ਨਕੋਦਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਨਕੋਦਰ ਦੀ ਜਥੇਬੰਦਕ ਕਾਨਫ਼ਰੰਸ ਸਥਾਨਕ ਗੁਰੂ ਰਵਿਦਾਸ ਭਵਨ ‘ਚ ਸੰਪਨ ਹੋਈ। ਇਸ ਦੀ ਪ੍ਰਧਾਨਗੀ ਨਵਜੋਤ ਮਾਹੀ, ਸਾਹਿਲ ਬਾਠ, ਫੁੱਮਣ ਸਿੰਘ ਬੂਟੇ ਦੀਆਂ ਛੰਨਾਂ ਨੇ ਕੀਤੀ। ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਪੰਜਾਬ ‘ਚ ਜਵਾਨੀ ਦਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਨਸ਼ਿਆਂ ‘ਚ ਫਸ ਰਹੇ ਹਨ ਅਤੇ ਕੁੱਝ ਵਿਦੇਸ਼ਾਂ ਨੂੰ ਭੱਜ ਰਹੇ ਹਨ। ਢੇਸੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਵੇਲੇ ਨੌਜਵਾਨ ਵਿਦੇਸ਼ਾਂ ‘ਚੋਂ ਭਾਰਤ ਆਏ ਪਰ ਹੁਣ ਉਲਟ ਹਾਲਾਤ ਦੌਰਾਨ ਪੰਜਾਬ ਦੀ ਜਵਾਨੀ ਨਿਰਾਸ਼ਾ ‘ਚ ਜਾ ਰਹੀ ਹੈ।
ਢੇਸੀ ਨੇ ਅੱਗੇ ਕਿਹਾ ਕਿ 28 ਸਤੰਬਰ ਤੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਖਟਕੜ ਕਲਾਂ ਤੋਂ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਲਈ ਮੋਰਚਾ ਆਰੰਭਣ ਜਾ ਰਹੀ ਹੈ, ਜਿਸ ‘ਚ ਸ਼ਾਮਲ ਹੋਣ ਦੀ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ।
ਇਸ ਮੌਕੇ ਸਭਾ ਦੇ ਸੂਬਾ ਕਮੇਟੀ ਮੈਂਬਰ ਮੱਖਣ ਸੰਗਰਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਦੀ ਮੁਹਿੰਮ ‘ਚ ਜਾਨਾਂ ਬਚਾਉਣ ਦਾ ਸਰਕਾਰ ਦਾ ਕੋਈ ਏਜੰਡਾ ਨਹੀ। ਨਸ਼ੇ ਦੇ ਵੱਡੇ ਮੁੱਦੇ ਉਪਰ ਸਿਰਫ਼ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਠੰਢੇ ਛਿੱਟੇ ਹੀ ਮਾਰੇ ਜਾ ਰਹੇ ਹਨ।
ਸਭਾ ਦੇ ਸੂਬਾ ਕਮੇਟੀ ਮੈਂਬਰ ਦਲਵਿੰਦਰ ਸਿੰਘ ਕੁਲਾਰ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਮੁਤਾਬਕ ਨਵਜੋਤ ਮਾਹੀ ਪ੍ਰਧਾਨ, ਸਾਹਿਲ ਬਾਠ ਮੀਤ ਪ੍ਰਧਾਨ, ਅਮਰਜੀਤ ਢੇਰੀਆਂ ਸਕੱਤਰ, ਸੰਦੀਪ ਆਧੀ ਜੁਆਇੰਟ ਸਕੱਤਰ, ਤਰਸੇਮ ਸਿੰਘ ਮਹੰਵਾਲ ਖ਼ਜ਼ਾਨਚੀ ਤੋਂ ਇਲਾਵਾ ਫੁੰਮਣ ਸਿੰਘ ਬੂਟੇ ਦੀਆਂ ਛੰਨਾਂ, ਮਲਕੀਅਤ ਸਿੰਘ ਆਧੀ, ਸਾਗਰ ਪ੍ਰਸ਼ਾਦ ਨਕੋਦਰ, ਜਤਿਨ ਸਿੰਘ ਰਾਂਗੜਾ, ਸਿੱਬੂ ਨਕੋਦਰ ਕਮੇਟੀ ਮੈਂਬਰ ਚੁਣੇ ਗਏ।
ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਨੇ ਕਿਹਾ ਕਿ ਉਹ 28 ਸਤੰਬਰ ਦੇ ਖਟਕੜ ਕਲਾਂ ‘ਚ ਲੱਗਣ ਵਾਲੇ ਮੋਰਚੇ ਨੂੰ ਕਾਮਯਾਬ ਕਰਨ ਲਈ ਪਿੰਡ-ਪਿੰਡ ਹੋਕਾ ਦੇਣਗੇ।
ਆਖਰ ‘ਚ ਨਸ਼ੇ ਖ਼ਿਲਾਫ਼ ਹਾਜ਼ਰ ਨੌਜਵਾਨਾਂ ਨੇ ਸਹੁੰ ਚੁੱਕ ਕੇ ਵਾਅਦਾ ਕੀਤਾ ਕਿ ਸਮਾਜ ‘ਚੋਂ ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਮੁਖ ਧਾਰਾ ‘ਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
No comments:
Post a Comment