Friday, 15 August 2025

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਬਰਨਾਲਾ ਜ਼ਿਲ੍ਹੇ ਦੀ ਕਨਵੈਨਸ਼ਨ ਆਯੋਜਿਤ


ਬਰਨਾਲਾ: ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਬਰਨਾਲਾ ਜ਼ਿਲ੍ਹੇ ਦੀ ਕਨਵੈਨਸ਼ਨ ਆਯੋਜਿਤ ਕੀਤੀ ਗਈ। ਜਿਸ ਨੂੰ ਕਾਮਰੇਡ ਦਰਸ਼ਨ ਖਟਕੜ ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ, ਪ੍ਰੋਫ਼ੈਸਰ ਜੈਪਾਲ ਸਿੰਘ ਆਰਐੱਮਪੀਆਈ, ਸੁਖਦਰਸ਼ਨ ਸਿੰਘ ਨੱਤ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਨਰਾਇਣ ਦੱਤ ਇਨਕਲਾਬੀ ਕੇਂਦਰ ਪੰਜਾਬ, ਜਗਰਾਜ ਸਿੰਘ ਰਾਮਾ ਸੀਪੀਆਈ ਨੇ ਸੰਬੋਧਨ ਕੀਤਾ।
 ਸਥਾਨਕ ਤਰਕਸ਼ੀਲ ਭਵਨ ਵਿਖੇ ਕੇਂਦਰੀ ਹਕੂਮਤ ਦੇ ਨੀਤੀਗਤ ਫਿਰਕੂ ਹੱਲੇ ਖ਼ਿਲਾਫ਼ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਚਰਨਜੀਤ ਕੌਰ, ਸੁਖਵਿੰਦਰ ਠੀਕਰੀਵਾਲਾ, ਖੁਸ਼ੀਆ ਸਿੰਘ, ਮਨੋਹਰ ਲਾਲ ਤੇ ਇਕਬਾਲ ਕੌਰ ਉਦਾਸੀ ਸ਼ਾਮਲ ਸਨ।
ਛੇ ਜਨਤਕ ਪਾਰਟੀਆਂ/ਜਥੇਬੰਦੀਆਂ ਵੱਲੋਂ ਸਾਂਝੀ ਕੀਤੀ ਇਸ ਕਨਵੈਨਸ਼ਨ ਦੇ ਉਕਤ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਫਾਸ਼ੀ ਹਕੂਮਤ ਵੱਲੋਂ ਅਣਐਲਾਨੀ ਐਮਰਜੈਂਸੀ ਠੋਸੀ ਜਾ ਰਹੀ ਹੈ ਤੇ ਧਾਰਮਿਕ ਘੱਟ ਗਿਣਤੀਆਂ ਖਾਸ ਕਰ ਮੁਸਲਿਮ ਭਾਈਚਾਰੇ ਖਿਲਾਫ਼ ਫ਼ਿਰਕੂ ਨਫ਼ਰਤ ਫੈਲਾਅ ਕੇ ਲੋਕਾਂ ਨੂੰ ਭਰਾ ਮਾਰੂ ਜੰਗ ਦੀ ਹਾਲਤ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਕੂਮਤ ਵੱਲੋਂ ਸੰਵਿਧਾਨਿਕ ਸੰਸਥਾਵਾਂ ਨੂੰ ਆਪਣਾ ਹੱਥ ਟੋਕਾ ਬਣਾ ਕੇ ਜਲ, ਜੰਗਲ਼, ਜ਼ਮੀਨ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ ਅਤੇ ਇਸ ਵਿਰੁੱਧ ਉੱਠ ਰਹੀ ਅਵਾਜ਼ ਨੂੰ ਬੰਦ ਕਰਨ ਲਈ ਮੱਧ ਭਾਰਤ ਦੇ ਸੂਬਿਆਂ ਅੰਦਰ ਆਦਿਵਾਸੀਆਂ ਅਤੇ ਮਾਓਵਾਦੀਆਂ 'ਤੇ ਅੰਨ੍ਹਾ ਜ਼ਬਰ ਢਾਹਿਆ ਜਾ ਰਿਹਾ ਹੈ। ਸਮੁੱਚੇ ਰਾਜਕੀ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਢਾਂਚੇ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਬਿਹਾਰ 'ਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਕੇ ਲੱਖਾਂ ਲੋਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
  ਬੁਲਾਰਿਆਂ ਦੇਸ਼ ਨੂੰ ਦਰਪੇਸ਼ ਇਸ ਵਿਰਾਟ ਸੰਕਟ ਦੇ ਟਾਕਰੇ ਲਈ ਦੇਸ਼ ਦੇ ਸਮੁੱਚੇ ਚੇਤੰਨ, ਇਨਸਾਫ਼ਪਸੰਦ ਅਤੇ ਜਮਹੂਰੀ ਲੋਕਾਂ ਨੂੰ ਵੱਡੀ ਪੱਧਰ 'ਤੇ ਲਾਮਬੰਦ ਹੋ ਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।

 ਪ੍ਰੋਗਰਾਮ ਦੌਰਾਨ ਬਲਦੇਵ ਮੰਡੇਰ, ਇਕਬਾਲ ਦੀਨ, ਲਖਵਿੰਦਰ ਸਿੰਘ ਲੱਖਾ ਅਤੇ ਸੋਨੀ ਨੰਦਵਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਟੇਜ ਸਕੱਤਰ ਦੇ ਫਰਜ਼ ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਪ੍ਰਧਾਨ ਡਾ.ਰਜਿੰਦਰਪਾਲ ਨੇ ਬਾਖੂਬੀ ਨਿਭਾਏ। ਇਸ ਮੌਕੇ ਵੱਡੀ ਗਿਣਤੀ ‘ਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

No comments:

Post a Comment