Sunday 7 February 2016

ਮੁਆਵਜ਼ਾ ਮਿਲਣ ਤੱਕ ਜਾਰੀ ਰਹੇਗਾ ਅਲਾਦੀਨਪੁਰ ਦੇ ਉਜਾੜੇ ਗਏ ਲੋਕਾਂ ਦਾ ਸੰਘਰਸ਼

ਜਸਪਾਲ ਸਿੰਘ ਝਬਾਲ 
ਪੰਜਾਬ ਸਰਕਾਰ ਵਲੋਂ ਸੂਬੇ ਦੇ ਦਲਿਤ ਬੇਜ਼ਮੀਨੇ ਮਜ਼ਦੂਰਾਂ ਨਾਲ ਕੀਤੀਆਂ ਬੇਸ਼ੁਮਾਰ ਵਧੀਕੀਆਂ 'ਚ ਬੀਤੇ ਦਿਨੀਂ ਇਕ ਹੋਰ ਕਾਲਾ ਅਧਿਆਏ ਜੁੜ ਗਿਆ। ਤਰਨ ਤਾਰਨ ਦੀ ਐਨ ਵੱਖੀ 'ਤੇ ਵਸਿਆ ਹੈ ਪਿੰਡ ਅਲਾਦੀਨਪੁਰ। ਸੁਖਬੀਰ ਬਾਦਲ ਅਤੇ ਨਰਿੰਦਰ ਮੋਦੀ ਦੇ ਰੋਜਗਾਰ ਰਹਿਤ ਵਿਕਾਸ; ਸੱਚੀ ਪੁੱਛੋ ਤਾਂ ਅਸਲ ਅਰਥਾਂ 'ਚ ਵਿਨਾਸ਼; ਦੀ ਮਾਰ ਹੇਠ ਇਸ ਪਿੰਡ ਦੇ ਦਲਿਤ ਆ ਗਏ ਹਨ। ਅੰਮ੍ਰਿਤਸਰ-ਗੰਗਾਨਗਰ ਵਾਇਆ ਬਠਿੰਡਾ ਛੇ-ਮਾਰਗੀ ਵਿਸਥਾਰ ਸਕੀਮ ਅਧੀਨ ਇਸ ਪਿੰਡ ਦੀ ਦੋਹਾਂ ਪਾਸਿਆਂ ਦੀ ਜ਼ਮੀਨ ਅਕੁਆਇਰ ਹੋਈ ਹੈ। ਅੱਜ ਦੇ ਸੰਦਰਭ 'ਚ ਇਹ ਜ਼ਮੀਨ ਕੇਵਲ ਰਿਹਾਇਸ਼ੀ ਨਾ ਹੋ ਕੇ ਵਪਾਰਕ ਬਣ ਚੁੱਕੀ ਹੈ ਅਤੇ ਬਜਾਰੀ ਕੀਮਤ ਅਨੁਸਾਰ ਬਹੁਤ ਮਹਿੰਗੀ ਹੈ। ਜ਼ਮੀਨ ਅਕੁਆਇਰ ਹੋਣ ਵਾਲੇ ਪਰਵਾਰਾਂ ਦੇ ਵੱਡੇ ਹਿੱਸੇ ਨੂੰ ਮਨਮਰਜ਼ੀ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਪਰ ਪਿੰਡ ਦੇ ਦਲਿਤ ਪਰਿਵਾਰਾਂ ਨੂੰ ਕਾਣੀ ਕੌਡੀ ਵੀ ਅਦਾ ਨਹੀਂ ਕੀਤੀ ਗਈ। ਦਲੀਲ ਇਹ ਦਿੱਤੀ ਗਈ ਹੈ ਕਿ ਇਨ੍ਹਾਂ ਮਜ਼ਦੂਰਾਂ ਕੋਲ ਮਾਲਕੀ ਹੱਕ ਨਹੀਂ ਹਨ। ਇਸ ਜਾਲਿਮ ਦਲੀਲ ਦਾ ਸਿੱਧਾ ਸਾਦਾ ਭਾਵ ਇਹ ਹੈ ਕਿ ਮਾਲਕੀ ਹੱਕ ਤੋਂ ਵਾਂਝੇ ਲੋਕਾਂ ਨੂੰ ਜਿਵੇਂ ਮਰਜੀ ਲੁੱਟਿਆ-ਕੁਟਿਆ ਅਤੇ ਉਜਾੜਿਆ ਜਾ ਸਕਦਾ ਹੈ। ਇਸ ਘਟੀਆ ਦਲੀਲ ਦਾ ਅਗਲਾ ਭਾਵ ਵਿਸਥਾਰ ਇਹ ਹੈ ਕਿ ਮਾਲਕੀ ਹੱਕਾਂ ਤੋਂ ਵਾਂਝੇ ਲੋਕ ਅਵਾਰਾ ਪਸ਼ੂਆਂ ਬਰਾਬਰ ਹਨ ਜਿਨ੍ਹਾਂ ਨੂੰ ਜਦੋਂ ਮਰਜ਼ੀ ਡੰਡੇ ਨਾਲ ਹਿੱਕ ਕੇ ਜਿੱਧਰ ਮਰਜ਼ੀ ਭਜਾ ਦਿਓ। ਅਜੋਕੇ ਕਾਰਪੋਰੇਟ ਮਾਡਲ ਨੇ ਇਕੱਲਾ ਅਲਾਦੀਨ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਦੇ ਅਨੇਕਾਂ ਪਿੰਡਾਂ/ਕਸਬਿਆਂ/ਸ਼ਹਿਰਾਂ ਦੇ ਵਾਸੀਆਂ ਦਾ ਇਸੇ ਤਰ੍ਹਾਂ ਹੀ ਘਾਣ ਕਰਨਾ ਹੈ ਅਤੇ ਪਹਿਲਾਂ ਅਨੇਕਾਂ ਥਾਵਾਂ 'ਤੇ ਹੋ ਵੀ ਚੁੱਕਾ ਹੈ। ਜਿਵੇਂ ਕਿ ਕੋਟਕਪੂਰੇ ਨੇੜੇ ਕਸਬਾ ਢਿੱਲਵਾਂ ਤੋਂ ਟਹਿਣੇ ਤੱਕ ਬਣਨ ਵਾਲੇ ਲਗਭਗ 10 ਕਿਲੋਮੀਟਰ ਲੰਬੇ ਫਲਾਈਓਵਰ ਲਈ ਅਕੁਆਇਰ ਕੀਤੇ ਰਕਬੇ 'ਚੋਂ ਉਜਾੜੇ ਗਏ ਲੋਕਾਂ ਨਾਲ ਹੋਈ ਬੀਤੀ ਹੈ।
ਅਲਾਦੀਨਪੁਰ ਦੇ ਮੁਆਵਜ਼ਾ ਵਿਹੂਣੇ ਲੋਕਾਂ ਨੇ ਸ਼ਾਸਨ/ਪ੍ਰਸ਼ਾਸ਼ਨ ਦੀ ਇਸ ਨਕਾਰਾ ਦਲੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਹ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਸੰਘਰਸ਼ ਦੇ ਮੈਦਾਨ ਵਿਚ ਕੁੱਦ ਪਏ ਹਨ। ਇਸ ਤੋਂ ਪਹਿਲਾਂ, ਗੋਬਿੰਦਪੁਰਾ ਨੇੜੇ ਬਰੇਟਾ, ਜ਼ਿਲ੍ਹਾ ਮਾਨਸਾ ਦੇ ਮਜ਼ਦੂਰ ਥਰਮਲ ਪਲਾਂਟ ਲਈ ਜ਼ਮੀਨ ਅਕੁਆਇਰ ਹੋਣ ਵੇਲੇ ਮਾਲਕੀ ਹੱਕ ਨਾ ਹੋਣ ਦੇ ਬਾਵਜੂਦ ਉਜਾੜੇ ਦਾ ਮੁਆਵਜ਼ਾ ਲੈਣ ਦਾ ਸੰਗਰਾਮ ਜਿੱਤ ਚੁੱਕੇ ਹਨ। ਅਲਾਦੀਨਪੁਰ ਦੇ ਆਲ-ਦੁਆਲੇ ਦੇ ਪਿੰਡਾਂ 'ਚੋਂ ਨੈਤਿਕ ਸਮਰਥਨ, ਧਰਨਾਕਾਰੀਆਂ ਲਈ ਰਾਸ਼ਨ, ਮੋਰਚੇ ਦੀਆਂ ਲੋੜਾਂ ਅਨੁਸਾਰ ਪੈਸੇ ਜੁਟਾਉਣ ਲਈ ਮੁਹਿੰਮ ਚੱਲ ਰਹੀ ਹੈ ਅਤੇ ਐਸ.ਡੀ.ਐਮ. ਤਰਨ ਤਾਰਨ ਦਫਤਰ ਅੱਗੇ ਦਿਨ-ਰਾਤ ਦਾ ਧਰਨਾ ਪਿਛਲੇ ਲਗਭਗ ਪੱਚੀਆਂ ਦਿਨਾਂ ਤੋਂ ਚਲ ਰਿਹਾ ਹੈ।
ਇਸ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਦੇ ਗੇੜ ਵੀ ਚੱਲੇ, ਜਿਸ ਵਿਚ ਰਾਜ ਕਰਦੀ ਸਿਆਸੀ ਧਿਰ ਵਲੋਂ ਵੀ ਨੁਮਾਇੰਦੇ ਹਾਜ਼ਰ ਹੁੰਦੇ ਰਹੇ ਪਰ ਹਾਲੇ ਤੱਕ ਸਾਰੀ ਗੱਲਬਾਤ ਬੇਸਿੱਟਾ ਰਹੀ ਹੈ। ਹੋਰਨਾਂ ਤੋਂ ਇਨਾਵਾ ਗੱਲਬਾਤ ਦੇ ਫੇਲ ਹੋਣ ਦਾ ਕਾਰਨ ਖਡੂਰ ਸਾਹਿਬ ਹਲਕੇ ਦੀ ਉਪ ਚੋਣ ਲਈ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਦਾ ਹੈਂਕੜ ਭਰਪੂਰ ਰਵੱਈਆ ਵੀ ਹੈ, ਜਿਸ ਕਰਕੇ ਮੀਟਿੰਗਾਂ ਦਾ ਮਾਹੌਲ ਤਣਾਅਪੂਰਨ ਹੋ ਗਿਆ ਸੀ। ਰਵਿੰਦਰ ਧਰਨਾਕਾਰੀਆਂ ਨੂੰ ਸਿੱਝ ਲੈਣ ਦੀ ਧਮਕੀ ਦੇਣ ਤੱਕ ਦੀਆਂ ਨਿਵਾਣਾਂ ਤੱਕ ਉਤਰ ਗਿਆ। ਦਿਹਾਤੀ ਮਜ਼ਦੂਰ ਸਭਾ ਨੇ ਇਸ ਘੋਲ ਨੂੰ ਸੂਬਾਈ ਘੋਲ ਵਿਚ ਤਬਦੀਲ ਕਰਦਿਆਂ ਆਉਂਦੀ ਤਿੰਨ ਫਰਵਰੀ ਨੂੰ ਤਰਨ ਤਾਰਨ ਵਿਖੇ ਸੂਬਾਈ ਰੈਲੀ ਕਰਨ ਦਾ ਫੈਸਲਾ ਕੀਤਾ ਹੈ।
ਸੀ.ਟੀ.ਯੂ. ਪੰਜਾਬ, ਜਮਹੂਰੀ ਕਿਸਾਨ ਸਭਾ, ਜਨਵਾਦੀ ਇਸਤਰੀ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਤੋਂ ਬਿਨਾਂ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਘੋਲ ਨੂੰ ਸਮਰਥਨ ਦਾ ਐਲਾਨ ਕਰਨ ਲਈ ਤਿੰਨ ਫਰਵਰੀ ਦੀ ਸੂਬਾਈ ਰੈਲੀ ਵਿਚ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ-ਪਿੰਡ ਸੂਬਾ ਸਰਕਾਰ ਦੇ ਪੁਤਲੇ ਫੂਕਦਿਆਂ ਹਕੂਮਤ ਦੀ ਮਜ਼ਦੂਰ ਵਿਰੋਧੀ ਪਹੁੰਚ ਨੂੂੰ ਬੇਪਰਦ ਕੀਤਾ ਜਾਵੇਗਾ।
ਇਸ ਦੌਰਾਨ ਅੰਦੋਲਨਕਾਰੀ ਮਜ਼ਦੂਰ ਪਰਵਾਰਾਂ ਅਤੇ ਆਗੂਆਂ ਦੇ ਹੌਂਸਲੇ ਬੁਲੰਦ ਹਨ। ਇਨ੍ਹਾਂ ਪਰਿਵਾਰਾਂ ਨੇ ਲੋਹੜੀ ਦਾ ਤਿਉਹਾਰ ਵੀ ਧਰਨਾ ਸਥਾਨ 'ਤੇ ਮਨਾਇਆ, ਜਿੱਥੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਉਚੇਚੇ ਪੁੱਜੇ।
ਤਕਰੀਬਨ ਰੋਜ ਤਰਨ ਤਾਰਨ ਸ਼ਹਿਰ 'ਚ ਹਾਕਮ ਧਿਰ ਦੀ ਧੱਕੋਜ਼ੋਰੀ ਖਿਲਾਫ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ਼ਹਿਰਵਾਸੀ ਫੰਡ ਦੇ ਰੂਪ ਵਿਚ ਅੰਦੋਲਨਕਾਰੀਆਂ ਦੀ ਇਮਦਾਦ ਕਰ ਰਹੇ ਹਨ।
ਸਰਕਾਰ ਦੀ ਧੱਕੜਸ਼ਾਹੀ ਖਿਲਾਫ ਵਧੇਰੇ ਲੋਕਾਂ ਦਾ ਸਹਿਯੋਗ ਲੈਣ ਲਈ ਪਿੰਡਾਂ ਵਿਚ ''ਪੋਲ ਖੋਲ੍ਹ ਮਾਰਚ'' ਕੀਤਾ ਜਾ ਰਿਹਾ ਹੈ। ਦਰਜ਼ਨਾਂ ਦੋਪਹੀਆ ਵਾਹਨਾਂ ਅਤੇ ਚਿੱਟੇ ਹਾਥੀਆਂ 'ਚ ਸਵਾਰ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁੰਨ ਇਸ ਮਾਰਚ ਦੀ ਅਗਵਾਈ ਕਰਦੇ ਹਨ।
ਅਸੀਂ ਸਭਨਾਂ ਇਨਸਾਫ ਪਸੰਦ, ਸੰਗਰਾਮੀ ਧਿਰਾਂ ਨੂੰ ਅਲਾਦੀਨਪੁਰ ਦੇ ਬਿਨ੍ਹਾਂ ਕਸੂਰ ਉਜਾੜੇ ਗਏ ਬੇਜ਼ਮੀਨੇ ਮਜ਼ਦੂਰਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਨ ਅਤੇ ਘੋਲ ਦੀ ਸਫਲਤਾ ਲਈ ਹਰ ਪੱਖ ਦੇ ਸਹਿਯੋਗ ਦੀ ਅਪੀਲ ਕਰਦੇ ਹਾਂ।

No comments:

Post a Comment