ਕੌਮਾਂਤਰੀ ਪਿੜ
- ਰਵੀ ਕੰਵਰ
ਹਿੰਦ ਮਹਾਸਾਗਰ ਵਿਚ ਸਥਿਤ ਦੇਸ਼ ਮਾਲਦੀਵ ਭਾਰਤ ਦਾ ਇਕ ਗੁਆਂਢੀ ਦੇਸ਼ ਹੈ। ਇਹ 1200 ਟਾਪੂਆਂ 'ਤੇ ਅਧਾਰਤ ਹੈ। ਜਿਸਦੇ ਬਹੁਤੇ ਟਾਪੂਆਂ ਵਿਚ ਵਸੋਂ ਨਹੀਂ ਹੈ। ਇੱਥੇ 16 ਨਵੰਬਰ ਨੂੰ ਹੋਈਆਂ ਚੋਣਾਂ ਵਿਚ ਪ੍ਰੋਗਰੈਸਿਵ ਪਾਰਟੀ ਆਫ ਮਾਲਦੀਵ ਦੇ ਉਮੀਦਵਾਰ ਅਬਦੁਲਾ ਯਾਮੀਨ ਅਬਦੁਲ ਗਯੂਮ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ 51.3% ਵੋਟਾਂ ਲੈਂਦੇ ਹੋਏ ਆਪਣੇ ਨੇੜਲੇ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਮੁਹੰਮਦ ਨਾਸ਼ੀਦ ਨੂੰ ਬਹੁਤ ਹੀ ਘੱਟ ਅੰਤਰ ਨਾਲ ਹਰਾਇਆ ਹੈ। ਨਾਸ਼ੀਦ ਨੂੰ 48.6% ਵੋਟਾਂ ਪਾਈਆਂ ਹਨ। ਇਸ ਤੋਂ ਪਹਿਲਾਂ ਹੋਏ ਚੋਣਾਂ ਦੇ ਪਹਿਲੇ ਗੇੜ ਵਿਚ ਕਿਸੇ ਵੀ ਉਮੀਦਵਾਰ ਨੂੰ 50% ਵੋਟਾਂ ਨਾ ਮਿਲਣ ਕਰਕੇ 16 ਨਵੰਬਰ ਨੂੰ ਇਹ ਦੂਜੇ ਗੇੜ ਦੀਆਂ ਚੋਣਾਂ ਹੋਈਆਂ ਹਨ। ਪਹਿਲੇ ਗੇੜ ਵਿਚ ਨਾਸ਼ੀਦ, ਜਿਹੜੇ ਕਿ ਦੇਸ਼ ਦੇ ਪਹਿਲੇ ਜਮਹੂਰੀ ਤੌਰ 'ਤੇ ਚੁਣੇ ਹੋਏ ਰਾਸ਼ਟਰਪਤੀ ਸਨ ਨੂੰ 47% ਵੋਟਾਂ ਮਿਲੀਆਂ ਸਨ ਅਤੇ ਯਾਮੀਨ ਗਯੂਮ ਦੂਜੇ ਨੰਬਰ 'ਤੇ ਰਹੇ ਸਨ, ਉਨ੍ਹਾਂ ਨੇ 30 ਫੀਸਦੀ ਦੇ ਲਗਭਗ ਵੋਟਾਂ ਹਾਸਲ ਕੀਤੀਆਂ ਸਨ।
ਚੋਣ ਨਤੀਜਿਆਂ ਦਾ ਐਲਾਨ ਹੋਣ ਤੋਂ ਫੌਰੀ ਬਾਅਦ ਹੀ ਅਬਦੁੱਲਾ ਯਾਮੀਨ ਗਯੂਮ ਦੇ ਬੜੀ ਹੀ ਕਾਹਲੀ ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸਾਬਕਾ ਰਾਸ਼ਟਰਪਤੀ ਨਾਸ਼ੀਦ ਨੇ ਵੀ ਆਪਣੀ ਹਾਰ ਨੂੰ ਪਰਵਾਨ ਕਰਦੇ ਹੋਏ ਕਿਹਾ-''ਐਮ.ਡੀ.ਪੀ. ਹਮੇਸ਼ਾਂ ਹੀ ਲੋਕਾਂ ਵਲੋਂ ਚੁਣੀ ਗਈ ਸਰਕਾਰ ਦੀ ਮੰਗ ਕਰਦੀ ਰਹੀ ਹੈ। ਅੱਜ ਮਾਲਦੀਵ ਲਈ ਖੁਸ਼ੀ ਦਾ ਦਿਨ ਹੈ ਕਿ ਉਸਨੂੰ ਇਕ ਚੁਣੀ ਹੋਈ ਸਰਕਾਰ ਮਿਲੀ ਹੈ।'' ਇੱਥੇ ਇਹ ਵਰਣਨਯੋਗ ਹੈ ਕਿ ਮੁਹੰਮਦ ਨਾਸ਼ੀਦ 2008 ਵਿਚ ਦੇਸ਼ ਵਿਚ ਤਿੰਨ ਦਹਾਕਿਆਂ ਤੋਂ ਰਾਜ ਕਰ ਰਹੇ ਤਾਨਾਸ਼ਾਹ ਮੌਮੂਨ ਅਬਦੁਲ ਗਯੂਮ ਨੂੰ ਕਾਫੀ ਸੰਘਰਸ਼ ਦੇ ਸਿੱਟੇ ਵਜੋਂ ਹੋਈਆਂ ਪਹਿਲੀਆਂ ਜਮਹੂਰੀ ਚੋਣਾਂ ਵਿਚ ਹਰਾਕੇ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਸਨ। 2012 ਦੇ ਸ਼ੁਰੂ ਵਿਚ ਪੁਲਸ ਅਤੇ ਫੌਜ ਦੇ ਸਮਰਥਨ ਨਾਲ ਹੋਏ ਇਕ ਤਖਤਾ ਪਲਟ ਵਿਚ ਮੁਹੰਮਦ ਨਾਸ਼ੀਦ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਹੀ ਵਜਾਰਤ ਦੇ ਹੀ ਇਕ ਵਜ਼ੀਰ ਮੁਹੰਮਦ ਵਾਹੀਦ ਨੂੰ ਰਾਸ਼ਟਰਪਤੀ ਥਾਪ ਦਿੱਤਾ ਗਿਆ ਸੀ। ਚੋਣਾਂ ਨੂੰ ਟਾਲਣ ਦੇ ਵਾਰ ਵਾਰ ਯਤਨ ਕੀਤੇ ਗਏ ਸਨ। ਦੇਸ਼ ਦੀਆਂ ਵੱਖ ਵੱਖ ਸੰਵਿਧਾਨਕ ਸੰਸਥਾਵਾਂ ਨੇ ਇਸ ਲਈ ਢੁੱਚਰਾਂ ਢਾਹੀਆਂ ਸਨ। ਇਕ ਮੌਕੇ 'ਤੇ ਮਿਥੀ ਮਿਤੀ 'ਤੇ ਪੁਲਸ ਨੇ ਚੋਣਾਂ ਕਰਵਾਉਣ ਵਾਲੇ ਅਮਲੇ ਨੂੰ ਚੋਣ ਬੂਥਾਂ ਤੱਕ ਪਹੁੰਚਣ ਤੋਂ ਰੋਕ ਦਿੱਤਾ ਸੀ। ਅਤੇ ਇਕ ਹੋਰ ਮੌਕੇ 'ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਦਖਲ ਦਿੰਦੇ ਹੋਏ ਰਾਜਪਲਟੇ ਤੋਂ ਬਾਅਦ ਸੱਤਾ 'ਤੇ ਕਾਬਜ਼ ਹੋਏ ਰਾਸ਼ਟਰਪਤੀ ਦੇ ਖਤਮ ਹੋ ਰਹੇ ਕਾਰਜਕਾਲ ਨੂੰ ਵਧਾ ਦਿੱਤਾ ਸੀ। ਸਾਬਕਾ ਰਾਸ਼ਟਰਪਤੀ ਸ਼੍ਰੀ ਨਾਸ਼ੀਦ ਵਲੋਂ ਚਲਾਏ ਗਏ ਸੰਘਰਸ਼ ਦੇ ਮੱਦੇਨਜ਼ਰ ਕੌਮਾਂਤਰੀ ਦਬਾਅ ਅਧੀਨ ਇਹ ਚੋਣਾਂ ਹੋਈਆਂ ਹਨ।
ਹਿੰਦ ਮਹਾਸਾਗਰ ਵਿਚ ਸਥਿਤ 1200 ਟਾਪੂਆਂ ਤੋਂ ਬਣੇ ਇਸ ਦੇਸ਼ ਵਿਚ 16 ਨਵੰਬਰ ਨੂੰ ਹੋਈਆਂ ਚੋਣਾਂ ਵਿਚ ਚੁਣੇ ਗਏ ਰਾਸ਼ਟਰਪਤੀ ਯਾਮੀਨ ਗਯੂਮ ਦੀ ਚੋਣ ਨੂੰ ਜਮਹੂਰੀ ਹਲਕਿਆਂ ਵਿਚ ਇਕ ਨਾਂਹ ਪੱਖੀ ਵਰਤਾਰੇ ਵਜੋਂ ਦੇਖਿਆ ਜਾ ਰਿਹਾ ਹੈ। ਯਾਮੀਨ ਗਯੂਮ ਤਿੰਨ ਦਹਾਕਿਆਂ ਤੱਕ ਦੇਸ਼ ਵਿਚ ਰਾਜ ਕਰਦੇ ਰਹੇ ਮੌਮੂਨ ਅਬਦੁਲ ਗਯੂਮ ਦੇ ਮਤਰਏ ਭਰਾ ਹੈ। ਉਸਨੂੰ ਅਬਦੁਲ ਗਯੂਮ ਦੀ ਸਰਗਰਮ ਹਿਮਾਇਤ ਹਾਸਲ ਹੈ। ਉਸਨੇ ਚੋਣ ਦੌਰਾਨ ਵੀ ਦੇਸ਼ ਨੂੰ ਸਜਪਿਛਾਖੜੀ ਮੁਸਲਿਮ ਧਾਰਮਕ ਕਦਰਾਂ-ਕੀਮਤਾਂ ਖਾਸਕਰ ਸ਼ਰੀਆ ਆਧਾਰਤ ਕਾਨੂੰਨ ਲਾਗੂ ਕਰਨ ਨੂੰ ਮੁੱਦਾ ਬਣਾਕੇ ਜਿੱਤੀ ਹੈ। ਪਹਿਲੇ ਦੌਰ ਦੀਆਂ ਚੋਣਾਂ ਵਿਚ ਤੀਜੇ ਨੰਬਰ 'ਤੇ ਰਹੇ ਗਾਸੀਮ ਇਬਰਾਹੀਮ ਜਿਹੜੇ ਕਿ ਜਾਣੇ ਪਛਾਣੇ ਸਜਪਿਛਾਖੜੀ ਆਗੂ ਹਨ ਨੇ ਵੀ ਆਪਣੀ ਉਮੀਦਵਾਰੀ ਵਾਪਸ ਲੈ ਕੇ ਯਾਮੀਨ ਗਯੂਮ ਨੂੰ ਸਮਰਥਨ ਦਿੱਤਾ ਸੀ। ਉਨ੍ਹਾਂ ਵਲੋਂ ਚੋਣਾਂ ਤੋਂ ਬਾਅਦ ਦਿੱਤੇ ਗਏ ਬਿਆਨ ਵਿਚ ਇਹ ਸਪੱਸ਼ਟ ਹੁੰਦਾ ਹੈ- ''ਅਸੀਂ ਤੁਹਾਡੇ (ਯਾਮੀਨ) ਨਾਲ ਗਠਜੋੜ ਦੇਸ਼ ਨੂੰ ਬਚਾਉਣ ਲਈ ਕੀਤਾ ਸੀ ਤਾਂਕਿ ਦੇਸ਼ ਵਿਚ ਇਸਲਾਮ ਨੂੰ ਮਜ਼ਬੂਤ ਕੀਤਾ ਜਾਵੇ, ਅਤੇ ਇਸ ਸਫਲਤਾ ਲਈ ਅੱਲਾਹ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਸ਼ ਦੇ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁੰਨ ਇਸਮਾਇਲ ਹੀਲਾਥ ਰਸ਼ੀਦ, ਜਿਹੜੇ ਕਿ ਇਕ ਇਸਲਾਮਕ ਕਟੜਪੰਥੀ ਵਲੋਂ ਛੁਰਾ ਮਾਰੇ ਜਾਣ ਦੇ ਬਾਅਦ ਤੋਂ ਜਲਾਵਤਨੀ ਵਿਚ ਰਹਿ ਰਹੇ ਹਨ ਨੇ ਇਸਨੂੰ ਮਾਲਦੀਵ ਵਿਚ ਜਮਹੂਰੀਅਤ ਦਾ ਖਾਤਮਾ ਗਰਦਾਨਿਆ ਹੈ। ਚੋਣ ਮੁਹਿੰਮ ਦੌਰਾਨ ਵੀ ਯਾਮੀਨ ਨੇ ਨਾਸ਼ੀਦ ਉਤੇ ਧਰਮ ਨਿਰਪੱਖ ਅਤੇ ਪੱਛਮ ਦੇ ਨੇੜੇ ਹੋਣ ਦਾ ਦੋਸ਼ ਲਾਇਆ ਸੀ। ਜਦੋਂਕਿ ਨਾਸ਼ੀਦ ਨੂੰ ਕਿਹਾ ਸੀ ਕਿ ਉਸਦੇ ਵਿਰੋਧੀ ਧਰਮ ਨੂੰ ਇਕ ਹਥਿਆਰ ਵਜੋਂ ਵਰਤਦੇ ਹੋਏ ਕੱਟੜ ਇਸਲਾਮਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਰਹੇ ਹਨ।
ਭਾਰਤ ਦੇ ਗੁਆਂਢ ਵਿਚ ਸਥਿਤ ਕਿਸੇ ਵੀ ਦੇਸ਼ ਨਾਲ ਜ਼ਮੀਨੀ ਸਰਹੱਦ ਤੋਂ ਸੱਖਣਾ ਟਾਪੂਨੁਮਾ ਦੇਸ਼ ਮਾਲਦੀਵ, ਭਾਰਤ ਲਈ ਸੁਰੱਖਿਆਤਮਕ ਤੇ ਆਰਥਕ ਨਜ਼ਰੀਏ ਤੋਂ ਬਹੁਤ ਹੀ ਮਹੱਤਾ ਰੱਖਦਾ ਹੈ। ਪਿਛਲੇ ਸਮੇਂ ਵਿਚ ਪਹਿਲੇ ਚੁਣੇ ਹੋਏ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਦਾ ਤਖਤਾ ਪਲਟਣ ਤੋਂ ਬਾਅਦ ਸੱਤਾ ਸੰਭਾਲਣ ਵਾਲੇ ਮੁਹੰਮਦ ਵਹੀਦ ਨੇ ਸਭ ਤੋਂ ਪਹਿਲਾ ਕੰਮ ਭਾਰਤ ਦੇ ਵਪਾਰਕ ਅਦਾਰੇ ਜੀ.ਐਮ.ਆਰ. ਵਲੋਂ ਮਾਲਦੀਵ ਵਿਚ ਉਸਾਰੇ ਜਾਣ ਵਾਲੇ ਸਭ ਤੋਂ ਵੱਡੇ ਪ੍ਰੋਜੈਕਟ ਨੂੰ ਰੱਦ ਕਰਨ ਦਾ ਕੀਤਾ ਸੀ। ਰਾਸ਼ਟਰਪਤੀ ਯਾਮੀਨ ਗਯੂਮ ਸਜਪਿਛਾਖੜੀ ਰਾਜਨੀਤਿਕ ਧਾਰਾ ਨਾਲ ਸਬੰਧ ਰੱਖਦੇ ਹਨ ਜਿਹੜੀ ਕਿ ਖਾਸੇ ਵਜੋਂ ਹੀ ਸਾਮਰਾਜ ਦੇ ਹਿੱਤਾਂ ਨੂੰ ਪ੍ਰਫੂਲਤ ਕਰਨ ਵਾਲੀ ਹੁੰਦੀ ਹੈ। ਅਜਿਹੀ ਸਥਿਤੀ ਵਿਚ ਭਾਰਤ ਲਈ ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
No comments:
Post a Comment