Sunday 7 February 2016

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਫਰਵਰੀ 2016)

ਪਾਕਿਸਤਾਨੀ ਊਰਦੂ ਕਹਾਣੀ
 
ਆਖਰੀ ਮੌਤ
 
- ਉਮਰਾਓ ਤਾਰਿਕ 
ਉਹਦੀ ਕਬਰ ਜਿੱਥੇ ਪੁੱਟੀ ਜਾ ਰਹੀ ਸੀ ਉਹ ਥਾਂ ਬਹੁਤ ਈ ਉਚੀ ਨੀਵੀਂ ਸੀ ਤੇ ਇਕ ਹਫਤੇ ਤੋਂ ਲਗਾਤਾਰ ਮੀਂਹ ਪਈ ਜਾ ਰਿਹਾ ਸੀ। ਜਿਹੜੀ ਥਾਂ 'ਤੇ ਉਹਦੀ ਕਬਰ ਪੁੱਟੀ ਜਾ ਰਹੀ ਸੀ ਉਹ ਕਬਰਿਸਤਾਨ ਦੀ ਪੱਕੀ ਚਾਰਦੀਵਾਰੀ ਦੇ ਕੋਲ ਪਿੱਛੇ ਜਾ ਕੇ ਸੀ। ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਮੀਂਹ ਦਾ ਪਾਣੀ ਖਲੋਤਾ ਹੋਇਆ ਸੀ ਅਤੇ ਚੌਥੇ ਪਾਸੇ ਕਿੱਕਰ ਦੀਆਂ ਝਾੜੀਆਂ ਸਨ। ਉਤਲੇ ਪਾਸੇ ਨਿੱਕੀਆਂ ਵੱਡੀਆਂ ਕਬਰਾਂ ਸਨ ਜਿਨ੍ਹਾਂ ਦੀ ਕੋਈ ਤਰਤੀਬ ਨਹੀਂ ਸੀ। ਇਕ ਕਬਰ ਤੋਂ ਦੂਜੀ ਤੱਕ ਜਾਣ ਲਈ ਕੋਈ ਰਾਹ ਵੀ ਨਹੀਂ ਸੀ। ਲੋਕਾਂ ਵਲੋਂ ਕਬਰਾਂ ਉਤੇ ਪੈਰ ਰੱਖ ਕੇ ਲੰਘਣ ਨਾਲ ਰਾਹ ਜਿਹਾ ਬਣ ਗਿਆ ਸੀ। ਕੁਝ ਕਬਰਾਂ ਤੇ ਡੰਡੀ ਜਿਹੀ ਬਣੀ ਹੋਈ ਸੀ। ਕਿਧਰੇ-ਕਿਧਰੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਕ ਕਬਰ ਦੂਜੇ ਦੇ ਉਤੇ ਚੜ੍ਹੀ ਹੋਈ ਏ। ਇਨ੍ਹਾਂ ਪੁਰਾਣੀਆਂ ਤੇ ਸੰਘਣੀਆਂ ਕਬਰਾਂ ਦੇ ਵਿਚਕਾਰ ਈ ਨਵੀਆਂ ਕਬਰਾਂ ਵੀ ਸਨ ਜਿਨ੍ਹਾਂ ਦੇ ਉਪਰ ਨਵੇਂ ਕਤਬੇ (ਲਿਖੀਆਂ ਹੋਈਆਂ ਸਿਲਾਂ) ਵੀ ਲੱਗੇ ਹੋਏ ਸਨ। ਪੁਰਾਣੀਆਂ ਕਬਰਾਂ ਦੇ ਕਤਬੇ ਡਿੱਗ ਪਏ ਹੋਣਗੇ ਜਾਂ ਉਹਨਾਂ ਕਬਰਾਂ 'ਤੇ ਕਦੀ ਕੋਈ ਆਇਆ ਈ ਨਹੀਂ ਹੋਣਾ। ਗੋਰਕਨ (ਕਬਰ ਪੁੱਟਣ ਵਾਲੇ) ਨੂੰ ਇਹਦਾ ਪਤਾ ਹੋਵੇਗਾ ਤੇ ਉਹ ਥਾਂ ਬਹੁਤਿਆਂ ਪੈਸਿਆਂ 'ਚ ਵਿਕ ਗਈ ਹੋਵੇਗੀ। ਗੋਰਕਨ ਦੇ ਘੜੀ ਮੁੜੀ ਪਾਣੀ 'ਚੋਂ ਲੰਘਣ ਕਰਕੇ ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਖਲੋਤਾ ਪਾਣੀ ਹੁਣ ਚਿੱਕੜ ਬਣ ਗਿਆ ਸੀ। ਗੋਰਕਨ ਦੇ ਪੈਰ ਚਿੱਕੜ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਉਹਨੇ ਚਿੱਕੜ ਦੀਆਂ ਜੁਰਾਬਾਂ ਪਾਈਆਂ ਹੋਣ। ਕਬਰ ਵਿਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ ਤੇ ਕਬਰ ਦੇ ਅੰਦਰੋਂ ਸੁੱਕੀ ਮਿੱਟੀ ਨਿਕਲਣ ਦੀ ਆਸ ਘਟਦੀ ਜਾ ਰਹੀ ਸੀ।
''ਯਾ ਅੱਲ੍ਹਾ! ਮੱਯਤ (ਲਾਸ਼) ਗਿੱਲੀ ਕਬਰ ਵਿਚ ਦੱਬੀ ਜਾਏਗੀ।''
ਉਹਦੇ ਸਾਰੇ ਨਾਂਅ, ਸਾਰੇ ਰਿਸ਼ਤੇ ਖਤਮ ਹੋ ਗਏ ਸਨ ਤੇ ਹੁਣ ਉਹ ਸਿਰਫ ਮੱਯਤ ਰਹਿ ਗਈ ਸੀ।
ਉਹਨੇ ਆਪਣੇ ਅੰਦਰ ਇਕ ਡੂੰਘੀ ਜਿਹੀ ਪੀੜ ਉਠਦੀ ਮਹਿਸੂਸ ਕੀਤੀ। ਉਹਨੇ ਉਥੇ ਕਬਰਾਂ ਵਿਚ ਬਹਿ ਕੇ ਮ੍ਰਿਤਕ ਦੀ ਜ਼ਿੰਦਗੀ ਦਾ ਜਾਇਜ਼ਾ ਲਿਆ ਤਾਂ ਉਹਦੇ ਸਾਰੇ ਦੁੱਖ ਕਰਜ਼ਾ ਵਾਪਸ ਮੰਗਣ ਵਾਲਿਆਂ ਵਾਂਗ ਉਹਦੇ ਸਾਹਮਣੇ ਆ ਖਲੋਤੇ।
ਇਸ ਵਾਰੀ ਉਹ ਆਖਰੀ ਵਾਰ ਮੋਈ ਸੀ। ਪਹਿਲੀ ਵਾਰੀ ਉਹ ਉਦੋਂ ਮੋਈ ਸੀ ਜਦੋਂ ਉਹਨੂੰ ਅੱਠਵੀਂ ਜਮਾਤ 'ਚ ਪੜ੍ਹਦੀ ਨੂੰ ਸਕੂਲੋਂ ਉਠਾ ਕੇ ਮਾਂ ਦੇ ਨਾਲ ਸ਼ਹਿਰੋਂ ਲਿਆ ਕੇ ਪਿੰਡ ਦੇ ਇਕ ਉਚੀਆਂ -ਉਚੀਆਂ ਕੰਧਾਂ ਵਾਲੇ ਮਕਾਨ ਵਿਚ ਰੱਖਿਆ ਗਿਆ ਸੀ। ਉਹ ਇਹ ਵੀ ਨਹੀਂ ਸਮਝ ਸਕੀ ਕਿ ਅਚਨਚੇਤ ਅਜਿਹਾ ਕਿਉਂ ਹੁੰਦਾ ਏ। ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਇੱਥੇ ਪੱਕੇ ਤੌਰ 'ਤੇ ਆਈ ਏ ਜਾਂ ਕੁੱਝ ਚਿਰਾਂ ਲਈ। ਜਦੋਂ ਕੁਝ ਦਿਨਾਂ ਮਗਰੋਂ ਉਹਨੂੰ ਇਹ ਪਤਾ ਲੱਗਾ ਕਿ ਉਸ ਹੁਣ ਇਥੇ ਹੀ ਰਹਿਣਾ ਏ ਤਾਂ ਸ਼ਹਿਰੋਂ ਉਹਦੇ ਨਾਲ ਆਏ ਸਾਰੇ ਸੁਫ਼ਨੇ ਟੁੱਟ ਗਏ।
ਪਿੰਡ ਵਿਚ ਮੁੰਡਿਆਂ ਦਾ ਇਕੋ ਈ ਪ੍ਰਾਈਮਰੀ ਸਕੂਲ ਸੀ ਜਿਸ ਵਿਚ ਸਿਰਫ ਅਮੀਰਾਂ ਦੇ ਪੁੱਤਰ ਪੜ੍ਹਦੇ ਸਨ ਤੇ ਬਾਕੀ ਆਪਣੇ ਮਾਂ-ਪਿਓ ਦਾ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ।
ਕਬਰ ਵਿਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ।
ਪਿੰਡ ਵਿਚ ਆ ਕੇ ਉਹਦੇ ਜੀਵਨ ਵਿਚੋਂ ਸੰਤੁਲਨ ਨਿਕਲ ਗਿਆ ਸੀ। ਮਾਂ ਉਹਨੂੰ ਨਿੱਕੀ ਨਿੱਕੀ ਗੱਲ ਤੋਂ ਟੋਕਦੀ ਸੀ, ''ਨੀ ਕੁੜੀਏ ਸਿਰ ਤੇ ਚੁੰਨੀ ਲੈ।''
''ਕੀ ਸਾਰਾ ਦਿਨ ਮੁੰਡਿਆਂ 'ਚ ਬੈਠੀ ਠਹਾਕੇ ਮਾਰਦੀ ਰਹਿੰਨੀ ਏਂ, ਚੱਲ ਘਰ ਦਾ ਕੋਈ ਕੰਮ ਸਵਾਰ।''
ਤੇ ਉਹ ਗੁੱਸੇ ਨਾਲ ਉਠ ਕੇ ਟੁਰ ਪੈਂਦੀ। ਉਹਦੇ ਚਾਚੇ ਤੇ ਮਾਮੇ ਦੇ ਪੁੱਤਰ ਜਿਹੜੇ ਉਹਦੇ ਕੋਲ ਬੈਠੇ ਹੁੰਦੇ ਸਨ ਸ਼ਰਮਿੰਦੇ ਜਿਹੇ ਹੋ ਕੇ ਸੋਚਣ ਲੱਗ ਪੈਂਦੇ। ਉਹ ਵੀ ਉਹਨਾਂ ਵਿਚੋਂ ਇਕ ਸੀ।
ਉਹਨੀਂ ਦਿਨੀਂ ਉਹ ਨੰਗੇ ਪੈਰੀਂ, ਢਿੱਲੀ ਜਿਹੀ ਨਿੱਕਰ ਤੇ ਟੁੱਟੇ ਹੋਏ ਬਟਨਾਂ ਵਾਲੀ ਕਮੀਜ਼ ਪਾਈ ਹੱਥ 'ਚ ਗੁਲੇਲ ਫੜ੍ਹੀ ਸਾਰਾ ਦਿਨ ਅੰਬਾਂ ਦੇ ਬਾਗਾਂ ਵਿਚ ਭੱਜਾ ਫਿਰਦਾ ਹੁੰਦਾ ਸੀ। ਦੂਜਿਆਂ ਮੁੰਡਿਆਂ ਨਾਲ ਰਲ ਕੇ ਰੁੱਖਾਂ ਤੇ ਚੜ੍ਹ ਕੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦਾ ਰਹਿੰਦਾ। ਰੋਟੀ ਖਾਣ ਤੇ ਸੌਣ ਲਈ ਘਰ ਆਉਂਦਾ ਸੀ। ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦੀਆਂ ਹੀ ਸ਼ਹਿਰ ਪਰਤ ਜਾਂਦਾ ਹੁੰਦਾ ਸੀ। ਇਸੇ ਅਵਾਰਾਗਰਦੀ ਦੀ ਉਮਰ ਵਿਚ ਉਹ ਉਹਨੂੰ ਚੰਗੀ ਲੱਗਣ ਲੱਗੀ। ਉਹ ਪਿੰਡ ਦੀਆਂ ਸਾਰੀਆਂ ਕੁੜੀਆਂ ਨਾਲੋਂ ਵੱਖਰੀ। ਸਭ ਕੁਝ ਉਸੇ ਤਰ੍ਹਾਂ ਕਹਿ ਦੇਣ ਵਾਲੀ ਜਿਸ ਤਰ੍ਹਾਂ ਉਹਨੂੰ ਮਹਿਸੂਸ ਹੁੰਦਾ ਸੀ। ਸ਼ਹਿਰ ਤੇ ਸਕੂਲ ਦੋਹਾਂ ਵਿਚ ਸਾਂਝਾਂ ਸੀ। ਉਹ ਸ਼ਹਿਰ ਤੇ ਸਕੂਲ ਤੋਂ ਵਾਂਝੀ ਹੋ ਚੁੱਕੀ ਸੀ ਅਤੇ ਉਹ ਹੁਣ ਵੀ ਸ਼ਹਿਰ ਤੇ ਸਕੂਲ ਵਿਚ ਸੀ। ਇਸੇ ਲਈ ਦੋਹਾਂ ਨੂੰ ਇਕ ਦੂਜੇ ਉਤੇ ਵਿਸ਼ਵਾਸ ਸੀ।
ਉਹ ਕਿਹਾ ਕਰਦੀ ਸੀ, ''ਮੈਨੂੰ ਹਨ੍ਹੇਰੇ 'ਚੋਂ ਡਰ ਆਉਂਦਾ ਏ ਜਿਵੇਂ ਕਿਧਰੇ ਕੋਈ ਲੁਕਿਆ ਹੋਇਆ ਏ ਤੇ ਮੈਨੂੰ ਫੜ ਕੇ ਮਾਰ ਦਏਗਾ। ਮੈਂ ਕਦੀ ਵੀ ਮਰਨਾ ਨਹੀਂ ਚਾਹੁੰਦੀ। ਮਰਨ ਤੋਂ ਪਿਛੋਂ ਲੋਕ ਕਬਰ 'ਚ ਪਾ ਕੇ ਇਕੱਲਾ ਛੱਡ ਕੇ ਟੁਰ ਜਾਂਦੇ ਨੇ ਤੇ ਫੇਰ ਪਰਤ ਕੇ ਵੇਖਦੇ ਵੀ ਨਹੀਂ। ਕਬਰ ਵਿਚ ਚਿੱਕੜ ਹੁੰਦਾ ਏ ਤੇ ਸੱਪ ਆ ਜਾਂਦੇ ਨੇ। ਰਾਤ ਨੂੰ ਹਨੇਰਾ ਹੋਵੇ, ਹੇਠਾਂ ਚਿੱਕੜ ਹੋਵੇ ਤੇ ਵਿਚ ਸੱਪ ਟੁਰਦੇ ਹੋਣ ਤਾਂ.... ਤੂੰ ਮੈਨੂੰ ਦਫਨ ਨਾ ਹੋਣ ਦਈਂ।''
ਉਹ ਅਜਿਹੀਆਂ ਊਟ ਪਟਾਂਗ ਗੱਲਾਂ ਤੋਂ ਦੁਖੀ ਹੁੰਦੀ ਰਹਿੰਦੀ।
ਦੂਜੀ ਵਾਰ ਉਹ ਉਦੋਂ ਮੋਈ ਜਦੋਂ ਉਹਦਾ ਵਿਆਹ ਹੋਇਆ ਸੀ। ਉਹਦੇ ਤੋਂ ਕਿਸੇ ਪੁੱਛਿਆ ਵੀ ਨਹੀਂ ਸੀ। ਪਿੰਡ ਦੀਆਂ ਕੁੜੀਆਂ ਨੇ ਉਹਨੂੰ ਘੇਰ ਕੇ ਵਟਣਾ ਲਾ ਦਿੱਤਾ ਤੇ ਢੋਲਕੀ ਤੇ ਗੀਤ ਗੌਣ ਲੱਗੀਆਂ।
ਉਹਨੇ ਆਪਣੇ ਆਪ ਨੂੰ ਕਿਹਾ, ''ਸਾਰੀਆਂ ਕੁੜੀਆਂ ਤੇ ਜਨਾਨੀਆਂ ਖੁਸ਼ ਹੋ ਰਹੀਆਂ ਨੇ। ਉਸਦਾ ਵਿਆਹ ਹੋ ਰਿਹਾ ਏ ਤੇ ਉਹਦੇ ਤੋਂ ਪੁੱਛਿਆ ਵੀ ਨਹੀਂ। ਕੀ ਉਹ ਹੱਡ-ਮਾਸ ਦੀ ਬਣੀ ਹੋਈ ਨਹੀਂ। ਕੋਈ ਲਾਸ਼ ਏ। ਮੱਯਤ ਏ ਜਾਂ ਪੱਥਰ ਦਾ ਬੁੱਤ ਏ!''
ਉਹ ਸੋਚਦੀ ਰਹੀ ਤੇ ਉਹਦਾ ਵਿਆਹ ਹੋ ਗਿਆ।
ਤੀਜੀ ਵਾਰੀ ਉਹ ਉਦੋਂ ਮੋਈ ਸੀ ਜਦੋਂ ਕੌਮੀ ਝੰਡੇ ਵਿਚ ਵਲ੍ਹੇਟੀ ਹੋਈ ਉਹਦੇ ਪੁੱਤਰ ਦੀ ਲਾਸ਼ ਆਈ ਸੀ। ਉਹ ਕੈਪਟਨ ਸੀ ਤੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ।
ਕਬਰ ਹੁਣ ਪੁੱਟੀ ਜਾ ਚੁੱਕੀ ਸੀ ਅਤੇ ਉਹ ਥਾਂ ਜਿੱਥੇ ਉਹਨੂੰ ਕਬਰ ਵਿਚ ਉਤਾਰਿਆ ਜਾਣਾ ਸੀ ਸਾਫ ਕਰ ਦਿੱਤੀ ਗਈ ਸੀ। ਕਬਰ ਦੇ ਉਤੇ ਚਾਦਰ ਤਾਣ ਦਿੱਤੀ ਗਈ।
''ਮਹਿਰਮ (ਨੇੜੇ ਦੀ ਰਿਸ਼ਤੇਦਾਰ) ਕਬਰ ਵਿਚ ਉਤਰ ਕੇ ਮੱਯਤ ਨੂੰ ਕਬਰ ਵਿਚ ਉਤਾਰਨ 'ਚ ਮਦਦ ਕਰਨ'' ਕਿਸੇ ਨੇ ਆਵਾਜ਼ ਦਿੱਤੀ। ਉਡੀਕ ਕੀਤੀ ਗਈ ਪਰ ਕੋਈ ਮਹਿਰਮ ਅੱਗੇ ਨਾ ਆਇਆ।
ਫੇਰ ਆਵਾਜ਼ ਦਿੱਤੀ ਗਈ ''ਇਹ ਕਿਹਦੀ ਮੱਯਤ ਏ? ਕੋਈ ਮਹਿਰਮ ਕਿਉਂ ਨਹੀਂ?''
''ਨਹੀਂ, ਜੀ ਕੋਈ ਨਹੀਂ, ਕੋਈ ਮਹਿਰਮ ਨਹੀਂ।'' ਮਹਿਰਮ ਕਿਥੋਂ ਆਉਂਦਾ। ਮਰਨ ਵਾਲੀ ਦਾ ਸਾਰਾ ਮਹੱਲਾ ਸੀਲਬੰਦ ਏ। ਨਾ ਕੋਈ ਮਹੱਲੇ ਦੇ ਅੰਦਰ ਜਾ ਸਕਦਾ ਏ ਅਤੇ ਨਾ ਕੋਈ ਬਾਹਰ ਆ ਸਕਦਾ ਏ। ਅੱਜ ਤੀਜਾ ਦਿਨ ਏ ਘਰਾਂ ਦੀ ਤਲਾਸ਼ੀ ਹੋ ਰਹੀ ਏ। ਅਸਲਾ ਲੱਭਿਆ ਜਾ ਰਿਹਾ ਏ। ਗ੍ਰਿਫਤਾਰੀਆਂ ਹੋ ਰਹੀਆਂ ਨੇ। ਮਰਨ ਵਾਲੀ ਹਸਪਤਾਲ 'ਚ ਸੀ। ਤਿੰਨ ਦਿਨਾਂ ਤੋਂ ਨਾ ਕੋਈ ਮਿਲਣ ਆ ਸਕਿਆ ਅਤੇ ਨਾ ਈ ਦਵਾ ਆਦਿ ਪਹੁੰਚ ਸਕੀ। ਮਰਨ ਵਾਲੀ ਨੂੰ ਦਫ਼ਨ ਕਰਨ ਲਈ ਹਸਪਤਾਲ 'ਚੋਂ ਇੱਥੇ ਲੈ ਆਏ ਹਨ।
ਵੇਖੋ ਕਬਰ ਵਿਚ ਅਜੇ ਤਾਈਂ ਗਿੱਲੀ ਮਿੱਟੀ ਨਜ਼ਰ ਆ ਰਹੀ ਏ। ਕਿਸੇ ਨੇ ਕਿਹਾ ਤਾਂ ਉਹਨੇ ਅੱਗੇ ਹੋ ਕੇ ਕਬਰ ਵਿਚ ਵੇਖਿਆ ਉਥੇ ਚਿੱਕੜ ਸੀ ਜਿਸ ਵਿਚ ਪਾਣੀ ਘੱਟ ਸੀ।
ਚਾਦਰਾਂ ਦੀ ਸਹਾਇਤਾ ਨਾਲ ਮੱਯਤ ਨੂੰ ਕਬਰ 'ਚ ਉਤਾਰ ਦਿੱਤਾ ਗਿਆ।
''ਅਰਕ ਗੁਲਾਬ''
ਕਈ ਬੋਤਲਾਂ ਅੱਗੇ ਕਰ ਦਿੱਤੀਆਂ ਗਈਆਂ। ਮੱਯਤ ਉਤੇ ਗੁਲਾਬ ਜਲ ਛਿੜਕਿਆ ਗਿਆ।
ਮਲਕਾ ਸ਼ੀਬਾ ਨੇ ਕਿਹਾ ਸੀ ਜਦੋਂ ਫੌਜਾਂ ਸ਼ਹਿਰ ਵਿਚ ਦਾਖਲ ਹੁੰਦੀਆਂ ਨੇ ਤਾਂ ਸ਼ਹਿਰ ਦਾ ਸੁਹਾਗ ਉਜੜ ਜਾਂਦਾ ਏ। ਪਵਿੱਤਰਤਾ ਬਰਬਾਦ ਹੋ ਜਾਂਦੀ ਏ।
ਕਿਸੇ ਨੇ ਆਪਣੇ ਕੋਲ ਖਲੋਤੇ ਲੋਕਾਂ ਨੂੰ ਸੰਬੋਧਨ ਕਰਕੇ ਆਪਣੀ ਜਾਣਕਾਰੀ ਦਾ ਰੋਅਬ ਪਾਇਆ। ''ਆਪਣੀਆਂ ਫੌਜਾਂ ਈ ਜੇਕਰ ਆਪਣੇ ਸ਼ਹਿਰ ਵਿਚ ਦਾਖਲ ਹੋਣ?''
ਕਿਸੇ ਨੇ ਜਵਾਬ ਦਿੱਤਾ ਪਰ ਆਪਣੀ ਜਾਣਕਾਰੀ ਦਾ ਪ੍ਰਗਟਾਵਾ ਕਰਨ ਵਾਲੇ ਬੰਦੇ ਨੇ ਉਹਦੀ ਗੱਲ ਨਾ ਗੌਲੀ।
ਪੱਥਰ ਦੀਆਂ ਚੌਰਸ ਸਿਲਾਂ ਜੋੜ ਕੇ ਉਤੇ ਰੱਖ ਦਿੱਤੀਆਂ ਗਈਆਂ ਅਤੇ ਵਿਰਲਾਂ ਨੂੰ ਗਿੱਲੀ ਮਿੱਟੀ ਨਾਲ ਬੰਦ ਕਰ ਦਿੱਤਾ ਗਿਆ। ਗੌਰਕਨ ਇਕ ਪਾਸੇ ਜਾ ਖਲੋਤਾ ਤੇ ਲੋਕਾਂ ਨੇ ਕਬਰ ਉਤੇ ਮਿੱਟੀ ਪਾ ਦਿੱਤੀ। ਕਿਸੇ ਨੇ ਅਗਰਬੱਤੀ ਬਾਲ ਕੇ ਕਬਰ ਦੇ ਸਾਹਮਣੇ ਪੂਰਾ ਮੱਠਾ ਈ ਗੱਡ ਦਿੱਤਾ। ਕਿਸੇ ਨੇ ਫੁੱਲਾਂ ਦੀ ਚਾਦਰ ਕੱਢ ਕੇ ਕਬਰ ਉਤੇ ਪਾ ਦਿੱਤੀ।
ਜਦੋਂ ਦੁਆ ਪੜ੍ਹੀ ਜਾਣ ਲੱਗੀ ਤਾਂ ਸਾਰੇ ਗੱਲਾਂ ਕਰਦੇ ਚੁੱਪ ਹੋ ਗਏ। ਉਹਨੇ ਇਹ ਦੁਆ ਪਤਾ ਨਹੀਂ ਕਿੰਨੀ ਵਾਰੀ ਇਸੇ ਤਰ੍ਹਾਂ ਸੁਣੀ ਸੀ। ਉਹ ਉਥੋਂ ਭਾਰੇ ਕਦਮਾਂ ਨਾਲ ਇਸ ਤਰ੍ਹਾਂ ਟੁਰਨ ਲੱਗਾ ਜਿਵੇਂ ਉਹਨੇ ਉਹਦੇ ਨਾਲ ਵਾਅਦਾ ਖਿਲਾਫੀ ਕੀਤੀ ਹੋਵੇ। ਉਸ ਨੇ ਆਪਣੇ ਆਪ ਨੂੰ ਕਿਹਾ, ''ਉਹ ਚਿੱਕੜ ਤੋਂ ਡਰਦੀ ਸੀ, ਪਰ ਇਸ ਵੇਲੇ ਚਿੱਕੜ ਦੇ ਬਿਸਤਰੇ ਉਤੇ ਲਿਟਾ ਦਿੱਤੀ ਗਈ ਸੀ, ਉਹ ਹਨੇਰੇ ਤੋਂ ਡਰਦੀ ਸੀ ਅਤੇ ਹੁਣ ਕਬਰਿਸਤਾਨ 'ਚ ਹਨੇਰਾ ਹੁੰਦਾ ਜਾ ਰਿਹਾ ਸੀ।''
''ਉਹ ਸੱਪ ਤੋਂ ਡਰਦੀ ਸੀ।''
''ਸੱਪ ਇਥੇ ਨਹੀਂ ਹਨ'' ਉਹਨੇ ਆਪਣੇ ਆਪ ਨੂੰ ਕਿਹਾ।
''ਆਪਣੇ ਆਸੇ ਪਾਸੇ ਵੇਖੋ, ਆਪਣੀਆਂ ਆਸਤੀਨਾਂ 'ਚ ਵੇਖੋ!''
ਇਕ ਪਾਗਲ ਜਿਹਾ ਬੰਦਾ ਉਹਦੇ ਪਿੱਛੇ ਇਹ ਕਹਿੰਦਾ ਸਾਮ੍ਹਣੇ ਆਇਆ ਤੇ ਰੁੱਖਾਂ ਦੇ ਉਹਲੇ ਹੋ ਗਿਆ। 


ਕਵਿਤਾ
ਦ੍ਰਿਸ਼ਟੀ 

 - ਸ਼ਿਵਨਾਥਧਸ ਗਈਆਂ ਅੰਦਰ ਨੂੰ ਅੱਖਾਂ
ਘਟ ਗਈ ਵੇਖਣ ਦੀ ਸ਼ਕਤੀ
ਨਜ਼ਰ ਦੇ ਅੱਗੇ ਜਿਵੇਂ ਹੁਣ
ਆ ਗਿਆ ਲਗਦੈ ਗੁਬਾਰ
ਜਾਂ ਹਰ ਇਕ ਸ਼ੈਅ ਦੇ
ਸਹੁੱਪਣ ਨੂੰ ਹੀ ਚੜ੍ਹਿਆ
ਹੈ ਬੁਖ਼ਾਰ।
    ਹੱਥ ਬੁੱਢੇ ਹੋ ਗਏ ਨੇ
    ਕੱਦ ਕੁਝ ਕਦਰੇ ਗਿਆ ਹੈ ਸੂਤਿਆ
    ਹਿੱਲ ਗਿਆ ਲੱਗਦਾ ਹੈ ਹੁਣ
    ਚਿਹਰੇ ਦਾ ਵੀ ਸਾਰਾ ਜੁਗਾੜ।
ਨੱਕ, ਮੂੰਹ, ਕੰਨਾਂ 'ਚੋਂ
ਕੋਈ ਵੀ ਨਹੀਂ ਪਹਿਲਾਂ ਜਿਹਾ
ਨਾ ਹੀ ਰਹਿ ਗਈਆਂ ਨੇ ਗੱਲਾਂ,
ਸੱਜਰੀਆਂ ਤੇ ਆਬਦਾਰ।
    ਦੰਦ ਟੁੱਟੇ ਨੇ ਜਬਾੜ੍ਹੇ 'ਚੋਂ
    ਮਗਰ ਰੁਕਿਆ ਨਹੀਂ,
    ਬਣ ਗਿਐ ਧੀਮੀ ਗਤੀ ਦਾ
    ਤੇਜ਼ ਚੱਕੀ ਤੋਂ ਘਰਾਟ।
ਖੋਪਰੀ ਲੱਗਦੀ ਹੈ ਮੇਰੀ
ਗੰਜ ਪੈਣੋਂ ਕੁੱਝ ਉਰ੍ਹਾ,
ਹੋ ਗਏ ਨੇ ਬਹੁਤ ਛਿਦਰੇ
ਤੇ ਬੜੇ ਕਮਜ਼ੋਰ ਵਾਲ
ਪਰ ਇਹ ਮੋਢੇ ਹੱਡ-ਗੋਡੇ
ਕਾਇਮ ਲੱਗਦੇ ਨੇ ਅਜੇ
ਕੰਮ ਔਖਾ ਵੀ ਨਹੀਂ ਲੱਗਦਾ
ਕੋਈ ਮੈਨੂੰ ਮੁਹਾਲ।
    ਸੋਚਦਾ ਹਾਂ ਇਹ ਹੈ ਮੇਰੀ
    ਉਸ ਦ੍ਰਿਸ਼ਟੀ ਦਾ ਕ੍ਰਿਸ਼ਮਾ
    ਜਿਸ 'ਚ ਬੰਦਾ ਹਾਰ ਕੇ ਵੀ
    ਹੌਸਲਾ ਛੱਡਦਾ ਨਹੀਂ
    ਤੇ ਜਿਹਨੂੰ ਆਉਂਦਾ ਨਹੀਂ
    ਸੁਪਨੇ 'ਚ ਵੀ, ਐਸਾ ਖ਼ਿਆਲ
    ਕਿ ਮੈਂ ਬੁੱਢਾ ਹੋ ਗਿਆ ਹਾਂ
    ਤੇ ਮੇਰੇ 'ਤੇ ਆਉਣ ਵਾਲੀ ਹੈ
    ਕੋਈ ਔਖੀ ਘੜੀ।
ਹਰ ਘੜੀ ਲੱਗਦੀ ਹੈ ਮੈਨੂੰ
ਸਾਰਥਕ
ਹਰ ਘੜੀ ਲੱਗਦੀ ਹੈ ਮੈਨੂੰ
ਮਿਹਰਬਾਨ
ਮਰ ਨਹੀਂ ਸਕੀਆਂ ਖਵਾਹਿਸ਼ਾਂ
ਢਲ ਰਿਹੈ ਭਾਵੇਂ ਸਰੀਰ
ਵੇਖਣਾ ਹੈ ਕਿਸ ਤਰ੍ਹਾਂ ਦੁਨੀਆਂ ਤੋਂ
ਜਾਂਦੇ ਹਾਂ ਅਖੀਰ            
(12.10.2000)


ਗ਼ਜ਼ਲ
- ਬਾਬਾ ਨਜ਼ਮੀ
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ਼।
ਫਿਰ ਵੀ ਨਈਓਂ ਭਰਿਆ ਛੰਨਾ ਚੂਰੀ ਨਾਲ਼।

ਖੁਸ਼ੀਆਂ ਨਾਲ਼ ਨਈਂ ਛੱਡੀ ਆਪਣੀ ਜੰਮਣ-ਭੌਂ,
ਤੇਰੇ ਸ਼ਹਿਰ 'ਚ ਆਇਆਂ ਵਾਂ ਮਜ਼ਬੂਰੀ ਨਾਲ਼।

ਮੇਰੇ ਨਾਲ਼ੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗਰੂਰੀ ਨਾਲ।

'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ,
ਕਿੰਝ ਖਲੋਵਾਂ 'ਗਜ਼ਨੀ' ਤੇ 'ਤੈਮੂਰੀ' ਨਾਲ਼।

ਮੇਰਾ ਕਲਮ-ਕਬੀਲਾ ਉਹਨਾਂ ਵਿਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜ਼ੂਰੀ ਨਾਲ਼।

ਸ਼ੀਸ਼ੇ ਵੱਲੇ ਕਰ ਕੇ ਕੰਡ ਖਲੋਣਾ ਨਈਂ,
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ਼।

'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ,
ਜਿਸ ਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ਼।


ਗ਼ਜ਼ਲ
- ਮੱਖਣ ਕੁਹਾੜ
ਭਲਾ ਇਹ ਹਾਦਸਾ ਵੀ ਸਾਡੇ ਹੀ ਸਮਿਆਂ 'ਚ ਹੋਣਾ ਸੀ।
ਕਿ ਸਾਡੇ ਰਹਿਨੁਮਾਵਾਂ ਸਾਡਾ ਹੀ ਰਾਹ ਮੱਲ ਖਲੋਣਾ ਸੀ।
    ਨਜ਼ਰ ਭਰ ਕੇ ਤਬੀਬਾ ਜੇ ਜ਼ਖ਼ਮ ਮੇਰੇ ਤੂੰ ਤੱਕ ਲੈਂਦਾ,
    ਤੇਰੇ ਅਹਿਸਾਨ ਦਾ ਮੈਂ ਬੋਝ ਸਾਰੀ ਉਮਰ ਢੋਣਾ ਸੀ।
ਜੇ ਗੱਲ ਤੂਫਾਨ ਦੀ ਹੁੰਦੀ ਅਸੀਂ ਝੱਟ ਚੀਰ ਲੰਘ ਜਾਂਦੇ,
ਅਸੀਂ ਪਰ ਸਾਜ਼ਿਸ਼ੀ ਛੱਲਾਂ ਦੇ ਵਾਕਿਫ਼ਕਾਰ ਹੋਣਾ ਸੀ।
    ਤੁਰੇ ਸਾਂ ਜਦ ਸੀ ਐਨਾ ਇਲਮ ਧੁੱਪਾਂ ਰੋਕਣੈ ਰਸਤਾ,
    ਨਹੀਂ ਸਾਂ ਜਾਣਦੇ, ਛਾਵਾਂ ਵੀ ਰਸਤਾ ਮੱਲ ਖਲੋਣਾ ਸੀ।
ਫਰੇਬੀ ਹਾਦਸਾ ਜਿਸ ਚਾਅ ਜ਼ਿਬ੍ਹਾ ਕੀਤੇ ਸੀ ਚਿੱਟੇ ਦਿਨ,
ਅਸੀਂ ਉਸ ਹਾਦਸੇ ਨੂੰ ਕਿਸ ਤਰ੍ਹਾਂ ਰੰਗਾਂ 'ਚ ਧੋਣਾ ਸੀ।
    'ਕਲਮ-ਤਲਵਾਰ' ਦੇ ਵਰਦਾਨ ਕਰਕੇ ਹੀ ਸਦਾ 'ਮੱਖਣਾਂ',
    ਕਦੇ ਤੂੰ ਫੁੱਲ ਹੋਣਾ ਸੀ ਕਦੇ ਅੰਗਿਆਰ ਹੋਣਾ ਸੀ। 

No comments:

Post a Comment