ਪਟਿਆਲਾ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਅੱਜ ਇਥੇ ਕਨਵੈਨਸ਼ਨ ਕੀਤੀ ਗਈ। ਜਿਸ ਨੂੰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ।
ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ, ਜਿਸ ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਅਤੇ ਆਰਐੱਮਪੀਆਈ ਵਲੋਂ ਦੇਸ਼ ਅੰਦਰ ਵੱਧ ਰਹੇ ਫਾਸ਼ੀ ਹਮਲਿਆਂ ਅਤੇ ਪੰਜਾਬ ਅੰਦਰ ਵੱਧ ਰਹੇ ਪੰਜਾਬ ਜ਼ਬਰ ਖ਼ਿਲਾਫ਼ ਇੱਥੋਂ ਦੇ ਪ੍ਰਭਾਤ ਪਰਵਾਨਾ ਹਾਲ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ।
ਕਨਵੈਨਸ਼ਨ ਦੀ ਪ੍ਰਧਾਨਗੀ ਭਾਰਤੀ ਕਮਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ , ਭਾਰਤੀ ਕਮਿਉਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਆਰਐੱਮਪੀਆਈ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਹਰੀ ਸਿੰਘ ਦਾਉਨ ਕਲਾਂ, ਜਗਤਾਰ ਸਿੰਘ ਫਤਹਿਮਾਜਰੀ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਆਪਣੇ ਪਹਿਲੇ ਕਾਰਜ਼ਕਾਲ ਦੌਰਾਨ ਉੱਚ ਸੰਸਥਾਵਾਂ ਉੱਤੇ ਆਪਣੀ ਹਿੰਦੂਤਵ ਵਿਚਾਰਧਾਰਾ ਵਾਲੇ ਮੁੱਖੀਆਂ ਨੂੰ ਲਗਾਇਆ ਗਿਆ। ਇਤਿਹਾਸ ਨੂੰ ਵਿਗਾੜ ਕੇ ਮਿਥਿਹਾਸ ਲਿਖਣ ਵਾਲਿਆਂ ਨੂੰ ਲਗਾਇਆ ਗਿਆ। ਘੱਟ ਗਿਣਤੀਆਂ ਖਾਸਕਰ ਮੁਸਲਮਾਨ ਭਾਈਚਾਰੇ ਉੱਪਰ ਬੀਜੇਪੀ ਦੇ ਆਗੂਆਂ ਵਲੋਂ ਨਫਰਤੀ ਭਾਸ਼ਣਬਾਜ਼ੀ ਕੀਤੀ ਜਾਂਦੀ ਹੈ,ਗਊ ਰੱਖਿਆ ਦੇ ਨਾਮ ਤੇ ਭੀੜ ਵਲੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ ਆਦਿ ਘਟਨਾਵਾਂ ਸ਼ਾਮਲ ਹਨ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਆਉਣ ਦੇ ਪਿੱਛੇ ਵੀ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਹੈ। ਬਿਹਾਰ ਵਿੱਚ ਚੋਣਾਂ ਵਿੱਚ ਵੋਟਾਂ ਦਾ ਨਿਰੀਖਣ ਕਰਨ ਦੇ ਨਾਮ ਹੇਠ ਵੱਡੇ ਪੱਧਰ ਤੇ ਵੋਟਾਂ ਨੂੰ ਕੱਟਣਾ ਵੀ ਇਕ ਫਾਸ਼ੀ ਹਮਲਾ ਹੈ। ਜੰਮੂ ਕਸ਼ਮੀਰ ਵਿੱਚ ਧਾਰਾ 370 ਤੋੜਨਾ, ਸੂਬੇ ਦਾ ਦਰਜਾ ਖਤਮ ਕਰਨਾ, ਆਪਣੇ ਹਿੱਤਾਂ ਅਨੁਸਾਰ ਸੁਪਰੀਮ ਕੋਰਟ ਤੋਂ ਫੈਸਲੇ ਕਰਵਾਉਣਾ , ਅਦਾਲਤਾਂ ਅੰਦਰ ਜੱਜਾਂ ਦੀਆਂ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨਾ ਆਦਿ ਫਾਸ਼ੀ ਹਮਲੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮਾਓਵਾਦੀਆਂ ਨੂੰ 2026 ਤੱਕ ਮਾਰ ਮੁਕਾਉਣ ਦੀ ਨੀਤੀ ਆਪਣੇ ਦੇਸ਼ ਦੇ ਹੀ ਲੋਕਾਂ ਨੂੰ ਜਲ,ਜੰਗਲ ਅਤੇ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਖਤਮ ਕਰਨ ਦੀ ਨੀਤੀ ਹੈ। ਮਤਲਬ ਸਾਫ਼ ਹੈ ਕਿ ਹਰ ਵਿਰੋਧ ਦੀ ਆਵਾਜ਼ ਨੂੰ ਡੰਡੇ ਤੇ ਗੋਲੀ ਨਾਲ ਦਬਾਉਣ ਦਾ ਢੰਗ ਵਰਤਿਆ ਜਾਵੇਗਾ। ਆਦਿਵਾਸੀਆਂ ਦੇ ਹੱਕ ਵਿੱਚ ਅਤੇ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀ, ਪੱਤਰਕਾਰ, ਲੇਖਕਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਨਜਾਇਜ਼ ਜੇਲਾਂ ਵਿੱਚ ਡੱਕਿਆ ਹੋਇਆ। ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਸਮੂਹ ਲੋਕਾਂ ਨੂੰ ਇਸ ਫਾਸ਼ੀਵਾਦੀ ਰੁਝਾਨ ਵਿਰੁੱਧ ਡਟਣ ਦਾ ਸੁਨੇਹਾ ਦਿੱਤਾ।
No comments:
Post a Comment