Thursday 4 July 2013

ਕਮਿਊਨਿਸਟ ਪਾਰਟੀ ਦੀ ਉਸਾਰੀ ਤੇ ਜਮਹੂਰੀ ਕੇਂਦਰੀਵਾਦ

ਬੋਧ ਸਿੰਘ ਘੁੰਮਣ

ਕਮਿਊਨਿਸਟ ਇੰਟਰਨੈਸ਼ਨਲ ਦੀ ਤੀਜੀ ਕਾਨਫਰੰਸ 1921 ਵਲੋਂ ਕਮਿਊਨਿਸਟ ਪਾਰਟੀਆਂ ਦੀ ਜਥੇਬੰਦਕ ਬਣਤਰ ਬਾਰੇ ਇਕ ਬਹੁਤ ਹੀ ਮਹੱਤਵਪੂਰਨ ਥੀਸਸ ਪ੍ਰਵਾਨ ਕੀਤਾ ਗਿਆ ਸੀ, ਜਿਹੜਾ 'ਪਾਰਟੀ ਜਥੇਬੰਦੀ ਦੇ ਸਿਧਾਂਤ' ਵਜੋਂ ਜਾਣਿਆ ਜਾਂਦਾ ਹੈ। ਇਸ ਵਿਚ ਦਰਜ ਸੇਧਾਂ ਅਨੁਸਾਰ ਜਮਹੂਰੀ ਕੇਂਦਰੀਵਾਦ ਦਾ ਅਸੂਲ, ਸਮੂਹਕ ਕਾਰਜਵਿਧੀ ਅਤੇ ਸਮੂਹਕ ਲੀਡਰਸ਼ਿਪ ਦੇ ਅਸੂਲਾਂ ਸਮੇਤ ਪਾਰਟੀ ਉਸਾਰੀ ਦੇ ਸ਼੍ਰੋਮਣੀ ਜਥੇਬੰਦਕ ਅਸੂਲ ਵਜੋਂ ਸਥਾਪਤ ਹੋਇਆ ਹੈ। ਕਮਿਊਨਿਸਟ ਪਾਰਟੀ ਅੰਦਰ ਵਿਚਾਰਾਂ, ਫੈਸਲਿਆਂ ਤੇ ਸਰਗਰਮੀਆਂ ਦੇ ਜਮਹੂਰੀ ਕੇਂਦਰੀਕਰਨ ਦਾ ਅਰਥ ਹੈ, ਪ੍ਰੋਲਤਾਰੀ ਜਮਹੂਰੀਅਤ ਅਤੇ ਕੇਂਦਰੀਵਾਦ ਦਾ ਵਾਸਤਵਿਕ ਸੁਮੇਲ ਹੋਣਾ, ਭਾਵ ਦੋਵਾਂ ਦਾ ਇਕ ਜਾਨ ਹੋਣਾ। ਇਸ ਅਨੁਸਾਰ ''ਕਮਿਊਨਿਸਟ ਪਾਰਟੀ ਦੀ ਜਥੇਬੰਦੀ ਵਿਚ ਕੇਂਦਰੀਕਰਨ ਦਾ ਅਰਥ ਰਸਮੀ (6ਰਗਠ਼;) ਅਤੇ ਮਕਾਨਕੀ ($ਕਫ਼ੀਅਜਫ਼;) ਕੇਂਦਰੀਕਰਨ ਨਹੀਂ, ਸਗੋਂ ਇਹ ਕਮਿਊਨਿਸਟ ਸਰਗਰਮੀਆਂ ਦਾ ਕੇਂਦਰੀਕਰਨ ਹੈ, ਭਾਵ ਲੜਾਈ ਲਈ ਤਿਆਰ-ਬਰ-ਤਿਆਰ ਅਤੇ ਨਾਲ ਹੀ ਹਾਲਾਤ ਅਨੁਸਾਰ ਕੰਮ-ਢੰਗ ਨੂੰ ਢਾਲਣਯੋਗ ਸ਼ਕਤੀਸ਼ਾਲੀ ਲੀਡਰਸ਼ਿਪ ਦੀ ਸਥਾਪਨਾ ਕਰਨਾ ਹੁੰਦਾ ਹੈ।'' ਅਤੇ ''ਪਾਰਟੀ ਵਿਚ ਤਾਕਤ ਲਈ ਕੋਈ ਰਸਾਕਸ਼ੀ ਅਤੇ ਗਲਬੇ ਲਈ ਕੋਈ ਟੱਕਰ, ਕਮਿਊਨਿਸਟ ਇੰਟਰਨੈਸ਼ਨਲ ਵਲੋਂ ਅਪਣਾਏ ਜਮਹੂਰੀ ਕੇਂਦਰੀਵਾਦ ਦੇ ਬੁਨਿਆਦੀ ਸਿਧਾਂਤਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ।'' ਇਸ ਮਹੱਤਵਪੂਰਨ ਦਸਤਾਵੇਜ਼ ਵਿਚ ਪਾਰਟੀ ਅੰਦਰ ਨੌਕਰਸ਼ਾਹੀ ਰੁਝਾਨ ਅਤੇ ਰਸਮੀ ਜਮਹੂਰੀਅਤ ਦੋਹਾਂ ਨੂੰ ਹੀ ਨਕਾਰਿਆ ਗਿਆ ਹੈ। ਇਹ ਦਸਤਾਵੇਜ਼ ਇਸ ਸਬੰਧ ਵਿਚ ਸੁਚੇਤ ਕਰਦਾ ਹੈ ਕਿ, ''...... ਕੇਂਦਰੀਕਰਨ ਸਿਰਫ ਕਾਗਜਾਂ ਉਪਰ ਹੀ ਨਾ ਰਹੇ ਸਗੋਂ ਇਸ ਨੂੰ ਅਮਲ ਵਿਚ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਪ੍ਰਾਪਤੀ ਤਦ ਹੀ ਸੰਭਵ ਹੋਵੇਗੀ ਜਦੋਂ ਪਾਰਟੀ ਦੀਆਂ ਹੇਠਲੀਆਂ ਸਫਾਂ ਇਸ ਅਥਾਰਟੀ ਨੂੰ ਆਪਣੀ ਸਾਂਝੀ ਸਰਗਰਮੀ ਤੇ ਸੰਘਰਸ਼ ਵਿਚ ਇਕ ਬੁਨਿਆਦੀ ਕਾਰਜਕੁਸ਼ਲ ਹਥਿਆਰ ਵਜੋਂ ਮਹਿਸੂਸ ਕਰਨਗੀਆਂ। ਨਹੀਂ ਤਾਂ, ਇਹ ਜਨਸਮੂਹਾਂ ਨੂੰ ਪਾਰਟੀ ਅੰਦਰ ਨੌਕਰਸ਼ਾਹੀ ਦੀ ਤਰ੍ਹਾਂ ਜਾਪੇਗੀ ਅਤੇ ਇਸੇ ਲਈ, ਇਹ ਸੰਭਵ ਤੌਰ 'ਤੇ ਹਰ ਪ੍ਰਕਾਰ ਦੇ ਕੇਂਦਰੀਕਰਨ, ਹਰ ਪ੍ਰਕਾਰ ਦੀ ਲੀਡਰਸ਼ਿਪ, ਹਰ ਪ੍ਰਕਾਰ ਦੇ ਸਖਤ ਡਸਿਪਲਨ ਦੇ ਵਿਰੋਧ ਨੂੰ ਉਤੇਜਿਤ ਕਰੇਗਾ। ਅਰਾਜਕਤਾਵਾਦ ਨੌਕਰਸ਼ਾਹੀ ਦਾ ਉਲਟਾ ਸਿਰਾ ਹੈ।''
ਪਾਰਟੀ ਜਥੇਬੰਦੀ ਦੇ ਇਹ ਅਸੂਲ ਜਿਹਨਾਂ ਨੂੰ ਸਾਥੀ ਲੈਨਿਨ ਨੇ ਘੜਿਆ, ਵਿਸਥਾਰਿਆ ਅਤੇ ਜਿਹਨਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ ਸੀ, ਨੂੰ ਸਾਰੀਆਂ ਕਮਿਊਨਿਸਟ ਪਾਰਟੀਆਂ ਨੇ ਸਰਵਵਿਆਪੀ ਤੌਰ 'ਤੇ ਪੂਰੀ ਤਰ੍ਹਾਂ ਸਹੀ ਅਸੂਲ ਵਜੋਂ ਕਬੂਲ ਕਰ ਲਿਆ। ਜਮਹੂਰੀ ਕੇਂਦਰੀਵਾਦ ਦਾ ਇਹ ਅਸੂਲ ਹੀ ਇਕੋ ਇਕ ਜਥੇਬੰਦਕ ਅਸੂਲ ਹੈ ਜੋ ਕਮਿਊਨਿਸਟ ਪਾਰਟੀਆਂ ਨੂੰ ਤਿਆਰ-ਬਰ-ਤਿਆਰ ਰੱਖਦਾ ਹੈ ਅਤੇ ਪਾਰਟੀ ਨੂੰ ਇਕ ਹਕੀਕੀ ਇਨਕਲਾਬੀ ਪਾਰਟੀ ਦੇ ਰੂਪ ਵਿਚ ਕਾਇਮ ਰੱਖਦਾ ਹੈ। ਇਸ ਅਸੂਲ ਦੀ ਵਿਆਖਿਆ ਲਗਭਗ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ ਦੇ ਸੰਵਿਧਾਨਾਂ ਵਿਚ ਕੀਤੀ ਗਈ ਹੈ। ਪਾਰਟੀ ਢਾਂਚੇ ਦੇ ਖੇਤਰ ਵਿਚ ਜਮਹੂਰੀ ਕੇਂਦਰੀਵਾਦ ਦੇ ਮਾਰਗ-ਦਰਸ਼ਕ ਅਸੂਲਾਂ ਵਿਚ ਉਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਪਾਰਟੀ ਅਦਾਰਿਆਂ ਦਾ ਚੁਣੇ ਜਾਣਾ, ਘੱਟ ਗਿਣਤੀ ਵਲੋਂ ਬਹੁਗਿਣਤੀ ਦੇ ਫੈਸਲੇ ਨੂੰ ਅਮਲ ਵਿਚ ਲਿਆਉਣਾ, ਹੇਠਲੀਆਂ ਪਾਰਟੀ ਜਥੇਬੰਦੀਆਂ ਵਲੋਂ ਉਚੇਰੇ ਪਾਰਟੀ ਅਦਾਰਿਆਂ ਦੇ ਫੈਸਲਿਆਂ ਤੇ ਹਦਾਇਤਾਂ ਨੂੰ ਲਾਗੂ ਕਰਨਾ ਅਤੇ ਵਿਅਕਤੀ ਨੂੰ ਆਪਣੇ ਆਪ ਨੂੰ ਸਮੂਹਕ ਇੱਛਾ ਦੇ ਅਧੀਨ ਕਰਨਾ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਪਾਰਟੀ ਦੇ ਅੰਦਰੂਨੀ ਜੀਵਨ ਦੇ ਖੇਤਰ ਵਿਚ ਜਮਹੂਰੀ ਕੇਂਦਰਵਾਦ ਦੇ ਮਾਰਗ-ਦਰਸ਼ਕ ਅਸੂਲਾਂ ਵਿਚ ਪਾਰਟੀ, ਇਸ ਦੀ ਪਾਲਸੀ ਅਤੇ ਕੰਮ ਨੂੰ ਪ੍ਰਭਾਵਤ ਕਰਦੇ ਸਾਰੇ ਸਵਾਲਾਂ ਉਤੇ ਪਾਰਟੀ ਇਕਾਈ ਵਿਚ ਨਿਝੱਕ ਤੇ ਖੁੱਲੀ ਬਹਿਸ ਕਰਨੀ; ਪਾਰਟੀ ਮੈਂਬਰਾਂ ਦਾ ਵਿਚਾਰਧਾਰਕ ਪੱਧਰ ਉੱਚਿਆਉਣ ਲਈ ਦ੍ਰਿੜ ਯਤਨ ਕਰਨੇ; ਉਪਰ ਤੋਂ ਹੇਠਾਂ ਤੱਕ ਸਾਰੇ ਪੱਧਰਾਂ 'ਤੇ ਅਲੋਚਨਾ ਅਤੇ ਸਵੈ-ਅਲੋਚਨਾ ਖਾਸ ਕਰਕੇ ਹੇਠਾਂ ਤੋਂ ਅਲੋਚਨਾ ਨੂੰ ਉਤਸ਼ਾਹਤ ਕਰਨਾ; ਸਾਰੇ ਪੱਧਰਾਂ ਤੇ ਅਫਸਰਸ਼ਾਹੀ ਰੁਚੀਆਂ ਵਿਰੁੱਧ ਨਿਰੰਤਰ ਘੋਲ ਕਰਨਾ; ਪਾਰਟੀ ਅੰਦਰ ਕਿਸੇ ਕਿਸਮ ਦੀ ਗੁੱਟਬੰਦੀ ਤੇ ਗੁੱਟਬੰਦਕ ਗਰੁੱਪਬੰਦੀ ਅਤੇ ਲਿਹਾਜ਼ਦਾਰੀ ਦੀ ਮਨਾਹੀ ਅਤੇ ਸਾਥੀਆਂ ਨਾਲ ਹਮਦਰਦੀ ਭਰਿਆ ਵਤੀਰਾ ਅਪਨਾਉਣਾ ਆਦਿ ਸ਼ਾਮਲ ਹਨ। 
ਇਤਿਹਾਸ ਗਵਾਹ ਹੈ ਕਿ ਇਸ ਲੈਨਿਨਵਾਦੀ ਅਸੂਲ ਨੂੰ ਸਖਤੀ ਨਾਲ ਅਤੇ ਸਹੀ ਭਾਵਨਾ ਵਿਚ ਲਾਗੂ ਕਰਕੇ ਦੁਨੀਆਂ ਭਰ ਵਿਚ ਇਨਕਲਾਬੀ ਕਮਿਊਨਿਸਟ ਪਾਰਟੀਆਂ ਦੀ ਉਸਾਰੀ ਕਰਨੀ ਸੰਭਵ ਹੋ ਸਕੀ ਅਤੇ ਇਹਨਾਂ ਪਾਰਟੀਆਂ ਦੀ ਅਗਵਾਈ ਵਿਚ ਇਨਕਲਾਬ ਵੀ ਸਫਲ ਹੋਏ। ਐਪਰ, ਇਸ ਸ਼੍ਰੋਮਣੀ ਜਥੇਬੰਦਕ ਅਸੂਲ ਦੇ ਹੋਂਦ 'ਚ ਆਉਣ ਦੇ ਸਮੇਂ ਤੋਂ ਲੈ ਕੇ ਲਗਾਤਾਰ ਹੀ ਦੋਹਾਂ ਤਰ੍ਹਾਂ ਦੇ ਕੁਰਾਹਿਆਂ (ਸੋਧਵਾਦ ਤੇ ਖੱਬੀ ਮੌਕਾਪ੍ਰਸਤੀ) ਵਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਇਸ ਤੱਥ ਨੂੰ ਵੀ.ਆਈ.ਲੈਨਿਨ ਦੀਆਂ ਲਿਖਤਾਂ ਵਿਸ਼ੇਸ਼ ਕਰਕੇ 'ਕੀ ਕਰਨਾ ਲੋੜੀਏ' ਅਤੇ 'ਇਕ ਕਦਮ ਅੱਗੇ ਦੋ ਕਦਮ ਪਿੱਛੇ' ਵਿਚ ਸਪੱਸ਼ਟਤਾ ਨਾਲ ਵੇਖਿਆ ਜਾ ਸਕਦਾ ਹੈ। ਮਹਾਨ ਲੈਨਿਨ ਨੇ ਇਹਨਾ ਕੁਰਾਹਿਆਂ ਨੂੰ ਕਰਾਰੀ ਵਿਚਾਰਧਾਰਕ ਹਾਰ ਦਿੱਤੀ ਅਤੇ ਇਹ ਅਸੂਲ ਕਮਿਊਨਿਸਟ ਪਾਰਟੀਆਂ ਲਈ ਇਕ ਸਰਵਵਿਆਪੀ ਅਸੂਲ ਬਣ ਗਿਆ। 
ਸੱਜੇ, 'ਖੱਬੇ' ਦੋਹਾਂ ਪਾਸਿਆਂ ਤੋਂ ਹਮਲੇ
ਹੋਰ ਮਹੱਤਵਪੂਰਨ ਵਿਚਾਰਧਾਰਕ ਰਾਜਨੀਤਕ ਮੁੱਦਿਆਂ ਤੋਂ ਇਲਾਵਾ ਅਸਲ ਵਿਚ ਜਥੇਬੰਦੀ ਦਾ ਇਹ ਬੁਨਿਆਦੀ ਅਸੂਲ ਹੀ ਹੈ ਜਿਸ ਵਿਰੁੱਧ ਅਜੋਕੇ ਸੋਧਵਾਦੀ ਬਹੁਤ ਸਾਰੇ ਨਿਰਅਧਾਰ ਹਮਲੇ ਕਰਦੇ ਹਨ। 1957 ਦੇ ਮਾਸਕੋ ਐਲਾਨਨਾਮੇ ਵਿਚ ਸਪੱਸ਼ਟਤਾ ਨਾਲ ਇਹ ਦਰਜ ਕੀਤਾ ਗਿਆ ਸੀ ਕਿ, 'ਸੋਧਵਾਦੀ, ਮਾਰਕਸਵਾਦ-ਲੈਨਿਨਵਾਦ ਦੀ ਇਨਕਲਾਬੀ ਰੂਹ ਨੂੰ ਹੀ ਮਾਰਨ ਦਾ ਯਤਨ ਕਰਦੇ ਹਨ ਤਾਂ ਜੋ ਮਜ਼ਦੂਰ ਜਮਾਤ ਤੇ ਆਮ ਕਿਰਤੀ ਲੋਕਾਂ ਦੇ ਮਨਾਂ ਵਿਚ ਸਮਾਜਵਾਦ ਪ੍ਰਤੀ ਭਰੋਸੇ ਨੂੰ ਢਾਹ ਲਾਈ ਜਾ ਸਕੇ। ਉਹ ਪਰੋਲਤਾਰੀ ਇਨਕਲਾਬ ਦੀ ਅਤੇ ਸਰਮਾਏਦਾਰੀ ਤੋਂ ਸਮਾਜਵਾਦ ਵਿਚ ਤਬਦੀਲੀ ਦੇ ਦੌਰ ਵਿਚ ਪਰੋਲਤਾਰੀ ਦੀ ਡਿਕਟੇਟਰਸ਼ਿਪ ਦੀ ਇਤਿਹਾਸਕ ਲੋੜਵੰਦੀ ਤੋਂ ਇਨਕਾਰੀ ਹਨ। ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦੇ ਆਗੂ ਰੋਲ ਤੋਂ ਇਨਕਾਰੀ ਹਨ, ਪਰੋਲਤਾਰੀ ਅੰਤਰ-ਰਾਸ਼ਟਰਵਾਦ ਦੇ ਅਸੂਲਾਂ ਨੂੰ ਰੱਦ ਕਰਦੇ ਹਨ ਅਤੇ ਪਾਰਟੀ ਜਥੇਬੰਦੀ ਦੇ ਲੈਨਿਨਵਾਦੀ ਅਸੂਲਾਂ ਅਤੇ ਸਭ ਤੋਂ ਪਹਿਲਾਂ ਜਮਹੂਰੀ ਕੇਂਦਰਵਾਦ ਦੇ ਅਸੂਲ ਨੂੰ ਰੱਦ ਕਰਨ ਦਾ ਸੱਦਾ ਦਿੰਦੇ ਹਨ ਤਾਂ ਜੋ ਕਮਿਊਨਿਸਟ ਪਾਰਟੀ ਨੂੰ ਇਕ ਲੜਾਕੂ ਇਨਕਲਾਬੀ ਜਥੇਬੰਦੀ ਤੋਂ ਇਕ ਕਿਸਮ ਦੀ ਫਜ਼ੂਲ ਬਹਿਸ ਕਰਨ ਵਾਲੀ ਸਭਾ ਵਿਚ ਤਬਦੀਲ ਕੀਤਾ ਜਾ ਸਕੇ। ਅੰਤਰ-ਰਾਸ਼ਟਰੀ ਕਮਿਊਨਿਸਟ ਲਹਿਰ ਦਾ ਤਜ਼ਰਬਾ ਇਹ ਦੱਸਦਾ ਹੈ ਕਿ ਕਮਿਊਨਿਸਟ ਤੇ ਮਜ਼ਦੂਰ ਪਾਰਟੀਆਂ ਵਲੋਂ ਆਪਣੀਆਂ ਸਫਾਂ ਦੀ ਮਾਰਕਸਵਾਦੀ-ਲੈਨਿਨਵਾਦੀ ਇਕਜੁਟਤਾ ਦੀ ਦ੍ਰਿੜ ਰੱਖਿਆ ਕਰਨੀ ਅਤੇ ਇਸ ਇਕਜੁਟਤਾ ਨੂੰ ਘੁਣ ਵਾਂਗ ਚੱਟਣ ਵਾਲੀਆਂ ਗੁੱਟਬੰਦੀਆਂ ਤੇ ਗਰੁੱਪਾਂ ਉਪਰ ਪਾਬੰਦੀ ਲਾਉਣੀ, ਸਮਾਜਵਾਦ ਤੇ ਕਮਿਊਨਿਜ਼ਮ ਦੀ ਉਸਾਰੀ ਕਰਨ ਲਈ ਸਮਾਜਵਾਦੀ ਇਨਕਲਾਬ ਦੇ ਲੋੜੀਂਦੇ ਕਾਰਜਾਂ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਲਈ ਜ਼ਰੂਰੀ ਹੈ।'' ਸੱਜੇ ਸੋਧਵਾਦ ਦਾ ਰੋਗ ਇਕ ਦੀਰਘ ਰੋਗ ਹੈ ਤੇ ਇਸ ਵਿਰੁੱਧ ਬਣਦੀ ਲੜਾਈ ਨਾ ਦੇਣ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਅਤੇ ਸਾਡੇ ਆਪਣੇ ਦੇਸ਼ ਅੰਦਰ ਵੀ ਕਮਿਊਨਿਸਟ ਪਾਰਟੀਆਂ ਨੂੰ ਭਾਰੀ ਢਾਹ ਲੱਗੀ ਹੈ। 
ਇਸ ਦੇ ਨਾਲ ਹੀ ਸੋਧਵਾਦ ਵਿਰੁੱਧ ਲੜਾਈ ਦੇਣ ਦੇ ਨਾਂਅ ਹੇਠ, ਖੱਬੀ ਮੌਕਾਪ੍ਰਸਤੀ ਵਾਲਾ ਰੁਝਾਨ ਵੀ ਹੈ ਜੋ ਇਹ ਦਾਅਵਾ ਕਰਦਾ ਹੈ ਕਿ ਹਰੇਕ ਪਾਰਟੀ ਮੈਂਬਰ ਜਾਂ ਪਾਰਟੀ ਮੈਂਬਰਾਂ ਦੇ ਇਕ ਗਰੁੱਪ ਨੂੰ ਉਸ ਲਾਈਨ ਦੀ ਵਕਾਲਤ ਕਰਨ ਦਾ ਅਧਿਕਾਰ ਹੈ ਜਿਸ ਨੂੰ ਉਹ ਇਨਕਲਾਬੀ ਸਮਝਦੇ ਹਨ। ਉਹ ਇਹ ਮੰਗ ਕਰਦੇ ਹਨ ਕਿ ਉਹਨਾਂ ਨੂੰ ਪਾਰਟੀ ਅੰਦਰ ਅਜਿਹੇ ਗਰੁੱਪ ਬਨਾਉਣ ਦਾ ਅਧਿਕਾਰ ਹੈ, ਜਿਨ੍ਹਾਂ ਨੂੰ ਤਹਿਸ਼ੁਦਾ ਪਾਰਟੀ ਲਾਈਨ ਦੇ ਵਿਰੋਧ ਵਿਚ ਆਪਣੇ ਵਿਚਾਰਾਂ ਦੀ ਵਕਾਲਤ ਕਰਨ ਦੀ ਆਜ਼ਾਦੀ ਹੋਵੇ। ਇਹ ਰੁਝਾਨ ਪਾਰਟੀ ਅੰਦਰ ਨਿੱਕਬੁਰਜ਼ਵਾ ਅਰਾਜਕਤਾ ਦਾ ਪ੍ਰਗਟਾਵਾ ਹੈ ਅਤੇ ਇਹ ਵੀ ਜਮਹੂਰੀ ਕੇਂਦਰਵਾਦ ਦੇ ਅਸੂਲਾਂ ਦਾ ਨਿਖੇਧ ਹੈ। ਇਸ ਦਾ ਸਿੱਟਾ ਵੀ ਪਾਰਟੀ ਜਥੇਬੰਦੀ ਦੇ ਢਾਂਚੇ ਦੀ ਤਬਾਹੀ ਵਿਚ ਨਿਕਲਦਾ ਹੈ। ਲਗਭਗ ਸਾਰੇ ਹੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਇਤਿਹਾਸ ਵਿਚ ਜਮਹੂਰੀ ਕੇਂਦਰਵਾਦ ਦਾ ਇਹ ਬੁਨਿਆਦੀ ਅਸੂਲ ਮੌਕਾਪ੍ਰਸਤਾਂ ਵਲੋਂ ਜ਼ੋਰਦਾਰ ਹਮਲੇ ਦਾ ਵਿਸ਼ਾ ਰਿਹਾ ਹੈ। ਖੱਬੇ ਮੌਕਾਪ੍ਰਸਤ ਜਮਹੂਰੀ ਕੇਂਦਰਵਾਦ ਨੂੰ ਕੇਂਦਰਵਾਦੀਆਂ ਤੋਂ 'ਸੁਤੰਤਰ ਕਰਵਾਉਣ' ਦੀ ਵਕਾਲਤ ਕਰਦੇ ਹਨ। ਉਹ ਜਮਹੂਰੀਅਤ ਤੇ ਕੇਂਦਰਵਾਦ ਦੀ ਅਜੋੜਤਾ ਦੀ ਗੱਲ ਕਰਦੇ ਹਨ ਅਤੇ ਜਮਹੂਰੀਅਤ ਲਈ ਪ੍ਰਸਪਰ ਵਿਚਾਰ ਵਟਾਂਦਰੇ ਦੀ 'ਆਜ਼ਾਦੀ' ਵਧਾਉਣ ਅਤੇ ਪਾਰਟੀ ਵਿਚਲੇ ਗੁੱਟਾਂ ਅਤੇ ਧੜਿਆਂ ਨੂੰ ਅਸੀਮ ਤੇ ਅਮੁੱਕ ਖੁੱਲ੍ਹਾਂ ਦੇਣ ਦੀ ਵਕਾਲਤ ਕਰਦੇ ਹਨ। ਸਾਥੀ ਲੈਨਿਨ ਨੇ ਇਸ ਕੁਰਾਹੇ ਦੇ ਸ਼ਿਕਾਰ ਇਹਨਾਂ ਅਨਸਰਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਸੀ ਕਿ ਪਾਰਟੀ ਇਕ ਰਜਾਮੰਦੀ ਨਾਲ ਬਣਾਈ ਹੋਈ ਸਭਾ ਹੈ ਅਤੇ ਇਸ ਵਿਚ ਪਾਰਟੀ ਵਿਰੋਧੀ ਵਿਚਾਰਾਂ ਦੀ ਵਕਾਲਤ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਜੇਕਰ ਇਹਨਾਂ ਨੂੰ ਪਾਰਟੀ ਅੰਦਰ ਅਜਿਹਾ ਕਰਨ ਦੀ ਆਗਿਆ ਦਿੱਤੀ ਗਈ ਤਾਂ ਪਾਰਟੀ ਪਹਿਲਾਂ ਵਿਚਾਰਧਾਰਕ ਤੌਰ 'ਤੇ ਅਤੇ ਫਿਰ ਜਥੇਬੰਦਕ ਤੌਰ 'ਤੇ ਖੇਂਰੂ ਖੇਂਰੂ ਹੋ ਜਾਵੇਗੀ। ''ਪਾਰਟੀ ਰਜ਼ਾਮੰਦੀ ਨਾਲ ਬਣਾਈ ਹੋਈ ਸਭਾ ਹੈ। ਇਹ ਪਹਿਲਾਂ ਵਿਚਾਰਧਾਰਕ ਤੌਰ 'ਤੇ ਅਤੇ ਫਿਰ ਜਥੇਬੰਦਕ ਤੌਰ 'ਤੇ ਵੀ ਲਾਜ਼ਮੀ ਟੁੱਟ ਜਾਵੇਗੀ, ਜੇਕਰ ਇਹ ਆਪਣੇ ਆਪ ਨੂੰ ਉਹਨਾਂ ਅਨਸਰਾਂ ਤੋਂ ਮੁਕਤ ਨਹੀਂ ਕਰਦੀ ਜਿਹੜੇ ਪਾਰਟੀ ਵਿਰੋਧੀ ਵਿਚਾਰਾਂ ਦੀ ਵਕਾਲਤ ਕਰਦੇ ਹਨ।'' 
        (ਵੀ.ਆਈ.ਲੈਨਿਨ, ਸੰਕਲਿਤ ਰਚਨਾਵਾਂ ਜਿਲਦ 10, ਸਫਾ 47)
ਦੂਜੇ ਪਾਸੇ ਦੂਸਰੀ ਕਿਸਮ ਦੀ ਮਰਜ਼ ਦਾ ਸ਼ਿਕਾਰ ਕੁਰਾਹੀਏ ਕੇਂਦਰਵਾਦ ਦੀ ਮਹਾਨਤਾ ਉਪਰ ਜ਼ੋਰ ਦਿੰਦੇ ਹਨ। ਇਸ ਤਰ੍ਹਾਂ ਉਹ ਪਾਰਟੀ ਦੇ ਜੀਵਨ ਤੇ ਸਰਗਰਮੀ ਦੇ ਜਮਹੂਰੀ ਆਧਾਰ ਨੂੰ ਢਾਹ ਲਾਉਂਦੇ ਹਨ। ਪਾਰਟੀ ਮੈਂਬਰਾਂ ਦੀ ਰਚਨਾਤਮਕ ਪਹਿਲਕਦਮੀ ਦੇ ਵਿਕਾਸ ਨੂੰ ਰੋਕਦੇ ਹਨ। ਇਹ ਸਮਝਦਾਰੀ ਅਚੁੱਕ ਤੌਰ 'ਤੇ ਸ਼ਖ਼ਸੀ ਪੂਜਾ ਵੱਲ ਲੈ ਜਾਂਦੀ ਹੈ ਜੋ ਮਾਰਕਸਵਾਦੀ-ਲੈਨਿਨਵਾਦੀ ਪਾਰਟੀਆਂ ਦੇ ਸੁਭਾਅ ਦੇ ਹੀ ਉਲਟ ਹੈ। 
ਕਮਿਊਨਿਸਟ ਪਾਰਟੀਆਂ ਅੰਦਰ ਜਮਹੂਰੀਅਤ ਦਾ ਉੱਚਾ ਦਰਜ਼ਾ ਪ੍ਰਾਪਤ ਕਰਕੇ ਹੀ ਪਾਰਟੀ ਅੰਦਰ ਉੱਚ ਦਰਜ਼ੇ ਦਾ ਕੇਂਦਰਵਾਦ ਪ੍ਰਾਪਤ ਕੀਤਾ ਜਾ ਸਕਦਾ ਹੈ। ਜਮਹੂਰੀ ਕੇਂਦਰਵਾਦ, ਅੰਤਰ ਪਾਰਟੀ ਜਮਹੂਰੀਅਤ ਦੀ ਵਿਆਪਕ ਉਨਤੀ ਨੂੰ ਪੀਡੇ ਪਾਰਟੀ ਅਨੁਸ਼ਾਸਨ ਨਾਲ, ਪਾਰਟੀ ਸਫਾਂ ਦੀ ਜਥੇਬੰਦੀ ਨੂੰ ਕਮਿਊਨਿਸਟਾਂ ਦੀ ਸਰਗਰਮੀ ਤੇ ਪਹਿਲਕਦਮੀ ਨਾਲ ਪੂਰੀ ਤਰ੍ਹਾਂ ਜੋੜਨ ਦਾ ਅਸੂਲ ਹੈ। ਕਮਿਊਨਿਸਟ ਪਾਰਟੀਆਂ ਵਿਚ ਅੰਤਰਪਾਰਟੀ ਜਮਹੂਰੀਅਤ ਅਤੇ ਕੇਂਦਰਵਾਦ ਇਕ ਦੂਜੇ ਦੇ ਵਿਰੋਧੀ ਨਹੀਂ ਹਨ ਸਗੋਂ ਅਭੰਗ ਏਕਤਾ ਦਾ ਰੂਪ ਹਨ ਜਿਹੜੇ ਕਮਿਊਨਿਸਟਾਂ ਵਿਚ ਸਰਗਰਮੀ ਤੇ ਪਹਿਲਕਦਮੀ ਦਾ ਸੰਚਾਰ ਕਰਦੇ ਹਨ ਅਤੇ ਲਏ ਗਏ ਫੈਸਲਿਆਂ ਦੀ ਪੂਰਤੀ ਅਤੇ ਪੀਡੇ ਅਨੁਸ਼ਾਸਨ ਨੂੰ ਨਿਸ਼ਚਿਤ ਬਨਾਉਂਦੇ ਹਨ। ਜਮਹੂਰੀਅਤ ਅਤੇ ਕੇਂਦਰਵਾਦ ਦਾ ਸਜੀਵ ਜੋੜ ਪਾਰਟੀਆਂ ਦੇ ਕੰਮ ਵਿਚ ਉਹਨਾਂ ਨੂੰ ਲਚਕ ਦਿੰਦਾ ਹੈ ਅਤੇ ਦੋਵਾਂ ਨੂੰ, ਭਾਵ ਏਕਤਾ ਤੇ ਕਮਿਊਨਿਸਟਾਂ ਦੀ ਰਚਨਾਤਮਕ ਪਹਿਲਕਦਮੀ ਨੂੰ ਸੁਨਿਸ਼ਚਿਤ ਬਣਾਉਂਦਾ ਹੈ। 
ਜਮਹੂਰੀ ਕੇਂਦਰਵਾਦ 'ਤੇ ਫਿਰ ਤਿੱਖਾ ਹਮਲਾ
ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋ ਜਾਣ ਕਾਰਨ ਤੇ ਸਮਾਜਵਾਦ ਨੂੰ ਲੱਗੀਆਂ ਪਛਾੜਾਂ ਦੀ ਓਟ ਲੈ ਕੇ, ਕੁਰਾਹੇ ਦਾ ਸ਼ਿਕਾਰ ਅਨਸਰ ਹੁਣ ਲੈਨਿਨਵਾਦ ਦੀ ਸਰਵਸ਼ਕਤੀਮਾਨਤਾ ਅਤੇ ਵੈਧਤਾ 'ਤੇ ਮੁੜ ਤਿੱਖੇ ਹਮਲੇ ਕਰਨ 'ਤੇ ਉਤਾਰੂ ਹੋ ਗਏ ਹਨ। ਉਹਨਾਂ ਅਨੁਸਾਰ ਲੈਨਿਨਵਾਦ ਤੇ ਉਸ ਦੁਆਰਾ ਘੜੇ ਗਏ ਪਾਰਟੀ ਜੀਵਨ ਦੇ ਮਿਆਰ, ਵਿਸ਼ੇਸ਼ ਕਰਕੇ ਜਮਹੂਰੀ ਕੇਂਦਰਵਾਦ ਹੁਣ ਮੰਨਣਯੋਗ ਨਹੀਂ ਹਨ। ਉਹ ਤਾਂ ਇਹ ਕਹਿਣ ਦੀ ਹਿਮਾਕਤ ਵੀ ਕਰਦੇ ਹਨ ਕਿ ਅੱਜ ਦੀ 'ਬਦਲੀ ਹੋਈ ਸਥਿਤੀ' ਵਿਚ ਕਮਿਊਨਿਸਟ ਪਾਰਟੀ ਦੀ ਲੋੜ ਹੀ ਨਹੀਂ ਹੈ ਅਤੇ ਇਸਦੀ ਥਾਂ ਉਹ ਵਿਸ਼ਾਲ ਫਰੰਟ ਉਸਾਰਨ ਦੀ ਰਾਇ ਦਿੰਦੇ ਹਨ। ਇਕ ਅਜਿਹਾ ਮਿਸ਼ਰਿਤ ਇਕੱਠ ਜਿਸ ਵਿਚ ਹਰ ਵਿਚਾਰਧਾਰਾ (ਬੁਰਜ਼ਵਾ ਵਿਚਾਰਧਾਰਾ ਸਮੇਤ) ਦੇ ਵਿਅਕਤੀ ਸ਼ਾਮਲ ਕਰਕੇ ਇਕ ਢਿੱਲੀ (:ਰਰਤਕ) ਜਥੇਬੰਦੀ ਬਣਾਉਣ ਦਾ ਪ੍ਰਚਾਰ ਕਰਦੇ ਹਨ। ਜਮਹੂਰੀ ਕੇਂਦਰਵਾਦ, ਉਹਨਾਂ ਦੇ ਹਮਲੇ 'ਤੇ ਸਰਬਪ੍ਰਥਮ ਹੈ। ਇਹ ਸਪੱਸ਼ਟ ਰੂਪ 'ਚ ਜਮਾਤੀ ਸੰਘਰਸ਼ ਦੇ ਹੱਥਿਆਰ ਨੂੰ ਤਿਆਗਣ ਅਤੇ ਜਮਾਤੀ ਭਿਆਲੀ ਦੇ ਮਾਰਗ ਤੇ ਚੜ੍ਹਨ ਦੀ ਮੌਕਾਪ੍ਰਸਤ ਲਾਈਨ ਹੈ। ਇਹ ਕੁਰਾਹੀਏ ਮਜ਼ਦੂਰ ਜਮਾਤ ਦੇ ਰਾਜ ਸੱਤਾ ਪ੍ਰਾਪਤ ਕਰਨ ਦੇ ਸਭ ਤੋਂ ਸ਼ਕਤੀਸ਼ਾਲੀ ਤੇ ਇਕੋ ਇਕ ਹੱਥਿਆਰ ਨੂੰ ਖੁੰਢਾ ਕਰਨ ਤੇ ਫਿਰ ਵਗਾਹ ਮਾਰਨ ਦੀਆਂ ਦਲੀਲਾਂ ਪੇਸ਼ ਕਰਨ ਦੀ ਜੁਰੱਅਤ ਕਰ ਰਹੇ ਹਨ। 
ਕੁਰਾਹੇ ਦਾ ਸ਼ਿਕਾਰ ਇਹ ਅਨਸਰ ਆਪਣੇ ਹਮਲੇ ਨੂੰ ਵਾਜ਼ਬ ਦੱਸਦੇ ਹੋਏ ਇਹ ਦਲੀਲ ਦਿੰਦੇ ਹਨ ਕਿ ਲੈਨਿਨ ਦਾ ਉਸਾਰਿਆ ਕਿਲ੍ਹਾ ਢਹਿ ਢੇਰੀ ਹੋ ਗਿਆ ਹੈ ਅਤੇ ਕਮਿਊਨਿਸਟ ਪਾਰਟੀਆਂ ਅਤੇ ਜਮਹੂਰੀ ਕੇਂਦਰਵਾਦ ਦੇ ਅਸੂਲ ਦੋਹਾਂ ਦੀ ਹੀ ਹੁਣ ਲੋੜ ਨਹੀਂ ਹੈ। ਉਹ ਥੋੜੀ ਜਿੰਨੀ ਇਮਾਨਦਾਰੀ ਨਾਲ ਵੀ ਇਹ ਵੇਖਣ ਦੀ ਹਿੰਮਤ ਨਹੀਂ ਕਰਦੇ ਕਿ ਕਸੂਰਵਾਰ ਉਹ ਹਨ ਜਿਨ੍ਹਾਂ ਨੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਵਿਚ ਖੋਟ ਪਾਇਆ ਅਤੇ ਜਮਹੂਰੀ ਕੇਂਦਰੀਵਾਦ ਦੇ ਅਸੂਲ ਨੂੰ ਲੈਨਿਨੀ ਸਿੱਖਿਆ ਅਨੁਸਾਰ ਲਾਗੂ ਨਹੀਂ ਕੀਤਾ। ਤਲਵਾਰ ਸਵੈ-ਰੱਖਿਆ ਲਈ ਅਤੇ ਲੋਕ ਵਿਰੋਧੀ ਸ਼ਕਤੀਆਂ ਨਾਲ ਟੱਕਰ ਲੈਣ ਲਈ ਬਣਾਈ ਗਈ ਸੀ, ਪਰ ਜੇਕਰ ਕੋਈ ਇਸ ਨਾਲ ਕਿਸੇ ਮਸੂਮ, ਬੇਸਹਾਰਾ ਦਾ ਸਿਰ ਲਾਹ ਦੇਵੇ ਤਾਂ ਕਸੂਰਵਾਰ ਕੌਣ ਹੈ; ਉਹ ਜ਼ਾਲਮ ਜਾਂ ਤਲਵਾਰ? ਪਰ ਉਹ ਇਸ ਤਰਕ 'ਤੇ ਨਹੀਂ ਚਲਦੇ, ਉਹ ਤਾਂ ਕਮਿਊਨਿਸਟਾਂ ਦਾ ਬਾਣਾ ਪਾ ਕੇ, ਅੰਦਰੋਂ ਕਮਿਊਨਿਸਟਾਂ ਦੀ ਇਨਕਲਾਬੀ ਵਿਚਾਰਧਾਰਾ 'ਤੇ ਹਮਲੇ ਕਰਦੇ ਹਨ ਅਤੇ ਪਾਰਟੀ  ਦੀ ਲੋੜ ਤੇ ਪਾਰਟੀ  ਉਸਾਰਨ ਦੇ ਅਸੂਲਾਂ ਤੋਂ ਮੁਨਕਰ ਹੋਣ ਦੀ ਵਕਾਲਤ ਕਰਦੇ ਹਨ ਤੇ ਪਾਰਟੀ ਅਨੁਸ਼ਾਸਨ ਨੇ ਪੂਰੀ ਤਰ੍ਹਾਂ ਖਤਮ ਕਰ ਦੇਣ ਦੇ ਸੱਦੇ ਦਿੰਦੇ ਹਨ। 
ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਦੇ ਹਕੀਕੀ ਅਨੁਆਈਆਂ ਦੀ ਅੱਜ ਇਹ ਪ੍ਰਮੁੱਖ ਡਿਊਟੀ ਬਣ ਗਈ ਹੈ ਕਿ ਕਮਿਊਨਿਸਟ ਬਾਣੇ ਵਿਚ ਲੁਕੇ, ਕਮਿਊਨਿਜ਼ਮ ਦੇ ਇਹਨਾਂ ਵਿਰੋਧੀਆਂ ਵਿਰੁੱਧ ਜ਼ੋਰਦਾਰ ਵਿਚਾਰਧਾਰਕ ਸੰਘਰਸ਼ ਕਰਨ, ਉਹਨਾਂ ਨੂੰ ਬੇਨਕਾਬ ਕਰਨ ਅਤੇ ਆਪਣੀਆਂ ਸਫਾਂ ਨੂੰ ਮਾਰਕਸੀ-ਲੈਨਿਨੀ ਸਿਧਾਂਤ ਅਤੇ ਪਾਰਟੀ ਜੀਵਨ ਦੇ ਲੈਨਿਨੀ ਮਿਆਰਾਂ ਤੇ ਅਸੂਲਾਂ ਨਾਲ ਸੁਸਿੱਖਿਅਤ ਕਰਨ। ਸੁਸਿੱਖਿਅਤ, ਚੇਤਨ ਤੇ ਸੰਘਰਸ਼ਾਂ ਵਿਚ ਰੁਝੀਆਂ ਹੋਈਆਂ ਧਿਰਾਂ ਨੂੰ ਅੱਜ ਦੇਸ਼ ਪੱਧਰ ਉਤੇ ਇਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਭਾਰੀ ਲੋੜ ਹੈ ਜਿਹੜੀ (1) ਮਾਰਕਸਵਾਦ-ਲੈਨਿਨਵਾਦ ਦੇ ਅਸੂਲਾਂ ਤੋਂ ਅਗਵਾਈ ਲੈਂਦੀ ਹੋਵੇ (2) ਰਾਜਨੀਤਕ, ਵਿਚਾਰਧਾਰਕ ਤੇ ਜਥੇਬੰਦਕ ਤੌਰ 'ਤੇ ਪੀਡੀ ਤਰ੍ਹਾਂ ਇਕਮੁੱਠ ਤੇ ਇਕਜੁਟ ਹੋਵੇ ਅਤੇ (3) ਜਿਹੜੀ ਦੇਸ਼ ਦੇ ਕਿਰਤੀ ਜਨਸਮੂਹਾਂ ਨਾਲ ਪੂਰੀ ਤਰ੍ਹਾਂ ਜੁੜਨ ਨੂੰ ਆਪਣਾ ਨਿਸ਼ਾਨਾ ਮਿਥਦੀ ਹੋਵੇ ਅਤੇ ਸਾਂਝੇ ਸੰਘਰਸ਼ ਲਾਮਬੰਦ ਕਰਨ ਦੀ ਮੁਦਈ ਹੋਵੇ। 
ਸਾਥੀ ਲੈਨਿਨ ਦੀ ਜਮਹੂਰੀ ਕੇਂਦਰਵਾਦ ਬਾਰੇ, ਜਮਹੂਰੀਅਤ ਤੇ ਕੇਂਦਰਵਾਦ ਨੂੰ ਇਕ ਸਜੀਵ ਇਕਾਈ ਬਨਾਉਣ ਲਈ ਹੇਠ ਲਿਖੀ ਟਿੱਪਣੀ ਨੂੰ ਅੱਜ ਅੱਗੇ ਤੋਂ ਵੀ ਜ਼ਿਆਦਾ, ਕਮਿਊਨਿਸਟ ਪਾਰਟੀਆਂ ਦਾ ਮਾਰਗ ਦਰਸ਼ਕ ਬਨਾਉਣ ਦੀ ਲੋੜ ਹੈ, 
''ਜਮਹੂਰੀ ਕੇਂਦਰਵਾਦ ਦਾ ਅਸੂਲ ਅਤੇ ਸਥਾਨਕ ਪਾਰਟੀ ਜਥੇਬੰਦੀਆਂ ਦੀ ਸਵਾਧੀਨਤਾ (1ਚਵਰਅਰਠਖ) ਦਾ ਭਾਵ ਹੈ ਅਲੋਚਨਾ ਕਰਨ ਦੀ ਸਰਵਵਿਆਪੀ ਤੇ ਪੂਰਨ ਖੁੱਲ੍ਹ, ਜਦੋਂ ਤੱਕ ਕਿ ਇਹ ਕਿਸੇ ਅਮਲ ਦੀ ਏਕਤਾ ਵਿਚ ਵਿਘਨ ਨਹੀਂ ਪਾਉਂਦੀ ਹੈ। ਇਸ ਵਿਚ ਉਸ ਸਾਰੀ ਆਲੋਚਨਾ ਦੀ ਮਨਾਹੀ ਹੈ, ਜਿਸ ਨਾਲ ਪਾਰਟੀ ਵਲੋਂ ਤਹਿ ਕੀਤੇ ਹੋਏ ਕਿਸੇ ਐਕਸ਼ਨ ਵਿਚ ਵਿਘਨ ਪੈਂਦਾ ਹੈ ਜਾਂ ਅਮਲ ਦੀ ਏਕਤਾ ਉਸਾਰਨੀ ਮੁਸ਼ਕਲ ਹੋ ਜਾਂਦੀ ਹੈ।'' 
(ਵੀ.ਆਈ.ਲੈਨਿਨ, ਸੰਕਲਿਤ ਰਚਨਾਵਾਂ, ਜਿਲਦ 6)

(ਸੰਗਰਾਮੀ ਲਹਿਰ - ਜੂਨ 2013)

No comments:

Post a Comment