Monday, 3 October 2016

ਸ਼ਰਧਾਂਜਲੀਆਂ

ਸਾਥੀ ਸਵਪਨ ਮੁਖਰਜੀ ਦਾ ਦੁਖਦਾਈ ਵਿਛੋੜਾ 
ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੀ ਪੋਲਿਟ ਬਿਊਰੋ ਦੇ ਮੈਂਬਰ ਕਾਮਰੇਡ ਸਵਪਨ ਮੁਖਰਜੀ 6 ਸਤੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪੰਜਾਬ ਦੇ ਸਾਥੀਆਂ ਦੀ ਅਗਲੇ ਦਿਨ ਹੋਣ ਵਾਲੀ ਮੀਟਿੰਗ ਕਰਾਉਣ ਆਏ ਸਨ ਅਤੇ ਡੇਰਾਬੱਸੀ ਇਕ ਸਾਥੀ ਦੇ ਘਰ ਠਹਿਰੇ ਹੋਏ ਸਨ। ਜਿੱਥੇ ਤੜਕਸਾਰ ਦਿਲ ਦੀ ਧੜਕਣ ਅਚਾਨਕ ਰੁਕ ਜਾਣ ਨਾਲ ਉਹਨਾਂ ਦੇ ਸੰਭਾਵਨਾਵਾਂ ਭਰਪੂਰ ਜੀਵਨ ਦਾ ਅੰਤ ਹੋ ਗਿਆ।
ਸਾਥੀ ਸਵੱਪਨ ਦੀ ਇਸ ਬੇਵਕਤ ਮੌਤ ਨਾਲ ਦੇਸ਼ ਦੇ ਕਿਰਤੀ ਲੋਕਾਂ ਦੀ ਲੜਾਕੂ ਲਹਿਰ ਇਕ ਅਣਥੱਕ ਯੋਧੇ ਦੀ ਸੁਹਿਰਦਤਾਪੂਰਨ ਰਹਨੁਮਾਈ ਤੋਂ ਵੰਚਿਤ ਹੋ ਗਈ ਹੈ। ਲਹਿਰ ਲਈ ਇਹ ਬਹੁਤ ਵੱਡਾ ਘਾਟਾ ਹੈ, ਜਿਸਨੂੰ ਲੰਬਾ ਸਮਾਂ ਮਹਿਸੂਸ ਕੀਤਾ ਜਾਂਦਾ ਰਹੇਗਾ। ਕਾਮਰੇਡ ਸਵਪਨ ਅਜੇ 63 ਵਰ੍ਹਿਆਂ ਦੇ ਹੀ ਸਨ ਅਤੇ ਕਮਿਊਨਿਸਟ ਲਹਿਰ ਨੂੰ ਉਹਨਾ ਤੋਂ ਭਾਰੀ ਉਮੀਦਾਂ ਸਨ। ਡਾਇਬਟੀਜ਼ ਵਰਗੀ ਨਾਮੁਰਾਦ ਬਿਮਾਰੀ ਦੇ ਮਰੀਜ਼ ਹੋਣ ਦੇ ਬਾਵਜੂਦ ਉਹ ਆਪਣੀ ਪਾਰਟੀ ਅਤੇ ਕਿਰਤੀ ਲੋਕਾਂ ਦੀ ਲਹਿਰ ਉਸਾਰਨ ਵਾਸਤੇ ਦਿਨ-ਰਾਤ ਜੀ-ਜਾਨ ਨਾਲ ਜੁਟੇ ਰਹਿੰਦੇ ਸਨ। ਇਸ ਲਈ ਉਹਨਾਂ ਦੇ ਇੰਝ ਅਚਾਨਕ ਤੁਰ ਜਾਣ ਨਾਲ ਉਹਨਾਂ ਦੀ ਪਾਰਟੀ ਨੂੰ ਹੀ ਨਹੀਂ ਬਲਕਿ ਸਮੁੱਚੀ ਇਨਕਲਾਬੀ ਤੇ ਜਮਹੂਰੀ ਲਹਿਰ ਨੂੰ ਵੱਡੀ ਸੱਟ ਵੱਜੀ ਹੈ।
ਸਾਥੀ ਸਵੱਪਨ ਮੁਖਰਜੀ ਇਕ ਪ੍ਰਤੀਬੱਧ ਕਮਿਊਨਿਸਟ ਕਾਰਕੁੰਨ ਸਨ, ਜਿਹਨਾਂ ਨੇ ਆਪਣਾ ਸਮੁੱਚਾ ਜੀਵਨ ਪੂੰਜੀਵਾਦੀ ਪ੍ਰਬੰਧ ਵਿਚ ਕਿਰਤੀ ਜਨਸਮੂਹਾਂ ਦੀ ਹੋ ਰਹੀ ਲੁੱਟ ਘਸੁੱਟ ਅਤੇ ਪ੍ਰਸ਼ਾਸਨਿਕ ਜਬਰ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਦੇ ਲੇਖੇ ਲਾਇਆ। ਅਜੇਹੇ ਸੁਹਿਰਦ, ਸੂਝਵਾਨ ਤੇ ਸਮਰੱਥਾਵਾਨ ਸਾਥੀ ਬਹੁਤ ਘੱਟ ਮਿਲਦੇ ਹਨ। ਜਥੇਬੰਦਕ ਉਸਾਰੀ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿਚ ਉਹਨਾਂ ਨੇ ਬਹੁਤ ਹੀ ਪ੍ਰਸ਼ੰਸਾਜਨਕ ਮੁਹਾਰਤ ਹਾਸਲ ਕੀਤੀ ਹੋਈ ਸੀ। ਉਹ ਮਜ਼ਦੂਰ ਜਮਾਤ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਖੱਬੀਆਂ ਸ਼ਕਤੀਆਂ ਵਿਚਕਾਰ ਤਾਲਮੇਲ ਸਥਾਪਤ ਕਰਨ ਤੇ ਉਹਨਾਂ ਨੂੰ ਇਕਜੁਟ ਕਰਨ ਪ੍ਰਤੀ ਬੇਹੱਦ ਸੁਹਿਰਦ ਸਾਥੀ ਸਨ। ਕੁਲ ਹਿੰਦ ਲੈਫਟ ਕੋਆਰਡੀਨੇਸ਼ਨ (AILC) ਦੀ ਸਥਾਪਨਾ ਤੇ ਉਸਾਰੀ ਵਿਚ ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ। ਸਾਥੀ ਸਵਪਨ ਮੁਖਰਜੀ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਹਿੱਤ ਆਪਣੀ ਪਾਰਟੀ ਅਤੇ ਸਾਡੀ ਪਾਰਟੀ-ਸੀ.ਪੀ.ਐਮ.ਪੰਜਾਬ, ਵਿਚਕਾਰ ਇਕ ਅਹਿਮ ਕੜੀ ਦਾ ਕੰਮ ਕੀਤਾ, ਜਿਸ ਨਾਲ ਦੇਸ਼ ਭਰ ਵਿਚ ਖੱਬੀਆਂ ਸ਼ਕਤੀਆਂ ਦੀ ਅਮਲ ਵਿਚ ਏਕਤਾ ਉਸਾਰਨ ਦੇ ਪੱਖੋਂ ਨਵੇਂ ਪੈਂਤੜੇ ਵਿਕਸਤ ਹੋਏ ਹਨ। ਪੰਜਾਬ ਅੰਦਰਲੀਆਂ ਖੱਬੀਆਂ ਸ਼ਕਤੀਆਂ ਵਿਚਕਾਰ ਇਕਜੁੱਟਤਾ ਬਨਾਉਣ ਵਿਚ ਵੀ ਉਹਨਾਂ ਦੀ ਸਾਰਥਕ ਤੇ ਯਥਾਰਥਵਾਦੀ ਪਹੁੰਚ ਬਹੁਤ ਸਹਾਇਕ ਸਿੱਧ ਹੋਈ। ਇਸ ਦੇ ਵਾਸਤੇ ਤਾਂ ਸਾਥੀ ਸਵੱਪਨ ਮੁਖਰਜੀ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ।
ਅਦਾਰਾ 'ਸੰਗਰਾਮੀ ਲਹਿਰ' ਸਾਥੀ ਸਵੱਪਨ ਦੇ ਇੰਝ ਅਚਾਨਕ ਵਿਛੋੜਾ ਦੇ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ, ਉਹਨਾਂ ਨੂੰ ਸੰਗਰਾਮੀ ਸਤਿਕਾਰ ਭੇਂਟ ਕਰਦਾ ਹੈ ਅਤੇ ਉਹਨਾਂ ਦੀ ਪਾਰਟੀ, ਪਰਿਵਾਰ ਤੇ ਸਨੇਹੀਆਂ ਦੇ ਗ਼ਮ ਵਿਚ ਸ਼ਰੀਕ ਹੁੰਦਾ ਹੈ।
- ਸੰਪਾਦਕੀ ਮੰਡਲ


27ਵੀਂ ਬਰਸੀ 'ਤੇ ਸ਼ਹੀਦ ਸਾਥੀ ਸੋਹਣ ਸਿੰਘ ਢੇਸੀ ਨੂੰ ਸ਼ਰਧਾਂਜਲੀਆਂ  

ਪਿੰਡ ਕਾਹਨਾ ਢੇਸੀਆਂ 'ਚ ਸ਼ਹੀਦ ਸੋਹਣ ਸਿੰਘ ਢੇਸੀ ਦੀ 27ਵੀਂ ਬਰਸੀ ਮੌਕੇ ਇਨਕਲਾਬੀ ਮਾਰਕਸੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਦੀ ਅਤੇ ਸਾਮਰਾਜ ਮਿਲ ਕੇ ਦੇਸ਼ ਨੂੰ ਲੁੱਟ ਰਹੇ ਹਨ ਅਤੇ ਇਥੋਂ ਦੇ ਕੁਦਰਤੀ ਸਾਧਨਾਂ 'ਤੇ ਕਬਜ਼ੇ ਜਮਾ ਕੇ ਦੇਸ਼ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਮੋਹਣ ਸਿੰਘ ਵੇਲੇ ਪੰਜਾਬ ਦੇ ਲੋਕਾਂ ਨੂੰ ਸਿੱਖ ਹੋਣ ਦੇ ਨਾਤੇ ਕੁੱਝ ਭੁਲੇਖੇ ਪੈਦਾ ਹੋ ਗਏ ਸਨ ਪਰ ਦੇਸ਼ ਦੇ ਲੁਟੇਰੇ ਹਾਕਮਾਂ ਦਾ ਰੰਗ ਰੂਪ ਕੋਈ ਵੀ ਹੋਵੇ, ਇਹ ਦੇਸ਼ ਨੂੰ ਲੁੱਟਣ ਦਾ ਕੰਮ ਕਰਨ ਬਿਨਾਂ ਨਹੀਂ ਰਹਿ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਇਨ੍ਹਾਂ ਲੁਟੇਰੀਆਂ ਜਮਾਤਾਂ ਦੀ ਹੀ ਇੱਕ ਪਾਰਟੀ ਹੈ, ਜਿਸ ਪਾਸੋਂ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਮਾਗਮ ਦੀ ਪ੍ਰਧਾਨਗੀ ਜਰਨੈਲ ਫਿਲੌਰ, ਕੁਲਦੀਪ ਫਿਲੌਰ ਨੇ ਕੀਤੀ। ਇਸ ਸਮਾਗਮ ਨੂੰ ਦਿਹਾਤੀ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਗਿੱਲ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਤੋਂ ਇਲਾਵਾ ਪਾਰਟੀ ਦੇ ਸੂਬਾ ਕਮੇਟੀ ਮੈਂਬਰਾਂ ਜਸਵਿੰਦਰ ਸਿੰਘ ਢੇਸੀ ਅਤੇ ਸ਼ਿਵ ਕੁਮਾਰ ਤਿਵਾੜੀ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾ ਪਿੰਡ 'ਚ ਮਾਰਚ ਕਰਕੇ ਸ਼ਹੀਦੀ ਮਿਨਾਰ 'ਤੇ ਸ਼ਰਧਾ ਦੇ ਫੁੱਲ ਵੀ ਅਰਪਣ ਕੀਤੇ ਗਏ, ਜਿਥੇ ਸ਼ਹੀਦ ਸੋਹਣ ਸਿੰਘ ਢੇਸੀ ਦੀ ਪਤਨੀ ਅਤੇ ਹੋਰਨਾ ਪਰਿਵਾਰਕ ਮੈਂਬਰਾਂ ਸਮੇਤ ਆਗੂਆਂ ਨੇ ਸ਼ਰਧਾਜ਼ਲੀਆਂ ਭੇਂਟ ਕੀਤੀਆਂ। 

1968 ਦੀ ਰੇਲਵੇ ਹੜਤਾਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ 

ਰੇਲਵੇ ਸਟੇਸ਼ਨ ਪਠਾਨਕੋਟ 'ਚ ਹਰ ਸਾਲ ਦੀ ਤਰ੍ਹਾਂ 1968 ਦੀ ਰੇਲਵੇ ਹੜਤਾਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ 19 ਸਤੰਬਰ 2016 ਨੂੰ 48ਵੀਂ ਸ਼ਹੀਦੀ ਕਾਨਫ਼ਰੰਸ ਐਨ ਆਰ ਯੂ ਐਮ ਫ਼ਿਰੋਜ਼ਪੁਰ ਡਵੀਜ਼ਨ ਅਤੇ ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਂਸਲ ਵੱਲੋਂ ਸਾਥੀ ਹਰਿੰਦਰ ਸਿੰਘ ਰੰਧਾਵਾ ਤੇ ਸ਼ਿਵ ਦੱਤ ਦੀ ਪ੍ਰਧਾਨਗੀ ਹੇਠ ਬੜੀ ਧੂਮ-ਧਾਮ ਨਾਲ ਕੀਤੀ ਗਈ। ਇਸ ਭਾਰੀ ਇਕੱਠ ਵਿੱਚ ਦੂਰ-ਦੂਰ ਤੋਂ ਆਏ ਰੇਲਵੇ ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਟਰੇਡ ਯੂਨੀਅਨਾਂ, ਡੈਮ ਵਰਕਰਜ਼ ਯੂਨੀਅਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ, ਪੰਜਾਬ ਸੂਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਜੰਗਲਾਤ ਵਰਕਰਜ਼ ਯੂਨੀਅਨ ਆਦਿ ਦੇ ਹਜ਼ਾਰਾਂ ਕਾਰਕੁੰਨਾਂ ਨੇ ਆਪਣੇ-ਆਪਣੇ ਬੈਨਰਾਂ ਅਤੇ ਝੰਡਿਆਂ ਨਾਲ ਸ਼ਮੂਲੀਅਤ ਕੀਤੀ।
ਇਸ ਠਾਠਾਂ ਮਾਰਦੇ ਲੋਕਾਂ ਦੇ ਸਮੁੰਦਰ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਵੀਂ ਬਣੀ ਖੱਬੇ ਪੱਖੀ ਪਾਰਟੀ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਮਰਾਜੀ ਸ਼ਹਿ ਪ੍ਰਾਪਤ ਸੂਬਾ ਤੇ ਕੇਂਦਰ ਸਰਕਾਰਾਂ ਨੇ ਪੂੰਜੀਪਤੀਆਂ ਦੇ ਮੁਨਾਫ਼ਿਆਂ ਵਿੱਚ ਭਾਰੀ ਵਾਧਾ ਕਰਕੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਪਰਚੂਨ ਵਿੱਚ ਸਿੱਧਾ ਵਿਦੇਸ਼ੀ ਪੂੰਜੀ ਨਿਵੇਸ਼ ਕਰਕੇ ਛੋਟੇ ਕਾਰੋਬਾਰੀਆਂ ਦਾ ਕੰਮ ਠੱਪ ਕੀਤਾ ਜਾ ਰਿਹਾ ਹੈ। ਨਿੱਜੀਕਰਨ, ਠੇਕੇਦਾਰੀ ਸਿਸਟਮ ਤੇ ਮਜ਼ਦੂਰ ਵਿਰੋਧੀ ਸੋਧਾਂ ਨੂੰ ਲੈ ਕੇ ਗਰੀਬ, ਮਿਹਨਤਕਸ਼ ਲੋਕਾਂ ਵਿੱਚ ਰੋਸ ਦੀ ਲਹਿਰ ਜ਼ੋਰ ਫੜ ਚੁੱਕੀ ਹੈ। ਇਨ੍ਹਾਂ ਚੋਣਾਂ ਵਿੱਚ ਲੋਕ ਇਸਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਆਰ ਐਮ ਪੀ ਆਈ ਵੱਲੋਂ ਪੰਜਾਬ ਅੰਦਰ ਦੂਜੀਆਂ ਖੱਬੀਆਂ ਪਾਰਟੀਆਂ ਨਾਲ ਰਲਕੇ ਸਾਂਝੇ ਰੂਪ ਵਿਚ 50 ਸੀਟਾਂ ਲੜਨ ਦਾ ਵੀ ਖੁਲਾਸਾ ਕੀਤਾ।
ਕਾਮਰੇਡ ਨੱਥਾ ਸਿੰਘ ਤੇ ਕਾਮਰੇਡ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰ ਕੇ ਉਨ੍ਹਾਂ ਦੀਆਂ ਨੌਕਰੀਆਂ ਤੇ ਰੁਜ਼ਗਾਰ ਖੋਹ ਲਏ ਹਨ। ਨਸ਼ਿਆਂ, ਜਲ, ਜੰਗਲ ਤੇ ਜ਼ਮੀਨ ਮਾਫ਼ੀਆਵਾਂ ਰਾਹੀਂ ਲੋਕਾਂ ਦੀ ਖੁਸ਼ਹਾਲੀ ਖੋਹ ਕੇ ਚਿੱਟੇ ਦੇ ਸ਼ਿਕਾਰ ਬਣਾ ਦਿੱਤਾ ਹੈ। ਸਕੂਲਾਂ ਦੀ ਥਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ।
ਐਸ.ਕੇ. ਤਿਆਗੀ ਜ਼ੋਨਲ ਪ੍ਰਧਾਨ ਐਨ ਆਰ ਐਮ ਯੂ ਨੇ ਮੁਲਾਜ਼ਮਾਂ ਦੇ ਸੱਤਵੇਂ ਪੇ ਕਮਿਸ਼ਨ 'ਤੇ ਬੋਲਦਿਆਂ ਕਿਹਾ ਕਿ ਇਸ ਵਿਚਲੀਆਂ ਤਰੁਟੀਆਂ ਦੂਰ ਕੀਤੀਆਂ ਜਾਣ। ਅਲਾਊਂਸਿਜ਼, ਫਿਟਮੈਂਟ ਤੇ ਪੈਨਸ਼ਨ ਸੰਬੰਧੀ ਕਮੇਟੀਆਂ ਦੀਆਂ ਰਿਪੋਰਟਾਂ ਫ਼ੌਰੀ ਤੌਰ 'ਤੇ ਦਿੱਤੀਆਂ ਜਾਣ। ਪੁਰਾਣੀ ਪੈਨਸ਼ਨ ਸਕੀਮ ਜਾਰੀ ਰੱਖੀ ਜਾਏ।
ਸਾਥੀ ਦਲਜੀਤ ਸਿੰਘ ਡਵੀਜ਼ਨ ਸਕੱਤਰ ਨੇ ਬੋਲਦਿਆਂ ਐਡਮਨਿਸਟ੍ਰੇਸ਼ਨ ਨੂੰ ਚਿਤਾਵਨੀ ਦਿੱਤੀ ਕਿ ਉਹ ਯੂਨੀਅਨ ਤੇ ਕਮਰਚਾਰੀਆਂ ਦੇ ਨਾਲ ਆਪਣੇ ਵਤੀਰੇ ਨੂੰ ਠੀਕ ਕਰੇ। ਨਹੀਂ ਤਾਂ ਐਨ ਆਰ ਐਮ ਯੂ ਨੂੰ ਸਖ਼ਤ ਨੋਟਿਸ ਲੈਣ ਲਈ ਮਜ਼ਬੂਰ ਹੋਵੇਗੀ।
ਸਟੇਜ ਦੀ ਕਾਰਵਾਈ ਕਾਮਰੇਡ ਮਹਿੰਦਰ ਸਿੰਘ ਸਾਬਕਾ ਡਵੀਜ਼ਨ ਪ੍ਰਧਾਨ ਨੇ ਚਲਾਈ। ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਡਵੀਜ਼ਨ ਸਕੱਤਰ, ਏ.ਆਈ.ਐਲ.ਆਰ.ਐਸ.ਏ, ਜਸਮੰਗਲ ਸਿੰਘ ਜ਼ੋਨਲ ਕੈਸ਼ੀਅਰ ਐਨ ਆਰ ਐਮ ਯੂ, ਜਸਵੰਤ ਸਿੰਘ ਸੰਧੂ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਸਤਿੰਦਰ ਸਿੰਘ ਵਰਕਸ਼ਾਪ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਸ਼ਿਵ ਦੱਤ ਪ੍ਰਧਾਨ ਐਨ ਆਰ ਐਮ ਯੂ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਦਸਿਆ ਕਿ ਸ਼ਿਵ ਗੋਪਾਲ ਮਿਸ਼ਰਾ ਜਨਰਲ ਸਕੱਤਰ ਏ ਆਈ ਆਰ ਐਫ਼ ਅਤੇ ਜਨਰਲ ਸਕੱਤਰ ਐਨ ਆਰ ਐਮ ਯੂ ਸਿਹਤ ਖ਼ਰਾਬੀ ਕਾਰਨ ਇਸ ਵਾਰ ਸ਼ਾਮਲ ਨਹੀਂ ਹੋ ਸਕੇ। 

No comments:

Post a Comment