ਮੰਗਤ ਰਾਮ ਪਾਸਲਾ
ਲੋਕ ਸਭਾ ਚੋਣਾਂ 'ਚ ਵੋਟਾਂ ਅਤੇ ਸੀਟਾਂ ਦੇ ਪੱਖ ਤੋਂ ਖੱਬੀਆਂ ਪਾਰਟੀਆਂ, ਖਾਸਕਰ ਸੀ.ਪੀ.ਆਈ.(ਐਮ) ਤੇ ਸੀ.ਪੀ.ਆਈ. ਦੀ ਕਾਰਗੁਜ਼ਾਰੀ ਖੱਬੀਆਂ ਧਿਰਾਂ ਲਈ ਕੀ ਕਰਨਾ ਲੋੜੀਏ ਚਿੰਤਾਜਨਕ ਹੈ। ਪੱਛਮੀ ਬੰਗਾਲ ਵਰਗੇ ਖੱਬੀ ਲਹਿਰ ਦੇ ਮਜ਼ਬੂਤ ਗੜ੍ਹ ਦਾ ਫਿਕਰ ਹੋਰ ਵੀ ਗਾੜ੍ਹਾ ਹੈ। ਏਥੇ ਖੱਬੀਆਂ ਪਾਰਟੀਆਂ 36 ਸਾਲਾਂ ਤੋਂ ਸੱਤਾ ਵਿਚ ਹੋਣ ਦੇ ਬਾਵਜੂਦ 42 ਲੋਕ ਸਭਾ ਸੀਟਾਂ ਵਿਚੋਂ ਸਿਰਫ 2 ਸੀਟਾਂ ਉਪਰ ਹੀ ਸਿਮਟ ਗਈਆਂ ਹਨ, ਅਤੇ ਉਨ੍ਹਾਂ ਦੀਆਂ ਵੋਟਾਂ ਦੀ ਚੋਖੀ ਪ੍ਰਤੀਸ਼ਤ ਭਾਜਪਾ ਦੀ ਝੋਲੀ ਪੈ ਗਈ ਹੈ। ਇਸ ਵਰਤਾਰੇ ਤੋਂ ਪੂੰਜੀਪਤੀ ਵਰਗ ਤੇ ਫਿਰਕੂ ਤੱਤ ਤਾਂ ਬਾਗੋ ਬਾਗ ਹਨ, ਪ੍ਰੰਤੂ ਜਿਨ੍ਹਾਂ ਦੇ ਦਿਲਾਂ ਅੰਦਰ ਮਨੁੱਖ ਜਾਤੀ ਲਈ ਸਨੇਹ ਤੇ ਭੱਰਪਣ ਹੈ, ਉਹ ਜ਼ਰੂਰ ਪ੍ਰੇਸ਼ਾਨ ਹਨ। ਸਾਮਰਾਜੀ ਸੰਸਾਰੀਕਰਨ, ਦੇ ਦੌਰ ਵਿਚ ਜਦੋਂ ਪੂੰਜੀਵਾਦੀ ਢਾਂਚਾ ਆਪਣਾ ਅਮਾਨਵੀ ਤੇ ਜ਼ਾਲਮਾਨਾ ਕਿਰਦਾਰ ਜੱਗ ਜਾਹਰ ਕਰ ਰਿਹਾ ਹੈ, ਉਦੋਂ ਸਰਮਾਏਦਾਰੀ ਦਾ ਖਾਤਮਾ ਕਰਕੇ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਲਈ ਪ੍ਰਤੀਬੱਧ ਕਮਿਊਨਿਸਟ ਧਿਰਾਂ ਮਜ਼ਬੂਤ ਹੋਣ ਦੀ ਥਾਂ ਹਾਸ਼ੀਏ ਉਪਰ ਚਲੇ ਜਾਣ, ਸੱਚਮੁੱਚ ਹੀ ਦੁਖਦਾਈ ਹੈ। ਕੀ ਇਹ ਲੋਕ ਪੱਖੀ ਧਿਰਾਂ ਮੁੜ ਠੀਕ ਲੀਹਾਂ 'ਤੇ ਆ ਕੇ ਮਿਹਨਤਕਸ਼ ਲੋਕਾਂ ਦੇ ਵਿਸ਼ਾਲ ਹਿੱਸਿਆਂ ਦਾ ਭਰੋਸਾ ਜਿੱਤਣ ਦੇ ਸਮਰੱਥ ਬਣ ਸਕਦੀਆਂ ਹਨ? ਅਤੇ ਜਾਂ ਫਿਰ, ਅਜੋਕੀ ਬੁਰਜ਼ਵਾ ਰਾਜਨੀਤੀ ਦੀ ਘੁੰਮਣਘੇਰੀ ਵਿਚ ਫਸਕੇ ਹੋਰ ਅਧੋਗਾਤੀ ਦਾ ਸ਼ਿਕਾਰ ਹੋਣਗੀਆਂ? ਇਹ ਸਵਾਲ ਹੈ ਜੋ ਅਜੋਕਿਆਂ ਸਮਿਆਂ ਨੇ ਸਾਡੇ ਸਨਮੁੱਖ ਪੇਸ਼ ਕਰ ਦਿੱਤਾ ਹੈ।
ਸਮਾਜਿਕ ਵਿਗਿਆਨ ਦਾ ਗਿਆਤਾ ਹਰ ਵਿਅਕਤੀ ਗਲੇ ਸੜੇ ਪੂੰਜੀਵਾਦੀ ਪ੍ਰਬੰਧ ਵਿਚੋਂ ਸਮਾਜ ਨੂੰ ਬਾਹਰ ਕੱਢਕੇ ਬਰਾਬਰਤਾ ਤੇ ਇਨਸਾਫ ਦੇ ਅਸੂਲਾਂ ਉਪਰ ਅਧਾਰਤ ਸਮਾਜ ਦੀ ਸਿਰਜਣਾ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਇਕ ਮਜ਼ਬੂਤ ਕਮਿਊਨਿਸਟ ਲਹਿਰ ਦੀ ਮੁੜ ਸੁਰਜੀਤੀ ਬਾਰੇ ਪੂਰੀ ਤਰ੍ਹਾਂ ਆਸਵੰਦ ਹੈ, ਪ੍ਰੰਤੂ ਇਸ ਵਾਸਤੇ ਪਿਛਲੇ ਸਮੇਂ ਦੀਆਂ ਕੁਝ ਗਲਤ ਧਾਰਨਾਵਾਂ ਤੇ ਰਾਜਨੀਤਕ ਪੈਂਤੜਿਆਂ ਨੂੰ ਵਿਚਾਰਨ ਤੇ ਬਦਲਣ ਦੀ ਜ਼ਰੂਰਤ ਹੈ। ਇਸ ਮੁੱਦੇ 'ਤੇ ਆਪਸੀ ਵਿਚਾਰ ਵਟਾਂਦਰਾ ਤੇ ਸੰਵਾਦ ਰਚਿਆ ਜਾਣਾ ਚਾਹੀਦਾ ਹੈ।
ਸ਼ੁਰੂ ਤੋਂ ਲੈ ਕੇ ਅੱਜ ਤੱਕ ਭਾਰਤੀ ਕਮਿਊਨਿਸਟ ਲਹਿਰ ਹਾਕਮ ਦੁਸ਼ਮਣ ਜਮਾਤਾਂ ਦੀ ਠੀਕ ਨਿਸ਼ਾਨਦੇਹੀ ਕਰਨ ਤੋਂ ਵਾਰ ਵਾਰ ਉਕਦੀ ਰਹੀ ਹੈ। ਕਦੀ ਰਾਜ ਕਰਦੀ ਜਮਾਤ ਨੂੰ ਮਿਤਰਤਾ ਵਾਲੇ ਪਾਸੇ ਲਿਆ ਖੜਾ ਕੀਤਾ ਜਾਂਦਾ ਰਿਹਾ ਹੈ ਤੇ ਫੇਰ ਐਨ ਇਸਦੇ ਵਿਪਰੀਤ ਹਾਕਮ ਧਿਰ ਨੂੰ ਜਨਤਕ ਹਮਾਇਤ ਤੋਂ ਸੱਖਣੀ ਬਣਾ ਕੇ 'ਕਾਗਜ਼ੀ ਸ਼ੇਰ' ਬਣਾ ਦਿੱਤਾ ਜਾਂਦਾ ਸੀ, ਜਿਸਦੇ ਖਾਤਮੇ ਵਾਸਤੇ ਕਿਸੇ ਵੱਡੀ ਜਨਤਕ ਲਹਿਰ ਦੀ ਥਾਂ ਚੰਦ ਸਿਰਲੱਥਾਂ ਦੀ ਬਹਾਦਰੀ ਹੀ ਕਾਫੀ ਹੈ ਜੋ ਇਹ ਕਰਿਸ਼ਮਾ ਕਰ ਸਕਦੀ ਹੈ। ਇਹ ਦੋਨੋਂ ਤਰ੍ਹਾਂ ਦੇ ਵਿਸ਼ਲੇਸ਼ਨ ਸਮੇਂ ਦੀ ਕਸਵੱਟੀ ਉਪਰ ਪੂਰੇ ਨਹੀਂ ਉਤਰੇ। ਬਹੁਤ ਸਾਰੇ ਮੁੱਦਿਆਂ ਬਾਰੇ ਕਈ ਸ਼ੰਕਾਵਾਂ ਹੋਣ ਦੇ ਬਾਵਜੂਦ ਇਸ ਤੱਥ ਬਾਰੇ ਤਾਂ ਸਮੁੱਚੀਆਂ ਖੱਬੀਆਂ ਧਿਰਾਂ ਵਿਚ ਹੁਣ ਆਮ ਸਹਿਮਤੀ ਹੈ ਕਿ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਉਸਾਰਿਆ ਗਿਆ ਅੱਜ ਤੱਕ ਦਾ ਸਮੁੱਚਾ ਰਾਜਨੀਤਕ ਤੇ ਆਰਥਿਕ ਢਾਂਚਾ ਪੂੰਜੀਵਾਦੀ ਹੈ ਤੇ ਮੂਲ ਰੂਪ ਵਿਚ ਲੋਕ ਵਿਰੋਧੀ ਹੈ। ਇਸ ਢਾਂਚੇ ਵਿਚੋਂ ਹੀ ਬੇਕਾਰੀ, ਮਹਿੰਗਾਈ, ਭੁਖਮਰੀ, ਕੁਪੋਸ਼ਨ, ਭਰਿਸ਼ਟਾਚਾਰ ਆਦਿ ਸਭ ਬਿਮਾਰੀਆਂ ਉਪਜੀਆਂ ਹਨ। ਆਰਥਿਕ ਖੇਤਰ ਵਿਚ ਹੋਈ ਭਾਰੀ ਉਨਤੀ ਬਾਰੇ ਤਾਂ ਸਭ ਸਹਿਮਤ ਹਨ ਪ੍ਰੰਤੂ ਇਹ ਤੱਥ ਵੀ ਸਭ ਦੇ ਸਾਹਮਣੇ ਹੈ ਕਿ ਇਹ ਵਿਕਾਸ ਵੱਡੇ ਪੂੰਜੀਪਤੀਆਂ, ਧਨਵਾਨਾਂ, ਸਾਮਰਾਜੀ ਲੁਟੇਰਿਆਂ ਤੇ ਜਗੀਰਦਾਰਾਂ ਨੂੰ ਭਾਰੀ ਮੁਨਾਫੇ ਕਮਾਉਣ ਤੇ ਕੁਲ ਵਸੋਂ ਦੇ 70ਫੀਸਦੀ ਤੋਂ ਵਧੇਰੇ ਲੋਕਾਂ ਨੂੰ ਆਰਥਿਕ ਤੰਗੀਆਂ ਦੀ ਜਕੜ ਵਿਚ ਨੂੜਨ ਦੇ ਪਿਛੋਕੜ ਵਿਚ ਹੋਇਆ ਹੈ। ਸਮੁੱਚੇ ਆਰਥਿਕ ਖੇਤਰ ਵਿਚ ਅੱਜ ਸਾਮਰਾਜੀ ਲੂਟੇਰਿਆਂ ਦੀ ਲੁੱਟ ਚਰਮ ਸੀਮਾਂ 'ਤੇ ਹੈ। ਦੇਸ਼ ਵਿਚ ਹੁਣ ਤਕ ਰਾਜ ਸੱਤਾ ਉਪਰ ਬਿਰਾਜਮਾਨ ਹਾਕਮ ਧਿਰਾਂ ਦੀਆਂ ਸਾਰੀਆਂ ਵੰਨਗੀਆਂ ਮੂਲ ਰੂਪ ਵਿਚ ਆਰਥਿਕ ਨੀਤੀਆਂ ਦੇ ਪੱਖ ਤੋਂ ਇਕੋ ਜਿਹੀਆਂ ਹੀ ਰਹੀਆਂ ਹਨ। ਇਸ ਲਈ ਜੇਕਰ ਖੱਬੀਆਂ ਸ਼ਕਤੀਆਂ ਨੇ ਰਾਜਨੀਤਕ ਖੇਤਰ ਵਿਚ ਆਪਣੇ ਪੈਰ ਪਸਾਰਨੇ ਹਨ ਤਾਂ ਹਾਕਮ ਜਮਾਤਾਂ ਦੇ ਲੋਕ ਦੋਖੀ ਕਿਰਦਾਰ ਬਾਰੇ ਇਕ ਰਾਇ ਬਣਾਈ ਜਾਣੀ ਚਾਹੀਦੀ ਹੈ। ਇਸ ਅਧਾਰ ਉਪਰ ਹੀ ਹਾਕਮ ਲੁਟੇਰੀਆਂ ਧਿਰਾਂ ਵਿਰੁੱਧ ਲਕੀਰ ਖਿੱਚ ਕੇ ਸੰਘਰਸ਼ ਕਰਨ ਦੀ ਲੋੜ ਹੈ। ਪਲ ਭਰ ਲਈ ਵੀ ਇਨ੍ਹਾਂ ਸ਼ਕਤੀਆਂ ਨੂੰ ਗੱਦੀ ਤੋਂ ਉਤਾਰਨ ਦਾ ਏਜੰਡਾ ਅਣਡਿੱਠ ਨਹੀਂ ਕੀਤਾ ਜਾ ਸਕਦਾ। ਖੱਬੀਆਂ ਸ਼ਕਤੀਆਂ ਦੀ ਏਕਤਾ ਵਿਚ ਉਦੋਂ ਤ੍ਰੇੜਾਂ ਵੱਧ ਜਾਂਦੀਆਂ ਹਨ ਜਦੋਂ ਰਾਜ ਸੱਤਾ ਉਪਰ ਸੁਸ਼ੋਭਿਤ ਜਮਾਤ ਤੇ ਸਰਕਾਰ ਵਿਰੁੱਧ ਪੰਜ ਸਾਲਾਂ ਤੋਂ ਨੀਤੀਆਂ ਪੱਖੋਂ ਤਾਂ ਵਿਰੋਧ ਕਰਕੇ ਲੋਕ ਸੰਘਰਸ਼ ਲਾਮਬੰਦ ਕੀਤੇ ਜਾਂਦੇ ਹਨ, ਪ੍ਰੰਤੂ ਚੋਣਾਂ ਦੌਰਾਨ ਲੋਕ ਵਿਰੋਧੀ ਆਰਥਿਕ ਨੀਤੀਆਂ ਨੂੰ ਅਣਡਿੱਠ ਕਰਕੇ ਹਾਕਮ ਜਮਾਤ ਦੇ ਇਕ ਜਾਂ ਦੂਸਰੇ ਧੜੇ ਨਾਲ ਚੰਦ ਸੀਟਾਂ ਜਾਂ ਵੋਟਾਂ ਬਦਲੇ ਰਾਜਨੀਤਕ ਸਾਂਝਾਂ ਪਾ ਲਈਆਂ ਜਾਂਦੀਆਂ ਹਨ। ਇਸਤੋਂ ਅੱਗੇ ਫੇਰ ਇਨ੍ਹਾਂ ਖੱਬੀਆਂ ਧਿਰਾਂ ਵਲੋਂ ਸਰਮਾਏਦਾਰੀ ਨਾਲ ਰਾਜ ਸੱਤਾ ਵਿਚ ਭਾਗੀਦਾਰੀ ਦਾ ਰਾਹ ਖੁੱਲ੍ਹ ਜਾਂਦਾ ਹੈ।
ਜਨਤਕ ਸੰਘਰਸ਼ਾਂ ਵਿਚ ਕੁੱਦਣ ਲਈ ਖੱਬੀਆਂ ਧਿਰਾਂ ਕਿਰਤੀ ਲੋਕਾਂ ਦੇ ਵਿਸ਼ਾਲ ਭਾਗਾਂ ਦਾ ਭਰੋਸਾ ਇਸੇ ਕਰਕੇ ਨਹੀਂ ਜਿੱਤ ਰਹੀਆਂ ਕਿਉਂਕਿ ਜਨ ਸਧਾਰਨ ਇਸ ਦੁਬਿਧਾ ਵਿਚ ਰਹਿੰਦਾ ਹੈ ਕਿ ਪਤਾ ਨਹੀਂ ਕਦੋਂ ਖੱਬੇ ਪੱਖੀ ਸੰਘਰਸ਼ਸ਼ੀਲ ਧਿਰ ਦਾ ਕੋਈ ਹਿੱਸਾ ਹਾਕਮ ਧੜੇ ਨਾਲ ਜਾ ਮਿਲੇ। ਬਿਨਾਂ ਸ਼ੱਕ ਅਜੋਕੀ ਸਰਮਾਏਦਾਰ ਜਮਹੂਰੀਅਤ ਵਿਚ ਸੰਘਰਸ਼ਾਂ ਦੇ ਹਿੱਸੇ ਵਜੋਂ ਚੋਣਾਂ ਵਿਚ ਭਾਗ ਲੈਣਾ ਜ਼ਰੂਰੀ ਵੀ ਹੈ ਤੇ ਜਮਹੂਰੀ ਲਹਿਰ ਲਈ ਲਾਹੇਬੰਦ ਵੀ ਹੈ। ਇਸ ਚੁਣਾਵੀ ਘੋਲ ਵਿਚ ਜਿੰਨੀ ਵੀ ਪ੍ਰਾਪਤੀ ਹੋ ਸਕੇ, ਉਸ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਪਰ ਚੋਣ ਘੋਲਾਂ ਦੀ ਕਾਮਯਾਬੀ ਬੱਝਵੇਂ ਸੰਘਰਸ਼ਾਂ ਰਾਹੀਂ ਉਸਾਰੀ ਗਈ ਜਨਤਕ ਲਹਿਰ ਦੇ ਅਨੁਪਾਤ ਵਿਚ ਹੀ ਹੋਵੇਗੀ। ਜੇਕਰ ਪਾਰਲੀਮਾਨੀ ਮੌਕਾਪ੍ਰਸਤ ਰਾਜਨੀਤੀ ਤਹਿਤ ਕਿਸੇ ਹਾਕਮ ਧੜੇ ਨਾਲ ਮਿਲਕੇ ਕੁੱਝ ਸੀਟਾਂ ਹਾਸਲ ਕਰ ਲਈਆਂ ਵੀ ਜਾਣ, ਤਦ ਇਹ ਵਰਤਾਰਾ ਬਹੁਤ ਥੋੜ ਚਿਰਾ ਹੋਵੇਗਾ। ਕਈ ਵਾਰ ਕਮਿਊਨਿਸਟ ਪਾਰਟੀਆਂ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਸਮਝੌਤਿਆਂ ਰਾਹੀਂ ਪ੍ਰਾਪਤ ਕੀਤੀਆਂ ਸੀਟਾਂ ਤੇ ਵੋਟਾਂ ਨੂੰ ਗਲਤੀ ਨਾਲ ਆਪਣਾ ਜਨ ਆਧਾਰ ਮਿਥ ਲੈਂਦੀਆਂ ਹਨ। ਚੋਣਾਂ ਜਨ ਸੰਘਰਸ਼ਾਂ ਦੀ ਮਜ਼ਬੂਤੀ ਲਈ ਇਕ ਸਾਧਨ ਮਾਤਰ ਤਾਂ ਹੈ, ਅੰਤਮ ਨਿਸ਼ਾਨਾ ਨਹੀਂ ਹੈ।
ਜਮਾਤੀ ਮਿਲਵਰਤੋਂ ਦੇ ਲੰਬੇ ਦੌਰ ਤੇ ਜਮਹੂਰੀ ਪ੍ਰਕਿਰਿਆ ਵਿਚ ਹਿੱਸਾ ਲੈਂਦਿਆਂ ਹੋਇਆਂ, ਖੱਬੀਆਂ ਪਾਰਟੀਆਂ ਦੇ ਆਗੂਆਂ ਤੇ ਕਾਰਕੁੰਨਾਂ ਦਾ ਇਕ ਹਿੱਸਾ ਦੂਸਰੀਆਂ ਬੁਰਜ਼ੂਆ ਪਾਰਟੀਆਂ ਦੇ ਅਨੈਤਿਕ ਅਮਲਾਂ ਤੋਂ ਪ੍ਰਭਾਵਿਤ ਹੋ ਕੇ ਆਪ ਵੀ ਉਸੇ ਰਾਹ ਉਪਰ ਚੱਲਣ ਲੱਗ ਪਿਆ ਹੈ। ਸਰਮਾਏਦਾਰ ਪਾਰਟੀਆਂ ਨਾਲ ਮੇਲ ਮਿਲਾਪ ਤੇ ਲੈਣ ਦੇਣ ਵਰਗੀਆਂ ਬੁਰਿਆਈਆਂ ਦੇ ਨਾਲ ਨਾਲ ਉਹ ਭਰਿਸ਼ਟ ਤੇ ਅਨੈਤਿਕ ਕੰਮਾਂ ਵਿਚ ਵੀ ਉਲਝਿਆ ਪਿਆ ਹੈ। ਇਸੇ ਕਰਕੇ ਕਿਸੇ ਚੋਣ ਵਿਚ ਜੇਕਰ ਕਮਿਊਨਿਸਟ ਪਾਰਟੀਆਂ (ਕੁਝ ਕੁ) ਕਿਸੇ ਬੁਰਜ਼ੁਆ ਪਾਰਟੀ ਨਾਲ ਉਪਰੋਂ ਸਾਂਝ ਨਹੀਂ ਵੀ ਪਾਉਂਦੀਆਂ, ਤਦ ਵੀ ਹੇਠਲੇ ਪੱਧਰ ਉਤੇ ਪਾਰਟੀ ਸੇਧ ਦੇ ਉਲਟ ਇਹਨਾਂ ਪਾਰਟੀਆਂ ਦੇ ਕਾਰਕੁੰਨਾਂ ਤੇ ਮੈਂਬਰਾਂ ਦੀ ਸਰਮਾਏਦਾਰ ਪਾਰਟੀਆਂ ਨਾਲ ਮਿਲਵਰਤੋਂ ਆਮ ਗੱਲ ਬਣ ਗਈ ਹੈ। ਇਸ ਨਾਲ ਕਮਿਊਨਿਸਟ ਨੈਤਿਕਤਾ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ, ਜੋ ਕਿ ਇਕ ਮਜ਼ਬੂਤ ਇਨਕਲਾਬੀ ਕਮਿਊਨਿਸਟ ਪਾਰਟੀ ਲਈ ਅਤੀ ਜ਼ਰੂਰੀ ਹੈ।
ਆਮ ਤੌਰ 'ਤੇ ਖੱਬੀਆਂ ਧਿਰਾਂ ਵਲੋਂ ਜਨਤਕ ਘੋਲਾਂ ਦਾ ਸੰਕਲਪ ਵੀ 'ਘੜੇ ਉਪਰ ਮੁੰਜ ਕੁੱਟਣ' ਵਰਗਾ ਬਣ ਗਿਆ ਹੈ। ਚੰਦ ਕੁ ਕਾਰਕੁੰਨਾਂ ਦੇ ਹੱਥਾਂ ਵਿਚ ਝੰਡੇ ਫੜਾ ਕੇ ਧਰਨੇ ਜਾਂ ਮੁਜ਼ਾਹਰੇ ਦੀ ਫੋਟੋ ਅਖਬਾਰਾਂ ਵਿਚ ਛਪਣ ਨਾਲ ਕਿਸੇ ਪਾਰਟੀ ਆਗੂਆਂ ਦੀ ਆਪਣੇ ਮਨ ਦੀ ਤਸੱਲੀ ਤਾਂ ਹੋ ਸਕਦੀ ਹੈ, ਪ੍ਰੰਤੂ ਇਸ ਨਾਲ ਨਾ ਘੋਲ ਵਿਚ ਜਨਤਾ ਦੀ ਸ਼ਮੂਲੀਅਤ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦੇ ਮਨਾਂ ਵਿਚ ਕਮਿਊਨਿਸਟਾਂ ਦੁਆਰਾ ਕੀਤੇ ਗਏ ਇਸ ਤਰ੍ਹਾਂ ਦੇ ਘੋਲਾਂ ਦਾ ਕੋਈ ਦੁਰਗਾਮੀ ਪ੍ਰਭਾਵ ਪੈਂਦਾ ਹੈ। ਇਸਤੋਂ ਬਿਨਾਂ ਆਰਥਿਕ ਘੋਲਾਂ ਦੇ ਨਾਲ ਨਾਲ ਰਾਜਨੀਤਕ ਤੇ ਵਿਚਾਰਧਾਰਾ ਘੋਲਾਂ ਦੀ ਜ਼ਰੂਰਤ ਬਾਰੇ ਵੀ ਕਮਿਊਨਿਸਟ ਧਿਰਾਂ ਮੁਜ਼ਰਮਾਨਾ ਲਾਪਰਵਾਹੀ ਵਰਤ ਰਹੀਆਂ ਹਨ। ਬਿਨਾਂ ਗਿਆਨ ਤੋਂ ਜਨ ਸਧਾਰਨ, ਜੋ ਖੱਬੀਆਂ ਧਿਰਾਂ ਵਲੋਂ ਵਿੱਢੇ ਜਾਂਦੇ ਆਰਥਿਕ ਘੋਲਾਂ ਵਿਚ ਤਾਂ ਸ਼ਮੂਲੀਅਤ ਕਰਦੇ ਹਨ, ਦੇ ਆਪ ਮੁਹਾਰੇ ਰਾਜਨੀਤਕ ਤੇ ਵਿਚਾਰਧਾਰਕ ਤੌਰ 'ਤੇ ਖੱਬੀ ਲਹਿਰ ਸੰਗ ਖੜਨ ਦੀ ਆਸ ਕਰਨਾ ਨਿਰੀ ਮੂਰਖਤਾ ਹੋਵੇਗੀ। ਇਹ ਕੰਮ ਜਥੇਬੰਦਕ ਢੰਗ ਨਾਲ ਤੇ ਸੁਚੇਤ ਰੂਪ ਵਿਚ ਕੀਤੇ ਬਿਨਾਂ ਲੋਕਾਂ ਦੀ ਚੇਤਨਤਾ ਦਾ ਪੱਧਰ ਨਹੀਂ ਉਚਿਆਇਆ ਜਾ ਸਕਦਾ।
ਬਿਨ੍ਹਾਂ ਸ਼ੱਕ ਸਾਰੀਆਂ ਖੱਬੀਆਂ ਪਾਰਟੀਆਂ ਇਹਨਾਂ ਮੌਜੂਦਾ ਅਵਸਥਾਵਾਂ ਵਿਚੋਂ ਨਿਕਲ ਕੇ ਦੇਸ਼ ਵਿਚ ਇਕ ਮਜ਼ਬੂਤ ਰਾਜਨੀਤਕ ਧਿਰ ਬਣ ਸਕਦੀਆਂ ਹਨ। ਇਸਦਾ ਵੱਡਾ ਕਾਰਨ ਦੇਸ਼ ਦੀਆਂ ਬਾਹਰਮੁਖੀ ਅਵਸਥਾਵਾਂ ਹਨ, ਜਿਹਨਾਂ ਵਿਚ ਵਸੋਂ ਦਾ ਵੱਡਾ ਹਿੱਸਾ ਬੇਕਾਰੀ, ਭੁਖਮਰੀ, ਕੰਗਾਲੀ, ਮਹਿੰਗਾਈ, ਭਰਿਸ਼ਟਾਚਾਰ, ਕੁਪੋਸ਼ਨ ਭਾਵ ਹਰ ਕਿਸਮ ਦੀਆਂ ਬਿਮਾਰੀਆਂ ਤੋਂ ਪੀੜਤ ਹੈ। ਮੌਜੂਦਾ ਢਾਂਚੇ ਦੀਆਂ ਅਲੰਬਰਦਾਰ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਇਨ੍ਹਾਂ ਮੁਸ਼ਕਿਲਾਂ ਲਈ ਜ਼ਿੰਮੇਵਾਰ ਹਨ ਤੇ ਭਵਿੱਖ ਵਿਚ ਵੀ ਉਨ੍ਹਾਂ ਤੋਂ ਕਿਸੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਮੁਸ਼ਿਕਲਾਂ ਦੇ ਸਹੀ ਤੇ ਸਦੀਵੀਂ ਹੱਲ ਦੱਸਣ ਵਾਲਾ ਰਾਹ ਦਿਖਾਉ ਫਲਸਫਾ ਕਮਿਊਨਿਸਟਾਂ ਕੋਲ ਹੀ ਹੈ। ਜੇਕਰ ਇਮਾਨਦਾਰੀ ਨਾਲ ਮਾਰਕਸਵਾਦੀ ਲੈਨਿਨਵਾਦੀ ਫਲਸਫੇ ਤੋਂ ਸੇਧ ਲੈ ਕੇ ਦੇਸ਼ ਦੀਆਂ ਠੋਸ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਜਨਤਕ ਲਹਿਰ ਉਸਾਰਨ ਦਾ ਯਤਨ ਕੀਤਾ ਜਾਵੇ, ਤਦ ਲਾਜ਼ਮੀ ਤੌਰ 'ਤੇ ਖੱਬੀਆਂ ਧਿਰਾਂ ਨੂੰ ਕਾਮਯਾਬੀ ਮਿਲੇਗੀ। ਇਸ ਕੰਮ ਲਈ ਪਹਿਲੀ ਸ਼ਰਤ ਨਿਸ਼ਾਨੇ ਦਾ ਸਪੱਸ਼ਟ ਹੋਣਾ ਹੈ। ਜੇਕਰ ਅਸੀਂ ਸੁਚਮੁਚ ਹੀ ਮੌਜੂਦਾ ਪੂੰਜੀਵਾਦੀ ਢਾਂਚੇ ਨੂੰ ਮੂਲ ਰੂਪ ਵਿਚ ਢੈਅ ਢੇਰੀ ਕਰਕੇ ਨਵੇਂ ਸਮਾਜਵਾਦੀ ਸਮਾਜ ਦੀ ਸਿਰਜਨਾ ਕਰਨਾ ਚਾਹੁੰਦੇ ਹਾਂ, ਤਾਂ ਮੂਲ ਰੂਪ ਵਿਚ ਸਥਾਪਤੀ ਦੇ ਵਿਰੁੱਧ ਡਟਵਾਂ ਪੈਂਤੜਾ ਲੈਣਾ ਹੋਵੇਗਾ ਤੇ ਸਾਨੂੰ ਉਸ ਮੁਤਾਬਕ ਹੀ ਰਾਜਸੀ ਦਾਅਪੇਚਾਂ ਦੀ ਵਰਤੋਂ ਕਰਨੀ ਹੋਵੇਗੀ। ਪ੍ਰੰਤੂ ਜੇਕਰ ਕੁਝ ਲੋਕਾਂ ਨੂੰ ਮੌਜੂਦਾ ਢਾਂਚੇ ਦੇ ਅੰਦਰ ਹੀ, ਇਸਦੀ ਕਮਜ਼ੋਰੀਆਂ ਨੂੰ ਦੂਰ ਕਰਕੇ, ਲੋਕਾਂ ਦੀਆਂ ਤਮਾਮ ਮੁਸ਼ਿਕਲਾਂ ਦੇ ਸਮਾਧਾਨ ਹੋਣ ਦਾ ਭਰੋਸਾ ਹੈ, ਤਦ ਇਸ ਲਈ ਪਹਿਲੇ ਰਾਹ ਤੋਂ ਬਿਲਕੁਲ ਵੱਖਰਾ ਰਾਹ ਹੈ। ਸੱਚੇ ਕਮਿਊਨਿਸਟਾਂ ਲਈ ਪਹਿਲਾ ਰਾਹ ਹੀ ਠੀਕ ਤੇ ਵਿਗਿਆਨਕ ਹੈ। ਇਸ ਲਈ ਕਦੀ ਵੀ ਥੋੜਚਿਰੇ ਲਾਭਾਂ ਨੂੰ ਸਾਹਮਣੇ ਰੱਖਕੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਅਣਦੇਖੀ ਨਹੀਂ ਕਰਨੀ ਹੋਵੇਗੀ।
ਇਹ ਵੀ ਸੱਚ ਹੈ ਕਿ ਅਜੇ ਤੱਕ ਕੋਈ ਵੀ ਇਕੱਲੀ ਕਮਿਊਨਿਸਟ ਧਿਰ ਸਮੇਂ ਦੀ ਕਸਵੱਟੀ ਉਪਰ ਪੂਰੀ ਤਰ੍ਹਾਂ ਠੀਕ ਉਤਰਨ ਦਾ ਦਾਅਵਾ ਨਹੀਂ ਕਰ ਸਕਦੀ। ਥੋੜੇ ਜਾਂ ਬਹੁਤੇ ਭਟਕਾਅ ਦਾ ਸ਼ਿਕਾਰ ਹਰ ਧਿਰ ਹੀ ਹੋਈ ਹੈ। ਇਸ ਰਾਜਸੀ ਭਟਕਾਅ ਪਿੱਛੇ ਭਾਵੇਂ ਕੋਈ ਬੇਈਮਾਨੀ ਨਾ ਵੀ ਹੋਵੇ, ਪ੍ਰੰਤੂ ਸੱਜੇ ਖੱਬੇ ਰਾਜਨੀਤਕ ਭਟਕਾਵਾਂ ਨਾਲ ਮਿਹਨਤਕਸ਼ ਲੋਕਾਂ ਦੀ ਲਹਿਰ ਦਾ ਨੁਕਸਾਨ ਜ਼ਰੂਰ ਹੋਇਆ ਹੈ। ਇਸ ਵਾਸਤੇ ਸਾਰੀਆਂ ਹੀ ਕਮਿਊਨਿਸਟ ਧਿਰਾਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ, ਜਿਥੇ ਉਹ ਪਿਛਲੀਆਂ ਪ੍ਰਾਪਤੀਆਂ ਤੇ ਗਲਤੀਆਂ ਦਾ ਮੁਲਾਂਕਣ ਵੀ ਕਰ ਸਕਦੇ ਹਨ ਤੇ ਮੌਜੂਦਾ ਅਵਸਥਾ ਨੂੰ ਸਾਹਮਣੇ ਰੱਖ ਕੇ ਭਵਿੱਖੀ ਯੋਜਨਾਬੰਦੀ ਵੀ ਘੜ ਸਕਦੇ ਹਨ। ਅਜਿਹਾ ਕਰਦਿਆਂ ਹਲਕੀ ਕਿਸਮ ਦੀ ਦੁਸ਼ਣਬਾਜ਼ੀ ਤੇ ਇਕੱਲੇ ਆਪਣੇ ਆਪ ਨੂੰ ਸਿਆਣੇ ਤੇ ਦਰੁਸਤ ਸਮਝਣ ਦੀ ਦਾਅਵੇਦਾਰੀ ਤਿਆਗਣੀ ਹੋਵੇਗੀ। ਭਾਵੇਂ ਕੁਝ ਖੱਬੇ ਪੱਖੀ ਆਗੂ ਖੱਬੀ ਲਹਿਰ ਦੀ ਮੌਜੂਦਾ ਕਮਜ਼ੋਰ ਅਵਸਥਾ ਤੋ ਨਾ ਪ੍ਰੇਸ਼ਾਨ ਹਨ ਤੇ ਨਾ ਹੀ ਕਿਸੇ ਬਦਲਾਅ ਲਈ ਉਤਸਕ ਹਨ। 'ਸਭ ਅੱਛਾ ਸਮਝ ਕੇ' ਅਜਿਹੇ ਲੋਕ ਅਸਲ ਵਿਚ ਸਮਾਜਵਾਦ ਦੀ ਪ੍ਰਾਪਤੀ ਦੇ ਅਸਲ ਨਿਸ਼ਾਨੇ ਪ੍ਰਤੀ ਹੀ ਗੰਭੀਰ ਨਹੀਂ ਹਨ ਤੇ 'ਇਕ ਸਥਾਪਤ ਰਾਜਨੀਤਕ ਡੇਰੇ' ਦੇ ਚਾਲਕ ਵਜੋਂ ਹੀ ਜੀਵਨ ਬਸਰ ਕਰਨ 'ਚ ਖੁਸ਼ ਹਨ। ਪ੍ਰੰਤੂ ਐਸੀਆਂ ਕਮਿਊਨਿਸਟ ਧਿਰਾਂ, ਆਗੂਆਂ, ਕਾਰਕੁੰਨਾਂ ਤੇ ਜਨ ਸਮੂਹਾਂ ਦੀ ਵੀ ਕਮੀ ਨਹੀਂ ਹੈ, ਜੋ ਮੌਜੂਦਾ ਗਲੇ ਸੜੇ ਪੂੰਜੀਵਾਦੀ ਢਾਂਚੇ ਨੂੰ ਬਦਲਣ ਲਈ ਇਕ ਮਜ਼ਬੂਤ ਖੱਬੀ ਧਿਰ ਦੀ ਉਸਾਰੀ ਲੋਚਦੇ ਹਨ ਤੇ ਇਸ ਮਹਾਨ ਕੰਮ ਲਈ ਕਿਸੇ ਵੀ ਕੁਰਬਾਨੀ ਕਰਨ ਲਈ ਤਿਆਰ ਹੋ ਸਕਦੇ ਹਨ। ਇਹ ਗੱਲ ਵੀ ਧਿਆਨ ਗੋਚਰੇ ਰੱਖਣੀ ਚਾਹੀਦੀ ਹੈ ਕਿ ਅਜੇ ਸਾਰੀਆਂ ਖੱਬੀਆਂ ਧਿਰਾਂ ਦਾ ਮੌਜੂਦਾ ਜਨ ਅਧਾਰ ਮਿਲਕੇ ਵੀ ਸਥਾਪਤ ਢਾਂਚੇ ਨਾਲ ਭਿੜਕੇ ਕਾਮਯਾਬ ਹੋਣ ਦੇ ਸਮਰੱਥ ਨਹੀਂ ਹੈ। ਬੱਝਵੇਂ ਤੇ ਨਿਰੰਤਰ ਜਨਤਕ ਘੋਲਾਂ ਰਾਹੀਂ ਇਸ ਵਿਚ ਭਾਰੀ ਵਾਧਾ ਕਰਨਾ ਹੋਵੇਗਾ ਤ ਸਥਾਪਤ ਲੋਟੂ ਪ੍ਰਬੰਧ ਵਿਰੁੱਧ ਆਰਥਿਕ, ਰਾਜਨੀਤਕ, ਸਭਿਆਚਾਰਕ, ਸਮਾਜਿਕ ਭਾਵ ਹਰ ਖੇਤਰ ਵਿਚ ਇਕ ਲੋਕ ਪੱਖੀ ਮੁਤਬਾਦਲ ਜਨਤਾ ਸਾਹਮਣੇ ਪੇਸ਼ ਕਰਨਾ ਹੋਵੇਗਾ।
ਲੋੜਾਂ ਦੀ ਲੋੜ ਇਹ ਹੈ ਕਿ ਸਮੂਹ ਖੱਬੀਆਂ ਰਾਜਨੀਤਕ ਪਾਰਟੀਆਂ, ਦੇਸ਼ ਤੇ ਕਿਰਤੀ ਲੋਕਾਂ ਦੇ ਉਜਲੇ ਭਵਿੱਖ ਲਈ, ਇਕ ਮੁਠ ਹੋ ਕੇ ਵੱਡੀ ਜਨਤਕ ਲਹਿਰ ਉਸਾਰਨ ਵਾਸਤੇ ਮੈਦਾਨ ਵਿਚ ਨਿਤਰਨ ਅਤੇ ਫਿਰਕੂ ਸ਼ਕਤੀਆਂ ਦੀ ਅਗਵਾਈ ਵਿਚ ਚਲ ਰਹੇ ਪੂੰਜੀਵਾਦੀ ਢਾਂਚੇ ਅਤੇ ਨਵ-ਉਦਾਰਵਾਦੀ ਨੀਤੀਆਂ ਦੇ ਮੌਜੂਦਾ ਮੱਕੜ ਜਾਲ ਉਪਰ ਢੁਕਵੇਂ ਘੋਲ ਰੂਪਾਂ ਰਾਹੀਂ ਵਦਾਣੀ ਸੱਟ ਮਾਰਨ ਲਈ ਕਮਰ ਕੱਸੇ ਕਰਨ।