ਬਰੈਂਪਟਨ: “ਪ੍ਰਵਾਸੀ ਭਾਰਤੀਆਂ ਦਾ ਸਿਹਤ, ਸਿੱਖਿਆ, ਖੇਡਾਂ, ਰਾਜਨੀਤਕ, ਆਰਥਿਕ, ਸਮਾਜਿਕ, ਧਾਰਮਿਕ ਤੇ ਅਮੀਰ ਸੱਭਿਆਚਾਰਕ ਤੋਂ ਇਲਾਵਾ ਹੋਰ ਗਤੀਵਿਧੀਆਂ ਵਿੱਚ ਵਡਮੁੱਲਾ ਯੋਗਦਾਨ ਹੈ, ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਉਥੇ ਆਪਣੀ ਸਖਤ ਮਿਹਨਤ ਨਾਲ ਵਿਦੇਸ਼ਾਂ ਵਿੱਚ ਵੀ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ“।
ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਡਾ. ਪ੍ਰਦੀਪ ਜੋਧਾਂ ਦੇ ਸਪੁੱਤਰ ਸੰਗਰਾਮ ਕਪੂਰ ਦੇ ਗ੍ਰਹਿ ਬਰੈਂਪਟਨ (ਕੈਨੇਡਾ) ਵਿਖੇ ਆਯੋਜਿਤ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ। ਸਾਥੀ ਪਾਸਲਾ ਨੇ ਕਿਹਾ ਕਿ ਕੁਝ ਫੁੱਟ ਪਾਊ ਫਿਰਕਾਪ੍ਰਸਤ ਅਨਸਰਾਂ ਵੱਲੋਂ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਨਫ਼ਰਤ ਫੈਲਾਉਣ ਲਈ ਕੋਝੀਆਂ ਚਾਲਾਂ ਚਲਾਈਆਂ ਜਾ ਰਹੀਆਂ ਹਨ ਤੇ ਆਪਣੀ ਰਾਜਨੀਤਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਤੋਂ ਮੋਟੀਆਂ ਰਕਮਾਂ ਉਗਰਾਈਆਂ ਜਾ ਰਹੀਆਂ ਹਨ ਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ।
ਸਾਥੀ ਪਾਸਲਾ ਨੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਵੱਧ ਰਹੇ ਫਿਰਕੂ ਫਾਸ਼ੀਵਾਦ, ਸਾਮਰਾਜੀ ਦਖਲ ਤੇ ਗਰੀਬੀ - ਅਮੀਰੀ ਦੇ ਪਾੜੇ ਅਤੇ ਮਨੁੱਖ ਦੀ ਮਨੁੱਖ ਹੱਥੋਂ ਹੋ ਰਹੀ ਲੁੱਟ ਨੂੰ ਖ਼ਤਮ ਕਰਨ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੀਆਂ ਖੱਬੀਆਂ ਜਮਹੂਰੀ ਤੇ ਇਨਕਲਾਬੀ ਧਿਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਤੇ ਉਨ੍ਹਾਂ ਡਟਕੇ ਸਾਥ ਦੇਣ। ਸਾਥੀ ਪਾਸਲਾ ਦੇ ਨਾਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਬੁਲਾਰੇ ‘ਸੰਗਰਾਮੀ ਲਹਿਰ’ ਦੇ ਮੁੱਖ ਪ੍ਰਬੰਧਕ ਸਾਥੀ ਗੁਰਦਰਸ਼ਨ ਸਿੰਘ ਬੀਕਾ ਤੇ ਉਨ੍ਹਾਂ ਸਾਥੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਮੌਕੇ ਤੇ ਡਾ. ਪ੍ਰਦੀਪ ਜੋਧਾਂ, ਸ਼ੈਕੀ ਜੋਧਾਂ ਸਪੁੱਤਰ (ਡਾ. ਪ੍ਰਦੀਪ ਜੋਧਾਂ), ਅਮਰੀਕ ਸਿੰਘ ਗਾਂਧੀ, ਅਮਨਦੀਪ ਸਿੰਘ ਮੋਹਾਲੀ, ਜਸਪ੍ਰੀਤ ਸਿੰਘ ਮੋਹਾਲੀ, ਕਰਨ ਕਪੂਰ (ਭਤੀਜਾ ਡਾ. ਪ੍ਰਦੀਪ ਜੋਧਾਂ) ਉਕਾਂਰ ਸਿੰਘ ਚੰਡੀਗੜ੍ਹ, ਕੰਵਲਜੀਤ ਸਿੰਘ ਮੋਹਾਲੀ, ਕਵੀ ਕਪੂਰ (ਸਪੁੱਤਰ ਸ਼ੈਂਕੀ ਜੋਧਾਂ) ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
No comments:
Post a Comment