Sunday, 7 February 2016

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਫਰਵਰੀ 2016)

ਰਵੀ ਕੰਵਰ

ਉਤਰੀ ਕੋਰੀਆ ਦਾ ਹਾਈਡਰੋਜਨ ਬੰਬ ਤਜ਼ੁਰਬਾ 
ਏਸ਼ੀਆ ਮਹਾਂਦੀਪ ਦੇ ਸਮਾਜਵਾਦੀ ਦੇਸ਼ ਡੈਮੋਕ੍ਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ (ਡੀ.ਪੀ.ਆਰ.ਕੇ.), ਜਿਸਨੂੰ ਆਮ ਤੌਰ 'ਤੇ ਉਤਰੀ ਕੋਰੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ 6 ਜਨਵਰੀ ਨੂੰ ਹਾਈਡਰੋਜਨ ਬੰਬ ਦਾ ਸਫਲ ਪਰੀਖਣ ਕਰਨ ਦਾ ਦਾਅਵਾ ਕੀਤਾ ਹੈ। ਇਹ ਉਸਦਾ ਚੌਥਾ ਪਰਮਾਣੂ ਤਜ਼ੁਰਬਾ ਹੈ। ਉਸਦੇ ਇਸ ਸਫਲ ਪਰਮਾਣੂ ਤਜ਼ੁਰਬੇ ਦਾ ਐਲਾਨ ਹੁੰਦਿਆਂ ਹੀ ਅਮਰੀਕਾ ਸਮੇਤ ਦੁਨੀਆਂ ਦੇ ਬਹੁਤੇ ਦੇਸ਼ਾਂ, ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਸੰਘ ਨੇ ਵੀ ਇਸਦੀ ਸਖਤ ਨਿਖੇਧੀ ਕੀਤੀ ਹੈ। ਉਤਰੀ ਕੋਰੀਆ ਦੇ ਮੁੱਖ ਸਹਿਯੋਗੀ ਅਤੇ ਗੁਆਂਢੀ ਦੇਸ਼ ਚੀਨ ਨੇ ਵੀ ਉਸਦੇ ਇਸ ਤਜ਼ੁਰਬੇ ਦਾ ਬੁਰਾ ਮਨਾਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਤਾਂ ਚੀਨ ਦੀ ਇਸ ਗੱਲੋਂ ਵੀ ਜਨਤਕ ਤੌਰ 'ਤੇ ਨਿੰਦਾ ਕੀਤੀ ਹੈ ਕਿ ਉਹ ਆਪਣੇ ਸਭ ਤੋਂ ਨੇੜਲੇ ਸਹਿਯੋਗੀ ਉਤਰੀ ਕੋਰੀਆ ਨੂੰ ਠੀਕ ਰਾਹ 'ਤੇ ਲਿਆਉਣ ਵਿਚ ਅਸਫਲ ਰਿਹਾ ਹੈ। ਦੂਜੇ ਪਾਸੇ, ਦੁਨੀਆਂ ਭਰ ਵਿਚ ਮਚੇ ਇਸ ਚੀਕ-ਚਿਹਾੜੇ ਦੇ ਬਾਵਜੂਦ, ਉਤਰ ਕੋਰੀਆ ਦੀ ਹਾਕਮ ਪਾਰਟੀ-ਵਰਕਰਜ਼ ਪਾਰਟੀ ਆਫ ਕੋਰੀਆ ਦੇ ਮੁੱਖੀ, ਅਤੇ ਦੇਸ਼ ਦੇ ਵੀ ਮੁੱਖੀ ਕਿਮ-ਜੋਂਗ-ਉਂਨ ਨੇ ਇਸ ਪਰਮਾਣੂ ਤਜ਼ੁਰਬੇ ਵਿਚ ਸ਼ਾਮਲ ਵਿਗਿਆਨੀਆਂ ਤੇ ਤਕਨੀਸ਼ੀਅਨਾਂ ਨਾਲ ਮੁਲਾਕਾਤ ਕਰਕੇ  11 ਜਨਵਰੀ ਨੂੰ ਫੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦਾ ਹੀ ਨਹੀਂ ਬਲਕਿ ਦੇਸ਼ ਦੇ ਮਰਹੂਮ ਆਗੂਆਂ ਦਾ ਵੀ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਕਿਮ-ਜੌਂਗ-ਉਂਨ ਦੇਸ਼ ਦੇ ਸੰਸਥਾਪਕ ਕਮਿਊਨਿਸਟ ਆਗੂ ਕਿਮ-ਇਲ-ਸੁੰਗ ਦੇ ਪੋਤਰੇ ਹਨ, ਸਾਥੀ ਕਿਮ-ਇਲ-ਸੁੰਗ ਦੇ ਦਿਹਾਂਤ ਤੋਂ ਬਾਅਦ ਉਸ ਦੇ ਸਪੁੱਤਰ ਕਿਮ-ਜੌਂਗ-ਇਲ ਨੇ ਕਮਿਊਨਿਸਟ ਵਿਚਾਰਧਾਰਾ ਵਾਲੀ ਦੇਸ਼ ਦੀ ਪਾਰਟੀ-ਵਰਕਰਜ਼ ਪਾਰਟੀ ਆਫ ਕੋਰੀਆ ਅਤੇ ਦੇਸ਼ ਦੀ ਬਾਗਡੋਰ ਸੰਭਾਲੀ ਸੀ ਅਤੇ ਹੁਣ ਉਸਦੇ ਪੁੱਤਰ ਭਾਵ ਕਿਮ-ਇਲ-ਸੁੰਗ ਦੇ ਪੋਤਰੇ ਕਿਮ-ਜੌਂਗ-ਉਂਨ ਪਾਰਟੀ ਅਤੇ ਦੇਸ਼ ਦੇ ਮੁਖੀ ਹਨ। ਕਿਮ-ਜੌਂਗ-ਇਲ ਨੇ 11 ਜਨਵਰੀ ਨੂੰ ਜਨਤਕ ਤੌਰ 'ਤੇ ਪਰਮਾਣੂ ਵਿਗਿਆਨੀਆਂ ਨਾਲ ਇਹ ਮਿਲਣੀ, ਇਸ ਗੱਲ ਦੇ ਬਾਵਜੂਦ ਕੀਤੀ ਸੀ ਕਿ 10 ਜਨਵਰੀ ਨੂੰ ਉਤਰੀ ਕੋਰੀਆ ਨੂੰ ਧਮਕਾਉਣ ਦੇ ਯਤਨ ਅਧੀਨ ਅਮਰੀਕਾ ਦੇ ਆਧੁਨਿਕਤਮ ਪਰਮਾਣੂ ਹਥਿਆਰਾਂ ਨਾਲ ਲੈਸ ਬੀ-52 ਜੰਗੀ ਜਹਾਜਾਂ ਨੇ ਦੇਸ਼ ਦੇ ਬਾਰਡਰ ਦੇ ਬਿਲਕੁਲ ਨੇੜੇ ਅਤੇ ਦੇਸ਼ ਦੀ ਰਾਜਧਾਨੀ ਪਿਉਂਗਯਾਂਗ ਤੋਂ ਕੁੱਝ ਹੀ ਦੂਰੀ 'ਤੇ ਦੱਖਣੀ ਕੋਰੀਆ ਉਤੇ ਬਿਲਕੁਲ ਨੀਵੀਂ ਉੜਾਨ ਭਰੀ ਸੀ। ਕਿਮ-ਜੌਂਗ-ਉਂਨ ਨੇ ਇਸ ਪਰਮਾਣੂ ਤਜ਼ੁਰਬੇ ਨੂੰ ਸਵੈ ਰੱਖਿਆ ਲਈ ਚੁਕਿਆ ਗਿਆ ਇਕ ਕਦਮ ਦੱਸਿਆ, ਜਿਹੜਾ ਕਿ ਕੋਰੀਆਈ ਉਪ ਮਹਾਂਦੀਪ ਨੂੰ ਅਮਰੀਕੀ ਸਾਮਰਾਜ ਦੀ ਅਗਵਾਈ ਵਿਚ ਪੈਦਾ ਹੋ ਰਹੇ ਪਰਮਾਣੂ ਜੰਗ ਦੇ ਖਤਰੇ ਤੋਂ ਬਚਾਉਣ ਲਈ ਚੁਕਿਆ ਗਿਆ ਹੈ।
ਉਤਰੀ ਕੋਰੀਆ ਦਾ ਇਹ ਚੌਥਾ ਪਰਮਾਣੂ ਤਜ਼ੁਰਬਾ ਹੈ। ਸਭ ਤੋਂ ਪਹਿਲਾਂ ਤਜ਼ੁਰਬਾ 2006 ਵਿਚ, 2009 ਵਿਚ ਦੂਜਾ ਅਤੇ 2013 ਵਿਚ ਤੀਜਾ ਤਜ਼ੁਰਬਾ ਕੀਤਾ ਗਿਆ ਸੀ। ਹਰ ਤਜ਼ੁਰਬੇ ਤੋਂ ਬਾਅਦ ਉਤਰੀ ਕੋਰੀਆ ਪੂਰੇ ਧੂਮ-ਧੜੱਕੇ ਨਾਲ ਇਸਦਾ ਐਲਾਨ ਕਰਦਾ ਰਿਹਾ ਹੈ। ਦੁਨੀਆਂ ਭਰ ਦੇ ਦੇਸ਼ਾਂ ਖਾਸਕਰ ਪੂੰਜੀਵਾਦੀ ਦੇਸ਼ਾਂ ਦੇ ਮਾਹਰ ਉਸਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰਦੇ ਰਹੇ ਹਨ। ਇਸ ਵਾਰ ਵੀ ਦੁਨੀਆਂ ਦੇ ਮਾਹਰ, ਹਾਇਡਰੋਜ਼ਨ ਬੰਬ ਦੇ ਸਫਲ ਤਜ਼ੁਰਬੇ ਬਾਰੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਅਨੁਸਾਰ ਹਾਈਡਰੋਜਨ ਬੰਬ ਵਿਚ ਰਵਾਇਤੀ ਧਮਾਕੇਖੇਜ਼ ਪਦਾਰਥਾਂ ਨੂੰ ਨਪੀੜਕੇ ਇਕ ਰਵਾਇਤੀ ਅਣੂ ਬੰਬ ਦੇ ਅਣੂਆਂ ਨੂੰ ਵਿਖੰਡਤ ਕੀਤਾ ਜਾਂਦਾ ਹੈ ਜਿਸ ਨਾਲ ਇਕ ਤਾਕਤਵਰ ਮਿਸ਼ਰਤ ਦਰਵਤ ਪਦਾਰਥਾਂ ਅਧਾਰਤ ਯੰਤਰ ਦਾ ਵਿਸਫੋਟ ਹੁੰਦਾ ਹੈ। ਉਨ੍ਹਾਂ ਅਨੁਸਾਰ ਹੀ ਉਤਰੀ ਕੋਰੀਆ ਵਲੋਂ ਵਰਤੀ ਗਈ ਪ੍ਰਕਿਰਿਆ ਨੂੰ ''ਬੂਸਟਿੰਗ'' ਕਿਹਾ ਜਾਂਦਾ ਹੈ। ਜਿਸ ਵਿਚ ਹਾਈਡਰੋਜਨ ਆਇਸੋਟੋਪ ਦੀ ਵਰਤੋਂ ਕਰਦੇ ਹੋਏ ਪੁਰਾਣੀ ਤਰ੍ਹਾਂ ਦੇ ਅਣੂ ਅਧਾਰਤ ਬੰਬ ਦੀ ਵਿਸਫੋਟਕ ਸ਼ਕਤੀ ਨੂੰ ਕਈ ਗੁਣਾ ਵਧਾ ਲਿਆ ਜਾਂਦਾ ਹੈ। ਪ੍ਰੰਤੂ ਇਸਦੇ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਹਰ ਤਜ਼ੁਰਬੇ ਨਾਲ ਉਹ ਆਪਣੇ ਪਰਮਾਣੂ ਜਖੀਰੇ ਦੀ ਨਿਪੁਣਤਾ ਨੂੰ ਵਧਾਉਂਦਾ ਜਾ ਰਿਹਾ ਹੈ। ਬੂਸਟਿੰਗ ਪ੍ਰਕਿਰਿਆ ਨਾਲ ਉਹ ਪਰਮਾਣੂ ਯੰਤਰ ਨੂੰ ਸੂਖਮ ਬਨਾਉਂਦਾ ਉਸਦਾ ਭਾਰ ਘਟਾਉਣ ਵਿਚ ਸਫਲ ਹੋ ਜਾਵੇਗਾ ਅਤੇ ਇਸਨੂੰ ਬੈਲਿਸਟਿਕ ਮਿਜਾਇਲ ਉਤੇ ਫਿਟ ਕਰਕੇ ਅਮਰੀਕਾ ਦੇ ਪੱਛਮੀ ਕਿਨਾਰੇ ਇੱਥੋਂ ਤੱਕ ਕਿ ਕੈਲੀਫੋਨੀਆ ਤੱਕ ਪਹੁੰਚਾਉਣ ਦੇ ਯੋਗ ਹੋ ਸਕਦਾ ਹੈ।
ਹਰ ਪਰਮਾਣੂ ਤਜ਼ੁਰਬੇ ਤੋਂ ਬਾਅਦ ਉਤਰ ਕੋਰੀਆ ਉਤੇ ਪਾਬੰਦੀਆਂ ਠੋਸੇ ਜਾਣ ਦਾ ਸ਼ੋਰ ਮਚਦਾ ਹੈ ਅਤੇ ਸੰਯੁਕਤ ਰਾਸ਼ਟਰ ਵਲੋਂ ਪਾਸ ਕੀਤੇ ਜਾਂਦੇ ਮਤਿਆਂ ਰਾਹੀਂ ਇਹ ਪਾਬੰਦੀਆਂ ਲਾਈਆਂ ਵੀ ਜਾਂਦੀਆਂ ਹਨ। ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਉਹ ਹੋਰ ਤਜ਼ੁਰਬੇ ਕਰਨ ਵਿਚ ਵੀ ਸਫਲ ਹੁੰਦਾ ਹੈ ਅਤੇ ਦੇਸ਼ ਵਿਚ ਉਸ ਦੇ ਮੁਖੀ ਦੀ ਹਰਮਨ ਪਿਆਰਤਾ ਵੀ ਵਧਦੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਪਿਛਲੀ ਸਦੀ ਦੇ ਅੰਤਲੇ ਦਹਾਕੇ ਤੋਂ ਹੀ ਪੂੰਜੀਵਾਦੀ ਦੇਸ਼ਾਂ ਵਲੋਂ ਇਹ ਧੂਮ ਧੜੱਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਦੇਸ਼ ਵਿਚ ਅਕਾਲ ਪੈ ਗਿਆ ਹੈ, ਲੋਕ ਭੁੱਖ ਨਾਲ ਮਰ ਰਹੇ ਹਨ। ਪ੍ਰੰਤੂ ਉਤਰੀ ਕੋਰੀਆ ਪੂਰੀ ਦਰਿੜ੍ਹਤਾ ਨਾਲ ਆਪਣੇ ਸਮਾਜਵਾਦੀ ਢਾਂਚੇ ਨੂੰ ਕਾਇਮ ਰੱਖਦਾ ਹੋਇਆ ਅੱਗੇ ਵੱਧ ਰਿਹਾ ਹੈ। ਹਰ ਪਰਮਾਣੂ ਤਜ਼ੁਰਬੇ ਬਾਅਦ ਦੇਸ਼ ਦੀ ਜਨਤਾ ਇਸਦੇ ਜਸ਼ਨ ਮਨਾਉਂਦੀ ਹੋਈ ਦੇਸ਼ ਦੇ ਇਲੈਕਟਰੋਨਿਕ ਮੀਡੀਆ 'ਤੇ ਦਿਸਦੀ ਹੈ। ਇਸਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਤਰ ਕੋਰੀਆ ਦੀ ਜਨਤਾ ਆਪਣੇ ਦੇਸ਼ ਦੀ ਸਰਕਾਰ ਦੀ ਇਸ ਦਲੀਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਸਾਮਰਾਜੀ ਅਮਰੀਕਾ ਵਰਗੀ ਮਹਾਸ਼ਕਤੀ, ਜਿਹੜੀ ਕਿ ਦੱਖਣੀ ਕੋਰੀਆ ਰਾਹੀਂ ਬਿਲਕੁਲ ਉਸਦੇ ਬੂਹੇ 'ਤੇ ਖਲੋਤੀ ਹੈ, ਤੋਂ ਬਚਾਅ ਕਰਨ ਲਈ ਪਰਮਾਣੂ ਹਥਿਆਰ ਲੋੜੀਂਦੇ ਹਨ। ਦੁਨੀਆਂ ਵਿਚ ਪੂੰਜੀਵਾਦ ਦਾ ਪੂਰਾ ਗਲਬਾ ਹੈ, ਹਰ ਪਰਮਾਣੂ ਤਜ਼ਰਬੇ ਤੋਂ ਬਾਅਦ ਉਤਰੀ ਕੋਰੀਆ ਨੂੰ ਕੌਮਾਂਤਰੀ ਪੱਧਰ 'ਤੇ ਗੁੱਸੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਪ੍ਰੰਤੂ ਇਸਦੇ ਨਾਲ ਹੀ ਉਸਦਾ ਉਹਨਾਂ ਖਾਸ ਦੇਸ਼ਾਂ ਦੇ ਕਲੱਬ ਵਿਚ ਥਾਂ ਹੋਰ ਮਜ਼ਬੂਤ ਹੁੰਦਾ ਹੈ, ਜਿਨ੍ਹਾਂ ਕੋਲ ਮਹਾਂਦੀਪਾਂ ਦੇ ਆਰ-ਪਾਰ ਮਾਰ ਕਰਨ ਵਾਲੇ ਬੈਲਿਸਟਿਕ ਮਿਜਾਇਲ, ਪਰਮਾਣੂ ਹਥਿਆਰ ਅਤੇ ਤਕਨੀਕ ਹੈ। ਇੱਥੇ ਇਹ ਵਰਣਨਯੋਗ ਹੈ ਕਿ ਬਹੁਤ ਘੱਟ ਦੇਸ਼ਾਂ ਕੋਲ ਅਜਿਹੇ ਹਥਿਆਰ ਅਤੇ ਤਕਨੀਕ ਹੈ।
6 ਜਨਵਰੀ ਨੂੰ ਉਤਰੀ ਕੋਰੀਆ ਵਲੋਂ ਹਾਈਡਰੋਜਨ ਬੰਬ ਦਾ ਤਜ਼ੁਰਬਾ ਕਰਨ ਦੇ ਬਾਅਦ ਤੋਂ ਅਮਰੀਕੀ ਸਾਮਰਾਜ ਵਲੋਂ ਕੌਮਾਂਤਰੀ ਪੱਧਰ 'ਤੇ ਇਸਦੀ ਨਿਖੇਧੀ ਕਰਨ ਦੇ ਨਾਲ ਨਾਲ ਹੀ ਉਸ ਵਿਰੁੱਧ ਭੜਕਾਹਟ ਭਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਕੂਟਨੀਤਕ ਪੱਧਰ ਤੱਕ ਹੀ ਸੀਮਤ ਨਹੀਂ ਹਨ। ਜਿਵੇਂ ਅਸੀਂ ਪਹਿਲਾਂ ਜਿਕਰ ਕਰ ਚੁੱਕੇ ਹਾਂ ਕਿ 10 ਜਨਵਰੀ ਨੂੰ ਦੇਸ਼ ਦੀ ਉਤਰੀ ਕੋਰੀਆ ਨਾਲ ਲੱਗਦੀ ਸੀਮਾ 'ਤੇ ਅਮਰੀਕਾ ਦੇ ਆਧੁਨਿਕਤਮ ਪਰਮਾਣੂ ਹਥਿਆਰਾਂ ਨਾਲ ਲੈਸ ਬੀ-52 ਜੰਗੀ  ਜਹਾਜਾਂ ਨੇ ਬਿਲਕੁਲ ਨੀਵੀਂ ਉਡਾਨ ਭਰੀ ਸੀ। ਉਤਰੀ ਕੋਰੀਆ ਵਲੋਂ ਦੇਸ਼ ਦੀ ਸਮੁੱਚੀ ਸਰਹੱਦ 'ਤੇ ਬਹੁਤ ਵੱਡੇ-ਵੱਡੇ ਲਾਊਡਸਪੀਕਰ ਅਤੇ ਟੀ.ਵੀ. ਸਕਰੀਨ ਲਗਾਕੇ ਨਿਰੰਤਰ ਦੇਸ਼ ਦੀ ਹਾਕਮ ਪਾਰਟੀ-ਵਰਕਰਸ ਪਾਰਟੀ ਆਫ ਕੋਰੀਆ ਦੇ ਆਗੂਆਂ ਵਿਰੁੱਧ ਜਹਿਰੀਲਾ ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
ਜਦੋਂਕਿ ਦੂਜੇ ਪਾਸੇ ਉਤਰੀ ਕੋਰੀਆ ਨੇ, ਅਮਰੀਕਾ ਵਲੋਂ ਉਸ ਨਾਲ ਸ਼ਾਂਤੀ ਸੰਧੀ ਕਰਨ ਅਤੇ ਦੱਖਣੀ ਕੋਰੀਆ ਨਾਲ ਰਲਕੇ ਕੀਤੀਆਂ ਜਾਂਦੀਆਂ ਸਾਲਾਨਾ ਫੌਜੀ ਮਸ਼ਕਾਂ ਬੰਦ ਕਰਨ ਦੀ ਸੂਰਤ ਵਿਚ, ਅਜਿਹੇ ਪਰਮਾਣੂ ਤਜ਼ਰਬਿਆਂ ਨੂੰ ਬੰਦ ਕਰਨ ਦੀ ਪੇਸ਼ਕਸ਼ ਵਾਰ-ਵਾਰ ਕੀਤੀ ਹੈ। 16 ਜਨਵਰੀ ਨੂੰ ਉਤਰ ਕੋਰੀਆ ਦੀ ਵਿਦੇਸ਼ ਵਜਾਰਤ ਦੇ ਬੁਲਾਰੇ ਨੇ 6 ਜਨਵਰੀ ਦੇ ਪਰਮਾਣੂ ਤਜ਼ੁਰਬੇ ਨੂੰ ਆਪਣੇ ਦੇਸ਼ ਦੀ ਹੋਂਦ ਲਈ ਪੈਦਾ ਹੋਏ ਬਾਹਰੀ ਖਤਰਿਆਂ ਦੇ ਟਾਕਰੇ ਦੇ ਮੱਦੇਨਜ਼ਰ ਜਾਇਜ਼ ਤੇ ਉਚਿਤ ਠਹਿਰਾਉਂਦੇ ਹੋਏ ਆਪਣੇ ਬਿਆਨ ਵਿਚ ਕਿਹਾ ''ਅਮਰੀਕਾ ਵਲੋਂ ਨਿਰੰਤਰ ਰੂਪ ਵਿਚ ਸਾਡੀ ਪ੍ਰਭੂਸੱਤਾ ਉਤੇ ਧਾਵਾ ਬੋਲਣ ਅਤੇ ਧਮਕੀ ਭਰੀਆਂ ਭੜਕਾਹਟਾਂ ਦੇ ਮੱਦੇਨਜ਼ਰ ਅਸੀਂ ਆਪਣੇ ਆਪ ਨੂੰ ਸਭ ਤਰ੍ਹਾਂ ਦੀ ਸੰਭਵ ਪਰਮਾਣੂ ਹਮਲਾ ਕਰਨ ਅਤੇ ਪਰਮਾਣੂ ਹਮਲੇ ਦਾ ਜੁਆਬ ਦੇਣ ਦੀ ਸਮਰੱਥਾ ਨਾਲ ਲੈਸ ਕਰਾਂਗੇ, ਪਰ ਅਸੀਂ ਕਦੇ ਵੀ ਆਪਣੇ ਪਰਮਾਣੂ ਹਥਿਆਰਾਂ ਨੂੰ ਬਿਨਾਂ ਸੋਚੇ ਸਮਝੇ ਨਹੀਂ ਵਰਤਾਂਗੇ।'' ਇੱਥੇ ਇਹ ਵਰਣਨਯੋਗ ਹੈ ਕਿ ਉਤਰੀ ਕੋਰੀਆ ਅਜਿਹੀਆਂ ਪੇਸ਼ਕਸ਼ਾਂ ਪਹਿਲਾਂ ਵੀ ਕਰ ਚੁੱਕਾ ਹੈ ਪ੍ਰੰਤੂ ਅਮਰੀਕਾ, ਇਸ ਵਾਸਤੇ, ਉਸ ਉਤੇ ਪੂਰੀ ਤਰ੍ਹਾਂ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਛੱਡਣ ਦੀ ਸ਼ਰਤ ਲਾਉਂਦਾ ਹੈ।
ਅਮਰੀਕਾ ਅਤੇ ਦੱਖਣੀ ਕੋਰੀਆ ਦਰਮਿਆਨ ਕੀਤੀਆਂ ਜਾਂਦੀਆਂ ਸਾਲਾਨਾ ਮਸ਼ਕਾਂ ਨੂੰ ਉਤਰੀ ਕੋਰੀਆ ਉਸ ਉਤੇ ਹਮਲਾ ਕਰਨ ਲਈ ਕੀਤਾ ਜਾਂਦਾ ਅਭਿਆਸ ਗਰਦਾਨਦਾ ਹੈ। ਉਸਦੀ ਇਸ ਦਲੀਲ ਵਿਚ ਦਮ ਵੀ ਨਜ਼ਰ ਆਉਂਦਾ ਹੈ ਕਿਉਂਕਿ ਪਿਛਲੀ ਸਦੀ ਦੇ 5ਵੇਂ ਦਹਾਕੇ ਵਿਚ ਹੋਈ ਕੋਰੀਆਈ ਜੰਗ ਵਿਚ ਅਮਰੀਕਾ ਦੇ ਦਖਲ ਕਰਕੇ ਕੋਈ ਵੀ ਸਮਝੌਤਾ ਨਹੀਂ ਹੋ ਸਕਿਆ ਸੀ, ਜਿਸਦਾ ਭਾਵ ਹੈ ਜੰਗ ਹਕੀਕੀ ਰੂਪ ਵਿਚ ਕਦੇ ਵੀ ਖਤਮ ਨਹੀਂ ਹੋਈ। 27 ਜੁਲਾਈ 1953 ਨੂੰ ਇਕ ਆਰਜੀ ਜੰਗਬੰਦੀ ਸਮਝੌਤੇ 'ਤੇ ਦਸਤਖਤ ਹੋਣ ਨਾਲ ਜੰਗ ਬੰਦ ਹੋ ਗਈ ਸੀ ਪਰ ''ਫੈਸਲਾਕੁੰਨ ਸ਼ਾਂਤੀ ਸਮਝੌਤਾ'' ਕਦੇ ਵੀ ਨਹੀਂ ਹੋਇਆ ਜਿਸ ਕਰਕੇ ਦੇਸ਼ ਹੁਣ ਵੀ ਦੋ ਟੋਟਿਆਂ ਵਿਚ ਵੰਡਿਆ ਹੋਇਆ ਹੈ। ਉਤਰੀ ਕੋਰੀਆ (ਡੈਮੋਕ੍ਰੇਟਿਕ ਪੀਪਲਸ ਰਿਪਬਲਿਕ ਆਫ ਕੋਰੀਆ-ਇਕ ਸਮਾਜਵਾਦੀ ਦੇਸ਼) ਅਤੇ ਦੱਖਣੀ ਕੋਰੀਆ (ਰਿਪਬਲਿਕ ਆਫ ਕੋਰੀਆ) ਜਿਹੜਾ ਅਮਲੀ ਰੂਪ ਵਿਚ ਅਮਰੀਕੀ ਸਾਮਰਾਜ ਦਾ ਹੱਥਠੋਕਾ ਅਤੇ ਫੌਜੀ ਟਿਕਾਣਾ ਬਣਿਆ ਹੋਇਆ ਹੈ। ਇਸ ਦੇਸ਼ ਵਿਚ ਅਮਰੀਕਾ ਦੇ 15 ਫੌਜੀ ਅੱਡੇ ਹਨ, 28000 ਅਮਰੀਕੀ ਫੌਜੀ ਤੈਨਾਤ ਹਨ, ਅਤੇ ਐਨਾ ਅਸਲਾ, ਗੋਲਾ ਬਾਰੂਦ ਤੇ ਮਿਜਾਇਲਾਂ ਦਾ ਭੰਡਾਰ ਹੈ ਕਿ ਕੋਰੀਆਈ ਉਪ ਮਹਾਂਦੀਪ ਨੂੰ ਹੀ ਨਹੀਂ ਬਲਕਿ ਨੇੜਲੇ ਦੇਸ਼ਾਂ ਦੇ ਵੀ ਚਿੱਥੜੇ ਚਿੱਥੜੇ ਕੀਤੇ ਜਾ ਸਕਦੇ ਹਨ। ਹਕੀਕਤ ਇਹ ਹੈ ਕਿ ਕੋਰੀਆਈ ਮਹਾਂਦੀਪ ਵਿਚ ਤੋਪਾਂ ਨਹੀਂ ਚਲ ਰਹੀਆਂ ਪਰ ਫੇਰ ਵੀ ਅਮਰੀਕਾ ਦੀ ਬਦੌਲਤ ਜੰਗ ਲੰਮੀ ਖਿੱਚਦੀ ਚਲੀ ਜਾ ਰਹੀ ਹੈ।
ਉਤਰੀ ਕੋਰੀਆ ਦੀ ਲੀਡਰਸ਼ਿਪ, ਕੋਰੀਆਈ ਉਪ ਮਹਾਂਦੀਪ ਦੇ ਲੋਕ, ਚਾਹੇ ਉਹ ਦੱਖਣ ਵਿਚ ਹੋਣ ਜਾਂ ਉਤਰ ਕੋਰੀਆ ਵਿਚ, ਅਮਰੀਕੀ ਸਾਮਰਾਜ ਵਲੋਂ ਇਸ ਮਹਾਂਦੀਪ ਦੇ ਲੋਕਾਂ 'ਤੇ ਢਾਏ ਜ਼ੁਲਮਾਂ ਅਤੇ ਉਨ੍ਹਾਂ ਦੀ ਨਸਲਕੁਸ਼ੀ ਲਈ ਕੀਤੀਆਂ ਗਈਆਂ ਵਹਿਸ਼ੀ ਤੇ ਬਰਬਰ ਜੰਗੀ ਕਾਰਵਾਈਆਂ ਨੂੰ ਨਹੀਂ ਭੁੱਲ ਸਕਦੇ। ਇਸ ਲਈ 'ਵਾਕਸ ਵਰਡ' ਨਾਂਅ ਦੇ ਰਸਾਲੇ ਵਿਚ ਛਪੇ ਲੇਖ- ''ਅਮਰੀਕਰਜ਼ ਹੈਵ ਫਾਰਗੋਟਨ ਵਹਾਟ ਵੀ ਡਿਡ ਟੂ ਨਾਰਥ ਕੋਰੀਆ'' (ਅਮਰੀਕੀ ਭੁੱਲ ਗਏ ਹਨ ਕਿ ਅਸੀਂ ਉਤਰੀ ਕੋਰੀਆ ਵਿਚ ਕੀ ਕੀਤਾ ਸੀ) ਵਿਚਲੀਆਂਕੱਝ ਟੂਕਾਂ 'ਤੇ ਝਾਤ ਮਾਰਦੇ ਹਾਂ :
''1950ਵਿਆਂ ਦੇ ਸ਼ੁਰੂ ਵਿਚ ਕੋਰੀਆਈ ਜੰਗ ਦੌਰਾਨ, ਅਮਰੀਕਾ ਨੇ ਦੂਜੀ ਸੰਸਾਰ ਜੰਗ ਸਮੇਂ ਸਮੁੱਚੇ ਪ੍ਰਸ਼ਾਂਤ ਖੇਤਰ ਉਤੇ ਸੁੱਟੇ ਬੰਬਾਂ ਤੋਂ ਕਿਤੇ ਵੱਧ ਬੰਬ ਸਿਰਫ ਉਤਰ ਕੋਰੀਆ ਉਤੇ ਸੁੱਟੇ ਸਨ। ਇਸ ਕਾਰਪੈਟ ਬੰਬਿੰਗ ਵਿਚ 32000 ਟਨ ਨਾਪਾਮ (ਅੱਗ ਲਾਉਣ ਵਾਲੇ) ਬੰਬ ਸ਼ਾਮਲ ਸਨ। ਅਕਸਰ ਹੀ ਸਿਵਲੀਅਨ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਸਮੁੱਚੇ ਸ਼ਹਿਰ ਤਬਾਹ ਕਰ ਦਿੱਤੇ ਗਏ। ਕਈ ਲੱਖ ਬੇਦੋਸ਼ੇ ਮਾਸੂਮ ਲੋਕ ਮਾਰੇ ਗਏ, ਹੋਰ ਵੀ ਵਧੇਰੇ ਬੇਘਰੇ ਤੇ ਭੁੱਖੇ ਬਣਾ ਦਿੱਤੇ ਗਏ।''
ਅਮਰੀਕੀ ਪੱਤਰਕਾਰ ਬਲਾਇਨ ਹਾਰਡਨ ਮੁਤਾਬਕ :
''ਕੋਰੀਆਈ ਜੰਗ ਦੌਰਾਨ ਇਸਦੀ ਹਵਾਈ ਕਮਾਂਡ ਦੇ ਮੁਖੀ ਨੇ ਏਅਰ ਫੋਰਸ ਇਤਿਹਾਸ ਬਾਰੇ ਦਫਤਰ ਨੂੰ 1984 ਵਿਚ ਦੱਸਿਆ-''ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਅਸੀਂ 20% ਆਬਾਦੀ ਨੂੰ ਮਾਰ ਦਿੱਤਾ।'' ਇਕ ਹੋਰ ਫੌਜੀ ਅਫਸਰ ਡੀਨ ਰਸਕ ਜਿਹੜਾ ਬਾਅਦ ਵਿਚ ਦੇਸ਼ ਦਾ ਵਿਦੇਸ਼ ਸਕੱਤਰ ਬਣਿਆ ਨੇ ਦੱਸਿਆ ਕਿ ''ਉਤਰੀ ਕੋਰੀਆ ਵਿਚ ਜਿਹੜੀ ਵੀ ਚੀਜ਼ ਚਲ ਸਕਦੀ ਸੀ, ਹਰ ਇੱਟ ਜਿਹੜੀ ਇਕ ਦੂਜੇ 'ਤੇ ਖੜੀ ਸੀ ਨੂੰ ਅਸੀਂ ਬੰਬਾਰਮੈਂਟ ਰਾਹੀਂ ਤਬਾਹ ਕਰ ਦਿੱਤਾ। ਸ਼ਹਿਰੀ ਖੇਤਰਾਂ 'ਤੇ ਨੀਵੀਂ ਉੜਾਨ ਭਰਦੇ ਹੋਏ ਅਸੀਂ ਲੜਾਈ ਦੇ ਅੰਤਲੇ ਪੜਾਅ 'ਤੇ ਹਾਇਡਰੋ ਇਲੈਕਟ੍ਰਿਕ ਪ੍ਰਾਜੈਕਟਾਂ ਤੇ ਡੈਮਾਂ ਨੂੰ ਉਡਾਅਕੇ ਸਮੁੱਚੀ ਖੇਤੀ ਯੋਗ ਭੂਮੀ ਨੂੰ ਹੜ੍ਹਾਂ ਨਾਲ ਤਬਾਹ ਕਰਦੇ ਹੋਏ ਫਸਲਾਂ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ।''
ਉਤਰੀ ਕੋਰੀਆ ਦੇ ਵਿਦੇਸ਼ ਮੰਤਰੀ ਵਲੋਂ ਸੰਯੁਕਤ ਰਾਸ਼ਟਰ ਨੂੰ ਜਨਵਰੀ 1951 ਵਿਚ ਭੇਜੀ ਕੂਟਨੀਤਕ ਤਾਰ ਅਮਰੀਕੀ ਬੰਬਾਰਡਮੈਂਟ ਦੇ ਅਣਮਨੁੱਖੀ ਸਿੱਟਿਆਂ ਨੂੰ ਹੋਰ ਸਪੱਸ਼ਟ ਕਰਦੀ ਹੈ :
''3 ਜਨਵਰੀ ਨੂੰ ਦਿਨ ਦੇ 10.30 ਵਜੇ 82 ਜੰਗੀ ਜਹਾਜਾਂ ਦਾ ਇਕ ਰੇਲਾ ਸਮੁੱਚੇ ਪਿਉਂਗਯਾਂਗ ਸ਼ਹਿਰ 'ਤੇ ਮਣਾਂ ਮੂੰਹੀ ਮੌਤ ਦਾ ਸਮਾਨ ਸੁੱਟ ਗਿਆ। ਹਜ਼ਾਰਾਂ ਟਨ ਬੰਬ ਅਤੇ ਘਾਤਕ ਰਸਾਇਨ ਸ਼ਹਿਰ ਭਰ ਵਿਚ ਸੁੱਟ ਦਿੱਤੇ ਗਏ, ਇਹ ਅਤੀ ਘਾਤਕ ਵਿਸਫੋਟਕ ਬੰਬ, ਜਿਹੜੇ ਕਿ ਰੁਕ-ਰੁਕ ਕੇ ਚਲਦੇ ਸਨ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਆਉਣਾ ਅਸੰਭਵ ਬਣਾ ਦਿੱਤਾ ਅਤੇ ਉਹ ਵੀ ਦਿਨ ਭਰ ਲਈ। ਸਮੁੱਚਾ ਸ਼ਹਿਰ ਅੱਗ ਦੀਆਂ ਲਾਟਾਂ ਨਾਲ ਸੜ ਰਿਹਾ ਸੀ, ਦੋ ਦਿਨ ਤੱਕ ਇਹ ਜਾਰੀ ਰਿਹਾ। ਦੂਜੇ ਦਿਨ ਤੱਕ 7812 ਸਿਵਲੀਅਨ ਮਕਾਨ ਸੜ ਚੁੱਕੇ ਸਨ। ਇਨ੍ਹਾਂ ਬੰਬਾਂ ਦੇ ਵਿਸਫੋਟਾਂ ਨਾਲ ਕਿੰਨੇ ਲੋਕ ਮਰੇ, ਕਿੰਨੇ ਜਿਉਂਦੇ ਸੜ ਗਏ ਅਤੇ ਕਿੰਨੇ ਦਮ ਘੁੱਟਣ ਨਾਲ ਮਰ ਗਏ, ਇਹ ਗਿਣਨਯੋਗ ਨਹੀਂ... ਇਸ ਸ਼ਹਿਰ ਦੀ ਆਬਾਦੀ 5 ਲੱਖ ਦੀ ਸੀ, ਜੰਗ ਤੋਂ ਬਾਅਦ ਉਸ ਵਿਚ ਸਿਰਫ 50 ਹਜ਼ਾਰ ਹੀ ਵਸਨੀਕ ਜਿਉਂਦੇ ਬਚੇ ਸਨ।''
ਇਹ ਹੈ ਉਹ ਲੂੰ ਕੰਡੇ ਖੜੇ ਕਰ ਦੇਣ ਵਾਲਾ ਇਤਿਹਾਸ ਜਿਸਦੇ ਸਾਏ ਹੇਠ ਉਤਰੀ ਕੋਰੀਆ ਅੱਜ ਖਲੋਤਾ ਹੈ । ਇੱਥੇ ਇਹ ਵੀ ਯਾਦ ਰੱਖਣਯੋਗ ਹੈ ਕਿ ਇਹ ਸਭ ਘਿਨਾਉਣਾ, ਵਹਿਸ਼ੀ ਕੁਕਰਮ ਅਮਰੀਕਾ ਵਲੋਂ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਕੋਰੀਆਈ ਉਪ ਮਹਾਂਦੀਪ ਦੀ ਇਸ ਜੰਗ ਦੌਰਾਨ ਉਤਰੀ ਕੋਰੀਆ 'ਤੇ ਉਥੇ ਦੀ ਕਮਿਊਨਿਸਟ ਵਿਚਾਰਧਾਰਾ ਵਾਲੀ ਪਾਰਟੀ-ਵਰਜਕਰਜ਼ ਪਾਰਟੀ ਆਫ ਕੋਰੀਆ ਨੇ ਆਪਣਾ ਕਬਜ਼ਾ ਕਾਇਮ ਰੱਖਿਆ ਸੀ। ਇਸ ਜੰਗ ਦੀ ਅਗਵਾਈ ਇਸ ਖਿੱਤੇ ਦੇ ਮਹਾਨ ਆਗੂ ਕਿਮ-ਇਲ-ਸੁੰਗ ਨੇ ਕੀਤੀ ਸੀ। ਇਹ ਸਭ ਤਬਾਹੀ ਅਮਰੀਕਾ ਨੇ ਇਸ ਜੰਗ ਦੇ ਅੰਤਲੇ ਦਿਨਾਂ ਵਿਚ ਮਚਾਈ ਸੀ ਜਦੋਂ ਉਸਨੂੰ ਦਿਸ ਰਿਹਾ ਸੀ ਕਿ ਇਹ ਜੰਗ ਖਤਮ ਹੋਣ ਜਾ ਰਹੀ ਹੈ।
ਉਤਰੀ ਕੋਰੀਆ ਦੀ ਮੌਜੂਦਾ ਲੀਡਰਸ਼ਿਪ ਦਾ ਆਪਣੇ ਦੇਸ਼ ਨੂੰ ਪਰਮਾਣੂ ਹਥਿਆਰਾਂ ਨਾਲ ਲੈਸ ਕਰਨਾ ਹੀ ਉਸਦੀ ਰੱਖਿਆ ਦੀ ਗਰੰਟੀ ਕਰ ਸਕਦਾ ਹੈ। ਕਿਉਂਕਿ ਜੇਕਰ ਉਸ ਕੋਲ ਅਮਰੀਕਾ ਅਤੇ ਉਸਦੇ ਹਥਠੋਕਿਆਂ ਨੂੰ ਤਬਾਹ ਕਰਨ ਦੀ ਯੋਗਤਾ ਹੋਵੇਗੀ ਤਾਂ ਹੀ ਅਮਰੀਕਾ ਅਤੇ ਉਸਦੇ ਹੱਥਠੋਕੇ ਉਸ ਉਤੇ ਹਮਲਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਗੇ। ਦੁਨੀਆਂ ਦਾ ਹਾਲੀਆ ਇਤਿਹਾਸ ਵੀ ਇਸਦੀ ਸ਼ਾਹਦੀ ਭਰਦਾ ਹੈ। ਅਮਰੀਕੀ ਸਾਮਰਾਜ ਨੇ ਪਿਛਲੀ ਸਦੀ ਦੇ ਅੰਤਲੇ ਦਹਾਕੇ ਵਿਚ 5 ਦੇਸ਼ਾਂ ਨੂੰ 'ਬਦਮਾਸ਼' ਦੇਸ਼ ਐਲਾਨ ਕੀਤਾ ਹੋਇਆ ਸੀ। ਉਨ੍ਹਾਂ ਵਿਚੋਂ ਈਰਾਕ ਨੂੰ ਮਨੁਖਤਾ ਲਈ ਘਾਤਕ ਹਥਿਆਰਾਂ ਦੇ ਬਹਾਨੇ ਹੇਠ ਹਮਲਾ ਕਰਕੇ ਤਬਾਹ ਕਰ ਦਿੱਤਾ। ਉਸ ਉਤੇ ਰਾਜ ਕਰ ਰਹੇ ਆਗੂ ਸੱਦਾਮ ਹੁਸੈਨ ਨੂੰ ਫਾਂਸੀ ਲਗਾ ਦਿੱਤੀ ਅਤੇ ਆਪਣੀ ਹਥਠੋਕੀ ਸਰਕਾਰ ਉਥੇ ਸਥਾਪਤ ਕਰ ਦਿੱਤੀ। ਲੀਬੀਆ ਦੇ ਕਰਨਲ ਗੱਦਾਫੀ ਨੇ ਤਾਂ ਪਰਮਾਣੂ ਤੇ ਰਸਾਇਨਕ ਹਥਿਆਰਾਂ ਨੂੰ ਨਸ਼ਟ ਕਰਨ ਦੀ ਸ਼ਰਤ ਮੰਨਦੇ ਹੋਏ ਉਨ੍ਹਾਂ ਨੂੰ ਨਸ਼ਟ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ  ਉਸਨੂੰ ਵੀ ਉਸਦੇ ਵਿਰੋਧੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਕੇ ਮਰਵਾ ਦਿੱਤਾ ਅਤੇ ਅੱਜ ਉਸ ਦੇਸ਼ ਵਿਚ ਕੋਈ ਕੇਂਦਰੀ ਹਕੂਮਤ ਨਹੀਂ ਬਲਕਿ ਖਾਨਾਜੰਗੀ ਦਾ ਅਖਾੜਾ ਬਣਿਆ ਹੋਇਆ ਹੈ। ਸੀਰੀਆ ਵਿਚ ਜੋ ਤਬਾਹੀ ਅਮਰੀਕਾ ਤੇ ਉਸਦੇ ਸਹਿਯੋਗੀਆਂ ਨੇ ਖਾਨਾਜੰਗੀ ਸ਼ੁਰੂ ਕਰਵਾਕੇ ਮਚਾਈ ਹੈ ਉਹ ਨਿੱਤ ਦਿਨ ਲੋਕਾਂ ਸਾਹਮਣੇ ਹੈ, ਬਲਕਿ ਉਸ ਵਿਚੋਂ ਮਨੁੱਖਤਾ ਲਈ ਘਾਤਕ ਅੱਤਵਾਦੀ ਦੈਂਤ ਆਈ.ਐਸ.ਆਈ.ਐਸ. ਪੈਦਾ ਹੋ ਗਿਆ ਹੈ। ਈਰਾਨ ਨਾਲ ਜ਼ਰੂਰ ਸਮਝੌਤਾ ਹੋ ਗਿਆ ਹੈ। ਉਹ ਵੀ ਅਮਰੀਕਾ ਨੇ ਆਪਣੀਆਂ ਰਣਨੀਤਕ ਲੋੜਾਂ ਕਰਕੇ ਕੀਤਾ ਹੈ। 5ਵਾਂ 'ਬਦਮਾਸ਼' ਦੇਸ਼ ਜੋ ਅਮਰੀਕੀ ਸਾਮਰਾਜ ਦੇ ਨਿਸ਼ਾਨੇ 'ਤੇ ਹੈ, ਉਹ ਹੈ ਉਤਰੀ ਕੋਰੀਆ, ਉਹ ਨਿਸ਼ਾਨੇ 'ਤੇ ਇਸ ਲਈ ਹੈ ਕਿਉਂਕਿ ਉਹ ਅੱਜ ਵੀ ਸਭ ਔਕੜਾਂ ਨੂੰ ਝੱਲਦਾ ਹੋਇਆ ਸਮਾਜਵਾਦੀ ਢਾਂਚੇ ਨੂੰ ਕਾਇਮ ਰੱਖ ਰਿਹਾ ਹੈ।
ਉਤਰੀ ਕੋਰੀਆ, ਜਿਸਨੇ ਆਪਣੀ ਹੋਂਦ ਤੋਂ ਲੈ ਕੇ ਅੱਜ ਤੱਕ ਇਕ ਵੀ ਦੇਸ਼ ਉਤੇ ਬੰਬਾਰੀ ਨਹੀਂ ਕੀਤੀ, ਹਮਲਾ ਨਹੀਂ ਕੀਤਾ, ਨਾ ਹੀ ਕਿਸੇ ਦੇਸ਼ ਵਿਚ ਆਪਣੀ ਹਥਠੋਕਾ ਸਰਕਾਰ ਕਾਇਮ ਕੀਤੀ ਹੈ, ਨੂੰ ਉਹ ਦੇਸ਼ ਦੁਨੀਆਂ ਤੇ ਆਪਣੇ ਲਈ ਖਤਰਾ ਦਸ ਰਿਹਾ ਹੈ, ਜੋ ਆਪਣੇ ਹੱਥ ਪਿਛਲੀ ਸਦੀ ਤੋਂ ਲੈ ਕੇ ਹੁਣ ਤੱਕ ਰੋਜ਼ ਹੀ ਮਾਸੂਮਾਂ ਦੇ ਖੂਨ ਨਾਲ ਹੱਥ ਰੰਗਦਾ ਆ ਰਿਹਾ ਹੈ। ਜਿਸਦੇ 100 ਦੇਸ਼ਾਂ ਵਿਚ ਫੌਜੀ ਅੱਡੇ ਹਨ, 10 ਜੰਗੀ ਸਮੁੰਦਰੀ ਬੇੜੇ ਹਨ। (ਚੀਨ ਅਤੇ ਰੂਸ ਕੋਲ ਸਿਰਫ ਇਕ-ਇਕ) 14 ਬੈਲਿਸਟਿਕ ਮਿਜਾਇਲਾਂ ਨਾਲ ਲੈਸ ਪਨਡੁੱਬੀਆਂ ਹਨ। ਜਿਸਦੇ ਫੌਜੀ ਅਦਾਰੇ ਪੈਂਟਾਗਨ ਦਾ ਬਜਟ ਹੀ 600 ਬਿਲੀਅਨ ਡਾਲਰ ਹੈ ਅਤੇ 4000 ਪਰਮਾਣੂ ਹਥਿਆਰ ਹਰ ਸਮੇਂ ਬੀੜੇ ਰਹਿੰਦੇ ਹਨ। ਉਸ ਲਈ ਖਤਰਾ ਹੈ, ਉਹ ਦੇਸ਼ ਜਿਸਦਾ ਫੌਜੀ ਬਜਟ 2014 ਵਿਚ ਸਿਰਫ 7.5 ਬਿਲੀਅਨ ਡਾਲਰ ਸੀ ਅਤੇ ਜਿਸ ਕੋਲ ਸਿਰਫ 12 ਪਰਮਾਣੂ ਹਥਿਆਰ ਹਨ।
ਮਹਾਨ ਅਫਰੀਕੀ ਇਨਕਲਾਬੀ ਮਰਹੂਮ ਆਗੂ  ਪੈਟਰਿਸ਼ ਲੁਆਂਬਾ ਦਾ ਕਥਨ ਹੈ, ''ਜੇਕਰ ਤੁਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ ਤਾਂ ਜੰਗ ਲਈ ਤਿਆਰੀ ਰੱਖੋ'' (If you want to live in peace, be prepared for war)। ਉਤਰੀ ਕੋਰੀਆ ਵਾਰ-ਵਾਰ ਪਰਖ ਦੀ ਕਸਵੱਟੀ 'ਤੇ ਖਰੇ ਉਤਰੇ ਇਸ ਕਥਨ ਦਾ ਅਨੁਸਰਣ ਕਰ ਰਿਹਾ ਹੈ ਅਤੇ ਦੁਨੀਆਂ ਦੇ ਹਰ ਜਮਹੂਰੀਅਤ ਪਸੰਦ ਵਿਅਕਤੀ ਨੂੰ ਉਤਰੀ ਕੋਰੀਆ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।                     (25.1.2016)


 
ਈਰਾਨ ਤੋਂ ਪਾਬੰਦੀਆਂ ਹਟੀਆਂ ਮੱਧ-ਏਸ਼ੀਆਈ ਦੇਸ਼ ਈਰਾਨ ਵਲੋਂ ਜੁਲਾਈ 2015 ਵਿਚ ਹੋਏ ਪਰਮਾਣੂ ਸਮਝੌਤੇ ਉਤੇ ਅਮਲ ਕਰ ਦੇਣ ਨਾਲ 16 ਜਨਵਰੀ ਤੋਂ ਉਸ ਉਤੇ ਕਈ ਸਾਲਾਂ ਤੋਂ ਲੱਗੀਆਂ ਕੌਮਾਂਤਰੀ ਪਾਬੰਦੀਆਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਹਨ। ਦੇਸ਼ ਵਲੋਂ ਗੁਪਤ ਢੰਗ ਨਾਲ ਪਰਮਾਣੂ ਹਥਿਆਰ ਬਨਾਉਣ ਦੇ ਦੋਸ਼ ਅਧੀਨ ਅਮਰੀਕਾ ਅਤੇ ਉਸਦੇ ਸਹਿਯੋਗੀ ਯੂਰਪੀ ਯੂਨੀਅਨ ਦੇ ਦਬਾਅ ਹੇਠ ਇਹ ਪਾਬੰਦੀਆਂ ਲਾਈਆਂ ਗਈਆਂ ਸਨ।
ਦੁਨੀਆਂ ਦੇ 6 ਪ੍ਰਮੁੱਖ ਦੇਸ਼ਾਂ-ਅਮਰੀਕਾ, ਬ੍ਰਿਟੇਨ, ਰੂਸ, ਚੀਨ, ਫਰਾਂਸ ਅਤੇ ਜਰਮਨੀ ਨਾਲ ਈਰਾਨੀ ਅਧਿਕਾਰੀਆਂ ਦੀ ਚੱਲੀ ਕਈ ਦੌਰਾਂ ਦੀ ਲੰਮੀ ਗਲਬਾਤ ਦੇ ਬਾਅਦ ਜੁਲਾਈ 2015 ਵਿਚ ਇਹ ਸਮਝੌਤਾ ਹੋਇਆ ਸੀ। ਜਿਸ ਉਤੇ ਅਮਲ ਕਰਦੇ ਹੋਏ ਈਰਾਨ ਨੇ ਵੱਡੀ ਮਾਤਰਾ ਵਿਚ ਜਰਖੇਜ਼ ਯੂਰੇਨੀਅਨ ਦੇਸ਼ ਤੋਂ ਬਾਹਰ ਰੂਸ ਨੂੰ ਭੇਜ ਦਿੱਤਾ ਹੈ, ਆਪਣੀਆਂ ਬਹੁਤੀਆਂ ਪਰਮਾਣੂ ਭੱਠੀਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਅਰਾਕ ਪਰਮਾਣੂ ਰਿਐਕਟਰ, ਜਿਹੜਾ ਕਿ ਪਰਮਾਣੂ ਬੰਬ ਬਨਾਉਣ ਲਈ ਵਰਤੋਂ ਵਿਚ ਆਉਣ ਵਾਲਾ ਪਲੂਟੋਨੀਅਮ ਬਨਾਉਣ ਦੇ ਸਮਰੱਥ ਸੀ ਨੂੰ ਨਕਾਰਾ ਬਣਾ ਦਿੱਤਾ ਹੈ। ਆਈ.ਏ.ਈ.ਏ. (ਕੌਮਾਂਤਰੀ ਪਰਮਾਣੂ ਊਰਜਾ ਅਥਾਰਟੀ) ਵਲੋਂ ਸਰਟੀਫਿਕੇਟ ਦੇਣ ਤੋਂ ਬਾਅਦ ਕੌਮਾਂਤਰੀ ਪਾਬੰਦੀਆਂ ਨੂੰ ਖਤਮ ਕਰਨ ਦਾ ਅਮਲ ਸ਼ੁਰੂ ਕਰਨ ਦਾ ਐਲਾਨ ਅਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਅਮਰੀਕਾ ਦੇ ਵਿਦੇਸ਼ ਸਕੱਤਰ ਜੌਹਨ ਕੈਰੀ ਨੇ ਕੀਤਾ ਹੈ।
ਉਪਰੋਕਤ ਫੌਰੀ ਕਦਮਾਂ ਤੋਂ ਬਿਨਾਂ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੂੰ ਹਥਿਆਰਾਂ ਰਹਿਤ ਬਨਾਉਣ ਲਈ ਕੁੱਝ ਹੋਰ ਵੀ ਕਦਮ ਚੁੱਕਣੇ ਪੈਣਗੇ। ਈਰਾਨ ਕੋਲ ਇਸ ਵੇਲੇ 20000 ਪਰਮਾਣੂ ਭੱਠੀਆਂ ਹਨ, ਉਨ੍ਹਾਂ ਦੀ ਥਾਂ ਪੁਰਾਣੀ ਤਕਨੀਕ ਵਾਲੀਆਂ ਭੱਠੀਆਂ ਸਥਾਪਤ ਕਰਨੀਆਂ ਹੋਣਗੀਆਂ, ਜਿਨ੍ਹਾਂ ਦੀ ਗਿਣਤੀ 5060 ਤੋਂ ਵੱਧ ਨਾ ਹੋਵੇ। 15 ਸਾਲਾਂ ਲਈ ਆਪਣੇ ਪਰਮਾਣੂ ਜਖੀਰੇ ਨੂੰ 98% ਘਟਾਕੇ 300 ਕਿਲੋ ਤੱਕ ਸੀਮਤ ਰੱਖਣਾ ਹੋਵੇਗਾ। ਹੋਰ ਵੀ ਕਈ ਕਦਮ ਚੁੱਕਣੇ ਪੈਣਗੇ। ਇਨ੍ਹਾਂ ਦਾ ਮਕਸਦ ਈਰਾਨ ਨੂੰ ਪਰਮਾਣੂ ਹਥਿਆਰ ਬਨਾਉਣ ਯੋਗ ਨਾ ਰਹਿਣ ਦੇਣਾ ਹੈ। ਉਹ ਸਿਰਫ ਬਿਜਲੀ ਪੈਦਾ ਕਰਨ ਅਤੇ ਦਵਾਈਆਂ, ਖੇਤੀ, ਸਨਅਤ ਤੇ ਵਿਗਿਆਨਕ ਕਾਰਜਾਂ ਲਈ ਹੀ ਪਰਮਾਣੂ ਤਕਨੀਕ ਦੀ ਵਰਤੋਂ ਕਰ ਸਕੇਗਾ। ਕੌਮਾਂਤਰੀ ਪਰਮਾਣੂ ਊਰਜਾ ਅਥਾਰਟੀ ਉਸਦੇ ਪਰਮਾਣੂ ਅਦਾਰਿਆਂ ਦੀ ਨਿਰੰਤਰ ਨਿਗਰਾਨੀ ਕਰਦੀ ਰਹੇਗੀ।
ਈਰਾਨ ਅਤੇ ਦੁਨੀਆਂ ਦੀਆਂ ਮੁੱਖ 6 ਸ਼ਕਤੀਆਂ ਦਰਮਿਆਨ ਹੋਏ ਪਰਮਾਣੂ ਸਮਝੌਤੇ ਦੇ ਸਿੱਟੇ ਵਜੋਂ ਪਾਬੰਦੀਆਂ ਦੇ ਹਟਣ ਦਾ ਈਰਾਨ ਸਮੇਤ ਸਮੁੱਚੀ ਦੁਨੀਆਂ ਦੇ ਵੱਡੇ ਹਿੱਸੇ ਵਿਚ ਸਵਾਗਤ ਹੋਇਆ ਹੈ। ਪ੍ਰੰਤੂ ਦੁਨੀਆਂ ਅਤੇ ਈਰਾਨ ਵਿਚ ਕੱਟੜਪੰਥੀ ਸ਼ਕਤੀਆਂ ਨੇ ਇਸ ਉਤੇ ਨਾਖੁਸ਼ੀ ਵੀ ਪਰਗਟ ਕੀਤੀ ਹੈ। ਮੱਧ ਏਸ਼ੀਆ ਵਿਚਲੇ ਅਮਰੀਕਾ ਦੇ ਦੋ ਸਹਿਯੋਗੀ ਦੇਸ਼ਾਂ ਇਜ਼ਰਾਇਲ ਅਤੇ ਸਾਉਦੀ ਅਰਬ ਨੇ ਇਸ ਉਤੇ ਨਾਖੁਸ਼ੀ ਜਾਹਿਰ ਕੀਤੀ ਹੈ। ਅਮਰੀਕਾ ਵਿਚ ਵੀ ਦੂਜੀ ਵੱਡੀ ਪਾਰਟੀ ਰਿਪਬਲਿਕਨ ਪਾਰਟੀ ਨੇ ਇਸਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਸੱਤਾ ਵਿਚ ਆਉਣ 'ਤੇ ਉਹ ਇਸ ਸਮਝੌਤੇ ਨੂੰ ਰੱਦ ਕਰ ਦੇਣਗੇ। ਪਰ ਹੁਣ ਇਹ ਨੌਬਤ ਹੀ ਨਹੀਂ ਆਉਣੀ ਕਿਉਂਕਿ ਇਹ ਸਮਝੌਤਾ ਲਾਗੂ ਹੋ ਚੁੱਕਾ ਹੈ। ਅਮਰੀਕੀ ਰਾਸ਼ਟਰਪਤੀ ਓਬਾਮਾ ਨੂੰ ਸੀਨੇਟ ਵਿਚ ਰਿਪਬਲਿਕਾਂ ਦਾ ਬਹੁਮਤ ਹੋਣ ਕਰਕੇ ਪਾਬੰਦੀਆਂ ਨੂੰ ਹਟਾਉਣ ਲਈ 'ਵੇਵਰ ਆਰਡਰ' ਜਾਰੀ ਕਰਨਾ ਪਿਆ ਹੈ।
ਈਰਾਨ ਵਿਚ ਵੀ ਰਾਸ਼ਟਰਪਤੀ ਹਸਨ ਰੁਹਾਨੀ ਨੇ ਇਸਦਾ ਸਵਾਗਤ ਕੀਤਾ ਹੈ ਅਤੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਨੇ ਇਨ੍ਹਾਂ ਪਾਬੰਦੀਆਂ ਨੂੰ ਹਟਾਏ ਜਾਣ ਦਾ ਐਲਾਨ ਕਰਦਿਆਂ ਕਿਹਾ ''ਅੱਜ ਦਾ ਦਿਨ ਇਰਾਨੀ ਲੋਕਾਂ ਲਈ ਸ਼ੁਭ ਹੈ ਕਿਉਂਕਿ ਅੱਜ ਪਾਬੰਦੀਆਂ ਹਟ ਗਈਆਂ ਹਨ।'' ਪਰ ਦੇਸ਼ ਵਿਚਲੀਆਂ ਕੱਟੜਪੰਥੀ ਤਾਕਤਾਂ ਇਸਦਾ ਵਿਰੋਧ ਕਰਦੀਆਂ ਹੋਈਆਂ, ਇਸਨੂੰ ਅਮਰੀਕਾ ਸਾਹਮਣੇ ਗੋਡੇ ਟੇਕਣਾ ਗਰਦਾਨ ਰਹੀਆਂ ਹਨ।
ਇਨ੍ਹਾਂ ਪਾਬੰਦੀਆਂ ਦੇ ਹੱਟਣ ਨਾਲ ਦੇਸ਼ ਦਾ ਜਿਹੜਾ ਪੈਸਾ ਅਤੇ ਸੰਪਤੀ ਵਿਦੇਸ਼ੀ ਬੈਂਕਾਂ ਵਿਚ ਜਾਮ ਕੀਤੀ ਹੋਈ ਸੀ, ਉਹ ਹੁਣ ਈਰਾਨ ਵਰਤੋਂ ਵਿਚ ਲਿਆ ਸਕੇਗਾ। ਈਰਾਨੀ ਕੇਂਦਰੀ ਬੈਂਕ ਅਨੁਸਾਰ ਇਸ ਨਾਲ 30 ਬਿਲੀਅਨ ਡਾਲਰ ਵਿਦੇਸ਼ੀ ਬੈਂਕਾਂ ਵਿਚੋਂ ਵਾਪਸ ਲਿਆਂਦੇ ਜਾ ਸਕਣਗੇ। ਕੱਚਾ ਤੇਲ ਹੁਣ ਉਹ ਕੌਮਾਂਤਰੀ ਮੰਡੀ ਵਿਚ ਵੇਚ ਸਕੇਗਾ। ਅੰਦਾਜ਼ਾ ਹੈ ਕਿ ਮੌਜੂਦਾ ਬਹੁਤ ਘੱਟ ਕੌਮਾਂਤਰੀ ਕੀਮਤ ਦੇ ਬਾਵਜੂਦ ਆਉਣ ਵਾਲੇ ਸਾਲ ਵਿਚ ਈਰਾਨ ਆਪਣੇ ਕੱਚੇ ਤੇਲ ਤੋਂ ਹੋਣ ਵਾਲੀ ਕਮਾਈ ਵਿਚ 10 ਬਿਲੀਅਨ ਡਾਲਰ ਦਾ ਵਾਧਾ ਕਰ ਲਵੇਗਾ। ਕੌਮਾਂਤਰੀ ਮੁਦਰਾ ਫੰਡ ਅਨੁਸਾਰ 2016-17 ਤੱਕ ਈਰਾਨ ਦੀ ਕੁੱਲ ਘਰੇਲੂ ਉਤਪਾਦ ਵਾਧਾ ਦਰ 5% 'ਤੇ ਪੁੱਜ ਜਾਵੇਗੀ ਜਿਹੜੀ ਹੁਣ ਲਗਭਗ ਜੀਰੋ ਹੈ। ਹੁਣ ਦੇਸ਼ ਆਪਣੀ ਲੋੜ ਦੀਆਂ ਦਰਾਮਦਾਂ ਕੌਮਾਂਤਰੀ ਮੰਡੀ ਵਿਚੋਂ ਖਰੀਦ ਸਕੇਗਾ। ਪਾਬੰਦੀਆਂ ਦੇ ਲੱਗਣ ਨਾਲ ਉਸ ਨੂੰ ਬਾਹਰੋਂ ਵਸਤਾਂ ਖਰੀਦਣ ਲਈ ਲਗਭਗ 15% ਵਧੇਰੇ ਕੀਮਤ ਅਦਾ ਕਰਨੀ ਪੈਂਦੀ ਸੀ, ਹੁਣ ਉਸਨੂੰ ਇਸ ਪੱਖੋਂ ਹੀ 15 ਬਿਲੀਅਨ ਡਾਲਰ ਸਾਲਾਨਾ ਦੀ ਬਚਤ ਹੋਵੇਗੀ।
ਦੁਨੀਆਂ ਭਰ ਦੇ ਦੇਸ਼ਾਂ ਨੂੰ ਵੀ ਈਰਾਨ ਤੋਂ ਪਾਬੰਦੀਆਂ ਹਟਣ ਦਾ ਲਾਭ ਮਿਲੇਗਾ। ਸਭ ਤੋਂ ਵੱਡਾ ਲਾਭ ਤਾਂ ਕੱਚੇ ਤੇਲ ਦੀਆਂ ਕੀਮਤਾਂ ਹੋਰ ਡਿੱਗਣ ਦੇ ਰੂਪ ਵਿਚ  ਹੋਵੇਗਾ। ਈਰਾਨ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਤੇਲ ਦੇ ਭੰਡਾਰਾਂ ਵਾਲਾ ਦੇਸ਼ ਹੈ। ਪਾਬੰਦੀਆਂ ਹੋਣ ਕਰਕੇ ਹੁਣ ਤੱਕ ਉਹ ਸਿਰਫ 10 ਲੱਖ ਬੈਰਲ ਪ੍ਰਤੀ ਦਿਨ ਤੇਲ ਹੀ ਕੌਮਾਂਤਰੀ ਮੰਡੀ ਵਿਚ ਵੇਚਦਾ ਸੀ, ਉਹ ਵੀ ਚੀਨ, ਭਾਰਤ, ਜਪਾਨ ਤੇ ਦੱਖਣੀ ਕੋਰੀਆ ਨੂੰ। ਹੁਣ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਆਪਣਾ ਤੇਲ ਵੇਚ ਸਕੇਗਾ। ਉਸਦੀ ਯੋਜਨਾ ਫੌਰੀ ਰੂਪ ਵਿਚ ਇਸ ਵਿਚ 5 ਲੱਖ ਬੈਰਲ ਪ੍ਰਤੀ ਦਿਨ ਦਾ ਵਾਧਾ ਕਰਨ ਅਤੇ ਅਗਲੇ ਸਾਲ ਤੱਕ ਤੇਲ ਬਰਾਮਦ 25 ਲੱਖ ਬੈਰਲ ਪ੍ਰਤੀ ਦਿਨ ਕਰਨ ਦੀ ਹੈ। ਇਸੇ ਤਰ੍ਹਾਂ ਦੁਨੀਆਂ ਭਰ ਦੇ ਦੇਸ਼ਾਂ ਤੋਂ ਉਹ ਆਪਣੀ ਲੋੜ ਦੀਆਂ ਖੁਰਾਕੀ ਵਸਤਾਂ ਅਤੇ ਹੋਰ ਵਸਤਾਂ ਦਰਾਮਦ ਕਰੇਗਾ ਜਿਸ ਨਾਲ ਉਨ੍ਹਾਂ ਦੇਸ਼ਾਂ ਵਿਚ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ।
ਸਾਡੇ ਦੇਸ਼ ਭਾਰਤ ਨੂੰ ਸਭ ਤੋਂ ਵਧੇਰੇ ਲਾਭ ਕੱਚੇ ਤੇਲ ਦੀ ਕੀਮਤ ਡਿੱਗਣ ਨਾਲ ਹੋਵੇਗਾ। ਕਿਉਂਕਿ ਕੱਚੇ ਤੇਲ ਦੀ ਕੀਮਤ ਇਕ ਡਾਲਰ ਘੱਟਣ ਨਾਲ ਸਾਡੇ ਦੇਸ਼ ਦਾ ਦਰਾਮਦ ਬਿਲ ਲਗਭਗ 6500 ਕਰੋੜ ਰੁਪਏ ਘਟਦਾ ਹੈ ਅਤੇ ਸਬਸਿਡੀਆਂ 900 ਕਰੋੜ ਘਟਦੀਆਂ ਹਨ। ਪ੍ਰੰਤੂ ਭਾਰਤ ਨੂੰ ਦੁੱਬਲੇ ਸਹਿਯੋਗ ਸਮਝੌਤੇ ਵਿਚ ਦੇਰ ਕਰਨ ਕਰਕੇ ਜੋ ਲਾਭ ਇਨ੍ਹਾਂ ਪਾਬੰਦੀਆਂ ਦੇ ਹਟਣ ਤੋਂ ਪਹਿਲਾਂ ਮਿਲ ਸਕਦਾ ਸੀ, ਉਹ ਸ਼ਾਇਦ ਹੁਣ ਨਹੀਂ ਮਿਲੇਗਾ। 28 ਦਸੰਬਰ 2015 ਨੂੰ ਵਪਾਰ ਬਾਰੇ ਸਾਂਝੇ ਕਮੀਸ਼ਨ ਦੀ ਮੀਟਿੰਗ ਦੌਰਾਨ ਈਰਾਨ ਨੇ ਜ਼ੋਰ ਪਾਇਆ ਸੀ ਕਿ ਕੱਚੇ ਤੇਲ ਦੀ ਬਕਾਇਆ ਰਕਮ 6.5 ਬਿਲੀਅਨ ਡਾਲਰ ਨੂੰ ਨਬੇੜ ਲਿਆ ਜਾਵੇ, ਜਿਹੜੀ ਕਿ ਸਾਡੀ ਤੇਲ ਖਰੀਦ ਦੇ 55% ਦੇ ਬਰਾਬਰ ਬਣਦੀ ਹੈ, ਅਤੇ ਇਸਨੂੰ ਨੈਸ਼ਨਲ ਇਰਾਨੀਅਨ ਆਇਲ ਕੰਪਨੀ ਦੇ ਭਾਰਤੀ ਬੈਂਕਾਂ ਵਿਚ ਸਥਿਤ ਖਾਤਿਆਂ ਵਿਚ ਭਾਰਤੀ ਰੁਪਏ ਦੇ ਰੂਪ ਵਿਚ ਜਮਾਂ ਕਰਵਾ ਦਿੱਤਾ ਜਾਵੇ, ਉਹ ਇਸ ਪੈਸੇ ਨਾਲ ਗੈਰ-ਤੇਲ ਭਾਰਤੀ ਵਸਤਾਂ ਖਰੀਦ ਲਵੇਗਾ। ਪਰ ਭਾਰਤ ਦੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਹੁਣ ਜਦੋਂ ਪਾਬੰਦੀਆਂ ਹੱਟ ਗਈਆਂ ਹਨ ਅਤੇ ਉਸ ਕੋਲ ਡਾਲਰਾਂ ਦੀ ਕਮੀ ਨਹੀਂ ਹੋਵੇਗੀ ਤਾਂ ਉਹ ਭਾਰਤੀ ਵਸਤਾਂ ਕਿਉਂ ਖਰੀਦੇਗਾ? ਜਿਹੜੀਆਂ ਕਿ ਗੁਣਵੱਤਾ ਅਤੇ ਕੀਮਤ ਦੋਹਾਂ ਹੀ ਮਾਮਲਿਆਂ ਵਿਚ ਕੌਮਾਂਤਰੀ ਪੱਧਰ 'ਤੇ ਮੁਕਾਬਲਾ ਨਹੀਂ ਕਰਦੀਆਂ। ਇਸ ਨਾਲ ਬਾਸਮਤੀ ਚੌਲ, ਚੀਨੀ, ਸੋਇਆਬੀਨ, ਬਾਜਰਾ ਅਤੇ ਮੱਝ ਦੇ ਮੀਟ ਵਰਗੀਆਂ ਖੇਤੀ ਤੇ ਡੇਅਰੀ ਅਧਾਰਤ ਵਸਤਾਂ ਦੀ ਬਰਾਮਦ ਦੇ ਨਾਲ-ਨਾਲ ਦਵਾਈਆਂ ਦੀ ਬਰਾਮਦ ਨੂੰ ਵੀ ਵੱਡਾ ਘਾਟਾ ਪਵੇਗਾ। ਚਾਬਾਹਾਰ ਬੰਦਰਗਾਹ ਤੱਕ ਰੇਲ ਲਿੰਕ ਪ੍ਰਾਜੈਕਟ ਦੇ ਮਾਮਲੇ ਵਿਚ ਕਰਜਾ ਪ੍ਰਦਾਨ ਕਰਨ ਵਿਚ ਕੀਤੀ ਗਈ ਦੇਰੀ ਕਰਕੇ ਵੀ ਭਾਰਤ ਲਈ ਪਾਬੰਦੀਆਂ ਹਟਣ ਦੇ ਸਿੱਟੇ ਵਜੋਂ ਨਵੀਂ ਸਥਿਤੀ ਬਣਨ ਕਰਕੇ ਮੁਸ਼ਕਲਾਂ ਖੜੀਆਂ ਹੋਣਗੀਆਂ। ਇਸੇ ਤਰ੍ਹਾਂ ਕੱਚੇ ਤੇਲ ਨੂੰ ਸਾਫ ਕਰਨ ਵਾਲੀ ਜਨਤਕ ਕੰਪਨੀ ੳ.ਐਨ.ਜੀ.ਸੀ. ਵਿਦੇਸ਼ ਲਿਮਟਿਡ ਨੂੰ ਵੀ ਨੈਸ਼ਨਲ ਇਰਾਨੀਅਨ ਆਇਲ ਕੰਪਨੀ ਤੋਂ ਫਰਜਾਦ-ਬੀ.ਗੈਸ ਫੀਲਡ ਖਰੀਦਣ ਲਈ ਹੁਣ ਹੋਰ ਵਧੇਰੇ ਸਖਤ ਸ਼ਰਤਾਂ ਨੂੰ ਮੰਨਣ ਲਈ ਮਜ਼ਬੂਰ ਹੋਣਾ ਪਵੇਗਾ। ਇਨ੍ਹਾਂ ਵਿਚੋਂ ਬਹੁਤੀਆਂ ਮੁਸ਼ਕਲਾਂ ਭਾਰਤ ਸਰਕਾਰ ਦੀ ਮਾਮਲਿਆਂ ਨੂੰ ਨਜਿੱਠਣ ਵਿਚ ਬੇਲੋੜੀ ਦੇਰੀ ਕਰਨ ਕਰਕੇ ਖੜੀਆਂ ਹੋਈਆਂ ਹਨ।
ਇਸ ਸਮਝੌਤੇ ਦੇ ਲਾਗੂ ਹੋਣ ਨਾਲ ਈਰਾਨ ਤੋਂ ਹਟਣ ਵਾਲੀਆਂ ਪਾਬੰਦੀਆਂ ਕਰਕੇ ਕੌਮਾਂਤਰੀ ਪੱਧਰ 'ਤੇ ਦੁਨੀਆਂ ਭਰ ਦੇ ਲੋਕਾਂ ਨੂੰ ਆਰਥਕ ਲਾਭ ਤਾਂ ਪਹੁੰਚੇਗਾ ਨਾਲ ਹੀ ਇਸ ਨਾਲ ਮੱਧ ਏਸ਼ੀਆ, ਜਿਹੜਾ ਕਿ ਪਹਿਲਾਂ ਹੀ ਜੰਗ ਤੇ ਖਾਨਾਜੰਗੀ ਦੀ ਭੱਠੀ ਵਿਚ ਸੜ ਰਿਹਾ ਹੈ, ਵਿਚੋਂ ਤਨਾਅ ਕੁੱਝ ਕੁ ਹੱਦ ਤੱਕ ਘਟੇਗਾ। ਇਸ ਲਈ ਸਮੁੱਚੇ ਰੂਪ ਵਿਚ ਇਨ੍ਹਾਂ ਪਾਬੰਦੀਆਂ ਦਾ ਹਟਣਾ ਦੁਨੀਆਂ ਭਰ ਲਈ ਇਕ ਸ਼ੁਭ ਸ਼ਗਨ ਹੈ। 

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਫਰਵਰੀ 2016)

ਪਾਕਿਸਤਾਨੀ ਊਰਦੂ ਕਹਾਣੀ
 
ਆਖਰੀ ਮੌਤ
 
- ਉਮਰਾਓ ਤਾਰਿਕ 
ਉਹਦੀ ਕਬਰ ਜਿੱਥੇ ਪੁੱਟੀ ਜਾ ਰਹੀ ਸੀ ਉਹ ਥਾਂ ਬਹੁਤ ਈ ਉਚੀ ਨੀਵੀਂ ਸੀ ਤੇ ਇਕ ਹਫਤੇ ਤੋਂ ਲਗਾਤਾਰ ਮੀਂਹ ਪਈ ਜਾ ਰਿਹਾ ਸੀ। ਜਿਹੜੀ ਥਾਂ 'ਤੇ ਉਹਦੀ ਕਬਰ ਪੁੱਟੀ ਜਾ ਰਹੀ ਸੀ ਉਹ ਕਬਰਿਸਤਾਨ ਦੀ ਪੱਕੀ ਚਾਰਦੀਵਾਰੀ ਦੇ ਕੋਲ ਪਿੱਛੇ ਜਾ ਕੇ ਸੀ। ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਮੀਂਹ ਦਾ ਪਾਣੀ ਖਲੋਤਾ ਹੋਇਆ ਸੀ ਅਤੇ ਚੌਥੇ ਪਾਸੇ ਕਿੱਕਰ ਦੀਆਂ ਝਾੜੀਆਂ ਸਨ। ਉਤਲੇ ਪਾਸੇ ਨਿੱਕੀਆਂ ਵੱਡੀਆਂ ਕਬਰਾਂ ਸਨ ਜਿਨ੍ਹਾਂ ਦੀ ਕੋਈ ਤਰਤੀਬ ਨਹੀਂ ਸੀ। ਇਕ ਕਬਰ ਤੋਂ ਦੂਜੀ ਤੱਕ ਜਾਣ ਲਈ ਕੋਈ ਰਾਹ ਵੀ ਨਹੀਂ ਸੀ। ਲੋਕਾਂ ਵਲੋਂ ਕਬਰਾਂ ਉਤੇ ਪੈਰ ਰੱਖ ਕੇ ਲੰਘਣ ਨਾਲ ਰਾਹ ਜਿਹਾ ਬਣ ਗਿਆ ਸੀ। ਕੁਝ ਕਬਰਾਂ ਤੇ ਡੰਡੀ ਜਿਹੀ ਬਣੀ ਹੋਈ ਸੀ। ਕਿਧਰੇ-ਕਿਧਰੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਕ ਕਬਰ ਦੂਜੇ ਦੇ ਉਤੇ ਚੜ੍ਹੀ ਹੋਈ ਏ। ਇਨ੍ਹਾਂ ਪੁਰਾਣੀਆਂ ਤੇ ਸੰਘਣੀਆਂ ਕਬਰਾਂ ਦੇ ਵਿਚਕਾਰ ਈ ਨਵੀਆਂ ਕਬਰਾਂ ਵੀ ਸਨ ਜਿਨ੍ਹਾਂ ਦੇ ਉਪਰ ਨਵੇਂ ਕਤਬੇ (ਲਿਖੀਆਂ ਹੋਈਆਂ ਸਿਲਾਂ) ਵੀ ਲੱਗੇ ਹੋਏ ਸਨ। ਪੁਰਾਣੀਆਂ ਕਬਰਾਂ ਦੇ ਕਤਬੇ ਡਿੱਗ ਪਏ ਹੋਣਗੇ ਜਾਂ ਉਹਨਾਂ ਕਬਰਾਂ 'ਤੇ ਕਦੀ ਕੋਈ ਆਇਆ ਈ ਨਹੀਂ ਹੋਣਾ। ਗੋਰਕਨ (ਕਬਰ ਪੁੱਟਣ ਵਾਲੇ) ਨੂੰ ਇਹਦਾ ਪਤਾ ਹੋਵੇਗਾ ਤੇ ਉਹ ਥਾਂ ਬਹੁਤਿਆਂ ਪੈਸਿਆਂ 'ਚ ਵਿਕ ਗਈ ਹੋਵੇਗੀ। ਗੋਰਕਨ ਦੇ ਘੜੀ ਮੁੜੀ ਪਾਣੀ 'ਚੋਂ ਲੰਘਣ ਕਰਕੇ ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਖਲੋਤਾ ਪਾਣੀ ਹੁਣ ਚਿੱਕੜ ਬਣ ਗਿਆ ਸੀ। ਗੋਰਕਨ ਦੇ ਪੈਰ ਚਿੱਕੜ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਉਹਨੇ ਚਿੱਕੜ ਦੀਆਂ ਜੁਰਾਬਾਂ ਪਾਈਆਂ ਹੋਣ। ਕਬਰ ਵਿਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ ਤੇ ਕਬਰ ਦੇ ਅੰਦਰੋਂ ਸੁੱਕੀ ਮਿੱਟੀ ਨਿਕਲਣ ਦੀ ਆਸ ਘਟਦੀ ਜਾ ਰਹੀ ਸੀ।
''ਯਾ ਅੱਲ੍ਹਾ! ਮੱਯਤ (ਲਾਸ਼) ਗਿੱਲੀ ਕਬਰ ਵਿਚ ਦੱਬੀ ਜਾਏਗੀ।''
ਉਹਦੇ ਸਾਰੇ ਨਾਂਅ, ਸਾਰੇ ਰਿਸ਼ਤੇ ਖਤਮ ਹੋ ਗਏ ਸਨ ਤੇ ਹੁਣ ਉਹ ਸਿਰਫ ਮੱਯਤ ਰਹਿ ਗਈ ਸੀ।
ਉਹਨੇ ਆਪਣੇ ਅੰਦਰ ਇਕ ਡੂੰਘੀ ਜਿਹੀ ਪੀੜ ਉਠਦੀ ਮਹਿਸੂਸ ਕੀਤੀ। ਉਹਨੇ ਉਥੇ ਕਬਰਾਂ ਵਿਚ ਬਹਿ ਕੇ ਮ੍ਰਿਤਕ ਦੀ ਜ਼ਿੰਦਗੀ ਦਾ ਜਾਇਜ਼ਾ ਲਿਆ ਤਾਂ ਉਹਦੇ ਸਾਰੇ ਦੁੱਖ ਕਰਜ਼ਾ ਵਾਪਸ ਮੰਗਣ ਵਾਲਿਆਂ ਵਾਂਗ ਉਹਦੇ ਸਾਹਮਣੇ ਆ ਖਲੋਤੇ।
ਇਸ ਵਾਰੀ ਉਹ ਆਖਰੀ ਵਾਰ ਮੋਈ ਸੀ। ਪਹਿਲੀ ਵਾਰੀ ਉਹ ਉਦੋਂ ਮੋਈ ਸੀ ਜਦੋਂ ਉਹਨੂੰ ਅੱਠਵੀਂ ਜਮਾਤ 'ਚ ਪੜ੍ਹਦੀ ਨੂੰ ਸਕੂਲੋਂ ਉਠਾ ਕੇ ਮਾਂ ਦੇ ਨਾਲ ਸ਼ਹਿਰੋਂ ਲਿਆ ਕੇ ਪਿੰਡ ਦੇ ਇਕ ਉਚੀਆਂ -ਉਚੀਆਂ ਕੰਧਾਂ ਵਾਲੇ ਮਕਾਨ ਵਿਚ ਰੱਖਿਆ ਗਿਆ ਸੀ। ਉਹ ਇਹ ਵੀ ਨਹੀਂ ਸਮਝ ਸਕੀ ਕਿ ਅਚਨਚੇਤ ਅਜਿਹਾ ਕਿਉਂ ਹੁੰਦਾ ਏ। ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਇੱਥੇ ਪੱਕੇ ਤੌਰ 'ਤੇ ਆਈ ਏ ਜਾਂ ਕੁੱਝ ਚਿਰਾਂ ਲਈ। ਜਦੋਂ ਕੁਝ ਦਿਨਾਂ ਮਗਰੋਂ ਉਹਨੂੰ ਇਹ ਪਤਾ ਲੱਗਾ ਕਿ ਉਸ ਹੁਣ ਇਥੇ ਹੀ ਰਹਿਣਾ ਏ ਤਾਂ ਸ਼ਹਿਰੋਂ ਉਹਦੇ ਨਾਲ ਆਏ ਸਾਰੇ ਸੁਫ਼ਨੇ ਟੁੱਟ ਗਏ।
ਪਿੰਡ ਵਿਚ ਮੁੰਡਿਆਂ ਦਾ ਇਕੋ ਈ ਪ੍ਰਾਈਮਰੀ ਸਕੂਲ ਸੀ ਜਿਸ ਵਿਚ ਸਿਰਫ ਅਮੀਰਾਂ ਦੇ ਪੁੱਤਰ ਪੜ੍ਹਦੇ ਸਨ ਤੇ ਬਾਕੀ ਆਪਣੇ ਮਾਂ-ਪਿਓ ਦਾ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ।
ਕਬਰ ਵਿਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ।
ਪਿੰਡ ਵਿਚ ਆ ਕੇ ਉਹਦੇ ਜੀਵਨ ਵਿਚੋਂ ਸੰਤੁਲਨ ਨਿਕਲ ਗਿਆ ਸੀ। ਮਾਂ ਉਹਨੂੰ ਨਿੱਕੀ ਨਿੱਕੀ ਗੱਲ ਤੋਂ ਟੋਕਦੀ ਸੀ, ''ਨੀ ਕੁੜੀਏ ਸਿਰ ਤੇ ਚੁੰਨੀ ਲੈ।''
''ਕੀ ਸਾਰਾ ਦਿਨ ਮੁੰਡਿਆਂ 'ਚ ਬੈਠੀ ਠਹਾਕੇ ਮਾਰਦੀ ਰਹਿੰਨੀ ਏਂ, ਚੱਲ ਘਰ ਦਾ ਕੋਈ ਕੰਮ ਸਵਾਰ।''
ਤੇ ਉਹ ਗੁੱਸੇ ਨਾਲ ਉਠ ਕੇ ਟੁਰ ਪੈਂਦੀ। ਉਹਦੇ ਚਾਚੇ ਤੇ ਮਾਮੇ ਦੇ ਪੁੱਤਰ ਜਿਹੜੇ ਉਹਦੇ ਕੋਲ ਬੈਠੇ ਹੁੰਦੇ ਸਨ ਸ਼ਰਮਿੰਦੇ ਜਿਹੇ ਹੋ ਕੇ ਸੋਚਣ ਲੱਗ ਪੈਂਦੇ। ਉਹ ਵੀ ਉਹਨਾਂ ਵਿਚੋਂ ਇਕ ਸੀ।
ਉਹਨੀਂ ਦਿਨੀਂ ਉਹ ਨੰਗੇ ਪੈਰੀਂ, ਢਿੱਲੀ ਜਿਹੀ ਨਿੱਕਰ ਤੇ ਟੁੱਟੇ ਹੋਏ ਬਟਨਾਂ ਵਾਲੀ ਕਮੀਜ਼ ਪਾਈ ਹੱਥ 'ਚ ਗੁਲੇਲ ਫੜ੍ਹੀ ਸਾਰਾ ਦਿਨ ਅੰਬਾਂ ਦੇ ਬਾਗਾਂ ਵਿਚ ਭੱਜਾ ਫਿਰਦਾ ਹੁੰਦਾ ਸੀ। ਦੂਜਿਆਂ ਮੁੰਡਿਆਂ ਨਾਲ ਰਲ ਕੇ ਰੁੱਖਾਂ ਤੇ ਚੜ੍ਹ ਕੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦਾ ਰਹਿੰਦਾ। ਰੋਟੀ ਖਾਣ ਤੇ ਸੌਣ ਲਈ ਘਰ ਆਉਂਦਾ ਸੀ। ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦੀਆਂ ਹੀ ਸ਼ਹਿਰ ਪਰਤ ਜਾਂਦਾ ਹੁੰਦਾ ਸੀ। ਇਸੇ ਅਵਾਰਾਗਰਦੀ ਦੀ ਉਮਰ ਵਿਚ ਉਹ ਉਹਨੂੰ ਚੰਗੀ ਲੱਗਣ ਲੱਗੀ। ਉਹ ਪਿੰਡ ਦੀਆਂ ਸਾਰੀਆਂ ਕੁੜੀਆਂ ਨਾਲੋਂ ਵੱਖਰੀ। ਸਭ ਕੁਝ ਉਸੇ ਤਰ੍ਹਾਂ ਕਹਿ ਦੇਣ ਵਾਲੀ ਜਿਸ ਤਰ੍ਹਾਂ ਉਹਨੂੰ ਮਹਿਸੂਸ ਹੁੰਦਾ ਸੀ। ਸ਼ਹਿਰ ਤੇ ਸਕੂਲ ਦੋਹਾਂ ਵਿਚ ਸਾਂਝਾਂ ਸੀ। ਉਹ ਸ਼ਹਿਰ ਤੇ ਸਕੂਲ ਤੋਂ ਵਾਂਝੀ ਹੋ ਚੁੱਕੀ ਸੀ ਅਤੇ ਉਹ ਹੁਣ ਵੀ ਸ਼ਹਿਰ ਤੇ ਸਕੂਲ ਵਿਚ ਸੀ। ਇਸੇ ਲਈ ਦੋਹਾਂ ਨੂੰ ਇਕ ਦੂਜੇ ਉਤੇ ਵਿਸ਼ਵਾਸ ਸੀ।
ਉਹ ਕਿਹਾ ਕਰਦੀ ਸੀ, ''ਮੈਨੂੰ ਹਨ੍ਹੇਰੇ 'ਚੋਂ ਡਰ ਆਉਂਦਾ ਏ ਜਿਵੇਂ ਕਿਧਰੇ ਕੋਈ ਲੁਕਿਆ ਹੋਇਆ ਏ ਤੇ ਮੈਨੂੰ ਫੜ ਕੇ ਮਾਰ ਦਏਗਾ। ਮੈਂ ਕਦੀ ਵੀ ਮਰਨਾ ਨਹੀਂ ਚਾਹੁੰਦੀ। ਮਰਨ ਤੋਂ ਪਿਛੋਂ ਲੋਕ ਕਬਰ 'ਚ ਪਾ ਕੇ ਇਕੱਲਾ ਛੱਡ ਕੇ ਟੁਰ ਜਾਂਦੇ ਨੇ ਤੇ ਫੇਰ ਪਰਤ ਕੇ ਵੇਖਦੇ ਵੀ ਨਹੀਂ। ਕਬਰ ਵਿਚ ਚਿੱਕੜ ਹੁੰਦਾ ਏ ਤੇ ਸੱਪ ਆ ਜਾਂਦੇ ਨੇ। ਰਾਤ ਨੂੰ ਹਨੇਰਾ ਹੋਵੇ, ਹੇਠਾਂ ਚਿੱਕੜ ਹੋਵੇ ਤੇ ਵਿਚ ਸੱਪ ਟੁਰਦੇ ਹੋਣ ਤਾਂ.... ਤੂੰ ਮੈਨੂੰ ਦਫਨ ਨਾ ਹੋਣ ਦਈਂ।''
ਉਹ ਅਜਿਹੀਆਂ ਊਟ ਪਟਾਂਗ ਗੱਲਾਂ ਤੋਂ ਦੁਖੀ ਹੁੰਦੀ ਰਹਿੰਦੀ।
ਦੂਜੀ ਵਾਰ ਉਹ ਉਦੋਂ ਮੋਈ ਜਦੋਂ ਉਹਦਾ ਵਿਆਹ ਹੋਇਆ ਸੀ। ਉਹਦੇ ਤੋਂ ਕਿਸੇ ਪੁੱਛਿਆ ਵੀ ਨਹੀਂ ਸੀ। ਪਿੰਡ ਦੀਆਂ ਕੁੜੀਆਂ ਨੇ ਉਹਨੂੰ ਘੇਰ ਕੇ ਵਟਣਾ ਲਾ ਦਿੱਤਾ ਤੇ ਢੋਲਕੀ ਤੇ ਗੀਤ ਗੌਣ ਲੱਗੀਆਂ।
ਉਹਨੇ ਆਪਣੇ ਆਪ ਨੂੰ ਕਿਹਾ, ''ਸਾਰੀਆਂ ਕੁੜੀਆਂ ਤੇ ਜਨਾਨੀਆਂ ਖੁਸ਼ ਹੋ ਰਹੀਆਂ ਨੇ। ਉਸਦਾ ਵਿਆਹ ਹੋ ਰਿਹਾ ਏ ਤੇ ਉਹਦੇ ਤੋਂ ਪੁੱਛਿਆ ਵੀ ਨਹੀਂ। ਕੀ ਉਹ ਹੱਡ-ਮਾਸ ਦੀ ਬਣੀ ਹੋਈ ਨਹੀਂ। ਕੋਈ ਲਾਸ਼ ਏ। ਮੱਯਤ ਏ ਜਾਂ ਪੱਥਰ ਦਾ ਬੁੱਤ ਏ!''
ਉਹ ਸੋਚਦੀ ਰਹੀ ਤੇ ਉਹਦਾ ਵਿਆਹ ਹੋ ਗਿਆ।
ਤੀਜੀ ਵਾਰੀ ਉਹ ਉਦੋਂ ਮੋਈ ਸੀ ਜਦੋਂ ਕੌਮੀ ਝੰਡੇ ਵਿਚ ਵਲ੍ਹੇਟੀ ਹੋਈ ਉਹਦੇ ਪੁੱਤਰ ਦੀ ਲਾਸ਼ ਆਈ ਸੀ। ਉਹ ਕੈਪਟਨ ਸੀ ਤੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ।
ਕਬਰ ਹੁਣ ਪੁੱਟੀ ਜਾ ਚੁੱਕੀ ਸੀ ਅਤੇ ਉਹ ਥਾਂ ਜਿੱਥੇ ਉਹਨੂੰ ਕਬਰ ਵਿਚ ਉਤਾਰਿਆ ਜਾਣਾ ਸੀ ਸਾਫ ਕਰ ਦਿੱਤੀ ਗਈ ਸੀ। ਕਬਰ ਦੇ ਉਤੇ ਚਾਦਰ ਤਾਣ ਦਿੱਤੀ ਗਈ।
''ਮਹਿਰਮ (ਨੇੜੇ ਦੀ ਰਿਸ਼ਤੇਦਾਰ) ਕਬਰ ਵਿਚ ਉਤਰ ਕੇ ਮੱਯਤ ਨੂੰ ਕਬਰ ਵਿਚ ਉਤਾਰਨ 'ਚ ਮਦਦ ਕਰਨ'' ਕਿਸੇ ਨੇ ਆਵਾਜ਼ ਦਿੱਤੀ। ਉਡੀਕ ਕੀਤੀ ਗਈ ਪਰ ਕੋਈ ਮਹਿਰਮ ਅੱਗੇ ਨਾ ਆਇਆ।
ਫੇਰ ਆਵਾਜ਼ ਦਿੱਤੀ ਗਈ ''ਇਹ ਕਿਹਦੀ ਮੱਯਤ ਏ? ਕੋਈ ਮਹਿਰਮ ਕਿਉਂ ਨਹੀਂ?''
''ਨਹੀਂ, ਜੀ ਕੋਈ ਨਹੀਂ, ਕੋਈ ਮਹਿਰਮ ਨਹੀਂ।'' ਮਹਿਰਮ ਕਿਥੋਂ ਆਉਂਦਾ। ਮਰਨ ਵਾਲੀ ਦਾ ਸਾਰਾ ਮਹੱਲਾ ਸੀਲਬੰਦ ਏ। ਨਾ ਕੋਈ ਮਹੱਲੇ ਦੇ ਅੰਦਰ ਜਾ ਸਕਦਾ ਏ ਅਤੇ ਨਾ ਕੋਈ ਬਾਹਰ ਆ ਸਕਦਾ ਏ। ਅੱਜ ਤੀਜਾ ਦਿਨ ਏ ਘਰਾਂ ਦੀ ਤਲਾਸ਼ੀ ਹੋ ਰਹੀ ਏ। ਅਸਲਾ ਲੱਭਿਆ ਜਾ ਰਿਹਾ ਏ। ਗ੍ਰਿਫਤਾਰੀਆਂ ਹੋ ਰਹੀਆਂ ਨੇ। ਮਰਨ ਵਾਲੀ ਹਸਪਤਾਲ 'ਚ ਸੀ। ਤਿੰਨ ਦਿਨਾਂ ਤੋਂ ਨਾ ਕੋਈ ਮਿਲਣ ਆ ਸਕਿਆ ਅਤੇ ਨਾ ਈ ਦਵਾ ਆਦਿ ਪਹੁੰਚ ਸਕੀ। ਮਰਨ ਵਾਲੀ ਨੂੰ ਦਫ਼ਨ ਕਰਨ ਲਈ ਹਸਪਤਾਲ 'ਚੋਂ ਇੱਥੇ ਲੈ ਆਏ ਹਨ।
ਵੇਖੋ ਕਬਰ ਵਿਚ ਅਜੇ ਤਾਈਂ ਗਿੱਲੀ ਮਿੱਟੀ ਨਜ਼ਰ ਆ ਰਹੀ ਏ। ਕਿਸੇ ਨੇ ਕਿਹਾ ਤਾਂ ਉਹਨੇ ਅੱਗੇ ਹੋ ਕੇ ਕਬਰ ਵਿਚ ਵੇਖਿਆ ਉਥੇ ਚਿੱਕੜ ਸੀ ਜਿਸ ਵਿਚ ਪਾਣੀ ਘੱਟ ਸੀ।
ਚਾਦਰਾਂ ਦੀ ਸਹਾਇਤਾ ਨਾਲ ਮੱਯਤ ਨੂੰ ਕਬਰ 'ਚ ਉਤਾਰ ਦਿੱਤਾ ਗਿਆ।
''ਅਰਕ ਗੁਲਾਬ''
ਕਈ ਬੋਤਲਾਂ ਅੱਗੇ ਕਰ ਦਿੱਤੀਆਂ ਗਈਆਂ। ਮੱਯਤ ਉਤੇ ਗੁਲਾਬ ਜਲ ਛਿੜਕਿਆ ਗਿਆ।
ਮਲਕਾ ਸ਼ੀਬਾ ਨੇ ਕਿਹਾ ਸੀ ਜਦੋਂ ਫੌਜਾਂ ਸ਼ਹਿਰ ਵਿਚ ਦਾਖਲ ਹੁੰਦੀਆਂ ਨੇ ਤਾਂ ਸ਼ਹਿਰ ਦਾ ਸੁਹਾਗ ਉਜੜ ਜਾਂਦਾ ਏ। ਪਵਿੱਤਰਤਾ ਬਰਬਾਦ ਹੋ ਜਾਂਦੀ ਏ।
ਕਿਸੇ ਨੇ ਆਪਣੇ ਕੋਲ ਖਲੋਤੇ ਲੋਕਾਂ ਨੂੰ ਸੰਬੋਧਨ ਕਰਕੇ ਆਪਣੀ ਜਾਣਕਾਰੀ ਦਾ ਰੋਅਬ ਪਾਇਆ। ''ਆਪਣੀਆਂ ਫੌਜਾਂ ਈ ਜੇਕਰ ਆਪਣੇ ਸ਼ਹਿਰ ਵਿਚ ਦਾਖਲ ਹੋਣ?''
ਕਿਸੇ ਨੇ ਜਵਾਬ ਦਿੱਤਾ ਪਰ ਆਪਣੀ ਜਾਣਕਾਰੀ ਦਾ ਪ੍ਰਗਟਾਵਾ ਕਰਨ ਵਾਲੇ ਬੰਦੇ ਨੇ ਉਹਦੀ ਗੱਲ ਨਾ ਗੌਲੀ।
ਪੱਥਰ ਦੀਆਂ ਚੌਰਸ ਸਿਲਾਂ ਜੋੜ ਕੇ ਉਤੇ ਰੱਖ ਦਿੱਤੀਆਂ ਗਈਆਂ ਅਤੇ ਵਿਰਲਾਂ ਨੂੰ ਗਿੱਲੀ ਮਿੱਟੀ ਨਾਲ ਬੰਦ ਕਰ ਦਿੱਤਾ ਗਿਆ। ਗੌਰਕਨ ਇਕ ਪਾਸੇ ਜਾ ਖਲੋਤਾ ਤੇ ਲੋਕਾਂ ਨੇ ਕਬਰ ਉਤੇ ਮਿੱਟੀ ਪਾ ਦਿੱਤੀ। ਕਿਸੇ ਨੇ ਅਗਰਬੱਤੀ ਬਾਲ ਕੇ ਕਬਰ ਦੇ ਸਾਹਮਣੇ ਪੂਰਾ ਮੱਠਾ ਈ ਗੱਡ ਦਿੱਤਾ। ਕਿਸੇ ਨੇ ਫੁੱਲਾਂ ਦੀ ਚਾਦਰ ਕੱਢ ਕੇ ਕਬਰ ਉਤੇ ਪਾ ਦਿੱਤੀ।
ਜਦੋਂ ਦੁਆ ਪੜ੍ਹੀ ਜਾਣ ਲੱਗੀ ਤਾਂ ਸਾਰੇ ਗੱਲਾਂ ਕਰਦੇ ਚੁੱਪ ਹੋ ਗਏ। ਉਹਨੇ ਇਹ ਦੁਆ ਪਤਾ ਨਹੀਂ ਕਿੰਨੀ ਵਾਰੀ ਇਸੇ ਤਰ੍ਹਾਂ ਸੁਣੀ ਸੀ। ਉਹ ਉਥੋਂ ਭਾਰੇ ਕਦਮਾਂ ਨਾਲ ਇਸ ਤਰ੍ਹਾਂ ਟੁਰਨ ਲੱਗਾ ਜਿਵੇਂ ਉਹਨੇ ਉਹਦੇ ਨਾਲ ਵਾਅਦਾ ਖਿਲਾਫੀ ਕੀਤੀ ਹੋਵੇ। ਉਸ ਨੇ ਆਪਣੇ ਆਪ ਨੂੰ ਕਿਹਾ, ''ਉਹ ਚਿੱਕੜ ਤੋਂ ਡਰਦੀ ਸੀ, ਪਰ ਇਸ ਵੇਲੇ ਚਿੱਕੜ ਦੇ ਬਿਸਤਰੇ ਉਤੇ ਲਿਟਾ ਦਿੱਤੀ ਗਈ ਸੀ, ਉਹ ਹਨੇਰੇ ਤੋਂ ਡਰਦੀ ਸੀ ਅਤੇ ਹੁਣ ਕਬਰਿਸਤਾਨ 'ਚ ਹਨੇਰਾ ਹੁੰਦਾ ਜਾ ਰਿਹਾ ਸੀ।''
''ਉਹ ਸੱਪ ਤੋਂ ਡਰਦੀ ਸੀ।''
''ਸੱਪ ਇਥੇ ਨਹੀਂ ਹਨ'' ਉਹਨੇ ਆਪਣੇ ਆਪ ਨੂੰ ਕਿਹਾ।
''ਆਪਣੇ ਆਸੇ ਪਾਸੇ ਵੇਖੋ, ਆਪਣੀਆਂ ਆਸਤੀਨਾਂ 'ਚ ਵੇਖੋ!''
ਇਕ ਪਾਗਲ ਜਿਹਾ ਬੰਦਾ ਉਹਦੇ ਪਿੱਛੇ ਇਹ ਕਹਿੰਦਾ ਸਾਮ੍ਹਣੇ ਆਇਆ ਤੇ ਰੁੱਖਾਂ ਦੇ ਉਹਲੇ ਹੋ ਗਿਆ। 


ਕਵਿਤਾ
ਦ੍ਰਿਸ਼ਟੀ 

 - ਸ਼ਿਵਨਾਥਧਸ ਗਈਆਂ ਅੰਦਰ ਨੂੰ ਅੱਖਾਂ
ਘਟ ਗਈ ਵੇਖਣ ਦੀ ਸ਼ਕਤੀ
ਨਜ਼ਰ ਦੇ ਅੱਗੇ ਜਿਵੇਂ ਹੁਣ
ਆ ਗਿਆ ਲਗਦੈ ਗੁਬਾਰ
ਜਾਂ ਹਰ ਇਕ ਸ਼ੈਅ ਦੇ
ਸਹੁੱਪਣ ਨੂੰ ਹੀ ਚੜ੍ਹਿਆ
ਹੈ ਬੁਖ਼ਾਰ।
    ਹੱਥ ਬੁੱਢੇ ਹੋ ਗਏ ਨੇ
    ਕੱਦ ਕੁਝ ਕਦਰੇ ਗਿਆ ਹੈ ਸੂਤਿਆ
    ਹਿੱਲ ਗਿਆ ਲੱਗਦਾ ਹੈ ਹੁਣ
    ਚਿਹਰੇ ਦਾ ਵੀ ਸਾਰਾ ਜੁਗਾੜ।
ਨੱਕ, ਮੂੰਹ, ਕੰਨਾਂ 'ਚੋਂ
ਕੋਈ ਵੀ ਨਹੀਂ ਪਹਿਲਾਂ ਜਿਹਾ
ਨਾ ਹੀ ਰਹਿ ਗਈਆਂ ਨੇ ਗੱਲਾਂ,
ਸੱਜਰੀਆਂ ਤੇ ਆਬਦਾਰ।
    ਦੰਦ ਟੁੱਟੇ ਨੇ ਜਬਾੜ੍ਹੇ 'ਚੋਂ
    ਮਗਰ ਰੁਕਿਆ ਨਹੀਂ,
    ਬਣ ਗਿਐ ਧੀਮੀ ਗਤੀ ਦਾ
    ਤੇਜ਼ ਚੱਕੀ ਤੋਂ ਘਰਾਟ।
ਖੋਪਰੀ ਲੱਗਦੀ ਹੈ ਮੇਰੀ
ਗੰਜ ਪੈਣੋਂ ਕੁੱਝ ਉਰ੍ਹਾ,
ਹੋ ਗਏ ਨੇ ਬਹੁਤ ਛਿਦਰੇ
ਤੇ ਬੜੇ ਕਮਜ਼ੋਰ ਵਾਲ
ਪਰ ਇਹ ਮੋਢੇ ਹੱਡ-ਗੋਡੇ
ਕਾਇਮ ਲੱਗਦੇ ਨੇ ਅਜੇ
ਕੰਮ ਔਖਾ ਵੀ ਨਹੀਂ ਲੱਗਦਾ
ਕੋਈ ਮੈਨੂੰ ਮੁਹਾਲ।
    ਸੋਚਦਾ ਹਾਂ ਇਹ ਹੈ ਮੇਰੀ
    ਉਸ ਦ੍ਰਿਸ਼ਟੀ ਦਾ ਕ੍ਰਿਸ਼ਮਾ
    ਜਿਸ 'ਚ ਬੰਦਾ ਹਾਰ ਕੇ ਵੀ
    ਹੌਸਲਾ ਛੱਡਦਾ ਨਹੀਂ
    ਤੇ ਜਿਹਨੂੰ ਆਉਂਦਾ ਨਹੀਂ
    ਸੁਪਨੇ 'ਚ ਵੀ, ਐਸਾ ਖ਼ਿਆਲ
    ਕਿ ਮੈਂ ਬੁੱਢਾ ਹੋ ਗਿਆ ਹਾਂ
    ਤੇ ਮੇਰੇ 'ਤੇ ਆਉਣ ਵਾਲੀ ਹੈ
    ਕੋਈ ਔਖੀ ਘੜੀ।
ਹਰ ਘੜੀ ਲੱਗਦੀ ਹੈ ਮੈਨੂੰ
ਸਾਰਥਕ
ਹਰ ਘੜੀ ਲੱਗਦੀ ਹੈ ਮੈਨੂੰ
ਮਿਹਰਬਾਨ
ਮਰ ਨਹੀਂ ਸਕੀਆਂ ਖਵਾਹਿਸ਼ਾਂ
ਢਲ ਰਿਹੈ ਭਾਵੇਂ ਸਰੀਰ
ਵੇਖਣਾ ਹੈ ਕਿਸ ਤਰ੍ਹਾਂ ਦੁਨੀਆਂ ਤੋਂ
ਜਾਂਦੇ ਹਾਂ ਅਖੀਰ            
(12.10.2000)


ਗ਼ਜ਼ਲ
- ਬਾਬਾ ਨਜ਼ਮੀ
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ਼।
ਫਿਰ ਵੀ ਨਈਓਂ ਭਰਿਆ ਛੰਨਾ ਚੂਰੀ ਨਾਲ਼।

ਖੁਸ਼ੀਆਂ ਨਾਲ਼ ਨਈਂ ਛੱਡੀ ਆਪਣੀ ਜੰਮਣ-ਭੌਂ,
ਤੇਰੇ ਸ਼ਹਿਰ 'ਚ ਆਇਆਂ ਵਾਂ ਮਜ਼ਬੂਰੀ ਨਾਲ਼।

ਮੇਰੇ ਨਾਲ਼ੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗਰੂਰੀ ਨਾਲ।

'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ,
ਕਿੰਝ ਖਲੋਵਾਂ 'ਗਜ਼ਨੀ' ਤੇ 'ਤੈਮੂਰੀ' ਨਾਲ਼।

ਮੇਰਾ ਕਲਮ-ਕਬੀਲਾ ਉਹਨਾਂ ਵਿਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜ਼ੂਰੀ ਨਾਲ਼।

ਸ਼ੀਸ਼ੇ ਵੱਲੇ ਕਰ ਕੇ ਕੰਡ ਖਲੋਣਾ ਨਈਂ,
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ਼।

'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ,
ਜਿਸ ਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ਼।


ਗ਼ਜ਼ਲ
- ਮੱਖਣ ਕੁਹਾੜ
ਭਲਾ ਇਹ ਹਾਦਸਾ ਵੀ ਸਾਡੇ ਹੀ ਸਮਿਆਂ 'ਚ ਹੋਣਾ ਸੀ।
ਕਿ ਸਾਡੇ ਰਹਿਨੁਮਾਵਾਂ ਸਾਡਾ ਹੀ ਰਾਹ ਮੱਲ ਖਲੋਣਾ ਸੀ।
    ਨਜ਼ਰ ਭਰ ਕੇ ਤਬੀਬਾ ਜੇ ਜ਼ਖ਼ਮ ਮੇਰੇ ਤੂੰ ਤੱਕ ਲੈਂਦਾ,
    ਤੇਰੇ ਅਹਿਸਾਨ ਦਾ ਮੈਂ ਬੋਝ ਸਾਰੀ ਉਮਰ ਢੋਣਾ ਸੀ।
ਜੇ ਗੱਲ ਤੂਫਾਨ ਦੀ ਹੁੰਦੀ ਅਸੀਂ ਝੱਟ ਚੀਰ ਲੰਘ ਜਾਂਦੇ,
ਅਸੀਂ ਪਰ ਸਾਜ਼ਿਸ਼ੀ ਛੱਲਾਂ ਦੇ ਵਾਕਿਫ਼ਕਾਰ ਹੋਣਾ ਸੀ।
    ਤੁਰੇ ਸਾਂ ਜਦ ਸੀ ਐਨਾ ਇਲਮ ਧੁੱਪਾਂ ਰੋਕਣੈ ਰਸਤਾ,
    ਨਹੀਂ ਸਾਂ ਜਾਣਦੇ, ਛਾਵਾਂ ਵੀ ਰਸਤਾ ਮੱਲ ਖਲੋਣਾ ਸੀ।
ਫਰੇਬੀ ਹਾਦਸਾ ਜਿਸ ਚਾਅ ਜ਼ਿਬ੍ਹਾ ਕੀਤੇ ਸੀ ਚਿੱਟੇ ਦਿਨ,
ਅਸੀਂ ਉਸ ਹਾਦਸੇ ਨੂੰ ਕਿਸ ਤਰ੍ਹਾਂ ਰੰਗਾਂ 'ਚ ਧੋਣਾ ਸੀ।
    'ਕਲਮ-ਤਲਵਾਰ' ਦੇ ਵਰਦਾਨ ਕਰਕੇ ਹੀ ਸਦਾ 'ਮੱਖਣਾਂ',
    ਕਦੇ ਤੂੰ ਫੁੱਲ ਹੋਣਾ ਸੀ ਕਦੇ ਅੰਗਿਆਰ ਹੋਣਾ ਸੀ। 

ਸਹਾਇਤਾ (ਸੰਗਰਾਮੀ ਲਹਿਰ-ਫਰਵਰੀ 2016)

ਸਾਥੀ ਬਲਦੇਵ ਰਾਜ ਲੰਬਰਦਾਰ ਨੇ ਆਪਣੀ ਬੇਟੀ ਮੋਨਿਕਾ ਦਾ ਵਿਆਹ ਸ਼੍ਰੀ ਤਿਲਕ ਰਾਜ ਸਪੁੱਤਰ ਸ਼੍ਰੀ ਰਵੀਦਾਸ ਵਾਸੀ ਪਿੰਡ  ਦੀੜੀ (ਜੇ.ਐਂਡ ਕੇ.) ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ. ਪੰਜਾਬ ਨੂੰ 2300 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਮੁਲਾਜ਼ਮ ਆਗੂ ਕੁਛਲਪਾਲ ਚੰਡੀਗੜ੍ਹ ਨੇ ਆਪਣੀ ਬੇਟੀ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਯੂਨਿਟ ਚੰਡੀਗੜ੍ਹ ਨੂੰ 2500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਹੈਡਮਾਸਟਰ ਮੋਹਨ ਲਾਲ ਚੰਡੀਗੜ੍ਹ ਨੇ ਆਪਣੇ ਬੇਟੇ ਦੀ ਸ਼ਾਦੀ ਦੀ ਖੁਸ਼ੀ ਵਿਚ ਜਮਹੂਰੀ ਲਹਿਰ ਚੰਡੀਗੜ੍ਹ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਡਾ. ਬਲਬੀਰ ਸਿੰਘ ਟਾਂਡਾ ਉੜਮੁੜ (ਹੁਸ਼ਿਆਰਪੁਰ) ਨੇ ਆਪਣੇ ਪੋਤਰੇ ਅਨਹੱਦਪਾਲ ਸਿੰਘ, ਕੰਵਰ ਰਾਜ ਸਿੰਘ ਅਤੇ ਪੋਤਰੀ ਸਾਹਿਬ ਨੂਰ ਦੇ ਚੌਥੇ ਜਨਮ ਦਿਵਸ 'ਤੇ ਸੀ.ਪੀ.ਐਮ.ਪੰਜਾਬ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਬੰਸ ਸਿੰਘ ਮੱਲ੍ਹੀ ਕੈਨੇਡਾ ਵਲੋਂ ਸੀ.ਪੀ.ਐਮ.ਪੰਜਾਬ ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਅਮਰੀਕ ਸਿੰਘ ਵਾਸੀ ਆਲਮਗੜ੍ਹ ਨੇ ਆਪਣੇ ਭਰਾ ਅਵਤਾਰ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਜਿਲ੍ਹਾ ਕਮੇਟੀ ਫਾਜ਼ਿਲਕਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਈਸ਼ਰ ਸਿੰਘ ਦਲਮੀਰ ਖੇੜਾ ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਪੁੱਤਰ ਕੁਲਵੰਤ ਸਿੰਘ, ਭਤੀਜੇ ਕੇਵਲ ਸਿੰਘ ਅਤੇ ਪਰਵਾਰ ਨੇ 3500 ਰੁਪਏ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਮਨਜੋਤ ਸਿੰਘ ਕੈਨੇਡਾ ਪੁੱਤਰ ਸਾਥੀ ਗੁਰਵਿੰਦਰ ਸਿੰਘ ਨੇ ਆਪਣੀ ਦਾਦੀ ਸ਼੍ਰੀਮਤੀ ਗੁਰਮੀਤ ਕੌਰ ਦੀਆਂ ਅੰਤਮ ਰਸਮਾਂ ਸਮੇਂ ਜਮਹੂਰੀ ਲਹਿਰ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਨੱਥਾ ਸਿੰਘ ਮਹਿਲਖੁਰਦ ਵਲੋਂ ਆਪਣੀ ਮਾਤਾ ਸ਼੍ਰੀਮਤੀ ਦਲੀਪ ਕੌਰ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ, ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਰਮਨ ਕੁਮਾਰ ਗੋਇਲ, ਦਾਣਾ ਮੰਡੀ, ਰਾਏਕੋਟ ਲੁਧਿਆਣਾ ਵਲੋਂ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਜਰਨੈਲ ਸਿੰਘ ਦੌਲਤਪੁਰ (ਯੂ.ਐਸ.ਏ.) ਵਲੋਂ ਸੀ.ਪੀ.ਐਮ.ਪੰਜਾਬ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਮਹਿੰਦਰ ਸਿੰਘ ਅੱਚਰਵਾਲ ਲੁਧਿਆਣਾ ਨੇ ਆਪਣੀ ਭਰਜਾਈ ਸ਼੍ਰੀਮਤੀ ਭਜਨ ਕੌਰ ਸੁਪਤਨੀ ਗੁਰਮੇਲ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਪੇਂਡੂ ਮਜ਼ਦੂਰਾਂ ਨੇ ਬਣਾਇਆ ਬੱਝਵੇਂ ਸੰਘਰਸ਼ ਦਾ ਪ੍ਰੋਗਰਾਮ

ਗੁਰਨਾਮ ਸਿੰਘ ਦਾਊਦ 
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਲੁਧਿਆਣਾ ਵਿਖੇ ਆਪਣੀ ਮੀਟਿੰਗ ਕਰਕੇ ਭਵਿਖ 'ਚ ਲੜੇ ਜਾਣ ਵਾਲੇ ਸੰਗਰਾਮਾਂ ਦੀ ਰੂਪ ਰੇਖਾ ਤੈਅ ਕੀਤੀ ਹੈ।
ਮੀਟਿੰਗ ਵਿਚ ਦਿਹਾਤੀ ਮਜ਼ਦੂਰ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਨੇ ਮੀਟਿੰਗ ਵਿਚ ਆਪਣੇ ਜਥੇਬੰਦਕ ਰੁਝੇਵਿਆਂ ਕਾਰਨ ਪੁੱਜਣੋਂ ਅਸਮਰਥਾ ਜਾਹਿਰ ਕਰਦਿਆਂ ਮੀਟਿੰਗ ਦੇ ਸਮੁੱਚੇ ਫੈਸਲਿਆਂ ਨਾਲ ਸਹਿਮਤ ਹੋਣ ਅਤੇ ਮੋਰਚੇ ਦਾ ਹਿੱਸਾ ਬਣਨ ਦਾ ਸੁਨੇਹਾ ਭੇਜਿਆ। ਇਸ ਤਰ੍ਹਾਂ ਹੁਣ ਇਹ ਮੋਰਚਾ ਵਿਸਥਾਰ ਕਰਕੇ ਅੱਠ ਜਥੇਬੰਦੀਆਂ 'ਤੇ ਅਧਾਰਤ ਹੋ ਗਿਆ ਹੈ।
ਮੋਰਚੇ ਦੀ ਸਾਂਝੀ ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ 15 ਅਤੇ 16 ਜਨਵਰੀ ਨੂੰ ਸ਼ਾਮਲ ਜਥੇਬੰਦੀਆਂ ਦੀਆਂ ਜ਼ਿਲ੍ਹਾ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣ, ਜੋ ਕਿ ਹੋ ਚੁੱਕੀਆਂ ਹਨ। ਇਸ ਪਿਛੋਂ 15-16-17 ਫਰਵਰੀ 2016 ਨੂੰ ਸੂਬੇ ਦੇ ਸਾਰੇ ਤਹਿਸੀਲ ਕੇਂਦਰਾਂ 'ਤੇ ਮੁਜ਼ਾਹਰੇ ਅਤੇ ਧਰਨੇ ਮਾਰਨ ਦਾ ਸੱਦਾ ਦਿੱਤਾ ਗਿਆ ਹੈ। ਉਪਰੰਤ 15-16-17 ਮਾਰਚ 2016 ਨੂੰ ਚੰਡੀਗੜ੍ਹ ਵਿਖੇ ਦਿਨ-ਰਾਤ ਦਾ ਧਰਨਾ/ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਭਰਵੀਂ ਵਿਚਾਰ ਚਰਚਾ ਤੋਂ ਪਿੱਛੋਂ ਇਹ ਸਮਝਦਾਰੀ ਬਣੀ ਕਿ ਹਰ ਜਥੇਬੰਦੀ ਹਰ ਜ਼ਿਲ੍ਹੇ ਵਿਚ ਨਵੇਂ ਪਿੰਡਾਂ ਤੱਕ ਪਹੁੰਚ ਕਰੇ ਅਤੇ ਨਵੇਂ ਲੋਕਾਂ ਖਾਸਕਰ ਨੌਜਵਾਨਾਂ ਨੂੰ ਘੋਲਾਂ ਵਿਚ ਸ਼ਾਮਲ ਕੀਤਾ ਜਾਵੇ।
ਮੀਟਿੰਗ ਨੇ ਅੱਠਾਂ ਜਥੇਬੰਦੀਆਂ ਦੀਆਂ ਸਭੇ ਪਿੰਡ ਇਕਾਈਆਂ ਨੂੰ ਉਪਰੋਕਤ ਘੋਲ ਦਾ ਸਮੁੱਚਾ ਖਾਕਾ, ਘੋਲ ਦੀ ਮਹੱਤਤਾ ਅਤੇ ਘੋਲ ਦੀਆਂ ਮੰਗਾਂ ਹਰ ਸੰਭਵ ਮਜ਼ਦੂਰ ਤੱਕ ਪੁਚਾਉਣ ਦੇ ਸਰਵਪੱਖੀ ਯਤਨ ਕਰਨ ਦਾ ਸੱਦਾ ਦਿੱਤਾ। ਸੂਬਾਈ ਮੀਟਿੰਗ ਨੇ ਇਕਾਈਆਂ ਨੂੰ ਮੋਰਚੇ ਦੀ ਸਾਂਝ ਅਤੇ ਸਾਂਝੇ ਘੋਲਾਂ ਦੀ ਭਾਵਨਾ ਹੇਠਾਂ ਤੱਕ ਹੋਰ ਵਿਸਥਾਰਨ ਅਤੇ ਮਜ਼ਬੂਤ ਕਰਨ ਲਈ ਸੰਜੀਦਾ ਯਤਨ ਕਰਨ ਦਾ ਵੀ ਸੱਦਾ ਦਿੱਤਾ।
ਮੰਗ ਪੱਤਰ ਵਿਚਲੀਆਂ ਮੰਗਾਂ ਪ੍ਰਤੀ ਲੋਕਾਂ 'ਚੋਂ ਪਹਿਲਾਂ ਹੀ ਚੰਗਾ ਪ੍ਰਤੀਕਰਮ ਮਿਲਿਆ ਹੈ। ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਵਾਰ-ਵਾਰ ਦੇ ਚੋਣ ਵਾਅਦਿਆਂ ਅਨੁਸਾਰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਹਰੇਕ ਬੇਜ਼ਮੀਨੇ ਪਰਵਾਰ ਨੂੰ ਦਿੱਤੇ ਜਾਣ, ਘਰ ਬਨਾਉਣ ਲਈ ਮਹਿੰਗਾਈ ਅਨੁਸਾਰ ਢੁੱਕਵੀਂ ਤਿੰਨ ਲੱਖ ਰੁਪਏ ਪ੍ਰਤੀ ਪਰਵਾਰ ਗ੍ਰਾਂਟ ਦਿੱਤੀ ਜਾਵੇ, ਰੂੜੀਆਂ ਲਈ ਥਾਵਾਂ ਦਿੱਤੀਆਂ ਜਾਣ, ਪਹਿਲਾਂ ਦਿੱਤੇ ਗਏ ਪਲਾਟਾਂ ਦੇ ਕਬਜੇ ਅਤੇ ਮਾਲਕੀ ਹੱਕ ਬਹਾਲ ਕੀਤੇ ਜਾਣ। ਸਰਕਾਰੀ ਖਰਚੇ 'ਤੇ ਹਰੇਕ ਬੇਜ਼ਮੀਨੇ ਪਰਵਾਰ ਨੂੰ ਹਾਈਜੀਨਿੰਕ ਪਖਾਨੇ ਬਣਾ ਕੇ ਦਿੱਤੇ ਜਾਣ। ਪੰਚਾਇਤੀ ਜ਼ਮੀਨਾਂ 'ਚੋਂ ਤੀਜਾ ਹਿੱਸਾ ਜਮੀਨ  ਬਾਜ਼ਾਰੂ  ਆਮ ਠੇਕੇ ਦੇ ਤੀਜਾ ਹਿੱਸਾ ਕੀਮਤ 'ਤੇ ਖੇਤੀ ਲਈ ਬੇਜ਼ਮੀਨੇ ਪਰਵਾਰਾਂ ਨੂੰ ਦਿੱਤੀ ਜਾਵੇ ਅਤੇ ਤਿੱਖੇ ਜ਼ਮੀਨੀ ਸੁਧਾਰਾਂ ਰਾਹੀਂ ਵਾਧੂ  ਨਿਕਲਦੀ ਜ਼ਮੀਨ ਬੇਜ਼ਮੀਨੇ ਗਰੀਬ ਪਰਵਾਰਾਂ ਅਤੇ ਅਤੀ ਛੋਟੇ ਕਿਸਾਨਾਂ ਵਿਚ ਵੰਡੀ ਜਾਵੇ।
ਬੇਜ਼ਮੀਨੇ ਦਲਿਤ ਪਰਵਾਰ ਨੂੰ ਸਮਾਜਿਕ ਸੁਰੱਖਿਆ ਅਧੀਨ ਮਿਲਦੀ ਪੈਨਸ਼ਨ ਇਕ ਮਜ਼ਾਕ ਤੋਂ ਵੱਧ ਕੇ ਹੋਰ ਕੁੱਝ ਨਹੀਂ। ਮੋਰਚਾ ਮੰਗ ਕਰਦਾ ਹੈ ਕਿ ਬੁਢਾਪਾ-ਵਿਧਵਾ-ਅੰਗਹੀਨ-ਆਸ਼ਰਿਤ ਪੈਨਸ਼ਨਾਂ ਘੱਟੋ ਘੱਟ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਨੀਯਤ ਕੀਤੀਆਂ ਜਾਣ, ਇਹ ਪੈਨਸ਼ਨਾਂ ਨਿਰਵਿਘਣ ਮਿਲਣ ਦੀ ਵਿਵਸਥਾ ਕੀਤੀ ਜਾਵੇ ਅਤੇ ਸਮੇਂ ਸਮੇਂ 'ਤੇ ਵਧਦੀ ਮਹਿੰਗਾਈ ਅਨੁਸਾਰ ਹੀ ਪੈਨਸ਼ਨ ਵਾਧੇ ਦੀ ਪਿਰਤ ਲਾਗੂ ਕੀਤੀ ਜਾਵੇ। ਪੈਨਸ਼ਨਾਂ ਦੇਣ ਵੇਲੇ ਹਰ ਕਿਸਮ ਦੀ ਸਿਆਸੀ ਵਿਤਕਰੇਬਾਜ਼ੀ ਖਤਮ ਕੀਤੀ ਜਾਵੇ। ਨਜਾਇਜ਼ ਕੱਟੀਆਂ ਪੈਨਸ਼ਨਾਂ ਬਹਾਲ ਕੀਤੀਆਂ ਜਾਣ।
ਆਟਾ ਦਾਲ ਸਕੀਮ ਦੇ ਕਾਰਡ ਹਰੇਕ ਬੇਜ਼ਮੀਨੇ ਪੇਂਡੂ ਪਰਵਾਰ ਦੇ ਬਣਾਏ ਜਾਣ। ਰਾਸ਼ਨ ਮਿਲਣ ਦੀ ਹਰ ਮਹੀਨੇ ਗਰੰਟੀ ਕੀਤੀ ਜਾਵੇ। ਰਾਸ਼ਨ ਦੀ ਮਾਤਰਾ ਅਤੇ ਆਈਟਮਾਂ ਵਧਾਈਆਂ ਜਾਣ ਅਤੇ ਕੀਮਤਾਂ ਥੱਲੇ ਲਿਆਂਦੀਆਂ ਜਾਣ। ਇਸ ਸਕੀਮ 'ਚ ਘਪਲੇਬਾਜ਼ੀ ਬੰਦ ਕੀਤੀ ਜਾਵੇ। ਸਭ ਤੋਂ ਉਪਰ ਐਸੀ ਜਨਤਕ ਵੰਡ ਪ੍ਰਣਾਲੀ ਕਾਇਮ ਕੀਤੀ ਜਾਵੇ ਜਿਸ ਅਧੀਨ ਚੁੱਲ੍ਹਾ ਬਲਦਾ ਰੱਖਣ ਲਈ ਜ਼ਰੂਰੀ ਸਾਰੀਆਂ ਚੀਜ਼ਾਂ, ਸਮੇਤ ਬਾਲਣ, ਅਤੀ ਸਸਤੇ ਭਾਅ 'ਤੇ ਸਰਕਾਰੀ ਡਿਪੂਆਂ ਤੋਂ ਦਿੱਤੇ ਜਾਣ ਦੀ ਗਰੰਟੀ ਕੀਤੀ ਜਾਵੇ। ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਦੀ ਨਿਸ਼ਾਨਦੇਹੀ ਦੇ ਮਾਪਦੰਡ ਤਹਿ ਕਰਨ ਵੇਲੇ ਸੂਬਿਆਂ ਦੀਆਂ ਹਾਲਤਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਅਤੇ ਇਸ ਮੰਤਵ ਲਈ ਬੇਜ਼ਮੀਨੇ ਮਜ਼ਦੂਰ ਹੋਣਾ ਹੀ ਮੁੱਖ ਆਧਾਰ ਮੰਨਿਆ ਜਾਵੇ। ਰਾਸ਼ਨ ਵੰਡ ਲਈ ਲਾਭਪਾਤਰੀ ਮਜ਼ਦੂਰਾਂ ਦੀਆਂ ਨਿਗਰਾਨ ਕਮੇਟੀਆਂ ਬਣਾਈਆਂ ਜਾਣ। ਹਰ ਬੇਜ਼ਮੀਨੇ ਪਰਵਾਰ ਲਈ ਸਥਾਈ ਅਤੇ ਸਨਮਾਨਯੋਗ ਰੋਜ਼ਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਮਨਰੇਗਾ ਦਾ ਵਿਸਥਾਰ ਕਰਕੇ ਹਰੇਕ ਬੇਜ਼ਮੀਨੇ ਪਰਵਾਰ ਦੇ ਸਾਰੇ ਜੀਆਂ ਨੂੰ ਸਾਰਾ ਸਾਲ, ਪੰਜ ਸੌ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕੰਮ ਦਿੱਤਾ ਜਾਵੇ, ਮਨਰੇਗਾ ਦੇ ਜਾਬ ਕਾਰਡ ਬਨਾਉਣ ਵੇਲੇ, ਕੰਮ ਦੇਣ ਵੇਲੇ, ਹਰ ਕਿਸਮ ਦੀ ਸਿਆਸੀ ਦਖਲਅੰਦਾਜ਼ੀ ਅਤੇ ਵਿਭਾਗੀ ਅੜਿਕੇ ਖਤਮ ਕੀਤੇ ਜਾਣ। ਪਿਛਲੇ ਸਾਰੇ ਸਾਲਾਂ ਦੇ ਕੀਤੇ ਕੰਮ ਦੇ ਸਾਰੇ ਪੈਸੇ ਬਿਨਾਂ ਦੇਰੀ ਅਦਾ ਕੀਤੇ ਜਾਣ। ਨਗਰ ਪੰਚਾਇਤਾਂ ਬਣਾ ਦਿੱਤੇ ਗਏ ਪਿੰਡਾਂ/ਕਸਬਿਆਂ/ਸ਼ਹਿਰਾਂ ਦੇ ਮਜ਼ਦੂਰਾਂ ਨੂੰ ਮਨਰੇਗਾ ਦੇ ਘੇਰੇ ਵਿਚ ਲਿਆਂਦਾ ਜਾਵੇ। ਮਨਰੇਗਾ ਦੇ ਫੰਡਾਂ 'ਚ ਹੋਏ ਸਾਰੇ ਘਪਲਿਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਖਾਧੇ ਪੈਸੇ ਵਸੂਲੇ ਜਾਣ।
ਹਰ ਬੇਜ਼ਮੀਨੇ ਪੇਂਡੂ ਮਜ਼ਦੂਰ ਪਰਿਵਾਰ ਨੂੰ ਜਾਤ-ਧਰਮ-ਲੋਡ ਦੀ ਸ਼ਰਤ ਤੋਂ ਬਿਨਾਂ ਮੁਕੰਮਲ ਮੁਫ਼ਤ ਬਿਜਲੀ ਦਿੱਤੀ ਜਾਵੇ। ਪੁੱਟੇ ਮੀਟਰ ਲਾਏ ਜਾਣ ਅਤੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਜਾਣ। ਪਿਛਲੇ ਸਾਰੇ ਬਕਾਇਆਂ 'ਤੇ ਲੀਕ ਮਾਰੀ ਜਾਵੇ।
ਆਰਥਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਗਏ ਮਜ਼ਦੂਰਾਂ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ, ਟੱਬਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਾਰੇ ਸਰਕਾਰੀ, ਗੈਰ-ਸਰਕਾਰੀ ਕਰਜ਼ੇ ਮੁਆਫ ਕੀਤੇ ਜਾਣ। ਕਰਜ਼ੇ ਬਦਲੇ ਕਰਾਈ ਜਾਂਦੀ ਵਗਾਰ ਸਖਤੀ ਨਾਲ ਰੋਕੀ ਜਾਵੇ। ਬਿਨਾਂ ਵਿਆਜ਼ ਦੇ ਲੰਮੀ ਮੁੱਦਤ ਦੇ ਕਰਜ਼ੇ ਦਿੱਤੇ ਜਾਣ। ਖੁਦਕੁਸ਼ੀਆਂ ਵਾਲਿਆਂ ਦਾ ਬਿਨਾਂ ਭੇਦ ਭਾਵ ਠੀਕ ਸਰਵੇ ਕੀਤਾ ਜਾਵੇ। ਕਿਸੇ ਵੀ ਕਰਜ਼ੇ ਵੇਲੇ ਜ਼ਮੀਨ ਦੀ ਮਾਲਕੀ ਜਾਂ ਮਾਲਕੀ ਵਾਲੇ ਦੀ ਗਵਾਹੀ ਦੀਆਂ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ।
ਸਰਕਾਰੀ ਸਕੂਲ, ਹਸਪਤਾਲ, ਵਾਟਰ ਵਰਕਸ ਅਤੇ ਹੋਰ ਵਿਭਾਗਾਂ ਦਾ ਨਿੱਜੀਕਰਨ ਰੋਕ ਕੇ ਸਾਰੀਆਂ ਮੁੱਢਲੀਆਂ ਮਾਨਵੀ ਲੋੜਾਂ ਸਰਕਾਰ ਵਲੋਂ ਮੁਫਤ ਦਿੱਤੇ ਜਾਣ ਦੀ ਗਰੰਟੀ ਕੀਤੀ ਜਾਵੇ।
ਮਜ਼ਦੂਰਾਂ/ਦਲਿਤਾਂ/ਔਰਤਾਂ ਉਪਰ ਜਬਰ ਕਰਨ ਵੇਲੇ ਗੈਰ ਸਮਾਜੀ ਹਕੂਮਤੀ ਸ਼ਹਿ ਪ੍ਰਾਪਤ ਅਨਸਰਾਂ ਅਤੇ ਉਨ੍ਹਾਂ ਵਿਰੁੱਧ ਵੇਲੇ ਸਿਰ ਢੁੱਕਵੀਂ ਕਾਰਵਾਈ ਨਾ ਕਰਨ ਵਾਲੇ ਅਧਿਕਾਰੀ ਨੂੰ ਮਿਸਾਲੀ ਸ਼ਜ਼ਾਵਾਂ ਦਿੱਤੀਆਂ ਜਾਣ। ਹਰ ਕਿਸਮ ਦਾ ਸਮਾਜਕ ਅਤੇ ਪੁਲਸ ਜਬਰ ਬੰਦ ਕੀਤਾ ਜਾਵੇ।
ਘੋਲਾਂ ਦੌਰਾਨ ਮਜ਼ਦੂਰਾਂ 'ਤੇ ਬਣੇ ਤਰ੍ਹਾਂ-ਤਰ੍ਹਾਂ ਦੇ ਮੁਕੱਦਮੇ ਰੱਦ ਕੀਤੇ ਜਾਣ। ਬਾਲ ਮਜ਼ਦੂਰੀ ਐਕਟ ਅਤੇ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਦੀਆਂ ਸਾਜਿਸ਼ਾਂ ਬੰਦ ਕੀਤੀਆਂ ਜਾਣ।
ਨਰਮੇਂ ਪੱਟੀ ਦੇ ਨਰਮਾ/ਕਪਾਹ ਚੁਗ ਕੇ ਜੂਨ ਗੁਜਾਰਾ ਕਰਨ ਵਾਲੇ ਬੇਜ਼ਮੀਨੇ ਮਜ਼ਦੂਰ ਪਰਵਾਰਾਂ ਨੂੰ 20 ਹਜਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ। ਹਰ ਤਬਕੇ ਦੇ ਹੱਕੀ ਘੋਲਾਂ ਨੂੰ ਫੇਲ੍ਹ ਕਰਨ ਦੇ ਕੋਝੇ ਇਰਾਦੇ ਨਾਲ ਬਣਿਆ ਕਾਲਾ ਕਾਨੂੰਨ ''ਪੰਜਾਬ ਸਰਕਾਰ ਨਿੱਜੀ ਅਤੇ ਜਨਤਕ ਜਾਇਦਾਦ ਭੰਨਤੋੜ ਰੋਕੂ ਕਾਨੂੰਨ 2014'' ਰੱਦ ਕੀਤਾ ਜਾਵੇ। ਅਸੀਂ ਮੋਰਚੇ ਵਿਚ ਸ਼ਾਮਲ ਸਭਨਾਂ ਜਥੇਬੰਦੀਆਂ ਵਲੋਂ ਉਕਤ ਮੰਗਾਂ ਦੀ ਪ੍ਰਾਪਤੀ ਲਈ ਉਕਤ ਘੋਲ ਪ੍ਰੋਗਰਾਮ ਨੂੰ ਸਫਲ ਕਰਨ ਲਈ ਹਰ ਕਿਸਮ ਦੇ ਨੈਤਿਕ ਅਤੇ ਭੌਤਿਕ ਸਮਰਥਨ ਦੇਣ ਦੀ ਅਪੀਲ ਕਰਦੇ ਹਾਂ।

ਮੁਆਵਜ਼ਾ ਮਿਲਣ ਤੱਕ ਜਾਰੀ ਰਹੇਗਾ ਅਲਾਦੀਨਪੁਰ ਦੇ ਉਜਾੜੇ ਗਏ ਲੋਕਾਂ ਦਾ ਸੰਘਰਸ਼

ਜਸਪਾਲ ਸਿੰਘ ਝਬਾਲ 
ਪੰਜਾਬ ਸਰਕਾਰ ਵਲੋਂ ਸੂਬੇ ਦੇ ਦਲਿਤ ਬੇਜ਼ਮੀਨੇ ਮਜ਼ਦੂਰਾਂ ਨਾਲ ਕੀਤੀਆਂ ਬੇਸ਼ੁਮਾਰ ਵਧੀਕੀਆਂ 'ਚ ਬੀਤੇ ਦਿਨੀਂ ਇਕ ਹੋਰ ਕਾਲਾ ਅਧਿਆਏ ਜੁੜ ਗਿਆ। ਤਰਨ ਤਾਰਨ ਦੀ ਐਨ ਵੱਖੀ 'ਤੇ ਵਸਿਆ ਹੈ ਪਿੰਡ ਅਲਾਦੀਨਪੁਰ। ਸੁਖਬੀਰ ਬਾਦਲ ਅਤੇ ਨਰਿੰਦਰ ਮੋਦੀ ਦੇ ਰੋਜਗਾਰ ਰਹਿਤ ਵਿਕਾਸ; ਸੱਚੀ ਪੁੱਛੋ ਤਾਂ ਅਸਲ ਅਰਥਾਂ 'ਚ ਵਿਨਾਸ਼; ਦੀ ਮਾਰ ਹੇਠ ਇਸ ਪਿੰਡ ਦੇ ਦਲਿਤ ਆ ਗਏ ਹਨ। ਅੰਮ੍ਰਿਤਸਰ-ਗੰਗਾਨਗਰ ਵਾਇਆ ਬਠਿੰਡਾ ਛੇ-ਮਾਰਗੀ ਵਿਸਥਾਰ ਸਕੀਮ ਅਧੀਨ ਇਸ ਪਿੰਡ ਦੀ ਦੋਹਾਂ ਪਾਸਿਆਂ ਦੀ ਜ਼ਮੀਨ ਅਕੁਆਇਰ ਹੋਈ ਹੈ। ਅੱਜ ਦੇ ਸੰਦਰਭ 'ਚ ਇਹ ਜ਼ਮੀਨ ਕੇਵਲ ਰਿਹਾਇਸ਼ੀ ਨਾ ਹੋ ਕੇ ਵਪਾਰਕ ਬਣ ਚੁੱਕੀ ਹੈ ਅਤੇ ਬਜਾਰੀ ਕੀਮਤ ਅਨੁਸਾਰ ਬਹੁਤ ਮਹਿੰਗੀ ਹੈ। ਜ਼ਮੀਨ ਅਕੁਆਇਰ ਹੋਣ ਵਾਲੇ ਪਰਵਾਰਾਂ ਦੇ ਵੱਡੇ ਹਿੱਸੇ ਨੂੰ ਮਨਮਰਜ਼ੀ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਪਰ ਪਿੰਡ ਦੇ ਦਲਿਤ ਪਰਿਵਾਰਾਂ ਨੂੰ ਕਾਣੀ ਕੌਡੀ ਵੀ ਅਦਾ ਨਹੀਂ ਕੀਤੀ ਗਈ। ਦਲੀਲ ਇਹ ਦਿੱਤੀ ਗਈ ਹੈ ਕਿ ਇਨ੍ਹਾਂ ਮਜ਼ਦੂਰਾਂ ਕੋਲ ਮਾਲਕੀ ਹੱਕ ਨਹੀਂ ਹਨ। ਇਸ ਜਾਲਿਮ ਦਲੀਲ ਦਾ ਸਿੱਧਾ ਸਾਦਾ ਭਾਵ ਇਹ ਹੈ ਕਿ ਮਾਲਕੀ ਹੱਕ ਤੋਂ ਵਾਂਝੇ ਲੋਕਾਂ ਨੂੰ ਜਿਵੇਂ ਮਰਜੀ ਲੁੱਟਿਆ-ਕੁਟਿਆ ਅਤੇ ਉਜਾੜਿਆ ਜਾ ਸਕਦਾ ਹੈ। ਇਸ ਘਟੀਆ ਦਲੀਲ ਦਾ ਅਗਲਾ ਭਾਵ ਵਿਸਥਾਰ ਇਹ ਹੈ ਕਿ ਮਾਲਕੀ ਹੱਕਾਂ ਤੋਂ ਵਾਂਝੇ ਲੋਕ ਅਵਾਰਾ ਪਸ਼ੂਆਂ ਬਰਾਬਰ ਹਨ ਜਿਨ੍ਹਾਂ ਨੂੰ ਜਦੋਂ ਮਰਜ਼ੀ ਡੰਡੇ ਨਾਲ ਹਿੱਕ ਕੇ ਜਿੱਧਰ ਮਰਜ਼ੀ ਭਜਾ ਦਿਓ। ਅਜੋਕੇ ਕਾਰਪੋਰੇਟ ਮਾਡਲ ਨੇ ਇਕੱਲਾ ਅਲਾਦੀਨ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਦੇ ਅਨੇਕਾਂ ਪਿੰਡਾਂ/ਕਸਬਿਆਂ/ਸ਼ਹਿਰਾਂ ਦੇ ਵਾਸੀਆਂ ਦਾ ਇਸੇ ਤਰ੍ਹਾਂ ਹੀ ਘਾਣ ਕਰਨਾ ਹੈ ਅਤੇ ਪਹਿਲਾਂ ਅਨੇਕਾਂ ਥਾਵਾਂ 'ਤੇ ਹੋ ਵੀ ਚੁੱਕਾ ਹੈ। ਜਿਵੇਂ ਕਿ ਕੋਟਕਪੂਰੇ ਨੇੜੇ ਕਸਬਾ ਢਿੱਲਵਾਂ ਤੋਂ ਟਹਿਣੇ ਤੱਕ ਬਣਨ ਵਾਲੇ ਲਗਭਗ 10 ਕਿਲੋਮੀਟਰ ਲੰਬੇ ਫਲਾਈਓਵਰ ਲਈ ਅਕੁਆਇਰ ਕੀਤੇ ਰਕਬੇ 'ਚੋਂ ਉਜਾੜੇ ਗਏ ਲੋਕਾਂ ਨਾਲ ਹੋਈ ਬੀਤੀ ਹੈ।
ਅਲਾਦੀਨਪੁਰ ਦੇ ਮੁਆਵਜ਼ਾ ਵਿਹੂਣੇ ਲੋਕਾਂ ਨੇ ਸ਼ਾਸਨ/ਪ੍ਰਸ਼ਾਸ਼ਨ ਦੀ ਇਸ ਨਕਾਰਾ ਦਲੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਹ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਸੰਘਰਸ਼ ਦੇ ਮੈਦਾਨ ਵਿਚ ਕੁੱਦ ਪਏ ਹਨ। ਇਸ ਤੋਂ ਪਹਿਲਾਂ, ਗੋਬਿੰਦਪੁਰਾ ਨੇੜੇ ਬਰੇਟਾ, ਜ਼ਿਲ੍ਹਾ ਮਾਨਸਾ ਦੇ ਮਜ਼ਦੂਰ ਥਰਮਲ ਪਲਾਂਟ ਲਈ ਜ਼ਮੀਨ ਅਕੁਆਇਰ ਹੋਣ ਵੇਲੇ ਮਾਲਕੀ ਹੱਕ ਨਾ ਹੋਣ ਦੇ ਬਾਵਜੂਦ ਉਜਾੜੇ ਦਾ ਮੁਆਵਜ਼ਾ ਲੈਣ ਦਾ ਸੰਗਰਾਮ ਜਿੱਤ ਚੁੱਕੇ ਹਨ। ਅਲਾਦੀਨਪੁਰ ਦੇ ਆਲ-ਦੁਆਲੇ ਦੇ ਪਿੰਡਾਂ 'ਚੋਂ ਨੈਤਿਕ ਸਮਰਥਨ, ਧਰਨਾਕਾਰੀਆਂ ਲਈ ਰਾਸ਼ਨ, ਮੋਰਚੇ ਦੀਆਂ ਲੋੜਾਂ ਅਨੁਸਾਰ ਪੈਸੇ ਜੁਟਾਉਣ ਲਈ ਮੁਹਿੰਮ ਚੱਲ ਰਹੀ ਹੈ ਅਤੇ ਐਸ.ਡੀ.ਐਮ. ਤਰਨ ਤਾਰਨ ਦਫਤਰ ਅੱਗੇ ਦਿਨ-ਰਾਤ ਦਾ ਧਰਨਾ ਪਿਛਲੇ ਲਗਭਗ ਪੱਚੀਆਂ ਦਿਨਾਂ ਤੋਂ ਚਲ ਰਿਹਾ ਹੈ।
ਇਸ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਦੇ ਗੇੜ ਵੀ ਚੱਲੇ, ਜਿਸ ਵਿਚ ਰਾਜ ਕਰਦੀ ਸਿਆਸੀ ਧਿਰ ਵਲੋਂ ਵੀ ਨੁਮਾਇੰਦੇ ਹਾਜ਼ਰ ਹੁੰਦੇ ਰਹੇ ਪਰ ਹਾਲੇ ਤੱਕ ਸਾਰੀ ਗੱਲਬਾਤ ਬੇਸਿੱਟਾ ਰਹੀ ਹੈ। ਹੋਰਨਾਂ ਤੋਂ ਇਨਾਵਾ ਗੱਲਬਾਤ ਦੇ ਫੇਲ ਹੋਣ ਦਾ ਕਾਰਨ ਖਡੂਰ ਸਾਹਿਬ ਹਲਕੇ ਦੀ ਉਪ ਚੋਣ ਲਈ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਦਾ ਹੈਂਕੜ ਭਰਪੂਰ ਰਵੱਈਆ ਵੀ ਹੈ, ਜਿਸ ਕਰਕੇ ਮੀਟਿੰਗਾਂ ਦਾ ਮਾਹੌਲ ਤਣਾਅਪੂਰਨ ਹੋ ਗਿਆ ਸੀ। ਰਵਿੰਦਰ ਧਰਨਾਕਾਰੀਆਂ ਨੂੰ ਸਿੱਝ ਲੈਣ ਦੀ ਧਮਕੀ ਦੇਣ ਤੱਕ ਦੀਆਂ ਨਿਵਾਣਾਂ ਤੱਕ ਉਤਰ ਗਿਆ। ਦਿਹਾਤੀ ਮਜ਼ਦੂਰ ਸਭਾ ਨੇ ਇਸ ਘੋਲ ਨੂੰ ਸੂਬਾਈ ਘੋਲ ਵਿਚ ਤਬਦੀਲ ਕਰਦਿਆਂ ਆਉਂਦੀ ਤਿੰਨ ਫਰਵਰੀ ਨੂੰ ਤਰਨ ਤਾਰਨ ਵਿਖੇ ਸੂਬਾਈ ਰੈਲੀ ਕਰਨ ਦਾ ਫੈਸਲਾ ਕੀਤਾ ਹੈ।
ਸੀ.ਟੀ.ਯੂ. ਪੰਜਾਬ, ਜਮਹੂਰੀ ਕਿਸਾਨ ਸਭਾ, ਜਨਵਾਦੀ ਇਸਤਰੀ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਤੋਂ ਬਿਨਾਂ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਘੋਲ ਨੂੰ ਸਮਰਥਨ ਦਾ ਐਲਾਨ ਕਰਨ ਲਈ ਤਿੰਨ ਫਰਵਰੀ ਦੀ ਸੂਬਾਈ ਰੈਲੀ ਵਿਚ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ-ਪਿੰਡ ਸੂਬਾ ਸਰਕਾਰ ਦੇ ਪੁਤਲੇ ਫੂਕਦਿਆਂ ਹਕੂਮਤ ਦੀ ਮਜ਼ਦੂਰ ਵਿਰੋਧੀ ਪਹੁੰਚ ਨੂੂੰ ਬੇਪਰਦ ਕੀਤਾ ਜਾਵੇਗਾ।
ਇਸ ਦੌਰਾਨ ਅੰਦੋਲਨਕਾਰੀ ਮਜ਼ਦੂਰ ਪਰਵਾਰਾਂ ਅਤੇ ਆਗੂਆਂ ਦੇ ਹੌਂਸਲੇ ਬੁਲੰਦ ਹਨ। ਇਨ੍ਹਾਂ ਪਰਿਵਾਰਾਂ ਨੇ ਲੋਹੜੀ ਦਾ ਤਿਉਹਾਰ ਵੀ ਧਰਨਾ ਸਥਾਨ 'ਤੇ ਮਨਾਇਆ, ਜਿੱਥੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਉਚੇਚੇ ਪੁੱਜੇ।
ਤਕਰੀਬਨ ਰੋਜ ਤਰਨ ਤਾਰਨ ਸ਼ਹਿਰ 'ਚ ਹਾਕਮ ਧਿਰ ਦੀ ਧੱਕੋਜ਼ੋਰੀ ਖਿਲਾਫ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ਼ਹਿਰਵਾਸੀ ਫੰਡ ਦੇ ਰੂਪ ਵਿਚ ਅੰਦੋਲਨਕਾਰੀਆਂ ਦੀ ਇਮਦਾਦ ਕਰ ਰਹੇ ਹਨ।
ਸਰਕਾਰ ਦੀ ਧੱਕੜਸ਼ਾਹੀ ਖਿਲਾਫ ਵਧੇਰੇ ਲੋਕਾਂ ਦਾ ਸਹਿਯੋਗ ਲੈਣ ਲਈ ਪਿੰਡਾਂ ਵਿਚ ''ਪੋਲ ਖੋਲ੍ਹ ਮਾਰਚ'' ਕੀਤਾ ਜਾ ਰਿਹਾ ਹੈ। ਦਰਜ਼ਨਾਂ ਦੋਪਹੀਆ ਵਾਹਨਾਂ ਅਤੇ ਚਿੱਟੇ ਹਾਥੀਆਂ 'ਚ ਸਵਾਰ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁੰਨ ਇਸ ਮਾਰਚ ਦੀ ਅਗਵਾਈ ਕਰਦੇ ਹਨ।
ਅਸੀਂ ਸਭਨਾਂ ਇਨਸਾਫ ਪਸੰਦ, ਸੰਗਰਾਮੀ ਧਿਰਾਂ ਨੂੰ ਅਲਾਦੀਨਪੁਰ ਦੇ ਬਿਨ੍ਹਾਂ ਕਸੂਰ ਉਜਾੜੇ ਗਏ ਬੇਜ਼ਮੀਨੇ ਮਜ਼ਦੂਰਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਨ ਅਤੇ ਘੋਲ ਦੀ ਸਫਲਤਾ ਲਈ ਹਰ ਪੱਖ ਦੇ ਸਹਿਯੋਗ ਦੀ ਅਪੀਲ ਕਰਦੇ ਹਾਂ।

ਸ਼ਰਧਾਂਜਲੀਆਂ

ਸਾਥੀ ਏ.ਬੀ. ਬਰਧਨ ਨਹੀਂ ਰਹੇ
ਦੇਸ਼ ਦੀ ਕਮਿਊਨਿਸਟ ਲਹਿਰ ਦੇ ਉਘੇ ਆਗੂ ਸਾਥੀ ਏ.ਬੀ. ਬਰਧਨ (ਅਰਧੇਂਦੂ ਭੂਸ਼ਨ ਬਰਧਨ) 2 ਜਨਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਜਨਮ 1925 ਵਿਚ, ਅਜੋਕੇ ਬੰਗਲਾਦੇਸ਼, ਜਿਹੜਾ ਉਸ ਵੇਲੇ ਭਾਰਤ ਦਾ ਹਿੱਸਾ ਹੀ ਸੀ, ਦੇ ਸਿਲਹਟ ਜ਼ਿਲ੍ਹੇ ਵਿਚ ਹੋਇਆ ਸੀ। 15 ਸਾਲ ਦੀ ਉਮਰ ਵਿਚ ਹੀ ਉਹ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ.) ਵਿਚ ਸਰਗਰਮ ਹੋ ਗਏ ਸਨ ਅਤੇ ਦੇਸ਼ ਦੀ ਆਜ਼ਾਦੀ ਲਈ ਚਲ ਰਹੇ ਅੰਦੋਲਨ ਵਿਚ ਕੁੱਦ ਪਏ ਸਨ। ਅਗਲੇ ਹੀ ਸਾਲ ਉਹ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ ਸਨ, ਜਿਹੜੀ ਕਿ ਉਸ ਵੇਲੇ ਅੰਗਰੇਜ਼ ਸਰਕਾਰ ਵਲੋਂ ਗੈਰ ਕਾਨੂੰਨੀ ਕਰਾਰ ਦਿੱਤੀ ਹੋਈ ਸੀ।
ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਉਂਦੇ ਹੋਏ ਉਹ ਉਥੇ ਦੀ ਮਜ਼ਦੂਰ ਲਹਿਰ ਦੇ ਇਕ ਹਰਮਨ ਪਿਆਰੇ ਆਗੂ ਬਣ ਗਏ। ਉਨ੍ਹਾਂ ਬਿਜਲੀ ਖੇਤਰ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਜਥੇਬੰਦ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਅਤੇ ਉਹ ਮਹਾਰਾਸ਼ਟਰ ਦੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਦੇ ਨਾਲ-ਨਾਲ ਆਲ ਇੰਡੀਆ ਇਲੈਕਟ੍ਰਿਸਿਟੀ ਇੰਪਲਾਈਜ਼ ਫੈਡਰੇਸ਼ਨ ਦੇ ਵੀ ਪ੍ਰਧਾਨ ਰਹੇ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕਈ ਸਾਲ ਤੱਕ ਜਨਰਲ ਸਕੱਤਰ ਅਤੇ ਬਾਅਦ ਵਿਚ ਪ੍ਰਧਾਨ ਰਹੇ। 1957 ਵਿਚ ਉਹ ਨਾਗਪੁਰ ਤੋਂ ਵਿਧਾਇਕ ਵੀ ਚੁਣੇ ਗਏ ਸਨ। 1995 ਵਿਚ ਸ਼੍ਰੀ ਦੇਵਗੌੜਾ ਦੀ ਅਗਵਾਈ ਹੇਠ ਬਣੀ ਗਠਜੋੜ ਸਰਕਾਰ ਵਿਚ ਸੀ.ਪੀ.ਆਈ. ਦੇ ਸ਼ਾਮਲ ਹੋਣ ਨਾਲ ਉਸ ਵੇਲੇ ਦੇ ਜਨਰਲ ਸਕੱਤਰ ਸਾਥੀ ਇੰਦਰਜੀਤ ਗੁਪਤਾ ਵਲੋਂ ਦੇਸ਼ ਦਾ ਗ੍ਰਹਿ ਮੰਤਰੀ ਬਣ ਜਾਣ ਉਪਰੰਤ ਸਾਥੀ ਬਰਧਨ ਸੀ.ਪੀ.ਆਈ. ਦੇ ਜਨਰਲ ਸਕੱਤਰ ਬਣੇ ਅਤੇ ਲਗਾਤਾਰ 12 ਸਾਲ ਤੱਕ ਇਸ ਅਹੁਦੇ 'ਤੇ ਰਹੇ।
ਉਹ ਖੱਬੀਆਂ ਸ਼ਕਤੀਆਂ ਦੀ ਏਕਤਾ ਦੇ ਇਕ ਤਗੜੇ ਅਲੰਬਰਦਾਰ ਸਨ ਅਤੇ ਜਦੋਂ ਪੰਜਾਬ ਵਿਚ ਚਾਰ ਖੱਬੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਅੰਦੋਲਨ ਵਿੱਢਿਆ ਤਾਂ ਉਹ ਆਪਣੀ ਖਰਾਬ ਸਿਹਤ ਦੇ ਬਾਵਜੂਦ 28 ਨਵੰਬਰ 2014 ਨੂੰ ਲੁਧਿਆਣਾ ਵਿਖੇ ਕੀਤੀ ਗਈ ਸਾਂਝੀ ਰੈਲੀ ਵਿਚ ਉਚੇਚੇ ਰੂਪ ਵਿਚ ਪੁੱਜੇ ਅਤੇ ਉਨ੍ਹਾਂ ਨੇ ਇਸ ਖੱਬੀ ਇਕਜੁਟਤਾ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਰੈਲੀ ਨੂੰ ਸੰਬੋਧਨ ਕੀਤਾ। ਪੰਜਾਬ ਵਿਚ ਅੱਤਵਾਦ ਦੌਰਾਨ ਕਮਿਊਨਿਸਟ ਪਾਰਟੀਆਂ ਵਲੋਂ ਚਲਾਈ ਗਈ ਮੁਹਿੰਮ, ਜਿਸ ਵਿਚ 300 ਤੋਂ ਵੀ ਵੱਧ ਕਮਿਊਨਿਸਟ ਕਾਰਕੁੰਨ ਸ਼ਹੀਦ ਹੋਏ ਸਨ, ਸਮੇਂ ਵੀ ਉਹ ਪੰਜਾਬ ਵਿਚ ਆ ਕੇ ਸਾਥੀਆਂ ਦੀ ਹੌਂਸਲਾ ਅਫਜਾਈ ਕਰਦੇ ਰਹੇ। ਸੀ.ਪੀ.ਐਮ.ਪੰਜਾਬ ਅਤੇ ਅਦਾਰਾ 'ਸੰਗਰਾਮੀ ਲਹਿਰ' ਇਸ ਮਹਾਨ ਕਮਿਊਨਿਸਟ ਆਗੂ ਨੂੰ ਸ਼ਰਧਾਂਜਲੀ ਅਰਪਤ ਕਰਦੇ ਹੋਏ ਉਨ੍ਹਾਂ ਵਲੋਂ ਛੱਡੇ ਗਏ ਅਧੂਰੇ ਕਾਰ ਨੂੰ ਪੂਰਾ ਕਰਨ ਦਾ ਅਹਿਦ ਲੈਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸੀ.ਪੀ.ਆਈ. ਦੇ ਦੁੱਖ ਵਿਚ ਸ਼ਰੀਕ ਹੁੰਦੇ ਹਨ।


ਸਾਥੀ ਚੈਨ ਸਿੰਘ ਚੈਨ ਦਾ ਸਦੀਵੀਂ ਵਿਛੋੜਾਪ੍ਰਾਂਤ ਦੀ ਕਮਿਊਨਿਸਟ ਲਹਿਰ ਦੇ ਉਘੇ ਆਗੂ ਸਾਥੀ ਚੈਨ ਸਿੰਘ ਚੈਨ 8 ਜਨਵਰੀ ਦੀ ਰਾਤ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹ 98 ਸਾਲਾਂ ਦੇ ਸਨ। ਸਾਥੀ ਚੈਨ ਪਿਛਲੀ ਸਦੀ ਦੇ ਤੀਜੇ ਦਹਾਕੇ ਵਿਚ ਕਿਰਤੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਉਸਦੇ ਸੰਸਥਾਪਕਾਂ ਵਿਚੋਂ ਸਨ। ਬਾਅਦ ਵਿਚ ਕਿਰਤੀ ਪਾਰਟੀ ਦੇ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋਣ ਨਾਲ ਉਹ ਵੀ ਸੀ.ਪੀ.ਆਈ. ਵਿਚ ਸ਼ਾਮਲ ਹੋ ਗਏ ਅਤੇ ਕਮਿਊਨਿਸਟ ਲਹਿਰ ਦੇ ਅੰਗ ਬਣ ਗਏ। ਉਨ੍ਹਾਂ ਆਪਣੇ ਜੀਵਨ ਦੇ 8 ਦਹਾਕੇ ਮਜ਼ਦੂਰਾਂ-ਕਿਸਾਨਾਂ ਦੀ ਬੰਦ ਖਲਾਸੀ ਲਈ ਚੱਲਣ ਵਾਲੀ ਲਹਿਰ ਦੇ ਲੇਖੇ ਲਾਏ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਵੀ ਉਹ ਸੰਸਥਾਪਕ ਮੈਂਬਰਾਂ ਵਿਚੋਂ ਸਨ। ਉਹ ਸੀ.ਪੀ.ਆਈ. ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਕਾਫੀ ਸਮਾਂ ਸਕੱਤਰ ਰਹੇ।
ਉਹ ਇਕ ਚੰਗੇ ਲੇਖਕ ਵੀ ਸਨ, ਪਾਰਟੀ ਦੇ ਜਥੇਬੰਦਕ ਪਰਚੇ 'ਪਾਰਟੀ ਜੀਵਨ' ਵਿਚ ਜਥੇਬੰਦਕ ਮਸਲਿਆਂ ਉਤੇ ਲਿਖਣ ਦੇ ਨਾਲ-ਨਾਲ ਉਨ੍ਹਾਂ ਕਾਮਰੇਡ ਤੇਜਾ ਸਿੰਘ ਸੁਤੰਤਰ (ਜੀਵਨੀ), ਕਿਰਤੀ ਪਾਰਟੀ (ਦੂਜੀ ਸੰਸਾਰ ਜੰਗ ਸਮੇਂ), ਗਦਰ ਲਹਿਰ ਦੀ ਕਹਾਣੀ ਗਦਰੀ ਬਾਬਿਆਂ ਦੀ ਜ਼ੁਬਾਨੀ, 'ਮੇਰਾ ਸਿਆਸੀ ਜੀਵਨ' (ਸਵੈ ਜੀਵਨੀ) ਪੁਸਤਕਾਂ ਵੀ ਲਿਖੀਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪਰਚੇ 'ਵਿਰਸਾ' ਦੇ ਸੰਪਾਦਕੀ ਮੰਡਲ ਵਿਚ ਵੀ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੰਦੇ ਰਹੇ। ਦੇਸ ਭਗਤ ਯਾਦਗਾਰ ਕਮੇਟੀ ਦੇ ਟ੍ਰਸਟੀ ਵਜੋਂ ਉਨ੍ਹਾਂ ਇਸ ਅਦਾਰੇ ਨੂੰ ਉਸਾਰਨ ਅਤੇ ਮਜ਼ਬੂਤ ਕਰਨ ਵਿਚ ਵੀ ਗਿਣਨਯੋਗ ਭੂਮਿਕਾ ਨਿਭਾਈ। ਆਜ਼ਾਦੀ ਤੋਂ ਬਾਅਦ ਉਨ੍ਹਾਂ ਸੂਬੇ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਜਥੇਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਪ੍ਰਾਂਤ ਦੀ ਕਮਿਊਨਿਸਟ ਲਹਿਰ ਵਿਚ ਉਘੀ ਭੂਮਿਕਾ ਨਿਭਾਉਣ ਵਾਲੀਆਂ ਇਸਤਰੀਆਂ ਵਿਚੋਂ ਉਨ੍ਹਾਂ ਦੀ ਸੁਪਤਨੀ ਕਾਮਰੇਡ ਸ਼ੀਲਾ ਚੈਨ ਵੀ ਇਕ ਸਨ। ਅਤੇ ਇਸ ਮੌਕੇ ਉਨ੍ਹਾਂ ਨੂੰ ਵੀ ਯਾਦ ਕਰਨਾ ਕੁਥਾਂਹ ਨਹੀਂ ਹੋਵੇਗਾ ਕਿਉਂਕਿ ਸਾਥੀ ਚੈਨ ਨੂੰ ਸਰਗਰਮ ਰੱਖਣ ਵਿਚ ਮਰਹੂਮ ਸ਼ੀਲਾ ਚੈਨ ਦਾ ਵੀ ਉਘਾ ਯੋਗਦਾਨ ਸੀ।
ਅਦਾਰਾ 'ਸੰਗਰਾਮੀ ਲਹਿਰ' ਇਸ ਉਘੇ ਕਮਿਊਨਿਸਟ ਆਗੂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਾ ਹੈ। 

ਵਿਛੜੇ ਸਾਥੀ ਅਮਰਜੀਤ ਸਿੰਘ ਕਲਾਰ ਦਾ ਸ਼ਰਧਾਂਜਲੀ ਸਮਾਗਮ

ਸੀ.ਪੀ.ਐਮ.ਪੰਜਾਬ ਦੇ ਉਸਰੱਈਆਂ 'ਚੋਂ ਇਕ, ਆਪਣਾ ਸਾਰਾ ਜੀਵਨ ਕਿਰਤੀ-ਕਿਸਾਨਾਂ ਨੂੰ ਲੁੱਟ ਦੇ ਰਾਜ ਤੋਂ ਮੁਕਤੀ ਦੁਆਉਣ ਦੇ ਸੰਗਰਾਮ ਦੇ ਲੇਖੇ ਲਾਉਣ ਵਾਲੇ ਕਾਮਰੇਡ ਅਮਰਜੀਤ ਸਿੰਘ ਕਲਾਰ ਦਾ ਸ਼ਰਧਾਂਜਲੀ ਸਮਾਗਮ ਲੰਘੀ 30 ਦਸੰਬਰ ਨੂੰ ਕਸਬਾ ਆਲੀਵਾਲ ਦੇ ਨੇੜੇ ਅੱਡਾ ਬੁਲ੍ਹੋਵਾਲ ਵਿਖੇ ਸਰਵਸਾਥੀ ਅਜੀਤ ਸਿੰਘ ਸਿਧਵਾਂ, ਦਲਬੀਰ ਸਿੰਘ ਅਤੇ ਸੰਤੋਖ ਸਿੰਘ ਔਲਖ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਇਆ। ਪਾਰਟੀ ਦੀ ਗੁਰਦਾਸਪੁਰ-ਪਠਾਨਕੋਟ ਜ਼ਿਲ੍ਹਾ ਇਕਾਈ ਨੇ ਇਸ ਸਮਾਗਮ ਦਾ  ਸੁਚੱਜਾ ਪ੍ਰਬੰਧ ਕੀਤਾ।
ਸੀ.ਪੀ.ਐਮ.ਪੰਜਾਬ ਦੀ ਸਮੁੱਚੀ ਸਕੱਤਰੇਤ, ਸੂਬਾ ਕਮੇਟੀ ਮੈਂਬਰ ਦੂਰ ਦੁਰਾਡੇ ਤੋਂ ਆਪਣੇ ਪ੍ਰੇਰਣਾਮਈ ਸਾਥੀ ਨੂੰ ਅਕੀਦਤ ਭੇਂਟ ਕਰਨ ਲਈ ਪੁੱਜੇ। ਮੰਚ 'ਤੇ ਕਾਮਰੇਡ ਕਲਾਰ ਦੇ ਤਕਰੀਬਨ ਸਾਰੇ ਪਰਵਾਰਕ ਮੈਂਬਰ ਬਿਰਾਜਮਾਨ ਸਨ।
ਕਾਮਰੇਡ ਕਲਾਰ ਹੋਰਾਂ ਦੀ ਮਿਲਾਪੜੀ ਸ਼ਖਸ਼ੀਅਤ ਅਤੇ ਆਪਾਵਾਰੂ ਸੰਗਰਾਮੀ ਜੀਵਨ ਦੇ ਹਾਂ ਪੱਖੀ ਪ੍ਰਭਾਵ ਦਾ ਝਲਕਾਰ ਇਸ ਗੱਲ ਤੋਂ ਹੀ ਰੂਪਮਾਨ ਹੋ ਜਾਂਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਖੱਬੀਆਂ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਨਮਨ ਕਰਨ ਲਈ ਪੁੱਜੇ।
ਅਨੇਕਾਂ ਲੋਕ ਜਿਨ੍ਹਾਂ ਨੇ ਕਾਮਰੇਡ ਕਲਾਰ ਹੋਰਾਂ ਨਾਲ ਕਦੀ ਸਾਂਝੇ ਪਲ ਬਿਤਾਏ ਸਨ ਉਹ ਵੀ ਅਤੇ ਜਿਨ੍ਹਾਂ ਨੇ ਉਨ੍ਹਾਂ ਨਾਲ ਮਿਲਕੇ ਘਾਲਣਾਵਾਂ ਘਾਲੀਆਂ ਉਹ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਪ੍ਰੰਤੂ ਸਮਾਗਮ ਦਾ ਸ਼ਾਨਦਾਰ ਪੱਖ ਇਹ ਸੀ ਕਿ ਦੂਰ ਦਰਾਡੇ ਤੋਂ ਕਿਰਤੀ-ਕਿਸਾਨਾਂ-ਨੌਜਵਾਨਾਂ-ਬੀਬੀਆਂ ਦੇ ਵਿਸ਼ਾਲ ਕਾਫ਼ਲੇ ਇਸ ਸਮਾਗਮ ਵਿਚ ਆਪਣੇ ਵਿਛੜੇ ਮਹਿਬੂਬ ਸਾਥੀ ਨੂੰ ਸੰਗਰਾਮੀ ਲਾਲ ਸਲਾਮ ਕਹਿੰਦਿਆਂ ਨਾਹਰੇ ਮਾਰਦੇ ਸ਼ਰਧਾਂਜਲੀ ਦੇਣ ਲਈ ਪੁੱਜੇ।
ਸਮੁੱਚੇ ਸਮਾਗਮ ਦੇ ਕ੍ਰਿਆਕਲਾਪਾਂ 'ਚੋਂ ਕਾਮਰੇਡ ਕਲਾਰ ਦੀ ਸ਼ਖਸ਼ੀਅਤ ਦਾ ਆਮ ਲੋਕਾਂ ਉਪਰ ਵਸੀਹ ਹਾਂ ਪੱਖੀ ਪ੍ਰਭਾਵ ਝਲਕਾਰੇ ਮਾਰਦਾ ਸੀ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਘੁਬੀਰ ਸਿੰਘ ਬਟਾਲਾ, ਕੁਲਵੰਤ ਸਿੰਘ ਸੰਧੂ, ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ, ਬੀਬੀ ਨੀਲਮ ਘੁਮਾਣ, ਗੁਰਮੀਤ ਸਿੰਘ ਬਖਤਪੁਰਾ ਸਕੱਤਰ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਧਿਆਨ ਸਿੰਘ ਠਾਕੁਰ ਜ਼ਿਲ੍ਹਾ ਸਕੱਤਰ ਸੀ.ਪੀ.ਆਈ.(ਐਮ), ਗੁਲਜਾਰ ਸਿੰਘ ਬਸੰਤਕੋਟ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਨੇ ਉਹਨਾਂ ਨਾਲ ਬਿਤਾਈਆਂ ਆਪਣੀਆਂ ਯਾਦਾਂ ਅਤੇ ਉਨ੍ਹਾਂ ਦੀ ਸ਼ਖਸ਼ੀਅਤ ਦੀਆਂ ਦੂਜਿਆਂ ਲਈ ਖਿੱਚਪਾਊ ਗੁਣਾਂ ਦਾ ਜਜਬਾਤੀ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਾਰਿਆਂ ਨੇ ਉਨ੍ਹਾਂ ਦੇ ਜੀਵਨ ਦੇ ਹਾਂ ਪੱਖੀ ਗੁਣਾਂ ਤੋਂ ਪ੍ਰੇਰਣਾ ਲੈਣ ਅਤੇ ਉਨ੍ਹਾਂ ਦੇ ਜੀਵਨ ਦੇ ਮਿਥੇ ਨਿਸ਼ਾਨਿਆਂ ਦੀ ਪੂਰਤੀ ਲਈ ਪੂਰਾ ਜੀਵਨ ਲਾਉਣ ਦਾ ਪ੍ਰਣ ਕੀਤਾ। ਸਭਨਾਂ ਆਗੂਆਂ ਨੇ ਹਾਜ਼ਰ ਕਿਰਤੀ ਕਿਸਾਨਾਂ ਤੇ ਖੱਬੀ ਅਤੇ ਜਮਹੂਰੀ ਲਹਿਰ ਦੇ ਕਾਰਕੁੰਨਾਂ ਨੂੰ ਸਾਥੀ ਅਮਰਜੀਤ ਕਲਾਰ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਅਪੀਲ ਕੀਤੀ। ਸੁਭਾਵਿਕ ਹੀ ਸਾਰੇ ਆਗੂਆਂ ਨੇ 2014 'ਚ ਵਿਛੋੜਾ ਦੇ ਗਈ, ਹਰ ਔਖ-ਸੌਖ 'ਚ ਉਨ੍ਹਾਂ ਦੋ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੀ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਸਵਿੱਤਰ ਕੌਰ ਨੂੰ ਵੀ ਵਿਸ਼ੇਸ਼ ਤੌਰ 'ਤੇ ਯਾਦ ਕੀਤਾ।
ਸਾਰੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਅਜੋਕੇ ਦੌਰ ਦੀਆਂ ਮੁੱਖ ਚੁਣੌਤੀਆਂ; ਸਾਮਰਾਜੀ ਨੀਤੀਆਂ ਅਤੇ ਉਨ੍ਹਾਂ ਦੇ ਸਿੱਟੇ ਵਜੋਂ ਵੱਧ ਰਹੀ ਭਾਰਤ ਅਤੇ ਸੰਸਾਰ ਭਰ ਦੀ ਲੋਕਾਈ ਦੀ ਗੁਰਬਤ, ਫਿਰਕੂ-ਫੁੱਟਪਾਊ ਤਾਕਤਾਂ ਵਲੋਂ ਕਿਰਤੀ ਕਿਸਾਨਾਂ 'ਤੇ ਹੋਰ ਸੰਗਰਾਮੀ ਤਬਕਿਆਂ ਦੀ ਏਕਤਾ ਨੂੰ ਲੀਰੋ ਲੀਰ ਕਰਨ ਦੇ ਕੋਝੇ ਇਰਾਦਿਆਂ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਲੋਕਾਂ ਦੇ ਹੱਕੀ ਸੰਰਗਾਮਾਂ ਨੂੰ ਫੇਲ੍ਹ ਕਰਨ ਲਈ ਵਰਤੇ ਜਾ ਰਹੇ ਜਾਬਰ ਹਥਕੰਡਿਆਂ ਵਿਰੁੱਧ ਖੱਬੀਆਂ ਧਿਰਾਂ ਦੇ ਸਾਂਝੇ ਸੰਗਰਾਮ ਅਤੇ ਅੱਗੋਂ ਖੱਬੀਆਂ ਅਗਾਂਹਵਧੂ ਜਮਹੂਰੀ ਸੰਘਰਸ਼ਸ਼ੀਲ ਸ਼ਕਤੀਆਂ ਦੇ ਵਿਸ਼ਾਲ ਸੰਗਰਾਮ ਦੀ ਉਸਾਰੀ ਹੀ ਸਾਥੀ ਅਮਰਜੀਤ ਸਿੰਘ ਕਲਾਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬਹੁਗਿਣਤੀ ਬੁਲਾਰਿਆਂ ਨੇ ਹਾਲੀਆ ਬਿਹਾਰ ਵਿਧਾਨ ਸਭਾ ਚੋਣਾਂ 'ਚ ਖੱਬੀ ਧਿਰ ਵਲੋਂ ਲਏ ਪੈਂਤੜੇ ਅਤੇ ਕਾਰਗੁਜਾਰੀ ਨੂੰ ਅੱਜ ਦੇ ਦੌਰ ਦਾ ਢੁੱਕਵਾਂ ਰੋਲ ਮਾਡਲ ਕਿਹਾ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਗਰੇਵਾਲ, ਮਹੀਪਾਲ, ਪਰਗਟ ਸਿੰਘ ਜਾਮਾਰਾਏ, ਰਵੀ ਕੰਵਰ, ਗੁਰਨਾਮ ਸਿੰਘ ਸੰਘੇੜਾ, ਸਤਨਾਮ ਸਿੰਘ ਅਜਨਾਲਾ, ਸ਼ਿਵ ਕੁਮਾਰ ਪਠਾਨਕੋਟ, ਹਰਿੰਦਰ ਸਿੰਘ ਰੰਧਾਵਾ, ਲਾਲ ਚੰਦ ਸਰਦੂਲਗੜ੍ਹ, ਮਹਿੰਦਰ ਸਿੰਘ ਖੈਹੜ, ਪ੍ਰਿੰਸੀਪਲ ਪਿਆਰਾ ਸਿੰਘ, ਹਰਦੀਪ ਸਿੰਘ, ਛੱਜੂ ਰਾਮ ਰਿਸ਼ੀ, ਜਸਪਾਲ ਸਿੰਘ ਝਬਾਲ ਆਦਿ ਸੂਬਾਈ ਆਗੂ ਵੀ ਹਾਜ਼ਰ ਸਨ।
ਸਾਥੀ ਅਮਰਜੀਤ ਸਿੰਘ ਕਲਾਰ ਦੇ ਯੁੱਧ ਸਾਥੀ ਮੁਲਖ ਰਾਜ ਗੁਰਦਾਸਪੁਰ, ਉਘੇ ਗਜ਼ਲਗੋਅ ਸਾਥੀ ਮੱਖਣ ਕੁਹਾੜ, ਮੰਗਤ ਚੰਚਲ ਅਤੇ ਹੋਰਨਾਂ ਲੋਕ ਪੱਖੀ ਕਲਾਕਾਰਾਂ ਨੇ ਭਾਵਪੂਰਤ ਗੀਤਾਂ, ਗਜ਼ਲਾਂ, ਨਜ਼ਮਾਂ ਦੀ ਪੇਸ਼ਕਾਰੀ ਕੀਤੀ।
ਸਾਥੀ ਅਮਰਜੀਤ ਸਿੰਘ ਕਲਾਰ ਦੇ ਜੁਝਾਰੂ ਘਟਨਾਵਾਂ ਭਰਪੂਰ ਸੰਗਰਾਮੀ ਤੇ ਪ੍ਰੇਰਣਾਮਈ ਜੀਵਨ 'ਤੇ ਝਾਤ ਪਾਉਂਦੀ ਉਨ੍ਹਾਂ ਦੀ ਸਵੈਜੀਵਨੀ ਦੀ ਭਾਰੀ ਵਿਕਰੀ ਨੇ ਲੋਕਾਂ 'ਚ ਉਨ੍ਹਾਂ ਪ੍ਰਤੀ ਲਗਾਓ ਨੂੰ  ਹੋਰ ਉਜਾਗਰ ਕੀਤਾ।
ਸਟੇਜ ਸਕੱਤਰ ਦੇ ਫਰਜ਼ ਸਾਥੀ ਲਾਲ ਚੰਦ ਕਟਾਰੂਚੱਕ ਨੇ ਨਿਭਾਏ।