Tuesday 4 October 2016

ਆਰ.ਐਮ.ਪੀ.ਆਈ. ਦੀ ਸਥਾਪਨਾ ਪਿਛੋਕੜ ਤੇ ਭਵਿੱਖ-ਨਕਸ਼ਾ

ਸੰਪਾਦਕੀ  
17 ਸਤੰਬਰ ਨੂੰ, ਦੇਸ਼ ਭਗਤ ਯਾਦਗਾਰ ਜਲੰਧਰ ਦੇ 'ਵਿਸ਼ਨੂੰ ਗਨੇਸ਼ ਪਿੰਗਲੇ ਹਾਲ' ਵਿਚ, ''ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ'' ਦਾ ਕੀਤਾ ਗਿਆ ਗਠਨ, ਨਿਸ਼ਚੇ ਹੀ ਇਕ ਸੰਭਾਵਨਾਵਾਂ ਭਰਪੂਰ ਘਟਨਾ ਹੈ। ਇਸ ਮੰਤਵ ਲਈ ਆਯੋਜਿਤ ਕੀਤੀ ਗਈ ਸਥਾਪਨਾ-ਕਾਨਫਰੰਸ ਵਿਚ ਪੰਜਾਬ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ-ਯੂ.ਟੀ. ਸਮੇਤ 7 ਰਾਜਾਂ ਦੇ ਤਕਰੀਬਨ 250 ਕਮਿਊਨਿਸਟ-ਕਾਰਕੁੰਨ ਸ਼ਾਮਲ ਹੋਏ। ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਦਿੱਲੀ ਤੋਂ ਵੀ ਕੁਝ ਕਾਮਰੇਡਾਂ ਵਲੋਂ ਇਸ ਪਾਰਟੀ ਦੇ ਭਵਿੱਖ ਨਕਸ਼ੇ ਨਾਲ ਸਹਿਮਤੀ ਪ੍ਰਗਟਾਉਂਦੇ ਸੰਦੇਸ਼ ਮਿਲੇ ਹਨ।
ਇਸ ਨਵੀਂ ਬਣੀ ਪਾਰਟੀ ਨੇ ਆਪਣੀਆਂ ਸਮੁੱਚੀਆਂ ਸਮਾਜਿਕ-ਰਾਜਨੀਤਕ ਅਤੇ ਜਥੇਬੰਦਕ ਗਤੀਵਿਧੀਆਂ ਵਾਸਤੇ ਹਮੇਸ਼ਾ ਮਾਰਕਸਵਾਦੀ ਸੰਸਾਰ-ਦਰਿਸ਼ਟੀਕੋਨ ਤੋਂ ਸੇਧਤ ਰਹਿਣ ਦਾ ਅਹਿਦ   ਕੀਤਾ ਹੈ। ਇਹ ਐਲਾਨ ਵੀ ਕੀਤਾ ਗਿਆ ਹੈ ਕਿ ਭਾਰਤੀ ਜਨਸਮੂਹਾਂ ਨੂੰ ਹਰ ਪ੍ਰਕਾਰ ਦੀਆਂ ਸਮਾਜਿਕ-ਆਰਥਿਕ ਮੁਸ਼ਕਲਾਂ ਤੋਂ ਮੁਕਤ ਕਰਨ ਵਾਸਤੇ, ਬੀਤੇ ਸਮਿਆਂ ਦੌਰਾਨ ਭਾਰਤੀ ਲੋਕ-ਪੱਖੀ ਵਿਚਾਰਵਾਨਾਂ ਅਤੇ ਰਾਜਨੀਤਕ-ਘੁਲਾਟਿਆਂ ਵਲੋਂ ਪਾਏ ਗਏ ਵੱਡਮੁੱਲੇ ਸਿਧਾਂਤਕ ਤੇ ਵਿਵਹਾਰਕ ਯੋਗਦਾਨ ਤੋਂ ਵੀ ਬਣਦੀ ਅਗਵਾਈ ਲਾਜ਼ਮੀ ਲਈ ਜਾਵੇਗੀ। ਇਸ ਤਰ੍ਹਾਂ, ਇਹ ਪਾਰਟੀ ਸਾਰੇ ਹੀ ਖੇਤਰਾਂ (ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਰਾਜਨੀਤਕ ਆਦਿ) ਵਿਚ, ਮਾਰਕਸਵਾਦ-ਲੈਨਿਨਵਾਦ ਦੀਆਂ ਸਿਧਾਂਤਕ ਸਥਾਪਨਾਵਾਂ ਨੂੰ ਭਾਰਤੀ ਅਵਸਥਾਵਾਂ ਅਨੁਸਾਰ ਰਚਨਾਤਮਿਕ ਢੰਗ ਨਾਲ ਲਾਗੂ ਕਰਦਿਆਂ, ਏਥੇ ਜਾਤਪਾਤ, ਕਾਣੀਵੰਡ ਤੇ ਹਰ ਤਰ੍ਹਾਂ ਦੇ ਜਬਰ ਤੋਂ ਮੁਕਤ, ਬਰਾਬਰਤਾ 'ਤੇ ਆਧਾਰਤ, ਸਮਾਜਵਾਦੀ ਸਮਾਜ ਸਿਰਜਣ ਲਈ ਨਿਰੰਤਰ ਤੌਰ 'ਤੇ ਸੰਘਰਸ਼ਸ਼ੀਲ ਰਹੇਗੀ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਨਵੀਂ ਪਾਰਟੀ ਦਾ ਬਨਣਾ, ਚੋਣਾਂ ਦੀ ਰੁੱਤੇ ਚੁਣਾਵੀ ਗਿਣਤੀਆਂ-ਮਿਣਤੀਆਂ ਤੋਂ ਪ੍ਰੇਰਿਤ ਹੋ ਕੇ, ਖੁੰਬਾਂ ਵਾਂਗ ਉਗਦੀਆਂ ਰਾਜਨੀਤਕ ਪਾਰਟੀਆਂ ਵਰਗਾ ਵਰਤਾਰਾ ਨਹੀਂ ਹੈ; ਸਗੋਂ ਇਹ ਤਾਂ ਭਾਰਤ ਦੇ ਗਰੀਬਾਂ-ਭਾਈ ਲਾਲੋਆਂ ਦੀ ਬੰਦ ਖਲਾਸੀ ਲਈ ਚਲ ਰਹੀ ਜੱਦੋ ਜਹਿਦ ਦੇ ਤਿੱਖੀਆਂ ਚੜ੍ਹਾਈਆਂ-ਉਤਰਾਈਆਂ ਵਾਲੇ ਲੰਬੇ ਤੇ ਬਿਖੜੇ ਮਾਰਗ ਉਪਰ, ਸੰਘਰਸ਼ਸ਼ੀਲ ਤੇ ਹਮਖਿਆਲ ਲੋਕਾਂ ਨਾਲ ਮਿਲਕੇ, ਜੀਵਨ ਭਰ ਪੈਰੋ-ਪੈਰ ਤੁਰਦੇ ਰਹਿਣ ਦਾ ਅਹਿਦਨਾਮਾ ਹੈ।
ਇਸ ਨਵੀਂ ਇਨਕਲਾਬੀ ਪਾਰਟੀ  ''ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ'' ਦੀ ਸਥਾਪਨਾ-ਕਾਨਫਰੰਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਿਚ ਜੁੜੀਆਂ ਸਾਰੀਆਂ ਹੀ ਧਿਰਾਂ ਦੇ ਬਹੁਤੇ ਆਗੂ ਸੀ.ਪੀ.ਆਈ.(ਐਮ) ਅਤੇ ਉਸਦੀ ਅਗਵਾਈ ਹੇਠ ਕੰਮ ਕਰਦੀਆਂ ਅਵਾਮੀ ਜਥੇਬੰਦੀਆਂ ਦੇ ਪਹਿਲੀ ਪਾਲ ਦੇ ਆਗੂ ਜਾਂ ਸਰਗਰਮ ਕਾਰਕੁੰਨ ਰਹੇ ਹਨ। ਕੁਝ ਤਾਂ 1964 ਤੋਂ ਪਹਿਲੀ, ਅਣਵੰਡੀ ਸੀ.ਪੀ.ਆਈ. ਦੇ ਸਮੇਂ ਦੇ ਵੀ ਹਨ। ਸਾਰੇ ਹੀ ਉਸ ਪਾਰਟੀ ਦੀ ਰਾਜਨੀਤਕ ਲਾਈਨ ਬਾਰੇ ਪੈਦਾ ਹੋਏ ਗੰਭੀਰ ਸਿਧਾਂਤਕ ਮਤਭੇਦਾਂ ਜਾਂ ਭਾਰੂ ਲੀਡਰਸ਼ਿਪ ਦੀ ਗੈਰ ਮਾਰਕਸੀ ਤੇ ਨੁਕਸਦਾਰ ਕਾਰਜਪ੍ਰਣਾਲੀ ਕਾਰਨ ਉਸ ਪਾਰਟੀ ਨੂੰ ਤਿਲਾਂਜਲੀ ਦੇ ਕੇ, ਸਮੇਂ ਸਮੇਂ 'ਤੇ, ਬਾਹਰ ਆਏ ਸਨ। ਉਹ ਨਿਰਾਸ਼ ਹੋ ਕੇ ਘਰੀਂ ਨਹੀਂ ਬੈਠੇ, ਅਤੇ ਨਾ ਹੀ ਕਿਸੇ ਬੁਰਜ਼ਵਾ ਪਾਰਟੀ ਵਿਚ ਸ਼ਾਮਲ ਹੋਏ, ਬਲਕਿ ਆਪੋ ਆਪਣੀਆਂ ਅਵਸਥਾਵਾਂ ਅਨੁਸਾਰ ਨਿਰੰਤਰ ਇਨਕਲਾਬੀ ਕਾਰਜਾਂ ਵਿਚ ਜੁਟੇ ਰਹੇ ਹਨ। ਉਹ ਅਜੇਹੇ ਦੇਸ਼-ਪੱਧਰੀ ਮੰਚ ਦੀ ਤਲਾਸ਼ ਵਿਚ ਵੀ ਰਹੇ ਹਨ ਜਿਹੜਾ ਕਿ ਭਾਰਤੀ ਲੋਕਾਂ ਦੀਆਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਮੁਸੀਬਤਾਂ ਦੇ ਖਾਤਮੇਂ ਲਈ ਸਹੀ, ਸਾਰਥਕ ਤੇ ਭਰੋਸੇਯੋਗ ਰਾਜਨੀਤਕ ਦਿਸ਼ਾ ਪ੍ਰਦਰਸ਼ਿਤ ਕਰਨ ਅਤੇ ਉਸ ਉਪਰ ਸੁਹਿਰਦਤਾ ਸਹਿਤ ਅਮਲ ਕਰਨ ਦੀ ਹਾਮੀ ਭਰਦਾ ਹੋਵੇ। ਇਸ ਤਰ੍ਹਾਂ ਏਥੇ, ਉਹ ਚੁਣਾਵੀ ਮੌਕਾਪ੍ਰਸਤੀ ਜਾਂ ਰਾਜਸੀ ਠੱਗੀਆਂ-ਠੋਰੀਆਂ ਨਾਲ ਆਪਣੇ ਨਿੱਜ ਪਾਲਣ ਲਈ ਨਹੀਂ ਆਏ; ਬਲਕਿ ਕਿਰਤੀ ਲੋਕਾਂ ਦੇ ਹੱਕਾਂ ਹਿੱਤਾਂ ਲਈ ਕੁਝ ਕਰ ਗੁਜ਼ਰਨ ਦੇ ਇਰਾਦੇ ਤੇ ਉਦੇਸ਼ ਨਾਲ ਇਕਜੁੱਟ ਹੋਏ ਹਨ। ਏਸੇ ਲਈ ਇਸ ਪਾਰਟੀ ਤੋਂ ਚੰਗੀਆਂ ਸੰਭਾਵਨਾਵਾਂ ਦੀ ਆਸ ਕੀਤੀ ਜਾਣੀ ਬਣਦੀ ਹੈ; ਕਿਉਂਕਿ ਸਾਮੂਹਿਕ ਸੁਹਿਰਦਤਾ ਤੇ ਸਿਦਕਦਿਲੀ ਵੀ ਲੋਕ-ਪੱਖੀ ਸੰਭਾਵਨਾਵਾਂ ਨੂੰ ਉਭਾਰਨ ਵਿਚ ਅਕਸਰ ਚੰਗੀ ਭੂਮਿਕਾ ਨਿਭਾਉਂਦੀਆਂ ਹਨ।
ਉਂਝ, ਭਾਰਤ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਅਜੇਹਾ ਪਹਿਲੀ ਵਾਰ ਨਹੀਂ ਹੋ ਰਿਹਾ। ਪਹਿਲਾਂ ਵੀ ਇਸ ਲਹਿਰ ਦੇ ਆਗੂਆਂ ਦੇ, ਸੱਜੇ ਜਾਂ ਖੱਬੇ ਕੁਰਾਹੇ ਦਾ ਸ਼ਿਕਾਰ ਹੋ ਕੇ, ਇਨਕਲਾਬੀ ਰਾਹ ਤੋਂ ਥਿੜਕ ਜਾਣ ਕਾਰਨ ਮੰਦਭਾਗੇ ਮੌਕੇ ਪੈਦਾ ਹੁੰਦੇ ਰਹੇ ਹਨ। ਜਿਹਨਾਂ ਨਾਲ ਇਸ ਲਹਿਰ ਅੰਦਰ ਤਰੇੜਾਂ ਉਭਰਦੀਆਂ ਰਹੀਆਂ ਹਨ। 1964 ਵਿਚ ਸੀ.ਪੀ.ਆਈ. ਨਾਲੋਂ ਵੱਖ ਹੋ ਕੇ ਸੀ.ਪੀ.ਆਈ.(ਐਮ) ਦੇ ਬਣਨ ਨਾਲ ਵੀ ਏਥੇ ਬੜਾ ਸਿਧਾਂਤਕ ਤੇ ਰਾਜਨੀਤਕ ਰੋਲ ਘਚੋਲਾ ਪਿਆ ਸੀ। ਕਾਮਰੇਡ ਐਸ.ਏ.ਡਾਂਗੇ ਦੀ ਅਗਵਾਈ ਹੇਠ ਸੀ.ਪੀ.ਆਈ., ਆਪਣੇ ''ਕੌਮੀ ਜਮਹੂਰੀ ਇਨਕਲਾਬ'' ਦੇ ਪ੍ਰੋਗਰਾਮ ਅਧੀਨ ਭਾਰਤ ਦੀਆਂ ਹਾਕਮ ਜਮਾਤਾਂ-ਸਰਮਾਏਦਾਰਾਂ ਤੇ ਜਗੀਰਦਾਰਾਂ, ਦੀ ਪ੍ਰਤੀਨਿੱਧਤਾ ਕਰਦੀ ਪ੍ਰਮੁੱਖ ਰਾਜਸੀ ਧਿਰ-ਕਾਂਗਰਸ ਪਾਰਟੀ, ਨਾਲ ਆਪਣੀਆਂ ਸਾਂਝਾਂ ਨੂੰ ਨਿਰੰਤਰ ਗੂੜੀਆਂ ਕਰਦੀ ਗਈ ਤੇ ਉਸ ਉਪਰ ਆਪਣੀ ਨਿਰਭਰਤਾ ਵਧਾਉਂਦੀ ਗਈ। ਜਦੋਂ ਕਿ ਸੀ.ਪੀ.ਆਈ.(ਐਮ) ਨੇ ''ਲੋਕ ਜਮਹੂਰੀ ਇਨਕਲਾਬ'' ਦਾ ਹੋਕਾ ਦਿੱਤਾ ਅਤੇ ਸਮੇਂ ਦੀਆਂ ਲੋੜਾਂ ਅਨੁਸਾਰ, ਲੋਕ ਲਾਮਬੰਦੀ 'ਤੇ ਟੇਕ ਰੱਖਕੇ, ਜਾਨ ਹੂਲਵੇਂ ਜਨਤਕ ਸੰਘਰਸ਼ ਉਸਾਰੇ, ਅਤੇ ਆਪਣੇ ਜਨਤਕ ਆਧਾਰ ਅਨੁਸਾਰ ਪਾਰਲੀਮਾਨੀ ਘੋਲਾਂ 'ਚ ਸ਼ਮੂਲੀਅਤ ਵੀ ਜਾਰੀ ਰੱਖੀ। ਐਮਰਜੈਂਸੀ ਦੇ ਕਾਲੇ ਦੌਰ ਤੱਕ ਪੁੱਜਦਿਆਂ ਪੁੱਜਦਿਆਂ, ਦਸ ਕੁ ਵਰ੍ਹਿਆਂ ਵਿਚ ਹੀ, ਦੋਵਾਂ ਰਾਜਸੀ ਲਾਈਨਾਂ ਵਿਚਲਾ ਫਰਕ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ। ਭਾਰਤ ਦੇ ਰਾਜਨੀਤਕ ਦਰਿਸ਼ ਵਿਚ ''ਮਾਂ-ਪਾਰਟੀ'' ਕਹਾਉਂਦੀ ਸੀ.ਪੀ.ਆਈ. ਹਾਸ਼ੀਏ 'ਤੇ ਚਲੀ ਗਈ। ਜਦੋਂਕਿ ਸੀ.ਪੀ.ਆਈ. (ਐਮ) ਨੇ ਭਾਰਤ ਦੇ ਰਾਜਸੀ ਸੀਨ ਉਪਰ ਖੱਬੀ ਧਿਰ ਨੂੰ ਇਕ ਨਵੀਂ ਰਾਜਸੀ ਸ਼ਕਤੀ ਵਜੋਂ ਸਥਾਪਤ ਕਰ ਦਿੱਤਾ। ਇਸ ਸਮੇਂ ਦੌਰਾਨ ਹੀ ਮਾਅਰਕੇਬਾਜ਼ੀ ਦੇ ਖੱਬੇ ਕੁਰਾਹੇ ਦਾ ਸ਼ਿਕਾਰ ਹੋਏ ਕੁਝ ਤੱਤਾਂ ਨੇ ਵੀ ਸੀ.ਪੀ.ਆਈ.(ਐਮ) ਨੂੰ ਜੁਝਾਰੂ ਜਨਤਕ ਸੰਘਰਸ਼ਾਂ ਦੀ ਇਨਕਲਾਬੀ ਪਟੜੀ ਤੋਂ ਲਾਹ ਕੇ ਸੰਕੀਰਨਤਾਵਾਦੀ ਮਾਅਰਕੇਬਾਜ਼ੀ ਦੇ ਖੱਬੇ ਕੁਰਾਹੇ ਦੀ ਪੌੜੀ ਚੜ੍ਹਾਉਣ ਦੇ ਜ਼ੋਰਦਾਰ ਯਤਨ ਕੀਤੇ; ਜਿਹਨਾਂ ਦੇ ਦੁਖਾਂਤਕ ਸਿੱਟੇ ਤੇ ਸਬਕ ਹੁਣ ਵਧੇਰੇ ਵਿਆਖਿਆ ਦੀ ਮੰਗ ਨਹੀਂ ਕਰਦੇ। ਐਪਰ, ਹੁਣ, ਸੀ.ਪੀ.ਆਈ.(ਐਮ) ਦੀ ਭਾਰੂ ਲੀਡਰਸ਼ਿਪ ਦੇ ਪਾਰਲੀਮਾਨੀ ਮੌਕਾਪ੍ਰਸਤੀਆਂ ਦੀ ਦਲਦਲ ਵਿਚ ਬੁਰੀ ਤਰ੍ਹਾਂ ਧੱਸਦੇ ਜਾਣ ਕਾਰਨ ਇਹ ਪਾਰਟੀ ਵੀ ਦੋ ਰਾਜਾਂ ਵਿਚ ਖੱਬੇ ਪੱਖੀ ਸਰਕਾਰਾਂ ਦੀ ਅਗਵਾਈ ਕਰਨ ਦੇ ਬਾਵਜੂਦ ਕੌਮੀ ਦਰਿਸ਼ਟੀਕੋਨ ਤੋਂ ਨਾ ਕੇਵਲ ਆਪ ਹੀ ਤੇਜ਼ੀ ਨਾਲ ਗੈਰਪ੍ਰਸੰਗਿਕ ਹੁੰਦੀ ਜਾ ਰਹੀ ਹੈ, ਬਲਕਿ ਦੇਸ਼ ਅੰਦਰ ਕਮਿਊਨਿਸਟ ਲਹਿਰ ਦੀ ਭਰੋਸੇਯੋਗਤਾ ਨੂੰ ਵੀ ਭਾਰੀ ਢਾਅ ਲਾ ਰਹੀ ਹੈ। ਅਜੇਹੀ ਅਵਸਥਾ ਵਿਚ ਏਥੇ, ਸਹੀ ਇਨਕਲਾਬੀ ਦਿਸ਼ਾ ਨੂੰ ਪ੍ਰਣਾਈ ਹੋਈ, ਮਜ਼ਦੂਰ ਵਰਗ ਦੀ ਰਾਜਸੀ ਧਿਰ ਖੜੀ ਕਰਕੇ ਲੁੱਟੇ-ਪੁੱਟੇ ਜਾ ਰਹੇ ਕਿਰਤੀ ਲੋਕਾਂ ਵਾਸਤੇ ਕੋਈ ਆਸ ਦਾ ਦੀਪਕ ਜਗਾਉਣਾ, ਸਮੇਂ ਦੀ ਇਕ ਅਹਿਮ ਤੇ ਇਤਿਹਾਸਕ ਲੋੜ ਹੈ। ਇਸ ਪਿਛੋਕੜ ਵਿਚ, ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਸਮਝਦਾਰੀ ਵਲੋਂ ਪ੍ਰਵਾਨਤ ਸੰਗਰਾਮੀ ਸੇਧ ਅਨੁਸਾਰ, ਪਾਰਲੀਮਾਨੀ ਤੇ ਗੈਰ ਪਾਰਲੀਮਾਨੀ ਸੰਘਰਸ਼ਾਂ ਦਾ ਢੁਕਵੇਂ ਘੋਲ ਰੂਪਾਂ ਰਾਹੀਂ ਸੁਮੇਲ ਕਰਦੇ ਹੋਏ ਵੀ ਗੈਰ-ਪਾਰਲੀਮਾਨੀ ਸੰਘਰਸ਼ਾਂ ਨੂੰ ਪ੍ਰਮੁੱਖਤਾ ਦੇਣ ਦੇ ਦਾਅਪੇਚਾਂ ਪ੍ਰਤੀ ਸੰਪੂਰਨ ਸੁਹਿਰਦਤਾ ਦਾ ਦਮ ਭਰਦੇ ਸਾਥੀਆਂ ਵਲੋਂ, ਪਹਿਲਕਦਮੀ ਕਰਕੇ, ਅਜੇਹਾ ਠੋਸ ਹੰਭਲਾ ਮਾਰਨ ਨੂੰ ਸਵਾਗਤਯੋਗ ਤਾਂ ਆਖਿਆ ਹੀ ਜਾਣਾ ਚਾਹੀਦਾ ਹੈ।
ਇਸ ਤੋਂ ਬਿਨਾਂ, ਹੁਣ ਤਾਂ ਦੇਸ਼ ਦੀਆਂ ਬਾਹਰਮੁਖੀ ਸਮਾਜਿਕ-ਆਰਥਿਕ ਅਵਸਥਾਵਾਂ ਵੀ ਦਿਨ ਪ੍ਰਤੀ ਦਿਨ ਵਧੇਰੇ ਚਿੰਤਾਜਨਕ ਹੁੰਦੀਆਂ ਜਾ ਰਹੀਆਂ ਹਨ। ਵਿਆਪਕ ਰੂਪ ਵਿਚ ਫੈਲੀ ਹੋਈ ਗਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ ਨੇ ਮਿਲਕੇ ਲੋਕਾਂ ਦਾ ਜੀਣਾ ਬੁਰੀ ਤਰ੍ਹਾਂ ਹਰਾਮ ਕਰ ਦਿੱਤਾ ਹੈ। ਵੱਡੀ ਗਿਣਤੀ ਵਿਚ ਦੇਸ਼ਵਾਸੀਆਂ ਨੂੰ ਨਾ ਸੰਤੁਲਿਤ ਭੋਜਨ ਮਿਲਦਾ ਹੈ ਅਤੇ ਨਾ ਹੀ ਉਹਨਾਂ ਕੋਲ ਜੀਵਨ ਬਸਰ ਲਈ ਸਾਫ ਸੁਥਰੇ ਤੇ ਸਿਹਤਮੰਦ ਰਿਹਾਇਸ਼ੀ ਪ੍ਰਬੰਧ ਹਨ। ਨਾ ਉਹ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ-ਲਿਖਾ ਸਕਦੇ ਹਨ ਅਤੇ ਨਾ ਹੀ ਬਿਮਾਰ ਹੋਣ 'ਤੇ ਤਸੱਲੀਬਖਸ਼ ਇਲਾਜ ਕਰਵਾ ਸਕਦੇ ਹਨ। ਏਥੋਂ ਤੱਕ ਕਿ ਕਰੋੜਾਂ ਦੇਸ਼ ਵਾਸੀਆਂ ਨੂੰ ਤਾਂ ਪੀਣ ਲਈ ਸਾਫ ਪਾਣੀ ਵੀ ਨਹੀਂ ਮਿਲਦਾ। ਜਦੋਂਕਿ ਮੁੱਠੀਭਰ ਅਮੀਰ-ਕਾਰਪੋਰੇਟ ਘਰਾਣੇ, ਵੱਡੇ ਵਪਾਰੀ ਤੇ ਵੱਡੇ ਭੂਮੀਪਤੀ, ਹਾਕਮ ਸਿਆਸਤਦਾਨਾਂ ਦੇ ਪਰਿਵਾਰ ਤੇ ਸਕੇ-ਸਬੰਧੀ ਅਤੇ ਅਫਸਰਸ਼ਾਹ ਦਿਨੋਂ ਦਿਨ ਮਾਲਾ ਮਾਲ ਹੁੰਦੇ ਜਾ ਰਹੇ ਹਨ। ਅਮੀਰੀ ਤੇ ਗਰੀਬੀ ਵਿਚਕਾਰ ਵੱਧਦਾ ਜਾ ਰਿਹਾ ਇਹ ਵੱਡਾ ਪਾੜਾ ਨਿੱਤ ਨਵੀਆਂ ਸਮਾਜਿਕ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ। ਦੇਸ਼ ਦੀਆਂ ਹਾਕਮ ਜਮਾਤਾਂ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਮੋਦੀ ਸਰਕਾਰ ਸਾਮਰਾਜੀ ਸ਼ਕਤੀਆਂ ਦੇ ਵੱਡੀ ਹੱਦ ਤੱਕ ਥੱਲੇ ਲੱਗ ਚੁੱਕੀ ਹੈ। ਏਥੋਂ ਤੱਕ ਕਿ ਦੇਸ਼ ਦੀ ਸੁਰੱਖਿਆ ਵੀ ਹੁਣ ਇਹਨਾਂ ਦੇ ਹੱਥਾਂ ਵਿਚ ਸੁਰੱਖਿਅਤ ਨਹੀਂ ਜਾਪਦੀ। ਦੇਸ਼ ਅੰਦਰ, ਜਮਹੂਰੀ ਕਦਰਾਂ ਕੀਮਤਾਂ ਤੇ ਸੰਸਥਾਵਾਂ ਨੂੰ ਹਾਕਮਾਂ ਵਲੋਂ, ਗਿਣਮਿਥਕੇ ਖੋਰਾ ਲਾਇਆ ਜਾ ਰਿਹਾ ਹੈ। ਸੰਘ-ਪਰਿਵਾਰ ਵਰਗੀਆਂ ਪਿਛਾਖੜੀ ਤਾਕਤਾਂ ਦਾ ਏਥੇ ਬੋਲਬਾਲਾ ਹੋ ਰਿਹਾ ਹੈ। ਇਕ ਪਾਸੇ ਦੇਸ਼ ਅੰਦਰ ਫਿਰਕੂ ਤਣਾਅ ਵੱਧਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਭਿਆਚਾਰਕ ਨਿਘਾਰ ਤਿੱਖਾ ਹੋ ਰਿਹਾ ਹੈ। ਜਿਸ ਕਾਰਨ ਘੱਟ ਗਿਣਤੀਆਂ ਉਪਰ ਹੀ ਨਹੀਂ ਬਲਕਿ ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਉਪਰ ਵੀ ਪ੍ਰਸ਼ਾਸਨਿਕ ਜਬਰ ਵੱਧਦਾ ਜਾ ਰਿਹਾ ਹੈ ਅਤੇ ਅਤੀ ਘਿਨਾਉਣੇ ਹਮਲੇ ਵੀ ਹੋ ਰਹੇ ਹਨ। ਇਹਨਾਂ ਸਾਰੀਆਂ ਤਰਾਸਦਿਕ ਅਵਸਥਾਵਾਂ ਦਾ ਮੂੰਹ ਮੋੜਨ ਲਈ ਜ਼ਰੂਰੀ ਹੈ ਕਿ ਚੁਣਾਵੀ ਗਿਣਤੀਆਂ-ਮਿਣਤੀਆਂ 'ਤੇ ਨਿਰਭਰ ਰਹਿਣ ਦੀ ਬਜਾਏ ਪਹਿਲਾਂ, ਫੌਰੀ ਤੌਰ 'ਤੇ, ਪ੍ਰਭਾਵਸ਼ਾਲੀ ਲੋਕ ਸ਼ਕਤੀ ਦਾ ਨਿਰਮਾਣ ਕਰਨ ਵੱਲ ਪਾਸੇ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਕਿਰਤੀ ਜਨਸਮੂਹਾਂ ਦਾ ਜਾਗਰੂਕ ਹੋਣਾ ਤੇ ਜਥੇਬੰਦ ਹੋਣਾ ਇਸ ਮੰਤਵ ਲਈ ਪਹਿਲੀ ਤੇ ਲਾਜ਼ਮੀ ਸ਼ਰਤ ਹੈ। ਇਸਦੇ ਨਾਲ ਹੀ, ਛੋਟੇ-ਮੋਟੇ ਸਿਧਾਂਤਕ ਮਤਭੇਦਾਂ ਕਾਰਨ ਬਿਖਰੀਆਂ ਹੋਈਆਂ, ਖੱਬੀਆਂ ਸ਼ਕਤੀਆਂ ਦੀ ਅਮਲ ਵਿਚ ਏਕਤਾ ਉਸਾਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ; ਦਲਿਤਾਂ, ਘੱਟ ਗਿਣਤੀਆਂ ਔਰਤਾਂ, ਆਦਿਵਾਸੀਆਂ ਅਤੇ ਹੋਰ ਪਛੜੇ ਵਰਗਾਂ ਨਾਲ ਹੁੰਦੀਆਂ ਜ਼ਿਆਦਤੀਆਂ ਵਿਰੁੱਧ ਜੂਝ ਰਹੀਆਂ ਜਨਤਕ ਲਹਿਰਾਂ ਨੂੰ ਅਤੇ ਕੁਦਰਤੀ ਪਰਿਆਵਰਨ ਦੀ ਰਾਖੀ ਲਈ ਲੜ ਰਹੇ ਲੋਕਾਂ ਨੂੰ ਵੀ ਇਸ ਲੜਾਕੂ ਲੋਕਸ਼ਕਤੀ ਦਾ ਅਟੁੱਟ ਅੰਗ ਬਣਾਇਆ ਜਾਵੇ। ਅਜਿਹੀ ਅਜਿੱਤ ਲੋਕਸ਼ਕਤੀ ਦਾ ਨਿਰਮਾਣ ਕਰਕੇ ਹੀ ਚੋਣਾਂ ਦੀ ਮੌਜੂਦਾ ਪ੍ਰਣਾਲੀ 'ਚੋਂ ਕੋਈ ਲੋਕ-ਪੱਖੀ ਸਿੱਟੇ ਕੱਢੇ ਜਾ ਸਕਦੇ ਹਨ, ਨਿਰੋਲ ਮੌਕਾਪ੍ਰਸਤੀ 'ਤੇ ਆਧਾਰਤ ਬਣਾਏ ਗਏ ਬੇਅਸੂਲੇ ਚੋਣ ਗੱਠਜੋੜਾਂ ਰਾਹੀਂ ਨਹੀਂ।
ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਉਪਰੋਕਤ ਖਰੀ-ਇਨਕਲਾਬੀ ਸੇਧ 'ਤੇ ਦਰਿੜਤਾ ਸਹਿਤ ਪਹਿਰਾਬਰਦਾਰੀ ਕਰਨ ਦਾ ਇਕਰਾਰ ਕਰਦੀ ਹੈ। ਇਹ ਗੱਲ ਠੀਕ ਹੈ ਕਿ ਇਸ ਦਰਿੜਤਾ ਦੀ ਅਸਲ ਪਰਖ ਤਾਂ ਭਵਿੱਖ ਵਿਚ, ਪਾਰਟੀ ਦੇ ਅਮਲੀ ਕੰਮ-ਕਾਰ ਤੋਂ ਹੀ ਹੋਵੇਗੀ। ਪ੍ਰੰਤੂ ਏਥੇ ਅਸੀਂ ਇਸ ਪਾਰਟੀ ਵਿਚ ਸ਼ਾਮਲ ਹੋਈ ਪੰਜਾਬ ਵਿਚਲੀ ਧਿਰ ਦੇ ਪਿਛਲੇ 15 ਵਰ੍ਹਿਆਂ ਦੇ ਕਿਰਦਾਰ ਨੂੰ ਜ਼ਰੂਰ ਇਸਦੇ ਇਕ ਪ੍ਰਮਾਣ ਵਜੋਂ ਦੇਖ ਸਕਦੇ ਹਾਂ। ਇਸ ਧਿਰ ਵਲੋਂ, ਸੀ.ਪੀ.ਐਮ.ਪੰਜਾਬ ਦੇ ਬੈਨਰ ਹੇਠ, ਹਰ ਪ੍ਰਕਾਰ ਦੀਆਂ ਜ਼ਿਆਦਤੀਆਂ ਤੇ ਵਹਿਸ਼ੀ ਬਦਲਾਖੋਰੀ ਦਾ ਟਾਕਰਾ ਕਰਦਿਆਂ ਹੋਇਆਂ ਵੀ ਜਿਸ ਤਰ੍ਹਾਂ ਖੱਬੀਆਂ ਤੇ ਸੰਘਰਸ਼ਸ਼ੀਲ ਸ਼ਕਤੀਆਂ ਨੂੰ ਇਕਜੁੱਟ ਕਰਨ ਲਈ ਵਾਰ ਵਾਰ ਉਪਰਾਲੇ ਕੀਤੇ ਹਨ, ਕਿਸੇ ਵੀ ਪ੍ਰਕਾਰ ਦੀ ਸਿਆਸੀ ਥਿੜਕਣ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ, ਅਤੇ ਜਿਸ ਤਰ੍ਹਾਂ ਖੱਬੀਆਂ ਸ਼ਕਤੀਆਂ ਤੇ ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਦਾ ਸਹਿਯੋਗ ਪ੍ਰਾਪਤ ਕਰਕੇ ਵੱਖ ਵੱਖ ਵਰਗਾਂ ਦੇ ਸਾਂਝੇ ਅੰਦੋਲਨ ਲਾਮਬੰਦ ਕਰਨ ਲਈ ਸਿਰਤੋੜ ਯਤਨ ਕੀਤੇ ਹਨ, ਉਹ ਸਾਰੇ ਯਤਨ ਉਪਰੋਕਤ ਦਿਸ਼ਾ ਵਿਚ ਸਾਡੀ ਦਰਿੜਤਾ ਦੀ ਠੋਸ ਗਵਾਹੀ ਭਰਦੇ ਹਨ। ਅਜੇਹੀ, ਹਰ ਪੱਖੋਂ ਸਹੀ, ਸਾਰਥਕ ਤੇ ਬਾਅਸੂਲ ਸਿਆਸੀ ਪਹੁੰਚ ਤਾਂ ਅੱਗੋਂ ਵੀ ਲਾਜ਼ਮੀ ਜਾਰੀ ਰਹੇਗੀ। ਜੇਕਰ ਚਨੌਤੀਆਂ ਭਰਪੂਰ ਬਾਹਰਮੁਖੀ ਲੋੜਾਂ ਦੀ ਪੂਰਤੀ ਲਈ ਪਾਰਟੀ ਨੂੰ ਲੋੜੀਂਦੀ ਗਿਣਤੀ ਵਿਚ ਆਪਾਵਾਰੂ ਕਾਡਰ ਮਿਲਦੇ ਤੇ ਵਿਕਸਤ ਹੁੰਦੇ ਰਹੇ ਤਾਂ ਇਹ ਵੀ ਲਾਜ਼ਮੀ ਹੈ ਕਿ ਇਹ ਪਾਰਟੀ ਇਨਕਲਾਬੀ ਜਦੋ ਜਹਿਦ ਦੇ ਭਵਿੱਖੀ ਮਾਰਗ 'ਤੇ ਨਿੱਤ ਨਵੀਆਂ ਮੰਜਲਾਂ ਤੈਅ ਕਰਦੀ ਹੋਈ ਲਾਜ਼ਮੀ ਤੌਰ 'ਤੇ ਅਗਾਂਹ ਵਧਦੀ ਜਾਵੇਗੀ।
- ਹਰਕੰਵਲ ਸਿੰਘ






No comments:

Post a Comment