Tuesday, 4 October 2016

ਜੰਗੀ ਉਨਮਾਦ ਦੋਹਾਂ ਦੇਸ਼ਾਂ ਲਈ ਖਤਰਨਾਕ

ਪਿਛਲੇ ਦਿਨੀਂ ਕਸ਼ਮੀਰ ਅੰਦਰ ਉੜੀ ਖੇਤਰ 'ਚ ਪਾਕਿਸਤਾਨੀ ਦਹਿਸ਼ਤਗਰਦਾਂ ਵਲੋਂ ਇਕ ਫੌਜੀ ਕੈਂਪ 'ਤੇ ਬੁਜ਼ਦਿਲਾਨਾ ਹਮਲਾ ਕਰਕੇ 19 ਸੈਨਿਕਾਂ ਨੂੰ ਸ਼ਹੀਦ ਕਰ ਦੇਣ ਦੀ ਮੰਦਭਾਗੀ ਘਟਨਾ ਨੂੰ ਆਧਾਰ ਬਣਾ ਕੇ ਸੰਘ ਪਰਿਵਾਰ ਤੇ ਮੋਦੀ ਸਰਕਾਰ ਵਲੋਂ ਦੇਸ਼ ਭਰ ਵਿਚ ਜੰਗੀ ਉਨਮਾਦ ਪੈਦਾ ਕਰਨ ਦੇ ਯਤਨਾਂ 'ਤੇ ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਮਾਰੇ ਗਏ ਸੈਨਿਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਨੇ ਮੰਗ ਕੀਤੀ ਹੈ ਕਿ ਸਰਹੱਦ ਪਾਰੋਂ ਹੋ ਰਹੀ ਘੁਸਪੈਠ ਨੂੰ ਰੋਕਣ ਲਈ ਕੇਂਦਰ ਸਰਕਾਰ ਸਖਤ ਕਦਮ ਉਠਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾ ਸਕੇ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਅਨੁਸਾਰ ਉੜੀ ਫੌਜੀ ਕੈਂਪ 'ਤੇ ਹਮਲੇ ਦੀ ਘਟਨਾ ਨੂੰ ਅਧਾਰ ਬਣਾ ਕੇ ਜਿਸ ਤਰ੍ਹਾਂ ਸੰਘ ਪਰਿਵਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਪਾਕਿਸਤਾਨ ਨਾਲ ਸਿੱਧੀ ਫੌਜੀ ਜੰਗ ਛੇੜਨ ਦਾ ਮਾਹੌਲ ਤਿਆਰ ਕਰ ਰਹੀ ਹੈ, ਇਲੈਕਟਰਾਨਿਕ ਮੀਡੀਆ ਦੇ ਇਕ ਹਿੱਸੇ ਵਜੋਂ ਆਪਣੇ ਜੋਟੀਦਾਰ ਬੁਲਾਰਿਆਂ ਨੂੰ ਬੁਲਾ ਕੇ ਉਤੇਜਿਤ ਬਹਿਸਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ, ਉਸ ਨਾਲ ਆਮ ਲੋਕਾਂ ਦੇ ਮਨਾਂ ਅੰਦਰ ਜੰਗ ਦਾ ਖ਼ੌਫ ਪੈਦਾ ਹੋ ਗਿਆ ਹੈ। ਜੰਗ ਨਾਲ ਹੋਣ ਵਾਲੇ ਭਾਰੀ ਨੁਕਸਾਨ ਬਾਰੇ ਨਾ ਪਾਕਿਸਤਾਨ ਤੇ ਨਾ ਹੀ ਭਾਰਤ ਦੇ ਹੁਕਮਰਾਨਾਂ ਨੂੰ ਕੋਈ ਫ਼ਿਕਰਮੰਦੀ ਹੈ ਬਲਕਿ ਉਹ ਤਾਂ ਇਕ ਦੂਸਰੇ ਨੂੰ ਪਰਿਪੂਰਕ ਬਣਾ ਰਹੇ ਹਨ ਤਾਂਕਿ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ, ਭੁਖਮਰੀ, ਅਨਪੜ੍ਹਤਾ ਤੇ ਥੁੜ੍ਹਾਂ ਮਾਰੀ ਜ਼ਿੰਦਗੀ ਵਰਗੇ ਅਸਲ ਮੁੱਦਿਆਂ ਤੋਂ ਪਾਸੇ ਕਰਨ ਖਾਤਰ ਅੰਧਰਾਸ਼ਟਰਵਾਦ ਦੇ ਨਾਂਅ ਉਪਰ ਇਕ ਦੂਸਰੇ ਵਿਰੁੱਧ ਦੁਸ਼ਮਣੀ ਭਰਿਆ ਮਾਹੌਲ ਤਿਆਰ ਕੀਤਾ ਜਾਵੇ। ਸੰਘ ਪਰਿਵਾਰ ਪਹਿਲਾਂ ਹੀ ਘੱਟ ਗਿਣਤੀਆਂ ਖਾਸਕਰ ਮੁਸਲਿਮ ਧਾਰਮਕ ਘੱਟ ਗਿਣਤੀ ਵਿਰੁੱਧ ਇਕ ਗਿਣੀਮਿੱਥੀ ਸਾਜਿਸ਼ ਅਧੀਨ 'ਹਿੰਦੂ ਰਾਸ਼ਟਰ' ਦੀ ਸਥਾਪਤੀ ਵਾਸਤੇ ਹਰ ਕਿਸਮ ਦਾ ਕੁਫ਼ਰ ਤੋਲ ਰਿਹਾ ਹੈ। ਅੱਤਵਾਦ ਦਾ ਸਬੰਧ ਕਿਸੇ ਖਾਸ ਧਰਮ, ਫਿਰਕੇ ਜਾਂ ਦੇਸ਼ ਨਾਲ ਨਹੀਂ ਹੁੰਦਾ ਸਗੋਂ ਇਹ ਇਕ ਗੈਰ-ਵਿਗਿਆਨਕ ਤੇ ਅਣਮਨੁੱਖੀ ਵਰਤਾਰਾ ਹੈ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੁਟੇਰੀਆਂ ਸਰਕਾਰਾਂ ਵਲੋਂ ਹੱਲ ਨਾ ਕਰਕੇ ਫਿਰਕੂ ਤੱਤਾਂ ਰਾਹੀਂ ਲੋਕਾਂ ਦੇ ਗੁੱਸੇ ਨੂੰ ਗਲਤ ਲੀਹਾਂ ਉਪਰ ਤੋਰ ਦਿੰਦਾ ਹੈ। ਅੱਤਵਾਦ ਦਾ ਟਾਕਰਾ ਕਰਨ ਤੇ ਦੇਸ਼ ਦੀ ਸੁਰੱਖਿਆ ਲਈ ਸਾਨੂੰ ਆਪਣੀਆਂ ਰੱਖਿਆ ਕਮਜ਼ੋਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਦੇਸ਼ ਵਿਰੋਧੀ ਅਨਸਰ ਸਾਡੀਆਂ ਸਰਹੱਦਾਂ ਪਾਰ ਕਰਕੇ ਕੋਈ ਗੈਰ ਮਾਨਵੀ ਕਾਰਾ ਨਾ ਕਰ ਸਕਣ। ਦੋਹਾਂ ਦੇਸ਼ਾਂ ਦੇ ਹਾਕਮਾਂ ਨੂੰ ਇਸ ਖਿੱਤੇ ਵਿਚ ਜੰਗ ਦਾ ਮਾਹੌਲ ਪੈਦਾ ਕਰਨ ਦੀ ਥਾਂ ਆਪਣੇ ਮਸਲੇ ਧੀਰਜ ਨਾਲ ਗੱਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ। ਹਿੰਦ-ਪਾਕਿ ਜੰਗ ਜਿੱਥੇ ਭਾਰੀ ਮਾਨਵੀ ਤੇ ਆਰਥਕ ਨੁਕਸਾਨ ਕਰੇਗੀ ਉਥੇ ਸਾਮਰਾਜੀ ਦੇਸ਼ਾਂ ਨੂੰ ਆਪਣੇ ਜੰਗੀ ਹਥਿਆਰ ਵੇਚਣ ਦਾ ਸੁਨਹਿਰੀ ਮੌਕਾ ਵੀ ਪ੍ਰਦਾਨ ਕਰੇਗੀ। ਇਸ ਖੇਤਰ ਵਿਚ ਕੋਈ ਵੀ ਝਗੜਾ ਅਮਰੀਕਣ ਸਾਮਰਾਜ ਨੂੰ ਸਾਡੇ ਦੇਸ਼ ਅੰਦਰ ਪੈਰ ਪਸਾਰਨ ਦਾ ਮੌਕਾ ਦੇਵੇਗਾ ਜੋ ਦੇਸ਼ ਦੀ ਸੁਰੱਖਿਆ ਤੇ ਏਕਤਾ ਲਈ ਡਾਢਾ ਨੁਕਸਾਨਦੇਹ ਹੋ ਸਕਦਾ ਹੈ।
ਆਰ.ਐਮ.ਪੀ.ਆਈ. (RMPI) ਦੇਸ਼ ਤੇ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਵੀ ਸੱਦਾ ਦਿੰਦੀ ਹੈ ਕਿ ਉਹ ਆਪਣੇ ਹੁਕਮਰਾਨਾਂ ਵਲੋਂ ਇਸ ਖਿੱਤੇ ਵਿਚ ਪੈਦਾ ਕੀਤਾ ਜਾ ਰਹੇ ਜੰਗੀ ਮਾਹੌਲ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਆਪੋ ਆਪਣੇ ਦੇਸ਼ਾਂ ਅੰਦਰ ਸ਼ਾਂਤੀ ਬਣਾਈ ਰੱਖਣ। ਪਾਰਟੀ ਪਾਕਿਸਤਾਨੀ ਹਾਕਮਾਂ ਨੂੰ ਇਹ ਤਾੜਨਾ ਕਰਦੀ ਹੈ ਕਿ ਉਹ ਅੱਤਵਾਦੀਆਂ ਨੂੰ ਆਪਣੀ ਧਰਤੀ ਦੀ ਵਰਤੋਂ ਭਾਰਤ ਵਿਰੁੱਧ ਹਮਲਿਆਂ ਲਈ ਕਰਨ ਤੋਂ ਸਖਤੀ ਨਾਲ ਰੋਕੇ। ਪਾਰਟੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਦੋਹਾਂ ਦੇਸ਼ਾਂ ਵਿਚਕਾਰਲੇ ਸਾਰੇ ਝਗੜੇ ਮਿਲ ਬੈਠ ਕੇ ਸ਼ਾਂਤਮਈ ਢੰਗ ਨਾਲ ਦੁਵੱਲੀ ਗੱਲਬਾਤ ਰਾਹੀਂ ਹੱਲ ਕਰਨ।

No comments:

Post a Comment