Tuesday 3 December 2013

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਦਸੰਬਰ 2013)

ਸ਼ੀਸ਼ੇ 'ਤੇ ਜੰਮੀ ਬਰਫ਼

- ਸੁਰਿੰਦਰ ਸੋਹਲ

ਆਖ਼ਿਰ ਮੈਂ ਡਾਲਰਾਂ ਦਾ ਭਰਿਆ ਬਟੂਆ ਲੈ ਕੇ ਭੱਜ ਜਾਣ ਦਾ ਮਨ ਬਣਾ ਹੀ ਲਿਆ।
ਨੈਵੀਗੇਸ਼ਨ ਵਿਚੋਂ ਮੈਂ ਫਟਾ-ਫਟ ਕੰਬਦੇ ਹੱਥਾਂ ਅਤੇ ਧੜਕਦੇ ਦਿਲ ਨਾਲ ਘਰ ਦਾ ਸਿਰਨਾਵਾਂ ਕੱਢਿਆ ਅਤੇ 'ਗੋ' ਦੱਬ ਦਿੱਤਾ। ਨੈਵੀਗੇਸ਼ਨ ਮੈਨੂੰ, ਜਦੋਂ ਸੰਭਵ ਹੋਵੇ, 'ਯੂ ਟਰਨ' ਮਾਰਨ ਬਾਰੇ ਕਹਿ ਰਿਹਾ ਸੀ। ਯੈਲੋਕੈਬ ਵਿਚ ਹੀਟ ਚੱਲਦੀ ਹੋਣ ਕਰਕੇ ਪੂਰਾ ਨਿੱਘ ਸੀ, ਪਰ ਮੇਰਾ ਸਰੀਰ ਕੰਬ ਰਿਹਾ ਸੀ, ਜਿਵੇਂ ਕਿਸੇ ਹੋਣ ਜਾ ਰਹੇ ਗੁਨਾਹ ਦਾ ਅਹਿਸਾਸ ਮੈਨੂੰ ਝੰਜੋੜ  ਰਿਹਾ ਹੋਵੇ। ਪਰ ਮੈਂ ਮਨ ਕਰੜਾ ਕਰਕੇ ਭੱਜ ਜਾਣ ਦਾ ਮਨ ਬਣਾ ਹੀ ਲਿਆ ਸੀ।
ਗੋਰਾ ਸੜਕ ਦੇ ਦੂਸਰੇ ਪਾਸੇ ਖੜ੍ਹਾ ਅਜੇ ਵੀ ਪੈਂਟ ਅਤੇ ਕੋਟ ਦੀਆਂ ਜੇਬਾਂ ਵਿਚ ਹੱਥ ਮਾਰ ਮਾਰ ਕੇ ਆਪਣਾ ਬਟੂਆ ਟੋਲ ਰਿਹਾ ਸੀ। ਤੇਜ਼ ਚਲਦੀ ਹਵਾ ਵਿਚ ਉਹ ਕਈ ਵਾਰ ਇੰਝ ਘੁੰਮ ਜਾਂਦਾ ਸੀ, ਜਿਵੇਂ ਤੇਜ਼ ਹਵਾ ਦੀ ਜ਼ੱਦ ਵਿਚ ਆ ਕੇ ਪਤੰਗ ਭੁੰਆਂਟਣੀਆਂ ਖਾ ਜਾਂਦਾ ਹੈ। 
ਜਦੋਂ ਮੈਂ ਉਸਨੂੰ 'ਮੀਟ ਪੈਕਿੰਗ ਡਿਸਟ੍ਰਿਕ' ਵਿਚੋਂ ਚੁੱਕਿਆ ਸੀ ਤਾਂ ਉਸ ਦੇ ਸ਼ਰਾਬੀ ਹੋਣ ਦਾ ਪਤਾ ਨਹੀਂ ਸੀ ਲੱਗਿਆ। ਉਸਨੇ ਹੱਥ ਉਠਾਇਆ ਸੀ। ਮੈਂ ਕੈਬ ਉਸ ਕੋਲ ਜਾ ਰੋਕੀ ਸੀ। ਉਸਨੇ ਬਾਰੀ ਕੋਲ ਆ ਕੇ ਸ਼ੀਸ਼ਾ ਨੀਵਾਂ ਕਰਨ ਦਾ ਇਸ਼ਾਰਾ ਕੀਤਾ ਸੀ। ਮੈਂ ਸ਼ੀਸ਼ਾ ਹੇਠਾਂ ਕੀਤਾ ਤਾਂ ਉਸਨੇ ਪੁੱਛਿਆ ਸੀ,'ਨਿਊਜਰਸੀ, ਓ ਕੇ?' 
'ਕਿਹੜੇ ਸ਼ਹਿਰ? ' ਮੈਂ ਪੁੱਛਿਆ।
ਉਸਨੇ ਜਵਾਬ ਦਿੱਤਾ ਸੀ। ਠੰਢੀ ਤੇਜ਼ ਹਨ੍ਹੇਰੀ ਦੇ ਬੁੱਲੇ ਵਿਚ ਉਸਦੇ ਬੋਲ ਮੇਰੇ ਕੰਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਲਾਅ ਵਿਚ ਬਿਖਰ ਗਏ ਸਨ। ਸ਼ਹਿਰ ਦਾ ਨਾਮ ਮੈਨੂੰ ਸਮਝ ਨਹੀਂ ਸੀ ਆਇਆ।
ਮੈਂ ਪੁੱਛਿਆ ਸੀ,'ਜਰਸੀ ਸਿਟੀ?'
'ਅਲਮੋਸਟ।'
ਹੁਣ ਮੈਨੂੰ ਸਮਝ ਆਈ ਸੀ। ਉਸਦੇ ਬੋਲ ਹਵਾ ਵਿਚ ਨਹੀਂ ਸਨ ਬਿਖਰੇ, ਨਸ਼ੇ ਕਾਰਨ ਉਸ ਦੀ ਜ਼ਬਾਨ ਥਥਲਾ ਗਈ ਸੀ।
ਉਹ ਪਿਛਲੀ ਬਾਰੀ ਖੋਲ੍ਹ ਕੇ ਅੰਦਰ ਬੈਠ ਗਿਆ ਸੀ।
ਮੈਂ ਭਾਅ ਦੱਸਿਆ,'ਫੋਰਟੀ ਫਾਈਵ ਪਲੱਸ ਟੋਲ। ਟੋਟਲ ਫ਼ਿਫ਼ਟੀ ਥਰੀ ਡਾਲਰ।'
'ਓ ਕੇ।' 
'ਤੁਹਾਨੂੰ ਰਸਤਾ ਪਤੈ?'
'ਹਾਂ ਲਿੰਕਨ ਟਨਲ ਲਵੋ।' ਉਸਦੀ ਆਵਾਜ਼ ਲਹਿਰਾ ਰਹੀ ਸੀ, ਜਿਵੇਂ ਹਵਾ ਵਿਚ ਦਰਖ਼ਤਾਂ ਦੀਆਂ ਡਾਲੀਆਂ ਲਹਿਰਾਉਂਦੀਆਂ ਹਨ।
ਮੀਟ ਪੈਕਿੰਗ ਡਿਸਟ੍ਰਿਕ ਦੀਆਂ ਕੁਝ ਸੜਕਾਂ 'ਤੇ ਇੱਟਾਂ ਲੱਗੀਆਂ ਹੋਈਆਂ ਹਨ। ਕੁਝ ਲੋਕ ਕਹਿੰਦੇ ਨੇ ਪੁਰਾਣੀ ਯਾਦ ਸੰਭਾਲ ਕੇ ਰੱਖੀ ਹੋਈ ਹੈ। ਉਂਝ ਸਾਰੇ ਸ਼ਹਿਰ ਦੀਆਂ ਸੜਕਾਂ ਨਵੀਂ ਤਕਨੀਕ ਨਾਲ ਬਣਾਈਆਂ ਹੋਈਆਂ ਹਨ। ਪਰ ਮੀਟ ਪੈਕਿੰਗ ਡਿਸਟ੍ਰਿਕ, ਟ੍ਰਾਈਬੈਕਾ ਆਦਿ ਮੁਹੱਲਿਆਂ ਦੀ ਪੁਰਾਤਨਤਾ ਨੂੰ 'ਇੱਟਾਂ ਵਾਲੀਆਂ ਪੁਰਾਣੇ ਰਿਵਾਜ ਦੀਆਂ ਸੜਕਾਂ' ਦੇ ਰੂਪ ਵਿਚ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੀ ਕੈਬ ਇੱਟਾਂ ਦੀ ਸੜਕ 'ਤੇ ਡਿੱਕੇ ਡੋਲੇ ਖਾਂਦੀ ਜਾ ਰਹੀ ਸੀ। 
ਹੁਣ ਮੈਂ ਸੋਚਿਆ, ਮੀਟ ਪੈਕਿੰਗ ਡਿਸਟ੍ਰਿਕ ਦੀ ਪੁਰਾਤਨਤਾ ਦੀ ਵਿਰਾਸਤ ਨੂੰ ਤਾਂ 'ਇੱਟਾਂ ਦੀਆਂ ਸੜਕਾਂ' ਦੇ ਰੂਪ ਵਿਚ ਹੀ  ਸੰਭਾਲ ਲਿਆ ਸੀ, ਪਰ ਜਿਸ 'ਵਾਰਿਸ' ਨੂੰ ਮੈਂ ਸੰਭਾਲ ਸੰਭਾਲ ਕੇ ਘਰ ਤੱਕ ਲਿਆਇਆ ਸਾਂ, ਉਹ ਕਿਹੜੀ ਵਿਰਾਸਤ ਦੀ ਨੁਮਾਇੰਦਗੀ ਕਰ ਰਿਹਾ ਸੀ। 
ਅਜੇ ਬਾਰਾਂ ਹੀ ਵੱਜੇ ਸਨ। ਵੀਰਵਾਰ ਦੀ ਰਾਤ ਹੋਣ ਕਰਕੇ ਮੀਟ ਪੈਕਿੰਗ ਡਿਸਟ੍ਰਿਕ ਵਿਚ ਅਜੇ ਵੀ ਸਵਾਰੀਆਂ ਦੀ ਰੌਣਕ ਸੀ।  ਮੈਂ ਸਵਾਰੀਆਂ ਦਾ ਹਿਸਾਬ ਲਾਇਆ। ਅਠਾਰਾਂ ਸਵਾਰੀਆਂ ਚੁੱਕ ਲਈਆਂ ਸਨ। ਇਕ ਗੇੜਾ ਏਅਰਪੋਰਟ ਦਾ ਵੀ ਲੱਗ ਗਿਆ ਸੀ। ਢਾਈ ਸੌ ਤੋਂ ਉਪਰ ਡਾਲਰ ਬਣ ਗਏ ਸਨ। ਪੰਤਾਲੀਆਂ ਦੀ ਇਹ ਸਵਾਰੀ ਮਿਲ ਗਈ ਸੀ। ਪੰਜ ਦਸ ਇਸ ਨੇ ਟਿੱਪ ਦੇ ਜਾਣੀ ਸੀ। ਇਸ ਨਾਲ ਮੇਰਾ ਗੈਸ ਦਾ ਖ਼ਰਚਾ ਨਿਕਲ ਜਾਣਾ ਸੀ। ਉਂਝ ਵੀ ਮੈਂ ਨਿਊਜਰਸੀ ਜਾ ਰਿਹਾ ਸਾਂ। ਗੈਸ ਉਥੋਂ ਭਰਾਅ ਲੈਣੀ ਸੀ। ਨਿਊਯਾਰਕ ਨਾਲੋਂ ਉਥੋਂ ਦਾ ਚਾਲੀ-ਪੰਜਾਹ ਸੈਂਟ ਦਾ ਫ਼ਰਕ ਹੁੰਦਾ ਹੈ। ਜੇ ਦਸ ਗੈਲਨਾਂ ਵੀ ਭਰੀਆਂ ਤਾਂ ਚਾਰ-ਪੰਜ ਡਾਲਰ ਉਹ ਬਚ ਜਾਣੇ ਸਨ। ਜਾਣ ਨੂੰ ਪੰਦਰਾਂ ਵੀਹ ਮਿੰਟ ਲਗਣੇ ਸਨ। ਪੰਦਰਾਂ ਵੀਹ ਮਿੰਟ ਆਉਣ ਨੂੰ ਅੱਧੇ ਪੌਣੇ ਘੰਟੇ ਵਿਚ ਪੰਜਾਹ-ਪਚਵੰਜਾ ਡਾਲਰ ਤੇ ਨਾਲ ਗੈਸ ਦੀ ਬਚਤ। ਮੁੜ ਕੇ ਆਉਂਦੇ ਨੂੰ ਸ਼ਹਿਰ ਅਜੇ ਪੂਰਾ ਗਰਮ ਹੋਣਾ ਸੀ।
ਮੀਟ ਪੈਕਿੰਗ ਡਿਸਟ੍ਰਿਕ ਵਿਚੋਂ ਨਿਕਲਣ ਲਈ ਮੈਂ ਚੌਦਾਂ ਸਟਰੀਟ ਤੋਂ ਖੱਬੀ ਟਰਨ ਮਾਰੀ। ਦਸਵੇਂ ਐਵਿਨਿਊ ਤੋਂ ਸੱਜੀ। ਤੀਹ ਸਟਰੀਟ ਤੋਂ ਸੱਜੀ ਟਰਨ ਮਾਰਨ ਤੋਂ ਪਹਿਲਾਂ ਪਹਿਲਾਂ, ਲਾਲ ਬੱਤੀ ਹੋਣ 'ਤੇ  ਮੈਂ ਮੀਟਰ ਵਿਚ 'ਫਲੈਟ ਰੇਟ' ਭਰ ਲਿਆ ਸੀ। ਟਨਲ ਲੰਘਣ ਲੱਗੇ ਟੋਲ ਆਪੇ 'ਐਡ' ਹੋ ਜਾਣਾ ਸੀ। ਲਾਲ ਅੱਖਰਾਂ ਵਿਚ ਪੰਤਾਲੀ ਡਾਲਰ ਚਮਕਦੇ ਦੇਖ ਕੇ ਮੇਰਾ ਦਿਲ ਉਡੂੰ ਉਡੂੰ ਕਰ ਰਿਹਾ ਸੀ, ਜਿਵੇਂ ਚੰਨ ਵੱਲ ਦੇਖਦੀ ਚਕੋਰੀ ਦੇ ਮਨ ਵਿਚ ਕੋਈ ਅਗੰਮੀ ਉਡਾਣ ਉਪਜਦੀ ਹੋਵੇ।
ਟਨਲ ਪਾਰ ਕਰਕੇ ਮੈਂ ਰਸਤਾ ਪੁੱਛਣ ਲਈ ਸਵਾਰੀ ਨੂੰ ਆਵਾਜ਼ ਦਿੱਤੀ,'ਸਰ, ਹੁਣ ਕਿਹੜੇ ਪਾਸੇ ਮੁੜਨਾ ਹੈ?'
ਕੋਈ ਆਵਾਜ਼ ਨਾ ਆਈ। ਮੈਂ ਫੇਰ ਪੁੱਛਿਆ। ਸੰਘਣੀ, ਯਖ਼ ਚੁੱਪ ਸੀ। ਮੈਂ ਗੱਡੀ ਜ਼ਰਾ ਹੌਲੀ ਕਰਕੇ ਧੌਣ ਘੁੰਮਾ ਕੇ ਪਾਰਟੀਸ਼ਨ ਵਿਚ ਬਣੀ ਖਿੜਕੀ ਥਾਣੀਂ  ਦੇਖਿਆ। ਗੋਰਾ ਘੂਕ ਸੁੱਤਾ ਪਿਆ ਸੀ।
'ਲਗਦਾ ਪੰਗਾ ਈ ਲੈ ਲਿਆ।' ਪੰਜਾਹ-ਪਚਵੰਜਾ ਡਾਲਰ ਦਾ ਚਾਅ ਤਾਂ ਉਦੋਂ ਹੀ ਹਵਾ ਵਿਚ ਉਡਦੇ ਪੱਤੇ ਵਾਂਗ ਹਨ੍ਹੇਰੇ ਵਿਚ ਕਿਧਰੇ ਉਡ-ਪੁੱਡ ਗਿਆ ਸੀ।
ਮੈਂ ਪਾਰਟੀਸ਼ਨ ਖੜਕਾਈ। ਫੇਰ ਹੋਰ ਜ਼ੋਰ ਦੀ। ਉਹ ਤ੍ਰਭਕ ਕੇ ਉਠਿਆ,'ਯੈਸ?'
'ਸਰ, ਕਿਹੜੇ ਰਸਤੇ ਮੁੜਨਾ ਹੈ?' ਮੇਰੇ ਕੋਲੋਂ ਕਾਹਲੀ ਵਿਚ 'ਹੋਬੋਕਨ' ਸ਼ਹਿਰ ਦਾ ਐਕਜ਼ਿਟ ਕੱਢਿਆ ਗਿਆ।
'ਹਾਂ...ਆਂ।'
ਅੱਗੇ ਇੰਟਰਸੈਕਸ਼ਨ ਆ ਗਿਆ। ਮੈਂ ਪੁੱਛਿਆ,'ਸਰ ਖੱਬੇ ਮੁੜ ਜਾਵਾਂ?'
'ਹਾਂ।'
ਖੱਬੇ ਮੁੜ ਕੇ ਕੁਝ ਲਾਈਟਾਂ ਪਾਰ ਕਰਕੇ ਮੈਂ ਪਿੱਛੇ ਦੇਖਿਆ। ਉਹ ਘੁਰਾੜੇ ਮਾਰ ਰਿਹਾ ਸੀ। ਸ਼ਰਾਬ ਦੀ ਬਦਬੂ ਮੇਰੇ ਨੱਕ ਵਿਚ ਜਲੂਣ ਛੇੜਨ ਲੱਗ ਪਈ ਸੀ। ਉਦੋਂ ਮੈਨੂੰ ਮਹਿਸੂਸ ਹੋਇਆ, ਉਸਨੇ ਬਹੁਤ ਜ਼ਿਆਦਾ ਪੀਤੀ ਹੋਈ ਸੀ।
'ਸਰ...ਸਰ' ਮੈਂ ਫਿਰ ਪਾਰਟੀਸ਼ਨ ਖੜਕਾਈ,'ਸਰ ਬਾਹਰ ਦੇਖੋ, ਕੀ ਅਸੀਂ ਠੀਕ ਜਾ ਰਹੇ ਹਾਂ?'
'ਆਂ..ਗੋ ਸਟਰੇਟ।'
ਮੀਲ ਕੁ ਮੀਲ ਜਾ ਕੇ ਉਹ ਵੱਡੀ ਸੜਕ ਖੁਰਦੀ ਖੁਰਦੀ ਤੰਗ ਹੁੰਦੀ ਗਈ। ਸੜਕ ਦੇ ਦੁਆਲੇ ਬਰਫ਼ ਦੇ ਢੇਰ ਸਨ। ਖੱਬੇ ਬੰਨੇ ਕਾਰਾਂ ਬਰਫ਼ ਨਾਲ ਢਕੀਆਂ ਖਲੋਤੀਆਂ ਸਨ।  ਵਿਚੋਂ ਵੀ ਸੜਕ ਬਹੁਤੀ ਸਾਫ਼ ਨਹੀਂ ਸੀ। ਕਦੇ ਕਦੇ ਗੱਡੀ ਤਿਲਕ ਵੀ ਜਾਂਦੀ। ਚੁਫ਼ੇਰੇ ਸੁੰਨਸਾਨ ਸੀ। ਮੇਰੇ ਅੱਗੇ-ਪਿੱਛੇ ਕੋਈ ਗੱਡੀ ਨਹੀਂ ਸੀ।  ਖੱਬੇ ਹੱਥ ਪੰਦਰਾਂ-ਪੰਦਰਾਂ, ਵੀਹ-ਵੀਹ ਮੰਜ਼ਿਲਾ ਇਮਾਰਤਾਂ ਤੇ ਸੱਜੇ ਹੱਥ ਦੂਰ ਤੱਕ ਫੈਲਿਆ ਹੋਇਆ ਚਿਪਚਿਪਾ ਹਨ੍ਹੇਰਾ। ਸੰਘਣੇ ਹਨ੍ਹੇਰੇ ਤੋਂ ਦੂਰ ਤਾਰਿਆਂ ਵਾਂਗ ਬੱਤੀਆਂ ਜਗ ਰਹੀਆਂ ਸਨ। ਜਿਵੇਂ ਕਹਿਕਸ਼ਾਂ ਧਰਤੀ 'ਤੇ ਉਤਰ ਆਇਆ ਹੋਵੇ। ਪਰ ਮੈਨੂੰ ਕਹਿਕਸ਼ਾਂ ਵੀ ਧੁੰਦਲਾ ਧੁੰਦਲਾ ਦਿਸ ਰਿਹਾ ਸੀ। ਕਹਿਕਸ਼ਾਂ ਵਿਚ ਤੇਜ ਨਹੀਂ ਸੀ ਰਿਹਾ ਜਾਂ ਮੇਰੀ ਅੱਖਾਂ ਦੀ ਲੋਅ ਉਪਰ ਖ਼ਰਾਬ ਹੋਣ ਜਾ ਰਹੀ ਦਿਹਾੜੀ ਦੀ ਚਿੰਤਾ ਦਾ ਪਰਦਾ ਪੈ ਗਿਆ ਸੀ।
ਮੈਂ ਗੱਡੀ ਖੜ੍ਹੀ ਕਰ ਲਈ।
ਪਾਰਟੀਸ਼ਨ ਖੜਕਾ ਕੇ ਮੈਂ ਗੋਰੇ ਨੂੰ ਫਿਰ ਜਗਾਇਆ,'ਸਰ ਤੁਹਾਨੂੰ ਪਤਾ ਹੈ, ਤੁਸੀਂ ਜਾਣਾ ਕਿਥੇ ਹੈ?'
'ਹਾਂ।'
'ਕਿਹੜੇ ਸ਼ਹਿਰ।'
'ਮੌਂ..ਟ..।' ਕਹਿ ਕੇ ਉਸਨੇ ਫਿਰ ਧੌਣ ਸੁੱਟ ਲਈ।
'ਕਿਹੜਾ?' ਮੈਂ ਆਮ ਨਾਲੋਂ ਉਚੀ ਆਵਾਜ਼ ਵਿਚ ਕਿਹਾ। ਗ਼ਲਤ ਸਵਾਰੀ ਚੁੱਕੇ ਜਾਣ ਕਰਕੇ ਮੇਰਾ ਸਰੀਰ ਪਛਤਾਵੇ ਅਤੇ ਗ਼ੁੱਸੇ ਨਾਲ ਹਲਕਾ ਹਲਕਾ ਕੰਬਣ ਲੱਗ ਪਿਆ ਸੀ, ਜਿਵੇਂ ਮੇਰਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੋਵੇ।
'ਮੌਂਟ..ਕ..ਲੇਅਰ।'
ਮੈਂ ਨੈਵੀਗੇਸ਼ਨ ਆਨ ਕੀਤਾ। ਉਸ ਵਿਚ ਨਿਊਜਰਸੀ ਸਟੇਟ ਤਾਂ ਆਪਣੇ ਆਪ ਹੀ ਆ ਗਈ ਸੀ। ਫਿਰ ਸ਼ਹਿਰ ਮੌਂਟਕਲੇਅਰ ਪਾਇਆ।
'ਸਰ ਹਾਊਸ ਨੰਬਰ।'
ਉਸ ਨੇ ਘਰ ਦਾ ਨੰਬਰ ਦੱਸਿਆ।
'ਸਟਰੀਟ।'
ਉਸਨੇ ਮੀਟੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ,'ਫ਼ਰੈਂਕਲਿਨ ਸਟਰੀਟ।'
ਜਦੋਂ ਨੈਵੀਗੇਸ਼ਨ ਨੇ ਇਹ ਸਿਰਨਾਵਾਂ ਸਵੀਕਾਰ ਕਰ ਲਿਆ ਤਾਂ ਮੈਂ ਡੂੰਘਾ ਸਾਹ ਲਿਆ। ਸਰਦੀ ਮਾਰੇ ਬੰਦੇ ਨੂੰ ਜਿਵੇਂ ਦੂਰ ਕਿਤੇ ਧੂੰਆਂ ਨਜ਼ਰ ਆ ਗਿਆ ਹੋਵੇ। ਸਿਰਫ਼ ਧੂੰਆਂ ਹੀ, ਜ਼ਰੂਰੀ ਨਹੀਂ ਜਾਂਦੇ ਨੂੰ ਅੱਗ ਵੀ ਬਲਦੀ ਮਿਲੇ। ਮੈਨੂੰ ਵੀ ਤਾਂ ਸਿਰਫ਼ ਸਿਰਨਾਵਾਂ ਹੀ ਪਤਾ ਲੱਗਾ ਸੀ, ਭਾੜਾ ਕੀ ਪਤਾ ਮਿਲੇ ਕਿ ਨਾ।
ਨੈਵੀਗੇਸ਼ਨ ਰਾਹੀਂ ਮੈਂ ਫ਼ਾਸਲਾ ਕੱਢਿਆ ਏਥੋਂ ਪੂਰੇ ਵੀਹ ਮੀਲ ਬਣਦੇ ਸਨ। ਮੈਂ ਝੱਟ 'ਰੇਟ ਬੁੱਕ' ਕੱਢੀ। ਸ਼ੂਗਰ ਨੇ ਨਜ਼ਰ ਵੀ ਤਾਂ ਕਮਜ਼ੋਰ ਕੀਤੀ ਹੋਈ ਸੀ। ਰੇਟ ਲੱਭਣ ਨੂੰ ਵੀ ਮੁਸ਼ਕਿਲ ਆ ਰਹੀ ਸੀ। ਸ਼ਹਿਰ ਤੋਂ ਮੌਂਟਕਲੇਅਰ ਦਾ ਕਿਰਾਇਆ ਬਹੱਤਰ ਡਾਲਰ ਬਣਦਾ ਸੀ। ਮੈਂ ਪੰਤਾਲੀਆਂ ਵਿਚ ਲੈ ਤੁਰਿਆ ਸਾਂ। ਦਿਲ ਕੀਤਾ ਉਚੀ ਆਵਾਜ਼ ਵਿਚ ਗਾਲ੍ਹ ਕੱਢਾਂ। ਪਰ ਕਿਸਨੂੰ? ਆਪਣੇ ਆਪ ਨੂੰ ਜਾਂ ਸਵਾਰੀ ਨੂੰ? ਸ਼ਹਿਰੋਂ ਤੁਰਨ ਲੱਗੇ ਨੇ ਸ਼ਹਿਰ ਦਾ ਨਾਂ ਚੰਗੀ ਤਰ੍ਹਾਂ ਕਿਉਂ ਨਾ ਪੁੱਛ ਲਿਆ। ਉਦੋਂ ਤਾਂ ਪੰਤਾਲੀਆਂ ਡਾਲਰਾਂ ਨੇ ਏਨੀ ਕਾਹਲੀ ਪਾ ਦਿੱਤੀ ਸੀ ਕਿ ਉਸਨੇ ਗੱਡੀ ਵਿਚ ਬੈਠ ਕੇ ਦਰਵਾਜ਼ਾ ਵੀ ਚੰਗੀ ਤਰ੍ਹਾਂ ਬੰਦ ਨਹੀਂ ਸੀ ਕੀਤਾ ਕਿ ਮੈਂ ਗੱਡੀ ਝੱਟ ਤੋਰ ਲਈ ਸੀ, ਜਿਵੇਂ ਕਿਸੇ ਦੂਸਰੇ ਕੈਬੀ ਨੇ ਇਸਨੂੰ ਮੇਰੀ ਗੱਡੀ ਵਿਚੋਂ ਧੂਹ ਕੇ ਲੈ ਜਾਣਾ ਹੋਵੇ।
ਮੇਰਾ ਦਿਲ ਬੈਠਦਾ ਜਾਂਦਾ ਸੀ।
ਰੁਕਦੇ ਕਰਦੇ ਦਾ ਮੇਰਾ ਅੱਧਾ ਘੰਟਾ ਖ਼ਰਾਬ ਹੋ ਚੁੱਕਾ ਸੀ। ਮੇਰਾ ਦਿਲ ਕੀਤਾ, ਉਸਨੂੰ ਇਥੇ ਹੀ ਉਤਾਰ ਦਿਆਂ। ਚੁੱਪ-ਚੁਪੀਤਾ ਸ਼ਹਿਰ ਮੁੜ ਜਾਵਾਂ। ਵੀਹ ਕੁ ਮਿੰਟਾਂ ਵਿਚ ਮੈਂ ਸ਼ਹਿਰ ਵਾਪਸ ਪਹੁੰਚ ਜਾਣਾ ਸੀ। ਬਰਬਾਦ ਹੋਇਆ ਵਕਤ 'ਕਵਰ' ਹੋ ਸਕਦਾ ਸੀ। ਮੇਰੀਆਂ ਅੱਖਾਂ ਅੱਗੇ ਹੱਥ ਚੁੱਕੀ ਸਵਾਰੀਆਂ ਘੁੰਮ ਰਹੀਆਂ ਸਨ। ਉਹਨਾਂ ਦੇ ਹੱਥ ਜਿਵੇਂ ਮੇਰੇ ਦਿਲ ਦੇ ਆਰ-ਪਾਰ ਹੋ ਰਹੇ ਹੋਣ।
ਬਾਹਰ ਬਰਫ਼ ਦੇ ਢੇਰ ਸਨ। ਹਵਾ ਪਾਗਲਾਂ ਵਾਂਗ ਬਹੁਤ ਤੇਜ਼ ਚੱਲ ਰਹੀ ਸੀ। ਗੱਡੀ ਤੋਂ ਬਾਹਰ ਠੰਢ ਹੱਡਾਂ ਦੇ ਆਰ-ਪਾਰ ਹੋ ਰਹੀ ਸੀ। ਲਾਗੇ-ਚਾਗੇ ਕੋਈ ਆਸਰਾ ਵੀ ਨਹੀਂ ਸੀ। ਮੇਰੇ ਅੰਦਰ ਹਲਕਾ ਜਿਹਾ ਦਵੰਦ ਪੈਦਾ ਹੋਇਆ। ਇਸ ਨੂੰ ਏਨੀ ਠੰਢ ਵਿਚ ਉਤਾਰ ਦਿਆਂ? ਇਕ ਪਾਸੇ ਮੇਰੀ ਖ਼ਰਾਬ ਹੋ ਰਹੀ ਦਿਹਾੜੀ ਦਾ ਝੋਰਾ ਸੀ। ਦੂਜੇ ਪਾਸੇ ਮੇਰਾ ਡਰਾਈਵਰ ਦਾ ਧਰਮ। ਮੁਸਾਫ਼ਿਰ ਨੂੰ ਉਸਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਧਰਮ। ਕੁਝ ਪਲ ਮੈਨੂੰ ਆਪਣਾ ਆਪ 'ਵਾਸਦੇਵ' ਵਰਗਾ ਲੱਗਿਆ। 
ਵਾਸਦੇਵ ਵਾਸਤੇ ਬੇੜੀ ਬੇੜੀ ਨਹੀਂ। ਚੱਪੂ ਚੱਪੂ ਨਹੀਂ। ਦਰਿਆ ਦਰਿਆ ਨਹੀਂ। ਮੁਸਾਫ਼ਰ ਮੁਸਾਫ਼ਰ ਨਹੀਂ। ਇਹ ਸਾਰੇ ਜ਼ਿੰਦਗੀ ਦੇ ਅਹਿਮ ਪਹਿਲੂ ਹਨ। ਇਹਨਾਂ ਦੇ ਗਹਿਰੇ ਅਰਥ ਹਨ। ਦਰਿਆ ਪਾਰ ਕਰਾਉਣ ਦੇ ਅਰਥ ਉਸ ਲਈ ਨਹੀਂ ਜੋ ਦੇਖਣ ਨੂੰ ਹਨ। ਉਹ ਤਾਂ ਦਰਿਆ ਤੋਂ 'ਸੁਣਨਾ' ਵੀ ਸਿਖਦਾ। ਜ਼ਿੰਦਗੀ ਵਿਚ 'ਤਰਨਾ' ਕਿਵੇਂ ਹੈ, ਵੀ ਸਿਖਦਾ ਹੈ। ਉਸ ਲਈ ਮੰਜ਼ਿਲ ਕਿਸੇ ਗਹਿਰੇ ਮਰਮ ਦੀ ਨਿਆਂਈ ਹੈ।
ਇਕ ਪਲ ਲਈ ਮੈਨੂੰ ਲੱਗਿਆ, ਮੈਂ ਸਾਧਾਰਨ ਆਦਮੀ ਨਹੀਂ ਸਾਂ। ਵਿਅਕਤੀ ਵਿਸ਼ੇਸ਼ ਸਾਂ, ਜੋ ਭੁੱਲੇ-ਭਟਕਿਆਂ ਨੂੰ ਰਾਹ ਹੀ ਨਹੀਂ ਦਿਖਾਉਂਦਾ, ਮੰਜ਼ਿਲ ਤੱਕ ਪਹੁੰਚਾ ਕੇ ਹੀ ਸਾਹ ਲੈਂਦਾ ਸੀ। ਮੈਨੂੰ ਆਪਣਾ ਆਪ ਰਹਿਬਰ ਵਿਚ ਵਟਦਾ ਤੇ ਵਾਸਦੇਵ ਨਾਲ ਇਕਮਿਕ ਹੁੰਦਾ ਮਹਿਸੂਸ ਹੋਇਆ।
ਪਰ ਕੀ ਇਸ ਸ਼ਰਾਬੀ ਗੋਰੇ ਨੂੰ ਇਸ ਗੱਲ ਦਾ ਅਹਿਸਾਸ ਹੋ ਸਕਦਾ ਸੀ ਕਿ ਉਹ ਕਿਸ ਵਿਅਕਤੀ ਵਿਸ਼ੇਸ਼ ਨਾਲ ਸਫ਼ਰ ਕਰ ਰਿਹਾ ਸੀ। ਉਸ ਲਈ ਤਾਂ ਮੈਂ ਮਹਿਜ਼ ਟੈਕਸੀ ਡਰਾਈਵਰ ਸਾਂ, ਜਿਸਨੂੰ ਉਸਨੇ ਕਿਰਾਇਆ ਦੇਣਾ ਸੀ ਬਸ..।
ਮੈਂ ਉਸ ਬਾਰੇ ਕੀ ਸੋਚ ਰਿਹਾ ਸਾਂ। ਉਹ ਕੀ ਸੋਚ ਰਿਹਾ ਹੋਵੇਗਾ? ਉਸਨੇ ਮੇਰੇ ਬਾਰੇ ਕੀ ਸੋਚਣਾ, ਉਸ ਨੂੰ ਤਾਂ ਆਪਣੀ ਵੀ ਹੋਸ਼ ਨਹੀਂ। ਪਰ ਕੁਝ ਨਾ ਕੁਝ ਤਾਂ ਸੋਚਦਾ ਹੀ ਹੋਵੇਗਾ।
ਮੇਰੀ ਸੋਚ ਦੀ ਪਗਡੰਡੀ ਵਿਚ ਇਹ ਕੌਣ ਤੁਰਿਆ ਆ ਰਿਹਾ ਸੀ? ਮੁਸ਼ਤਾਕ ਸੂਫ਼ੀ?  ਉਹ ਅਕਸਰ ਕਹਿੰਦਾ ਹੈ,'ਆਪਾਂ ਨਹੀਂ ਜਾਣਦੇ, ਦੁਨੀਆ ਦੇ ਬੰਦੇ ਕੀ ਕੀ ਸੋਚਦੇ ਨੇ। ਦਸ ਬੰਦੇ ਇਕੋ ਚੀਜ਼ ਨੂੰ ਦੇਖ ਰਹੇ ਹੋਣ, ਆਪਾਂ ਸੋਚਦੇ ਹਾਂ, ਉਹ ਵੀ ਉਸ ਚੀਜ਼ ਬਾਰੇ ਸਾਡੇ ਵਾਂਗੂੰ ਸੋਚਦੇ ਨੇ। ਨਾ। ਤੁਹਾਡੀ ਪਤਨੀ ਹਰ ਵੇਲੇ ਤੁਹਾਡੇ ਨਾਲ ਰਹਿੰਦੀ ਹੈ। ਉਹ ਕਿਵੇਂ ਸੋਚਦੀ ਹੈ, ਤੁਹਾਨੂੰ ਪਤਾ ਲੱਗ ਜਾਵੇ, ਤੁਸੀਂ ਕੰਧਾਂ ਵਿਚ ਸਿਰ ਮਾਰੋਗੇ। ਤੁਹਾਡੀ ਪਤਨੀ ਨੂੰ ਪਤਾ ਲੱਗ ਜਾਵੇ, ਤੁਸੀਂ ਕਿਵੇਂ ਸੋਚਦੇ ਹੋ, ਉਹ ਮੱਥੇ 'ਤੇ ਹੱਥ ਮਾਰ ਮਾਰ ਕੇ ਮੱਥਾ ਲਾਲ ਕਰ ਲਏਗੀ। ਦੂਜਾ ਕਿਵੇਂ ਸੋਚਦੈ, ਆਪਾਂ ਕਦੇ ਜਾਣ ਹੀ ਨਹੀਂ ਸਕਦੇ।'
ਮੈਂ ਸਵਾਰੀ ਬਾਰੇ ਕਿਵੇਂ ਸੋਚ ਰਿਹਾ ਸਾਂ? ਸਵਾਰੀ ਮੇਰੇ ਬਾਰੇ ਕਿਵੇਂ ਸੋਚਦੀ ਹੋਵੇਗੀ? ਰੱਬ ਜਾਣੇ। ਮੁਸ਼ਤਾਕ ਸੂਫ਼ੀ ਦੀ ਗੱਲ ਤਾਂ ਇਕ ਵਾਰ ਪਹਿਲਾਂ ਵੀ ਸਹੀ ਸਾਬਤ ਹੋ ਗਈ ਸੀ।
ਗੋਰਾ ਅਤੇ ਉਸਦੀ ਕਾਲੀ ਸਹੇਲੀ ਨੂੰ ਚੁੱਕੀ ਮੈਂ ਪੰਜਵੇਂ ਐਵਨਿਊ 'ਤੇ ਜਾ ਰਿਹਾ ਸਾਂ। ਲਾਲ ਬੱਤੀ 'ਤੇ ਮੈਂ ਬਰੇਕ ਲਾਈ। ਮੇਰੇ ਕੋਲ ਲੈਕਸਸ ਦਾ ਪਿਕ-ਅਪ ਆ ਕੇ ਰੁਕਿਆ। ਨਿੱਕੀ ਨਿੱਕੀ ਭੂਰੀ ਦਾਹੜੀ ਵਾਲੇ ਗੋਰੇ  ਨੇ ਆਪਣਾ ਸੱਜੇ ਪਾਸੇ ਵਾਲਾ ਸ਼ੀਸ਼ਾ ਨੀਵਾਂ ਕੀਤਾ ਅਤੇ ਅੱਖਾਂ ਨਾਲ ਇਸ਼ਾਰਾ ਕਰਕੇ ਮੈਨੂੰ ਵੀ ਸ਼ੀਸ਼ਾ ਨੀਵਾਂ ਕਰਨ ਲਈ ਕਿਹਾ। ਮੈਂ ਸੋਚਿਆ, ਇਸ ਨੇ ਰਸਤਾ ਪੁਛਣਾ ਹੋਵੇਗਾ। ਅਕਸਰ ਦੂਸਰੇ ਸ਼ਹਿਰਾਂ ਤੋਂ ਆਏ ਲੋਕ ਯੈਲੋ-ਕੈਬੀਆਂ ਨੂੰ ਰਸਤਾ ਜਾਂ ਲੈਂਡਮਾਰਕ ਪੁੱਛਦੇ ਨੇ। ਉਹ ਬਹੁਤ ਕਾਹਲੀ ਵਿਚ ਸੀ, ਜਿਵੇਂ ਲਾਲ ਬੱਤੀ ਦੇ ਹਰੀ ਹੋਣ ਤੋਂ ਪਹਿਲਾਂ ਪਹਿਲਾਂ, ਫਟਾ ਫਟ ਮੈਨੂੰ ਕੁਝ ਪੁਛਣਾ ਚਾਹੁੰਦਾ ਹੋਵੇ।
ਮੈਂ ਸ਼ੀਸ਼ਾ ਨੀਵਾਂ ਕਰਕੇ ਧੌਣ ਅੱਗੇ ਨੂੰ ਕਰਕੇ,'ਯੈਸ ਸਰ' ਕਹਿਣ ਹੀ ਵਾਲਾ ਸਾਂ, ਉਸਨੇ ਡੈਸ਼-ਬੋਰਡ 'ਤੇ ਪਿਆ ਕੱਪ ਚੁੱਕਿਆ ਤੇ ਵਗਾਹ ਕੇ ਮੇਰੇ ਵੱਲ ਮਾਰਿਆ,'ਗੋ ਬੈਕ ਬਾਸਟਰਡ ਬਿਨ ਲਾਦੇਨ?'
ਮੈਂ ਫੁਰਤੀ ਨਾਲ ਆਪ ਤਾਂ ਪਿਛਾਂਹ ਹੋ ਗਿਆ, ਪਰ ਸ਼ੀਸ਼ਾ ਬੰਦ ਨਹੀਂ ਸਾਂ ਕਰ ਸਕਿਆ। ਸਟ੍ਰਾਬੇਰੀ ਸਮੂਥੀ ਦਾ ਕੱਪ ਮੇਰੇ ਸੱਜੇ ਪਾਸੇ ਵਾਲੀ ਖ਼ਾਲੀ ਸੀਟ 'ਤੇ ਜ਼ੋਰ ਦੀ ਵੱਜਾ ਤੇ ਖੁੱਲ੍ਹ ਗਿਆ। ਸੀਟ 'ਤੇ ਗੁਲਾਬੀ ਰੰਗ ਦੀ ਝੱਗ ਤੇ ਜੂਸ ਇੰਝ ਫੈਲ ਗਿਆ ਜਿਵੇਂ ਬਾਲਟੀ ਵਿਚ ਸਰਫ਼ ਦੀ ਝੱਗ ਉਭਰ ਆਉਂਦੀ ਹੈ। ਇਸ ਤੋਂ ਪਹਿਲਾਂ ਮੈਨੂੰ ਕੁਝ ਸਮਝ ਆਉਂਦੀ, ਉਹ ਲੈਕਸਸ ਪਿਕ-ਅਪ ਦੀਆਂ ਚੀਕਾਂ ਕਢਾਉਂਦਾ ਲਾਲ ਬੱਤੀ ਪਾਰ ਕਰਕੇ ਹਵਾ ਹੋ ਗਿਆ ਸੀ।
ਮੈਂ ਰਸਤਾ ਦੱਸਣ ਬਾਰੇ ਸੋਚ ਰਿਹਾ ਸਾਂ। ਉਹ ਕੀ ਸੋਚ ਰਿਹਾ ਸੀ? 
ਗੋਰਾ ਉਚੀ ਦੇਣੀ ਬੋਲਿਆ ਸੀ,'ਜੀਸਸ ਕ੍ਰਾਈਸਟ। ਫ਼ੱਕ... ਦਿਸ ਗਾਈ।'
ਕਾਲੀ ਪਾਰਟੀਸ਼ਨ ਦੀ ਬਾਰੀ ਕੋਲ ਮੂੰਹ ਕਰਕੇ ਬੋਲੀ ਸੀ,'ਕਰੇਜ਼ੀ ਪੀਪਲ। ਆਰ ਯੂ ਓ ਕੇ ਮਿਸਟਰ?'
ਘਟਨਾ ਨੇ ਮੇਰਾ ਦਿਮਾਗ਼ ਘੁੰਮਾ ਦਿੱਤਾ ਸੀ। ਮੇਰਾ ਸਰੀਰ ਕੰਬਣ ਲੱਗਾ ਜਿਵੇਂ ਮੇਰਾ ਬਲੱਡ ਪ੍ਰੈਸ਼ਰ ਵਧ ਰਿਹਾ ਹੋਵੇ।
ਸਵਾਰੀ ਉਤਾਰ ਕੇ ਮੈਂ ਕਾਰ ਵਾਸ਼ 'ਤੇ ਗਿਆ ਸਾਂ। ਗੱਡੀ ਅੰਦਰੋਂ ਧੁਆਈ ਸੀ। ਪੱਚੀ ਡਾਲਰ ਦਾ ਖਰਚਾ ਅਤੇ ਇਕ ਘੰਟਾ ਟੁੱਟ ਗਿਆ ਸੀ। 'ਬਿਜ਼ੀ ਆਵਰ' ਵਿਚ ਇਕ ਘੰਟੇ ਦਾ ਮਤਲਬ ਚਾਲੀ-ਪੰਜਾਹ ਡਾਲਰ।
ਬਾਹਰ ਹਵਾ ਸੱਪ ਵਾਂਗ ਫਰਾਟੇ ਮਾਰ ਰਹੀ ਸੀ। ਨੈਵੀਗੇਸ਼ਨ ਨੇ ਸਿਰਨਾਵਾਂ ਸਵੀਕਾਰ ਕੀਤਾ ਤਾਂ ਮੇਰਾ ਦਿਲ ਕੁਝ ਟਿਕਾਣੇ ਆ ਗਿਆ ਸੀ। ਪੈਸਿਆਂ ਦਾ ਪਤਾ ਨਹੀਂ ਮਿਲਣ ਕਿ ਨਾ, ਚਲੋ ਇਸ ਮੁਸਾਫ਼ਰ ਨੂੰ ਟਿਕਾਣੇ 'ਤੇ ਤਾਂ ਪਹੁੰਚਾਉਣਾ ਹੋਇਆ। ਇਕ ਵਾਰ ਮੈਂ 'ਟਿਕਾਣੇ ਲਾਉਣ' ਬਾਰੇ ਵੀ ਐਵੇਂ ਹੀ ਸੋਚ ਲਿਆ ਸੀ, ਜਦੋਂ ਉਸਨੂੰ ਸੁੰਨਸਾਨ, ਬਰਫ਼ੀਲੀ ਸੜਕ 'ਤੇ ਉਤਾਰ ਦੇਣ ਦਾ ਮਨ ਬਣਾਇਆ ਸੀ।
ਨੈਵੀਗੇਸ਼ਨ ਸ਼ੀਸ਼ੇ ਨਾਲ ਚਿਪਕਾ ਕੇ, ਆਪਣੇ ਆਪ ਨੂੰ ਵਾਸਦੇਵ ਸਮਝਦੇ ਨੇ ਮੈਂ ਗੱਡੀ ਗੇਅਰ ਵਿਚ ਪਾ ਕੇ ਹੌਲੀ ਹੌਲੀ ਤੋਰ ਲਈ। ਬਰਫ਼ ਨਾਲ ਢੱਕੀਆਂ ਕਾਰਾਂ ਤੋਂ ਗੱਡੀ ਬਚਾਉਂਦਾ ਪੌਣੇ ਇਕ ਵਜੇ ਦੇ ਕਰੀਬ ਮੈਂ ਹਾਈਵੇਅ 'ਤੇ ਚੜ੍ਹ ਗਿਆ। ਹਾਈਵੇਅ 'ਤੇ ਕੋਈ ਗੱਡੀ ਨਹੀਂ ਸੀ। ਪੱਤਹੀਣ ਦਰਖ਼ਤ ਬਰਫ਼ੀਲੀ ਤੇ ਕਕਰੀਲੀ ਹਵਾ ਵਿਚ ਟੁੱਟਣ ਟੁੱਟਣ ਕਰਦੇ ਸਨ। ਰੇਡੀਓ ਮੁਤਾਬਕ ਚਾਲੀ ਮੀਲ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਸੀ। ਗੱਡੀ ਵਿਚ ਭਾਵੇਂ ਹੀਟ ਸੀ, ਫਿਰ ਵੀ ਪੈਸੇ ਮਰਨ ਦੀ ਚਿੰਤਾ ਦੀ ਠੰਢ ਮੈਨੂੰ 'ਵਾਸਦੇਵ' ਤੋਂ 'ਸਾਧਰਨ ਮਨੁੱਖ' ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ। ਜਿਵੇਂ ਬਾਹਰ ਕੜਾਕੇ ਦੀ ਠੰਢ ਪਾਣੀ ਨੂੰ ਬਰਫ਼ ਵਿਚ ਬਦਲ ਰਹੀ ਹੋਵੇਗੀ।
ਹਾਈਵੇਅ ਤੋਂ ਉਤਰਿਆ ਤਾਂ ਸੰਘਣੇ ਜੰਗਲ ਵਰਗਾ ਇਲਾਕਾ ਸ਼ੁਰੂ ਹੋ ਗਿਆ ਸੀ। ਸਫ਼ੈਦ ਬਰਫ਼ ਗੱਡੀ ਦੀ ਲੋਅ ਵਿਚ ਚਾਂਦੀ ਵਾਂਗ ਚਮਕ ਰਹੀ ਸੀ। ਦਰਖ਼ਤਾਂ 'ਤੇ ਬਰਫ਼ ਜੰਮੀ ਹੋਈ ਸੀ। ਆਲਾ ਦੁਆਲਾ ਵਿਸ਼ਾਲ ਖ਼ੂਬਸੂਰਤ 'ਪੇਟਿੰਗ' ਦਾ ਭੁਲੇਖਾ ਪਾ ਰਿਹਾ ਸੀ। ਪਰ ਮਰ ਰਹੀ ਦਿਹਾੜੀ ਦਾ ਮੋਤੀਆ ਮੇਰੀ ਨਜ਼ਰ ਨੂੰ ਏਨਾ ਮੱਧਮ ਕਰਦਾ ਜਾ ਰਿਹਾ ਸੀ ਕਿ ਮੈਨੂੰ ਇਹ ਸਾਰਾ ਕੁਝ ਖ਼ੂਬਸੂਰਤ 'ਪੇਟਿੰਗ' ਦੀ ਥਾਂ ਡਰਾਉਣੇ ਅਤੇ ਘਿਨੌਣੇ ਸੁਪਨੇ ਵਰਗਾ ਜਾਪ ਰਿਹਾ ਸੀ।
ਆਖ਼ਿਰ ਇਕ ਦੋ ਮੋੜ ਕੱਟਣ ਬਾਦ ਨੈਵੀਗੇਸ਼ਨ ਨੇ ਟਿਕਾਣੇ 'ਤੇ ਪਹੁੰਚਣ ਦਾ ਝੰਡਾ ਦਿਖਾ ਦਿੱਤਾ। ਸਹੀ ਸਿਰਨਾਵੇਂ 'ਤੇ ਪਹੁੰਚਣ ਨਾਲ ਧਰਵਾਸ ਜਿਹਾ ਆ ਗਿਆ ਸੀ। ਡੱਬੀਆਂ ਵਰਗੇ ਕਤਾਰਾਂ ਵਿਚ ਚਿਣੇ ਹੋਏ ਘਰ ਬਹੁਤ ਖ਼ੂਬਸੂਰਤ ਲਗਦੇ ਹੋਣਗੇ, ਪਰ ਮੈਨੂੰ ਨਹੀਂ ਸਨ ਲਗ ਰਹੇ। ਇਲਾਕਾ ਅਮੀਰ ਸੀ, ਸ਼ਹਿਰ ਦੀ ਭੱਜ ਦੌੜ ਤੋਂ ਦੂਰ। ਪਰ ਕੀ ਏਥੇ ਆ ਕੇ ਵੀ ਦੌੜ ਖ਼ਤਮ ਹੋ ਜਾਂਦੀ ਹੈ?
ਮੈਂ ਮੀਟਰ ਬੰਦ ਕਰ ਦਿੱਤਾ।
'ਸਰ ਤੁਹਾਡਾ ਘਰ ਆ ਗਿਐ।' ਮੈਂ ਹਲਕੇ ਜਿਹੇ ਬਰੇਕ ਲਾ ਕੇ ਗੱਡੀ ਪਾਰਕਿੰਗ ਵਿਚ ਪਾ ਦਿੱਤੀ। ਪਿਛਲੀ ਸੀਟ 'ਤੇ ਗੋਰਾ ਧੌਣ ਲਟਕਾਈ ਸੌਂ ਰਿਹਾ ਸੀ। ਇਕ ਨੀਂਦ ਦੀ ਘੂਕੀ, ਦੂਸਰੀ ਸ਼ਰਾਬ ਦੀ ਲੋਰ।
'ਹੂੰ...ਊਂ...ਊਂ..।' ਉਸਨੇ ਕੁੱਕੜ ਵਾਂਗ ਧੌਣ ਉਪਰ ਚੁੱਕੀ ਅਤੇ ਅੱਖਾਂ ਅੱਧੀਆਂ ਕੁ ਖੋਲ੍ਹੀਆਂ।
'ਤੁਹਾਡਾ ਘਰ ਆ ਗਿਐ।' ਮੈਂ ਰਤਾ ਕੁ ਉਚੀ ਆਵਾਜ਼ ਵਿਚ ਕਿਹਾ।
ਗੋਰਾ ਉਠਣ ਦੀ ਬਜਾਏ ਸੀਟ 'ਤੇ ਲੰਮਾ ਪੈ ਗਿਆ ਸੀ। ਉਸ ਤੋਂ ਉਠਿਆ ਨਹੀਂ ਸੀ ਜਾ ਰਿਹਾ।
ਮੈਂ ਮੀਟਰ 'ਤੇ ਟਾਈਮ ਦੇਖਿਆ, ਡੇਢ ਵਜ ਗਿਆ ਸੀ।
ਮੈਂ ਨਿੱਘੀ ਟੈਕਸੀ ਵਿਚੋਂ ਟੋਪੀ ਲੈ ਕੇ ਬਾਹਰ ਨਿਕਲਿਆ। 
ਮੈਂ ਕੈਬ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ,'ਸਰ ਤੁਹਾਡਾ ਘਰ ਆ ਗਿਐ।'
ਉਹ ਉਠ ਕੇ ਬਾਹਰ ਨਿਕਲਿਆ। ਤੇਜ਼ ਹਵਾ ਦਾ ਲਫੇੜਾ ਖਾ ਕੇ ਡਿੱਗਣ ਤੋਂ ਬਚਦਾ ਬਚਦਾ, ਪੈਰ ਬੋਚਦਾ, ਸੜਕ ਦੇ ਦੂਸਰੇ ਪਾਸੇ ਇੰਝ ਉਡ ਗਿਆ, ਜਿਵੇਂ ਸ਼ਹਿਰ ਵਿਚ ਗਾਰਬੇਜ ਦੇ ਭਰੇ ਹੋਏ ਕਾਲੇ ਬੈਗ, ਹਨ੍ਹੇਰੀ ਨਾਲ ਸੜਕ ਵਿਚ ਏਧਰ ਓਧਰ ਜਾ ਰਹੇ ਸਨ।
ਪੱਤਝੜ ਦੇ ਮਾਰੇ ਹੋਏ ਦਰਖ਼ਤ ਹਵਾ ਨਾਲ ਸ਼ਾਂਅ ਸ਼ਾਂਅ ਕਰਦੇ ਕਦੇ ਇਕ ਪਾਸੇ ਨੂੰ ਕਦੇ ਦੂਸਰੇ ਪਾਸੇ ਨੂੰ ਲਿਫ਼ ਲਿਫ਼ ਜਾਂਦੇ ਸਨ। ਠੰਢੀ ਹਵਾ ਛੁਰੀਆਂ ਵਾਂਗ ਸਰੀਰ ਨੂੰ ਛਿਲਦੀ ਜਾਂਦੀ ਸੀ। ਮੈਂ ਡਰਾਈਵਰ ਸੀਟ 'ਤੇ ਜਾ ਬੈਠਾ। ਤੇਜ਼ ਹਵਾ ਕਾਰਨ ਜਾਂ ਕਿਰਾਇਆ ਮਰਨ ਦੇ ਡਰ ਨਾਲ ਉਖੜੇ ਹੋਏ ਸਾਹਾਂ ਨੂੰ ਮੈਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਨਿੱਘੀ ਕੈਬ ਵਿਚ ਸਰੀਰ ਨੂੰ ਤਾਂ ਚੈਨ ਮਿਲ ਰਹੀ ਸੀ, ਪਰ ਦਿਲ ਦੀ ਧੜਕਣ ਵਧ ਰਹੀ ਸੀ, ਜਿਵੇਂ ਮੇਰਾ ਬਲੱਡ ਪ੍ਰੈਸ਼ਰ ਵਧ ਰਿਹਾ ਹੋਵੇ।
ਮੈਂ ਹਵਾ ਵਿਚ ਪਤੰਗ ਵਾਂਗ ਗੋਤੇ ਖਾਂਦੇ ਗੋਰੇ ਵੱਲ ਦੇਖਿਆ। ਉਹ ਕਦੇ ਪੈਂਟ ਦੀਆਂ ਜੇਬਾਂ ਫੋਲਦਾ ਸੀ, ਕਦੇ ਕੋਟ ਦੀਆਂ। ਉਹ ਜ਼ਰੂਰ ਬਟੂਆ ਲੱਭ ਰਿਹਾ ਸੀ। 
'ਜ਼ਰੂਰ ਇਹ ਬਟੂਆ ਸ਼ਹਿਰ ਹੀ ਗਵਾ ਆਇਆ ਹੈ।' ਮੈਂ ਸੋਚਿਆ,'ਇਸ ਤੋਂ ਘਰ ਦਾ ਨੰਬਰ ਲੈ ਕੇ ਇਹਦੇ ਘਰ ਫੋਨ ਕਰਦਾ ਹਾਂ। ਸ਼ਾਇਦ ਇਸਦੀ ਬੀਵੀ ਘਰ ਹੋਵੇ? ਪਤਾ ਨਹੀਂ ਇਸਦੇ ਘਰ ਕੋਈ ਹੈ ਵੀ ਕਿ ਨਹੀਂ। ਕੋਈ ਘਰ ਹੋਵੇ ਤਾਂ ਬੰਦਾ ਸ਼ਰਾਬ ਪੀ ਕੇ ਏਨੀ ਰਾਤ ਗਏ ਕਦੋਂ ਆਉਂਦਾ ਹੈ?'
ਉਹ ਅਜੇ ਵੀ ਜੇਬਾਂ ਫੋਲੀ ਜਾ ਰਿਹਾ ਸੀ।
ਮੈਂ ਕੈਬ ਦੀ ਪਾਰਟੀਸ਼ਨ ਵਿਚ ਬਣੀ ਖਿੜਕੀ ਥਾਣੀਂ ਪਿਛੇ ਦੇਖਿਆ। ਬਟੂਆ ਪਿਛਲੀ ਸੀਟ 'ਤੇ ਪਿਆ ਸੀ।
ਮੈਂ ਸਾਹ ਬੰਦ ਕਰਕੇ ਕੈਬ ਵਿਚੋਂ ਬਾਹਰ ਨਿਕਲਿਆ। ਪਿਛਲਾ ਦਰਵਾਜ਼ਾ ਖੋਲ੍ਹ ਕੇ ਕੋਡਾ ਹੋ ਕੇ ਬਟੂਆ ਚੁੱਕਿਆ। ਏਨੀ ਦੇਰ ਵਿਚ ਤੇਜ਼ ਹਵਾ ਦੇ ਬੁੱਲੇ ਨੇ ਦਰਵਾਜ਼ਾ ਮੇਰੇ ਪਿਛੇ ਮਾਰਿਆ, ਜਿਵੇਂ ਕਿਸੇ ਨੇ ਫੜ੍ਹ ਕੇ ਜਾਣ-ਬੁਝ ਕੇ ਦਰਵਾਜ਼ਾ ਮਾਰਿਆ ਹੋਵੇ। ਮੇਰੀਆਂ ਲੱਤਾਂ ਦਰਵਾਜ਼ੇ ਅਤੇ ਕੈਬ ਦੇ ਵਿਚਕਾਰ ਘੁੱਟੀਆਂ ਗਈਆਂ। ਪੈਂਟ ਹੇਠ ਦੀ ਪਾਈ ਥਰਮਲ ਕਰਕੇ ਸੱਟ ਲੱਗਣੋਂ ਬਚ ਗਈ ਸੀ।
ਮੈਂ ਬਟੂਆ ਚੁੱਕ ਕੇ ਗੋਰੇ ਵੱਲ ਵੇਖਿਆ। ਹਵਾ ਦੀ ਘੁੰਮਣ-ਘੇਰੀ ਵਿਚ ਉਸਦਾ ਮੂੰਹ ਦੂਜੇ ਪਾਸੇ ਹੋਇਆ ਤਾਂ ਮੈਂ ਝੱਟ ਆਪਣੀ ਸੀਟ 'ਤੇ ਆ ਬੈਠਾ।
ਬਟੂਏ ਵਿਚ ਨੋਟਾਂ ਦਾ ਥੱਬਾ ਸੀ। ਸਟਰੀਟ ਲਾਈਟ ਦੀ ਰੌਸ਼ਨੀ ਵਿਚ ਸੌ ਸੌ ਦੇ ਨੋਟ ਪਛਾਣੇ ਗਏ। ਘੱਟੋ-ਘੱਟ ਦਸ-ਬਾਰਾਂ ਨੋਟ ਹੋਣਗੇ। ਮੇਰਾ ਦਿਮਾਗ਼ ਹਵਾ ਵਿਚ ਘੁੰਮਦੇ ਗੋਰੇ ਵਾਂਗ ਘੁੰਮਣ ਲੱਗ ਪਿਆ,'ਕੁਝ ਨੋਟ ਕੱਢ ਕੇ ਬਟੂਆ ਇਸ ਨੂੰ ਦੇ ਦੇਵਾਂ। ਕੁਝ ਨੋਟ ਵੀ ਕਿਉਂ? 'ਯੂ ਟਰਨ' ਮਾਰ ਕੇ ਤੁਰਦਾ ਬਣਾਂ। ਪਿਛਲੇ ਹਿਸਾਬ ਵੀ ਪੂਰੇ ਹੋ ਜਾਣਗੇ। ਕੀ 'ਯੂ ਟਰਨ' ਮਾਰਨੀ ਏਨੀ ਸੌਖੀ ਹੈ?
ਗੋਰੇ ਦਾ ਮੂੰਹ ਮੇਰੇ ਵੱਲ ਘੁੰਮਿਆ,  ਮੈਂ ਬਟੂਆ ਪੱਟਾਂ ਵਿਚਕਾਰ ਸੁੱਟ ਲਿਆ, ਇਕਦਮ, ਜਿਵੇਂ ਬਿੱਛੂ ਨੇ ਡੰਗਿਆ ਹੋਵੇ।
'ਮਰਦਾਨੇ ਨੂੰ ਬਟੂਆ ਲੱਭਾ। ਬਾਬੇ ਨਾਨਕ ਨੇ ਕਿਹਾ, ਭਾਈ ਮਰਦਾਨਿਆ ਬਿਗਾਨੀ ਮਾਇਆ ਨੂੰ ਹੱਥ ਨਹੀਂ ਲਾਉਣਾ।' ਮਰਦਾਨੇ ਨੇ ਅੱਖ ਬਚਾ ਕੇ ਬਟੂਆ ਚੁੱਕਿਆ। ਪੈਰ ਘਸੀਟਦਾ ਘਸੀਟਦਾ ਬਾਬੇ ਤੋਂ ਪਿਛਾਂਹ ਰਹਿ ਗਿਆ। ਮਲਕ ਜਿਹੇ ਬਟੂਆ ਖੋਲ੍ਹਿਆ। ਬਟੂਏ ਵਿਚ ਬੈਠੇ ਬਿੱਛੂ ਨੇ ਦੰਦੀ ਵੱਡੀ। ਮਰਦਾਨੇ ਦੀ ਚੀਕ ਨਿਕਲ ਗਈ।'
ਪ੍ਰੋ. ਟੀ ਡੀ ਜੋਸ਼ੀ ਸਾਖੀ ਦੀ ਵਿਆਖਿਆ ਕੀਤੀ,'ਬਿਗਾਨੀ ਮਾਇਆ ਬਿੱਛੂ ਦੇ ਸਮਾਨ ਹੁੰਦੀ ਐ ਭਾਈ।'
ਮੈਂ ਮਨ ਨੂੰ ਸਮਝਾਇਆ,'ਇਹ ਬਿਗਾਨੀ ਨਹੀਂ। ਇਹ ਤਾਂ ਮੇਰਾ ਹੱਕ ਹੈ। ਆਪਣਾ ਹੱਕ 'ਖੋਹਣਾ' ਕੋਈ ਪਾਪ ਨਹੀਂ।'
ਗੋਰੇ ਦਾ ਮੂੰਹ ਦੂਜੇ ਪਾਸੇ ਘੁੰਮਿਆ। ਮੈਂ ਬਟੂਆ ਚੁੱਕ ਕੇ ਫੋਲਿਆ। ਖਰ੍ਹਵੇਂ ਨੋਟ ਹੱਥਾਂ ਨੂੰ ਕੂਲੇ ਕੂਲੇ ਲੱਗੇ। ਕੈਬ ਵਿਚ ਨਿੱਘ ਸੀ, ਪਰ ਮੈਂ ਕੰਬ ਕਿਉਂ ਰਿਹਾ ਸਾਂ। ਗਰਮੀ ਵਿਚ ਕਾਂਬਾ ਅਤੇ ਸਰਦੀ ਵਿਚ ਪਸੀਨਾ, ਬੇਈਮਾਨ ਬੰਦੇ ਦੀ ਨਿਸ਼ਾਨੀ ਤਾਂ ਨਹੀਂ। ਪਰ ਮੈਂ ਬੇਈਮਾਨ ਨਹੀਂ ਸਾਂ। ਇਸ ਗੋਰੇ ਨੇ ਮੇਰੇ ਨਾਲ ਧੋਖਾ ਕੀਤਾ ਸੀ।
ਮੈਂ ਧਿਆਨ ਨਾਲ ਗੋਰੇ ਵੱਲ ਦੇਖਿਆ। ਉਸਦੀ ਦਾਹੜੀ ਵੀ ਉਸ ਗੋਰੇ ਵਰਗੀ ਸੀ, ਜਿਸ ਨੇ ਮੇਰੇ 'ਸਟ੍ਰਾਬੇਰੀ ਸਮੂਥੀ' ਦਾ ਕੱਪ ਮਾਰਿਆ ਸੀ। ਉਸ ਦਿਨ ਦਾ ਪਿਆ ਘਾਟਾ ਪੂਰਾ ਕਰਨ ਦਾ ਵੀ ਤਾਂ ਮੌਕਾ ਬਣ ਗਿਆ ਸੀ।
ਮੈਂ ਇਕ ਵਾਰ ਫਿਰ ਬਟੂਆ ਚੁੱਕ ਨੇ ਨੋਟਾਂ 'ਤੇ ਨਜ਼ਰ ਮਾਰੀ,'ਕਿਤੇ ਇਹ ਨਾ ਹੋਵੇ, ਮੈਂ ਭੱਜ ਵੀ ਜਾਵਾਂ ਤੇ ਗੁਜ਼ਾਰੇ ਜੋਗੇ ਡਾਲਰ ਵੀ ਨਾ ਨਿਕਲਣ। ਕੋਹੜੀ ਵੀ ਬਣਾ ਤੇ ਕਲੰਕੀ ਵੀ।' ਜਿਵੇਂ ਮੇਰਾ ਆਪਣੇ ਆਪ 'ਤੇ ਵਿਸ਼ਵਾਸ ਹੀ ਨਹੀਂ ਰਿਹਾ ਸੀ। ਚੋਰ ਦੇ ਪੈਰ ਨਹੀਂ ਹੁੰਦੇ। ਅੱਛਾ ਤਾਂ ਪੈਰਾਂ ਦਾ ਅਰਥ 'ਆਤਮ-ਵਿਸ਼ਵਾਸ' ਹੁੰਦੈ। ਹੁਣੇ ਤਾਂ ਸੌ ਸੌ ਦੇ ਨੋਟ ਦੇਖੇ ਸਨ। ਫਿਰ ਦੇਖਣ ਲੱਗਾ। ਸੱਜੇ ਹੱਥ ਦੀ 'ਵਿਚਕਾਰਲੀ' ਉਂਗਲ ਦਾ ਨਹੁੰ ਨੋਟ 'ਤੇ ਘਸਾ ਕੇ ਦੇਖਿਆ। ਨੋਟ ਖੁਰਦਰਾ ਸੀ। ਅਸਲੀ ਸੀ। ਕੀ ਮੈਂ ਅਸਲੀ ਸਾਂ? ਮੈਂ 'ਵਿਚਕਾਰਲੀ' ਉਂਗਲ ਨਾਲ ਹੀ ਨੋਟ ਦੀ ਪਰਖ ਕਿਉਂ ਕੀਤੀ ਸੀ? ਕੀ ਮੈਂ ਆਪਣੇ ਆਪ ਨੂੰ ਹੀ 'ਗਾਲ੍ਹ' ਕੱਢ ਲਈ ਸੀ? ਜਾਂ ਮੈਂ ਜੋ ਕੰਮ ਕਰਨ ਜਾ ਰਿਹਾ ਸਾਂ,  ਉਹ 'ਗਾਲ੍ਹ' ਵਰਗਾ ਹੀ ਸੀ!
ਗੋਰਾ ਹਵਾ ਦੀ ਮਾਰ ਨਾਲ ਖਿਸਕਦਾ ਖਿਸਕਦਾ ਇਕ ਪਾਸੇ ਨੂੰ ਚਲਾ ਗਿਆ ਸੀ। ਮੇਰੇ ਲਈ 'ਯੂ ਟਰਨ' ਮਾਰਨੀ ਹੋਰ ਸੌਖੀ ਹੋ ਗਈ ਸੀ। ਉਸ ਨੇ ਫੋਨ ਕੱਢਿਆ। ਸ਼ਾਇਦ ਘਰ ਨੂੰ ਫੋਨ ਕਰਨ ਲੱਗਾ ਸੀ। ਮੇਰਾ ਦਿਮਾਗ਼ ਹਵਾ ਨਾਲੋਂ ਵੀ ਤੇਜ਼ ਚੱਲ ਰਿਹਾ ਸੀ। ਇਸ ਦੇ ਫੋਨ ਕਰਨ ਤੋਂ ਪਹਿਲਾਂ ਹੀ ਮੈਨੂੰ ਭੱਜ ਜਾਣਾ ਚਾਹੀਦਾ ਸੀ। ਆਖ਼ਿਰ ਮੈਂ ਮਨ ਤਾਂ ਬਣਾ ਹੀ ਚੁੱਕਾ ਸਾਂ। ਪਿਛਲੇ ਹਿਸਾਬ ਵੀ ਤਾਂ ਪੂਰੇ ਕਰਨੇ ਸਨ।
'ਪਾਪਾਂ ਬਾਝੋਂ ਹੋਵੇ ਨਾਹੀਂ।' ਇਹ ਆਵਾਜ਼ ਕਿੱਧਰੋਂ ਆ ਰਹੀ ਸੀ? ਮੈਂ ਦੋਵੇਂ ਹੱਥ ਕੰਨਾਂ 'ਤੇ ਰੱਖ ਲਏ। ਆਵਾਜ਼ ਫਿਰ ਵੀ ਆ ਰਹੀ ਸੀ। ਹੈਂ? ਮੈਂ ਕਿਸ ਅਵੱਸਥਾ ਵਿਚ ਪਹੁੰਚ ਗਿਆ ਸਾਂ। 'ਬਿਨਾਂ ਕੰਨਾਂ' ਹੀ ਸੁਣਨ ਲੱਗ ਪਿਆ ਸੀ।
ਮੈਂ ਸਿਰ ਝਟਕਾ ਦਿੱਤਾ ਤੇ ਆਵਾਜ਼ ਨੂੰ ਭੁੰਆਂ ਕੇ ਬਰਫ਼ ਦੇ ਢੇਰ ਹੇਠ ਦੱਬ ਦਿੱਤਾ। ਗੋਰੇ ਦੇ ਪੈਰ ਡੋਲ ਰਹੇ ਸਨ। ਮੇਰਾ ਦਿਲ ਡੋਲ ਰਿਹਾ ਸੀ। ਮੈਨੂੰ ਦਿਲ ਕਰੜਾ ਕਰਨਾ ਚਾਹੀਦਾ ਸੀ। ਡੇਢ ਵਜੇ, ਸੁੰਨਸਾਨ ਤੂਫ਼ਾਨੀ ਰਾਤ, ਗਿਆਨ ਦੀਆਂ ਗੱਲਾਂ ਸੁਣ ਕੇ ਮਨ ਕਮਜ਼ੋਰ ਨਹੀਂ ਕਰਨਾ ਚਾਹੀਦਾ। ਇਸ ਸ਼ਰਾਬੀ ਨੇ ਮੈਨੂੰ ਧੋਖਾ ਦਿੱਤਾ ਸੀ। ਮੇਰੀ ਦਿਹਾੜੀ ਦਾ ਸਤਿਆਨਾਸ ਕੀਤਾ ਸੀ। ਇਹ ਰੱਬ ਦੀ ਕੁਦਰਤ ਸੀ, ਮੈਨੂੰ ਪਿਛਲੇ ਸਾਰੇ ਹਿਸਾਬ ਬਰਾਬਰ ਕਰਨ ਦਾ ਮੌਕਾ ਬਣਿਆ ਸੀ। ਸ਼ਾਇਦ ਇਸ ਕਰਕੇ ਰੱਬ ਨੇ ਇਹ 'ਢੋਅ' ਬਣਾਇਆ ਸੀ। ਕੀ ਲੁੱਟ ਹੋਣ ਵਾਸਤੇ ਅਸੀਂ ਕੈਬੀ ਹੀ ਹਾਂ?
ਮੈਨੂੰ ਨੌਜਵਾਨ ਦੀ ਯਾਦ ਆਈ। ਉਸਨੂੰ ਮੈਂ ਡਾਊਨ ਟਾਊਨ ਤੋਂ ਚੁੱਕਿਆ ਸੀ। ਬੈਠਦੇ ਸਾਰ ਹੀ ਉਸਨੇ ਕਿਹਾ ਸੀ,'ਇਕ ਸੌ ਅਠਾਰਾਂ ਸਟਰੀਟ ਬਰਾਡਵੇਅ।'
ਚੰਗੀ ਸਵਾਰੀ ਸੀ। ਘੱਟੋ-ਘੱਟ ਪੱਚੀ ਡਾਲਰ ਬਣਨੇ ਸਨ। ਦੋ ਚਾਰ ਡਾਲਰ ਟਿੱਪ। ਮੇਰਾ ਦਿਲ ਖ਼ੁਸ਼ੀ ਵਿਚ ਧੜਕਿਆ ਸੀ, ਜਿਵੇਂ ਖ਼ੁਸ਼ੀ ਨਾਲ ਮੇਰਾ ਬਲੱਡ-ਪ੍ਰੈਸ਼ਰ ਵਧ ਗਿਆ ਹੋਵੇ।
ਜਦੋਂ ਉਸਦੇ ਛੇ ਡਾਲਰ ਬਣੇ, ਨੌਜਵਾਨ ਨੇ ਮੈਨੂੰ ਰੁਕਣ ਲਈ ਕਿਹਾ ਅਤੇ ਬਹੁਤ ਹੀ ਹਲੀਮੀ ਨਾਲ ਬੋਲਿਆ,'ਸੌਰੀ, ਤੂੰ ਏਥੇ ਪੰਦਰਾਂ ਕੁ ਮਿੰਟ ਮੇਰੀ ਇੰਤਜ਼ਾਰ ਕਰ ਸਕਦੈਂ। ਰਸ਼ ਆਵਰ ਏ। ਦੁਬਾਰਾ ਕੈਬ ਲੱਭਣੀ ਮੁਸ਼ਕਲ ਹੈ। ਮੈਂ ਇਥੋਂ ਕੁਝ ਸਾਮਾਨ ਖ਼ਰੀਦਣਾ ਹੈ।'
ਮੈਂ ਕਿਹਾ ਸੀ,'ਸੌਰੀ  ਸਰ, ਪੰਦਰਾਂ ਮਿੰਟ ਜ਼ਿਆਦਾ ਨੇ।' ਮੈਨੂੰ ਪਤਾ ਸੀ ਪੰਦਰਾਂ ਮਿੰਟ ਦਾ ਇਸ ਨੇ ਕਹਿ ਕੇ ਅੱਧਾ ਘੰਟਾ ਨਹੀਂ ਸੀ ਆਉਣਾ। ਖੜ੍ਹੀ ਗੱਡੀ ਨਾਲ ਅੱਧੇ ਘੰਟੇ ਵਿਚ ਬਾਰਾਂ ਡਾਲਰ ਬਣਨੇ ਸਨ। ਦੌੜਦੀ ਗੱਡੀ ਨਾਲ ਅੱਧੇ ਘੰਟੇ ਵਿਚ ਪੱਚੀ ਤੀਹ ਡਾਲਰ ਬਣ ਜਾਣੇ ਸਨ। 
'ਹਾਂ ਮੈਂ ਸਮਝਦਾਂ। ਪੰਦਰਾਂ ਮਿੰਟਾਂ ਵਿਚ ਤੂੰ ਕਿੰਨੇ ਹੀ ਡਾਲਰ ਕਮਾ ਸਕਦੈਂ। ਸੌਰੀ ਮੈਨੂੰ ਇਥੇ ਹੀ ਉਤਰਨਾ ਪੈ ਰਿਹੈ। ਕਿੰਨੇ ਪੈਸੇ?' ਉਸਨੇ ਜੇਬ ਵਿਚ ਹੱਥ ਮਾਰਦੇ ਹੋਏ, ਬੇਹੱਦ ਪਛਤਾਵੇ ਦੇ ਅੰਦਾਜ਼ ਵਿਚ ਕਿਹਾ।
'ਛੇ ਡਾਲਰ।'
'ਤੇਰੇ ਕੋਲ ਸੌ ਦੀ ਚੇਂਜ ਹੈ?' ਉਸਨੇ ਬਹੁਤ ਹੀ ਭੋਲੇਪਨ ਨਾਲ ਕਿਹਾ ਸੀ।
'ਵੈਸੇ ਤਾਂ ਅਸੀਂ ਸੌ ਦਾ ਨੋਟ ਲੈਂਦੇ ਨਹੀਂ, ਪਰ ਤੂੰ 'ਜੈਂਟਲਮੈਨ' ਏਂ। ਲਿਆ ਮੈਂ ਤੋੜ ਦਿੰਨਾਂ।'
'ਥੈਂਕਸ ਫਾਰ ਕੰਪਲੀਮੈਂਟ।' ਉਸਨੇ ਖ਼ੁਸ਼ ਹੋ ਕੇ ਕਿਹਾ,'ਛੇ ਬਣੇ ਨੇ, ਚੱਲ ਮੈਨੂੰ ਨੱਬੇ ਵਾਪਸ ਕਰਦੇ।'
ਚੇਂਜ ਫੜ੍ਹ ਕੇ 'ਸੌਰੀ ਮੈਨ, ਮੈਂ ਤੈਨੂੰ ਅਪਟਾਊਨ ਨਹੀਂ ਲਿਜਾ ਸਕਿਆ' ਕਹਿੰਦਾ ਉਹ ਕੈਬ ਵਿਚੋਂ ਉਤਰ ਗਿਆ ਸੀ।
ਚਾਰ ਡਾਲਰ ਟਿੱਪ। ਠੀਕ ਸੀ। ਉਥੋਂ ਹੀ ਅਗਲੀ ਸਵਾਰੀ ਚੁੱਕਣ ਦੀ ਕਾਹਲੀ ਵਿਚ ਮੈਂ ਨੋਟ ਜੇਬ ਵਿਚ ਪਾ ਲਿਆ।
ਗੈਸ ਪਵਾਉਣ ਵੇਲੇ ਮੈਨੂੰ ਨੋਟ ਦੇ ਨਕਲੀ ਹੋਣ ਬਾਰੇ ਪਤਾ ਲੱਗਾ ਸੀ।
'ਅੱਜ ਤਾਂ ਉਹ ਘਾਟਾ ਵੀ ਪੂਰਾ ਕਰਨ ਦਾ ਮੌਕਾ ਬਣ ਗਿਐ।' ਮੇਰਾ ਦਿਲ ਖ਼ੁਸ਼ੀ ਵਿਚ ਉਛਲਿਆ, ਪਰ ਸਰੀਰ ਹਲਕਾ ਹਲਕਾ ਕੰਬ ਰਿਹਾ ਸੀ। ਇਹ ਮੇਰੇ ਵਲੋਂ ਹੋਣ ਜਾ ਰਹੇ ਗੁਨਾਹ ਦਾ ਅਸਰ ਸੀ ਜਾਂ ਮੈਂ ਅੰਦਰੋਂ ਹੀ ਏਨਾ ਕਮਜ਼ੋਰ ਸਾਂ?
ਤੇ ਉਹ ਕਾਲਾ ਤੇ ਕਾਲੀ ਜਿਹੜੇ ਮੈਨੂੰ ਬਰੁਕਲਿਨ ਲੈ ਗਏ ਸਨ। ਤੀਹ ਡਾਲਰ ਕਿਰਾਇਆ ਬਣਿਆ ਸੀ।  ਸੁੰਨਸਾਨ ਜਿਹੀ ਥਾਂ 'ਤੇ ਗੱਡੀ ਰੋਕਣ ਲਈ ਕਿਹਾ ਸੀ। ਮੈਂ ਅਜੇ ਮੀਟਰ 'ਟਰਨ ਆਫ਼' ਕਰਨ ਵਿਚ ਦੋ ਸਕਿੰਟਾਂ ਲਈ ਰੁਝਿਆ ਸਾਂ, ਉਹ ਬਾਰੀਆਂ ਖੋਲ੍ਹ ਕੇ ਇੰਝ ਭੱਜੇ ਸਨ ਕਿ ਉਹਨਾਂ ਨੇ ਬਾਰੀਆਂ ਬੰਦ ਕਰਨ ਵਿਚ ਵੀ ਵਕਤ ਬਰਬਾਦ ਨਹੀਂ ਸੀ ਕੀਤਾ। ਮੈਂ ਬਾਹਰ ਨਿਕਲ ਕੇ ਬਾਰੀਆਂ ਬੰਦ ਕਰਦਾ 'ਠੱਗ' ਹੋਇਆ ਸੁੰਨੀਆ ਹਨ੍ਹੇਰੀਆਂ ਸੜਕਾਂ ਨੂੰ ਨਿਹਾਰਦਾ ਰਿਹਾ ਸਾਂ।
'ਅੱਜ ਤੀਹ ਉਹ ਵੀ ਆ ਗਏ।' ਬਟੂਏ ਨੂੰ ਪੱਟ ਥੱਲੇ ਨੱਪ ਕੇ ਮੈਂ ਸੋਚਿਆ।
ਮੈਂ ਗੱਡੀ ਫੁੱਟ ਕੁ ਤੋਰੀ। ਅਗਲੇ ਘਰ ਦੇ ਡਰਾਈਵੇਅ ਵਿਚ ਦੀ 'ਯੂ ਟਰਨ' ਮਾਰਨੀ ਸੌਖੀ ਸੀ। ਲੋਕਾਂ ਨੇ ਸਿਰਫ਼ ਡਰਾਈਵੇਅ ਹੀ ਸਾਫ਼ ਕੀਤੇ ਹੋਏ ਸਨ। ਲਾਅਨ ਬਰਫ਼ ਨਾਲ ਭਰੇ ਹੋਏ ਸਨ। ਸਾਈਡ ਵਾਕ ਵਿਚ ਵੀ ਲੰਘਣ ਜੋਗੀ ਹੀ ਡੰਡੀ ਬਣਾਈ ਹੋਈ ਸੀ। ਬਾਕੀ ਬਰਫ਼ ਚੜ੍ਹੀ ਹੋਈ ਸੀ। ਮੇਰਾ ਸਰੀਰ ਹਲਕਾ ਹਲਕਾ ਕੰਬੀ ਜਾ ਰਿਹਾ ਸੀ, ਜਿਵੇਂ ਅਦਿੱਖ, ਅਣਕੀਤੇ ਗੁਨਾਹ ਦੀ ਬਰਫ਼ ਮੇਰੇ 'ਤੇ ਵੀ ਚੜਦੀ ਜਾ ਰਹੀ ਹੋਵੇ।
ਦਿਲ ਕਾਹਲਾ ਪੈ ਰਿਹਾ ਸੀ। ਪੈਸੇ ਕੱਢ ਕੇ ਬਟੂਆ ਦੋ ਚਾਰ ਬਲਾਕ 'ਤੇ ਸੁੱਟ ਦਿਆਂਗਾ। ਉਸ ਵਿਚ ਉਸਦੇ ਕਰੈਡਿਟ ਕਾਰਡ ਤੇ ਲਾਈਸੈਂਸ ਹੋਵੇਗਾ। ਕਿਸੇ ਨੂੰ ਕੀ ਪਤਾ ਲੱਗਣਾ ਸੀ ਇਥੇ ਕਿਵੇਂ ਆਇਆ? ਗੋਰਾ ਏਨਾ ਸ਼ਰਾਬੀ ਸੀ, ਗੱਡੀ ਦਾ ਨੰਬਰ ਇਸ ਨੂੰ ਯਾਦ ਨਹੀਂ ਰਹਿਣਾ।
ਮੈਂ ਅਜੇ ਦੂਸਰੇ ਘਰ ਦੇ ਡਰਾਈਵੇਅ ਵਿਚ ਹੀ ਪਹੁੰਚਿਆਂ ਸਾਂ ਕਿ ਚੇਤਿਆਂ ਵਿਚ ਬਾਬਾ ਪੂਰੀ ਕਿਤਿਓਂ ਆ ਗਿਆ।
'ਬੰਦੇ ਦਾ ਮਨ ਪਾਰੇ ਵਰਗਾ ਹੁੰਦਾ ਹੈ, ਬਿਲਕੁਲ ਤਰਲ।  ਪਲ 'ਚ ਤੋਲਾ, ਪਲ 'ਚ ਮਾਸਾ। ਇਕ ਬੰਦੇ ਨੂੰ ਰਾਹ ਵਿਚੋਂ ਥੈਲੀ ਲੱਭੀ।  ਉਸਨੇ ਦੇਖਿਆ, ਥੈਲੀ ਵਿਚ ਸੋਨੇ ਦੀਆਂ ਮੋਹਰਾਂ। ਉਹਨੇ ਥੈਲੀ ਸੰਦੂਕ ਵਿਚ ਸੁੱਟ ਦਿੱਤੀ। ਕੁਝ ਦਿਨਾਂ ਬਾਦ ਇਕ ਮੁਸਾਫ਼ਰ ਆਇਆ। ਸਾਰਿਆਂ ਨੂੰ ਪੁੱਛੀ ਜਾਵੇ, ਤੁਸੀਂ ਕੋਈ ਥੈਲੀ ਨਹੀਂ ਦੇਖੀ। ਉਸ ਬੰਦੇ ਦੇ ਘਰ ਵੀ ਆਇਆ ਮੁਸਾਫ਼ਰ। ਉਹ ਬੰਦਾ ਸੀ ਬਹੁਤ ਇਮਾਨਦਾਰ। ਕਹਿਣ ਲੱਗਾ,'ਥੈਲੀ ਮੈਨੂੰ ਲੱਭੀ ਐ।' ਉਹ ਨੇ ਸੰਦੂਕ ਵਿਚੋਂ ਕੱਢ ਕੇ ਮੁਸਾਫ਼ਰ ਨੂੰ ਦੇ ਦਿੱਤੀ ਥੈਲੀ। ਮੁਸਾਫ਼ਰ ਨੇ ਮੋਹਰਾਂ ਗਿਣੀਆਂ। ਮੁਸਾਫ਼ਰ ਨੇ ਕਿਹਾ,'ਥੈਲੀ ਵਿਚ ਦੋ ਸੌ ਮੋਹਰ ਸੀ। ਇਕ ਸੌ ਨੜਿਨਵੇਂ ਨਿਕਲੀਆਂ। ਜਿਥੇ ਥੈਲੀ ਰੱਖੀ ਸੀ, ਦੇਖੋ ਕਿਤੇ ਉਥੇ ਨਾ ਡਿਗ ਪਈ ਹੋਵੇ?'
'ਉਹ ਬੰਦਾ ਅੰਦਰ ਗਿਆ। ਸੰਦੂਕ ਫੋਲਿਆ। ਥੈਲੀ ਸੁਟਣ ਲੱਗੇ ਪਤਾ ਨਹੀਂ ਕਿੱਦਾਂ ਇਕ ਮੋਹਰ ਸੰਦੂਕ ਵਿਚ ਡਿਗ ਪਈ ਸੀ। ਉਹ ਨੇ ਮੋਹਰ ਚੁੱਕੀ। ਤੁਰ ਪਿਆ। ਫਿਰ ਪਤਾ ਨਹੀਂ ਮਨ ਵਿਚ ਕੀ ਆਈ। ਮੋਹਰ ਸੰਦੂਕ ਵਿਚ ਸੁੱਟ ਕੇ ਵਾਪਸ ਆ ਗਿਆ,'ਨਹੀਂ ਉਥੇ ਹੋਰ ਕੋਈ ਮੋਹਰ ਨਈਂ ਲੱਭੀ।'
ਪਰ ਮੈਂ ਬੇਈਮਾਨ ਨਹੀਂ ਸਾਂ। ਮੈਂ ਤਾਂ ਆਪਣੇ ਲੁੱਟ ਹੋਏ ਮਾਲ ਨੂੰ ਵਸੂਲ ਕਰਨ ਲੱਗਾ ਸਾਂ। ਮੈਂ ਗੋਰੇ ਵੱਲ ਦੇਖਿਆ। ਬਹੱਤਰ ਡਾਲਰ ਦੀ ਥਾਂ ਪੰਤਾਲੀ ਸੁਣ ਕੇ ਇਸ ਨੇ ਇਕ ਵਾਰ ਵੀ ਨਹੀਂ ਸੀ ਕਿਹਾ ਕਿ ਮੈਂ ਰੇਟ ਘੱਟ ਦੱਸਿਆ ਸੀ। ਇਹ ਕਿਹੜਾ ਪਹਿਲੀ ਵਾਰ ਆਇਆ ਹੋਵੇਗਾ। ਇਸ ਨੇ ਸੋਚਿਆ ਹੋਣੈਂ, ਟੈਕਸੀ ਡਰਾਈਵਰ ਈ ਏ, ਲੁੱਟ ਹੁੰਦਾ ਹੈ ਤਾਂ ਲੁੱਟ ਲਵੋ। ਜਿਵੇਂ ਹੁਣੇ ਹੁਣੇ ਫਿਰ ਮੇਰੇ ਸਟ੍ਰਾਬੇਰੀ ਸਮੂਥੀ ਦਾ ਕੱਪ ਆ ਕੇ ਵੱਜਿਆ ਹੋਵੇ। ਸਿੱਧਾ ਮੇਰੇ ਸਿਰ ਵਿਚ। ਸੌ ਦਾ ਨਕਲੀ ਨੋਟ ਮੇਰੀਆਂ ਅੱਖਾਂ ਵਿਚ ਸ਼ਰਾਰਤੀ ਪਰਿੰਦੇ ਵਾਂਗ ਖੰਭ ਖਿਲਾਰਦਾ ਉਡ ਰਿਹਾ ਸੀ। ਗੱਡੀ 'ਚੋਂ ਭੱਜ ਕੇ ਜਾਂਦੇ ਕਾਲਾ-ਕਾਲੀ ਜਿਵੇਂ ਸਫ਼ੈਦ, ਸੁੰਨੀ ਰਾਤ ਵਿਚ ਖਿੜਖਿੜਾ ਕੇ ਹੱਸੀ ਜਾ ਰਹੇ ਸਨ। ਬਟੂਏ ਵਿਚ ਏਨੇ ਪੈਸੇ ਸਨ, ਪੂਰੀ ਲੀਜ਼ ਦੇ ਕੇ, ਆਪਣੇ ਨਾਲ ਹੋਈਆਂ 'ਠੱਗੀਆਂ' ਦੀ ਭਰਪਾਈ ਹੋ ਸਕਦੀ ਸੀ। ਸਗੋਂ ਭਵਿੱਖ ਵਿਚ ਹੋਣ ਵਾਲੀਆਂ ਠੱਗੀਆਂ ਦਾ ਕੁਝ 'ਐਡਵਾਂਸ' ਵੀ ਮਿਲ ਰਿਹਾ ਸੀ। ਇਹ ਪੂਰੀ ਦੁਨੀਆ ਨੂੰ ਲੁੱਟਦੇ ਨੇ, ਜੇ ਮੈਂ ਇਸਨੂੰ 'ਲੁੱਟ' ਲਵਾਂ ਤਾਂ ਕੀ ਫ਼ਰਕ ਪੈਂਦਾ ਸੀ। ਪਰ ਮੈਂ ਲੁੱਟ ਨਹੀਂ ਸੀ ਰਿਹਾ। ਬਾਹਰ ਕਿੰਨੀ ਠੰਢ ਸੀ। ਪੋਹ ਦਾ ਮਹੀਨਾ ਸੀ। ਆਪਣੇ ਹੱਕ ਖੋਹਣ ਦਾ ਮਹੀਨਾ। ਹੱਕ ਖੋਹਣਾ ਬੇਈਮਾਨੀ ਨਹੀਂ।
ਹੈਂ? ਪ੍ਰੋ. ਟੀ ਆਰ ਸ਼ਿੰਗਾਰੀ ਕਿੱਧਰ ਘੁੰਮ ਰਹੇ ਸਨ ਮੇਰੇ ਖ਼ਿਆਲਾਂ ਦੀਆਂ ਗਲੀਆਂ ਵਿਚ।
'ਗੱਲ ਇਹ ਐ ਬਈ, ਹਰ ਬੰਦਾ ਹੀ ਆਪਣੇ ਆਪ ਨੂੰ ਇਮਾਨਦਾਰ ਤੇ ਸੱਚਾ-ਸੁੱਚਾ ਹੀ  ਸਮਝਦੈ। ਪਰ ਅਸਲੀ ਬੰਦਾ ਉਹ ਹੁੰਦੈ, ਜਦੋਂ ਉਹਦੇ ਕੋਲ ਧੋਖਾ ਕਰਨ ਦਾ ਮੌਕਾ ਵੀ ਹੋਵੇ, ਬੇਈਮਾਨੀ ਕਰਨ ਲਈ ਹਾਲਾਤ ਵੀ ਅਨੁਕੂਲ ਹੋਣ, ਸਮਾਂ ਏਦਾਂ ਦਾ ਹੋਵੇ ਕਿ ਉਹ ਕਿਸੇ ਨੂੰ ਲੁੱਟ ਵੀ ਲਵੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ। ਉਦੋਂ ਬੰਦਾ ਸਾਰਾ ਕੁਝ ਨਾ ਕਰੇ, ਫੇਰ ਗੱਲ ਬਣਦੀ ਹੈ। ਅਜਿਹੇ ਮੌਕੇ 'ਤੇ ਹੀ ਸਹੀ ਆਦਰਸ਼ਾਂ ਦੀ, ਤੁਹਾਡੇ ਚੰਗੇ ਸੰਸਕਾਰਾਂ ਦੀ ਪਹਿਚਾਣ ਹੁੰਦੀ ਐ।' ਪ੍ਰੋ. ਸ਼ਿੰਗਾਰੀ ਕਲਾਸ ਵਿਚ ਪੜ੍ਹਾ ਰਹੇ  ਸਨ।
ਮੈਂ ਦਿਲ ਕਰੜਾ ਕੀਤਾ,'ਸ਼ਿੰਗਾਰੀ ਸਾਹਿਬ, ਅਜਿਹਾ ਆਦਰਸ਼ਵਾਦ ਨਾਨਕ ਸਿੰਘ ਅਤੇ ਗੁਰਬਖ਼ਸ਼ ਸਿੰਘ ਨਾਲ ਖ਼ਤਮ ਹੋ ਗਿਐ। ਅਸੀਂ ਪੀੜ ਹੋ ਰਹੇ ਆਂ। ਸਾਡੀ ਹੋਂਦ ਨੂੰ ਕੋਈ ਮੰਨਣ ਲਈ ਤਿਆਰ ਨਹੀਂ। ਗੱਡੀ ਦੇ ਪਿੱਛੇ ਮੁੰਡੇ ਕੁੜੀਆਂ ਇਕ ਦੂਜੇ ਨੂੰ ਇੰਝ ਬੇਬਾਕੀ ਨਾਲ ਚੁੰਮਦੇ ਰਹਿੰਦੇ ਨੇ, ਜਿਵੇਂ ਸਿਰਫ਼ ਓਹੀ ਇਕੱਲੇ ਗੱਡੀ ਵਿਚ ਹੋਣ। ਡਰਾਈਵਰ ਨਾਂ ਦੀ ਕੋਈ ਚੀਜ਼ ਗੱਡੀ ਵਿਚ ਹੋਵੇ ਹੀ ਨਾ। ਉਹ ਸਾਡੇ 'ਹੋਣ' ਨੂੰ ਹੀ ਸਵੀਕਾਰ ਨਹੀਂ ਕਰਦੇ। ਜੇ ਕਰਦੇ ਨੇ ਸਾਨੂੰ ਲੁੱਟ ਲੈਂਦੇ ਨੇ। ਲੁੱਟ ਹੋ ਰਹੇ ਬੰਦੇ ਅੱਗੇ ਆਦਰਸ਼ਾਂ, ਸੰਸਕਾਰਾਂ ਦਾ ਕੋਈ ਅਰਥ, ਕੋਈ ਮਹੱਤਵ ਨਹੀਂ ਰਹਿ ਜਾਂਦਾ।'
ਸ਼ਿੰਗਾਰੀ ਸਾਹਿਬ ਵਲੋਂ ਮੂੰਹ ਫੇਰ ਕੇ, ਮੈਂ ਭੱਜ ਜਾਣ ਦਾ ਮਨ ਬਣਾ ਲਿਆ ਸੀ।
ਅਗਲੇ ਡਰਾਈਵੇਅ ਥਾਣੀਂ ਮੈਂ 'ਯੂ ਟਰਨ' ਮਾਰ ਲਈ। ਗੋਰਾ ਸਾਹਮਣੇ ਖੜ੍ਹਾ ਕਦੇ ਜੇਬਾਂ ਫੋਲ ਰਿਹਾ ਸੀ,  ਕਦੇ ਫੋਨ 'ਚੋਂ ਨੰਬਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਹਮਣੇ ਸਟਾਪ ਸਾਈਨ ਸੀ। ਖ਼ਾਲੀ ਸੜਕ। ਇਹ ਛੋਟਾ ਜਿਹਾ ਪਿੰਡ ਸੀ। ਗੱਡੀ ਮਾੜੀ ਜਿਹੀ ਖੱਬੇ ਕਰਕੇ ਮੈਂ ਭੱਜ ਜਾਣਾ ਸੀ। ਸਟਾਪ ਸਾਈਨ 'ਤੇ ਮਾੜੀ ਜਿਹੀ ਰੋਕਾਂਗਾ।  ਇਕ ਵਾਰ ਇਥੋਂ ਨਿਕਲ ਕੇ ਘਰ ਜਾ ਕੇ ਹੀ ਸਾਹ ਲਵਾਂਗਾ। ਅਗਲੇ ਪਿਛਲੇ ਸਾਰੇ ਹਿਸਾਬ ਬਰਾਬਰ ਕਰਨ ਦਾ ਸੁਨਹਿਰੀ ਮੌਕਾ ਹੱਥੋਂ ਜਾਣਾ ਨਹੀਂ ਚਾਹੀਦਾ। ਜ਼ਿੰਦਗੀ ਵਿਚ ਉਹੀ ਲੋਕ ਕਾਮਯਾਬ ਨਹੀਂ ਹੋਏ, ਜਿਹਨਾਂ ਨੇ ਸੁਨਹਿਰੀ ਮੌਕਾ ਗਵਾ ਦਿੱਤਾ।
ਦਰਖ਼ਤ ਹਵਾ ਵਿਚ ਝੂੰਮ ਰਹੇ ਸਨ। ਟਾਹਣੀਆਂ ਝੁਕ ਰਹੀਆਂ ਸਨ। ਜਿਵੇਂ ਮੈਨੂੰ ਹੱਥ ਦੇ ਦੇ ਕੇ ਰੋਕ ਰਹੀਆਂ ਹੋਣ। ਮੇਰੀਆਂ ਸੋਚਾਂ, ਸਾਰੀ ਕੁਦਰਤ, ਆਲਾ-ਦੁਆਲਾ ਮੈਨੂੰ ਹੀ ਕਿਉਂ ਰੋਕਦਾ ਸੀ? ਗੋਰਾ ਹਵਾ ਦੇ ਲਫੇੜਿਆਂ ਨਾਲ ਏਧਰ ਓਧਰ ਘੁੰਮ ਰਿਹਾ ਸੀ। ਉਸ ਨੂੰ ਕੋਈ ਪਤਾ ਨਹੀਂ, ਮੈਂ ਕੀ ਸੋਚ ਰਿਹਾ ਸਾਂ। 'ਸੂਫ਼ੀ ਸਾਹਿਬ ਇਹ ਬਹੁਤ ਚੰਗੀ ਗੱਲ ਹੈ ਕਿ ਕਿਸੇ ਨੂੰ ਪਤਾ ਨਹੀਂ ਲਗਦਾ ਕਿ ਦੂਜਾ ਕਿਵੇਂ ਸੋਚਦੈ। ਜੇ ਪਤਾ ਹੋਵੇ ਤਾਂ ਇਹ ਗੋਰਾ ਹੁਣ ਮੇਰਾ ਰਾਹ ਨਾ ਰੋਕ ਲਵੇ!'
ਹਵਾ ਸ਼ੀਸ਼ਿਆਂ ਵਿਚ ਟਕਰਾਈ। ਬੁੱਲਾ ਬਹੁਤ ਕੁਰੱਖ਼ਤ ਤੇ ਸਖ਼ਤ ਸੀ। ਗੋਰਾ ਇਕਦਮ ਸੜਕ ਦੇ ਦੂਜੇ ਪਾਸੇ ਧੱਕਿਆ ਗਿਆ। ਜਿਵੇਂ ਕਿਸੇ ਅਦਿੱਖ ਸ਼ਕਤੀ ਨੇ ਉਸਨੂੰ ਪਰ੍ਹਾਂ ਕਰਕੇ ਮੇਰਾ ਰਾਹ ਪੱਧਰਾ ਕਰ ਦਿੱਤਾ ਹੋਵੇ।
'ਇਹਦਾ ਮਤਲਬ ਕੁਦਰਤ ਮੇਰੇ ਵੱਲ ਹੈ।' 
ਮੈਂ ਬਰੇਕ ਤੋਂ ਪੈਰ ਚੁੱਕਿਆ। ਗੱਡੀ ਤੁਰੀ ਨਹੀਂ ਸੀ।  ਜਿਵੇਂ ਕਿਸੇ ਨੇ ਫੜ੍ਹ ਲਈ ਸੀ। ਮੈਂ ਪਿਛਾਂਹ ਦੇਖਿਆ, ਕੋਈ ਨਹੀਂ ਸੀ। ਮੈਂ ਰੇਸ ਦਿੱਤੀ । ਗੱਡੀ ਤੁਰੀ ਨਹੀਂ। ਮੈਂ ਜ਼ੋਰ ਦੀ ਰੇਸ ਵੀ ਨਹੀਂ ਦੇ ਰਿਹਾ ਸਾਂ। ਕਿਤੇ 'ਘੂੰ' ਦੀ ਆਵਾਜ਼ ਸੁਣ ਕੇ ਗੋਰਾ ਹੁਸ਼ਿਆਰ ਨਾ ਹੋ ਜਾਵੇ। ਜੇ ਹੁਸ਼ਿਆਰ ਹੋ ਵੀ ਜਾਂਦਾ ਤਾਂ ਉਸ ਸ਼ਰਾਬੀ ਨੇ ਕੀ ਕਰ ਲੈਣਾ ਸੀ, ਪਰ ਚੋਰ ਦੇ ਪੈਰ ਨਹੀਂ ਹੁੰਦੇ। ਗੱਡੀ ਤੁਰ ਨਹੀਂ ਸੀ ਰਹੀ।
ਗੱਡੀ ਤੁਰੇ ਕਿਵੇਂ।  ਸਾਹਮਣੇ ਮੇਰਾ ਬਾਪ ਖੜ੍ਹਾ ਸੀ। ਉਸਨੇ ਗੱਡੀ ਨੂੰ ਦੋਹਾਂ ਹੱਥਾਂ ਨਾਲ ਪਿਛਾਂਹ ਵੱਲ ਨੂੰ ਧੱਕਿਆ ਹੋਇਆ ਸੀ।
ਮੈਂ ਛੋਟਾ ਜਿਹਾ ਸਾਂ। ਮੇਰੀ ਮਾਸੀ ਦੀ ਸਹੇਲੀ ਸੂਬੇਦਾਰਨੀ ਸਾਡੀ ਸੱਜਰ ਸੂਈ ਮੱਝ ਖ਼ਰੀਦਣ ਆਈ ਸੀ। ਸੌਦਾ ਹੋ ਗਿਆ ਸੀ। ਤਿੰਨ ਹਜ਼ਾਰ ਦਾ। ਜਾਣ ਲੱਗੀ ਸਾਈ ਦੇ ਕੇ ਬੋਲੀ,'ਭਾਜੀ ਮੈਂ ਤੁਹਾਡੀ ਮੱਝ ਤਿੰਨ ਹਜ਼ਾਰ ਦੀ ਖ਼ਰੀਦ ਲਈ ਆ। ਜਿੱਦਣ ਅਸੀਂ ਮੱਝ ਲੈਣ ਆਏ, ਮੇਰੀ ਸੱਸ ਵੀ ਨਾਲ ਹੋਊਗੀ। ਉਹਨੂੰ ਤੁਸੀਂ ਇਹ ਮੱਝ ਬਾਈ ਸੌ ਦੀ ਦੱਸਣਾ।'
ਮੇਰੇ ਬਾਪ ਨੇ ਸਾਈ ਵਾਪਸ ਕਰਦੇ ਹੋਏ ਕਿਹਾ ਸੀ,'ਬੀਬੀ ਤੂੰ ਮੱਝ ਖਰੀਦਣੀ ਐ, ਖਰੀਦ, ਨਹੀਂ ਖਰੀਦਣੀ ਨਾ ਖਰੀਦ, ਮੈਥੋਂ ਏਡਾ ਵੱਡਾ ਝੂਠ ਨਹੀਂ ਬੋਲਿਆ ਜਾਣਾ।'
ਸੂਬੇਦਾਰਨੀ ਵਿਚ ਸਾਈ ਵਾਪਸ ਫੜ੍ਹਨ ਦੀ ਵੀ ਹਿੰਮਤ ਨਹੀਂ ਸੀ ਰਹੀ। ਉਹ ਮੱਝ ਲੈਣ ਨਹੀਂ ਸੀ ਆਈ।
ਮੇਰੇ ਬਾਪ ਨੇ ਉਹ ਸਾਈ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਚੜ੍ਹਾ ਦਿੱਤੀ ਸੀ।
ਮੇਰੇ ਬਾਪ ਨੇ ਮੇਰੀ ਗੱਡੀ ਨੂੰ ਦੋਹਾਂ ਹੱਥਾਂ ਨਾਲ ਅਗਿਉਂ ਧੱਕਿਆ ਹੋਇਆ ਸੀ। ਗੱਡੀ ਵਿਚ ਇੰਝ ਹੀ ਤੁਰਨ ਦੀ ਹਿੰਮਤ ਨਹੀਂ ਸੀ, ਜਿਵੇਂ ਸੂਬੇਦਾਰਨੀ ਵਿਚ ਸਾਈ ਵਾਪਸ ਫੜ੍ਹਨ ਦੀ ਹਿੰਮਤ ਨਹੀਂ ਸੀ ਰਹੀ। ਮੈਂ ਅੱਖਾਂ ਮਲੀਆਂ। 
ਗੋਰਾ ਹਵਾ ਵਿਚ ਮਾੜੇ ਦਰਖ਼ਤ ਵਾਂਗੂੰ ਝੂੰਮ ਰਿਹਾ ਸੀ।  ਮੈਂ ਹੋਰ ਰੇਸ ਦਿੱਤੀ। ਬਰਫ਼ ਵਿਚ ਫਸੀ ਹੋਈ ਗੱਡੀ ਨਿਕਲ ਕੇ ਤੁਰ ਪਈ।
ਮੈਂ ਆਲੇ ਦੁਆਲੇ ਦੇਖਿਆ, ਦਰਖ਼ਤ ਮਨੁੱਖਾਂ ਵਰਗੇ ਜਾਪ ਰਹੇ ਸਨ, ਟਾਹਣੀਆਂ ਦੇ ਹੱਥ ਬਣ ਰਹੇ ਸਨ। ਹਵਾ ਦੀ ਆਵਾਜ਼, ਮਾਨਵੀ ਆਵਾਜ਼ਾਂ ਵਿਚ ਬਦਲ ਬਦਲ ਕੇ ਮੈਨੂੰ ਕੁਝ ਕਹਿੰਦੀ ਸੁਣ ਰਹੀ ਸੀ। ਸਟਰੀਟ ਲਾਈਟਾਂ ਅੱਖਾਂ ਵਿਚ ਬਦਲ ਗਈਆਂ ਸਨ।  ਸੁੰਨਸਾਨ ਹਨ੍ਹੇਰੀ ਤੂਫ਼ਾਨੀ ਰਾਤ ਵਿਚ ਮੈਨੂੰ ਰੋਕਣ ਵਾਲੇ, ਦੇਖਣ ਵਾਲੇ ਕਿੰਨੇ ਸਨ!
ਮੈਂ ਗੱਡੀ ਗੋਰੇ ਦੇ ਬਰਾਬਰ ਜਾ ਕੇ ਰੋਕ ਦਿੱਤੀ। 
ਗੱਡੀ ਵਿਚੋਂ ਉਤਰਨ ਤੋਂ ਪਹਿਲਾਂ ਮੈਂ ਪੱਟ ਹੇਠੋਂ ਬਟੂਆ ਕੱਢਿਆ ਅਤੇ ਗੋਰੇ ਵੱਲ ਬਟੂਆ ਕਰਕੇ ਕਿਹਾ,'ਤੁਹਾਡਾ ਬਟੂਆ....।'
ਮੈਂ ਗੱਡੀ ਦੀ ਤਾਂ 'ਯੂ ਟਰਨ' ਮਾਰ ਲਈ ਸੀ, ਪਰ ਸੋਚਾਂ ਦੀ 'ਯੂ ਟਰਨ' ਨਾ ਮਾਰ ਸਕਿਆ।
ਮੇਰਾ ਦਿਲ ਬਿਲਕੁਲ ਸਹਿਜ ਅਵੱਸਥਾ ਵਿਚ ਆ ਗਿਆ, ਜਿਵੇਂ ਬਲੱਡ ਪ੍ਰੈਸ਼ਰ 'ਨਾਰਮਲ' ਹੋ ਗਿਆ ਹੋਵੇ...।  


ਫ਼ਤਵੇ

- ਸ਼ਿਵ ਨਾਥ
(ਅਫਗਾਨਿਸਤਾਨ ਵਿਚ ਸ਼ਰ੍ਹਾ ਦੇ ਨਾਮ 'ਤੇ ਔਰਤਾਂ ਉਤੇ ਕੀਤੇ ਜਾ ਰਹੇ ਅੱਤਿਆਚਾਰਾਂ ਦੀਆਂ ਖ਼ਬਰਾਂ ਪੜ੍ਹ ਕੇ)
ਕੁੱਝ ਨਹੀਂ ਕਹਿੰਦੀ ਉਨ੍ਹਾਂ ਨੂੰ
ਆਦਮੀਅਤ ਦੀ ਪੁਕਾਰ। 
ਹੋ ਗਿਆ ਹੈ ਭੂਤ ਮਜ਼ਹਬ ਦਾ
ਜਿਨ੍ਹਾਂ ਦੇ ਸਿਰ 'ਤੇ ਸਵਾਰ।
ਯਰਕ ਸਕਦੀ ਏ ਹਕੂਮਤ
ਭੰਗ ਹੋ ਸਕਦੇ ਨੇ ਉਸ ਦੇ ਫ਼ੈਸਲੇ
ਪਰ ਕਿਸੇ ਮਜ਼੍ਹਬ ਦੇ ਫ਼ਤਵੇ ਨੂੰ 
ਕਦੇ ਸਿੱਧੇ-ਮੱਥੇ ਵੰਗਾਰਨਾ
ਪੈਰ ਆਪਣੇ 'ਤੇ ਕੁਹਾੜਾ ਮਾਰਨਾ। 
ਕਿਸ ਤਰ੍ਹਾਂ ਦਾ ਹੈ ਇਹ
ਮਜ਼੍ਹਬਾਂ ਦਾ ਜਨੂੰਨ?
ਪਿੱਛੇ ਰਹਿ ਜਾਂਦੇ ਨੇ ਜਿਸ ਤੋਂ 
ਮੁਲਕ ਦੇ ਸਾਰੇ ਕਾਨੂੰਨ। 
ਗ਼ਰਕ ਹੋ ਜਾਂਦੀ ਏ ਜਿਸ ਵਿਚ 
ਰਹਿਮ ਦੀ ਉਚੀ ਆਵਾਜ਼
ਤੇ ਮਹਾਂ-ਮੁਨਸਫ਼ ਵੀ ਹੋ ਜਾਂਦੇ ਨੇ
ਅਕਸਰ ਬੇ-ਮੁਰੱਵਤ।
ਮੋਮਨਾਂ ਦੇ ਮੋਮ ਦਿਲ
ਕਿਥੇ ਨੇ ਐ ਮੇਰੇ ਖ਼ੁਦਾ?
ਜੋ ਰਹੇ 'ਹੱਵਾ' ਦੀ ਬੇਟੀ 'ਤੇ 
ਅਜਿਹੇ ਕਹਿਰ ਢਾਹ!
(ਨਵੇਂ ਛਪੇ ਕਾਵਿ-ਸੰਗ੍ਰਹਿ 'ਜਗਿਆਸਾ' ਵਿਚੋਂ)



ਗ਼ਜ਼ਲ

- ਮੱਖਣ ਕੁਹਾੜ
ਭਟਕਿਆ ਹੈ ਕਾਫ਼ਲਾ ਭਾਵੇਂ ਇਹ ਕਿੰਨੀ ਵਾਰ ਲਿਖ।
ਫਿਰ ਵੀ ਕਾਇਮ ਏਸਦਾ ਹੈ ਹੌਸਲਾ ਇਕਰਾਰ ਲਿਖ। 
ਵਤਨ ਦੀ ਉਹ ਤੜਪ ਨੂੰ ਕਿੱਦਾਂ ਨੇ ਲੈਂਦੇ ਠਾਰ ਲਿਖ।
ਤੁਰ ਗਏ ਪਰਦੇਸ ਨੂੰ ਜੋ ਵੇਚ ਕੇ ਘਰ ਬਾਰ ਲਿਖ।
ਜੇ ਮੁਸੱਵਰ ਹੈਂ ਤਾਂ ਚਿੱਤਰ ਜ਼ਿੰਦਗੀ ਦੇ ਦਰਦ ਨੂੰ, 
ਜੇ ਕਵੀ ਹੈਂ ਦਰਦ ਦੇ ਅਹਿਸਾਸ ਦਾ ਇਜ਼ਹਾਰ ਲਿਖ।
ਜੀਣ ਦਾ ਵੱਲ ਸਿਖ ਲਿਐ ਮੈਂ ਦਿਲ 'ਤੇ ਪੱਥਰ ਧਰ ਲਿਐ,
ਪਰ ਮੇਰੇ ਪਰਦੇਸੀਆ ਤੂੰ ਆਪਣਾ ਰੁਜ਼ਗਾਰ ਲਿਖ।
ਜੇ ਕਸੂਰ ਉਸਦਾ ਨਾ ਮੇਰਾ, ਤੇਰਾ ਹੈ ਨਾ ਹੋਰ ਦਾ,
ਕਿਉਂ ਹੈ ਸਾਡਾ ਆਪਸੀ ਫਿਰ ਵਧ ਰਿਹਾ ਤਕਰਾਰ ਲਿਖ।
ਮੁੱਠੀ ਭਰ ਆਟੇ ਤੋਂ ਕਿੱਦਾਂ ਵਿਕਦੀਆਂ ਨੇ ਕੁੱਲੀਆਂ, 
ਅਜ਼ਮਤਾਂ ਲਈ ਦੌਲਤਾਂ ਦੇ ਲਗ ਰਹੇ ਅੰਬਾਰ ਲਿਖ।
ਕਾਟ ਕਿਉਂ ਕਰਦੀ ਨਹੀਂ ਕੋਈ ਮਸੀਹੇ ਦੀ ਦਵਾ
ਠੀਕ ਕਿਉਂ ਨਹੀਂ ਉਸ ਤੋਂ ਹੁੰਦਾ ਓਸਦਾ ਬੀਮਾਰ ਲਿਖ। 




ਜ਼ਾਂਜਬੀੜ 
- ਡਾ. ਗੁਰਮਿੰਦਰ ਸਿੱਧੂ 
[ ਡਾਰਫੂਰ (ਸੂਡਾਨ) ਵਿੱਚ ਸਿਸਕਦੀ ਮਮਤਾ ਦੇ ਨਾਂਅ ]

(ਜ਼ਾਂਜਬੀੜ ਉਹਨਾ ਦੁੱਧ-ਚਿੱਟੇ ਬਾਲਾਂ ਨੂੰ ਕਿਹਾ ਜਾਂਦੈ, ਜਿਹੜੇ ਸੂਡਾਨ ਵਿਚ ਕਾਲੀਆਂ ਔਰਤਾਂ ਦੀ ਕੁੱਖੋਂ ਗੋਰਿਆਂ ਦੀ ਵਹਿਸ਼ਤ ਨੇ ਪੈਦਾ ਕੀਤੇ। ਮਾਵਾਂ ਸ਼ਰਮ ਦੀਆਂ ਮਾਾਰੀਆਂ ਉਹਨਾਂ ਨੂੰ ਦੁਨੀਆਂ ਤੋਂ ਲੁਕਾਉਂਦੀਆਂ ਨੇ, ਕਦੀ ਪਿਆਰਦੀਆਂ ਤੇ ਕਦੀ ਨਫ਼ਰਤ ਕਰਦੀਆਂ ਨੇ। ਅਤੇ ਇਹ ਸਭ ਕੁੱਝ ਸੂਡਾਨ ਵਿਚ ਹੀ ਨਹੀਂ, ਦੁਨੀਆਂ ਦੇ ਹਰ ਖਿੱਤੇ ਵਿਚ ਕਿਸੇ ਨਾ ਕਿਸੇ ਰੂਪ ਵਿਚ ਵਾਪਰ ਰਿਹਾ ਹੈ। )

ਉਹ ਦਣਦਣਾਉਂਦੇ ਆਏ 
ਉਮਰ ਵਿਹਾਜ ਚੁੱਕੇ ਜੰਗਾਲੇ ਸਾਹਾਂ ਨੂੰ
ਘੋੜਿਆਂ ਦੇ ਸੁੰਮਾਂ ਥੱਲੇ ਮਸਲਿਆ
ਇਸਪਾਤੀ ਜਵਾਨਾਂ ਦੇ ਤੂੰਬੇ ਉਡਾਏ
ਮਹਿਕਦੇ ਬਾਗਾਂ ਦੇ ਮੱਥਿਆਂ 'ਤੇ 
ਸਿਵਿਆਂ ਦਾ ਸਾਈਨ-ਬੋਰਡ ਚਿਪਕਾਇਆ
ਤੇ ਤਿਤਲੀਆਂ ਦੀਆਂ ਗਰਭਦਾਨੀਆਂ ਵਿਚ
ਗੱਡ ਗਏ ਆਪਣੀ ਜਿੱਤ ਦੇ ਝੰਡੇ...। 

ਸਮਾਂ ਨੌਂ ਕਦਮ ਅੱਗੇ ਤੁਰਿਆ
ਹੁਣ ਸਿਆਹ ਕਾਲੀਆਂ ਬਾਹਾਂ ਵਿਚ
ਝੂਲ ਰਹੇ ਨੇ ਗੋਰੇ ਚਿੱਟੇ ਬਾਲ। 
ਤੇ ਸਾਂਵਲੀਆਂ ਮਾਵਾਂ ਹੈਰਾਨ ਪਰੇਸ਼ਾਨ ਨੇ
ਕਿੰਝ ਛਿਪਾਣ ਜਹਾਨ ਤੋਂ?
ਇਹ ਫੁੱਲਵਹਿਰੀ ਦੇ ਦਾਗ਼
ਕਿੰਜ ਦਿਖਾਣ ਜੱਗ ਨੂੰ?
ਆਪਣੇ ਸੱਜਰੇ ਫੁੱਲਾਂ ਦਾ ਗੌਰਵ...।
ਕਿੰਜ ਪਿਆਰ ਕਰਨ ਉਹਨਾਂ ਨੂੰ?
ਜਿਹੜੇ ਜਬਰ ਦੀ ਬਨਾਵਟ ਨੇ
ਜਿਹੜੇ ਜ਼ੁਲਮ ਦੀ ਸ਼ਨਾਖਤ ਨੇ।
ਕਿੰਜ ਨਫਰਤ ਕਰਨ ਉਹਨਾਂ ਨੂੰ
ਜਿਹੜੇ ਆਪਣੇ ਢਿਡੋਂ ਜਾਏ ਨੇ? 
ਜਿਹੜੇ ਮਮਤਾ ਦੇ ਤਿਰਹਾਏ ਨੇ।

ਵਹਿਸ਼ਤ ਦੇ ਬੜੇ ਰੰਗ ਨੇ
ਪਰ ਇਹ ਕੇਹਾ ਰੰਗ ਹੈ? 
ਜਿਸ ਨੇ ਬਚਪਨ ਚੀਰ-ਚੀਰ ਕੀਤਾ ਹੈ 
ਮਾਂ ਦੇ ਨਿੱਘ ਨੂੰ ਲੀਰ-ਲੀਰ ਕੀਤਾ ਹੈ।
 ('ਹੁਣ ਅਲਵਿਦਾ ਹੁੰਦੇ ਨੇ ਖ਼ਤ' ਵਿਚੋਂ ) 

No comments:

Post a Comment