ ਧਰਦੇ। ਪਰ ਤੋਤੀ ਟੱਸ ਤੋਂ ਮੱਸ ਨਾ ਹੋਇਆ। ਸਗੋਂ ਆਖਣ ਲੱਗਾ ਭਾਬੀ! ਕਿਸਮਤ ਪੁੜੀਆਂ ਅਸੀਂ ਆਪ ਥੋੜਾ ਬਣਾਈਆਂ? ਇਹ ਤਾਂ ਪਿਛੋਂ ਬਣੀਆਂ ਬਣਾਈਆਂ ਆਉਂਦੀਆਂ। ਨਾਲੇ ਜੇ ਸਾਰੀਆਂ ਕਿਸਮਤ ਪੁੜੀਆਂ ਚੋਂ ਕੁੱਝ ਨਾ ਕੁੱਝ ਜ਼ਰੂਰ ਨਿਕਲਣਾ ਹੋਵੇ ਤਾਂ ਅਸੀਂ ਰੋਟੀ ਕਿਥੋਂ ਖਾਵਾਂਗੇ। ਸਾਡੀ ਰੋਟੀ ਦਾ ਜੁਗਾੜ ਕਰਨ ਲਈ ਹੀ ਕੁੱਝ ਕਿਸਮਤ ਪੁੜੀਆਂ ਖਾਲੀ ਰੱਖੀਆਂ ਹੁੰਦੀਆਂ। ਤੋਤੀ ਦੀ ਗੱਲ ਸੁਣਕੇ ਬੇਬੇ ਬਿਫਰੀ-ਕਰਾੜਾ! ਇਹ ਤਾਂ ਫਿਰ ਜੂਆ ਐ, ਤੇ ਤੂੰ ਪਿੰਡ ਦੇ ਨਿਆਣਿਆਂ ਨੂੰ ਜੂਆ ਖੇਡਣਾ ਸਿਖਾਉਣੈ।' ਭਾਬੀ, ਨਿਆਣਿਆਂ ਨੂੰ ਜੂਆ ਮੈਂ ਨਹੀਂ ਸਿਖਾਉਂਦਾ, ਉਹ ਆਪੇ ਆ ਕੇ ਖੇਡਦੇ ਐ। ਖਚਰੀ ਹਾਸੀ ਹੱਸਦਾ ਤੋਤੀ ਬੋਲਿਆ। 
ਨਿੰਮੋਝੂਣੇ ਹੋਏ ਨੂੰ ਮੈਨੂੰ, ਬਾਹੋਂ ਫੜ੍ਹਕੇ ਘਰ ਨੂੰ ਤੁਰ ਪਈ। ਉਚੀ-ਉਚੀ ਗਾਲ੍ਹਾਂ ਕੱਢਦੀ ਉਹ ਬੋਲੀ ਕਰਾੜਾ - ਤੇਰਾ ਕੱਖ ਨਾ ਰਹੇ। ਤੂੰ ਮਾਸੂਮਾਂ ਨੂੰ ਬਿਨਾਂ ਮਿਹਨਤ ਤੋਂ ਪੈਸਾ ਬਟੌਰਨਾ ਸਿਖਾਉਣੈ - ਤੈਨੂੰ ਕਿਤੇ ਢੋਈ ਨਾ
 ਮਿਲੇ - ਕਰਾੜਾ - ਜੂਆ ਖੇਡਣਾ ਵੀ ਮਾੜੈ ਤੇ ਖਿਡਾਉਣਾ ਵੀ ਮਾੜੈ। 
ਅੱਜ ਦੇ ਅਖਬਾਰਾਂ 'ਚ ਖਬਰ ਛਪੀ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਨੇ ਪੰਜਾਬ ਵਿਚ ਘੋੜ ਦੋੜਾਂ ਲਈ ਰੇਸ ਕੋਰਸ ਬਣਾਉਣ ਅਤੇ ਆਨਲਾਈਨ ਲਾਟਰੀ ਚਲਾਉਣ ਦੀ ਮਨਜੂਰੀ ਦੇ ਦਿੱਤੀ ਹੈ। ਖਬਰ ਅਨੁਸਾਰ ਇਹ ਆਨਲਾਇਨ ਸਿੰਗਲ ਡਿਜਿਟ ਲਾਟਰੀ ਵਾਂਗ ਹੋਵੇਗੀ, ਜਿਸਦੀ ਅਲਾਟਮੈਂਟ ਡਿਸਟਰੀਬਿਊਟਰਾਂ, ਵਿਕਰੀ ਏਜੰਟਾਂ ਨੂੰ ਬੋਲੀ ਰਾਹੀਂ ਜਾਂ ਟੈਂਡਰਾਂ ਰਾਹੀਂ ਕੀਤੀ ਜਾਇਆ ਕਰੇਗੀ। ਇਸਦਾ ਤਾਣਾ ਬਾਣਾ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਛੋਟੀਆਂ ਛੋਟੀਆਂ ਦੁਕਾਨਾਂ ਰਾਹੀਂ ਫੈਲਿਆਂ ਹੋਵੇਗਾ। ਇਸ ਨੂੰ ਕੰਪਿਊਟਰ ਟਰਮੀਨਲ ਦੇ ਨੈਟਵਰਕ ਰਾਹੀਂ ਚਲਾਇਆ ਜਾਵੇਗਾ। ਸਰਕਾਰ ਨੇ ਇਸ ਤੋਂ ਸਲਾਨਾ 200 ਕਰੋੜ ਮਾਲੀਆ ਇਕੱਠੇ ਹੋਣ ਦਾ ਸ਼ੁਰੂਆਤੀ ਅਨੁਮਾਨ ਲਾਇਆ ਹੈ ਜਿਸ ਦੇ ਵਧਕੇ 500 ਕਰੋੜ ਕੁ ਸਾਲਾਨਾ ਹੋ ਜਾਣ ਦੀ ਆਸ ਹੈ। 
ਇਸ ਤਰ੍ਹਾਂ ਮੰਤਰੀ ਮੰਡਲ ਵਲੋਂ ਪ੍ਰਵਾਨ ਕੀਤੇ ਹੋਰਸ ਰੋਸ ਕੋਰਸ ਐਕਟ 2013 ਅਨੁਸਾਰ ਸੂਬੇ 'ਚ ਘੋੜ ਦੌੜਾਂ ਨੂੰ ਉਤਸ਼ਾਹਿਤ ਕਰਨ ਹਿੱਤ ਨਿਯਮ ਬਣਾਉਣਾ, ਲਾਇਸੈਂਸ ਜਾਰੀ ਕਰਨਾ, ਵਿਚੋਲੀਏ ਨਿਯੁਕਤ ਕਰਕੇ ਸੱਟੇ ਨੂੰ ਨਿਯਮਬੱਧ ਕੀਤਾ ਜਾਣਾ ਹੈ। ਮਾਲ ਮੰਤਰੀ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਰੇਸ ਕੋਰਸ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ, ਟੂਰਿਜਮ, ਰੀਅਲ ਅਸਟੇਟ ਤੇ ਘੋੜਿਆਂ ਦੇ ਵਪਾਰ ਨੂੰ ਉਤਸ਼ਾਹ ਮਿਲੇਗਾ। ਇਥੇ ਮਾਲ ਮੰਤਰੀ ਇਹ ਦੱਸਣਾ ਭੁੱਲ ਗਏ ਜਾਂ ਮਚਲੇ ਹੋ ਕੇ ਲੁਕਾ ਗਏ ਕਿ - ਰੇਸ ਕੋਰਸ ਲਈ ਸੈਂਕਡੇ ਏਕੜ ਜ਼ਮੀਨ ਉਹ ਚੁਣੀ ਗਈ ਹੈ ਜਿਥੇ ਪੰਜਾਬ ਸਰਕਾਰ ਦਾ ਮੱਝਾਂ ਦਾ ਨਸਲਕਸ਼ੀ ਖੋਜ ਕੇਂਦਰ ਬਾਖੂਬੀ ਚੱਲ ਰਿਹਾ ਹੈ। ਲੱਗਦਾ ਹੈ ਹੁਣ ਸਰਕਾਰ ਚਲਾ ਰਹੀ ਧਿਰ 'ਚ ਬੈਠੇ ਦੂਜੀ ਪੀੜ੍ਹੀ ਦੇ ਜੱਥੇਦਾਰ ਕਾਕਿਆਂ ਦਾ ਮੱਝਾਂ ਤੋਂ ਦਿਲ ਭਰ ਆਇਆ ਹੈ। ਸ਼ਾਇਦ ਇਸੇ ਲਈ ਉਹ ਇਸ ਖੋਜ ਕੇਂਦਰ ਨੂੰ ਆਰਥਿਕ ਸਹਾਇਤਾ ਦੇ ਕੇ ਅੰਤਰ ਰਾਸ਼ਟਰੀ ਪੱਧਰ ਦਾ ਬਣਾਉਣ ਦੀ ਬਜਾਏ, ਇਸ ਦਾ ਭੋਗ ਪਾ ਕੇ ਏਥੇ ਘੋੜ ਦੌੜਾਂ ਦਾ ਕੇਂਦਰ ਸਥਾਪਿਤ ਕਰਕੇ ਜਗੀਰੂ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਸੋਚ ਦਾ ਪ੍ਰਗਟਾਵਾ ਕਰਨ ਸਮੇਂ ਇਹ ਜੱਥੇਦਾਰ ਇਹ ਵੀ ਭੁੱਲ ਗਏ ਕਿ ਦੇਸ਼ ਦੀਆਂ ਅਦਾਲਤਾਂ ਨੇ ਬਲਦਾਂ, ਕੁੱਤਿਆਂ, ਘੋੜਿਆਂ ਦੀਆਂ ਦੌੜਾਂ ਨੂੰ ਅਣਮਨੁੱਖੀ ਤੇ ਉਹਨਾਂ ਉਪਰ ਤਸ਼ੱਦਦ ਕਰਨਾ ਗਰਦਾਨਿਆ ਹੈ, ਕਿਉਂਕਿ ਪੈਸਾ ਕਮਾਉਣ ਦੇ ਲਾਲਚ ਵਿਚ ਘੋੜਿਆਂ ਨੂੰ ਪਹਿਲੇ ਨੰਬਰ 'ਤੇ ਲਿਆਉਣ ਲਈ ਮਾਲਕਾਂ ਵਲੋਂ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਸ਼ੇ ਦੇ ਟੀਕੇ ਆਦਿ ਲਗਾਏ ਜਾਂਦੇ ਹਨ। 
ਉਪਰੋਕਤ ਖ਼ਬਰ ਪੜ੍ਹਕੇ ਮਨ 'ਚ ਆਉਂਦੈ - ਜੇ ਅੱਜ ਬੇਬੇ ਜਿਉਂਦੀ ਹੁੰਦੀ ਤਾਂ - ਆਦਤ ਅਨੁਸਾਰ ਮੈਨੂੰ ਅਖਬਾਰ ਪੜ੍ਹਦੇ ਨੂੰ ਦੇਖਕੇ ਉਹ ਜ਼ਰੂਰ ਪੁੱਛਦੀ - ਪੁੱਤ ਅੱਜ ਕੀ ਲਿਖਿਆ 'ਖਬਾਰ 'ਚ? ਮੇਰੇ ਵਲੋਂ ਇਹ ਦੱਸਣ 'ਤੇ ਕਿ ਸਰਕਾਰ ਨੇ ਦੋ ਸੌ ਕਰੋੜ ਦੇ ਮਾਲੀਏ ਦੇ ਲਾਲਚ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਟਰੀ ਰਾਹੀਂ ਜੂਆ ਖੇਡਣ ਦੇ ਆਹਰ ਲਾਉਣ ਦਾ ਫੈਸਲਾ ਕੀਤਾ ਹੈ ਅਤੇ ਮੱਤੇਵਾੜੇ ਵਾਲੇ ਮੱਝਾਂ ਸਬੰਧੀ ਖੋਜ ਕੇਂਦਰ ਦਾ ਭੋਗ ਪਾ ਕੇ ਉਥੇ  ਘੋੜ ਦੌੜਾਂ ਦਾ ਕੇਂਦਰ ਬਣਾਕੇ ਨਵੇਂ ਬਣੇ ਅਮੀਰਜਾਦਿਆਂ ਨੂੰ ਘੋੜਿਆਂ ਉਪਰ ਪੈਸੇ ਲਾ ਕੇ ਜੂਆ ਖਿਡਾਉਣ ਦਾ ਸ਼ਰੇਆਮ ਜੁਗਾੜ ਕੀਤਾ ਹੈ ਤਾਂ ਬੇਬੇ ਦੁਹੱਥੀਂ ਪਿੱਟਦੀ - ਕਰਾੜੋ? ਤੁਸੀਂ ਹੱਥੀਂ ਕਿਰਤ ਕਰਨ ਦੀ ਥਾਂ ਮਾਸੂਮਾਂ, ਲਾਚਾਰਾਂ, ਬੇਰੁਜ਼ਗਾਰਾਂ ਨੂੰ ਅਣਉਤਪਾਦਕ ਕੰਮਾਂ ਰਾਹੀਂ ਪੈਸਾ ਕਮਾਉਣ ਦਾ ਢੰਗ ਸਿਖਾਕੇ ਕੌਮ ਕਾ ਬੇੜਾ ਗਰਕ ਕਰਨ 'ਤੇ ਤੁਲੇ ਹੋ, ਤੁਹਾਡਾ ਕੱਖ ਨਾ ਰਹੇ। ਪਰ ਬੇਬੇ ਤਾਂ ਹੁਣ ਨਹੀਂ ਰਹੀ। ਉਹ ਤਾਂ ਕਈਆਂ ਸਾਲਾਂ ਦੀ ਮਰ ਚੁੱਕੀ ਐ ਅਤੇ ਮੈਂ.... ਮੈਂ ..... ਮੈਂ ਤਾਂ ਸਰਕਾਰੀ ਮੁਲਾਜ਼ਮ ਆਂ - ਨਹੀਂ - ਸਰਕਾਰੀ ਮੁਲਾਜ਼ਮ ਤੋਂ ਸੇਵਾ ਮੁਕਤ ਹੋਇਆ ਹਾਂ -  ਮੈਂ ਸਰਕਾਰ ਨੂੰ ਇੰਜ ਕਿਵੇਂ ਕਹਿ ਸਕਦਾ ਹਾਂ। 
(ਸੰਗਰਾਮੀ ਲਹਿਰ, ਜੁਲਾਈ 2013)

No comments:

Post a Comment