Monday 31 October 2016

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਨਵੰਬਰ 2016)

ਪਾਕਿਸਤਾਨੀ ਊਰਦੂ ਕਹਾਣੀ
 
ਗੌਤਮ ਦਾ ਕਤਲ
 
- ਤੌਕੀਰ ਚੁਗ਼ਤਾਈ 
 ਯਸ਼ੋਧਰਾ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ। ਉਹ ਸਾਡੀ ਗਵਾਂਢਣ ਏ। ਯਸ਼ੋਧਰਾ ਗੌਤਮ ਦੇ ਤਰਲੇ ਲੈ ਰਹੀ ਸੀ ਕਿ ਮੇਰੇ ਲਈ ਤੇ ਆਪਣੇ ਪੁੱਤਰ ਲਈ ਘਰ ਮੁੜ ਕੇ ਆ ਜਾ। ਕਿਉਂ ਬੂਹੇ-ਬੂਹੇ ਭਿੱਖਿਆ ਮੰਗ ਕੇ ਸਾਡੀ ਪੱਤ ਨੂੰ ਮਿੱਟੀ ਵਿਚ ਰੋਲਦਾ ਪਿਆ ਏਂ। ਤੇਰਾ ਪਿਉ ਇਕ ਰਿਆਸਤ ਦਾ ਮਹਾਰਾਜਾ ਏ ਤੇ ਤੂੰ ਭਿੱਖਿਆ?
''ਦੁਨੀਆਂ ਬਹੁਤ ਦੁਖੀ ਏ ਯਸ਼ੋਧਰਾ! ਗੁਆਂਢੀ ਨੂੰ ਮਾਰਨ, ਉਸਦਾ ਘਰ ਉਜਾੜਨ ਅਤੇ ਪੈਲੀਆਂ ਸਾੜਨ ਦੇ ਮਨਸੂਬੇ ਬਣਾ ਰਿਹਾ ਏ। ਲੋਕੀ ਬੀਮਾਰੀਆਂ ਤੇ ਮੁਸੀਬਤਾਂ ਵਿਚ ਘਿਰੇ ਹੋਏ ਨੇ। ਮੈਥੋਂ ਇਹ ਸਭ ਕੁਝ ਨਹੀਂ ਵੇਖਿਆ ਜਾਂਦਾ। ਮੈਂ ਦੁੱਖਾਂ ਭਰੀ ਇਸ ਦੁਨੀਆਂ ਨੂੰ ਛੱਡਿਆ, ਰਿਆਸਤ ਦੇ ਕਾਰ ਵਿਹਾਰ ਨੂੰ ਛੱਡਿਆ, ਐਸ਼ ਭਰੀ ਜ਼ਿੰਦਗੀ ਨੂੰ ਛੱਡਿਆ ਤੇ ਜਾ ਤੈਨੂੰ ਵੀ ਛੱਡਿਆ।''
''ਮੈਂ ਅਮਨ, ਸੁਖ ਤੇ ਚੈਨ ਦੀ ਆਸ ਲੈ ਕੇ ਗਵਾਂਢੀ ਰਿਆਸਤ ਨੂੰ ਜਾ ਰਿਹਾਂ। ਮੈਂ ਸੁਣਿਆ ਏ ਉਥੇ ਦੇ ਵਾਸੀ ਭੁੱਖ, ਦੁੱਖ, ਜੰਗ ਤੇ ਬੀਮਾਰੀਆਂ ਵਿਚ ਫਸੇ ਹੋਏ ਨੇ।''
ਹਾਲੀ ਤਿੰਨ ਦਿਨ ਪਹਿਲਾਂ ਤੀਕਰ! ਹਾਂ, ਸਿਰਫ ਤਿੰਨ ਦਿਨ ਪਹਿਲਾਂ ਤੀਕਰ ਇਕ ਜੋਗੀ ਜ਼ਿੰਦਾ ਸਲਾਮਤ ਤੇ ਜਿਉਂਦਾ ਸੀ। ਮੈਂ ਆਪ ਆਪਣੀਆਂ ਅੱਖਾਂ ਨਾਲ ਉਹਨੂੰ ਵੇਖਿਆ ਸੀ। ਉਹ ਯਸ਼ੋਧਰਾ ਨੂੂੰ ਕਹਿ ਰਿਹਾ ਸੀ, ''ਦੁਨੀਆਂ ਬੜੀ ਦੁੱਖੀ ਏ ਤੇ ਇਹ ਸਾਰੇ ਦੁੱਖ ਬੰਦਿਆਂ ਦੇ ਆਪਣੇ ਸਹੇੜੇ ਹੋਏ ਨੇ। ਵੇਖ ਤਾਂ ਸਹੀ। 'ਸਾਕੀਆ' ਕਬੀਲੇ ਨੇ ਇਕ ਇਹੋ ਜਿਹੇ ਬੰਬ ਬਣਾਇਆ ਏ ਜੀਹਦੇ ਫਟਣ ਨਾਲ 'ਕੱਵਲਿਆ' ਕਬੀਲੇ ਦੇ ਸਾਰੇ ਬੰਦੇ ਮਰ ਜਾਣਗੇ। ਸਬਜ਼ਾ (ਹਰਿਆਵਲ) ਸੜ ਜਾਏਗਾ ਤੇ ਪੇਸ਼ਵਾ ਦੀ ਨਸਲ ਉਕੀ ਮੁੱਕ ਜਾਏਗੀ। ਸਾਕੀਆ ਦੀ ਵੇਖਿਆ ਵੇਖੀ 'ਕਵੱਲਿਆ' ਕਬੀਲੇ ਨੇ ਵੀ ਬੰਬ ਬਣਾ ਲਿਆ ਤੇ ਹੁਣ ਵੇਖਦਿਆਂ ਈ ਵੇਖਦਿਆਂ ਦੋਹਾਂ ਧਿਰਾਂ ਨੇ ਬੰਬਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ। ਉਹ ਤਾਂ ਚੰਗਾ ਹੋਇਆ ਇਹਨਾਂ ਦੋਹਾਂ ਦੀ ਦੁਸ਼ਮਨੀ ਨੇ ਏਡਾ ਜ਼ੋਰ ਨਾ ਫੜ੍ਹਿਆ ਬਸ ਐਵੇਂ ਕਦੀ ਕਦਾਈ ਕਿਧਰੇ ਨਾ ਕਿਧਰੇ ਨਿੱਕਾ-ਮੋਟਾ ਸਿਆਪਾ ਪੈ ਜਾਂਦਾ ਏ।''
ਕੱਲ ਦੀ ਗੱਲ ਏ ਮੇਰੇ ਕੋਲ ਇਕ ਬੁੱਢੜੀ ਆਪਣੇ ਪੁੱਤ ਦੀ ਲਾਸ਼ ਚੁੱਕ ਕੇ ਲਿਆਈ ਤੇ ਕਹਿਣ ਲੱਗੀ, ''ਇਹਦੇ ਕਲਬੂਤ ਵਿਚ ਜਿੰਦ ਪਾ ਦਿਓ।''
''ਮੈਂ ਉਹਦੇ ਕੋਲੋਂ ਪੁਛਿਆ ਤੇਰਾ ਪੁੱਤ ਕਿਉਂ ਮਰਿਆ?''
ਕਹਿਣ ਲੱਗੀ, ''ਸਾਡੇ ਕਬੀਲੇ ਤੇ ਗਵਾਂਢੀ ਕਬੀਲੇ ਕਵੱਲਿਆ ਵਿਚ ਇਕ ਏਹੋ ਜਿਹੇ ਪੜਾੜ ਦੀ ਮਲਕੀਅਤ ਬਾਰੇ ਲੜਾਈ ਚੱਲ ਰਹੀ ਏ ਜੋ ਦੋਹਾਂ ਧਿਰਾਂ ਦੀ ਮਲਕੀਅਤ ਨਹੀਂ ਉਥੇ ਰਹਿਣ ਵਾਲੇ ਵਾਸੀਆਂ ਦੀ ਮਲਕੀਅਤ ਏ। ਹੁਣ ਇਕ ਕਬੀਲਾ ਕਹਿੰਦਾ ਏ ਕਿ ਇਹ ਪਹਾੜ ਮੇਰਾ ਏ ਜਦ ਕਿ ਦੂਜਾ ਕਹਿੰਦਾ ਏ ਇਹ ਮੇਰਾ ਏ। ਏਸ ਮੇਰੇ ਤੇਰੇ ਦੇ ਝਗੜੇ ਵਿਚ ਈ ਕੋਈ ਨਾ ਕੋਈ ਬੰਦਾ ਫੜ੍ਹ ਹੁੰਦਾ ਏ। ਏਸੇ ਝਗੜੇ ਕਾਰਨ ਅੱਜ ਮੇਰਾ ਪੁੱਤਰ ਮਰ ਗਿਆ ਏ। ਮੇਰਾ ਇਕੋ ਈ ਪੁੱਤ ਸੀ, ਇਹਦੇ ਵਿਚ ਸਾਹ ਪਾ ਦਿਓ।''
''ਮੈਂ ਬੁੱਢੜੀ ਨੂੰ ਆਖਿਆ! ਤੂੰ ਨਾਲ ਦੇ ਸ਼ਹਿਰ ਵਿਚ ਟੁਰ ਜਾ। ਉਥੇ ਦੇ ਇਕ ਅਜਿਹੇ ਘਰ ਵਿਚੋਂ ਸਰ੍ਹੋਂ ਦੇ ਬੀ ਦੀ ਮੁੱਠ ਭਰ ਕੇ ਲਿਆ ਜਿਸ ਘਰ ਦਾ ਕੋਈ ਜੀ ਕਦੀ ਨਾ ਮਰਿਆ ਹੋਵੇ।'' ਬੁੱਢੜੀ ਨੇ ਇਕ-ਇਕ ਘਰ ਭਾਲਿਆ ਪਰ ਉਹਨੂੰ ਕੋਈ ਵੀ ਘਰ ਅਜਿਹਾ ਨਾ ਮਿਲਿਆ ਜਿਸ ਦਾ ਕੋਈ ਜੀ ਨਾ ਮਰਿਆ ਹੋਵੇ। ਉਹ ਚੁੱਪ ਕਰਕੇ ਮੁੜ ਆਈ। ਮੈਂ ਉਹਨੂੰ ਆਖਿਆ, ''ਹਰ ਜੀ ਨੇ ਮਰਨਾ ਏ ਪਰ ਇੰਜ ਨਹੀਂ ਮਰਨਾ ਜਿਵੇਂ ਸਾਕੀਆ ਤੇ ਕਵੱਲਿਆ ਕਬੀਲੇ ਦੇ ਜਵਾਨ ਪਏ ਮਰਦੇ ਨੇ। ਮੌਤ ਤੇ ਹਰ ਬੰਦੇ ਤੇ ਵਾਜਬ ਏ। ਮਰਨੋਂ ਬਾਝ ਛੁਟਕਾਰਾ ਨਹੀਂ ਪਰ ਇਕ ਦੂਜੇ ਨਾਲ ਲੜਣਾ, ਉਹਨਾਂ ਨੂੰ ਦੁੱਖ ਦੇਣਾ, ਜਾਂ ਕਤਲ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ।''
ਉਹਦੀ ਮਤਰੇਈ ਮਾਂ ਕਰਿਸ਼ਮਾ ਗੌਤਮੀ ਨੇ ਆਖਿਆ, ''ਜਿਵੇਂ ਤੂੰ ਭਿੱਖਸ਼ੂਆਂ ਦੀ ਜਮਾਤ ਉਸਾਰੀ ਏ ਉਵੇਂ ਈ ਤੀਵੀਆਂ ਦੀ ਵੀ ਇਕ ਜਮਾਤ ਦੀ ਵੀ ਲੋੜ ਏ।''
ਗੌਤਮ ਨੇ ਉਹਨੂੰ ਆਖਿਆ, ''ਨਿੱਤ ਦੀਆਂ ਲਾਮਾਂ ਲੜ-ਲੜ ਕੇ ਮਰਦਾਂ ਦੀ ਗਿਣਤੀ ਤੀਵੀਆਂ ਨਾਲੋਂ ਘੱਟ ਰਹੀ ਏ। ਇਹਦੇ ਵਿਚ ਸਾਰਾ ਕਸੂਰ ਮਰਦਾਂ ਦਾ ਏ। ਲੜਾਈ ਦਾ ਸਭ ਨਾਲੋਂ ਜ਼ਿਆਦਾ ਅਸਰ ਤੀਵੀਆਂ ਉਤੇ ਹੁੰਦਾ ਏ। ਸਾਡੇ ਵਸੇਬ ਤੇ ਸਮਾਜ ਦੀ ਉਸਾਰੀ ਵਿਚ ਤੀਵੀਆਂ ਵੀ ਓਨਾ ਈ ਭਰਪੂਰ ਹਿੱਸਾ ਪਾ ਸਕਦੀਆਂ ਨੇ ਜਿੰਨਾ ਕਿ ਮਰਦ।''
ਕਪਲ-ਵਸਤੂ ਦਾ ਰਾਜਪਾਟ, ਰਾਜਕੁਮਾਰੀ ਯਸ਼ੋਧਰਾ ਤੇ ਨਿੱਕੇ ਜਿਹੇ ਰਾਹੁਲ ਨੂੰ ਸੁੱਤਿਆਂ ਛੱਡ ਕੇ ਬੇਲੇ ਟੁਰ ਜਾਣ ਵਾਲਾ ਗੌਤਮ  ਤਿੰਨ ਦਿਨ ਪਹਿਲਾਂ ਬਿਲਕੁੱਲ ਜਿਉਂਦਾ ਜਾਗਦਾ ਸੀ।
ਉਹ ਕੋਈ ਪੈਗੰਬਰ ਨਹੀਂ ਸੀ, ਨਾ ਈ ਕਿਸੇ ਧਰਮ ਦੀ ਨੀਂਹ ਰੱਖਣ ਵਾਲਾ ਕੋਈ ਅਵਤਾਰ। ਉਹ ਤਾਂ ਆਪਣੀਆਂ ਇੱਛਾਵਾਂ ਨੂੰ ਤਿਆਗਣ ਵਾਲਾ ਅਜਿਹਾ ਰਾਜਕੁਮਾਰ ਸੀ ਜਿਹੜਾ ਆਪਣੀ ਸ਼੍ਰੇਣੀ ਛੱਡ ਕੇ ਆਮ ਲੋਕਾਈ ਵਿਚ ਆਣ ਰਲਿਆ ਤੇ ਗਿਆਨ ਹਾਸਲ ਕਰਨ ਲਈ ਜੰਗਲ ਬੇਲੇ ਘੁੰਮਣ ਲੱਗ ਪਿਆ। ਕਹਿੰਦੇ ਨੇ ਜ਼ਰ, ਜ਼ਮੀਨ ਮਨੁੱਖੀ ਜੀਵਨ ਦੀਆਂ ਵੱਡੀਆਂ ਲੋੜਾਂ ਨੇ।
ਕਈ ਬੰਦੇ ਚੰਗੇ ਜਾਂ ਮੰਦੇ ਢੰਗ ਨਾਲ ਇਹਨਾਂ ਨੂੰ ਹਾਸਲ ਕਰਨ ਦੀ ਲੜਾਈ ਵਿਚ ਪੂਰੀ ਤਰ੍ਹਾਂ ਜ਼ਿੰਦਗੀ ਵਿਚ ਜੁੱਪੇ ਰਹਿੰਦੇ ਨੇ। ਗ਼ੌਤਮ ਨੇ ਜੂਨ, ਜ਼ਰ ਤੇ ਜ਼ਮੀਨ ਤੇ ਨਾਲ ਇਕ ਨਵੇਂ ਜੰਮੇ ਪੁੱਤ ਨੂੰ ਵੀ ਛੱਡ ਦਿੱਤਾ। ਸ਼ਾਇਦ ਸੱਚ ਨੂੰ ਹਾਸਲ ਕਰਨਾ ਉਹਦੇ ਲਈ ਇਹਨਾਂ ਸਾਰੀਆਂ ਲੋੜਾਂ ਤੋਂ ਜ਼ਿਆਦਾ ਜ਼ਰੂਰੀ ਸੀ।
''ਹਾਂ! ਹਾਂ! ਬਸ ਤਿੰਨ ਦਿਨ ਪਹਿਲਾਂ ਦੀ ਗੱਲ ਏ ਉਹ ਬਿਲਕੁੱਲ ਜਿਉਂਦਾ ਜਾਗਦਾ ਸਾਡੇ ਮੁਹੱਲੇ ਵਿਚੋਂ ਲੰਘਿਆ ਸੀ। ਉਹ ਕੱਲਾ ਨਹੀਂ ਸੀ ਸਗੋਂ ਉਹਦੇ ਨਾਲ ਸੱਚ ਨੂੰ ਭਾਲਣ ਵਾਲਿਆਂ ਦੀ ਇਕ ਪੂਰੀ ਢਾਣੀ ਸੀ ਜੋ ਬੀਹੇ ਦੀ ਬੂਹੇ-ਬੂਹੇ ਜਾ ਕੇ ਕੁੰਡੀ ਖੜਕਾਉਂਦੇ ਤੇ ਭਿੱਖਿਆ ਵਿਚ ਜੋ ਕੁਝ ਵੀ ਮਿਲਦਾ ਉਹਨੂੰ ਰਲ਼ ਕੇ ਖਾ ਲੈਂਦੇ। ਉਹ ਸਾਰੇ ਇਕੋ ਜਿਹੇ ਸਨ। ਨੰਗੇ ਸਿਰ, ਨੰਗੇ ਪੈਰ ਤੇ ਥੋੜ੍ਹੇ ਜਿਹੇ ਕੇਸਰੀ ਲੀੜਿਆਂ ਨਾਲ ਆਪਣੇ ਆਪਣੇ ਪਿੰਡੇ ਨੂੰ ਲੁਕਾਇਆ ਹੋਇਆ ਸੀ।''
ਮੈਂ ਗੌਤਮ ਨੂੰ ਪੁੱਛਿਆ, ''ਬਾਬਾ! ਤੂੰ ਚੰਮ ਦੀਆਂ ਜੁੱਤੀਆਂ ਦੀ ਥਾਂ ਲੱਕੜ ਦੀਆਂ ਖੜਾਵਾਂ ਕਿਉਂ ਪਾਈਆਂ ਹੋਈਆਂ ਨੇ? ਤੇਰੇ ਪੈਰ ਨਹੀਂ ਦੁੱਖਦੇ?'' ਉਹਦੇ ਸੁੱਕੇ ਹੋਏ ਬੁੱਲ੍ਹ ਕੰਬੇ ਅਤੇ ਇਕ ਨਰਮ ਜਿਹੀ ਆਵਾਜ਼ ਆਈ, ''ਖੜਾਵਾਂ ਪਾਉਣ ਦਾ ਕਾਰਨ ਇਹ ਏ ਕਿ ਇਹਨਾਂ ਦੀ ਆਵਾਜ਼ ਸੁਣ ਕੇ ਕੀੜੇ-ਕੀੜੀਆਂ ਤੇ ਸੱਪ-ਠੂੰਹੇਂ ਇੱਧਰ-ਉਧਰ ਹੋ ਜਾਣ ਤੇ ਮੇਰੇ ਪੈਰਾਂ ਹੇਠ ਆ ਕੇ ਮਰਨ ਤੋਂ ਬਚ ਜਾਣ।''
''ਤੁਹਾਡੇ ਮੂੰਹ ਉਤੇ ਦੁੱਖ ਤੇ ਥਕੇਵਾਂ ਕਾਹਦਾ ਏ?'' ਮੈਂ ਪੁੱਛਿਆ।
''ਦੁਨੀਆਂ ਦੁੱਖਾਂ ਦਾ ਘਰ ਏ। ਇੱਥੇ ਕੌਣ ਹੈ ਜੋ ਸੁਖੀ ਏ। ਸਿਰਫ਼ ਉਹੀ ਸੁਖੀ ਏ ਜਿਸਦੇ ਅਮਲ ਚੰਗੇ ਹਨ ਜੋ ਦੁਨੀਆਂ ਨੂੰ ਦੁੱਖ ਨਹੀਂ ਦੇਂਦੇ। ਮੈਂ ਗਵਾਂਢ ਦੀ ਰਿਆਸਤ ਨੂੰ ਜਾ ਰਿਹਾਂ। ਸੁਣਿਆ ਏ ਉਥੇ ਦੇ ਵਾਸੀ ਦੁੱਖ, ਭੁੱਖ ਤੇ ਬੀਮਾਰੀਆਂ ਵਿਚ ਫਸੇ ਹੋਏ ਨੇ।''
ਤੇ ਉਹ ਅਮਨ, ਸੁੱਖ ਤੇ ਚੈਨ ਦਾ ਸੁਨੇਹਾ ਲੈ ਕੇ ਗਵਾਂਢੀ ਰਿਆਸਤ ਵੱਲ ਵਧਿਆ। ਉਹਨੇ ਵੇਖਿਆ ਰਿਆਸਤ ਦੇ ਹਰ ਵਾਸੀ ਨੇ ਆਪਣੇ ਗ਼ਲ ਵਿਚ ਹਾਰਾਂ ਤੇ ਕਿਤਾਬਾਂ ਦੀ ਥਾਂ ਲੋਹੇ ਦੇ ਕੜੇ ਜਿਹੇ ਪਾਏ ਹੋਏ ਨੇ ਜਿਹਨਾਂ ਨੂੰ ਉਹ ਸੰਕੂਕ ਦਾ ਨਾਂ ਦੇਂਦੇ ਸਨ।  ਹਰ ਪਾਸਿਓਂ ਬਾਰੂਦ ਦੀ ਬਦਬੂ ਤੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਲੋਕੀ ਦੁੱਖ ਤੇ ਭੁੱਖ ਦੇ ਮਾਰੇ ਹਾਏ-ਹਾਏ ਕਰ ਰਹੇ ਸਨ। ਪਹਿਲੇ ਦੂਜੇ ਦੇਸ਼ਾਂ ਵੱਲ ਨੱਸ ਗਏ ਸਨ। ਬਾਕੀ ਮਰ ਗਏ ਸਨ। ਜੋ ਜ਼ਿੰਦਾ ਸਨ ਉਹ ਮਰਿਆਂ ਨਾਲੋਂ ਵੀ ਭੈੜੀ ਹਾਲਤ ਵਿਚ ਸਨ। ਨਿੱਤ ਨਿੱਤ ਦੀ ਲੜਾਈ ਨੇ ਕਿਸੇ ਦੀ ਲੱਤ, ਕਿਸੇ ਦੀ ਅੱਖ, ਕਿਸੇ ਦਾ ਹੱਥ ਵੰਜਾਹ ਛੱਡਿਆ ਸੀ।
ਗੌਤਮ ਨੇ ਰਾਹ ਜਾਂਦੇ ਇਕ ਬੰਦੇ ਨੂੰ ਪੁੱਛਿਆ, ''ਭਾਈ ਕੀਹ ਗੱਲ ਏ ਤੁਹਾਡੀ ਰਿਆਸਤ ਵਿਚ ਏਡੀ ਵਿਰਾਨੀ ਕਾਹਨੂੂੰ ਏ? ਕੋਈ ਬੱਚਾ, ਕੋਈ ਤੀਵੀਂ, ਕੋਈ ਜਵਾਨ ਨਜ਼ਰ ਨਹੀਂ ਆਉਂਦਾ। ਜੇ ਕੋਈ ਹੈ ਵੀ ਤਾਂ ਉਹ ਨਾ ਹੋਇਆਂ ਵਰਗਾ ਲੱਗਦਾ ਏ। ਨਾਲੇ ਤੁਸੀਂ ਇਕ ਦੂਜੇ ਨਾਲ ਕਿਉਂ ਲੜਦੇ ਓ? ਲੜਨਾ ਭਿੜਣਾ ਬੰਦ ਕਰੋ; ਤੁਸੀਂ ਦੁੱਖਾਂ ਦਰਦਾਂ, ਭੁੱਖਾਂ, ਬੀਮਾਰੀਆਂ ਨਾਲ ਕਿਉਂ ਨਹੀਂ ਲੜਦੇ?''
''ਇੰਜ ਲੱਗਦਾ ਏ ਜਿਵੇਂ ਤੂੰ ਸਾਡੀ ਰਿਆਸਤ ਵਿਚ ਪਹਿਲੀ ਵਾਰ ਵੜ੍ਹਿਆ ਏਂ! ਸ਼ਾਇਦ ਤੈਨੂੰ ਪਤਾ ਨਹੀਂ ਕਿ ਇੱਥੇ ਸਿਰਫ ਸਾਡੇ ਧਰਮ ਨੂੰ ਮੰਨਣ ਵਾਲੇ ਹੀ ਰਹਿ ਸਕਦੇ ਨੇ। ਮੈਨੂੰ ਲੱਗਦਾ ਏ ਤੂੰ ਕਿਸੇ ਹੋਰ ਧਰਮ ਦਾ ਬੰਦਾ ਏਂ?''
''ਨਾ ਮੇਰਾ ਕੋਈ ਧਰਮ ਏ ਤੇ ਨਾ ਈ ਮੈਂ ਕਿਸੇ ਧਰਮ ਦੇ ਵਿਰੁੱਧ ਆਂ। ਸਾਰੇ ਧਰਮ ਨੇਕੀ ਦਾ ਪੈਗਾਮ ਦਿੰਦੇ ਨੇ। ਮੈਂ ਤੇ ਬੰਦੇ ਦੀ ਜ਼ਿੰਦਗੀ ਨੂੰ ਸਿਰਫ਼ ਚਾਰ ਚੀਜ਼ਾਂ ਵਿਚ ਵੰਡਿਆ ਏ। ਭੁੱਖ, ਬੁਢਾਪਾ, ਬੀਮਾਰੀ ਤੇ ਮੌਤ। ਇਸ ਤੋਂ ਵੱਧ ਕੇ ਬੰਦਾ ਹੋਰ ਕੁੱਝ ਨਹੀਂ। ਜਿਹਨੇ ਇਹਨਾਂ ਚਾਰਾਂ ਨੂੰ ਪਾ ਲਿਆ, ਸੱਚ ਤੋਂ ਵੱਡੀ ਸ਼ੈਅ ਹੋਰ ਕੀ ਹੋ ਸਕਦੀ ਏ।'' ਏਨਾਂ ਸੁਣਿਆ ਸੀ ਕਿ ਉਸ ਬੰਦੇ ਨੇ ਰੌਲਾ ਪਾ ਦਿੱਤਾ ਤੇ ਵੇਖਦਿਆਂ ਈ ਵੇਖਦਿਆਂ ਉਹਦੇ ਵਰਗੇ ਚੋਖੇ ਸਾਰੇ ਬੰਦੇ ਕੱਠੇ ਹੋ ਗਏ।
ਇਕ ਦੂਸਰੀ ਢਾਣੀ ਨੇ ਪੁੱਛਿਆ, ਕੀਹ ਗੱਲ ਏ? ਭਗਵੇਂ ਕੱਪੜਿਆਂ ਵਾਲਾ ਸਾਧੂ ਕੌਣ ਏ ਤੇ ਤੁਸੀਂ ਸਾਰੇ ਇਹਦੇ ਪਿੱਛੇ ਕਿਉਂ ਪਏ ਓ?''
''ਨਾਲ ਦੀ ਰਿਆਸਤ ਦਾ ਕੋਈ ਜੋਗੀ ਸਾਡੀ ਬੁੱਧੀ ਨੂੰ ਖਰਾਬ ਕਰਨ ਲਈ ਸੋਹਣੀਆਂ ਅਕਲੀ ਬਾਂਦਰ-ਬਾਂਦਰੀਆਂ ਵਿਖਾ ਕੇ ਸਾਨੂੰ ਬੇਖ਼ੌਫ਼ ਬਣਾਉਣ ਡੇਹਾ ਏ।''
''ਇਹਨੂੰ ਛੱਡ ਦਿਓ। ਇਹਨੇ ਕੋਈ ਵੀ ਮਾੜੀ ਗੱਲ ਮੂੰਹੋਂ ਨਹੀਂ ਕੱਢੀ, ਇਹ ਠੀਕ ਕਹਿੰਦਾ ਏ।'' ਇਕ ਬੰਦੇ ਨੇ ਆਖਿਆ।
''ਤੂੰ ਸਾਡੇ ਧਰਮ ਦਾ ਹੋ ਕੇ ਸਾਨੂੰ ਕੁਰਾਹੇ ਪਾ ਰਿਹਾ ਏਂ?'' ਵਿਚੋਂ ਇਕ ਹੋਰ ਬੋਲਿਆ।
''ਗੱਲ ਧਰਮ ਦੀ ਨਹੀਂ, ਸੱਚ ਦੀ ਸਿੱਖਿਆ ਦਿੰਦੇ ਆਏ ਨੇ।'' ਉਹਨੇ ਆਖਿਆ ਪਰ ਉਸ ਦੀ ਗੱਲ ਕਿਸੇ ਨਾ ਸੁਣੀ ਤੇ ਸਾਰੇ ਗ਼ੌਤਮ ਨੂੰ ਧਰੂੰਦਿਆਂ ਇਕ ਵੱਡੀ ਪਹਾੜੀ ਦੇ ਲਾਗੇ ਲੈ ਗਏ। ਫੇਰ ਇਕ ਜ਼ੋਰ ਦਾ ਧਮਾਕਾ ਹੋਇਆ ਤੇ ਜਦੋਂ ਧੂੜ ਬੈਠੀ ਤਾਂ ਪਹਾੜ ਦੇ ਚਾਰੇ ਪਾਸੇ ਗੌਤਮ ਦੇ ਹੱਥ ਖਿੱਲਰੇ ਹੋਏ ਸਨ।
ਹਾਲੀ ਤਿੰਨ ਦਿਨ ਪਹਿਲਾਂ ਤੀਕਰ ਉਹ ਜੋਗੀ ਰਾਜਕੁਮਾਰ ਜਿਉਂਦਾ ਜਾਗਦਾ ਸੀ। ਉਹਦੇ ਮੂੰਹ ਤੇ ਸੱਚ ਦਾ ਨੂਰ ਲਸ਼-ਲਸ਼ ਪਿਆ ਕਰਦਾ ਸੀ। ਗੌਤਮ, ਜਿਹਨੂੰ ਭੁੱਖ, ਇਕਲਾਪਾ ਤੇ ਵੀਰਾਨੀ ਦੇ ਨਾਲ ਨਾਲ ਸਦੀਆਂ ਦੇ ਹਨ੍ਹੇਰੇ ਵਿਚ ਡੁੱਬੀ ਤਾਰੀਖ਼ ਵੀ ਕਤਲ ਨਾ ਕਰ ਸਕੀ, ਗਵਾਂਢੀ ਰਿਆਸਤ ਦੇ ਕੁੱਝ ਬੰਦਿਆਂ ਹੱਥੋਂ ਕਤਲ ਹੋ ਗਿਆ।
ਸੁਣਿਆ ਏ ਉਸ ਰਿਆਸਤ ਵਿਚ ਅਮਨ ਤੇ ਭੁੱਖ ਚੈਨ ਦੀਆਂ ਨਿਸ਼ਾਨੀਆਂ ਇਨਸਾਨੀਅਤ ਦਾ ਇਤਬਾਰ ਬਣਿਆ ਸੀ। ਹੁਣ ਉਹਨਾਂ ਬਦਨਸੀਬਾਂ ਤੇ ਕੋਈ ਕੀਹ ਇਤਬਾਰ ਕਰੇਗਾ ਜੋ ਨੇਕ ਬੰਦਿਆਂ ਦੇ ਕਤਲ ਨੂੰ ਵੀ ਸ਼ਵਾਬ ਦਾ ਨਾਂ ਦੇਂਦੇ ਪਏ ਨੇ।




ਕਵਿਤਾ
ਬੇਦਾਵਾ
- ਮੰਗਤ ਰਾਮ ਪਾਸਲਾ
 

ਭਰਤੀ ਹੋਣ ਲਈ
ਮਿੱਤਰਾਂ ਨੂੰ ਛੱਡ ਆਇਆਂ ਸਾਂ।
ਰੋਂਦਾ ਨਹੀਂ ਦੇਖ ਹੁੰਦਾ ਸੀ ਬਾਪ,
ਮਾਂ ਦੀਆਂ ਅੱਖਾਂ 'ਚ ਵਗਦੇ ਪਾਣੀ ਦੀ ਝੀਲ ਨੂੰ ਪਾਰ ਕਰਕੇ,
ਸਰਹੱਦਾਂ 'ਤੇ
ਆ ਪਹੁੰਚਾ ਸਾਂ ਮਰਨ ਖ਼ਾਤਰ।
ਤਾਂ ਕਿ ਸਾਡੇ ਲੋਕ ਜਿਉਂਦੇ ਰਹਿਣ।
ਮੈਂ ਆਪਣੇ ਪਿੰਡ ਦੇ ਮੁੰਡੇ, ਕੁੜੀਆਂ, ਬੁਢਿਆਂ
ਤੇ ਦਿਹਾੜੀਦਾਰਾਂ ਨੂੰ
ਦੱਸ ਆਇਆਂ ਸਾਂ।
ਹੁਣ ਤੁਸੀਂ ਭੁੱਖੇ ਨਹੀਂ ਮਰੋਗੇ।
ਬੇਕਾਰੀ ਭੱਜ ਜਾਏਗੀ।
ਬੱਚੇ ਪੜ੍ਹਨਗੇ।
ਡਾਕਟਰ ਰੋਗੀ ਲੱਭਦੇ ਫਿਰਨਗੇ!
ਦੁਸ਼ਮਣ ਸੰਗ ਦੋ ਦੋ ਹੱਥ ਕਰਨ ਤੋਂ ਪਿੱਛੋਂ,
'ਅੱਤਵਾਦ' ਦਾ ਭੁਤ ਦਫਨ ਕਰਨ ਮਗਰੋਂ,
ਸਭ ਕੁੱਝ ਠੀਕ ਹੋਵੇਗਾ।

ਤੁਸੀਂ ਵੀ ਤਾਂ ਇਹੋ ਇਕਰਾਰ ਕੀਤਾ ਸੀ ਮੇਰੇ ਨਾਲ,
ਭਰਤੀ ਕਰਨ ਵੇਲੇ।
ਸਮਾਂ ਆਉਣ ਤੇ ਮੈਂ ਲੜਿਆ,
ਭਿੜਿਆ,
ਜੂਝਿਆ, ਪਰ ਅੰਤ ਨੂੂੰ ਮਰਿਆ।
ਕਈਆਂ ਨੂੂੰ ਮਾਰ ਕੇ।

ਮੇਰੀ ਚਿਖਾ ਦੀ ਸੁਆਹ ਠੰਡੀ ਹੋਣ ਤੋਂ ਵੀ ਪਹਿਲਾਂ,
ਤੁਸੀਂ ਖੂਬ ਹੱਸੇ,
ਫੁਲਝੜੀਆਂ, ਪਟਾਖੇ ਚਲਾਏ।
ਮੇਰੇ ਮਰਨ 'ਤੇ ਕੀਰਨੇ ਪਾਉਣ ਦੀ ਥਾਂ
'ਸ਼ਹਿਨਸ਼ਾਹ' ਦੇ ਫਿਲਮੀ ਡਾਇਲਾਗ ਸੁਣੇ।
ਮੈਂ ਖੁਸ਼ ਹਾਂ ਆਪਣਾ ਇਕਰਾਰ ਪੂਰਾ ਕਰਕੇ।
ਪਰ ਅਫਸੋਸ
ਤੁਸੀਂ ਕੋਈ ਵਾਇਦਾ ਵੀ ਵਫਾ ਨਹੀਂ ਕੀਤਾ।
ਨਾ ਕੰਮ, ਨਾ ਦੰਮ,
ਨਾ ਸਿਰ ਢਕਣ ਜੋਗਾ ਕੋਠੜਾ।
ਸਭ ਕੁਝ ਭੁਲ ਗਏ ਹੋ।
ਜਸ਼ਨਾਂ ਵਿਚ ਡੁਲ੍ਹ ਗਏ ਹੋ।

ਮੇਰੇ ਯਾਰ ਕਿੰਨੇ ਪੀਲੇ ਹੋ ਗਏ?
ਚਿੱਟਾ ਪੀਂਦਿਆਂ, ਹੌਕੇ ਭਰਦਿਆਂ।
ਵਾਇਦਾ ਪੂਰਾ ਨਾ ਕਰਨਾ
ਅਕਿਰਤਘਣਤਾ ਹੈ,
ਮੈਂ ਮਰ ਕੇ ਵੀ ਆਖਾਂਗਾ।

ਹੁਣ ਮੇਰੇ ਤੋਂ ਅਗਲਾ ਸਿਪਾਹੀ
ਸੌ ਵਾਰ ਸੋਚੇਗਾ।
ਪਿਓ ਦੀਆਂ ਲੇਰਾਂ
ਮਾਂ ਦੇ ਹੌਕੇ,
ਭੈਣ ਦੇ ਤਰਲੇ ਦੇਖਕੇ
ਲੜਨ ਤੋਂ ਪਹਿਲਾਂ।
ਆਪਣੀ ਜਾਤ, ਗੋਤ, ਕੁਣਬੇ
ਤੇ ਇਤਿਹਾਸ ਨੂੰ ਸਮਝੇਗਾ।
ਨਫੇ ਤੇ ਨੁਕਸਾਨ ਨੂੰ ਜਾਣੇਗਾ।
ਉਹ ਲੜੇਗਾ
ਬਾਪ ਸਿਰੋਂ ਕਰਜ਼ਾ ਉਤਾਰਨ ਲਈ,
ਬੱਚੇ ਪੜ੍ਹਾਉਣ ਲਈ,
ਬਿਮਾਰ ਪੁੱਤ ਨੂੂੰ ਬਚਾਉਣ ਲਈ,
ਭੈਣ ਦੇ ਬਾਂਹੀਂ ਲਾਲ ਚੂੜਾ ਚੜ੍ਹਾਉਣ ਲਈ।

ਤੁਸਾਂ ਦੀ ਝੂਠੀ ਆਰਤੀ,
ਦਿਲ ਨੂੰ ਧਰਵਾਸ ਨਹੀਂ ਦੇਂਦੀ
ਨਕਲੀ ਤਮਗਿਆਂ ਤੇ ਅਕਿਰਤਘਣ ਹੱਥਾਂ ਤੋਂ
ਕੁਝ ਲੈਣ ਦੀ ਥਾਂ,
ਲੜਨਾ ਤੇ ਮਰਨਾ ਚਾਹਾਂਗੇ
ਆਪਣੇ ਲੋਕਾਂ ਲਈ।
ਦੁਸ਼ਮਣ ਨੂੰ ਪਹਿਚਾਣਾਂਗੇ
ਹਾਲਾਤ ਦੀ ਬੇਰਹਿਮੀ ਨੂੰ ਟਕਰਾਂਗੇ।
ਸਮੁੰਦਰੋਂ ਪਾਰ ਬੈਠੇ ਸ਼ਾਤਰ ਲੂੰਬੜ ਦੀ ਚਾਲ ਨੂੰ ਸਮਝਾਂਗੇ।
ਆਪਣੀ ਧਰਤ ਦੇ ਲੋਕਾਂ ਦੀ ਰਾਖੀ ਕਰਾਂਗੇ,
ਮੁਆਫ ਕਰਨਾ!
ਇਨ੍ਹਾਂ ਬੋਲਾਂ ਨੂੰ ਸਾਡਾ 'ਬੇਦਾਵਾ' ਸਮਝ ਲੈਣਾ।



ਗ਼ਜਲ
 ਸਰਵਨ ਰਾਹੀ
 

ਅੱਜ ਨਾ ਚੰਚਲ ਗੱਲਾਂ ਭਾਵਣ ਭੁੱਖੇ ਢਿੱਡ ਨੂੰ ਪਿਆਰ ਦੀਆਂ।
ਅੱਜ ਤਾਂ ਜੋਬਨ ਵਾਂਗੂੰ ਚੜ੍ਹੀਆਂ ਪੰਡਾਂ ਸਿਰੀਂ ਉਧਾਰ ਦੀਆਂ।
ਖ਼ਾਲੀ ਜੇਬਾਂ ਸੱਖਣੇ ਹੱਥ ਨੇ ਕੰਮ ਧੰਦਾ ਕੋਈ ਮਿਲਦਾ ਨਹੀਂ,
ਲਹੂ ਪੀਣੀਆਂ ਨੀਤੀਆਂ ਵੇਖੋ ਜੀਵਨ ਨੂੰ ਕਿੰਜ ਖਾਰਦੀਆਂ।
ਮੇਰੇ ਘਰਦੀ ਸ਼ੋਖ ਚਾਨਣੀ ਆਟੇ ਦੇ ਲਈ ਤਰਸ ਰਹੀ,
ਕੂਲੀਆਂ ਕੂਲੀਆਂ ਰਿਸ਼ਮਾਂ ਜਾਪਣ ਪੀਲੀਆਂ ਭੂਕ ਬਹਾਰ ਦੀਆਂ।
ਲੱਕ ਤੋੜਵੀਂ ਮਹਿੰਗਾਈ ਨੇ ਮਿੱਟੀ ਵਿਚ ਮਿਲਾਇਆ ਹੈ,
ਲਹੂ ਪਸੀਨਾ ਡੋਹਲ ਕੇ ਲੋੜਾਂ ਪੂਰਾਂ ਨਾ ਪਰਵਾਰ ਦੀਆਂ।
ਲਾਸ਼ਾਂ ਵਾਂਗੂੰ ਫਿਰਦੇ ਲੋਕੀਂ ਬੋਝਲ ਬੋਝਲ ਨਗਰੀ ਵਿਚ,
ਹਰ ਬੂਹੇ ਤੇ ਦਸਤਕ ਦਿੰਦੀਆਂ ਚੀਕਾਂ 'ਵਾਜਾਂ ਮਾਰਦੀਆਂ।
ਦੇਸ਼ ਮੇਰੇ ਦੇ ਕੁਝ ਧਨਵਾਨਾਂ ਦੇਸ਼ ਮੇਰਾ ਹੱਥਿਆਇਆ ਹੈ,
ਜਿਨ੍ਹਾਂ ਲਹੂ ਲੁਹਾਨ ਕੀਤੀਆਂ ਮਹਿਕਾਂ ਇਸ ਗੁਲਜ਼ਾਰ ਦੀਆਂ।
ਜਿਉਂਦੇ ਅਤੇ ਜਾਗਦੇ 'ਰਾਹੀ' ਜ਼ੁਲਮ ਜਬਰ ਪਏ ਸਹਿੰਦੇ ਹਾਂ।
ਰੰਜੋ ਗ਼ਮ ਵਿਚ ਡੁੱਬ ਗਈਆਂ ਨੇ ਖੁਸ਼ੀਆਂ ਸਭ ਸੰਸਾਰ ਦੀਆਂ।



ਕਵਿਤਾ
ਚਿੱਟਾ ਜ਼ਹਿਰ
- ਸ਼ਿਵਨਾਥ
 

ਇਹ ਚਿੱਟਾ ਜ਼ਹਿਰ ਕੀ ਕਰਦੈ ਅਸਰ
ਬੰਦਿਆਂ ਦੀ ਸ਼ਕਤੀ 'ਤੇ
ਇਹ ਸੁਣਿਆਂ ਤਾਂ ਸੀ ਕਈ ਵਾਰੀ
ਮਗਰ ਨਹੀਂ ਸੀ ਕਦੇ ਵੀ ਵੇਖਿਆ
ਮੈਂ ਨਾਲ ਅੱਖਾਂ ਦੇ।

    ਮੇਰੇ ਅੱਗੇ ਸੀ ਬੈਠਾ ਭੀੜ ਵਿਚ
    ਪੰਜਾਬ ਦਾ ਗੱਭਰੂ
    ਪਰ ਉਸ ਅੰਦਰ ਕੀ ਛੱਡਿਆ ਸੀ
    ਨਸ਼ੇ ਨੇ ਗੱਭਰੂਆਂ ਵਰਗਾ?

ਉਹਦੇ ਅੱਖਾਂ ਵੀ ਸਨ,
ਅੱਖਾਂ 'ਚ ਪਰ ਨਾ ਚਮਕ ਸੀ,
ਨਾ ਆਬ ਸੀ ਅੱਖਾਂ ਜਿਹੀ ਉਕਾ!
ਮਗਰ ਮੂੰਹ ਸਹੀ-ਸਲਾਮਤ ਸੀ
ਜੋ ਕੁਝ ਪੁੱਛਣ ਤੇ ਇਕ ਵੀ ਸ਼ਬਦ
ਮੂੰਹੋਂ ਬੋਲ ਨਾ ਸੱਕਿਆ
ਤੇ ਨਾ ਸੰਕੇਤ ਕਰ ਸੱਕਿਆ
ਕਿਸੇ ਵੀ ਕਿਸਮ ਦਾ ਸਾਨੂੰ।

    ਉਹ ਸਭ ਕੁਝ ਵੇਖਦਾ ਹੋਇਆ ਵੀ
    ਸਭ ਨੂੰ ਇਸ ਤਰ੍ਹਾਂ ਝਾਕੇ
    ਜਿਵੇਂ ਉਸਨੂੰ ਅਜੇ ਤੀਕਰ ਵੀ
    ਇਹ ਸੋਝੀ ਨਹੀਂ ਆਈ
    ਕਿ ਇੰਨੇ ਲੋਕ ਕਿਉਂ ਅੱਜ
    ਉਸਨੂੰ ਇੱਥੇ ਘੇਰੀ ਬੈਠੇ ਨੇ।

ਬੜੀ ਬੇ-ਵੱਸ ਹੋ ਕੇ ਰਹਿ ਗਈ
ਪੁਲਸ ਵੀ ਸਾਡੀ,
ਇਹ ਉਸਦੇ ਸਾਹਮਣੇ ਭਾਵੇਂ ਸੀ
ਇਕ ਤਫ਼ਤੀਸ਼ ਦਾ ਮਸਲਾ ਕਿ
ਕਿਥੋਂ ਮਿਲ ਰਹੀ ਏ 'ਪੰਜ ਰਤਨੀ'
ਇਹ ਜਵਾਨਾਂ ਨੂੰ?
ਜੋ ਢਾਹ ਅੱਜ ਲਾ ਰਹੀ ਏ ਦੇਸ਼ ਦੀ
ਸਮਰੱਥ ਸ਼ਕਤੀ ਨੂੰ।

    ਮਗਰ ਉਹ ਚੁੱਪ ਸੀ! -ਖਾਮੋਸ਼ ਸੀ
    ਉਸ ਗੇੜ ਵਿਚ ਆ ਕੇ
    ਜਿਦ੍ਹੇ ਵਿਚ ਉਸ ਲਈ ਕੁਝ ਆਖਣਾ
    ਸੰਭਵ ਨਹੀਂ ਸ਼ਾਇਦ।

ਮਿਲੇ ਨੰਬਰ,
ਫਟਾ ਫੱਟ ਆ ਗਈ ਗੱਡੀ
ਜੋ ਉਸਨੂੰ ਲੈ ਕੇ ਜਾਏਗੀ
ਪਲਾਂ ਅੰਦਰ ਸ਼ਫ਼ਾਖ਼ਾਨੇ।


 

ਉਹ ਕੁਝ ਵੀ ਕਰ ਸਕਦੇ ਨੇ
- ਗੁਰਭਜਨ ਗਿੱਲ
 

ਉਹ ਕੁਝ ਵੀ ਕਰ ਸਕਦੇ ਹਨ
ਰਾਂਝੇ ਦੀ ਵੰਝਲੀ ਤੋਂ ਲੈ ਕੇ
ਕਨੱਈਆ ਦੀ
ਬੋਲਦੀ ਬੰਸਰੀ ਤੋੜਨ ਤੀਕ ।
    ਮੇਰੀਆਂ ਹੇਕਾਂ ਨੂੰ
    ਕੰਠ ਵਿੱਚ ਹੀ ਦਫ਼ਨਾਉਣ ਤੋਂ ਲੈ ਕੇ
    ਸਾਹਾਂ ਨੂੰ ਕਸ਼ੀਦਣ ਤੀਕ ।
    ਖਿਝੇ ਹੋਏ ਹਨ
    ਕੁਝ ਵੀ ਕਰ ਸਕਦੇ ਹਨ ।
ਜਨੂੰਨ ਦੇ ਬੁਖ਼ਾਰ ਵਿੱਚ
ਇਨਸਾਫ਼ ਦੀ ਤੱਕੜੀ ਤੋੜ ਕੇ
ਛਾਬੇ ਮੂਧੇ ਮੂੰਹ ਪਾ ਸਕਦੇ ਹਨ ।
ਕਚਿਹਰੀਆਂ 'ਚ
ਤਰੀਕ  ਭੁਗਤਣ ਆਈ ਦਰੋਪਦੀ ਦਾ
ਚੀਰ ਹਰਣ ਕਰ ਸਕਦੇ ਹਨ ।
    ਇਹ ਨਾ ਕੌਰਵ ਹਨ
    ਨਾ ਹੀ ਪਾਂਡਵ
    ਇਹ ਤਾਂਡਵ ਪੰਥੀ ਤਮਾਸ਼ਬੀਨ ਹਨ ।
    ਚਿੜੀਆਂ ਦੀ ਮੌਤ ਤੇ ਗੰਵਾਰਾਂ ਵਾਂਗ
    ਹੱਸਦੇ ਹੱਸਦੇ
    ਇਹ ਕੁਝ ਵੀ ਕਰ ਸਕਦੇ ਹਨ ।
ਕਿਸ ਦੇ ਵਕੀਲ ਹਨ ਇਹ
ਜੋ  ਨਾ ਦਲੀਲ ਸੁਣਦੇ ਹਨ
ਨਾ ਅਪੀਲ ਵਾਚਦੇ ਨੇ ।
    ਨਵੀਂ ਨਸਲ ਦੇ ਮਹਾਂਬਲੀ
    ਕਿਹੜੀ ਬੋਲੀ ਬੋਲਦੇ ਹਨ ।
    ਜੋ ਸਾਨੂੰ ਵੀ ਸਿਖਾਉਂਣਾ ਚਾਹੁੰਦੇ ਹਨ ।
    ਤੀਰ ਤਲਵਾਰ ਹਥਿਆਰ
    ਮੂੰਹ ਵਿੱਚ ਅਗਨ
    ਹਰ ਪਲ ਇੱਕੋ ਲਗਨ
    ਇਹ ਮੰਨਵਾਉਣ ਦੀ ਜ਼ਿਦ ਕਰਦੇ ।
    ਕਿ
    ਇਹ ਆਰੀਆਵ੍ਰਤ ਸਾਡਾ ਹੈ ।
    ਭਾਰਤ ਦੇਸ਼ ਹਮਾਰਾ ।
    ਬੀਜ ਰਹੇ ਨੇ ਬੇਗਾਨਗੀ ਦੀ ਫ਼ਸਲ ।
    ਭੁੱਲ ਗਏ ਨੇ
    ਬੜੀ ਔਖੀ ਹੈ ਕੱਟਣੀ
    ਬੇ ਵਿਸਾਹੀ ਦੀ ਫ਼ਸਲ ।
ਜੇ ਇਹ ਵਤਨ ਸਿਰਫ਼ ਇਨ੍ਹਾਂ ਦਾ ਹੈ
ਤਾਂ ਫੇਰ ਸਾਡਾ ਕਿਹੜਾ ਹੈ ?
ਜਿੱਥੇ
ਕਿਛੁ ਸੁਣੀਏ ਕਿਛੁ ਕਹੀਏ
ਦੀ ਧੁਨ ਸੁਣੇ ।
ਮਰਦਾਨੇ ਦੀ  ਰਬਾਬ ਨਾਲ
ਮੇਰਾ ਬਾਪੂ ਗਾਵੇ ।
ਗਗਨ ਮਹਿ ਥਾਲ
ਰਵਿ ਚੰਦ ਦੀਪਕ ਬਣੇ,
ਤਾਰਿਕਾ ਮੰਡਲ  ਜਨਕ ਮੋਤੀ ।
    ਮਾਣਕ ਮੋਤੀ ਖਿਲਾਰਦੇ
    ਖ੍ਵਾਬ ਉਡਾਰੀਆਂ ਮਾਰਦੇ ।
    ਵਿਰੋਧ ਦੀ ਭਾਸ਼ਾ ਨੂੰ
    ਮੁੱਕੀਆਂ ਵਾਂਗ ਉਲਾਰਦੇ ।
ਕਿਸ ਦੀ ਬੋਲੀ ਬੋਲਦੇ ਨੇ
ਇਹ ਨਵੇਂ ਨਕੋਰ ਖ਼ੁਦ ਸਾਖ਼ਤਾ ਯੋਧੇ ।
ਧਰਤੀ ਦੇ ਸਾਈਂ ਬਣ ਬੈਠੇ ਨੇ ।
ਜੋ ਇਹੀ ਅਲਾਪਦੇ ਨੇ ।
ਜੋ ਕਹੀਏ ਸੋ ਖਾਓ
ਜੋ ਕਹੀਏ ਸੋ ਪਾਓ ।
    ਇਹ ਦਸਤਾਰਾਂ ਤੋਂ ਤੁਰਨਗੇ ।
    ਸਲਵਾਰਾਂ ਤੇ ਪਹੁੰਚਣਗੇ ।
    ਤਕਰਾਰਾਂ ਤੋਂ ਤੁਰਦੇ ਤੁਰਦੇ
    ਇਹ ਸਾਨੂੰ
    ਹਥਿਆਰਾਂ ਤੀਕ ਲੈ ਜਾਣਗੇ ।
ਸ਼ਾਸਤਰ ਦੀ ਲੜਾਈ ਲੜਦਿਆਂ ਨੂੰ
ਸ਼ਸਤਰ ਦੀ ਭਾਸ਼ਾ ਸਿਖਾਉਣਗੇ ।
ਬਾਰ ਬਾਰ ਆਉਣਗੇ, ਸਮਝਾਉਣਗੇ ।
ਤੁਸੀਂ ਖ਼ੜਗ ਭੁਜਾ ਹੋ ।
ਆਪ
ਅਕਲ ਭੁਜਾ ਬਣ ਬਣ ਵਿਖਾਉਣਗੇ ।
ਰਿਗ ਵੇਦ ਦੀ ਧਰਤੀ ਨੂੰ
ਲਿਖਿਆ ਲਿਖਾਇਆ
ਪੜ੍ਹਿਆ ਪੜ੍ਹਾਇਆ ਭੁਲਾਉਣਗੇ
ਗੁਰੂ ਗਰੰਥ ਵਾਲੀ ਪੰਥ ਭੂਮੀ ਨੂੰ
ਚਿੱਟੇ ਚਾਨਣੇ ਦਿਨ ਕੁਰਾਹੇ ਪਾਉਣਗੇ ।
    ਸਾਵਧਾਨ......
    ਇਹ ਕੁਰਸੀ ਲਈ
    ਕੁਝ ਵੀ ਕਰ ਸਕਦੇ ਨੇ ।
    ਮਰ ਨਹੀਂ ਮਾਰ ਸਕਦੇ ਨੇ ।
    ਡੋਬ ਕੇ ਅਸਥੀਆਂ ਤਾਰ ਸਕਦੇ ਨੇ
    ਕੁਝ ਵੀ ਕਰ ਸਕਦੇ ਨੇ।

No comments:

Post a Comment