Monday 2 December 2013

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਨਵਬੰਰ 2013)

ਲੇਬਰ ਚੌਕ

- ਕੁਲਵੰਤ ਸਿੰਘ ਵਿਰਕ 
ਬਹੁਤ ਸਾਲਾਂ ਦੀ ਗੱਲ ਹੈ। ਮੈਂ ਲੁਧਿਆਣੇ ਦੀ ਇਕ ਸੜਕ ਉਤੇ ਫਿਰ ਰਿਹਾ ਸਾਂ। 
ਇਕ ਥਾਂ ਸੜਕ ਦੇ ਕੰਢੇ ਬਹੁਤ ਸਾਰੇ ਆਦਮੀ ਬੈਠੇ ਸਨ। ਕੋਈ ਜ਼ਮੀਨ ਉਤੇ, ਕੋਈ ਕਿਸੇ ਟੁੱਟੀ ਰੇਹੜੀ ਉਤੇ ਕੁੱਝ ਹੋਰ ਕਿਸੇ ਦੁਕਾਨ ਸਾਮ੍ਹਣੇ ਦੀ ਨਾਲੀ ਉਤੇ ਬਣੇ ਲੱਕੜ ਦੇ ਥੜ੍ਹੇ ਉਤੇ ਤੇ ਕੁਝ ਏਧਰੋਂ ਓਧਰੋਂ ਫੜੇ ਖੋਖਿਆ ਉਤੇ। 
ਇਹ ਆਦਮੀ ਇਥੇ ਬੈਠੇ ਕੀ ਕਰ ਰਹੇ ਹਨ? ਮੈਂ ਸੋਚਿਆ ਕੋਈ ਮੀਟਿੰਗ ਹੋਵੇਗੀ? ਨਾ ਦਰੀਆਂ, ਨਾ ਕਨਾਤਾਂ, ਨਾ ਸਟੇਜ, ਨਾ ਕੋਈ ਆਗੂ। ਮੀਟਿੰਗ ਕਿਸ ਤਰ੍ਹਾਂ ਹੋ ਸਕਦੀ ਹੈ? ਕਿਸੇ ਦੇ ਮਰਨ ਤੇ ਕੋਈ ਭੂਰਾ, ਫੂਹੜੀ ਪਈ ਹੋਈ ਏ? ਪਰ ਇਹ ਤੇ ਸਾਰੇ ਆਪੋ ਆਪ ਬੈਠੇ ਨੇ। ਇਨ੍ਹਾਂ ਵਿਚ ਕੋਈ ਸਾਂਝ ਨਹੀਂ ਜਾਪਦੀ। ਕੋਈ ਵਿਖਾਵਾ ਕਰਨਗੇ? ਨਹੀਂ, ਕੋਈ ਸਲਾਹ ਮਸ਼ਵਰਾ ਨਹੀਂ ਸੀ। ਚਿਹਰੇ ਵੀ ਲੱਥੇ ਹੋਏ ਸਨ। ਉਨ੍ਹਾਂ ਉਤੇ ਕੋਈ ਜੋਸ਼ ਨਹੀਂ ਸੀ। ਵਿਖਾਵੇ ਦੀ ਤਿਆਰੀ ਵਾਲਿਆਂ ਦੀ ਤੇ ਅੱਡੀ ਭੋਇੰ ਉਤੇ ਨਹੀਂ ਆਉਂਦੀ। 
ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ। ਸਵੇਰੇ ਸਵੇਰੇ ਏਨੇ ਲੋਕ ਇਕੱਠੇ ਹੋ ਕੇ ਇਥੇ ਕੀ ਕਰ ਰਹੇ ਨੇ? 
ਅਖੀਰ ਮੈਂ ਆਪਣਾ ਮਨ ਠੰਡਾ ਕਰਨ ਲਈ ਕਿਸੇ ਨੂੰ ਪੁਛ ਹੀ ਲਿਆ। ਉਸ ਨੇ ਦੱਸਿਆ ਕਿ ਇਹ ਲੋਕ ਦਿਹਾੜੀਦਾਰ ਮਜ਼ਦੂਰ ਹਨ। ਰੋਜ਼ ਸਵੇਰੇ ਏਥੇ ਆ ਜਾਂਦੇ ਨੇ। ਸ਼ਹਿਰ ਵਿਚ ਜਿਸ ਕਿਸੇ ਨੂੰ ਮਜ਼ਦੂਰ ਦੀ ਲੋੜ ਹੁੰਦੀ ਏ ਏਥੇ ਆ ਕੇ ਬੰਦਾ ਪਸੰਦ ਕਰ ਕੇ ਭਾਅ ਕਰ ਕੇ ਲੈ ਜਾਂਦਾ ਏ। ਇਸ ਕਰ ਕੇ ਇਸ ਥਾਂ ਨੂੰ ਲੇਬਰ ਚੌਕ ਆਖਦੇ ਨੇ। ਜਿਸ ਮਜ਼ਦੂਰ ਨੂੰ ਪੱਕਾ ਕੰਮ ਮਿਲ ਜਾਵੇ ਉਹ ਏਥੇ ਆਉਣੋ ਹਟ ਜਾਂਦਾ ਏ। ਜਿਸ ਨੂੰ ਕੰਮ ਤੋਂ ਹਟਾ ਦਿੱਤਾ ਜਾਵੇ ਫਿਰ ਉਹ ਏਥੇ ਆ ਕੇ ਦਿਹਾੜੀ ਉਤੇ ਲਾਉਣ ਵਾਲਿਆਂ ਦੀ ਉਡੀਕ ਕਰਨ ਲੱਗ ਜਾਂਦਾ ਏ? 
''ਓਹੋ,'' ਮੇਰੇ ਮੂੰਹੋਂ ਨਿਕਲਿਆ। ਇਹ ਤੇ ਬਹੁਤ ਬੁਰੀ ਹਾਲਤ ਸੀ। ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਲੋਕ ਇਸ ਤਰ੍ਹਾਂ ਵੀ ਦਿਨ ਕੱਟਦੇ ਨੇ। ਹਰ ਰੋਜ਼ ਕੰਮ ਉਤੇ ਲੱਗਣ ਲਈ ਨਵੇਂ ਸਿਰਿਓਂ ਉਡੀਕਣਾ। ਪਤਾ ਹੀ ਨਾ ਹੋਣਾ ਕਿ ਕੰਮ ਲੱਭੇਗਾ ਵੀ ਕਿ ਨਹੀਂ। 
ਪਿੰਡ ਜਦੋਂ ਸਾਨੂੰ ਦਿਹਾੜੀਦਾਰ ਦੀ ਲੋੜ ਹੁੰਦੀ ਤਾਂ ਭਰਾ ਥਕਿਆ ਹੋਇਆ ਵੀ, ਰਾਤ ਨੂੰ ਕਿਸੇ ਦੇ ਘਰ ਕਹਿਣ ਜਾਂਦਾ। ਕਦੀ ਕਦੀ ਐਵੇਂ ਸਾਥ ਲਈ ਮੈਂ ਵੀ ਨਾਲ ਟੁਰ ਪੈਂਦਾ। ਜੇ ਉਹ ਬੰਦਾ ਹੁੱਕਾ ਪੀ ਰਿਹਾ ਹੁੰਦਾ ਤਾਂ ਭਰਾ ਦੀ ਗੱਲ ਸੁਣ ਕੇ ਗੁੜ ਗੁੜ ਕਰਦਾ ਲੰਮਾ ਸੂਟਾ ਲਾਂਦਾ, ਫਿਰ ਧੂੰ ਬਾਹਰ ਕੱਢ ਕੇ ਥੋੜਾ ਜਿਹਾ ਖੰਘ ਕੇ 'ਹਾਂ' ਵਿਚ ਸਿਰ ਹਿਲਾ ਦੇਂਦਾ। ਭਰਾ ਇਸ ਨੂੰ ਕੱਚੀ 'ਹਾਂ' ਸਮਝਦਾ। ਗੋਡੀ ਕਰਨਾ ਜਾਂ ਜੋਤਰਾ ਲਾਣਾ ਇਸ ਤਰ੍ਹਾਂ ਨਹੀਂ ਜਿਵੇਂ ਕਿਸੇ ਕੋਠੀ ਵਿਚ ਕਲੀ ਕਰਨੀ ਹੋਵੇ ਅੱਜ ਨਹੀਂ ਤਾਂ ਕੱਲ ਸਹੀ। ਨਹੀਂ ਇਹ ਤੇ ਵੱਤਰ ਦੀ ਗੱਲ ਏ। ਵੱਤਰ ਸੁੱਕ ਗਿਆ ਤਾਂ ਝੁੱਗਾ ਚੌੜ। 
''ਹੋਰ ਤੇ ਨਹੀਂ' ਆਖਿਆ ਹੋਇਆ ਤੈਨੂੰ ਕਿਸੇ?'' ਭਰਾ ਆਪਣੀ ਤਸੱਲੀ ਲਈ ਫਿਰ ਪੁੱਛਦਾ, ''ਪੱਕੀ ਗੱਲ ਹੋਈ ਨਾ?''
ਉਹ ਬੰਦਾ ਇਕ ਹੋਰ ਸੂਟਾ ਲਾਂਦਾ। ਇਹ ਧੂੰ ਬਾਹਰ ਕੱਢਦਾ ਤੇ ਫਿਰ ਖੰਘੂਰਾ ਮਾਰਦਾ। ਫਿਰ ਹੌਲੀ ਜਹੀ ਆਖਦਾ, ''ਨਹੀਂ ਸਰਦਾਰ, ਕੋਈ ਤੋਖਲਾ ਨਾ ਕਰ। ਮੈਂ ਆ ਜਾਵਾਂਗਾ ਸਵੇਰੇ।''
ਏਨੇ ਚਿਰ ਨੂੰ ਬਾਹਰ ਗੱਲਾਂ ਹੁੰਦੀਆਂ ਸੁਣ ਕੇ ਉਸ ਦੀ ਵਹੁਟੀ ਵੀ ਕੋਲ ਆ ਖਲੌਂਦੀ। ਉਹ ਸਾਡੇ ਆਇਆਂ ਦਾ ਆਦਰ ਕਰਨ ਲਈ ਥੋੜਾ ਜਿਹਾ ਮੁਸਕਰਾਂਦੀ। ਭਰਾ ਇਕੱਲੀ ਮੁਸਕਰਾਹਟ ਨੂੰ ਕਾਫੀ ਨਹੀਂ ਸਮਝਦਾ ਸੀ। ਉਸ ਆਪਣਾ ਗੁਆਂਢੀ ਦਾ ਕੰਮ ਵੀ ਕੱਢਣਾ ਹੁੰਦਾ। ਉਹ ਉਸੇ ਜਨਾਨੀ ਨੂੰ ਆਖਦਾ, ''ਇਸ ਨੂੰ ਵੇਲੇ ਨਾਲ ਟੋਰ ਦੇਈਂ ਘਰੋਂ ਭਲਕੇ। ਮਕਈ ਗੌਡਣੀ ਏ, ਥੋੜੀ ਜਿਹੀ।''
''ਵੇਲੇ ਨਾਲ ਈ ਆ ਜਾਏਗਾ। ਮੈਂ ਇਹਨੂੰ ਗੋਡੇ ਮੁੱਢ ਬਹਾ ਕੇ ਕੀ ਕਰਨਾ ਏ?'' ਉਹ ਮਸ਼ਕਰੀ ਨਾਲ ਆਖਦੀ। ਇਸ ਸਿਫਾਰਸ਼ ਨਾਲ ਗਲ ਹੋਰ ਪੱਕੀ ਹੋ ਜਾਂਦੀ ਹੈ ਅਸੀਂ ਖੁਸ਼ੀ ਖੁਸ਼ੀ ਘਰ ਮੁੜ ਆਉਂਦੇ। 
ਪਰ ਇਥੇ ਤਾਂ ਗੱਲ ਉਸ ਦੇ ਬਿਲਕੁਲ ਉਲਟ ਸੀ। ਦਿਹਾੜੀਦਾਰਾਂ ਦੀ ਮੰਡੀ ਲੱਗੀ ਹੋਈ ਸੀ। ਜਿਸ ਨੂੰ ਇਕ ਦੀ ਲੋੜ ਸੀ, ਉਹ ਦਸਾਂ ਨੂੰ ਪੁਛ ਸਕਦਾ ਸੀ। ਚਾਹੇ ਤਾਂ ਇਸੇ ਵੇਲੇ ਆਪਣੇ ਨਾਲ ਟੋਰ ਸਕਦਾ ਸੀ। ਕਿੰਨਾ ਦਿਨ ਚੜ੍ਹ ਆਇਆ ਸੀ, ਪਰ, ਅਜੇ ਇਹ ਲੋਕ ਉਡੀਕ ਕਰ ਰਹੇ ਸਨ ਕਿ ਕੋਈ ਆਵੇ ਤੇ ਕੰਮ ਉਤੇ ਲੈ ਜਾਵੇ। ਜਿਨ੍ਹਾਂ ਨੂੰ ਕੰਮ ਨਾ ਮਿਲਿਆ ਉਨ੍ਹਾਂ ਦੀ ਦਿਹਾੜੀ ਕਿਵੇਂ ਬਣੇਗੀ? ਉਹ ਆਪ ਤੇ ਉਨ੍ਹਾਂ ਦੇ ਜੀ ਕੀ ਕਰਨਗੇ? ਬਾਲ ਬੱਚੇ ਉਤੇ ਦਿਹਾੜੀ ਸੁਕੀ ਲੰਘ ਜਾਣ ਦਾ ਕੀ ਅਸਰ ਪਏਗਾ?
ਇਹ ਬੜੇ ਕੌੜੇ ਖਿਆਲ ਸਨ। ਇਹ ਕੁੜਿੱਤਣ ਚਬਦਾ ਚਬਦਾ ਮੈਂ ਘਰ ਨੂੰ ਪਰਤ ਗਿਆ। 
ਕੁਝ ਚਿਰ ਪਿਛੋਂ ਮੇਰੀ ਬਦਲੀ ਚੰਡੀਗੜ੍ਹ ਦੀ ਹੋ ਗਈ। 
ਕਹਿੰਦੇ ਸਨ ਚੰਡੀਗੜ੍ਹ ਦਾ ਸ਼ਹਿਰ ਆਪਣੀ ਸ਼ਾਨ ਸਦਕਾ ਸਾਰੀ ਦੁਨੀਆਂ ਵਿਚ ਮਸ਼ਹੂਰ ਹੈ। ਜਿਧਰ ਜਾਓ ਖੁੱਲ੍ਹੀਆਂ ਸੜਕਾਂ, ਉਤੇ ਕੋਠੀਆਂ ਹੀ ਕੋਠੀਆਂ ਦਿਸਦੀਆਂ। ਹੋਰ ਸ਼ਹਿਰਾਂ ਵਾਂਗ ਭੀੜੀਆਂ ਗਲੀਆਂ ਵਿਚ ਛੋਟੇ ਛੋਟੇ ਘਰ ਨਹੀਂ ਸਨ, ਜਿਨ੍ਹਾਂ ਦੇ ਅੱਗੇ ਗੰਦੀਆਂ ਨਾਲੀਆਂ ਵਗਦੀਆਂ। ਚੰਡੀਗੜ੍ਹ ਦੀਆਂ ਸੜਕਾਂ ਉਤੇ ਫੁੱਲਾਂ ਵਾਲੇ ਦਰੱਖਤ ਲੱਗੇ ਹੋਏ ਸਨ ਤੇ ਸਾਰੇ ਸ਼ਹਿਰ ਤੋਂ ਇਕ ਬਾਗ ਦਾ ਭੁਲੇਖਾ ਪੈਂਦਾ। 
ਪਰ ਲੇਬਰ ਚੌਕ ਏਥੇ ਵੀ ਸੀ। ਇਹ ਤੇ ਸਗੋਂ ਬਹੁਤ ਹੀ ਮਸ਼ਹੂਰ ਥਾਂ ਸੀ। ਦਿਲੀ ਵਲੋਂ ਆਉਂਦੀ ਬਸ ਵਿਚ ਬੈਠੇ ਬਣੇ ਠਣੇ ਲੋਕ ਬਸ ਵਾਲਿਆਂ ਨੂੰ ਕਹਿੰਦੇ, ''ਸਾਨੂੰ ਲੇਬਰ ਚੌਕ ਉਤਾਰ ਦੇਣਾ।''
ਇਹ ਲੇਬਰ ਚੌਕ ਚਾਰ ਸੁੰਦਰ ਸੈਕਟਰਾਂ ਦੇ ਚੁਰਾਹੇ ਉਤੇ ਸੀ। ਇਥੇ ਖਲੋ ਕੇ ਜਿਧਰ ਧਿਆਨ ਮਾਰੋ ਲਿਸ਼ਕਦੀਆਂ ਕੋਠੀਆਂ ਤੇ ਫੁੱਲਾਂ ਵਾਲੇ ਬੂਟੇ ਦਿਸਦੇ ਸਨ। ਪਰ ਚੰਡੀਗੜ੍ਹ ਵਿਚ ਦਿਹਾੜੀਦਾਰਾਂ ਲਈ ਕੰਮ ਲੁਧਿਆਣੇ ਨਾਲੋਂ ਵੀ ਘੱਟ ਸੀ। ਇਸ ਲਈ ਇਨ੍ਹਾਂ ਲੋਕਾਂ ਵਿਚ ਬੇਹਿਰਸੀ ਉਥੋਂ ਨਾਲੋਂ ਵੀ ਬਹੁਤੀ ਪਸਰੀ ਹੋਈ ਹੁੰਦੀ। ਇਹ ਗੱਲ ਬੁਝ ਕੇ ਇਕ ਸਿਆਣੇ ਆਦਮੀ ਨੇ ਏਥੇ ਚਾਹ ਦੀ ਦੁਕਾਨ ਖੋਲ੍ਹੀ ਹੋਈ ਸੀ। ਜੇ ਕੰਮ ਨਾ ਮਿਲੇ ਤਾਂ ਚਲੋ ਚਾਹ ਹੀ ਸਹੀ। ਕੰਮ ਨਾ ਮਿਲਣ ਵਾਲੇ ਚਾਹ ਸ਼ਾਇਦ ਉਧਾਰ ਮੰਗਦੇ ਹੋਣ ਪਰ ਇਸ ਵਿਚ ਕੋਈ ਖਤਰਾ ਨਹੀਂ ਸੀ। ਉਨ੍ਹਾਂ ਆਉਣਾ ਤੇ ਰੋਜ਼ ਇਥੇ ਹੀ ਸੀ। ਉਨ੍ਹਾਂ ਦਾ ਜੇ ਕੋਈ ਆਸਰਾ ਹੈ ਸੀ ਤਾਂ ਇਹ ਲੇਬਰ ਚੌਕ। 
ਇਸ ਤੋਂ ਪਿਛੋਂ ਤੀਸਰਾ ਸ਼ਹਿਰ ਜਿਹੜਾ ਮੈਂ ਵੇਖਿਆ ਉਹ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਸੀ। ਇਹ ਪਹਿਲੇ ਦੋਹਾਂ ਸ਼ਹਿਰਾਂ ਨਾਲੋਂ ਵੱਡਾ ਵੀ ਹੈ ਤੇ ਸੁੰਦਰ ਵੀ ਲੱਗਦਾ ਹੈ। 
ਇਥੇ ਵੀ ਮੈਂ ਇਕ ਚੌਕ ਜਹੇ ਵਿਚ ਖਲੋਤਾ ਹਾਂ। ਰਾਤ ਦੇ ਗਿਆਰਾਂ ਬਾਰਾਂ ਵਜੇ ਹਨ। ਪਰ ਰੌਣਕ ਅਜੇ ਵੀ ਬਹੁਤ ਹੈ। ਕਾਹਦੀ ਰੌਣਕ? ਬੰਦਿਆਂ ਦੀ, ਮਟਕ ਨਾਲ ਟੁਰਦੀਆਂ ਜ਼ਨਾਨੀਆਂ ਦੀ, ਖੜੀਆਂ ਤੇ ਚਲਦੀਆਂ ਟੈਕਸੀਆਂ ਦੀ, ਸ਼ਰਾਬ ਤੇ ਖਾਣਪੀਣ ਵਾਲੀਆਂ ਹੋਰ ਚੀਜ਼ਾਂ ਦੀ ਜ਼ਿਨ੍ਹਾਂ ਦੀ ਇਸ ਰਾਤ ਵੇਲੇ ਲੋੜ ਹੁੰਦੀ ਹੈ। ਪਟੜੀਆਂ ਉਤੇ ਸੈਰ ਸਪਾਟੇ ਲਈ ਆਏ ਲੋਕਾਂ ਦੀ ਦਿਲਚਸਪਤੀ ਦੀਆਂ ਚੀਜਾਂ ਵੀ ਵਿਕ ਰਹੀਆਂ ਹਨ ਜਿਵੇਂ ਥਾਈਲੈਂਡ ਦੇ ਜੀਵਨ ਦੇ ਚਿਤਰ। ਰੰਗ ਬਰੰਗੀਆਂ ਰੌਸ਼ਨੀਆਂ ਸਨ ਜਿਨ੍ਹਾਂ ਤੋਂ ਮੇਰੇ ਜਿਹੇ ਓਪਰੇ ਬੰਦਿਆਂ ਨੂੰ ਪਤਾ ਲੱਗਦਾ ਕਿ ਇਹ 'ਬਾਰਾਂ' ਜਾਂ 'ਮਾਲਸ਼ ਘਰ' ਹਨ। ਮੈਂ ਵੀ ਹੁਣੇ ਉਥੋਂ ਹੀ ਨਿਕਲਿਆਂ ਹਾਂ ਪਰ ਸੌਣ ਵਾਲੀ ਥਾਂ ਤੇ ਜਾਣ ਨੂੰ ਅਜੇ ਦਿਲ ਨਹੀਂ ਕਰਦਾ। ਆਲੇ ਦੁਆਲੇ ਦੀ ਹਵਾ ਨੇ ਨੀਂਦਰ ਨੂੰ ਉਡਾ ਦਿੱਤਾ ਹੈ। ਮੈਂ ਖਲਕਤ ਦਾ ਨਜ਼ਾਰਾ ਵੇਖਣ ਲਈ ਸੜਕ ਦੀ ਪਟੜੀ ਉਤੇ ਖਲੋ ਜਾਂਦਾ ਹਾਂ। ਮੇਰੀਆਂ ਅੱਖਾਂ ਇਸ ਰੌਣਕ ਦੀ ਪੁਣ ਛਾਣ ਕਰ ਰਹੀਆਂ ਹਨ। ਘੁੰਮਦੀ ਘੁੰਮਾਂਦੀ ਨਜ਼ਰ ਜਦ ਸੱਜੇ ਪਾਸੇ ਜਾਂਦੀ ਤਾਂ ਉਥੇ ਇਕ ਕੁੜੀ ਖਲੋਤੀ ਹੈ। ਉਹ ਹੈ ਤੇ ਸੋਹਣੀ ਪਰ ਕੁਝ ਪੱਕੇ ਰੰਗ ਦੀ ਹੈ ਜਿਹੜਾ ਏਧਰ ਘਟ ਹੈ। ਉਸ ਦੀ ਸਕਰਟ ਹੇਠੋਂ ਗੋਲੀ ਨਹੀਂ ਹੈ। ਅੱਗੇ ਤੋਂ ਪਿਛੋਂ ਤੇ ਕੁਝ ਨੀਵੀਂ ਹੈ ਪਰ ਪਾਸਿਆਂ ਤੋਂ ਬਹੁਤ ਉਚੀ ਹੈ। ਕੱਛੀ ਤੀਕ ਕਟੀ ਹੋਈ ਹੈ। ਇਸ ਉਚੀ ਕਾਟ ਉਤੇ ਝਾਲਰ ਲੱਗੀ ਹੋਈ ਹੈ। ਪਰ ਇਹ ਝਾਲਰ ਵੀ ਹੇਠਾਂ ਨੂੰ ਹੋਣ ਦੀ ਥਾਂ ਉਤ੍ਹਾਂ ਨੂੰ ਉਠੀ ਹੋਈ ਹੈ। 
ਅਜੇ ਮੈਂ ਉਸ ਵੱਲ ਵੇਖਿਆ ਹੀ ਸੀ ਕਿ ਉਹ ਮੇਰੇ ਵੱਲ ਵੇਖਣ ਲੱਗ ਪਈ ਜਿਵੇਂ ਕਹਿ ਰਹੀ ਹੋਵੇ ਗਲ ਕਰ? ਮੈਂ ਧਿਆਨ ਪਾਸੇ ਕਰ ਲੈਂਦਾ ਹਾਂ। ਫਿਰ ਉਹ ਹੋਰ ਕਿਸੇ ਵੱਲ ਵੇਖਣ ਲੱਗ ਜਾਂਦੀ ਹੈ। ਸਰਕਾਰੀ ਸੜਕ ਦੀ ਪਟੜੀ ਉਤੇ ਖਲੋਤੀ ਉਹ ਹਰ ਇਕ ਵੱਲ ਇਸੇ ਤਰ੍ਹਾਂ ਹੀ ਵੇਖਦੀ ਹੈ। ਉਹ ਪਿੰਡ ਦੀ ਸ਼ਾਮਲਾਟ ਭੋਂਇ ਵਿਚ ਉਗੀ ਸੇਊ ਬੇਰੀ ਵਾਂਗ ਹੈ। ਉਸ ਨੂੰ ਕੋਈ ਪੁਟ ਨਹੀਂ ਸਕਦਾ। ਨਾ ਹੀ ਕੋਈ ਕਿਸੇ ਨੂੰ ਇਸ ਦੇ ਬੇਰ ਖਾਣੋਂ ਰੋਕ ਸਕਦਾ ਸੀ। ਜਦੋਂ ਮੈਂ ਫਿਰ ਉਸ ਵੱਲ ਵੇਖਦਾ ਹਾਂ ਤਾਂ ਉਹ ਪਹਿਲਾਂ ਹੀ ਮੇਰੇ ਵੱਲ ਵੇਖਦੀ ਹੁੰਦੀ ਹੈ। ਹੋਰ ਕਿਧਰੇ ਵੇਖੇ? ਕਿਸੇ ਨੇ ਅਜੇ ਤੱਕ ਉਸ ਨਾਲ ਅੱਖ ਮਲਾਈ ਹੀ ਨਹੀਂ। ਉਸ ਦੇ ਪੱਕੇ ਰੰਗ ਕਰ ਕੇ ਹੀ ਸ਼ਾਇਦ ਉਸ ਨੂੰ ਕਿਸੇ 'ਬਾਰ' ਜਾਂ 'ਮਾਲਸ਼' ਘਰ ਪੱਕੀ ਥਾਂ ਨਹੀਂ ਮਿਲੀ। ਉਥੇ ਬਤੀਆਂ ਦਾ ਰੰਗ ਇਸ ਤਰ੍ਹਾਂ ਦਾ ਹੈ ਕਿ ਉਨ੍ਹਾਂ ਵਿਚ ਥਾਈਲੈਂਡ ਦੀਆਂ ਆਮ ਕੁੜੀਆਂ ਦਾ ਰੰਗ ਮੇਮਾਂ ਵਰਗਾ ਲੱਗਦਾ ਹੈ। ਪਰ ਪੱਕੇ ਰੰਗ ਦੀ ਗੱਲ ਹੋਰ ਹੈ। 
ਜਿਥੇ ਮੈਂ ਖੜਾ ਹਾਂ ਉਥੇ ਪਿੱਛੇ ਸ਼ਰਾਬ ਦੀ ਇਕ ਵੱਡੀ ਦੁਕਾਨ ਹੈ। ਮੈਂ ਕੁੜੀ ਦੀ ਤਿੱਖੀ ਨਜ਼ਰ ਤੋਂ ਬਚਣ ਲਈ ਤੇ ਨਾਲ ਨਾਲ ਉਸ ਨੂੰ ਵੇਖਦੇ ਰਹਿਣ ਲਈ ਦੁਕਾਨ ਦੇ ਅੰਦਰ ਵੜ ਜਾਂਦਾ ਹਾਂ। ਇਥੇ ਮੈਂ ਉਸ ਦੀ ਨਜ਼ਰ ਤੋਂ ਬਚ ਜਾਂਦਾ ਹਾਂ ਪਰ ਉਸ ਨੂੰ ਆਪਣੀ ਨਜ਼ਰ ਹੇਠ ਰੱਖ ਸਕਦਾ ਹਾਂ। ਬਹੁਤ ਵੱਡੀ ਦੁਕਾਨ ਹੈ। ਕੋਈ ਪੰਜ ਸੌ ਤਰ੍ਹਾਂ ਦੀ ਹਰ ਦੇਸ਼ ਦੀ, ਹਰ ਕਿਸਮ ਦੀ ਸ਼ਰਾਬ ਏਥੇ ਵਿਕਦੀ ਹੈ। ਵੇਖਣ ਤੇ ਹੀ ਏਨਾ ਸਮਾਂ ਲੱਗ ਜਾਂਦਾ ਹੈ ਕਿ ਬਿਨਾਂ ਖਰੀਦਣ ਦੇ ਵੀ ਸਰ ਜਾਂਦਾ ਹੈ। ਮੇਰੀ ਇਕ ਅੱਖ ਉਸ ਕੁੜੀ ਉਤੇ ਹੈ। 
ਹੁਣ ਇਕ ਥਾਈ ਮੁੰਡਾ ਆ ਕੇ ਉਸ ਦੇ ਕੋਲ ਖੜਾ ਹੋ ਗਿਆ ਹੈ। ਕੰਮ ਬਣ ਗਿਆ? ਨਹੀਂ ਇਹ ਤੇ ਉਸ ਦਾ ਦੋਸਤ ਹੈ। ਇਕ ਦੀ ਥਾਂ ਹੁਣ ਉਹ ਦੋਵੇਂ ਆਪਣੀਆਂ ਅੱਖਾਂ ਨਾਲ ਗਾਹਕ ਲੱਭ ਰਹੇ ਹਨ। ਮੈਂ ਦੁਕਾਨ ਵਿਚੋਂ ਬਾਹਰ ਨਿਕਲਦਾ ਹਾਂ ਤਾਂ ਉਹ ਕੁੜੀ ਫਿਰ ਮੇਰੇ ਵੱਲ ਵੇਖਦੀ ਹੈ। ਮੁੰਡਾ ਵੀ। ਮੈਂ ਫਿਰ ਧਿਆਨ ਪਾਸੇ ਕਰ ਲੈਂਦਾ ਹਾਂ।  ਉਨ੍ਹਾਂ ਦੇ ਚਿਹਰੇ ਹੁਣ ਬਹੁਤ ਮੁਰਝਾਏ ਹੋਏ ਹਨ, ਕੁੜੀ ਦਾ ਬਹੁਤਾ। ਚਲੋ ਇਹ ਚੰਗਾ ਹੈ ਕਿ ਮੁੰਡਾ ਉਸ ਦੇ ਨਾਲ ਹੈ। ਜੇ ਦਿਹਾੜੀ ਨਹੀਂ ਵੀ ਬਣੀ ਤਾਂ ਉਹ ਆਪੇ ਵਿਚ ਗੱਲਾਂਬਾਤਾਂ ਤਾਂ ਕਰਦੇ ਰਹਿਣਗੇ। ਸੌਣ ਤੋਂ ਪਹਿਲਾਂ ਪਿਆਰ ਕਰਨਗੇ। ਦੋਹਾਂ ਦੇ ਦਿਲ ਤਗੜੇ ਹੋ ਜਾਣਗੇ, ਬੰਦੇ ਦਾ ਬੰਦਾ ਦਾਰੂ ਹੁੰਦਾ ਹੈ। ਦੁਖ-ਸੁਖ ਦਾ ਸਾਥੀ। ਇਸ ਕੰਮ ਵਿਚ ਤਾਂ ਸਾਥੀ ਦੀ ਬਹੁਤ ਹੀ ਲੋੜ ਹੁੰਦੀ ਹੋਵੇਗੀ ਕਿਉਂਕਿ ਉਨ੍ਹਾਂ ਦਾ ਕੋਈ ਮਿੱਤਰ ਨਹੀਂ ਹੁੰਦਾ। ਸਭ ਚੂੰਡਣ ਵਾਲੇ। 
ਫਿਰ ਉਹ ਦੋਵੇਂ ਉਥੋਂ ਟੁਰ ਪਏ। ਕੁਝ ਵਿੱਥ ਤੇ ਮੈਂ ਵੀ ਉਨ੍ਹਾਂ ਦੇ ਮਗਰੇ ਟੁਰ ਪੈਂਦਾ ਹਾਂ। ਰਸਤੇ ਵਿਚ ਕੁੜੀ ਗਲਾਂ ਕਰਦੀ ਬਹੁਤੀ ਹੀ ਉਦਾਸ ਹੋ ਗਈ ਹੋਣੀ ਏ ਕਿਉਂਕਿ ਮੈਂ ਵੇਖਿਆ ਕਿ ਮੁੰਡੇ ਨੇ ਉਸ ਦੇ ਮੋਢਿਆਂ ਦੁਆਲੇ ਬਾਂਹ ਵੱਲ ਦਿੱਤੀ। ਫਿਰ ਸਰਕਾ ਕੇ ਹੇਠਾਂ ਲੱਕ ਦਵਾਲੇ ਕਰ ਲਈ। ਰਾਤ ਡੂੰਘੀ ਹੋ ਰਹੀ ਸੀ। ਉਨ੍ਹਾਂ ਦੇ ਆਪਣੇ ਹਿਸਾਬ ਨਾਲ ਤੇ ਨਿਕਲ ਗਈ ਸੀ। ਕਿਉਂਕਿ ਉਹ ਖੱਬੇ ਪਾਸੇ ਮੁੜ ਗਏ ਜਿਥੇ ਪਟੜੀ ਉਤੇ ਢਾਬੇ ਚਲ ਰਹੇ ਹਨ। 
ਰੋਟੀ ਖਾਣ ਜਾਣ ਦਾ ਮਤਲਬ ਇਹ ਸੀ ਕਿ ਆਸ ਮੁਕ ਗਈ ਹੈ। ਜਿਸ ਬਾਰ ਵਿਚੋਂ ਮੈਂ ਆਇਆ ਸਾਂ ਉਥੇ ਮੈਂ ਵੇਖਿਆ ਸੀ ਕੁੜੀਆਂ ਵਿਹਲਾ ਸਮਾਂ ਵੇਖ ਕੇ ਚੌਲਾਂ ਦੀਆਂ ਤਲੀਆਂ ਹੋਈਆਂ ਸੇਵੀਆਂ ਜਹੀਆਂ ਖਾ ਰਹੀਆਂ ਸਨ। ਉਹ ਕਹਿੰਦੀਆਂ ਸਨ ਰੋਟੀ ਅਜੇ ਸਾਰਾ ਕੰਮ ਖਤਮ ਕਰ ਕੇ ਖਾਣਗੀਆਂ ਤੇ ਏਥੇ ਬਾਰ ਵਿਚ ਹੀ ਸੌਂ ਜਾਣਗੀਆਂ। 
ਇਸ ਢਾਬਿਆਂ ਵਾਲੀ ਛੋਟੀ ਸੜਕ ਉਤੇ ਮੇਜ ਪਟੜੀ ਉਤੇ ਟਿਕਾਏ ਹੁੰਦੇ ਤੇ ਲੰਗਰ ਦੇ ਸਮਾਨ ਨਾਲ ਭਰੀਆਂ ਲਿਸ਼ਕਦੀਆਂ ਰੇਹੜੀਆਂ ਸੜਕ 'ਤੇ ਖੜੀਆਂ ਕੀਤੀਆਂ ਹੁੰਦੀਆਂ। ਰੋਟੀ ਖਵਾਣ ਵਾਲੀਆਂ ਕੁੜੀਆਂ ਵੀ ਲਿਸ਼ਕਦੀਆਂ ਹੁੰਦੀਆਂ। ਸ਼ਹਿਰ ਵਿਚ ਸਸਤੀ ਰੋਟੀ ਇਥੇ ਹੀ ਮਿਲਦੀ ਸੀ। 
ਮੇਰੇ ਮੋੜ ਮੁੜਨ ਤੋਂ ਪਹਿਲਾਂ ਹੀ ਉਹ ਦੋਵੇਂ ਇਕ ਮੇਜ ਮੱਲ ਕੇ ਬੈਠੇ ਖਾਣੇ ਦਾ ਆਰਡਰ ਦੇ ਰਹੇ ਸਨ। ਮੈਂ ਪਰਲੇ ਮੇਜ 'ਤੇ ਬੈਠ ਗਿਆ। ਨਾਲ ਬੈਠਣ ਦਾ ਉਨ੍ਹਾਂ ਬੁਰਾ ਤੇ ਨਹੀਂ ਸੀ ਮਨਾਣਾ ਪਰ ਇਸ ਦਾ ਫਾਇਦਾ ਵੀ ਕੋਈ ਨਹੀਂ ਸੀ। ਚੰਡੀਗੜ੍ਹ ਹੁੰਦਾ ਤਾਂ ਹੋਰ ਗੱਲ ਸੀ। 
ਚੰਡੀਗੜ੍ਹ ਦੇ ਲੇਬਰ ਚੌਕ ਵਿਚ ਇਕ ਮਜ਼ਦੂਰ ਨੂੰ ਜਦੋਂ ਮੈਂ ਵਕਤ ਦੱਸਿਆ ਤਾਂ ਉਹਨੇ ਖਿਝ ਕੇ ਕਿਹਾ, ''ਵੇਖੋ ਅੱਜਕੱਲ੍ਹ ਨੌ ਕਿੱਡੀ ਛੇਤੀ ਵੱਜ ਜਾਂਦੇ ਨੇ! ਅਜੇ ਸੂਰਜ ਭੋਰਾ ਉਤ੍ਹਾਂ ਨਹੀਂ ਹੋਇਆ।''
ਪਰ ਮੇਰੇ ਲਈ ਨੌ ਬਹੁਤ ਛੇਤੀ ਵੱਜਦੇ ਸਨ ਕਿਉਂਕਿ ਮੇਰੀ ਨੌਕਰੀ ਪੱਕੀ ਸੀ। ਉਸ ਦਾ ਖਿਆਲ ਸੀ ਕਿ ਹੁਣ ਉਸ ਨੂੰ ਕੰਮ ਉਤੇ ਲਾਣ ਵਾਲਾ ਕੋਈ ਨਹੀਂ ਆਵੇਗਾ। ਮੈਂ ਉਸ ਨੂੰ ਹੌਸਲਾ ਦਿੱਤਾ। ''ਸਿਆਲ ਏ, ਲੋਕੀਂ ਪਾਲੇ ਤੋਂ ਡਰਦੇ ਚਿਰਕੇ ਬਾਹਰ ਨਿਕਲਦੇ ਨੇ। ਹੁਣੇ ਆ ਜਾਂਦਾ ਏ ਕੋਈ।''
ਪਰ ਇਨ੍ਹਾਂ ਦਾ ਔਖ ਸਮਝਦੇ ਹੋਏ ਵੀ ਮੈਂ ਇਨ੍ਹਾਂ ਦੋਹਾਂ ਨੂੰ ਕੋਈ ਹੌਸਲਾ ਨਹੀਂ ਦੇ ਸਕਦਾ ਸਾਂ। ਇਹ ਲੇਬਰ ਚੌਕ ਬੰਕਾਕ ਦਾ ਸੀ। ਮੈਂ ਇਥੋਂ ਦੀ ਭਾਸ਼ਾ ਨਹੀਂ ਜਾਣਦਾ ਸਾਂ। 


ਗ਼ਜ਼ਲ

- ਕਵਿੰਦਰ ਚਾਂਦ
ਮੈਂ ਤੁਰਦਾ ਹਾਂ ਤਾਂ ਮੇਰਾ ਅਕਸ ਨਾਲੋ ਨਾਲ ਤੁਰਦਾ ਹੈ।
ਪਿਤਾ ਦੀ ਉਂਗਲੀ ਫੜ ਕੇ ਜਿਵੇਂ ਇਕ ਬਾਲ ਤੁਰਦਾ ਹੈ।
ਤੇਰੀ ਪਹਿਚਾਨ ਤੇਰੇ ਨਾਲ ਹਾਲੇ ਵੀ ਨਹੀਂ ਤੁਰਦੀ,
ਕਦੀ ਤੁਰਦਾ ਹੈ ਪੇਕਾ ਤੇ ਕਦੇ ਸਸੁਰਾਲ ਤੁਰਦਾ ਹੈ।
ਕਈ ਪਲ ਚੇਤਿਆਂ ਅੰਦਰ ਸਦੀਵੀ ਠਹਿਰ ਜਾਂਦੇ ਨੇ,
ਉਵੇਂ ਪਰ ਦਿਨ, ਮਹੀਨੇ, ਸਾਲ ਪਿੱਛੇ ਸਾਲ ਤੁਰਦਾ ਹੈ।
ਆਜ਼ਾਦੀ ਕਿਸ ਤਰ੍ਹਾਂ ਦੀ ਸੀ ਕਿ ਮੁੜ ਆਜ਼ਾਦੀਆਂ ਖਾਤਿਰ,
ਕਦੇ ਪੰਜਾਬ ਤੁਰਦਾ ਹੈ ਕਦੇ ਬੰਗਾਲ ਤੁਰਦਾ ਹੈ।
ਅਜੇ ਵੀ ਸੋਹਣੀਆਂ ਨੂੰ ਮਨ-ਪਸੰਦੇ ਵਰ ਨਹੀਂ ਮਿਲਦੇ,
ਅਜੇ ਵੀ ਜ਼ਖਮ ਲੈ ਕੇ ਪੱਟ 'ਤੇ ਮਹੀਂਵਾਲ ਤੁਰਦਾ ਹੈ। 
ਪੁਰਾਣੇ ਦੋਸਤਾਂ ਦੀ ਦੋਸਤੀ ਦੇ ਐਨ ਵਿਚਕਾਰੇ, 
ਮੌਜੂਦਾ ਰੁਤਬਿਆਂ ਦਾ, ਅਹੁਦਿਆਂ ਦਾ ਜਾਲ ਤੁਰਦਾ ਹੈ। 
ਜਦੋਂ ਵੀ ਧਰਤ ਉਤੇ ਮੈਂ ਤੇ ਕਵਿਤਾ ਨਾਲ ਤੁਰਦੇ ਹਾਂ, 
ਤਾਂ ਲੱਗਦਾ ਹੈ ਸਬੂਤਾ 'ਚਾਂਦ' ਸਾਡੇ ਨਾਲ ਤੁਰਦਾ ਹੈ। 


ਸੱਚ
- ਪਾਸ਼
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ। 
ਇਨ੍ਹਾਂ ਦੁਖਦੇ ਅੰਗਾਂ 'ਤੇ ਸੱਚ ਨੇ ਇਕ ਜੂਨ ਭੋਗੀ ਹੈ। 
ਤੇ ਹਰ ਸੱਚ ਜੂਨ ਭੋਗਣ ਬਾਅਦ,
ਯੁੱਗ ਵਿਚ ਬਦਲ ਜਾਂਦਾ ਹੈ, 
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ, 
ਫ਼ੌਜਾਂ ਦੀਆਂ ਕਤਾਰਾਂ ਵਿਚ ਵੀ ਵਿਚਰ ਰਿਹਾ ਹੈ। 
ਕੱਲ੍ਹ ਜਦ ਇਹ ਯੁੱਗ, 
ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀ, 
ਸਮੇਂ ਦੀ ਸਲਾਮੀ ਲਏਗਾ, 
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ। 
ਹੁਣ ਸਾਡੀ ਉਪੱਦਰੀ ਜ਼ਾਤ ਨੂੰ, 
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ, 
ਕਿ ਝੁੱਗੀਆਂ 'ਚ ਪਸਰਿਆ ਸੱਚ, 
ਕੋਈ ਸ਼ੈਅ ਨਹੀਂ!
ਕੇਡਾ ਕੁ ਸੱਚ ਹੈ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਨਾਲ, 
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ। 


ਸੰਨ ਸਤਾਰਾਂ
(ਅਕਤੂਬਰ ਇਨਕਲਾਬ ਨੂੰ ਸਮਰਪਤ)

ਦਰਸ਼ਨ ਸਿੰਘ ਮਾਸਟਰ
ਵੀਹਵੀਂ ਸਦੀ ਮਸੀਹ ਦੀ ਤੇ ਸੰਨ ਸਤਾਰਾਂ
ਹਿਰਦੇ ਅੰਦਰ ਖੜਕੀਆਂ ਗੁੱਸੇ ਦੀਆਂ ਤਾਰਾਂ
ਤੁਰੀਆਂ ਰਾਹ ਸੰਘਰਸ਼ ਦੇ ਸੋਚਾਂ ਦੀਆਂ ਡਾਰਾਂ
ਸਿਫਤੀ ਦੇ ਵਿਚ ਬਦਲੀਆਂ ਕਹਿੰਦੇ 'ਮਿਕਦਾਰਾਂ'
ਲੁੱਟੇ ਪੁੱਟੇ ਕੁਚਲਿਆਂ ਕਿਰਤੀ ਪਰਵਾਰਾਂ
ਦਾਤੀ, ਥੌੜੇ, ਟੰਬਿਆਂ, ਗੈਂਤੀ ਬਰਦਾਰਾਂ
ਨਰਕੀ ਜੀਵਨ ਭੋਗਦੇ ਦੁਖੀਆਂ ਲਾਚਾਰਾਂ
ਪਹਿਲੀ ਵਾਰਾਂ ਦੱਸਦੇ ਧੂਹੀਆਂ ਤਲਵਾਰਾਂ 
ਨਜ਼ਰਾਂ ਵਿਚੋਂ ਫਰਕੀਆਂ ਏਦਾਂ ਲਲਕਾਰਾਂ
ਕਿ ਮਾਰ ਮੜਾਸੇ ਤੁਰ ਪਏ ਦਿਲ ਕਈ ਹਜ਼ਾਰਾਂ
ਗੁੱਸੇ ਦੇ ਵਿਚ ਮੱਚਦੇ ਕਿਰਤੀ ਅਸਵਾਰਾਂ 
ਰਾਜ ਸੰਘਾਸਣ ਘੇਰ ਲਏ ਰਲ ਜੂਝਣਹਾਰਾਂ 
ਡੋਲਣ ਸ਼ੀਸ਼ ਮਹੱਲ ਪਏ ਕੰਬਣ ਦੀਵਾਰਾਂ
ਵੱਜੀ ਚੋਟ ਵਦਾਨ ਦੀ ਸਿਰ ਪਈਆਂ ਮਾਰਾਂ
ਕਹਿੰਦੇ ਪਾਈਆਂ ਕੀਤੀਆਂ ਹੰਕਾਰੇ 'ਜ਼ਾਰਾਂ'

ਲਈਆਂ ਹੱਕਾਂ ਵਾਲਿਆਂ ਆਪੇ ਦੀਆਂ ਸਾਰਾਂ
ਲੈਨਿਨ ਵਰਗੇ ਚਿੰਤਕਾਂ ਕੌਮੀ ਮਹਿਮਾਰਾਂ
ਦੁਨੀਆਂ ਉੱਤੇ ਬਦਲਿਆ ਜੁੱਗ ਪਹਿਲੀ ਵਾਰਾਂ
ਹੱਕ ਪ੍ਰਾਪਤ ਕਰ ਲਏ ਅਸਲੀ ਹੱਕਦਾਰਾਂ
ਚੁੱਕੇ ਡੇਰੇ ਰੂਸ 'ਚੋਂ ਜ਼ਾਲਮ ਸਰਕਾਰਾਂ
ਪਈਆਂ ਫਿਰ ਵੀਰਾਨੀਆਂ 'ਚੋਂ ਮੌਲ ਬਹਾਰਾਂ
ਧਰਤੀ ਪਾਸਾ ਪਲਟਿਆ ਖਿੜੀਆਂ ਗੁਲਜ਼ਾਰਾਂ
ਮੇਵਾ ਖਾਹਦਾ ਕਿਰਤ ਦਾ ਖੁਦ ਸਿਰਜਨਹਾਰਾਂ
ਥੋੜਾਂ ਦੀ ਥਾਂ ਬਹੁਲਤਾਂ ਪਾਈਆਂ ਘੁੰਮਕਾਰਾਂ
ਗੁੱਛੇ ਬੂਟੇ ਉਪਜ ਦੇ ਨੂੰ ਬਾਰਾਂ ਬਾਰਾਂ
ਜੱਨਤ ਜੀਹਨੂੰ ਆਖਿਆ ਇਤਿਹਾਸ ਨਗਾਰਾਂ
ਲੁੱਟਾਂ ਰਹਿਤ ਸਮਾਜ ਨੂੰ ਸੌ ਸੌ 'ਬਲਿਹਾਰਾਂ'

ਲੋਟੂ ਅਜੇ ਜਹਾਨ ਦੇ ਪਏ ਦੇਣ ਦੁਹਾਈਆਂ
ਕਹਿੰਦੇ ਰੂਸੀ ਤਜ਼ਰਬਾ ਐਵੇਂ ਪਰਛਾਈਆਂ
ਕਦੇ ਬਰਾਬਰ ਉਂਗਲਾਂ ਨੇ ਪੰਜੇ ਆਈਆਂ?
ਪੈਸਾ 'ਰੱਬੀ ਦਾਤ' ਹੈ ਪਏ ਦੇਣ ਸਫਾਈਆਂ
ਲਹਿਰਾਂ ਬਹਿਰਾਂ ਆਖਦੇ ਧਨਵਾਨਾਂ ਲਾਈਆਂ 
ਕਹਿੰਦੇ ਧਨੀਆਂ ਉਜਰਤਾਂ ਨੇ ਕਦੋਂ ਚੁਰਾਈਆਂ? 
ਹੱਕ ਮੁਨਾਫਾ ਧਨੀ ਦਾ, ਵੇਖੋ ਚਤਰਾਈਆਂ 
ਸੂਰਜ ਉਤੇ ਥੁੱਕਦੇ ਪਏ ਕਰਨ ਬੁਰਾਈਆਂ
ਧੁੱਪਾਂ ਅੱਜ ਵਿਗਿਆਨ ਨੇ ਪਰ ਹੈਨ ਚੜ੍ਹਾਈਆਂ 
ਜਾਗੇ ਸਾਈਂ ਉਪਜ ਦੇ ਬਾਹਾਂ ਲਹਿਰਾਈਆਂ
ਪ੍ਰਚਮ ਰੰਗੇ ਲਹੂ ਵਿਚ ਕਰਦੇ ਅਗਵਾਈਆਂ
ਦੁਨੀਆਂ ਭਰ ਦੇ ਕਾਮਿਆਂ ਰਲ ਭਾਈਆਂ ਭਾਈਆਂ 
ਸਾਂਝੀ ਮੁਕਤੀ ਵਾਸਤੇ ਨੇ ਕਸਮਾਂ ਪਾਈਆਂ
ਜੰਮਣ ਪੀੜਾਂ ਸਮਝੀਆਂ ਨੇ ਸ਼ਕਤੀ-ਦਾਈਆਂ
ਬੱਚਾ ਨਵੇਂ ਸਮਾਜ ਦਾ ਲੈਂਦਾ ਅੰਗੜਾਈਆਂ
ਵਿਹੜੇ ਪੂੰਜੀਵਾਦ ਦੇ ਨੇ ਸਫ਼ਾਂ ਵਛਾਈਆਂ
ਦੁਨੀਆਂ ਭਰ ਦੇ ਕਿਰਤੀਓ! ਭਈ ਹੋਣ ਵਧਾਈਆਂ 
ਸੱਭ ਦਰਦਾਂ ਦੀਆਂ ਦੋਸਤੋ! ਸੰਘਰਸ਼ ਦਵਾਈਆਂ। 

No comments:

Post a Comment