Tuesday 2 July 2013

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ, ਜੂਨ - 2013)

ਕਹਾਣੀ

ਸਾਰੋ-ਛੈ  - ਲਾਲ ਸਿੰਘ ਦਸੂਹਾ

(ਸਾਰੋ-ਛੈ ਗੁਜਰਾਤੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ''ਠੀਕ ਹੈ''। ਮਿਹਨਤਕਸ਼ ਜਮਾਤ ਦੀ ਕੌਮਾਂਤਰੀ ਸਾਂਝ ਵਜੋਂ ਕਹਾਣੀ ਦਾ ਇਹ ਨਾਂ ਰੱਖਿਆ ਗਿਆ ਹੈ -ਲੇਖਕ )

ਤੰਗ ਗਲੀਆਂ, ਬਾਜ਼ਾਰਾਂ ਤੇ ਤਿੰਨ-ਤਿੰਨ, ਚਾਰ ਚਾਰ ਮੰਜ਼ਲੇ ਘਰਾਂ ਵਾਲੇ ਸ਼ਹਿਰ ਦਾ ਖੁਲ੍ਹਾ-ਮ੍ਹੋਕਲਾ ਪਾਸਾ । ਵੱਡੀ-ਚੌੜੀ ਸੜਕ ਵਿੱਚੋਂ ਨਿਕਲਦੀਆਂ ਖੁਲ੍ਹੀਆਂ-ਛੋਟੀਆਂ ਸੜਕਾਂ । ਨਿਬਲ-ਟੋਏ ਹੋਈਆਂ ਸੜਕਾਂ ਦੇ ਨਾਲ ਨਾਲ ਖੰਭਿਆਂ ਦੀਆਂ ਪਾਲਾਂ। ਖੰਭਿਆਂ ਉੱਤੇ ਬੱਝੀਆਂ ਬਿਜਲੀ ਦੀਆਂ ਮੋਟੀਆਂ-ਪਤਲੀਆਂ ਤਾਰਾਂ ਨਾਲ ਛਾਨਣੀ ਹੋਇਆ ਆਕਾਸ਼ । ਆਕਾਸ਼ ਜਿਸ ਅੰਦਰ ਅੱਠੇ-ਪਹਿਰ ਚਿੱਟੇ-ਕਾਲੇ ਧੂਏਂ ਦਾ ਰਾਜ ਰਹਿੰਦਾ ਹੈ। ਉੱਚੀਆਂ ਲੰਮੀਆਂ ਦਿਓ-ਕੱਦ ਚਿਮਨੀਆਂ 'ਚੋਂ ਉਠਦੇ ਧੂਏਂ ਦੀ ਦੁਰਗੰਧ ਅੰਦਰ ਸਾਹ ਲੈਂਦੇ ਹਜ਼ਾਰਾਂ ਕਾਮੇਂ, ਜਿਨ੍ਹਾਂ ਨੂੰ ਨਿੱਕੇ-ਵੱਡੇ ਕਾਰਖਾਨਿਆਂ ਦੇ ਉੱਚੇ-ਨੀਵੇਂ ਗੇਟਾਂ ਦੇ ਜਬਾੜੇ, ਸਵੇਰੇ ਨਿਗਲ ਕੇ ਤਰਕਾਲਾਂ ਨੂੰ ਗੁਲੱਛਦੇ ਹਨ। ਸ਼ਾਮੀਂ ਹੜਪ ਕੇ ਉਹਨਾਂ ਦੀਆਂ ਹੱਡੀਆਂ ਅਤੇ ਪਿੰਜਰ ਅੱਧੀ ਕੁ ਰਾਤੀਂ ਬਾਹਰ ਸੜਕਾਂ ਉੱਤੇ ਉਲਟੀ ਕਰ ਦਿੰਦੇ ਹਨ । ਫੈਕਟਰੀ-ਏਰੀਏ ਦੀ ਸੱਭ ਤੋਂ ਵੱਡੀ ਫ਼ਰਮ 'ਆਈ ਐਂਡ ਆਈ ਲਿਮਟਿਡ' ਦੇ ਚੈੱਕ ਭਾਈਵਾਲਾਂ ਨੇ ਅੱਧੀ ਰਾਤ ਨੂੰ ਸ਼ੁਰੂ ਹੋਣ ਵਾਲੀ ਗਰੇਵਯਾਰਡ ਸ਼ਿਫ਼ਟ ਇਸ ਲਈ ਬੰਦ ਕਰਵਾ ਦਿੱਤੀ ਹੈ ਕਿ 'ਕੈਯੂਐਲਟੀਆਂ' ਦੀ ਵਧਦੀ ਗਿਣਤੀ ਖਪਾਉਣੀ ਔਖੀ  ਹੋ ਗਈ ਸੀ। ਦੂਜੀ ਸ਼ਿਫ਼ਟ ਵਾਲੇ ਢਲਾਈ-ਕਾਮੇਂ ਦਿਨ ਦੀਆਂ ਤਪਾਈਆਂ ਆਇਲ ਤੇ ਸਟੀਲ ਫ਼ਰਨਿਸ਼ਾਂ ਅੰਦਰ ਢਲਦਾ ਪਿੱਤਲ ਅਤੇ ਦੇਗੀ-ਲੋਹਾ, ਵੱਡੇ ਛੋਟੇ ਸੰਚਿਆਂ ਅੰਦਰ ਪਲਟਾ ਕੇ ਵਿਹਲੇ ਹੋ ਜਾਂਦੇ ਹਨ ਅਤੇ ਆਪਣੇ ਹਾਜ਼ਰੀ ਕਾਰਡਾਂ 'ਤੇ ਕਦੀ ਅੱਧੀ ਤੇ ਕਦੀ ਪੌਣੀ ਦਿਹਾੜੀ ਲਿਖਵਾ ਕੇ ਘਰੋ-ਘਰੀ ਪਰਤ ਜਾਂਦੇ ਹਨ, ਪਰ ਫੈਕਟਰੀ ਦੀਆਂ ਦੂਜੀਆਂ ਸ਼ੈਡਾਂ ਹੇਠ ਅੱਧੀ ਰਾਤ ਨੂੰ ਮੁਕਣ ਵਾਲੀ ਸਵਿੰਗ ਸ਼ਿਫਟ ਪੂਰੀ ਹੋਣ ਤੱਕ,ਉੱਚਾ-ਨੀਵਾਂ ਖੜਾਕ ਹੁੰਦਾ ਰਹਿੰਦਾ ਹੈ ।
ਪੰਜ-ਪੰਜ ਸੌ ਵਾਟ ਦੇ ਬੱਲਬਾਂ ਦੀ ਤੇਜ਼-ਤਰਾਸ਼ ਚਾਨਣੀ ਤੇ ਹੁੰਮਸ ਅੰਦਰ, ਅੱਖਾਂ 'ਤੇ ਚਿੱਟੇ ਖੋਪੇ ਚਾੜ੍ਹੀ ਰਗੜੱਈਏ ਪਾਣੀ ਦੀਆਂ ਨਿੱਕੀਆਂ-ਵੱਡੀਆਂ ਟੂਟੀਆਂ ਦੇ ਨਰਮ ਨਾਜ਼ਰ ਸਰੀਰਾਂ ਤੋਂ 'ਫਾਲਤੂ-ਮਾਲ' ਰਗੜਦੇ ਰਹਿੰਦੇ ਹਨ । ਮਸ਼ੀਨ ਸ਼ਾਪ ਦੀਆਂ ਦਰਜਨਾਂ ਮਸ਼ੀਨਾਂ ਖਰਾਦੀਆਂ ਦੇ ਅਦੜ-ਵੰਜੇ ਮੈਲੇ ਕਪੜਿਆਂ 'ਤੇ ਕਾਲਖ ਦੀਆਂ ਹੋਰ ਤਹਿਆਂ ਚਾੜ੍ਹੀ ਜਾਂਦੀਆਂ ਹਨ, ਤਿਆਰ ਹੋਏ ਪੁਰਜ਼ਿਆਂ ਦੀਆਂ ਢੇਰੀਆਂ, ਫਿਟਰਾਂ ਦੇ ਅੱਡਿਆਂ ਤੋਂ ਲੰਘ ਕੇ ਵੱਡੇ-ਵੱਡੇ ਢੇਰਾਂ ਅੰਦਰ ਬਦਲਦੀਆਂ ਜਾਂਦੀਆਂ ਹਨ ਅਤੇ ਪਾਲਸ਼ੀਆਂ ਦੀਆਂ ਪਾਲਸ਼-ਸਾਣਾਂ ਬੇਜਾਨ ਖੁਰਦਰੀਆਂ ਟੂਟੀਆਂ ਨੂੰ ਚਮਕਾ-ਲਿਸ਼ਕਾ ਕੇ ਜੀਊਂਦੀਆਂ-ਜਾਗਦੀਆਂ, ਮੂੰਹੋਂ-ਬੋਲਦੀਆਂ ਕਰੀ ਜਾਂਦੀਆਂ ਹਨ ।
-----------
'ਆਈ ਐਂਡ ਆਈ' ਦੇ ਵੱਡੇ ਗੇਟੋਂ ਬਾਹਰ ਲਮਕਦੇ ਕਾਲੇ ਫੱਟੇ 'ਤੇ ਪੱਕੇ ਉੱਕਰੇ ਅੱਖਰ 'ਜ਼ਰੂਰਤ ਹੈ'.....'ਹੇਠਾਂ ਚੌਥੇ ਨੰਬਰ 'ਤੇ ਲਿਖੇ '........ਇਕ ਪਾਲਸ਼ੀਏ ਦੀ' ਪੜ੍ਹ ਕੇ, ਸੁੱਚੇ ਨੇ ਗੇਟ 'ਤੇ ਖੜੇ ਗੋਰਖੇ ਤੋਂ ਅੰਦਰ ਜਾਣ ਦੀ ਆਗਿਆ ਮੰਗੀ । ਚੁੰਨ੍ਹੀਆਂ ਅੱਖਾਂ ਵਾਲੇ ਗੁੱਥੇ ਹੋਏ ਬੰਮ ਬਹਾਦਰ ਨੇ ਸੁੱਚੇ ਨੂੰ ਤਾੜਵੀਆਂ ਨਜ਼ਰਾਂ ਨਾਲ ਦੇਖਦਿਆਂ, ਵਰਕਸ-ਮੈਨੇਜਰ ਨੂੰ ਮਿਲਣ ਲਈ ਆਖਿਆ । ਕੈਬਿਨ ਵੱਲ ਇਸ਼ਾਰਾ ਕਰਨ ਲਈ ਬਾਂਹ ਉਪਰ ਚੁਕਦਿਆਂ, ਉਸ ਦੇ ਲੱਕ ਨਾਲ ਲਟਕਦੀ ਖੋਖਰੀ ਸੁੱਚੇ ਦੇ ਖੱਬੇ ਗੁੱਟ 'ਤੇ ਜ਼ੋਰ ਨਾਲ ਵੱਜੀ ।
ਸੱਜੇ ਹੱਥ ਨਾਲ ਖੱਬੇ ਗੁੱਟ ਨੂੰ ਪਲੋਸਦਾ ਸੁੱਚਾ ਪਹਿਲਾਂ ਵਰਕਸ-ਮੈਨੇਜਰ ਦੇ ਚਪੜਾਸੀ ਕੋਲ ਪਹੁੰਚ ਗਿਆ, ਫਿਰ ਉਸ ਦੇ ਕੈਬਿਨ ਅੰਦਰ । ਥੋੜ੍ਹੀ ਜਿਹੀ ਪੁਛ-ਪੜਤਾਲ ਪਿਛੋਂ ਉਸ ਨੂੰ ਟਰਾਈ ਲਈ ਪਾਲਿਸ਼-ਸ਼ਾਪ ਭੇਜ ਦਿੱਤਾ ਗਿਆ ।
" ਕਿਤਨੇ ਦਾਮ ਕਾ ਕਾਰੀਗਰ ਹੈ?  ਵਰਕਸ-ਮੈਨੇਜਰ ਨੇ ਗੁਜਰਾਤੀ ਫੋਰਮੈਨ ਨੂੰ ਦਫ਼ਤਰ ਬੁਲਾ ਕੇ ਪੁਛਿਆ ।
"ਸਾਰੋ ਛੈ, ਸਿਰ ਹਿਲਾਉਂਦਿਆਂ ਫੋਰਮੈਨ ਨੇ ਸੁੱਚੇ ਦੇ ਕੀਤੇ ਕੰਮ ਨੂੰ ਪਸੰਦ ਕਰਦਿਆਂ ਉੱਤਰ ਦਿੱਤਾ ।
ਫੋਰਮੈਨ ਦਾ ਹੁੰਗਾਰਾ ਮਿਲਣ 'ਤੇ ਵਰਕਸ-ਮੈਨੇਜਰ ਨੇ ਸੁੱਚੇ ਨੂੰ ਸੱਦ ਕੇ ਘੋਖ-ਪੜਤਾਲ ਕੀਤੀ - ਕਿਆ ਨਾਮ ਹੈ ...? "
" ਸੁੱਚਾ ਸਿੰਘ । "
" ਪਹਿਲੇ ਕਿਧਰ ਕਾਮ ਕਰਤਾ ਥਾ? "
" ਰਾਸ਼ਟਰੀਆ ਸਟੀਲ ਕੰਪਨੀ ਵਿੱਚ ।"
 "ਉਧਰ ਸੇ ਕਿਉਂ ਛੋੜਾ .....?"
"ਜੀ ...ਈ ਮੈਂ ਬਿਮਾਰ ਹੋ ਗਿਆ .....ਉਨ੍ਹਾਂ ਬੰਦਾ ਰੱਖ ਲਿਆ, " ਵੇਲਾ ਟਾਲਣ ਲਈ ਸੁੱਚੇ ਨੇ ਪਹਿਲੋਂ ਘੜਿਆ ਉੱਤਰ ਫੱਟਾ-ਫਟ ਬੋਲ ਦਿੱਤਾ ।
" ਦੇਖੋ ਸੂਚਾ ਸੀਂਘ ....ਅਬੀ ਤੁਮਹਾਰੀ ਕੱਚੀ ਟਰਾਈ ਹੂਆ ਹੈ , ਪੱਕੀ ਫਿਰ ਹੋਗਾ, ...ਜ਼ਰਾ ਪਾਰਗਰੈਸ ਦਿਖਾਓ , ਫਿਰ ਤਨਖਾਹ ਫਿੱਟ ਕਰੇਗਾ, " ਘਾਗ ਮੈਨੇਜਰ ਨੇ ਉਸ ਨੂੰ ਅਗਾਉਂ ਵਗਲ ਲਿਆ ।
ਸੋਚੀਂ ਪਿਆ ਸੁੱਚਾ ਮੈਨੇਜਰ ਦੀ ਗੱਲ ਸੁਣ ਕੇ ਕੁਝ ਪਲਾਂ ਲਈ ਸੁੰਨ ਜਿਹਾ ਹੋ ਗਿਆ ।
"ਦੇਖੋ , ਏਕ ਔਰ ਜ਼ਰੂਰੀ ਬਾਤ .........ਕਿਸੇ ਦੂਸਰੇ ਪਾਲਸ਼ੀਏ ਸੇ ਕੋਈ ਕਾਨਾ-ਫੂਸੀ ਨਹੀਂ ਕਰਨਾ ...ਆਪਨੇ ਕਾਮ ਸੇ ਕਾਮ ਰਖਨਾ ....ਬੱਸ । "
ਇਕ ਪਾਸੇ, ਮਹੀਨੇ ਭਰ ਦੀ ਬੇਕਾਰੀ ਦੀਆਂ ਠ੍ਹੋਕਰਾਂ, ਦੂਜੇ ਪਾਸੇ ਸਾਥੀ ਕਾਰੀਗਰਾਂ ਨਾਲ ਬੋਲਣ ਦੀ ਮਨਾਹੀ ....ਸੁੱਚੇ ਦੀ ਦੋ-ਚਿੱਤੀ ਹੋਰ ਪੀਡੀ ਹੁੰਦੀ ਗਈ ।
ਚਾਨਚੱਕ ਫੋਰਮੈਨ ਨੇ ਉਸ ਦਾ ਮੋਢਾ ਥਾਪੜਦਿਆਂ ਆਖਿਆ- ਆਂ...ਹਾਂ, ਨਾਨਾ ਭਾਈ ਸਾਰੋ ਛੈ ? "
ਥਾਪੀ ਅੰਦਰਲੀ ਅਪਣਤ ਨੂੰ ਭਾਂਪਦਿਆਂ ਸੁੱਚੇ ਦੀ ਧੁੰਦਲੀ ਸੋਚ ਪਲਾਂ ਅੰਦਰ ਹੀ ਉੱਡ-ਪੁੱਡ ਗਈ । ਉਸ ਨੇ ਬੜੇ ਠਰੱਮੇ ਨਾਲ ਦੋਹਰੇ ਅਰਥਾਂ ਵਾਲੀ 'ਜੀ....ਈ' ਆਖ ਕੇ ਅੱਡਾ ਸਾਂਭ ਲਿਆ ।
-------------
ਤੇਰਾ ਅੱਡਾ ਬੜਾ ਨੈਹਸ਼ ਐ ਪੰਜਾਹਾਂ ਨੂੰ ਢੁਕਦੇ ਪਾਲਸ਼ੀਏ ਪਿਰਥੀ ਨੇ ਦੂਜੇ ਦਿਨ ਰੋਟੀ ਦੀ ਛੁੱਟੀ ਵੇਲੇ ਸੁੱਚੇ ਨੂੰ ਆਖਿਆ ।
"ਕਿਉਂ ....? ਤ੍ਰਬਕ ਕੇ ਸੁੱਚੇ ਨੇ ਕਾਰਨ ਜਾਨਣਾ ਚਾਹਿਆ ।
"ਮੇਰੇ ਦੇਖਦਿਆਂ, ਇਨ੍ਹੇ ਕਿੰਨ੍ਹੇ ਈ ਬੰਦੇ ਖਾਧੇ ਨੇ । "
" ਉਹ ਕਿੱਦਾਂ ? "
" ਜੇੜ੍ਹਾ ਵੀ ਇਥੇ ਬੈਠਦਾ, ਛੇਈਂ ਕੁ ਮਹੀਨੀਂ ਅੱਧੀ-ਪੱਚਦੀ ਤਨਖਾਹ ਮਰਵਾ ਕੇ ਤੁਰਦਾ ਬਣਦਾ । ਕੋਈ ਭਲਾਈ-ਦਫ਼ਤਰਾਂ ਦੇ ਚੱਕਰ ਕੱਟਦਾ, ਕੋਈ ਲੇਬਰ-ਕੋਰਟਾਂ ਦੇ ਧੱਕੇ ਖਾਂਦਾ ....ਫੀਲਾ ਤਾਂ ਬਚਾਰਾ, ਐਸ ਅੱਡੇ ਦਾ ਮਾਰਿਆ ਜਹਾਨੋਂ ਈ ਤੁਰਦਾ ਬਣਿਆ। ਉਹਦੀ ਤਿੰਨਾਂ ਮਹੀਨਿਆਂ ਦੀ ਤਨਖਾਹ ਤੇ ਸਾਲ ਭਰ ਦਾ ਬੋਨਸ ਵੀ ਮਾਲਕ ਆਪੇ ਹੀ ਹੜੱਪ ਕਰ ਗਏ । "
" ਉਹ ਕਿਉਂ? ਸੁੱਚਾ ਸਾਰੀ ਗੱਲ ਜਾਣਨ ਲਈ ਪਿਰਥੀ ਦੇ ਹੋਰ ਲਾਗੇ ਸਰਕ ਗਿਆ ।
" ....ਕਿਸੇ ਬਾਹਰਲੇ ਮੁਲਕ ਨੂੰ ਗਏ ਮਾਲ ਦਾ ਭਾਰ ਘੱਟ ਨਿਕਲਿਆ । ਅਗਲੇ ਸਾਈਆਂ ਨੇ ਸਾਰੇ ਦਾ ਸਾਰਾ ਈ ਫੈਕਟਰੀ ਨੂੰ ਬਰੰਗ ਕਰ ਦਿੱਤਾ । ...ਪਹਿਲਾਂ ਆਖਦੇ ਗਏ, ਫੀਲਾ ਸਿਆਂ, ਮਾਲ ਬਾਰ੍ਹ ਜਾਣਾ , ਹੱਥ ਜ਼ਰਾ ਸੁਥਰਾ ਰੱਖੀਂ ....ਪਿਛੋਂ ਹਾਅ ਚੰਦ ਚਾੜ੍ਹ 'ਦਿੱਤਾ।'' "
''ਇਦ੍ਹੇ ਵਿਚ ਫੀਲੇ ਦਾ ਕੀ ਕਸੂਰ?'' ਸੁੱਚੇ ਨੇ ਫਿਕਰਮੰਦ ਹੋ ਕੇ ਪੁਛਿਆ।''
''ਕਸੂਰ ਤਾਂ ਉਦ੍ਹਾ ਰੱਤੀ ਭਰ ਵੀ ਨਈਂ, ਪਰ .....ਜ਼ੋਰਾਬਰਾਂ ਦਾ ਨਜ਼ਲਾ ਤਾਂ ਮ੍ਹਾਤੜਾਂ' ਤੇ ਈ ਡਿਗਦੈ ਹਰ ਵਾਰੀ ....!'' "
''ਲੇਬਰ ਅਫ਼ਸਰ ਕੋਲ ਰੀਪੋਟ ਕਰਨੀ ਸੀ ।'' "
''ਕੀਤੀ ਸੀ ....ਪਰ ਹਰ ਕੋਈ ਚੜ੍ਹਦੇ ਸੂਰਜ ਨੂੰ ਈ ਸਲਾਮਾਂ ਕਰਦਾ, ਸਭ ਅਪਸਰ-ਉਪਸਰ ਪੈਹੇ ਨਾਲ ਖਰੀਦੇ ਜਾਂਦੇ ਆ ।'' "
''ਯੂਨੀਅਨ ਵਾਲਿਆਂ ਨੂੰ ਨਈਂ ਦੱਸਿਆ?'' "
''ਦੱਸਿਆ ਕਿਉਂ ਨਹੀਂ ! ਉਹ ਵੀ ਕੇਸ ਲੜਨ ਤੋਂ ਅੱਗੋਂ ਈ ਛੇਮਾਂ ਹਿੱਸਾ ਮੰਗਦੇ ਸੀ ।'' "
''ਬਹੁਤ ਮਾੜੀ ਗੱਲ ਹੋਈ!''"
''ਮਾੜੀ ਜੇਹੀ ਮਾੜੀ ..........ਜਣਾ 'ਕੱਲਾ ਈ ਡੱਟਿਆ ਰਿਆ । ਰਾਤ ਨੂੰ ਲੁਕ-ਛਿਪ ਕੇ ਕਿਤੇ ਹੋਰਥੇ ਕੰਮ ਕਰਦਾ, ਦਿਨੇ ਦਫ਼ਤਰਾਂ ਦੇ ਚੱਕਰ ਮਾਰਦਾ ।'' "
''ਤੁਹਾਡੇ ਵਿਚੋਂ ਕਿਸੇ ਨੇ ਆਸਰਾ ਨਈਂ ਦਿਤਾ ।'' "
''ਆਸਰਾ ਕੀ ਦਿੰਦੇ ...ਉਹਨੂੰ ਅਗਲਿਆਂ ਊਈਂ ਜਹਾਨੋਂ ਤੁਰਦਾ ਕਰ ਦਿੱਤਾ ..ਤਰੀਕ ਭੁਗਤ ਕੇ ਮੁੜਦਿਆਂ ਜੀਪ ਤੇਜ਼ ਕਰ ਕੇ ਉਹਦੇ ਸੈਕਲ 'ਚ ਮਾਰੀ । ਪੱਕੀ 'ਤੇ ਸਿਰ ਭਾਰ ਡਿੱਗ ਕੇ ਉਹ ਵਿਚਾਰਾ ਥੈਂਹ ਈ ਦਮ ਤੋੜ ਗਿਆ ....। ਦੇ -ਦੁਆ ਕੇ ਅਗਲਿਆਂ ਉਹ ਕੇਸ ਵੀ ਖੁਰਦ-ਬੁਰਦ ਕਰ ਇੱਤਾ । ਅਖੇ , ਮਰਨ ਆਲਾ  ਗ਼ਲਤ ਹੱਥੇ ਸੀ ।'' "
''ਫਿਰ ....ਕੁਝ ਨਈਂ ਬਣਿਆ ਉਸ ਦਾ ....?'' "
''ਬਨਣਾ ਕੀ ਸੀ ? ਜੇੜ੍ਹਾ ਵੀ ਸਿਰ ਚੁਕਦਾ ਉਦ੍ਹਾ ਆਪਣਾ ਟੱਬਰ-ਟੀਰ ਭੁੱਖਾ ਮਰਦਾ ...ਨਾਲੇ ਕੌਣ ਕਿਸੇ ਦੀ ਮੌਤੇ ਮਰਦਾ ...!'' "
------------
ਦੋ-ਦੋ, ਚਾਰ-ਚਾਰ ਮੰਜ਼ਲੇ ਚੁਬਾਰਿਆਂ ਦੀਆਂ ਤੰਗ-ਗਲੀਆਂ ਵਾਲੇ ਸ਼ਹਿਰ ਦਾ ਖੁੱਲਾ-ਮ੍ਹੋਕਲਾ ਪਾਸਾ । ਚੌੜ੍ਹੀਆਂ ਖੁਲੀਆਂ ਸੜਕਾਂ ਵਿਚਕਾਰ ਵੱਡੇ-ਵੱਡੇ ਇਹਾਤਿਆਂ ਅੰਦਰ ਉਸਰੀਆਂ ਰੰਗ-ਬਿਰੰਗੀਆਂ ਉੱਚੀਆਂ ਨੀਵੀਆਂ ਕੋਠੀਆਂ । ਕੋਠੀਆਂ ਨਾਲ ਜੁੜਵੇਂ ਬਰਾਂਡਿਆਂ ਨੂੰ ਛਾਂ ਕਰਦੀਆਂ ਨੀਲੀਆਂ ਪੀਲੀਆਂ ਚਿੱਕਾਂ । ਚਿੱਕਾਂ ਲਾਗਲੀਆਂ ਤਾਕੀਆਂ ਵਿੱਚ ਫਿੱਟ ਕੀਤੇ ਰੂਮ-ਕੂਲਰ ।
ਹਰੇ-ਕਚੂਰ ਮਖ਼ਮਲੀ ਘਾਹ ਨਾਲ ਢੱਕੀ ਇਕ ਖੁਲ੍ਹੀ ਲਾਅਨ , ਪੀਲੇ ਰੰਗ ਦੀ ਨਿੱਕੀ ਕੋਠੀ ਨਾਲ ਜੁੜਦੀ ਹੋਈ । ਕੋਠੀ ਦੇ ਵੱਡੇ ਕਮਰੇ ਅੰਦਰ ਵਿਛੇ ਰੰਗਦਾਰ ਕਲੀਨ ਉਤੇ, ਮਜ਼ਦੂਰ-ਭਲਾਈ ਅਫ਼ਸਰ ਦਾ ਮੇਜ਼ ਸਜਿਆ ਹੋਇਆ ਹੈ । ਸੱਜੇ ਹੱਥ ਟਿਕਾਏ ਸੋਫਾ-ਸੈੱਟ ਉਤੇ 'ਆਈ ਐਂਡ ਆਈ ਲਿਮਟਿਡ' ਦਾ ਮੈਨੇਜਿੰਗ ਡਰਾਇਰੈਕਟਰ ਤੇ ਉਸ ਦਾ ਸਟੈਨੋ ਬਿਰਾਜਮਾਨ ਹਨ । ਖੱਬੇ ਹੱਥ ਪਈਆਂ ਲੋਹੇ ਦੀਆਂ ਕੁਰਸੀਆਂ 'ਤੇ ਉਸੇ ਫੈਕਟਰੀ ਦੀ ਪਾਲਿਸ਼ ਸ਼ਾਪ ਦੇ ਸਾਰੇ ਦੇ ਸਾਰੇ ਪਾਲਸ਼ੀਏ ਬੈਠੇ ਹਨ । ਸਾਰੇ ਵਾਕਫ਼ ਹੋਣ 'ਤੇ ਵੀ ਇਕ ਦੂਜੇ ਵਲ ਨਾਵਾਕਫਾਂ ਵਾਂਗ ਦੇਖਦੇ ਹਨ ।
ਪਾਲਸ਼ੀਏ ਸੁੱਚੇ ਨੇ ਲੇਬਰ ਅਫ਼ਸਰ ਦੇ ਕਮਰੇ ਦਾ ਪਰਦਾ ਥੋੜ੍ਹਾ ਪਾਸੇ ਸਰਕਾਂਉਦਿਆਂ, ਬੜੇ ਸਲੀਕੇ ਨਾਲ ਅੰਦਰ ਆਉਣ ਦੀ ਆਗਿਆ ਮੰਗੀ । ਉਸ ਦੇ ਪਿਛੇ ਇਕ ਲੰਮੀ ਪਤਲੀ ਇਸਤਰੀ, ਸੋਕੜੇ ਦੀ ਬੀਮਾਰ ਬੱਚੀ ਮੋਢੇ ਲਾਈ, ਅੰਦਰ ਆਉਂਦੀ ਹੈ ।
''ਇਹ ਹੈ ਜੀ ਨਾਮੋ....., ਫੀਲੇ ਦੀ ਘਰਵਾਲੀ, ਉਹਦੇ ਬਣਦੇ ਬਕਾਏ ਦੀ ਵਾਰਸ''" ਸੁੱਚੇ ਦੇ ਬੋਲਾਂ ਅੰਦਰ ਦ੍ਰਿੜਤਾ ਦੀ ਸੁਰ ਹੈ ।
''ਇਦ੍ਹਾ ਕਾਈ ਹਿਸਾਬ-ਸੂਬ੍ਹ ਬਾਕੀ ਨਈਂ''," ਸਟੈਨੋ ਨਿਗਾਹ ਦੀਆਂ ਢਿਲਕੀਆਂ ਐਨਕਾਂ ਉਪਰ ਨੂੰ ਸਰਕਾ ਕੇ ਬੋਲਿਆ ।''
''ਤੈਨੂੰ ਕਿੰਨ੍ਹ ਪੁੱਛਿਆ ....?''  ਸੁੱਚੇ ਦੇ ਬੋਲਾਂ ਅੰਦਰ ਆਈ ਤਲ਼ਖੀ ਦੇਖ ਕੇ ਲੇਬਰ ਅਫ਼ਸਰ ਨੇ ਹਥਲੇ ਕਾਗਜ਼ ਇਕ ਪਾਸੇ ਕਰ ਦਿੱਤੇ ਹਨ ।
''ਭਾਈ, ਥੋਡੇ ਆਦਮੀ ਦਾ ਕੈ ਬਕਾਇਆ ਰੈਂਦਾ ਫੈਕਟਰੀ ਆਲਿਆਂ ਕੰਨੀ ...?'' " ਲੇਬਰ ਅਫ਼ਸਰ ਨੇ ਹਮਦਰਦੀ ਨਾਲ ਨਾਮੋ ਤੋਂ ਪੁੱਛਿਆ ।
''ਜੀ ....ਈ.....ਤਿੰਨਾਂ ਚੌਂਹ ਮਹੀਨਿਆਂ ਤੋਂ ਕੁਝ ਨੀ ਦਿੱਤਾ , ਹੈਨਾਂ ਹਤਿਆਰਿਆਂ...ਇਨ੍ਹਾਂ ਤਾਂ ਮੇਰਾ ਬੰਦਾ ਈ .....''"ਗੱਲ ਪੂਰੀ ਕਰਨ ਤੋਂ ਪਹਿਲਾਂ ਨਾਮੋ ਦਾ ਗੱਚ ਭਰ ਜਾਂਦਾ ਹੈ ।
''ਸ਼ੋਅ ਮੀ , ਹਿੱਜ਼ ਪੇ ਰੋਲ ਐਂਡ ਡੇਲੀ ਕੈਸ਼-ਬੁੱਕ'', "ਲੇਬਰ ਅਫ਼ਸਰ ਨੇ ਸਟੈਨੋ ਤੋਂ ਫੀਲੇ ਦਾ ਰਿਕਾਰਡ ਮੰਗ ਕੇ ਚੰਗੀ ਤਰ੍ਹਾਂ ਵਾਚਿਆ ਹੈ ।
''ਆਲ ਦੀ ਫੋਨ ਐਨਟਰੀਜ਼ ਆਰ ਬੋਗਸ ......ਬੀ ਰੈਡੀ ਫਾਰ ਐਮਬੈਜ਼ਲਮੈਂਟ ਕੇਸ'',"ਆਖ ਕੇ ਫੈਕਟਰੀ ਰਿਕਾਰਡ ਮੇਜ਼ ਦੀ ਦਰਾਜ਼ ਅੰਦਰ ਸਾਂਭ ਲਿਆ ਹੈ ।
ਮੈਨੇਜਿੰਗ ਡਾਇਰੈਕਟਰ ਨੇ ਲੇਬਰ ਅਫ਼ਸਰ ਦੀ ਇਸ ਕਾਰਵਾਈ ਨੂੰ ਆਪਣੀ ਮਾਨ-ਹਾਨੀ ਸਮਝਿਆ ਹੈ । ਉਸ ਦਾ ਗੁੱਸੇ ਨਾਲ ਭਰਿਆ ਚਿਹਰਾ ਬੋਲ-ਕੁਬੋਲ ਬੋਲਣ ਲਈ ਤਣ ਜਾਂਦਾ ਹੈ, ਪਰੰਤੂ ਕੁਝ ਵੀ ਪਿੜ-ਪੱਲੇ ਨਾ ਪੈਣ ਦੇ ਡਰ ਕਾਰਨ ਡੌਰ-ਭੌਰ ਖੜੇ ਉਹਨਾਂ ਵਲ ਬਿੱਟ-ਬਿੱਟ ਤਕਦੇ ਪਾਲਸ਼ੀਆਂ ਨੂੰ ਦੇਖ ਕੇ , ਉਹ ਚੁਪ ਦਾ ਚੁਪ ਹੀ ਰਹਿੰਦਾ ਹੈ।
ਕੁਰਸੀ ਦੀ ਢੋਅ 'ਤੇ ਸਿਰ ਸੁੱਟੀ, ਉਹਦੀ ਵਲ ਧਿਆਨ ਨਾਲ ਦੇਖਦੇ ਲੇਬਰ-ਅਫ਼ਸਰ ਦੀਆਂ ਅੱਖਾਂ, ਜਦ ਉਸ ਦੀਆਂ ਅੱਖਾਂ ਨਾਲ ਮਿਲਦੀਆਂ ਹਨ ਤਾਂ ਉਹ ਹੌਲੀ ਜਿਹੀ ਆਖ ਦਿੰਦਾ ਹੈ, ''ਡੂ ਐਨੀ ਅਡਜੇਸਟਮੈਂਟ, ਯੂ ਲਾਇਕ ।'' "
ਉਸ ਵਲੋਂ ਧਿਆਨ ਹਟਾ ਕੇ ਲੇਬਰ-ਅਫ਼ਸਰ ਫਿਰ ਸੁੱਚੇ ਨੂੰ ਪੁੱਛਦਾ ਹੈ -''ਬਾਈ ਕਾਮਰੇਡ ...ਫਿਰ ਕਿਮੇਂ ਸਲਾਹ ਐ ਥੁਆਡੀ?'' "
ਉਸ ਦੀ ਗੱਲਬਾਤ ਤੋਂ ਪ੍ਰਭਾਵਿਤ ਹੋਇਆ ਸੁੱਚਾ ਉਸ ਦੀਆਂ ਹਰਕਤਾਂ ਦੇਖ ਕੇ ਸ਼ੱਕੀ ਹੋ ਜਾਂਦਾ ਹੈ । ਬੜੇ ਹੀ ਸੁਭਾਵਕ ਢੰਗ ਨਾਲ ਆਪਣੀ ਮੰਗ ਦੁਹਰਾਉਣ ਦਾ ਇਰਾਦਾ ਬਦਲ ਕੇ ਉਹ ਜ਼ਰਾ ਤਲਖ਼ ਹੋ ਕੇ ਕਹਿੰਦਾ ਹੈ - ''ਤਿੰਨ ਮਹੀਨੇ ਦੀ ਤਨਖਾਹ, ਇਕ ਬੌਨਸ ਤੇ ਕੇਸ ਉੱਤੇ ਹੋਇਆ ਕੁਲ ਖ਼ਰਚ,...ਸ੍ਰੀਮਾਨ ਜੀ ਇਸ ਤੋਂ ਘਟ ਕੋਈ ਵੀ ਫੈਸਲਾ ਸਾਨੂੰ ਮਨਜ਼ੂਰ ਨਹੀਂ । ਅਸੀਂ ਨਹੀਂ ਚਾਹੁੰਦੇ ਕਿ ਫੀਲੇ ਦੀ ਮੌਤ ਬਦਲੇ ਇਨ੍ਹਾਂ ਦਾ ਕੋਈ ਮਰਵਾ ਕੇ ਉਸ ਵਿਚਾਰੇ ਦਾ ਘਰ-ਘਾਟ ਉਜਾੜੀਏ ...।''"
ਉਸ ਦੀ ਗੱਲ ਟੁਕਦਿਆਂ ਅੱਧ-ਵਿਚਾਲੇ ਫਸੇ ਲੇਬਰ ਅਫ਼ਸਰ ਨੇ ਮੈਨਜਿੰਗ ਡਾਇਰੈਕਟਰ ਦਾ ਹੁੰਗਾਰਾ ਟੋਲਣ ਲਈ ਉਸ ਵੱਲ ਝਾਕਦਿਆਂ ਆਖਿਆ -"ਦੀਜ਼ ਨੱਟਸ ਆਰ ਹਾਰਡ ਟੂ ਕਰੈਕ ....ਦੇਅਰ ਸੀਮਜ਼ ਟੂ ਮੀ ਨੋ ਮਿੱਡ-ਵੇ ਆਊਟ ।'' "
ਜਾਅਲੀ ਲਿਖਤੀ ਕਾਰਵਾਈ ਅਤੇ ਲੈ-ਦੇ ਕੇ ਨਿਪਟਾਏ ਖੂਨ ਦੇ ਕੇਸ ਦੇ ਮੁੜ ਜਾਗ ਪੈਣ ਦੇ ਡਰੋਂ, ਮਾਨਸਿਕ ਬੋਝ ਹੇਠ ਦੱਬੇ ਮੈਨੇਜਿੰਗ ਡਾਇਰੈਕਟਰ ਨੇ ਲੇਬਰ-ਅਫ਼ਸਰ ਨੂੰ ''ਡੂ ਐਜ਼ ਦੇ ਵਿਸ਼'' ਆਖ ਕੇ ਹਰੀ ਝੰਡੀ ਦਿੱਤੀ ਹੈ ।
-------------
ਕੁਲ ਬਣਦੀ ਰਕਮ ਦਾ ਚੈੱਕ ਫੀਲੇ ਦੀ ਵਿਧਵਾ ਨੂੰ ਸੰਭਾਲ ਕੇ, ਸਾਰੇ ਪਾਲਸ਼ੀਏ ਫੈਕਟਰੀ ਪਹੁੰਚ ਕੇ, ਜਦ ਮੁੜ ਆਪਣਾ ਆਪਣਾ ਅੱਡਾ ਸੰਭਾਲਦੇ ਹਨ, ਤਾਂ ਵਰਕਸ਼ ਮੈਨੇਜਰ ਤੋਂ ਅੱਖ ਬਚਾ ਕੇ ਗੁਜਰਾਤੀ ਫੋਰਮੈਨ ਸੁੱਚੇ ਨੂੰ ਹਲਕੀ ਜਿਹੀ ਥਾਪੀ ਦੇਂਦਿਆਂ ਆਖਦਾ ਹੈ - ਸਾਰੋ ਛੈ, ਸੁਚਾ ਸੀਂਘ....ਸਾਰੋ ਛੈ । "

ਦੋ ਗ਼ਜ਼ਲਾਂ

ਪੱਥਰ ਉਤੇ ਨਾਂ ਲਿਖਵਾ ਕੇ ਨਈਂ ਬਣਦਾ ਇਤਿਹਾਸ।
ਪੌਣਾਂ ਵਿਚ ਜਦ ਉਕਰੀ ਹੋਵੇ ਮਾਰੂਥਲ ਦੀ ਪਿਆਸ।
ਸੋਚ ਲੈਣ ਇਹ ਸੰਸਦ ਵਾਲੇ ਕਿਵੇਂ ਨਬੇੜਾ ਹੋਊ,
ਉਠ ਖਲੋਤੇ 'ਕੱਠੇ ਹੋ ਕੇ ਜਦ ਇਹ ਟੱਪਰੀਵਾਸ।
ਔਖੇ-ਸੌਖੇ ਪਾਰ ਕਰਾਂਗੇ ਪਰ ਵਾਂਗੂੰ ਇਹ ਸਾਲ,
ਤੋਲ ਰਹੇ ਪਰ ਤੇਰੇ ਬੇਲੀ ਹੋ ਨਾ ਮਨਾ ਉਦਾਸ।
ਪੱਟਾਂ ਉਤੇ ਯਾਰੋ ਆਪਾਂ ਕਿੰਝ ਖੁਣਵਾਉਂਦੇ ਮੋਰ।
ਹੱਡਾਂ ਉਤੇ ਕਾਗਜ਼ ਵਰਗਾ ਪਤਲਾ-ਪਤਲਾ ਮਾਸ।
ਜੰਗਲ ਨੂੰ ਹੀ ਅੱਗ ਲਾਵਣ ਦੇ ਢੂੰਡਣ ਰੋਜ਼ ਬਹਾਨੇ,
ਪੰਜਾਂ ਸਾਲਾਂ ਲਈ ਜਿਨ੍ਹਾਂ ਨੂੰ ਮਿਲਿਆ ਹੈ ਬਨਵਾਸ।
ਦੂਰੋਂ ਮੱਥਾ ਟੇਕੋ ਹੁਣ ਤਾਂ ਇਹਨਾਂ ਸਾਧਾਂ ਸੰਤਾਂ ਨੂੰ,
ਅੱਗ ਮਚਾ ਕੇ ਧੂਣੀ ਸੇਕਣ ਬਣ ਸੰਗਤ ਦੇ ਦਾਸ। 



ਜਦ ਤੱਕ 'ਕੱਲੇ ਕਾਰੇ ਹਾਂ। 
ਤਦ ਤੱਕ ਕਰਮਾਂ ਮਾਰੇ ਹਾਂ।
ਪਹੁੰਚੇ ਜਿੱਤ ਕਿਨਾਰੇ ਹਾਂ।
ਉਸ ਨੂੰ ਜਾਪੇ ਹਾਰੇ ਹਾਂ।
ਬੇਸ਼ੱਕ ਨਿੰਮ੍ਹੇ ਨਿੰਮ੍ਹੇ ਹਾਂ,
ਪਰ ਅੰਬਰ ਦੇ ਤਾਰੇ ਹਾਂ।
ਦਰਦਾਂ ਦੇ ਹਾਂ ਦੁਸ਼ਮਣ ਪਰ,
ਹਮਦਰਦਾਂ ਦੇ ਤਾਰੇ ਹਾਂ। 
ਉਸ ਦੀ ਪਿਆਸ ਹੈ ਖੂਹ ਦਾ ਜਲ,
ਆਪਾਂ ਸਾਗਰ ਖ਼ਾਰੇ ਹਾਂ।
ਨਾਲ ਹੈ ਜੇਕਰ ਉਸ ਦੀ ਪੈੜ,
ਕਿੱਦਾਂ 'ਕੱਲੇ ਕਾਰੇ ਹਾਂ।
ਮਾਂਝੀ, ਚੱਪੂ ਲਾਈ ਜਾ!
ਹਾਲੇ ਅੱਧ ਵਿਚਕਾਰੇ ਹਾਂ।

-ਮੱਖਣ ਕੁਹਾੜ


ਸ਼ੋਰ ਸ਼ਰਾਬਾ ਕਰ ਰਿਹਾ

-ਕੁਲਤਾਰ ਸਿੰਘ 'ਕੁਲਤਾਰ'

ਸ਼ੋਰ ਸ਼ਰਾਬਾ ਕਰ ਰਿਹਾ ਵਾਤਾਵਰਨ ਪਲੀਤ, 
ਪ੍ਰਦੂਸ਼ਣ ਦੇ ਖ਼ੌਫ ਤੋਂ ਮਾਨਵ ਹੈ ਭੈਅ-ਭੀਤ।
ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਨੌਤ
ਸਭ ਨੂੰ ਦੂਸ਼ਿਤ ਕਰ ਰਹੇ ਲੋਭੀ ਤੇ ਬਦਨੀਤ। 
ਮਿੱਠੀਆਂ ਤਰਬਾਂ ਛੇੜ ਜੋ ਕਰੇ ਨਾ ਹਿਰਦਾ ਸ਼ਾਂਤ
ਕੰਨ ਪਾੜੇ ਪਾਗਲ ਕਰੇ ਉਹ ਕੈਸਾ ਸੰਗੀਤ।
ਸਾਵਣ ਵਣ ਹਰਿਆਵਲੇ ਔੜੀਂ ਜੰਮੇ ਅੱਕ
ਵਣਜ ਕਰੋ ਨਾ ਅੱਕ ਦਾ ਵਣ ਕਰੋ ਸੁਰਜੀਤ।
ਯਾਰੋ ਕੁਦਰਤ ਨਾਲ ਨਾ ਇੰਜ ਕਰੋ ਖਿਲਵਾੜ,
ਜੋ ਬੀਜੋ ਸੋ ਪਾਓਗੇ ਇਹ ਕੁਦਰਤ ਦੀ ਰੀਤ।
ਸ਼ੁੱਧੀ ਵਾਤਾਵਰਨ ਦੀ ਅੱਜ ਸਮੇਂ ਦੀ ਲੋੜ
ਜਾਗੋ ਲੋਕੋ ਸੰਭਲੋ ਵਕਤ ਨਾ ਜਾਵੇ ਬੀਤ।
ਵਾਤਾਵਰਣ ਨਾ ਵਿਗੜੇ ਕੁਝ ਵੀ ਕਰ 'ਕੁਲਤਾਰ'
ਚੱਪਾ ਚੱਪਾ ਧਰਤ ਦਾ ਹੋਵੇ ਪਾਕ ਪੁਨੀਤ। 
   (ਨਵੀਂ ਛਪੀ ਪੁਸਤਕ 'ਸਰਘੀ ਦੀ ਸਰਗਮ' 'ਚੋਂ)  


ਗ਼ਜ਼ਲ

ਬਾਬਾ ਨਜ਼ਮੀ

ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ।
ਚੁੱਕਣ ਦੇ ਲਈ ਪੱਥਰ ਭਾਰੇ ਰਹਿ ਗਏ ਨੇ।
ਇੰਝ ਖਲੋਤੇ ਵਿਦਿਆ ਕਰਕੇ ਡੋਲੀ ਨੂੰ,
ਵਿਚ ਮੈਦਾਨੇ ਜਿਸਰਾਂ ਹਾਰੇ ਰਹਿ ਗਏ ਨੇ।
ਜਿਹਨਾਂ ਮੁੜ੍ਹਕਾ ਦਿੱਤਾ ਬੂਟੇ ਬੂਟੇ ਨੂੰ,
ਪੱਕਾ ਫ਼ੱਲ ਤੇ ਤੱਕਦੇ ਸਾਰੇ ਰਹਿ ਗਏ ਨੇ।
ਉਹਦੇ ਕੋਲ ਵੀ ਸਾਡਾ ਦਿਲ ਪ੍ਰਚਾਵਣ ਲਈ, 
ਜੰਨਤ ਵਰਗੇ ਫਿੱਕੇ ਲਾਰੇ ਰਹਿ ਗਏ ਨੇ।
ਸਦੀਆਂ ਵਾਂਗੂੰ ਅੱਜ ਵੀ ਖਾਲੀ ਕੰਮੀਆਂ ਦੇ,
ਸੱਧਰਾਂ ਵਾਲੇ ਮਹਿਲ ਉਸਾਰੇ ਰਹਿ ਗਏ ਨੇ।
ਸੇਕ ਪਿਆ ਏ ਵੱਧਦਾ 'ਬਾਬਾ' ਭੁੱਬਲ ਦਾ,
ਹਾਲੇ ਉਹਦੇ ਵਿਚ ਅੰਗਾਰੇ ਰਹਿ ਗਏ ਨੇ।
ਨਫ਼ਰਤ ਵਾਲੀ ਭਰੀ ਹਵਾ ਏ, ਪਾੜ ਦਿਓ,
ਜਿਹੜੇ ਬਾਲਾਂ ਹੱਥ ਗੁਬਾਰੇ ਰਹਿ ਗਏ ਨੇ।  



विधान और व्यवस्था के रक्षक प्रभु

(चिली के पाब्लो नेरुदा के बाद निकारागुआ के एर्नेस्तो कार्देनल लातीनी अमरीका के दूसरे कवि हैं जिनकी आवाज समूची मानवता की आवाज बन सकी है। 1925 में जन्मे एर्नेस्तो कार्देनाल, एक रोमन कैथोलिक पादरी रहे हैं। वे लिबरेशन थियोलॉजी की धारा के प्रतिनिधि हैं। बाद में जब निकारागुआ में वामपंथी सांदिनिस्ता सरकार बनी तो कार्देनल उसके संस्कृति मंत्री बने। अंग्रेजी से इन कविता का अनुवाद मंगलेश डबराल ने किया है और इसे ‘तनाव’ पत्रिका के अक्टूबर-दिसंबर 1987 अंक से लिया गया है।)
विधान और व्यवस्था के रक्षक प्रभुओं
तुम्हारा न्याय क्या शायद वर्गीय न्याय नहीं है?
दीवानी अदालतें निजी संपत्ति की रक्षा के लिए, 
फौजदारी अदालतें दबे हुओं को दबाने के लिए। 
तुम्हारी स्वाधीनता का अर्थ है पूंजी की स्वाधीनता
तुम्हारे मुक्त विश्व का आशय है शोषण की स्वतंत्रता
तुम्हारा कानून है एक बंदूक
तुम्हारा व्यवस्था एक जंगल।
पुलिस भी तुम्हारी, न्यायाधीश भी तुम्हारे
तुम्हारी जेलों में नहीं कोई जमींदार-साहूकार बंद
पूंजीपति  अपनी मां की गोद से ही
हो जाता है पथभ्रष्ट
जन्म से ही वह साथ लाता है अपने वर्ग के आग्रह
जन्म से ही उसके पास होती है
उसके विष की थैली
बाघ की तरह जनमता है आदमखोर।
हे प्रभु नाश करो यथास्थिति का
तोड़ो कुलीनतंत्र के विषदंत
उन्हें बह जाने दो पानी की तरह नाली में
उन्हें सूख जाने दो जैसे खरपतवार सूखता है
खरपतवार-नाशक से।
जब क्रांति आती है वो बन जाते हैं पेट के कीड़े
जीव कोशाएं नहीं रोगाणु हैं वे
वे नए मनुष्य की भ्रूण हत्या हैं,
उन्हें बहिष्कृत करो
कांटे उगाने से पहले ही 
उन्हें उखाड़ फेंकने दो ट्रेक्टर को।
साधारणजन स्वयं ही तय करेंगे अपने मसलान
अपनी विशिष्ट सभाओं में 
निजी उद्यमों को वे लेंगे अपने हाथ में 
न्यायी मनुष्य खुशी मनाएगा जन अदालत में 
विशाल चौराहों पर हम मनाएंगे
क्रांति की जयंती का उत्सव

अस्तित्ववान ईश्वर सिर्फ ईश्वर है सामान्यजन का।

No comments:

Post a Comment