Tuesday, 4 October 2016

ਲੋਕ ਮਸਲੇ : ਪਿਆਕੜਾਂ ਦੇ ਮੇਲੇ!

ਉਂਝ ਤਾਂ ਭਾਵੇਂ ਸਮੁੱਚਾ ਭਾਰਤ ਹੀ ਰਿਸ਼ੀਆਂ, ਮੁਨੀਆਂ, ਸੰਤਾਂ, ਪੀਰਾਂ, ਫਕੀਰਾਂ, ਭਗਤਾਂ ਅਤੇ ਤੇਤੀ ਕਰੋੜ ਦੇਵੀ/ਦੇਵਤਿਆਂ ਦੀ ਭੂਮੀ ਹੈ। ਪ੍ਰੰਤੂ ਪੰਜਾਬ ਤਾਂ ਵਸਦਾ ਹੀ ਗੁਰੂਆਂ ਦੇ ਨਾਂਅ 'ਤੇ ਹੈ। ਬਾਕੀ ਭਾਰਤ ਵਾਂਗ, ਪੰਜਾਬ ਦੀ ਧਰਤੀ 'ਤੇ ਵੀ ਸਾਰਾ ਸਾਲ ਹਜ਼ਾਰਾਂ ਮੇਲੇ ਲੱਗਦੇ ਹਨ ਜਿਵੇਂ ਧਾਰਮਿਕ ਮੇਲੇ, ਸਭਿਆਚਾਰਕ ਮੇਲੇ, ਵਪਾਰਕ ਮੇਲੇ, ਲੋਨ ਮੇਲੇ, ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਦੇ ਮੇਲੇ, ਰਾਜਨੀਤਕ ਮੇਲੇ, ਆਟਾ ਦਾਲ ਵੰਡਣ ਲਈ ਨੀਲੇ/ਲਾਲ ਪੀਲੇ ਕਾਰਡ ਵੰਡਣ ਦੇ ਮੇਲੇ, ਮਰੀਆ ਫਸਲਾਂ ਦਾ ਮੁਆਵਜ਼ਾ ਵੰਡਣ ਦੇ ਮੇਲੇ, ਮੜੀਆਂ, ਮਸਾਣੀਆਂ, ਮਾਤਾ ਰਾਣੀਆਂ ਦੇ ਮੇਲੇ, ਜਠੇਰਿਆਂ, ਵੱਡ ਵਡੇਰਿਆਂ ਅਤੇ ਸੰਤਾਂ ਦੇ ਡੇਰਿਆਂ ਦੇ ਮੇਲੇ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਵੀ ਮੇਲੇ ਲੱਗਦੇ ਹਨ। ਪ੍ਰੰਤੂ ਮੈਂ ਤੁਹਾਡੇ ਨਾਲ, ਹਰ ਰੋਜ ਸ਼ਰਾਬ ਦੇ ਠੇਕਿਆਂ ਮੂਹਰੇ ਲੱਗਦੇ ਪਿਆਕੜਾਂ ਦੇ ਮੇਲਿਆਂ ਤੋਂ ਵੀ ਹਟ ਕੇ ਇਕ ਵਿਲੱਖਣ ਕਿਸਮ ਦੇ ਮੇਲਿਆਂ ਦੀ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ, ਜਿਹੜੇ ਕਿ ਹੁਣ ਬਹੁਤ ਸਾਰੇ ਸਮਾਜਿਕ/ਅਰਧ ਧਾਰਮਿਕ ਮੇਲਿਆਂ ਦਾ ਹਿੱਸਾ ਹੀ ਬਣ ਗਏ ਹਨ। ਇਹ ਮੇਲੇ ਉਹ ਹਨ ਜਿਨ੍ਹਾਂ ਬਾਰੇ ਪਿਆਕੜਾਂ, ਸਮਗਲਰਾਂ, ਨਸ਼ਾ ਵੇਚਣ ਵਾਲਿਆਂ ਅਤੇ ਸ਼ਰਾਬ ਕੱਢਣ ਦਾ ਧੰਦਾ ਕਰਨ ਵਾਲਿਆਂ ਨੇ ਲਗਭਗ ਇਕੋ ਜਿਹੀਆਂ ਮਨਘੜਤ ਕਹਾਣੀਆਂ ਪ੍ਰਚੱਲਤ ਕੀਤੀਆਂ ਹੋਈਆਂ ਹਨ ਕਿ ਇਸ ਸਥਾਨ 'ਤੇ ਸ਼ਰਾਬ ਦਾ ਚੜ੍ਹਾਵਾ ਚੜ੍ਹਾਉਣ ਨਾਲ ਮੰਨਤਾਂ/ਸੁੱਖਾਂ ਪੂਰੀਆਂ ਹੋ ਜਾਂਦੀਆਂ ਹਨ। ਇਥੇ ਲੋਕਾਂ ਦੀਆਂ ਸੁੱਖਾਂ ਤਾਂ ਪਤਾ ਨਹੀਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ ਪਰ ਪਿਆਕੜਾਂ ਦੀ ਮੰਨਤ ਜ਼ਰੂਰ ਪੂਰੀ ਹੁੰਦੀ ਹੈ ਅਤੇ ਕਈ ਵਾਰ ਵੱਧ ਗੱਫਾ ਛੱਕਣ ਕਾਰਨ ਕਈ ਪਿਆਕੜਾਂ ਦੀ ਮੁਕਤੀ ਵੀ ਹੋ ਜਾਂਦੀ ਹੈ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਕਈ ਥਾਂਈ ਇਹ ਵਰਤਾਰਾ ਬਹੁਤ ਹੀ ਪੂਜਣਯੋਗ ਅਤੇ ਸਤਿਕਾਰਤ ਮਾਤਾ (ਕਾਲੀ ਮਾਤਾ) ਦੇ ਨਾਂਅ ਉਪਰ ਵਰਤਦਾ ਹੈ। ਪੰਜਾਬ ਵਿਚ ਅਜਿਹੀਆਂ ਅਨੇਕਾਂ ਥਾਵਾਂ ਹਨ ਜਿੱਥੇ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਨੱਕ ਹੇਠ ਸ਼ਰੇਆਮ ਸ਼ਰਾਬ ਅਤੇ ਨਸ਼ਿਆਂ ਦੇ ਲੰਗਰ ਲੱਗਦੇ ਹਨ ਅਤੇ ਭਗਤ ਜਨ ਸ਼ਰਧਾਵਸ ਖੁੱਲ੍ਹੇ ਗੱਫੇ ਛੱਕਦੇ ਹਨ।
ਅਜਿਹਾ ਹੀ ਵਰਤਾਰਾ, ਚਹਿਲ ਗੋਤ ਦੇ ਜੱਟਾਂ ਦੇ ਵੱਡੇ ਵਡੇਰੇ ''ਬਾਬਾ ਰਾਮ ਜੋਗੀ ਪੀਰ'', ਦੀ ਯਾਦ ਵਿਚ ਹਰ ਸਾਲ ਭਾਦੋਂ ਅਤੇ ਚੇਤ ਮਹੀਨੇ ਦੀ ਚਾਨਣੀ ਤੀਜ ਨੂੰ, ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ, ਪਿਛਲੇ 25-30 ਸਾਲ ਤੋਂ ਲਗਾਤਾਰ ਵਰਤਦਾ ਆ ਰਿਹਾ ਹੈ। ਇਹ ਮੇਲਾ ਅੱਜਕਲ ਬਹੁਤ ਭਰਦਾ ਹੈ, ਇਸਤੋਂ ਪਹਿਲਾਂ ਇਹ ਮੇਲਾ ਨਸ਼ਿਆਂ ਤੋਂ ਬਿਲਕੁਲ ਮੁਕਤ ਹੋਇਆ ਕਰਦਾ ਸੀ। ਕਿਉਂਕਿ ਇਸ ਸਥਾਨ ਤੇ ਚਹਿਲ ਗੋਤ ਦੇ ਜੱਟ ਹੀ ਨਹੀਂ ਸਗੋਂ ਇਸ ਖੇਤਰ ਦੇ ਸਭ ਜਾਤਾਂ/ਧਰਮਾਂ ਦੇ ਲੋਕ ਜੁੜਦੇ ਹੀ ਨਹੀਂ ਸਨ ਸਗੋਂ ਇੱਥੇ ਰਾਤ ਭਰ ਰਹਿਕੇ ਬਾਬੇ ਦੀ ਚੌਕੀ ਭਰਦੇ ਹੁੰਦੇ ਸਨ। ਚਹਿਲ ਤਾਂ ਹਰ ਨਵੇਂ ਵਿਆਹੇ ਜੋੜੇ ਨੂੰ ਮੱਥਾ ਟਿਕਾਉਣ ਸਮੇਤ ਪਰਵਾਰ ਆਉਂਦੇ ਸਨ ਅਤੇ ਹੁਣ ਵੀ ਆਉਂਦੇ ਹਨ। ਆਲੇ ਦੁਆਲੇ ਵਿਚ ਵਸੇ ਚਹਿਲ ਵੀ ਚੇਤ ਦੇ ਮੇਲੇ ਆਉਂਦੇ ਹਨ। ਕਿਉਂਕਿ ਇਹ ਮੇਲਾ ਸਾਡਾ ਆਪਣਾ ਹੈ ਜੋ ਜ਼ਿਲ੍ਹਾ ਮਾਨਸਾ ਦੇ ਪ੍ਰਸਿੱਧ ਅਤੇ ਚਹਿਲਾਂ ਦੇ ਸਭ ਤੋਂ ਪਹਿਲੇ ਮੋੜੀਗੱਡ ਰੱਲਾ, ਮਾਖਾ ਅਤੇ ਭੂਪਾਲ ਦੇ ਵਿਚਾਲੇ ਬਣੀ ਬੁਲੰਦ ਤੇ ਲੱਗਦਾ ਹੈ। ਇਸ ਲਈ ਅਸੀਂ  ਵੀ ਛੋਟੇ ਹੁੰਦਿਆਂ ਤੋਂ ਹੀ ਮੇਲੇ ਜਾਂਦੇ ਸੀ ਅਤੇ ਸ਼ਰਾਰਤੀ ਅਨਸਰਾਂ, ਭੂੰਡ ਆਸ਼ਕਾਂ ਅਤੇ ਸ਼ਰਾਬੀਆਂ (ਜੋ ਟਾਵੇਂ ਟੱਲੇ ਹੀ ਹੁੰਦੇ ਸਨ) ਦੀ ਪੁਲਿਸ ਵਲੋਂ ਹੁੰਦੀ ਸ਼ਤਰੌਲ ਵੀ ਦੇਖਦੇ ਹੁੰਦੇ ਸੀ। ਥੋੜੇ ਵੱਡੇ ਹੋ ਕੇ ਇੱਥੇ ਕਈ ਵਾਰ ਕਵੀਸ਼ਰੀ ਦੇ ਅਖਾੜੇ ਵੀ ਲਾਏ ਸੀ ਕਿਉਂਕਿ ਰਾਤ ਨੂੰ ਸਟੇਜ ਸੱਜਦੀ ਸੀ! ਕਿਸੇ ਦੀ ਮਜ਼ਾਲ ਨਹੀਂ ਸੀ ਕਿ ਚੂੰ ਵੀ ਕਰੇ।
ਪ੍ਰੰਤੂ ਸਮਾਂ ਬੀਤਦੇ ਬੀਤਦੇ, ਬੁਲੰਦ ਦੇ ਨਜ਼ਦੀਕ ਹੀ ਇਕ ਸੰਤ ਕੁੱਟੀਆ ਬਣਾਕੇ ਰਹਿਣ ਲੱਗ ਪਏ। ਜਾਪਦਾ ਹੈ ਕਿ ਸੰਤ ਪੰਜ ਰਤਨੀ ਦਾ ਸੇਵਨ ਵੀ ਜ਼ਰੂਰ ਕਰਦੇ ਹੋਣਗੇ। ਤਾਂ ਹੀ ਤਾਂ ਸੰਤਾਂ ਦੇ ਜਾਣ ਬਾਅਦ ਚੇਲਿਆਂ ਨੂੰ ਇਹ ਮਨਘੜਤ, ਮਨੋਤ ਮੰਨਵਾਉਣ ਦਾ ਬਹਾਨਾ ਮਿਲ ਗਿਆ ਕਿ ਬਾਬੇ ਹਰੀਦਾਸ ਦੀ ਸਮਾਧ 'ਤੇ ਸ਼ਰਾਬ ਦਾ ਚੜ੍ਹਾਵਾ ਚੜਾਉਣ ਨਾਲ ਸੁੱਖਾਂ ਪੂਰੀਆਂ ਹੁੰਦੀਆਂ ਹਨ। ਸਮਾਧ 'ਤੇ ਚੜ੍ਹੀ ਸ਼ਰਾਬ, ਪਿਆਕੜਾਂ ਨੂੰ ਮੁਫ਼ਤ ਵੰਡੀ ਜਾਂਦੀ ਹੈ (ਇਸਨੂੰ ਭੋਗ ਕਹਿੰਦੇ ਹਨ)।
ਇਹ ਚਿੰਤਾਜਨਕ ਵਰਤਾਰਾ ਇਥੋਂ ਤੱਕ ਵੱਧ ਗਿਆ ਹੈ ਕਿ ਇਸ ਵਾਰ 4 ਤੋਂ 6 ਸਤੰਬਰ ਤੱਕ ਚੱਲੇ ਮੇਲੇ ਸਮੇਂ ਇੰਜ ਜਾਪਦਾ ਸੀ ਕਿ ''ਮੇਲਾ ਬਾਬਾ ਰਾਮਜੋਗੀ ਪੀਰ ਦਾ'' ਨਹੀਂ ਸਗੋਂ ਹੁਣ ਹਰੀਦਾਸ ਦਾ ਲੱਗਦਾ ਹੈ! ਤਿੰਨੇ ਦਿਨ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਸ ਦੀ ਨੱਕ ਹੇਠ ਪਿਆਕੜਾਂ ਦੀਆਂ ਭਾਰੀ ਭੀੜਾਂ ਜੁੜਦੀਆਂ ਰਹੀਆਂ ਅਤੇ ਲਗਭਗ ਸਵਾ ਡੇਢ ਲੱਖ ਲੀਟਰ ਰੂੜੀ ਮਾਰਕਾ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਸਮਾਧ 'ਤੇ ਚੜ੍ਹੀ ਅਤੇ ਵੰਡੀ ਗਈ। ਟੁੰਨ ਹੋਏ ਪਿਅਕੜ ਮੂੱਧੇ ਮੂੰਹ ਧਰਤੀ 'ਤੇ ਲਿਟਦੇ ਰਹੇ ਅਤੇ 3-4 'ਸ਼ਹੀਦੀ' ਵੀ ਪਾ ਗਏ। ਕਈ ਵਾਹਨਾਂ 'ਤੇ ਲੱਦਕੇ ਲੈ ਜਾਣੇ ਪਏ ਅਤੇ ਬਹੁਤੇ ਕੋਕ ਦੀਆਂ ਬੋਤਲਾਂ ਭਰ ਕੇ ਘਰਾਂ ਨੂੰ ਮੁੜੇ। ਸੋਚੋ ਕਿ ਸ਼ਰਧਾਵਾਨ ਲੋਕਾਂ ਉਪਰ ਇਸਦਾ ਕੀ ਪ੍ਰਭਾਵ ਪੈ ਰਿਹਾ ਹੈ? ਅਜਿਹੀਆਂ ਥਾਵਾਂ ਉਪਰ ਵਾਪਰਦੇ ਅਜਿਹੇ ਵਰਤਾਰੇ ਦੇਖਕੇ, ਦੇਖਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਪ੍ਰੰਤੂ ਮੇਲੇ ਦੇ ਪ੍ਰਬੰਧਕ, ਸ਼ਰਧਾਲੂ, ਸਰਕਾਰ, ਪ੍ਰਸ਼ਾਸਨ ਜਾਂ ਪੁਲਿਸ ਚੁੱਪ ਦਰਸ਼ਕ ਬਣੇ ਬੈਠੇ ਹਨ। ਬਹਾਨਾ ਆਸਥਾ ਦਾ।
ਪ੍ਰੰਤੂ ਸਮਾਜ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਸੋਚਣਾ ਤਾਂ ਸਰਕਾਰ ਅਤੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੀ ਅਖੌਤੀ ਧਾਰਮਿਕ/ਸਮਾਜਿਕ ਆਸਥਾ ਨਾਲ ਕੀ ਹਾਸਲ ਹੋ ਰਿਹਾ ਹੈ? ਇਨ੍ਹਾਂ ਸਥਾਨਾਂ ਵਿਚ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ, ਸਮਾਜ ਸੁਧਾਰਕਾਂ, ਲੋਕ ਹਿਤੈਸ਼ੀ ਜਥੇਬੰਦੀਆਂ ਅਤੇ ਪ੍ਰਬੰਧਕਾਂ ਨੂੰ ਇਸ ਭੈੜੀ ਬੁਰਾਈ ਨੂੰ ਖਤਮ ਕਰਨ ਲਈ, ਜੁੜਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂਕਿ  ਅਜਿਹੇ ਸਥਾਨਾਂ ਦੀ ਪਵਿੱਤਰਤਾ ਕਾਇਮ ਰਹਿ ਸਕੇ।
 
- ਛੱਜੂ ਰਾਮ ਰਿਸ਼ੀ

No comments:

Post a Comment