Monday 31 October 2016

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਨਵੰਬਰ 2016)

ਰਵੀ ਕੰਵਰ
 
ਅਮਰੀਕਾ ਦੀ ਰਾਸ਼ਟਰਪਤੀ ਚੋਣ 
ਸੰਯੁਕਤ ਰਾਜ  ਅਮਰੀਕਾ, ਜਿਸਨੂੰ ਆਮ ਤੌਰ 'ਤੇ ਅਮਰੀਕਾ ਵਜੋਂ ਜਾਣਿਆ ਜਾਂਦਾ ਹੈ, ਵਿਚ 8 ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣ ਜਾ ਰਹੀ ਹੈ। ਪੂੰਜੀਵਾਦੀ ਪ੍ਰਬੰਧ ਦੇ ਆਗੂ ਇਸ ਸਾਮਰਾਜੀ ਦੇਸ਼ ਵਿਚ ਸੰਵਿਧਾਨ ਵਿਚ ਕਹਿਣ ਨੂੰ ਵਿਵਸਥਾ ਭਾਵੇਂ ਬਹੁਪਾਰਟੀ ਜਮਹੂਰੀਅਤ ਦੀ ਹੈ, ਪ੍ਰੰਤੂ ਇੱਥੇ ਅਮਲੀ ਰੂਪ ਵਿਚ ਦੋ ਪਾਰਟੀ ਪ੍ਰਣਾਲੀ ਲਾਗੂ ਹੈ, ਕਿਉਂਕਿ ਸਿੱਧੇ-ਅਸਿੱਧੇ ਰੂਪ ਵਿਚ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਉਨ੍ਹਾਂ ਸਾਰੇ ਸਾਧਨਾਂ ਤੱਕ ਰਸਾਈ ਪ੍ਰਾਪਤ ਹੈ, ਜਿਹੜੇ ਇਸ ਚੋਣ ਲਈ ਲੋੜੀਂਦੇ ਹੁੰਦੇ ਹਨ। ਇਸ ਵਿਚ ਬੇਅਥਾਹ ਪੈਸਾ ਖਰਚ ਹੁੰਦਾ ਹੈ, ਜਿਹੜਾ ਕਿ ਇਨ੍ਹ੍ਰਾਂ ਦੋਹਾਂ ਪਾਰਟੀਆਂ ਦੇ ਹੀ ਉਮੀਦਵਾਰਾਂ ਨੂੰ ਪੂਰੀ ਦੁਨੀਆਂ ਵਿਚ ਲੁੱਟ ਕਰਨ ਵਾਲੀਆਂ ਅਮਰੀਕੀ ਬਹੁਕੌਮੀ ਕੰਪਨੀਆਂ ਚੰਦੇ ਵਜੋਂ ਦਿੰਦੀਆਂ ਹਨ। ਸੁਭਾਵਕ ਹੀ ਹੈ ਕਿ ਇਹ ਦੋਵੇਂ ਪਾਰਟੀਆਂ ਦੇਸ਼ ਅਤੇ ਦੁਨੀਆਂ ਵਿਚ ਇਨ੍ਹਾਂ ਬਹੁਕੌਮੀ ਕੰਪਨੀਆਂ ਵਲੋਂ ਮਚਾਈ ਜਾਂਦੀ ਲੁੱਟ ਵਿਚ ਸਹਾਈ ਹੀ ਨਹੀਂ ਹੁੰਦੀਆਂ ਬਲਕਿ ਉਨ੍ਹਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਰਥਕ ਤੇ ਸਮਾਜਕ ਨੀਤੀਆਂ ਵੀ ਲਾਗੂ ਕਰਦੀਆਂ ਹਨ ਅਤੇ ਦੇਸ਼ ਦੀ ਵਿਦੇਸ਼ ਨੀਤੀ ਦਾ ਮੁੱਖ ਧੁਰਾ ਵੀ ਇਨ੍ਹਾਂ ਕੰਪਨੀਆਂ ਦੇ ਹਿੱਤ ਹੀ ਹੁੰਦੇ ਹਨ।
ਵੋਟਾਂ ਭਾਵੇਂ 8 ਨਵੰਬਰ ਨੂੰ ਪੈਣਗੀਆਂ, ਉਸ ਤੋਂ ਬਾਅਦ ਨਾਲ ਦੀ ਨਾਲ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਪਰ ਚੁਣਿਆ ਜਾਣ ਵਾਲਾ ਉਮੀਦਵਾਰ ਜਨਵਰੀ 2017 ਵਿਚ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਾਰਜਕਾਲ ਖਤਮ ਹੋ ਜਾਣ ਤੋਂ ਬਾਅਦ ਹੀ ਅਹੁਦਾ ਗ੍ਰਹਿਣ ਕਰੇਗਾ। ਰਾਸ਼ਟਰਪਤੀ ਦੇ ਨਾਲ ਹੀ ਉਪ ਰਾਸ਼ਟਰਪਤੀ ਦੀ ਵੀ ਚੋਣ ਹੋਵੇਗੀ। ਇਨ੍ਹਾਂ ਦੋਹਾਂ ਲਈ ਇਕੋ ਹੀ ਵੋਟ ਪਵੇਗੀ ਅਤੇ ਸਮੁੱਚੇ ਬਾਲਗ ਨਾਗਰਿਕ ਜਿਹੜੇ ਕਿ ਵੋਟਰਾਂ ਵਜੋਂ ਰਜਿਸਟਰਡ ਹਨ, ਵੋਟ ਪਾ ਕੇ ਉਨ੍ਹਾਂ ਚੋਣਕਾਰਾਂ ਦੀ ਚੋਣ ਕਰਨਗੇ, ਜਿਹੜੇ ਕਿ ਅੱਗੇ ਰਾਸ਼ਟਰਪਤੀ-ਉਪਰਾਸ਼ਟਰਪਤੀ ਦੇ ਇਕ ਜੁੱਟ ਦੀ ਚੋਣ ਕਰਨਗੇ। ਚੁਣੇ ਜਾਣ ਵਾਲੇ ਚੋਣਕਾਰ, ਜਿਸ ਉਮੀਦਵਾਰ ਲਈ ਚੁਣੇ ਗਏ ਹਨ, ਉਸ ਪ੍ਰਤੀ ਪ੍ਰਤਿਬੱਧ ਹੋਣਗੇ। ਉਹ ਦੂਜੇ ਉਮੀਦਵਾਰ ਨੂੰ ਵੋਟ ਨਹੀਂ ਪਾ ਸਕਣਗੇ। ਕੁਲ ਚੋਣਕਾਰ 538 ਚੁਣੇ ਜਾਣਗੇ। ਹਰ ਪ੍ਰਾਂਤ ਵਿਚੋਂ ਜਿੰਨੇ ਉਸਦੇ ਸੰਸਦ ਮੈਂਬਰ ਹਨ, ਉਨੇ ਹੀ ਗਿਣਤੀ ਵਿਚ ਚੋਣਕਾਰ ਹੋਣਗੇ, ਇਸ ਤੋਂ ਬਿਨਾਂ 100 ਸੀਨੇਟਰ ਵੀ ਚੋਣਕਾਰ ਹੋਣਗੇ ਅਤੇ 3 ਚੋਣਕਾਰ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਤੋਂ ਚੁਣੇ ਜਾਣਗੇ।
ਦੋਵੇਂ ਪ੍ਰਮੁੱਖ ਪਾਰਟੀਆਂ, ਅਸਲ ਵਿਚ ਜਿਨ੍ਹਾਂ ਵਿਚੋਂ ਇਕ ਜੁੱਟ ਭਾਵ ਰਾਸ਼ਟਰਪਤੀ-ਉਪ ਰਾਸ਼ਟਰਪਤੀ ਚੁਣਿਆ ਜਾਣਾ ਹੈ ਉਹ ਹਨ, ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ। ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇਸ਼ ਦੀ 2009-2013 ਦਰਮਿਆਨ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵਿਦੇਸ਼ ਮੰਤਰੀ ਰਹੀ ਹਿਲੇਰੀ ਕਲਿੰਟਨ ਹੈ ਅਤੇ ਉਸਦੇ ਨਾਲ ਉਪਰਾਸ਼ਟਰਪਤੀ ਦੇ ਉਮੀਦਵਾਰ ਹਨ, ਟਿਮ ਕਾਇਨ ਜਿਹੜੇ ਕਿ ਮੌਜੂਦਾ ਸੰਸਦ ਵਿਚ ਵਿਰਜੀਨੀਆ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ, ਡੋਨਾਲਡ ਟਰੰਪ, ਜਿਨ੍ਹਾਂ ਦੀ ਇਕੋ ਇਕ ਯੋਗਤਾ ਅਰਬਪਤੀ ਵਪਾਰੀ ਹੋਣਾ ਹੈ ਅਤੇ ਉਨ੍ਹਾਂ ਨਾਲ ਉਪਰਾਸ਼ਟਰਪਤੀ ਹਨ, ਮਾਇਕ ਪੇਂਸ, ਜਿਹੜੇ ਕਿ ਇੰਡੀਆਨਾ ਸੂਬੇ ਦੇ ਰਿਪਬਲਿਕਨ ਪਾਰਟੀ ਦੇ ਟਿਕਟ 'ਤੇ ਚੁਣੇ ਗਏ ਗਵਰਨਰ ਹਨ। ਜਿਵੇਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਇਨ੍ਹਾਂ ਵਿਚੋਂ ਕਿਸੇ ਇਕ ਜੁਟ ਨੇ ਹੀ ਚੁਣੇ ਜਾਣਾ ਹੈ। ਪ੍ਰੰਤੂ, ਫਿਰ ਵੀ ਕੁੱਝ ਹੋਰ ਜੁੱਟ ਵੀ ਚੋਣ ਮੈਦਾਨ ਵਿਚ ਹਨ, ਗਰੀਨ ਪਾਰਟੀ ਵਲੋਂ ਜਿੱਲ ਸਟੀਨ, ਜਿਹੜੀ ਕਿ ਮੈਸਾਚੁਸਟਸ ਰਾਜ ਨਾਲ ਸਬੰਧਤ ਇਕ ਡਾਕਟਰ ਹੈ ਅਤੇ ਉਸ ਨਾਲ ਅਜਾਮੁ ਬਾਰਾਕਾ ਉਪਰਾਸ਼ਟਰਪਤੀ ਦੇ ਅਹੁਦੇ ਲਈ ਹਨ, ਇਹ ਦੋਵੇਂ ਹੀ ਖੱਬੇ ਪੱਖੀ ਕਾਰਕੁੰਨ ਹਨ। ਲਿਬੇਰਟਰੀਅਨ ਪਾਰਟੀ ਵਲੋਂ ਗੈਰੀ ਜੋਹਨਸਨ, ਰਾਸ਼ਟਰਪਤੀ ਉਮੀਦਵਾਰ ਹਨ, ਜਿਹੜੇ 2009-13 ਦਰਮਿਆਨ ਨਿਊ ਮੈਕਸੀਕੋ ਪ੍ਰਾਂਤ ਦੇ ਗਵਰਨਰ ਰਹੇ ਹਨ, ਉਨ੍ਹਾਂ ਨਾਲ ਹਨ, 1991-1997 ਤੱਕ ਮੈਸਾਚੁਸਟਸ ਦੇ ਗਵਰਨਰ ਰਹੇ ਵੀਲੀਅਮ ਵੈਲਡ ਉਪਰਾਸ਼ਟਰਪਤੀ ਲਈ। ਕੰਸਟੀਚਿਊਸ਼ਨ ਪਾਰਟੀ ਵਲੋਂ ਡਾਰੇਲ ਕੈਸਲ ਰਾਸ਼ਟਰਪਤੀ ਅਤੇ ਸਕਾਟ ਬ੍ਰੈਡਲੇ ਉਪਰਾਸ਼ਟਰਪਤੀ ਲਈ ਉਮੀਦਵਾਰ ਹਨ। ਦੋ ਮੁੱਖ ਪਾਰਟੀਆਂ ਦੇ ਜੁੱਟਾਂ ਨੂੰ ਛੱਡਕੇ ਬਾਕੀ ਹੋਰ 24 ਜੁੱਟ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ ਲਿਬੇਰਟਰੀਅਨ ਪਾਰਟੀ ਦੇ ਹੀ ਉਮੀਦਵਾਰਾਂ ਦੀ ਸਿਰਫ ਦੇਸ਼ ਦੇ 50 ਸੂਬਿਆਂ ਤੱਕ ਰਸਾਈ ਹੈ। ਇਸੇ ਤਰ੍ਹਾਂ ਗਰੀਨ ਪਾਰਟੀ ਦੇ ਖੱਬੇ ਪੱਖੀ ਕਾਰਕੁੰਨ ਉਮੀਦਵਾਰਾਂ ਕੋਲ ਵੀ ਕਾਫੀ ਸੂਬਿਆਂ ਵਿਚ ਵੋਟ ਹਨ। ਇਹ ਜੁੱਟ 2012 ਦੀਆਂ ਚੋਣਾਂ ਵੀ ਲੜ ਚੁੱਕਾ ਹੈ।
ਅਮਰੀਕਾ ਦੀ ਇਸ ਰਾਸ਼ਟਰਪਤੀ ਚੋਣ ਦੌਰਾਨ ਪਾਰਟੀਆਂ ਵਲੋਂ ਉਮੀਦਵਾਰ ਚੁਨਣ ਸਮੇਂ ਵੀ ਰਾਸ਼ਟਰਪਤੀ ਉਮੀਦਵਾਰ ਲਈ ਪਾਰਟੀ ਦੇ ਅੰਦਰ ਇਕ ਚੋਣ ਪ੍ਰਕਿਰਿਆ ਚਲਦੀ ਹੈ, ਇਹ ਪ੍ਰਕਿਰਿਆ ਹੈ ਤਾਂ ਕਾਫੀ ਗੁੰਝਲਦਾਰ ਪ੍ਰੰਤੂ ਇਸ ਰਾਹੀਂ ਹੀ ਚੁਣਿਆ ਗਿਆ ਉਮੀਦਵਾਰ ਉਸ ਪਾਰਟੀ ਦਾ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਦਾ ਹੈ ਅਤੇ ਆਪਣੇ ਨਾਲ ਲਈ ਉਪ ਰਾਸ਼ਟਰਪਤੀ ਦੇ ਉਮੀਦਵਾਰ ਦੀ ਚੋਣ ਉਹ ਖੁਦ ਕਰਦਾ ਹੈ। ਪ੍ਰੰਤੂ ਇਹ ਅੰਤਰ-ਪਾਰਟੀ ਚੋਣ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਇਹ ਸਿੱਧ ਕਰਨ ਲਈ ਹੁੰਦੀ ਹੈ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣ ਪ੍ਰਣਾਲੀ ਵਿਚ ਦੇਸ਼ ਦੇ ਆਮ ਲੋਕਾਂ ਨੂੰ ਸਰਵਉਚ ਸਥਾਨ ਹਾਸਲ ਹੈ। 2016 ਦੀ ਇਸ ਚੋਣ ਦੌਰਾਨ ਹੋਈਆਂ ਦੋਹਾਂ ਹੀ ਪ੍ਰਮੁੱਖ ਪਾਰਟੀਆਂ ਦੀ ਅੰਤਰ-ਪਾਰਟੀ ਚੋਣ ਪ੍ਰਕਿਰਿਆ ਨੇ ਇਸਦੇ ਪਾਜ ਉਧੇੜ ਦਿੱਤੇ ਹਨ। ਰਿਪਬਲਿਕਨ ਪਾਰਟੀ ਦਾ ਉਮੀਦਵਾਰ ਡੋਨਾਲਡ ਟਰੰਪ ਬਹੁਤ ਹੀ ਬੇਹੂਦਾ, ਅਸ਼ਲੀਲ ਅਤੇ ਸਮਾਜਕ ਮਿਆਰਾਂ ਦੇ ਹੱਦਾਂ ਬੰਨੇ ਤੋੜਦਿਆਂ ਬੇਹੂਦਾ ਗੱਲਾਂ ਕਰਨ ਦੇ ਬਾਵਜੂਦ ਜਿੱਤ ਗਿਆ, ਜਦੋਂਕਿ ਉਸਨੂੰ ਰਾਜਨੀਤੀ ਦਾ ਪਹਿਲਾਂ ਕੋਈ ਤਜ਼ੁਰਬਾ ਹਾਸਲ ਨਹੀਂ ਹੈ, ਸਿਰਫ ਉਸ ਕੋਲ ਅਥਾਹ ਪੈਸਾ ਹੈ। ਇਸੇ ਤਰ੍ਹਾਂ ਡੈਮੋਕ੍ਰੇਟਿਕ ਪਾਰਟੀ ਦੀ ਅੰਤਰ-ਪਾਰਟੀ ਚੋਣ ਪ੍ਰਕਿਰਿਆ ਦੌਰਾਨ ਹੋਇਆ। ਹਿਲੇਰੀ ਕਲਿੰਟਨ ਦੇ ਮੁਕਾਬਲੇ 'ਤੇ ਬਰਨੀ ਸੈਂਡਰਸ ਉਮੀਦਵਾਰ ਬਨਣ ਲਈ ਸਾਹਮਣੇ ਆਇਆ। ਉਹ ਮੌਜੂਦਾ ਸੰਸਦ ਵਿਚ ਡੈਮੋਕ੍ਰੇਟਿਕ ਪਾਰਟੀ ਵਲੋਂ ਸੀਨੇਟਰ ਹੈ, ਉਹ ਸਮਾਜਵਾਦ ਦੀ ਗੱਲ ਕਰਦਾ ਹੈ ਅਤੇ ਦੇਸ਼ ਦੀਆਂ ਡੈਮੋਕ੍ਰੇਟਿਕ ਤੇ ਰਿਪਬਲਿਕਨ ਸਰਕਾਰਾਂ ਵਲੋਂ ਅਪਣਾਈਆਂ ਗਈਆਂ ਜੰਗਬਾਜ ਨੀਤੀਆਂ, ਬਹੁਕੌਮੀ ਕੰਪਨੀਆਂ ਪੱਖੀ ਪੂੰਜੀਵਾਦੀ ਢਾਂਚੇ 'ਤੇ ਅਧਾਰਤ ਨੀਤੀਆਂ ਜਿਸ ਨਾਲ ਦੇਸ਼ ਦੇ 99% ਲੋਕਾਂ ਨੂੰ ਅੱਤ ਦੀਆਂ ਦੁੱਖ ਤਕਲੀਫਾਂ ਝਲਣੀਆਂ ਪੈ ਰਹੀਆਂ ਹਨ ਤੋਂ ਰਾਹਤ ਪ੍ਰਦਾਨ ਕਰਨ ਦੀ ਗੱਲ ਕਰਦਾ ਹੈ। ਉਸਨੂੰ ਚੋਣ ਪ੍ਰਕਿਰਿਆ ਦੌਰਾਨ ਲੋਕਾਂ ਦਾ ਬਹੁਤ ਵੱਡਾ ਸਮਰਥਨ ਵੀ ਪ੍ਰਾਪਤ ਹੋਇਆ। ਉਸਦੀਆਂ ਰੈਲੀਆਂ ਸਭ ਤੋਂ ਵੱਡੀਆਂ ਸਨ ਅਤੇ ਉਸਨੂੰ ਤੇ ਦੱਬੇ-ਕੁਚਲੇ ਲੋਕਾਂ ਖਾਸਕਰ ਨੌਜਵਾਨਾਂ, ਅਫਰੀਕੀ ਤੇ ਏਸ਼ੀਆਈ ਮੂਲ ਦੇ ਅਮਰੀਕੀਆਂ ਤੇ ਔਰਤਾਂ ਦਾ ਜੋਸ਼ ਭਰਪੂਰ ਸਮਰਥਨ ਵੀ ਹਾਸਲ ਸੀ। ਉਹ ਕਈ ਗੇੜ ਜਿੱਤਿਆ ਵੀ ਪ੍ਰੰਤੂ ਅੰਤ ਉਸਨੂੰ ਦੇਸ਼ ਦੀਆਂ ਦਿਓਕਦ ਬਹੁਕੌਮੀ ਕੰਪਨੀਆਂ ਦਾ ਸਮਰਥਨ ਹਾਸਲ ਹਿਲੇਰੀ ਕਲਿੰਟਨ ਸਾਹਮਣੇ ਗੋਡੇ ਟੇਕਣੇ ਪਏ। ਪਾਰਟੀ ਨੇ ਉਸਨੂੰ ਫੰਡ ਮੁਹੱਈਆ ਕਰਨਾ ਅਤੇ ਸਮਰਥਨ ਦੇਣਾ ਬੰਦ ਕਰ ਦਿੱਤਾ ਸੀ।
ਕੁੱਲ ਦੁਨੀਆਂ ਦੇ ਪੂੰਜੀਵਾਦ ਦੇ ਸਮਰਥਕ ਸਿਧਾਂਤਕਾਰ, ਰਾਜਨੀਤੀਵਾਨ ਅਤੇ ਮੀਡੀਆ ਅਮਰੀਕਾ ਦੀ ਜਮਹੂਰੀਅਤ ਨੂੰ ਇਕ ਆਦਰਸ਼ ਵਜੋਂ ਪੇਸ਼ ਕਰਦੇ ਹਨ। ਉਥੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਅਤੇ ਇਸ ਦੌਰਾਨ ਹੋਣ ਵਾਲੀਆਂ ਬਹਿਸਾਂ ਨੂੰ ਸੰਸਾਰ ਭਰ ਦਾ ਮੀਡੀਆ ਵਡਿਆਉਂਦਾ ਨਹੀਂ ਥਕਦਾ, ਪਰ ਜੇਕਰ ਨੀਝ ਨਾਲ ਦੇਖੀਏ ਤਾਂ ਇਸਦਾ ਮਿਆਰ ਸਾਡੀਆਂ ਬੁਰਜ਼ੁਆ ਪਾਰਟੀਆਂ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਪ ਵਲੋਂ ਆਪਸ ਵਿਚ ਕੀਤੀ ਜਾ ਰਹੀ ਹੇਠਲੇ ਦਰਜੇ ਦੀ ਇਲਜਾਮਤਰਾਸ਼ੀ, ਇਕ ਦੂਜੇ ਨੂੰ ਧਮਕਾਉਣ, ਇਕ ਦੂਜੇ ਪ੍ਰਤੀ ਘਟੀਆ ਗਾਲੀ-ਗਲੋਚ ਵਾਲੀ ਭਾਸ਼ਾ ਅਪਨਾਉਣ ਤੋਂ ਕਿਸੇ ਵੀ ਤਰ੍ਹਾਂ ਵੱਖਰਾ ਨਹੀਂ। ਜਿਵੇਂ ਸਾਡੇ ਇੱਥੇ ਲੋਕਾਂ ਦੀਆਂ ਜਿੰਦਗੀਆਂ ਨੂੰ ਛੋਂਹਦੇ, ਉਨ੍ਹਾਂ ਦੀਆਂ ਮੁਸੀਬਤਾਂ ਲਈ ਜ਼ਿੰਮੇਵਾਰ ਮੁੱਦਿਆਂ ਨੂੰ ਚੋਣਾਂ ਵਿਚ ਕੇਂਦਰੀ ਮੁੱਦਾ ਬਣਨ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਉਥੇ ਚਲਾਵੇਂ ਤੇ ਝੂਠੇ ਸੱਚੇ ਵਾਅਦੇ ਕਰਕੇ ਮੁੱਖ ਜੋਰ ਇਕ ਦੂਜੇ 'ਤੇ ਨਿੱਜੀ ਹਮਲਿਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਬੰਧ ਨਾ ਰੱਖਣ ਵਾਲੀਆਂ ਬੇਲੋੜੀਆਂ ਗੱਲਾਂ 'ਤੇ ਕੇਂਦਰਤ ਕੀਤਾ ਜਾਂਦਾ ਹੈ, ਅਮਰੀਕਾ ਦੀਆਂ ਸਭ ਰਾਸ਼ਟਰਪਤੀ ਚੋਣਾਂ ਵਿਚ ਇਹੋ ਹੁੰਦਾ ਹੈ ਅਤੇ ਹੋ ਰਿਹਾ ਹੈ।
ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ ਤਾਂ ਆਪਣੀ ਚੋਣ ਦਾ ਆਗਾਜ ਹੀ ਗੁਆਂਢੀ ਦੇਸ਼ ਮੈਕਸੀਕੋ ਦੇ ਲੋਕਾਂ ਨੂੰ ਬਲਾਤਕਾਰੀ ਐਲਾਨਣ, ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਕੰਧ ਉਸਾਰਨ, ਮੁਸਲਿਮ ਧਰਮ ਦੇ ਲੋਕਾਂ ਦਾ ਦੇਸ਼ ਵਿਚ ਦਾਖਲਾ ਬੰਦ ਕਰਨ, ਪ੍ਰਵਾਸੀਆਂ ਦਾ ਦੇਸ਼ ਵਿਚ ਦਾਖਲਾ ਬੰਦ ਕਰਨ, ਪਹਿਲਾਂ ਵਸੇ ਪ੍ਰਵਾਸੀਆਂ ਨੂੰ ਵੀ ਬਾਹਰ ਕੱਢਣ, ਅਪੰਗਤਾ ਦਾ ਸ਼ਿਕਾਰ ਲੋਕਾਂ ਦਾ ਮਜਾਕ ਉਡਾਉਣ ਅਤੇ ਈਰਾਕ ਦੀ ਜੰਗ ਵਿਚ ਆਪਣੀ ਜਾਨ ਤੱਕ ਦੇ ਦੇਣ ਵਾਲੇ ਮੁਸਲਿਮ ਫੌਜੀ ਦੇ ਮਾਤਾ ਪਿਤਾ ਦੀ ਹੱਤਕ ਕਰਨ ਨਾਲ ਕੀਤਾ ਸੀ। ਹਿਲੇਰੀ ਕਲਿੰਟਨ ਨੇ ਵੀ ਸੀਨੇਟਰ ਬਰਨੀ ਸੈਂਡਰਸ, ਜਿਹੜਾ ਕਿ ਦੇਸ਼ ਦੇ 99% ਲੋਕਾਂ ਦੀ ਗੱਲ ਕਰਦਾ ਸੀ, ਨੂੰ ਦੌੜ ਤੋਂ ਬਾਹਰ ਕਰਨ ਲਈ ਹਰ ਹਥਕੰਡਾ ਵਰਤਿਆ ਸੀ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਵਿਚ ਕੁੱਲ ਅਬਾਦੀ ਦੇ 1% ਧਨਾਢਾਂ ਕੋਲ 2014 ਵਿਚ ਕੁਲ ਦੌਲਤ ਦਾ 40% ਸੀ, ਸਭ ਤੋਂ ਹੇਠਲੇ 80% ਕੋਲ ਸਿਰਫ 7% ਹੀ ਦੌਲਤ ਸੀ।
ਹੁਣ ਆਪਾਂ ਦੋਹਾਂ ਮੁੱਖ ਪ੍ਰਚਾਰੇ ਜਾਂਦੇ ਉਮੀਦਵਾਰਾਂ ਡੋਨਾਲਡ ਟਰੰਪ ਅਤੇ ਹਿਲੇਰੀ ਕਲਿੰਟਨ ਦਰਮਿਆਨ ਹੋਈਆਂ 3 ਬਹਿਸਾਂ ਉਤੇ ਝਾਤ ਮਾਰਦੇ ਹਾਂ, ਜਿਨ੍ਹਾਂ ਨੂੰ ਦੁਨੀਆਂ ਭਰ ਦੇ ਪੂੰਜੀਵਾਦ ਸਮਰਥਕ ਅਮਰੀਕੀ ਜਮਹੂਰੀਅਤ ਦੇ ਵੱਡੇ ਸਿਹਤਮੰਦ ਲੱਛਣ ਵਜੋਂ ਪੇਸ਼ ਕਰਦੇ ਹਨ।
ਦੋਹਾਂ ਉਮੀਦਵਾਰਾਂ ਡੋਨਾਲਡ ਟਰੰਪ ਅਤੇ ਹਿਲੇਰੀ ਕਲਿੰਟਨ ਦਰਮਿਆਨ ਪਹਿਲੀ ਬਹਿਸ 26 ਸਿਤੰਬਰ ਨੂੰ ਹੇਮਪਸਟੀਡ ਸ਼ਹਿਰ ਵਿਚ ਹੋਈ ਹੈ। ਇਸ ਬਹਿਸ ਦੌਰਾਨ ਦੋਹਾਂ ਹੀ ਉਮੀਦਵਾਰਾਂ ਨੇ ਮੱਧ ਪੂਰਬ ਏਸ਼ੀਆ ਵਿਚ ਚਲ ਰਹੀ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਆਪਣਾ ਖਾਜਾ ਬਨਾਉਣ ਵਾਲੀ ਜੰਗ, ਜਿਸਦੀ ਸ਼ੁਰੂਆਤ ਸਾਮਰਾਜੀ ਅਮਰੀਕਾ ਦੀਆਂ ਨੀਤੀਆਂ ਅਤੇ ਸਿੱਧੇ ਦਖਲ ਕਾਰਨ ਹੋਈ ਹੈ ਬਾਰੇ ਇਕ ਵੀ ਸ਼ਬਦ ਨਹੀਂ ਕਿਹਾ। ਨਾ ਹੀ ਦੋਹਾਂ ਨੇ ਦੇਸ਼ ਵਿਚ ਪਸਰੀ ਬੇਰੋਜ਼ਗਾਰੀ, ਨਿੱਤ ਦਿਨ ਪੁਲਸ ਵਲੋਂ ਕਾਲੇ ਲੋਕਾਂ ਦੇ ਕੀਤੇ ਜਾ ਰਹੇ ਕਤਲਾਂ ਅਤੇ ਨਿਰੰਤਰ ਵੱਧ ਰਹੀ ਅਸਮਾਨਤਾ ਤੇ ਗਰੀਬੀ ਵਰਗੇ ਵਿਸਫੋਟਕ ਮਸਲਿਆਂ ਬਾਰੇ ਗੱਲ ਛੋਹੀ। ਡੋਨਾਲਡ ਟਰੰਪ ਨੇ ਸਭ ਤੋਂ ਵੱਡਾ ਹਮਲਾ ਜਿਹੜਾ ਹਿਲੇਰੀ 'ਤੇ ਕੀਤਾ ਸੀ, ਉਹ ਇਹ ਹੈ ਕਿ ਉਸ ਵਿਚ ਦੇਸ਼ ਦੀ ਬਾਗਡੋਰ ਸੰਭਾਲਣ ਜੋਗਾ ਦਮ-ਖਮ ਨਹੀਂ ਹੈ ਹਾਸੋਹੀਣੀ ਗੱਲ ਇਹ ਹੈ ਕਿ ਇਸ ਬਾਰੇ ਉਸਨੇ ਕੁੱਝ ਸਮਾਂ ਪਹਿਲਾਂ ਉਸਨੂੰ ਹੋਏ ਨਮੂਨੀਏ ਨੂੰ ਅਧਾਰ ਬਣਾਇਆ। ਜਦੋਂਕਿ ਹਿਲੇਰੀ ਨੇ ਟਰੰਪ ਉਤੇ ਨਸਲਪ੍ਰਸਤ, ਕਾਮੁਕ ਹੋਣ ਅਤੇ ਟੈਕਸ ਦੀ ਚੋਰੀ ਕਰਨ ਦੇ ਦੋਸ਼ ਲਾਏ। ਟਰੰਪ ਨੇ ਬਹੁਤ ਹੀ ਮਾਣ ਨਾਲ ਕਿਹਾ ਕਿ ਇਕ ਵਪਾਰੀ ਵਜੋਂ ਘੱਟ ਟੈਕਸ ਭਰਨਾ ਮਹੱਤਵਪੂਰਨ ਹੈ ਅਤੇ ਇਹ ਉਸਨੂੰ ਇਕ ਚੁਸਤ ਚਲਾਕ ਵਪਾਰੀ ਸਿੱਧ ਕਰਦਾ ਹੈ।  ਆਪਣੇ ਦੇਸ਼ ਦੇ ਰਾਜ ਪ੍ਰਬੰਧ ਦੀ ਪੋਲ ਖੋਲ੍ਹਦਿਆਂ ਉਸ ਇਹ ਦਾਅਵਾ ਵੀ ਕੀਤਾ ਕਿ ਟੈਕਸ ਚੋਰੀ ਕਰਨ ਦੇ ਕਾਨੂੰਨੀ ਮਘੋਰਿਆਂ ਦੀ ਵਰਤੋਂ ਉਸ ਦਾ ਹੱਕ ਹੈ। ਇਹ ਸੀ, ਉਸ 'ਮਹਾਨ ਬਹਿਸ' ਦੇ ਮੁੱਖ ਨੁਕਤੇ ਜਿਸਨੂੰ ਪੂੰਜੀਵਾਦੀ ਢੰਡੋਰਚੀ ਅਮਰੀਕੀ ਜਮਹੂਰੀਅਤ ਦੇ ਵੱਡੇ ਗੁਣ ਵਜੋਂ ਪ੍ਰਚਾਰਦੇ ਹਨ। ਇਸਤੋਂ ਬਾਅਦ ਹੋਏ ਸਰਵੇਖਣਾਂ ਮੁਤਾਬਕ ਕਲਿੰਟਨ ਨੂੰ 90 ਮਿੰਟ ਦੀ ਇਸ ਬਹਿਸ ਤੋਂ ਬਾਅਦ 62% ਲੋਕਾਂ ਨੇ ਸਮਰਥਨ ਦਿੱਤਾ ਜਦੋਂਕਿ ਡੋਨਾਲਡ ਟਰੰਪ ਨੂੰ ਮਿਲਣ ਵਾਲਾ ਸਮਰਥਨ ਸਿਰਫ 27% ਸੀ। ਬਾਅਦ ਵਿਚ ਟਰੰਪ ਨੇ ਇਸ ਬਹਿਸ ਵਿਚ ਪਿੱਛੇ ਰਹਿਣ ਦਾ ਭਾਂਡਾ ਸਾਉਂਡ ਪ੍ਰਣਾਲੀ ਦੇ ਨਾਕਸ ਹੋਣ 'ਤੇ ਭੰਨਿਆ।
ਹੁਣ ਆਪਾਂ 9 ਅਕਤੂਬਰ ਨੂੰ ਸੈਂਟ ਲੁਈਸ ਵਿਖੇ ਹੋਈ ਦੂਜੀ ਬਹਿਸ 'ਤੇ ਝਾਤੀ ਮਾਰਦੇ ਹਾਂ। ਇਸ ਬਹਿਸ ਤੋਂ ਪਹਿਲਾਂ 7 ਅਕਤੂਬਰ ਨੂੰ ਅਖਬਾਰ ਵਾਸ਼ਿੰਗਟਨ ਪੋਸਟ ਨੇ ਡੋਨਾਲਡ ਟਰੰਪ ਦੀ 2005 ਦੀ ਇਕ ਵੀਡਿਓ ਪ੍ਰਕਾਸ਼ਤ ਕਰ ਦਿੱਤੀ, ਉਸ ਵੇਲੇ ਉਹ ਇਕ ਟੀ.ਵੀ. ਸ਼ੋਅ 'ਦੀ ਅਪ੍ਰੈਂਟਿਸ' ਦੀ ਮੇਜਬਾਨੀ ਕਰ ਰਿਹਾ ਸੀ। ਇਸ ਵਿਚ ਉਸਨੇ ਔਰਤਾਂ ਬਾਰੇ ਅਜਿਹੀਆਂ ਟਿਪਣੀਆਂ ਕੀਤੀਆਂ ਜਿਹੜੀਆਂ ਕਿ ਛਾਪਣਯੋਗ ਨਹੀਂ ਹਨ। ਉਸਨੇ ਔਰਤਾਂ ਦੇ ਸਰੀਰਕ ਅੰਗਾਂ ਦਾ ਵਰਣਨ ਕਰਦਿਆਂ ਐਲਾਨ ਕੀਤਾ ਕਿ ਉਹ ਇਕ ਪ੍ਰਸਿੱਧ ਵਿਅਕਤੀ ਹੈ, ਉਹ ਕਿਸੇ ਵੀ ਔਰਤ ਨਾਲ ਕੁੱਝ ਵੀ ਕਰ ਸਕਦਾ ਹੈ। ਇਸ ਬਹਿਸ ਦੌਰਾਨ ਉਸਨੇ ਇਸ ਉਤੇ ਪਛਤਾਵਾ ਪ੍ਰਗਟ ਕਰਨ ਜਾਂ ਮਾਫੀ ਮੰਗਣ ਦੀ ਥਾਂ ਇਸ ਟੇਪ ਨੂੰ ਝੂਠਾ ਅਤੇ ਬਨਾਉਟੀ ਕਰਾਰ ਦਿੱਤਾ। ਇਸਦੇ ਜੁਆਬ ਵਜੋਂ ਉਸਨੇ ਹਿਲੇਰੀ ਕਲਿੰਟਨ ਦੇ ਪਤੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਸਬੰਧ ਰੱਖਣ ਵਾਲੀਆਂ ਚਾਰ ਔਰਤਾਂ ਨੂੰ ਪਹਿਲਾਂ ਕੀਤੀ ਪ੍ਰੈਸ ਕਾਨਫਰੰਸ ਵਿਚ ਪੇਸ਼ ਕੀਤਾ ਅਤੇ ਇਸ ਮੁੱਦੇ ਤੋਂ ਧਿਆਨ ਲਾਂਭੇ ਕਰਨ ਲਈ ਕਿਹਾ -''ਮੈਂ ਕੁੱਝ ਬੇਵਕੂਫੀਆਂ ਕੀਤੀਆਂ ਹਨ, ਪਰ ਸ਼ਬਦਾਂ ਅਤੇ ਹੋਰ ਲੋਕਾਂ ਵਲੋਂ ਅਮਲੀ ਰੂਪ ਵਿਚ ਕੁਕਰਮ ਕਰਨ ਦਰਮਿਆਨ ਵੱਡਾ ਅੰਤਰ ਹੈ। ਬਿਲ ਕਲਿੰਟਨ ਨੇ ਔਰਤਾਂ ਨੂੰ ਖਰਾਬ ਕੀਤਾ ਅਤੇ ਹਿਲੇਰੀ ਨੇ ਇਨ੍ਹਾਂ ਸ਼ਿਕਾਰ ਔਰਤਾਂ ਨੂੰ ਧਮਕਾਇਆ ਅਤੇ ਉਨ੍ਹਾਂ 'ਤੇ ਹਮਲਾ ਕੀਤਾ।'' ਇਹ ਹੈ, ਦੁਨੀਆਂ ਦੀ ਅਖੌਤੀ ਸਭ ਤੋਂ ਵੱਡੀ ਜਮਹੂਰੀਅਤ ਵਿਚ ਦੇਸ਼ ਦੇ ਸਰਵਉਚ ਅਹੁਦੇ ਲਈ ਹੋਣ ਵਾਲੀ ਚੋਣ ਦਾ ਮਿਆਰ। ਇਸੇ ਬਹਿਸ ਦੌਰਾਨ ਟਰੰਪ ਨੇ ਹਿਲੇਰੀ 'ਤੇ 30000 ਈਮੇਲਾਂ ਆਪਣੇ ਨਿੱਜੀ ਸਰਵਰ ਤੋਂ ਕਰਨ ਦਾ ਇਲਜਾਮ ਲਾਉਂਦਿਆਂ ਬਿਲਕੁਲ ਉਸੇ ਤਰ੍ਹਾਂ ਹਿਲੇਰੀ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ, ਜਿਵੇਂ ਅਮਰਿੰਦਰ, ਬਾਦਲ ਅਤੇ ਕੇਜਰੀਵਾਲ ਇਕ ਦੂਜੇ ਨੂੰ ਦਿੰਦੇ ਹਨ।
ਹੁਣ ਆਈਏ ਬੀਬੀ ਰਾਣੀ ਦਿਸਣ ਵਾਲੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਵੱਲ। ਜਿਸ ਦਿਨ ਵਾਸ਼ਿੰਗਟਨ ਪੋਸਟ ਵਿਚ ਟਰੰਪ ਨਾਲ ਸਬੰਧਤ ਵਿਡੀਓ ਪ੍ਰਕਾਸ਼ਤ ਹੋਈ ਉਸੇ ਦਿਨ ਗੁਪਤ ਦਸਤਾਵੇਜ਼ਾਂ ਨੂੰ ਨਸ਼ਰ ਕਰਨ ਵਾਲੇ ਵੈਬਸਾਈਟ 'ਵਿਕੀਲਿਕਸ' ਨੇ ਹਿਲੇਰੀ ਕਲਿੰਟਨ ਦੇ ਕੁੱਝ ਗੁਪਤ ਭਾਸ਼ਣਾਂ ਦੇ ਛਪੇ ਰੂਪ ਜਾਰੀ ਕੀਤੇ ਸਨ। ਇਹ ਭਾਸ਼ਨ ਉਸਨੇ 2013-14 ਦਰਮਿਆਨ ਵਿਦੇਸ਼ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵਾਲ ਸਟਰੀਟ ਬੈਂਕਾਂ ਅਤੇ ਨਿਵੇਸ਼ ਕੰਪਨੀਆਂ ਦੇ ਵਪਾਰਕ ਆਗੂਆਂ ਦੇ ਇਕੱਠਾਂ ਸਾਹਮਣੇ ਦਿੱਤੇ ਸਨ, ਜਿਨ੍ਹਾਂ ਲਈ ਉਸਨੇ ਲੱਖਾਂ ਡਾਲਰ ਲਏ ਸਨ। ਵਾਲ ਸਟਰੀਟ, ਦੁਨੀਆਂ ਭਰ ਦੇ ਪੂੰਜੀਪਤੀਆਂ ਜਿਹੜੇ ਬੈਂਕ ਅਤੇ ਨਿਵੇਸ਼ ਕੰਪਨੀਆਂ ਚਲਾਉਂਦੇ ਹਨ, ਦਾ ਮੁੱਖ ਕੇਂਦਰ ਹੈ ਅਤੇ ਇਹ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਸਥਿਤ ਹੈ। ਉਸ ਵੇਲੇ ਕਲਿੰਟਨ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਮਨ ਬਣਾ ਚੁੱਕੀ ਸੀ। ਇਨ੍ਹਾਂ ਭਾਸ਼ਣਾਂ ਵਿਚ ਉਸਨੇ ਵਿਸ਼ੇਸ਼ ਰੂਪ ਵਿਚ ਜਿਸ ਗੱਲ 'ਤੇ ਜ਼ੋਰ ਦਿੱਤਾ ਸੀ ਉਹ ਇਹ ਸੀ ਕਿ ਵਾਲ ਸਟਰੀਟ ਨੂੰ ਅੱਗੋਂ ਸਰਕਾਰ ਵਲੋਂ ਕੀਤੇ ਜਾਣ ਵਾਲੇ ਵਿੱਤੀ ਸੁਧਾਰਾਂ ਵਿਚ ਵੀਟੋ ਪਾਵਰ ਹਾਸਲ ਹੋਵੇਗੀ। ਉਸਨੇ ਆਪਣੇ ਬਾਗੋ-ਬਾਗ ਹੋਏ ਸਰੋਤਿਆਂ ਨੂੰ ਕਿਹਾ ਸੀ ''ਲੋਕ ਜਿਹੜੇ ਸਨਅਤ ਨੂੂੰ ਵਧੇਰੇ ਚੰਗੀ ਤਰ੍ਹਾਂ ਜਾਣਦੇ ਹਨ, ਉਹ ਹਨ ਜਿਹੜੇ ਉਸ ਸਨਅਤ ਵਿਚ ਕੰਮ ਕਰਦੇ ਹਨ।'' ਜਦੋਂ ਕਿ ਦੂਜੇ ਪਾਸੇ ਜਨਤਕ ਮੁਹਿੰਮ ਵਿਚ ਹਿਲੇਰੀ ਕਹਿੰਦੀ ਹੈ ਕਿ ਬੈਂਕਾਂ ਨੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ ਉਨ੍ਹਾਂ 'ਤੇ ਹੋਰ ਵਧੇਰੇ ਸਖਤ ਨਿਯਮ ਲਾਗੂ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਵਲੋਂ ਰਾਜਨੀਤੀ ਵਿਚ ਦਖਲ ਬੰਦ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ 9 ਅਕਤੂਬਰ ਦੀ ਬਹਿਸ ਵਿਚ ਉਹ ਕਹਿੰਦੀ ਹੈ ਕਿ ਸੀਰੀਆ ਉਤੇ 'ਨੋ-ਫਲਾਈ' ਜੋਨ ਹੋਣਾ ਚਾਹੀਦਾ ਹੈ ਦੂਜੇ ਪਾਸੇ ਉਹ ਵਾਲ ਸਟਰੀਟ ਦੇ ਪੂੰਜੀਪਤੀਆਂ ਨੂੰ ਕਹਿੰਦੀ ਹੈ ਤੁਸੀਂ ਆਉਣ ਵਾਲੇ ਸਮੇਂ ਵਿਚ ਬਹੁਤ ਸਾਰੇ ਸੀਰੀਆਈਆਂ ਨੂੰ ਮਾਰਨ ਜਾ ਰਹੇ ਹੋ। ਇਨ੍ਹਾਂ ਇੰਕਸ਼ਾਫਾਂ ਦੇ ਪਰਛਾਵੇਂ ਹੇਠ ਹੋਈ 9 ਅਕਤੂਬਰ ਦੀ ਬਹਿਸ ਵਿਚ ਵੀ ਅਮਰੀਕਾ ਦੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕਰਨ ਵਾਲੇ ਮੁੱਦਿਆਂ ਵਿਚੋਂ ਕੋਈ ਵੀ ਮੁੱਦਾ ਬਹਿਸ ਦਾ ਕੇਂਦਰ ਨਹੀਂ ਬਣਿਆ। ਸਿਰਫ ਇਕ ਦੂਜੇ ਉਤੇ ਘਟੀਆ ਕਿਸਮ ਦੀ ਇਲਜ਼ਾਮਤਰਾਸ਼ੀ ਤੱਕ ਹੀ ਇਹ ਬਹਿਸ ਸੀਮਤ ਰਹੀ। ਬਹਿਸ ਤੋਂ ਬਾਅਦ ਹੋਏ ਸਰਵੇਖਣਾਂ ਅਨੁਸਾਰ ਇਸ ਵਿਚ ਫੇਰ ਜਿੱਤ ਹਿਲੇਰੀ ਕਲਿੰਟਨ ਦੀ ਹੀ ਹੋਈ। ਕਲਿੰਟਨ ਨੂੰ 57% ਸਮਰਥਨ ਅਤੇ ਟਰੰਪ ਨੂੰ 34% ਲੋਕਾਂ ਦਾ ਸਮਰਥਨ ਮਿਲਿਆ।
ਤੀਜੀ ਅਤੇ ਆਖਰੀ ਬਹਿਸ 20 ਅਕਤੂਬਰ ਨੂੰ ਲਾਗ ਵੇਗਾਸ ਸ਼ਹਿਰ ਦੀ ਯੂਨੀਵਰਸਿਟੀ ਆਫ ਨੇਵਾਦਾ 'ਚ ਹੋਈ ਸੀ। ਸਮੁੱਚੀ ਦੁਨੀਆਂ ਵਿਚ ਪਹਿਲੀਆਂ ਬਹਿਸਾਂ ਬਾਰੇ ਨੁਕਤਾਚੀਨੀ ਹੋਣ ਕਰਕੇ ਇਸ ਬਹਿਸ ਦਾ ਆਯੋਜਨ ਕਰਨ ਵਾਲੀ ਮੀਡੀਆ ਸੰਸਥਾ ਫੋਕਸ ਨਿਊਜ ਦੇ ਬਹਿਸ ਦੇ ਮੋਡਰੇਟਰ ਨੇ ਖਾਸ ਧਿਆਨ ਰੱਖਿਆ ਪ੍ਰੰਤੂ ਫਿਰ ਵੀ ਬਹਿਸ ਦੇਸ਼ ਤੇ ਦੁਨੀਆਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਤ ਕਰਦੇ ਮੁਦਿਆਂ 'ਤੇ ਕੇਂਦਰਤ ਨਹੀਂ ਹੋ ਸਕੀ। ਉਸ ਵੇਲੇ ਤਾਂ ਟਰੰਪ ਨੇ ਸਿਰਾ ਹੀ ਲਾ ਦਿੱਤਾ ਜਦੋਂ ਉਸਨੇ 8 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਨਿਕਲਣ ਵਾਲੇ ਨਤੀਜੇ ਪ੍ਰਤੀ ਹੀ ਪ੍ਰਤੀਬੱਧ ਹੋਣ ਤੋਂ ਇਨਕਾਰ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਮੈਂ ਹਾਰ ਗਿਆ ਤਾਂ ਨਤੀਜੇ ਪ੍ਰਵਾਨ ਨਹੀਂ ਕਰਾਂਗਾ। ਉਸਨੇ ਮੀਡੀਆ 'ਤੇ ਭ੍ਰਿਸ਼ਟ ਹੋਣ ਅਤੇ ਹਿਲੇਰੀ ਕਲਿੰਟਨ ਨੂੰ ਜਿਤਾਉਣ ਲਈ ਕੰਮ ਕਰਨ ਦਾ ਦੋਸ਼ ਵੀ ਲਗਾ ਦਿੱਤਾ। ਇਸ ਅੰਤਮ ਫੈਸਲਾਕੁੰਨ ਬਹਿਸ ਤੋਂ ਬਾਅਦ ਹੋਏ ਸਰਵੇਖਣਾਂ ਮੁਤਾਬਕ ਹਿਲੇਰੀ ਕਲਿੰਟਨ ਦਾ ਜਿੱਤਣਾ ਲਗਭਗ ਤੈਅ ਹੈ। ਉਸਨੂੰ 48.5% ਦਾ ਸਮਰਥਨ ਹਾਸਲ ਹੈ ਜਦੋਂਕਿ ਡੋਨਾਲਡ ਟਰੰਪ ਨੂੰ 42.1%।
ਬੀ.ਬੀ.ਸੀ. ਵਲੋਂ ਜਾਰੀ ਯੂਨੀਵਰਸਿਟੀ ਆਫ ਆਕਸਫੋਰਡ ਦੇ ਅਧਿਐਨ 'ਤੇ ਅਧਾਰਤ ਜਾਣਕਾਰੀ 19 ਅਕਤੂਬਰ ਦੀਆਂ ਅਖਬਾਰਾਂ ਵਿਚ ਛਪੀ ਰਿਪੋਰਟ ਦੀ ਵੀ ਪੋਲ ਖੋਲ੍ਹ ਦਿੰਦੀ ਹੈ। ਇਸ ਨਾਲ ਇਨ੍ਹਾਂ ਦੀ ਸਰਵੇਖਣਾਂ ਨੂੰ ਪ੍ਰਭਾਵਤ ਕਰਨ ਲਈ ਕੀਤੀ ਗਈ ਜਾਲਸਾਜੀ ਬਾਰੇ ਇੰਕਸ਼ਾਫ ਹੁੰਦਾ ਹੈ। 26 ਸਿਤੰਬਰ ਨੂੰ ਹੋਈ ਪਹਿਲੀ ਬਹਿਸ ਬਾਰੇ ਕੀਤੇ ਗਏ ਸਰਵੇਖਣ ਵਿਚ ਦੋਹਾਂ ਹੀ ਉਮੀਦਵਾਰਾਂ ਨੇ ਕੰਪਿਊਟਰ ਅਧਾਰਤ ਪ੍ਰਣਾਲੀਆਂ ਰਾਹੀਂ ਆਪਣੇ ਹੱਕ ਵਿਚ ਟਵੀਟ ਕਰਵਾਏ ਹਨ। ਟਰੰਪ ਦੇ ਹੱਕ ਵਿਚ 18 ਲੱਖ ਅਤੇ ਹਿਲੇਰੀ ਦੇ ਹੱਕ ਵਿਚ 6 ਲੱਖ 13 ਹਜ਼ਾਰ ਅਜਿਹੇ ਟਵੀਟ ਹਨ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਖੌਤੀ ਸਭ ਤੋਂ ਵੱਡੀ ਜਮਹੂਰੀਅਤ ਵਿਚ ਰਾਏਆਮਾ ਨੂੰ ਪ੍ਰਭਾਵਤ ਕਰਨ ਲਈ ਸਾਡੇ ਦੇਸ਼ ਵਿਚ ਹੁੰਦੇ ਸਰਵੇਖਣਾਂ ਵਾਂਗ ਹੀ ਧੋਖਾਧੜੀ ਕੀਤੀ ਜਾਂਦੀ ਹੈ।
ਇੱਥੋਂ ਦੇ ਨੌਜਵਾਨ ਇਸ ਅਮਰੀਕੀ ਚੋਣ ਪ੍ਰਣਾਲੀ ਅਤੇ ਖਾਸ ਕਰਕੇ ਦੋ ਪਾਰਟੀ ਪ੍ਰਣਾਲੀ ਪ੍ਰਤੀ ਕਾਫੀ ਗੁੱਸੇ ਵਿਚ ਹਨ। ਇਨ੍ਹਾਂ ਚੋਣਾਂ ਦੌਰਾਨ ਟਵਿਟਰ 'ਤੇ ਇਕ ਗਰੁੱਪ ਚਲ ਰਿਹਾ ਹੈ। ਜਿਸਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਉਮੀਦਵਾਰਾਂ ਵਿਚੋਂ ਕਿਸੇ ਦੇ ਵੀ ਜਿੱਤ ਜਾਣ ਤੋਂ ਤਾਂ ਚੰਗਾ ਹੈ ਕਿ ਕਿਸੇ ਬਾਹਰੀ ਗ੍ਰਹਿ ਦੇ ਧਰਤੀ ਨਾਲ ਟਕਰਾਉਣ ਕਰਕੇ ਇਹ ਗਰਕ ਹੀ ਹੋ ਜਾਵੇ। ਸਰਵੇਖਣਾਂ ਮੁਤਾਬਕ ਦੇਸ਼ ਦੇ 25% ਨੌਜਵਾਨ ਇਸ ਵਿਚਾਰ ਦੇ ਸਮਰਥਕ ਹਨ। ਇਕ ਹੋਰ ਸਰਵੇਖਣ ਮੁਤਾਬਕ ਇਹ ਗਿਣਤੀ 34% ਹੈ।
ਦੁਨੀਆਂ ਸਾਹਮਣੇ ਇਸ ਵੇਲੇ ਦੋ ਮੁੱਦੇ ਅਜਿਹੇ ਹਨ ਜਿਨ੍ਹਾਂ ਨਾਲ ਦੁਨੀਆਂ ਦਾ ਭਵਿੱਖ ਜੁੜਿਆ ਹੋਇਆ ਹੈ। ਕੀ ਇਸ ਦੁਨੀਆਂ ਨੇ ਕਾਇਮ ਰਹਿਣਾ ਹੈ ਜਾਂ ਇਸਦੀ ਹੋਂਦ, ਖਾਸ ਕਰਕੇ ਇਸ ਉਤੇ ਰਹਿਣ ਵਾਲੇ ਪ੍ਰਾਣੀਆਂ ਦੀ ਹੋਂਦ ਸਦਾ-ਸਦਾ ਲਈ ਖਤਮ ਹੋ ਜਾਣੀ ਹੈ। ਇਹ ਮੁੱਦੇ ਹਨ ਪਰਿਆਵਰਣ ਦਾ ਨਿਰੰਤਰ ਨਿਘਾਰ, ਅਤੇ ਦੂਜਾ ਹੈ, ਦੁਨੀਆਂ ਸਾਹਮਣੇ ਖੜਾ ਪ੍ਰਮਾਣੂ ਜੰਗ ਦਾ ਖਤਰਾ। ਇਨ੍ਹਾਂ ਦੋਹਾਂ ਮੁੱਦਿਆਂ ਵਿਚ ਅਮਰੀਕਾ ਦੀ ਮਹੱਤਵਪੂਰਨ ਭੂਮਿਕਾ ਹੈ। ਪਿਛਲੇ ਸਮੇਂ ਵਿਚ ਪਰਿਆਵਰਨ ਦੀ ਰਾਖੀ ਲਈ ਕਈ ਸੰਮੇਲਨ ਹੋਏ ਹਨ, ਜਿਨ੍ਹਾਂ ਵਿਚ ਕਾਰਬਨ ਗੈਸਾਂ ਦੀ ਪੈਦਾਵਾਰ ਨੂੰ ਘਟਾਉਣ ਲਈ ਟੀਚੇ ਮਿੱਥੇ ਗਏ ਹਨ। ਅਮਰੀਕਾ ਕਿਉਂਕਿ ਇਨ੍ਹਾਂ ਗੈਸਾਂ ਨੂੰ ਸਭ ਤੋਂ ਵੱਧ ਪੈਦਾ ਕਰਨ ਵਾਲੇ ਦੇਸ਼ਾਂ ਵਿਚੋਂ ਇਕ ਹੈ, ਇਸ ਲਈ ਉਸਦੀ ਸਨਅਤ ਉਤੇ ਵੀ ਕੋਲੇ, ਗੈਸ ਤੇ ਤੇਲ ਨੂੰ ਵੇਚਣ ਅਤੇ ਇਸਤੇਮਾਲ ਕਰਨ 'ਤੇ ਰੋਕਾਂ ਲੱਗੀਆਂ ਹਨ। ਪ੍ਰੰਤੂ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣਿਆ ਤਾਂ ਉਹ ਦੇਸ਼ ਦੀਆਂ ਕੋਲਾ, ਗੈਸ ਤੇ ਤੇਲ ਕੰਪਨੀਆਂ ਨੂੰ ਇਨ੍ਹਾਂ ਨੂੰ ਕਸ਼ੀਦ ਕਰਨ, ਵੇਚਣ ਤੇ ਵਰਤੋਂ ਕਰਨ ਦੀ ਪੂਰੀ ਖੁੱਲ੍ਹ ਦੇ ਦੇਵੇਗਾ। ਇਸ ਤਰ੍ਹਾਂ ਟਰੰਪ ਦੇ ਰਾਸ਼ਟਰਪਤੀ ਬਣਨ 'ਤੇ ਦੁਨੀਆਂ ਦੀ ਹੋਂਦ ਨੂੰ ਪੈਦਾ ਖਤਰਾ ਹੋਰ ਵੱਧ ਜਾਵੇਗਾ।
ਹਿਲੇਰੀ ਕਲਿੰਟਨ ਨੂੰ ਇਨ੍ਹਾਂ ਚੋਣਾਂ ਵਿਚ ਟਰੰਪ ਵਿਰੁੱਧ ਵੱਡੀ ਜਿੱਤ ਹਾਸਲ ਹੋਣ ਦੀ ਸੰਭਾਵਨਾ ਹੈ। ਜਿਸਨੂੰ ਅਮਰੀਕਾ ਦੇ ਗਲੇਨ ਫੋਰਡ ਵਰਗੇ ਰਾਜਨੀਤਕ ਵਿਸ਼ਲੇਸ਼ਕ ਉਸਨੂੰ ਰੂਸ ਵਿਰੁੱਧ ਜੰਗ ਲਈ ਮਿਲੇ ਫਤਵੇ ਵਜੋਂ ਦੇਖਦੇ ਹਨ। ਜਿਹੜੀ ਕਿ ਲਾਜ਼ਮੀ ਰੂਪ ਵਿਚ ਇਕ ਪ੍ਰਮਾਣੂ ਜੰਗ ਦਾ ਰੂਪ ਧਾਰਨ ਕਰੇਗੀ। ਓਬਾਮਾ ਪ੍ਰਸ਼ਾਸਨ ਵਲੋਂ ਯੂਕਰੇਨ ਵਿਚ ਰੂਸ ਵਿਰੋਧੀ ਸੱਜ ਪਿਛਾਖੜੀ ਸਰਕਾਰ ਦੀ ਸਥਾਪਨਾ, ਰੋਮਾਨੀਆ ਵਿਚ ਮਿਜਾਇਲ ਡਿਫੈਂਸ ਪ੍ਰਣਾਲੀ ਦੀ ਸਥਾਪਨਾ ਦਾ ਐਲਾਨ ਅਤੇ ਸੀਰੀਆ ਵਿਚ ਅਸਦ ਸਰਕਾਰ ਨੂੰ ਲਾਂਭੇ ਕਰਨ ਲਈ ਚੱਲੀਆਂ ਜਾ ਰਹੀਆਂ ਚਾਲਾਂ ਖਾਸ ਕਰਕੇ ਅਲੈਪੋ ਵਿਚ ਅੱਲ-ਨੁਸਰਾ ਵਰਗੇ ਜਿਹਾਦੀ ਗਰੁੱਪਾਂ ਦਾ ਸਮਰਥਨ, ਉਸ ਬਿਗਨਿਉ ਪ੍ਰਾਜੈਕਟ ਦਾ ਹਿੱਸਾ ਹਨ, ਜਿਸਦਾ ਮਕਸਦ ਰੂਸ ਦੀ ਹੱਤਕ ਕਰਨਾ ਹੈ। ਇਸ ਪ੍ਰਤੀ ਹਿਲੇਰੀ ਵੀ ਪ੍ਰਤੀਬੱਧ ਹੈ ਅਤੇ ਇਹ ਦੁਨੀਆਂ ਵਿਚ ਤੀਜੀ ਸੰਸਾਰ ਜੰਗ ਦਾ ਮੁੱਢ ਬਣ ਸਕਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰੂਸ ਦੇ ਵਿਦੇਸ਼ ਮੰਤਰੀ ਵਲੋਂ ਵੀ ਪਿਛਲੇ ਸਮੇਂ ਵਿਚ ਅਜਿਹੀ ਧਮਕੀ ਦਿੱਤੀ ਜਾ ਚੁੱਕੀ ਹੈ। ਇਸ ਤਰ੍ਹਾਂ ਇਹ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਦੇਸ਼ ਦਾ ਬਣਨ ਵਾਲਾ ਨਵਾਂ ਰਾਸ਼ਟਰਪਤੀ, ਜੋ ਇਨ੍ਹਾਂ ਦੋਵਾਂ ਵਿਚੋਂ ਹੀ ਇਕ ਨੇ ਬਣਨਾ ਹੈ, ਅਮਰੀਕਾ ਦੇ ਆਮ ਲੋਕਾਂ ਦਾ ਕੁੱਝ ਵੀ ਨਹੀਂ ਸੁਆਰੇਗਾ ਬਲਕਿ ਦੁਨੀਆਂ ਦੀ ਹੋਂਦ ਨੂੰ ਪੈਦਾ ਖਤਰੇ ਨੂੰ ਹੋਰ ਨੇੜੇ ਹੀ ਲੈ ਕੇ ਆਵੇਗਾ। ਸਾਮਰਾਜ ਦੇ ਖਾਸੇ ਮੁਤਾਬਕ ਦੁਨੀਆਂ ਭਰ ਦੇ ਲੋਕਾਂ 'ਤੇ ਦੁੱਖ ਅਤੇ ਮੁਸੀਬਤਾਂ ਹੀ ਹੋਰ ਵਧੇਰੇ ਲੱਦੇਗਾ।
ਅਮਰੀਕਾ ਦੀ ਕਮਿਊਨਿਸਟ ਪਾਰਟੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਮਰਥਨ ਕਰ ਰਹੀ ਹੈ। ਕਈ ਖੱਬੇ ਪੱਖੀ ਧਿਰਾਂ ਨੇ ਇਹ ਯਤਨ ਕੀਤਾ ਸੀ ਕਿ ਬਰਨੀ ਸੈਂਡਰਸ ਅੰਤਰ-ਪਾਰਟੀ ਚੋਣ ਹਾਰਨ ਤੋਂ ਬਾਵਜੂਦ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਕਿਉਂਕਿ ਉਸ ਵਲੋਂ ਪੇਸ਼ ਲੋਕ ਪੱਖੀ ਪ੍ਰੋਗਰਾਮ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੋਗਰਾਮ ਨਾਲੋਂ ਪੂਰੀ ਤਰ੍ਹਾਂ ਭਿੰਨ ਹੈ। ਉਹ ਨਵੀਂ ਪਾਰਟੀ ਵੀ ਬਣਾ ਲਵੇ ਜਿਹੜੀ ਇਸ ਪ੍ਰੋਗਰਾਮ 'ਤੇ ਅਧਾਰਤ ਹੋਵੇ। ਪ੍ਰੰਤੂ ਉਸਨੇ ਇਹ ਗੱਲ ਪਰਵਾਨ ਨਹੀਂ ਕੀਤੀ ਅਤੇ ਉਸਨੇ ਟਰੰਪ ਨੂੰ ਹਰਾਉਣ ਹਿੱਤ ਹਿਲੇਰੀ ਕਲਿੰਟਨ ਦੇ ਸਮਰਥਨ ਦਾ ਐਲਾਨ ਕਰ ਦਿੱਤਾ।
ਦੇਸ਼ ਦੀਆਂ ਕਈ ਖੱਬੀਆਂ ਧਿਰਾਂ ਗਰੀਨ ਪਾਰਟੀ ਦੇ ਉਮੀਦਵਾਰਾਂ ਜਿੱਲ ਸਟੀਨ ਤੇ ਅਜਾਮੂ ਬਾਰਾਕਾ ਦਾ ਸਮਰਥਨ ਕਰ ਰਹੀਆਂ ਹਨ, ਜਿਨ੍ਹਾਂ ਨੇ ਦੇਸ਼ ਦੀ ਜੰਗੀ ਮਸ਼ੀਨ ਪੈਂਟਾਗਨ ਨੂੰ ਨੱਥ ਪਾਉਣ, ਚੁਗਿਰਦੇ ਦੀ ਸੰਭਾਲ ਪੱਖੀ ਹੰਢਣਯੋਗ ਅਰਥਚਾਰਾ ਉਸਾਰਨ, ਸਭ ਲਈ ਸਿਹਤ ਬੀਮਾ, ਘੱਟੋ ਘੱਟ ਤਨਖਾਹ ਵਿਚ ਤਿੱਖਾ ਵਾਧਾ ਕਰਨ, ਯੂਨੀਅਨਾਂ ਨੂੰ ਜਥੇਬੰਦਕ ਕਰਨ ਨੂੰ ਮੁੜ ਕਾਨੂੰਨੀ ਬਨਾਉਣ ਅਤੇ ਕਾਲਜ ਪੱਧਰ ਤੱਕ ਮੁਫਤ ਸਿੱਖਿਆ ਸਮੇਤ ਹੋਰ ਅਨੇਕਾਂ ਲੋਕ ਪੱਖੀ ਕਦਮਾਂ ਨੂੰ ਚੁੱਕਣ ਦਾ ਵਾਅਦਾ ਕੀਤਾ ਹੈ।                
(21.10.2016)

No comments:

Post a Comment