ਤਰਨ ਤਾਰਨ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਤਰਨ ਤਾਰਨ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੋਂ ਦੇ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਵਿਖੇ ਸਹਿਜਪ੍ਰੀਤ ਸਿੰਘ ਬਾਗੜੀਆਂ, ਮੰਗਲ ਸਿੰਘ ਜਵੰਦਾ, ਅੰਮ੍ਰਿਤਪਾਲ ਸਿੰਘ ਚੌਧਰੀਵਾਲਾ ਦੀ ਅਗਵਾਈ ਹੇਠ ਹੋਈ।
ਮੀਟਿੰਗ ਨੂੰ ਸੰਬੋਧਨ ਕਰਨ ਲਈ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਅਜੈ ਫਿਲੌਰ ਵਿਸ਼ੇਸ਼ ਤੋਰ ‘ਤੇ ਪੁੱਜੇ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ, ਵਪਾਰੀਕਰਨ ਅਤੇ ਸਾਮਰਾਜ ਨਿਰਦੇਸ਼ਿਤ ਨੀਤੀਆਂ ਕਾਰਨ ਦੇਸ਼ ਦੀ ਜਵਾਨੀ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੀ ਹੈ, ਇਕ ਪਾਸੇ ਕਾਰਪੋਰੇਟ ਘਰਾਣੇ ਦੇਸ਼ ਦੇ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਲੁੱਟ ਕਰ ਰਹੇ ਹਨ ਅਤੇ ਬੇਰੁਜ਼ਗਾਰ ਨੌਜਵਾਨ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਦੂਜੇ ਪਾਸੇ ਨਿਰਾਸ਼ਾ ਦੀ ਸ਼ਿਕਾਰ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਹੋ ਜਾਣ ਕਾਰਨ ਸਿੱਖਿਆ ਆਮ ਤੇ ਗਰੀਬ ਲੋਕਾਂ ਦੇ ਬੱਚਿਆਂ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਚੁੱਕੀ ਹੈ, ਸੂਬੇ ਅੰਦਰ ਸਿਹਤ ਸੇਵਾਵਾਂ ਪੂਰੀ ਤਰਾ ਨਾਲ ਫੇਲ੍ਹ ਹੋ ਚੁੱਕੀਆਂ ਹਨ, ਅਜਾਦੀ ਦੇ 78 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਦੇ ਲੋਕ ਗਰੀਬ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਬੇਕਾਰੀ ਵਿਚ ਰਹਿਣ ਲਈ ਮਜਬੂਰ ਹਨ।
ਸੂਬੇ ਦੀ ਮਾਨ ਸਰਕਾਰ ਦੁਆਰਾ ਜਵਾਨੀ ਨੂੰ ਨਸ਼ਿਆਂ ‘ਚੋਂ ਬਾਹਰ ਕੱਢਣ ਦੀ ਬਜਾਏ ਝੂਠੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਨਸ਼ੇ ਖਤਮ ਹੋ ਜਾਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪੰਜਾਬ ਦੀ ਜਵਾਨੀ ਨੂੰ ਇਕੱਠਾ ਕਰਕੇ ਖੜਕੜ ਕਲਾਂ ਦੀ ਧਰਤੀ ਉੱਪਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਰੁਜਗਾਰ ਸਿਹਤ ਸੇਵਾਵਾਂ, ਸਭ ਲਈ ਇਕਸਾਰ ਸਿੱਖਿਆ ਅਤੇ ਨਸ਼ਿਆਂ ਦੇ ਪੂਰਨ ਖਾਤਮੇ ਆਦਿ ਮੰਗਾਂ ਨੂੰ ਲੈ ਕੇ ਲਗਾਤਾਰ ਦਿਨ ਰਾਤ ਦਾ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਤਰਨਤਾਰਨ ਤੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ।
ਇਸ ਮੌਕੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਜਵੰਦਾ ਨੇ ਆਏ ਹੋਰ ਨੌਜਵਾਨਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ 28 ਸਤੰਬਰ ਨੂੰ ਖਟਕੜ ਕਲਾਂ ਦੇ ਮੋਰਚੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੇ ਪਹੁੰਚਣ ਦਾ ਵਿਸ਼ਵਾਸ ਵੀ ਦਵਾਇਆ।
ਇਸ ਮੌਕੇ ਸਭਾ ਦੇ ਸਾਬਕਾ ਆਗੂ ਬਲਦੇਵ ਸਿੰਘ ਪੰਡੋਰੀ, ਅੰਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਪੰਡੋਰੀ, ਵਿਕਰਮਜੀਤ ਸਿੰਘ ਪੰਡੋਰੀ, ਜਗਜੀਵਨ ਸਿੰਘ, ਅੰਮ੍ਰਿਤਪਾਲ, ਗੁਰਦੇਵ ਸਿੰਘ ਨੌਸਹਿਰਾ ਪੰਨੂੰਆ, ਬਲਵੀਰ ਸਿੰਘ ਦਰਗਾਪੁਰ, ਰਵੀਸੇਰ ਸਿੰਘ, ਚਮਕੌਰ ਸਿੰਘ ਜਵੰਦਾ, ਗੁਰਵਿੰਦਰ ਸਿੰਘ ਠੱਠੀਆ ਮਹੱਤਾ, ਨਰਿੰਦਰ ਸਿੰਘ ਰਟੌਲ ਆਦਿ ਤੋਂ ਇਲਾਵਾ ਹੋਰ ਕਈ ਨੌਜਵਾਨ ਹਾਜ਼ਰ ਸਨ।
No comments:
Post a Comment