ਲੁਧਿਆਣਾ: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਇਥੋਂ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਰੁਲਦੂ ਸਿੰਘ ਮਾਨਸਾ, ਬਲਜੀਤ ਸਿੰਘ ਗਰੇਵਾਲ ਅਤੇ ਬੂਟਾ ਸਿੰਘ ਸ਼ਾਦੀਪੁਰ ਨੇ ਕੀਤੀ।
ਮੀਟਿੰਗ ਵਿੱਚ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਦਾ ਮਸਲਾ ਵਿਚਾਰਿਆ ਗਿਆ। ਮੀਟਿੰਗ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਲੈਂਡ ਪੂਲਿੰਗ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਸਿੱਧਾ ਡਾਕਾ ਸੀ ਅਤੇ ਇਹ ਕਾਰਪੋਰੇਟ ਘਰਾਣਿਆਂ ਦੀ ਇੱਛਾ ਅਨੁਸਾਰ ਕਿਸਾਨਾਂ ਦੀ ਜ਼ਮੀਨ ਖੋਹ ਕੇ ਲੈਂਡ ਬੈਂਕ ਬਣਾਉਣ ਵੱਲ ਸੇਧਿਤ ਸੀ। ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀ ਮੱਦਦ ਨਾਲ ਇਸ ਦੇ ਖਿਲਾਫ ਘੋਲ ਲੜਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਰੱਦ ਨਾ ਕੀਤੇ ਜਾਣ ਤੇ ਐਸਕੇਐਮ ਨੇ ਅਲਟੀਮੇਟਮ ਦਿੱਤਾ ਤਾਂ ਪੰਜਾਬ ਸਰਕਾਰ ਨੇ ਤੁਰੰਤ ਹੀ ਨੋਟੀਫਿਕੇਸ਼ਨ ਰੱਦ ਕਰ ਦਿੱਤੇ ਹਨ। ਐਸਕੇਐਮ ਨੇ ਇਸ ਸ਼ਾਨਦਾਰ ਜਿੱਤ ਲਈ ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਧੰਨਵਾਦ ਕੀਤਾ। ਹੁਣ 24 ਅਗਸਤ ਨੂੰ ਸਮਰਾਲਾ ਵਿਖੇ ਜੇਤੂ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ।
ਦੂਸਰੇ ਏਜੰਡੇ ਵਿੱਚ ਐੱਸਕੇਐੱਮ ਵਿੱਚ ਸ਼ਾਮਿਲ ਦੋ ਜਥੇਬੰਦੀਆਂ ਦੇ ਆਗੂਆਂ ਕੁਲਦੀਪ ਸਿੰਘ ਵਜੀਦਪੁਰ ਅਤੇ ਕਿਰਪਾ ਸਿੰਘ ਨੱਥੂਵਾਲਾ ਵੱਲੋਂ, ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੀਟਿੰਗ ਵਿੱਚ ਜਾਣ ਅਤੇ ਮੋਦੀ ਦਾ ਧੰਨਵਾਦ ਕਰਨ ਦਾ ਏਜੰਡਾ ਵਿਚਾਰਿਆ ਗਿਆ। ਮੀਟਿੰਗ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਇਹ ਆਗੂ ਪਹਿਲਾਂ ਵੀ ਕੇਂਦਰ ਸਰਕਾਰ ਦੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਦੱਸੇ ਤੋਂ ਬਿਨਾਂ ਚਲੇ ਗਏ ਸਨ, ਹੁਣ ਦੁਬਾਰਾ ਫਿਰ ਇਹ ਜਾਣ ਬੁੱਝ ਕੇ ਉਸ ਮੀਟਿੰਗ ਵਿੱਚ ਗਏ ਹਨ। ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਭਾਰਤ, ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕ ਰਿਹਾ ਸੀ ਅਤੇ ਇਹ ਦੋਵੇਂ ਆਗੂ ਕੇਂਦਰੀ ਖੇਤੀ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਸਨ। ਮੀਟਿੰਗ ਨੇ ਸਰਬ ਸੰਮਤੀ ਨਾਲ ਇਸ ਦੀ ਘੋਰ ਨਿਖੇਧੀ ਕਰਦਿਆਂ ਦੋਵੇਂ ਜਥੇਬੰਦੀਆਂ ਦੁਆਬਾ ਕਿਸਾਨ ਯੂਨੀਅਨ ਅਤੇ ਆਈਪੀਡੀ ਕਿਸਾਨ ਬਚਾਓ ਮੋਰਚਾ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਬਾਹਰ ਕਰ ਦਿੱਤਾ।
ਗੰਨਾ ਪੈਦਾ ਕਰਨ ਵਾਲੇ ਕਿਸਾਨਾਂ ਦੀ ਬਕਾਇਆ ਰਾਸ਼ੀ ਦੇ ਸੰਬੰਧ ਵਿੱਚ 19 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ, ਉਹ 24 ਅਗਸਤ ਦੀ ਰੈਲੀ ਨੂੰ ਮੁੱਖ ਰੱਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ। 21 ਅਗਸਤ ਤੱਕ ਜੇਕਰ ਸਰਕਾਰ ਗੰਨਾ ਪੈਦਾ ਕਰਨ ਵਾਲੇ ਕਿਸਾਨਾਂ ਦੇ ਬਕਾਏ ਅਦਾ ਨਹੀਂ ਕਰਦੀ ਤਾਂ ਸਮਰਾਲੇ ਦੀ ਮਹਾਂ ਰੈਲੀ ਵਿੱਚ ਸਟੇਜ ਤੋ ਸੰਯੁਕਤ ਕਿਸਾਨ ਮੋਰਚਾ ਇਸ ਸਬੰਧੀ ਸੰਘਰਸ਼ ਪ੍ਰੋਗਰਾਮ ਦਾ ਐਲਾਨ ਕਰੇਗਾ।
ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਹੜ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਮੀਟਿੰਗ ਵਿੱਚ ਕੱਚੇ ਅਧਿਆਪਕਾਂ ਦਾ ਮਸਲਾ ਵੀ ਵਿਚਾਰਿਆ ਗਿਆ। ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਜਬਰ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਦੀ ਗੱਲ ਸੁਣ ਕੇ ਉਹਨਾਂ ਦੀਆਂ ਮੰਗਾਂ ਮੰਨੇ ਅਤੇ ਤਨਖਾਹ ਸਕੇਲ ਲਾਗੂ ਕੀਤੇ ਜਾਣ।
ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀ ਕੇ, ਹਰਮੀਤ ਸਿੰਘ ਕਾਦੀਆਂ,
ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਬੁਰਜ ਗਿੱਲ, ਅੰਗਰੇਜ਼ ਸਿੰਘ ਭਦੌੜ , ਡਾ: ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਸੰਧੂ, ਜੰਗਵੀਰ ਸਿੰਘ ਚੌਹਾਨ, ਡਾ ਦਰਸ਼ਨਪਾਲ, ਫੁਰਮਾਨ ਸਿੰਘ ਸੰਧੂ, ਪ੍ਰੇਮ ਸਿੰਘ ਭੰਗੂ, ਮਲੂਕ ਸਿੰਘ ਹੀਰਕੇ, ਵੀਰ ਸਿੰਘ ਬੜਵਾ, ਬੋਘ ਸਿੰਘ ਮਾਨਸਾ, ਸੁਖਦੇਵ ਸਿੰਘ ਅਰਾਈਆਂਵਾਲਾ, ਨਿਰਵੈਲ ਸਿੰਘ ਡਾਲੇਕੇ, ਬਲਦੇਵ ਸਿੰਘ ਲਤਾਲਾ, ਗੁਰਮੀਤ ਸਿੰਘ ਗੋਲੇ ਵਾਲਾ, ਦਲਵੀਰ ਸਿੰਘ ਬੇਦਾਦਪੁਰ, ਸੋਨੂੰ ਢੱਡਾ, ਕੇਵਲ ਸਿੰਘ ਖਹਿਰਾ, ਰਮਿੰਦਰ ਸਿੰਘ ਪਟਿਆਲਾ, ਗੁਰਨਾਮ ਸਿੰਘ ਭੀਖੀ, ਮੁਕੇਸ਼ ਚੰਦਰ ਸ਼ਰਮਾ, ਵੀਰਪਾਲ ਸਿੰਘ ਹਾਜ਼ਰ ਸਨ।
No comments:
Post a Comment