Tuesday 4 October 2016

ਇਕ ਰਿਪੋਰਟ : ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਾਨਫਰੰਸ

ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਚਲੇ ਵਿਸ਼ਣੂੰ ਗਣੇਸ਼ ਪਿੰਗਲੇ ਹਾਲ ਵਿਚ 17 ਸਤੰਬਰ 2016 ਨੂੰ ਸੱਤ ਸੂਬਿਆਂ ਪੰਜਾਬ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਤੋਂ 250 ਦੇ ਕਰੀਬ ਉਤਸ਼ਾਹ 'ਤੇ ਦ੍ਰਿੜ ਨਿਸ਼ਚੇ ਨਾਲ ਲਬਾਲਬ ਕਮਿਊਨਿਸਟ ਆਗੂ ਤੇ ਕਾਰਕੁੰਨ ਜੁੜੇ। ਆਜ਼ਾਦੀ ਸੰਗਰਾਮੀ ਅਤੇ ਹਰ ਕਿਸਮ ਦੇ ਸ਼ੋਸ਼ਨ ਤੋਂ ਮੁਕਤੀ ਦੇ ਸੰਗਰਾਮੀਆਂ ਦੀ ਪ੍ਰੇਰਣਾਮਈ ਯਾਦਗਾਰ ਵਿਖੇ ਜੁੜਨ ਦਾ ਮਕਸਦ ਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਸਥਾਪਨਾ ਕਾਨਫਰੰਸ ਵਿਚ ਸ਼ਮੂਲੀਅਤ। ਇਸ ਆਸ਼ੇ ਦੀ ਪੂਰਤੀ ਲਈ ਇਹ ਕਾਨਫਰੰਸ ਅਨੇਕਾਂ ਪੱਖਾਂ ਤੋਂ ਯਾਦਗਾਰੀ 'ਤੇ ਇਤਿਹਾਸਕ ਹੋ ਨਿਬੜੀ ਹੈ।
ਸਭ ਤੋਂ ਪਹਿਲਾਂ ਕਾਨਫਰੰਸ ਦੀ ਤਿਆਰੀ ਕਮੇਟੀ ਦੇ ਕਨਵੀਨਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਭਨਾ ਪੁੱਜਣ ਵਾਲਿਆਂ ਦਾ ਸਵਾਗਤ ਕਰਦੀਆਂ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਤ ਹੋਣ ਵਾਲੇ ਸਾਥੀਆਂ ਦੇ ਨਾਂ ਪੇਸ਼ ਕੀਤੇ। ਇਸ ਸੁਝਾਅ ਨੂੰ ਨਾਅਰਿਆਂ ਦੀ ਗੂੰਜ ਵਿਚ ਪ੍ਰਵਾਨ ਕਰਦਿਆਂ ਹਾਜ਼ਰ ਸਾਥੀਆਂ ਦੇ ਹਾਊਸ ਨੇ ਸਰਵ ਸੰਮਤੀ ਨਾਲ ਸਾਥੀ ਰਘੁਬੀਰ ਸਿੰਘ (ਪੰਜਾਬ), ਐਨ.ਵੇਣੂ (ਕੇਰਲ), ਕਲਿਅਪਨ ਗੰਗਾਧਰਨ (ਤਾਮਿਲਨਾਡੂ), ਰਜਿੰਦਰ ਪਰਾਂਜਪੇ (ਮਹਾਰਾਸ਼ਟਰ), ਇੰਦਰਜੀਤ ਸਿੰਘ ਗਰੇਵਾਲ (ਯੂ.ਟੀ. ਚੰਡੀਗੜ੍ਹ), ਠਾਕੁਰ ਕੁਲਦੀਪ ਸਿੰਘ (ਹਿਮਾਚਲ ਪ੍ਰਦੇਸ਼), ਤੇਜਿੰਦਰ ਥਿੰਦ (ਹਰਿਆਣਾ) 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਨਿਯੁਕਤੀ ਕੀਤੀ। ਉਕਤ ਸਾਥੀਆਂ ਤੋਂ ਇਲਾਵਾ ਕਾਨਫਰੰਸ ਦੇ ਸੰਯੋਜਕ (ਕਨਵੀਨਰ) ਸਾਥੀ ਮੰਗਤ ਰਾਮ ਪਾਸਲਾ ਅਤੇ ਕੇਰਲਾ ਦੇ ਮਾਨਮੱਤੇ ਕਮਿਊਨਿਸਟ ਆਗੂ ਸ਼ਹੀਦ ਟੀ.ਪੀ.ਚੰਦਰਸ਼ੇਖਰਨ ਦੀ ਜੀਵਨ ਸਾਥਣ ਕਾਮਰੇਡ ਕੇ ਕੇ ਰੇਮਾ ਵੀ ਮੰਚ 'ਤੇ ਬਿਰਾਜਮਾਨ ਸਨ।
ਸਭ ਤੋਂ ਪਹਿਲਾਂ ਸਾਥੀ ਹਰਕੰਵਲ ਸਿੰਘ (ਪੰਜਾਬ) ਵਲੋਂ ਪਾਰਟੀ ਦੇ ਨਵੇਂ ਨਾਂਅ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (Revolutionary Marxist Party of India) ਅਤੇ ਝੰਡੇ ਦਾ ਮਤਾ ਹਾਊਸ ਸਾਹਮਣੇ ਰੱਖਿਆ ਗਿਆ ਜਿਸ ਨੂੰ ਸਰਵਸੰਮਤੀ ਨਾਲ ਨਾਹਰਿਆਂ ਦੀ ਗੂੰਜ ਦਰਮਿਆਨ ਹਾਊਸ ਵਲੋਂ ਪ੍ਰਵਾਨਗੀ ਦਿੱਤੀ ਗਈ। ਇਸ ਉਪਰੰਤ ਪਾਰਟੀ ਦਾ ਸੰਵਿਧਾਨ ਪੇਸ਼ ਕੀਤਾ ਗਿਆ ਜਿਸ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਜਦੋਂ ਤੋਂ ਕਮਿਊਨਿਸਟ ਲਹਿਰ ਸੰਸਾਰ 'ਚ ਹੋਂਦ 'ਚ ਆਈ ਹੈ ਉਦੋਂ ਤੋਂ ਹੀ ਸਮਾਨਤਾ ਵਿਰੋਧੀ ਅਤੇ ਪਿਛਾਖੜੀ ਸ਼ਕਤੀਆਂ ਦੇ ਹਮਲਿਆਂ ਨਾਲ ਦੋ-ਚਾਰ ਹੁੰਦੀ ਰਹੀ ਹੈ। ਸਿੱਟੇ ਵਜੋਂ ਲਹਿਰ ਦੇ ਲੱਖਾਂ ਧੀਆਂ ਪੁੱਤਾਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ। ਇਸੇ ਸ਼ਾਨਾਮਤੀ ਕੜੀ 'ਚ ਇਕ ਚਮਕਦਾ ਸੂਹਾ ਨਾਂਅ ਹੈ ਕਾਮਰੇਡ ਟੀ.ਪੀ.ਚੰਦਰਸ਼ੇਖਰਨ ਦਾ। ਗਮ ਅਤੇ ਗੁੱਸੇ ਦਾ ਸਬੱਬ ਇਹ ਹੈ ਕਿ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਪਿਛਾਖੜੀਆਂ ਦੇ ਹੱਥਾਂ 'ਚ ਵੀ ਲਾਲ ਝੰਡੇ ਫੜੇ ਹੋਏ ਹਨ। ਸਾਥੀ ਚੰਦਰਸ਼ੇਖਰਨ ਨੇ ਕੇਰਲਾ ਅੰਦਰ ਆਰ.ਐਮ.ਪੀ.ਕੇ. (ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਕੇਰਲਾ) ਦਾ ਗਠਨ ਕੀਤਾ ਸੀ। ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਪ੍ਰੇਰਣਾਮਈ ਯਾਦ ਨੂੰ ਸਦੀਵੀ ਬਨਾਉਣ ਲਈ ਹੀ ਕੁਲ ਹਿੰਦ ਪਾਰਟੀ ਦੇ ਗਠਨ ਸਮੇਂ ਨਵਾਂ ਨਾਂਅ ਆਰ.ਐਮ.ਪੀ.ਆਈ. ਰੱਖਿਆ ਗਿਆ ਹੈ ਇਹ ਵੀ ਇਕ ਸ਼ਾਨਾਮਤੀ ਗੱਲ ਹੈ ਕਿ ਕਮਿਊਨਿਸਟ ਸਿਧਾਂਤਾਂ 'ਚ ਖੋਟ ਰਲਾਉਣ ਵਾਲਿਆਂ ਵਿਰੁੱਧ ਸੰਘਰਸ਼ 'ਚ ਸ਼ਹਾਦਤ ਦੇਣ ਵਾਲੇ ਸਾਥੀ ਚੰਦਰਸ਼ੇਖਰਨ ਦੀ ਜੀਵਨ ਸਾਥਣ ਕਾਮਰੇਡ ਕੇ.ਕੇ. ਰੇਮਾ ਉਨ੍ਹਾਂ ਦੇ ਉਦੇਸ਼ ਦੀ ਪੂਰਤੀ ਲਈ ਪਲ ਪਲ ਯਤਨ ਕਰ ਰਹੀ ਹੈ। ਇਸੇ ਲਈ ਇਸ ਪਾਰਟੀ ਦਾ ਨਵਾਂ ਸੂਹਾ ਝੰਡਾ ਕਾਮਰੇਡ ਰੇਮਾ ਵਲੋਂ ਜੋਸ਼ ਭਰਪੂਰ ਨਾਅਰਿਆਂ ਦੀ ਗੂੰਜ ਵਿਚ ਰਿਲੀਜ਼ ਕੀਤਾ ਗਿਆ। ਇਸ ਸੰਦਰਭ 'ਚ ਪ੍ਰਧਾਨਗੀ ਮੰਡਲ ਵਲੋਂ ਸਾਥੀ ਰਘੁਬੀਰ ਸਿੰਘ ਨੇ ਬੜੇ ਵਿਸ਼ਾਲ ਤੇ ਡੂੰਘੇ ਅਰਥਾਂ ਵਾਲੀ ਟਿੱਪਣੀ ਕਰਦਿਆਂ ਕਿਹਾ ਕਿ ''ਕੇਰਲਾ ਦੇ ਮਿਹਨਤਕਸ਼ਾਂ ਦੀ ਨਾਇਕਾ ਅੱਜ ਤੋਂ ਬਾਅਦ ਭਾਰਤ ਦੇ ਲੁੱਟੇ-ਪੁੱਟੇ ਅਵਾਮ ਦੀ ਨਾਇਕਾ ਵਜੋਂ ਜਾਣੀ ਜਾਵੇਗੀ।''
ਤਾਮਿਲਨਾਡੂ ਦੇ ਜੁਝਾਰੂ ਕਮਿਊਨਿਸਟ ਆਗੂ ਸਾਥੀ ਕਲਿਅੱਪਣ ਗੰਗਾਧਰਨ ਨੇ ਅਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ਵਿਚ ਨਵੀਂ ਪਾਰਟੀ ਦਾ ਝੰਡਾ ਲਹਿਰਾਇਆ। ਸਾਥੀ ਮੰਗਤ ਰਾਮ ਪਾਸਲਾ ਨੇ ਨਵੀਂ ਪਾਰਟੀ ਦੇ ਭਵਿੱਖੀ ਕਾਰਜਾਂ, ਜਥੇਬੰਦਕ ਸੇਧਾਂ ਅਤੇ ਵਿਚਾਰਧਾਰਕ ਸੋਮਿਆਂ ਦੀ ਪੁਖ਼ਤਾ ਨਿਸ਼ਾਨਦੇਹੀ ਕਰਦਾ ਰਾਜਸੀ ਸੇਧ ਦਸਤਾਵੇਜ਼ (A Brief Note on Political Situation) ਪੇਸ਼ ਕੀਤਾ (ਇਸ ਦਾ ਮੂਲ ਪਾਠ ਇਸੇ ਅੰਕ ਵਿਚ ਹੁਬਹੂ ਛਾਪਿਆ ਜਾ ਰਿਹਾ ਹੈ)। ਇਸ ਦਸਤਾਵੇਜ ਨੂੰ ਕੇਰਲਾ ਵਲੋਂ ਸਾਥੀ ਕੁਮਾਰਨ ਕੁੱਟੀ, ਮਹਾਰਾਸ਼ਟਰਾ ਵਲੋਂ ਸਾਥੀ ਸੰਜੇ ਰਾਊਤ, ਤਾਮਿਲਨਾਡੂ ਵਲੋਂ ਸਾਥੀ ਐਮ ਰਾਜਾਗੋਪਾਲ ਅਤੇ ਹੋਰਨਾਂ  ਨੇ ਆਪਣੇ ਠੋਸ ਸੁਝਾਅ ਰਾਹੀਂ ਹੋਰ ਅਮੀਰ ਕੀਤਾ ਜਿਸ ਪਿੱਛੋਂ ਇਹ ਦਸਤਾਵੇਜ਼ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਕਾਨਫਰੰਸ ਨੇ ਸਰਵਸੰਮਤ ਫੈਸਲੇ ਰਾਹੀਂ ਪਾਰਟੀ ਨੂੰ ਭਾਰਤ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਉਣ ਦਾ ਨਿਰਣਾ ਲਿਆ।  ਸਰਵਸੰਮਤੀ ਨਾਲ 23 ਮੈਂਬਰੀ ਕੇਂਦਰੀ ਕਮੇਟੀ ਬਨਾਉਣ ਦਾ ਨਿਰਣਾ ਲਿਆ ਗਿਆ। ਸਰਵ ਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਘੁਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਕੇ.ਗੰਗਾਧਰਨ, ਰਜਿੰਦਰ ਪਰਾਂਜਪੇ, ਇੰਦਰਜੀਤ ਗਰੇਵਾਲ, ਤੇਜਿੰਦਰ ਸਿੰਘ ਥਿੰਦ, ਸੁਦਰਸ਼ਨ ਕੁਮਾਰ, ਐਨ. ਵੇਨੂੰ, ਟੀ.ਐਲ.ਸੰਤੋਸ਼, ਕੇ.ਐਸ. ਹਰੀਹਰਨ, ਕੇ.ਕੇ. ਰੇਮਾ, ਐਮ. ਰਾਜਾ ਗੋਪਾਲ, ਸੀ.ਚੇਲਾਸਵਾਮੀ, ਪੀ.ਅਮਾਵਸੀ, ਸੰਜਿਊਤ ਰਾਊਤ, ਰਮੇਸ਼ ਠਾਕੁਰ, ਮਨਦੀਪ ਰਤੀਆ 'ਤੇ ਅਧਾਰਤ ਨਵੀਂ ਕੇਂਦਰੀ ਕਮੇਟੀ ਚੁਣੀ ਗਈ ਅਤੇ ਚਾਰ ਸੀਟਾਂ ਪੱਛਮੀ ਬੰਗਾਲ, ਦਿੱਲੀ, ਆਂਧਰਾ ਪ੍ਰਦੇਸ਼ ਲਈ ਖਾਲੀ ਰੱਖੀਆਂ ਗਈਆਂ। ਨਵੀਂ ਕੇਂਦਰੀ ਟੀਮ ਵਲੋਂ ਸਰਵਸੰਮਤੀ ਨਾਲ ਸਾਥੀ ਮੰਗਤ ਰਾਮ ਪਾਸਲਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਕੌਮਾਂਤਰੀ, ਕੌਮੀ ਅਤੇ ਸੂਬਾਈ ਕਮਿਊਨਿਸਟ ਆਗੂਆਂ ਤੋਂ ਇਲਾਵਾ ਆਜ਼ਾਦੀ ਸੰਗਰਾਮ ਦੇ ਪਰਵਾਨਿਆਂ ਦੀਆਂ ਤਸਵੀਰਾਂ ਨਾਲ ਹਾਲ ਨੂੰ ਸਜਾਇਆ ਗਿਆ ਸੀ। ਇਸ ਤੋਂ ਇਲਾਵਾ ਸਮਾਜਕ ਲਹਿਰਾਂ ਦੇ ਆਗੂਆਂ ਦੀਆਂ ਤਸਵੀਰਾਂ ਵੀ ਸੁਸ਼ੋਭਤ ਸਨ।
ਅੰਤ ਵਿਚ ਪ੍ਰਧਾਨਗੀ ਮੰਡਲ ਵਲੋਂ ਸਮੁੱਚੀ ਦੇਸ਼ ਪੱਧਰੀ ਲੀਡਰਸ਼ਿਪ, ਪ੍ਰਤੀਨਿੱਧਾਂ, ਵਲੰਟੀਅਰਾਂ ਮੀਡੀਆ ਕਰਮੀਆਂ ਅਤੇ ਹੋਰਨਾਂ ਸਹਿਯੋਗੀਆਂ ਦਾ ਪ੍ਰਧਾਨਗੀ ਮੰਡਲ ਵਲੋਂ ਸਾਥੀ ਰਘੁਬੀਰ ਸਿੰਘ ਨੇ ਧੰਨਵਾਦ ਕੀਤਾ।

No comments:

Post a Comment