Thursday 18 July 2013

ਉਚੇਰੀ ਪੜ੍ਹਾਈ : ਕਿਸਮਤ ਨੂੰ ਨਹੀਂ, ਪ੍ਰਬੰਧ ਨੂੰ ਕੋਸੋ

ਸਰਬਜੀਤ ਗਿੱਲ

ਮੈਡੀਕਲ ਲਾਈਨ 'ਚ ਉੱਚ ਵਿਦਿਆ ਪ੍ਰਾਪਤ ਕਰਨ ਲਈ ਲਏ ਗਏ ਟੈਸਟ 'ਨੀਟ' ਦਾ ਨਤੀਜਾ ਆਉਣ 'ਤੇ ਇਸ ਵਾਰ ਵੀ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਇਨ੍ਹਾਂ ਵਿਦਿਆਰਥੀਆਂ 'ਚੋਂ ਕੁੱਝ ਨੂੰ ਹੀ ਐਮ. ਬੀ. ਬੀ. ਐਸ., ਬੀ. ਡੀ. ਐਸ. ਆਦਿ 'ਚ ਦਾਖ਼ਲਾ ਮਿਲ ਸਕੇਗਾ ਅਤੇ ਬਹੁਤੇ ਦੇਖਦੇ ਹੀ ਰਹਿ ਜਾਣਗੇ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਖਰ ਅਜਿਹਾ ਤਾਂ ਹੋਣਾ ਹੀ ਸੀ, ਸਾਰਿਆਂ ਨੂੰ ਤਾਂ ਦਾਖ਼ਲਾ ਦਿੱਤਾ ਹੀ ਨਹੀਂ ਜਾ ਸਕਦਾ। ਸਵਾਲ ਇਹ ਪੈਂਦਾ ਹੁੰਦਾ ਹੈ ਕਿ ਇਹ ਦਾਖ਼ਲਾ ਲੈਣ ਵਾਲੇ ਕਿਹੜੇ ਵਿਦਿਆਰਥੀ ਹਨ ਅਤੇ ਦਾਖ਼ਲਾ ਨਾ ਲੈ ਸਕਣ ਵਾਲਿਆ ਦੀ ਪਹੁੰਚ ਕਿੰਨੀ ਕੁ ਹੈ। 
ਪੰਜਾਬ 'ਚ ਹਰ ਸਾਲ ਕਰੀਬ 7-8 ਹਜ਼ਾਰ ਵਿਦਿਆਰਥੀ ਇਹ ਟੈਸਟ ਦਿੰਦੇ ਹਨ, ਇਸ ਵਾਰ ਇਹ ਟੈਸਟ ਕੇਂਦਰੀ ਪੱਧਰ 'ਤੇ ਪਹਿਲੀ ਵਾਰ ਅਯੋਜਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕੇਂਦਰੀ ਪੱਧਰ 'ਤੇ ਵੀ ਅਤੇ ਰਾਜ ਪੱਧਰ 'ਤੇ ਵੀ ਆਪੋ ਆਪਣੇ ਟੈਸਟ ਅਯੋਜਿਤ ਕੀਤੇ ਜਾਂਦੇ ਸਨ। ਪਿਛਲੇ ਕਈ ਸਾਲਾਂ ਦੀ ਚਰਚਾ ਬਾਅਦ ਐਤਕੀ ਪਹਿਲੀ ਵਾਰ ਇਹ ਕਹਿ ਕੇ ਕੇਂਦਰੀ ਟੈਸਟ ਅਯੋਜਿਤ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਹਰ ਟੈਸਟ ਲਈ ਅਲੱਗ ਤੋਂ ਪੈਸੇ ਦੇਣੇ ਪੈਂਦੇ ਹਨ ਅਤੇ ਹੁਣ ਇੱਕ ਵਾਰ ਹੀ ਟੈਸਟ ਲੈ ਕੇ ਪਹਿਲਾ, ਦੂਜਾ ਨੰਬਰ ਕੱਢ ਦਿੱਤਾ ਜਾਵੇਗਾ। ਟੈਸਟ ਚਾਹੇ ਨੀਟ ਦੇ ਨਾਂਅ 'ਤੇ ਹੋਵੇ ਜਾਂ ਪੀ. ਐਮ. ਟੀ. ਦੇ ਨਾਂਅ ਹੇਠ ਜਾਂ ਕਿਸੇ ਹੋਰ ਵੀ ਨਾਂਅ ਹੇਠ, ਇਸ ਨਾਲ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਯੂਨੀਵਰਸਿਟੀਆਂ ਵਲੋਂ ਆਪੋ ਆਪਣੇ ਟੈਸਟ ਨਾ ਲੈਣ ਦੇ ਬਾਵਜੂਦ ਵੀ ਹੁਣ ਦਾਖ਼ਲੇ ਦੇਣ ਦੇ ਨਾਂਅ ਹੇਠ ਪਹਿਲਾ ਨਾਲੋਂ ਵੀ ਮੋਟੀਆਂ ਰਕਮਾਂ ਵਸੂਲੀਆਂ ਜਾਣਗੀਆਂ, ਜਿਸ ਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ।  
ਵਿਦਿਅਕ ਨੀਤੀ ਅਮੀਰ ਪੱਖੀ ਹੋਣ ਕਾਰਨ ਦੇਸ਼ ਦੇ ਜਨ ਸਧਾਰਨ ਵਿਦਿਆਰਥੀਆਂ ਦਾ ਕੁੱਝ ਨਹੀਂ ਵੱਟਿਆ ਜਾਂਦਾ। ਦੂਰ ਦੁਰਾਡੇ ਪਿੰਡਾਂ 'ਚ ਵਸਦੇ ਵਿਦਿਆਰਥੀਆਂ ਨੂੰ ਅਜਿਹੇ ਟੈਸਟਾਂ ਬਾਰੇ ਕੋਈ ਬਹੁਤੀ ਜਾਣਕਾਰੀ ਉਪਲੱਭਧ ਹੀ ਨਹੀਂ ਹੁੰਦੀ। ਕਿਸੇ ਸੁਣੀ ਸੁਣਾਈ ਕਹਾਣੀ ਵਾਂਗ ਇਹ ਵਿਦਿਆਰਥੀ ਟੈਸਟ ਦੇ ਦਿੰਦੇ ਹਨ ਅਤੇ ਫਿਰ ਆਖਰ 'ਤੇ ਨਤੀਜਾ ਸਿਫ਼ਰ 'ਚ ਹੀ ਨਿਕਲਦਾ ਹੈ, ਇਸ ਤੋਂ ਉੱਪਜੀ ਨਿਰਾਸ਼ਾ ਭਰਮ ਪੈਦਾ ਕਰਦੀ ਹੈ ਕਿ ਉਨ੍ਹਾਂ ਦੀ ਕਿਸਮਤ 'ਚ ਹੀ, ਡਾਕਟਰ ਦੇ ਪਾਉਣ ਵਾਲਾ ਚਿੱਟਾ ਕੋਟ ਨਹੀਂ ਲਿਖਿਆ ਸੀ। ਇਹ ਠੀਕ ਹੈ ਕਿ ਤੇਜ਼ ਬੁੱਧੀ ਵਾਲੇ ਵਿਦਿਆਰਥੀ ਵੀ ਚੰਗੇ ਨੰਬਰ ਲੈ ਕੇ ਪਾਸ ਹੋ ਸਕਦੇ ਹਨ ਪਰ ਇਹ ਕੀ ਗਰੰਟੀ ਹੈ ਕਿ ਅਜਿਹੇ ਵਿਦਿਆਰਥੀ ਸਾਧਨ ਸੰਪਨ ਵੀ ਹੋਣ। ਸ਼ਹਿਰਾਂ ਤੋਂ ਦੂਰ ਬੈਠਾ ਕੋਈ ਵਿਦਿਆਰਥੀ ਤੇਜ਼ ਬੁੱਧੀ ਵਾਲਾ ਹੋ ਸਕਦਾ ਹੈ, ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਅਜਿਹੇ ਟੈਸਟ ਦੇ ਕੇ ਲਾਜ਼ਮੀ ਚੰਗੇ ਨੰਬਰ ਲੈ ਸਕੇਗਾ ਕਿਉਂਕਿ ਚੰਗੇ ਨੰਬਰ ਲੈਣ ਲਈ ਤੇਜ਼ ਬੁੱਧੀ ਹੀ ਕਾਫੀ ਨਹੀਂ ਹੈ। ਚੰਗੇ ਨੰਬਰ ਲੈਣ ਲਈ ਬਹੁਤ ਸਾਰੇ ਹੋਰ ਕਾਰਨ ਵੀ ਕੰਮ ਕਰਦੇ ਹਨ, ਜਿਨ੍ਹਾਂ ਦੀ ਅਣਹੋਂਦ ਮਾਪਿਆਂ ਨੂੰ ਆਪਣੀ ਔਲਾਦ ਪ੍ਰਤੀ ਫਿਕਰਮੰਦੀ ਵਧਾਉਂਦੀ ਹੈ। 
ਇਸ ਵਾਰ ਦੇ ਟੈਸਟ ਦੌਰਾਨ ਚੰਗੀ ਪੁਜ਼ੀਸ਼ਨ ਹਾਸਲ ਕਰਨ ਵਾਲਾ ਇੱਕ ਵਿਦਿਆਰਥੀ ਆਪਣੀ ਨੌਂਵੀ ਜਮਾਤ ਦੀ ਪੜ੍ਹਾਈ ਦੌਰਾਨ, ਗਰਮੀਆਂ ਦੀਆਂ ਛੁੱਟੀਆਂ 'ਚ 11ਵੀਂ ਜਮਾਤ ਦੀ ਭੌਤਿਕ ਵਿਗਿਆਨ ਦੇ ਉਹ ਸਵਾਲ ਹੱਲ ਕਰ ਰਿਹਾ ਸੀ ਜਿਸ ਦੀ ਲੋੜ ਉਸ ਨੂੰ ਹਾਲੇ ਚਾਰ ਸਾਲ ਬਾਅਦ ਪੈਣੀ ਸੀ। ਬੱਚੇ ਦੀ ਵਰਤੋਂ ਮਸ਼ੀਨ ਵਾਂਗ ਕੀਤੀ ਜਾਵੇ, ਇਸ ਨਾਲ ਸਹਿਮਤੀ ਨਹੀਂ ਪ੍ਰਗਟਾਈ ਜਾ ਸਕਦੀ ਪਰ ਮਾਮਲੇ ਨੂੰ ਸਮਝਣ ਲਈ ਇਹ ਦੱਸਣਾ ਜਰੂਰੀ ਹੈ ਕਿ ਇਨ੍ਹਾਂ ਪੇਪਰਾਂ ਦੀ ਤਿਆਰੀ ਕਿਸ ਢੰਗ ਨਾਲ ਕੀਤੀ ਜਾਂਦੀ ਹੈ। ਬੱਚੇ ਗਿਆਰਵੀਂ ਜਮਾਤ 'ਚ ਦਾਖ਼ਲ ਹੋਣ ਵੇਲੇ ਤੋਂ ਹੀ ਇਸ ਵਿਸ਼ੇਸ਼ ਪੇਪਰ ਦੀ ਤਿਆਰੀ ਆਰੰਭ ਕਰ ਦਿੰਦੇ ਹਨ ਅਤੇ ਬਾਰ੍ਹਵੀਂ ਜਮਾਤ ਤੱਕ ਜਾਂ ਇਹ ਕਹਿ ਲਓ ਕਿ ਵਿਸ਼ੇਸ਼ ਪੇਪਰ ਹੋਣ ਤੱਕ ਇਸ ਦੀ ਤਿਆਰੀ ਚੱਲਦੀ ਹੀ ਰਹਿੰਦੀ ਹੈ। 
ਹੁਣ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ ਕਿ ਰਾਜ ਅੰਦਰ ਗਿਣਵੇਂ ਮਿਣਵੇਂ ਸਰਕਾਰੀ ਸਕੂਲਾਂ 'ਚ 11ਵੀਂ ਜਮਾਤ 'ਚ ਮੈਡੀਕਲ/ ਨਾਨ ਮੈਡੀਕਲ ਦੀ ਪੜ੍ਹਾਈ ਉਪਲੱਬਧ ਹੈ। ਇਸ ਵਰ੍ਹੇ ਐਲਾਨੀ ਰੈਸ਼ਨਲਾਈਜ਼ੇਸ਼ਨ ਦੀ ਨੀਤੀ ਉਕਤ ਪੜ੍ਹਾਈ ਦੇ ਸਾਰੇ ਪੋਲ ਜ਼ਰੂਰ ਖੋਲ ਦਿੰਦੀ ਹੈ। ਇਸ ਨੀਤੀ ਤਹਿਤ ਲੈਕਚਰਾਰ ਪਹਿਲਾ ਉੱਥੇ ਪੂਰੇ ਕੀਤੇ ਜਾਣੇ ਹਨ, ਜਿਥੇ ਵਿਦਿਆਰਥੀ ਹੋਣਗੇ। ਜਦੋਂ ਕਿ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਸਕੂਲ 'ਚ ਦਾਖ਼ਲਾ ਦਵਾਉਣੇ ਚਾਹੁੰਦੇ ਹਨ, ਜਿਥੇ ਪਹਿਲਾਂ ਹੀ ਅਧਿਆਪਕ ਪੂਰੇ ਹੋਣ। ਇਸ ਨੀਤੀ ਤਹਿਤ ਇਹ ਵੀ ਕਿਹਾ ਗਿਆ ਕਿ ਜੇ ਕਿਸੇ ਅਜਿਹੇ ਸਕੂਲ 'ਚ ਸਾਇੰਸ ਵਿਸ਼ੇ ਦੀ ਪੜ੍ਹਾਈ ਨਹੀਂ ਚੱਲ ਰਹੀ ਤਾਂ ਉਥੇ ਪਈ ਸਾਇੰਸ ਲੈਬ ਨੂੰ ਨਵੇਂ ਥਾਂ 'ਤੇ ਵੀ ਲਿਜਾਇਆ ਜਾ ਸਕਦਾ ਹੈ, ਜਿਥੇ ਸਾਇੰਸ ਦੀ ਪੜ੍ਹਾਈ ਆਰੰਭ ਹੋ ਚੁੱਕੀ ਹੈ। ਇਹ 'ਯਤਨ' ਹੀ ਪੜ੍ਹਾਈ ਦੀ ਪੋਲ ਖੋਲਦੇ ਨਜ਼ਰ ਆ ਰਹੇ ਹਨ ਕਿ ਦੇਸ਼ ਦਾ ਇਹ ਵਿਦਿਅਕ ਢਾਂਚਾ ਸਾਇੰਸ ਦੀ ਪੜ੍ਹਾਈ ਕਰਵਾਉਣ ਲਈ ਕਿੰਨਾ ਕੁ ਫਿਕਰਮੰਦ ਹੈ। ਕਹਿਣ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਐਜੂਸੈਟ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ, ਜਿਸ 'ਚ ਇੱਕ ਅਧਿਆਪਕ ਇੱਕੋਂ ਥਾਂ ਬੈਠ ਕੇ ਸਾਰੇ ਰਾਜ ਅੰਦਰ ਵਿਦਿਆ ਦਾ ਚਾਨਣ ਵੰਡ ਰਿਹਾ ਹੈ। 11ਵੀਂ ਅਤੇ 12ਵੀਂ ਪਾਸ ਕਰਨ ਲਈ ਇਹ ਪੜ੍ਹਾਈ ਕਾਫੀ ਤਾਂ ਹੋ ਸਕਦੀ ਹੈ ਅਤੇ ਪਰ ਇਹ ਕਦਾਚਿਤ ਉਨ੍ਹਾਂ ਟੈਸਟਾਂ ਦੇ ਹਾਣ ਦੀ ਨਹੀਂ ਹੋ ਸਕਦੀ, ਜਿਸ ਦੇ ਅਧਾਰ 'ਤੇ ਬੱਚੇ ਨੇ ਡਾਕਟਰ, ਇੰਜਨੀਅਰ ਬਣਨਾ ਹੈ। ਬਹੁਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ 'ਚ ਇਹ ਪੜ੍ਹਾਈ ਇੱਕ ਹੱਦ ਤੋਂ ਜਿਆਦਾ ਮਹਿੰਗੀ ਹੈ। ਦੂਰ ਦੁਰਾਡੇ ਜਾਣ-ਆਉਣ ਲਈ ਮੁਸ਼ਕਲਾਂ ਨਾਲ ਵੀ ਦੋ ਚਾਰ ਹੋਣਾ ਪੈਂਦਾ ਹੈ। ਅਜਿਹੀ ਸਥਿਤੀ 'ਚ ਕੁੱਝ ਵਿਅਕਤੀ ਹਾਕਮਾਂ ਖਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਦੀ ਥਾਂ ਰਿਜ਼ਰਵੇਸ਼ਨ ਨੀਤੀ ਜਾਂ ਅਜਿਹੀ ਹੀ ਕਿਸੇ ਹੋਰ ਨੀਤੀ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦੇ ਹਨ। ਸਾਧਨ ਸਮਰੱਥ ਬੱਚੇ ਆਪਣੇ ਉਪਲੱਬਧ ਸਾਧਨਾਂ ਦੇ ਸਿਰ 'ਤੇ ਸਿਰਫ ਚੰਗੀਆਂ ਪੁਜ਼ੀਸ਼ਨਾਂ ਹੀ ਹਾਸਲ ਨਹੀਂ ਕਰਦੇ ਸਗੋਂ ਦਿੱਲੀ ਦੇ ਏਮਜ਼ ਜਾਂ ਇਸ ਵਰਗੀਆਂ ਹੋਰ ਵਿਦਿਅਕ ਸੰਸਥਾਵਾਂ 'ਚ ਡਾਕਟਰ ਬਣਨ ਦੇ ਸੁਫਨੇ ਸਿਰਜਦੇ ਹਨ ਅਤੇ ਇਸ 'ਚ ਬਹੁਤੇ ਕਾਮਯਾਬ ਵੀ ਹੁੰਦੇ ਹਨ। ਦੂਜੀ ਕੈਟਾਗਰੀ ਡਾਕਟਰੀ 'ਚ ਦਾਖ਼ਲਾ ਪਾਉਣ ਦੀ ਲੜਾਈ ਲੜਦੀ ਹੈ ਅਤੇ ਕਾਮਯਾਬੀ ਵੀ ਹਾਸਲ ਕਰਦੀ ਹੈ ਅਤੇ ਤੀਜੀ ਕੈਟਾਗਰੀ ਅੱਧ ਵਿਚਾਲੇ ਲਟਕ ਜਾਂਦੀ ਹੈ, ਜਿਸ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਕੀ ਹੋ ਰਿਹਾ ਹੈ ਅਤੇ ਅੱਗੋ ਕੀਂ ਹੋਵੇਗਾ। 
ਰਾਜ 'ਚ ਬਹੁਤ ਸਾਰੀਆਂ ਅਕੈਡਮੀਆਂ ਅਜਿਹੇ ਪੇਪਰਾਂ ਦੀ ਤਿਆਰੀ ਕਰਵਾਉਂਦੀਆਂ ਹਨ, ਜਿਥੇ ਦੁਪਹਿਰ ਬਾਅਦ ਤੋਂ ਲੈ ਕੇ ਸ਼ਾਮ ਤੱਕ ਦੀਆਂ ਰੋਜ਼ਾਨਾਂ ਕਲਾਸਾਂ ਅਤੇ ਸ਼ਨੀਵਾਰ, ਐਤਵਾਰ ਦੀਆਂ ਕਲਾਸਾਂ ਲਗਾਈਆਂ ਜਾਂਦੀਆ ਹਨ। ਇਨ੍ਹਾਂ 'ਚ ਕੁੱਝ ਬੱਚੇ ਅਜਿਹੇ ਵੀ ਹੁੰਦੇ ਹਨ, ਜਿਹੜੇ ਦਾਖਲਾ ਕਿਸੇ ਅਜਿਹੇ ਸਕੂਲ 'ਚ ਲੈ ਲੈਂਦੇ ਹਨ, ਜਿਥੇ ਸਿਰਫ ਉਨ੍ਹਾਂ ਦੀ ਹਾਜ਼ਰੀ ਹੀ ਲਗਦੀ ਹੈ ਅਤੇ ਟੈਸਟ ਦੀ ਤਿਆਰੀ ਹੀ ਕੀਤੀ ਜਾਂਦੀ ਹੈ। ਕਾਫੀ ਬੱਚੇ ਟੈਸਟ ਤੋਂ ਕੁੱਝ ਮਹੀਨੇ ਪਹਿਲਾਂ ਕਰੈਸ਼ ਕੋਰਸ ਦੇ ਨਾਂਅ ਹੇਠ ਕੁੱਝ ਕੁ ਦਿਨਾਂ ਦੀਆਂ ਕਲਾਸਾਂ ਲਈ ਪੈਸੇ ਪੁੱਟਦੇ ਹਨ। ਪੰਜਾਬ ਦੇ ਬਹੁਤੇ ਬੱਚੇ ਅਕੈਡਮੀਆਂ 'ਚ ਚੱਲਣ ਵਾਲੇ ਅਜਿਹੇ ਕੋਰਸਾਂ ਨੂੰ ਜਾਣਦੇ ਤੱਕ ਨਹੀਂ, ਜੇ ਜਾਣਦੇ ਵੀ ਹਨ ਤਾਂ ਇਹ ਕੋਰਸ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਹਨ। ਫੀਸਾਂ ਜੋਗੇ ਪੈਸੇ ਹੋਣ ਤਾਂ ਵੀ 40-50 ਕਿਲੋਮੀਟਰ ਦਾ ਸਫ਼ਰ ਤਹਿ ਕਰਨ ਵਾਸਤੇ ਜੁਗਾੜ ਨਹੀਂ ਬਣਦਾ। ਜੇ ਇਹ ਜੁਗਾੜ ਬਣ ਵੀ ਜਾਵੇ ਤਾਂ ਭੱਜ ਨੱਠ ਹੀ ਇੰਨੀ ਹੋ ਜਾਂਦੀ ਹੈ ਕਿ ਬੱਚਾਂ ਪੜ੍ਹਾਈ ਕਰੇ ਜਾਂ ਆਉਣ ਜਾਣ 'ਚ ਆਪਣਾ ਸਮਾਂ ਜਾਇਆ ਕਰ ਦੇਵੇ। ਇਨ੍ਹਾਂ ਅਕੈਡਮੀਆਂ 'ਚ ਵੀ ਕੋਈ ਭਰੋਸਾ ਨਹੀਂ ਹੁੰਦਾ ਕਿ ਅਧਿਆਪਕ ਕਦੋਂ ਬਦਲ ਜਾਵੇ ਅਤੇ ਕਦੋਂ ਨਵਾਂ ਆ ਜਾਵੇ, ਜਿਸ ਨਾਲ ਬੱਚੇ ਦੀ ਲਗਾਤਾਰਤਾ ਨਹੀਂ ਬਣਦੀ। ਇੱਕ ਵਿਦਿਆਰਥੀ ਦਾ ਕਰੀਬ ਇੱਕ ਲੱਖ ਰੁਪਏ ਸਾਲ ਦਾ ਖਰਚਾ ਸਹਿਣ ਕਰਨ ਵਾਲੇ ਕਿੰਨੇ ਕੁ ਮਾਪੇ ਨਿੱਤਰ ਸਕਦੇ ਹਨ। ਲੜਕੀਆਂ ਦੇ ਮਾਮਲੇ 'ਚ ਦੇਰ ਸ਼ਾਮ ਨੂੰ ਆਉਣ ਜਾਣ ਵਾਲੀ ਸਥਿਤੀ ਕਿਸੇ ਤੋਂ ਲੁੱਕੀ ਹੋਈ ਨਹੀਂ ਹੈ। ਇਨ੍ਹਾਂ ਅਕੈਡਮੀਆਂ ਦੀ ਸਥਿਤੀ ਵੀ ਇੱਕੋ ਜਿਹੀ ਨਹੀਂ ਹੈ। ਕੁੱਝ ਅਜਿਹੀਆਂ ਵੀ ਅਕੈਡਮੀਆਂ ਹਨ ਜਿਹੜੀਆਂ ਇੱਕੋ ਥਾਂ ਬੈਠ ਕੇ ਆਨਲਾਈਨ ਪੜ੍ਹਾਈ ਕਰਵਾਉਂਦੀਆਂ ਹਨ, ਜਿਥੇ ਬੱਚੇ ਦੀਆਂ ਮੁਸ਼ਕਲਾਂ ਸਮਝਣ ਅਤੇ ਹੱਲ ਕਰਨ ਦਾ ਸੌਖਾ ਰਸਤਾ ਨਹੀਂ ਹੁੰਦਾ। ਅਜਿਹੇ ਇਲਾਕਿਆਂ 'ਚ ਬੱਚਿਆਂ ਦੇ ਮਾਪਿਆਂ ਕੋਲ ਬਦਲਵਾਂ ਹੱਲ ਵੀ ਨਹੀਂ ਹੁੰਦਾ। ਮਾਪੇ ਪੈਸੇ ਵੀ ਪੁੱਟ ਲੈਂਦੇ ਹਨ ਅਤੇ ਹੱਥ ਪੱਲੇ ਵੀ ਕੁੱਝ ਨਹੀਂ ਪੈਂਦਾ।  
ਇਨ੍ਹਾਂ ਟੈਸਟਾਂ ਦੀ ਤਿਆਰੀ ਉਪਰੰਤ ਦੂਰ ਦੁਰਾਡੇ ਪੇਪਰ ਦੇਣ ਲਈ ਹੋਣ ਵਾਲੇ ਖਰਚ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਉਦਹਾਰਣ ਵਜੋਂ ਕਿਸੇ ਅਦਾਰੇ ਵਲੋਂ ਦਿੱਲੀ 'ਚ ਹੋਣ ਵਾਲਾ  ਜਾਂ 200-250 ਕਿਲੋਮੀਟਰ ਦੂਰ ਹੋਣ ਵਾਲਾ ਅਜਿਹਾ ਕੋਈ ਟੈਸਟ ਆਮ ਗਰੀਬ ਪਰਿਵਾਰ ਦੇ ਬੱਚੇ ਵਲੋਂ ਦਿੱਤਾ ਹੀ ਨਹੀਂ ਜਾ ਸਕਦਾ। ਦਿੱਲੀ 'ਚ ਹੋਣ ਵਾਲੇ ਪੇਪਰ ਦਾ ਸੈਂਟਰ ਪਤਾ ਕਰਨ ਲਈ ਘੱਟੋ ਘੱਟ ਇੱਕ ਦਿਨ ਪਹਿਲਾਂ ਤਾਂ ਪੁੱਜਣਾ ਹੀ ਪਵੇਗਾ। ਗਰਮੀ ਦੀ ਮਾਰ ਹੇਠ ਆਇਆ ਬੱਚਾ, ਪੇਪਰ ਵੀ ਉਹੋ ਜਿਹਾ ਹੀ ਦੇਵੇਗਾ, ਜਿਸ ਨਾਲ ਘੱਟੋ ਘੱਟ ਡਾਕਟਰ ਨਹੀਂ ਬਣਿਆ ਜਾ ਸਕਦਾ। 
ਆਖਰ, ਡਾਕਟਰ ਤੇ ਉਨੇ ਹੀ ਬਣਨਗੇ, ਜਿੰਨੀਆਂ ਸੀਟਾਂ ਹੋਣਗੀਆਂ ਪਰ ਵਖਰੇਵੀਂ ਪੜ੍ਹਾਈ ਕਰਵਾ ਕੇ ਨਹੀਂ ਬਣਾਏ ਜਾਣੇ ਚਾਹੀਦੇ। ਇਓਂ ਲੱਗ ਰਿਹਾ ਹੈ ਕਿ ਸਾਧਨ ਸਮਰੱਥ ਵਿਅਕਤੀ ਸੀਟਾਂ 'ਤੇ ਕਬਜ਼ੇ ਕਰ ਰਹੇ ਹੋਣ ਅਤੇ ਦੂਜੇ ਹਰਡਲ ਦੌੜ ਵਾਂਗ ਇੱਕ ਤੋਂ ਬਾਅਦ ਦੂਜੀ ਰੁਕਾਵਟ ਦੂਰ ਕਰਨ ਦੇ ਚੱਕਰ 'ਚ  ਰਹਿ ਜਾਂਦੇ ਹਨ। ਕਈਆਂ ਨੂੰ ਪੇਪਰ ਦੇਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਰਸਤੇ 'ਚ ਰੁਕਾਵਟਾਂ ਵੀ ਆਉਣੀਆ ਸਨ ਅਤੇ ਇਨ੍ਹਾਂ ਨੂੰ ਦੂਰ ਕਰਨ ਦਾ ਜਦੋਂ ਤੱਕ ਉਹ ਸੋਚਦੇ ਹਨ ਤਾਂ ਸਮਾਂ ਲੰਘ ਚੁੱਕਾ ਹੁੰਦਾ ਹੈ। 
'ਸਰਬੱਤ ਦੇ ਭਲੇ' ਵਾਲੀ ਇਹ ਪੜ੍ਹਾਈ ਲੋਕਾਂ ਦੇ ਵੱਸ ਦਾ ਰੋਗ ਨਹੀਂ ਹੈ, ਇਹ ਹਾਕਮਾਂ ਦੀ ਨੀਅਤ ਅਤੇ ਨੀਤੀ 'ਤੇ ਨਿਰਭਰ ਹੈ। 'ਬਰਾਬਰਤਾ' ਵਾਲੀ ਇਹ ਪੜ੍ਹਾਈ ਅਧਿਆਪਕਾਂ ਦੀ ਪੂਰੀ ਗਿਣਤੀ ਤੋਂ ਬਿਨ੍ਹਾਂ ਸੰਭਵ ਨਹੀਂ ਹੋ ਸਕਦੀ ਅਤੇ ਟੈਸਟਾਂ ਦੀ ਤਿਆਰੀ ਕਰਵਾਉਣ ਤੋਂ ਬਿਨਾਂ ਵੀ ਸੰਭਵ ਨਹੀਂ ਹੋ ਸਕਦੀ। ਕਿਸੇ ਦਾ ਬੱਚਾ ਕਿੰਨਾ ਵੀ ਜੀਨੀਅਸ ਕਿਓਂ ਨਾ ਹੋਵੇ, ਟੈਸਟ ਦੀ ਤਿਆਰੀ ਤੋਂ ਬਿਨਾਂ ਦਾਖ਼ਲਾ ਲੈਣਾ ਬਹੁਤ ਔਖਾ ਕੰਮ ਹੈ। ਟੈਸਟ ਦੀ ਤਿਆਰੀ 'ਚ ਸਵਾਲ ਪੁੱਛੇ ਜਾਣ ਦੇ ਢੰਗ ਅਤੇ ਇਸ ਨੂੰ ਹੱਲ ਕਰਨ ਦੇ ਢੰਗ ਸਿਖਾਏ ਜਾਂਦੇ ਹਨ, ਜਿਹੜੇ ਸਕੂਲਾਂ 'ਚ ਦੱਸੇ ਹੀ ਨਹੀਂ ਜਾ ਸਕਦੇ। ਸਕੂਲਾਂ 'ਚ ਇਸ ਦੀ ਅਲੱਗ ਤੋਂ ਤਿਆਰੀ ਕਰਵਾਉਣ ਲਈ ਕੋਈ ਨੀਤੀ ਨਹੀਂ ਅਪਣਾਈ ਜਾਂਦੀ, ਜਿਸ ਦਾ ਸਿੱਟਾ ਨਤੀਜਾ ਆਉਣ 'ਤੇ ਹੀ ਨਿਕਲਦਾ ਹੈ, ਬੱਚਿਆਂ ਦਾ ਦਿਲ ਟੁੱਟਦਾ ਹੈ ਅਤੇ ਸੁਫਨੇ ਚਕਨਾਚੂਰ ਹੋ ਜਾਂਦੇ ਹਨ। ਅਜਿਹਾ ਅਚਨਚੇਤ ਨਹੀਂ ਹੋ ਰਿਹਾ ਸਗੋਂ ਹਾਕਮਾਂ ਦੀ ਸੋਚੀ ਸਮਝੀ ਚਾਲ ਅਧੀਨ ਹੋ ਰਿਹਾ ਹੈ। ਇਹ ਲੋਕ ਵਿਰੋਧੀ ਹਾਕਮ ਬਿਆਨ ਤੇ ਨਾਅਰੇ ਭਾਵੇਂ ਜਿਹੜੇ ਮਰਜ਼ੀ ਦੇਣ ਪਰ ਨੀਤੀਆਂ ਅਮੀਰ ਪੱਖੀ ਤੇ ਗਰੀਬ ਵਿਰੋਧੀ ਹੀ ਲਾਗੂ ਕਰ ਰਹੇ ਹਨ। ਇਹਨਾਂ ਨੀਤੀਆਂ ਨੂੰ ਬਦਲਾਉਣ ਲਈ ਜਨ ਸੰਗਠਨਾਂ ਤੇ ਜਨਸੰਘਰਸ਼ ਦੀ ਡਾਢੀ ਲੋੜ ਹੈ। 
(ਸੰਗਰਾਮੀ ਲਹਿਰ, ਜੁਲਾਈ 2013)

No comments:

Post a Comment