Monday, 2 December 2013

ਕੁਲ ਹਿੰਦ ਇਨਕਲਾਬੀ ਪਾਰਟੀ ਦੀ ਉਸਾਰੀ ਵੱਲ ਇਕ ਹੋਰ ਕਦਮ

ਇਕ ਰਿਪੋਰਟ

ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਅੰਦਰ ਕਿਰਿਆਸ਼ੀਲ, 5 ਇਨਕਲਾਬੀ ਸੰਗਠਨਾਂ ਦੇ ਆਗੂਆਂ ਨੇ 19-20 ਅਕਤੂਬਰ 2013 ਨੂੰ ਮਹਾਰਾਸ਼ਟਰ ਪ੍ਰਾਂਤ ਦੇ ਥਾਣੇ ਜ਼ਿਲ੍ਹਾ ਕੇਂਦਰ 'ਤੇ ਸ਼ਾਮਰਾਓ ਪਾਰੂਲੇਕਰ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸੀ.ਪੀ.ਐਮ. ਪੰਜਾਬ, ਆਰ.ਐਮ.ਪੀ. ਕੇਰਲਾ, ਮਾਰਕਸਿਸਟ ਪਾਰਟੀ ਤਾਮਲਨਾਡੂ, ਲੈਫਟ ਕੁਲੈਕਟਿਵ ਦਿੱਲੀ ਅਤੇ 'ਕਾਮਰੇਡ ਗੋਦਾਵਰੀ-ਸ਼ਾਮਰਾਓ ਪਾਰੂਲੇਕਰ ਮਾਰਕਸਵਾਦੀ ਵਿਚਾਰ ਮੰਚ' ਮਹਾਰਾਸ਼ਟਰਾ ਦੇ ਲਗਭਗ ਇਕ ਦਰਜਨ ਪ੍ਰਮੁੱਖ ਆਗੂਆਂ ਨੇ ਸ਼ਮੂਲੀਅਤ ਕੀਤੀ। 
ਮੀਟਿੰਗ ਵਿਚ ਦੇਸ਼ ਦੀ ਅਜੋਕੀ ਰਾਜਸੀ ਤੇ ਆਰਥਕ ਅਵਸਥਾ ਬਾਰੇ ਅਤੇ ਖੱਬੀ ਧਿਰ ਨੂੰ ਦਰਪੇਸ਼ ਚਨੌਤੀਆਂ ਬਾਰੇ ਗੰਭੀਰਤਾ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੇ ਮੌਜੂਦਾ ਅਵਸਥਾਵਾਂ ਵਿਚ ਖੱਬੀਆਂ ਸ਼ਕਤੀਆਂ ਦੇ ਸਾਂਝੇ ਦੇਸ਼ ਵਿਆਪੀ ਸੰਘਰਸ਼ ਉਸਾਰਨ ਦੀਆਂ ਸੰਭਾਵਨਾਵਾਂ ਦੀ ਤਲਾਸ਼ ਵੀ ਕੀਤੀ। ਆਗਾਮੀ ਲੋਕ ਸਭਾ ਚੋਣਾਂ ਸਮੇਂ ਸਾਰੀਆਂ ਖੱਬੀਆਂ ਧਿਰਾਂ ਵਲੋਂ ਮਿਲਕੇ ਦਖਲ ਅੰਦਾਜ਼ੀ ਕਰਨ ਅਤੇ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੇ ਦੋਵਾਂ ਸੰਗਠਨਾਂ-ਯੂ.ਪੀ.ਏ. ਤੇ ਐਨ.ਡੀ.ਏ. ਦੇ ਟਾਕਰੇ ਵਿਚ ਇਕ ਲੋਕ ਪੱਖੀ ਨੀਤੀਗਤ ਬਦਲ ਉਭਾਰਨ ਬਾਰੇ ਵੀ ਫੈਸਲਾ ਕੀਤਾ ਗਿਆ। ਇਸ ਮੰਤਵ ਲਈ ਦੇਸ਼ ਦੀਆਂ ਸਮੁੱਚੀਆਂ ਖੱਬੀਆਂ ਤੇ ਜਮਹੂਰੀ ਧਿਰਾਂ ਨੂੰ ਇਕ ਸਾਂਝੀ ਅਪੀਲ ਜਾਰੀ ਕੀਤੀ ਗਈ। ਜਿਹੜੀ ਕਿ ਇਸ ਰਿਪੋਰਟ ਦੇ ਅਖੀਰ ਵਿਚ ਛਾਪੀ ਜਾ ਰਹੀ ਹੈ। 
ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੇ ਕੁਲ ਹਿੰਦ ਪੱਧਰ ਦਾ ਸ਼ਕਤੀਸ਼ਾਲੀ ਇਨਕਲਾਬੀ ਪਲੈਟਫਾਰਮ ਉਸਾਰਨ ਵਾਸਤੇ ਅਤੇ ਸਮਾਜਿਕ ਪਰਿਵਰਤਨ ਲਈ ਸਹੀ ਦਿਸ਼ਾ ਨਿਰਦੇਸ਼ ਦੇਣ ਵਾਲੇ ਵੱਡਮੁੱਲੇ ਸਮਾਜਿਕ ਵਿਗਿਆਨ, ਮਾਰਕਸਵਾਦ-ਲੈਨਿਨਵਾਦ ਨੂੰ ਦੇਸ਼ ਦੀਆਂ ਠੋਸ ਸਮਾਜਕ-ਆਰਥਕ ਤੇ ਸਭਿਆਚਾਰਕ ਅਵਸਥਾਵਾਂ ਅਨੁਸਾਰ ਲਾਗੂ ਕਰਦਿਆਂ ਭਾਰਤ ਅੰਦਰ ਹਕੀਕੀ ਇਨਕਲਾਬੀ ਪਾਰਟੀ ਜਥੇਬੰਦ ਕਰਨ ਦੀਆਂ ਸੰਭਾਵਨਾਵਾਂ ਉਪਰ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਨੂੰ ਵੀ ਅਗਾਂਹ ਵਧਾਇਆ। ਮੀਟਿੰਗ ਨੇ ਫੈਸਲਾ ਕੀਤਾ ਕਿ 2014 ਵਿਚ ਹੋ ਰਹੀਆਂ ਪਾਰਲੀਮਾਨੀ ਚੋਣਾਂ ਤੋਂ ਬਾਅਦ ਇਸ ਮੰਤਵ ਲਈ ਇਕ ਹੋਰ ਵਿਸ਼ੇਸ਼ ਮੀਟਿੰਗ ਕਰਕੇ ਅੰਤਮ ਨਿਰਨਾ ਲਿਆ ਜਾਵੇਗਾ। 
ਅਪੀਲ : 
ਅਸੀਂ ਹੇਠ ਹਸਤਾਖਰੀ ਰਾਜਨੀਤਕ ਪਾਰਟੀਆਂ ਤੇ ਜਥੇਬੰਦੀਆਂ ਨੇ ਦੇਸ਼ ਦੀ ਮੌਜੂਦਾ ਰਾਜਨੀਤਕ ਸਥਿਤੀ ਉਤੇ ਵਿਚਾਰ ਵਟਾਂਦਰਾ ਕਰਨ ਲਈ 19-20 ਅਕਤੂਬਰ ਨੂੰ ਮਹਾਰਾਸ਼ਟਰ ਦੇ ਥਾਣੇ ਵਿਖੇ ਮੀਟਿੰਗ ਕੀਤੀ ਹੈ। ਅਸੀਂ ਇਹ ਦੇਖਦੇ ਹਾਂ ਕਿ 5 ਰਾਜਾਂ ਵਿਚ ਨਵੰਬਰ-ਦਸੰਬਰ ਵਿਚ ਅਸੰਬਲੀ ਚੋਣਾਂ ਦੇ ਐਲਾਨ ਦੇ ਨਾਲ ਹੀ 2014 ਦੀਆਂ ਲੋਕ ਸਭਾ ਚੋਣਾਂ ਲਈ ਦੌੜ ਸ਼ੁਰੂ ਹੋ ਗਈ ਹੈ। 
ਕੇਂਦਰ ਵਿਚ ਰਾਜ ਕਰ ਰਹੀ ਯੂ.ਪੀ.ਏ. ਸਰਕਾਰ ਲਈ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਨਿਰੰਤਰ ਬਿਗੜ ਰਹੀ ਆਰਥਕ ਸਥਿਤੀ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਪ੍ਰਤੀ ਦੇਸ਼ ਵਿਆਪੀ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਮਿਹਨਤਕਸ਼ ਲੋਕ ਖੁਰਾਕੀ ਵਸਤਾਂ ਦੀ ਬੇਲਗਾਮ ਵੱਧਦੀ ਮਹਿੰਗਾਈ ਦਾ ਵਿਸ਼ੇਸ਼ ਤੌਰ 'ਤੇ ਸ਼ਿਕਾਰ ਬਣੇ ਹੋਏ ਹਨ ਜਿਸਨੇ ਉਨ੍ਹਾਂ ਦੇ ਜੀਵਨ ਪੱਧਰ ਉਤੇ ਬਹੁਤ ਹੀ ਨਾਂਹ-ਪੱਖੀ ਅਸਰ ਪਾਇਆ ਹੈ। ਇਸਦਾ ਬੋਝ ਖਾਸ ਕਰਕੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦੇ ਵੱਡੇ ਹਿੱਸਿਆਂ ਉਤੇ ਪਿਆ ਹੈ, ਜਿਹੜੇ ਕਿ ਗੈਰ ਰਸਮੀ/ਗੈਰ ਜਥੇਬੰਦ ਖੇਤਰਾਂ ਵਿਚ ਕੰਮ ਕਰਦੇ ਹਨ, ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਤੇ ਆਮਦਨੀਆਂ ਕੀਮਤਾਂ ਦੇ ਸੂਚਕਾਂਅੰਕ ਨਾਲ ਜੁੜੀਆਂ ਹੋਈਆਂ ਨਹੀਂ ਹਨ। ਵੱਡੇ ਪੱਧਰ 'ਤੇ ਫੈਲੇ ਹੋਏ ਭ੍ਰਿਸ਼ਟਾਚਾਰ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਅਕਸ ਨੂੰ ਐਨਾ ਬਿਗਾੜ ਦਿੱਤਾ ਹੈ ਕਿ ਇਸ ਨੂੰ ਹੁਣ ਸੁਧਾਰਿਆ ਨਹੀਂ ਜਾ ਸਕਦਾ। 
ਆਰ.ਐਸ.ਐਸ. ਨੇ ਇਸ ਸਥਿਤੀ ਵਿਚ ਦਖਲਅੰਦਾਜ਼ੀ ਕਰਦੇ ਹੋਏ ਨਰਿੰਦਰ ਮੋਦੀ ਨੂੰ ਬੀ.ਜੇ.ਪੀ. ਦੇ ਪ੍ਰਧਾਨ ਮੰਤਰੀ ਲਈ ਅਹੁਦੇ ਦੇ ਉਮੀਦਵਾਰ ਵਜੋਂ ਸ਼ਿੰਗਾਰ ਦਿੱਤਾ ਹੈ। ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਕਾਂਗਰਸ ਦੇ ਮੁਕਾਬਲੇ ਇਕ ਫਿਰਕੂ ਫਾਸ਼ੀਵਾਦੀ ਤੇ ਪਿਛਾਂਖਿੱਚੂ ਬਦਲ ਦੀ ਪ੍ਰਤੀਨਿਧਤਾ ਕਰਦੀ ਹੈ। ਆਰ.ਐਸ.ਐਸ., ਬੀ.ਜੇ.ਪੀ. ਦੀ ਫਿਰਕੂ ਧਰੁਵੀਕਰਨ ਕਰਨ ਦੀ ਚਾਲ ਅਗਸਤ-ਸਿਤੰਬਰ 2013 ਵਿਚ ਪੱਛਮੀ ਯੂ.ਪੀ ਦੇ ਮੁਜੱਫਰਨਗਰ ਵਿਚ ਵੱਡੀ ਪੱਧਰ 'ਤੇ ਹੋਏ ਦੰਗਿਆਂ ਤੋਂ ਸਪੱਸ਼ਟ ਹੋ ਗਈ ਸੀ। ਇਨ੍ਹਾਂ ਦੰਗਿਆਂ ਦੇ ਬਹੁਤੇ ਸ਼ਿਕਾਰ ਮੁਸਲਮਾਨ ਸਨ। ਯੂ.ਪੀ.ਏ. ਦੀ ਸੂਬਾ ਸਰਕਾਰ ਨੇ ਇਨ੍ਹਾਂ ਦੰਗਿਆਂ ਦੌਰਾਨ ਅਤੇ ਬਾਅਦ ਵਿਚ ਬਹੁਤ ਹੀ ਸ਼ੱਕੀ ਭੂਮਿਕਾ ਨਿਭਾਈ ਹੈ, ਇਸਨੇ ਸਮਾਜਵਾਦੀ ਪਾਰਟੀ ਦੇ ਮੌਕਾਪ੍ਰਸਤ ਕਿਰਦਾਰ ਨੂੰ ਵੀ ਨੰਗਾ ਕਰ ਦਿੱਤਾ ਹੈ। 
ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਦੇ ਕੁਸ਼ਾਸਨ ਦਾ ਬਦਲ ਸਿਰਫ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਵਲੋਂ ਹੀ ਪੇਸ਼ ਕੀਤਾ ਜਾ ਸਕਦਾ ਹੈ। ਬਦਕਿਸਮਤੀ ਨਾਲ, ਸੀ.ਪੀ.ਆਈ.(ਐਮ) ਦੀ ਅਗਵਾਈ ਵਾਲਾ ਖੱਬਾ ਮੋਰਚਾ ਇਸ ਬਾਰੇ ਪਹਿਲ ਕਰਨ ਤੋਂ ਝਿਜਕ ਰਿਹਾ ਹੈ। ਇਸ ਲਈ ਅਸੀਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਹੇਠ ਲਿਖੇ ਬਦਲਵੇਂ ਨੀਤੀਗਤ ਆਧਾਰਤ ਮੰਚ ਉਤੇ ਇਕਜੁੱਟ ਹੋਣ ਦੀ ਅਪੀਲ ਕਰਦੇ ਹਾਂ : 
ੲ ਕਿਰਤ ਦੇ ਬੇਲਗਾਮ ਸ਼ੋਸ਼ਣ ਅਤੇ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਪੂੰਜੀ ਵਲੋਂ ਕੁਦਰਤੀ ਵਸੀਲਿਆਂ ਦੀ ਅੰਨ੍ਹੀ ਲੁੱਟ ਅਧਾਰਤ ਨਵਉਦਾਰਵਾਦੀ ਆਰਥਕ ਪ੍ਰਬੰਧ ਨੂੰ ਅਜਿਹੇ ਯੋਜਨਾਬੱਧ ਵਿਕਾਸ ਵਾਲੇ ਪ੍ਰਬੰਧ ਵਿਚ ਬਦਲਿਆ ਜਾਵੇ ਜਿਹੜਾ ਕਿ ਸਮਾਜਕ ਸਮਾਨਤਾ, ਮਿਹਨਕਸ਼ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ, ਸਭ ਨੂੰ ਰੁਜ਼ਗਾਰ, ਮੁਫਤ ਸਿੱਖਿਆ ਅਤੇ ਲੋਕਾਂ ਲਈ ਹੋਰ ਬੁਨਿਆਦੀ ਸਰਵਵਿਆਪੀ ਅਧਿਕਾਰਾਂ ਨੂੰ ਯਕੀਨੀ ਬਨਾਉਣ ਅਤੇ ਪਰਿਆਵਰਨ ਦੀ ਸ਼ੁੱਧਤਾ ਯਕੀਨੀ ਬਨਾਉਣ; ਸਭ ਖੇਤਰਾਂ ਵਿਚੋਂ ਜਗੀਰੂ ਤੇ ਅਰਧ ਜਗੀਰੂ ਰਹਿੰਦ ਖੂੰਹਦ ਨੂੰ ਜੜੋਂ ਪੁੱਟਣ; ਵੱਡੇ ਅਜਾਰੇਦਾਰਾਂ ਦੇ ਗਲਬੇ ਵਾਲੇ ਮੁਨਾਫਾ ਕੇਂਦਰਤ ਅਰਥਚਾਰੇ ਤੋਂ ਉਤਪਾਦਨ ਦੇ ਸਾਧਨਾਂ ਦੀ ਸਮਾਜਕ ਤੇ ਸਾਂਝੀਵਾਲਤਾ ਵਾਲੀ ਮਾਲਕੀ ਉਤੇ ਅਧਾਰਤ ਅਰਥਚਾਰੇ ਵਿਚ ਤਬਦੀਲੀ ਕਰਨ ਵੱਲ ਲਿਜਾਂਦਾ ਜਾਵੇ। 

ਭਾਰਤੀ ਰਾਜ ਦੇ ਧਰਮਨਿਰਪੱਖ ਖਾਸੇ ਦੀ ਰਾਖੀ ਅਤੇ ਫਿਰਕਾਪ੍ਰਸਤੀ ਦਾ ਟਾਕਰਾ ਕਰਦਾ ਹੋਵੇ; ਯਕੀਨੀ ਬਣਾਉਂਦਾ ਹੋਵੇ ਕਿ ਸਭ ਧਰਮ ਬਰਾਬਰ ਦੀ ਆਜ਼ਾਦੀ ਤੇ ਸਨਮਾਨ ਮਾਣਨ, ਰਾਜ ਦੇ ਮਾਮਲੇ ਧਾਰਮਕ ਦਖਲਅੰਦਾਜ਼ੀ  ਤੋਂ ਮੁਕਤ ਰਹਿਣ, ਧਾਰਮਕ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਦਾ ਹੋਵੇ। 

ਲਿੰਗ, ਜਾਤ, ਧਰਮ, ਭਾਸ਼ਾ ਅਤੇ ਨਸਲ 'ਤੇ ਅਧਾਰਤ ਹਰ ਤਰ੍ਹਾਂ ਦੇ ਸਮਾਜਕ ਦਾਬੇ ਨੂੰ ਖਤਮ ਕਰਦਾ ਹੋਵੇ; ਸਮਾਜਕ ਨਿਆਂ ਲਈ ਸੰਘਰਸ਼ ਕਰਦਾ ਹੋਵੇ ਅਤੇ ਸਮਾਜਕ ਤੌਰ ਉਤੇ ਵਾਂਝੇ ਰਹਿ ਗਏ ਸਮਾਜ ਦੇ ਸਾਰੇ ਹਿੱਸਿਆਂ, ਜਿਹੜੇ ਇਤਿਹਾਸਕ ਰੂਪ ਵਿਚ ਵਿਤਕਰੇ ਦਾ ਸ਼ਿਕਾਰ ਹੋਏ ਹਨ ਦੇ ਵਿਕਾਸ ਲਈ ਰਿਜ਼ਰਵੇਸ਼ਨ ਸਮੇਤ ਸਭ ਤਰ੍ਹਾਂ ਦੇ ਪ੍ਰਭਾਵਸ਼ਾਲੀ ਕਦਮਾਂ ਦੇ ਚੁੱਕੇ ਜਾਣ ਨੂੰ ਯਕੀਨੀ ਬਣਾਉਂਦਾ ਹੋਵੇ। 

ਵਿਕੇਂਦਰਤ ਭਾਗੀਦਾਰੀ ਅਧਾਰਤ ਜਮਹੂਰੀਅਤ ਅਤੇ ਜਾਇਜ਼ ਸੰਘਵਾਦ ਰਾਹੀਂ ਭਾਰਤ ਦੀ ਰਾਜਨੀਤਕ ਪ੍ਰਣਾਲੀ ਦੀ ਮੁੜ ਉਸਾਰੀ ਕਰਦਾ ਹੋਵੇ; ਸੰਪੂਰਣ ਰੂਪ ਵਿਚ ਵਿਧਾਨਕ, ਨਿਆਂਇਕ ਅਤੇ ਪ੍ਰਸ਼ਾਸਨਕ ਸੁਧਾਰ ਕਰਦਾ ਹੋਵੇ ਤਾਂਕਿ ਭ੍ਰਿਸ਼ਟਾਚਾਰ ਤੇ ਕਾਲੇ ਧਨ ਨੂੰ ਖਤਮ ਕੀਤਾ ਜਾ ਸਕੇ, ਫੈਸਲੇ ਕਰਨ ਵਿਚ ਪਾਰਦਰਸ਼ਤਾ ਤੇ ਢੁਕਵੀਂ ਜੁਆਬਦੇਹੀ ਯਕੀਨੀ ਬਣਾਉਂਦਾ ਹੋਵੇ; ਰਾਜਨੀਤੀ ਦੇ ਅਪਰਾਧੀਕਰਣ ਨੂੰ ਰੋਕਣ ਅਤੇ ਪੈਸੇ ਦੇ ਬਾਹੁਬਲ ਨੂੰ ਰੋਕਣ ਲਈ ਚੋਣ ਸੁਧਾਰ ਕਰਦਾ ਹੋਵੇ; ਸਰਕਾਰੀ ਦਮਨ ਅਤੇ ਅੱਤਵਾਦੀ ਹਿੰਸਾ ਨੂੰ ਖਤਮ ਕਰਦਾ ਹੋਇਆ ਸਭ ਰਾਜਨੀਤਕ ਟਕਰਾਵਾਂ ਦੇ ਨਿਆਂਪੂਰਣ ਤੇ ਜਮਹੂਰੀ ਹੱਲ ਨੂੰ ਯਕੀਨੀ ਬਣਾਉਂਦਾ ਹੋਵੇ। 

ਦੁਨੀਆਂ ਭਰ ਦੀਆਂ ਸਭ ਅਗਾਂਹਵਧੂ ਤੇ ਜਮਹੂਰੀ ਸ਼ਕਤੀਆਂ ਨਾਲ, ਵਿਸ਼ੇਸ਼ ਰੂਪ ਵਿਚ ਵਿਕਾਸਸ਼ੀਲ ਦੇਸ਼ਾਂ ਨਾਲ ਇਕਮੁੱਠਤਾ ਉਸਾਰਦਾ ਹੋਵੇ, ਸਾਮਰਾਜਵਾਦ, ਫੌਜਵਾਦ ਅਤੇ ਨਵਉਦਾਰਵਾਦੀ ਪੂੰਜੀਵਾਦ ਵਿਰੁੱਧ ਸੰਘਰਸ਼ਰਤ ਹੋਵੇ ਅਤੇ ਨਿਆਂ ਅਧਾਰਤ ਅਮਨ, ਇਕ ਜਮਹੂਰੀ ਸੰਸਾਰਕ ਵਿਵਸਥਾ ਅਤੇ ਸਰਵ ਵਿਆਪੀ ਪ੍ਰਮਾਣੂ ਨਿਸ਼ਸਤਰੀਕਰਨ ਵਾਸਤੇ ਸੰਘਰਸ਼ਸ਼ੀਲ ਹੋਵੇ। 

ਅਸੀਂ ਉਨ੍ਹਾਂ ਸਭ ਅਗਾਂਹਵਧੂ, ਜਮਹੂਰੀ ਤੇ ਖੱਬੀਆਂ ਰਾਜਨੀਤਕ ਸ਼ਕਤੀਆਂ ਨੂੰ ਜਿਹੜੀਆਂ ਕਿ ਉਪਰੋਕਤ ਰਾਜਨੀਤਕ ਨਿਸ਼ਾਨਿਆਂ ਨਾਲ ਮੋਟੇ ਰੂਪ ਵਿਚ ਸਹਿਮਤ ਹਨ ਅਤੇ ਉਹਨਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਰਹੀਆਂ ਹਨ, ਨੂੰ ਇਕਜੁੱਟ ਹੋਣ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਖੱਬਾ ਤੇ ਜਮਹੂਰੀ ਮੰਚ ਬਨਾਉਣ ਲਈ ਅਪੀਲ ਕਰਦੇ ਹਾਂ। 
ਹਸਤਾਖਰੀ : 
ਮੰਗਤ ਰਾਮ ਪਾਸਲਾ 
ਸੀ.ਪੀ.ਐਮ.ਪੰਜਾਬ

ਕੇ.ਐਸ. ਹਰੀਹਰਨ 
ਰੈਵਲਿਊਸ਼ਨਰੀ ਮਾਰਕਸਿਸਟ ਪਾਰਟੀ ਕੇਰਲਾ

ਕੇ.ਐਸ. ਗੰਗਾਧਰਨ
ਮਾਰਕਸਿਸਟ ਪਾਰਟੀ, ਤਾਮਿਲਨਾਡੂ

ਪ੍ਰਸੰਨਜੀਤ ਬੋਸ
ਲੈਫਟ ਕੁਲੈਕਟਿਵ, ਦਿੱਲੀ

ਰਾਜਿੰਦਰ ਪਰਾਂਜਪੇ 
ਕਾਮਰੇਡ ਗੋਦਾਵਰੀ ਸ਼ਾਮਰਾਓ.ਪਾਰੂਲੇਕਰ 
ਮਾਰਕਸਵਾਦੀ ਵਿਚਾਰ ਮੰਚ ਮਹਾਰਾਸ਼ਟਰ

No comments:

Post a Comment