Tuesday 3 December 2013

ਪੂੰਜੀਵਾਦੀ ਵਿਕਾਸ ਅਤੇ ਰਵਾਇਤੀ ਕਿੱਤਿਆਂ ਦੀ ਦੁਰਦਸ਼ਾ

ਮਹੀਪਾਲ

ਕਚਿਹਰੀ 'ਚ ਬੈਠ ਇਕ ਮਿੱਤਰ ਨੂੰ ਉਡੀਕਦਿਆਂ ਮੈਂ ਹਿੰਦੀ ਰਸਾਲੇ 'ਤਹਿਲਕਾ' ਦੀ ਕਵਰ ਸਟੋਰੀ ਪੜ੍ਹ ਰਿਹਾ ਸੀ।  'ਤਹਿਲਕਾ' ਦੀ ਇਕ ਟੀਮ ਵਲੋਂ ਕੀਤੇ ਗਏ ਸਟਿੰਗ ਅਪ੍ਰੇਸ਼ਨ ਰਾਹੀਂ ਇਕੱਤਰ ਕੀਤੇ ਗਏ ਤੱਥਾਂ 'ਤੇ ਅਧਾਰਤ ਇਸ ਕਵਰ ਸਟੋਰੀ ਦਾ ਸਾਰ ਤੱਤ ਇਹ ਹੈ ਕਿ ''ਮਨੁੱਖੀ ਤਸਕਰੀ'' ਦਾ ਨਖਿੱਧ ਕਾਰੋਬਾਰ ਸੰਸਾਰ ਦਾ ਦੂਜਾ ਸਭ ਤੋਂ ਵੱਡਾ ਵਪਾਰ ਬਣ ਗਿਆ ਹੈ ਅਤੇ ''ਮੇਰਾ ਭਾਰਤ ਮਹਾਨ'' ਇਸ ਸ਼ਰਮਨਾਕ ਵਪਾਰ ਦੇ ਮਾਮਲੇ ਵਿਚ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਕੇਂਦਰ ਹੈ। 
ਇਹ 'ਸਟੋਰੀ' ਦੱਸਦੀ ਹੈ ਕਿ ਅਸਾਮ ਸੂਬੇ ਦਾ ਲਖੀਮਪੁਰ ਜ਼ਿਲ੍ਹਾ ਅੱਜ ਦੀ ਘੜੀ ਇਸ ਮਾਨਵ ਵਿਰੋਧੀ ਕਾਰੋਬਾਰ ਦੀ ਰਾਜਧਾਨੀ ਵਜੋਂ ਉਭਰ ਰਿਹਾ ਹੈ। ਇਸ ਵਪਾਰ ਦੇ ਅਨੇਕਾਂ ਦਲਾਲ ਮਾਪਿਆਂ ਦੀ ਮੌਨ ਜਾਂ ਮੁਖਰ ਸਹਿਮਤੀ ਨਾਲ, ਜਾਂ ਮਾਪਿਆਂ ਤੋਂ ਚੋਰੀ ਛਿਪੇ, ਜ਼ਿਲ੍ਹੇ ਦੀਆਂ ਔਰਤਾਂ ਖਾਸਕਰ ਨੌਜਵਾਨ ਲੜਕੀਆਂ ਨੂੰ ਭਵਿੱਖ ਦੇ ਜੀਵਨ ਦੇ ਹਸੀਨ ਸੁਪਨੇ ਦਿਖਾ ਕੇ ਦਿੱਲੀ, ਮੁੰਬਈ, ਹੈਦਰਾਬਾਦ,ਚੰਡੀਗੜ੍ਹ, ਸੂਰਤ, ਅਹਿਮਦਾਬਾਦ, ਜੈਪੁਰ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਲਿਆ ਕੇ ਅੱਗੋਂ ਬੇਰਹਿਮ ਪਲੇਸਮੈਂਟ-ਏਜੰਸੀ ਮਾਲਕਾਂ ਦੇ ਹੱਥੀਂ ਸੌਂਪ ਦਿੰਦੇ ਹਨ। ਅਤੀ ਸ਼ਰਮਨਾਕ ਗੱਲ ਇਹ ਹੈ ਕਿ ਮਾਸੂਮ ਬਾਲੜੀਆਂ ਨੂੰ ਜਿਣਸੀ-ਆਰਥਕ-ਭਾਵਨਾਤਮਕ ਸ਼ੋਸ਼ਣ ਦੀ ਅੰਤਹੀਨ ਹਨੇਰੀ ਸੁਰੰਗ ਵਿਚ ਕੈਦ ਕਰਨ ਵਾਲੀਆਂ ਇਹਨਾਂ ਪਲੇਸਮੈਂਟ ਏਜੰਸੀਆਂ ਦੇ ਨਾਂ ਹਿੰਦੂ ਦੇਵੀ ਦੇਵਤਿਆਂ ਜਾਂ ਹੋਰ ਸਨਮਾਨਜਨਕ ਹਸਤੀਆਂ ਦੇ ਨਾਵਾਂ 'ਤੇ ਰੱਖੇ ਹੋਏ ਹਨ। ਰਿਪੋਰਟ ਦੱਸਦੀ ਹੈ ਕਿ ਲੜਕੀਆਂ ਤੋਂ ਇੰਗਲਿਸ਼ ਵਿਚ ਟਾਈਪ ਕੀਤੇ ਗਏ ਕਾਗਜ਼ਾਂ 'ਤੇ ਦਸਤਖਤ/ਅੰਗੂਠੇ ਲੈ ਕੇ ਉਨ੍ਹਾਂ ਨੂੰ ਘਰੇਲੂ ਕੰਮਾਂ 'ਤੇ ਲਗਾ ਦਿੱਤਾ ਜਾਂਦਾ ਹੈ। ਜਿਥੇ ਕਿਸੇ ਨਾਲ ਗੱਲ ਕਰਨ ਜਾਂ ਮਿਲਣ ਜੁਲਣ ਦੀ ਸਜ਼ਾ ਵਜੋਂ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਹਨ। ਅਨੇਕਾਂ ਕੁੜੀਆਂ ਪਲੇਸਮੈਂਟ ਏਜੰਸੀ ਮਾਲਕਾਂ ਜਾਂ ਹੋਰਨਾਂ ਜਰਵਾਣਿਆਂ ਵਲੋਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਦੀਆਂ ਹਨ। ਏਜੰਸੀ ਵਲੋਂ ਤੈਅ ਕੀਤੀ 2200 ਤੋਂ ਲੈ ਕੇ 4500 ਰੁਪਏ ਮਹੀਨਾ ਦੀ ਉਜਰਤ ਵੀ ਏਜੰਸੀਆਂ ਖੁਦ ਹੀ ਵਸੂਲਦੀਆਂ ਹਨ। 
ਰਿਪੋਰਟ ਨੇ ਇਹ ਲੂੰ ਕੰਡੇ ਖੜ੍ਹੇ ਕਰਨ ਵਾਲਾ ਇਹ ਤੱਥ ਵੀ ਉਜਾਗਰ ਕੀਤਾ ਹੈ ਕਿ ਉਪਰੋਕਤ ਵਿਚੋਂ ਅਨੇਕਾਂ ਕੁੜੀਆਂ ਸਾਲਾਂ ਤੋਂ ਲਾਪਤਾ ਹਨ ਅਤੇ ਕੋਈ ਵੀ ਨਹੀਂ ਜਾਣਦਾ ਕਿ ਉਹ ਜ਼ਿੰਦਾ ਵੀ ਹਨ ਕਿ ਨਹੀਂ। ਅਤੇ, ਜੇ ਜ਼ਿੰਦਾ ਹਨ ਤਾਂ ਪਤਾ ਨਹੀਂ ਕਿਸ ਕਿਸਮ ਦੇ ਨਖਿੱਧ ਧੰਦੇ ਕਰਨ ਲਈ ਅਤੇ ਤਿਲ ਤਿਲ ਮਰਨ ਲਈ ਮਜ਼ਬੂਰ ਹਨ। ਘਰ ਪਰਤੀਆਂ ਅਨੇਕਾਂ ਕੁੜੀਆਂ ਮਾਨਸਿਕ ਤਵਾਜਨ ਗੁਆ ਚੁੱਕੀਆਂ ਹਨ ਅਤੇ ਆਪਣੇ ਨਾਲ ਹੋਈ ਬੀਤੀ ਬਾਰੇ ਕੁੱਝ ਵੀ ਦੱਸਣੋਂ ਅਸਮਰਥ ਹਨ। ਸੈਂਕੜੇ ਕੁੜੀਆਂ ਗੰਭੀਰ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਪੱਕੇ ਤੌਰ 'ਤੇ ਸ਼ਾਦੀ ਕਰਨੋਂ; ਬੱਚੇ ਪੈਦਾ ਕਰਨੋਂ ਨਕਾਰਾ ਹੋਣ ਕਾਰਨ ਪਲ ਪਲ ਮੌਤ ਨੂੰ ਉਡੀਕ ਰਹੀਆਂ ਹਨ। ਸਥਿਤੀ ਦਾ ਡਰਾਉਣਾ ਪੱਖ ਇਹ ਹੈ ਕਿ ਅੱਜ ਵੀ ਔਸਤ 40 (ਚਾਲੀ) ਕੁੜੀਆਂ ਹਰ ਰੋਜ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚੋਂ ਇਸ ਤਰ੍ਹਾਂ ਵਰਗਲਾ ਕੇ ਲਿਆਂਦੀਆਂ ਜਾ ਰਹੀਆਂ ਹਨ। ਸਟਿੰਗ ਅਪ੍ਰੇਸ਼ਨ ਵਾਲੀ ਟੀਮ ਨੇ 'ਗ੍ਰਾਹਕ' ਬਣ ਕੇ ਨੌ ਦਲਾਲਾਂ ਨਾਲ ਗੱਲ ਕੀਤੀ ਅਤੇ ਇਹ ਹੈਰਾਨਕੁੰਨ ਖੁਲਾਸਾ ਹੋਇਆ ਕਿ ਕੇਵਲ ਇਕ ਦਲਾਲ, ਜਿਸ ਦਾ ਨਾਂ ਕੁਸੁਮਾ ਟਿਰਕੀ ਹੈ, ਨੇ ਹੀ ਸੰਨ 2008 ਤੋਂ ਲੈ ਕੇ 2010 ਤੱਕ 53 ਕੁੜੀਆਂ ਗੁੰਮਰਾਹ ਕਰਕੇ ਵੱਖੋ ਵੱਖ ਥਾਵਾਂ 'ਤੇ ਪਹੁੰਚਾਈਆਂ। ਇਹ ਵੀ ਦਰਦਨਾਕ ਹੈ ਕਿ ਉਕਤ 9 ਦਲਾਲਾਂ ਸਮੇਤ ਅਨੇਕਾਂ ਹੋਰ ਬੜੇ ਧੜੱਲੇ ਨਾਲ ਇਹ ਧੰਦਾ ਜਾਰੀ ਰੱਖ ਰਹੇ ਹਨ। 
ਇਸ ਮਨੁੱਖੀ ਤਸਕਰੀ ਦੇ ਲਖੀਮਪੁਰ ਜ਼ਿਲ੍ਹੇ ਵਿਚ ਜ਼ਿਆਦਾ ਵੱਧਣ ਫੁਲਣ ਦੇ ਉਂਜ ਤਾਂ ਹੋਰ ਵੀ ਛੋਟੇ ਵੱਡੇ ਆਰਥਕ ਸਮਾਜਕ ਕਾਰਨ ਹਨ ਪਰ ਇਹਨਾਂ 'ਚੋਂ ਮੁੱਖ ਕਾਰਨ ਵੱਡੀ ਗਿਣਤੀ ਵਿਚ ਚਾਹਬਾਗਾਂ ਦੇ ਬੰਦ ਹੋਣ ਕਾਰਨ ਫੈਲੀ ਬੇਕਾਰੀ ਅਤੇ ਭੁੱਖਮਰੀ ਹੈ। ਵਧੀਆ ਕਿਸਮ ਦੀ ਚਾਹ ਦੀ ਵਿਦੇਸ਼ਾਂ ਵਿਚ ਵਿਕਰੀ ਰਾਹੀਂ ਦੇਸ਼ ਦੀ ਆਰਥਕਤਾ ਵਿਚ ਅਰਬਾਂ ਰੁਪਏ ਦਾ ਵਿਦੇਸ਼ੀ ਧਨ ਲਿਆਉਣ ਵਾਲੇ, ਚਾਹ ਕੰਪਨੀਆਂ ਅਤੇ ਚਾਹ ਬਾਗਾਂ ਦੇ ਮਾਲਕਾਂ, ਅਤੇ ਵਪਾਰੀਆਂ ਦੀਆਂ ਤਿਜੌਰੀਆਂ ਮੁਨਾਫਿਆਂ ਨਾਲ ਨੱਕੋਂ ਨੱਕ ਭਰਨ ਵਾਲੇ ਅਤੀ ਹੁਨਰਮੰਦ ਕਾਮਿਆਂ ਦੀ ਹਾਲਤ ਚਾਹ ਬਾਗਾਂ ਦੇ ਬੰਦ ਹੋਣ ਕਾਰਨ ਠੀਕ ਉਸੇ ਤਰ੍ਹਾਂ ਦੀ ਹੋ ਗਈ ਹੈ ਜਿਸ ਤਰ੍ਹਾਂ ਦੀ ਚਾਹ ਪੀਣ ਪਿਛੋਂ ਉਬਲੀ ਹੋਈ ਚਾਹ ਪੱਤੀ ਤੇ ਲਫੂਸੜਿਆਂ ਦੀ ਹੁੰਦੀ ਹੈ, ਜਿਨ੍ਹਾਂ ਨੂੰ ਕੂੜਾ ਸਮਝ ਕੇ ਡਸਟਬਿਨ ਜਾਂ ਰੂੜੀਆਂ 'ਤੇ ਸਿੱਟ ਦਿੱਤਾ ਜਾਂਦਾ ਹੈ। ''ਬ੍ਰਹਮਪੁੱਤਰ'' ਨਦੀ 'ਤੇ ਵਸੇ ਲਖੀਮਪੁਰ ਜ਼ਿਲ੍ਹੇ ਦੀਆਂ ਕੰਜਕਾਂ ਦੀ ਹੀ ਇਹ ਹਾਲਤ ਨਹੀਂ ਹੈ ਸਗੋਂ ਸਮੁੱਚੇ ਉਤਰ ਪੂਰਬੀ ਰਾਜਾਂ ਅਤੇ ਲੱਗਭਗ ਦੇਸ਼ ਦੇ ਸਾਰੇ ਭਾਗਾਂ ਵਿਚਲੀਆਂ ਧੀਆਂ ਨਾਲ ਮਿਲਦੀਆਂ ਜੁਲਦੀਆਂ ਘਟਨਾਵਾਂ ਵਰਤਾਈਆਂ ਜਾ ਰਹੀਆਂ ਹਨ। ਸਟਿੰਗ ਅਪ੍ਰੇਸ਼ਨ ਵਾਲੇ ਬੇਸ਼ੱਕ ਸ਼ਾਬਾਸ਼ ਦੇ ਹੱਕਦਾਰ ਹਨ ਪਰ ਉਡੀਕ ਤਾਂ ਭਾਰਤਵਾਸੀਆਂ ਦੀਆਂ ਅਜੇਹੀਆਂ ਮਾਸੂਮ ਧੀਆਂ ਦੀ ਰਾਖੀ ਦੇ ਇੱਕਜੁਟ ਯਤਨਾਂ ਦੀ ਹੈ। 
ਇਸ ਸਟੋਰੀ ਵਿਚਲੀਆਂ ਮਾਸੂਮ ਬਾਲੜੀਆਂ ਨਾਲ ਹੋਈ ਬੀਤੀ ਬਾਰੇ ਸੋਚਦਿਆਂ ਅੰਤਾਂ ਦੀ ੳਦਾਸੀ ਲਈ, ਮੈਂ ਉਠ ਕੇ ਮੁੱਖ ਡਾਕਘਰ ਕੋਲ ਚਾਹ ਪੀਣ ਆ ਗਿਆ। ਚਾਹ ਦੇ ਖੋਖੇ ਵਾਲਾ ਪਦਮ, ਹੁਣ ਬੰਦ ਹੋ ਚੁੱਕੇ ਸਿੰਗਲ ਸੁਪਰ ਫਾਸਫੇਟ ਬਨਾਉਣ ਵਾਲੇ ਦਰਮਿਆਨੇ ਦਰਜੇ ਦੇ ਖਾਦ ਕਾਰਖਾਨੇ ਮੂਣਕ ਕੈਮੀਕਲਜ਼ ਬਠਿੰਡਾ ਵਿਖੇ ਆਪਰੇਟਰ ਗਰੇਡ ਟੂ (ਹੁਨਰਮੰਦ ਕਾਮੇ) ਵਜੋਂ ਨੌਕਰੀ ਕਰਦਾ ਸੀ। ਫੈਕਟਰੀ ਵਿਚ ਚੰਗੇ ਰੁਤਬੇ ਵਾਲੀ ਨੌਕਰੀ ਤੋਂ ਚਾਹ ਖੋਖੇ ਦੇ ਕਿੱਤੇ 'ਤੇ ਪਹੁੰਚਣ ਦੀ ਪਦਮ ਦੀ ਮਜ਼ਬੂਰੀ ਨੇ ਮੈਨੂੰ ਅੱਗੇ ਵੀ ਅਨੇਕਾਂ ਵਾਰ ਤਕਲੀਫ ਦਿੱਤੀ ਹੈ ਪਰ ਮੈਂ ਇਹ ਸੋਚ ਕੇ ਖੁਦ ਨੂੰ ਤਸੱਲੀ ਦੇ ਲੈਂਦਾ ਰਿਹਾ ਹਾਂ ਕਿ ''ਚਲੋ ਭੁੱਖਾ ਤਾਂ ਨਹੀਂ ਮਰਦਾ।'' ਪਰ ਚਾਹ ਬਾਗਾਂ ਦੇ ਕਿਰਤੀਆਂ ਦੀ ਹਾਲਤ ਬਿਆਨਦੀ ਅੱਜ ਦੀ ਰਿਪੋਰਟ ਤੋਂ ਮੈਨੂੰ ਮਿਲ ਗੇਟ 'ਤੇ ਘੋਲਾਂ ਵਿਚ ਮੂਣਕ ਕੈਮੀਕਲਜ਼ ਮੈਨੇਜ਼ਮੈਂਟ ਦੀ ਨੀਂਦ ਹਰਾਮ ਕਰਨ ਵਾਲੇ ਅਨੇਕਾਂ ਯੁੱਧ ਸਾਥੀਆਂ ਦੀ ਯਾਦ ਆ ਗਈ। ਹਾਲਾਤ ਦੇ ਝੰਬੇ ਖੁਦਕਸ਼ੀਆਂ ਕਰ ਗਏ ਬੁਢਲਾਡੇ ਨੇੜਲਾ ਅਮਰਜੀਤ 'ਤੇ ਜੈਤੋ ਵਾਲਾ ਸੁਖਦੇਵ; ਸੜਕ 'ਤੇ ਚੱਪਲਾਂ ਕੰਘੀਆਂ ਵੇਚਦਾ ਰੂਪਰਾਮ, ਸਭ ਕੁੱਝ ਸਮੇਟ ਕੇ ਹਮੇਸ਼ਾਂ ਲਈ ਪਿੰਡ ਚਲਾ ਗਿਆ ਹੀਰਾ ਲਾਲ, ਆਪਣੇ ਪਿੰਡ ਮਾਨਾਵਾਲਾ ਵਿਖੇ ਅਰਧ ਬੇਰੁਜ਼ਗਾਰੀ ਦੀ ਹਾਲਤ ਵਿਚ ਜੂਨ ਹੰਢਾਅ ਰਹੇ ਚਿਰੰਜੀ ਤੇ ਦੀਸ਼ਾ, ਅਨੇਕਾਂ ਅਦਾਰਿਆਂ ਵਿਚ ਨਿਗੂਣੀਆਂ ਉਜਰਤਾਂ ਅਧੀਨ ਸਕਿਊਰਟੀ ਦੀ ਨੌਕਰੀ ਕਰ ਰਹੇ ਮਹਿਤੇ ਵਾਲੇ ਗੁਰਜੰਟ ਅਤੇ ਅਨੇਕਾਂ ਹੋਰ ਸਾਥੀਆਂ ਨਾਲ ਫੈਕਟਰੀ ਬੰਦ ਹੋਣ ਪਿਛੋਂ ਹੋਈ ਜੱਗੋਂ ਤੇਰ੍ਹਵੀਂ ਨੇ ਮੇਰੀਆਂ ਅੱਖਾਂ ਨਮ ਕਰ ਦਿੱਤੀਆਂ। ਮੇਰੇ ਲਈ ਪਦਮ ਵਲੋਂ ਮੋਹ ਅਤੇ ਸ਼ੌਕ ਨਾਲ ਬਣਾਈ ਚਾਹ ਮੈਂ ਮਸਾਂ ਹੀ ਸੰਘੋਂ ਉਤਾਰੀ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮੇਰਾ ਧਿਆਨ ਸ਼ਹਿਰ ਵਿਚ ਬੰਦ ਹੋਈਆਂ ਸਰਕਾਰੀ, ਗੈਰ-ਸਰਕਾਰੀ ਟੈਕਸਟਾਈਲ ਮਿਲਾਂ, ਟਰਾਂਸਫਾਰਮਰ ਅਤੇ ਹੋਰ ਬਿਜਲੀ ਉਪਕਰਨ ਬਨਾਉਣ ਵਾਲੀਆਂ ਫੈਕਟਰੀਆਂ, ਅਨੇਕਾਂ ਸਿਰਾਮਿਕਸ ਯੂਨਿਟਾਂ, ਸਾਬਣ ਫੈਕਟਰੀਆਂ ਅਤੇ ਹੋਰ ਅਦਾਰਿਆਂ ਅਤੇ ਰੋਜ਼ਗਾਰ ਵਿਹੂਣੇ ਹੋ ਕੇ ਤਰਲਿਆਂ ਭਰੀ ਜੂਨ ਹੰਢਾਉਣ ਵਾਲੇ ਅਨੇਕਾਂ ਕਾਮਿਆਂ ਵੱਲ ਚਲਿਆ ਗਿਆ। ਇਨ੍ਹਾਂ ਵਿਚ ਕਈ ਅਜੇ ਵੀ ਤਨਖਾਹਾਂ, ਪੀ.ਐਫ. ਆਦਿ ਦੇ ਬਕਾਏ ਲੈਣ ਲਈ ਕਿਰਤ ਵਿਭਾਗ ਜਾਂ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ। 
ਅਚਾਨਕ ਮੇਰੇ ਕੋਲ ਦੀ ਮੇਰਾ ਬਚਪਨ ਦਾ ਮਿੱਤਰ ਲੰਘਿਆ ਨਾ ਹੈ ਜਿਸ ਦਾ ਹੀਰਾ। ਇਹ ਅਤੀ ਖੂਬਸੂਰਤ ਅੱਖਰ ਲਿਖਣ ਵਾਲਾ ਪੇਂਟਰ ਸੀ ਪਰ ਅਤਿ ਆਧੁਨਿਕ ਤਕਨੀਕਾਂ ਅਤੇ ਕੰਪਿਊਟਰ ਨਾਲ ਤਿਆਰ ਹੋ ਰਹੀ ਪ੍ਰਚਾਰ ਸਮੱਗਰੀ ਦੀ ਭਰਮਾਰ ਕਾਰਨ ਕੰਮ ਖਤਮ ਹੋਣ ਦੀ ਨਿਰਾਸ਼ਾਜਨਕ ਸਥਿਤੀ ਤੋਂ ਅੱਕਿਆ ਸਾਈਕਲ ਤੇ ਘੁੰਮ ਫਿਰ ਕੇ ਲਾਟਰੀਆਂ ਵੇਚਣ ਦਾ ਧੰਦਾ ਕਰਨ ਲੱਗ ਪਿਆ ਹੈ। ਇਸ ਦੇ ਵਡੇਰਿਆਂ ਨੇ ਮੁਕਤਸਰ ਸਾਹਿਬ ਤੋਂ ਆ ਕੇ ਮੇਰੇ ਸ਼ਹਿਰ ਵਿਚ ਚੰਗੀ-ਚੋਖੀ ਕਮਾਈ ਵਾਲੀ ਨਵੇਂ ਤਾਂਗੇ ਬਨਾਉਣ ਅਤੇ ਪੁਰਾਣਿਆਂ ਦੀ ਮੁਰੰਮਤ ਕਰਨ ਵਾਲੀ ਡੇਢ ਦਰਜਨ ਕਾਰੀਗਰਾਂ ਨੂੰ ਨੌਕਰੀ ਦੇਣ ਵਾਲੀ ਵਰਕਸ਼ਾਪ ਸਥਾਪਤ ਕੀਤੀ ਸੀ। ਸਮੇਂ ਦੇ ਗੇੜ ਨਾਲ ਨਾ ਤਾਂ ਤਾਂਗੇ ਰਹੇ, ਨਾ ਤਾਂਗੇ ਬਨਾਉਣ ਵਾਲੀਆਂ ਵਰਕਸ਼ਾਪਾਂ, ਤਾਂਗੇ ਵਾਲਿਆਂ ਅਤੇ ਰਿਪੇਅਰ ਕਰਨ ਤੇ ਨਵੇਂ ਬਨਾਉਣ ਵਾਲੇ ਕਾਰੀਗਰਾਂ ਦਾ ਕੀ ਵੱਟਿਆ ਗਿਆ ਹੋਵੇਗਾ। ਜਦੋਂ ਵਰਕਸ਼ਾਪ ਮਾਲਕਾਂ ਦੀ ਔਲਾਦ ''ਹੀਰਾ'' ਹੀ ਗਲੀਆਂ ਵਿਚ ਘੁੰਮ ਫਿਰ ਕੇ ਲਾਟਰੀਆਂ ਰੂਪੀ ਸੁਪਨੇ ਵੇਚਦਾ ਫਿਰਦਾ ਹੈ। ਹੀਰੇ ਤੋਂ ਹੁੰਦੀ ਹੋਈ ਮੇਰੀ ਨਿਗ੍ਹਾ ਡੰਪਰਾਂ ਅਤੇ ਜੇ.ਸੀ.ਬੀ. ਵਲੋਂ ਵਿਹਲੇ ਕਰ ਦਿੱਤੇ ਗਏ ਕਹੀਆਂ ਨਾਲ ਟਰਾਲੀਆਂ 'ਚ ਮਿੱਟੀ ਭਰਨ ਅਤੇ ਖਾਲੀ ਕਰਨ ਵਾਲੇ ਮਜ਼ਦੂਰਾਂ ਅਤੇ ਛੋਟੇ ਟਰੈਕਟਰ ਟਰਾਲੀ ਮਾਲਕਾਂ ਦੀ ਬੇਕਦਰੀ ਵੱਲ ਚੱਲ ਗਈ। ਬੱਸ ਫਿਰ ਕੀ ਸੀ ਮੇਰੀਆਂ ਅੱਖਾਂ ਮੂਹਰੇ ਅਨੇਕਾਂ ਖੂਹੀਆਂ ਅਤੇ ਲੈਟਰੀਨ ਬੋਰ ਪੁੱਟਣ ਵਾਲੇ, ਨਲਕੇ ਲਾਉਣ ਵਾਲੇ, ਸੀਮਿੰਟ ਦੀਆਂ ਹੋਦੀਆਂ ਬਨਾਉਣ ਵਾਲੇ, ਅੰਗੀਠੀਆਂ ਬਨਾਉਣ ਵਾਲੇ, ਕੋਲਾ ਵੇਚਣ ਵਾਲੇ, ਘਰੋਂ ਘਰੀ ਜਾ ਕੇ ਲੱਕੜਾਂ ਪਾੜਨ ਵਾਲੇ, ਮੰਜੇ ਬੁਨਣ ਅਤੇ ਰਿਪੇਅਰ ਕਰਨ ਵਾਲੇ ਅਨੇਕਾਂ ਕਾਮੇ ਆ ਗਏ। ਜੋ ਰਵਾਇਤੀ ਧੰਦੇ ਬੰਦ ਹੋਣ ਕਾਰਨ ਬੇਰੁਜ਼ਗਾਰੀ ਦੀ ਹਨ੍ਹੇਰੀ ਨੇ ਮੰਧੋਲ ਛੱਡੇ। ਮੇਰੇ ਉਪਰੋਕਤ ਵੇਰਵੇ ਪੜ੍ਹ ਕੇ ਕਿਸੇ ਸੁਹਿਰਦ ਪਾਠਕ ਨੂੰ ਸ਼ਾਇਦ ਇਹ ਭੁਲੇਖਾ ਪੈ ਸਕਦਾ ਹੈ ਕਿ ਮੈਂ ਨਵੀਆਂ ਕਾਢਾਂ ਅਤੇ ਇਨ੍ਹਾਂ ਕਾਢਾਂ ਦੇ ਸਿੱਟੇ ਵਜੋਂ ਸੌਖੀਆਂ ਹੋਈਆਂ ਜੀਵਨ ਹਾਲਤਾਂ ਦਾ ਵਿਰੋਧੀ ਹਾਂ। ਨਹੀਂ ਦੋਸਤੋ ਇਹ ਗੱਲ ਨਹੀਂ। ਵਿਕਾਸ ਪਿਛਲੀ ਤਰੱਕੀ ਦੀ ਲਗਾਤਾਰਤਾ ਹੀ ਹੁੰਦਾ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਨਵੀਆਂ ਕਾਢਾਂ ਪਿਛਲੀਆਂ ਦਾ ਵਿਸਥਾਰ ਹੀ ਹੁੰਦੀਆਂ ਹਨ ਅਤੇ ਕੁਦਰਤੀ ਨਿਆਂ ਅਨੁਸਾਰ ਇਸ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਨੂੰ ਮਿਲਣਾ ਚਾਹੀਦਾ ਹੈ। ਪਰ ਭਾਰਤ ਅਤੇ ਦੁਨੀਆਂ ਦੇ ਵੱਡੇ ਹਿੱਸੇ ਵਿਚ ਲੁੱਟ ਅਧਾਰਤ ਜਮਾਤੀ ਰਾਜ ਪ੍ਰਬੰਧ ਦਾ ਬੋਲਬਾਲਾ ਹੈ। ਭਾਵੇਂ ਨਵੀਆਂ ਕਾਢਾਂ ਨਾਲ ਅਬਾਦੀ ਦੇ ਵੱਡੇ ਹਿੱਸੇ ਦੇ ਰੋਜ਼ਾਨਾ ਜੀਵਨ ਦੇ ਕੰਮ ਧੰਦੇ ਪਹਿਲਾਂ ਦੇ ਮੁਕਾਬਲੇ ਸੌਖੇ ਹੋ ਜਾਂਦੇ ਹਨ ਪਰ ਨਵੀਆਂ ਕਾਢਾਂ 'ਤੇ ਅਧਾਰਤ ਕਾਰਖਾਨਿਆਂ-ਮਿਲਾਂ ਵਿਚ ਬਣੀਆਂ ਵਸਤਾਂ ਦੀ ਵਿਕਰੀ ਤੋਂ ਪੈਦਾ ਹੋਏ ਮੁਨਾਫਿਆਂ ਦਾ ਵੱਡਾ ਹਿੱਸਾ ਮੁੱਠੀ ਭਰ ਦੇਸੀ, ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਵਿਚ ਚਲਾ ਜਾਂਦਾ ਹੈ। ਇਕ ਪਾਸੇ ਇਨ੍ਹਾਂ ਕਾਢਾਂ ਰਾਹੀਂ ਬਣੀਆਂ ਵਸਤਾਂ ਦੀ ਵਿਕਰੀ ਰਾਹੀਂ ਕਰੋੜਾਂ ਖਪਤਕਾਰਾਂ ਦੀ ਅੰਨ੍ਹੀ ਲੁੱਟ ਕੀਤੀ ਜਾਂਦੀ ਹੈ ਪਰ ਇਨ੍ਹਾਂ ਨੂੰ ਬਨਾਉਣ ਕਾਰਜਾਂ 'ਚ ਲੱਗੇ ਕਿਰਤੀਆਂ ਨੂੰ ਬਹੁਤ ਹੀ ਨਿਗੂਣੀਆਂ ਉਜਰਤਾਂ ਦਿੱਤੀਆਂ ਜਾਂਦੀਆਂ ਹਨ। ਹਾਲਾਤ ਦਾ ਸਭ ਤੋਂ ਕਰੂਰ ਪੱਖ ਇਹ ਹੈ ਕਿ ਨਵੀਆਂ ਕਾਢਾਂ 'ਤੇ ਅਧਾਰਤ ਕਾਰੋਬਾਰਾਂ ਦੇ ਸ਼ੁਰੂ ਹੋਣ ਕਾਰਨ ਖਤਮ ਹੋਣ ਵਾਲੇ ਪੁਰਾਣੇ ਕਿੱਤਿਆਂ 'ਚ ਲੱਗੇ ਲੱਖਾਂ ਕਰੋੜਾਂ ਕਿਰਤੀਆਂ ਦੇ ਮੁੜ ਵਸੇਬੇ ਦੀ ਕੋਈ ਨੀਤੀ ਨਹੀਂ ਹੈ। ਮੇਰਾ ਹੱਥਲਾ ਲੇਖ ਰਵਾਇਤੀ ਕਿੱਤਿਆਂ ਦੇ ਬੰਦ ਹੋਣ ਨਾਲ ਵਿਹਲੇ ਹੋ ਰਹੇ ਕਿਰਤੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਹੋ ਰਹੀ ਦੁਰਦਸ਼ਾ ਬਾਰੇ ਸਮਾਜ ਦੇ ਇਨਸਾਫ ਪਸੰਦ ਲੋਕਾਂ ਦਾ ਧਿਆਨ ਖਿੱਚਣ ਦੇ ਮਕਸਦ ਲਈ ਹੈ। ਸਾਥੀਓ, ਸਮਾਜ ਵਿਚ ਲਗਾਤਾਰ ਵੱਧ ਰਹੀ ਅਫਰਾ ਤਫਰੀ, ਲੁੱਟਾਂ ਖੋਹਾਂ, ਡਕੈਤੀਆਂ, ਲੜਕੀਆਂ ਨਾਲ ਛੇੜਛਾੜ, ਬਲਾਤਕਾਰ ਆਦਿ ਦੇ ਅਣਮਨੁੱਖੀ ਕਾਰਿਆਂ ਦਾ ਲਗਾਤਾਰ ਵੱਧਦੇ ਜਾਣਾ ਅਤੇ ਵੇਸ਼ਵਾਗਿਰੀ ਵਰਗੇ ਅਣਮਨੁੱਖੀ ਧੰਦੇ ਦੇ ਵੱਧਣ ਪਿੱਛੇ ਵੀ ਵਿਕਾਸ ਦਾ ਇਹ ਅਸਾਵਾਂ ਮਾਡਲ ਹੀ ਜਿੰਮੇਵਾਰ ਹੈ। 

No comments:

Post a Comment