Saturday 20 July 2013

ਹਕੀਕਤਾਂ ਦੇ ਆਰ-ਪਾਰ ਗਧੇ, ਗ੍ਰੰਥ ਤੇ ਮਨੁੱਖ

ਇੰਦਰਜੀਤ ਚੁਗਾਵਾਂ

ਹਾਈ ਸਕੂਲ ਛੱਡਿਆਂ ਦਹਾਕੇ ਹੋ ਗਏ ਹਨ, ਪਰ ਆਪਣੇ ਸਤਿਕਾਰਤ ਅਧਿਆਪਕ ਲਾਲਾ ਮਿਹਰ ਚੰਦ ਜੀ ਦੇ ਬੋਲ ਅੱਜ ਵੀ ਕੰਨਾਂ 'ਚ ਗੂੰਜਦੇ ਹਨ। ਜਦ ਵੀ ਸਾਡੀ ਜਮਾਤ ਸ਼ੋਰ-ਸ਼ਰਾਬਾ ਕਰਨ ਲੱਗ ਪੈਂਦੀ ਤਾਂ ਉਹ ਸਾਨੂੰ ਅਕਸਰ ਇੱਕੋ ਗੱਲ ਆਖ ਕੇ ਚੁੱਪ ਕਰਵਾਉਂਦੇ ਸਨ, ''ਓਏ ਸੂਰੋ, ਪੜ੍ਹ ਲਓ ਚਾਰ ਅੱਖਰ ਕੰਮ ਆਉਣਗੇ। ਨਹੀਂ ਤਾਂ ਗਧੇ ਦੇ ਗਧੇ ਰਹਿ ਜਾਓਗੇ।'' ਉਸ ਵਕਤ ਸਾਨੂੰ ਉਹਨਾ ਦੇ ਬੋਲਾਂ 'ਚੋਂ ਪੜ੍ਹਾਈ ਦੀ ਅਹਿਮੀਅਤ ਤਾਂ ਸਮਝ ਆ ਜਾਂਦੀ ਸੀ, ਪਰ 'ਗਧੇ' ਲਫਜ਼ ਬਾਰੇ ਪਤਾ ਨਹੀਂ ਸੀ ਲੱਗਦਾ ਕਿ ਇਸ ਤੋਂ ਉਹਨਾ ਦਾ ਭਾਵ ਕੀ ਹੈ। ਹਰ ਕੋਈ ਵੱਖੋ-ਵੱਖਰੇ ਅਰਥ ਕੱਢਦਾ। ਕੋਈ ਆਖਦਾ ਕਿ ਲਾਲਾ ਜੀ ਦਾ ਮਤਲਬ ਹੈ ਕਿ ਜੇ ਆਪਾਂ ਨਾ ਪੜ੍ਹੇ ਤਾਂ ਗਧੇ ਹੱਕਣ ਵਾਲਾ ਕੰਮ ਹੀ ਕਰ ਸਕਾਂਗੇ ਕਿਉਂਕਿ ਇਹ ਕੰਮ ਕਰਨ ਲਈ ਪੜ੍ਹਾਈ ਦੀ ਲੋੜ ਨਹੀਂ, ਤੇ ਦੂਸਰਾ ਆਖਦਾ, ''ਯਾਰੋ ਜੇ ਆਪਾਂ ਨਾ ਪੜ੍ਹੇ ਤਾਂ ਫਿਰ ਆਪਾਂ ਗਧੇ ਦੀ ਜੂਨੇ ਪੈ ਜਾਣੈਂ।'' ਲਾਲਾ ਜੀ ਦੇ ਇਨ੍ਹਾਂ ਲਫ਼ਜ਼ਾਂ ਦੀ ਡੂੰਘਾਈ ਦਾ ਕਾਫ਼ੀ ਦੇਰ ਪਤਾ ਬਾਅਦ ਪਤਾ ਲੱਗਾ।
ਪੜ੍ਹਾਈ ਜਾਂ ਅਧਿਐਨ ਦਾ ਅਰਥ ਕੇਵਲ ਅੱਖਰ ਗਿਆਨ ਜਾਂ ਦਿੱਤੇ ਗਏ ਸਬਕ ਨੂੰ ਕੰਠ ਕਰਨ ਤੱਕ ਹੀ ਸੀਮਤ ਨਹੀਂ ਹੈ। ਇਸ ਦਾ ਫਾਇਦਾ ਤਾਂ ਉਦੋਂ  ਹੀ ਹੁੰਦਾ ਹੈ ਜਦ ਪੜ੍ਹ ਕੇ ਹਾਸਲ ਕੀਤੇ ਗਿਆਨ ਨੂੰ ਅਮਲ ਵਿੱਚ ਲਿਆਂਦਾ ਜਾਵੇ। ਧਰਤੀ ਘੁੰਮਦੀ ਹੈ, ਆਪਣੀ ਧੁਰੀ ਦੁਆਲੇ ਵੀ ਤੇ ਸੂਰਜ ਦੁਆਲੇ ਵੀ। ਇਹ ਕੇਵਲ ਪੜ੍ਹ ਕੇ ਰੱਟਾ ਲਾ ਲੈਣ ਨਾਲ ਗੱਲ ਨਹੀਂ ਬਣਦੀ। ਗੱਲ ਤਾਂ ਉਦੋਂ ਬਣਦੀ ਹੈ ਜਦ ਤੁਹਾਨੂੰ ਦਿਨ-ਰਾਤ ਬਾਰੇ, ਧਰਤੀ ਦੇ ਵੱਖ-ਵੱਖ ਹਿੱਸਿਆਂ 'ਤੇ ਇੱਕੋ ਸਮੇਂ ਵੱਖ-ਵੱਖ ਰੁੱਤਾਂ ਦਾ ਸਹੀ ਅਰਥਾਂ ਵਿੱਚ ਗਿਆਨ ਹੋ ਜਾਂਦਾ ਹੈ ਕਿ ਇਹ ਵਰਤਾਰਾ ਕਿਵੇਂ ਵਾਪਰਦਾ ਹੈ। ਜਦ ਬੱਦਲ ਗੱਜਦਾ ਹੈ  ਤਾਂ ਰੌਸ਼ਨੀ ਤੇ ਗਰਜ ਦੋਨੋਂ ਇੱਕੋ ਵੇਲੇ ਪੈਦਾ ਹੁੰਦੇ ਹਨ। ਰੌਸ਼ਨੀ ਦੀ ਰਫ਼ਤਾਰ ਆਵਾਜ਼ ਨਾਲੋਂ ਜ਼ਿਆਦਾ ਹੋਣ ਕਾਰਨ ਚਮਕ ਪਹਿਲਾਂ ਨਜ਼ਰ ਪੈ ਜਾਂਦੀ ਹੈ ਤੇ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ। ਇਹ ਗੱਲ ਅਸਾਨੀ ਨਾਲ ਬੱਚਿਆਂ ਨੂੰ ਸਮਝਾਈ ਜਾ ਸਕਦੀ ਹੈ। ਇਸ ਵਾਸਤੇ ਵੱਖ-ਵੱਖ ਮਿਸਾਲਾਂ ਵੀ ਦਿੱਤੀਆਂ ਜਾ ਸਕਦੀਆਂ ਹਨ, ਪਰ ਹੈਰਾਨੀ ਤੇ ਪ੍ਰੇਸ਼ਾਨੀ ਵਾਲੀ ਹਾਲਤ ਉਦੋਂ ਬਣਦੀ ਹੈ ਜਦ ਪੜ੍ਹੇ-ਲਿਖੇ ਵਿਅਕਤੀ ਵੀ ਜ਼ਿਆਦਾ ਜ਼ੋਰ ਨਾਲ ਬੱਦਲ ਗਰਜਣ 'ਤੇ ਆਖ ਦਿੰਦੇ ਹਨ, ''ਜ਼ਰੂਰ ਕਿਤੇ ਬਿਜਲੀ ਡਿੱਗੀ ਹੋਵੇਗੀ।'' 
ਸਦੀਆਂ ਪਹਿਲਾਂ ਬਾਬੇ ਨਾਨਕ ਨੇ ਸੂਰਜ ਨੂੰ ਪਾਣੀ ਦੇਣ ਦੀ ਥਾਂ ਆਪਣੇ ਖੇਤਾਂ ਵੱਲ ਪਾਣੀ ਦੇ ਕੇ ਲੋਕਾਂ ਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਸੀ ਕਿ ''ਭਲਿਓ ਲੋਕੋ ਜ਼ਰਾ ਤਰਕ ਤੋਂ ਕੰਮ ਲੈਣਾ ਸਿੱਖੋ। ਜੇ ਮੇਰਾ ਦਿੱਤਾ ਪਾਣੀ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ, ਜੋ ਬਹੁਤ ਨੇੜੇ ਹਨ ਤਾਂ ਤੁਹਾਡਾ ਦਿੱਤਾ ਪਾਣੀ ਸੂਰਜ ਤੱਕ ਕਿਵੇਂ ਪਹੁੰਚੇਗਾ, ਜਿਹੜਾ ਖਰਬਾਂ ਮੀਲ ਦੂਰ ਹੈ।'' ਬੜਾ ਦੁੱਖ ਹੁੰਦਾ ਹੈ ਕਿ ਜਦ ਦੇਖੀਦਾ ਹੈ ਕਿ ਬਾਬੇ ਨਾਨਕ ਨੇ ਗੱਲ ਜਿੱਥੇ ਛੱਡੀ ਸੀ, ਉਹ ਉੱਥੇ ਦੀ ਉੱਥੇ ਹੀ ਖੜੀ ਹੈ। 
ਮੇਰੇ ਗੁਆਂਢ ਇੱਕ ਬਜ਼ੁਰਗ ਰਹਿੰਦਾ ਹੈ। ਉਹ 'ਪੁੱਛਾਂ' ਦੇਣ ਦਾ ਕੰਮ ਕਰਦਾ ਹੈ। ਲੋਕ ਉਸ ਕੋਲ ਦੂਰੋਂ-ਦੂਰੋਂ ਆਉਂਦੇ ਹਨ। ਹੱਥ ਦਿਖਾਉਂਦੇ ਹਨ, ਟੇਵਾ ਦਿਖਾਉਂਦੇ ਹਨ, ਆਪਣੀਆਂ ਸਮੱਸਿਆਵਾਂ ਦੱਸਦੇ ਹਨ ਤੇ ਉਨ੍ਹਾਂ ਦਾ ਹੱਲ ਪੁੱਛਦੇ ਹਨ। ਉਹ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਹੱਲ ਦੱਸਦਾ ਹੈ ਤੇ ਲੋਕ ਪੂਰੇ ਸੰਤੁਸ਼ਟ ਹੋ ਕੇ ਵਾਪਸ ਚਲੇ ਜਾਂਦੇ ਹਨ। ਐਪਰ, ਹੈਰਾਨੀ ਉਦੋਂ ਹੁੰਦੀ ਹੈ ਜਦ ਉਹੀ ਲੋਕ ਦੂਸਰੇ-ਤੀਸਰੇ ਹਫਤੇ ਜਾਂ ਮਹੀਨੇ ਬਾਅਦ ਮੁੜ 'ਪੰਡਤ ਜੀ' ਦੇ ਦਰਬਾਰ ਆ ਹਾਜ਼ਰ ਹੁੰਦੇ ਹਨ ਤੇ ਹੱਥ ਜੋੜ ਕੇ ਆਖਦੇ ਹਨ ਕਿ ''ਮਹਾਂਪੁਰਸ਼ੋ ਗੱਲ ਬਣੀ ਨਹੀਂ।''
 ਕੋਈ ਅਨਪੜ੍ਹ, ਥੁੜਾਂ ਮਾਰਿਆ ਕੋਈ ਲਾਚਾਰ ਬੰਦਾ ਉਸ ਕੋਲ ਆ ਜਾਵੇ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ, ਪਰ ਜਦ ਕੋਈ ਪੜ੍ਹਿਆ-ਲਿਖਿਆ ਬੰਦਾ ਉਸ ਅੱਗੇ ਬੇਚਾਰਾ ਜਿਹਾ ਬਣ ਕੇ ਖੜ੍ਹਦਾ ਹੈ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ। 
ਪਿਛਲੇ ਦਿਨਾਂ ਦੀ ਗੱਲ ਹੈ, ਇੱਕ ਸਵੇਰ ਘਰੋਂ ਬਾਹਰ ਪੈਰ ਪਾਇਆ ਹੀ ਸੀ ਕਿ ਬਾਹਰ ਇੱਕ ਜੋੜਾ ਨਜ਼ਰੀਂ ਪਿਆ। ਦੋਵੇਂ ਹੀ ਨੌਕਰੀ ਪੇਸ਼ਾ ਨਜ਼ਰ ਆ ਰਹੇ ਸਨ। ਕੋਲ ਨਵੀਂ ਕਾਰ ਵੀ ਸੀ। ਜਦ ਉਹ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੇ ਤਾਂ ਮੈਂ ਪੁੱਛ ਬੈਠਾ, ''ਕੀਹਦੇ ਘਰ ਜਾਣੈਂ ਭਾਈ ਸਾਹਿਬ।'' ਜਵਾਬ ਮਿਲਿਆ, ''ਭਾ ਜੀ, ਮੋਬਾਇਲ ਦੀ ਰੇਂਜ ਨਹੀਂ ਬਣ ਰਹੀ। ਅਸੀਂ ਮਹਾਂਪੁਰਸ਼ਾਂ ਦੇ ਘਰ ਜਾਣਾ ਸੀ।'' ਪਹਿਲਾਂ ਤਾਂ ਮੈਨੂੰ ਸਮਝ ਨਾ ਆਈ ਕਿ ਉਹਨੇ ਕੀ ਆਖਿਆ, ਪਰ ਜਦ ਉਸ ਨੇ ਫਿਰ 'ਮਹਾਂਪੁਰਸ਼' ਲਫਜ਼ ਵਰਤਿਆ ਤਾਂ ਮੈਂ ਆਖਿਆ, ''ਭਾਈ ਸਾਡੇ ਪਿੰਡ ਤਾਂ ਸਾਧਾਰਨ ਪੁਰਸ਼ ਹੀ ਰਹਿੰਦੇ ਆ, ਮਹਾਂਪੁਰਸ਼ ਕੋਈ ਨੀਂ ਰਹਿੰਦਾ।'' ਫਿਰ ਉਸ ਨੇ ਨਿਸ਼ਾਨੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਸਮਝ ਗਿਆ ਕਿ ਇਹ ਸੱਜਣ ਕਿੱਥੇ ਜਾਣਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ 'ਮਹਾਂਪੁਰਸ਼ਾਂ' ਦੇ ਘਰ ਦਾ ਦਰਵਾਜ਼ਾ ਦਿਖਾ ਦਿੱਤਾ ਤੇ ਨਾਲ ਹੀ ਇਹ ਵੀ ਪੁੱਛ ਲਿਆ ਕਿ ''ਆਪਣਾ ਕੰਮ ਕਾਰ ਕੀ ਹੈ?'' ਉਨ੍ਹਾਂ ਦਾ ਜਵਾਬ ਸੁਣ ਕੇ ਸਵੇਰੇ-ਸਵੇਰੇ ਮੇਰਾ ਦਿਮਾਗ ਖਰਾਬ ਹੋ ਗਿਆ, ਸਾਰਾ ਮੂਡ ਹੀ ਵਿਗੜ ਗਿਆ।
ਉਹ ਇੱਕ ਅਧਿਆਪਕ ਜੋੜਾ ਸੀ। ਘਰ ਵਾਲੀ ਕਿਸੇ ਪ੍ਰਾਇਮਰੀ ਸਕੂਲ ਵਿੱਚ ਮੁੱਖ ਅਧਿਆਪਕਾ ਸੀ ਤੇ ਖੁਦ ਸੱਜਣ ਕਿਸੇ ਹਾਈ ਸਕੂਲ 'ਚ ਵਿਗਿਆਨ ਦਾ ਵਿਸ਼ਾ ਪੜ੍ਹਾਉਂਦੇ ਸਨ। ਬੇਟੀ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ, ਜਿੱਥੇ ਵੀ ਕਿਤੇ ਗੱਲ ਚੱਲਦੀ ਤਾਂ ਚੱਲਕੇ ਪਤਾ ਨਹੀਂ ਕਿਵੇਂ ਟੁੱਟ ਜਾਂਦੀ। ਉਹ ਇਸ ਸਮੱਸਿਆ ਦਾ ਕੋਈ 'ਉਪਾਅ' ਕਰਵਾਉਣ ਆਏ ਸਨ। ਮੈਂ ਉਹਨਾਂ ਨੂੰ ਸਮਝਾਇਆ ਕਿ ਜਿਸ ਮਹਾਂਪੁਰਸ਼ ਕੋਲ ਤੁਸੀਂ ਜਾ ਰਹੇ ਓ, ਉਹ ਤਾਂ ਖੁਦ ਸਮੱਸਿਆਵਾਂ ਦਾ ਘਿਰਿਆ ਹੋਇਐ, ਉਹ ਤੁਹਾਨੂੰ ਕਿਹੜਾ ਉਪਾਅ ਦੱਸੇਗਾ। ਮੈਂ ਦੱਸਿਆ ਕਿ ਇਸ 'ਮਹਾਂਪੁਰਸ਼' ਦਾ ਆਪਣਾ ਇੱਕ ਮੁੰਡਾ ਦਸ ਬਾਰਾਂ ਸਾਲ ਹੋ ਗਏ, ਘਰੋਂ ਨਿਕਲੇ ਨੂੰ, ਅਜੇ ਤੱਕ ਨਹੀਂ ਮੁੜਿਆ। ਦੂਸਰਾ ਮੁੰਡਾ ਮਾੜੇ ਨਸ਼ੇ ਕਰਦਾ-ਕਰਦਾ ਮਰ ਗਿਆ।  ਉਸ ਦੀਆਂ ਨੂੰਹਾਂ ਦੀਆਂ ਗੁੱਤਾਂ ਇੱਕ ਦੂਜੀ ਦੇ ਹੱਥ ਵਿੱਚ ਹੀ ਰਹਿੰਦੀਆਂ ਹਨ ਤੇ ਕਦੇ-ਕਦੇ ਉਹ ਆਪਣੀ ਸੱਸ 'ਤੇ ਵੀ ਹੱਥ ਤੱਤੇ ਕਰ ਲੈਂਦੀਆਂ ਹਨ। 'ਮਹਾਂਪੁਰਸ਼ਾਂ' ਦੇ ਕੋਲੋਂ ਭਲਾ ਕੀ ਭਾਲਦੇ ਓ? ਜੇ ਤੁਹਾਡੀ ਬੇਟੀ ਦਾ ਰਿਸ਼ਤਾ ਵਾਰ-ਵਾਰ ਟੁੱਟ ਰਿਹਾ ਹੈ ਤਾਂ ਤੁਸੀਂ ਬੇਟੀ ਨਾਲ ਹੀ ਕਿਉਂ ਨਹੀਂ ਗੱਲ ਕਰਦੇ ਕਿ ਉਸ ਦੇ ਮਨ ਵਿੱਚ ਤਾਂ ਕੋਈ ਗੱਲ ਨਹੀਂ ਹੈ ਜਾਂ ਆਪਣੇ ਆਲੇ ਦੁਆਲੇ ਨਜ਼ਰ ਮਾਰੋ ਕਿ ਕੋਈ ਸ਼ਰੀਕ ਤਾਂ ਸ਼ਰਾਰਤ ਨਹੀਂ ਕਰ ਰਿਹਾ। ਤੁਹਾਡਾ ਕੰਮ ਤਾਂ ਬੱਚਿਆਂ ਵਿੱਚ ਗਿਆਨ ਦੀ ਰੌਸ਼ਨੀ ਵੰਡਣਾ ਹੈ, ਪਰ ਤੁਸੀਂ ਤਾਂ ਖੁਦ ਹਨੇਰੇ ਵਿੱਚ ਓ।  
ਮੇਰੀਆਂ ਕਹੀਆਂ ਦਾ ਉਹਨਾਂ ਬੁਰਾ ਤਾਂ ਨਹੀਂ ਮਨਾਇਆ, ਪਰ ਉਹਨਾਂ 'ਤੇ ਅਸਰ ਵੀ ਕੋਈ ਨਹੀਂ ਹੋਇਆ। ਉਹ 'ਉਪਾਅ' ਕਰਵਾ ਕੇ ਹੀ ਵਾਪਸ ਮੁੜੇ। 
ਸੋਚਦਾ ਹਾਂ ਕਿ ਲਾਲਾ ਜੀ ਨੂੰ ਸ਼ਾਇਦ ਇਹੀ ਡਰ ਸੀ ਕਿ ਉਹਨਾ ਦੇ ਚੇਲੇ ਕਿਤੇ ਅਜਿਹੇ ਜੋੜੇ ਵਰਗੇ ਨਾ ਬਣ ਜਾਣ ਜਿਹੜੇ ਪੜ੍ਹੇ ਤਾਂ ਬੇਸ਼ੱਕ ਹੋਣ, ਪਰ ਪੜ੍ਹ-ਲਿਖ ਕੇ ਹਾਸਲ ਕੀਤੇ ਗਿਆਨ ਨੂੰ ਅਮਲ ਵਿੱਚ ਨਾ ਲਿਆਉਣ। 
ਸ਼ੇਖ ਸਾਅਦੀ ਨੇ ਸੱਚ ਹੀ ਕਿਹਾ ਹੈ, ''ਜਿਹੜਾ ਵਿਅਕਤੀ ਆਪਣੀ ਸਿੱਖਿਆ ਤੇ ਗਿਆਨ ਦੀ ਸੁਚੱਜੀ ਵਰਤੋਂ ਨਹੀਂ ਕਰਦਾ, ਉਸ ਨੂੰ ਕੇਵਲ ਰੋਟੀ-ਰੋਜ਼ੀ ਕਮਾਉਣ ਦਾ ਸਾਧਨ ਮਾਤਰ ਸਮਝਦਾ ਹੈ ਤਾਂ ਉਹ ਉਸ ਗਧੇ ਦੀ ਨਿਆਈਂ ਹੈ ਜੋ ਆਪਣੀ ਪਿੱਠ 'ਤੇ ਲੱਦੇ ਗ੍ਰੰਥਾਂ ਨੂੰ ਭਾਰ ਵਾਂਗ ਢੋਹ ਰਿਹਾ ਹੈ। ਭਲਾ ਇੱਕ ਗਧੇ  ਨੂੰ ਗ੍ਰੰਥਾਂ ਤੇ ਪੱਥਰਾਂ ਵਿੱਚਲੇ ਫਰਕ ਦਾ ਕੀ ਪਤਾ।''
(ਸੰਗਰਾਮੀ ਲਹਿਰ, ਜੁਲਾਈ 2013)

No comments:

Post a Comment