ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਪੰਜਾਬ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਯਾਦ ਕਰਵਾਉਂਦਾ ਯਾਦ ਪੱਤਰ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਰਾਹੀਂ ਸਰਕਾਰ ਨੂੰ ਭੇਜਿਆ ਗਿਆ। ਇਸ ਮੌਕੇ ਨੌਜਵਾਨਾਂ ਦੀ ਅਗਵਾਈ ਮੱਖਣ ਸੰਗਰਮੀ, ਗਗਨਦੀਪ ਗੱਗਾ, ਅਮਰੀਕ ਰੁੜਕਾ, ਬਲਦੇਵ ਸਾਹਨੀ ਨੇ ਕੀਤੀ। ਇਸ ਤੋਂ ਪਹਿਲਾ ਨੌਜਵਾਨਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਵੀ ਕੀਤਾ ਗਿਆ। ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 28 ਸਤੰਬਰ ਤੋਂ ਖਟਕੜ ਕਲਾਂ ਤੋਂ ਨੌਜਵਾਨ ਸਭਾ ਮੋਰਚਾ ਲਗਾਉਣ ਜਾ ਰਹੀ ਹੈ। ਜਿਸ ਲਈ ਪਹਿਲਾ ਹੀ ਤਹਿਸੀਲ ਕੇਂਦਰਾਂ ਤੋਂ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੌਜਵਾਨ ਵਿਰੋਧੀ ਨੀਤੀਆਂ ਕਾਰਨ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ ਅਤੇ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਸਿਹਤ ਸੇਵਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਕਾਰਨ ਨੌਜਵਾਨਾਂ ਨੂੰ ਬੁਨਿਆਦੀ ਮੁੱਦਿਆਂ ਤੋਂ ਵਾਂਝੇ ਰੱਖ ਕੇ ਨਸ਼ਿਆ ਅਤੇ ਗੁੰਡਾਗਰਦੀ ਵਿੱਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚੋਣਾਂ ਸਮੇਂ ਨੌਜਵਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਬੇਰੁਜਗਾਰੀ ਭੱਤਾ ਦੇਣ ਤੋਂ ਮੁਕਰਨ ਦੀ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ।
ਇਸ ਮੌਕੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦੁਆਰਾ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਰੌਲਾ ਪਾਇਆ ਜਾ ਰਿਹਾ ਹੈ ਉਹ ਕੇਵਲ ਇਕ ਡਰਾਮਾ ਹੈ, ਕਿਉਂਕਿ ਸਿਆਸੀ, ਪੁਲੀਸ, ਨਸ਼ਾ ਸਮਗਲਾਰ ਗੱਠਜੋੜ ਜਿਉ ਦਾ ਤਿਓ ਬਰਕਰਾਰ ਹੈ। ਸਿਰਫ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਹੀ ਜੇਲ੍ਹਾਂ ਵਿੱਚ ਸੁੱਟਿਆਂ ਜਾ ਰਿਹਾ ਹੈ।
ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਤੁਰੰਤ ਪੂਰੇ ਕੀਤੇ ਜਾਣ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ 'ਚ ਸ਼ਾਮਲ ਕੀਤਾ ਜਾਵੇ, ਵਿਦਿਆ ਦਾ ਵਪਾਰੀਕਰਨ/ਨਿੱਜੀਕਰਨ ਬੰਦ ਕੀਤਾ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ 'ਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ, ਪੋਸਟ ਗਰੈਜੁਏਸ਼ਨ ਤੱਕ ਦੀ ਮਿਆਰੀ ਸਿੱਖਿਆ ਮੁਫ਼ਤ ਇਕਸਾਰ ਦਿੱਤੀ ਜਾਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਵਿਦਿਆਰਥੀ ਬੱਸ-ਪਾਸ ਸਹੂਲਤ ਹਰ ਸਰਕਾਰੀ ਅਤੇ ਨਿੱਜੀ ਬਸ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇ, ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਦੂਰ ਕਰਕੇ ਲੋੜਵੰਦਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ, ਬੇਰੁਜ਼ਗਾਰੀ ਭੱਤਾ ਯੋਗਤਾ ਅਨੁਸਾਰ ਤਨਖਾਹ ਦਾ ਘੱਟੋ ਘੱਟ ਅੱਧਾ ਦਿੱਤਾ ਜਾਵੇ, ਨਸ਼ਿਆਂ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ ਅਤੇ ਨਸ਼ਾ ਸਮਗਲਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾਣ, ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਨੌਜਵਾਨ ਆਗੂਆਂ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ, ਵਿੱਦਿਆ, ਵਿਗਿਆਨਕ ਵਿਚਾਰਾਂ, ਪ੍ਰਗਤੀਵਾਦੀ ਸਰੋਕਾਰਾਂ ਨਾਲ ਲੈਂਸ ਕਰਨ ਦੀ ਸੰਘ ਪਰਵਾਰ ਦੀ ਅਗਵਾਈ ਵਿਚ ਫਿਰਕੂ ਸੰਗਠਨਾਂ ਵਲੋਂ ਕੀਤੇ ਜਾ ਰਹੇ ਫਿਰਕੂ ਹਮਲੇ ਜੋ ਦੇਸ਼ ਅਤੇ ਨੌਜਵਾਨਾਂ ਦੇ ਭਵਿੱਖ ਲਈ ਅਤੀ ਘਾਤਕ ਹੈ।
ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ, ਜੱਸਾ ਰੁੜਕਾ, ਸਨੀ ਜੱਸਲ, ਸੰਦੀਪ ਫਿਲੌਰ, ਓਂਕਾਰ ਬਿਰਦੀ, ਗੁਰਿੰਦਰਜੀਤ ਗੈਰੀ, ਲਖਵੀਰ ਖੋਖੇਵਾਲ, ਰਿੱਕੀ ਮਿਓਵਾਲ, ਰਸ਼ਪਾਲ ਬਿਰਦੀ, ਲਵਰਾਜ ਬੇਗਮਪੁਰਾ, ਜੋਗਾ ਸੰਗੋਵਾਲ, ਜਸਬੀਰ ਢੇਸੀ, ਪਾਰਸ ਫ਼ਿਲੌਰ, ਓਮੇਸ਼ ਸਿਮਕ ਆਦਿ ਹਾਜ਼ਰ ਸਨ।
No comments:
Post a Comment