ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਡੀਨ ਅਕਾਦਮਿਕ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਸ਼ਾਮਿਲ ਸਨ।
ਏਆਈਐੱਸਐੱਫ ਦੇ ਗੁਰਜੰਟ ਅਤੇ ਰਾਹੁਲ ਨੇ ਯੂਨੀਵਰਸਿਟੀ ਸਹੂਲਤਾਂ ਦੀ ਵਿਗੜਦੀ ਸਥਿਤੀ ਬਾਰੇ ਕਿਹਾ, “ਲਾਇਬ੍ਰੇਰੀ, ਲੈਬਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਪ੍ਰਸ਼ਾਸਨ ਫੀਸਾਂ ਵਧਾਉਣ ਵਿੱਚ ਤੇਜ਼ ਹੈ, ਪਰ ਸਹੂਲਤਾਂ ਸੁਧਾਰਨ ਵਿੱਚ ਬਿਲਕੁੱਲ ਦਿਲਚਸਪੀ ਨਹੀਂ ਦਿਖਾਉਂਦਾ ਅਤੇ ਨਾਲ ਹੀ ਵਿਦਿਆਰਥੀਆਂ ਦੀਆਂ ਵਧਾਈਆਂ 7% ਫੀਸਾਂ ਦਾ ਫੈਸਲਾ ਵਾਪਸ ਲੈਣ ਲਈ ਆਖਿਆ।”
ਪੀਐੱਸਯੂ ਤੋਂ ਵਕਸ਼ਿਤ ਅਤੇ ਪਵਨਪ੍ਰੀਤ ਸਿੰਘ ਨੇ ਹੋਸਟਲ ਮੁੱਦਿਆਂ ਬਾਰੇ ਗੱਲ ਕਰਦਿਆਂ ਕਿਹਾ, “ਲੜਕੀਆਂ ਦੇ ਲਈ ਨਵੇਂ ਹੋਸਟਲਾਂ ਦੀ ਕਮੀ ਅਤੇ ਮੌਜੂਦਾ ਹੋਸਟਲਾਂ ਦੀ ਖਰਾਬ ਹਾਲਤ ਵਿਦਿਆਰਥੀਆਂ ਲਈ ਗੰਭੀਰ ਸਮੱਸਿਆ ਬਣ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਸਿਰਫ਼ ਵਾਅਦੇ ਕਰਦਾ ਹੈ ਪਰ ਕੋਈ ਠੋਸ ਕਦਮ ਨਹੀਂ ਚੁੱਕਦਾ।”
ਐੱਸਐੱਫਆਈ ਤੋਂ ਰਮਨਪ੍ਰੀਤ ਸਿੰਘ ਨੇ ਯੂਨੀਵਰਸਿਟੀ ਦੇ ਮੁੱਦਿਆਂ ’ਤੇ ਬੋਲਦਿਆਂ ਕਿਹਾ, “ਸੀਵਰੇਜ ਸਿਸਟਮ ਦੀ ਖਰਾਬ ਹਾਲਤ, ਕੈਂਪਸ ਦੀ ਗੰਦਗੀ ਅਤੇ ਪੀਐੱਚਡੀ ਰਜਿਸਟ੍ਰੇਸ਼ਨ ਫੀਸ ਵਿੱਚ 66% ਵਾਧਾ ਵਿਦਿਆਰਥੀਆਂ ਨਾਲ ਬੇਇਨਸਾਫੀ ਹੈ। ਇਹ ਸਿਰਫ਼ ਪੈਸੇ ਕਮਾਉਣ ਦੀ ਮਸ਼ੀਨ ਬਣ ਗਈ ਹੈ।”
ਪੀਐੱਸਐੱਫ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਦੇ ਅਸੰਵੇਦਨਸ਼ੀਲ ਰਵੱਈਏ ਬਾਰੇ ਕਿਹਾ, “ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈ। ਜਦੋਂ ਵੀ ਅਸੀਂ ਇਨ੍ਹਾਂ ਮੁੱਦਿਆਂ ਨੂੰ ਉਠਾਉਂਦੇ ਹਾਂ, ਤਾਂ ਸਾਨੂੰ ਸਿਰਫ਼ ਟਾਲਮਟੋਲ ਮਿਲਦੀ ਹੈ। ਇਹ ਰਵੱਈਆ ਬਦਲਣਾ ਜ਼ਰੂਰੀ ਹੈ।”
ਸਟੇਜ ਦੀ ਕਾਰਵਾਈ ਏਆਈਐੱਸਐੱਫ ਤੋਂ ਰਾਹੁਲ ਅਤੇ ਪੀਐੱਸਯੂ ਤੋਂ ਗੁਰਦਾਸ ਨੇ ਚਲਾਈ।
ਆਗੂਆਂ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਜਾਣ-ਬੁੱਝ ਕੇ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਪ੍ਰਾਈਵੇਟ ਅਦਾਰਿਆਂ ਨੂੰ ਵਧਾਇਆ ਫੁਲਾਇਆ ਜਾ ਸਕੇ ਅਤੇ ਵਿਦਿਆਰਥੀਆਂ ਕੋਲੋ ਵੱਧ ਫੀਸਾਂ ਵਸੂਲੀਆਂ ਜਾ ਸਕਣ।
ਪ੍ਰਦਰਸ਼ਨਕਾਰੀਆਂ ਨੇ ਖਾਸ ਤੌਰ ’ਤੇ ਯੂਨੀਵਰਸਿਟੀ ਮੈਨੇਜਮੈਂਟ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਹ ਲੜਕੀਆਂ ਲਈ ਨਵੇਂ ਹੋਸਟਲਾਂ ਦੀ ਉਸਾਰੀ, ਮੌਜੂਦਾ ਹੋਸਟਲ ਸੁਵਿਧਾਵਾਂ ਦੀ ਪੂਰਤੀ, ਅਤੇ ਕੈਂਪਸ ਦੀਆਂ ਸਹੂਲਤਾਂ ਦੀ ਸਹੀ ਦੇਖਭਾਲ ਸਮੇਤ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੇ ਹਨ। ਧਰਨੇ ਦੇ ਚਲਦੇ ਹੋਏ ਪ੍ਰਸ਼ਾਸਨ ਨੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਬਹੁਤੀਆਂ ਮੰਗਾਂ ਮੰਨੀਆਂ ਅਤੇ ਕੁੱਝ ਮੰਦਾਂ ਉੱਤੇ ਮੁੜ ਵਿਚਾਰਨ ਲਈ ਦੱਸਿਆ ਅਤੇ ਇਸ ਤਰ੍ਹਾਂ ਵਿਦਿਆਰਥੀ ਆਗੂਆਂ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਨਹੀਂ ਕੀਤਾ ਗਿਆ, ਤਾਂ ਉਹ ਆਪਣੀ ਆਵਾਜ਼ ਸੁਣਾਉਣ ਅਤੇ ਆਪਣੇ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਡੇ ਅਤੇ ਵਧੇਰੇ ਤੀਬਰ ਪ੍ਰਦਰਸ਼ਨ ਆਯੋਜਿਤ ਕਰਨ ਲਈ ਮਜਬੂਰ ਹੋਣਗੇ।
No comments:
Post a Comment