Saturday, 23 August 2025

27 ਅਗਸਤ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦਾ ਐਲਾਨ

 


ਰਈਆ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵਲੋਂ 27 ਅਗਸਤ ਨੂੰ ਪੁਲਿਸ ਥਾਣਾ ਬਿਆਸ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। 

ਇਸ ਬਾਰੇ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੂਬਾਈ ਕਨਵੀਨਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਪਿੰਡ ਟੌਂਗ ਦੀਆਂ ਵਸਨੀਕ ਮਜ਼ਦੂਰ ਔਰਤਾਂ ਨਰਿੰਦਰ ਕੌਰ ਅਤੇ ਪਰਮਜੀਤ ਕੌਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿੱਚ ਦੋਹਾਂ ਔਰਤਾਂ ਦੀਆਂ ਬਾਹਾਂ ਟੁੱਟ ਗਈਆਂ ਜੋ ਉਸੇ ਸਮੇਂ ਹੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਇਲਾਜ ਲਈ ਭਰਤੀ ਹੋਈਆਂ ਪਰ 20 ਦਿਨ ਬੀਤਣ ਉਪਰੰਤ ਵੀ ਉਹਨਾਂ ਦੀਆਂ ਸੱਟਾਂ ਦਾ ਕੋਈ ਨਤੀਜਾ ਨਹੀਂ ਦਿੱਤਾ ਗਿਆ। ਇਸ ਸਬੰਧੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਰੋਸ ਧਰਨਾ ਦਿੱਤਾ ਗਿਆ, ਜਿਸ ਉਪਰੰਤ ਐੱਸਐੱਮਓ ਵੱਲੋਂ ਸੱਟਾਂ ਦੀ ਪੁਸ਼ਟੀ ਕਰਦੀ ਮੈਡੀਕਲ ਰਿਪੋਰਟ ਦਿੱਤੀ ਗਈ। ਇਸ ਉਪਰੰਤ ਜਥੇਬੰਦੀਆਂ ਦੇ ਆਗੂਆਂ ਵਲੋਂ ਡੀਐੱਸਪੀ ਬਾਬਾ ਬਕਾਲਾ ਸਾਹਿਬ, ਥਾਣਾ ਮੁਖੀ ਬਿਆਸ ਨੂੰ ਉਕਤ ਮਾਮਲੇ ਦੀ ਜਾਣਕਾਰੀ ਦਿੰਦਿਆਂ ਇਨਸਾਫ ਦੀ ਮੰਗ ਕੀਤੀ। ਥਾਣਾ ਮੁਖੀ ਬਿਆਸ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਕਾਰਵਾਈ ਕਰਨ ਦਾ ਯਕੀਨ ਦਿਵਾਇਆ ਗਿਆ ਪਰ ਹਲਕਾ ਵਿਧਾਇਕ ਦੇ ਦਬਾਅ ਹੇਠ ਪੀੜ੍ਹਤ ਔਰਤਾਂ ਨੂੰ ਇਨਸਾਫ਼ ਦੇਣ ਦੀ ਥਾਂ ਪੀੜ੍ਹਤ ਔਰਤਾਂ ਸਮੇਤ 10 ਪਰਿਵਾਰਕ ਮੈਂਬਰਾਂ ‘ਤੇ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਜੋ ਕਿ ਘੋਰ ਬੇਇਨਸਾਫੀ ਹੈ।

ਆਗੂਆਂ ਨੇ ਦੱਸਿਆ ਕਿ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ 27 ਅਗਸਤ ਨੂੰ ਥਾਣਾ ਬਿਆਸ ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਮਾਰਿਆ ਜਾਵੇਗਾ ਜੋ ਇਨਸਾਫ਼ ਪ੍ਰਾਪਤੀ ਤੱਕ ਜਾਰੀ ਰਹੇਗਾ।

ਇਸ ਮੌਕੇ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿਮੋਵਾਲ, ਬਲਦੇਵ ਸਿੰਘ ਸੈਦਪੁਰ, ਗੁਰਨਾਮ ਸਿੰਘ ਭਿੰਡਰ, ਸਵਿੰਦਰ ਸਿੰਘ ਖਹਿਰਾ, ਪਰਗਟ ਸਿੰਘ ਟੌਂਗ, ਰਸ਼ਪਾਲ ਸਿੰਘ ਬਟਾਰੀ, ਸੱਜਣ ਸਿੰਘ ਤਿੰਮੋਵਾਲ, ਪਲਵਿੰਦਰ ਸਿੰਘ ਮਹਿਸਮਪੁਰ, ਕੇਵਲ ਸਿੰਘ ਸੱਤੋਵਾਲ, ਹਰਭਜਨ ਸਿੰਘ ਫੇਰੂਮਾਨ ਆਦਿ ਆਗੂਆਂ ਨੇ ਕਿਹਾ ਕਿ ਧਰਨੇ ਨੂੰ ਸਫਲ ਬਣਾਉਣ ਲਈ ਪਿੰਡ ਪਿੰਡ ਮੀਟਿੰਗਾਂ ਕਰਕੇ ਕਿਰਤੀ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।

No comments:

Post a Comment